M’Cheyne Bible Reading Plan
ਲੋਕਾਂ ਲਈ ਯਾਦਗਾਰੀ ਪੱਥਰ
27 ਮੂਸਾ ਅਤੇ ਇਸਰਾਏਲ ਦੇ ਬਜ਼ੁਰਗਾਂ ਨੇ ਲੋਕਾਂ ਨਾਲ ਗੱਲ ਕੀਤੀ। ਮੂਸਾ ਨੇ ਆਖਿਆ, “ਉਨ੍ਹਾਂ ਸਾਰੇ ਆਦੇਸ਼ਾ ਦੀ ਪਾਲਣਾ ਕਰੋ ਜਿਹੜੇ ਮੈਂ ਅੱਜ ਤੁਹਾਨੂੰ ਦਿੰਦਾ ਹਾਂ। 2 ਤੁਸੀਂ ਛੇਤੀ ਹੀ ਯਰਦਨ ਨਦੀ ਪਾਰ ਕਰਕੇ ਉਸ ਧਰਤੀ ਉੱਤੇ ਜਾਵੋਂਗੇ ਜਿਹੜੀ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੇ ਰਿਹਾ ਹੈ। ਉਸ ਦਿਨ, ਤੁਹਾਨੂੰ ਵੱਡੇ-ਵੱਡੇ ਪੱਥਰ ਸਥਾਪਿਤ ਕਰਕੇ ਉਨ੍ਹਾਂ ਪੱਥਰਾਂ ਨੂੰ ਪਲਸਤਰ ਨਾਲ ਢੱਕ ਦੇਣਾ ਚਾਹੀਦਾ ਹੈ। 3 ਫ਼ੇਰ ਉਨ੍ਹਾਂ ਪੱਥਰਾਂ ਉੱਤੇ ਇਸ ਬਿਵਸਥਾ ਦੇ ਸਾਰੇ ਸ਼ਬਦ ਲਿਖ ਦੇਣਾ। ਤੁਹਾਨੂੰ ਇਹ ਉਦੋਂ ਕਰਨਾ ਚਾਹੀਦਾ ਜਦੋਂ ਤੁਸੀਂ ਚੰਗੀਆਂ ਚੀਜ਼ਾਂ ਨਾਲ ਭਰੀ ਉਸ ਧਰਤੀ ਵਿੱਚ ਦਾਖਿਲ ਹੋਵੋ ਜੋ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੇ ਰਿਹਾ ਹੈ। ਯਹੋਵਾਹ ਤੁਹਾਡੇ ਪੁਰਖਿਆਂ ਦੇ ਪਰਮੇਸ਼ੁਰ ਨੇ ਤੁਹਾਨੂੰ ਇਹ ਧਰਤੀ ਦੇਣ ਦਾ ਇਕਰਾਰ ਕੀਤਾ ਸੀ।
4 “ਜਦੋਂ ਤੁਸੀਂ ਯਰਦਨ ਨਦੀ ਪਾਰ ਕਰੋ ਤਾਂ ਤੁਹਾਨੂੰ ਇਹ ਸਾਰੀਆਂ ਗੱਲਾਂ ਕਰਨੀਆਂ ਚਾਹੀਦੀਆਂ ਹਨ ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਆਦੇਸ਼ ਦਿੰਦਾ ਹਾਂ। ਤੁਹਾਨੂੰ ਏਬਾਲ ਪਰਬਤ ਉੱਤੇ ਪੱਥਰ ਟਿਕਾਉਣੇ ਚਾਹੀਦੇ ਹਨ। ਇਨ੍ਹਾਂ ਪੱਥਰਾਂ ਉੱਤੇ ਤੁਹਾਨੂੰ ਪਲਸਤਰ ਕਰਨਾ ਚਾਹੀਦਾ ਹੈ। 5 ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਲਈ ਪੱਥਰਾਂ ਦੀ ਇੱਕ ਜਗਵੇਦੀ ਉਸਾਰਨੀ ਚਾਹੀਦੀ ਹੈ। ਤੁਹਾਨੂੰ ਪੱਥਰ ਤਰਾਸ਼ਣ ਲਈ ਲੋਹੇ ਦੇ ਔਜ਼ਾਰ ਨਹੀਂ ਵਰਤਨੇ ਚਾਹੀਦੇ। 6 ਯਹੋਵਾਹ, ਆਪਣੇ ਪਰਮੇਸ਼ੁਰ, ਦੀ ਜਗਵੇਦੀ ਉਸਾਰਨ ਲਈ ਤਰਾਸ਼ੇ ਹੋਏ ਪੱਥਰ ਨਹੀਂ ਵਰਤਨੇ। ਯਹੋਵਾਹ, ਆਪਣੇ ਪਰਮੇਸ਼ੁਰ, ਲਈ ਇਸ ਜਗਵੇਦੀ ਉੱਤੇ ਹੋਮ ਦੀ ਭੇਟ ਚੜ੍ਹਾਵੋ। 7 ਅਤੇ ਇੱਥੇ ਤੁਹਾਨੂੰ ਬਲੀਆਂ ਚੜ੍ਹਾਉਣੀਆਂ ਚਾਹੀਦੀਆਂ ਹਨ ਅਤੇ ਸੁੱਖ-ਸਾਂਦ ਦੀਆਂ ਭੇਟਾ ਦਾ ਭੋਜਨ ਕਰਨਾ ਚਾਹੀਦਾ ਹੈ। ਉੱਥੇ ਯਹੋਵਾਹ, ਆਪਣੇ ਪਰਮੇਸ਼ੁਰ, ਸੰਗ ਮਿਲਜੁਲ ਕੇ ਆਨੰਦ ਮਾਣੋ। 8 ਇਸ ਸਾਰੀ ਬਿਵਸਥਾ ਨੂੰ ਤੁਹਾਡੇ ਦੁਆਰਾ ਸਥਾਪਿਤ ਕੀਤੇ ਹੋਏ ਪੱਥਰਾਂ ਉੱਤੇ ਸਾਫ਼-ਸਾਫ਼ ਲਿਖੋ।”
ਲੋਕ ਕਾਨੂੰਨ ਦੇ ਸਰਾਪਾਂ ਨੂੰ ਪ੍ਰਵਾਨ ਕਰਦੇ ਸਨ
9 ਮੂਸਾ ਅਤੇ ਲੇਵੀ ਜਾਜਕਾ ਨੇ ਇਸਰਾਏਲ ਦੇ ਸਮੂਹ ਲੋਕਾਂ ਨਾਲ ਗੱਲ ਕੀਤੀ। ਮੂਸਾ ਨੇ ਆਖਿਆ, “ਸ਼ਾਂਤ ਹੋ ਜਾਵੋ ਅਤੇ ਸੁਣੋ ਇਸਰਾਏਲੀਓ! ਅੱਜ, ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਦੇ ਲੋਕੀਂ ਬਣ ਗਏ ਹੋ। 10 ਇਸ ਲਈ ਤੁਹਾਨੂੰ ਹਰ ਉਹ ਗੱਲ ਕਰਨੀ ਚਾਹੀਦੀ ਹੈ ਜੋ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਆਖਦਾ ਹੈ। ਤੁਹਾਨੂੰ ਉਸ ਦੇ ਆਦੇਸ਼ਾ ਅਤੇ ਉਸ ਦੇ ਕਾਨੂੰਨਾ ਦੀ ਪਾਲਣਾ ਕਰਨੀ ਚਾਹੀਦੀ ਹੈ ਜੋ ਮੈਂ ਅੱਜ ਤੁਹਾਨੂੰ ਪ੍ਰਦਾਨ ਕਰ ਰਿਹਾ ਹਾਂ।”
11 ਉਸੇ ਦਿਨ ਮੂਸਾ ਨੇ ਲੋਕਾਂ ਨੂੰ ਇਹ ਵੀ ਆਖਿਆ, 12 “ਜਦੋਂ ਤੁਸੀਂ ਯਰਦਨ ਨਦੀ ਪਾਰ ਕਰ ਜਾਉ, ਇਹ ਪਰਿਵਾਰ-ਸਮੂਹ ਗਰਿੱਜ਼ੀਮ ਪਰਬਤ ਉੱਤੇ ਖਲੋ ਕੇ ਲੋਕਾਂ ਨੂੰ ਅਸੀਂਸਾ ਪੜ੍ਹਕੇ ਸੁਣਾਉਣਗੇ: ਸਿਮਿਓਨ, ਲੇਵੀ, ਯੂਡਾ, ਯਿੱਸਾਕਾਰ, ਯੂਸੁਫ਼ ਅਤੇ ਬਿਨਯਾਮੀਨ। 13 ਅਤੇ ਇਹ ਪਰਿਵਾਰ-ਸਮੂਹ ਏਬਾਲ ਪਰਬਤ ਉੱਤੇ ਖਲੋਕੇ ਸਰਾਪ ਪੜ੍ਹਨਗੇ: ਰਊਬੇਨ, ਗਾਦ, ਆਸ਼ੇਰ, ਜ਼ਬੁਲੂਨ, ਦਾਨ ਅਤੇ ਨਫ਼ਤਾਲੀ।
14 “ਲੇਵੀ ਇਸਰਾਏਲ ਦੇ ਸਮੂਹ ਲੋਕਾਂ ਨੂੰ ਉੱਚੀ ਆਵਾਜ਼ ਵਿੱਚ ਆਖਣਗੇ:
15 “‘ਕੋਈ ਵੀ ਵਿਅਕਤੀ ਜੋ ਝੂਠਾ ਦੇਵਤਾ ਬਣਾਉਂਦਾ ਹੈ, ਅਤੇ ਉਸ ਨੂੰ ਗੁਪਤ ਸਥਾਨ ਉੱਤੇ ਰੱਖਦਾ ਹੈ ਸਰਾਪਿਆ ਹੋਇਆ ਹੈ। ਇਹ ਝੂਠੇ ਦੇਵਤੇ ਕਾਰੀਗਰ ਦੁਆਰਾ ਬਣਾਈਆਂ ਗਈਆਂ ਸਿਰਫ਼ ਮੂਰਤੀਆਂ ਹੀ ਹਨ। ਯਹੋਵਾਹ ਇਨ੍ਹਾਂ ਚੀਜ਼ਾਂ ਨੂੰ ਨਫ਼ਰਤ ਕਰਦਾ ਹੈ!’
