Print Page Options
Previous Prev Day Next DayNext

M’Cheyne Bible Reading Plan

The classic M'Cheyne plan--read the Old Testament, New Testament, and Psalms or Gospels every day.
Duration: 365 days
Punjabi Bible: Easy-to-Read Version (ERV-PA)
Version
ਬਿਵਸਥਾ ਸਾਰ 12

ਪਰਮੇਸ਼ੁਰ ਦੀ ਉਪਾਸਨਾ ਦਾ ਸਥਾਨ

12 “ਇਹ ਉਹ ਕਾਨੂੰਨ ਅਤੇ ਬਿਧੀਆਂ ਹਨ ਜਿਨ੍ਹਾਂ ਦੀ ਤੁਹਾਨੂੰ ਆਪਣੀ ਨਵੀਂ ਧਰਤੀ ਵਿੱਚ ਪਾਲਣਾ ਕਰਨੀ ਚਾਹੀਦੀ ਹੈ। ਜਿੰਨਾ ਚਿਰ ਤੁਸੀਂ ਇਸ ਧਰਤੀ ਉੱਤੇ ਰਹਿੰਦੇ ਹੋ ਤੁਹਾਨੂੰ ਇਨ੍ਹਾਂ ਕਾਨੂੰਨਾ ਦੀ ਧਿਆਨ ਨਾਲ ਪਾਲਣਾ ਕਰਨੀ ਚਾਹੀਦੀ ਹੈ। ਯਹੋਵਾਹ ਤੁਹਾਡੇ ਪੁਰਖਿਆਂ ਦਾ ਪਰਮੇਸ਼ੁਰ ਹੈ। ਅਤੇ ਯਹੋਵਾਹ ਤੁਹਾਨੂੰ ਇਹ ਧਰਤੀ ਦੇ ਰਿਹਾ ਹੈ। ਤੁਸੀਂ ਇਹ ਧਰਤੀ ਉਨ੍ਹਾਂ ਕੌਮਾਂ ਕੋਲੋਂ ਖੋਹ ਲਵੋਂਗੇ ਜਿਹੜੀਆਂ ਹੁਣ ਉੱਥੇ ਰਹਿੰਦੀਆਂ ਹਨ। ਤੁਹਾਨੂੰ ਉਨ੍ਹਾਂ ਸਾਰੀਆਂ ਥਾਵਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਣਾ ਚਾਹੀਦਾ ਹੈ ਜਿੱਥੇ ਇਨ੍ਹਾਂ ਕੌਮਾਂ ਦੇ ਲੋਕ ਆਪਣੇ ਦੇਵਤਿਆਂ ਦੀ ਉਪਾਸਨਾ ਕਰਦੇ ਹਨ। ਇਹ ਥਾਵਾਂ ਉੱਚੇ ਪਹਾੜਾਂ ਉੱਤੇ, ਪਹਾੜੀਆਂ ਉੱਤੇ ਅਤੇ ਹਰੇ ਰੁੱਖਾਂ ਹੇਠਾਂ ਹਨ। ਤੁਹਾਨੂੰ ਉਨ੍ਹਾਂ ਦੀਆਂ ਜਗਵੇਦੀਆਂ ਅਤੇ ਯਾਦਗਾਰੀ ਪੱਥਰਾਂ ਨੂੰ ਟੁਕੜੇ-ਟੁਕੜੇ ਕਰ ਦੇਣੇ ਚਾਹੀਦੇ ਹਨ। ਤੁਹਾਨੂੰ ਉਨ੍ਹਾਂ ਦੇ ਅਸ਼ੇਰਾਹ ਦੇ ਥੰਮਾਂ ਅਤੇ ਉਨ੍ਹਾਂ ਦੇ ਦੇਵਤਿਆਂ ਦੀਆਂ ਮੂਰਤੀਆਂ ਭੰਨ ਦੇਣੀਆਂ ਚਾਹੀਦੀਆਂ ਹਨ। ਤੁਹਾਨੂੰ ਉਨ੍ਹਾਂ ਥਾਵਾਂ ਤੋਂ ਉਨ੍ਹਾਂ ਦੇ ਦੇਵਤਿਆਂ ਦੇ ਨਾਮ ਮਿਟਾ ਦੇਣੇ ਚਾਹੀਦੇ ਹਨ।

“ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਦੀ ਉਪਾਸਨਾ ਉਸੇ ਤਰ੍ਹਾਂ ਨਹੀਂ ਕਰਨੀ ਚਾਹੀਦੀ ਜਿਵੇਂ ਉਹ ਲੋਕ ਆਪਣੇ ਦੇਵਤਿਆਂ ਦੀ ਉਪਾਸਨਾ ਕਰਦੇ ਹਨ। ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਡੇ ਪਰਿਵਾਰ-ਸਮੂਹਾਂ ਦਰਮਿਆਨ ਇੱਕ ਖਾਸ ਥਾਂ ਦੀ ਚੋਣ ਕਰੇਗਾ। ਅਤੇ ਉੱਥੇ ਆਪਣਾ ਨਾਮ ਰੱਖੇਗਾ। ਇਹ ਉਸਦਾ ਖਾਸ ਸਥਾਨ ਹੋਵੇਗਾ ਅਤੇ ਤੁਹਾਨੂੰ ਉੱਥੇ ਉਸਦੀ ਉਪਾਸਨਾ ਕਰਨ ਲਈ ਜਾਣਾ ਚਾਹੀਦਾ ਹੈ। ਉੱਥੇ ਤੁਹਾਨੂੰ ਆਪਣੇ ਹੋਮ ਦੀਆਂ ਭੇਟਾਂ, ਆਪਣੀਆਂ ਬਲੀਆਂ, ਆਪਣੀਆਂ ਫ਼ਸਲਾਂ ਅਤੇ ਆਪਣੇ ਪਸ਼ੂਆਂ ਦਾ ਦਸਵੰਧ, ਆਪਣੀਆਂ ਖਾਸ ਸੁਗਾਤਾਂ, ਯਹੋਵਾਹ ਲਈ ਇਕਰਾਰ ਕੀਤੀ ਹੋਈ ਕੋਈ ਸੁਗਾਤ, ਕੋਈ ਵੀ ਖਾਸ ਸੁਗਾਤ ਜਿਹੜੀ ਤੁਸੀਂ ਦੇਣੀ ਚਾਹੋਂ, ਅਤੇ ਤੁਹਾਡੇ ਵੱਗਾਂ ਅਤੇ ਇੱਜੜਾਂ ਦੇ ਪਹਿਲੋਠੇ ਪਸ਼ੂ ਚੜ੍ਹਾਉਣੇ ਚਾਹੀਦੇ ਹਨ। ਤੁਸੀਂ ਅਤੇ ਤੁਹਾਡੇ ਪਰਿਵਾਰ ਉਸ ਥਾਂ ਸਾਂਝਾ ਭੋਜਨ ਕਰੋਂਗੇ, ਅਤੇ ਯਹੋਵਾਹ, ਤੁਹਾਡਾ ਪਰਮੇਸ਼ੁਰ, ਉੱਥੇ ਤੁਹਾਡੇ ਨਾਲ ਹੋਵੇਗਾ। ਉਸ ਥਾਂ ਤੁਸੀਂ ਉਨ੍ਹਾਂ ਚੀਜ਼ਾਂ ਨੂੰ ਸਾਂਝਿਆਂ ਕਰਨ ਦਾ ਆਨੰਦ ਮਾਣੋਗੇ ਜਿਨ੍ਹਾਂ ਲਈ ਤੁਸੀਂ ਕੰਮ ਕੀਤਾ ਸੀ। ਤੁਸੀਂ ਯਾਦ ਕਰੋਂਗੇ ਕਿ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਨੂੰ ਅਸੀਸ ਦਿੱਤੀ ਸੀ ਅਤੇ ਇਹ ਚੰਗੀਆਂ ਚੀਜ਼ਾਂ ਦਿੱਤੀਆਂ ਸਨ।

