M’Cheyne Bible Reading Plan
ਯਰਦਨ ਨਦੀ ਵਿਖੇ ਚਮਤਕਾਰ
3 ਦੂਸਰੇ ਦਿਨ ਬਹੁਤ ਸਵੇਰੇ, ਯਹੋਸ਼ੁਆ ਅਤੇ ਇਸਰਾਏਲ ਦੇ ਸਾਰੇ ਲੋਕ ਉੱਠੇ ਅਤੇ ਅਕਾਸ਼ੀਆ ਨੂੰ ਛੱਡ ਗਏ। ਉਹ ਯਰਦਨ ਨਦੀ ਵੱਲ ਗਏ ਅਤੇ ਉਨ੍ਹਾਂ ਨੇ ਪਾਰ ਜਾਣ ਤੋਂ ਪਹਿਲਾ ਉੱਥੇ ਡੇਰਾ ਲਾ ਲਿਆ। 2 ਤਿੰਨ ਦਿਨਾ ਮਗਰੋਂ, ਆਗੂ ਡੇਰੇ ਵਿੱਚ ਗਏ। 3 ਆਗੂਆਂ ਨੇ ਲੋਕਾਂ ਨੂੰ ਹੁਕਮ ਦਿੱਤਾ। ਉਨ੍ਹਾਂ ਨੇ ਆਖਿਆ, “ਤੁਸੀਂ, ਜਾਜਕਾਂ ਅਤੇ ਲੇਵੀਆਂ ਨੂੰ ਯਹੋਵਾਹ, ਤੁਹਾਡੇ ਪਰਮੇਸ਼ੁਰ ਦੇ ਇਕਰਾਰਨਾਮੇ ਵਾਲੇ ਸੰਦੂਕ ਨੂੰ ਲਿਜਾਂਦਿਆ ਦੇਖੋਂਗੇ। ਉਸ ਵੇਲੇ ਤੁਹਾਨੂੰ ਉਨ੍ਹਾਂ ਦੇ ਪਿੱਛੇ ਜ਼ਰੂਰ ਲੱਗਣਾ ਚਾਹੀਦਾ ਹੈ। 4 ਪਰ ਬਹੁਤ ਨੇੜੇ ਹੋਕੇ ਉਨ੍ਹਾਂ ਦਾ ਪਿੱਛਾ ਨਹੀਂ ਕਰਨਾ। ਉਨ੍ਹਾਂ ਕੋਲੋਂ ਤਕਰੀਬਨ 1,000 ਗਜ ਪਿੱਛੇ ਰਹਿਣਾ। ਤੁਸੀਂ ਉੱਥੇ ਪਹਿਲਾਂ ਕਦੇ ਨਹੀਂ ਗਏ। ਪਰ ਜੇ ਤੁਸੀਂ ਉਨ੍ਹਾਂ ਦਾ ਪਿੱਛਾ ਕਰੋਂਗੇ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਕਿਧਰ ਜਾਣਾ ਹੈ।”
5 ਫ਼ੇਰ ਯਹੋਸ਼ੁਆ ਨੇ ਲੋਕਾਂ ਨੂੰ ਕਿਹਾ, “ਆਪਣੇ ਆਪ ਨੂੰ ਪਵਿੱਤਰ ਬਣਾ ਲਵੋ। ਕੱਲ ਨੂੰ ਯਹੋਵਾਹ ਤੁਹਾਡੇ ਦਰਮਿਆਨ ਇੱਕ ਮਹਾਨ ਕਰਿਸ਼ਮਾ ਕਰੇਗਾ।”
6 ਫ਼ੇਰ ਯਹੋਸ਼ੁਆ ਨੇ ਜਾਜਕਾਂ ਨੂੰ ਆਖਿਆ, “ਇਕਰਾਰਨਾਮੇ ਦਾ ਸੰਦੂਕ ਚੁੱਕ ਲਵੋ ਅਤੇ ਲੋਕਾਂ ਦੇ ਸਾਹਮਣੇ ਨਦੀ ਦੇ ਪਾਰ ਜਾਵੋ।” ਇਸ ਲਈ ਜਾਜਕਾਂ ਨੇ ਸੰਦੂਕ ਚੁੱਕ ਲਿਆ ਅਤੇ ਇਸ ਨੂੰ ਲੋਕਾਂ ਦੇ ਸਾਹਮਣੇ ਲੈ ਗਏ।
