M’Cheyne Bible Reading Plan
24 “ਹੋ ਸੱਕਦਾ ਹੈ ਕੋਈ ਬੰਦਾ ਕਿਸੇ ਔਰਤ ਨਾਲ ਸ਼ਾਦੀ ਕਰੇ ਅਤੇ ਬਾਦ ਵਿੱਚ ਉਸ ਨੂੰ ਉਸ ਦੇ ਬਾਰੇ ਕਿਸੇ ਅਜਿਹੀ ਗੁਪਤ ਗੱਲ ਦਾ ਪਤਾ ਲੱਗੇ ਜਿਸ ਨੂੰ ਉਹ ਪਸੰਦ ਨਹੀਂ ਕਰਦਾ। ਜੇ ਉਹ ਬੰਦਾ ਉਸ ਨਾਲ ਪ੍ਰਸੰਨ ਨਹੀਂ ਹੈ ਤਾਂ ਉਸ ਨੂੰ ਤਲਾਕ ਦੇ ਕਾਗਜ਼ ਤਿਆਰ ਕਰਕੇ ਉਸ ਨੂੰ ਦੇਣੇ ਚਾਹੀਦੇ ਹਨ। ਫ਼ੇਰ ਉਸ ਨੂੰ ਆਪਣੇ ਘਰ ਤੋਂ ਬਾਹਰ ਭੇਜ ਦੇਣਾ ਚਾਹੀਦਾ ਹੈ। 2 ਜਦੋਂ ਉਹ ਉਸਦਾ ਘਰ ਛੱਡ ਜਾਵੇ, ਉਹ ਜਾਕੇ ਕਿਸੇ ਹੋਰ ਆਦਮੀ ਦੀ ਪਤਨੀ ਬਣ ਸੱਕਦੀ ਹੈ। 3 ਪਰ ਫ਼ਰਜ਼ ਕਰੋ, ਅਗਲਾ ਪਤੀ ਵੀ ਉਸ ਨੂੰ ਪਸੰਦ ਨਹੀਂ ਕਰਦਾ, ਉਸ ਨੂੰ ਤਲਾਕ ਦੇ ਕਾਗਜ਼ਾਤ ਤਿਆਰ ਕਰਕੇ ਉਸ ਨੂੰ ਦੇ ਦੇਣੇ ਚਾਹੀਦੇ ਹਨ। ਫ਼ੇਰ ਬੰਦੇ ਨੂੰ ਉਸ ਨੂੰ ਆਪਣੇ ਘਰੋਂ ਬਾਹਰ ਭੇਜ ਦੇਣਾ ਚਾਹੀਦਾ ਹੈ। 4 ਜੇ ਉਹ ਆਦਮੀ ਉਸ ਨੂੰ ਤਲਾਕ ਦੇ ਦਿੰਦਾ, ਤਾਂ ਹੋ ਸੱਕਦਾ ਹੈ ਕਿ ਉਸਦਾ ਪਹਿਲਾ ਪਤੀ ਉਸ ਨੂੰ ਫ਼ਿਰ ਤੋਂ ਆਪਣੀ ਪਤਨੀ ਵਜੋਂ ਸਵੀਕਾਰ ਨਾ ਕਰੇ। ਜਾਂ ਜੇ ਨਵਾਂ ਪਤੀ ਮਰ ਜਾਵੇ, ਤਾਂ ਹੋ ਸੱਕਦਾ ਹੈ ਕਿ ਪਹਿਲਾ ਪਤੀ ਉਸ ਨੂੰ ਦੋਬਾਰਾ ਆਪਣੀ ਪਤਨੀ ਵਜੋਂ ਸਵੀਕਾਰ ਨਾ ਕਰੇ। ਉਹ ਪਲੀਤ ਹੋ ਚੁੱਕੀ ਹੈ, ਅਤੇ ਜੇ ਉਸ ਨੇ ਉਸ ਨਾਲ ਫ਼ੇਰ ਵਿਆਹ ਕੀਤਾ, ਉਹ ਕੁਝ ਅਜਿਹਾ ਕਰ ਰਿਹਾ ਹੋਵੇਗਾ ਜਿਸ ਨੂੰ ਯਹੋਵਾਹ ਨਫ਼ਰਤ ਕਰਦਾ ਹੈ। ਤੁਹਾਨੂੰ ਉਸ ਧਰਤੀ ਨੂੰ ਪਾਪ ਦੀ ਦੋਸ਼ੀ ਨਹੀਂ ਬਨਾਉਣਾ ਚਾਹੀਦਾ, ਜਿਹੜੀ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੇ ਰਿਹਾ ਹੈ।
5 “ਜਦੋਂ ਕਿਸੇ ਬੰਦੇ ਨੇ ਨਵਾਂ-ਨਵਾਂ ਵਿਆਹ ਕਰਵਾਇਆ ਹੋਵੇ ਤਾਂ ਉਸ ਨੂੰ ਫ਼ੌਜ ਵਿੱਚ ਨਹੀਂ ਭੇਜਣਾ ਚਾਹੀਦਾ। ਉਸ ਨੂੰ ਕੋਈ ਹੋਰ ਖਾਸ ਕੰਮ ਨਹੀਂ ਦੇਣਾ ਚਾਹੀਦਾ। ਇੱਕ ਸਾਲ ਤੱਕ ਉਸ ਨੂੰ ਆਜ਼ਾਦੀ ਨਾਲ ਘਰ ਰਹਿਣ ਦੇਣਾ ਚਾਹੀਦਾ ਹੈ ਅਤੇ ਨਵੀਂ ਵਿਆਹੀ ਪਤਨੀ ਨੂੰ ਪ੍ਰਸੰਨ ਕਰਨ ਦੇਣਾ ਚਾਹੀਦਾ ਹੈ।
6 “ਜਦੋਂ ਤੁਸੀਂ ਕਿਸੇ ਬੰਦੇ ਨੂੰ ਕਰਜ਼ਾ ਦਿਉ, ਤਾਂ ਤੁਹਾਨੂੰ ਉਸਦੀ ਆਟੇ ਦੀ ਚੱਕੀ ਦੇ ਕਿਸੇ ਹਿੱਸੇ ਨੂੰ ਜ਼ਮਾਨਤ ਵਜੋਂ ਨਹੀਂ ਰੱਖਣਾ ਚਾਹੀਦਾ। ਕਿਉਂਕਿ ਇਹ ਗੱਲ ਉਸ ਪਾਸੋਂ ਭੋਜਨ ਖੋਹਣ ਵਰਗੀ ਹੋਵੇਗੀ।
7 “ਜੇ ਕੋਈ ਬੰਦਾ ਕਿਸੇ ਦੂਸਰੇ ਇਸਰਾਏਲੀ ਨੂੰ ਅਗਵਾ ਕਰ ਲਵੇ-ਆਪਣੇ ਹੀ ਬੰਦਿਆਂ ਵਿੱਚੋਂ ਕਿਸੇ ਨੂੰ ਅਤੇ ਉਹ ਅਗਵਾਕਾਰ ਉਸ ਬੰਦੇ ਨੂੰ ਗੁਲਾਮ ਦੇ ਤੌਰ ਤੇ ਵੇਚ ਦੇਵੇ ਜੇ ਅਜਿਹਾ ਹੋਵੇ, ਤਾਂ ਉਸ ਅਗਵਾਕਾਰ ਨੂੰ ਜ਼ਰੂਰ ਮਾਰ ਦੇਣਾ ਚਾਹੀਦਾ ਹੈ। ਤੁਹਾਨੂੰ ਆਪਣੇ ਸਮੂਹ ਵਿੱਚੋਂ ਇਹ ਬਦੀ ਦੂਰ ਕਰ ਦੇਣੀ ਚਾਹੀਦੀ ਹੈ।
8 “ਜੇਕਰ ਤੁਹਾਨੂੰ ਕੋਈ ਭਿਆਨਕ ਚਮੜੀ ਦਾ ਰੋਗ ਹੈ, ਤੁਹਾਨੂੰ ਉਨ੍ਹਾਂ ਸਾਰੀਆਂ ਗੱਲਾਂ ਨੂੰ ਮੰਨਣ ਵਿੱਚ ਹੁਸ਼ਿਆਰ ਰਹਿਣਾ ਚਾਹੀਦਾ ਜਿਹੜੀਆਂ ਲੇਵੀ ਜਾਜਕ ਆਖਦੇ ਹਨ। ਉਹੀ ਕਰੋ ਜਿਸਦਾ ਮੈਂ ਉਨ੍ਹਾਂ ਨੂੰ ਹੁਕਮ ਦਿੱਤਾ ਹੈ। 9 ਚੇਤੇ ਰੱਖੋ ਕਿ ਯਹੋਵਾਹ, ਤੁਹਾਡੇ ਪਰਮੇਸ਼ੁਰ ਨੇ ਮਿਰਯਮ ਨਾਲ ਕੀ ਸਲੂਕ ਕੀਤਾ ਸੀ ਜਦੋਂ ਤੁਸੀਂ ਮਿਸਰ ਤੋਂ ਬਾਹਰ ਆਏ ਸੀ।
10 “ਜਦੋਂ ਤੁਸੀਂ ਕਿਸੇ ਬੰਦੇ ਨੂੰ ਕੁਝ ਉਧਾਰ ਦੇਵੋ, ਤੁਹਾਨੂੰ ਜ਼ਮਾਨਤ ਵਜੋਂ ਕੁਝ ਲੈਣ ਲਈ ਉਸ ਦੇ ਘਰ ਦੇ ਅੰਦਰ ਨਹੀਂ ਜਾਣਾ ਚਾਹੀਦਾ। 11 ਤੁਹਾਨੂੰ ਬਾਹਰ ਖਲੋਣਾ ਚਾਹੀਦਾ ਹੈ। ਫ਼ੇਰ ਉਹ ਬੰਦਾ ਜਿਸ ਨੂੰ ਤੁਸੀਂ ਕਰਜ਼ਾ ਦਿੱਤਾ ਹੈ ਤੁਹਾਡੇ ਲਈ ਜ਼ਮਾਨਤ ਲੈ ਕੇ ਬਾਹਰ ਆ ਜਾਵੇਗਾ। 12 ਜੇ ਉਹ ਗਰੀਬ ਆਦਮੀ ਹੈ, ਤਾਂ ਹੋ ਸੱਕਦਾ ਹੈ ਕਿ ਉਹ ਆਪਣੇ ਕੱਪੜੇ ਹੀ ਦੇ ਦੇਵੇ ਜਿਹੜੇ ਉਸ ਨੂੰ ਨਿਘ ਦਿੰਦੇ ਹਨ। ਤੁਹਾਨੂੰ ਚਾਹੀਦਾ ਹੈ ਕਿ ਉਸ ਜ਼ਮਾਨਤ ਨੂੰ ਰਾਤ ਵੇਲੇ ਨਹੀਂ ਰੱਖਣਾ। 13 ਤੁਹਾਨੂੰ ਉਹ ਜ਼ਮਾਨਤ, ਸ਼ਾਮ ਵੇਲੇ ਉਸ ਨੂੰ ਵਾਪਸ ਕਰ ਦੇਣੀ ਚਾਹੀਦੀ ਹੈ। ਫ਼ੇਰ ਉਸ ਕੋਲ ਪਹਿਨਣ ਲਈ ਕੱਪੜੇ ਹੋਣਗੇ। ਉਹ ਤੁਹਾਡਾ ਧੰਨਵਾਦ ਕਰੇਗਾ ਅਤੇ ਯਹੋਵਾਹ, ਤੁਹਾਡਾ ਪਰਮੇਸ਼ੁਰ, ਇਸ ਨੂੰ ਧਰਮੀ ਅਮਲ ਸਮਝੇਗਾ।
