M’Cheyne Bible Reading Plan
20 “ਜੇ ਤੁਸੀਂ ਕੁਝ ਵੀ ਬੁਰਾ ਕਰਦੇ ਹੋ ਅਤੇ ਯਹੋਵਾਹ ਤੋਂ ਮੁਖ ਮੋੜ ਲੈਂਦੇ ਹੋ, ਉਹ ਤੁਹਾਡੇ ਉੱਤੇ ਆਫ਼ਤਾਂ ਲਿਆਵੇਗਾ। ਤੁਹਾਨੂੰ ਆਪਣੇ ਕੀਤੇ ਹਰ ਕੰਮ ਵਿੱਚ ਨਿਰਾਸ਼ਾ ਅਤੇ ਮੁਸ਼ਿਕਲਾਂ ਦਾ ਸਾਹਮਣਾ ਕਰੋਂਗੇ। ਉਹ, ਅਜਿਹਾ ਓਨਾ ਚਿਰ ਤੱਕ ਕਰਦਾ ਰਹੇਗਾ ਜਦੋਂ ਤੱਕ ਕਿ ਤੁਸੀਂ ਆਪਣੀਆਂ ਬਦ ਕਰਨੀਆਂ ਕਾਰਣ ਤਬਾਹ ਨਹੀਂ ਹੋ ਜਾਂਦੇ। 21 ਯਹੋਵਾਹ ਤੁਹਾਨੂੰ ਭਿਆਨਕ ਬਿਮਾਰੀਆਂ ਵਿੱਚ ਗਰਕ ਕਰ ਦੇਵੇਗਾ ਜਦੋਂ ਤੱਕ ਕਿ ਤੁਸੀਂ ਖਤਮ ਨਹੀਂ ਹੋ ਜਾਂਦੇ-ਉਸ ਧਰਤੀ ਉੱਤੋਂ ਤਬਾਹ ਨਹੀਂ ਹੋ ਜਾਂਦੇ ਜਿਸ ਨੂੰ ਤੁਸੀਂ ਹਾਸਿਲ ਕਰਨ ਜਾ ਰਹੇ ਹੋ। 22 ਯਹੋਵਾਹ ਤੁਹਾਨੂੰ ਬਿਮਾਰੀ, ਬੁਖਾਰ ਅਤੇ ਮਹਾਮਾਰੀ ਨਾਲ ਸਜ਼ਾ ਦੇਵੇਗਾ। ਯਹੋਵਾਹ ਭਿਆਨਕ ਗਰਮੀ ਅਤੇ ਸੋਕਾ ਭੇਜੇਗਾ। ਤੁਹਾਡੀਆਂ ਫ਼ਸਲਾ ਗਰਮੀ ਅਤੇ ਬਿਮਾਰੀ ਕਾਰਣ ਮਰ ਜਾਣਗੀਆਂ। ਇਹ ਸਭ ਕੁਝ ਤੁਹਾਡੇ ਤਬਾਹ ਹੋਣ ਤੀਕ ਵਾਪਰਦਾ ਰਹੇਗਾ। 23 ਤੁਹਾਡੇ ਉੱਪਰ ਆਕਾਸ਼ ਪਾਲਿਸ਼ ਕੀਤੇ ਪਿੱਤਲ ਵਰਗਾ ਹੋਵੇਗਾ ਅਤੇ ਤੁਹਾਡੇ ਪੈਰਾਂ ਹੇਠਾਂ ਦੀ ਜ਼ਮੀਨ ਲੋਹੇ ਜਿੰਨੀ ਸਖਤ ਹੋਵੇਗੀ। 24 ਯਹੋਵਾਹ ਬਾਰਿਸ਼ ਨਹੀਂ ਭੇਜੇਗਾ-ਆਕਾਸ਼ ਵਿੱਚੋਂ ਸਿਰਫ਼ ਰੇਤ ਅਤੇ ਮਿੱਟੀ ਹੀ ਕਿਰੇਗੀ। ਇਹ ਓਨਾ ਚਿਰ ਤੁਹਾਡੇ ਉੱਤੇ ਡਿੱਗਦੀ ਰਹੇਗੀ ਜਿੰਨਾ ਚਿਰ ਤੱਕ ਕਿ ਤੁਸੀਂ ਤਬਾਹ ਨਹੀਂ ਹੋ ਜਾਂਦੇ।
25 “ਯਹੋਵਾਹ ਤੁਹਾਡੇ ਦੁਸ਼ਮਣਾ ਨੂੰ ਤੁਹਾਨੂੰ ਹਰਾਉਣ ਦੇਵੇਗਾ। ਤੁਸੀਂ ਆਪਣੇ ਦੁਸ਼ਮਣਾ ਵਿਰੁੱਧ ਲੜਨ ਲਈ ਇੱਕ ਰਸਤੇ ਤੋਂ ਜਾਵੋਂਗੇ, ਪਰ ਉਨ੍ਹਾਂ ਕੋਲੋਂ ਸੱਤ ਵੱਖੋ-ਵੱਖਰੇ ਰਸਤਿਆਂ ਤੋਂ ਦੀ ਭੱਜ ਜਾਵੋਂਗੇ। ਜਿਹੜੀਆਂ ਸਾਰੀਆਂ ਮੰਦੀਆਂ ਘਟਨਾਵਾ ਤੁਹਾਡੇ ਨਾਲ ਵਾਪਰਨਗੀਆਂ, ਧਰਤੀ ਦੇ ਸਾਰੇ ਰਾਜਾ ਨੂੰ ਭੈਭੀਤ ਕਰ ਦੇਣਗੀਆਂ। 26 ਤੁਹਾਡੀਆਂ ਲਾਸ਼ਾ ਜੰਗਲੀ ਜਾਨਵਰਾ ਅਤੇ ਪੰਛੀਆਂ ਦਾ ਭੋਜਨ ਬਣਨਗੀਆਂ। ਉਨ੍ਹਾਂ ਨੂੰ ਤੁਹਾਡੀਆਂ ਲਾਸ਼ਾ ਤੋਂ ਹਟਾਉਣ ਵਾਲਾ ਕੋਈ ਨਹੀਂ ਹੋਵੇਗਾ।
27 “ਯਹੋਵਾਹ ਤੁਹਾਨੂੰ ਫ਼ੋੜਿਆ ਨਾਲ ਸਜ਼ਾ ਦੇਵੇਗਾ ਜਿਵੇਂ ਉਸ ਨੇ ਮਿਸਰੀਆਂ ਨੂੰ ਦਿੱਤੀ ਸੀ। ਉਹ ਤੁਹਾਨੂੰ ਰਸੌਲੀਆਂ, ਰਿਸਣ ਵਾਲੇ ਜ਼ਖਮਾ ਅਤੇ ਲਾਇਲਾਜ ਖੁਜਲੀ ਨਾਲ ਸਜ਼ਾ ਦੇਵੇਗਾ। 28 ਯਹੋਵਾਹ ਤੁਹਾਨੂੰ ਪਾਗਲਪਨ ਦੀ ਸਜ਼ਾ ਦੇਵੇਗਾ। ਉਹ ਤੁਹਾਨੂੰ ਅੰਨ੍ਹਾ ਅਤੇ ਬੇਸਮਝ ਬਣਾ ਦੇਵੇਗਾ। 29 ਦਿਨ ਵੇਲੇ, ਤੁਸੀਂ ਹਨੇਰੇ ਵਿੱਚ ਅੰਨ੍ਹੇ ਆਦਮੀ ਵਾਂਗ ਰਸਤਾ ਲੱਭੋਂਗੇ। ਤੁਸੀਂ ਆਪਣੇ ਕੀਤੇ ਹਰ ਕੰਮ ਵਿੱਚ ਸਫ਼ਲ ਨਹੀਂ ਹੋਵੋਂਗੇ। ਬਾਰ-ਬਾਰ ਲੋਕ ਤੁਹਾਨੂੰ ਦੁੱਖ ਦੇਣਗੇ ਅਤੇ ਤੁਹਾਡੀਆਂ ਚੀਜ਼ਾਂ ਚੁਰਾਉਣਗੇ। ਤੁਹਾਨੂੰ ਬਚਾਉਣ ਵਾਲਾ ਕੋਈ ਨਹੀਂ ਹੋਵੇਗਾ।
30 “ਤੁਸੀਂ ਕਿਸੇ ਇੱਕ ਔਰਤ ਨਾਲ ਮੰਗੇ ਹੋਏ ਹੋਵੋਂਗੇ ਪਰ ਕੋਈ ਹੋਰ ਬੰਦਾ ਉਸ ਨਾਲ ਜਿਨਸੀ ਸੰਬੰਧ ਰੱਖਦਾ ਹੋਵੇਗਾ। ਤੁਸੀਂ ਮਕਾਨ ਬਨਾਵੋਂਗੇ ਪਰ ਤੁਸੀਂ ਉਸ ਵਿੱਚ ਰਹੋਂਗੇ ਨਹੀਂ। ਤੁਸੀਂ ਅੰਗੂਰਾ ਦਾ ਬਾਗ ਲਾਵੋਂਗੇ ਪਰ ਤੁਹਾਨੂੰ ਇਸਤੋਂ ਕੁਝ ਵੀ ਪ੍ਰਾਪਤ ਨਹੀਂ ਹੋਵੇਗਾ। 31 ਲੋਕੀ ਤੁਹਾਡੀਆਂ ਗਾਵਾ ਨੂੰ ਤੁਹਾਡੀਆਂ ਅੱਖਾਂ ਸਾਹਮਣੇ ਜ਼ਿਬਾਹ ਕਰਨਗੇ। ਪਰ ਤੁਸੀਂ ਕੋਈ ਮਾਸ ਨਹੀਂ ਖਾਵੋਂਗੇ। ਲੋਕ ਤੁਹਾਡੇ ਖੋਤੇ ਲੈ ਜਾਣਗੇ ਅਤੇ ਉਹ ਤੁਹਾਨੂੰ ਵਾਪਸ ਨਹੀਂ ਮੋੜਨਗੇ। ਤੁਹਾਡੇ ਦੁਸ਼ਮਣ ਤੁਹਾਡੀਆਂ ਭੇਡਾਂ ਲੈ ਜਾਣਗੇ ਅਤੇ ਤੁਹਾਨੂੰ ਬਚਾਉਣ ਵਾਲਾ ਕੋਈ ਨਹੀਂ ਹੋਵੇਗਾ।