“ਤਾਂ ਫ਼ੇਰ ਸਾਰੇ ਲੋਕ ਆਖਣਗੇ, ‘ਆਮੀਨ!’
16 “ਲੇਵੀ ਆਖਣਗੇ, ‘ਸਰਾਪਿਆ ਹੋਇਆ ਹੈ ਉਹ ਬੰਦਾ ਜਿਹੜਾ ਇਹੋ ਜਿਹੀਆਂ ਗੱਲਾਂ ਕਰਦਾ ਹੈ ਜੋ ਇਹ ਦਰਸਾਂਉਂਦੀਆਂ ਹਨ ਕਿ ਉਹ ਆਪਣੇ ਮਾਂ-ਬਾਪ ਦੀ ਇਜੱਤ ਨਹੀਂ ਕਰਦਾ।’
“ਫ਼ੇਰ ਸਾਰੇ ਲੋਕ ਆਖਣਗੇ, ‘ਆਮੀਨ!’
17 “ਲੇਵੀ ਆਖਣਗੇ, ‘ਸਰਾਪਿਆ ਹੋਇਆ ਹੈ ਉਹ ਬੰਦਾ ਜਿਹੜਾ ਆਪਣੇ ਗੁਆਂਢੀ ਦੀ ਜ਼ਮੀਨ ਦੇ ਵਲਗਣ ਦੇ ਪੱਥਰ ਹਟਾਉਂਦਾ ਹੈ!’
“ਫ਼ੇਰ ਸਾਰੇ ਲੋਕ ਆਖਣਗੇ, ‘ਆਮੀਨ!’
18 “ਲੇਵੀ ਆਖਣਗੇ, ‘ਸਰਾਪਿਆ ਹੋਇਆ ਹੈ ਉਹ ਬੰਦਾ ਜਿਹੜਾ ਅੰਨ੍ਹੇ ਆਦਮੀ ਨੂੰ ਰਾਹ ਤੋਂ ਭਟਕਾਉਂਦਾ!’
“ਫ਼ੇਰ ਸਾਰੇ ਲੋਕ ਆਖਣਗੇ, ‘ਆਮੀਨ!’
19 “ਲੇਵੀ ਆਖਣਗੇ, ‘ਸਰਾਪਿਆ ਹੋਇਆ ਹੈ ਉਹ ਬੰਦਾ ਜਿਹੜਾ ਵਿਦੇਸ਼ੀਆਂ, ਯਤੀਮਾ ਅਤੇ ਵਿਧਵਾਵਾਂ ਨਾਲ ਇਨਸਾਫ਼ ਨਹੀਂ ਕਰਦਾ!’
“ਫ਼ੇਰ ਸਾਰੇ ਲੋਕ ਆਖਣਗੇ, ‘ਆਮੀਨ!’
20 “ਲੇਵੀ ਆਖਣਗੇ, ‘ਸਰਾਪਿਆ ਹੋਇਆ ਹੈ ਉਹ ਬੰਦਾ ਜਿਹੜਾ ਆਪਣੇ ਪਿਤਾ ਦੀ ਪਤਨੀ ਨਾਲ ਜਿਨਸੀ ਸੰਬੰਧ ਰੱਖਦਾ ਹੈ, ਕਿਉਂ ਕਿ ਉਸ ਨੇ ਉਹੋ ਕੁਝ ਲਿਆ ਜੋ ਸਿਰਫ਼ ਉਸ ਦੇ ਪਿਤਾ ਦਾ ਸੀ!’
“ਫ਼ੇਰ ਸਾਰੇ ਲੋਕ ਆਖਣਗੇ, ‘ਆਮੀਨ!’
21 “ਲੇਵੀ ਆਖਣਗੇ, ‘ਸਰਾਪਿਆ ਹੋਇਆ ਹੈ ਉਹ ਬੰਦਾ ਜਿਹੜਾ ਕਿਸੇ ਵੀ ਜਾਨਵਰ ਨਾਲ ਜਿਨਸੀ ਸੰਬੰਧ ਰੱਖਦਾ ਹੈ।”
“ਫ਼ੇਰ ਸਾਰੇ ਲੋਕ ਆਖਣਗੇ, ‘ਆਮੀਨ!’
22 “ਲੇਵੀ ਆਖਣਗੇ, ‘ਸਰਾਪਿਆ ਹੋਇਆ ਹੈ ਉਹ ਬੰਦਾ ਜਿਹੜਾ ਆਪਣੀ ਸੱਕੀ ਜਾਂ ਮਤ੍ਰੇਈ ਭੈਣ ਨਾਲ ਜਿਨਸੀ ਸੰਬੰਧ ਰੱਖਦਾ ਹੈ।”
“ਫ਼ੇਰ ਸਾਰੇ ਲੋਕ ਆਖਣਗੇ, ‘ਆਮੀਨ!’
23 “ਲੇਵੀ ਆਖਣਗੇ, ‘ਸਰਾਪਿਆ ਹੋਇਆ ਹੈ ਉਹ ਬੰਦਾ ਜਿਹੜਾ ਆਪਣੀ ਸੱਸ ਨਾਲ ਜਿਨਸੀ ਸੰਬੰਧ ਰੱਖਦਾ ਹੈ!’
“ਫ਼ੇਰ ਸਾਰੇ ਲੋਕ ਆਖਣਗੇ, ‘ਆਮੀਨ!’
24 “ਲੇਵੀ ਆਖਣਗੇ, ‘ਸਰਾਪਿਆ ਹੋਇਆ ਹੈ ਉਹ ਬੰਦਾ ਜਿਹੜਾ ਕਿਸੇ ਹੋਰ ਬੰਦੇ ਨੂੰ ਮਾਰ ਦਿੰਦਾ ਹੈ, ਭਾਵੇਂ ਉਹ ਫ਼ੜਿਆ ਨਾ ਜਾਵੇ!’
“ਫ਼ੇਰ ਸਾਰੇ ਲੋਕ ਆਖਣਗੇ, ‘ਆਮੀਨ!’
25 “ਲੇਵੀ ਆਖਣਗੇ, ‘ਸਰਾਪਿਆ ਹੋਇਆ ਹੈ ਉਹ ਬੰਦਾ ਜਿਹੜਾ ਕਿਸੇ ਦੂਸਰੇ ਬੰਦੇ ਦਾ ਕਤਲ ਕਰਨ ਲਈ ਪੈਸੇ ਲੈਂਦਾ ਹੈ!’
“ਫ਼ੇਰ ਸਾਰੇ ਲੋਕ ਆਖਣਗੇ, ‘ਆਮੀਨ!’
26 “ਲੇਵੀ ਆਖਣਗੇ, ‘ਸਰਾਪਿਆ ਹੋਇਆ ਹੈ ਉਹ ਬੰਦਾ ਜਿਹੜਾ ਇਸ ਕਾਨੂੰਨ ਉੱਤੇ ਅਟੱਲ ਨਹੀਂ ਰਹਿੰਦਾ ਅਤੇ ਇਸ ਉੱਪਰ ਨਹੀਂ ਚੱਲਦਾ ਸਰਾਪਿਆ ਹੋਇਆ ਹੈ।’
“ਫ਼ੇਰ ਸਾਰੇ ਲੋਕ ਆਖਣਗੇ, ‘ਆਮੀਨ!’