14 “ਤੁਹਾਨੂੰ ਕਿਸੇ ਗਰੀਬ ਅਤੇ ਲੋੜਵੰਦ ਨੌਕਰ ਨੂੰ ਉਸਦਾ ਭਾੜਾ ਦੇਣ ਤੋਂ ਇਨਕਾਰ ਨਹੀਂ ਕਰਨਾ ਚਾਹੀਦਾ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਕੋਈ ਇਸਰਾਏਲੀ ਹੈ ਜਾਂ ਤੁਹਾਡੇ ਸ਼ਹਿਰ ਵਿੱਚ ਰਹਿਣ ਵਾਲਾ ਕੋਈ ਵਿਦੇਸ਼ੀ। 15 ਉਸ ਨੂੰ ਹਰ ਰੋਜ਼ ਸੂਰਜ ਛੁਪਣ ਵੇਲੇ ਉਸਦੀ ਤਨਖਾਹ ਦਿਉ। ਕਿਉਂਕਿ ਉਹ ਗਰੀਬ ਹੈ ਅਤੇ ਉਸ ਪੈਸੇ ਉੱਤੇ ਨਿਰਭਰ ਕਰਦਾ ਹੈ। ਜੇ ਤੁਸੀਂ ਉਸ ਨੂੰ ਪੈਸੇ ਨਹੀਂ ਦਿੰਦੇ ਤਾਂ ਉਹ ਯਹੋਵਾਹ ਅੱਗੇ ਤੁਹਾਡੀ ਸ਼ਿਕਾਇਤ ਕਰੇਗਾ। ਅਤੇ ਤੁਸੀਂ ਗੁਨਾਹ ਦੇ ਭਾਗੀ ਹੋਵੋਂਗੇ।
16 “ਮਾਪਿਆਂ ਨੂੰ ਉਨ੍ਹਾਂ ਦੇ ਬੱਚਿਆਂ ਦ੍ਦੁਆਰਾ ਕੀਤੀ ਕਿਸੇ ਗਲਤੀ ਕਾਰਣ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ ਅਤੇ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਦੁਆਰਾ ਕੀਤੀ ਕਿਸੇ ਗਲਤੀ ਕਾਰਣ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ। ਕਿਸੇ ਬੰਦੇ ਨੂੰ ਸਿਰਫ਼ ਉਸਦੀ ਮੰਦੀ ਕਰਨੀ ਕਾਰਣ ਹੀ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।
17 “ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਵਿਦੇਸ਼ੀਆਂ ਅਤੇ ਯਤੀਮਾਂ ਨਾਲ ਨਿਰਪੱਖ ਸਲੂਕ ਹੋਵੇ। ਅਤੇ ਤੁਹਾਨੂੰ ਕਿਸੇ ਵਿਧਵਾ ਕੋਲੋਂ ਕਦੇ ਵੀ ਕੱਪੜਿਆਂ ਦੀ ਜ਼ਮਾਨਤ ਨਹੀਂ ਰੱਖਣੀ ਚਾਹੀਦੀ। 18 ਯਾਦ ਰੱਖੋ, ਤੁਸੀਂ ਵੀ ਮਿਸਰ ਵਿੱਚ ਗਰੀਬ ਗੁਲਾਮ ਸੀ। ਅਤੇ ਯਹੋਵਾਹ, ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਉਸ ਥਾਂ ਤੋਂ ਕੱਢ ਕੇ ਆਜ਼ਾਦ ਕੀਤਾ ਸੀ। ਇਹੀ ਕਾਰਣ ਹੈ ਕਿ ਮੈਂ ਤੁਹਾਨੂੰ ਗਰੀਬਾਂ ਨਾਲ ਇਹ ਸਲੂਕ ਕਰਨ ਲਈ ਆਖਦਾ ਹਾਂ।
19 “ਹੋ ਸੱਕਦਾ ਹੈ ਤੁਸੀਂ ਆਪਣੇ ਖੇਤ ਦੀ ਫ਼ਸਲ ਇਕੱਠੀ ਕਰ ਰਹੇ ਹੋਵੋ ਅਤੇ ਤੁਸੀਂ ਭੁੱਲ ਭੁਲੇਖੇ ਉੱਥੇ ਕੁਝ ਅਨਾਜ ਛੱਡ ਆਵੋ। ਤੁਹਾਨੂੰ ਇਸ ਨੂੰ ਲੈਣ ਲਈ ਵਾਪਸ ਨਹੀਂ ਜਾਣਾ ਚਾਹੀਦਾ। ਇਹ ਵਿਦੇਸ਼ੀਆਂ, ਯਤੀਮਾਂ ਅਤੇ ਵਿਧਵਾਵਾਂ ਲਈ ਹੋਵੇਗਾ। ਜੇ ਤੁਸੀਂ ਉਨ੍ਹਾਂ ਲਈ ਕੁਝ ਅਨਾਜ ਛੱਡ ਦਿਉਗੇ ਤਾਂ ਯਹੋਵਾਹ, ਤੁਹਾਡਾ ਪਰਮੇਸ਼ੁਰ, ਹਰ ਕੰਮ ਵਿੱਚ ਤੁਹਾਨੂੰ ਬਰਕਤ ਦੇਵੇਗਾ। 20 ਜਦੋਂ ਤੁਸੀਂ ਆਪਣੇ ਜ਼ੈਤੂਨ ਦੇ ਰੁੱਖਾਂ ਨੂੰ ਝਾੜੋ, ਤੁਹਾਨੂੰ ਟਹਿਣੀਆਂ ਦਾ ਨਿਰੀਖਣ ਕਰਨ ਲਈ ਵਾਪਸ ਨਹੀਂ ਜਾਣਾ ਚਾਹੀਦਾ। ਜਿਹੜੇ ਜ਼ੈਤੂਨ ਤੁਸੀਂ ਛੱਡ ਆਵੋਂਗੇ ਉਹ ਵਿਦੇਸ਼ੀਆਂ, ਯਤੀਮਾਂ ਅਤੇ ਵਿਧਵਾਵਾਂ ਲਈ ਹੋਵੇਗਾ। 21 ਜਦੋਂ ਤੁਸੀਂ ਆਪਣੀਆਂ ਅੰਗੂਰਾਂ ਦੀਆਂ ਵੇਲਾਂ ਤੋਂ ਅੰਗੂਰ ਇਕੱਠੇ ਕਰੋ, ਤੁਹਾਨੂੰ ਵੇਲਾਂ ਉੱਤੇ ਬਚੇ ਹੋਏ ਅੰਗੂਰ ਲੈਣ ਲਈ ਵਾਪਸ ਨਹੀਂ ਜਾਣਾ ਚਾਹੀਦਾ। ਉਹ ਅੰਗੂਰ ਵਿਦੇਸ਼ੀਆਂ, ਯਤੀਮਾਂ ਅਤੇ ਵਿਧਵਾਵਾਂ ਲਈ ਹਨ। 22 ਯਾਦ ਰੱਖੋ, ਤੁਸੀਂ ਮਿਸਰ ਵਿੱਚ ਗੁਲਾਮ ਸੀ। ਇਸੇ ਲਈ, ਮੈਂ ਤੁਹਾਨੂੰ ਗਰੀਬਾਂ ਨਾਲ ਇਹ ਸਲੂਕ ਕਰਨ ਲਈ ਆਖਦਾ ਹਾਂ।
114 ਇਸਰਾਏਲ ਨੇ ਮਿਸਰ ਛੱਡ ਦਿੱਤਾ।
ਯਾਕੂਬ ਨੇ ਉਸ ਪਰਦੇਸ ਨੂੰ ਛੱਡ ਦਿੱਤਾ।
2 ਯਹੂਦਾਹ ਪਰਮੇਸ਼ੁਰ ਦਾ ਖਾਸ ਬੰਦਾ ਬਣ ਗਿਆ।
ਇਸਰਾਏਲ ਉਸ ਦੀ ਸਲਤਨਤ ਬਣ ਗਈ।
3 ਲਾਲ ਸਾਗਰ ਨੇ ਇਸ ਨੂੰ ਦੇਖਿਆ ਅਤੇ ਉਹ ਦੌੜ ਗਿਆ।
ਯਰਦਨ ਨਦੀ ਮੁੜੀ ਅਤੇ ਨੱਸ ਪਈ।
4 ਪਰਬਤ ਭੇਡੂਆਂ ਵਾਂਗ ਨੱਚਣ ਲੱਗ ਪਏ,
ਪਹਾੜੀਆਂ ਲੇਲਿਆਂ ਵਾਂਗ ਨੱਚਣ ਲੱਗੀਆਂ।
5 ਹੇ ਲਾਲ ਸਾਗਰ, ਤੂੰ ਕਿਉਂ ਨੱਸਿਆ ਸੀ?