“ਤੁਹਾਨੂੰ ਉਸੇ ਤਰ੍ਹਾਂ ਉਪਾਸਨਾ ਨਹੀਂ ਕਰਦੇ ਰਹਿਣਾ ਚਾਹੀਦਾ ਜਿਵੇਂ ਅਸੀਂ ਕਰਦੇ ਆਏ ਹਾਂ। ਹੁਣ ਤੱਕ, ਸਾਡੇ ਵਿੱਚੋਂ ਹਰੇਕ ਆਪਣੀ ਮਨ ਮਰਜ਼ੀ ਅਨੁਸਾਰ ਉਪਾਸਨਾ ਕਰਦਾ ਆਇਆ ਹੈ। ਕਿਉਂਕਿ ਹਾਲੇ ਤੱਕ ਅਸੀਂ ਉਸ ਸ਼ਾਂਤਮਈ ਧਰਤੀ ਵਿੱਚ ਦਾਖਲ ਨਹੀਂ ਹੋਏ ਹਾਂ ਜਿਹੜੀ ਯਹੋਵਾਹ, ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇ ਰਿਹਾ ਹੈ। 10 ਪਰ ਤੁਸੀਂ ਯਰਦਨ ਨਦੀ ਦੇ ਪਾਰ ਜਾਵੋਂਗੇ ਅਤੇ ਉਸ ਧਰਤੀ ਵਿੱਚ ਰਹੋਂਗੇ। ਯਹੋਵਾਹ ਤੁਹਾਨੂੰ ਉਹ ਧਰਤੀ ਦੇ ਰਿਹਾ ਹੈ। ਅਤੇ ਯਹੋਵਾਹ ਤੁਹਾਡੇ ਦੁਸ਼ਮਣਾ ਤੋਂ ਆਰਾਮ ਦੇਵੇਗਾ। ਤੁਸੀਂ ਸੁਰੱਖਿਅਤ ਹੋਵੋਂਗੇ। 11 ਫ਼ੇਰ ਯਹੋਵਾਹ ਆਪਣੇ ਖਾਸ ਸਥਾਨ ਦੀ ਚੋਣ ਕਰੇਗਾ। ਉਹ ਉੱਥੇ ਆਪਣਾ ਨਾਮ ਰੱਖੇਗਾ ਅਤੇ ਤੁਹਾਨੂੰ ਉਹ ਸਾਰੀਆਂ ਵਸਤਾਂ, ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ, ਲਿਆਉਣੀਆਂ ਚਾਹੀਦੀਆਂ ਹਨ। ਆਪਣੀਆਂ ਹੋਮ ਦੀਆਂ ਭੇਟਾਂ, ਆਪਣੀਆਂ ਬਲੀਆਂ, ਆਪਣੀਆਂ ਫ਼ਸਲਾਂ ਅਤੇ ਜਾਨਵਰਾਂ ਦਾ ਦਸਵੰਧ [a], ਆਪਣੀਆਂ ਖਾਸ ਸੁਗਾਤਾਂ ਅਤੇ ਕੋਈ ਵੀ ਸੁਗਾਤ ਜਿਸਦਾ ਤੁਸੀਂ ਯਹੋਵਾਹ ਨੂੰ ਦੇਣ ਦਾ ਇਕਰਾਰ ਕੀਤਾ ਸੀ, ਲਿਆਉ। 12 ਉਸ ਥਾਂ ਆਪਣੇ ਸਮੂਹ ਲੋਕਾਂ ਨਾਲ ਆਉਣਾ-ਆਪਣੇ ਬੱਚਿਆਂ, ਆਪਣੇ ਸਾਰੇ ਨੌਕਰਾਂ ਅਤੇ ਆਪਣੇ ਕਸਬੇ ਵਿੱਚ ਰਹਿੰਦੇ ਲੇਵੀਆਂ ਨਾਲ। (ਇਨ੍ਹਾਂ ਲੇਵੀਆਂ ਕੋਲ ਧਰਤੀ ਦਾ ਆਪਣਾ ਕੋਈ ਹਿੱਸਾ ਨਹੀਂ ਹੋਵੇਗਾ।) ਇੱਥੇ ਇਕੱਠੇ ਹੋਕੇ ਯਹੋਵਾਹ, ਆਪਣੇ ਪਰਮੇਸ਼ੁਰ, ਨਾਲ ਆਨੰਦ ਮਾਨਣਾ। 13 ਧਿਆਨ ਰੱਖਿਉ ਕਿ ਤੁਸੀਂ ਕਿਸੇ ਵੀ ਨਜ਼ਰ ਆਉਂਦੇ ਸਥਾਨ ਉੱਤੇ ਆਪਣੇ ਹੋਮ ਦੀਆਂ ਭੇਟਾਂ ਨਹੀਂ ਦੇਣੀਆਂ। 14 ਯਹੋਵਾਹ ਆਪਣੇ ਖਾਸ ਸਥਾਨ ਦੀ ਚੋਣ ਤੁਹਾਡੇ ਪਰਿਵਾਰ-ਸਮੂਹਾਂ ਵਿੱਚਕਾਰ ਕਰੇਗਾ। ਆਪਣੀਆਂ ਹੋਮ ਦੀਆਂ ਭੇਟਾਂ ਉੱਥੇ ਦੇਣੀਆਂ ਅਤੇ ਦੂਸਰੀਆਂ ਸਾਰੀਆਂ ਗੱਲਾਂ ਵੀ ਉਸੇ ਸਥਾਨ ਉੱਤੇ ਕਰਨੀਆਂ ਜਿਨ੍ਹਾਂ ਬਾਰੇ ਮੈਂ ਤੁਹਾਨੂੰ ਦੱਸਿਆ ਹੈ।

15 “ਜਿੱਥੇ ਕਿਤੇ ਵੀ ਤੁਸੀਂ ਰਹੋ, ਤੁਸੀਂ ਆਪਣੇ ਜਾਨਵਰਾਂ ਵਿੱਚੋਂ ਕਿਸੇ ਨੂੰ ਵੀ ਮਾਰਕੇ ਖਾ ਸੱਕਦੇ ਹੋ, ਜਿਵੇਂ ਕਿ ਇਹ ਹਿਰਨ ਜਾਂ ਗਜ਼ੇਲ ਹੋਵੇ। ਤੁਸੀਂ ਜਿੰਨਾ ਚਾਹੋ ਯਹੋਵਾਹ, ਤੁਹਾਡੇ ਪਰਮੇਸ਼ੁਰ, ਦੀ ਦਿੱਤੀ ਹੋਈ ਅਸੀਸ ਅਨੁਸਾਰ ਉਹ ਮਾਸ ਖਾ ਸੱਕਦੇ ਹੋ, ਸਾਰੇ ਲੋਕ ਜਿਹੜੇ ਪਵਿੱਤਰ ਹਨ ਅਤੇ ਜਿਹੜੀ ਪਲੀਤ ਹਨ ਉਸ ਮਾਸ ਨੂੰ ਖਾ ਸੱਕਦੇ ਹਨ। 16 ਪਰ ਤੁਹਾਨੂੰ ਖੂਨ ਨਹੀਂ ਖਾਣਾ ਚਾਹੀਦਾ। ਤੁਹਾਨੂੰ ਖੂਨ ਨੂੰ ਪਾਣੀ ਵਾਂਗ ਧਰਤੀ ਉੱਤੇ ਰੋਢ਼ ਦੇਣਾ ਚਾਹੀਦਾ ਹੈ।

17 “ਕੁਝ ਹੋਰ ਵੀ ਚੀਜ਼ਾਂ ਹਨ ਜਿਹੜੀਆਂ ਤੁਹਾਨੂੰ ਉਨ੍ਹਾਂ ਥਾਵਾਂ ਉੱਤੇ ਨਹੀਂ ਖਾਣੀਆਂ ਚਾਹੀਦੀਆਂ। ਇਹ ਚੀਜ਼ਾਂ ਹਨ: ਤੁਹਾਡੀ ਫ਼ਸਲ ਦਾ ਹਿੱਸਾ, ਨਵੀਂ ਮੈਅ ਅਤੇ ਤੇਲ, ਤੁਹਾਡੇ ਵੱਗ ਜਾਂ ਇੱਜੜ ਦਾ ਪਹਿਲੋਠਾ ਜੋ ਪਰਮੇਸ਼ੁਰ ਦਾ ਹੈ, ਜੋ ਵੀ ਤੁਸੀਂ ਪਰਮੇਸ਼ੁਰ ਨੂੰ ਦੇਣ ਦੀ ਕਸਮ ਖਾਧੀ ਹੋਵੇ ਤੁਹਾਡੀਆਂ ਪਰਮੇਸ਼ੁਰ ਨੂੰ ਮਨ ਮਰਜ਼ੀ ਦੀਆਂ ਸੁਗਾਤਾਂ ਜਾਂ ਹੋਰ ਕੋਈ ਵੀ ਪਰਮੇਸ਼ੁਰ ਨੂੰ ਖਾਸ ਸੁਗਾਤ। 18 ਤੁਹਾਨੂੰ ਉਹ ਭੇਟਾ ਸਿਰਫ਼ ਯਹੋਵਾਹ ਦੀ ਹਾਜ਼ਰੀ ਵਿੱਚ ਹੀ ਖਾਣੀਆਂ ਚਾਹੀਦੀਆਂ ਹਨ, ਯਹੋਵਾਹ, ਤੁਹਾਡੇ ਪਰਮੇਸ਼ੁਰ, ਦੁਆਰਾ ਚੁਣੇ ਹੋਏ ਸਥਾਨ ਵਿੱਚ। ਤੁਹਾਨੂੰ ਉੱਥੇ ਜਾਕੇ ਆਪਣੇ ਪੁੱਤਰਾਂ, ਧੀਆਂ, ਤੁਹਾਡੇ ਸਾਰੇ ਨੌਕਰਾਂ ਅਤੇ ਆਪਣੇ ਸ਼ਹਿਰ ਦੇ ਲੇਵੀਆਂ ਸਮੇਤ ਭੋਜਨ ਕਰਨਾ ਚਾਹੀਦਾ ਹੈ। ਉੱਥੇ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਮਿਲਕੇ ਆਨੰਦ ਮਾਣੋ। ਤੁਸੀਂ ਉਨ੍ਹਾਂ ਚੀਜ਼ਾਂ ਦਾ ਆਨੰਦ ਮਾਣੋ ਜਿਨ੍ਹਾਂ ਵਾਸਤੇ ਤੁਸੀਂ ਘਾਲਣਾ ਕੀਤੀ ਹੈ। 19 ਪਰ ਧਿਆਨ ਰੱਖਣਾ ਕਿ ਤੁਸੀਂ ਇਹ ਭੋਜਨ ਹਮੇਸ਼ਾ ਲੇਵੀਆਂ ਨਾਲ ਸਾਂਝਾ ਕਰਨਾ। ਜਿੰਨਾ ਚਿਰ ਤੁਸੀਂ ਇਸ ਧਰਤੀ ਉੱਤੇ ਰਹੋ ਇਹ ਗੱਲ ਜ਼ਰੂਰ ਕਰੋ।