ਕਾਨੂੰਨ ਦਾ ਪਾਲਣ ਕਰਨ ਲਈ ਅਸੀਸਾਂ
28 “ਹੁਣ, ਜੇ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਦੀ ਆਗਿਆ ਮੰਨਣ ਦਾ ਧਿਆਨ ਰੱਖੋਗੇ ਅਤੇ ਉਸ ਦੇ ਉਨ੍ਹਾਂ ਆਦੇਸ਼ਾ ਦੀ ਪਾਲਣਾ ਕਰੋਂਗੇ ਜਿਹੜੇ ਮੈਂ ਅੱਜ ਤੁਹਾਨੂੰ ਦਿੰਦਾ ਹਾਂ, ਤਾਂ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਨਾਲੋਂ ਸਿਰਮੌਰ ਬਣਾਵੇਗਾ। 2 ਜੇ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਨੂੰ ਸੁਣੋ, ਇਹ ਸਾਰੀਆਂ ਆਸੀਸਾਂ ਤੁਹਾਡੇ ਕੋਲ ਆਉਣਗੀਆਂ ਅਤੇ ਤੁਹਾਡੀਆਂ ਹੋ ਜਾਣਗੀਆਂ।
3 “ਤੁਹਾਨੂੰ ਸ਼ਹਿਰ ਵਿੱਚ
ਅਤੇ ਖੇਤ ਵਿੱਚ ਅਸੀਸ ਮਿਲੇਗੀ।
4 ਤੁਹਾਨੂੰ ਅਸੀਸ ਮਿਲੇਗੀ
ਅਤੇ ਤੁਹਾਡੇ ਬਹੁਤ ਸਾਰੇ ਬੱਚੇ ਹੋਣਗੇ।
ਤੁਹਾਡੀ ਧਰਤੀ ਅਸੀਸਮਈ ਹੋਵੇਗੀ
ਅਤੇ ਤੁਹਾਨੂੰ ਚੰਗੀਆਂ ਫ਼ਸਲਾਂ ਦੇਵੇਗੀ
ਤੁਹਾਡੇ ਜਾਨਵਰ ਬਹੁਤ ਸਾਰੀਂ ਸੰਤਾਨਾ ਨਾਲ ਅਸੀਸਮਈ ਹੋਣਗੇ।
ਤੁਹਾਡੇ ਪਸ਼ੂ ਵੱਛਿਆਂ ਨਾਲ
ਅਤੇ ਤੁਹਾਡੇ ਇੱਜੜ ਲੇਲਿਆਂ ਨਾਲ ਅਸੀਸਮਈ ਹੋਣਗੇ।
5 ਯਹੋਵਾਹ ਤੁਹਾਡੇ ਟੋਕਰਿਆਂ ਅਤੇ ਭਾਂਡਿਆਂ ਨੂੰ ਅਸੀਸ ਦੇਵੇਗਾ
ਅਤੇ ਉਨ੍ਹਾਂ ਨੂੰ ਭੋਜਨ ਨਾਲ ਭਰ ਦੇਵੇਗਾ।
6 ਤੁਸੀਂ ਅਸੀਸਮਈ ਹੋਵੋਂਗੇ ਜਦੋਂ ਤੁਸੀਂ ਜੰਗ ਲਈ ਜਾਵੋਂਗੇ
ਅਤੇ ਜੇਤੂ ਬਣਕੇ ਵਾਪਸ ਪਰਤੋਂਗੇ।
7 “ਯਹੋਵਾਹ ਉਨ੍ਹਾਂ ਦੁਸ਼ਮਣਾ ਨੂੰ ਹਰਾਉਣ ਵਿੱਚ ਤੁਹਾਡੀ ਸਹਾਇਤਾ ਕਰੇਗਾ ਜਿਹੜੇ ਤੁਹਾਡੇ ਖਿਲਾਫ਼ ਲੜਨ ਲਈ ਆਉਣਗੇ। ਤੁਹਾਡੇ ਦੁਸ਼ਮਣ ਤੁਹਾਡੇ ਵੱਲ ਇੱਕ ਰਸਤੇ ਤੋਂ ਆਉਣਗੇ, ਪਰ ਉਹ ਤੁਹਾਡੇ ਕੋਲੋਂ ਸੱਤ ਵੱਖੋ-ਵੱਖਰੇ ਰਸਤਿਆਂ ਤੋਂ ਦੀ ਭੱਜ ਜਾਣਗੇ!
8 “ਯਹੋਵਾਹ ਤੁਹਾਨੂੰ ਅਸੀਸ ਦੇਵੇਗਾ ਅਤੇ ਤੁਹਾਡੇ ਭੰਡਾਰੇ ਭਰ ਦੇਵੇਗਾ। ਉਹ ਤੁਹਾਡੇ ਕੀਤੇ ਹਰ ਕੰਮ ਵਿੱਚ ਤੁਹਾਨੂੰ ਅਸੀਸ ਦੇਵੇਗਾ। ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਉਸ ਧਰਤੀ ਵਿੱਚ ਅਸੀਸ ਦੇਵੇਗਾ ਜਿਹੜੀ ਉਹ ਤੁਹਾਨੂੰ ਦੇ ਰਿਹਾ ਹੈ। 9 ਯਹੋਵਾਹ ਤੁਹਾਨੂੰ ਆਪਣੇ ਪਵਿੱਤਰ ਲੋਕ ਬਨਾਵੇਗਾ, ਜਿਹਾ ਕਿ ਉਸ ਨੇ ਇਕਰਾਰ ਕੀਤਾ ਸੀ। ਯਹੋਵਾਹ ਅਜਿਹਾ ਕਰੇਗਾ, ਜੇ ਤੁਸੀਂ ਉਸ ਦੇ ਹੁਕਮਾਂ ਦਾ ਪਾਲਣ ਕਰੋਗੇ ਅਤੇ ਉਹੀ ਕਰੋ ਜੋ ਉਹ ਕਰਨ ਲਈ ਕਹਿੰਦਾ ਹੈ। 10 ਫ਼ੇਰ ਉਸ ਧਰਤੀ ਉਤਲੇ ਲੋਕ ਦੇਖਣਗੇ ਕਿ ਤੁਸੀਂ ਯਹੋਵਾਹ ਦੇ ਹੋ ਅਤੇ ਉਹ ਤੁਹਾਡੇ ਪਾਸੋਂ ਡਰਨਗੇ।
11 “ਅਤੇ ਯਹੋਵਾਹ ਤੁਹਾਨੂੰ ਬਹੁਤ ਸਾਰੀਆਂ ਨਿਆਮਤਾ ਬਖਸ਼ੇਗਾ। ਉਹ ਤੁਹਾਨੂੰ ਬਹੁਤ ਸਾਰੇ ਬੱਚੇ ਬਖਸ਼ੇਗਾ। ਉਹ ਤੁਹਾਡੀਆਂ ਗਾਵਾਂ ਨੂੰ ਬਹੁਤ ਸਾਰੇ ਵੱਛੇ ਦੇਵੇਗਾ। ਉਹ ਤੁਹਾਨੂੰ ਉਸ ਧਰਤੀ ਵਿੱਚ ਚੰਗੀ ਫ਼ਸਲ ਬਖਸ਼ੇਗਾ ਜਿਹੜੀ ਤੁਹਾਨੂੰ ਦੇਣ ਦਾ ਯਹੋਵਾਹ ਨੇ ਤੁਹਾਡੇ ਪੁਰਖਿਆਂ ਨਾਲ ਇਕਰਾਰ ਕੀਤਾ ਸੀ। 12 ਯਹੋਵਾਹ ਆਕਾਸ਼, ਆਪਣੀਆਂ ਅਸੀਸਾਂ ਦੇ ਦਾਲਾਨ ਨੂੰ ਖੋਲ੍ਹ ਦੇਵੇਗਾ ਅਤੇ ਤੁਹਾਡੀ ਧਰਤੀ ਲਈ ਠੀਕ ਸਮੇਂ ਬਾਰਿਸ਼ ਘੱਲੇਗਾ। ਯਹੋਵਾਹ ਹਰ ਕੰਮ ਵਿੱਚ ਤੁਹਾਨੂੰ ਬਰਕਤ ਦੇਵੇਗਾ। ਇਸ ਲਈ ਤੁਹਾਡੇ ਕੋਲ ਬਹੁਤ ਸਾਰੀਆਂ ਕੌਮਾਂ ਨੂੰ ਕਰਜ਼ਾ ਦੇਣ ਲਈ ਧੰਨ ਹੋਵੇਗਾ, ਅਤੇ ਤੁਹਾਨੂੰ ਉਨ੍ਹਾਂ ਪਾਸੋਂ ਕਰਜ਼ਾ ਲੈਣ ਦੀ ਲੋੜ ਨਹੀਂ ਪਵੇਗੀ। 