ਯਰਦਨ ਨਦੀਏ, ਤੂੰ ਕਿਉਂ ਮੁੜੀ ਅਤੇ ਕਿਉਂ ਨੱਸੀ ਸੀ?
6 ਪਹਾੜੋ, ਤੁਸੀਂ ਭੇਡੂਆਂ ਵਾਂਗ ਕਿਉਂ ਨੱਚੇ ਸੀ?
ਅਤੇ ਪਹਾੜੀਓ, ਤੁਸੀਂ ਲੇਲਿਆਂ ਵਾਂਗ ਕਿਉਂ ਨੱਚੀਆਂ ਸੀ?
7 ਮਾਲਕ, ਯਾਕੂਬ ਦੇ ਯਹੋਵਾਹ ਪਰਮੇਸ਼ੁਰ ਸਾਹਮਣੇ ਧਰਤੀ ਹਿੱਲ ਗਈ ਸੀ।
8 ਪਰਮੇਸ਼ੁਰ ਹੀ ਹੈ ਜਿਹੜਾ ਪਾਣੀ ਨੂੰ ਚੱਟਾਨ ਵਿੱਚੋਂ ਵਗਾਉਂਦਾ ਹੈ।
ਪਰਮੇਸ਼ੁਰ ਨੇ ਸਖਤ ਚੱਟਾਨ ਤੋਂ ਵਗਦੇ ਹੋਏ ਪਾਣੀ ਦਾ ਇੱਕ ਚਸ਼ਮਾ ਬਣਾਇਆ।
115 ਯਹੋਵਾਹ, ਸਾਨੂੰ ਕੋਈ ਇੱਜ਼ਤ ਨਹੀਂ ਮਿਲਣੀ ਚਾਹੀਦੀ।
ਇੱਜ਼ਤ ਤਾਂ ਤੁਹਾਡੀ ਮਲਕੀਅਤ ਹੈ। ਤੁਹਾਡੀ ਇੱਜ਼ਤ ਤੁਹਾਡੇ ਪਿਆਰ ਕਾਰਣ
ਅਤੇ ਇਸ ਕਾਰਣ ਹੈ ਕਿ ਅਸੀਂ ਤੁਹਾਡੇ ਉੱਤੇ ਵਿਸ਼ਵਾਸ ਕਰ ਸੱਕਦੇ ਸਾਂ।
2 ਕੌਮਾਂ ਹੈਰਾਨ ਕਿਉਂ ਹੋਣ ਕਿ ਸਾਡਾ ਪਰਮੇਸ਼ੁਰ ਕਿੱਥੇ ਹੈ।
3 ਪਰਮੇਸ਼ੁਰ ਸਵਰਗ ਵਿੱਚ ਹੈ, ਅਤੇ ਉਹ ਉਹੀ ਸਭ ਕੁਝ ਕਰਦਾ ਹੈ ਜੋ ਉਸ ਨੂੰ ਪਸੰਦ ਹੈ।
4 ਪਰਾਈਆਂ ਕੌਮਾਂ ਦੇ ਦੇਵਤੇ ਸੋਨੇ ਚਾਂਦੀ ਨਾਲ ਬਣੇ ਹੋਏ ਸਿਰਫ਼ ਬੁੱਤ ਹਨ।
ਉਹ ਇਨਸਾਨੀ ਹੱਥਾਂ ਦੁਆਰਾ ਬਣਾਏ ਗਏ ਹਨ।
5 ਉਨ੍ਹਾਂ ਬੁੱਤਾਂ ਦੇ ਮੂੰਹ ਤਾਂ ਹਨ, ਪਰ ਬੋਲ ਨਹੀਂ ਸੱਕਦੇ।
ਉਨ੍ਹਾਂ ਦੀਆਂ ਅੱਖਾਂ ਤਾਂ ਹਨ, ਪਰ ਦੇਖ ਨਹੀਂ ਸੱਕਦੀਆਂ।
6 ਉਨ੍ਹਾਂ ਦੇ ਕੰਨ ਤਾਂ ਹਨ, ਪਰ ਸੁਣ ਨਹੀਂ ਸੱਕਦੇ।
ਉਨ੍ਹਾਂ ਦੇ ਨੱਕ ਤਾਂ ਹਨ, ਪਰ ਸੁੰਘ ਨਹੀਂ ਸੱਕਦੇ।
7 ਉਨ੍ਹਾਂ ਦੇ ਹੱਥ ਤਾਂ ਹਨ, ਪਰ ਮਹਿਸੂਸ ਨਹੀਂ ਕਰ ਸੱਕਦੇ।
ਉਨ੍ਹਾਂ ਦੀਆਂ ਲੱਤਾਂ ਤਾਂ ਹਨ, ਪਰ ਚੱਲ ਨਹੀਂ ਸੱਕਦੀਆਂ ਅਤੇ ਉਨ੍ਹਾ ਦੇ ਗਲੇ ਵਿੱਚੋਂ ਕੋਈ ਆਵਾਜ਼ ਨਹੀਂ ਨਿਕਲ ਸੱਕਦੀ।
8 ਜਿਹੜੇ ਲੋਕ ਬਣਾਉਂਦੇ ਹਨ ਅਤੇ ਉਨ੍ਹਾਂ ਬੁੱਤਾਂ ਵਿੱਚ ਵਿਸ਼ਵਾਸ ਕਰਦੇ ਹਨ ਉਹ ਵੀ ਉਨ੍ਹਾਂ ਵਰਗੇ ਹੋ ਜਾਣਗੇ।
9 ਇਸਰਾਏਲ ਦੇ ਲੋਕੋ, ਯਹੋਵਾਹ ਉੱਤੇ ਵਿਸ਼ਵਾਸ ਕਰੋ।
ਯਹੋਵਾਹ ਹੀ ਉਨ੍ਹਾਂ ਦੀ ਸ਼ਕਤੀ ਅਤੇ ਢਾਲ ਹੈ।
10 ਹਾਰੂਨ ਦੇ ਪਰਿਵਾਰ, ਯਹੋਵਾਹ ਉੱਤੇ ਵਿਸ਼ਵਾਸ ਕਰ।
ਯਹੋਵਾਹ ਹੀ ਉਨ੍ਹਾਂ ਦੀ ਸ਼ਕਤੀ ਅਤੇ ਢਾਲ ਹੈ।
11 ਯਹੋਵਾਹ ਦੇ ਚੇਲਿਉ, ਯਹੋਵਾਹ ਉੱਤੇ ਵਿਸ਼ਵਾਸ ਕਰੋ।
ਯਹੋਵਾਹ ਹੀ ਉਨ੍ਹਾਂ ਦੀ ਸ਼ਕਤੀ ਅਤੇ ਢਾਲ ਹੈ।
12 ਯਹੋਵਾਹ ਅਸਾਂ ਨੂੰ ਚੇਤੇ ਕਰਦਾ ਹੈ।
ਯਹੋਵਾਹ ਅਸਾਂ ਨੂੰ ਅਸੀਸ ਦੇਵੇਗਾ।
ਯਹੋਵਾਹ ਇਸਰਾਏਲ ਨੂੰ ਅਸੀਸ ਦੇਵੇਗਾ।
ਯਹੋਵਾਹ ਹਾਰੂਨ ਦੇ ਪਰਿਵਾਰ ਨੂੰ ਅਸੀਸ ਦੇਵੇਗਾ।
13 ਯਹੋਵਾਹ ਆਪਣੇ ਚੇਲਿਆਂ ਨੂੰ ਛੋਟੇ ਅਤੇ ਵੱਡਿਆਂ ਨੂੰ ਅਸੀਸ ਦੇਵੇਗਾ।
14 ਮੈਨੂੰ ਆਸ ਹੈ ਕਿ ਯਹੋਵਾਹ ਤੁਹਾਨੂੰ ਅਤੇ ਤੁਹਾਡੇ ਬੱਚਿਆਂ ਨੂੰ ਹੋਰ ਵੱਧੇਰੇ ਦੇਵੇਗਾ।
15 ਯਹੋਵਾਹ ਨੇ ਸਵਰਗ ਅਤੇ ਧਰਤੀ ਨੂੰ ਬਣਾਇਆ
ਅਤੇ ਯਹੋਵਾਹ ਤੁਹਾਨੂੰ ਜੀ ਆਇਆ ਆਖਦਾ ਹੈ।
16 ਸਵਰਗ ਯਹੋਵਾਹ ਦਾ ਹੈ।
ਪਰ ਉਸ ਨੇ ਲੋਕਾਂ ਨੂੰ ਧਰਤੀ ਦਿੱਤੀ।
17 ਮੁਰਦਾ ਲੋਕ ਯਹੋਵਾਹ ਦੀ ਉਸਤਤਿ ਨਹੀਂ ਕਰਦੇ।
ਕਬਰਾਂ ਵਿੱਚ ਦਫ਼ਨ ਹੋਏ ਲੋਕ, ਯਹੋਵਾਹ ਦੀ ਉਸਤਤਿ ਨਹੀਂ ਕਰਦੇ।
18 ਪਰ ਹੁਣ ਅਸੀਂ ਯਹੋਵਾਹ ਨੂੰ ਅਸੀਸ ਦਿੰਦੇ ਹਾਂ।
ਅਤੇ ਅਸੀਂ ਉਸ ਨੂੰ ਸਦਾ ਹੋਰ ਵੱਧੇਰੇ ਅਸੀਸ ਦੇਵਾਂਗੇ।
ਯਹੋਵਾਹ ਦੀ ਉਸਤਤਿ ਕਰੋ!
