Print Page Options
Previous Prev Day Next DayNext

M’Cheyne Bible Reading Plan

The classic M'Cheyne plan--read the Old Testament, New Testament, and Psalms or Gospels every day.
Duration: 365 days
Punjabi Bible: Easy-to-Read Version (ERV-PA)
Version
ਯਹੋਸ਼ੁਆ 1

ਪਰਮੇਸ਼ੁਰ ਦਾ ਇਸਰਾਏਲ ਦੀ ਅਗਵਾਈ ਕਰਨ ਲਈ ਯਹੋਸ਼ੁਆ ਨੂੰ ਚੁਨਣਾ

ਮੂਸਾ ਯਹੋਵਾਹ ਦਾ ਸੇਵਕ ਸੀ। ਨੂਨ ਦਾ ਪੁੱਤਰ ਯਹੋਸ਼ੁਆ ਮੂਸਾ ਦਾ ਸਹਾਇਕ ਸੀ। ਮੂਸਾ ਦੀ ਮੌਤ ਤੋਂ ਬਾਦ ਯਹੋਵਾਹ ਨੇ ਯਹੋਸ਼ੁਆ ਨਾਲ ਗੱਲ ਕੀਤੀ। ਯਹੋਵਾਹ ਨੇ ਆਖਿਆ, “ਮੇਰਾ ਸੇਵਕ ਮੂਸਾ ਗੁਜ਼ਰ ਗਿਆ ਹੈ। ਹੁਣ ਤੈਨੂੰ ਅਤੇ ਇਨ੍ਹਾਂ ਲੋਕਾਂ ਨੂੰ ਯਰਦਨ ਨਦੀ ਦੇ ਪਾਰ ਜ਼ਰੂਰ ਜਾਣਾ ਚਾਹੀਦਾ ਹੈ। ਤੁਹਾਨੂੰ, ਇਸਰਾਏਲ ਦੇ ਲੋਕਾਂ ਨੂੰ ਉਸ ਧਰਤੀ ਉੱਤੇ ਜਾਣਾ ਚਾਹੀਦਾ ਹੈ ਜਿਹੜੀ ਮੈਂ ਤੁਹਾਨੂੰ ਦੇ ਰਿਹਾ ਹਾਂ। ਮੈਂ ਮੂਸਾ ਨਾਲ ਇਕਰਾਰ ਕੀਤਾ ਸੀ ਕਿ ਮੈਂ ਤੁਹਾਨੂੰ ਇਹ ਧਰਤੀ ਦੇਵਾਂਗਾ। ਇਸ ਲਈ, ਜਿੱਥੇ ਵੀ ਤੁਸੀਂ ਜਾਵੋਂਗੇ ਮੈਂ ਤੁਹਾਨੂੰ ਉਹ ਧਰਤੀ ਦੇਵਾਂਗਾ। ਹਿੱਤੀ ਲੋਕਾਂ ਦੀ ਸਾਰੀ ਧਰਤੀ, ਮਾਰੂਥਲ ਅਤੇ ਲਬਾਨੋਨ ਤੋਂ ਲੈ ਕੇ ਵੱਡੀ ਨਦੀ (ਅਰਥਾਤ ਫ਼ਰਾਤ ਨਦੀ) ਤੱਕ, ਤੁਹਾਡੀ ਹੋਵੇਗੀ। ਇੱਥੋਂ ਲੈ ਕੇ ਪੱਛਮ ਵਿੱਚ ਭੂਮੱਧ ਸਾਗਰ ਤੱਕ (ਅਰਥਾਤ ਉਹ ਥਾਂ ਜਿੱਥੇ ਸੂਰਜ ਛੁਪਦਾ ਹੈ) ਦੀ ਸਾਰੀ ਧਰਤੀ ਤੁਹਾਡੀਆਂ ਸਰਹੱਦਾਂ ਵਿੱਚ ਹੋਵੇਗੀ। ਮੈਂ ਤੁਹਾਡੇ ਨਾਲ ਹੋਵਾਂਗਾ ਉਵੇਂ ਹੀ ਜਿਵੇਂ ਮੈਂ ਮੂਸਾ ਦੇ ਨਾਲ ਸਾਂ। ਜ਼ਿੰਦਗੀ ਭਰ ਕੋਈ ਬੰਦਾ ਤੁਹਾਨੂੰ ਰੋਕ ਨਹੀਂ ਸੱਕੇਗਾ। ਮੈਂ ਤੁਹਾਡਾ ਸਾਥ ਨਹੀਂ ਛੱਡਾਂਗਾ। ਮੈਂ ਤੁਹਾਨੂੰ ਕਦੇ ਨਹੀਂ ਛੱਡਾਂਗਾ।

“ਯਹੋਸ਼ੁਆ, ਤੈਨੂੰ ਤਾਕਤਵਰ ਅਤੇ ਬਹਾਦਰ ਹੋਣਾ ਚਾਹੀਦਾ ਹੈ! ਤੈਨੂੰ ਇਨ੍ਹਾਂ ਲੋਕਾਂ ਦੀ ਅਗਵਾਈ ਕਰਨੀ ਚਾਹੀਦੀ ਹੈ ਤਾਂ ਜੋ ਇਹ ਆਪਣੀ ਧਰਤੀ ਲੈ ਸੱਕਣ। ਮੈਂ ਇਨ੍ਹਾਂ ਦੇ ਪੁਰਖਿਆਂ ਨਾਲ ਇਕਰਾਰ ਕੀਤਾ ਸੀ ਕਿ ਮੈਂ ਉਨ੍ਹਾਂ ਨੂੰ ਇਹ ਧਰਤੀ ਦੇਵਾਂਗਾ। ਪਰ ਤੈਨੂੰ ਇੱਕ ਹੋਰ ਗੱਲ ਬਾਰੇ ਵੀ ਤਾਕਤਵਰ ਅਤੇ ਬਹਾਦਰ ਹੋਣਾ ਚਾਹੀਦਾ ਹੈ। ਤੈਨੂੰ ਇਹ ਪੱਕ ਕਰਨਾ ਚਾਹੀਦਾ ਹੈ ਕਿ ਤੂੰ ਉਨ੍ਹਾਂ ਆਦੇਸ਼ਾਂ ਦਾ ਪਾਲਣ ਕਰੇ ਜਿਹੜੇ ਤੈਨੂੰ ਮੇਰੇ ਸੇਵਕ ਮੂਸਾ ਨੇ ਦਿੱਤੇ ਸਨ। ਜੇ ਤੂੰ ਪੂਰੀ ਤਰ੍ਹਾਂ ਇਸ ਬਿਵਸਥਾ ਉੱਤੇ ਅਮਲ ਕਰੇਂਗਾ ਤਾਂ ਤੂੰ ਆਪਣੀ ਹਰ ਗੱਲ ਵਿੱਚ ਸਫ਼ਲ ਹੋ ਜਾਵੇਂਗਾ। ਹਮੇਸ਼ਾ ਉਨ੍ਹਾਂ ਗੱਲਾਂ ਨੂੰ ਚੇਤੇ ਰੱਖਣਾ ਜਿਹੜੀਆਂ ਬਿਵਸਥਾ ਦੀ ਪੋਥੀ ਵਿੱਚ ਲਿਖੀਆਂ ਹੋਈਆਂ ਹਨ। ਉਸ ਪੁਸਤਕ ਦਾ ਅਧਿਐਨ ਦਿਨ-ਰਾਤ ਕਰਨਾ। ਫ਼ੇਰ ਤੂੰ ਉਨ੍ਹਾਂ ਗੱਲਾਂ ਨੂੰ ਮੰਨਣ ਬਾਰੇ ਯਕੀਨ ਕਰ ਸੱਕਦਾ ਹੈਂ ਜਿਹੜੀਆਂ ਉੱਥੇ ਲਿਖੀਆਂ ਹੋਈਆਂ ਹਨ। ਜੇ ਤੂੰ ਅਜਿਹਾ ਕਰੇਂਗਾ, ਤਾਂ ਤੂੰ ਜੋ ਕੁਝ ਵੀ ਕਰੇਂਗਾ ਉਸ ਬਾਰੇ ਸਿਆਣਪ ਅਤੇ ਸਫ਼ਲਤਾ ਹਾਸਿਲ ਕਰ ਸੱਕੇਂਗਾ। ਯਾਦ ਰੱਖੀਂ, ਮੈਂ ਤੈਨੂੰ ਤਾਕਤਵਰ ਅਤੇ ਬਹਾਦਰ ਬਣਨ ਦਾ ਆਦੇਸ਼ ਦਿੰਦਾ ਹਾਂ। ਇਸ ਲਈ ਭੈਭੀਤ ਨਾ ਹੋ, ਕਿਉਂਕਿ ਜਿੱਥੇ ਵੀ ਤੂੰ ਜਾਵੇਂਗਾ ਯਹੋਵਾਹ ਤੇਰਾ ਪਰਮੇਸ਼ੁਰ ਤੇਰੇ ਨਾਲ ਹੋਵੇਗਾ।”

