Print Page Options
Previous Prev Day Next DayNext

M’Cheyne Bible Reading Plan

The classic M'Cheyne plan--read the Old Testament, New Testament, and Psalms or Gospels every day.
Duration: 365 days
Punjabi Bible: Easy-to-Read Version (ERV-PA)
Version
ਬਿਵਸਥਾ ਸਾਰ 13-14

ਝੂਠੇ ਨਬੀ

13 “ਹੋ ਸੱਕਦਾ ਹੈ ਕਿ ਕੋਈ ਅਜਿਹਾ ਨਬੀ ਜਾਂ ਬੰਦਾ ਤੁਹਾਡੇ ਕੋਲ ਆਵੇ ਜਿਹੜਾ ਤੁਹਾਡੇ ਸੁਪਨਿਆਂ ਦੀ ਵਿਆਖਿਆ ਕਰੇ। ਹੋ ਸੱਕਦਾ ਹੈ ਕਿ ਉਹ ਤੁਹਾਨੂੰ ਇਹ ਆਖੇ ਕਿ ਉਹ ਤੁਹਾਨੂੰ ਕੋਈ ਸੰਕੇਤ ਜਾਂ ਚਮਤਕਾਰ ਦਿਖਾਵੇਗਾ। ਅਤੇ ਉਹ ਸੰਕੇਤ ਜਾਂ ਚਮਤਕਾਰ, ਜਿਸ ਬਾਰੇ ਉਸ ਨੇ ਤੁਹਾਨੂੰ ਦੱਸਿਆ, ਉਹ ਸਹੀ ਵੀ ਨਿਕਲ ਸੱਕਦਾ ਹੈ। ਫ਼ੇਰ ਉਹ ਤੁਹਾਨੂੰ ਹੋਰਨਾਂ ਦੇਵਤਿਆਂ ਦੇ ਪਿੱਛੇ ਲੱਗਣ ਲਈ ਵੀ ਆਖ ਸੱਕਦਾ ਹੈ (ਉਹ ਦੇਵਤੇ ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ) ਉਹ ਤੁਹਾਨੂੰ ਇਹ ਆਖ ਸੱਕਦਾ ਹੈ, ‘ਆਓ ਇਨ੍ਹਾਂ ਦੇਵਤਿਆਂ ਦੀ ਸੇਵਾ ਕਰੀਏ!’ ਉਸ ਬੰਦੇ ਦੀ ਗੱਲ ਨਹੀਂ ਸੁਨਣੀ। ਕਿਉਂਕਿ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਡਾ ਇਮਤਿਹਾਨ ਲੈ ਰਿਹਾ ਹੈ। ਯਹੋਵਾਹ ਇਹ ਜਾਨਣਾ ਚਾਹੁੰਦਾ ਹੈ ਕਿ ਕੀ ਤੁਸੀਂ ਉਸ ਨੂੰ ਤਨੋ-ਮਨੋ ਪਿਆਰ ਕਰਦੇ ਹੋ ਜਾਂ ਨਹੀਂ। ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਦੇ ਪਿੱਛੇ ਲੱਗੋ ਅਤੇ ਉਸਦੀ ਇੱਜ਼ਤ ਕਰੋ। ਯਹੋਵਾਹ ਦੇ ਹੁਕਮਾਂ ਨੂੰ ਮੰਨੋ, ਅਤੇ ਉਹ ਸਭ ਕਰੋ ਜੋ ਉਹ ਤੁਹਾਨੂੰ ਕਰਨ ਲਈ ਕਹਿੰਦਾ ਹੈ। ਯਹੋਵਾਹ ਦੀ ਸੇਵਾ ਕਰੋ, ਅਤੇ ਉਸ ਨਾਲ ਜੁੜੇ ਰਹੋ! ਇਹ ਵੀ ਕਿ, ਤੁਹਾਨੂੰ ਉਸ ਨਬੀ ਜਾਂ ਬੰਦੇ ਨੂੰ ਮਾਰ ਦੇਣਾ ਚਾਹੀਦਾ ਹੈ ਜਿਹੜਾ ਸੁਪਨਿਆਂ ਦੀ ਵਿਆਖਿਆ ਕਰਦਾ ਹੈ। ਕਿਉਂਕਿ ਉਸ ਨੇ ਤੁਹਾਨੂੰ ਯਹੋਵਾਹ, ਤੁਹਾਡੇ ਪਰਮੇਸ਼ੁਰ, ਤੋਂ ਬੇਮੁਖ ਹੋਣ ਲਈ ਆਖਿਆ ਸੀ। ਅਤੇ ਇਹ ਯਹੋਵਾਹ ਹੀ ਸੀ ਜਿਹੜਾ ਤੁਹਾਨੂੰ ਮਿਸਰ ਵਿੱਚੋਂ ਬਾਹਰ ਲੈ ਕੇ ਆਇਆ ਸੀ, ਜਿੱਥੇ ਤੁਸੀਂ ਗੁਲਾਮ ਸੀ। ਉਸ ਬੰਦੇ ਨੇ ਤੁਹਾਨੂੰ ਉਸ ਤਰ੍ਹਾਂ ਦੀ ਜ਼ਿੰਦਗੀ ਨਾਲੋਂ ਤੋੜਨ ਦੀ ਕੋਸ਼ਿਸ਼ ਕੀਤੀ ਸੀ ਜਿਸਦਾ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਆਦੇਸ਼ ਦਿੱਤਾ ਸੀ। ਇਸ ਲਈ ਤੁਹਾਨੂੰ ਉਸ ਬੰਦੇ ਨੂੰ ਮਾਰਕੇ ਆਪਣੇ ਲੋਕਾਂ ਵਿੱਚੋਂ ਉਸ ਬਦੀ ਨੂੰ ਖਤਮ ਕਰ ਦੇਣਾ ਚਾਹੀਦਾ ਹੈ।

“ਤੁਹਾਡਾ ਕੋਈ ਨਜ਼ਦੀਕੀ ਤੁਹਾਨੂੰ ਖੁਫ਼ੀਆਂ ਤੌਰ ਤੇ ਹੋਰਨਾਂ ਦੇਵਤਿਆਂ ਦੀ ਉਪਾਸਨਾ ਕਰਨ ਲਈ ਆਖ ਸੱਕਦਾ ਹੈ। ਇਹ ਤੁਹਾਡਾ ਆਪਣਾ ਪੁੱਤਰ, ਭਰਾ, ਧੀ, ਪਤਨੀ ਜਿਸ ਨੂੰ ਤੁਸੀਂ ਪਿਆਰ ਕਰਦੇ ਹੋ, ਜਾਂ ਤੁਹਾਡਾ ਕੋਈ ਚੰਗਾ ਦੋਸਤ ਵੀ ਹੋ ਸੱਕਦਾ ਹੈ। ਉਹ ਬੰਦਾ ਆਖ ਸੱਕਦਾ ਹੈ, ‘ਆ, ਆਪਾਂ ਹੋਰਨਾਂ ਦੇਵਤਿਆਂ ਦੀ ਸੇਵਾ ਕਰੀਏ।’ (ਇਹ ਦੇਵਤੇ ਉਹੀ ਹਨ, ਜਿਨ੍ਹਾਂ ਬਾਰੇ ਤੁਹਾਨੂੰ ਅਤੇ ਤੁਹਾਡੇ ਪੁਰਖਿਆਂ ਨੂੰ ਵੀ ਨਹੀਂ ਪਤਾ ਸੀ।) ਇਹ ਉਨ੍ਹਾਂ ਲੋਕਾਂ ਦੇ ਦੇਵਤੇ ਨੇ ਜਿਹੜੇ ਤੁਹਾਡੇ ਆਲੇ-ਦੁਆਲੇ ਦੀਆਂ ਹੋਰਨਾਂ ਧਰਤੀਆਂ ਵਿੱਚ ਰਹਿੰਦੇ ਹਨ, ਕੁਝ ਨੇੜੇ, ਕੁਝ ਦੂਰ।) ਤੁਹਾਨੂੰ ਉਸ ਵਿਅਕਤੀ ਨਾਲ ਕਦੇ ਵੀ ਸਹਿਮਤ ਨਹੀਂ ਹੋਣਾ ਚਾਹੀਦਾ। ਉਸਦੀ ਗੱਲ ਨਾ ਸੁਣੋ। ਉਸ ਲਈ ਅਫ਼ਸੋਸ ਨਾ ਕਰੋ। ਉਸ ਨੂੰ ਆਜ਼ਾਦ ਨਾ ਛੱਡੋ। ਅਤੇ ਉਸਦੀ ਰੱਖਿਆ ਨਾ ਕਰੋ। 9-10 ਨਹੀਂ! ਤੁਹਾਨੂੰ ਉਸ ਵਿਅਕਤੀ ਨੂੰ ਅਵੱਸ਼ ਮਾਰ ਦੇਣਾ ਚਾਹੀਦਾ ਹੈ। ਤੁਹਾਨੂੰ ਉਸ ਨੂੰ ਪੱਥਰਾਂ ਨਾਲ ਮਾਰ ਦੇਣਾ ਚਾਹੀਦਾ ਹੈ। ਤੁਹਾਨੂੰ ਪੱਥਰ ਚੁੱਕ ਕੇ ਉਸ ਨੂੰ ਮਾਰਨ ਵਿੱਚ ਪਹਿਲ ਕਰਨੀ ਚਾਹੀਦੀ ਹੈ। ਫ਼ੇਰ ਹੋਰ ਸਾਰੇ ਬੰਦਿਆਂ ਨੂੰ ਵੀ ਉਸ ਨੂੰ ਮਾਰਨ ਲਈ ਪੱਥਰ ਸੁੱਟਣੇ ਚਾਹੀਦੇ ਹਨ। ਕਿਉਂਕਿ ਉਸ ਬੰਦੇ ਨੇ ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਤੋਂ ਬੇਮੁਖ ਕਰਨ ਦੀ ਕੋਸ਼ਿਸ਼ ਕੀਤੀ ਸੀ। ਅਤੇ ਇਹ ਯਹੋਵਾਹ ਹੀ ਸੀ ਜਿਹੜਾ ਤੁਹਾਨੂੰ ਮਿਸਰ ਦੀ ਧਰਤੀ ਤੋਂ ਬਾਹਰ ਲੈ ਕੇ ਆਇਆ ਸੀ ਜਿੱਥੇ ਤੁਸੀਂ ਗੁਲਾਮ ਸੀ। 11 ਫ਼ੇਰ ਇਸਰਾਏਲ ਦੇ ਸਮੂਹ ਲੋਕ ਸੁਨਣਗੇ ਅਤੇ ਭੈਭੀਤ ਹੋ ਜਾਣਗੇ। ਅਤੇ ਫ਼ੇਰ ਉਹ ਅਜਿਹੀਆਂ ਮੰਦੀਆਂ ਗੱਲਾਂ ਫ਼ੇਰ ਨਹੀਂ ਕਰਨਗੇ।