32 “ਹੋਰਨਾ ਲੋਕਾਂ ਨੂੰ ਤੁਹਾਡੇ ਧੀਆਂ-ਪੁੱਤਰਾਂ ਨੂੰ ਲੈ ਜਾਣ ਦੀ ਇਜਾਜ਼ਤ ਹੋਵੇਗੀ। ਹਰ ਰੋਜ਼ ਤੁਸੀਂ ਆਪਣੇ ਬੱਚਿਆਂ ਦੀ ਤਲਾਸ਼ ਕਰੋਂਗੇ। ਤੁਸੀਂ ਸਾਰਾ ਦਿਨ ਉਨ੍ਹਾਂ ਦੀ ਤਲਾਸ਼ ਕਰੋਂਗੇ, ਜਦੋਂ ਤੱਕ ਤੁਹਾਡੀਆਂ ਅੱਖਾਂ ਕਮਜ਼ੋਰ ਨਹੀਂ ਹੋ ਜਾਂਦੀਆਂ, ਪਰ ਤੁਸੀਂ ਕੁਝ ਨਹੀਂ ਕਰ ਸੱਕੋਂਗੇ।
33 “ਉਹ ਕੌਮ ਜਿਸ ਨੂੰ ਤੁਸੀਂ ਜਾਣਦੇ ਵੀ ਨਹੀਂ, ਤੁਹਾਡੀ ਸਾਰੀ ਕਮਾਈ ਅਤੇ ਤੁਹਾਡੀਆਂ ਫ਼ਸਲਾਂ ਹੜੱਪ ਕਰ ਲਵੇਗੀ। ਤੁਹਾਡੇ ਨਾਲ ਸਾਰੀ ਜ਼ਿੰਦਗੀ ਬਦਸਲੂਕੀ ਹੋਵੇਗੀ ਅਤੇ ਤੁਹਾਨੂੰ ਗਾਲ੍ਹਾ ਮਿਲਣਗਿਆਂ। 34 ਜਿਹੜੀਆਂ ਚੀਜ਼ਾਂ ਤੁਸੀਂ ਦੇਖੋਂਗੇ, ਤੁਹਾਨੂੰ ਪਾਗਲ ਬਣਾ ਦੇਣਗੀਆਂ! 35 ਯਹੋਵਾਹ ਤੁਹਾਨੂੰ ਲਾਇਲਾਜ਼ ਰਿਸਦੇ ਫ਼ੋੜਿਆਂ ਨਾਲ ਸਜ਼ਾ ਦੇਵੇਗਾ। ਇਹ ਫ਼ੋੜੇ ਤੁਹਾਡੇ ਗੋਡਿਆਂ ਅਤੇ ਲੱਤਾਂ ਉੱਤੇ ਹੋਣਗੇ। ਇਹ ਫ਼ੋੜੇ ਤੁਹਾਡੇ ਜਿਸਮ ਦੇ ਸਾਰੇ ਹਿਸਿਆਂ ਉੱਤੇ ਹੋਣਗੇ-ਤੁਹਾਡੇ ਪੈਰਾਂ ਦੀਆਂ ਤਲੀਆਂ ਤੋਂ ਲੈ ਕੇ ਤੁਹਾਡੇ ਸਿਰ ਦੀ ਟਿਸੀ ਤੱਕ।
36 “ਯਹੋਵਾਹ ਤੁਹਾਨੂੰ ਅਤੇ ਤੁਹਾਡੇ ਰਾਜੇ ਨੂੰ ਜਿਸ ਨੂੰ ਤੁਸੀਂ ਚੁਣੋ ਕਿਸੇ ਅਜਿਹੇ ਦੇਸ਼ ਵਿੱਚ ਭੇਜ ਦੇਵੇਗਾ ਜਿਸ ਨੂੰ ਤੁਸੀਂ ਜਾਣਦੇ ਵੀ ਨਹੀਂ। ਤੁਸੀਂ ਅਤੇ ਤੁਹਾਡੇ ਪੁਰਖਿਆਂ ਨੇ ਕਦੇ ਵੀ ਦੇਸ਼ ਨੂੰ ਨਹੀਂ ਵੇਖਿਆ ਸੀ। ਓੱਥੇ ਤੁਸੀਂ ਲੱਕੜ ਅਤੇ ਪੱਥਰ ਤੋਂ ਬਣੇ ਹੋਰਨਾਂ ਦੇਵਤਿਆਂ ਦੀ ਸੇਵਾ ਕਰੋਂਗ਼ੇ। 37 ਉਨ੍ਹਾਂ ਦੇਸ਼ਾਂ ਵਿੱਚ, ਜਿੱਥੇ ਯਹੋਵਾਹ ਤੁਹਾਨੂੰ ਭੇਜੇਗਾ, ਲੋਕ ਤੁਹਾਡੇ ਉੱਤੇ ਡਿੱਗਦੀਆਂ ਆਫ਼ਤਾਂ ਤੋਂ ਹੈਰਾਨ ਹੋ ਜਾਣਗੇ। ਉਹ ਤੁਹਾਡੇ ਉੱਤੇ ਹੱਸਣਗੇ ਅਤੇ ਤੁਹਾਡੇ ਬਾਰੇ ਮੰਦਾ ਬੋਲਣਗੇ।
ਅਸਫ਼ਲਤਾ ਦਾ ਸਰਾਪ
38 “ਤੁਸੀਂ ਆਪਣੇ ਖੇਤਾਂ ਵਿੱਚ ਕਿੰਨੇ ਹੀ ਬੀਜ ਬੀਜੋਂਗੇ, ਪਰ ਤੁਹਾਡੀ ਫ਼ਸਲ ਬਹੁਤ ਥੋੜੀ ਜਿਹੀ ਹੋਵੇਗੀ। ਕਿਉਂਕਿ ਕੀੜੇ ਤੁਹਾਡੀਆਂ ਫ਼ਸਲਾਂ ਨੂੰ ਖਾ ਜਾਣਗੇ। 39 ਤੁਸੀਂ ਅੰਗੂਰਾ ਦੇ ਖੇਤ ਉਗਾਉਂਗੇ ਅਤੇ ਉਨ੍ਹਾਂ ਉੱਤੇ ਸਖਤ ਮਿਹਨਤ ਕਰੋਂਗੇ, ਪਰ ਇਸ ਵਿੱਚੋਂ ਅੰਗੂਰ ਜਾਂ ਮੈਅ ਹਾਸਿਲ ਨਹੀਂ ਕਰ ਸੱਕੋਂਗੇ। ਕਿਉਂਕਿ ਅੰਗੂਰਾਂ ਨੂੰ ਕੀੜੇ ਖਾ ਜਾਣਗੇ। 40 ਤੁਹਾਡੇ ਕੋਲ ਆਪਣੀ ਧਰਤੀ ਉੱਤੇ ਹਰ ਥਾਂ ਜੈਤੂਨ ਦੇ ਰੁੱਖ ਹੋਣਗੇ, ਪਰ ਤੁਸੀਂ ਤੇਲ ਨੂੰ ਇਸਤੇਮਾਲ ਨਹੀਂ ਕਰ ਸੱਕੋਂਗੇ। ਕਿਉਂਕਿ ਜ਼ੈਤੂਨ ਧਰਤੀ ਉੱਤੇ ਡਿੱਗ ਕੇ ਸੜ ਜਾਣਗੇ। 41 ਤੁਹਾਡੇ ਧੀਆਂ-ਪੁੱਤਰ ਹੋਣਗੇ। ਪਰ ਤੁਸੀਂ ਉਨ੍ਹਾਂ ਨੂੰ ਰੱਖ ਨਹੀਂ ਸੱਕੋਂਗੇ। ਕਿਉਂਕਿ ਉਹ ਫ਼ੜ ਲਈ ਜਾਣਗੇ ਅਤੇ ਦੂਰ ਲਿਜਾਏ ਜਾਣਗੇ। 42 ਟਿੱਡੇ ਤੁਹਾਡੇ ਖੇਤਾ ਦੀਆਂ ਸਾਰੀਆਂ ਫ਼ਸਲਾ ਅਤੇ ਸਾਰੇ ਰੁੱਖਾਂ ਨੂੰ ਤਬਾਹ ਕਰ ਦੇਣਗੇ। 43-44 ਤੁਹਾਡੇ ਦਰਮਿਆਨ ਰਹਿੰਦੇ ਵਿਦੇਸ਼ੀ ਹੋਰ ਤਾਕਤ ਹਾਸਿਲ ਕਰਦੇ ਜਾਣਗੇ ਅਤੇ ਤੁਸੀਂ ਆਪਣੀ ਸ਼ਕਤੀ ਗੁਆ ਲਵੋਂਗੇ। ਉਨ੍ਹਾਂ ਕੋਲ ਤੁਹਾਨੂੰ ਉਧਾਰ ਦੇਣ ਲਈ ਧੰਨ ਹੋਵਗਾ, ਪਰ ਤੁਹਾਡੇ ਕੋਲ ਉਨ੍ਹਾਂ ਨੂੰ ਉਧਾਰ ਦੇਣ ਲਈ ਧੰਨ ਨਹੀਂ ਹੋਵੇਗਾ। ਉਹ ਤੁਹਾਡੇ ਉੱਤੇ ਇੰਝ, ਰਾਜ ਕਰਨਗੇ ਜਿਵੇਂ ਸਿਰ ਜਿਸਮ ਉੱਤੇ ਸ਼ਾਸਨ ਕਰਦਾ। ਤੁਸੀਂ ਪੂਛ ਦੀ ਤਰ੍ਹਾਂ ਹੋਵੋਂਗੇ।