ਯਹੋਸ਼ੁਆ ਹੁਕਮ ਲੈਂਦਾ ਹੈ

10 ਇਸ ਲਈ ਯਹੋਸ਼ੁਆ ਨੇ ਲੋਕਾਂ ਦੇ ਆਗੂਆਂ ਨੂੰ ਹੁਕਮ ਦਿੱਤਾ। ਉਸ ਨੇ ਆਖਿਆ, 11 “ਖੈਮਿਆਂ ਵਿੱਚ ਜਾਉ ਅਤੇ ਲੋਕਾਂ ਨੂੰ ਤਿਆਰ ਹੋ ਜਾਣ ਲਈ ਆਖੋ। ਲੋਕਾਂ ਨੂੰ ਆਖੋ, ‘ਕੁਝ ਭੋਜਨ ਦਾ ਪ੍ਰਬੰਧ ਕਰੋ। ਹੁਣ ਤੋਂ ਤਿੰਨ ਦਿਨ ਬਾਦ ਅਸੀਂ ਯਰਦਨ ਨਦੀ ਦੇ ਪਾਰ ਜਾਵਾਂਗੇ। ਅਸੀਂ ਜਾਵਾਂਗੇ ਅਤੇ ਉਹ ਧਰਤੀ ਲੈ ਲਵਾਂਗੇ ਜਿਹੜੀ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇ ਰਿਹਾ ਹੈ।’”

12 ਫ਼ੇਰ ਯਹੋਸ਼ੁਆ ਨੇ ਰਊਬੇਨ, ਗਾਦ ਦੇ ਪਰਿਵਾਰ-ਸਮੂਹਾਂ ਅਤੇ ਮਨੱਸ਼ਹ ਦੇ ਅੱਧੇ ਪਰਿਵਾਰ-ਸਮੂਹ ਨਾਲ ਗੱਲ ਕੀਤੀ। ਯਹੋਸ਼ੁਆ ਨੇ ਆਖਿਆ, 13 “ਯਾਦ ਕਰੋ ਯਹੋਵਾਹ ਦੇ ਸੇਵਕ ਮੂਸਾ ਨੇ ਤੁਹਾਨੂੰ ਕੀ ਆਖਿਆ ਸੀ। ਉਸ ਨੇ ਆਖਿਆ ਸੀ ਕਿ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਆਰਾਮ ਕਰਨ ਲਈ ਇੱਕ ਥਾਂ ਦੇਵੇਗਾ। ਯਹੋਵਾਹ ਤੁਹਾਨੂੰ ਉਹ ਧਰਤੀ ਦੇਵੇਗਾ। 14 ਅਸਲ ਵਿੱਚ, ਯਹੋਵਾਹ ਨੇ ਤੁਹਾਨੂੰ ਇਹ ਧਰਤੀ ਯਰਦਨ ਨਦੀ ਦੇ ਪੂਰਬ ਵੱਲ ਦੇ ਦਿੱਤੀ ਹੈ। ਤੁਹਾਡੀਆਂ ਪਤਨੀਆਂ ਅਤੇ ਬੱਚੇ ਇਸ ਧਰਤੀ ਉੱਤੇ ਤੁਹਾਡੇ ਪਸ਼ੂਆਂ ਸਮੇਤ ਰਹਿ ਸੱਕਦੇ ਹਨ। ਪਰ ਤੁਹਾਡੇ ਲੜਾਕੂ ਬੰਦੇ ਯਰਦਨ ਨਦੀ ਨੂੰ ਤੁਹਾਡੇ ਭਰਾਵਾਂ ਸਮੇਤ ਜ਼ਰੂਰ ਪਾਰ ਕਰਨ। ਤੁਹਾਨੂੰ ਜੰਗ ਲਈ ਤਿਆਰ ਰਹਿਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਧਰਤੀ ਲੈਣ ਵਿੱਚ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ। 15 ਯਹੋਵਾਹ ਤੁਹਾਨੂੰ ਅਰਾਮ ਕਰਨ ਲਈ ਇੱਕ ਥਾਂ ਦੇਵੇਗਾ ਅਤੇ ਉਹ ਤੁਹਾਡੇ ਭਰਾਵਾਂ ਨੂੰ ਵੀ ਸਥਾਨ ਦੇਵੇਗਾ। ਪਰ ਤੁਹਾਨੂੰ ਉਦੋਂ ਤੱਕ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ ਜਦੋਂ ਤੱਕ ਕਿ ਉਹ ਉਸ ਧਰਤੀ ਨੂੰ ਹਾਸਿਲ ਕਰ ਲੈਣ ਜਿਹੜੀ ਯਹੋਵਾਹ ਤੁਹਾਡਾ ਪਰਮੇਸ਼ੁਰ ਉਨ੍ਹਾਂ ਨੂੰ ਦੇ ਰਿਹਾ ਹੈ। ਫ਼ੇਰ ਤੁਸੀਂ ਯਰਦਨ ਨਦੀ ਦੇ ਪੂਰਬ ਵਾਲੇ ਪਾਸੇ, ਆਪਣੀ ਧਰਤੀ ਉੱਤੇ ਵਾਪਸ ਆ ਸੱਕਦੇ ਹੋ ਜਿਹੜੀ ਮੂਸਾ, ਯਹੋਵਾਹ ਦੇ ਸੇਵਕ ਨੇ ਤੁਹਾਨੂੰ ਦਿੱਤੀ ਸੀ।”

16 ਫ਼ੇਰ ਲੋਕਾਂ ਨੇ ਯਹੋਸ਼ੁਆ ਨੂੰ ਜਵਾਬ ਦਿੱਤਾ, “ਅਸੀਂ ਉਹੀ ਗੱਲ ਕਰਾਂਗੇ ਜਿਸਦਾ ਤੂੰ ਸਾਨੂੰ ਆਦੇਸ਼ ਦੇਵੇਂਗਾ! ਅਸੀਂ ਉੱਥੇ ਹੀ ਜਾਵਾਂਗੇ ਜਿੱਥੇ ਤੂੰ ਸਾਨੂੰ ਜਾਣ ਲਈ ਆਖੇਂਗਾ। 17 ਤੂੰ ਜੋ ਵੀ ਆਖੇਂਗਾ ਅਸੀਂ ਮੰਨਾਗੇ, ਉਵੇਂ ਹੀ ਜਿਵੇਂ ਅਸੀਂ ਮੂਸਾ ਦੀ ਗੱਲ ਮੰਨੀ ਸੀ। ਅਸੀਂ ਯਹੋਵਾਹ ਪਾਸੋਂ ਸਿਰਫ਼ ਇੱਕ ਚੀਜ਼ ਮੰਗਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਤੇਰਾ ਪਰਮੇਸ਼ੁਰ ਉਸੇ ਤਰ੍ਹਾਂ ਤੇਰੇ ਨਾਲ ਹੋਵੇ ਜਿਵੇਂ ਉਹ ਮੂਸਾ ਦੇ ਨਾਲ ਸੀ। 18 ਫ਼ੇਰ, ਜੇ ਕੋਈ ਬੰਦਾ ਤੇਰੇ ਆਦੇਸ਼ਾ ਨੂੰ ਮੰਨਣ ਤੋਂ ਇਨਕਾਰ ਕਰੇਗਾ ਜਾਂ ਜੋ ਕੋਈ ਬੰਦਾ ਤੇਰੇ ਖਿਲਾਫ਼ ਹੋਵੇਗਾ, ਤਾਂ ਉਹ ਬੰਦਾ ਮਾਰ ਦਿੱਤਾ ਜਾਵੇਗਾ। ਬਸ ਤਾਕਤਵਰ ਅਤੇ ਬਹਾਦਰ ਬਣ!”