20-21 “ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਡੇ ਦੇਸ਼ ਨੂੰ ਵੱਡੇਰਾ ਕਰਨ ਦਾ ਇਕਰਾਰ ਕੀਤਾ ਸੀ। ਜਦੋਂ ਯਹੋਵਾਹ ਅਜਿਹਾ ਕਰੇਗਾ, ਹੋ ਸੱਕਦਾ ਹੈ ਕਿ ਤੁਸੀਂ ਉਸ ਦੇ ਖਾਸ ਸਥਾਨ ਤੋਂ ਬਹੁਤ ਦੂਰ ਰਹਿੰਦੇ ਹੋਵੋ। ਜੇ ਉਹ ਥਾਂ ਬਹੁਤ ਦੂਰ ਹੋਵੇ, ਅਤੇ ਤੁਹਾਨੂੰ ਮਾਸ ਦੀ ਭੁੱਖ ਹੋਵੇ ਫ਼ੇਰ ਤੁਸੀਂ ਕੋਈ ਵੀ ਮਾਸ ਖਾ ਸੱਕਦੇ ਹੋ ਜਿਹੜਾ ਤੁਹਾਡੇ ਕੋਲ ਹੋਵੇ। ਤੁਸੀਂ ਯਹੋਵਾਹ ਦੇ ਦਿੱਤੇ ਹੋਏ ਇੱਜੜ ਵਿੱਚੋਂ ਕਿਸੇ ਵੀ ਜਾਨਵਰ ਨੂੰ ਮਾਰ ਸੱਕਦੇ ਹੋ। ਅਜਿਹਾ ਉਸੇ ਤਰ੍ਹਾਂ ਕਰਨਾ ਜਿਵੇਂ ਮੈਂ ਤੁਹਾਨੂੰ ਆਦੇਸ਼ ਦਿੱਤਾ ਹੈ। ਜਿੱਥੇ ਤੁਸੀਂ ਰਹਿੰਦੇ ਹੋ ਤੁਸੀਂ ਉੱਥੇ ਜਿਸ ਵੇਲੇ ਚਾਹੋਂ ਇਹ ਮਾਸ ਖਾ ਸੱਕਦੇ ਹੋ। 22 ਇਸ ਮਾਸ ਨੂੰ ਤੁਸੀਂ ਉਸੇ ਤਰ੍ਹਾਂ ਖਾ ਸੱਕਦੇ ਹੋ ਜਿਵੇਂ ਤੁਸੀਂ ਹਿਰਨ ਜਾਂ ਗਜ਼ੇਲ ਦੇ ਮਾਸ ਨੂੰ ਖਾਂਦੇ ਹੋ। ਸਾਰੇ ਲੋਕ ਜਿਹੜੇ ਪਾਕ ਜਾਂ ਨਾਪਾਕ ਹਨ ਇਸ ਮਾਸ ਨੂੰ ਖਾ ਸੱਕਦੇ ਹਨ। 23 ਪਰ ਧਿਆਨ ਰੱਖਣਾ ਕਿ ਖੂਨ ਨਹੀਂ ਖਾਣਾ। ਕਿਉਂ? ਕਿਉਂਕਿ ਜੀਵਨ ਖੂਨ ਵਿੱਚ ਹੁੰਦਾ ਹੈ। ਅਤੇ ਤੁਹਾਨੂੰ ਓਨਾ ਚਿਰ ਮਾਸ ਨੂੰ ਨਹੀਂ ਖਾਣਾ ਚਾਹੀਦਾ ਜਿੰਨਾ ਚਿਰ ਇਸ ਵਿੱਚ ਜੀਵਨ ਹੈ। 24 ਖੂਨ ਨਾ ਖਾਉ। ਤੁਹਾਨੂੰ ਚਾਹੀਦਾ ਹੈ ਕਿ ਖੂਨ ਨੂੰ ਪਾਣੀ ਵਾਂਗ ਧਰਤੀ ਉੱਤੇ ਡੋਲ੍ਹ ਦਿਉ। 25 ਇਸ ਲਈ, ਖੂਨ ਨਾ ਖਾਣਾ। ਤੁਹਾਨੂੰ ਹਰ ਉਹ ਗੱਲ ਕਰਨੀ ਚਾਹੀਦੀ ਹੈ ਜਿਸ ਨੂੰ ਯਹੋਵਾਹ ਠੀਕ ਆਖਦਾ ਹੈ। ਫ਼ੇਰ ਤੁਹਾਡੇ ਨਾਲ ਅਤੇ ਤੁਹਾਡੇ ਉੱਤਰਾਧਿਕਾਰੀਆਂ ਨਾਲ ਚੰਗੀਆਂ ਗੱਲਾਂ ਵਾਪਰਨਗੀਆਂ।

26 “ਜੇ ਤੁਸੀਂ ਪਰਮੇਸ਼ੁਰ ਨੂੰ ਕੋਈ ਖਾਸ ਚੀਜ਼ ਅਰਪਨ ਕਰਨ ਦਾ ਨਿਆਂ ਕਰੋ, ਤਾਂ ਤੁਹਾਨੂੰ ਉਸ ਖਾਸ ਸਥਾਨ ਉੱਤੇ ਜਾਣਾ ਚਾਹੀਦਾ ਹੈ ਜਿਸਦੀ ਚੋਣ, ਯਹੋਵਾਹ, ਤੁਹਾਡਾ ਪਰਮੇਸ਼ੁਰ ਕਰੇਗਾ। ਅਤੇ ਜੇ ਤੁਸੀਂ ਖਾਸ ਸੁਖਣਾ ਸੁਖੇਂ, ਤਾਂ ਤੁਹਾਨੂੰ ਉਸ ਖਾਸ ਸਥਾਨ ਉੱਤੇ ਜਾਕੇ ਪਰਮੇਸ਼ੁਰ ਨੂੰ ਉਹ ਸੁਗਾਤ ਅਰਪਨ ਕਰਨੀ ਚਾਹੀਦੀ ਹੈ। 27 ਤੁਹਾਨੂੰ ਆਪਣੀਆਂ ਹੋਮ ਦੀਆਂ ਭੇਟਾ ਉਸੇ ਸਥਾਨ ਉੱਤੇ ਅਰਪਨ ਕਰਨੀਆਂ ਚਾਹੀਦੀਆਂ ਹਨ। ਮਾਸ ਅਤੇ ਖੂਨ ਦੀਆਂ ਆਪਣੀਆਂ ਹੋਮ ਦੀਆਂ ਭੇਟਾ ਯਹੋਵਾਹ, ਆਪਣੇ ਪਰਮੇਸ਼ੁਰ, ਦੀ ਜਗਵੇਦੀ ਉੱਤੇ ਜਾਕੇ ਚੜ੍ਹਾਉ। ਆਪਣੀਆਂ ਹੋਰਨਾਂ ਬਲੀਆਂ ਲਈ, ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ ਦੀ ਜਗਵੇਦੀ ਉੱਤੇ ਖੂਨ ਜ਼ਰੂਰ ਛਿੜਕਨਾ ਚਾਹੀਦਾ ਹੈ। ਫ਼ੇਰ ਤੁਸੀਂ ਮਾਸ ਖਾ ਸੱਕਦੇ ਹੋ। 28 ਜਿਹੜੇ ਵੀ ਆਦੇਸ਼ ਮੈਂ ਤੁਹਾਨੂੰ ਦਿੰਦਾ ਹਾਂ ਉਨ੍ਹਾਂ ਸਾਰਿਆਂ ਦੀ ਪਾਲਣਾ ਦਾ ਧਿਆਨ ਰੱਖਣਾ। ਜਦੋਂ ਤੁਸੀਂ ਨੇਕ ਅਤੇ ਸਹੀ ਗੱਲਾਂ ਕਰੋਂਗੇ-ਉਹ ਗੱਲਾਂ ਜਿਹੜੀਆਂ ਯਹੋਵਾਹ, ਤੁਹਾਡੇ ਪਰਮੇਸ਼ੁਰ ਨੂੰ ਪ੍ਰਸੰਨ ਕਰਦੀਆਂ ਹਨ-ਤਾਂ ਤੁਹਾਡਾ ਅਤੇ ਤੁਹਾਡੇ ਉੱਤਰਾਧਿਕਾਰੀਆਂ ਦਾ ਹਮੇਸ਼ਾ ਭਲਾ ਹੋਵੇਗਾ।

