M’Cheyne Bible Reading Plan
ਪਹਿਲੀ ਫ਼ਸਲ
26 “ਤੁਸੀਂ ਛੇਤੀ ਹੀ ਉਸ ਧਰਤੀ ਵਿੱਚ ਦਾਖਲ ਹੋਵੋਂਗੇ ਜਿਹੜੀ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੇ ਰਿਹਾ ਹੈ। ਤੁਸੀਂ ਉਸ ਧਰਤੀ ਉੱਤੇ ਕਬਜ਼ਾ ਕਰੋਂਗੇ ਅਤੇ ਉੱਥੇ ਰਹੋਂਗੇ। 2 ਤੁਸੀਂ ਉਹ ਫ਼ਸਲਾਂ ਇਕੱਠੀਆਂ ਕਰੋਂਗੇ ਜਿਹੜੀਆਂ ਉਸ ਧਰਤੀ ਉੱਤੇ ਉੱਗਦੀਆਂ ਹਨ ਜਿਹੜੀ ਯਹੋਵਾਹ ਤੁਹਾਨੂੰ ਦੇ ਰਿਹਾ ਹੈ ਤੁਹਾਨੂੰ ਚਾਹੀਦਾ ਹੈ ਕਿ ਪਹਿਲੀ ਫ਼ਸਲ ਨੂੰ ਟੋਕਰਿਆਂ ਵਿੱਚ ਇਕੱਠੀ ਕਰ ਲਵੋ। ਫ਼ੇਰ ਆਪਣੀ ਫ਼ਸਲ ਦਾ ਪਹਿਲਾ ਹਿੱਸਾ ਉਸ ਥਾਂ ਲੈ ਜਾਵੋ ਜਿਸ ਨੂੰ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਆਪਣੇ ਨਾਮ ਦੀ ਰਿਹਾਇਸ਼ ਲਈ ਚੁਣਿਆ ਹੈ। 3 ਉਸ ਜਾਜਕ ਕੋਲ ਜਾਵੋ ਜਿਹੜਾ ਉਸ ਵੇਲੇ ਸੇਵਾ ਕਰ ਰਿਹਾ ਹੋਵੇ। ਉਸ ਨੂੰ ਆਖੋ, ‘ਯਹੋਵਾਹ ਨੇ ਸਾਡੇ ਪੁਰਖਿਆਂ ਨਾਲ ਇਕਰਾਰ ਕੀਤਾ ਸੀ ਕਿ ਉਹ ਸਾਨੂੰ ਕੁਝ ਧਰਤੀ ਦੇਵੇਗਾ। ਅੱਜ ਮੈਂ ਯਹੋਵਾਹ, ਤੁਹਾਡੇ ਪਰਮੇਸ਼ੁਰ, ਦੇ ਸਾਹਮਣੇ ਇਹ ਐਲਾਨ ਕਰਨ ਲਈ ਆਇਆ ਹਾਂ ਕਿ ਮੈਂ ਉਸ ਧਰਤੀ ਉੱਤੇ ਆ ਗਿਆ ਹਾਂ!’
4 “ਫ਼ੇਰ ਜਾਜਕ ਤੁਹਾਡੇ ਪਾਸੋਂ ਟੋਕਰੀ ਲੈ ਲਵੇਗਾ। ਉਹ ਇਸ ਨੂੰ ਯਹੋਵਾਹ, ਤੁਹਾਡੇ ਪਰਮੇਸ਼ੁਰ, ਦੀ ਜਗਵੇਦੀ ਦੇ ਸਾਹਮਣੇ ਰੱਖ ਦੇਵੇਗਾ। 5 ਫ਼ੇਰ ਉੱਥੇ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਦੇ ਸਨਮੁੱਖ ਇਹ ਆਖੋਂਗੇ: ‘ਮੇਰਾ ਪੁਰਖਾ ਇੱਕ ਖਾਣਾਬਦੋਸ਼ ਅਰਾਮੀ ਸੀ। ਉਹ ਮਿਸਰ ਵਿੱਚ ਗਿਆ ਅਤੇ ਉੱਥੇ ਰਹਿ ਪਿਆ। ਜਦੋਂ ਉਹ ਉੱਥੇ ਗਿਆ ਸੀ ਤਾਂ ਉਸਦਾ ਪਰਿਵਾਰ ਛੋਟਾ ਸੀ। ਪਰ ਮਿਸਰ ਵਿੱਚ ਉਹ ਇੱਕ ਮਹਾਨ ਕੌਮ ਬਣ ਗਿਆ-ਬਹੁਤ ਸਾਰੇ ਲੋਕਾਂ ਦੀ ਤਾਕਤਵਰ ਕੌਮ 6 ਮਿਸਰੀਆਂ ਨੇ ਸਾਡੇ ਨਾਲ ਬੁਰਾ ਵਿਹਾਰ ਕੀਤਾ। ਉਨ੍ਹਾਂ ਨੇ ਸਾਨੂੰ ਗੁਲਾਮ ਬਣਾਇਆ। ਉਨ੍ਹਾਂ ਨੇ ਸਾਨੂੰ ਦੁੱਖ ਦਿੱਤੇ ਅਤੇ ਸਾਡੇ ਕੋਲੋਂ ਬਹੁਤ ਮੁਸ਼ੱਕਤ ਕਰਵਾਈ। 7 ਫ਼ੇਰ ਅਸੀਂ ਯਹੋਵਾਹ, ਸਾਡੇ ਪੁਰਖਿਆਂ ਦੇ ਪਰਮੇਸ਼ੁਰ ਅੱਗੇ ਪੁਕਾਰ ਕੀਤੀ ਅਤੇ ਉਨ੍ਹਾਂ ਵਿਰੁੱਧ ਸ਼ਿਕਾਇਤ ਕੀਤੀ। ਯਹੋਵਾਹ ਨੇ ਸਾਡੀ ਗੱਲ ਸੁਣੀ, ਸਾਡੀਆਂ ਸਮੱਸਿਆਵਾਂ, ਸਾਡੀ ਸਖ਼ਤ ਮਿਹਨਤ ਅਤੇ ਸਾਡੀਆਂ ਮੁਸੀਬਤਾਂ ਵੇਖ ਲਈਆਂ। 8 ਫ਼ੇਰ ਯਹੋਵਾਹ ਸਾਨੂੰ ਆਪਣੀ ਮਹਾਨ ਸ਼ਕਤੀ ਅਤੇ ਤਾਕਤ ਨਾਲ ਮਿਸਰ ਵਿੱਚੋਂ ਕੱਢ ਲਿਆਇਆ। ਉਸ ਨੇ ਵੱਡੇ ਕਰਿਸ਼ਮੇ ਦਿਖਾਏ। ਉਸ ਨੇ ਹੈਰਾਨੀ ਭਰੀਆਂ ਗੱਲਾਂ ਕੀਤੀਆਂ। 9 ਇਸ ਤਰ੍ਹਾਂ ਉਹ ਸਾਨੂੰ ਇਸ ਥਾਂ ਉੱਤੇ ਲੈ ਆਇਆ। ਉਸ ਨੇ ਸਾਨੂੰ ਇਹ ਧਰਤੀ ਦੇ ਦਿੱਤੀ-ਬਹੁਤ ਸਾਰੀਆਂ ਨਿਆਮਤਾ ਨਾਲ ਭਰੀ ਹੋਈ ਧਰਤੀ। 10 ਹੁਣ ਯਹੋਵਾਹ, ਮੈਂ ਤੁਹਾਡੇ ਲਈ, ਤੁਹਾਡੀ ਦਿੱਤੀ ਹੋਈ ਧਰਤੀ ਦੀ ਪਹਿਲੀ ਫ਼ਸਲ ਲੈ ਕੇ ਆਇਆ ਹਾਂ।’