ਇਸਰਾਏਲ ਨੂੰ ਅਬਰਾਹਾਮ ਵਰਗਾ ਹੋਣਾ ਚਾਹੀਦਾ ਹੈ
51 “ਤੁਹਾਡੇ ਵਿੱਚੋਂ ਕੁਝ ਲੋਕ ਨੇਕੀ ਦਾ ਜੀਵਨ ਜਿਉਣ ਦੀ ਸਖਤ ਕੋਸ਼ਿਸ਼ ਕਰਦੇ ਹੋ। ਤੁਸੀਂ ਯਹੋਵਾਹ ਕੋਲ ਸਹਾਇਤਾ ਲਈ ਜਾਂਦੇ ਹੋ। ਸੁਣੋ ਮੇਰੀ ਗੱਲ। ਤੁਹਾਨੂੰ ਆਪਣੇ ਪਿਤਾ ਅਬਰਾਹਾਮ ਵੱਲ ਦੇਖਣਾ ਚਾਹੀਦਾ ਹੈ। ਉਹੀ ਉਹ ਚੱਟਾਨ ਹੈ ਜਿਸਤੋਂ ਤੁਸੀਂ ਕੱਟ ਕੇ ਬਣਾਏ ਗਏ ਸੀ। 2 ਅਬਰਾਹਾਮ ਤੁਹਾਡਾ ਪਿਤਾ ਹੈ ਅਤੇ ਤੁਹਾਨੂੰ ਉਸ ਵੱਲ ਦੇਖਣਾ ਚਾਹੀਦਾ ਹੈ। ਤੁਹਾਨੂੰ ਸਰਾਹ ਵੱਲ ਦੇਖਣਾ ਚਾਹੀਦਾ ਹੈ-ਉਹ ਔਰਤ ਜਿਸਨੇ ਤੁਹਾਨੂੰ ਜਨਮ ਦਿੱਤਾ ਸੀ। ਅਬਰਾਹਾਮ ਇੱਕਲਾ ਸੀ ਜਦੋਂ ਮੈਂ ਉਸ ਨੂੰ ਬੁਲਾਇਆ ਸੀ। ਫ਼ੇਰ ਮੈਂ ਉਸ ਨੂੰ ਅਸੀਸ ਦਿੱਤੀ, ਤੇ ਉਸ ਨੇ ਵੱਡੇ ਪਰਿਵਾਰ ਦੀ ਸ਼ੁਰੂਆਤ ਕੀਤੀ। ਅਨੇਕਾਂ ਲੋਕ ਉਸਤੋਂ ਪੈਦਾ ਹੋਏ।”
3 ਇਸ ਤਰ੍ਹਾਂ ਯਹੋਵਾਹ ਸੀਯੋਨ ਨੂੰ ਅਸੀਸ ਦੇਵੇਗਾ। ਯਹੋਵਾਹ ਉਸ ਦੇ ਲਈ ਅਤੇ ਉਸ ਦੇ ਲੋਕਾਂ ਲਈ ਅਫ਼ਸੋਸ ਦਾ ਅਨੁਭਵ ਕਰੇਗਾ ਅਤੇ ਉਹ ਉਸ ਲਈ ਵੱਡੀ ਗੱਲ ਕਰੇਗਾ। ਯਹੋਵਾਹ ਮਾਰੂਬਲ ਨੂੰ ਤਬਦੀਲ ਕਰ ਦੇਵੇਗਾ। ਮਾਰੂਬਲ ਬਾਗ਼ ਵਰਗਾ ਬਣ ਜਾਵੇਗਾ, ਅਦਨ ਦੇ ਬਾਗ਼ ਵਰਗਾ। ਉਹ ਧਰਤੀ ਸੱਖਣੀ ਸੀ ਪਰ ਇਹ ਯਹੋਵਾਹ ਦੇ ਬਾਗ਼ ਵਰਗੀ ਹੋ ਜਾਵੇਗੀ। ਓੱਥੇ ਲੋਕ ਪ੍ਰਸੰਨ, ਬਹੁਤ ਪ੍ਰਸੰਨ ਹੋਣਗੇ। ਉੱਥੋਂ ਦੇ ਲੋਕ ਖੁਸ਼ੀ ਦਾ ਪ੍ਰਗਟਾਵਾ ਕਰਨਗੇ। ਉਹ ਧੰਨਵਾਦ ਅਤੇ ਜਿੱਤ ਦੇ ਗੀਤ ਗਾਉਣਗੇ।
4 “ਮੇਰੇ ਲੋਕੋ, ਸੁਣੀ ਮੇਰੀ ਗੱਲ!
ਮੇਰੇ ਨਿਆਂੇ ਉਨ੍ਹਾਂ ਰੌਸ਼ਨੀਆਂ ਵਾਂਗ ਹੋਣਗੇ ਦਰਸਾਉਣਗੇ ਜਿਹੜੇ ਕਿ ਕਿਵੇਂ ਜਿਉਣਾ ਹੈ।
5 ਮੈਂ ਛੇਤੀ ਹੀ ਦਰਸਾ ਦੇਵਾਂਗਾ ਕਿ ਮੈਂ ਨਿਰਪੱਖ ਹਾਂ।
ਛੇਤੀ ਹੀ ਮੈਂ ਤੁਹਾਨੂੰ ਬਚਾਵਾਂਗਾ।
ਮੈਂ ਆਪਣੀ ਸ਼ਕਤੀ ਦਾ ਇਸਤੇਮਾਲ ਕਰਾਂਗਾ ਅਤੇ ਸਾਰੀਆਂ ਕੌਮਾਂ ਬਾਰੇ ਨਿਆਂ ਕਰਾਂਗਾ।
ਦੂਰ-ਦੁਰਾਡੀਆਂ ਥਾਵਾਂ ਦੇ ਸਾਰੇ ਲੋਕ ਮੇਰਾ ਇੰਤਜ਼ਾਰ ਕਰ ਰਹੇ ਨੇ।
ਸਹਾਈਤਾ ਲਈ, ਉਹ ਮੇਰੀ ਸ਼ਕਤੀ ਦਾ ਇੰਤਜ਼ਾਰ ਕਰ ਰਹੇ ਨੇ।
6 ਅਕਾਸ਼ਾਂ ਵੱਲ ਦੇਖੋ!
ਹੇਠਾਂ ਧਰਤੀ ਵੱਲ ਆਪਣੇ ਆਲੇ-ਦੁਆਲੇ ਦੇਖੋ!