13 ਯਹੋਵਾਹ ਤੁਹਾਨੂੰ ਸਿਰ ਵਰਗਾ ਬਣਾਵੇਗਾ ਪੂਛ ਵਰਗਾ ਨਹੀਂ। ਤੁਸੀਂ ਸਭ ਦੇ ਉੱਤੇ ਹੋਵੋਂਗੇ, ਥੱਲੇ ਨਹੀਂ। ਇਹ ਤਾਂ ਹੀ ਵਾਪਰੇਗਾ ਜੇ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਦੇ ਹੁਕਮਾ ਨੂੰ ਸੁਣੋਗੇ ਜਿਹੜੇ ਮੈਂ ਅੱਜ ਤੁਹਾਨੂੰ ਦੇ ਰਿਹਾ ਹਾਂ। ਤੁਹਾਨੂੰ ਇਨ੍ਹਾਂ ਹੁਕਮਾ ਦੀ ਧਿਆਨ ਨਾਲ ਪਾਲਣਾ ਕਰਨੀ ਚਾਹੀਦੀ ਹੈ। 14 ਤੁਹਾਨੂੰ ਇਨ੍ਹਾਂ ਵਿੱਚੋਂ ਕਿਸੇ ਵੀ ਬਿਵਸਥਾ ਤੋਂ ਬਦਲਨਾ ਨਹੀਂ ਚਾਹੀਦਾ ਜਿਹੜੀਆਂ ਮੈਂ ਅੱਜ ਤੁਹਾਨੂੰ ਦਿੰਦਾ ਹਾਂ। ਤੁਹਾਨੂੰ ਨਾ ਤਾਂ ਸੱਜੇ ਅਤੇ ਨਾ ਹੀ ਖੱਬੇ ਮੁੜਨਾ ਚਾਹੀਦਾ ਹੈ। ਤੁਹਾਨੂੰ ਹੋਰਨਾ ਦੇਵਤਿਆਂ ਦਾ ਅਨੁਸਰਣ ਅਤੇ ਉਨ੍ਹਾਂ ਦੀ ਉਪਾਸਨਾ ਨਹੀਂ ਕਰਨੀ ਚਾਹੀਦੀ।
ਕਾਨੂੰਨ ਨੂੰ ਨਾ ਮੰਨਣ ਦੇ ਸਰਾਪ
15 “ਪਰ ਜੇ ਤੁਸੀਂ ਉਨ੍ਹਾਂ ਗੱਲਾਂ ਨੂੰ ਨਹੀਂ ਸੁਣਦੇ ਹੋ ਜਿਹੜੀਆਂ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੱਸਦਾ ਹੈ-ਜੇ ਤੁਸੀਂ ਉਸ ਦੇ ਸਾਰੇ ਆਦੇਸ਼ ਅਤੇ ਨੇਮ ਨਹੀਂ ਮੰਨਦੇ ਜਿਹੜੇ ਮੈਂ ਅੱਜ ਤੁਹਾਨੂੰ ਦੱਸਦਾ ਹਾਂ-ਤਾਂ ਤੁਹਾਡੇ ਨਾਲ ਇਹ ਸਾਰੀਆਂ ਮੰਦੀਆਂ ਗੱਲਾਂ ਵਾਪਰਨਗੀਆਂ:
16 “ਤੁਹਾਨੂੰ ਸ਼ਹਿਰ ਵਿੱਚ
ਅਤੇ ਖੇਤਾਂ ਵਿੱਚ ਸਰਾਪ ਮਿਲੇਗਾ।
17 ਤੁਹਾਡੇ ਟੋਕਰਿਆਂ ਅਤੇ ਭਾਂਡਿਆਂ ਨੂੰ ਸਰਾਪ ਮਿਲੇਗਾ
ਅਤੇ ਉਨ੍ਹਾਂ ਵਿੱਚ ਕੋਈ ਭੋਜਨ ਨਹੀਂ ਹੋਵੇਗਾ।
18 ਤੁਸੀਂ ਸਰਾਪੇ ਜਾਵੋਂਗੇ
ਅਤੇ ਤੁਹਾਡੇ ਬਹੁਤ ਬੱਚੇ ਨਹੀਂ ਹੋਣਗੇ।
ਤੁਹਾਡੀ ਧਰਤੀ ਨੂੰ ਸਰਾਪ ਮਿਲੇਗਾ
ਅਤੇ ਤੁਹਾਨੂੰ ਚੰਗੀ ਫ਼ਸਲ ਪ੍ਰਾਪਤ ਨਹੀਂ ਹੋਵੇਗੀ।
ਤੁਹਾਡੇ ਪਸ਼ੂਆਂ ਨੂੰ ਸਰਾਪ ਮਿਲੇਗਾ
ਅਤੇ ਉਨ੍ਹਾਂ ਦੇ ਬਹੁਤ ਸਾਰੇ ਬੱਚੇ ਨਹੀਂ ਹੋਣਗੇ।
ਤੁਹਾਡੇ ਸਾਰੇ ਵੱਛਿਆਂ
ਅਤੇ ਲੇਲਿਆਂ ਨੂੰ ਸਰਾਪ ਮਿਲੇਗਾ।
19 ਤੁਸੀਂ ਸਰਾਪੇ ਜਾਵੋਂਗੇ ਜਦੋਂ ਤੁਸੀਂ ਜੰਗ ਲਈ ਜਾਵੋਂਗੇ
ਅਤੇ ਤੁਸੀਂ ਹਾਰੇ ਹੋਏ ਵਾਪਸ ਪਰਤੋਂਗੇ।
ਅਲਫ਼
119 ਸ਼ੁੱਧ ਜੀਵਨ ਜਿਉਣ ਵਾਲੇ ਲੋਕ ਖੁਸ਼ ਹਨ।
ਉਹ ਲੋਕ ਯਹੋਵਾਹ ਦੀਆਂ ਸਿੱਖਿਆਵਾਂ ਉੱਤੇ ਚੱਲਦੇ ਹਨ।
2 ਜਿਹੜੇ ਲੋਕ ਯਹੋਵਾਹ ਦੇ ਕਰਾਰ ਨੂੰ ਮੰਨਦੇ ਹਨ ਉਹ ਖੁਸ਼ ਹਨ।
ਉਹ ਸਲਾਹ ਲਈ ਯਹੋਵਾਹ ਨੂੰ ਆਪਣੇ ਪੂਰੇ ਦਿਲ ਨਾਲ ਪੁੱਛਦੇ ਹਨ।
3 ਉਹ ਲੋਕ ਬੁਰੇ ਕੰਮ ਨਹੀਂ ਕਰਦੇ,
ਉਹ ਯਹੋਵਾਹ ਨੂੰ ਮੰਨਦੇ ਹਨ।
4 ਯਹੋਵਾਹ, ਤੁਸਾਂ ਸਾਨੂੰ ਆਦੇਸ਼ ਦਿੱਤੇ ਸਨ।
ਅਤੇ ਤੁਸੀਂ ਸਾਨੂੰ ਉਨ੍ਹਾਂ ਆਦੇਸ਼ਾਂ ਨੂੰ ਪੂਰੀ ਤਰ੍ਹਾਂ ਮੰਨਣ ਲਈ ਆਖਿਆ ਸੀ।
5 ਜੇ ਮੈਂ ਸਦਾ ਤੁਹਾਡੇ ਆਦੇਸ਼ਾਂ ਨੂੰ ਮੰਨਾਗਾ, ਯਹੋਵਾਹ।
6 ਫ਼ੇਰ ਮੈਂ ਕਦੇ ਵੀ ਸ਼ਰਮਸਾਰ ਨਹੀਂ ਹੋਵਾਗਾ।
ਜਦੋਂ ਮੈਂ ਤੁਹਾਡੇ ਆਦੇਸ਼ਾਂ ਦਾ ਅਧਿਐਨ ਕਰਾਂਗਾ।
7 ਫ਼ੇਰ ਮੈਂ ਸੱਚਮੁੱਚ ਤੁਹਾਡਾ ਮਾਣ ਕਰ ਸੱਕਾਂਗਾ।
ਜਦੋਂ ਮੈਂ ਤੁਹਾਡੀ ਨਿਰਪੱਖਤਾ ਅਤੇ ਨੇਕੀ ਦਾ ਅਧਿਐਨ ਕਰਾਂਗਾ।
8 ਯਹੋਵਾਹ, ਮੈਂ ਤੁਹਾਡੇ ਆਦੇਸ਼ ਮੰਨਾਗਾ।
ਇਸ ਲਈ ਕਿਰਪਾ ਕਰਕੇ ਮੈਨੂੰ ਛੱਡ ਕੇ ਨਾ ਜਾਵੋ।
ਬੇਥ
9 ਇੱਕ ਨੌਜਵਾਨ ਬੰਦਾ, ਤੁਹਾਡੀਆਂ ਸਿੱਖਿਆਵਾਂ ਉੱਤੇ ਚੱਲਦਿਆਂ,
ਸ਼ੁੱਧ ਜੀਵਨ ਕਿਵੇਂ ਜਿਉਂ ਸੱਕਦਾ ਹੈ?