7 ਫ਼ੇਰ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, “ਅੱਜ ਮੈਂ ਤੈਨੂੰ ਇਸਰਾਏਲ ਦੇ ਸਾਰੇ ਲੋਕਾਂ ਦੀ ਨਜ਼ਰ ਵਿੱਚ ਮਹਾਨ ਬੰਦਾ ਬਨਾਉਣਾ ਸ਼ੁਰੂ ਕਰ ਦਿਆਂਗਾ। ਫ਼ੇਰ ਲੋਕਾਂ ਨੂੰ ਪਤਾ ਚੱਲ ਜਾਵੇਗਾ ਕਿ ਮੈਂ ਤੇਰੇ ਨਾਲ ਵੀ ਉਵੇਂ ਹੀ ਹਾਂ ਜਿਵੇਂ ਮੈਂ ਮੂਸਾ ਦੇ ਨਾਲ ਸੀ। 8 ਜਾਜਕ ਇਕਰਾਰਨਾਮੇ ਦਾ ਸੰਦੂਕ ਲੈ ਜਾਣਗੇ, ਜਾਜਕਾਂ ਨੂੰ ਇਹ ਆਖ, ‘ਯਰਦਨ ਨਦੀ ਦੇ ਕੰਢੇ ਤੱਕ ਤੁਰਕੇ ਜਾਣ ਅਤੇ ਪਾਣੀ ਵਿੱਚ ਪੈਰ ਪਾਉਣ ਤੋਂ ਰਤਾ ਕੁ ਪਹਿਲਾ ਠਹਿਰ ਜਾਣ।’”
9 ਫ਼ੇਰ ਯਹੋਸ਼ੁਆ ਨੇ ਇਸਰਾਏਲ ਦੇ ਲੋਕਾਂ ਨੂੰ ਆਖਿਆ, “ਆਉ ਅਤੇ ਯਹੋਵਾਹ, ਆਪਣੇ ਪਰਮੇਸ਼ੁਰ, ਦੇ ਸ਼ਬਦਾ ਨੂੰ ਧਿਆਨ ਨਾਲ ਸੁਣੋ। 10 ਇਹ ਇੱਕ ਸਬੂਤ ਹੈ ਕਿ ਜਿਉਂਦਾ ਪਰਮੇਸ਼ੁਰ ਸੱਚਮੁੱਚ ਤੁਹਾਡੇ ਨਾਲ ਹੈ ਅਤੇ ਉਹ ਤੁਹਾਡੇ ਦੁਸ਼ਮਣਾ ਨੂੰ ਹਰਾਉਣ ਵਿੱਚ ਅਸਫ਼ਲ ਨਹੀਂ ਹੋਵੇਗਾ। ਉਹ ਕਨਾਨੀਆਂ, ਹਿੱਤੀਆਂ, ਹਿੱਵੀਆਂ, ਫ਼ਰਿੱਜ਼ੀਆਂ, ਗਿਰਗਾਸੀਆਂ, ਅਮੋਰੀਆਂ ਅਤੇ ਯਬੂਸੀਆਂ ਨੂੰ ਹਰਾ ਦੇਵੇਗਾ ਅਤੇ ਉਨ੍ਹਾਂ ਨੂੰ ਧਰਤੀ ਛੱਡ ਜਾਣ ਲਈ ਮਜ਼ਬੂਰ ਕਰ ਦੇਵੇਗਾ। 11 ਇਹੀ ਇੱਕ ਸਬੂਤ ਹੈ। ਸਾਰੀ ਦੁਨੀਆਂ ਦੇ ਪ੍ਰਭੂ ਦਾ ਇਕਰਾਰਨਾਮੇ ਦਾ ਸੰਦੂਕ ਤੁਹਾਡੇ ਅੱਗੇ ਜਾਵੇਗਾ ਜਦੋਂ ਤੁਸੀਂ ਯਰਦਨ ਨਦੀ ਨੂੰ ਪਾਰ ਕਰੋਂਗੇ। 