ਜ਼ਬੂਰ 120-122

ਮੰਦਰ ਜਾਣ ਵਾਲਿਆ ਲਈ ਇੱਕ ਗੀਤ।

120 ਮੈਂ ਮੁਸੀਬਤ ਵਿੱਚ ਸਾਂ।
    ਮੈਂ ਮਦਦ ਲਈ ਯਹੋਵਾਹ ਨੂੰ ਪੁਕਾਰਿਆ।
    ਅਤੇ ਉਸ ਨੇ ਮੈਨੂੰ ਬਚਾਇਆ!
ਯਹੋਵਾਹ, ਮੈਨੂੰ ਉਨ੍ਹਾਂ ਲੋਕਾਂ ਕੋਲੋਂ ਬਚਾਉ, ਜਿਨ੍ਹਾਂ ਨੇ ਮੇਰੇ ਬਾਰੇ ਕੂੜ ਬੋਲਿਆ ਹੈ।
    ਉਨ੍ਹਾਂ ਨੇ ਉਹ ਆਖੀਆਂ ਜਿਹੜੀਆਂ ਸੱਚ ਨਹੀਂ ਹਨ।

ਝੂਠਿਉ, ਤੁਸੀਂ ਜਾਣਦੇ ਹੋ ਕਿ ਤੁਹਾਨੂੰ ਕੀ ਮਿਲੇਗਾ?
    ਤੁਸੀਂ ਜਾਣਦੇ ਹੋ ਤੁਹਾਡਾ ਕੀ ਲਾਭ ਹੋਵੇਗਾ?
ਸਜ਼ਾ ਵਜੋਂ ਤੁਹਾਨੂੰ ਫ਼ੌਜੀ ਦਾ ਇੱਕ ਤਿੱਖਾ ਤੀਰ ਅਤੇ ਗਰਮ ਕੋਲੇ ਮਿਲਣਗੇ।

ਕਿੰਨਾ ਭਿਆਨਕ, ਤੁਹਾਡੇ ਨਜ਼ਦੀਕ ਰਹਿਣਾ ਮਸ਼ਕ ਵਿੱਚ ਰਹਿਣ ਵਰਗਾ ਹੈ।
    ਇਹ ਕੇਦਾਰ ਦੇ ਤੰਬੂਆਂ ਵਿੱਚ ਰਹਿਣ ਵਰਗਾ ਹੈ।
ਮੈਂ ਬਹੁਤ ਚਿਰ ਉਨ੍ਹਾਂ ਲੋਕਾਂ ਨਾਲ ਰਹਿ ਚੁੱਕਿਆ ਹਾਂ, ਜਿਹੜੇ ਅਮਨ ਨੂੰ ਨਫ਼ਰਤ ਕਰਦੇ ਹਨ।
ਮੈਂ ਆਖਿਆ ਕਿ ਮੈਂ ਅਮਨ ਦੀ ਇੱਛਾ ਕਰਦਾ ਹਾਂ।
ਫ਼ੇਰ ਵੀ ਉਹ ਯੁੱਧ ਚਾਹੁੰਦੇ ਹਨ।

ਮੰਦਰ ਵਿੱਚ ਜਾਣ ਵਾਲਿਆ ਲਈ ਇੱਕ ਗੀਤ।

121 ਮੈਂ ਮਦਦ ਲਈ ਪਹਾੜੀਆਂ ਵੱਲ ਵੇਖਿਆ,
    ਪਰ ਅਸਲ ਵਿੱਚ ਮੇਰੇ ਲਈ ਮਦਦ ਕਿੱਥੋਂ ਆਵੇਗੀ।
ਮੇਰੇ ਲਈ ਮਦਦ ਯਹੋਵਾਹ ਵਲੋਂ
    ਧਰਤੀ ਅਤੇ ਅਕਾਸ਼ ਦੇ ਸਿਰਜਣਹਾਰੇ ਵੱਲੋਂ ਆਵੇਗੀ।
ਪਰਮੇਸ਼ੁਰ ਤੁਹਾਨੂੰ ਡਿੱਗਣ ਨਹੀਂ ਦੇਵੇਗਾ।
    ਤੁਹਾਡਾ ਰੱਖਿਅਕ ਸੌਵੇਗਾ ਨਹੀਂ।
ਇਸਰਾਏਲ ਦੇ ਰੱਖਿਅਕ ਨੂੰ ਨੀਂਦ ਨਹੀਂ ਆਉਂਦੀ
    ਪਰਮੇਸ਼ੁਰ ਕਦੇ ਸੌਦਾ ਨਹੀਂ।
ਯਹੋਵਾਹ ਤੁਹਾਡਾ ਰੱਖਿਅਕ ਹੈ।
    ਉਹ ਆਪਣੀ ਮਹਾਨ ਸ਼ਕਤੀ ਨਾਲ ਤੁਹਾਡੀ ਰੱਖਿਆ ਕਰਦਾ ਹੈ।
ਦਿਨ ਵੇਲੇ ਸੂਰਜ ਤੁਹਾਨੂੰ ਦੁੱਖ ਨਹੀਂ ਦੇ ਸੱਕਦਾ।
    ਅਤੇ ਚੰਨ ਤੁਹਾਨੂੰ ਰਾਤ ਵੇਲੇ ਦੁੱਖ ਨਹੀਂ ਦੇ ਸੱਕਦਾ।
ਯਹੋਵਾਹ ਤੁਹਾਨੂੰ ਹਰ ਖਤਰੇ ਕੋਲੋਂ ਬਚਾਵੇਗਾ।
    ਯਹੋਵਾਹ ਤੁਹਾਡੀ ਆਤਮਾ ਨੂੰ ਬਚਾਵੇਗਾ।
ਆਉਣ ਜਾਣ ਵੇਲੇ ਯਹੋਵਾਹ ਤੁਹਾਡੀ ਮਦਦ ਕਰੇਗਾ।
    ਯਹੋਵਾਹ ਹੁਣ ਅਤੇ ਸਦਾ ਹੀ ਤੁਹਾਡੀ ਮਦਦ ਕਰੇਗਾ।

ਮੰਦਰ ਜਾਣ ਵੇਲੇ ਦਾਊਦ ਦਾ ਇੱਕ ਗੀਤ।

122 ਮੈਂ ਬਹੁਤ ਖੁਸ਼ ਸਾਂ, ਜਦੋਂ ਲੋਕਾਂ ਨੇ ਆਖਿਆ,
    “ਆਉ ਅਸੀਂ ਯਹੋਵਾਹ ਦੇ ਮੰਦਰ ਵਿੱਚ ਚੱਲੀਏ।”
ਅਸੀਂ ਇੱਥੇ ਹਾਂ, ਯਰੂਸ਼ਲਮ ਦੇ ਦਰਾਂ ਉੱਤੇ ਖਲੋਤੇ ਹੋਏ।
ਇਹ ਨਵਾਂ ਯਰੂਸ਼ਲਮ ਹੈ!
    ਸ਼ਹਿਰ ਨੂੰ ਸਾਂਝੇ ਸ਼ਹਿਰ ਵਜੋਂ ਦੁਬਾਰਾ ਉਸਾਰਿਆ ਗਿਆ ਹੈ।
ਇੱਥੇ ਹੀ ਪਰਿਵਾਰਾਂ ਦੇ ਸਮੂਹ ਜਾਂਦੇ ਹਨ।
    ਇੱਥੇ ਇਸਰਾਏਲ ਦੇ ਲੋਕ ਯਹੋਵਾਹ ਦੇ ਨਾਮ ਦੀ ਉਸਤਤਿ ਕਰਨ ਲਈ ਜਾਂਦੇ ਹਨ।
    ਉਹ ਪਰਿਵਾਰ ਸਮੂਹ ਉਹੀ ਹਨ ਜਿਹੜੇ ਯਹੋਵਾਹ ਦੇ ਹਨ।
ਉੱਥੇ ਦਾਊਦ ਦੇ ਪਰਿਵਾਰ ਦੇ ਰਾਜੇ ਆਪਣੇ ਤਖਤ ਸਥਾਪਿਤ ਕਰਦੇ ਹਨ।
    ਉੱਥੇ ਉਹ ਲੋਕਾਂ ਦਾ ਨਿਆਂ ਕਰਨ ਲਈ ਤਖਤ ਸਥਾਪਿਤ ਕਰਦੇ ਹਨ।