“ਫ਼ੇਰ ਤੁਹਾਨੂੰ ਪਹਿਲੇ ਫ਼ਲਾਂ ਦੀ ਟੋਕਰੀ ਯਹੋਵਾਹ, ਆਪਣੇ ਪਰਮੇਸ਼ੁਰ, ਅੱਗੇ ਰੱਖ ਦੇਣੀ ਚਾਹੀਦੀ ਹੈ ਅਤੇ ਤੁਹਾਨੂੰ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਝੁਕ ਜਾਣਾ ਚਾਹੀਦਾ ਹੈ। 11 ਫ਼ੇਰ ਤੁਹਾਨੂੰ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਮਾਨਣਾ ਚਾਹੀਦਾ ਹੈ ਜਿਹੜੀਆਂ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਦਿੱਤੀਆਂ ਹਨ। ਤੁਹਾਨੂੰ ਉਹ ਚੀਜ਼ਾਂ ਲੇਵੀਆਂ ਅਤੇ ਤੁਹਾਡੇ ਦਰਮਿਆਨ ਰਹਿੰਦੇ ਵਿਦੇਸ਼ੀਆਂ ਨਾਲ ਵੀ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ।
12 “ਹਰ ਤੀਸਰਾ ਵਰ੍ਹਾ ਦਸਵੰਧ ਦਾ ਵਰ੍ਹਾ ਹੈ। ਇਸ ਵਰ੍ਹੇ, ਤੁਹਾਨੂੰ ਆਪਣੀਆਂ ਫ਼ਸਲਾਂ ਦਾ ਦਸਵੰਧ ਲੇਵੀਆਂ, ਆਪਣੀ ਧਰਤੀ ਉੱਤੇ ਰਹਿੰਦੇ ਵਿਦੇਸ਼ੀਆਂ, ਵਿਧਵਾਵਾਂ ਅਤੇ ਯਤੀਮਾਂ ਨੂੰ ਦੇਣਾ ਚਾਹੀਦਾ ਹੈ। ਫ਼ੇਰ ਉਨ੍ਹਾਂ ਲੋਕਾਂ ਕੋਲ ਤੁਹਾਡੇ ਸ਼ਹਿਰ ਵਿੱਚ ਕਾਫ਼ੀ ਭੋਜਨ ਹੋਵੇਗਾ। 13 ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਨੂੰ ਆਖਣਾ ਚਾਹੀਦਾ ਹੈ, ‘ਮੈਂ ਆਪਣੇ ਘਰ ਵਿੱਚੋਂ ਆਪਣੀ ਫ਼ਸਲ ਦਾ ਪਵਿੱਤਰ ਹਿੱਸਾ ਕੱਢ ਲਿਆ ਹੈ। ਮੈਂ ਇਹ ਲੇਵੀਆਂ ਨੂੰ, ਵਿਦੇਸ਼ੀਆਂ ਨੂੰ, ਵਿਧਵਾਵਾਂ ਅਤੇ ਬੱਚਿਆਂ ਨੂੰ ਦੇ ਦਿੱਤਾ ਹੈ। ਮੈਂ ਉਨ੍ਹਾਂ ਸਾਰੇ ਆਦੇਸ਼ਾ ਦੀ ਪਾਲਣਾ ਕੀਤੀ ਹੈ ਜਿਹੜੇ ਤੁਸੀਂ ਮੈਨੂੰ ਦਿੱਤੇ ਹਨ। ਮੈਂ ਤੁਹਾਡੇ ਕਿਸੇ ਵੀ ਆਦੇਸ਼ ਦੀ ਪਾਲਣਾ ਕਰਨ ਤੋਂ ਇਨਕਾਰ ਨਹੀਂ ਕੀਤਾ। ਮੈਂ ਉਨ੍ਹਾਂ ਨੂੰ ਭੁਲਿਆ ਨਹੀਂ ਹਾਂ। 14 ਮੈਂ ਇਹ ਭੋਜਨ ਸੋਗ ਸਮੇਂ ਨਹੀਂ ਖਾਧਾ। [a] ਜਦੋਂ ਮੈਂ ਭੋਜਨ ਇੱਕਤਰ ਕੀਤਾ ਸੀ, ਮੈਂ ਪਲੀਤ ਨਹੀਂ ਸਾਂ। ਮੈਂ ਇਸ ਭੋਜਨ ਦਾ ਕੋਈ ਵੀ ਹਿੱਸਾ ਮੁਰਦਿਆਂ ਨੂੰ ਭੇਟ ਨਹੀਂ ਕੀਤਾ। ਮੈਂ ਯਹੋਵਾਹ ਮੇਰੇ ਪਰਮੇਸ਼ੁਰ ਨੂੰ ਮੰਨਿਆ ਹੈ। ਮੈਂ ਉਹ ਸਾਰੀਆਂ ਗੱਲਾਂ ਕੀਤੀਆਂ ਹਨ ਜਿਨ੍ਹਾਂ ਦਾ ਤੁਸੀਂ ਮੈਨੂੰ ਹੁਕਮ ਦਿੱਤਾ ਸੀ। 15 ਆਪਣੇ ਪਵਿੱਤਰ ਘਰ, ਅਕਾਸ਼ ਵਿੱਚੋਂ ਹੇਠਾਂ ਤੱਕੋ ਅਤੇ ਆਪਣੇ ਇਸਰਾਏਲੀ ਲੋਕਾਂ ਨੂੰ ਅਸੀਸ ਦਿਉ ਅਤੇ ਸਾਨੂੰ ਦਿੱਤੀ ਹੋਈ ਧਰਤੀ ਨੂੰ ਅਸੀਸ ਦੇਵੋ। ਤੁਸੀਂ ਸਾਡੇ ਪੁਰਖਿਆਂ ਨਾਲ, ਸਾਨੂੰ ਚੰਗੀਆਂ ਚੀਜ਼ਾਂ ਨਾਲ ਭਰੀ ਹੋਈ ਇਹ ਧਰਤੀ ਦੇਣ ਦਾ ਇਕਰਾਰ ਕੀਤਾ ਸੀ।’
ਯਹੋਵਾਹ ਦੇ ਹੁਕਮਾਂ ਦਾ ਪਾਲਨ ਕਰੋ