10 ਮੈਂ ਪਰਮੇਸ਼ੁਰ ਦੀ ਸੱਚੇ ਦਿਲੋ ਸੇਵਾ ਕਰਨ ਦੀ ਕੋਸ਼ਿਸ਼ ਕਰਦਾ ਹਾਂ।
ਹੇ ਪਰਮੇਸ਼ੁਰ, ਤੁਹਾਡੇ ਆਦੇਸ਼ਾ ਨੂੰ ਮੰਨਣ ਵਿੱਚ ਮੇਰੀ ਮਦਦ ਕਰੋ।
11 ਮੈਂ ਤੁਹਾਡੀਆਂ ਸਿੱਖਿਆਵਾਂ ਦਾ ਅਧਿਐਨ ਬੜੇ ਧਿਆਨ ਨਾਲ ਕਰਦਾ ਹਾਂ।
ਕਿਉ? ਤਾਂ ਜੋ ਮੈਂ ਤੁਹਾਡੇ ਵਿਰੁੱਧ ਗੁਨਾਹ ਨਾ ਕਰ ਸੱਕਾਂ।
12 ਹੇ ਯਹੋਵਾਹ, ਤੂੰ ਧੰਨ ਹੈਂ,
ਮੈਨੂੰ ਆਪਣੇ ਨੇਮ ਸਿੱਖਾ।
13 ਮੈਂ ਤੁਹਾਡੇ ਸਿਆਣੇ ਨਿਆਂਿਆ ਬਾਰੇ ਗੱਲਾਂ ਕਰਾਂਗਾ।
14 ਮੈਨੂੰ ਤੁਹਾਡੇ ਕਰਾਰ ਦਾ ਅਧਿਐਨ ਕਰਨਾ
ਸਭ ਕਾਸੇ ਨਾਲੋਂ ਵੱਧੇਰੇ ਚੰਗਾ ਲੱਗਦਾ ਹੈ।
15 ਮੈਂ ਤੁਹਾਡੇ ਅਸੂਲਾਂ ਬਾਰੇ ਚਰਚਾ ਕਰਦਾ ਹਾਂ।
ਮੈਂ ਤੁਹਾਡੀ ਜੀਵਨ ਜਾਂਚ ਉੱਤੇ ਚੱਲਦਾ ਹਾਂ।
16 ਮੈਨੂੰ ਤੁਹਾਡੇ ਨੇਮ ਪਸੰਦ ਹਨ।
ਮੈਂ ਤੁਹਾਡੇ ਸ਼ਬਦ ਨਹੀਂ ਭੁੱਲਾਂਗਾ।
ਗਿਮਲ
17 ਆਪਣੇ ਸੇਵਕ, ਮੇਰੇ ਨਾਲ, ਚੰਗਾ ਰਹਿ।
ਤਾਂ ਜੋ ਮੈਂ ਤੁਹਾਡੇ ਆਦੇਸ਼ਾਂ ਨੂੰ ਮੰਨਣ ਅਤੇ ਜਿਉਣ ਦੇ ਯੋਗ ਹੋ ਜਾਵਾਂ।
18 ਯਹੋਵਾਹ, ਮੇਰੀਆਂ ਅੱਖਾਂ ਖੋਲ੍ਹ ਦਿਉ।
ਮੈਨੂੰ ਤੁਹਾਡੀਆਂ ਸਿੱਖਿਆਵਾਂ ਅੰਦਰ ਝਾਕਣ ਦਿਉ।
ਅਤੇ ਉਨ੍ਹਾਂ ਚਮਤਕਾਰਾਂ ਬਾਰੇ ਪੜ੍ਹਨ ਦਿਉ ਜੋ ਤੁਸਾਂ ਨੇ ਕੀਤੇ ਸਨ।
19 ਮੈਂ ਇਸ ਧਰਤੀ ਉੱਤੇ ਅਜਨਬੀ ਸਾਂ।
ਯਹੋਵਾਹ, ਮੇਰੇ ਕੋਲੋਂ ਆਪਣੀਆਂ ਸਿੱਖਿਆਵਾਂ ਨਾ ਛੁਡਾਉ।
20 ਮੈਂ ਹਰ ਵੇਲੇ ਤੁਹਾਡੇ ਨਿਆਂਇਆਂ
ਦਾ ਅਧਿਐਨ ਕਰਨਾ ਚਾਹੁੰਦਾ ਹਾਂ।
21 ਯਹੋਵਾਹ, ਤੁਸੀਂ ਗੁਮਾਨੀ ਲੋਕਾਂ ਦੀ ਪੜਚੋਲ ਕਰਦੇ ਹੋ ਉਨ੍ਹਾਂ ਨਾਲ ਬੁਰਾ ਹੋਵੇਗਾ।
ਉਹ ਤੁਹਾਡੇ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰਦੇ ਹਨ।
22 ਮੈਨੂੰ ਸ਼ਰਮਿੰਦਾ ਅਤੇ ਨਮੋਸ਼ ਨਾ ਹੋਣ ਦੇਵੋ।
ਮੈਂ ਤੁਹਾਡੇ ਕਰਾਰ ਨੂੰ ਮੰਨਿਆ ਹੈ।
23 ਆਗੂਆਂ ਨੇ ਵੀ ਮੇਰੇ ਬਾਰੇ ਮੰਦਾ ਬੋਲਿਆ।
ਪਰ ਮੈਂ ਤੁਹਾਡਾ ਸੇਵਕ ਹਾਂ, ਯਹੋਵਾਹ।
ਅਤੇ ਮੈਂ ਤੁਹਾਡੇ ਨੇਮਾਂ ਦਾ ਅਧਿਐਨ ਕਰਦਾ ਹਾਂ।
24 ਤੁਹਾਡਾ ਕਰਾਰ ਮੇਰਾ ਸਭ ਤੋਂ ਚੰਗਾ ਦੋਸਤ ਹੈ।
ਇਹ ਮੈਨੂੰ ਨੇਕ ਸਲਾਹ ਦਿੰਦਾ ਹੈ।
ਪਰਮੇਸ਼ੁਰ ਆਪਣੇ ਬੰਦਿਆਂ ਨੂੰ ਘਰ ਲਿਆਉਂਦਾ ਹੈ
54 “ਹੇ ਬਾਂਝ ਔਰਤ, ਖੁਸ਼ ਹੋ!
ਤੂੰ ਬੱਚੇ ਨਹੀਂ ਜਣੇ।
ਪਰ ਤੈਨੂੰ ਬਹੁਤ ਖੁਸ਼ ਹੋਣਾ ਚਾਹੀਦਾ ਹੈ!”
ਯਹੋਵਾਹ ਆਖਦਾ ਹੈ,
“ਉਸ ਔਰਤ ਦੇ ਹੋਰ ਵੀ ਵੱਧੇਰੇ ਬੱਚੇ ਹੋਣਗੇ ਜਿਹੜੀ ਇੱਕਲੀ ਹੈ,
ਉਸ ਔਰਤ ਦੇ ਮੁਕਾਬਲੇ, ਜਿਹੜੀ ਪਤੀ ਦੇ ਨਾਲ ਰਹਿੰਦੀ ਹੈ।”
2 “ਆਪਣਾ ਤੰਬੂ ਵੱਡੇਰਾ ਕਰ ਲੈ।
ਆਪਣੇ ਦਰਵਾਜ਼ੇ ਚੌੜੇ ਕਰ ਲੈ।
ਆਪਣੇ ਘਰ ਵਿੱਚ ਵਾਧਾ ਕਰਨ ਤੋਂ ਨਾ ਹਟ।
ਆਪਣੇ ਤੰਬੂ ਨੂੰ ਵੱਡਾ ਤੇ ਮਜ਼ਬੂਤ ਬਣਾ ਲੈ।
3 ਕਿਉਂਕਿ ਤੂੰ ਬਹੁਤ ਵੱਧੇਁ ਫ਼ੁਲੇਁਗੀ।
ਤੇਰੇ ਬੱਚੇ ਬਹੁਤ ਸਾਰੀਆਂ ਕੌਮਾਂ ਕੋਲੋਂ ਲੋਕਾਂ ਨੂੰ ਹਾਸਿਲ ਕਰਨਗੇ।
ਤੇਰੇ ਬੱਚੇ ਫ਼ੇਰ ਉਨ੍ਹਾਂ ਸ਼ਹਿਰਾਂ ਅੰਦਰ ਰਹਿਣਗੇ, ਜਿਹੜੇ ਤਬਾਹ ਹੋ ਗਏ ਸਨ।
4 ਭੈਭੀਤ ਨਾ ਹੋ!
ਤੂੰ ਨਿਰਾਸ਼ ਨਹੀਂ ਹੋਵੇਂਗੀ, ਲੋਕ ਤੇਰੇ ਵਿਰੁੱਧ ਮੰਦੀਆਂ ਗੱਲਾਂ ਨਹੀਂ ਕਰਨਗੇ।
ਤੂੰ ਸ਼ਰਮਸਾਰ ਨਹੀਂ ਹੋਵੇਂਗੀ, ਤੂੰ ਸ਼ਰਮ ਮਹਿਸੂਸ ਕੀਤੀ ਸੀ, ਜਦੋਂ ਤੂੰ ਜਵਾਨ ਸੀ।
ਪਰ ਹੁਣ ਤੂੰ ਉਸ ਸ਼ਰਮ ਨੂੰ ਭੁੱਲ ਜਾਵੇਂਗੀ।
ਤੂੰ ਉਸ ਸ਼ਰਮਿੰਦਗੀ ਨੂੰ ਚੇਤੇ ਨਹੀਂ ਕਰੇਗੀ ਜਿਹੜੀ
ਤੂੰ ਉਦੋਂ ਅਨੁਭਵ ਕੀਤੀ ਸੀ ਜਦੋਂ ਤੇਰਾ ਪਤੀ ਖੁਸਿਆ ਸੀ।
5 ਕਿਉਂ ਕਿ ਤੇਰਾ ਪਤੀ ਓਹੀ ਇੱਕ ਹੈ ਜਿਸਨੇ ਤੈਨੂੰ ਸਾਜਿਆ ਸੀ।
ਉਸਦਾ ਨਾਮ ਸਰਬ-ਸ਼ਕਤੀਮਾਨ ਯਹੋਵਾਹ ਹੈ।
ਉਹ ਇਸਰਾਏਲ ਦਾ ਰਾਖਾ ਹੈ।
ਉਹ ਇਸਰਾਏਲ ਦਾ ਪਵਿੱਤਰ ਪੁਰੱਖ ਹੈ।
ਅਤੇ ਉਸ ਨੂੰ ਸਾਰੀ ਧਰਤੀ ਦਾ ਪਰਮੇਸ਼ੁਰ ਸੱਦਿਆ ਜਾਵੇਗਾ!