12 “ਯਹੋਵਾਹ, ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਰਹਿਣ ਲਈ ਸ਼ਹਿਰ ਦਿੱਤੇ ਹਨ। ਹੋ ਸੱਕਦਾ ਹੈ ਕਿ ਕਦੇ ਤੁਸੀਂ ਉਨ੍ਹਾਂ ਸ਼ਹਿਰਾਂ ਵਿੱਚੋਂ ਕਿਸੇ ਬਾਰੇ ਕੋਈ ਮਾੜੀ ਖਬਰ ਸੁਣੋ। 13 ਹੋ ਸੱਕਦਾ ਹੈ ਤੁਸੀਂ ਇਹ ਸੁਣੋ ਕਿ, ਤੁਹਾਡੀ ਆਪਣੀ ਕੌਮ ਦੇ ਕੁਝ ਮੰਦੇ ਲੋਕ ਆਪਣੇ ਸ਼ਹਿਰ ਦੇ ਲੋਕਾਂ ਨੂੰ ਮੰਦੀਆਂ ਗੱਲਾਂ ਲਈ ਉਕਸਾ ਰਹੇ ਹੋਣ। ਹੋ ਸੱਕਦਾ ਹੈ ਕਿ ਉਹ ਆਪਣੇ ਸ਼ਹਿਰ ਦੇ ਲੋਕਾਂ ਨੂੰ ਇਹ ਆਖਣ, ‘ਆਉ ਜਾਕੇ ਹੋਰਨਾ ਦੇਵਤਿਆਂ ਦੀ ਸੇਵਾ ਕਰੀਏ।’ (ਇਹ ਦੇਵਤੇ ਉਹ ਦੇਵਤੇ ਹੋਣਗੇ ਜਿਨ੍ਹਾਂ ਬਾਰੇ ਤੁਸੀਂ ਪਹਿਲਾਂ ਕਦੇ ਨਹੀਂ ਸੁਣਿਆ ਹੋਵੇਗਾ।) 14 ਜੇ ਤੁਸੀਂ ਇਹੋ ਜਿਹੀ ਖਬਰ ਸੁਣੋ, ਤਾਂ ਤੁਹਾਨੂੰ ਇਹ ਜਾਨਣ ਦੀ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕੀ ਇਹ ਸੱਚ ਹੈ। ਜੇ ਤੁਹਾਨੂੰ ਪਤਾ ਲੱਗ ਜਾਵੇ ਕਿ ਇਹ ਸੱਚ ਹੈ-ਜੇ ਤੁਸੀਂ ਸਾਬਤ ਕਰ ਸੱਕੋ ਕਿ ਇਹੋ ਜਿਹੀ ਭਿਆਨਕ ਗੱਲ ਸੱਚਮੁੱਚ ਵਾਪਰੀ ਹੈ। 15 ਤਾਂ ਤੁਹਾਨੂੰ ਉਸ ਸ਼ਹਿਰ ਦੇ ਲੋਕਾਂ ਨੂੰ ਜ਼ਰੂਰ ਸਜ਼ਾ ਦੇਣੀ ਚਾਹੀਦੀ ਹੈ। ਤੁਹਾਨੂੰ ਉਨ੍ਹਾਂ ਸਾਰਿਆਂ ਨੂੰ ਮਾਰ ਦੇਣਾ ਚਾਹੀਦਾ ਹੈ। ਅਤੇ ਉਨ੍ਹਾਂ ਦੇ ਸਾਰੇ ਜਾਨਵਰਾਂ ਨੂੰ ਵੀ ਮਾਰ ਦੇਣਾ ਚਾਹੀਦਾ ਹੈ। ਤੁਹਾਨੂੰ ਉਸ ਸ਼ਹਿਰ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਣਾ ਚਾਹੀਦਾ ਹੈ। 16 ਫ਼ੇਰ ਤੁਹਾਨੂੰ ਸਾਰੀਆਂ ਕੀਮਤੀ ਚੀਜ਼ਾਂ ਇਕੱਠੀਆਂ ਕਰਨੀਆਂ ਚਾਹੀਦੀਆਂ ਹਨ ਅਤੇ ਉਨ੍ਹਾਂ ਨੂੰ ਸ਼ਹਿਰ ਦੇ ਕੇਂਦਰ ਵਿੱਚ ਲੈ ਜਾਣਾ ਚਾਹੀਦਾ ਹੈ ਅਤੇ ਸ਼ਹਿਰ ਨੂੰ ਇਸਦੀ ਹਰ ਚੀਜ਼ ਸਮੇਤ ਸਾੜ ਦੇਣਾ ਚਾਹੀਦਾ ਹੈ। ਇਹ ਯਹੋਵਾਹ, ਤੁਹਾਡੇ ਪਰਮੇਸ਼ੁਰ, ਲਈ ਹੋਮ ਦੀ ਭੇਟ ਹੋਵੇਗਾ। ਇਹ ਸ਼ਹਿਰ ਹਮੇਸ਼ਾ ਲਈ ਖੰਡਰ ਬਣ ਜਾਣਾ ਚਾਹੀਦਾ ਹੈ। ਉਸ ਸ਼ਹਿਰ ਦੀ ਫ਼ੇਰ ਕਦੇ ਵੀ ਉਸਾਰੀ ਨਹੀਂ ਕਰਨੀ ਚਾਹੀਦੀ। 17 ਉਸ ਸ਼ਹਿਰ ਦੀ ਹਰ ਚੀਜ਼ ਤਬਾਹ ਕੀਤੀ ਜਾਣ ਲਈ ਪਰਮੇਸ਼ੁਰ ਦੇ ਅਰਪਨ ਕਰ ਦੇਣੀ ਚਾਹੀਦੀ ਹੈ। ਤੁਹਾਨੂੰ ਕੋਈ ਵੀ ਚੀਜ਼ ਆਪਣੇ ਲਈ ਨਹੀਂ ਰੱਖਣੀ ਚਾਹੀਦੀ। ਜੇ ਤੁਸੀਂ ਇਸ ਆਦੇਸ਼ ਦੀ ਪਾਲਣਾ ਕਰੋਂਗੇ, ਤਾਂ ਯਹੋਵਾਹ ਤੁਹਾਡੇ ਉੱਤੇ ਕਰੋਧਵਾਨ ਹੋਣ ਤੋਂ ਹਟ ਜਾਵੇਗਾ। ਯਹੋਵਾਹ ਤੁਹਾਡੇ ਉੱਤੇ ਮਿਹਰਬਾਨ ਹੋਵੇਗਾ। ਉਹ ਤੁਹਾਡੇ ਲਈ ਅਫ਼ਸੋਸ ਕਰੇਗਾ। ਉਹ ਤੁਹਾਡੀ ਕੌਮ ਨੂੰ ਵੱਧਣ ਫ਼ੁਲਣ ਦੇਵੇਗਾ, ਜਿਵੇਂ ਕਿ ਉਸ ਨੇ ਤੁਹਾਡੇ ਪੁਰਖਿਆਂ ਨਾਲ ਇਕਰਾਰ ਕੀਤਾ ਸੀ। 18 ਜੇ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਦੀ ਗੱਲ ਸੁਣੋਗੇ ਤਾਂ ਅਜਿਹਾ ਹੀ ਵਾਪਰੇਗਾ-ਜੇ ਤੁਸੀਂ ਉਸ ਦੇ ਸਾਰੇ ਆਦੇਸ਼ਾ ਨੂੰ ਮੰਨੋਗੇ ਜਿਹੜੇ ਮੈਂ ਤੁਹਾਨੂੰ ਅੱਜ ਦਿੰਦਾ ਹਾਂ। ਤੁਹਾਨੂੰ ਉਹੀ ਕੰਮ ਕਰਨੇ ਚਾਹੀਦੇ ਹਨ ਜਿਨ੍ਹਾਂ ਨੂੰ ਯਹੋਵਾਹ, ਤੁਹਾਡਾ ਪਰਮੇਸ਼ੁਰ ਸਹੀ ਆਖਦਾ ਹੈ।

ਇਸਰਾਏਲ, ਪਰਮੇਸ਼ੁਰ ਦੇ ਖਾਸ ਲੋਕ

14 “ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਦੇ ਬੱਚੇ ਹੋ। ਜੇਕਰ ਕੋਈ ਮਰ ਜਾਵੇ, ਤੁਹਾਨੂੰ ਆਪਣੇ-ਆਪ ਨੂੰ ਸੱਟ ਮਾਰਕੇ ਜਾਂ ਆਪਣੇ ਸਿਰ ਮੁਨਾਕੇ ਅਫ਼ਸੋਸ ਨਹੀਂ ਕਰਨਾ ਚਾਹੀਦਾ। ਕਿਉਂਕਿ ਤੁਸੀਂ ਹੋਰਨਾ ਲੋਕਾਂ ਨਾਲੋਂ ਵੱਖਰੇ ਹੋ। ਤੁਸੀਂ ਯਹੋਵਾਹ ਦੇ ਖਾਸ ਬੰਦੇ ਹੋ। ਦੁਨੀਆਂ ਦੇ ਸਾਰਿਆਂ ਲੋਕਾਂ ਵਿੱਚੋਂ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਨੂੰ ਆਪਣੇ ਖਾਸ ਬੰਦੇ ਬਨਾਉਣ ਲਈ ਚੁਣਿਆ ਸੀ।

ਜਿਹੜੇ ਭੋਜਨ ਦੀ ਇਸਰਾਏਲੀਆਂ ਨੂੰ ਖਾਣ ਦੀ ਇਜਾਜ਼ਤ ਹੈ

“ਕੋਈ ਵੀ ਅਜਿਹੀ ਚੀਜ਼ ਨਾ ਖਾਉ ਜਿਸ ਨੂੰ ਯਹੋਵਾਹ ਨਫ਼ਰਤ ਕਰਦਾ ਹੈ। ਤੁਸੀਂ ਇਹ ਜਾਨਵਰ ਖਾ ਸੱਕਦੇ ਹੋ: ਗਾਵਾਂ, ਭੇਡਾਂ, ਬੱਕਰੀਆਂ, ਹਿਰਨ, ਗਜ਼ੇਲ, ਬਾਰ੍ਹਾਂ ਸਿੰਗੇ, ਜੰਗਲੀ ਭੇਡਾਂ, ਜੰਗਲੀ ਬੱਕਰੀਆਂ, ਐਂਟੀਲੋਪ ਅਤੇ ਪਹਾੜੀ ਭੇਡਾਂ। ਤੁਸੀਂ ਕੋਈ ਵੀ ਅਜਿਹਾ ਜਾਨਵਰ ਖਾ ਸੱਕਦੇ ਹੋ ਜਿਸਦੇ ਪੈਰ ਦੋ ਹਿਸਿਆਂ ਵਿੱਚ ਪਾਟੇ ਹੋਣ ਅਤੇ ਜੋ ਜੁਗਾਲੀ ਕਰਦਾ ਹੈ। ਪਰ ਊਠਾਂ, ਖਰਗੋਸ਼ਾਂ ਜਾਂ ਪਹਾੜੀ ਬਿਜੂਆਂ ਨੂੰ ਨਾ ਖਾਣਾ। ਇਹ ਜਾਨਵਰ ਜੁਗਾਲੀ ਕਰਦੇ ਹਨ, ਪਰ ਇਨ੍ਹਾਂ ਦੇ ਪੈਰ ਨਹੀਂ ਪਾਟੇ ਹੁੰਦੇ। ਇਸ ਲਈ ਇਹ ਜਾਨਵਰ ਤੁਹਾਡੇ ਲਈ ਨਾਪਾਕ ਹਨ। ਤੁਹਾਨੂੰ ਸੂਰ ਬਿਲਕੁਲ ਨਹੀਂ ਖਾਣੇ ਚਾਹੀਦੇ। ਉਨ੍ਹਾਂ ਦੇ ਪੈਰ ਤਾਂ ਪਾਟੇ ਹੁੰਦੇ ਹਨ ਪਰ ਉਹ ਜੁਗਾਲੀ ਨਹੀਂ ਕਰਦੇ। ਇਸ ਲਈ ਸੂਰ ਤੁਹਾਡੇ ਵਾਸਤੇ ਨਾਪਾਕ ਹਨ। ਇਸ ਲਈ ਕਿਸੇ ਵੀ ਸੂਰ ਦਾ ਮਾਸ ਨਾ ਖਾਉ ਅਤੇ ਸੂਰ ਦੀ ਲਾਸ਼ ਨੂੰ ਵੀ ਨਾ ਛੂਹੋ।