29 “ਤੁਸੀਂ ਹੋਰਨਾਂ ਲੋਕਾਂ ਕੋਲੋਂ ਧਰਤੀ ਲੈਣ ਲਈ ਜਾ ਰਹੇ ਹੋ। ਯਹੋਵਾਹ, ਤੁਹਾਡਾ ਪਰਮੇਸ਼ੁਰ, ਉਨ੍ਹਾਂ ਲੋਕਾਂ ਨੂੰ ਤੁਹਾਡੇ ਵਾਸਤੇ ਤਬਾਹ ਕਰ ਦੇਵੇਗਾ। ਤੁਸੀਂ ਉਨ੍ਹਾਂ ਲੋਕਾਂ ਨੂੰ ਉਸ ਧਰਤੀ ਵਿੱਚੋਂ ਬਾਹਰ ਧੱਕ ਦਿਉਂਗੇ ਅਤੇ ਤੁਸੀਂ ਉੱਥੇ ਰਹੋਂਗੇ। 30 ਜਦੋਂ ਅਜਿਹਾ ਵਾਪਰੇ, ਧਿਆਨ ਰੱਖਣਾ! ਤੁਸੀਂ ਉਨ੍ਹਾਂ ਲੋਕਾਂ ਨੂੰ ਤਬਾਹ ਕਰ ਦਿਉਂਗੇ। ਇਸ ਲਈ ਉਨ੍ਹਾਂ ਦੇ ਦੇਵਤਿਆਂ ਦੀ ਉਪਾਸਨਾ ਕਰਨ ਦੇ ਸ਼ਿਕਂਜੇ ਵਿੱਚ ਨਾ ਫ਼ਸਣਾ। ਧਿਆਨ ਰੱਖਣਾ! ਉਨ੍ਹਾਂ ਦੇਵਤਿਆਂ ਕੋਲ ਸਹਾਇਤਾ ਲਈ ਨਾ ਜਾਣਾ। ਤੁਹਾਨੂੰ ਇਹ ਨਹੀਂ ਆਖਣਾ ਚਾਹੀਦਾ, ‘ਉਹ ਲੋਕ ਇਨ੍ਹਾਂ ਦੇਵਤਿਆਂ ਦੀ ਉਪਾਸਨਾ ਕਰਦੇ ਹਨ, ਇਸ ਲਈ ਮੈਂ ਵੀ ਉਵੇਂ ਹੀ ਕਰਾਂਗਾ।’ 31 ਯਹੋਵਾਹ, ਆਪਣੇ ਪਰਮੇਸ਼ੁਰ, ਨਾਲ ਅਜਿਹਾ ਨਹੀਂ ਕਰਨਾ। ਪਰਮੇਸ਼ੁਰ ਦੀ ਓਸੇ ਢੰਗ ਨਾਲ ਉਪਾਸਨਾ ਨਹੀਂ ਕਰਨੀ! ਕਿਉਂਕਿ ਉਹ ਲੋਕ ਬਹੁਤ ਸਾਰੀਆਂ ਅਜਿਹੀਆਂ ਮੰਦੀਆਂ ਗੱਲਾਂ ਕਰਦੇ ਹਨ ਜਿਨ੍ਹਾਂ ਨੂੰ ਯਹੋਵਾਹ ਨਫ਼ਰਤ ਕਰਦਾ ਹੈ। ਉਹ ਤਾਂ ਆਪਣੇ ਬੱਚਿਆਂ ਨੂੰ ਵੀ ਸਾੜਕੇ ਆਪਣੇ ਦੇਵਤਿਆਂ ਨੂੰ ਬਲੀ ਚੜ੍ਹਾ ਦਿੰਦੇ ਹਨ।

32 “ਤੁਹਾਨੂੰ ਹਰ ਉਹ ਗੱਲ ਕਰਨ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਸਦਾ ਮੈਂ ਤੁਹਾਨੂੰ ਆਦੇਸ਼ ਦਿੰਦਾ ਹਾਂ। ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸਦਾ ਹਾਂ ਉਨ੍ਹਾਂ ਵਿੱਚ ਕੋਈ ਵਾਧਾ ਜਾਂ ਘਾਟਾ ਨਹੀਂ ਕਰਨਾ।

ਜ਼ਬੂਰ 97-98

97 ਯਹੋਵਾਹ ਰਾਜ ਕਰਦਾ ਹੈ ਅਤੇ ਧਰਤੀ ਖੁਸ਼ ਹੈ।
    ਦੂਰ ਦੁਰਾਡੇ ਦੇ ਸਾਰੇ ਦੇਸ਼, ਖੁਸ਼ ਹਨ।
ਘਨਘੋਰ ਬੱਦਲਾਂ ਨੇ ਯਹੋਵਾਹ ਨੂੰ ਘੇਰਿਆ ਹੋਇਆ ਹੈ।
    ਚੰਗਿਆਈ ਅਤੇ ਇਨਸਾਫ਼ ਉਸ ਦੇ ਰਾਜ ਨੂੰ ਮਜ਼ਬੂਤ ਬਣਾਉਂਦੇ ਹਨ।
ਯਹੋਵਾਹ ਦੇ ਸਾਹਮਣੇ ਅੱਗ ਬਲਦੀ ਹੈ
    ਅਤੇ ਉਸ ਦੇ ਦੁਸ਼ਮਣਾਂ ਨੂੰ ਤਬਾਹ ਕਰਦੀ ਹੈ।
ਉਸਦੀ ਬਿਜਲੀ ਚਮਕ ਆਕਾਸ਼ ਵਿੱਚ ਚਮਕਦੀ ਹੈ
    ਲੋਕ ਇਸ ਨੂੰ ਵੇਖਦੇ ਹਨ ਅਤੇ ਭੈਭੀਤ ਹੋ ਜਾਂਦੇ ਹਨ।
ਧਰਤੀ ਦੇ ਮਾਲਕ ਯਹੋਵਾਹ ਦੇ ਸਾਹਮਣੇ
    ਪਰਬਤ ਮੋਮ ਵਾਂਗ ਪਿਘਲਦੇ ਹਨ।
ਹੇ ਸਵਰਗਾ, ਉਸਦੀ ਚੰਗਿਆਈ ਬਾਰੇ ਦੱਸ।
    ਹਰ ਆਦਮੀ ਨੂੰ ਪਰਮੇਸ਼ੁਰ ਦੀ ਮਹਿਮਾ ਵੇਖਣ ਦਿਉ।

ਲੋਕ ਆਪਣੀਆਂ ਮੂਰਤੀਆਂ ਦੀ ਉਪਾਸਨਾ ਕਰਦੇ ਹਨ।
    ਉਹ ਆਪਣੇ “ਦੇਵਤਿਆਂ” ਬਾਰੇ ਡੀਂਗਾ ਮਾਰਦੇ ਹਨ।
ਪਰ ਉਨ੍ਹਾਂ ਲੋਕਾਂ ਨੂੰ ਸ਼ਰਮਸਾਰ ਕੀਤਾ ਜਾਵੇਗਾ।
    ਉਨ੍ਹਾਂ ਦੇ “ਦੇਵਤੇ” ਝੁਕ ਜਾਵਣਗੇ ਅਤੇ ਪਰਮੇਸ਼ੁਰ ਦੀ ਉਪਾਸਨਾ ਕਰਨਗੇ।
ਹੇ ਸੀਯੋਨ ਹੁਣ ਖੁਸ਼ ਹੋ।
    ਯਹੂਦਾਹ ਦੇ ਸ਼ਹਿਰੋ ਖੁਸ਼ ਹੋਵੋ।
    ਕਿਉਂਕਿ ਯਹੋਵਾਹ ਸਿਆਣੇ ਨਿਆਂ ਕਰਦਾ ਹੈ।
ਹੇ ਸਭ ਤੋਂ ਉੱਚੇ ਯਹੋਵਾਹ ਅਸਲ ਵਿੱਚ ਤੁਸੀਂ ਹੀ ਧਰਤੀ ਦੇ ਹਾਕਮ ਹੋ।
    ਤੁਸੀਂ ਬਹੁਤਿਆਂ “ਦੇਵਤਿਆਂ” ਨਾਲੋਂ ਵੱਧੀਆ ਹੋ।
10 ਜਿਹੜੇ ਬੰਦੇ ਯਹੋਵਾਹ ਨੂੰ ਨਫ਼ਰਤ ਕਰਦੇ ਹਨ ਉਹ ਬਦੀ ਨੂੰ ਨਫ਼ਰਤ ਕਰਦੇ ਹਨ।
    ਇਸ ਲਈ ਪਰਮੇਸ਼ੁਰ ਆਪਣੇ ਚੇਲਿਆਂ ਨੂੰ ਬਚਾਉਂਦਾ ਹੈ।
    ਪਰਮੇਸ਼ੁਰ ਆਪਣੇ ਚੇਲਿਆਂ ਨੂੰ ਬੁਰੇ ਵਿਅਕਤੀਆਂ ਤੋਂ ਬਚਾਉਂਦਾ ਹੈ।
11 ਨੇਕ ਲੋਕਾਂ ਉੱਤੇ ਰੌਸ਼ਨੀ ਅਤੇ ਖੁਸ਼ੀ ਚਮਕਦੀ ਹੈ।
12 ਚੰਗੇ ਲੋਕੋ, ਯਹੋਵਾਹ ਵਿੱਚ ਖੁਸ਼ ਹੋਵੋ।
    ਉਸ ਦੇ ਪਵਿੱਤਰ ਨਾਮ ਦੀ ਉਸਤਤਿ ਕਰੋ।