16 “ਅੱਜ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਇਨ੍ਹਾਂ ਸਾਰੇ ਕਾਨੂੰਨਾ ਅਤੇ ਬਿਧੀਆਂ ਨੂੰ ਮੰਨਣ ਦਾ ਹੁਕਮ ਦਿੰਦਾ ਹੈ। ਇਨ੍ਹਾਂ ਨੂੰ ਆਪਣੇ ਤਹੇ-ਦਿਲੋਂ ਅਤੇ ਆਪਣੀ ਪੂਰੀ ਰੂਹ ਨਾਲ ਮੰਨਣਾ ਚੇਤੇ ਰੱਖੋ। 17 ਅੱਜ ਤੁਸੀਂ ਆਖਿਆ ਹੈ ਕਿ ਯਹੋਵਾਹ, ਤੁਹਾਡਾ ਪਰਮੇਸ਼ੁਰ ਹੈ। ਤੁਸੀਂ ਉਸਦੀ ਰਜ਼ਾ ਅਨੁਸਾਰ ਜਿਉਣ ਦਾ ਇਕਰਾਰ ਕੀਤਾ ਹੈ। ਤੁਸੀਂ ਉਸ ਦੀਆਂ ਸਿੱਖਿਆਵਾਂ ਅਤੇ ਚੱਲਣ, ਅਤੇ ਉਸ ਦੇ ਨੇਮਾਂ ਅਤੇ ਆਦੇਸ਼ਾ ਦੀ ਪਾਲਣਾ ਕਰਨ ਦਾ ਇਕਰਾਰ ਕੀਤਾ ਹੈ। ਤੁਸੀਂ ਆਖਿਆ ਸੀ ਕਿ ਤੁਸੀਂ ਹਰ ਉਸ ਗੱਲ ਕਰੋਂਗੇ ਜਿਹੜੀ ਉਹ ਤੁਹਾਨੂੰ ਕਰਨ ਲਈ ਆਖਦਾ ਹੈ। 18 ਇਸ ਲਈ ਅੱਜ ਯਹੋਵਾਹ ਨੇ ਤੁਹਾਨੂੰ ਆਪਣੇ ਬਹੁਮੁੱਲੇ ਲੋਕਾਂ ਵਜੋਂ ਪ੍ਰਵਾਨ ਕੀਤਾ ਹੈ। ਉਸ ਨੇ ਤੁਹਾਡੇ ਨਾਲ ਇਹ ਇਕਰਾਰ ਕੀਤਾ ਸੀ। ਯਹੋਵਾਹ ਨੇ ਇਹ ਵੀ ਆਖਿਆ ਹੈ ਕਿ ਤੁਹਾਨੂੰ ਉਸ ਦੇ ਸਾਰੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। 19 ਯਹੋਵਾਹ ਤੁਹਾਨੂੰ ਆਪਣੀਆਂ ਸਾਜੀਆਂ ਹੋਈਆਂ ਸਮੂਹ ਕੌਮਾਂ ਵਿੱਚੋਂ ਸਭ ਤੋਂ ਮਹਾਨ ਬਣਾਵੇਗਾ। ਉਹ ਤੁਹਾਨੂੰ ਇੱਜ਼ਤ, ਸ਼ੁਹਰਤ ਅਤੇ ਮਹਾਨਤਾ ਬਖਸ਼ੇਗਾ। ਅਤੇ ਤੁਸੀਂ ਉਸ ਦੇ ਖਾਸ ਲੋਕ ਹੋਵੋਂਗੇ, ਜਿਵੇਂ ਕਿ ਉਸ ਨੇ ਇਕਰਾਰ ਕੀਤਾ ਸੀ।”
117 ਤੁਸੀਂ ਸਾਰੀਉ ਕੌਮੋ, ਯਹੋਵਾਹ ਦੀ ਉਸਤਤਿ ਕਰੋ।
ਤੁਸੀਂ ਸਾਰਿਉ ਲੋਕੋ, ਯਹੋਵਾਹ ਦੀ ਉਸਤਤਿ ਕਰੋ।
2 ਪਰਮੇਸ਼ੁਰ ਸਾਨੂੰ ਬਹੁਤ ਪਿਆਰ ਕਰਦਾ ਹੈ।
ਅਤੇ ਪਰਮੇਸ਼ੁਰ ਸਾਡੇ ਨਾਲ ਸਦਾ ਹੀ ਸੱਚਾ ਰਹੇਗਾ!
ਯਹੋਵਾਹ ਦੀ ਉਸਤਤਿ ਕਰੋ।
118 ਯਹੋਵਾਹ ਦਾ ਮਾਨ ਕਰੋ ਕਿਉਂਕਿ ਉਹ ਪਰਮੇਸ਼ੁਰ ਹੈ।
ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
2 ਇਸਰਾਏਲ ਆਖ,
“ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ!”
3 ਜਾਜਕੋ ਆਖੋ,
“ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ!”
4 ਯਹੋਵਾਹ ਦੀ ਉਪਾਸਨਾ ਕਰਨ ਵਾਲੇ ਤੁਸੀਂ ਸਮੂਹ ਲੋਕੋਂ ਆਖੋ,
“ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ!”
5 ਮੈਂ ਮੁਸੀਬਤ ਵਿੱਚ ਸਾਂ ਇਸ ਲਈ ਮੈਂ ਸਹਾਇਤਾ ਲਈ ਯਹੋਵਾਹ ਅੱਗੇ ਪੁਕਾਰ ਕੀਤੀ।
ਯਹੋਵਾਹ ਨੇ ਮੈਨੂੰ ਉੱਤਰ ਦਿੱਤਾ ਅਤੇ ਮੈਨੂੰ ਮੁਕਤ ਕਰ ਦਿੱਤਾ।
6 ਯਹੋਵਾਹ ਮੇਰੇ ਨਾਲ ਹੈ, ਇਸ ਲਈ ਮੈਂ ਨਹੀਂ ਡਰਾਂਗਾ।
ਲੋਕ ਮੇਰਾ ਕੋਈ ਨੁਕਸਾਨ ਨਹੀਂ ਕਰ ਸੱਕਦੇ।
7 ਯਹੋਵਾਹ ਮੇਰਾ ਮਦਦਗਾਰ ਹੈ।
ਮੈਂ ਆਪਣੇ ਦੁਸ਼ਮਣਾਂ ਨੂੰ ਹਾਰਦਿਆਂ ਵੇਖਾਂਗਾ।
8 ਲੋਕਾਂ ਵਿੱਚ ਯਕੀਨ ਰੱਖਣ ਨਾਲੋਂ
ਯਹੋਵਾਹ ਵਿੱਚ ਯਕੀਨ ਰੱਖਣਾ ਬਿਹਤਰ ਹੈ।
9 ਤੁਹਾਡੇ ਸਾਰੇ ਆਗੂਆਂ ਉੱਤੇ ਵਿਸ਼ਵਾਸ ਕਰਨ ਨਾਲੋਂ
ਯਹੋਵਾਹ ਵਿੱਚ ਯਕੀਨ ਰੱਖਣਾ ਬਿਹਤਰ ਹੈ।
10 ਅਨੇਕਾਂ ਦੁਸ਼ਮਣਾਂ ਨੇ ਮੈਨੂੰ ਘੇਰ ਲਿਆ ਸੀ।
ਪਰ ਯਹੋਵਾਹ ਦੀ ਸ਼ਕਤੀ ਨਾਲ ਮੈਂ ਆਪਣੇ ਦੁਸ਼ਮਣਾਂ ਨੂੰ ਹਰਾ ਦਿੱਤਾ।
11 ਦੁਸ਼ਮਣਾਂ ਨੇ ਮੈਨੂੰ ਬਾਰ-ਬਾਰ ਘੇਰਿਆ,
ਮੈਂ ਉਨ੍ਹਾਂ ਨੂੰ ਯਹੋਵਾਹ ਦੀ ਸ਼ਕਤੀ ਨਾਲ ਹਰਾਇਆ।
12 ਮੈਨੂੰ ਦੁਸ਼ਮਣਾਂ ਨੇ ਮਧੂ ਮੱਖੀਆਂ ਵਾਂਗ ਘੇਰਿਆ।