ਸ਼ਾਂਤੀ ਲਈ ਯਰੂਸ਼ਲਮ ਵਿੱਚ ਪ੍ਰਾਰਥਨਾ ਕਰੋ,
    “ਮੈਨੂੰ ਆਸ ਹੈ ਕਿ ਉਨ੍ਹਾਂ ਲੋਕਾਂ ਨੂੰ ਜਿਹੜੇ ਤੁਹਾਨੂੰ ਪਿਆਰ ਕਰਦੇ ਹਨ, ਇੱਥੇ ਸ਼ਾਂਤੀ ਮਿਲੇਗੀ।
    ਮੈਨੂੰ ਆਸ ਹੈ ਕਿ ਤੁਹਾਡੀਆਂ ਕੰਧਾ ਅੰਦਰ ਸ਼ਾਂਤੀ ਹੋਵੇਗੀ।
    ਮੈਨੂੰ ਆਸ ਹੈ ਕਿ ਤੁਹਾਨੂੰ ਤੁਹਾਡੇ ਮਹਿਲਾ ਅੰਦਰ ਸੁਰੱਖਿਆ ਮਿਲੇਗੀ।”

ਆਪਣੇ ਭਰਾਵਾ ਅਤੇ ਗੁਆਂਢੀਆਂ ਦੇ ਭਲੇ ਲਈ,
    ਮੈਂ ਪ੍ਰਾਰਥਨਾ ਕਰਦਾ ਹਾਂ ਕਿ ਇੱਥੇ ਸ਼ਾਂਤੀ ਮਿਲੇਗੀ।
ਯਹੋਵਾਹ ਦੇ ਅਤੇ ਸਾਡੇ ਪਰਮੇਸ਼ੁਰ ਦੇ ਮੰਦਰ ਦੇ ਭਲੇ ਲਈ,
    ਮੈਂ ਪ੍ਰਾਰਥਨਾ ਕਰਦਾ ਹਾਂ ਕਿ ਇਸ ਸ਼ਹਿਰ ਦਾ ਭਲਾ ਹੋਵੇ।

ਯਸਾਯਾਹ 61

ਯਹੋਵਾਹ ਦਾ ਆਜ਼ਾਦੀ ਦਾ ਸੰਦੇਸ਼

61 “ਮੇਰੇ ਪ੍ਰਭੂ, ਯਹੋਵਾਹ ਨੇ ਆਪਣੀ ਰੂਹ ਮੇਰੇ ਅੰਦਰ ਰੱਖ ਦਿੱਤੀ ਸੀ। ਯਹੋਵਾਹ ਨੇ ਮੇਰੀ ਚੋਣ ਗਰੀਬ ਲੋਕਾਂ ਨੂੰ ਸ਼ੁਭ ਸਮਾਚਾਰ ਦੇਣ ਲਈ ਅਤੇ ਉਦਾਸ ਲੋਕਾਂ ਨੂੰ ਸੱਕੂਨ ਦੇਣ ਲਈ ਕੀਤੀ ਸੀ। ਯਹੋਵਾਹ ਨੇ ਮੈਨੂੰ ਬੰਦੀਵਾਨਾਂ ਨੂੰ ਇਹ ਆਖਣ ਲਈ ਕਿ ਉਹ ਆਜ਼ਾਦ ਹਨ ਅਤੇ ਗੁਲਾਮਾਂ ਨੂੰ ਇਹ ਕਿ ਉਨ੍ਹਾਂ ਨੂੰ ਅਜ਼ਾਦ ਕਰ ਦਿੱਤਾ ਜਾਵੇਗਾ, ਆਖਣ ਲਈ ਭੇਜਿਆ ਸੀ। ਯਹੋਵਾਹ ਨੇ ਮੈਨੂੰ ਉਸ ਸਮੇਂ ਦਾ ਐਲਾਨ ਕਰਨ ਲਈ ਭੇਜਿਆ ਸੀ ਕਿ ਉਹ ਕਦੋਂ ਆਪਣੀ ਮਿਹਰ ਦਰਸਾਵੇਗਾ। ਯਹੋਵਾਹ ਨੇ ਮੈਨੂੰ ਇਹ ਐਲਾਨ ਕਰਨ ਲਈ ਭੇਜਿਆ ਸੀ ਕਿ ਕਦੋਂ ਸਾਡਾ ਪਰਮੇਸ਼ੁਰ ਮੰਦੇ ਲੋਕਾਂ ਨੂੰ ਸਜ਼ਾ ਦੇਵੇਗਾ। ਯਹੋਵਾਹ ਨੇ ਮੈਨੂੰ ਉਦਾਸ ਲੋਕਾਂ ਨੂੰ ਸੱਕੂਨ ਦੇਣ ਲਈ ਭੇਜਿਆ ਸੀ। ਯਹੋਵਾਹ ਨੇ ਮੈਨੂੰ ਸੀਯੋਨ ਦੇ ਉਦਾਸ ਲੋਕਾਂ ਵੱਲ ਭੇਜਿਆ ਸੀ। ਮੈਂ ਉਨ੍ਹਾਂ ਨੂੰ ਜਸ਼ਨ ਲਈ ਤਿਆਰ ਕਰਾਂਗਾ। ਮੈਂ ਉਨ੍ਹਾਂ ਦੇ ਮੱਬੇ ਉੱਤੋਂ ਰਾਖ ਨੂੰ ਪੂੰਝ ਦਿਆਂਗਾ ਅਤੇ ਉਨ੍ਹਾਂ ਨੂੰ ਇੱਕ ਤਾਜ ਦਿਆਂਗਾ। ਮੈਂ ਉਨ੍ਹਾਂ ਦੀ ਉਦਾਸੀ ਲੈ ਲਵਾਂਗਾ ਅਤੇ ਉਨ੍ਹਾਂ ਨੂੰ ਖੁਸ਼ੀ ਦਾ ਤੇਲ ਦੇ ਦਿਆਂਗਾ। ਮੈਂ ਉਨ੍ਹਾਂ ਦਾ ਗਮ ਲੈ ਲਵਾਂਗਾ ਅਤੇ ਉਨ੍ਹਾਂ ਨੂੰ ਜਸ਼ਨ ਦੀ ਪੋਸ਼ਾਕ ਦਿਆਂਗਾ। ਪਰਮੇਸ਼ੁਰ ਨੇ ਮੈਨੂੰ ਉਨ੍ਹਾਂ ਲੋਕਾਂ ਨੂੰ ਇੱਕ ਨਾਮ ਦੇਣ ਲਈ ਭੇਜਿਆ ਸੀ ‘ਚੰਗੇ ਰੁੱਖ’ ਅਤੇ ‘ਯਹੋਵਾਹ ਦਾ ਅਦਭੁਤ ਪੌਦਾ।’