“ਪਾਣੀ ਵਿੱਚ ਰਹਿਣ ਵਾਲੇ ਸਾਰੇ ਪ੍ਰਾਣੀਆਂ ਵਿੱਚੋਂ, ਤੁਸੀਂ ਕਿਸੇ ਵੀ ਪਰਾਂਤੇ ਚਾਨਿਆਂ ਵਾਲੇ ਪ੍ਰਾਣੀਆਂ ਨੂੰ ਖਾ ਸੱਕਦੇ ਹੋ। 10 ਪਰ ਤੁਹਾਨੂੰ ਪਰਾਂ ਅਤੇ ਚਾਨੇ ਨਾ ਹੋਣ ਵਾਲੇ ਪ੍ਰਾਣੀਆਂ ਨੂੰ ਨਹੀਂ ਖਾਣਾ ਚਾਹੀਦਾ। ਉਹ ਤੁਹਾਡੇ ਲਈ ਨਾਪਾਕ ਹਨ।

11 “ਤੁਸੀਂ ਕੋਈ ਵੀ ਪਾਕ ਪੰਛੀ ਖਾ ਸੱਕਦੇ ਹੋ। 12 ਪਰ ਇਨ੍ਹਾਂ ਵਿੱਚੋਂ ਕੋਈ ਵੀ ਪੰਛੀ ਨਹੀਂ ਖਾਣਾ: ਬਾਜ਼, ਗਿਰਝ, ਹੱਡ ਖੋਰ, 13 ਲਾਲ ਇੱਲ, ਸਮੁੰਦਰੀ ਬਾਜ਼, ਕਿਸੇ ਵੀ ਤਰ੍ਹਾਂ ਦੀ ਇੱਲ, 14 ਕਿਸੇ ਵੀ ਤਰ੍ਹਾਂ ਦਾ ਕਾਂ, 15 ਸਿਂਗਾ ਵਾਲੇ ਉੱਲੂ, ਮਾਹੀਗੀਰ, ਕਿਸੇ ਵੀ ਤਰ੍ਹਾਂ ਦਾ ਬਾਜ਼, 16 ਛੋਟਾ ਉੱਲੂ, ਵੱਡਾ ਉੱਲੂ, ਸਫ਼ੇਦ ਉੱਲੂ, 17 ਮਾਰੂਥਲ ਦੇ ਉੱਲੂ, ਓਸ ਪ੍ਰੇਰ, ਕੋਰਮੋਰੇਂਟ, 18 ਬਗਲੇ ਅਤੇ ਕਿਸੇ ਵੀ ਤਰ੍ਹਾਂ ਦੇ ਲੰਮ ਢੀਂਗ, ਹੂਪੋ ਜਾਂ ਚਮਗਿੱਦੜ,

19 “ਪਰਾਂ ਵਾਲੇ ਸਾਰੇ ਕੀੜੇ ਨਾਪਾਕ ਹਨ। ਇਸ ਲਈ ਉਹ ਨਹੀਂ ਖਾਣੇ। 20 ਪਰ ਤੁਸੀਂ ਕੋਈ ਵੀ ਪਾਕ ਪੰਛੀ ਖਾ ਸੱਕਦੇ ਹੋ।

21 “ਕਿਸੇ ਵੀ ਆਪੇ ਮਰੇ ਹੋਏ ਜਾਨਵਰ ਨੂੰ ਨਹੀਂ ਖਾਣਾ। ਤੁਸੀਂ ਇਸ ਮੁਰਦਾ ਜਾਨਵਰ ਨੂੰ ਆਪਣੇ ਸ਼ਹਿਰ ਦੇ ਕਿਸੇ ਵਿਦੇਸ਼ੀ ਨੂੰ ਦੇ ਸੱਕਦੇ ਹੋ, ਪਰ ਤੁਹਾਨੂੰ ਇਸ ਮੁਰਦਾ ਜਾਨਵਰ ਨੂੰ ਨਹੀਂ ਖਾਣਾ ਚਾਹੀਦਾ। ਕਿਉਂਕਿ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ ਦੇ ਲੋਕ ਹੋ। ਤੁਸੀਂ ਉਸ ਦੇ ਖਾਸ ਲੋਕ ਹੋ।

“ਕਿਸੇ ਵੀ ਛੋਟੀ ਬੱਕਰੀ ਨੂੰ ਇਸਦੀ ਮਾਂ ਦੇ ਦੁੱਧ ਵਿੱਚ ਨਾ ਉਬਾਲੋ।

ਦਸਵੰਧ ਦੇਣਾ

22 “ਹਰ ਸਾਲ ਤੁਹਾਨੂੰ ਆਪਣੇ ਖੇਤਾਂ ਵਿੱਚ ਉੱਗਣ ਵਾਲੀਆਂ ਸਾਰੀਆਂ ਫ਼ਸਲਾਂ ਦਾ ਦਸਵੰਧ ਜ਼ਰੂਰ ਕੱਢਣਾ ਚਾਹੀਦਾ ਹੈ। 23 ਫ਼ੇਰ ਤੁਹਾਨੂੰ ਉਸ ਜਗ਼੍ਹਾ ਉੱਤੇ, ਯਹੋਵਾਹ ਆਪਣੇ ਪਰਮੇਸ਼ੁਰ ਨਾਲ ਹੋਣ ਲਈ ਜਾਣਾ ਚਾਹੀਦਾ ਜਿਸ ਨੂੰ ਯਹੋਵਾਹ ਨੇ ਆਪਣੇ ਨਾਮ ਲਈ ਰਿਹਾਇਸ਼ ਦੀ ਜਗ਼੍ਹਾ ਵਜੋਂ ਚੁਣਿਆ ਹੈ। ਤੁਸੀਂ ਆਪਣੀ ਫ਼ਸਲ ਦਾ ਦਸਵੰਧ, ਨਵੀਂ ਮੈਅ, ਤੇਲ ਆਪਣੇ ਇੱਜੜ ਅਤੇ ਵੱਗਾਂ ਦੇ ਪਲੋਠਿਆਂ ਨੂੰ ਖਾ ਸੱਕਦੇ ਹੋ। ਇਸ ਤਰ੍ਹਾਂ, ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ ਦੀ ਇੱਜ਼ਤ ਕਰਨੀ ਸਿੱਖ ਜਾਵੋਂਗੇ। 24 ਪਰ ਹੋ ਸੱਕਦਾ ਹੈ ਕਿ ਉਹ ਸਥਾਨ ਤੁਹਾਡੇ ਲਈ ਲੰਮੀ ਮੁਸਾਫ਼ਰੀ ਵਾਲਾ ਹੋਵੇ। ਹੋ ਸੱਕਦਾ ਹੈ ਕਿ ਤੁਸੀਂ ਆਪਣੀਆਂ ਉਨ੍ਹਾਂ ਸਾਰੀਆਂ ਫ਼ਸਲਾਂ ਦਾ ਦਸਵੰਧ ਚੁੱਕ ਕੇ ਨਾ ਲੈ ਜਾ ਸੱਕੋ ਜਿਸਦੀ ਤੁਹਾਨੂੰ ਯਹੋਵਾਹ ਨੇ ਅਸੀਸ ਦਿੱਤੀ ਹੈ। ਜੇ ਅਜਿਹਾ ਵਾਪਰੇ, ਤਾਂ 25 ਆਪਣੀਆਂ ਫ਼ਸਲਾਂ ਦੇ ਉਸ ਹਿੱਸੇ ਨੂੰ ਵੇਚ ਦੇਵੋ। ਆਪਣੇ ਨਾਲ ਉਹ ਪੈਸਾ ਲੈ ਕੇ ਉਸ ਖਾਸ ਸਥਾਨ ਉੱਤੇ ਜਾਉ ਜਿਸਦੀ ਯਹੋਵਾਹ ਨੇ ਚੋਣ ਕੀਤੀ ਹੈ। 26 ਉਸ ਪੈਸੇ ਨਾਲ ਆਪਣੀ ਇੱਛਾ ਅਨੁਸਾਰ ਕੋਈ ਵੀ ਚੀਜ਼ ਖਰੀਦੋ-ਗਾਵਾਂ, ਭੇਡਾਂ, ਮੈਅ ਜਾਂ ਬੀਅਰ ਜਾਂ ਕੋਈ ਹੋਰ ਭੋਜਨ। ਫ਼ੇਰ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਉਸ ਸਥਾਨ ਉੱਤੇ ਯਹੋਵਾਹ, ਆਪਣੇ ਪਰਮੇਸ਼ੁਰ ਨਾਲ ਭੋਜਨ ਦਾ ਆਨੰਦ ਮਾਨਣਾ ਚਾਹੀਦਾ ਹੈ। 27 ਪਰ ਆਪਣੇ ਸ਼ਹਿਰ ਵਿੱਚ ਰਹਿਣ ਵਾਲੇ ਲੇਵੀਆਂ ਨੂੰ ਨਾ ਭੁੱਲਣਾ। ਆਪਣਾ ਭੋਜਨ ਉਨ੍ਹਾਂ ਨਾਲ ਸਾਂਝਾ ਕਰਨਾ। ਕਿਉਂਕਿ ਉਨ੍ਹਾਂ ਕੋਲ ਤੁਹਾਡੇ ਵਾਂਗ ਧਰਤੀ ਦਾ ਹਿੱਸਾ ਨਹੀਂ ਹੈ।

28 “ਹਰ ਤਿੰਨ ਸਾਲ ਬਾਦ, ਤੁਹਾਨੂੰ ਉਸ ਸਾਲ ਦੀ ਆਪਣੀ ਫ਼ਸਲ ਦਾ ਦਸਵੰਧ ਇੱਕਤਰ ਕਰਨਾ ਚਾਹੀਦਾ ਹੈ। ਇਸ ਭੋਜਨ ਨੂੰ ਆਪਣੇ ਕਸਬਿਆਂ ਵਿੱਚ ਜਮ੍ਹਾਂ ਕਰੋ ਜਿੱਥੇ ਹੋਰ ਲੋਕ ਇਸ ਨੂੰ ਵਰਤ ਸੱਕਦੇ ਹੋਣ। 29 ਇਹ ਭੋਜਨ ਲੇਵੀਆਂ ਲਈ ਹੈ, ਕਿਉਂਕਿ ਉਨ੍ਹਾਂ ਕੋਲ ਧਰਤੀ ਦਾ ਕੋਈ ਆਪਣਾ ਹਿੱਸਾ ਨਹੀਂ ਹੈ। ਇਹ ਭੋਜਨ ਤੁਹਾਡੇ ਕਸਬੇ ਦੇ ਹੋਰਨਾ ਲੋੜਵੰਦ ਲੋਕਾਂ ਲਈ ਹੈ। ਇਹ ਭੋਜਨ ਵਿਦੇਸ਼ੀਆਂ, ਵਿਧਵਾਵਾਂ ਅਤੇ ਯਤੀਮਾਂ ਲਈ ਹੈ। ਜੇ ਤੁਸੀਂ ਅਜਿਹਾ ਕਰੋਂਗੇ ਤਾਂ ਯਹੋਵਾਹ, ਤੁਹਾਡਾ ਪਰਮੇਸ਼ੁਰ ਤੁਹਾਨੂੰ ਹਰ ਤਰ੍ਹਾਂ ਦੀ ਅਸੀਸ ਦੇਵੇਗਾ।