ਪਰ ਛੇਤੀ ਹੀ ਲਟ-ਲਟ ਬਲਦੀ ਝਾੜੀ ਵਾਂਗ ਉਹ ਭਸਮ ਹੋ ਗਏ।
ਮੈਂ ਉਨ੍ਹਾਂ ਨੂੰ ਯਹੋਵਾਹ ਦੀ ਸ਼ਕਤੀ ਨਾਲ ਹਰਾਇਆ।
13 ਮੇਰੇ ਦੁਸ਼ਮਣਾਂ ਮੇਰੇ ਉੱਤੇ ਹਮਲਾ ਕੀਤਾ, ਅਤੇ ਲਗਭਗ ਮੈਨੂੰ ਤਬਾਹ ਕਰ ਦਿੱਤਾ।
ਯਹੋਵਾਹ ਨੇ ਮੇਰੀ ਸਹਾਇਤਾ ਕੀਤੀ।
14 ਯਹੋਵਾਹ ਹੀ ਮੇਰੀ ਸ਼ਕਤੀ ਅਤੇ ਜਿੱਤ ਦਾ ਗੀਤ ਹੈ।
ਯਹੋਵਾਹ ਮੈਨੂੰ ਬਚਾਉਂਦਾ ਹੈ।
15 ਤੁਸੀਂ ਨੇਕ ਲੋਕਾਂ ਦੇ ਘਰੀਂ ਫ਼ਤਿਹ ਦਾ ਜਸ਼ਨ ਸੁਣ ਸੱਕਦੇ ਹੋ।
ਯਹੋਵਾਹ ਨੇ ਆਪਣੀ ਮਹਾਨ ਸ਼ਕਤੀ ਫ਼ੇਰ ਦਰਸਾਈ ਹੈ।
16 ਯਹੋਵਾਹ ਦੇ ਹੱਥ ਜਿੱਤ ਵਿੱਚ ਉੱਠੇ ਹੋਏ ਹਨ,
ਯਹੋਵਾਹ ਨੇ ਫ਼ੇਰ ਆਪਣੀ ਮਹਾਨ ਸ਼ਕਤੀ ਦਰਸਾਈ ਹੈ।
17 ਮੈਂ ਜੀਵਾਂਗਾ, ਮਰਾਂਗਾ ਨਹੀਂ
ਅਤੇ ਮੈਂ ਯਹੋਵਾਹ ਦੀ ਕਰਨੀ ਦੱਸਾਂਗਾ।
18 ਯਹੋਵਾਹ ਨੇ ਮੈਨੂੰ ਦੰਡ ਦਿੱਤਾ ਸੀ।
ਪਰ ਉਸ ਨੇ ਮੈਨੂੰ ਮਰਨ ਨਹੀਂ ਦਿੱਤਾ ਸੀ।
19 ਸ਼ੁਭ ਦਰਵਾਜਿਉ, ਮੇਰੇ ਲਈ ਖੁਲ੍ਹ ਜਾਵੋ,
ਅਤੇ ਮੈਂ ਆਵਾਂਗਾ ਅਤੇ ਮੈਂ ਯਹੋਵਾਹ ਦੀ ਉਪਾਸਨਾ ਕਰਾਂਗਾ।
20 ਉਹ ਦਰਵਾਜੇ ਯਹੋਵਾਹ ਦੇ ਹਨ।
ਇਨ੍ਹਾਂ ਵਿੱਚੋਂ ਦੀ ਸਿਰਫ਼ ਨੇਕ ਬੰਦੇ ਹੀ ਜਾ ਸੱਕਦੇ ਹਨ।
21 ਹੇ ਯਹੋਵਾਹ, ਮੇਰੀ ਪ੍ਰਾਰਥਨਾ ਦਾ ਉੱਤਰ ਦੇਣ ਲਈ ਮੈਂ ਤੁਹਾਨੂੰ ਧੰਨਵਾਦ ਕਰਦਾ ਹਾਂ।
ਮੈਨੂੰ ਬਚਾਉਣ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ।
22 ਉਹ ਪੱਥਰ ਜਿਸਦੀ ਉਸਾਰੀਆਂ ਨੂੰ ਲੋੜ ਨਹੀਂ ਸੀ, ਨੀਂਹ ਦਾ ਪੱਥਰ ਬਣ ਗਿਆ ਸੀ।
23 ਯਹੋਵਾਹ ਨੇ ਇਹ ਕੀਤਾ ਅਤੇ ਅਸੀਂ ਸੋਚਦੇ ਹਾਂ
ਕਿ ਇਹ ਗੱਲ ਵਿਸਮਾਦ ਭਰੀ ਹੈ।
24 ਅੱਜ ਦਾ ਦਿਨ, ਪਰਮੇਸ਼ੁਰ ਦੁਆਰਾ ਬਣਾਇਆ ਹੋਇਆ ਦਿਨ ਹੈ।
ਆਉ ਅੱਜ ਹੀ ਖੁਸ਼ੀ ਮਨਾਈਏ ਅਤੇ ਪ੍ਰਸੰਨ ਹੋਈਏ!
25 ਲੋਕਾਂ ਆਖਿਆ, “ਯਹੋਵਾਹ ਦੀ ਉਸਤਤਿ ਕਰੋ!
ਯਹੋਵਾਹ ਨੇ ਅਸਾਂ ਨੂੰ ਬਚਾਇਆ!
26 ਯਹੋਵਾਹ ਦਾ ਨਾਮ ਲੈ ਕੇ ਆਉਣ ਵਾਲੇ ਬੰਦੇ ਦਾ ਸਵਾਗਤ ਕਰੋ।”
ਜਾਜਕਾਂ ਨੇ ਜਵਾਬ ਦਿੱਤਾ, “ਅਸੀਂ ਯਹੋਵਾਹ ਦੇ ਘਰ ਅੰਦਰ ਤੁਹਾਡਾ ਸਵਾਗਤ ਕਰਦੇ ਹਾਂ।
27 ਯਹੋਵਾਹ ਹੀ ਪਰਮੇਸ਼ੁਰ ਹੈ।
ਅਤੇ ਉਹ ਅਸਾਂ ਨੂੰ ਪ੍ਰਵਾਨ ਕਰਦਾ ਹੈ।
ਬਲੀ ਲਈ ਲੇਲਾ ਬੰਨ੍ਹ ਦਿਉ, ਅਤੇ ਇਸ ਨੂੰ ਚੁੱਕ ਕੇ ਜਗਵੇਦੀ ਦੇ ਸਿੰਗਾਂ ਉੱਤੇ ਲੈ ਚੱਲੋ।”
28 ਯਹੋਵਾਹ, ਤੁਸੀਂ ਮੇਰੇ ਪਰਮੇਸ਼ੁਰ ਹੋ ਅਤੇ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ।
ਮੈਂ ਤੁਹਾਡੀ ਉਸਤਤਿ ਕਰਦਾ ਹਾਂ।
29 ਯਹੋਵਾਹ ਦੀ ਉਸਤਤਿ ਕਰੋ ਕਿਉਂ ਕਿ ਉਹ ਭਲਾ ਹੈ।
ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
53 ਜਿਨ੍ਹਾਂ ਗੱਲਾਂ ਦਾ ਅਸੀਂ ਐਲਾਨ ਕੀਤਾ ਸੀ ਉਨ੍ਹਾਂ ਬਾਰੇ ਕਿਸਨੇ ਯਕੀਨ ਕੀਤਾ? ਕਿਸਨੇ ਸੱਚਮੁੱਚ ਯਹੋਵਾਹ ਦੀ ਸਜ਼ਾ ਨੂੰ ਪ੍ਰਵਾਨ ਕੀਤਾ ਸੀ?