“ਉਸ ਸਮੇਂ, ਉਹ ਪੁਰਾਣੇ ਸ਼ਹਿਰ ਜਿਹੜੇ ਤਬਾਹ ਹੋ ਗਏ ਸਨ, ਫ਼ੇਰ ਉਸਾਰੇ ਜਾਣਗੇ। ਉਨ੍ਹਾਂ ਸ਼ਹਿਰਾਂ ਨੂੰ ਇਸ ਤਰ੍ਹਾਂ ਨਵਾਂ ਬਣਾ ਦਿੱਤਾ ਜਾਵੇਗਾ ਜਿਵੇਂ ਉਹ ਆਦਿ ਵਿੱਚ ਸਨ। ਉਹ ਸ਼ਹਿਰ ਜਿਹੜੇ ਬਹੁਤ ਸਾਰੇ ਸਾਲਾਂ ਤੀਕ ਤਬਾਹ ਕੀਤੇ ਜਾਂਦੇ ਰਹੇ ਸੀ, ਨਵੇਂ ਬਣਾਏ ਜਾਣਗੇ।

“ਫ਼ੇਰ ਤੁਹਾਡੇ ਦੁਸਮਣ ਤੁਹਾਡੇ ਕੋਲ ਆਉਣਗੇ ਅਤੇ ਤੁਹਾਡੀਆਂ ਭੇਡਾਂ ਦੀ ਦੇਖਭਾਲ ਕਰਨਗੇ। ਤੁਹਾਡੇ ਦੁਸ਼ਮਣਾਂ ਦੇ ਬਚੇ ਤੁਹਾਡੇ ਖੇਤਾਂ ਅਤੇ ਤੁਹਾਡੇ ਬਾਗਾਂ ਵਿੱਚ ਕੰਮ ਕਰਨਗੇ। ਤੁਹਾਨੂੰ ਬੁਲਾਇਆ ਜਾਵੇਗਾ, ‘ਯਹੋਵਾਹ ਦੇ ਜਾਜਕ!’ ‘ਸਾਡੇ ਪਰਮੇਸ਼ੁਰ ਦੇ ਸੇਵਕ।’ ਤੁਹਾਨੂੰ ਉਹ ਦੌਲਤਾਂ ਮਿਲਣਗੀਆਂ ਜਿਹੜੀਆਂ ਧਰਤੀ ਦੀਆਂ ਸਮੂਹ ਕੌਮਾਂ ਤੋਂ ਆਉਣਗੀਆਂ। ਅਤੇ ਫ਼ੇਰ ਤੁਸੀਂ ਇਨ੍ਹਾਂ ਨੂੰ ਹਾਸਿਲ ਕਰਕੇ ਮਾਣ ਕਰੋਗੇ।

“ਅਤੀਤ ਵਿੱਚ ਹੋਰਨਾਂ ਲੋਕਾਂ ਨੇ ਤੁਹਾਨੂੰ ਸ਼ਰਮਸਾਰ ਕੀਤਾ ਸੀ ਅਤੇ ਤੁਹਾਨੂੰ ਬੁਰਾ ਭਲਾ ਆਖਿਆ ਸੀ। ਤੁਹਾਨੂੰ ਹੋਰਨਾਂ ਸਾਰਿਆਂ ਨਾਲੋਂ ਵੱਧੇਰੇ ਸ਼ਰਮਿੰਦਾ ਕੀਤਾ ਗਿਆ ਸੀ। ਇਸ ਲਈ ਤੁਹਾਨੂੰ ਆਪਣੇ ਦੇਸ਼ ਵਿੱਚ ਹੋਰਨਾਂ ਲੋਕਾਂ ਨਾਲੋਂ ਦੋ ਗੁਣਾ ਵੱਧੇਰੇ ਪ੍ਰਾਪਤ ਹੋਵੇਗਾ। ਤੁਹਾਨੂੰ ਉਹ ਖੁਸ਼ੀ ਮਿਲੇਗੀ ਜਿਹੜੀ ਸਦਾ ਰਹੇਗੀ। ਇਹ ਇਉਂ ਵਾਪਰੇਗਾ? ਕਿਉਂਕਿ ਮੈਂ ਯਹੋਵਾਹ ਹਾਂ ਅਤੇ ਮੈਂ ਨਿਰਪੱਖਤਾ ਨੂੰ ਪਸੰਦ ਕਰਦਾ ਹਾਂ। ਮੈਂ ਚੋਰੀ ਕਰਨ ਨੂੰ ਨਫ਼ਰਤ ਕਰਦਾ ਹਾਂ ਅਤੇ ਹਰ ਉਸ ਗੱਲ ਨੂੰ ਜਿਹੜੀ ਗ਼ਲਤ ਹੈ। ਇਸ ਲਈ ਮੈਂ ਲੋਕਾਂ ਨੂੰ ਉਹ ਧਨ ਦਿਆਂਗਾ ਜਿਹੜਾ ਉਨ੍ਹਾਂ ਨੂੰ ਮਿਲਣਾ ਚਾਹੀਦਾ ਹੈ। ਮੈਂ ਆਪਣੇ ਲੋਕਾਂ ਨਾਲ ਸਦਾ ਲਈ ਇੱਕ ਇਕਰਾਰਨਾਮਾ ਕਰਾਂਗਾ। ਸਾਰੀਆਂ ਕੌਮਾਂ ਦਾ ਹਰ ਕੋਈ ਬੰਦਾ ਮੇਰੇ ਬੰਦਿਆਂ ਨੂੰ ਜਾਣੇਗਾ। ਹਰ ਕੋਈ ਮੇਰੀ ਕੌਮ ਦੇ ਬੱਚਿਆਂ ਨੂੰ ਜਾਣੇਗਾ। ਕੋਈ ਵੀ ਬੰਦਾ ਜਿਹੜਾ ਉਨ੍ਹਾਂ ਨੂੰ ਦੇਖੇਗਾ ਇਹ ਜਾਣ ਜਾਵੇਗਾ ਕਿ ਯਹੋਵਾਹ ਉਨ੍ਹਾਂ ਨੂੰ ਅਸੀਸ ਦਿੰਦਾ ਹੈ।”

ਪਰਮੇਸ਼ੁਰ ਦਾ ਸੇਵਕ ਮੁਕਤੀ ਲੈ ਕੇ ਆਉਂਦਾ ਹੈ

10 “ਯਹੋਵਾਹ ਮੈਨੂੰ ਬਹੁਤ-ਬਹੁਤ ਪ੍ਰਸੰਨ ਕਰਦਾ ਹੈ।
    ਮੇਰਾ ਸਾਰਾ ਆਪਾ ਪਰਮੇਸ਼ੁਰ ਲਈ ਪ੍ਰਸੰਨ ਹੈ।
ਯਹੋਵਾਹ ਨੇ ਮੈਨੂੰ ਮੁਕਤੀ ਦੇ ਬਸਤਰ ਪੁਆਏ।
    ਇਹ ਬਸਤਰ ਉਨ੍ਹਾਂ ਸੁੰਦਰ ਬਸਤਰਾਂ ਵਰਗੇ ਹਨ ਜਿਹੜੇ ਕੋਈ ਆਪਣੀ ਸ਼ਾਦੀ ਉੱਤੇ ਪਹਿਨਦਾ ਹੈ।
ਯਹੋਵਾਹ ਨੇ ਮੈਨੂੰ ਆਪਣੀ ਨੇਕੀ ਦਾ ਕੋਟ ਪਹਿਨਾਇਆ।
    ਇਹ ਕੋਟ ਉਨ੍ਹਾਂ ਬਸਤਰਾਂ ਵਰਗਾ ਹੈ ਜਿਹੜੇ ਕੋਈ ਔਰਤ ਆਪਣੀ ਸ਼ਾਦੀ ਉੱਤੇ ਪਹਿਨਦੀ ਹੈ।
11 ਧਰਤੀ ਪੌਦਿਆਂ ਨੂੰ ਉਗਾਉਂਦੀ ਹੈ।
    ਲੋਕੀ ਬਾਗ਼ ਅੰਦਰ ਬੀਜ ਬੀਜਦੇ ਨੇ, ਅਤੇ ਬਾਗ਼ ਉਨ੍ਹਾਂ ਨੂੰ ਉਗਾਉਂਦਾ ਹੈ।
ਇਸੇ ਤਰ੍ਹਾਂ, ਯਹੋਵਾਹ ਨੇਕੀ ਨੂੰ ਉਗਾਵੇਗਾ।
    ਯਹੋਵਾਹ ਸਾਰੀਆਂ ਕੌਮਾਂ ਅੰਦਰ ਉਸਤਤ ਨੂੰ ਉਗਾਵੇਗਾ।”