ਜ਼ਬੂਰ 99-101

99 ਯਹੋਵਾਹ ਰਾਜਾ ਹੈ।
    ਇਸ ਲਈ ਕੌਮਾਂ ਨੂੰ ਡਰ ਨਾਲ ਕੰਬਣ ਦਿਉ।
ਪਰਮੇਸ਼ੁਰ ਤੇਜ਼ ਦੇ ਕਰੂਬੀਆਂ ਉੱਤੇ ਰਾਜੇ ਵਾਂਗ ਬੈਠਾ ਹੈ।
    ਇਸ ਲਈ ਦੁਨੀਆਂ ਨੂੰ ਡਰ ਨਾਲ ਕੰਬਣ ਦਿਉ।
ਯਹੋਵਾਹ ਪਰਮੇਸ਼ੁਰ ਸੀਯੋਨ ਵਿੱਚ ਮਹਾਨ ਹੈ।
    ਉਹ ਸਾਰੇ ਲੋਕਾਂ ਦਾ ਮਹਾਨ ਆਗੂ ਹੈ।
ਸਾਰੇ ਲੋਕ ਤੁਹਾਡੇ ਨਾਮ ਦੀ ਉਸਤਤਿ ਕਰਨ।
    ਪਰਮੇਸ਼ੁਰ ਦਾ ਨਾਮ ਭਰਮ ਭਰਿਆ ਹੈ।
    ਪਰਮੇਸ਼ੁਰ ਪਵਿੱਤਰ ਹੈ।
ਸ਼ਕਤੀਸ਼ਾਲੀ ਰਾਜਾ ਇਨਸਾਫ਼ ਨੂੰ ਪਿਆਰ ਕਰਦਾ ਹੈ।
    ਹੇ ਪਰਮੇਸ਼ੁਰ ਤੁਸੀਂ ਚੰਗਿਆਈ ਬਣਾਈ।
    ਤੁਸੀਂ ਇਸਰਾਏਲ ਵਿੱਚ ਨਿਆਂ ਅਤੇ ਨਿਰਪੱਖਤਾ ਲਿਆਂਦੀ।
ਯਹੋਵਾਹ ਆਪਣੇ ਪਰਮੇਸ਼ੁਰ ਦੀ ਉਸਤਤਿ ਕਰੋ,
    ਅਤੇ ਉਸ ਦੇ ਪਵਿੱਤਰ ਚਰਨਾਂ ਦੀ ਚੌਂਕੀ [a] ਉੱਤੇ ਉਪਾਸਨਾ ਕਰੋ।
ਮੂਸਾ ਅਤੇ ਹਾਰੂਨ ਉਸ ਦੇ ਕੁਝ ਜਾਜਕ ਸਨ।
    ਅਤੇ ਸਮੂਏਲ ਉਨ੍ਹਾਂ ਵਿੱਚੋਂ ਇੱਕ ਸੀ ਜਿਸਨੇ ਪਰਮੇਸ਼ੁਰ ਦੇ ਨਾਮ ਤੇ ਪੁਕਾਰਿਆ ਸੀ।
ਉਨ੍ਹਾਂ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ
    ਅਤੇ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ।
ਪਰਮੇਸ਼ੁਰ ਬੱਦਲ ਦੇ ਥੰਮ ਵਿੱਚੋਂ ਬੋਲਿਆ
    ਉਨ੍ਹਾਂ ਨੇ ਉਸ ਦੇ ਹੁਕਮ ਮੰਨੇ
    ਅਤੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਨੇਮ ਪ੍ਰਦਾਨ ਕੀਤਾ।
ਹੇ ਪਰਮੇਸ਼ੁਰ ਸਾਡੇ ਯਹੋਵਾਹ, ਤੁਸੀਂ ਉਨ੍ਹਾਂ ਦੀਆਂ ਪ੍ਰਾਰਥਨਾ ਦਾ ਉੱਤਰ ਦਿੱਤਾ।
    ਤੁਸੀਂ ਉਨ੍ਹਾਂ ਨੂੰ ਦਰਸਾ ਦਿੱਤਾ ਕਿ ਤੁਸੀਂ ਬਖਸ਼ਣ ਹਾਰ ਪਰਮੇਸ਼ੁਰ ਹੋ।
    ਅਤੇ ਤੁਸੀਂ ਲੋਕਾਂ ਨੂੰ ਉਨ੍ਹਾਂ ਦੇ ਮੰਦੇ ਕੰਮਾਂ ਵਾਸਤੇ ਦੰਡ ਦਿੰਦੇ ਹੋ।
ਸਾਡੇ ਯਹੋਵਾਹ ਪਰਮੇਸ਼ੁਰ ਦੀ ਉਸਤਤਿ ਕਰੋ,
    ਉਸ ਦੇ ਪਵਿੱਤਰ ਪਰਬਤ ਵੱਲ ਸਿਜਦਾ ਕਰੋ ਅਤੇ ਉਸਦੀ ਉਪਾਸਨਾ ਕਰੋ।
    ਪਰਮੇਸ਼ੁਰ ਸੱਚਮੁੱਚ ਪਵਿੱਤਰ।

ਧੰਨਵਾਦ ਦਾ ਗੀਤ।

100 ਹੇ ਧਰਤੀ ਯਹੋਵਾਹ ਦੇ ਗੀਤ ਗਾ।
ਯਹੋਵਾਹ ਦੀ ਸੇਵਾ ਕਰਦਿਆਂ ਖੁਸ਼ ਹੋ।
    ਪ੍ਰਸੰਨ ਗੀਤਾਂ ਦੇ ਨਾਲ ਯਹੋਵਾਹ ਦੇ ਸਨਮੁੱਖ ਆ।
ਜਾਣ ਲਵੋ ਕਿ ਯਹੋਵਾਹ ਪਰਮੇਸ਼ੁਰ ਹੈ।
    ਉਸ ਨੇ ਅਸਾਂ ਨੂੰ ਸਾਜਿਆ। ਅਸੀਂ ਉਸ ਦੇ ਲੋਕ ਹਾਂ,
    ਅਸੀਂ ਉਸ ਦੀਆਂ ਭੇਡਾਂ ਹਾਂ।
ਉਸ ਦੇ ਸ਼ਹਿਰ ਵਿੱਚ ਧੰਨਵਾਦ ਦੇ ਗੀਤ ਲੈ ਕੇ ਆਵੋ।
    ਉਸ ਦੇ ਮੰਦਰ ਵੱਲ ਉਸਤਤਿ ਦੇ ਗੀਤ ਲੈ ਕੇ ਆਵੋ।
    ਉਸਦੀ ਉਸਤਤਿ ਕਰੋ ਅਤੇ ਉਸ ਦੇ ਨਾਮ ਨੂੰ ਅਸੀਸ ਦੇਵੋ।
ਯਹੋਵਾਹ ਸ਼ੁਭ ਹੈ।
    ਉਸਦਾ ਪਿਆਰ ਸਦੀਵੀ ਹੈ।
    ਅਸੀਂ ਉਸ ਉੱਤੇ ਸਦਾ-ਸਦਾ ਲਈ ਉਸ ਉੱਤੇ ਵਿਸ਼ਵਾਸ ਕਰ ਸੱਕਦੇ ਹਾਂ।

ਦਾਊਦ ਦਾ ਇੱਕ ਗੀਤ।

101 ਮੈਂ ਪਿਆਰ ਅਤੇ ਨਿਰਪੱਖਤਾ ਦੇ ਗੀਤ ਗਾਵਾਂਗਾ।
    ਯਹੋਵਾਹ, ਮੈਂ ਤੁਹਾਨੂੰ ਗੀਤ ਸੁਣਾਵਾਂਗਾ।
ਮੈਂ ਹੁਸ਼ਿਆਰੀ ਨਾਲ ਸਾਫ਼ ਸੁਥਰਾ ਜੀਵਨ ਜੀਵਾਂਗਾ।
    ਮੈਂ ਆਪਣੇ ਘਰ ਵਿੱਚ ਪਵਿੱਤਰ ਜੀਵਨ ਜੀਵਾਂਗਾ।
    ਯਹੋਵਾਹ, ਤੁਸੀਂ ਮੇਰੇ ਕੋਲ ਕਦੋਂ ਆਵੋਂਗੇ?
ਮੈਂ ਆਪਣੇ ਸਾਹਮਣੇ ਕੋਈ ਵੀ ਮੂਰਤੀ ਨਹੀਂ ਰੱਖਾਂਗਾ।
    ਮੈਂ ਤੁਹਾਡੇ ਵਿਰੋਧੀ ਲੋਕਾਂ ਨੂੰ ਨਫ਼ਰਤ ਕਰਦਾ ਹਾਂ।
    ਮੈਂ ਇਹ ਨਹੀਂ ਕਰਾਂਗਾ।
ਮੈਂ ਇਮਾਨਦਾਰ ਬਣਾਂਗਾ।
    ਮੈਂ ਕੋਈ ਮੰਦੇ ਕੰਮ ਨਹੀਂ ਕਰਾਂਗਾ।
ਜੇ ਕੋਈ ਪਿੱਠ ਪਿੱਛੇ ਆਪਣੇ ਗੁਆਂਢੀ ਬਾਰੇ ਮੰਦਾ ਬੋਲਦਾ ਹੈ।
    ਮੈਂ ਉਸ ਆਦਮੀ ਨੂੰ ਇਜਾਜ਼ਤ ਨਹੀਂ ਦਿਆਂਗਾ।
ਮੈਂ ਘਮੰਡੀਆਂ ਨੂੰ ਕਬੂਲ ਨਹੀਂ ਕਰ ਸੱਕਦਾ
    ਜਿਹੜੇ ਸੋਚਦੇ ਹਨ ਕਿ ਉਹ ਦੂਸਰਿਆਂ ਨਾਲੋਂ ਬਿਹਤਰ ਹਨ।