2 ਉਹ ਪਰਮੇਸ਼ੁਰ ਦੇ ਸਾਹਮਣੇ ਇੱਕ ਛੋਟੇ ਪੌਦੇ ਵਾਂਗ ਉਗਿਆ ਸੀ। ਉਹ ਖੁਸ਼ਕ ਧਰਤੀ ਉੱਤੇ ਉੱਗਣ ਵਾਲੀ ਜਢ਼ ਵਾਂਗ ਸੀ। ਉਹ ਮਹੱਤਵਪੂਰਣ ਦਿਖਾਈ ਨਹੀਂ ਦਿੰਦਾ ਸੀ। ਉਸਦਾ ਕੋਈ ਖਾਸ ਪਰਤਾਪ ਨਹੀਂ ਸੀ। ਜੇ ਅਸੀਂ ਉਸ ਵੱਲ ਦੇਖਦੇ ਤਾਂ ਸਾਨੂੰ ਕੋਈ ਅਜਿਹੀ ਖਾਸ ਗੱਲ ਨਹੀਂ ਦਿਖਾਈ ਨਹੀਂ ਸੀ ਦੇਣੀ ਜਿਹੜੀ ਉਸ ਨੂੰ ਸਾਡੀ ਨਜ਼ਰ ਵਿੱਚ ਪਸੰਦ ਕਰਨ ਯੋਗ ਬਣਾਉਂਦੀ ਹੋਵੇ। 3 ਲੋਕਾਂ ਨੇ ਉਸਦਾ ਮਜ਼ਾਕ ਉਡਾਇਆ, ਅਤੇ ਉਸ ਦੇ ਦੋਸਤ ਉਸ ਨੂੰ ਛੱਡ ਗਏ। ਉਹ ਅਜਿਹਾ ਆਦਮੀ ਸੀ ਜਿਸ ਨੂੰ ਵੱਧੇਰੇ ਦਰਦ ਸੀ। ਉਹ ਉਦਾਸੀ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਲੋਕ ਉਸ ਨੂੰ ਇੰਨਾ ਆਦਰ ਵੀ ਨਹੀਂ ਸਨ ਦਿੰਦੇ ਕਿ ਉਸ ਵੱਲ ਧਿਆਨ ਨਾਲ ਦੇਖ ਸੱਕਣ। ਅਸੀਂ ਉਸ ਵੱਲ ਧਿਆਨ ਨਹੀਂ ਸੀ ਦਿੱਤਾ।
4 ਪਰ ਉਸ ਨੇ ਸਾਡੀਆਂ ਮੁਸੀਬਤਾਂ ਲੈ ਲਈਆਂ ਅਤੇ ਉਨ੍ਹਾਂ ਨੂੰ ਅਪਣਾ ਲਿਆ। ਉਸ ਨੇ ਸਾਡੇ ਦੁੱਖ ਨੂੰ ਬਰਦਾਸ਼ਤ ਕੀਤਾ ਅਤੇ ਅਸੀਂ ਇਹ ਸੋਚਿਆ ਕਿ ਪਰਮੇਸ਼ੁਰ ਉਸ ਨੂੰ ਸਜ਼ਾ ਦੇ ਰਿਹਾ ਸੀ। ਅਸੀਂ ਸੋਚਿਆ ਕਿ ਪਰਮੇਸ਼ੁਰ ਉਸ ਨੂੰ ਉਸ ਦੇ ਅਮਲਾਂ ਦੀ ਸਜ਼ਾ ਦੇ ਰਿਹਾ ਸੀ। ਅਸੀਂ ਸੋਚਿਆ ਸੀ ਕਿ ਪਰਮੇਸ਼ੁਰ ਨੇ ਉਸ ਦੇ ਕੀਤੇ ਦੀ ਸਜ਼ਾ ਦਿੱਤੀ ਸੀ। 5 ਪਰ ਉਸ ਨੂੰ ਸਾਡੀਆਂ ਬੁਰਿਆਈਆਂ ਦੀ ਸਜ਼ਾ ਮਿਲੀ ਸੀ। ਉਸ ਨੂੰ ਸਾਡੇ ਗੁਨਾਹ ਬਦਲੇ ਕੁਚੱਲਿਆ ਗਿਆ ਸੀ। ਉਹ ਕਰਜ਼ਾ ਜਿਹੜਾ ਸਾਡੇ ਸਿਰ ਸੀ-ਸਾਡੀ ਸਜ਼ਾ-ਉਹ ਉਸ ਨੂੰ ਮਿਲਿਆ ਸੀ। ਅਸੀਂ ਉਸਦੀ ਸਜ਼ਾ ਕਾਰਣ ਹੀ ਸਿਹਤਯਾਬ ਹੋਏ ਸਾਂ। ਸਾਨੂੰ ਅਰੋਗਤਾ ਮਿਲੀ (ਮਾਫ਼ੀ ਮਿਲੀ) ਤਾਂ ਉਸ ਦੇ ਦੁੱਖ ਕਾਰਣ। 6 ਅਸੀਂ ਸਾਰੇ ਹੀ ਭੇਡਾਂ ਵਾਂਗ ਭਟਕ ਗਏ। ਅਸੀਂ ਸਾਰੇ ਆਪਣੇ-ਆਪਣੇ ਰਾਹ ਤੁਰ ਗਏ। ਅਸੀਂ ਅਜਿਹਾ ਉਦੋਂ ਕੀਤਾ ਜਦੋਂ ਯਹੋਵਾਹ ਨੇ ਸਾਨੂੰ ਸਾਡੇ ਪਾਪ ਤੋਂ ਮੁਕਤ ਕਰ ਦਿੱਤਾ ਅਤੇ ਸਾਡਾ ਸਾਰਾ ਪਾਪ ਆਪਣੇ ਜ਼ਿਂਮੇ ਲੈ ਲਿਆ।
7 ਉਸ ਨੂੰ ਦੁੱਖ ਦਿੱਤਾ ਅਤੇ ਸਜ਼ਾ ਦਿੱਤੀ ਗਈ। ਪਰ ਉਸ ਨੇ ਕਦੇ ਸ਼ਿਕਾਇਤ ਨਹੀਂ ਕੀਤੀ। ਉਸ ਨੇ ਕੁਝ ਵੀ ਨਹੀਂ ਆਖਿਆ-ਜਿਵੇਂ ਭੇਡ ਜ਼ਿਬਾਹ ਕਰਨ ਲਿਜਾਈ ਜਾਂਦੀ ਹੈ। ਉਹ ਉਸ ਲੇਲੇ ਵਰਗਾ ਸੀ ਜਿਹੜਾ ਉਦੋਂ ਜ਼ਰਾ ਜਿੰਨਾ ਵੀ ਆਵਾਜ਼ ਨਹੀਂ ਕਰਦਾ ਜਦੋਂ ਕੋਈ ਉਸਦੀ ਉੱਨ ਲਾਹੁਂਦਾ ਹੈ। ਉਸ ਨੇ ਕਦੇ ਮੂੰਹ ਨਹੀਂ ਖੋਲ੍ਹਿਆ ਆਪਣੇ ਆਪ ਨੂੰ ਬਚਾਉਣ ਲਈ। 