ਮੱਤੀ 9

ਯਿਸੂ ਦਾ ਇੱਕ ਲਕਵੇ ਦੇ ਮਾਰੇ ਆਦਮੀ ਨੂੰ ਠੀਕ ਕਰਨਾ(A)

ਯਿਸੂ ਬੇੜੀ ਉੱਤੇ ਚੜ੍ਹਕੇ ਪਾਰ ਲੰਘਿਆ ਅਤੇ ਆਪਣੇ ਨਗਰ ਵੱਲ ਵਾਪਿਸ ਪਰਤਿਆ। ਕੁਝ ਲੋਕ ਇੱਕ ਮੰਜੀ ਉੱਤੇ ਪਏ ਹੋਏ ਇੱਕ ਅਧਰੰਗੀ ਨੂੰ ਉਸ ਕੋਲ ਲਿਆਏ ਅਤੇ ਯਿਸੂ ਨੇ ਉਨ੍ਹਾਂ ਦੀ ਨਿਹਚਾ ਵੇਖਕੇ ਉਸ ਅਧਰੰਗੀ ਨੂੰ ਆਖਿਆ, “ਹੇ ਪੁੱਤਰ! ਹੌਂਸਲਾ ਰੱਖ, ਤੇਰੇ ਸਾਰੇ ਪਾਪ ਮਾਫ ਹੋਏ।”

ਕਈ ਨੇਮ ਦੇ ਉਪਦੇਸ਼ਕਾਂ ਨੇ ਇਹ ਗੱਲਾਂ ਸੁਣੀਆਂ ਤਾਂ ਆਪਣੇ ਮਨ ਵਿੱਚ ਕਿਹਾ ਕਿ ਇਹ ਮਨੁੱਖ ਤਾਂ ਪਰਮੇਸ਼ੁਰ ਦੀ ਤਰ੍ਹਾਂ ਬੋਲ ਰਿਹਾ ਹੈ, “ਇਹ ਮਨੁੱਖ ਕੁਫ਼ਰ ਬੋਲਦਾ ਹੈ।”

ਯਿਸੂ ਉਨ੍ਹਾਂ ਦੀਆਂ ਸੋਚਾਂ ਨੂੰ ਜਾਣਦਾ ਸੀ, ਉਸ ਨੇ ਆਖਿਆ, “ਤੁਸੀਂ ਕਾਹਨੂੰ ਆਪਣੇ ਮਨ ਵਿੱਚ ਦੁਸ਼ਟ ਵਿੱਚਾਰ ਰੱਖਦੇ ਹੈ? 5-6 ਕਿਹੜੀ ਗੱਲ ਸੁਖਾਲੀ ਹੈ? ਇਹ ਕਹਿਣਾ ਕਿ ਤੇਰੇ ਪਾਪ ਮਾਫ਼ ਹੋਏ ਜਾਂ ਇਹ ਕਹਿਣਾ ਖੜ੍ਹਾ ਹੋ ਅਤੇ ਤੁਰ? ਪਰ ਮੈਂ ਤੁਹਾਨੂੰ ਵਿਖਾਵਾਂਗਾ ਕਿ ਮਨੁੱਖ ਦੇ ਪੁੱਤਰ ਨੂੰ ਧਰਤੀ ਉੱਤੇ ਪਾਪ ਮਾਫ਼ ਕਰਨ ਦੀ ਸ਼ਕਤੀ ਹੈ।” ਤਾਂ ਯਿਸੂ ਨੇ ਅਧਰੰਗੀ ਮਨੁੱਖ ਨੂੰ ਕਿਹਾ, “ਖੜ੍ਹਾ ਹੋ, ਆਪਣਾ ਬਿਸਤਰਾ ਚੁੱਕ ਅਤੇ ਘਰ ਚੱਲਿਆ ਜਾ।”

ਤਾਂ ਉਹ ਉੱਠ ਕੇ ਆਪਣੇ ਘਰ ਨੂੰ ਤੁਰ ਗਿਆ, ਲੋਕਾਂ ਨੇ ਇਹ ਵੇਖਿਆ ਅਤੇ ਡਰ ਨਾਲ ਘਬਰਾ ਗਏ। ਉਨ੍ਹਾਂ ਨੇ ਆਦਮੀਆਂ ਨੂੰ ਅਜਿਹੀ ਸ਼ਕਤੀ ਦੇਣ ਲਈ ਪਰਮੇਸ਼ੁਰ ਦੀ ਉਸਤਤਿ ਕੀਤੀ।

ਯਿਸੂ ਦਾ ਮੱਤੀ ਨੂੰ ਚੁਨਣਾ(B)

ਜਦੋਂ ਯਿਸੂ ਉਹ ਜਗ੍ਹਾ ਛੱਡ ਰਿਹਾ ਸੀ, ਤਾਂ ਉਸ ਨੇ ਮੱਤੀ ਨਾਮ ਦੇ ਇੱਕ ਮਨੁੱਖ ਨੂੰ ਮਸੂਲ ਦੀ ਚੌਂਕੀ ਤੇ ਵੇਖਿਆ ਅਤੇ ਉਸ ਨੂੰ ਕਿਹਾ, “ਮੇਰੇ ਮਗਰ ਹੋ ਤੁਰ।” ਅਤੇ ਉਹ ਉੱਠ ਕੇ ਉਸ ਦੇ ਮਗਰ ਹੋ ਤੁਰਿਆ।

10 ਜਦੋਂ ਯਿਸੂ ਮੱਤੀ ਦੇ ਘਰ ਭੋਜਨ ਕਰ ਰਿਹਾ ਸੀ, ਤਾਂ ਬਹੁਤ ਸਾਰੇ ਮਸੂਲੀਏ ਅਤੇ ਪਾਪੀ ਲੋਕ ਆਏ ਅਤੇ ਯਿਸੂ ਅਤੇ ਉਸ ਦੇ ਚੇਲਿਆਂ ਨਾਲ ਖਾਣਾ ਖਾਧਾ। 11 ਫ਼ਰੀਸੀਆਂ ਨੇ ਇਹ ਵੇਖਕੇ ਯਿਸੂ ਦੇ ਚੇਲਿਆਂ ਨੂੰ ਆਖਿਆ, “ਤੁਹਾਡਾ ਗੁਰੂ ਮਸੂਲੀਆਂ ਅਤੇ ਪਾਪੀਆਂ ਦੇ ਨਾਲ ਕਿਉਂ ਖਾਂਦਾ ਹੈ?”

12 ਯਿਸੂ ਨੇ ਇਹ ਸੁਣਕੇ ਫ਼ਰੀਸੀਆਂ ਨੂੰ ਕਿਹਾ, “ਤੰਦਰੁਸਤਾਂ ਨੂੰ ਨਹੀਂ ਸਗੋਂ ਰੋਗੀਆਂ ਨੂੰ ਹਕੀਮ ਦੀ ਲੋੜ ਹੁੰਦੀ ਹੈ। 13 ਤੁਸੀਂ ਜਾਓ ਅਤੇ ਇਸ ਦਾ ਅਰਥ ਸਮਝੋ: ‘ਮੈਂ ਜਾਨਵਰਾਂ ਦਾ ਬਲੀਦਾਨ ਨਹੀਂ ਚਾਹੁੰਦਾ। ਮੈਂ ਲੋਕਾਂ ਵਿੱਚਕਾਰ ਮਿਹਰ ਚਾਹੁੰਦਾ ਹਾਂ।’ [a] ਮੈਂ ਚੰਗੇ ਲੋਕਾਂ ਨੂੰ ਸੱਦਾ ਦੇਣ ਨਹੀਂ ਆਇਆ। ਮੈਂ ਪਾਪੀਆਂ ਨੂੰ ਸੱਦਾ ਦੇਣ ਆਇਆ ਹਾਂ।”

ਯਿਸੂ ਬਾਕੀ ਦੇ ਧਾਰਮਿਕ ਯਹੂਦੀਆਂ ਵਰਗਾ ਨਹੀਂ(C)

14 ਤਦ ਯੂਹੰਨਾ ਦੇ ਚੇਲਿਆਂ ਨੇ ਉਸ ਦੇ ਕੋਲ ਆਣ ਕੇ ਕਿਹਾ, “ਇਸਦਾ ਕੀ ਕਾਰਣ ਹੈ ਕਿ ਅਸੀਂ ਅਤੇ ਫ਼ਰੀਸੀ ਬਹੁਤ ਵਰਤ ਰੱਖਦੇ ਹਾਂ, ਪਰ ਤੇਰੇ ਚੇਲੇ ਵਰਤ ਨਹੀਂ ਰੱਖਦੇ?”