ਅਕਾਸ਼ ਧੂੰਏਁ ਦੇ ਬੱਦਲਾਂ ਵਾਂਗ ਅਲੋਪ ਹੋ ਜਾਣਗੇ।
ਧਰਤੀ ਪਾਟੇ ਪੁਰਾਣੇ ਕੱਪੜਿਆਂ ਵਾਂਗ ਬਣ ਜਾਵੇਗੀ।
ਲੋਕ ਧਰਤੀ ਉੱਤੇ ਮਰ ਜਾਣਗੇ, ਪਰ ਮੇਰੀ ਮੁਕਤੀ ਸਦਾ ਰਹੇਗੀ।
ਮੇਰੀ ਨੇਕੀ ਕਦੇ ਖਤਮ ਨਹੀਂ ਹੋਵੇਗੀ।
7 ਤੁਸੀਂ ਲੋਕ, ਜਿਹੜੇ ਨੇਕੀ ਨੂੰ ਸਮਝਦੇ ਹੋ, ਤੁਹਾਨੂੰ ਮੇਰੀ ਗੱਲ ਸੁਣਨੀ ਚਾਹੀਦੀ ਹੈ।
ਤੁਸੀਂ ਲੋਕ ਜਿਹੜੇ ਮੇਰੀਆਂ ਸਿੱਖਿਆਵਾਂ ਉੱਤੇ ਚੱਲਦੇ ਹੋ, ਤੁਹਾਨੂੰ ਉਹ ਗੱਲਾਂ ਸੁਣਨੀਆਂ ਚਾਹੀਦੀਆਂ ਹਨ ਜਿਹੜੀਆਂ ਮੈਂ ਤੁਹਾਨੂੰ ਆਖਦਾ ਹਾਂ।
ਬੁਰੇ ਬੰਦਿਆਂ ਕੋਲੋਂ ਭੈਭੀਤ ਨਾ ਹੋਵੋ।
ਉਨ੍ਹਾਂ ਮੰਦੀਆਂ ਗੱਲਾਂ ਤੋਂ ਭੈਭੀਤ ਨਾ ਹੋਵੋ ਜਿਹੜੀਆਂ ਉਹ ਤੁਹਾਨੂੰ ਆਖਦੇ ਨੇ।
8 ਕਿਉਂ ਕਿ ਉਹ ਫ਼ਟੇ-ਪੁਰਾਣੇ ਕੱਪੜਿਆਂ ਵਾਂਗ ਬਣ ਜਾਣਗੇ, ਉਨ੍ਹਾਂ ਨੂੰ ਕੀੜੇ ਖਾ ਲੈਣਗੇ।
ਉਹ ਉੱਨ ਵਾਂਗ ਹੋ ਜਾਣਗੇ।
ਪਰ ਮੇਰੀ ਨੇਕੀ ਸਦਾ ਲਈ ਰਹੇਗੀ।
ਮੇਰੀ ਮੁਕਤੀ ਸਦਾ-ਸਦਾ ਲਈ ਰਹੇਗੀ।”
ਪਰਮੇਸ਼ੁਰ ਦੀ ਆਪਣੀ ਸ਼ਕਤੀ ਉਸ ਦੇ ਬੰਦਿਆਂ ਨੂੰ ਬਚਾਵੇਗੀ
9 ਯਹੋਵਾਹ ਦੇ ਬਾਜ਼ੂ (ਸ਼ਕਤੀ) ਜਾਗ ਪਓ!
ਜਾਗ ਪਓ! ਤਕੜੇ ਬਣੋ!
ਆਪਣੀ ਸ਼ਕਤੀ ਨੂੰ ਵਰਤੋਂ, ਜਿਹਾ ਕਿ ਤੁਸੀਂ ਬਹੁਤ ਪਹਿਲਾਂ ਕੀਤਾ ਸੀ,
ਜਿਹਾ ਕਿ ਤੂੰ ਪ੍ਰਾਚੀਨ ਸਮਿਆਂ ਤੋਂ ਕੀਤਾ ਹੈ।
ਤੁਸੀਂ ਹੀ ਉਹ ਸ਼ਕਤੀ ਹੋ, ਜਿਸਨੇ ਰਹਬ ਨੂੰ ਹਰਾਇਆ ਸੀ।
ਤੁਸੀਂ ਅਜਗਰ ਨੂੰ ਹਰਾਇਆ ਸੀ।
10 ਤੁਸੀਂ ਸਮੁੰਦਰ ਨੂੰ ਖੁਸ਼ਕ ਕਰ ਦਿੱਤਾ ਸੀ!
ਤੁਸੀਂ ਮਹਾਂ ਡੂੰਘ ਦੇ ਪਾਣੀ ਸੁਕਾ ਦਿੱਤੇ ਸੀ!
ਤੁਸੀਂ ਸਮੁੰਦਰ ਦੇ ਡੂੰਘੇ ਹਿੱਸੇ ਇੱਕ ਰਸਤੇ ਵਿੱਚ ਬਦਲ ਦਿੱਤੇ ਸਨ।
ਤੁਹਾਡੇ ਲੋਕ ਉਸ ਰਾਹ ਨੂੰ ਪਾਰ ਕਰ ਗਏ ਸੀ ਅਤੇ ਬਚ ਗਏ ਸਨ।
11 ਯਹੋਵਾਹ ਆਪਣੇ ਬੰਦਿਆਂ ਨੂੰ ਬਚਾਵੇਗਾ।
ਉਹ ਖੁਸ਼ੀ-ਖੁਸ਼ੀ ਸੀਯੋਨ ਨੂੰ ਪਰਤਨਗੇ।
ਉਹ ਬਹੁਤ-ਬਹੁਤ ਪ੍ਰਸੰਨ ਹੋਣਗੇ,
ਉਨ੍ਹਾਂ ਦੀ ਖੁਸ਼ੀ ਉਨ੍ਹਾਂ ਦੇ ਸਿਰ ਤੇ ਸਦਾ-ਸਦਾ ਲਈ ਤਾਜ ਵਰਗੀ ਹੋਵੇਗੀ।
ਉਹ ਖੁਸ਼ੀ ਨਾਲ ਗਾ ਰਹੇ ਹੋਣਗੇ।
ਸਾਰੀ ਉਦਾਸੀ ਕਿਤੇ ਦੂਰ ਭੱਜ ਗਈ ਹੋਵੇਗੀ।
12 ਯਹੋਵਾਹ ਆਖਦਾ ਹੈ, “ਮੈਂ ਹੀ ਉਹ ਹਾਂ, ਜਿਹੜਾ ਤੁਹਾਨੂੰ ਸੱਕੂਨ ਪਹੁੰਚਾਉਂਦਾ ਹੈ।
ਇਸ ਲਈ ਤੁਸੀਂ ਲੋਕਾਂ ਕੋਲੋਂ ਕਿਉਂ ਭੈਭੀਤ ਹੋਵੋਁ?
ਉਹ ਸਿਰਫ਼ ਬੰਦੇ ਹੀ ਹਨ ਜਿਹੜੇ ਜਿਉਂਦੇ ਹਨ ਤੇ ਮਰ ਜਾਂਦੇ ਹਨ।
ਉਹ ਸਿਰਫ਼ ਇਨਸਾਨ ਹਨ-ਉਹ ਘਾਹ ਵਾਂਗ ਮਰ ਜਾਂਦੇ ਨੇ।”
13 ਤੁਹਾਨੂੰ ਯਹੋਵਾਹ ਨੇ ਸਾਜਿਆ ਸੀ।
ਉਸ ਨੇ ਆਪਣੀ ਸ਼ਕਤੀ ਨਾਲ ਧਰਤੀ ਨੂੰ ਸਾਜਿਆ ਸੀ!
ਅਤੇ ਉਸ ਨੇ ਆਪਣੀ ਸ਼ਕਤੀ ਨਾਲ ਧਰਤੀ ਉੱਤੇ ਅਕਾਸ਼ ਵਿਛਾੇ ਸਨ!
ਪਰ ਤੁਸੀਂ ਉਸ ਨੂੰ ਤੇ ਉਸ ਦੀ ਸ਼ਕਤੀ ਨੂੰ ਭੁੱਲ ਜਾਂਦੇ ਹੋ।
ਇਸ ਲਈ ਤੁਸੀਂ ਉਨ੍ਹਾਂ ਗੁਸੈਲੇ ਲੋਕਾਂ ਕੋਲੋਂ ਸਦਾ ਭੈਭੀਤ ਹੋ ਜਾਂਦੇ ਹੋ ਜਿਹੜੇ ਤੁਹਾਨੂੰ ਦੁੱਖ ਦਿੰਦੇ ਨੇ।
ਉਨ੍ਹਾਂ ਲੋਕਾਂ ਨੇ ਤੁਹਾਨੂੰ ਤਬਾਹ ਕਰਨ ਦੀ ਯੋਜਨਾ ਬਣਾਈ ਸੀ।
ਪਰ ਹੁਣ ਉਹ ਕਿੱਥੋ ਨੇ? ਉਹ ਸਾਰੇ ਹੀ ਖਤਮ ਹੋ ਗਏ ਨੇ।
14 ਕੈਦ ਵਿੱਚਲੇ ਲੋਕ ਛੇਤੀ ਹੀ ਰਿਹਾ ਹੋ ਜਾਣਗੇ।
ਉਹ ਕੈਦ ਵਿੱਚ ਮਰਨਗੇ ਤੇ ਸੜਨਗੇ ਨਹੀਂ।
ਉਨ੍ਹਾਂ ਲੋਕਾਂ ਕੋਲ ਕਾਫ਼ੀ ਭੋਜਨ ਹੋਵੇਗਾ।
15 “ਮੈਂ, ਯਹੋਵਾਹ, ਤੁਹਾਡਾ ਪਰਮੇਸ਼ੁਰ ਹਾਂ।
ਮੈਂ ਸਮੁੰਦਰ ਨੂੰ ਰਿੜਕ ਦਿੰਦਾ ਹਾਂ ਅਤੇ ਲਹਿਰਾਂ ਬੰਦ ਕਰ ਦਿੰਦਾ ਹਾਂ।”
(ਉਸ ਦਾ ਨਾਮ ਸਰਬ-ਸ਼ਕਤੀਮਾਨ ਹੈ।)
16 “ਮੇਰੇ ਸੇਵਕ, ਮੈਂ ਤੈਨੂੰ ਉਹ ਸ਼ਬਦ ਦੇਵਾਂਗਾ ਜੋ ਮੈਂ ਚਾਹੁਂਨਾ ਕਿ ਤੂੰ ਆਖੇਁ। ਅਤੇ ਮੈਂ ਤੈਨੂੰ ਆਪਣੇ ਹੱਥੀਂ ਛਾਵਾਂ ਕਰਾਂਗਾ ਅਤੇ ਤੇਰੀ ਰੱਖਿਆ ਕਰਾਂਗਾ। ਮੈਂ ਤੇਰਾ ਇਸਤੇਮਾਲ ਨਵੇਂ ਅਕਾਸ਼ ਅਤੇ ਨਵੀਂ ਧਰਤੀ ਸਾਜਣ ਲਈ ਕਰਾਂਗਾ। ਮੈਂ ਤੇਰੀ ਵਰਤੋਂ ਇਸਰਾਏਲ ਨੂੰ ਇਹ ਆਖਣ ਲਈ ਕਰਾਂਗਾ, ‘ਤੁਸੀਂ ਮੇਰੇ ਲੋਕ ਹੋਂ।’”
ਪਰਮੇਸ਼ੁਰ ਨੇ ਇਸਰਾਏਲ ਨੂੰ ਸਜ਼ਾ ਦਿੱਤੀ
17 ਜਾਗੋ! ਜਾਗੋ!