8 ਲੋਕਾਂ ਨੇ ਤਾਕਤ ਦੀ ਵਰਤੋਂ ਕੀਤੀ ਅਤੇ ਉਸ ਨੂੰ ਲੈ ਗਏ-ਅਤੇ ਉਨ੍ਹਾਂ ਨੇ ਉਸ ਨਾਲ ਬੇਲਾਗ ਹੋ ਕੇ ਨਿਆਂ ਨਹੀਂ ਕੀਤਾ। ਕੋਈ ਵੀ ਬੰਦਾ ਉਸ ਦੇ ਭਵਿੱਖ ਦੇ ਪਰਿਵਾਰ ਬਾਰੇ ਨਹੀਂ ਦੱਸ ਸੱਕਦਾ ਕਿਉਂ ਕਿ ਉਸ ਨੂੰ ਜਿਉਂਦੇ ਬੰਦਿਆਂ ਦੀ ਦੁਨੀਆਂ ਤੋਂ ਦੂਰ ਲੈ ਜਾਇਆ ਗਿਆ। ਉਸ ਨੂੰ ਮੇਰੇ ਬੰਦਿਆਂ ਦੇ ਪਾਪਾਂ ਦੀ ਸਜ਼ਾ ਦਿੱਤੀ ਗਈ। 9 ਉਹ ਮਰ ਗਿਆ ਅਤੇ ਉਸ ਨੂੰ ਅਮੀਰ ਲੋਕਾਂ ਦੇ ਨਾਲ ਦਫ਼ਨਾਇਆ ਗਿਆ। ਉਸ ਨੂੰ ਮੰਦੇ ਲੋਕਾਂ ਦੇ ਨਾਲ ਦਫ਼ਨਾਇਆ ਗਿਆ। ਉਸ ਨੇ ਕੁਝ ਵੀ ਗ਼ਲਤ ਨਹੀਂ ਸੀ ਕੀਤਾ ਉਸ ਨੇ ਕਦੇ ਝੂਠ ਨਹੀਂ ਸੀ ਬੋਲਿਆ-ਪਰ ਫ਼ੇਰ ਵੀ ਇਹ ਗੱਲਾਂ ਉਸ ਨਾਲ ਵਾਪਰੀਆ।
10 ਯਹੋਵਾਹ ਨੇ ਉਸ ਨੂੰ ਕੁਚਲਣ ਦਾ ਫ਼ੈਸਲਾ ਕੀਤਾ ਯਹੋਵਾਹ ਨੇ ਫ਼ੈਸਲਾ ਕੀਤਾ ਕਿ ਉਸ ਨੂੰ ਦੁੱਖ ਮਿਲਣਾ ਚਾਹੀਦਾ ਹੈ ਇਸ ਲਈ ਸੇਵਕ ਨੇ ਆਪਣੇ-ਆਪ ਨੂੰ ਮੌਤ ਦੇ ਹਵਾਲੇ ਕਰ ਦਿੱਤਾ। ਪਰ ਉਹ ਬਹੁਤ ਲੰਮੇ ਸਮੇਂ ਤੱਕ ਨਵਾਂ ਜੀਵਨ ਜੀਵੇਗਾ। ਉਹ ਆਪਣੇ ਲੋਕਾਂ ਨੂੰ ਮਿਲੇਗਾ। ਉਹ ਉਨ੍ਹਾਂ ਗੱਲਾਂ ਨੂੰ ਪੂਰਿਆਂ ਕਰੇਗਾ ਜਿਹੜੀਆਂ ਯਹੋਵਾਹ ਉਸ ਪਾਸੋਂ ਕਰਵਾਉਣੀਆਂ ਚਾਹੁੰਦਾ ਹੈ। 11 ਉਹ ਆਪਣੇ ਆਤਮੇ ਵਿੱਚ ਬਹੁਤ ਕਸ਼ਟ ਭੋਗੇਗਾ, ਪਰ ਉਹ ਉਨ੍ਹਾਂ ਚੰਗੀਆਂ ਗੱਲਾਂ ਨੂੰ ਦੇਖੇਗਾ ਜਿਹੜੀਆਂ ਵਾਪਰਨਗੀਆਂ। ਉਹ ਆਪਣੀਆਂ ਸਿੱਖੀਆਂ ਹੋਈਆਂ ਗੱਲਾਂ ਨਾਲ ਸੰਤੁਸ਼ਟ ਹੋਵੇਗਾ।
“ਮੇਰਾ ਚੰਗਾ ਸੇਵਕ ਬਹੁਤ ਸਾਰੇ ਲੋਕਾਂ ਨੂੰ ਬੇਗੁਨਾਹ ਬਣਾ ਦੇਵੇਗਾ, ਉਹ ਉਨ੍ਹਾਂ ਦਾ ਪਾਪ ਦੂਰ ਲੈ ਜਾਵੇਗਾ। 12 ਇਸ ਕਾਰਣ ਮੈਂ ਆਪਣੇ ਬੰਦਿਆਂ ਵਿੱਚੋਂ ਉਸ ਨੂੰ ਇਨਾਮ ਦੇਵਾਂਗਾ। ਉਹ ਉਨ੍ਹਾਂ ਲੋਕਾਂ ਦੀਆਂ ਸਾਰੀਆਂ ਚੀਜ਼ਾਂ ਵਿੱਚੋਂ ਹਿੱਸਾ ਲਵੇਗਾ ਜਿਹੜੇ ਤਾਕਤਵਰ ਹਨ। ਮੈਂ ਉਸ ਦੇ ਲਈ ਹੀ ਅਜਿਹਾ ਕਰਾਂਗਾ ਕਿਉਂ ਕਿ ਉਹ ਮਰ ਗਿਆ ਅਤੇ ਲੋਕਾਂ ਨੂੰ ਆਪਣਾ ਜੀਵਨ ਦੇ ਦਿੱਤਾ। ਲੋਕਾਂ ਨੇ ਆਖਿਆ ਕਿ ਉਹ ਮੁਜਰਿਮ ਸੀ। ਪਰ ਸੱਚ ਇਹ ਹੈ ਕਿ ਉਸ ਨੇ ਬਹੁਤ ਸਾਰੇ ਲੋਕਾਂ ਦੇ ਪਾਪ ਆਪਣੇ ਉੱਤੇ ਲੈ ਲੇ। ਅਤੇ ਹੁਣ ਉਹ ਉਨ੍ਹਾਂ ਲੋਕਾਂ ਲਈ ਗੱਲ ਕਰਦਾ ਹੈ ਜਿਨ੍ਹਾਂ ਨੇ ਪਾਪ ਕੀਤੇ ਹਨ।”
ਯਿਸੂ ਦਾ ਪਰਿਵਾਰਕ ਇਤਿਹਾਸ(A)
1 ਇਹ ਯਿਸੂ ਮਸੀਹ ਦੇ ਪਰਿਵਾਰ ਦਾ ਇਤਿਹਾਸ ਹੈ। ਯਿਸੂ ਦਾਊਦ ਦੇ ਪਰਿਵਾਰ ਤੋਂ ਸੀ ਅਤੇ ਦਾਊਦ ਅਬਰਾਹਾਮ ਦੇ ਪਰਿਵਾਰ ਤੋਂ ਸੀ।