45 “ਇਹ ਸਾਰੇ ਸਰਾਪ ਤੁਹਾਡੇ ਉੱਤੇ ਆਉਣਗੇ। ਇਹ ਤੁਹਾਡਾ ਪਿੱਛਾ ਕਰਦੇ ਰਹਿਣਗੇ ਅਤੇ ਤੁਹਾਨੂੰ ਫ਼ੜਦੇ ਰਹਿਣਗੇ ਜਦੋਂ ਤੀਕ ਕਿ ਤੁਸੀਂ ਤਬਾਹ ਨਹੀਂ ਹੋ ਜਾਂਦੇ। ਕਿਉਂਕਿ ਤੁਸੀਂ ਉਨ੍ਹਾਂ ਗੱਲਾਂ ਵੱਲ ਧਿਆਨ ਨਹੀਂ ਦਿੱਤਾ ਜਿਹੜੀਆਂ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਨੂੰ ਆਖੀਆਂ ਸਨ। ਤੁਸੀਂ ਉਨ੍ਹਾਂ ਆਦੇਸ਼ਾ ਅਤੇ ਨੇਮਾਂ ਦੀ ਪਾਲਣਾ ਨਹੀਂ ਕੀਤੀ ਜਿਹੜੇ ਉਸ ਨੇ ਤੁਹਾਨੂੰ ਦਿੱਤੇ ਸਨ। 46 ਇਹ ਸਰਾਪ ਲੋਕਾਂ ਨੂੰ ਇਹ ਦਰਸਾਉਣਗੇ ਕਿ ਪਰਮੇਸ਼ੁਰ ਨੇ ਤੁਹਾਡੇ ਬਾਰੇ ਅਤੇ ਤੁਹਾਡੇ ਉੱਤਰਾਧਿਕਾਰੀਆਂ ਬਾਰੇ ਹਮੇਸ਼ਾ ਲਈ ਨਿਆਂ ਕੀਤਾ। ਲੋਕੀ ਤੁਹਾਡੇ ਨਾਲ ਵਾਪਰੀਆਂ ਇਨ੍ਹਾਂ ਭਿਆਨਕ ਘਟਨਾਵਾਂ ਉੱਤੇ ਹੈਰਾਨ ਹੋਣਗੇ।
47 “ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਨੂੰ ਅਨੇਕਾਂ ਅਸੀਸਾਂ ਦਿੱਤੀਆਂ, ਪਰ ਤੁਸੀਂ ਆਨੰਦ ਅਤੇ ਖੁਸ਼ਦਿਲੀ ਨਾਲ ਉਸਦੀ ਸੇਵਾ ਨਹੀਂ ਕੀਤੀ। 48 ਇਸ ਲਈ ਤੁਸੀਂ ਆਪਣੇ ਦੁਸ਼ਮਣਾ ਦੀ ਸੇਵਾ ਕਰੋਂਗੇ, ਜਿਨ੍ਹਾਂ ਨੂੰ ਯਹੋਵਾਹ ਤੁਹਾਡੇ ਖਿਲਾਫ਼ ਭੇਜੇਗਾ। ਤੁਸੀਂ ਭੁੱਖੇ, ਪਿਆਸੇ, ਨੰਗੇ ਅਤੇ ਗਰੀਬ ਹੋਵੋਂਗੇ। ਯਹੋਵਾਹ ਤੁਹਾਡੇ ਤਬਾਹ ਹੋ ਜਾਣ ਤੀਕ ਤੁਹਾਡੀ ਗਰਦਨ ਉੱਤੇ ਲੋਹੇ ਦਾ ਜੂਲਾ ਪਾਵੇਗਾ।
ਦੁਸ਼ਮਣ ਕੌਮ ਦਾ ਸਰਾਪ
49 “ਯਹੋਵਾਹ ਤੁਹਾਡੇ ਖਿਲਾਫ਼ ਲੜਨ ਲਈ ਦੂਰ ਦੁਰਾਡਿਉਂ ਇੱਕ ਕੌਮ ਲਿਆਵੇਗਾ। ਤੁਸੀਂ ਉਨ੍ਹਾਂ ਦੀ ਬੋਲੀ ਨਹੀਂ ਸਮਝੋਂਗੇ। ਉਹ ਤੁਹਾਡੇ ਉੱਪਰ ਇੱਕ ਬਾਜ਼ ਵਾਂਗ ਵਾਰ ਕਰਨਗੇ। 50 ਉਹ ਲੋਕ ਬਹੁਤ ਜ਼ਾਲਮ ਹੋਣਗੇ। ਉਹ ਬਿਰਧ ਲੋਕਾਂ ਦੀ ਪਰਵਾਹ ਨਹੀਂ ਕਰਨਗੇ ਅਤੇ ਉਹ ਜਵਾਨ ਲੋਕਾਂ ਲਈ ਮਿਹਰਬਾਨ ਨਹੀਂ ਹੋਣਗੇ। 51 ਉਹ ਤੁਹਾਡੇ ਪਸ਼ੂ ਅਤੇ ਤੁਹਾਡਾ ਉਹ ਭੋਜਨ ਲੈ ਜਾਣਗੇ ਜਿਹੜਾ ਤੁਸੀਂ ਉਗਾਉਂਦੇ ਹੋ। ਉਹ ਹਰ ਚੀਜ਼ ਖੋਹ ਲੈਣਗੇ ਜਦੋਂ ਤੱਕ ਕਿ ਉਹ ਤੁਹਾਨੂੰ ਤਬਾਹ ਨਹੀਂ ਕਰ ਦਿੰਦੇ। ਉਹ ਤੁਹਾਡੇ ਲਈ ਕੋਈ ਅਨਾਜ, ਮੈਅ, ਤੇਲ, ਗਾਵਾ, ਭੇਡਾ ਜਾਂ ਬੱਕਰੀਆਂ ਨਹੀਂ ਛੱਡਣਗੇ। ਉਹ ਹਰ ਚੀਜ਼ ਖੋਹ ਲੈਣਗੇ ਜਦੋਂ ਤੱਕ ਕਿ ਉਹ ਤੁਹਾਨੂੰ ਤਬਾਹ ਨਹੀਂ ਕਰ ਦਿੰਦੇ।
52 “ਉਹ ਕੌਮ ਤੁਹਾਡੇ ਸ਼ਹਿਰਾਂ ਦੁਆਲੇ ਘੇਰਾ ਪਾ ਲਵੇਗੀ ਅਤੇ ਹਮਲਾ ਕਰੇਗੀ। ਤੁਸੀਂ ਸੋਚਦੇ ਹੋ ਕਿ ਤੁਹਾਡੇ ਸ਼ਹਿਰਾਂ ਦੁਆਲੇ ਦੀਆਂ ਲੰਮੀਆਂ ਮਜ਼ਬੂਤ ਕੰਧਾ ਤੁਹਾਡੀ ਰੱਖਿਆ ਕਰਨਗੀਆਂ। ਪਰ ਉਹ ਕੰਧਾ ਢਹਿ-ਢੇਰੀ ਹੋ ਜਾਣਗੀਆਂ। ਦੁਸ਼ਮਣ ਉਸ ਧਰਤੀ ਵਿੱਚ ਹਰ ਥਾਂ, ਤੁਹਾਡੇ ਸ਼ਹਿਰਾ ਸਮੇਤ, ਨੂੰ ਘੇਰ ਲਵੇਗਾ ਜਿਹੜੀ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੇ ਰਿਹਾ ਹੈ। 53 ਤੁਸੀਂ ਬਹੁਤ ਦੁੱਖ ਭੋਗੋਂਗੇ। ਦੁਸ਼ਮਣ ਤੁਹਾਡੇ ਸ਼ਹਿਰਾ ਨੂੰ ਘੇਰ ਲੈਣਗੇ। ਉਹ ਤੁਹਾਨੂੰ ਕੋਈ ਭੋਜਨ ਨਹੀਂ ਲੈਣ ਦੇਵੇਗਾ। ਤੁਸੀਂ ਭੁੱਖੇ ਹੀ ਮਰ ਜਾਵੋਂਗੇ। ਤੁਸੀਂ ਇੰਨੇ ਭੁੱਖੇ ਹੋਵੋਂਗੇ ਕਿ ਤੁਸੀਂ ਆਪਣੇ ਹੀ ਧੀਆਂ-ਪੁੱਤਰਾਂ ਨੂੰ ਖਾ ਲਵੋਂਗੇ-ਤੁਸੀਂ ਉਨ੍ਹਾਂ ਬੱਚਿਆਂ ਦੇ ਸ਼ਰੀਰ ਖਾਵੋਂਗੇ ਜਿਹੜੇ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਨੂੰ ਦਿੱਤੇ ਹਨ।