ਮੈਂ ਦੇਸ਼ ਭਰ ਵਿੱਚ ਉਨ੍ਹਾਂ ਲੋਕਾਂ ਦੀ ਭਾਲ ਕਰਾਂਗਾ ਜਿਨ੍ਹਾਂ ਉੱਤੇ ਭਰੋਸਾ ਕੀਤਾ ਜਾ ਸੱਕਦਾ ਹੈ,
    ਅਤੇ ਮੈਂ ਸਿਰਫ਼ ਉਨ੍ਹਾਂ ਲੋਕਾਂ ਤੋਂ ਹੀ ਆਪਣੀ ਸੇਵਾ ਕਰਾਵਾਂਗਾ।
    ਸਿਰਫ਼ ਉਹੀ ਲੋਕ ਜਿਹੜੇ ਪਵਿੱਤਰ ਜੀਵਨ ਜਿਉਂਦੇ ਹਨ ਮੇਰੇ ਸੇਵਕ ਹੋ ਸੱਕਦੇ ਹਨ।
ਮੈਂ ਝੂਠਿਆਂ ਨੂੰ ਆਪਣੇ ਘਰ ਅੰਦਰ ਨਹੀਂ ਰਹਿਣ ਦਿਆਂਗਾ।
    ਮੈਂ ਝੂਠਿਆਂ ਨੂੰ ਆਪਣੇ ਨੇੜੇ ਨਹੀਂ ਰਹਿਣ ਦਿਆਂਗਾ।
ਮੈਂ ਇਸ ਦੇਸ਼ ਵਿੱਚ ਰਹਿਣ ਵਾਲੇ ਮੰਦੇ ਲੋਕਾਂ ਦਾ ਹਮੇਸ਼ਾ ਨਾਸ਼ ਕਰਾਂਗਾ।
    ਮੈਂ ਮੰਦੇ ਲੋਕਾਂ ਨੂੰ ਪਰਮੇਸ਼ੁਰ ਦਾ ਸ਼ਹਿਰ ਛੱਡਣ ਤੇ ਮਜਬੂਰ ਕਰ ਦਿਆਂਗਾ।

ਯਸਾਯਾਹ 41

ਯਹੋਵਾਹ ਸਦੀਵੀ ਸਿਰਜਣਹਾਰ ਹੈ

41 ਆਖਦਾ ਹੈ ਯਹੋਵਾਹ,
“ਦੂਰ ਦੁਰਾਡੇ ਦੇ ਦੇਸ਼ੋ, ਹੋ ਜਾਵੋ ਸ਼ਾਂਤ ਅਤੇ ਆ ਜਾਵੋ ਮੇਰੇ ਵੱਲ!
    ਕੌਮੋ ਬਹਾਦੁਰ ਬਣੋ।
ਮੇਰੇ ਵੱਲ ਆਵੋ ਤੇ ਗੱਲ ਕਰੋ।
    ਮਿਲਾਂਗੇ ਅਸੀਂ ਇੱਕ ਦੂਜੇ ਨਾਲ
    ਤੇ ਨਿਆਂ ਕਰਾਂਗੇ ਅਸੀਂ ਕਿ ਕੌਣ ਸਹੀ ਹੈ।
ਦੇਵੋ ਮੈਨੂੰ ਜਵਾਬ ਇਨ੍ਹਾਂ ਸਵਾਲਾਂ ਦੇ: ਕਿਸ ਨੇ ਜਗਾਇਆ ਉਸ ਬੰਦੇ ਨੂੰ ਆ ਰਿਹਾ ਹੈ ਜੋ ਪੂਰਬ ਵੱਲੋਂ?
    ਨੇਕੀ ਉਸ ਦੇ ਨਾਲ ਤੁਰਦੀ ਹੈ।
ਇਸਤੇਮਾਲ ਕਰਦਾ ਹੈ ਉਹ ਤਲਵਾਰ ਆਪਣੀ ਨੂੰ
    ਤੇ ਹਰਾ ਦਿੰਦਾ ਹੈ ਕੌਮਾਂ ਨੂੰ ਬਣ ਜਾਂਦੇ ਨੇ ਖਾਕ ਉਹ।
ਇਸਤੇਮਾਲ ਕਰਦਾ ਹੈ ਉਹ ਆਪਣੀ ਕਮਾਨ ਦਾ ਤੇ ਜਿਤ੍ਤਦਾ ਹੈ
    ਰਾਜਿਆਂ ਨੂੰ ਭੱਜ ਜਾਂਦੇ ਨੇ ਉਹ ਹਵਾ ਦੇ ਉਡਾਏ ਤਿਨਕਿਆਂ ਵਾਂਗ।
ਪਿੱਛ੍ਛਾ ਕਰਦਾ ਹੈ ਉਹ ਫ਼ੌਜਾਂ ਦਾ ਤੇ ਹੁੰਦਾ ਨਹੀਂ ਕਦੇ ਜ਼ਖਮੀ।
    ਜਾਂਦਾ ਹੈ ਉਹ ਉਨ੍ਹਾਂ ਥਾਵਾਂ ਉੱਤੇ ਜਿੱਥੇ ਗਿਆ ਨਹੀਂ ਪਹਿਲਾਂ ਕਦੇ ਵੀ ਉਹ।
ਕੌਣ ਕਾਰਣ ਬਣਿਆ ਇਨ੍ਹਾਂ ਗੱਲਾਂ ਦੇ ਵਾਪਰਨ ਦਾ?
    ਕਿਸਨੇ ਕੀਤਾ ਇਹ ਸਭ? ਕਿਸਨੇ ਬੁਲਾਇਆ ਸਮੂਹ ਲੋਕਾਂ ਨੂੰ ਸ਼ੁਰੂਆਤ ਤੋਂ?
ਮੈਂ, ਯਹੋਵਾਹ ਨੇ, ਇਹ ਗੱਲਾਂ ਕੀਤੀਆਂ! ਮੈਂ, ਯਹੋਵਾਹ, ਹੀ ਪਹਿਲਾ ਹਾਂ।
    ਮੈਂ ਸ਼ੁਰੂ ਤੋਂ ਹੀ ਇੱਥੇ ਸਾਂ
    ਅਤੇ ਮੈਂ ਇੱਥੇ ਸਾਰੀਆਂ ਚੀਜਾਂ ਖਤਮ ਹੋਣ ਤੋਂ ਬਾਅਦ ਵੀ ਰਹਾਂਗਾ।
ਤੁਸੀਂ ਸਮੂਹ ਦੂਰ-ਦੁਰਾਡੇ ਸਥਾਨੋ ਦੇਖੋ,
    ਅਤੇ ਭੈਭੀਤ ਹੋ ਜਾਵੋ!
ਤੁਸੀਂ ਧਰਤੀ ਦਿਓ ਸਮੂਹ ਦੂਰ-ਦੁਰਾਡੇ ਸਥਾਨੋ,
    ਡਰ ਨਾਲ ਕੰਬ ਜਾਵੋ!
ਇੱਥੇ ਆਵੋ ਤੇ ਮੇਰੀ ਗੱਲ ਸੁਣੋ!”
    ਅਤੇ ਉਹ ਆ ਗਏ।

“ਕਾਮੇ ਇੱਕ ਦੂਜੇ ਦੀ ਸਹਾਇਤਾ ਕਰਦੇ ਹਨ। ਉਹ ਇੱਕ ਦੂਜੇ ਨੂੰ ਮਜ਼ਬੂਤ ਹੋਣ ਲਈ ਉਤਸਾਹਿਤ ਕਰਦੇ ਹਨ। ਇੱਕ ਕਾਮਾ ਤਰਾਸ਼ਦਾ ਹੈ ਲੱਕੜ ਨੂੰ ਮੂਰਤੀ ਬਨਾਉਣ ਲਈ ਉਹ ਉਤਸਾਹਿਤ ਕਰਦਾ ਹੈ ਉਸ ਬੰਦੇ ਨੂੰ ਜਿਹੜਾ ਸੋਨੇ ਦਾ ਕੰਮ ਕਰਦਾ ਹੈ। ਦੂਸਰਾ ਬੰਦਾ ਇਸਤੇਮਾਲ ਕਰਦਾ ਹੈ ਹਬੌੜੇ ਦਾ ਅਤੇ ਧਾਤ ਨੂੰ ਸਿੱਧਾ ਕਰਦਾ ਹੈ। ਫ਼ੇਰ ਉਹ ਕਾਮਾ ਆਹਰਣ ਉੱਤੇ ਕੰਮ ਕਰਦੇ ਬੰਦੇ ਨੂੰ ਉਤਸਾਹਿਤ ਕਰਦਾ ਹੈ। ਇਹ ਆਖਰੀ ਕਾਮਾ ਆਖਦਾ ਹੈ, ‘ਇਹ ਕੰਮ ਚੰਗਾ ਹੈ, ਧਾਤ ਬਾਹਰ ਨਹੀਂ ਆਵੇਗੀ।’ ਫ਼ੇਰ ਉਹ ਮੂਰਤੀ ਨੂੰ ਆਧਾਰ ਉੱਤੇ ਗੱਡਦਾ ਹੈ ਤਾਂ ਜੋ ਇਹ ਡਿੱਗੇ ਨਾ। ਅਤੇ ਇਹ ਕਦੇ ਨਹੀਂ ਹਿਲਦੀ!”

ਸਿਰਫ਼ ਯਹੋਵਾਹ ਹੀ ਸਾਨੂੰ ਬਚਾ ਸੱਕਦਾ ਹੈ

ਯਹੋਵਾਹ ਆਖਦਾ ਹੈ: “ਇਸਰਾਏਲ, ਤੂੰ ਮੇਰਾ ਸੇਵਕ ਹੈ।
    ਯਾਕੂਬ ਤੈਨੂੰ ਮੈਂ ਚੁਣਿਆ ਸੀ।
ਤੂੰ ਅਬਰਾਹਾਮ ਦੇ ਪਰਿਵਾਰ ਵਿੱਚੋਂ ਹੈਂ।
    ਅਤੇ ਮੈਂ ਅਬਰਾਹਾਮ ਨੂੰ ਪਿਆਰ ਕਰਦਾ ਸਾਂ।
ਤੂੰ ਦੂਰ-ਦੁਰਾਡੇ ਦੇਸ਼ ਵਿੱਚ ਸੈਂ,
    ਪਰ ਮੈਂ ਤੇਰੇ ਤੀਕ ਪਹੁੰਚਿਆ ਸਾਂ।
ਮੈਂ ਤੈਨੂੰ ਉਸ ਦੂਰ-ਦੁਰਾਡੀ ਥਾਂ ਤੋਂ ਬੁਲਾਇਆ ਸੀ।
    ਮੈਂ ਆਖਿਆ ਸੀ, ‘ਤੂੰ ਮੇਰਾ ਸੇਵਕ ਹੈਂ।’
ਮੈਂ ਤੈਨੂੰ ਚੁਣਿਆ ਸੀ।
    ਅਤੇ ਮੈਂ ਤੈਨੂੰ ਨਹੀਂ ਤਿਆਗਿਆ ਹੈ।
10 ਫ਼ਿਕਰ ਨਾ ਕਰ, ਮੈਂ ਤੇਰੇ ਨਾਲ ਹਾਂ।
    ਭੈਭੀਤ ਨਾ ਹੋ, ਮੈਂ ਤੇਰਾ ਪਰਮੇਸ਼ੁਰ ਹਾਂ।
ਮੈਂ ਤੈਨੂੰ ਮਜ਼ਬੂਤ ਬਣਾਵਾਂਗਾ।
    ਮੈਂ ਤੇਰੀ ਸਹਾਇਤਾ ਕਰਾਂਗਾ।
ਮੈਂ ਤੈਨੂੰ ਆਪਣੇ ਚੰਗੇ ਸੱਜੇ ਹੱਥ ਨਾਲ ਸਹਾਰਾ ਦਿਆਂਗਾ।
11 ਦੇਖ, ਕੁਝ ਲੋਕੀ ਤੇਰੇ ਨਾਲ ਨਾਰਾਜ਼ ਹਨ।
    ਪਰ ਉਹ ਸ਼ਰਮਸਾਰ ਹੋਵਣਗੇ।
    ਤੇਰੇ ਦੁਸ਼ਮਣ ਗੁਆਚ ਜਾਵਣਗੇ ਅਤੇ ਗੁੰਮ ਜਾਣਗੇ।
12 ਤੂੰ ਉਨ੍ਹਾਂ ਲੋਕਾਂ ਨੂੰ ਭਾਲੇਁਗਾ ਜਿਹੜੇ ਤੇਰੇ ਖਿਲਾਫ਼ ਹਨ,
    ਪਰ ਉਹ ਤੈਨੂੰ ਨਹੀਂ ਲੱਭਣਗੇ।
ਜਿਹੜੇ ਲੋਕ ਤੇਰੇ ਵਿਰੁੱਧ ਲੜੇ ਸਨ
    ਪੂਰੀ ਤਰ੍ਹਾਂ ਅਲੋਪ ਹੋ ਜਾਣਗੇ।
13 ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ।
    ਮੈਂ ਤੇਰਾ ਸੱਜਾ ਹੱਥ ਫ਼ੜਿਆ ਹੋਇਆ ਹੈ।
ਅਤੇ ਮੈਂ ਤੈਨੂੰ ਆਖਦਾ ਹਾਂ: ਭੈਭੀਤ ਨਾ ਹੋ।
    ਮੈਂ ਤੇਰੀ ਸਹਾਇਤਾ ਕਰਾਂਗਾ।
14 ਮੁੱਲਵਾਨ ਯਹੂਦਾਹ, ਭੈਭੀਤ ਨਾ ਹੋ!
    ਮੇਰੇ ਪਿਆਰੇ ਇਸਰਾਏਲ ਦੇ ਬੰਦਿਓ, ਡਰੋ ਨਾ!
    ਮੈਂ ਸੱਚਮੁੱਚ ਤੁਹਾਡੀ ਸਹਾਇਤਾ ਕਰਾਂਗਾ।”