12 ਹੁਣ ਬਾਰਾਂ ਆਦਮੀ ਚੁਣੋ। ਇਸਰਾਏਲ ਦੇ ਹਰ ਇੱਕ ਪਰਿਵਾਰ ਸਮੂਹ ਵਿੱਚੋਂ ਇੱਕ-ਇੱਕ ਆਦਮੀ ਚੁਣੋ। 13 ਜਾਜਕ, ਯਹੋਵਾਹ ਦਾ ਸੰਦੂਕ ਲੈ ਕੇ ਜਾਣਗੇ ਯਹੋਵਾਹ ਸਾਰੀ ਦੁਨੀਆ ਦਾ ਪ੍ਰਭੂ ਹੈ। ਉਹ ਪਵਿੱਤਰ ਸੰਦੂਕ ਨੂੰ ਤੁਹਾਡੇ ਸਾਹਮਣੇ ਯਰਦਨ ਨਦੀ ਵਿੱਚ ਲੈ ਕੇ ਜਾਣਗੇ ਜਦੋਂ ਉਹ ਪਾਣੀ ਵਿੱਚ ਦਾਖਲ ਹੋਣਗੇ ਯਰਦਨ ਨਦੀ ਦਾ ਪਾਣੀ ਵਗਣੋ ਹਟ ਜਾਵੇਗਾ ਪਾਣੀ ਠਹਿਰ ਜਾਵੇਗਾ। ਅਤੇ ਉਸ ਸਥਾਨ ਦੇ ਪਿੱਛੇ ਬੰਨ੍ਹ ਵਾਂਗ ਭਰ ਜਾਵੇਗਾ।”
14 ਜਾਜਕਾਂ ਨੇ ਇਕਰਾਰਨਾਮੇ ਦਾ ਸੰਦੂਕ ਚੁੱਕ ਲਿਆ ਅਤੇ ਲੋਕਾਂ ਨੇ ਆਪਣੇ ਡੇਰੇ ਵਾਲੀ ਥਾਂ ਛੱਡ ਦਿੱਤੀ ਲੋਕ ਯਰਦਨ ਨਦੀ ਦੇ ਪਾਰ ਜਾਣੇ ਸ਼ੁਰੂ ਹੋ ਗਏ। 15 ਫ਼ਸਲ ਦੀ ਵਾਢੀ ਵੇਲੇ ਯਰਦਨ ਨਦੀ ਦੇ ਕੰਢਿਆਂ ਤੀਕ ਵਗਦੀ ਹੈ ਇਸ ਲਈ ਨਦੀ ਪੂਰੀ ਭਰੀ ਹੋਈ ਸੀ ਜਿਨ੍ਹਾਂ ਜਾਜਕਾਂ ਨੇ ਸੰਦੂਕ ਚੁੱਕਿਆ ਹੋਇਆ ਸੀ ਉਹ ਨਦੀ ਦੇ ਕੰਢੇ ਆ ਗਏ। ਉਨ੍ਹਾਂ ਨੇ ਨਦੀ ਵਿੱਚ ਪੈਰ ਪਾ ਦਿੱਤੇ। 16 ਅਤੇ ਫ਼ੌਰਨ ਹੀ, ਪਾਣੀ ਵਗਣੋ ਰੁਕ ਗਿਆ। ਪਾਣੀ ਉਸ ਥਾਂ ਦੇ ਪਿੱਛੇ ਬੰਨ੍ਹ ਵਾਂਗ ਭਰਿਆ ਹੋਇਆ ਸੀ। ਪਾਣੀ ਨਦੀ ਦੇ ਉੱਪਰ ਵੱਲ ਦੂਰ ਤੀਕ ਉੱਚਾ ਉੱਠਿਆ ਹੋਇਆ ਸੀ-(ਸਾਰਥਾਨ ਦੇ ਕਸਬੇ) ਆਦਮ ਤੀਕ। ਲੋਕਾਂ ਨੇ ਯਰੀਹੋ ਦੇ ਨਜ਼ਦੀਕ ਨਦੀ ਪਾਰ ਕੀਤੀ। 