ਉਸਤਤਿ ਦਾ ਇੱਕ ਗੀਤ।

98 ਯਹੋਵਾਹ ਲਈ ਕੋਈ ਨਵਾਂ ਗੀਤ ਗਾਵੋ
    ਕਿਉਂ ਕਿ ਉਸ ਨੇ ਕਈ ਨਵੇਂ ਚਮਤਕਾਰ ਕੀਤੇ ਹਨ।
ਉਸਦੀ ਪਵਿੱਤਰ ਸੱਜੀ ਬਾਂਹ ਨੇ
    ਇੱਕ ਵਾਰੇ ਫ਼ੇਰ ਜਿੱਤ ਉਸ ਨੂੰ ਜਿੱਤ ਪ੍ਰਦਾਨ ਕੀਤੀ ਹੈ।
ਪਰਮੇਸ਼ੁਰ ਨੇ ਕੌਮਾਂ ਨੂੰ ਬਚਾਉਣ ਲਈ ਆਪਣੀ ਸ਼ਕਤੀ ਦਰਸ਼ਾਈ ਹੈ।
    ਪਰਮੇਸ਼ੁਰ ਨੇ ਉਨ੍ਹਾਂ ਨੂੰ ਆਪਣੀ ਚੰਗਿਆਈ ਦਰਸਾਈ।
ਉਸ ਦੇ ਚੇਲਿਆਂ ਨੇ ਪਰਮੇਸ਼ੁਰ ਦੀ ਇਸਰਾਏਲ ਦੇ ਲੋਕਾਂ ਲਈ ਵਫ਼ਾਦਾਰੀ ਨੂੰ ਯਾਦ ਕੀਤਾ।
    ਦੂਰ-ਦੁਰਾਡੇ ਦੇ ਦੇਸ਼ਾਂ ਨੇ ਸਾਡੇ ਪਰਮੇਸ਼ੁਰ ਦੀ ਰੱਖਿਆ ਕਰਨ ਦੀ ਸ਼ਕਤੀ ਦੇਖੀ।
ਹੇ ਧਰਤੀ ਉਤਲੇ ਹਰ ਵਿਅਕਤੀ ਯਹੋਵਾਹ ਲਈ ਖੁਸ਼ੀ ਦੇ ਬਰਬਤ ਗਜਾਉ।
    ਛੇਤੀ ਉਸਤਤਿ ਦੇ ਗੀਤ ਗਾਉਣੇ ਸ਼ੁਰੂ ਕਰੋ।
ਹੇ ਰਬਾਬ, ਯਹੋਵਾਹ ਦੀ ਉਸਤਤਿ ਕਰ।
    ਰਬਾਬ ਵਿੱਚੋਂ ਨਿਕਲਣ ਵਾਲੇ ਸੰਗੀਤ, ਉਸਦੀ ਉਸਤਤਿ ਕਰ।
ਨਰਸਿੰਘੇ ਅਤੇ ਵੰਝਲੀਆਂ ਵਜਾਉ,
    ਅਤੇ ਸਾਡੇ ਯਹੋਵਾਹ ਲਈ ਖੁਸ਼ੀ ਦੇ ਨਾਹਰੇ ਮਾਰੋ।
ਧਰਤੀ ਅਤੇ ਸਮੁੰਦਰ, ਅਤੇ ਉਸ ਵਿੱਚਲੇ
    ਸਭ ਕਾਸੇ ਨੂੰ ਉੱਚੀ ਆਵਾਜ਼ ਵਿੱਚ ਗਾਉਣ ਦਿਉ।
ਹੇ ਨਦੀਉ ਤਾਲੀਆਂ ਵਜਾਉ।
    ਸਾਰੇ ਪਹਾੜੋ ਇਕੱਠੇ ਹੋਕੇ ਗੀਤ ਗਾਵੋ।
ਯਹੋਵਾਹ ਦੇ ਸਾਹਮਣੇ ਗਾਵੋ,
    ਕਿਉਂਕਿ ਉਹ ਦੁਨੀਆਂ ਉੱਤੇ ਰਾਜ ਕਰਨ ਲਈ ਆ ਰਿਹਾ ਹੈ।
ਉਹ ਨਿਰਪੱਖ ਹੋਕੇ ਦੁਨੀਆਂ ਉੱਤੇ ਰਾਜ ਕਰੇਗਾ।
    ਉਹ ਚੰਗਿਆਈ ਨਾਲ ਲੋਕਾਂ ਉੱਤੇ ਰਾਜ ਕਰੇਗਾ।

ਯਸਾਯਾਹ 40

ਇਸਰਾਏਲ ਦੀ ਸਜ਼ਾ ਮੁੱਕ ਜਾਵੇਗੀ

40 ਤੁਹਾਡਾ ਪਰਮੇਸ਼ੁਰ ਆਖਦਾ ਹੈ,
    “ਹੌਸਲਾ ਦੇਵੋ, ਮੇਰੇ ਲੋਕਾਂ ਨੂੰ!
ਯਰੂਸ਼ਲਮ ਨਾਲ ਪਿਆਰ ਨਾਲ ਗੱਲ ਕਰੋ! ਯਰੂਸ਼ਲਮ ਨੂੰ ਆਖੋ,
    ‘ਤੇਰੀ ਸੇਵਾ ਦਾ ਸਮਾਂ ਮੁੱਕ ਗਿਆ ਹੈ।
    ਤੂੰ ਆਪਣੇ ਪਾਪਾਂ ਦੀ ਕੀਮਤ ਅਦਾ ਕਰ ਦਿੱਤੀ ਹੈ।’
ਯਹੋਵਾਹ ਨੇ ਯਰੂਸ਼ਲਮ ਨੂੰ ਉਸ ਦੇ ਹਰ
    ਇੱਕ ਗੁਨਾਹ ਦੀ ਸਜ਼ਾ ਦੋ ਵਾਰ ਦਿੱਤੀ ਹੈ।”

ਸੁਣੋ, ਕੋਈ ਬੰਦਾ ਸ਼ੋਰ ਮਚਾ ਰਿਹਾ ਹੈ!
“ਯਹੋਵਾਹ ਲਈ ਮਾਰੂਬਲ ਅੰਦਰ ਰਸਤਾ ਬਣਾਓ!
    ਸਾਡੇ ਪਰਮੇਸ਼ੁਰ ਲਈ ਮਾਰੂਬਲ ਦੀ ਸੜਕ ਪੱਧਰੀ ਕਰ ਦਿਓ!
ਹਰ ਵਾਦੀ ਨੂੰ ਭਰ ਦਿਓ।
    ਹਰ ਪਰਬਤ ਪਹਾੜੀ ਨੂੰ ਪੱਧਰ ਕਰ ਦਿਓ।
ਟੇਢਿਆਂ ਰਾਹਾਂ ਨੂੰ ਸਿੱਧਾ ਕਰੋ।
    ਖੁਦਦਰੀ ਥਾਂ ਨੂੰ ਪੱਧਰਾ ਕਰੋ।
ਫ਼ੇਰ, ਸਾਡੇ ਯਹੋਵਾਹ ਦਾ ਪਰਤਾਪ ਪ੍ਰਗਟ ਹੋਵੇਗਾ।
    ਤੇ ਸਾਰੇ ਲੋਕ ਇਕੱਠੇ ਹੀ ਯਹੋਵਾਹ ਦੇ ਪਰਤਾਪ ਨੂੰ ਦੇਖਣਗੇ।
ਹਾਂ, ਯਹੋਵਾਹ ਨੇ ਖੁਦ ਇਹ ਗੱਲਾਂ ਆਖੀਆਂ ਨੇ।”

ਇੱਕ ਆਵਾਜ਼ ਨੇ ਆਖਿਆ, “ਬੋਲੋ!”
    ਇਸ ਲਈ ਇੱਕ ਬੰਦੇ ਨੇ ਪੁੱਛਿਆ, “ਮੈਂ ਕੀ ਆਖਾਂ?”
ਆਵਾਜ਼ ਨੇ ਜਵਾਬ ਦਿੱਤਾ, “ਲੋਕ ਸਦਾ ਲਈ ਨਹੀਂ ਰਹਿੰਦੇ ਉਹ ਸਾਰੇ ਹੀ ਘਾਹ ਫ਼ੂਸ ਵਰਗੇ ਹਨ।
    ਅਤੇ ਉਨ੍ਹਾਂ ਦੀ ਚੰਗਿਆਈ ਜੰਗਲੀ ਫ਼ੁੱਲ ਵਰਗੀ ਹੈ।
ਯਹੋਵਾਹ ਵੱਲੋਂ ਤਾਕਤਵਰ ਹਵਾ, ਘਾਹ ਉੱਤੇ ਵਗਦੀ ਹੈ,
    ਅਤੇ ਘਾਹ ਮਰ ਜਾਂਦਾ ਹੈ ਅਤੇ ਜੰਗਲੀ ਫ਼ੁੱਲ ਡਿੱਗ ਪੈਂਦਾ ਹੈ।
    ਹਾਂ, ਸਭ ਲੋਕ ਘਾਹ ਵਰਗੇ ਨੇ।
ਜੰਗਲੀ ਘਾਹ ਮਰ ਜਾਂਦਾ ਤੇ ਜੰਗਲੀ ਫ਼ੁੱਲ ਡਿੱਗ ਪੈਂਦੇ ਨੇ।
    ਪਰ ਸਾਡੇ ਪਰਮੇਸ਼ੁਰ ਦਾ ਸ਼ਬਦ ਸਦਾ-ਸਦਾ ਲਈ ਰਹਿੰਦਾ ਹੈ।”