2 ਅਬਰਾਹਾਮ ਇਸਹਾਕ ਦਾ ਪਿਤਾ ਸੀ।
ਇਸਹਾਕ ਯਾਕੂਬ ਦਾ ਪਿਤਾ ਸੀ।
ਯਾਕੂਬ ਯਹੂਦਾਹ ਅਤੇ ਉਸ ਦੇ ਭਰਾਵਾਂ ਦਾ ਪਿਤਾ ਸੀ।
3 ਯਹੂਦਾਹ ਫ਼ਰਸ ਅਤੇ ਜ਼ਰਾ ਦਾ ਪਿਤਾ ਸੀ। (ਤਾਮਾਰ ਉਨ੍ਹਾਂ ਦੀ ਮਾਤਾ ਸੀ।)
ਫ਼ਰਸ ਹਸਰੋਨ ਦਾ ਪਿਤਾ ਸੀ।
ਹਸਰੋਨ ਰਾਮ ਦਾ ਪਿਤਾ ਸੀ।
4 ਰਾਮ ਅੰਮੀਨਾਦਾਬ ਦਾ ਪਿਤਾ ਸੀ।
ਅੰਮੀਨਾਦਾਬ ਨਹਸ਼ੋਨ ਦਾ ਪਿਤਾ ਸੀ।
ਨਹਸ਼ੋਨ ਸਲਮੋਨ ਦਾ ਪਿਤਾ ਸੀ।
5 ਸਲਮੋਨ ਬੋਅਜ਼ ਦਾ ਪਿਤਾ ਸੀ।
(ਬੋਅਜ਼ ਦੀ ਮਾਤਾ ਰਾਹਾਬ ਸੀ) ਬੋਅਜ਼ ਓਬੇਦ ਦਾ ਪਿਤਾ ਸੀ।
(ਰੂਥ ਓਬੇਦ ਦੀ ਮਾਤਾ ਸੀ।) ਉਬੇਦ ਯੱਸੀ ਦਾ ਪਿਤਾ ਸੀ।
6 ਯੱਸੀ ਦਾਊਦ ਬਾਦਸ਼ਾਹ ਦਾ ਪਿਤਾ ਸੀ।
ਦਾਊਦ ਸੁਲੇਮਾਨ ਦਾ ਪਿਤਾ ਸੀ। (ਸੁਲੇਮਾਨ ਦੀ ਮਾਤਾ ਪਹਿਲਾਂ ਉਰੀਯਾਹ ਦੀ ਪਤਨੀ ਸੀ।)
7 ਸੁਲੇਮਾਨ ਰਹਬੁਆਮ ਦਾ ਪਿਤਾ ਸੀ।
ਰਹਬੁਆਮ ਅਬੀਯਾਹ ਦਾ ਪਿਤਾ ਸੀ।
ਅਬੀਯਾਹ ਆਸਾ ਦਾ ਪਿਤਾ ਸੀ।
8 ਆਸਾ ਯਹੋਸ਼ਾਫਾਟ ਦਾ ਪਿਤਾ ਸੀ।
ਯਹੋਸ਼ਾਫਾਟ ਯੋਰਾਮ ਦਾ ਪਿਤਾ ਸੀ।
ਯੋਰਾਮ ਉਜ਼ੀਯਾਹ ਦਾ ਪਿਤਾ ਸੀ।
9 ਉਜ਼ੀਯੱਯਾਹ ਯੋਥਾਮ ਦਾ ਪਿਤਾ ਸੀ।
ਯੋਥਾਮ ਆਹਾਜ਼ ਦਾ ਪਿਤਾ ਸੀ।
ਆਹਾਜ਼ ਹਿਜ਼ਾਕੀਯਾਹ ਦਾ ਪਿਤਾ ਸੀ।
10 ਹਿਜ਼ਕੀਯਾਹ ਮਨੱਸਹ ਦਾ ਪਿਤਾ ਸੀ।
ਮਨੱਸਹ ਆਮੋਨ ਦਾ ਪਿਤਾ ਸੀ।
ਆਮੋਨ ਯੋਸ਼ੀਯਾਹ ਦਾ ਪਿਤਾ ਸੀ।
11 ਯੋਸ਼ੀਯਾਹ, ਯਕਾਨਯਾਹ, ਅਤੇ ਉਸ ਦੇ ਭਰਾਵਾਂ ਦਾ ਦਾਦਾ ਸੀ। ਇਸ ਸਮੇਂ ਦੌਰਾਨ, ਯਹੂਦੀ ਕੈਦੀਆਂ ਦੀ ਤਰ੍ਹਾਂ ਬੇਬੀਲੋਨ ਨੂੰ ਲਿਜਾਏ ਗਏ ਸਨ।
12 ਯਹੂਦੀਆਂ ਨੂੰ ਬੇਬੀਲੋਨ ਲੈ ਜਾਣ ਤੋਂ ਬਾਅਦ: ਯਕਾਨਯਾਹ ਸ਼ਅਲਤੀਏਲ ਦਾ ਪਿਤਾ ਸੀ।
ਸ਼ਅਲਤੀਏਲ ਜ਼ਰੁੱਬਾਬਲ ਦਾ ਦਾਦਾ ਸੀ।
13 ਜ਼ਰੁੱਬਾਬਲ ਅਬੀਹੂਦ ਦਾ ਪਿਤਾ ਸੀ।
ਅਬੀਹੂਦ ਅਲਯਾਕੀਮ ਦਾ ਪਿਤਾ ਸੀ।
ਅਲਯਾਕੀਮ ਅੱਜ਼ੋਰ ਦਾ ਪਿਤਾ ਸੀ।
14 ਅੱਜ਼ੋਰ ਸਾਦੋਕ ਦਾ ਪਿਤਾ ਸੀ।
ਸਾਦੋਕ ਯਾਕੀਮ ਦਾ ਪਿਤਾ ਸੀ।
ਯਾਕੀਮ ਅਲੀਹੂਦ ਦਾ ਪਿਤਾ ਸੀ।
15 ਅਲੀਹੂਦ ਅਲਾਜ਼ਾਰ ਦਾ ਪਿਤਾ ਸੀ।
ਅਲਾਜ਼ਾਰ ਮੱਥਾਨ ਦਾ ਪਿਤਾ ਸੀ।
ਮੱਥਾਨ ਯਾਕੂਬ ਦਾ ਪਿਤਾ ਸੀ।
16 ਯਾਕੂਬ ਯੂਸੁਫ਼ ਦਾ ਪਿਤਾ ਸੀ।
ਮਰਿਯਮ ਯੂਸੁਫ਼ ਦੀ ਪਤਨੀ ਸੀ।
ਮਰਿਯਮ ਯਿਸੂ ਦੀ ਮਾਂ ਸੀ। ਯਿਸੂ ਹੀ ਮਸੀਹ ਕਹਾਉਂਦਾ ਹੈ।