ਯਰੂਸ਼ਲਮ, ਉੱਠ ਪਵੋ!
ਯਹੋਵਾਹ ਤੇਰੇ ਨਾਲ ਬਹੁਤ ਨਾਰਾਜ਼ ਸੀ।
ਇਸੇ ਲਈ ਤੈਨੂੰ ਸਜ਼ਾ ਦਿੱਤੀ ਗਈ।
ਇਹ ਸਜ਼ਾ ਜ਼ਹਿਰ ਦੇ ਪਿਆਲੇ ਵਾਂਗ ਸੀ, ਜੋ ਤੈਨੂੰ ਪੀਣਾ ਪੈਣਾ ਸੀ,
ਤੇ ਤੂੰ ਇਹ ਪੀ ਲਿਆ।
18 ਯਰੂਸ਼ਲਮ ਵਿੱਚ ਬਹੁਤ ਲੋਕ ਹਨ ਪਰ ਉਨ੍ਹਾਂ ਵਿੱਚੋਂ ਕੋਈ ਵੀ ਉਸਦਾ ਆਗੂ ਨਹੀਂ ਬਣਿਆ। ਉਸ ਦੇ ਪੈਦਾ ਕੀਤੇ ਬੱਚਿਆਂ ਵਿੱਚੋਂ ਕੋਈ ਵੀ ਉਸਦਾ ਪੱਬ ਪ੍ਰਦਰਸ਼ਕ ਨਹੀਂ ਬਣਿਆ। 19 ਯਰੂਸ਼ਲਮ ਲਈ ਮੁਸੀਬਤਾਂ ਦੋ ਸਮੂਹਾਂ ਵਿੱਚ ਆਈਆਂ। ਚੋਰੀ ਅਤੇ ਭੋਜਨ ਦੀ ਰਾਸ਼ਨਿਂਗ, ਵੱਡੀ ਭੁੱਖਮਰੀ ਅਤੇ ਜੰਗ।
ਜਦੋਂ ਤੂੰ ਦੁੱਖ ਭੋਗ ਰਹੀ ਸੀ ਤਾਂ ਕਿਸੇ ਨੇ ਵੀ ਤੇਰੀ ਸਹਾਇਤਾ ਨਹੀਂ ਕੀਤੀ। ਕਿਸੇ ਬੰਦੇ ਨੇ ਤੇਰੇ ਉੱਤੇ ਦਇਆ ਨਹੀਂ ਕੀਤੀ। 20 ਤੇਰੇ ਲੋਕ ਕਮਜ਼ੋਰ ਹੋ ਗਏ। ਉਹ ਧਰਤੀ ਤੇ ਡਿੱਗ ਪਏ ਤੇ ਉੱਥੇ ਹੀ ਪਏ ਰਹੇ। ਉਹ ਬੰਦੇ ਹਰ ਗਲੀ ਦੇ ਮੋੜ ਉੱਤੇ ਪਏ ਸਨ। ਉਹ ਜਾਲ ਵਿੱਚ ਫ਼ਸੇ ਜਾਨਵਰਾਂ ਵਰਗੇ ਸਨ। ਉਨ੍ਹਾਂ ਨੂੰ ਯਹੋਵਾਹ ਦੇ ਕਹਿਰ ਦੀ ਸਜ਼ਾ ਓਦੋਁ ਤੱਕ ਮਿਲੀ ਜਦੋਂ ਉਹ ਹੋਰ ਸਜ਼ਾ ਸਹਾਰਨ ਦੇ ਕਾਬਿਲ ਨਹੀਂ ਰਹੇ ਸਨ। ਜਦੋਂ ਪਰਮੇਸ਼ੁਰ ਨੇ ਆਖਿਆ ਕਿ ਉਹ ਉਨ੍ਹਾਂ ਨੂੰ ਹੋਰ ਸਜ਼ਾ ਦੇਵੇਗਾ, ਤਾਂ ਉਹ ਬਹੁਤ ਕਮਜ਼ੋਰ ਹੋ ਗਏ।
21 ਗਰੀਬ ਯਰੂਸ਼ਲਮ, ਸੁਣ ਮੇਰੀ ਗੱਲ। ਤੂੰ ਸ਼ਰਾਬੀ ਆਦਮੀ ਦੀ ਤਰ੍ਹਾਂ ਕਮਜ਼ੋਰ ਹੈਂ ਪਰ ਤੈਨੂੰ ਸ਼ਰਾਬ ਦਾ ਨਸ਼ਾ ਨਹੀਂ ਹੈ। ਤੂੰ ਜ਼ਹਿਰ ਦੇ ਉਸ ਪਿਆਲੇ ਕਾਰਣ ਕਮਜ਼ੋਰ ਹੈ।
22 ਤੁਹਾਡਾ ਪਰਮੇਸ਼ੁਰ ਅਤੇ ਮਾਲਿਕ, ਯਹੋਵਾਹ ਆਪਣੇ ਬੰਦਿਆਂ ਲਈ ਜੰਗ ਕਰੇਗਾ। ਉਹ ਤੈਨੂੰ ਆਖਦਾ ਹੈ, “ਦੇਖ, ਮੈਂ ਤੇਰੇ ਕੋਲੋਂ ਇਹ ‘ਜ਼ਹਿਰ ਪਿਆਲਾ’ ਖੋਹ ਰਿਹਾ ਹਾਂ। ਮੈਂ ਆਪਣਾ ਕਹਿਰ ਤੇਰੇ ਕੋਲੋਂ ਦੂਰ ਹਟਾ ਰਿਹਾ ਹਾਂ। ਤੈਨੂੰ ਮੇਰੇ ਗੁੱਸੇ ਦੀ ਹੁਣ ਹੋਰ ਸਜ਼ਾ ਨਹੀਂ ਮਿਲੇਗੀ। 23 ਹੁਣ ਮੈਂ ਆਪਣੇ ਗੁੱਸੇ ਦੀ ਵਰਤੋਂ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਣ ਲਈ ਕਰਾਂਗਾ ਜਿਨ੍ਹਾਂ ਨੇ ਤੈਨੂੰ ਦੁੱਖ ਦਿੱਤਾ ਸੀ। ਉਨ੍ਹਾਂ ਲੋਕਾਂ ਨੇ ਤੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਤੈਨੂੰ ਆਖਿਆ ਸੀ, ‘ਸਾਡੇ ਅੱਗੇ ਝੁਕੋ, ਅਤੇ ਅਸੀਂ ਤੈਨੂੰ ਕੁਚਲ ਦਿਆਂਗੇ!’ ਉਨ੍ਹਾਂ ਨੇ ਤੈਨੂੰ ਉਨ੍ਹਾਂ ਅੱਗੇ ਝੁਕਣ ਲਈ ਮਜ਼ਬੂਰ ਕੀਤਾ। ਅਤੇ ਫ਼ੇਰ ਉਹ ਤੇਰੀ ਪਿੱਠ ਨੂੰ ਮਿੱਟੀ ਵਾਂਗ ਲਿਤਾੜਨ ਲੱਗੇ। ਤੂੰ ਉਨ੍ਹਾਂ ਲਈ ਚੱਲਣ ਵਾਲਾ ਇੱਕ ਰਸਤਾ ਸੀ।”
ਨਵਾਂ ਯਰੂਸ਼ਲਮ
21 ਫ਼ੇਰ ਮੈਂ ਇੱਕ ਨਵਾਂ ਅਕਾਸ਼ ਅਤੇ ਨਵੀਂ ਧਰਤੀ ਦੇਖੀ। ਪਹਿਲਾ ਅਕਾਸ਼ ਅਤੇ ਪਹਿਲੀ ਧਰਤੀ ਅਲੋਪ ਹੋ ਗਏ ਸਨ। ਹੁਣ ਉੱਥੇ ਕੋਈ ਸਮੁੰਦਰ ਨਹੀਂ ਸੀ। 2 ਮੈਂ ਸਵਰਗ ਤੋਂ ਪਰਮੇਸ਼ੁਰ ਵੱਲੋਂ ਨਿਕਲ ਕੇ ਥੱਲੇ ਆ ਰਹੇ ਪਵਿੱਤਰ ਸ਼ਹਿਰ ਨੂੰ ਵੀ ਦੇਖਿਆ। ਇਹ ਪਵਿੱਤਰ ਸ਼ਹਿਰ ਨਵਾਂ ਯਰੂਸ਼ਲਮ ਹੈ। ਇਸ ਨੂੰ ਲਾੜੇ ਲਈ ਲਾੜੀ ਦੀ ਤਰ੍ਹਾਂ ਸਜਾਇਆ ਗਿਆ ਸੀ।