54 “ਤੁਹਾਡੇ ਵਿੱਚੋਂ ਸਭ ਤੋਂ ਮਿਹਰਬਾਨ ਅਤੇ ਸਿਆਣਾ ਬੰਦਾ ਵੀ ਜ਼ਾਲਿਮ ਬਣ ਜਾਵੇਗਾ। ਉਹ ਆਪਣੇ ਰਿਸ਼ਤੇਦਾਰਾ, ਆਪਣੀ ਪਤਨੀ ਲਈ ਜਿਸ ਨੂੰ ਉਹ ਪਿਆਰ ਕਰਦਾ ਅਤੇ ਆਪਣੇ ਬੱਚਿਆਂ ਲਈ ਜੋ ਹਾਲੇ ਜਿਉਂਦੇ ਹਨ, ਖੁਦਗਰਜ਼ ਹੋਵੇਗਾ। 55 ਉੱਥੇ ਉਸ ਦੇ ਖਾਣ ਲਈ ਕੁਝ ਨਹੀਂ ਬਚੇਗਾ, ਕਿਉਂਕਿ ਤੁਹਾਡਾ ਦੁਸ਼ਮਣ ਤੁਹਾਡੇ ਸ਼ਹਿਰਾਂ ਨੂੰ ਘੇਰਨਗੇ ਅਤੇ ਤੁਹਾਨੂੰ ਕਸ਼ਟ ਦੇਣ ਲਈ ਆਵੇਗਾ, ਇਸ ਲਈ ਉਹ ਆਪਣੇ ਹੀ ਬੱਚਿਆਂ ਨੂੰ ਖਾਵੇਗਾ ਅਤੇ ਉਹ ਇਸ ਮਾਸ ਨੂੰ ਕਿਸੇ ਹੋਰ ਨਾਲ ਸਾਂਝਾ ਨਹੀਂ ਕਰੇਗਾ।
56 “ਤੁਹਾਡੇ ਵਿੱਚੋਂ ਸਭ ਤੋਂ ਮਿਹਰਬਾਨ ਅਤੇ ਚੰਗੀ ਔਰਤ ਵੀ ਜ਼ਾਲਮ ਬਣ ਜਾਵੇਗੀ। ਹੋ ਸੱਕਦਾ ਹੈ ਕਿ ਉਹ ਇੰਨੀ ਚੰਗੀ ਅਤੇ ਨਾਜ਼ੁਕ ਹੋਵੇ ਕਿ ਉਸ ਨੇ ਕਿਧਰੇ ਜਾਣ ਲਈ ਧਰਤੀ ਉੱਤੇ ਆਪਣਾ ਪੈਰ ਵੀ ਨਾ ਪਾਇਆ ਹੋਵੇ। ਪਰ ਉਹ ਇੰਨੀ ਖੁਦਗਰਜ਼ ਹੋ ਜਾਵੇਗੀ ਕਿ ਉਹ ਆਪਣੇ ਪਤੀ ਨਾਲ ਜਿਸ ਨੂੰ ਉਹ ਅਤੇ ਉਸ ਦੇ ਆਪਣੇ ਪੁੱਤ ਅਤੇ ਧੀ ਨਾਲ ਪਿਆਰ ਕਰਦੀ ਹੈ ਭੋਜਨ ਸਾਂਝਾ ਨਹੀਂ ਕਰੇਗੀ। 57 ਉਹ ਆਪਣੇ ਪੈਦਾ ਕੀਤੇ ਹੋਏ ਜੁਆਕ ਨੂੰ ਅਤੇ ਜੁਆਕ ਨਾਲ ਨਿਕਲੇ ਹੋਏ ਸਾਰੇ ਪਦਾਰਥ ਨੂੰ ਉਨ੍ਹਾਂ ਨਾਲ ਸਾਂਝਾ ਨਹੀਂ ਕਰੇਗੀ। ਇਹ ਸਾਰੀਆਂ ਮੰਦੀਆਂ ਗੱਲਾਂ ਉਦੋਂ ਵਾਪਰਨਗੀਆਂ ਜਦੋਂ ਦੁਸ਼ਮਣ ਤੁਹਾਡੇ ਸ਼ਹਿਰਾਂ ਨੂੰ ਘੇਰਾ ਪਾਉਣ ਆ ਜਾਵੇਗਾ ਅਤੇ ਤੁਹਾਨੂੰ ਦੁੱਖ ਦੇਵੇਗਾ।
58 “ਤੁਹਾਨੂੰ ਉਨ੍ਹਾਂ ਸਾਰੇ ਆਦੇਸ਼ਾ ਅਤੇ ਸਿੱਖਿਆਵਾਂ ਨੂੰ ਮੰਨਣਾ ਚਾਹੀਦਾ ਹੈ ਜੋ ਇਸ ਕਿਤਾਬ ਵਿੱਚ ਲਿਖੀਆਂ ਹੋਈਆਂ ਹਨ। ਅਤੇ ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਦੇ ਸ਼ਾਨਦਾਰ ਅਤੇ ਭੈਭੀਤ ਕਰਨ ਵਾਲੇ ਨਾਮ ਦਾ ਆਦਰ ਕਰਨਾ ਚਾਹੀਦਾ ਹੈ। ਜੇ ਤੁਸੀਂ ਨਹੀਂ ਮੰਨੋਗੇ, ਤਾਂ 59 ਯਹੋਵਾਹ ਤੁਹਾਨੂੰ ਅਤੇ ਤੁਹਾਡੇ ਉੱਤਰਾਧਿਕਾਰੀਆਂ ਨੂੰ ਬਹੁਤ ਸਾਰੀਆਂ ਮੁਸੀਬਤਾਂ ਦੇਵੇਗਾ। ਤੁਹਾਡੀਆਂ ਮੁਸੀਬਤਾਂ ਅਤੇ ਬਿਮਾਰੀਆਂ ਬਹੁਤ ਭਿਆਨਕ ਹੋਣਗੀਆਂ। 60 ਤੁਸੀਂ ਮਿਸਰ ਵਿੱਚ ਬਹੁਤ ਮੁਸੀਬਤਾਂ ਅਤੇ ਬਿਮਾਰੀਆਂ ਦੇਖੀਆਂ ਸਨ ਅਤੇ ਉਨ੍ਹਾਂ ਨੇ ਤੁਹਾਨੂੰ ਭੈਭੀਤ ਕਰ ਦਿੱਤਾ ਸੀ। ਯਹੋਵਾਹ ਉਹ ਸਾਰੀਆਂ ਮੰਦੀਆਂ ਗੱਲਾਂ ਤੁਹਾਡੇ ਖਿਲਾਫ਼ ਲਿਆਵੇਗਾ। 61 ਯਹੋਵਾਹ ਤਾਂ ਉਹ ਮੁਸੀਬਤਾਂ ਅਤੇ ਬਿਮਾਰੀਆਂ ਵੀ ਲਿਆਵੇਗਾ ਜਿਨ੍ਹਾਂ ਦਾ ਬਿਵਸਥਾ ਦੀ ਪੋਥੀ ਵਿੱਚ ਜ਼ਿਕਰ ਵੀ ਨਹੀਂ ਹੈ। ਉਹ ਅਜਿਹਾ ਉਦੋਂ ਤੱਕ ਕਰਨਾ ਜਾਰੀ ਰੱਖੇਗਾ ਜਦੋਂ ਤੱਕ ਤੁਸੀਂ ਪੂਰੀ ਤਰ੍ਹਾਂ ਤਬਾਹ ਨਹੀਂ ਹੋ ਜਾਂਦੇ। 62 ਭਾਵੇਂ ਤੁਹਾਡੇ ਲੋਕ ਇੰਨੇ ਹੋਣ ਜਿੰਨੇ ਆਕਾਸ਼ ਵਿੱਚ ਤਾਰੇ ਹਨ। ਪਰ ਤੁਹਾਡੇ ਵਿੱਚੋਂ ਸਿਰਫ਼ ਕੁਝ ਹੀ ਬਚਨਗੇ ਕਿਉਂਕਿ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਵੱਲ ਧਿਆਨ ਨਹੀਂ ਦਿੱਤਾ।
63 “ਯਹੋਵਾਹ ਤੁਹਾਡੇ ਉੱਪਰ ਨੇਕੀ ਕਰਕੇ ਅਤੇ ਤੁਹਾਡੀ ਕੌਮ ਵਿੱਚ ਵਾਧਾ ਕਰਕੇ ਪ੍ਰਸੰਨ ਸੀ। ਇਸੇ ਤਰ੍ਹਾਂ ਯਹੋਵਾਹ ਤੁਹਾਨੂੰ ਤਬਾਹ ਅਤੇ ਬਰਬਾਦ ਕਰਕੇ ਪ੍ਰਸੰਨ ਹੋਵੇਗਾ। ਤੁਸੀਂ ਉਹ ਧਰਤੀ ਆਪਣੀ ਬਨਾਉਣ ਜਾ ਰਹੇ ਹੋ। ਪਰ ਲੋਕ ਤੁਹਾਨੂੰ ਉਸ ਧਰਤੀ ਵਿੱਚੋਂ ਕੱਢ ਦੇਣਗੇ। 64 ਯਹੋਵਾਹ ਤੁਹਾਨੂੰ ਦੁਨੀਆਂ ਦੇ ਸਾਰੇ ਲੋਕਾਂ ਦਰਮਿਆਨ ਖਿੰਡਾ ਦੇਵੇਗਾ। ਉਹ ਤੁਹਾਨੂੰ ਦੁਨੀਆਂ ਦੇ ਇੱਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੱਕ ਖਿੰਡਾ ਦੇਵੇਗਾ। ਉੱਥੇ ਤੁਸੀਂ ਲੱਕੜ ਅਤੇ ਪੱਥਰ ਦੇ ਬਣੇ ਹੋਰਨਾ ਦੇਵਤਿਆਂ ਦੀ ਸੇਵਾ ਕਰੋਂਗੇ ਜਿਨ੍ਹਾਂ ਦੀ ਤੁਸੀਂ ਜਾਂ ਤੁਹਾਡੇ ਪੁਰਖਿਆਂ ਨੇ ਕਦੇ ਵੀ ਉਪਾਸਨਾ ਨਹੀਂ ਕੀਤੀ।