6 “ਤੂੰ ਉਸ ਔਰਤ ਵਰਗੀ ਸੈਂ ਜਿਸ ਨੂੰ ਉਸ ਦੇ ਪਤੀ ਨੇ ਛੱਡ ਦਿੱਤਾ ਹੋਵੇ।
ਤੂੰ ਆਪਣੇ ਰੂਹ ਵਿੱਚ ਬਹੁਤ ਉਦਾਸ ਸੈਂ,
ਪਰ ਯਹੋਵਾਹ ਨੇ ਤੈਨੂੰ ਆਪਣਾ ਬਨਾਉਣ ਲਈ ਸੱਦਿਆ ਸੀ।
ਤੂੰ ਉਸ ਔਰਤ ਵਰਗੀ ਸੈਂ, ਜੋ ਜਵਾਨੀ ਵੇਲੇ ਵਿਆਹੀ ਗਈ ਸੀ ਤੇ ਉਸਦਾ ਪਤੀ ਛੱਡ ਗਿਆ ਸੀ।
ਪਰ ਪਰਮੇਸ਼ੁਰ ਨੇ ਤੈਨੂੰ ਆਪਣਾ ਬਨਾਉਣ ਲਈ ਸੱਦਿਆ ਸੀ।”
7 ਪਰਮੇਸ਼ੁਰ ਆਖਦਾ ਹੈ, “ਮੈਂ ਤੈਨੂੰ ਛੱਡ ਦਿੱਤਾ ਸੀ, ਪਰ ਸਿਰਫ਼ ਬੋੜੇ ਸਮੇਂ ਲਈ।
ਮੈਂ ਫ਼ੇਰ ਤੈਨੂੰ ਆਪਣੇ ਕੋਲ ਬੁਲਾਵਾਂਗਾ।
ਅਤੇ ਮੈਂ ਤੇਰੇ ਉੱਤੇ ਬਹੁਤ ਵੱਡੀ ਮਿਹਰ ਕਰਾਂਗਾ।
8 ਮੈਂ ਬਹੁਤ ਨਾਰਾਜ਼ ਹੋ ਗਿਆ ਸਾਂ ਤੇ ਬੋੜੇ ਸਮੇਂ ਲਈ ਤੇਰੇ ਕੋਲੋਂ ਛੁਪ ਗਿਆ ਸਾਂ।
ਪਰ ਮੈਂ ਤੈਨੂੰ ਸਦਾ ਲਈ ਮਿਹਰ ਭਰਿਆ ਸੱਕੂਨ ਦੇਵਾਂਗਾ।”
ਤੇਰੇ ਮੁਕਤੀਦਾਤੇ, ਯਹੋਵਾਹ ਨੇ ਇਹ ਆਖਿਆ ਸੀ।
ਪਰਮੇਸ਼ੁਰ ਹਮੇਸ਼ਾ ਆਪਣੇ ਬੰਦਿਆਂ ਨੂੰ ਪਿਆਰ ਕਰਦਾ ਹੈ
9 ਪਰਮੇਸ਼ੁਰ ਆਖਦਾ ਹੈ, “ਯਾਦ ਕਰੋ, ਨੂਹ ਦੇ ਸਮੇਂ ਵਿੱਚ ਮੈਂ ਦੁਨੀਆਂ ਨੂੰ ਹੜਾਂ ਦੀ ਸਜ਼ਾ ਦਿੱਤੀ ਸੀ।
ਪਰ ਮੈਂ ਨੂਹ ਨਾਲ ਇਕਰਾਰ ਕੀਤਾ ਸੀ ਕਿ ਮੈਂ ਫ਼ੇਰ ਕਦੇ ਵੀ ਹੜਾਂ ਨਾਲ ਦੁਨੀਆਂ ਨੂੰ ਤਬਾਹ ਨਹੀਂ ਕਰਾਂਗਾ।
ਓਸੇ ਤਰ੍ਹਾਂ ਹੀ ਮੈਂ ਤੇਰੇ ਨਾਲ ਇਕਰਾਰ ਕਰਦਾ ਹਾਂ ਕਿ ਮੈਂ ਫ਼ੇਰ ਕਦੇ ਵੀ ਨਾਰਾਜ਼ ਨਹੀਂ ਹੋਵਾਂਗਾ,
ਤੇ ਤੈਨੂੰ ਬੁਰਾ ਭਲਾ ਨਹੀਂ ਆਖਾਂਗਾ।”
10 ਯਹੋਵਾਹ ਆਖਦਾ ਹਾਂ, “ਭਾਵੇਂ ਪਰਬਤ ਅਲੋਪ ਹੋ ਜਾਣ
ਤੇ ਭਾਵੇਂ ਪਹਾੜੀਆਂ ਖਾਕ ਹੋ ਜਾਣ।
ਪਰ ਕਦੇ ਵੀ ਮੇਰੀ ਮਿਹਰ ਤੇਰੇ ਕੋਲੋਂ ਦੂਰ ਨਹੀਂ ਹੋਵੇਗੀ।
ਮੈਂ ਤੇਰੇ ਨਾਲ ਅਮਨ ਕਾਇਮ ਕਰਾਂਗਾ ਤੇ ਇਹ ਕਦੇ ਖਤਮ ਨਹੀਂ ਹੋਵੇਗਾ।”
ਯਹੋਵਾਹ ਤੇਰੇ ਉੱਤੇ ਮਿਹਰ ਕਰਦਾ ਹੈ।
ਅਤੇ ਉਹੀ ਸੀ ਜਿਸਨੇ ਇਹ ਗੱਲਾਂ ਆਖੀਆਂ ਸਨ।
11 “ਤੂੰ, ਹੇ ਗਰੀਬ ਨਗਰੀੇ!
ਦੁਸ਼ਮਣਾਂ ਤੇਰੇ ਉੱਤੇ ਤੂਫ਼ਾਨ ਵਾਂਗ ਧਾਵਾ ਕੀਤਾ ਸੀ।
ਪਰ ਕਿਸੇ ਨੇ ਵੀ ਤੈਨੂੰ ਸੱਕੂਨ ਨਹੀਂ ਪਹੁੰਚਾਇਆ।
ਪਰ ਮੈਂ ਤੈਨੂੰ ਫ਼ੇਰ ਉਸਾਰਾਂਗਾ।
ਮੈਂ ਤੇਰੀਆਂ ਕੰਧਾਂ ਦੀ ਬੁਨਿਆਦ ਰੱਖਣ ਲਈ ਖੂਬਸੂਰਤ ਮਸਾਲਾ ਵਰਤਾਂਗਾ।
ਮੈਂ ਕੀਮਤੀ ਪੱਥਰ ਦਾ ਇਸਤੇਮਾਲ ਕਰਾਂਗਾ, ਜਦੋਂ ਮੈਂ ਤੇਰੀ ਬੁਨਿਆਦ ਰੱਖਾਂਗਾ।
12 ਕਂਧ ਦੇ ਉਤਲੇ ਪੱਥਰ ਲਾਲ ਹੀਰਿਆਂ ਨਾਲ
ਅਤੇ ਤੇਰੇ ਫਾਟਕ ਚਮਕਦਿਆਂ ਜਵਾਹਰਾਤਾਂ ਨਾਲ ਬਣਾਏ ਜਾਣਗੇ।
ਮੈਂ ਕੀਮਤੀ ਪੱਥਰ ਨੂੰ ਤੇਰੀਆਂ ਆਲੇ-ਦੁਆਲੇ ਦੀਆਂ ਕੰਧਾਂ ਲਈ ਵਰਤਾਂਗਾ।
13 ਤੇਰੇ ਬੱਚੇ ਪਰਮੇਸ਼ੁਰ ਦੇ ਅਨੁਯਾਈ ਹੋਣਗੇ ਅਤੇ ਉਹ ਉਨ੍ਹਾਂ ਨੂੰ ਸਿੱਖਿਆ ਦ੍ਦੇਵੇਗਾ।
ਤੇਰੇ ਬੱਚਿਆਂ ਨੂੰ ਸੱਚਮੁੱਚ ਸ਼ਾਂਤੀ ਮਿਲੇਗੀ।
14 ਤੇਰੀ ਉਸਾਰੀ ਨੇਕੀ ਉੱਤੇ ਹੋਵੇਗੀ।
ਇਸ ਲਈ ਤੂੰ ਜ਼ੁਲਮ ਅਤੇ ਭੈ ਤੋਂ ਸੁਰੱਖਿਅਤ ਹੋਵੇਂਗੀ।
ਤੈਨੂੰ ਕੋਈ ਵੀ ਡਰ ਨਹੀਂ ਹੋਵੇਗਾ।
ਤੈਨੂੰ ਦੁੱਖ ਦੇਣ ਲਈ ਕੁਝ ਵੀ ਨਹੀਂ ਵਾਪਰੇਗਾ।
15 ਮੇਰੀਆਂ ਫ਼ੌਜਾਂ ਵਿੱਚੋਂ ਕੋਈ ਵੀ ਤੇਰੇ ਵਿਰੁੱਧ ਨਹੀਂ ਲੜੇਗੀ।
ਤੇ ਜੇ ਕੋਈ ਫ਼ੌਜ ਤੇਰੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦੀ ਹੈ, ਤਾਂ ਤੂੰ ਉਸ ਫ਼ੌਜ ਨੂੰ ਹਰਾ ਦੇਵੇਂਗੀ।
16 “ਦੇਖੋ, ਮੈਂ ਲੋਹਾਰ ਨੂੰ ਸਾਜਿਆ ਸੀ। ਉਹ ਅੱਗ ਉੱਤੇ ਧੌਁਖਣੀ ਚਲਾਉਂਦਾ, ਇਸ ਨੂੰ ਹੋਰ ਤੇਜ਼ ਕਰਨ ਲਈ ਅਤੇ ਹਬਿਆਰ ਨੂੰ ਇਸ ਦੇ ਕੰਮ ਲਈ ਉਚਿਤ ਬਣਾਉਂਦਾ ਹੈ। ਇਸੇ ਤਰ੍ਹਾਂ ਹੀ ਮੈਂ ‘ਤਬਾਹੀ’ ਨੂੰ ਸਾਜਿਆ ਸੀ ਜਿਹੜੀ ਚੀਜ਼ਾਂ ਨੂੰ ਤਬਾਹ ਕਰਦੀ ਹੈ।
17 “ਲੋਕ ਤੇਰੇ ਵਿਰੁੱਧ ਲੜਨ ਲਈ ਹਬਿਆਰ ਬਨਾਉਣਗੇ, ਪਰ ਉਹ ਹਬਿਆਰ ਤੈਨੂੰ ਨਹੀਂ ਹਰਾਉਣਗੇ। ਕੁਝ ਲੋਕ ਤੇਰੇ ਵਿਰੁੱਧ ਬੋਲਣਗੇ। ਪਰ ਹਰ ਉਹ ਬੰਦਾ ਜਿਹੜਾ ਤੇਰੇ ਵਿਰੁੱਧ ਬੋਲੇਗਾ, ਗ਼ਲਤ ਸਿੱਧ ਹੋਵੇਗਾ।”
ਯਹੋਵਾਹ ਆਖਦਾ ਹੈ, “ਯਹੋਵਾਹ ਦੇ ਸੇਵਕਾਂ ਨੂੰ ਕੀ ਮਿਲਦਾ ਹੈ? ਉਨ੍ਹਾਂ ਨੂੰ ਉਹ ਦੋਸ਼-ਮੁਕਤੀ ਮਿਲਦੀ ਹੈ ਜਿਹੜੀ ਮੇਰੇ ਪਾਸੋਂ ਆਉਂਦੀ ਹੈ!”