17 ਉਸ ਥਾਂ ਜ਼ਮੀਨ ਖੁਸ਼ਕ ਹੋ ਗਈ ਅਤੇ ਜਾਜਕ ਯਹੋਵਾਹ ਦੇ ਇਕਰਾਰਨਾਮੇ ਦਾ ਸੰਦੂਕ ਚੁੱਕ ਕੇ ਨਦੀ ਦੇ ਅੱਧ ਵਿੱਚਕਾਰ ਲੈ ਗਏ ਅਤੇ ਰੁਕ ਗਏ। ਜਾਜਕ ਉੱਥੇ ਖਲੋ ਕੇ ਉਡੀਕਣ ਲੱਗੇ ਜਦੋਂ ਕਿ ਇਸਰਾਏਲ ਦੇ ਸਾਰੇ ਲੋਕ ਯਰਦਨ ਨਦੀ ਦੀ ਖੁਸ਼ਕ ਥਾਂ ਤੋਂ ਤੁਰ ਕੇ ਪਾਰ ਹੋ ਗਏ।
ਮੰਦਰ ਜਾਣ ਵੇਲੇ ਦਾ ਇੱਕ ਗੀਤ।
126 ਜਦੋਂ ਇੱਕ ਵਾਰ ਫ਼ੇਰ ਯਹੋਵਾਹ ਸਾਨੂੰ ਮੁਕਤ ਕਰੇਗਾ
ਇਹ ਗੱਲ ਸੁਪਨੇ ਵਰਗੀ ਹੋਵੇਗੀ।
2 ਅਸੀਂ ਹੱਸ ਰਹੇ ਹੋਵਾਂਗੇ ਅਤੇ ਖੁਸ਼ੀ ਦੇ ਗੀਤ ਗਾ ਰਹੇ ਹੋਵਾਂਗੇ।
ਹੋਰਾਂ ਕੌਮਾਂ ਦੇ ਲੋਕ ਆਖਣਗੇ,
“ਪਰਮੇਸ਼ੁਰ ਨੇ ਇਸਰਾਏਲ ਦੇ ਲੋਕਾਂ ਲਈ ਚਮਤਕਾਰ ਕੀਤਾ।”
3 ਹਾਂ, ਜੇ ਯਹੋਵਾਹ ਨੇ ਸਾਡੇ ਲਈ ਇਹੋ ਜਿਹਾ ਚਮਤਕਾਰ ਕੀਤਾ ਅਸੀਂ ਬਹੁਤ ਖੁਸ਼ ਹੋਵਾਂਗੇ।
4 ਯਹੋਵਾਹ, ਸਾਨੂੰ ਇੱਕ ਵਾਰ ਫ਼ੇਰ ਮੁਕਤ ਕਰੋ।
ਜਦੋਂ ਉਹ ਬੀਜ ਬੀਜਦਾ ਹੈ, ਪਰ ਉਹ ਖੁਸ਼ ਹੋਵੇਗਾ ਜਦੋਂ ਉਹ ਫ਼ਸਲਾਂ ਨੂੰ ਕੱਟੇਗਾ।
5 ਕੋਈ ਬੰਦਾ, ਜਦੋਂ ਉਹ ਬੀਜ ਬੀਜਦਾ ਹੈ ਉਦਾਸ ਹੋ ਸੱਕਦਾ ਹੈ।
ਪਰ ਉਹ ਉਦੋਂ ਖੁਸ਼ ਹੋਵੇਗਾ ਜਦੋਂ ਉਹ ਫ਼ਸਲਾ ਨੂੰ ਕੱਟੇਗਾ।
6 ਹੋ ਸੱਕਦਾ ਜਦੋਂ ਉਹ ਖੇਤਾ ਵੱਲ ਬੀਜ ਲੈ ਕੇ ਜਾਂਦਾ ਰੋਦਾ ਹੋਵੇ।
ਪਰ ਉਹ ਉਦੋਂ ਪ੍ਰਸੰਨ ਹੋਵੇਗਾ ਜਦੋਂ ਉਹ ਆਪਣੇ ਘਰ ਫ਼ਸਲ ਲੈ ਕੇ ਆਉਂਦਾ ਹੋਵੇ।
ਮੰਦਰ ਜਾਣ ਵੇਲੇ ਸੁਲੇਮਾਨ ਦਾ ਇੱਕ ਗੀਤ।