ਯਹੋਵਾਹ ਨੇ ਖੁਦ ਆਖੀਆਂ ਇਹ ਗੱਲਾਂ।

ਇਸਰਾਏਲ ਦਾ ਪਵਿੱਤਰ ਪੁਰੱਖ, ਉਹ ਜੋ ਤੁਹਾਨੂੰ ਬਚਾਉਂਦਾ ਹੈ,
    ਉਸ ਨੇ ਆਖੀਆਂ ਇਹ ਗੱਲਾਂ:
15 “ਦੇਖੋ, ਮੈਂ ਤੁਹਾਨੂੰ ਫ਼ਸਲ ਕੁਟ੍ਟਣ ਵਾਲੇ ਤਖਤੇ ਵਾਂਗ ਬਣਾ ਦਿੱਤਾ ਹੈ।
    ਉਸ ਸੰਦ ਦੇ ਦੰਦ ਬਹੁਤ ਤਿੱਖੇ ਹਨ ਕਿਸਾਨ ਇਸ ਦਾ ਇਸਤੇਮਾਲ ਅਨਾਜ ਦਾ ਛਿਲਕਾ ਲਾਹੁਣ ਲਈ ਕਰਦੇ ਹਨ।
ਤੁਸੀਂ ਪਹਾੜਾਂ ਉੱਤੇ ਚੱਲੋਂਗੇ ਤੇ ਇਨ੍ਹਾਂ ਨੂੰ ਕੁਚਲ ਦਿਓਁਗੇ।
    ਤੁਸੀਂ ਪਹਾੜੀਆਂ ਨੂੰ ਉਸ ਤੂੜੀ ਵਾਂਗ ਬਣਾ ਦਿਓਁਗੇ।
16 ਤੁਸੀਂ ਉਨ੍ਹਾਂ ਨੂੰ ਹਵਾ ਵਿੱਚ ਸੁੱਟ ਦਿਓਁਗੇ,
    ਤੇ ਹਵਾ ਉਨ੍ਹਾਂ ਨੂੰ ਉਡਾ ਕੇ ਖਿੰਡਾ ਦੇਵੇਗੀ।
ਫ਼ੇਰ ਤੁਸੀਂ ਯਹੋਵਾਹ ਦੇ ਨਮਿੱਤ ਖੁਸ਼ ਹੋਵੋਂਗੇ।
    ਤੁਸੀਂ ਇਸਰਾਏਲ ਦੇ ਉਸ ਪਵਿੱਤਰ ਪੁਰੱਖ ਦਾ ਬਹੁਤ ਮਾਣ ਕਰੋਂਗੇ।”

17 “ਗਰੀਬ ਤੇ ਲੋੜਵਂਦ ਪਾਣੀ ਦੀ ਤਲਾਸ਼ ਕਰਦੇ ਨੇ
    ਪਰ ਉਨ੍ਹਾਂ ਨੂੰ ਇਹ ਕਿਤੇ ਵੀ ਨਹੀਂ ਮਿਲਦਾ।
    ਉਹ ਪਿਆਸੇ ਨੇ।
ਉਨ੍ਹਾਂ ਦੀਆਂ ਜੀਭਾਂ ਖੁਸ਼ਕ ਹਨ।
ਮੈਂ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਨੂੰ ਸੁਣਾਂਗਾ।
    ਮੈਂ ਉਨ੍ਹਾਂ ਨੂੰ ਛੱਡ ਕੇ ਨਹੀਂ ਜਾਵਾਂਗਾ ਤੇ ਮਰਨ ਨਹੀਂ ਦਿਆਂਗਾ।
18 ਮੈਂ ਸੁੱਕੀਆਂ ਪਹਾੜੀਆਂ ਉੱਤੇ ਨਦੀਆਂ ਵਗਾ ਦਿਆਂਗਾ,
    ਮੈਂ ਵਾਦੀਆਂ ਵਿੱਚੋਂ ਚਸ਼ਮੇ ਵਗਾ ਦਿਆਂਗਾ।
ਮੈਂ ਮਾਰੂਬਲ ਨੂੰ ਪਾਣੀ ਦੀ ਭਰੀ ਹੋਈ ਝੀਲ ਵਿੱਚ ਬਦਲ ਦਿਆਂਗਾ।
    ਓੱਥੇ, ਉਸ ਖੁਸ਼ਕ ਧਰਤੀ ਵਿੱਚ ਪਾਣੀ ਦੇ ਚਸ਼ਮੇ ਹੋਣਗੇ।
19 ਮਾਰੂਬਲ ਅੰਦਰ ਰੁੱਖ ਉੱਗਣਗੇ।
    ਓੱਥੇ ਦਿਆਰ, ਸ਼ਿੱਟਾਹ, ਜ਼ੈਤੂਨ, ਸਰੂ, ਫ਼ਰ ਅਤੇ ਪਾਈਨ ਦੇ ਰੁੱਖ ਹੋਣਗੇ।
20 ਲੋਕ ਇਨ੍ਹਾਂ ਗੱਲਾਂ ਨੂੰ ਦੇਖਣਗੇ ਤੇ ਉਹ ਜਾਣ ਲੈਣਗੇ
    ਕਿ ਇਹ ਸਭ ਕੁਝ ਯਹੋਵਾਹ ਦੀ ਸ਼ਕਤੀ ਨੇ ਕੀਤਾ ਹੈ।
ਲੋਕ ਇਨ੍ਹਾਂ ਚੀਜ਼ਾਂ ਨੂੰ ਦੇਖਣਗੇ, ਤੇ ਉਹ ਜਾਨਣ ਲੱਗ ਪੈਣਗੇ
    ਕਿ ਇਸਰਾਏਲ ਦੇ ਪਵਿੱਤਰ ਪੁਰੱਖ ਨੇ ਇਹ ਗੱਲਾਂ ਕੀਤੀਆਂ ਨੇ।”

ਯਹੋਵਾਹ ਝੂਠੇ ਦੇਵਤਿਆਂ ਨੂੰ ਵੰਗਾਰਦਾ ਹੈ

21 ਯਾਕੂਬ ਦਾ ਰਾਜਾ, ਯਹੋਵਾਹ ਆਖਦਾ ਹੈ, “ਆਓ ਦੱਸੋ ਆਪਣੀਆਂ ਦਲੀਲਾਂ। ਦਿਖਾਓ ਮੈਨੂੰ ਆਪਣਾ ਸਬੂਤ, ਅਤੇ ਅਸੀਂ ਨਿਆਂ ਕਰ ਲਵਾਂਗੇ ਕਿ ਕਿਹੜੀਆਂ ਗੱਲਾਂ ਸਹੀ ਹਨ। 22 ਤੁਹਾਡੀਆਂ ਮੂਰਤੀਆਂ ਇੱਥੇ ਆਉਣ ਤੇ ਸਾਨੂੰ ਦੱਸਣ ਕਿ ਕੀ ਹੋ ਰਿਹਾ ਹੈ।” ਆਦਿ ਵਿੱਚ ਕੀ ਵਾਪਰਿਆ? ਭਵਿੱਖ ਵਿੱਚ ਕੀ ਵਾਪਰੇਗਾ? ਦੱਸੋ ਸਾਨੂੰ! ਅਸੀਂ ਧਿਆਨ ਨਾਲ ਸੁਣਾਂਗੇ। ਫ਼ੇਰ ਅਸੀਂ ਜਾਣ ਲਵਾਂਗੇ ਕਿ ਅੱਗੋਂ ਕੀ ਹੋਵੇਗਾ। 23 ਸਾਨੂੰ ਉਹ ਗੱਲਾਂ ਦੱਸੋ ਜਿਨ੍ਹਾਂ ਦੀ ਸਾਨੂੰ ਇਹ ਜਾਨਣ ਲਈ ਤਲਾਸ਼ ਕਰਨੀ ਚਾਹੀਦੀ ਹੈ ਕਿ ਕੀ ਵਾਪਰੇਗਾ। ਫ਼ੇਰ ਅਸੀਂ ਵਿਸ਼ਵਾਸ ਕਰ ਲਵਾਂਗੇ ਕਿ ਤੁਸੀਂ ਸੱਚਮੁੱਚ ਦੇਵਤੇ ਹੋ। ਕੁਝ ਕਰੋ! ਕੁਝ ਵੀ ਕਰੋ, ਚੰਗਾ ਜਾਂ ਬੁਰਾ! ਫ਼ੇਰ ਅਸੀਂ ਦੇਖ ਸੱਕਾਂਗੇ ਕਿ ਤੁਸੀਂ ਜਿਉਂਦੇ ਹੋ। ਅਤੇ ਅਸੀਂ ਤੁਹਾਡੇ ਪਿੱਛੇ ਲੱਗ ਪਵਾਂਗਾ।

24 “ਦੇਖੋ, ਝੂਠੇ ਦੇਵਤਿਓ, ਤੁਸੀਂ ਕੁਝ ਵੀ ਨਹੀਂ ਨਾਲੋਂ ਵੀ ਘੱਟ ਹੋ! ਤੁਸੀਂ ਕੁਝ ਵੀ ਨਹੀਂ ਕਰ ਸੱਕਦੇ! ਸਿਰਫ਼ ਨਿਕਂਮਾ ਬੰਦਾ ਹੀ ਤੁਹਾਡੀ ਉਪਾਸਨਾ ਕਰਨੀ ਚਾਹੇਗਾ!”