65 “ਤੁਹਾਨੂੰ ਇਨ੍ਹਾਂ ਦੇਸ਼ਾਂ ਵਿੱਚ ਕੋਈ ਸ਼ਾਂਤੀ ਨਹੀਂ ਮਿਲੇਗੀ। ਤੁਹਾਡੇ ਕੋਲ ਅਰਾਮ ਕਰਨ ਲਈ ਕੋਈ ਥਾਂ ਨਹੀਂ ਹੋਵੇਗੀ। ਯਹੋਵਾਹ ਤੁਹਾਡੇ ਮਨ ਨੂੰ ਫ਼ਿਕਰਾ ਨਾਲ ਭਰ ਦੇਵੇਗਾ। ਤੁਹਾਡੀਆਂ ਅੱਖਾਂ ਥੱਕੀਆਂ ਹੋਣਗੀਆਂ ਅਤੇ ਤੁਸੀਂ ਬਹੁਤ ਬੇਚੈਨ ਹੋ ਜਾਵੋਂਗੇ। 66 ਤੁਸੀਂ ਖਤਰਿਆਂ ਵਿੱਚ ਜੀਵੋਂਗੇ ਅਤੇ ਹਮੇਸ਼ਾ ਭੈਭੀਤ ਰਹੋਂਗੇ। ਤੁਸੀਂ ਰਾਤ-ਦਿਨ ਭੈਭੀਤ ਰਹੋਂਗੇ। ਤੁਹਾਨੂੰ ਕਦੇ ਵੀ ਆਪਣਾ ਜੀਵਨ ਸੁਰੱਖਿਅਤ ਨਹੀਂ ਲੱਗੇਗਾ। 67 ਸਵੇਰ ਵੇਲੇ ਤੁਸੀਂ ਆਖੋਂਗੇ, ‘ਕਾਸ਼ ਕਿ ਇਹ ਸ਼ਾਮ ਹੁੰਦੀ।’ ਅਤੇ ਸ਼ਾਮ ਵੇਲੇ ਤੁਸੀਂ ਆਖੋਂਗੇ, ‘ਕਾਸ਼ ਕਿ ਇਹ ਸਵੇਰ ਹੁੰਦੀ।’ ਉਸ ਡਰ ਕਾਰਣ ਜਿਹੜਾ ਤੁਹਾਡੇ ਦਿਲ ਵਿੱਚ ਹੋਵੇਗਾ, ਅਤੇ ਉਨ੍ਹਾਂ ਮੰਦੀਆਂ ਗੱਲਾਂ ਕਾਰਣ ਜਿਨ੍ਹਾਂ ਨੂੰ ਤੁਸੀਂ ਦੇਖੋਂਗੇ। 68 ਯਹੋਵਾਹ ਤੁਹਾਨੂੰ ਜਹਾਜ਼ ਵਿੱਚ ਮਿਸਰ ਵਾਪਸ ਭੇਜੇਗਾ। ਮੈਂ ਆਖਿਆ ਸੀ ਕਿ ਤੁਹਾਨੂੰ ਫ਼ੇਰ ਕਦੇ ਵੀ ਉਸ ਥਾਂ ਨਹੀਂ ਜਾਣਾ ਪਵੇਗਾ, ਪਰ ਯਹੋਵਾਹ ਤੁਹਾਨੂੰ ਉੱਥੇ ਭੇਜੇਗਾ। ਮਿਸਰ ਵਿੱਚ, ਤੁਸੀਂ ਆਪਣੇ-ਆਪ ਨੂੰ ਦੁਸ਼ਮਣਾ ਅੱਗੇ ਗੁਲਾਮਾ ਵਾਂਗ ਵੇਚਣ ਦੀ ਕੋਸ਼ਿਸ਼ ਕਰੋਂਗੇ। ਪਰ ਕੋਈ ਵੀ ਬੰਦਾ ਤੁਹਾਨੂੰ ਨਹੀਂ ਖਰੀਦੇਗਾ।”
ਦਾਲਥ
25 ਮੈਂ ਛੇਤੀ ਹੀ ਮਰ ਜਾਵਾਂਗਾ।
ਯਹੋਵਾਹ, ਮੈਨੂੰ ਆਦੇਸ਼ ਦਿਉ ਅਤੇ ਮੈਨੂੰ ਜਿਉਣ ਦਿਉ।
26 ਮੈਂ ਤੁਹਾਡੇ ਆਪਣੇ ਜੀਵਨ ਬਾਰੇ ਦੱਸਿਆ ਹੈ।
ਅਤੇ ਤੁਸਾਂ ਨੇ ਉੱਤਰ ਦਿੱਤਾ ਹੈ। ਹੁਣ, ਮੈਨੂੰ ਆਪਣੇ ਨੇਮ ਸਿੱਖਾਉ।
27 ਯਹੋਵਾਹ, ਤੁਹਾਡੇ ਨੇਮਾਂ ਨੂੰ ਸਮਝਣ ਵਿੱਚ ਮੇਰੀ ਮਦਦ ਕਰੋ।
ਮੈਨੂੰ ਤੁਹਾਡੇ ਕੀਤੇ ਚਮਤਕਾਰਾਂ ਦਾ ਮੈਨੂੰ ਅਧਿਐਨ ਕਰਨ ਦਿਉ।
28 ਮੈਂ ਉਦਾਸ ਅਤੇ ਥਕਿਆ ਹੋਇਆ ਹਾਂ,
ਆਦੇਸ਼ ਦੇਵੋ ਅਤੇ ਮੈਨੂੰ ਫ਼ੇਰ ਬਲਵਾਨ ਬਣਾ ਦਿਉ।
29 ਯਹੋਵਾਹ, ਮੈਨੂੰ ਝੂਠ ਵਿੱਚ ਨਾ ਜਿਉਣ ਦੇਵੋ।
ਆਪਣੀਆਂ ਸਿੱਖਿਆਵਾ ਨਾਲ ਮੇਰੀ ਰਾਹਨੁਮਾਈ ਕਰੋ।
30 ਯਹੋਵਾਹ, ਮੈਂ ਆਪਣੇ-ਆਪ ਨੂੰ ਤੁਹਾਡੇ ਪ੍ਰਤਿ ਵਫ਼ਾਦਾਰ ਹੋਣ ਲਈ ਚੁਣਿਆ ਹੈ।
ਮੈਂ ਤੁਹਾਡੇ ਸਿਆਣੇ ਫ਼ੈਸਲਿਆਂ ਨੂੰ ਧਿਆਨ ਨਾਲ ਪੜ੍ਹਦਾ ਹਾਂ।
31 ਮੈਂ ਤੁਹਾਡੇ ਕਰਾਰ ਨਾਲ ਜੁੜਦਾ ਹਾਂ, ਯਹੋਵਾਹ।
ਮੈਨੂੰ ਨਿਰਾਸ਼ ਨਾ ਕਰੋ।
32 ਮੈਂ ਖੁਸ਼ੀ ਨਾਲ ਤੁਹਾਡੇ ਆਦੇਸ਼ ਮੰਨਾਗਾ।
ਯਹੋਵਾਹ, ਤੁਹਾਡੇ ਆਦੇਸ਼ ਮੈਨੂੰ ਪ੍ਰਸੰਨ ਕਰਦੇ ਹਨ।
ਹੇ
33 ਯਹੋਵਾਹ, ਮੈਨੂੰ ਆਪਣੇ ਨੇਮਾ ਦੀ ਸਿੱਖਿਆ ਦੇਵੋ,
ਅਤੇ ਮੈਂ ਉਨ੍ਹਾਂ ਉੱਤੇ ਚੱਲਾਂਗਾ।
34 ਸਮਝਣ ਵਿੱਚ ਮੇਰੀ ਮਦਦ ਕਰੋ,
ਅਤੇ ਮੈਂ ਤੁਹਾਡੀਆਂ ਸਿੱਖਿਆਵਾਂ ਮੰਨਾਗਾ।
ਮੈਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਮੰਨਾਗਾ।
35 ਯਹੋਵਾਹ, ਮੇਰੀ ਅਗਵਾਈ ਆਪਣੇ ਆਦੇਸ਼ ਦੇ ਰਾਹ ਉੱਤੇ ਕਰੋ।
ਮੈਂ ਸੱਚਮੁੱਚ ਉਸ ਜੀਵਨ ਢੰਗ ਨੂੰ ਪਿਆਰ ਕਰਦਾ ਹਾਂ।
36 ਆਪਣੇ ਕਰਾਰ ਬਾਰੇ ਸੋਚਣ ਵਿੱਚ ਮੇਰੀ ਮਦਦ ਕਰੋ
ਬਜਾਇ ਇਸਦੇ ਕਿ ਮੈਂ ਅਮੀਰ ਕਿਵੇਂ ਹੋਵਾਂ?