3 ਮੈਂ ਤਖਤ ਵੱਲੋਂ ਆਉਂਦੀ ਇੱਕ ਉੱਚੀ ਅਵਾਜ਼ ਸੁਣੀ। ਅਵਾਜ਼ ਨੇ ਆਖਿਆ, “ਹੁਣ ਪਰਮੇਸ਼ੁਰ ਦਾ ਘਰ ਲੋਕਾਂ ਦੇ ਨਾਲ ਹੈ। ਉਹ ਉਨ੍ਹਾਂ ਦੇ ਨਾਲ ਹੋਵੇਗਾ। ਉਹ ਉਸ ਦੇ ਲੋਕ ਹੋਣਗੇ। ਪਰਮੇਸ਼ੁਰ ਖੁਦ ਉਨ੍ਹਾਂ ਦੇ ਨਾਲ ਰਹੇਗਾ ਅਤੇ ਉਨ੍ਹਾਂ ਦਾ ਪਰਮੇਸ਼ੁਰ ਹੋਵੇਗਾ। 4 ਪਰਮੇਸ਼ੁਰ ਉਨ੍ਹਾਂ ਦੀਆਂ ਅੱਖਾਂ ਵਿੱਚਲਾ ਹਰ ਅੱਥਰੂ ਪੂੰਝ ਦੇਵੇਗਾ। ਹੁਣ ਕਦੀ ਵੀ ਮੌਤ, ਉਦਾਸੀ, ਰੋਣਾ ਜਾਂ ਦੁੱਖ ਦਰਦ ਨਹੀਂ ਹੋਵੇਗਾ। ਸਾਰੇ ਪੁਰਾਣੇ ਰਾਹ ਗੁਜ਼ਰ ਗਏ ਹਨ।”
5 ਜਿਹੜਾ ਤਖਤ ਉੱਤੇ ਬੈਠਾ ਸੀ ਉਸ ਨੇ ਆਖਿਆ, “ਦੇਖੋ। ਮੈਂ ਹਰ ਚੀਜ਼ ਨਵੀਂ ਬਣਾ ਰਿਹਾ ਹਾਂ।” ਫ਼ੇਰ ਉਸ ਨੇ ਆਖਿਆ, “ਇਸ ਨੂੰ ਲਿਖੋ ਕਿਉਂਕਿ ਇਹ ਸ਼ਬਦ ਸੱਚੇ ਹਨ ਅਤੇ ਇਨ੍ਹਾਂ ਉੱਪਰ ਭਰੋਸਾ ਕੀਤਾ ਜਾ ਸੱਕਦਾ ਹੈ।”
6 ਜਿਹੜਾ ਤਖਤ ਉੱਤੇ ਬੈਠਾ ਸੀ ਉਸ ਨੇ ਮੈਨੂੰ ਆਖਿਆ, “ਇਹ ਖਤਮ ਹੋ ਚੁੱਕਿਆ ਹੈ। ਮੈਂ ਹੀ ਅਲਫ਼ਾ ਅਤੇ ਓਮੇਗਾ ਹਾਂ। ਮੈਂ ਹੀ ਆਦ ਅਤੇ ਅੰਤ ਹਾਂ। ਮੈਂ ਉਨ੍ਹਾਂ ਸਾਰਿਆਂ ਨੂੰ ਮੁਫ਼ਤ ਹੀ ਜੀਵਨ ਦੇ ਪਾਣੀ ਦੇ ਝਰਨੇ ਤੋਂ ਪਾਣੀ ਦਿਆਂਗਾ, ਜਿਹੜੇ ਪਿਆਸੇ ਹਨ। 7 ਜਿਹੜਾ ਵੀ ਵਿਅਕਤੀ ਜਿੱਤ ਪ੍ਰਾਪਤ ਕਰਦਾ ਹੈ ਉਹ ਇਸ ਸਭ ਕੁਝ ਨੂੰ ਪ੍ਰਾਪਤ ਕਰੇਗਾ। ਅਤੇ ਮੈਂ ਉਸਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ। 8 ਪਰ ਉਹ ਲੋਕ ਜਿਹੜੇ ਕਾਇਰ ਹਨ, ਉਹ ਲੋਕ ਜਿਹੜੇ ਵਿਸ਼ਵਾਸ ਤੋਂ ਮੁਨਕਰ ਹਨ, ਉਹ ਲੋਕ ਜਿਹੜੇ ਭਿਆਨਕ ਗੱਲਾਂ ਕਰਦੇ ਹਨ, ਉਹ ਲੋਕ ਜਿਹੜੇ ਕਤਲ ਕਰਦੇ ਹਨ, ਉਹੋ ਕਿ ਜਿਹੜੇ ਜਿਨਸੀ ਪਾਪ ਕਰਦੇ ਹਨ, ਉਹ ਲੋਕ ਜਿਹੜੇ ਕਾਲਾ ਜਾਦੂ ਕਰਦੇ ਹਨ, ਉਹ ਲੋਕ ਜਿਹੜੇ ਮੂਰਤੀ ਉਪਾਸਨਾ ਕਰਦੇ ਹਨ, ਅਤੇ ਉਹ ਲੋਕ ਜਿਹੜੇ ਝੂਠ ਬੋਲਦੇ ਹਨ, ਉਨ੍ਹਾਂ ਸਾਰੇ ਲੋਕਾਂ ਦੀ ਥਾਂ ਬਦਲੀ ਹੋਈ ਗੰਧਕ ਦੀ ਝੀਲ ਵਿੱਚ ਹੋਵੇਗੀ। ਇਹੀ ਹੈ ਦੂਸਰੀ ਮੌਤ।”
9 ਉਨ੍ਹਾਂ ਸੱਤਾਂ ਦੂਤਾਂ ਵਿੱਚੋਂ ਇੱਕ ਮੇਰੇ ਕੋਲ ਆਇਆ, ਜਿਸ ਕੋਲ ਆਖਰੀ ਸੱਤ ਮੁਸ਼ਕਿਲਾਂ ਨਾਲ ਭਰੇ ਸੱਤ ਕਟੋਰੇ ਸਨ। ਦੂਤ ਨੇ ਆਖਿਆ, “ਮੇਰੇ ਨਾਲ ਆ, ਮੈਂ ਤੁਹਾਨੂੰ ਲੇਲੇ ਦੀ ਪਤਨੀ, ਲਾੜੀ ਦਿਖਾਵਾਂਗਾ।” 10 ਦੂਤ ਮੈਨੂੰ ਆਤਮਾ ਨਾਲ ਚੁੱਕਕੇ ਇੱਕ ਬਹੁਤ ਵੱਡੇ ਅਤੇ ਉੱਚੇ ਪਹਾੜ ਉੱਤੇ ਲੈ ਗਿਆ। ਦੂਤ ਨੇ ਮੈਨੂੰ ਯਰੂਸ਼ਲਮ ਦਾ ਪਵਿੱਤਰ ਸ਼ਹਿਰ ਦਿਖਾਇਆ। ਇਹ ਸ਼ਹਿਰ ਪਰਮੇਸ਼ੁਰ ਵੱਲੋਂ ਸਵਰਗ ਤੋਂ ਬਾਹਰ ਆ ਰਿਹਾ ਸੀ।
11 ਇਹ ਸ਼ਹਿਰ ਪਰਮੇਸ਼ੁਰ ਦੀ ਮਹਿਮਾ ਨਾਲ ਚਮਕ ਰਿਹਾ ਸੀ। ਇਹ ਕਿਸੇ ਬਹੁਤ ਹੀ ਕੀਮਤੀ ਜਵਾਹਰ ਵਾਂਗ, ਇੱਕ ਪੁਰੱਖਤ ਪੱਥਰ ਵਾਂਗੂ ਚਮਕ ਰਿਹਾ ਸੀ। ਇਹ ਬਲੌਰ ਵਰਗਾ ਸਾਫ਼ ਸੀ। 12 ਉਸ ਸ਼ਹਿਰ ਦੇ ਗਿਰਦ ਬਹੁਤ ਉੱਚੀ ਕੰਧ ਸੀ ਜਿਸਦੇ ਬਾਰ੍ਹਾਂ ਦਰਵਾਜ਼ੇ ਸਨ। ਇਨ੍ਹਾਂ ਦਰਵਾਜ਼ਿਆਂ ਉੱਪਰ ਬਾਰ੍ਹਾਂ ਦੂਤ ਖਲੋਤੇ ਸਨ। ਦਰਵਾਜ਼ਿਆਂ ਉੱਤੇ ਇਸਰਾਏਲ ਦੇ ਹਰ ਵੰਸ਼ ਦੇ ਮੁਖੀ ਦੇ ਨਾਂ ਲਿਖੇ ਹੋਏ ਸਨ। 13 ਤਿੰਨ ਦਰਵਾਜ਼ੇ ਪੂਰਬ ਵੱਲ ਸਨ, ਤਿੰਨ ਬੂਹੇ ਉੱਤਰ ਵੱਲ, ਤਿੰਨ ਦਰਵਾਜ਼ੇ ਦੱਖਣ ਵੱਲ ਅਤੇ ਤਿੰਨ ਦਰਵਾਜ਼ੇ ਪੱਛਮ ਵੱਲ ਸਨ। 14 ਸ਼ਹਿਰ ਦੀਆਂ ਕੰਧਾਂ ਬਾਰ੍ਹਾਂ ਨੀਹ ਪੱਥਰਾਂ ਉੱਤੇ ਉਸਾਰੀਆਂ ਗਈਆਂ ਸਨ। ਪੱਥਰਾਂ ਉੱਤੇ ਲੇਲੇ ਦੇ ਬਾਰ੍ਹਾਂ ਰਸੂਲਾਂ ਦੇ ਨਾਮ ਲਿਖੇ ਹੋਏ ਸਨ।