15 ਯਿਸੂ ਨੇ ਜਵਾਬ ਦਿੱਤਾ, “ਵਿਆਹ ਵਿੱਚ ਲਾੜੇ ਦੇ ਦੋਸਤ, ਉਨ੍ਹਾਂ ਚਿਰ ਉਦਾਸ ਨਹੀਂ ਹੋ ਸੱਕਦੇ ਜਦੋਂ ਤੱਕ ਲਾੜਾ ਉਨ੍ਹਾਂ ਨਾਲ ਹੈ। ਪਰ ਉਹ ਦਿਨ ਆਉਣਗੇ ਜਦੋਂ ਲਾੜਾ ਉਨ੍ਹਾਂ ਤੋਂ ਅੱਡ ਕੀਤਾ ਜਾਵੇਗਾ, ਫ਼ੇਰ ਉਹ ਵਰਤ ਰੱਖਣਗੇ।

16 “ਕੋਈ ਵੀ ਨਵੇਂ ਕੱਪੜੇ ਦੀ ਟਾਕੀ ਪਾਟੇ ਹੋਏ ਪੁਰਾਣੇ ਕੱਪੜੇ ਤੇ ਨਹੀਂ ਲਾਉਂਦਾ, ਜੇਕਰ ਉਹ ਅਜਿਹਾ ਕਰਦਾ ਹੈ, ਤਾਂ ਟਾਕੀ ਸੁੰਗੜ ਜਾਵੇਗੀ ਅਤੇ ਕੱਪੜੇ ਤੋਂ ਪਾਟ ਜਾਵੇਗੀ ਅਤੇ ਉਹ ਛੇਕ ਹੋਰ ਵੀ ਖਰਾਬ ਦਿਸੇਗਾ। 17 ਕੋਈ ਵੀ ਨਵੀਂ ਮੈਅ ਨੂੰ ਪੁਰਾਣੀਆਂ ਮਸ਼ਕਾਂ ਵਿੱਚ ਨਹੀਂ ਭਰਦਾ। ਮੰਨ ਲਵੋ ਕਿ ਉਹ ਅਜਿਹਾ ਕਰਨ, ਤਾਂ ਪੁਰਾਣੀਆਂ ਮਸ਼ਕਾਂ ਪਾਟ ਜਾਣਗੀਆਂ, ਮੈਅ ਵਗ ਜਾਵੇਗੀ ਅਤੇ ਮਸ਼ਕਾਂ ਦਾ ਨਾਸ਼ ਹੋ ਜਾਵੇਗਾ। ਇਸ ਲਈ ਲੋਕ ਨਵੀਂ ਮੈਅ ਨਵੀਆਂ ਮਸ਼ਕਾਂ ਵਿੱਚ ਭਰਦੇ ਹਨ। ਇਸ ਤਰ੍ਹਾਂ, ਮੈਅ ਅਤੇ ਮਸ਼ਕਾਂ ਦੋਵੇ ਚੰਗੀਆਂ ਰਹਿੰਦੀਆਂ ਹਨ।”

ਯਿਸੂ ਦਾ ਮੋਈ ਕੁੜੀ ਨੂੰ ਪ੍ਰਾਣ ਦੇਣਾ ਅਤੇ ਬਿਮਾਰ ਔਰਤ ਨੂੰ ਰਾਜ਼ੀ ਕਰਨਾ(D)

18 ਜਦ ਯਿਸੂ ਉਨ੍ਹਾਂ ਨੂੰ ਇਹ ਗੱਲਾਂ ਕਹਿ ਰਿਹਾ ਸੀ ਤਾਂ ਪ੍ਰਰਥਨਾ ਸਥਾਨ ਦੇ ਇੱਕ ਆਗੂ ਨੇ ਆਣਕੇ ਉਸ ਦੇ ਅੱਗੇ ਮੱਥਾ ਟੇਕਿਆ ਅਤੇ ਆਖਿਆ, “ਮੇਰੀ ਬੇਟੀ ਹੁਣੇ ਮਰੀ ਹੈ। ਪਰ ਤੁਸੀਂ ਆਓ ਅਤੇ ਆਕੇ ਉਸ ਨੂੰ ਆਪਣੇ ਹੱਥ ਨਾਲ ਛੂਹੋ ਉਹ ਫ਼ੇਰ ਜੀ ਪਵੇਗੀ।”

19 ਫ਼ੇਰ ਯਿਸੂ ਉੱਠਿਆ ਅਤੇ ਆਪਣੇ ਚੇਲਿਆਂ ਸਣੇ ਉਸ ਦੇ ਮਗਰ ਤੁਰ ਪਿਆ।

20 ਉੱਥੇ ਇੱਕ ਔਰਤ, ਜਿਸਦੇ ਬਾਰ੍ਹਾਂ ਵਰ੍ਹਿਆਂ ਤੋਂ ਲਹੂ ਵਗ ਰਿਹਾ ਸੀ, ਉਸ ਨੇ ਪਿੱਛੋ ਦੀ ਆਣਕੇ ਯਿਸੂ ਦੇ ਚੋਗੇ ਦਾ ਪੱਲਾ ਛੋਹਿਆ। 21 ਕਿਉਂਕਿ ਉਸ ਨੇ ਸੋਚਿਆ, “ਜੇਕਰ ਮੈਂ ਸਿਰਫ਼ ਉਸ ਦੇ ਚੋਗੇ ਨੂੰ ਛੂਹ ਲਵਾਂ, ਮੈਂ ਚੰਗੀ ਹੋ ਜਾਵਾਂਗੀ।”

22 ਯਿਸੂ ਮੁੜਿਆ ਅਤੇ ਉਸ ਨੂੰ ਵੇਖਕੇ ਆਖਿਆ: “ਪਿਆਰੀ ਔਰਤ ਖੁਸ਼ ਰਹਿ। ਤੇਰੀ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ।” ਉਹ ਔਰਤ ਉਸੇ ਪਲ ਚੰਗੀ ਹੋ ਗਈ।

23 ਫ਼ੇਰ ਯਿਸੂ ਪੂਜਾ ਸਥਾਨ ਦੇ ਆਗੂ ਦੇ ਘਰ ਗਿਆ। ਅਤੇ ਯਿਸੂ ਨੇ ਵੇਖਿਆ ਕੁਝ ਲੋਕ ਜਨਾਜ਼ੇ ਵਾਸਤੇ ਸੰਗੀਤਕ ਧੁਨੀ ਪੈਦਾ ਕਰ ਰਹੇ ਸਨ ਅਤੇ ਉੱਥੇ ਕੁੜੀ ਨੂੰ ਮਰੀ ਵੇਖਕੇ ਰੋ-ਪਿਟ ਰਹੇ ਹਨ। 24 ਤਾਂ ਉਸ ਨੇ ਆਖਿਆ, “ਚਲੇ ਜਾਵੋ, ਕਿਉਂਕਿ ਕੁੜੀ ਮਰੀ ਨਹੀਂ ਸਗੋਂ ਸੁੱਤੀ ਪਈ ਹੈ,” ਪਰ ਉਹ ਉਸ ਉੱਤੇ ਹੱਸੇ। 25 ਜਦੋਂ ਲੋਕਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ, ਤਾਂ ਉਹ ਉਸ ਕਮਰੇ ਵਿੱਚ ਗਿਆ ਜਿੱਥੇ ਕੁੜੀ ਸੀ। ਉਸ ਨੇ ਉਸਦਾ ਹੱਥ ਫ਼ੜਿਆ, ਅਤੇ ਉਹ ਖੜ੍ਹੀ ਹੋ ਗਈ, 26 ਇਹ ਖਬਰ ਉਸ ਸਾਰੇ ਇਲਾਕੇ ਵਿੱਚ ਫ਼ੈਲ ਗਈ।