ਮੁਕਤੀ: ਪਰਮੇਸ਼ੁਰ ਦਾ ਸ਼ੁਭ ਸੰਦੇਸ਼

ਸੀਯੋਨ, ਤੇਰੇ ਕੋਲ ਦੱਸਣ ਲਈ, ਸ਼ੁਭ ਸਮਾਚਾਰ ਹੈ।
    ਉੱਚੇ ਪਰਬਤ ਉੱਤੇ ਜਾਓ ਅਤੇ ਉੱਚੀ ਸ਼ੁਭ ਸਮਾਚਾਰ ਸੁਣਾਓ!
ਯਰੂਸ਼ਲਮ, ਤੇਰੇ ਕੋਲ ਦੱਸਣ ਲਈ, ਸ਼ੁਭ ਸਮਾਚਾਰ ਹੈ।
    ਡਰੋ ਨਹੀਂ, ਉੱਚੀ ਬੋਲੋ!
ਇਹ ਖਬਰ ਯਹੂਦਾਹ ਦੇ ਸਾਰੇ ਸ਼ਹਿਰਾਂ ਨੂੰ ਦੱਸੋ:
    “ਦੇਖੋ, ਤੁਹਾਡਾ ਪਰਮੇਸ਼ੁਰ ਇੱਥੇ ਹੈ!”
10 ਮੇਰਾ ਪ੍ਰਭੂ, ਯਹੋਵਾਹ ਸ਼ਕਤੀ ਨਾਲ ਆ ਰਿਹਾ ਹੈ।
    ਉਹ ਆਪਣੀ ਸ਼ਕਤੀ ਨੂੰ ਸਮੂਹ ਲੋਕਾਂ ਤੇ ਹਕੂਮਤ ਕਰਨ ਲਈ ਵਰਤੇਗਾ।
ਉਹ ਆਪਣੇ ਲੋਕਾਂ ਲਈ ਇਨਾਮ ਲਿਆਵੇਗਾ
    ਅਤੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਚੰਗੀਆਂ ਕਰਨੀਆਂ ਲਈ ਇਨਾਮ ਦੇਵੇਗਾ।
11 ਯਹੋਵਾਹ ਆਪਣੇ ਲੋਕਾਂ ਦੀ ਅਗਵਾਈ ਕਰੇਗਾ ਜਿਵੇਂ ਅਯਾਲੀ ਆਪਣੀਆਂ ਭੇਡਾਂ ਦੀ ਅਗਵਾਈ ਕਰਦਾ ਹੈ।
    ਯਹੋਵਾਹ ਆਪਣੇ ਬਾਜ਼ੂ ਦੀ ਵਰਤੋਂ ਕਰੇਗਾ ਤੇ ਆਪਣੀਆਂ ਭੇਡਾਂ ਇਕੱਠੀਆਂ ਕਰੇਗਾ।
ਯਹੋਵਾਹ ਲੇਲਿਆਂ ਨੂੰ ਚੁੱਕ ਲਵੇਗਾ ਅਤੇ ਉਨ੍ਹਾਂ ਨੂੰ ਆਪਣੀਆਂ ਬਾਹਾਂ ਵਿੱਚ ਫ਼ੜੀ ਰੱਖੇਗਾ।
    ਉਨ੍ਹਾਂ ਦੀਆਂ ਮਾਵਾਂ ਉਸ ਦੇ ਨਾਲ-ਨਾਲ ਤੁਰਨਗੀਆਂ।

ਪਰਮੇਸ਼ੁਰ ਨੇ ਦੁਨੀਆਂ ਸਾਜੀ, ਓਹੀ ਇਸਤੇ ਹਕੂਮਤ ਕਰਦਾ ਹੈ

12 ਕਿਸਨੇ ਆਪਣੇ ਹੱਥ ਦੀ ਹਬੇਲੀ ਨਾਲ ਸਮੁੰਦਰ ਨੂੰ ਮਾਪਿਆ?
    ਕਿਸਨੇ ਅਕਾਸ਼ ਨੂੰ ਮਾਪਣ ਲਈ ਆਪਣੇ ਹੱਥ ਦਾ ਇਸਤੇਮਾਲ ਕੀਤਾ?
ਕਿਸਨੇ ਖਾਲਸਾਰੀ ਧਰਤੀ ਨੂੰ ਮਾਪਣ ਲਈ ਪਿਆਲੇ ਨੂੰ ਵਰਤਿਆ?
    ਕਿਸਨੇ ਪਰਬਤ ਅਤੇ ਪਹਾੜੀ ਨੂੰ ਤੋਂਲਣ ਲਈ ਤੱਕੜੀ ਨੂੰ ਵਰਤਿਆ?
    ਇਹ ਯਹੋਵਾਹ ਹੀ ਸੀ!
13 ਕਿਸੇ ਨੇ ਯਹੋਵਾਹ ਦੇ ਆਤਮੇ ਨੂੰ ਨਹੀਂ ਦੱਸਿਆ ਕਿ ਉੱਸਨੂੰ ਕੀ ਕਰਨਾ ਚਾਹੀਦਾ ਹੈ।
    ਕਿਸੇ ਨੇ ਯਹੋਵਾਹ ਨੂੰ ਨਹੀਂ ਦੱਸਿਆ ਕਿਵੇਂ ਉਹ ਗੱਲਾਂ ਕਰਨੀਆਂ ਹਨ ਜਿਹੜੀਆਂ ਓਸਨੇ ਕੀਤੀਆਂ।
14 ਕੀ ਯਹੋਵਾਹ ਨੇ ਕਿਸੇ ਕੋਲੋਂ ਸਹਾਇਤਾ ਮੰਗੀ?
    ਕੀ ਕਿਸੇ ਨੇ ਯਹੋਵਾਹ ਨੂੰ ਸਿੱਖਾਇਆ ਸੀ ਕਿ ਕਿਵੇਂ ਨਿਰਪੱਖ ਹੋਣਾ ਹੈ?
ਕੀ ਕਿਸਨੇ ਯਹੋਵਾਹ ਨੂੰ ਗਿਆਨ ਸਿੱਖਾਇਆ ਸੀ?
    ਕੀ ਕਿਸਨੇ ਯਹੋਵਾਹ ਨੂੰ ਸਿਆਣਾ ਬਣਨਾ ਸਿੱਖਾਇਆ ਸੀ?
ਨਹੀਂ! ਯਹੋਵਾਹ ਪਹਿਲਾਂ ਹੀ ਇਹ ਗੱਲਾਂ ਜਾਣਦਾ ਸੀ।
15 ਦੇਖੋ, ਦੁਨੀਆਂ ਦੀਆਂ ਸਾਰੀਆਂ ਕੌਮਾਂ ਪਾਣੀ ਦੀ ਬਾਲਟੀ ਅੰਦਰ ਇੱਕ ਕਤਰੇ ਵਰਗੀਆਂ ਨੇ।
    ਜੇ ਕਿਧਰੇ ਯਹੋਵਾਹ ਸਾਰੀਆਂ ਦੂਰ ਦੁਰਾਡੀਆਂ ਕੌਮਾਂ ਨੂੰ ਤੱਕੜੀ ਦੇ ਪਲੜਿਆਂ ਅੰਦਰ ਰੱਖ ਦੇਵੇ,
    ਤਾਂ ਉਹ ਮਿੱਟੀ ਦੇ ਕਿਣਕਿਆਂ ਵਰਗੀਆਂ ਹੋਵਣਗੀਆਂ।
16 ਲਬਾਨੋਨ ਦੇ ਸਾਰੇ ਰੁੱਖ
    ਯਹੋਵਾਹ ਵਾਸਤੇ ਸੜਨ ਲਈ ਕਾਫ਼ੀ ਨਹੀਂ ਹਨ।
ਅਤੇ ਲਬਾਨੋਨ ਦੇ ਸਾਰੇ ਜਾਨਵਰ
    ਕੁਰਬਾਨੀ ਲਈ ਕਾਫ਼ੀ ਨਹੀਂ ਹਨ।
17 ਪਰਮੇਸ਼ੁਰ ਦੇ ਮੁਕਾਬਲੇ ਵਿੱਚ ਦੁਨੀਆਂ ਦੀਆਂ ਸਾਰੀਆਂ ਕੌਮਾਂ ਕੁਝ ਵੀ ਨਹੀਂ ਹਨ।
    ਪਰਮੇਸ਼ੁਰ ਦੇ ਮੁਕਾਬਲੇ ਵਿੱਚ ਸਾਰੀਆਂ ਕੌਮਾਂ ਕਿਸੇ ਵੀ ਮੁੱਲ ਦੀਆਂ ਨਹੀਂ ਹਨ।