ਯਹੋਵਾਹ ਸਾਬਤ ਕਰਦਾ ਹੈ ਓਹੀ ਇੱਕੋ ਇੱਕ ਪਰਮੇਸ਼ੁਰ ਹੈ

25 “ਉੱਤਰ ਵਿੱਚ ਮੈਂ ਇੱਕ ਬੰਦੇ ਨੂੰ ਜਗਾਇਆ।
    ਉਹ ਪੂਰਬ ਵੱਲੋਂ, ਜਿੱਥੇ ਸੂਰਜ ਉੱਗਦਾ, ਆ ਰਿਹਾ ਹੈ।
    ਉਹ ਮੇਰੇ ਨਾਮ ਦੀ ਉਪਾਸਨਾ ਕਰਦਾ ਹੈ।
ਉਹ ਬੰਦਾ ਜਿਹੜਾ ਭਾਂਡੇ ਘੜਦਾ ਹੈ, ਗਿੱਲੀ ਮਿੱਟੀ ਨੂੰ ਮਿੱਧਦਾ ਹੈ।”
    ਇਸੇ ਤਰ੍ਹਾਂ ਹੀ, ਇਹ ਖਾਸ ਬੰਦਾ ਰਾਜਿਆਂ ਨੂੰ ਮਿੱਧੇਗਾ।

26 “ਇਸਦੇ ਵਾਪਰਨ ਤੋਂ ਪਹਿਲਾਂ ਹੀ ਸਾਨੂੰ ਇਸ ਬਾਰੇ ਕਿਸਨੇ ਦੱਸਿਆ!
    ਉਸ ਨੂੰ, ਸਾਨੂੰ ਪਰਮੇਸ਼ੁਰ ਆਖਣਾ ਚਾਹੀਦਾ ਹੈ।
ਕੀ ਤੁਹਾਡੀਆਂ ਮੂਰਤੀਆਂ ਵਿੱਚੋਂ ਕਿਸੇ ਇੱਕ ਨੇ ਵੀ
    ਇਹ ਗੱਲਾਂ ਦੱਸੀਆਂ ਸਨ? ਨਹੀਂ!
ਉਨ੍ਹਾਂ ਮੂਰਤੀਆਂ ਵਿੱਚੋਂ ਸਾਨੂੰ ਕਿਸੇ ਨੇ ਵੀ ਇਹ ਗੱਲਾਂ ਨਹੀਂ ਦੱਸੀਆਂ ਸਨ।
    ਉਨ੍ਹਾਂ ਮੂਰਤੀਆਂ ਨੇ ਇੱਕ ਵੀ ਸ਼ਬਦ ਨਹੀਂ ਬੋਲਿਆ ਸੀ
    ਅਤੇ ਉਹ ਝੂਠੇ ਦੇਵਤੇ ਉਨ੍ਹਾਂ ਸ਼ਬਦਾਂ ਨੂੰ ਨਹੀਂ ਸੁਣ ਸੱਕਦੇ ਜੋ ਤੁਸੀਂ ਬੋਲਦੇ ਹੋ।
27 ਮੈਂ, ਯਹੋਵਾਹ, ਹੀ ਸੀਯੋਨ ਨੂੰ ਇਨ੍ਹਾਂ ਗੱਲਾਂ ਬਾਰੇ ਦੱਸਣ ਵਾਲਾ ਉਹ ਪਹਿਲਾ ਵਿਅਕਤੀ ਸੀ।
    ਮੈਂ ਯਰੂਸ਼ਲਮ ਵੱਲ, ਇਸ ਸੰਦੇਸ਼ ਨਾਲ ਇੱਕ ਹਲਕਾਰਾ ਭੇਜਿਆ ਸੀ:
    ‘ਦੇਖੋ, ਤੁਹਾਡੇ ਬੰਦੇ ਵਾਪਸ ਪਰਤ ਰਹੇ ਹਨ!’”

28 ਮੈਂ ਉਨ੍ਹਾਂ ਝੂਠਿਆਂ ਦੇਵਤਿਆਂ ਵੱਲ ਦੇਖਿਆ ਹੈ।
    ਉਨ੍ਹਾਂ ਵਿੱਚੋਂ ਕੋਈ ਵੀ ਇੰਨਾ ਸਿਆਣਾ ਨਹੀਂ ਸੀ ਕਿ ਕੁਝ ਵੀ ਆਖ ਸੱਕੇ।
    ਮੈਂ ਉਨ੍ਹਾਂ ਨੂੰ ਸਵਾਲ ਪੁੱਛੇ, ਅਤੇ ਉਨ੍ਹਾਂ ਨੇ ਇੱਕ ਵੀ ਸ਼ਬਦ ਨਹੀਂ ਬੋਲਿਆ!
29 ਉਹ ਸਾਰੇ ਹੀ ਦੇਵਤੇ ਕੁਝ ਵੀ ਨਹੀਂ ਨਾਲੋਂ ਵੀ ਘੱਟ ਹਨ।
    ਉਹ ਕੁਝ ਵੀ ਨਹੀਂ ਕਰ ਸੱਕਦੇ!
    ਉਹ ਮੂਰਤੀਆਂ ਬਿਲਕੁਲ ਹੀ ਨਿਕੰਮੀਆਂ ਹਨ!

ਪਰਕਾਸ਼ ਦੀ ਪੋਥੀ 11

ਦੋ ਗਵਾਹ

11 ਫ਼ੇਰ ਮੈਨੂੰ ਇੱਕ ਮਾਪਣ ਵਾਲੀ ਸਲਾਖ ਦਿੱਤੀ ਗਈ ਸੀ ਜੋ ਕਿ ਇੱਕ ਖੂੰਡੀ ਵਰਗੀ ਸੀ। ਮੈਨੂੰ ਕਿਹਾ ਗਿਆ, “ਜਾ ਅਤੇ ਪਰਮੇਸ਼ੁਰ ਦੇ ਮੰਦਰ ਅਤੇ ਜੱਗਵੇਦੀ ਨੂੰ ਮਾਪ ਅਤੇ ਉੱਥੇ ਉਪਾਸਨਾ ਕਰਦੇ ਲੋਕਾਂ ਦੀ ਗਿਣਤੀ ਵੀ ਕਰੀਂ। ਪਰ ਮੰਦਰ ਦੇ ਬਾਹਰਲੇ ਵਿਹੜੇ ਨੂੰ ਨਾ ਮਾਪੀਂ, ਇਸ ਨੂੰ ਛੱਡ ਦੇਵੀਂ। ਇਹ ਗੈਰ ਯਹੂਦੀਆਂ ਨੂੰ ਦਿੱਤਾ ਗਿਆ ਸੀ। ਅਤੇ ਉਹ ਬਤਾਲੀ ਮਹੀਨਿਆਂ ਤੱਕ ਪਵਿੱਤਰ ਸ਼ਹਿਰ ਨੂੰ ਮਿੱਧਣਗੇ। ਮੈਂ ਆਪਣੇ ਦੋ ਗਵਾਹਾਂ ਨੂੰ ਸ਼ਕਤੀ ਦੇਵਾਂਗਾ ਅਤੇ ਉਹ ਇੱਕ ਹਜ਼ਾਰ ਦੋ ਸੌ ਸੱਠ ਦਿਨਾਂ ਲਈ ਅਗੰਮ ਵਾਕ ਕਰਨਗੇ। ਉਹ ਤੱਪੜ ਪਹਿਨੇ ਹੋਏ ਹੋਣਗੇ।”

ਇਹ ਦੋ ਗਵਾਹ ਜੈਤੂਨ ਦੇ ਦੋ ਰੁੱਖ ਅਤੇ ਦੋ ਸ਼ਮਾਦਾਨ ਹਨ ਜਿਹੜੇ ਧਰਤੀ ਦੇ ਪ੍ਰਭੂ ਦੇ ਸਨਮੁੱਖ ਖੜਦੇ ਹਨ। ਜੇ ਕੋਈ ਇਨ੍ਹਾਂ ਗਵਾਹਾਂ ਨੂੰ ਨੁਕਸਾਨ ਪਹੁੰਚਾਣ ਦੀ ਕੋਸ਼ਿਸ਼ ਕਰਦਾ, ਤਾਂ ਗਵਾਹ ਦੇ ਮੂੰਹੋ ਅੱਗ ਨਿਕਲਦੀ ਹੈ ਅਤੇ ਦੁਸ਼ਮਣਾਂ ਨੂੰ ਮਾਰ ਦਿੰਦੀ ਹੈ। ਜਿਹੜਾ ਵਿਅਕਤੀ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰੇਗਾ ਇਸੇ ਤਰ੍ਹਾਂ ਮਾਰਿਆ ਜਾਵੇਗਾ। ਇਨ੍ਹਾਂ ਗਵਾਹਾਂ ਕੋਲ ਅਕਾਸ਼ ਤੋਂ ਆਉਂਦੇ ਮੀਂਹ ਨੂੰ ਵੀ ਰੋਕਣ ਦੀ ਸ਼ਕਤੀ ਹੈ, ਉਸ ਸਮੇਂ ਜਦੋਂ ਉਹ ਅਗੰਮ ਵਾਕ ਕਰ ਰਹੇ ਹੋਣ। ਇਨ੍ਹਾਂ ਗਵਾਹਾਂ ਕੋਲ ਪਾਣੀ ਨੂੰ ਲਹੂ ਵਿੱਚ ਬਦਲਣ ਦੀ ਸ਼ਕਤੀ ਹੈ। ਉਨ੍ਹਾਂ ਦੇ ਕੋਲ ਧਰਤੀ ਦੇ ਹਰ ਤਰ੍ਹਾਂ ਦੀ ਭਿਆਨਕ ਮੁਸੀਬਤ ਨੂੰ ਭੇਜਣ ਦੀ ਸ਼ਕਤੀ ਹੈ। ਉਹ ਇਹ ਗੱਲ ਜਿੰਨੀ ਵਾਰ ਮਰਜੀ ਕਰ ਸੱਕਦੇ ਹਨ।