ਜੋਤਸ਼ੀ ਯਿਸੂ ਨੂੰ ਮਿਲਣ ਆਏ
2 ਯਿਸੂ ਯਹੂਦਿਯਾ ਦੇ ਨਗਰ ਬੈਤਲਹਮ ਵਿੱਚ ਜੰਮਿਆ ਸੀ। ਉਹ ਉਸ ਵਕਤ ਜਨਮਿਆ ਸੀ ਜਦੋਂ ਹੇਰੋਦੇਸ ਰਾਜਾ ਸੀ। ਯਿਸੂ ਦੇ ਜਨਮ ਤੋਂ ਬਾਅਦ ਪੂਰਬ ਵੱਲੋਂ ਕੁਝ ਜੋਤਸ਼ੀ ਯਰੂਸ਼ਲਮ ਵਿੱਚ ਆਏ। 2 ਜੋਤਸ਼ੀਆਂ ਨੇ ਲੋਕਾਂ ਨੂੰ ਪੁੱਛਿਆ, “ਨਵਾਂ ਜੁਆਕ ਕਿੱਥੇ ਹੈ ਜੋ ਕਿ ਯਹੂਦੀਆਂ ਦਾ ਰਾਜਾ ਹੈ? ਅਸੀਂ ਤਾਰਾ ਵੇਖਿਆ ਹੈ ਜੋ ਦਰਸਾਉਂਦਾ ਕਿ ਉਹ ਜਨਮਿਆ ਹੈ। ਅਸੀਂ ਤਾਰੇ ਨੂੰ ਪੂਰਬ ਵਿੱਚ ਆਕਾਸ਼ ਵਿੱਚ ਉੱਠਦਿਆਂ ਵੇਖਿਆ। ਅਸੀਂ ਉਸਦੀ ਉਪਾਸਨਾ ਕਰਨ ਲਈ ਆਏ ਹਾਂ।”
3 ਜਦੋਂ ਰਾਜਾ ਹੇਰੋਦੇਸ ਅਤੇ ਯਰੂਸ਼ਲਮ ਦੇ ਲੋਕਾਂ ਨੇ ਯਹੂਦੀਆਂ ਦੇ ਰਾਜੇ ਬਾਰੇ ਸੁਣਿਆ, ਤਾਂ ਉਹ ਘਬਰਾ ਗਏ। 4 ਹੇਰੋਦੇਸ ਨੇ ਯਹੂਦੀ ਪ੍ਰਧਾਨ ਜਾਜਕਾਂ ਤੇ ਨੇਮ ਦੇ ਉਸਦੇਸ਼ਕਾਂ ਨੂੰ ਇਕੱਠਿਆਂ ਕਰਕੇ, ਉਨ੍ਹਾਂ ਨੂੰ ਪੁੱਛਿਆ ਕਿ ਮਸੀਹ ਕਿੱਥੇ ਜੰਮੇਗਾ? 5 ਉਨ੍ਹਾਂ ਨੇ ਕਿਹਾ, “ਯਹੂਦਿਯਾ ਦੇ ਬੈਤਲਹਮ ਵਿੱਚ, ਕਿਉਂਕਿ ਨਬੀ ਨੇ ਇਸ ਬਾਰੇ ਪੋਥੀਆਂ ਵਿੱਚ ਲਿਖਿਆ ਹੈ:
6 ‘ਹੇ ਬੈਤਲਹਮ, ਯਹੂਦਾਹ ਦੀ ਧਰਤੀ ਵਿੱਚ
ਤੂੰ ਯਹੂਦਾਹ ਦੇ ਹਾਕਮਾਂ ਵਿੱਚੋਂ ਬੜਾ ਮਹੱਤਵਪੂਰਣ ਹੈ।
ਹਾਂ, ਤੇਰੇ ਵਿੱਚੋਂ ਇੱਕ ਅਜਿਹਾ ਹਾਕਮ ਆਵੇਗਾ,
ਜਿਹੜਾ ਮੇਰੇ ਲੋਕਾਂ, ਅਤੇ ਇਸਰਾਏਲ ਦੀ ਅਗਵਾਈ ਕਰੇਗਾ।’” (A)
7 ਫੇਰ ਹੇਰੋਦੇਸ ਨੇ ਪੂਰਬ ਤੋਂ ਆਏ ਜੋਤਸ਼ੀਆਂ ਨੂੰ ਚੁੱਪ ਕੀਤੇ ਬੁਲਾਕੇ ਉਨ੍ਹਾਂ ਕੋਲੋਂ ਠੀਕ-ਠੀਕ ਪਤਾ ਕੀਤਾ ਕਿ ਉਨ੍ਹਾਂ ਨੂੰ ਤਾਰਾ ਪਹਿਲੀ ਵਾਰ ਕਦੋਂ ਦਿਖਾਈ ਦਿੱਤਾ ਸੀ। 8 ਫ਼ੇਰ ਹੇਰੋਦੇਸ ਨੇ ਉਨ੍ਹਾਂ ਨੂੰ ਬੈਤਲਹਮ ਵਿੱਚ, ਇਹ ਕਹਿ ਕੇ ਭੇਜ ਦਿੱਤਾ ਕਿ, “ਜਾਓ ਅਤੇ ਧਿਆਨ ਨਾਲ ਇਸ ਬਾਲਕ ਬਾਰੇ ਪਤਾ ਲਗਾਓ। ਜਦੋਂ ਤੁਸੀਂ ਬਾਲਕ ਨੂੰ ਲੱਭ ਲਵੋਂ, ਤਾਂ ਆਕੇ ਮੈਨੂੰ ਦੱਸ ਦਿਓ, ਤਾਂ ਜੋ ਮੈਂ ਵੀ ਜਾਵਾਂ ਅਤੇ ਉਸਦੀ ਉਪਾਸਨਾ ਕਰਾਂ।”
9 ਉਹ ਰਾਜੇ ਦੀ ਗੱਲ ਸੁਣਕੇ ਚੱਲੇ ਗਏ। ਅਤੇ ਉਹ ਤਾਰਾ, ਜਿਹੜਾ ਉਨ੍ਹਾਂ ਨੇ ਚੜ੍ਹ੍ਹਦੇ ਪਾਸੇ ਦੇਖਿਆ ਸੀ, ਜੋਤਸ਼ੀਆਂ ਨੇ ਉਸ ਤਾਰੇ ਦਾ ਪਿੱਛਾ ਕੀਤਾ। ਤਾਰੇ ਨੇ ਉਨ੍ਹਾਂ ਦੀ ਉਦੋਂ ਤੱਕ ਅਗਵਾਈ ਕੀਤੀ, ਜਦੋਂ ਤੱਕ ਕਿ ਉਹ ਉਸ ਜਗ਼੍ਹਾ ਉੱਤੇ ਆਕੇ ਨਹੀਂ ਰੁਕ ਗਿਆ ਜਿੱਥੇ ਉਹ ਬਾਲਕ ਸੀ। 10 ਜੋਤਸ਼ੀ ਉਦੋਂ ਬਹੁਤ ਖੁਸ਼ ਸਨ ਜਦੋਂ ਉਨ੍ਹਾਂ ਨੇ ਤਾਰਾ ਵੇਖਿਆ।
11 ਉਨ੍ਹਾਂ ਨੇ ਉਸ ਘਰ ਵਿੱਚ ਜਾਕੇ ਬਾਲਕ ਨੂੰ ਉਸਦੀ ਮਾਤਾ ਮਰਿਯਮ ਨਾਲ ਦੇਖਿਆ ਅਤੇ ਪੈਰੀਂ ਪੈਕੇ ਉਸ ਨੂੰ ਮੱਥਾ ਟੇਕਿਆ। ਉਨ੍ਹਾਂ ਨੇ ਆਪਣੀਆਂ ਥੈਲੀਆਂ ਖੋਲ੍ਹੀਆਂ ਅਤੇ ਸੋਨੇ, ਲੁਬਾਣ ਅਤੇ ਗੰਧਰਸ ਦੀਆਂ ਸੁਗਾਤਾਂ ਭੇਂਟ ਕੀਤੀਆਂ ਜਿਹੜੀਆਂ ਉਹ ਬਾਲਕ ਵਾਸਤੇ ਲਿਆਏ ਸਨ। 12 ਪਰ ਸੁਫਨੇ ਵਿੱਚ ਪਰਮੇਸ਼ੁਰ ਨੇ ਜੋਤਸ਼ੀਆਂ ਨੂੰ ਖਬਰਦਾਰ ਕੀਤਾ ਕਿ ਉਹ ਹੇਰੋਦੇਸ ਕੋਲ ਫੇਰ ਨਾ ਜਾਣ। ਤਾਂ ਉਹ ਹੋਰ ਰਸਤੇ ਆਪਣੇ ਦੇਸ਼ ਨੂੰ ਮੁੜ ਗਏ।
ਯਿਸੂ ਆਪਣੇ ਮਾਤਾ ਪਿਤਾ ਨਾਲ ਮਿਸਰ ਨੂੰ