37 ਹੇ ਯਹੋਵਾਹ, ਮੈਨੂੰ ਨਿਰਾਰਥਕ ਗੱਲਾਂ ਵੱਲ ਧਿਆਨ ਦੇਣ ਦਿਉ।
ਤੁਹਾਡੇ ਰਾਹ ਵਿੱਚ ਰਹਿਣ ਲਈ ਮੇਰੀ ਮਦਦ ਕਰੋ।
38 ਉਹੀ ਕਰੋ ਜਿਸਦਾ ਵਾਅਦਾ ਤੁਸੀਂ ਆਪਣੇ ਸੇਵਕ ਨਾਲ ਕੀਤਾ ਸੀ
ਤਾਂ ਜੋ ਲੋਕ ਤੁਹਾਡਾ ਆਦਰ ਕਰਨ।
39 ਯਹੋਵਾਹ, ਸ਼ਰਮਿੰਦਗੀ ਨੂੰ ਦੂਰ ਕਰ ਦਿਉ ਜਿਸਤੋਂ ਮੈਂ ਡਰਦਾ ਹਾਂ।
ਤੁਹਾਡੇ ਸਿਆਣੇ ਨਿਆਂ ਸ਼ੁਭ ਹਨ।
40 ਵੇਖੋ, ਮੈਂ ਤੁਹਾਡੇ ਹੁਕਮਾਂ ਦੀ ਇੱਛਾ ਕਰਦਾ ਹਾਂ,
ਮੇਰੇ ਨਾਲ ਚੰਗਾ ਕਰੋ ਅਤੇ ਮੈਨੂੰ ਜਿਉਣ ਦਿਉ।
ਵਾਉ
41 ਯਹੋਵਾਹ, ਮੈਨੂੰ ਆਪਣਾ ਸੱਚਾ ਪਿਆਰ ਦਰਸਾਉ।
ਮੈਨੂੰ ਬਚਾਉ ਜਿਵੇਂ ਕਿ ਤੁਸੀਂ ਵਾਅਦਾ ਕੀਤਾ ਸੀ।
42 ਫ਼ੇਰ ਮੇਰੇ ਕੋਲ ਜਵਾਬ ਹੋਵੇਗਾ।
ਉਨ੍ਹਾਂ ਲੋਕਾਂ ਲਈ ਜੋ ਮੈਨੂੰ ਬੇਇੱਜ਼ਤ ਕਰਦੇ ਹਨ।
ਮੈਨੂੰ ਸੱਚਮੁੱਚ ਉਨ੍ਹਾਂ ਗੱਲਾਂ ਵਿੱਚ ਵਿਸ਼ਵਾਸ ਹੈ ਜੋ ਤੁਸੀਂ ਆਖਦੇ ਹੋ, ਯਹੋਵਾਹ।
43 ਮੈਨੂੰ ਹਮੇਸ਼ਾ ਤੁਹਾਡੀਆਂ ਸੱਚੀਆਂ ਸਿੱਖਿਆਵਾਂ ਬਾਰੇ ਬੋਲਣ ਦਿਉ।
ਯਹੋਵਾਹ, ਮੈਂ ਤੁਹਾਡੇ ਸਿਆਣੇ ਨਿਆਂਇਆਂ ਉੱਤੇ ਨਿਰਭਰ ਕਰਦਾ ਹਾਂ।
44 ਯਹੋਵਾਹ, ਮੈਂ ਸਦਾ-ਸਦਾ ਲਈ ਤੁਹਾਡੀਆਂ ਸਿੱਖਿਆਵਾਂ ਉੱਤੇ ਚੱਲਾਂਗਾ।
45 ਤਾਂ ਜੋ ਮੈਂ ਮੁਕਤ ਹੋ ਜਾਵਾ।
ਕਿਉਂ? ਕਿਉਂਕਿ ਮੈਂ ਤੁਹਾਡੇ ਨੇਮਾਂ ਨੂੰ ਮੰਨਣ ਦੀ ਸਖਤ ਕੋਸ਼ਿਸ਼ ਕਰਦਾ ਹਾਂ।
46 ਮੈਂ ਰਾਜਿਆਂ ਨਾਲ ਤੁਹਾਡੇ ਕਰਾਰ ਬਾਰੇ ਚਰਚਾ ਕਰਾਂਗਾ।
ਅਤੇ ਮੈਨੂੰ ਉਨ੍ਹਾਂ ਕੋਲੋਂ ਨਮੋਸ਼ੀ ਨਹੀਂ ਹੋਵੇਗੀ।
47 ਮੈਨੂੰ ਤੁਹਾਡੇ ਆਦੇਸ਼ਾਂ ਦਾ ਅਧਿਐਨ ਕਰਨਾ ਚੰਗਾ ਲੱਗਦਾ ਹੈ, ਯਹੋਵਾਹ।
ਮੈਂ ਉਨ੍ਹਾਂ ਆਦੇਸ਼ਾ ਨੂੰ ਪਿਆਰ ਕਰਦਾ ਹਾਂ।
48 ਯਹੋਵਾਹ, ਮੈਂ ਤੁਹਾਡੇ ਆਦੇਸ਼ਾ ਦੀ ਉਸਤਤਿ ਕਰਦਾ ਹਾਂ।
ਮੈਂ ਉਨ੍ਹਾ ਨੂੰ ਪਿਆਰ ਕਰਦਾ ਹਾਂ। ਅਤੇ ਮੈਂ ਉਨ੍ਹਾ ਦਾ ਅਧਿਐਨ ਕਰਾਂਗਾ।
ਪਰਮੇਸ਼ੁਰ ਉਹ ਭੋਜਨ ਦਿੰਦਾ ਹੈ ਜੋ ਸੱਚਮੁੱਚ ਸੰਤੁਸ਼ਟ ਕਰਦਾ ਹੈ
55 “ਤੁਸੀਂ ਸਾਰੇ, ਪਿਆਸੇ ਲੋਕੋ,
ਆਓ ਪਾਣੀ ਪੀਵੋ!
ਫ਼ਿਕਰ ਨਾ ਕਰੋ ਜੇ ਪੈਸਾ ਨਹੀਂ ਹੈ ਤੁਹਾਡੇ ਕੋਲ।
ਆਓ, ਖਾਵੋ ਪੀਵੋ ਜਦੋਂ ਤੱਕ ਤੁਸੀਂ ਰੱਜ ਨਹੀਂ ਜਾਂਦੇ!
ਤੁਹਾਨੂੰ ਪੈਸੇ ਦੀ ਲੋੜ ਨਹੀਂ, ਰੱਜ ਕੇ ਖਾਵੋ ਪੀਵੋ।
ਭੋਜਨ ਤੇ ਮੈਅ ਦਾ ਕੋਈ ਮੁੱਲ ਨਹੀਂ!
2 ਪੈਸੇ ਨੂੰ ਓਸ ਚੀਜ਼ ਉੱਤੇ ਕਿਉਂ ਜ਼ਾਇਆ ਕਰਦੇ ਹੋ ਜਿਹੜੀ ਅਸਲੀ ਭੋਜਨ ਨਹੀਂ ਹੈ।
ਉਸ ਸ਼ੈਅ ਲਈ ਕਿਉਂ ਮਿਹਨਤ ਕਰਦੇ ਹੋ ਜਿਹੜੀ ਸੱਚਮੁੱਚ ਤੁਹਾਨੂੰ ਸੰਤੁਸ਼ਟ ਨਹੀਂ ਕਰਦੀ?
ਮੇਰੀ ਗੱਲ ਨੂੰ ਧਿਆਨ ਨਾਲ ਸੁਣੋ, ਤੇ ਤੁਸੀਂ ਚੰਗਾ ਭੋਜਨ ਖਾਵੋਂਗੇ।
ਤੁਸੀਂ ਉਸ ਭੋਜਨ ਦਾ ਆਨੰਦ ਮਾਣੋਗੇ ਜਿਹੜਾ ਤੁਹਾਡੀ ਰੂਹ ਨੂੰ ਸੰਤੁਸ਼ਟ ਕਰੇਗਾ।
3 ਉਨ੍ਹਾਂ ਗੱਲਾਂ ਨੂੰ ਗੌਰ ਨਾਲ ਸੁਣੋ ਜੋ ਮੈਂ ਆਖਦਾ ਹਾਂ।
ਮੇਰੀ ਗੱਲ ਸੁਣੋ ਤਾਂ ਜੋ ਤੁਹਾਡੀਆਂ ਰੂਹਾਂ ਜਿਉਂ ਸੱਕਣ।
ਮੇਰੇ ਕੋਲ ਆਓ ਤੇ ਮੈਂ ਤੁਹਾਡੇ ਨਾਲ ਇੱਕ ਇਕਰਾਰਨਾਮਾ ਕਰਾਂਗਾ, ਜਿਹੜਾ ਸਦਾ-ਸਦਾ ਰਹੇਗਾ।
ਇਹ ਉਹੋ ਜਿਹਾ ਇਕਰਾਰਨਾਮਾ ਹੋਵੇਗਾ ਜਿਹੜਾ ਮੈਂ ਦਾਊਦ ਨਾਲ ਕੀਤਾ ਸੀ।
ਮੈਂ ਦਾਊਦ ਨਾਲ ਇਕਰਾਰ ਕੀਤਾ ਸੀ ਕਿ ਮੈਂ ਉਸ ਨੂੰ ਪਿਆਰ ਕਰਾਂਗਾ ਅਤੇ ਸਦਾ ਲਈ ਉਸਦਾ ਵਫ਼ਾਦਾਰ ਹੋਵਾਂਗਾ।
ਤੇ ਤੁਸੀਂ ਉਸ ਇਕਰਾਰ ਉੱਤੇ ਯਕੀਨ ਕਰ ਸੱਕਦੇ ਹੋ।
4 ਮੈਂ ਸਾਰੀਆਂ ਕੌਮਾਂ ਵਾਸਤੇ ਦਾਊਦ ਨੂੰ ਆਪਣੀ ਸ਼ਕਤੀ ਦਾ ਗਵਾਹ ਬਣਾਇਆ ਸੀ।
ਮੈਂ ਦਾਊਦ ਨਾਲ ਇਕਰਾਰ ਕੀਤਾ ਸੀ ਕਿ ਉਹ ਹਾਕਮ ਅਤੇ ਬਹੁਤ ਸਾਰੀਆਂ ਕੌਮਾਂ ਦਾ ਨੇਤਾ ਬਣ ਜਾਵੇਗਾ।”
5 ਇਹ ਕੌਮਾਂ ਉਨ੍ਹਾਂ ਥਾਵਾਂ ਦੀਆਂ ਹਨ,
ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ ਪਰ ਤੁਸੀਂ ਉਨ੍ਹਾਂ ਕੌਮਾਂ ਨੂੰ ਸੱਦਾ ਦਿਓਗੇ।
ਉਹ ਕੌਮਾਂ ਤੁਹਾਨੂੰ ਨਹੀਂ ਜਾਣਦੀਆਂ
ਪਰ ਉਹ ਤੁਹਾਡੇ ਵੱਲ ਭੱਜਦੀਆਂ ਆਉਣਗੀਆਂ।
ਅਜਿਹਾ ਵਾਪਰੇਗਾ ਕਿਉਂ ਕਿ ਇਹ ਯਹੋਵਾਹ ਤੁਹਾਡੇ ਪਰਮੇਸ਼ੁਰ ਦੀ ਰਜ਼ਾ ਹੈ।
ਇਹ ਇਸ ਲਈ ਵਾਪਰੇਗਾ ਕਿਉਂ ਕਿ ਇਸਰਾਏਲ ਦੇ ਪਵਿੱਤਰ ਪੁਰੱਖ ਨੇ ਤੁਹਾਨੂੰ ਆਦਰ ਅਤੇ ਪਰਤਾਪ ਦਿੱਤਾ ਹੈ।
6 ਇਸ ਲਈ ਤੁਹਾਨੂੰ ਯਹੋਵਾਹ ਵੱਲ ਤੱਕਣਾ ਚਾਹੀਦਾ ਹੈ
ਇਸਤੋਂ ਪਹਿਲਾਂ ਕਿ ਇਸ ਲਈ ਬਹੁਤ ਦੇਰ ਹੋ ਜਾਵੇ।
ਤੁਹਾਨੂੰ ਹੁਣੇ ਹੀ,
ਉਸ ਨੂੰ ਸੱਦਾ ਦੇਣਾ ਚਾਹੀਦਾ ਜਦੋਂ ਕਿ ਉਹ ਨੇੜੇ ਹੈ।
7 ਮੰਦੇ ਲੋਕਾਂ ਨੂੰ ਬਦੀ ਦੇ ਜੀਵਨ ਛੱਡ ਦੇਣੇ ਚਾਹੀਦੇ ਹਨ।
ਉਨ੍ਹਾਂ ਨੂੰ ਮੰਦੇ ਵਿੱਚਾਰ ਸੋਚਣੇ ਛੱਡ ਦੇਣੇ ਚਾਹੀਦੇ ਨੇ।
ਉਨ੍ਹਾਂ ਨੂੰ ਯਹੋਵਾਹ ਵੱਲ ਇੱਕ ਵਾਰੀ ਫ਼ੇਰ ਪਰਤ ਆਉਣਾ ਚਾਹੀਦਾ ਹੈ
ਤਦ ਹੀ ਯਹੋਵਾਹ ਉਨ੍ਹਾਂ ਨੂੰ ਸੱਕੂਨ ਪਹੁੰਚਾਵੇਗਾ।
ਉਨ੍ਹਾਂ ਲੋਕਾਂ ਨੂੰ ਯਹੋਵਾਹ ਵੱਲ ਆਉਣਾ ਚਾਹੀਦਾ ਹੈ
ਕਿਉਂ ਕਿ ਅਸਾਡਾ ਯਹੋਵਾਹ ਬਖਸ਼ਣਹਾਰ ਹੈ।
ਲੋਕ ਪਰਮੇਸ਼ੁਰ ਨੂੰ ਨਹੀਂ ਸਮਝ ਸੱਕਦੇ
8 ਯਹੋਵਾਹ ਆਖਦਾ ਹੈ, “ਤੁਹਾਡੇ ਵਿੱਚਾਰ ਮੇਰੇ ਵਿੱਚਾਰਾਂ ਵਰਗੇ ਨਹੀਂ ਹਨ।
ਤੁਹਾਡੇ ਰਸਤੇ ਮੇਰੇ ਰਸਤਿਆਂ ਵਰਗੇ ਨਹੀਂ ਹਨ।
9 ਅਕਾਸ਼ ਧਰਤੀ ਨਾਲੋਂ ਉਚੇਰੇ ਹਨ।
ਇਸੇ ਤਰ੍ਹਾਂ ਹੀ ਮੇਰੇ ਰਾਹ ਤੁਹਾਡੇ ਰਾਹਾਂ ਨਾਲੋਂ ਉਚੇਰੇ ਹਨ।
ਅਤੇ ਮੇਰੇ ਵਿੱਚਾਰ ਤੁਹਾਡੇ ਵਿੱਚਾਰਾਂ ਨਾਲੋਂ ਉਚੇਰੇ ਹਨ।” ਯਹੋਵਾਹ ਨੇ ਖੁਦ ਇਹ ਗੱਲਾਂ ਆਖੀਆਂ।
10 “ਅਕਾਸ਼ਾਂ ਉੱਤੋਂ ਮੀਂਹ ਅਤੇ ਬਰਫ਼ ਵਰ੍ਹਦੀ ਹੈ।
ਅਤੇ ਉਹ ਵਾਪਸ ਅਕਾਸ਼ਾਂ ਵਂਨੀ ਨਹੀਂ ਜਾਂਦੀ, ਉਦੋਂ ਤੱਕ ਜਦੋਂ ਤੱਕ ਕਿ ਉਹ ਧਰਤੀ ਨੂੰ ਨਹੀਂ ਛੂਂਹਦੀ ਅਤੇ ਧਰਤੀ ਨੂੰ ਭਿਉਂ ਨਹੀਂ ਦਿੰਦੀ।
ਫ਼ੇਰ ਧਰਤੀ ਪੌਦਿਆਂ ਨੂੰ ਉਗਾਉਂਦੀ ਹੈ ਤੇ ਵੱਧਾਉਂਦੀ ਹੈ।
ਇਹ ਪੌਦੇ ਕਿਸਾਨਾਂ ਲਈ ਬੀਜ ਤਿਆਰ ਕਰਦੇ ਨੇ।
ਅਤੇ ਲੋਕ ਇਨ੍ਹਾਂ ਬੀਜ਼ਾਂ ਨੂੰ ਰੋਟੀ ਖਾਣ ਲਈ ਵਰਤਦੇ ਨੇ।
11 ਇਸੇ ਤਰ੍ਹਾਂ ਹੀ, ਮੇਰੇ ਮੁਖ ਵਿੱਚੋਂ ਸ਼ਬਦ ਨਿਕਲਦੇ ਨੇ,
ਅਤੇ ਉਹ ਉਦੋਂ ਤੱਕ ਵਾਪਸ ਨਹੀਂ ਪਰਤਦੇ ਜਦੋਂ ਤੱਕ ਕਿ ਉਹ ਗੱਲਾਂ ਦੇ ਵਾਪਰਨ ਦਾ ਕਾਰਣ ਨਹੀਂ ਬਣਦੇ।
ਮੇਰੇ ਸ਼ਬਦ ਉਨ੍ਹਾਂ ਗੱਲਾਂ ਦੇ ਵਾਪਰਨ ਦਾ ਕਾਰਣ ਬਣਦੇ ਨੇ ਜੋ ਵੀ ਮੈਂ ਚਾਹੁੰਦਾ ਹਾਂ।
ਮੇਰੇ ਸ਼ਬਦ ਉਹੀ ਕੁਝ ਕਰਨ ਵਿੱਚ ਸਫ਼ਲ ਹੁੰਦੇ ਨੇ ਜਿਸ ਲਈ ਮੈਂ ਉਨ੍ਹਾਂ ਨੂੰ ਭੇਜਿਆ ਸੀ।
12 “ਤੁਸੀਂ ਖੁਸ਼ੀ ਨਾਲ ਬਾਹਰ ਜਾਵੋਂਗੇ
ਅਤੇ ਸਾਂਤੀ ਨਾਲ ਪਰਤੋਂਗੇ।
ਪਹਾੜੀਆਂ ਅਤੇ ਪਰਬਤ ਤੁਹਾਡੇ ਅੱਗੇ ਗਾਉਣ ਲੱਗ ਪੈਣਗੇ
ਅਤੇ ਖੇਤਾਂ ਵਿੱਚਲੇ ਰੁੱਖ ਤਾਲੀਆਂ ਵਜਾਉਣਗੇ।
13 ਸਰੂ ਦੇ ਵੱਡੇ ਰੁੱਖ ਵੱਧਣ ਫ਼ੁੱਲਣਗੇ ਜਿੱਥੇ ਝਾੜੀਆਂ ਹੁੰਦੀਆਂ ਸਨ।
ਓੱਥੇ ਮਹਿਂਦੀ ਦੇ ਰੁੱਖ ਉੱਗਣਗੇ, ਜਿੱਥੇ ਜੰਗਲੀ ਬੂਟੀਆਂ ਹੁੰਦੀਆਂ ਸਨ।
ਇਹ ਗੱਲਾਂ ਯਹੋਵਾਹ ਨੂੰ ਮਸ਼ਹੂਰ ਕਰ ਦੇਣਗੀਆਂ।
ਇਹ ਗੱਲਾਂ ਪ੍ਰਮਾਣ ਹੋਣਗੀਆਂ ਕਿ ਯਹੋਵਾਹ ਸ਼ਕਤੀਸ਼ਾਲੀ ਹੈ ਇਹ ਪ੍ਰਮਾਣ ਕਦੇ ਵੀ ਖਤਮ ਨਹੀਂ ਹੋਵੇਗਾ।”
ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਕੰਮ(A)
3 ਉਨ੍ਹਾਂ ਦਿਨਾਂ ਵਿੱਚ, ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਯਹੂਦਿਯਾ ਦੇ ਉਜਾੜ ਵਿੱਚ ਪ੍ਰਚਾਰ ਕਰਨਾ ਸ਼ੁਰੂ ਕੀਤਾ। 2 ਉਸ ਨੇ ਆਖਿਆ, “ਆਪਣੇ ਦਿਲ ਅਤੇ ਜੀਵਨ ਬਦਲੋ, ਕਿਉਂਕਿ ਸੁਰਗ ਦਾ ਰਾਜ ਜਲਦੀ ਹੀ ਆ ਰਿਹਾ ਹੈ।” 3 ਯੂਹੰਨਾ ਬਪਤਿਸਮਾ ਦੇਣ ਵਾਲਾ ਉਹੀ ਹੈ ਜਿਸਦੇ ਬਾਰੇ ਯਸਾਯਾਹ ਨਬੀ ਦੀ ਜ਼ਬਾਨੀ ਆਖਿਆ ਗਿਆ ਸੀ। ਯਸਾਯਾਹ ਨੇ ਕਿਹਾ:
“ਉਜਾੜ ਵਿੱਚ ਇੱਕ ਮਨੁੱਖ ਹੋਕਾ ਦੇ ਰਿਹਾ ਹੈ:
‘ਪ੍ਰਭੂ ਲਈ ਰਸਤੇ ਨੂੰ ਤਿਆਰ ਕਰੋ;
ਉਸ ਦੇ ਰਾਹਾਂ ਨੂੰ ਸਿਧਿਆਂ ਕਰੋ।’” (B)
4 ਯੂਹੰਨਾ ਦੇ ਕੱਪੜੇ ਊਂਠ ਦੇ ਵਾਲਾਂ ਤੋਂ ਬਣੇ ਸਨ ਅਤੇ ਚੰਮ ਦੀ ਪੇਟੀ ਉਸ ਦੇ ਲੱਕ ਦੇ ਦੁਆਲੇ ਸੀ। ਅਤੇ ਉਸਦਾ ਭੋਜਨ ਟਿੱਡੀਆਂ ਅਤੇ ਜੰਗਲੀ ਸ਼ਹਿਤ ਸੀ। 5 ਯਰੂਸ਼ਲਮ, ਸਾਰੇ ਯਹੂਦਿਯਾ ਅਤੇ ਯਰਦਨ ਨਦੀ ਦੇ ਆਸੇ-ਪਾਸੇ ਦੀਆਂ ਥਾਵਾਂ ਦੇ ਸਭ ਲੋਕ ਉਸਦਾ ਪ੍ਰਚਾਰ ਸੁਣਨ ਲਈ ਆਏ। 6 ਲੋਕਾਂ ਨੇ ਆਪਣੇ ਪਾਪ ਕਬੂਲ ਕੀਤੇ ਅਤੇ ਯੂਹੰਨਾ ਨੇ ਉਨ੍ਹਾਂ ਨੂੰ ਯਰਦਨ ਨਦੀ ਵਿੱਚ ਬਪਤਿਸਮਾ ਦਿੱਤਾ।
7 ਪਰ ਜਦੋਂ ਉਸ ਨੇ ਵੇਖਿਆ ਕਿ ਫ਼ਰੀਸੀਆਂ [a] ਅਤੇ ਸਦੂਕੀਆਂ [b] ਵਿੱਚੋਂ ਬਥੇਰੇ ਉਸ ਕੋਲੋਂ ਬਪਤਿਸਮਾ ਲੈਣ ਆਏ ਹਨ ਤਾਂ ਉਸ ਨੇ ਉਨ੍ਹਾਂ ਨੂੰ ਆਖਿਆ, “ਤੁਸੀਂ ਸਾਰੇ ਸੱਪ ਹੋ! ਤੁਹਾਨੂੰ ਪਰਮੇਸ਼ੁਰ ਦੇ ਆਉਣ ਵਾਲੇ ਕਰੋਪ ਤੋਂ ਭੱਜਣਾ ਕਿਸਨੇ ਦੱਸਿਆ ਹੈ? 8 ਤੁਹਾਨੂੰ ਉਹ ਗੱਲਾਂ ਕਰਨੀਆਂ ਚਾਹੀਦੀਆਂ ਹਨ ਜਿਨ੍ਹਾਂ ਨਾਲ ਇਹ ਦਰਸ਼ਾ ਸੱਕੋਂ ਕਿ ਤੁਸੀਂ ਆਪਣੇ ਜੀਵਨ ਅਤੇ ਮਨ ਬਦਲ ਲਏ ਹਨ। 9 ਆਪਣੇ ਮਨ ਵਿੱਚ ਇਸ ਗੱਲ ਤੇ ਮਾਣ ਕਰਨ ਦੀ ਨਾ ਸੋਚੋ, ‘ਅਸੀਂ ਅਬਰਾਹਾਮ ਦੇ ਬੱਚੇ ਹਾਂ।’ ਮੈਂ ਤੁਹਾਨੂੰ ਦੱਸਦਾ ਹਾਂ ਕਿ ਪਰਮੇਸ਼ੁਰ ਅਬਰਾਹਾਮ ਲਈ ਇਨ੍ਹਾਂ ਪੱਥਰਾਂ ਵਿੱਚੋਂ ਬੱਚੇ ਪੈਦਾ ਕਰ ਸੱਕਦਾ ਹੈ। 10 ਰੁੱਖਾਂ ਨੂੰ ਡੇਗਣ ਲਈ ਕੁਹਾੜਾ ਤਿਆਰ ਹੈ, ਹਰ ਉਹ ਰੁੱਖ ਜਿਹੜਾ ਚੰਗਾ ਫਲ ਨਹੀਂ ਦਿੰਦਾ, ਵੱਢਿਆ ਜਾਵੇਗਾ ਅਤੇ ਅੱਗ ਵਿੱਚ ਸੁੱਟ ਦਿੱਤਾ ਜਾਵੇਗਾ।
11 “ਮੈਂ ਤਾਂ ਤੁਹਾਨੂੰ ਤੁਹਾਡੇ ਮਨ ਅਤੇ ਜੀਵਨ ਬਦਲਣ ਲਈ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ ਪਰ ਜਿਹੜਾ ਮੇਰੇ ਪਿੱਛੋਂ ਆਉਣ ਵਾਲਾ ਹੈ ਉਹ ਮੇਰੇ ਤੋਂ ਮਹਾਨ ਹੈ ਅਤੇ ਮੈਂ ਤਾਂ ਉਸਦੀ ਜੁੱਤੀ ਚੁੱਕਣ ਦੇ ਵੀ ਯੋਗ ਨਹੀਂ ਹਾਂ। ਉਹ ਤੁਹਾਨੂੰ ਪਵਿੱਤਰ ਆਤਮਾ ਅਤੇ ਅੱਗ ਨਾਲ ਬਪਤਿਸਮਾ ਦੇਵੇਗਾ। 12 ਉਸਦੀ ਤੰਗਲੀ ਉਸ ਦੇ ਹੱਥ ਵਿੱਚ ਹੈ। ਉਹ ਕਣਕ ਨੂੰ ਤੂੜੀ ਤੋਂ ਅਲੱਗ ਕਰੇਗਾ। ਉਹ ਕਣਕ ਨੂੰ ਕੋਠੇ ਵਿੱਚ ਜਮਾ ਕਰੇਗਾ। ਉਹ ਤੂੜੀ ਨੂੰ ਉਸ ਅੱਗ ਵਿੱਚ ਸਾੜੇਗਾ ਜਿਹੜੀ ਬੁਝਾਈ ਨਹੀਂ ਜਾ ਸੱਕਦੀ।”
ਯਿਸੂ ਨੂੰ ਯੂਹੰਨਾ ਨੇ ਬਪਤਿਸਮਾ ਦਿੱਤਾ(C)
13 ਫੇਰ ਯਿਸੂ ਯੂਹੰਨਾ ਤੋਂ ਯਰਦਨ ਨਦੀ ਵਿੱਚ ਬਪਤਿਸਮਾ ਲੈਣ ਲਈ ਗਲੀਲ ਤੋਂ ਆਇਆ। 14 ਪਰ ਯੂਹੰਨਾ ਨੇ ਇਹ ਕਹਿ ਕਿ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕਿ, “ਮੈਨੂੰ ਤਾਂ ਤੇਰੇ ਕੋਲੋਂ ਬਪਤਿਸਮਾ ਲੈਣ ਦੀ ਲੋੜ ਹੈ। ਅਤੇ ਤੂੰ ਮੇਰੇ ਕੋਲ ਕਿਉਂ ਆਇਆ ਹੈਂ?”
15 ਯਿਸੂ ਨੇ ਉਸ ਨੂੰ ਜਵਾਬ ਦਿੱਤਾ, “ਹੁਣ ਤੂੰ ਇਸ ਨੂੰ ਇੰਝ ਹੀ ਹੋਣ ਦੇ। ਜਿਹੜੀਆਂ ਗੱਲਾਂ ਪਰਮੇਸ਼ੁਰ ਕਰਾਉਦਾ ਹੈ ਸਾਨੂੰ ਉਵੇਂ ਹੀ ਕਰਨੀਆਂ ਚਾਹੀਦੀਆਂ ਹਨ।” ਇਉਂ ਯੂਹੰਨਾ ਯਿਸੂ ਨੂੰ ਬਪਤਿਸਮਾ ਦੇਣ ਲਈ ਮੰਨ ਗਿਆ।
16 ਜਿਵੇਂ ਹੀ ਯਿਸੂ ਨੇ ਬਪਤਿਸਮਾ ਲਿਆ ਤਾਂ ਉਹ ਪਾਣੀ ਤੋਂ ਬਾਹਰ ਆ ਗਿਆ। ਉਸ ਲਈ ਅਕਾਸ਼ ਖੁਲ੍ਹ ਗਿਆ ਅਤੇ ਉਸ ਨੇ ਪਰਮੇਸ਼ੁਰ ਦੇ ਆਤਮਾ ਨੂੰ ਘੁੱਗੀ ਵਾਂਗ ਆਪਣੇ ਉੱਪਰ ਉੱਤਰਦਿਆਂ ਵੇਖਿਆ। 17 ਸਵਰਗ ਤੋਂ ਇੱਕ ਬਾਣੀ ਆਈ, ਤੇ ਇਹ ਆਖਿਆ, “ਇਹ ਮੇਰਾ ਪਿਆਰਾ ਪੁੱਤਰ ਹੈ। ਜਿਸਤੋਂ ਮੈਂ ਬਹੁਤ ਪ੍ਰਸੰਨ ਹਾਂ।”
2010 by World Bible Translation Center