ਲੋਕ ਕਲਪਨਾ ਨਹੀਂ ਕਰ ਸੱਕਦੇ ਕਿ ਪਰਮੇਸ਼ੁਰ ਕਿਹੋ ਜਿਹਾ ਹੈ

18 ਕੀ ਤੁਸੀਂ ਪਰਮੇਸ਼ੁਰ ਦੀ ਕਿਸੇ ਚੀਜ਼ ਨਾਲ ਤੁਲਨਾ ਕਰ ਸੱਕਦੇ ਹੋ?
    ਨਹੀਂ! ਕੀ ਤੁਸੀਂ ਪਰਮੇਸ਼ੁਰ ਦੀ ਤਸਵੀਰ ਬਣਾ ਸੱਕਦੇ ਹੋ? ਨਹੀਂ!
19 ਪਰ ਕੁਝ ਲੋਕ ਲੱਕੜ ਜਾਂ ਪੱਥਰ ਦੀਆਂ ਮੂਰਤੀਆਂ ਬਣਾਉਂਦੇ ਨੇ ਤੇ ਉਨ੍ਹਾਂ ਨੂੰ ਦੇਵਤੇ ਆਖਦੇ ਨੇ।
    ਇੱਕ ਕਾਮਾ ਮੂਰਤੀ ਬਣਾਉਂਦਾ ਹੈ।
ਫ਼ੇਰ ਦੂਸਰਾ ਕਾਮਾ ਇਸ ਨੂੰ ਸੋਨੇ ਨਾਲ ਢੱਕ ਦਿੰਦਾ ਹੈ
    ਤੇ ਇਸ ਲਈ ਚਾਂਦੀ ਦੀਆਂ ਜ਼ੰਜ਼ੀਰਾਂ ਬਣਾਉਂਦਾ ਹੈ।
20 ਤੇ ਇਸਦੀ ਬੁਨਿਆਦ ਲਈ, ਉਹ ਖਾਸ ਕਿਸਮ ਦੀ ਲੱਕੜ ਚੁਣਦਾ ਹੈ,
    ਉਸ ਕਿਸਮ ਦੀ ਜਿਹੜੀ ਗਲਦੀ ਨਹੀਂ।
ਫ਼ੇਰ ਉਹ ਕਿਸੇ ਲੱਕੜੀ ਦੇ ਕਾਰੀਗਰ ਨੂੰ ਲੱਭਦਾ ਹੈ
    ਅਤੇ ਉਹ ਕਾਮਾ ਇੱਕ “ਦੇਵਤਾ” ਬਣਾਉਂਦਾ ਹੈ ਜਿਹੜਾ ਡਿੱਗਦਾ ਨਹੀਂ।
21 ਤੁਸੀਂ ਅਵੱਸ਼ ਹੀ ਸੱਚ ਨੂੰ ਜਾਣਦੇ ਹੋ, ਕੀ ਨਹੀਂ?
    ਤੁਸੀਂ ਅਵੱਸ਼ ਹੀ ਸੁਣਿਆ ਹੋਵੇਗਾ!
    ਅਵੱਸ਼ ਹੀ ਬਹੁਤ ਪਹਿਲਾਂ ਕਿਸੇ ਨੇ ਤੁਹਾਨੂੰ ਦੱਸਿਆ ਹੋਵੇਗਾ!
    ਤੁਸੀਂ ਅਵੱਸ਼ ਹੀ ਜਾਣਦੇ ਹੋ ਕਿ ਕਿਸਨੇ ਦੁਨੀਆਂ ਨੂੰ ਸਾਜਿਆ!
22 ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ! ਉਹ ਧਰਤੀ ਦੇ ਉੱਪਰ ਬੈਠਾ ਹੈ
    ਤੇ ਉਸਦੀ ਤੁਲਨਾ ਵਿੱਚ ਲੋਕ ਹਨ ਟਿੱਡੀਦਲ ਵਰਗੇ ਹਨ।
ਉਸ ਨੇ ਅਕਾਸ਼ਾਂ ਨੂੰ ਕੱਪੜੇ ਦੇ ਬਾਨ ਵਾਂਗ ਖੋਲ੍ਹ ਦਿੱਤਾ।
    ਉਸ ਨੇ ਅਕਾਸ਼ਾਂ ਨੂੰ ਤੰਬੂ ਵਾਂਗ ਬੈਠਣ ਲਈ ਉਸ ਦੇ ਹੇਠਾਂ ਫ਼ੈਲਾ ਦਿੱਤਾ।
23 ਉਹ ਹਾਕਮ ਨੂੰ ਮਹੱਤਵਹੀਣ ਬਣਾਉਂਦਾ ਹੈ।
    ਉਹ ਇਸ ਦੁਨੀਆਂ ਦੇ ਨਿਆਂ ਪਾਲਕਾਂ ਨੂੰ ਪੂਰੀ ਤਰ੍ਹਾਂ ਨਿਕਂਮਾ ਬਣਾ ਦਿੰਦਾ ਹੈ।
24 ਉਹ ਹਾਕਮ ਪੌਦਿਆਂ ਵਰਗੇ ਹਨ, ਉਹ ਧਰਤੀ ਉੱਤੇ ਬੀਜੇ ਹੁੰਦੇ ਹਨ
    ਪਰ ਇਸਤੋਂ ਪਹਿਲਾਂ ਕਿ ਉਹ ਜਢ਼ਾਂ ਆਪਣੀਆਂ ਧਰਤੀ ਅੰਦਰ ਲਾ ਦੇਣ,
ਪਰਮੇਸ਼ੁਰ ਉਨ੍ਹਾਂ “ਪੌਦਿਆਂ” ਉੱਤੇ ਵਗਦਾ ਹੈ
    ਤੇ ਉਹ ਮੁਰਦਾ ਅਤੇ ਖੁਸ਼ਕ ਹੋ ਜਾਂਦੇ ਨੇ,
    ਤੇ ਹਵਾ ਉਨ੍ਹਾਂ ਨੂੰ ਲੈ ਜਾਂਦੀ ਹੈ ਉਡਾਕੇ, ਤਿਨਕਿਆਂ ਵਾਂਗੂ ਦੂਰ।
25 ਪਵਿੱਤਰ ਪੁਰੱਖ (ਪਰਮੇਸ਼ੁਰ) ਆਖਦੀ ਹੈ: “ਤੁਲਨਾ ਕਰ ਸੱਕਦੇ ਹੋ ਕੀ ਤੁਸੀਂ ਕਿਸੇ ਨਾਲ ਮੇਰੀ?
    ਨਹੀਂ! ਕੋਈ ਨਹੀਂ ਹੈ ਸਾਨੀ ਮੇਰਾ।”

26 ਦੇਖੋ ਅਕਾਸ਼ ਵੱਲ।
    ਕਿਸਨੇ ਸਾਜਿਆ ਉਨ੍ਹਾਂ ਸਮੂਹ ਤਾਰਿਆਂ ਨੂੰ?
ਕਿਸਨੇ ਸਾਜਿਆ ਉਨ੍ਹਾਂ ਸਮੂਹ “ਫ਼ੌਜਾਂ” ਨੂੰ ਅਕਾਸ਼ ਅੰਦਰ?
    ਕੌਣ ਜਾਣਦਾ ਹੈ ਹਰ ਤਾਰੇ ਨੂੰ ਉਸ ਦੇ ਨਾਮ ਨਾਲ?
ਸੱਚਾ ਪਰਮੇਸ਼ੁਰ ਹੈ ਬਹੁਤ ਮਜ਼ਬੂਤ ਅਤੇ ਸ਼ਕਤੀਵਾਨ।
    ਇਸ ਲਈ ਕੋਈ ਵੀ ਤਾਰਾ ਇਨ੍ਹਾਂ ਵਿੱਚ ਨਹੀਂ ਗੁੰਮ ਹੁੰਦਾ।

27 ਯਾਕੂਬ ਦੇ ਲੋਕੋ, ਸੱਚ ਹੈ ਇਹ!
    ਇਸਰਾਏਲ, ਤੈਨੂੰ ਵਿਸ਼ਵਾਸ ਕਰਨਾ ਚਾਹੀਦਾ ਹੈ ਇਸ ਉੱਤੇ!
ਇਸ ਲਈ ਕਿਉਂ ਹੋ ਤੁਸੀਂ ਆਖਦੇ: “ਦੇਖ ਨਹੀਂ ਸੱਕਦਾ ਯਹੋਵਾਹ ਜਿਵੇਂ ਜਿਉਂਦਾ ਹਾਂ ਮੈਂ।
    ਲੱਭ ਨਹੀਂ ਸੱਕੇਗਾ ਪਰਮੇਸ਼ੁਰ ਮੈਨੂੰ ਅਤੇ ਸਜ਼ਾ ਨਹੀਂ ਦੇ ਸੱਕੇਗਾ।”

28 ਅਵੱਸ਼ ਹੀ ਸੁਣਿਆ ਹੋਵੇਗਾ ਤੁਸੀਂ ਤੇ ਜਾਣਦੇ ਹੋਵੋਗੇ
    ਕਿ ਯਹੋਵਾਹ ਪਰਮੇਸ਼ੁਰ ਹੈ ਬਹੁਤ ਸਿਆਣਾ।
ਜਾਣ ਨਹੀਂ ਸੱਕਦੇ ਲੋਕ ਉਸ ਸਭ ਕੁਝ ਨੂੰ ਜੋ ਹੈ ਜਾਣਦਾ ਉਹ।
    ਬਕੱਦਾ ਨਹੀਂ ਯਹੋਵਾਹ ਅਤੇ ਲੋੜਦਾ ਨਹੀਂ ਆਰਾਮ ਨੂੰ।
ਬਣਾਈਆਂ ਯਹੋਵਾਹ ਨੇ ਸਮੂਹ ਦੂਰ ਦੁਰਾਡੀਆਂ ਥਾਵਾਂ ਧਰਤੀ ਦੀਆਂ।
    ਰਹਿੰਦਾ ਹੈ ਯਹੋਵਾਹ ਸਦਾ-ਸਦਾ ਲਈ।
29 ਸਹਾਇਤਾ ਕਰਦਾ ਹੈ ਯਹੋਵਾਹ ਕਮਜ਼ੋਰ ਲੋਕਾਂ ਦੀ ਮਜ਼ਬੂਤ ਹੋਣ ਵਿੱਚ।
    ਬਣਾਉਂਦਾ ਹੈ ਉਹ ਸ਼ਕਤੀਹੀਣਾਂ ਨੂੰ ਸ਼ਕਤੀਸ਼ਾਲੀ।
30 ਨੌਜਵਾਨ ਬੰਦੇ ਬਕੱ ਜਾਂਦੇ ਹਨ ਤੇ ਉਨ੍ਹਾਂ ਲੋੜ ਪੈਂਦੀ ਹੈ ਆਰਾਮ ਦੀ।
    ਨੌਜਵਾਨ ਠੋਕਰਾਂ ਵੀ ਖਾਂਦੇ ਨੇ ਤੇ ਡਿੱਗ ਵੀ ਪੈਂਦੇ ਨੇ।
31 ਪਰ ਉਹ ਲੋਕ ਜਿਹੜੇ ਯਹੋਵਾਹ ਤੇ ਭਰੋਸ਼ਾ
    ਰੱਖਦੇ ਹਨ ਫਿਰ ਤੋਂ ਮਜ਼ਬੂਤ ਹੋ ਜਾਂਦੇ ਨੇ
ਅਤੇ ਬਾਜ ਵਾਂਗ ਉੱਚਾ ਉੱਡਦੇ ਨੇ ਉਹ ਬਿਨਾਂ ਕਮਜ਼ੋਰ ਹੋਇਆਂ ਦੌੜਦੇ ਨੇ
    ਅਤੇ ਬਿਨਾ ਬਕਿਆਂ ਤ੍ਤੁਰਦੇ ਹਨ