13 ਜਦੋਂ ਜੋਤਸ਼ੀ ਦੂਰ ਚੱਲੇ ਗਏ, ਤਾਂ ਪ੍ਰਭੂ ਦੇ ਦੂਤ ਨੇ ਯੂਸੁਫ ਦੇ ਸੁਫਨੇ ਵਿੱਚ ਦਰਸ਼ਨ ਦੇਕੇ ਆਖਿਆ, “ਉੱਠ! ਬਾਲਕ ਤੇ ਉਸਦੀ ਮਾਤਾ ਨੂੰ ਲੈ ਕੇ ਮਿਸਰ ਦੇਸ਼ ਵਿੱਚ ਚੱਲਾ ਜਾ। ਅਤੇ ਜਦ ਤੀਕਰ ਮੈਂ ਤੈਨੂੰ ਨਾ ਆਖਾਂ ਉੱਥੇ ਹੀ ਰਹਿਣਾ ਕਿਉਂਕਿ ਹੇਰੋਦੇਸ ਬਾਲਕ ਨੂੰ ਮਾਰਣ ਵਾਸਤੇ ਲੱਭੇਗਾ।”
14 ਤਾਂ ਯੂਸੁਫ ਉੱਠਿਆ ਰਾਤੋ-ਰਾਤ ਬਾਲਕ ਅਤੇ ਉਸਦੀ ਮਾਤਾ ਨੂੰ ਨਾਲ ਲੈ ਕੇ ਮਿਸਰ ਵੱਲ ਤੁਰ ਪਿਆ। 15 ਯੂਸੁਫ਼ ਹੇਰੋਦੇਸ ਦੇ ਮਰਨ ਤੱਕ ਮਿਸਰ ਵਿੱਚ ਹੀ ਰਿਹਾ। ਇਹ ਇਸ ਲਈ ਵਾਪਰਿਆ ਤਾਂ ਕਿ ਜਿਹੜਾ ਬਚਨ ਪ੍ਰਭੂ ਨੇ ਨਬੀ ਦੀ ਜ਼ਬਾਨੀ ਆਖਿਆ ਸੀ ਉਹ ਪੂਰਾ ਹੋਵੇ: ਪ੍ਰਭੂ ਨੇ ਆਖਿਆ, “ਮੈਂ ਆਪਣੇ ਪੁੱਤਰ ਨੂੰ ਮਿਸਰ ਵਿੱਚੋਂ ਸੱਦਿਆ।” [a]
ਹੇਰੋਦੇਸ ਨੇ ਬੈਤਲਹਮ ਦੇ ਸਭ ਬਾਲ ਮੁੰਡਿਆਂ ਨੂੰ ਮਾਰ ਸੁੱਟਿਆ
16 ਜਦੋਂ ਹੇਰੋਦੇਸ ਨੂੰ ਇਹ ਸਮਝ ਆਈ ਕਿ ਉਸ ਨੂੰ ਜੋਤਸ਼ੀਆਂ ਦੁਆਰਾ ਧੋਖਾ ਦਿੱਤਾ ਗਿਆ ਹੈ, ਤਾਂ ਉਸ ਨੂੰ ਬੜਾ ਕ੍ਰੋਧ ਆਇਆ। ਫ਼ੇਰ ਉਸ ਨੇ ਬੈਤਲਹਮ ਅਤੇ ਆਸੇ-ਪਾਸੇ ਦੇ ਸਾਰੇ ਇਲਾਕਿਆਂ ਦੇ ਬਾਲਕਾਂ ਨੂੰ ਮਾਰਨ ਦਾ ਹੁਕਮ ਦੇ ਦਿੱਤਾ। ਉਸ ਨੇ ਦੋ ਸਾਲ ਅਤੇ ਇਸਤੋਂ ਛੋਟੀ ਉਮਰ ਦੇ ਬਾਲਕਾਂ ਨੂੰ ਮਾਰ ਦੇਣ ਦਾ ਹੁਕਮ ਦੇ ਦਿੱਤਾ ਕਿਉਂਕਿ ਉਸ ਨੇ ਜੋਤਸ਼ੀਆਂ ਤੋਂ ਜਨਮ ਦੇ ਸਹੀ ਸਮੇਂ ਦਾ ਪਤਾ ਲਾਇਆ ਸੀ। 17 ਤਾਂ ਨਬੀ ਯਿਰਮਿਯਾਹ ਦੁਆਰਾ ਬੋਲਿਆ ਪਰਮੇਸ਼ੁਰ ਦਾ ਸ਼ਬਦ ਪੂਰਾ ਹੋ ਗਿਆ ਸੀ:
18 “ਰਾਮਾਹ ਵਿੱਚ ਇੱਕ ਅਵਾਜ਼ ਸੁਣਾਈ ਦਿੱਤੀ।
ਰੋਣਾ ਅਤੇ ਵੱਡੇ ਵਿਰਲਾਪ ਨਾਲ
ਰਾਖੇਲ ਆਪਣੇ ਬਾਲ ਬੱਚਿਆਂ ਨੂੰ ਰੋਂਦੀ ਹੈ
ਅਤੇ ਤਸੱਲੀ ਨਹੀਂ ਚਾਹੁੰਦੀ,
ਕਿਉਂਕਿ ਉਸ ਦੇ ਬੱਚੇ ਮਰ ਚੁੱਕੇ ਹਨ।” (B)
ਯੂਸੁਫ਼ ਅਤੇ ਮਰਿਯਮ ਮਿਸਰ ਤੋਂ ਮੁੜੇ
19 ਹੇਰੋਦੇਸ ਦੇ ਮਰਨ ਤੋਂ ਬਾਅਦ, ਪ੍ਰਭੂ ਦਾ ਇੱਕ ਦੂਤ ਮਿਸਰ ਵਿੱਚ ਯੂਸੁਫ਼ ਦੇ ਸੁਪਨੇ ਵਿੱਚ ਪ੍ਰਗਟਿਆ। 20 ਦੂਤ ਨੇ ਆਖਿਆ, “ਉੱਠ! ਬਾਲਕ ਅਤੇ ਉਸਦੀ ਮਾਤਾ ਨੂੰ ਲੈ ਕੇ ਇਸਰਾਏਲ ਦੇ ਦੇਸ਼ ਨੂੰ ਜਾ। ਕਿਉਂਕਿ ਜਿਹੜੇ ਲੋਕ ਬਾਲਕ ਨੂੰ ਮਾਰਨਾ ਚਾਹੁੰਦੇ ਸਨ ਉਹ ਹੁਣ ਮਰ ਚੁੱਕੇ ਹਨ।”
21 ਤਦ ਉਹ ਤਿਆਰ ਹੋਇਆ ਅਤੇ ਬਾਲਕ ਅਤੇ ਉਸਦੀ ਮਾਤਾ ਨੂੰ ਨਾਲ ਲੈ ਕੇ ਇਸਰਾਏਲ ਦੇਸ਼ ਨੂੰ ਚੱਲਿਆ ਗਿਆ। 22 ਜਦੋਂ ਯੂਸੁਫ਼ ਨੇ ਸੁਣਿਆ ਕਿ ਅਰਕਿਲਊਸ ਯਹੂਦਿਯਾ ਵਿੱਚ ਆਪਣੇ ਪਿਤਾ ਹੇਰੋਦੇਸ ਦੀ ਮੌਤ ਤੋਂ ਬਾਅਦ ਰਾਜਾ ਬਣ ਗਿਆ ਹੈ ਤਾਂ ਉਹ ਉੱਥੇ ਜਾਣ ਤੋਂ ਡਰਦਾ ਸੀ। ਪਰ ਸੁਪਨੇ ਵਿੱਚ ਪਰਮੇਸ਼ੁਰ ਦੁਆਰਾ ਖ਼ਬਰ ਪਾਕੇ ਉਹ ਗਲੀਲ ਦੇ ਇਲਾਕੇ ਨੂੰ ਚੱਲਿਆ ਗਿਆ। 23 ਯੂਸੁਫ਼ ਨਾਸਰਤ ਨਾਮ ਦੇ ਇੱਕ ਨਗਰ ਵਿੱਚ ਜਾ ਵਸਿਆ ਅਤੇ ਇਸਨੇ ਉਹ ਬਚਨ ਪੂਰਾ ਕਰ ਦਿੱਤਾ ਜਿਹੜਾ ਪਰਮੇਸ਼ੁਰ ਨੇ ਨਬੀਆਂ ਰਾਹੀਂ ਆਖਿਆ ਸੀ। ਕਿ ਉਹ ਇੱਕ ਨਾਸਰੀ [b] ਅਖਵਾਏਗਾ।
2010 by World Bible Translation Center