ਜਦੋਂ ਇਨ੍ਹਾਂ ਦੋਹਾਂ ਗਵਾਹਾਂ ਨੇ ਪਰਮੇਸ਼ੁਰ ਦੇ ਸੰਦੇਸ਼ ਨੂੰ ਫ਼ੈਲਾਉਣ ਦਾ ਕੰਮ ਪੂਰਾ ਕਰ ਲਿਆ, ਤਾਂ ਜਾਨਵਰ ਉਨ੍ਹਾਂ ਦੇ ਵਿਰੁੱਧ ਲੜੇਗਾ। ਇਹ ਉਹੀ ਜਾਨਵਰ ਹੈ ਜਿਹੜਾ ਤਲਹੀਣ ਖੱਡ ਵਿੱਚੋਂ ਆਇਆ ਹੈ। ਉਹ ਉਨ੍ਹਾਂ ਦੋਹਾਂ ਨੂੰ ਹਰਾ ਦੇਵੇਗਾ ਅਤੇ ਮਾਰ ਦੇਵੇਗਾ। ਇਨ੍ਹਾਂ ਦੋਹਾਂ ਗਵਾਹਾਂ ਦੇ ਸਰੀਰ ਵੱਡੇ ਸ਼ਹਿਰ ਦੀ ਗਲੀ ਵਿੱਚ ਪਏ ਹੋਣਗੇ। ਇਸ ਸ਼ਹਿਰ ਦਾ ਨਾਮ ਸਦੂਮ ਅਤੇ ਮਿਸਰ ਹੈ। ਸ਼ਹਿਰ ਦੇ ਇਨ੍ਹਾਂ ਨਾਮਾਂ ਦਾ ਖਾਸ ਅਰਥ ਹੈ। ਇਹ ਉਹੀ ਸ਼ਹਿਰ ਹੈ ਜਿੱਥੇ ਉਨ੍ਹਾਂ ਦਾ ਪ੍ਰਭੂ ਮਰਿਆ ਸੀ। ਹਰ ਜਾਤੀ, ਕਬੀਲਾ, ਭਾਸ਼ਾ ਅਤੇ ਕੌਮ ਦੇ ਲੋਕ ਸਾਢੇ ਤਿੰਨ ਦਿਨਾਂ ਤੱਕ ਇਨ੍ਹਾਂ ਦੋਹਾਂ ਲੋਥਾਂ ਉੱਤੇ ਨਿਗਾਹ ਰੱਖਣਗੇ। ਉਹ ਉਨ੍ਹਾਂ ਨੂੰ ਕਿਸੇ ਨੂੰ ਵੀ ਦਫ਼ਨਾਉਣ ਨਹੀਂ ਦੇਵੇਗਾ। 10 ਧਰਤੀ ਦੇ ਰਹਿਣ ਵਾਲੇ ਲੋਕ ਇਸ ਗੱਲੋਂ ਖੁਸ਼ ਹੋਣਗੇ ਕਿ ਇਹ ਦੋਨੋਂ ਮਰ ਚੁੱਕੇ ਹਨ। ਉਹ ਦਾਅਵਤਾਂ ਕਰਨਗੇ ਅਤੇ ਇੱਕ ਦੂਜੇ ਨੂੰ ਸੁਗਾਤਾਂ ਭੇਜਣਗੇ। ਉਹ ਇਹ ਗੱਲ ਇਸ ਲਈ ਕਰਨਗੇ ਕਿਉਂਕਿ ਇਨ੍ਹਾਂ ਦੋਹਾਂ ਨਬੀਆਂ (ਗਵਾਹਾਂ) ਨੇ ਦੁਨੀਆਂ ਦੇ ਲੋਕਾਂ ਲਈ ਹੁਣ ਬਹੁਤ ਦੁੱਖ ਤਕਲੀਫ਼ਾਂ ਲਿਆਂਦੀਆਂ।

11 ਪਰ ਸਾਢੇ ਤਿੰਨਾਂ ਦਿਨਾਂ ਪਿੱਛੋਂ ਪਰਮੇਸ਼ੁਰ ਵੱਲੋਂ ਜੀਵਨ ਦੇ ਸਾਹ ਨੇ ਉਨ੍ਹਾਂ ਵਿੱਚ ਪ੍ਰਵੇਸ਼ ਕੀਤਾ ਅਤੇ ਉਹ ਆਪਣੇ ਪੈਰਾਂ ਤੇ ਖਲੋ ਗਏ। ਉਹ ਸਾਰੇ ਜਿਨ੍ਹਾਂ ਨੇ ਉਨ੍ਹਾਂ ਨੂੰ ਵੇਖਿਆ ਡਰ ਨਾਲ ਭਰ ਗਏ ਸਨ। 12 ਫ਼ੇਰ ਦੋਹਾ ਗਵਾਹਾਂ ਨੇ ਅਕਾਸ਼ ਵਿੱਚੋਂ ਇੱਕ ਉੱਚੀ ਅਵਾਜ਼ ਆਖਦੀ ਸੁਣੀ, “ਇਥੇ ਉੱਤੇ ਆ ਜਾਓ।” ਫ਼ੇਰ ਉਹ ਬੱਦਲ ਵਿੱਚ ਤਾਹਾਂ ਸਵਰਗ ਨੂੰ ਚੱਲੇ ਗਏ। ਉਨ੍ਹਾਂ ਦੇ ਦੁਸ਼ਮਣ ਉਨ੍ਹਾਂ ਨੂੰ ਜਾਂਦਿਆਂ ਦੇਖਦੇ ਰਹੇ।

13 ਉਸੇ ਵੇਲੇ ਹੀ ਇੱਕ ਵੱਡਾ ਭੁਚਾਲ ਆਇਆ। ਸ਼ਹਿਰ ਦਾ ਦੱਸਵਾਂ ਹਿੱਸਾ ਤਬਾਹ ਹੋ ਗਿਆ। ਅਤੇ ਭੁਚਾਲ ਵਿੱਚ ਸੱਤ ਹਜ਼ਾਰ ਲੋਕ ਮਾਰੇ ਗਏ। ਜਿਹੜੇ ਲੋਕ ਬਚ ਗਏ ਬਹੁਤ ਡਰੇ ਹੋਏ ਸਨ ਅਤੇ ਉਨ੍ਹਾਂ ਨੇ ਸਵਰਗ ਦੇ ਪਰਮੇਸ਼ੁਰ ਨੂੰ ਮਹਿਮਾਮਈ ਕੀਤਾ।

14 ਦੂਸਰੀ ਵੱਡੀ ਮੁਸੀਬਤ ਖਤਮ ਹੋ ਚੁੱਕੀ ਸੀ। ਤੀਸਰੀ ਵੱਡੀ ਮੁਸੀਬਤ ਛੇਤੀ ਹੀ ਆਉਣ ਵਾਲੀ ਹੈ।

ਸੱਤਵਾਂ ਬਿਗੁਲ

15 ਸੱਤਵੇਂ ਦੂਤ ਨੇ ਆਪਣਾ ਬਿਗੁਲ ਵਜਾਇਆ। ਉੱਥੇ ਸਵਰਗਾਂ ਵਿੱਚ ਉੱਚੀਆਂ ਅਵਾਜ਼ਾਂ ਸਨ। ਅਵਾਜ਼ਾਂ ਨੇ ਆਖਿਆ:

“ਦੁਨੀਆਂ ਦੀ ਸਲਤਨਤ ਹੁਣ ਸਾਡੇ ਪ੍ਰਭੂ ਅਤੇ ਉਸ ਦੇ ਮਸੀਹ ਦੀ ਬਣ ਗਈ ਹੈ।
    ਅਤੇ ਉਹ ਸਦਾ ਅਤੇ ਸਦਾ ਲਈ ਹਕੂਮਤ ਕਰੇਗਾ।”

16 ਫ਼ੇਰ ਉਹ ਚੌਵੀ ਬਜ਼ੁਰਗ ਆਪਣੇ ਸਿਰਾਂ ਤੇ ਝੁਕੇ ਅਤੇ ਪਰਮੇਸ਼ੁਰ ਦੀ ਉਪਾਸਨਾ ਕੀਤੀ। ਇਹ ਉਹੀ ਬਜ਼ੁਰਗ ਸਨ ਜਿਹੜੇ ਪਰਮੇਸ਼ੁਰ ਦੇ ਸਾਹਮਣੇ ਆਪਣੇ ਤਖਤਾਂ ਤੇ ਬੈਠੇ ਹੋਏ ਸਨ। 17 ਬਜ਼ੁਰਗਾਂ ਨੇ ਆਖਿਆ:

“ਹੇ ਪ੍ਰਭੂ ਅੱਤ ਸ਼ਕਤੀਸ਼ਾਲੀ ਪਰਮੇਸ਼ੁਰ, ਅਸੀਂ ਤੇਰਾ ਸ਼ੁਕਰ ਕਰਦੇ ਹਾਂ ਕਿਉਂਕਿ ਤੂੰ ਹੀ ਹੈ
    ਜੋ ਮੋਜੂਦ ਸੀ ਅਤੇ ਹਮੇਸ਼ਾ ਹੀ ਮੋਜੂਦ ਹੈ।
ਅਸੀਂ ਧੰਨਵਾਦ ਕਰਦੇ ਹਾਂ ਤੇਰਾ ਕਿਉਂਕਿ ਤੂੰ ਆਪਣੀ ਮਹਾਨ ਸ਼ਕਤੀ ਦੀ ਵਰਤੋਂ ਕੀਤੀ ਹੈ ਅਤੇ
    ਹਕੂਮਤ ਕਰਨੀ ਅਰੰਭ ਕੀਤੀ ਹੈ।
18 ਦੁਨੀਆਂ ਦੇ ਲੋਕ ਗੁੱਸੇ ਵਿੱਚ ਸਨ;
    ਪਰ ਹੁਣ ਸਮਾਂ ਹੈ ਤੇਰੇ ਗੁੱਸੇ ਦਾ।
ਹੁਣ ਸਮਾਂ ਹੈ ਮਰੇ ਹੋਏ ਲੋਕਾਂ ਬਾਰੇ ਨਿਆਂ ਕਰਨ ਦਾ।
    ਇਹ ਸਮਾਂ ਨਬੀਆਂ ਤੇਰੇ ਸੇਵਕਾਂ ਨੂੰ ਫ਼ਲ ਪ੍ਰਦਾਨ ਕਰਨ ਦਾ ਹੈ।
ਤੇਰੇ ਪਵਿੱਤਰ ਲੋਕਾਂ ਨੂੰ, ਵੱਡੇ ਅਤੇ ਛੋਟਿਆਂ
    ਨੂੰ ਫ਼ਲ ਦੇਣ ਦਾ ਸਮਾਂ ਹੈ ਜੋ ਤੈਨੂੰ ਸਤਿਕਾਰਦੇ ਹਨ।
ਇਹੀ ਉਨ੍ਹਾਂ ਲੋਕਾਂ ਨੂੰ ਤਬਾਹ ਕਰਨ ਦਾ ਸਮਾਂ ਹੈ ਜਿਹੜੇ ਧਰਤੀ ਨੂੰ ਤਬਾਹ ਕਰਦੇ ਹਨ।”

19 ਫ਼ੇਰ ਸਵਰਗ ਵਿੱਚ ਪਰਮੇਸ਼ੁਰ ਦਾ ਮੰਦਰ ਖੁਲ੍ਹ ਗਿਆ। ਉਹ ਪਵਿੱਤਰ ਬਕਸਾ ਜਿਸ ਵਿੱਚ ਇਕਰਾਰਨਾਮਾ ਜਿਹੜਾ ਪਰਮੇਸ਼ੁਰ ਨੇ ਆਪਣੇ ਲੋਕਾਂ ਨਾਲ ਕੀਤਾ ਸੀ, ਉਸ ਨੂੰ ਉਸ ਦੇ ਮੰਦਰ ਵਿੱਚ ਦੇਖਿਆ ਜਾ ਸੱਕਦਾ ਸੀ। ਫ਼ੇਰ ਉੱਥੇ ਲਸ਼ਕਾਂ, ਗਰਜਾਂ, ਬਿਜਲੀ ਦਾ ਕੜਕਣਾ, ਭੁਚਾਲ, ਬਹੁਤ ਵੱਡੇ ਗੜ੍ਹੇ ਵਰ੍ਹੇ।

Punjabi Bible: Easy-to-Read Version (ERV-PA)

2010 by World Bible Translation Center