15 ਜਿਹੜਾ ਦੂਤ ਮੇਰੇ ਨਾਲ ਗੱਲ ਕਰ ਰਿਹਾ ਸੀ ਉਸ ਦੇ ਕੋਲ ਇੱਕ ਸੋਨੇ ਦਾ ਪੈਮਾਨਾ ਸੀ। ਦੂਤ ਕੋਲ ਇਹ ਪੈਮਾਨਾ ਇਸਦੇ ਸ਼ਹਿਰ, ਇਸਦੇ ਦਰਵਾਜ਼ਿਆਂ ਅਤੇ ਇਸਦੀ ਕੰਧ ਨੂੰ ਨਾਪਣ ਲਈ ਸੀ। 16 ਸ਼ਹਿਰ ਦੀ ਉਸਾਰੀ ਵਰਗਾਕਾਰ ਰੂਪ ਵਿੱਚ ਹੋਈ ਸੀ। ਇਸਦੀ ਲੰਬਾਈ ਚੌੜਾਈ ਦੇ ਬਰਾਬਰ ਸੀ। ਦੂਤ ਨੇ ਸ਼ਹਿਰ ਨੂੰ ਪੈਮਾਨੇ ਨਾਲ ਨਾਪਿਆ। ਸ਼ਹਿਰ ਦੀ ਲੰਬਾਈ ਬਾਰ੍ਹਾਂ ਹਜ਼ਾਰ ਸਟੇਡੀਆ [a] ਸੀ, ਚੌੜਾਈ ਬਾਰ੍ਹਾ ਹਜ਼ਾਰ ਸਟੇਡੀਆ ਸੀ ਅਤੇ ਉਚਾਈ ਬਾਰ੍ਹਾ ਹਜ਼ਾਰ ਸਟੇਡੀਆ ਸੀ। 17 ਦੂਤ ਨੇ ਕੰਧ ਨੂੰ ਵੀ ਨਾਪਿਆ ਇਹ 144 ਹੱਥ ਉੱਚੀ ਸੀ। ਦੂਤ ਵੀ ਉਹੀ ਨਾਪ ਤੋਲ ਵਰਤ ਰਿਹਾ ਸੀ ਜੋ ਲੋਕ ਵਰਤਦੇ ਹਨ। 18 ਕੰਧ ਜੈਸਪਰ ਦੀ ਬਣੀ ਹੋਈ ਸੀ। ਸ਼ਹਿਰ ਸ਼ੁੱਧ ਸ਼ੀਸ਼ੇ ਵਰਗੇ ਸੋਨੇ ਦਾ ਬਣਿਆ ਹੋਇਆ ਸੀ ਸ਼ੀਸ਼ੇ ਵਰਗੇ ਸ਼ੁੱਧ ਸੋਨੇ ਦਾ।
19 ਸ਼ਹਿਰ ਦੀਆਂ ਕੰਧਾਂ ਦੀ ਨੀਂਹ ਦੇ ਪੱਥਰ ਕਈ ਤਰ੍ਹਾਂ ਦੇ ਕੀਮਤੀ ਜਵਾਹਰਾਂ ਨਾਲ ਸਜਾਏ ਹੋਏ ਸਨ। ਪਹਿਲਾ ਨੀਂਹ ਦਾ ਪੱਥਰ ਬਦਾਮੀ ਰੰਗ ਦਾ ਸੀ। ਦੂਸਰਾ ਨੀਲਮ ਦਾ, ਤੀਸਰਾ ਦੁਧੀਆ ਅਕੀਕ ਦਾ, 20 ਚੌਥਾ ਪੰਨੇ ਦਾ, ਪੰਜਵਾਂ ਸੁਲੇਮਾਨੀ ਦਾ, ਛੇਵਾਂ ਲਾਲ ਅਕੀਕ ਦਾ, ਸੱਤਵਾਂ ਜ਼ੁਬਰਜ਼ੱਦ ਦਾ, ਅੱਠਵਾਂ ਬੈਰੁਜ਼ ਦਾ, ਨੌਵਾਂ ਸੁਨਹਿਲੇ ਦਾ, ਦੱਸਵਾਂ ਹਰੇ ਅਕੀਕ ਦਾ, ਗਿਆਰਵਾਂ ਜ਼ੁਰਕਨ ਦਾ ਬਾਰ੍ਹਵਾਂ ਕਟਹਲੇ ਦਾ। 21 ਬਾਰ੍ਹਾਂ ਦਰਵਾਜ਼ੇ ਬਾਰ੍ਹਾਂ ਮੋਤੀ ਸਨ। ਹਰ ਦਰਵਾਜ਼ਾ ਇੱਕ ਮੋਤੀ ਤੋਂ ਬਣਿਆ ਹੋਇਆ ਸੀ। ਸ਼ਹਿਰ ਦੀ ਗਲੀ ਸ਼ੁੱਧ ਸੋਨੇ ਦੀ ਬਣੀ ਹੋਈ ਸੀ। ਸੋਨਾ ਬਲੌਰ ਵਰਗਾ ਸਾਫ਼ ਸੀ।
22 ਮੈਂ ਸ਼ਹਿਰ ਵਿੱਚ ਕੋਈ ਮੰਦਰ ਨਹੀਂ ਦੇਖਿਆ। ਪ੍ਰਭੂ ਪਰਮੇਸ਼ੁਰ ਸਰਬ ਸ਼ਕਤੀ ਮਾਨ ਅਤੇ ਲੇਲਾ (ਯਿਸੂ) ਹੀ ਸ਼ਹਿਰ ਦੇ ਮੰਦਰ ਹਨ। 23 ਸ਼ਹਿਰ ਨੂੰ ਸੂਰਜ ਜਾਂ ਚੰਨ ਦੀ ਚਮਕ ਦੀ ਲੋੜ ਨਹੀਂ ਸੀ। ਪਰਮੇਸ਼ੁਰ ਦੀ ਸ਼ਾਨ ਹੀ ਸ਼ਹਿਰ ਨੂੰ ਰੌਸ਼ਨੀ ਪ੍ਰਦਾਨ ਕਰਦੀ ਹੈ। ਲੇਲਾ (ਯਿਸੂ) ਸ਼ਹਿਰ ਦਾ ਦੀਪਕ ਹੈ।
24 ਦੁਨੀਆਂ ਦੀਆਂ ਕੌਮਾਂ ਲੇਲੇ ਦੁਆਰਾ ਦਿੱਤੀ ਹੋਈ ਰੌਸ਼ਨੀ ਦੁਆਰਾ ਤੁਰਨ ਫਿਰਨਗੀਆਂ। ਧਰਤੀ ਦੇ ਰਾਜੇ ਸ਼ਹਿਰ ਵਿੱਚ ਆਪਣੀ ਮਹਿਮਾ ਲੈ ਕੇ ਆਉਣਗੇ। 25 ਸ਼ਹਿਰ ਦੇ ਦਰਵਾਜ਼ੇ ਕਿਸੇ ਵੀ ਦਿਨ ਬੰਦ ਨਹੀਂ ਕੀਤੇ ਜਾਣਗੇ ਕਿਉਂਕਿ ਉੱਥੇ ਰਾਤ ਹੈ ਹੀ ਨਹੀਂ। 26 ਕੌਮਾਂ ਦੀ ਮਹਾਨਤਾ ਅਤੇ ਦੌਲਤ ਸ਼ਹਿਰ ਵਿੱਚ ਲਿਆਂਦੀ ਜਾਵੇਗੀ। 27 ਕੋਈ ਵੀ ਨਾਪਾਕ ਚੀਜ਼ ਕਦੇ ਸ਼ਹਿਰ ਵਿੱਚ ਦਾਖਲ ਨਹੀਂ ਹੋਵੇਗੀ ਕੋਈ ਵੀ ਵਿਅਕਤੀ ਜਿਹੜਾ ਸ਼ਰਮਿੰਦਗੀ ਭਰੀਆਂ ਗੱਲਾਂ ਕਰਦਾ ਹੈ ਜਾਂ ਝੂਠ ਬੋਲਦਾ ਹੈ ਕਦੇ ਸ਼ਹਿਰ ਵਿੱਚ ਦਾਖਲ ਨਹੀਂ ਹੋਵੇਗਾ। ਸਿਰਫ਼ ਉਹੀ ਲੋਕ ਸ਼ਹਿਰ ਵਿੱਚ ਦਾਖਲ ਹੋਣਗੇ ਜਿਨ੍ਹਾਂ ਦੇ ਨਾਮ ਲੇਲੇ ਦੀ ਜੀਵਨ ਦੀ ਪੁਸਤਕ ਵਿੱਚ ਲਿਖੇ ਹੋਏ ਸਨ।
2010 by World Bible Translation Center