ਪਰਕਾਸ਼ ਦੀ ਪੋਥੀ 10

ਦੂਤ ਅਤੇ ਛੋਟੀ ਸੂਚੀ

10 ਫ਼ੇਰ ਮੈ ਇੱਕ ਹੋਰ ਸ਼ਕਤੀਸ਼ਾਲੀ ਦੂਤ ਨੂੰ ਸਵਰਗ ਵਿੱਚੋਂ ਹੇਠਾ ਆਉਂਦਿਆਂ ਦੇਖਿਆ। ਦੂਤ ਨੇ ਬੱਦਲਾਂ ਦਾ ਲਿਬਾਸ ਪਹਿਨਿਆ ਹੋਇਆ ਸੀ। ਉਸ ਦੇ ਸਿਰ ਦੁਆਲੇ ਸੱਤਰੰਗੀ ਪੀਂਘ ਸੀ। ਦੂਤ ਦਾ ਚਿਹਰਾ ਸੂਰਜ ਵਰਗਾ ਸੀ, ਅਤੇ ਉਸਦੀਆਂ ਲੱਤਾਂ ਅੱਗ ਦੇ ਥੰਮਾਂ ਵਰਗੀਆਂ ਸਨ। ਦੂਤ ਨੇ ਇੱਕ ਛੋਟੀ ਸੂਚੀ ਫ਼ੜੀ ਹੋਈ ਸੀ। ਸੂਚੀ ਉਸ ਦੇ ਹੱਥਾਂ ਵਿੱਚ ਖੁੱਲ੍ਹੀ ਹੋਈ ਸੀ। ਦੂਤ ਨੇ ਆਪਣਾ ਸੱਜਾ ਪੈਰ ਸਮੁੰਦਰ ਉੱਤੇ ਰੱਖਿਆ ਅਤੇ ਖੱਬਾ ਪੈਰ ਧਰਤੀ ਉੱਤੇ। ਦੂਤ ਨੇ ਗੱਜਦੇ ਸ਼ੇਰ ਵਾਂਗ ਰੌਲਾ ਪਾਇਆ। ਉਸ ਦੇ ਰੌਲਾ ਪਾਉਣ ਤੋਂ ਬਾਅਦ, ਸੱਤਾਂ ਗਰਜਾਂ ਦੀਆਂ ਅਵਾਜ਼ਾਂ ਬੋਲੀਆਂ।

ਸੱਤ ਗਰਜਾਂ ਬੋਲੀਆਂ, ਅਤੇ ਮੈ ਲਿਖਣ ਲਈ ਤਿਆਰ ਹੋਇਆ। ਫ਼ੇਰ ਮੈਂ ਸਵਰਗ ਤੋਂ ਇੱਕ ਅਵਾਜ਼ ਨੂੰ ਇਹ ਆਖਦਿਆਂ ਸੁਣਿਆ, “ਉਹ ਗੱਲਾਂ ਨਾ ਲਿਖ ਜੋ ਸੱਤ ਗਰਜਾਂ ਬੋਲੀਆਂ, ਇਸ ਨੂੰ ਗੁਪਤ ਰੱਖ।”

ਫ਼ੇਰ ਉਸ ਦੂਤ ਨੇ, ਜਿਸ ਨੂੰ ਮੈਂ ਸਮੁੰਦਰ ਅਤੇ ਧਰਤੀ ਉੱਤੇ ਖਲੋਤਾ ਦੇਖਿਆ ਸੀ, ਆਪਣਾ ਸੱਜਾ ਹੱਥ ਸਵਰਗ ਵੱਲ ਚੁੱਕਿਆ। ਦੂਤ ਨੇ ਉਸ ਇੱਕ ਦੇ ਨਾਂ ਦੀ ਸੌਂਹ ਖਾਧੀ ਜਿਹੜਾ ਹਮੇਸ਼ਾ ਅਤੇ ਹਮੇਸ਼ਾ ਰਹਿੰਦਾ ਹੈ, ਜਿਸਨੇ ਅਕਾਸ਼ ਅਤੇ ਉਸ ਵਿੱਚਲਾ ਸਭ ਕੁਝ, ਧਰਤੀ ਅਤੇ ਇਸ ਵਿੱਚਲਾ ਸਭ ਕੁਝ, ਸਮੁੰਦਰ ਅਤੇ ਇਸ ਵਿੱਚਲਾ ਸਭ ਕੁਝ ਸਾਜਿਆ ਹੈ। ਦੂਤ ਨੇ ਆਖਿਆ, “ਹੁਣ ਇੱਥੇ ਹੋਰ ਢਿੱਲ ਨਹੀਂ ਹੋਵੇਗੀ। ਪਰ ਉਨ੍ਹਾਂ ਦਿਨਾਂ ਵਿੱਚ, ਜਦੋਂ ਸੱਤਵਾਂ ਦੂਤ ਆਪਣੀ ਤੁਰ੍ਹੀ ਵਜਾਵੇਗਾ, ਪਰਮੇਸ਼ੁਰ ਦੀ ਗੁਪਤ ਯੋਜਨਾ ਪੂਰੀ ਹੋ ਜਾਵੇਗੀ। ਇਹ ਯੋਜਨਾ ਉਹ ਖੁਸ਼ਖਬਰੀ ਹੈ ਜੋ ਪਰਮੇਸ਼ੁਰ ਨੇ ਆਪਣੇ ਸੇਵਕਾਂ, ਨਬੀਆਂ ਨੂੰ ਆਖੀ ਸੀ।”

ਫ਼ੇਰ ਮੈਂ ਸਵਰਗ ਵਿੱਚੋਂ ਫ਼ਿਰ ਤੋਂ ਮੇਰੇ ਨਾਲ ਗੱਲ ਕਰਦੀ ਉਹੀ ਅਵਾਜ਼ ਸੁਣੀ। ਅਵਾਜ਼ ਨੇ ਮੈਨੂੰ ਆਖਿਆ, “ਜਾ ਅਤੇ ਦੂਤ ਦੇ ਹੱਥਾਂ ਵਿੱਚਲੀ ਖੁਲ੍ਹੀ ਸੂਚੀ ਨੂੰ ਲੈ। ਇਹ ਦੂਤ ਉਹੀ ਹੈ ਜਿਹੜਾ ਸਮੁੰਦਰ ਅਤੇ ਧਰਤੀ ਵਿੱਚ ਖਲੋਤਾ ਸੀ।”

ਇਸ ਲਈ ਮੈਂ ਦੂਤ ਕੋਲ ਗਿਆ ਅਤੇ ਉਸ ਨੂੰ ਆਖਿਆ ਕਿ ਛੋਟੀ ਸੂਚੀ ਮੈਨੂੰ ਦੇ ਦੇਵੋ। ਦੂਤ ਨੇ ਮੈਨੂੰ ਆਖਿਆ, “ਸੂਚੀ ਨੂੰ ਲੈ ਅਤੇ ਇਸ ਨੂੰ ਖਾ ਜਾ। ਇਹ ਤੇਰੇ ਢਿੱਡ ਨੂੰ ਖੱਟਾ ਕਰ ਦੇਵੇਗੀ, ਪਰ ਇਹ ਤੇਰੇ ਮੂੰਹ ਵਿੱਚ ਸ਼ਹਿਤ ਜਿੰਨੀ ਮਿੱਠੀ ਹੋਵੇਗੀ।” 10 ਇਸ ਲਈ ਮੈਂ ਦੂਤ ਦੇ ਹੱਥੋਂ ਛੋਟੀ ਸੂਚੀ ਲੈ ਲਈ। ਅਸਲ ਵਿੱਚ, ਇਸਦਾ ਮੇਰੇ ਮੂੰਹ ਵਿੱਚ ਸ਼ਹਿਤ ਜਿਹਾ ਮਿੱਠਾ ਸੁਆਦ ਆਇਆ, ਪਰ ਇਸ ਨੂੰ ਖਾਣ ਤੋਂ ਬਾਅਦ, ਇਸਨੇ ਮੇਰੇ ਢਿੱਡ ਨੂੰ ਖੱਟਿਆਂ ਕਰ ਦਿੱਤਾ। 11 ਫ਼ੇਰ ਮੈਨੂੰ ਕਿਹਾ ਗਿਆ, “ਤੈਨੂੰ ਫ਼ੇਰ ਤੋਂ ਲੋਕਾਂ, ਕੌਮਾਂ, ਭਾਸ਼ਾਵਾਂ ਅਤੇ ਰਾਜਿਆਂ ਬਾਰੇ ਅਗੰਮ ਵਾਕ ਕਰਨੇ ਪੈਣਗੇ।”

Punjabi Bible: Easy-to-Read Version (ERV-PA)

2010 by World Bible Translation Center