ਯਿਸੂ ਦਾ ਬਹੁਤ ਸਾਰੇ ਲੋਕਾਂ ਨੂੰ ਰਾਜੀ ਕਰਨਾ

27 ਜਦੋਂ ਯਿਸੂ ਉੱਥੋਂ ਤੁਰਿਆ, ਤਾਂ ਦੋ ਅੰਨ੍ਹੇ ਉਸ ਦੇ ਮਗਰ ਹਾਕਾਂ ਮਾਰਦੇ ਆਏ ਅਤੇ ਬੋਲੇ, “ਹੇ ਦਾਊਦ ਦੇ ਪੁੱਤਰ ਸਾਡੇ ਉੱਤੇ ਦਯਾ ਕਰ!”

28 ਜਦੋਂ ਯਿਸੂ ਘਰ ਵਿੱਚ ਗਿਆ ਤਾਂ ਉਹ ਅੰਨ੍ਹੇ ਉਸ ਕੋਲ ਆਏ ਅਤੇ ਯਿਸੂ ਨੇ ਉਨ੍ਹਾਂ ਨੂੰ ਪੁੱਛਿਆ, “ਕੀ ਤੁਹਾਨੂੰ ਵਿਸ਼ਵਾਸ ਹੈ ਕਿ ਮੈਂ ਤੁਹਾਡੇ ਲਈ ਤੁਹਾਡੀ ਦ੍ਰਿਸ਼ਟੀ ਵਾਪਸ ਲਿਆ ਸੱਕਦਾ ਹਾਂ?” ਅੰਨ੍ਹੇ ਆਦਮੀਆਂ ਨੇ ਜਵਾਬ ਦਿੱਤਾ, “ਹਾਂ ਪ੍ਰਭੂ ਸਾਨੂੰ ਵਿਸ਼ਵਾਸ ਹੈ।”

29 ਤਦ ਉਸ ਨੇ ਉਨ੍ਹਾਂ ਦੀਆਂ ਅਖੀਆਂ ਨੂੰ ਛੋਹਿਆ ਅਤੇ ਆਖਿਆ, “ਜੇ ਤੁਹਾਨੂੰ ਵਿਸ਼ਵਾਸ ਹੈ ਕਿ ਮੈਂ ਤੁਹਾਨੂੰ ਫ਼ਿਰ ਤੋਂ ਵੇਖਣ ਯੋਗ ਕਰ ਸੱਕਦਾ ਹਾਂ ਤਾਂ ਇਵੇਂ ਹੀ ਹੋਵੇ।” 30 ਅਤੇ ਅੰਨ੍ਹੇ ਆਦਮੀ ਵੇਖਣ ਦੇ ਯੋਗ ਹੋ ਗਏ, ਯਿਸੂ ਨੇ ਉਨ੍ਹਾਂ ਨੂੰ ਸਖਤ ਚੇਤਾਵਨੀ ਦਿੱਤੀ, “ਇਸ ਬਾਰੇ ਕਿਸੇ ਨੂੰ ਨਾ ਦਸਿਓ!” 31 ਪਰ ਉਨ੍ਹਾਂ ਨੇ ਬਾਹਰ ਨਿਕਲ ਕੇ ਸਾਰੇ ਇਲਾਕੇ ਵਿੱਚ ਉਸਦਾ ਜੱਸ ਫ਼ੈਲਾਇਆ।

32 ਉਨ੍ਹਾਂ ਦੋ ਅੰਨ੍ਹੇ ਆਦਮੀਆਂ ਦੇ ਬਾਹਰ ਨਿਕਲਦੇ ਹੀ ਲੋਕ ਇੱਕ ਗੂੰਗੇ ਨੂੰ ਜਿਸ ਨੂੰ ਭੂਤ ਚਿੰਬੜਿਆ ਹੋਇਆ ਸੀ ਉਸ ਦੇ ਕੋਲ ਲਿਆਏ, 33 ਜਦ ਭੂਤ ਨੇ ਆਦਮੀ ਨੂੰ ਛੱਡ ਦਿੱਤਾ, ਤਾਂ ਉਹ ਬੋਲਣ ਯੋਗ ਹੋ ਗਿਆ। ਲੋਕ ਬੜੇ ਹੈਰਾਨ ਸਨ ਅਤੇ ਆਖਿਆ, “ਅਸੀਂ ਇਸਰਾਏਲ ਵਿੱਚ ਇਸ ਤਰ੍ਹਾਂ ਕਦੀ ਵੀ ਨਹੀਂ ਵੇਖਿਆ।”

34 ਪਰ ਫ਼ਰੀਸੀਆਂ ਨੇ ਕਿਹਾ, “ਉਹ ਤਾਂ ਭੂਤਾਂ ਦੇ ਆਗੂ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹੈ।”

ਯਿਸੂ ਨੇ ਲੋਕਾਂ ਲਈ ਤਰਸ ਮਹਿਸੂਸ ਕੀਤਾ

35 ਯਿਸੂ ਨੇ ਸਾਰੇ ਪਿੰਡਾਂ ਅਤੇ ਨਗਰਾਂ ਰਾਹੀਂ ਯਾਤਰਾ ਕੀਤੀ। ਉਸ ਨੇ ਉਨ੍ਹਾਂ ਦੇ ਪ੍ਰਾਰਥਨਾ ਸਥਾਨਾਂ ਵਿੱਚ ਉਪਦੇਸ਼ ਦਿੱਤੇ ਅਤੇ ਰਾਜ ਬਾਰੇ ਲੋਕਾਂ ਵਿੱਚ ਖੁਸ਼ਖਬਰੀ ਦਾ ਪ੍ਰਚਾਰ ਕੀਤਾ। ਉਸ ਨੇ ਹਰ ਤਰ੍ਹਾਂ ਦੇ ਰੋਗਾਂ ਅਤੇ ਬਿਮਾਰੀਆਂ ਨੂੰ ਚੰਗਾ ਕੀਤਾ। 36 ਜਦੋਂ ਉਸ ਨੇ ਭੀੜਾਂ ਵੇਖੀਆਂ ਤਾਂ ਉਸ ਨੂੰ ਉਨ੍ਹਾਂ ਉੱਤੇ ਤਰਸ ਆਇਆ ਕਿਉਂਕਿ ਲੋਕ ਥੱਕੇ ਹੋਏ ਅਤੇ ਲਾਚਾਰ ਸਨ। ਉਹ ਉਨ੍ਹਾਂ ਭੇਡਾਂ ਵਾਂਗ ਸਨ ਜਿਨ੍ਹਾਂ ਦਾ ਕੋਈ ਆਜੜੀ ਨਾ ਹੋਵੇ। 37 ਫ਼ਿਰ ਯਿਸੂ ਨੇ ਆਪਣੇ ਚੇਲਿਆਂ ਨੂੰ ਆਖਿਆ, “ਖੇਤੀ ਪੱਕੀ ਹੋਈ ਹੈ ਪਰ ਵਾਢੇ ਥੋੜੇ ਹਨ। 38 ਇਸ ਲਈ ਤੁਸੀਂ ਖੇਤੀ ਦੇ ਮਾਲਕ ਅੱਗੇ ਬੇਨਤੀ ਕਰੋ ਕਿ ਉਹ ਆਪਣੀ ਖੇਤੀ ਵੱਢਣ ਲਈ ਵਾਢੇ ਘੱਲ ਦੇਵੇ।”

Punjabi Bible: Easy-to-Read Version (ERV-PA)

2010 by World Bible Translation Center