17 ਸੋ ਅਬਰਾਹਾਮ ਤੋਂ ਲੈ ਕੇ ਦਾਊਦ ਤੀਕਰ ਇਹ ਚੌਦ੍ਹਾਂ ਪੀੜ੍ਹੀਆਂ ਸਨ। ਅਤੇ ਚੌਦ੍ਹਾਂ ਹੀ ਪੀੜ੍ਹੀਆਂ ਦਾਊਦ ਤੋਂ ਲੈ ਕੇ ਉਸ ਵਕਤ ਤੀਕਰ ਸਨ ਜਦੋਂ ਲੋਕਾਂ ਨੂੰ ਬੇਬੀਲੋਨ ਲਿਜਾਇਆ ਗਿਆ। ਅਤੇ ਚੌਦ੍ਹਾਂ ਹੀ ਪੀੜ੍ਹੀਆਂ ਲੋਕਾਂ ਨੂੰ ਬੇਬੀਲੋਨ ਲੈ ਕੇ ਜਾਣ ਤੋਂ ਮਸੀਹ ਦੇ ਜਨਮ ਤੱਕ ਸਨ।
ਯਿਸੂ ਮਸੀਹ ਦਾ ਜਨਮ(B)
18 ਯਿਸੂ ਮਸੀਹ ਦੀ ਮਾਤਾ ਮਰਿਯਮ ਸੀ। ਯਿਸੂ ਮਸੀਹ ਦਾ ਜਨਮ ਇਸ ਤਰ੍ਹਾਂ ਹੋਇਆ। ਮਰਿਯਮ ਦੀ ਕੁੜਮਾਈ ਯੂਸੁਫ਼ ਦੇ ਨਾਲ ਹੋਈ। ਪਰ ਵਿਆਹ ਹੋਣ ਤੋਂ ਪਹਿਲਾਂ ਹੀ ਮਰਿਯਮ ਨੇ ਦੇਖਿਆ ਕਿ ਉਹ ਗਰਭਵਤੀ ਹੈ। ਮਰਿਯਮ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਗਰਭਵਤੀ ਹੋਈ ਸੀ। 19 ਮਰਿਯਮ ਦਾ ਪਤੀ ਯੂਸੁਫ਼ ਇੱਕ ਚੰਗਾ ਮਨੁੱਖ ਸੀ। ਉਹ ਇਹ ਨਹੀਂ ਚਾਹੁੰਦਾ ਸੀ ਕਿ ਉਹ ਮਰਿਯਮ ਨੂੰ ਲੋਕਾਂ ਸਾਹਮਣੇ ਕਲੰਕਨ ਪਰਗਟ ਕਰੇ। ਤਾਂ ਉਸ ਨੇ ਉਸ ਨੂੰ ਚੁੱਪ-ਚਾਪ ਛੱਡ ਦੇਣ ਦੀ ਸੋਚੀ।
20 ਪਰ ਜਦੋਂ ਉਸ ਨੇ ਇਸ ਬਾਰੇ ਸੋਚਿਆ ਤਾਂ ਪ੍ਰਭੂ ਦੇ ਇੱਕ ਦੂਤ ਨੇ ਉਸ ਦੇ ਸੁਪਨੇ ਵਿੱਚ ਦਰਸ਼ਨ ਦਿੱਤੇ। ਤੇ ਦੂਤ ਨੇ ਕਿਹਾ, “ਹੇ ਯੂਸੁਫ਼, ਦਾਊਦ ਦੇ ਪੁੱਤਰ, ਤੂੰ ਮਰਿਯਮ ਨੂੰ ਆਪਣੀ ਪਤਨੀ ਸਵਿਕਾਰ ਕਰਨ ਤੋਂ ਨਾ ਘਬਰਾ। ਜਿਹੜਾ ਬੱਚਾ ਉਸਦੀ ਕੁੱਖ ਵਿੱਚ ਆਇਆ ਹੈ ਉਹ ਪਵਿੱਤਰ ਆਤਮਾ ਤੋਂ ਹੈ। 21 ਮਰਿਯਮ ਇੱਕ ਪੁੱਤਰ ਨੂੰ ਜਨਮ ਦੇਵੇਗੀ ਅਤੇ ਤੂੰ ਉਸਦਾ ਨਾਂ ਯਿਸੂ ਰੱਖੀਂ ਕਿਉਂਕਿ ਉਹ ਆਪਣੇ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਤੋਂ ਬਚਾਵੇਗਾ।”
22 ਇਹ ਸਭ ਕੁਝ ਪ੍ਰਭੂ ਦੇ ਆਪਣੇ ਨਬੀ ਦੁਆਰਾ ਕਹੇ ਹੋਏ ਸ਼ਬਦਾਂ ਨੂੰ ਪੂਰਾ ਕਰਨ ਲਈ ਵਾਪਰਿਆ। 23 “ਕੁਆਰੀ ਗਰਭਵਤੀ ਹੋਵੇਗੀ ਅਤੇ ਪੁੱਤਰ ਨੂੰ ਜਨਮ ਦੇਵੇਗੀ। ਉਹ ਉਸਦਾ ਨਾਮ ਇੰਮਾਨੂਏਲ ਰੱਖਣਗੇ।” [a] ਜਿਸਦਾ ਅਰਥ ਇਹ ਹੈ, “ਪਰਮੇਸ਼ੁਰ ਸਾਡੇ ਸੰਗ ਹੈ।”
24 ਜਦੋਂ ਯੂਸੁਫ਼ ਜਾਗਿਆ ਤਾਂ ਉਸ ਨੇ ਉਵੇਂ ਹੀ ਕੀਤਾ ਜਿਵੇਂ ਪ੍ਰਭੂ ਦੇ ਦੂਤ ਨੇ ਉਸ ਨੂੰ ਕਰਨ ਲਈ ਕਿਹਾ ਸੀ। ਯੂਸੁਫ਼ ਨੇ ਮਰਿਯਮ ਨਾਲ ਵਿਆਹ ਕੀਤਾ। 25 ਪਰ ਯੂਸੂਫ਼ ਨੇ ਮਰਿਯਮ ਨਾਲ ਕੋਈ ਜਿਨਸੀ ਸਬੰਧ ਨਾ ਰੱਖਿਆ ਜਦ ਤੱਕ ਕਿ ਉਸ ਨੇ ਪੁੱਤਰ ਨੂੰ ਜਨਮ ਨਾ ਦੇ ਦਿੱਤਾ। ਅਤੇ ਯੂਸੁਫ਼ ਨੇ ਪੁੱਤਰ ਦਾ ਨਾਂ ਯਿਸੂ ਰੱਖਿਆ।
2010 by World Bible Translation Center