127 ਜੇ ਘਰ ਉਸਾਰਨ ਵਾਲਾ ਯਹੋਵਾਹ ਨਹੀਂ
ਤਾਂ ਉਸਾਰੀਆਂ ਆਪਣਾ ਵਕਤ ਬਰਬਾਦ ਕਰ ਰਿਹਾ ਹੈ।
ਜੇਕਰ ਯਹੋਵਾਹ ਇੱਕ ਸ਼ਹਿਰ ਦਾ ਧਿਆਨ ਨਹੀਂ ਰੱਖ ਰਿਹਾ,
ਤਾਂ ਚੌਕੀਦਾਰ ਆਪਣਾ ਵਕਤ ਜਾਇਆ ਕਰ ਰਹੇ ਸਨ।
2 ਇਹ ਸਵੇਰੇ ਉੱਠਣਾ ਅਤੇ ਰੋਜੀ ਕੁਮਾਉਣ ਲਈ ਦੇਰ ਰਾਤ ਤੱਕ ਜਾਗਦੇ ਰਹਿਣਾ
ਵਕਤ ਜਾਇਆ ਕਰਨਾ ਹੀ ਹੈ।
ਯਹੋਵਾਹ ਉਨ੍ਹਾਂ ਲੋਕਾਂ ਦੀ ਪਾਲਣਾ ਕਰਦਾ ਹੈ ਜਿਨ੍ਹਾਂ ਨੂੰ ਉਹ ਉਦੋਂ ਵੀ ਪਿਆਰ ਕਰਦਾ ਹੈ
ਜਦੋਂ ਉਹ ਸੁੱਤੇ ਪਏ ਹੁੰਦੇ ਹਨ।
3 ਬੱਚੇ ਯਹੋਵਾਹ ਵੱਲੋਂ ਸੁਗਾਤ ਹਨ, ਉਹ ਮਾਂ ਦੇ ਸ਼ਰੀਰ ਵੱਲੋਂ ਇਨਾਮ ਹਨ।
4 ਜਵਾਨ ਆਦਮੀ ਦੇ ਪੁੱਤਰ ਇੱਕ ਫ਼ੌਜੀ ਦੇ ਤਰਕਸ਼ ਵਿੱਚਲੇ ਤੀਰਾਂ ਵਰਗੇ ਹਨ।
5 ਉਹ ਆਦਮੀ ਜਿਹੜਾ ਆਪਣੇ ਤਸ਼ਕਰ ਨੂੰ ਪੁੱਤਰਾਂ ਨਾਲ ਭਰ ਲੈਂਦਾ ਹੈ, ਉਹ ਬਹੁਤ ਖੁਸ਼ ਹੋਵੇਗਾ।
ਉਹ ਬੰਦਾ ਕਦੇ ਵੀ ਨਹੀਂ ਹਾਰੇਗਾ।
ਉਸ ਦੇ ਪੁੱਤਰ ਆਮ ਰਸਤਿਆ ਉੱਤੇ ਉਸ ਦੇ ਦੁਸ਼ਮਣਾ ਕੋਲੋਂ ਉਸਦੀ ਰੱਖਿਆ ਕਰਨਗੇ।
ਮੰਦਰ ਜਾਣ ਵੇਲੇ ਦਾ ਇੱਕ ਗੀਤ।
128 ਯਹੋਵਾਹ ਦੇ ਸਾਰੇ ਚੇਲੇ ਹੀ ਖੁਸ਼ ਹਨ।
ਉਹ ਲੋਕ ਉਸੇ ਢੰਗ ਨਾਲ ਰਹਿੰਦੇ ਹਨ
ਜਿਵੇਂ ਪਰਮੇਸ਼ੁਰ ਚਾਹੁੰਦਾ ਕਿ ਉਹ ਰਹਿਣ।
2 ਜਿਨ੍ਹਾਂ ਚੀਜ਼ਾਂ ਲਈ ਤੁਸੀਂ ਮਿਹਨਤ ਕੀਤੀ ਹੈ, ਤੁਸੀਂ ਉਨ੍ਹਾਂ ਚੀਜ਼ਾਂ ਨੂੰ ਮਾਣੋਗੇ।
ਤੁਸੀਂ ਖੁਸ਼ ਹੋਵੋਗੇ ਅਤੇ ਤੁਹਾਡੇ ਨਾਲ ਚੰਗੀਆਂ ਗੱਲਾਂ ਵਾਪਰਨਗੀਆਂ।
3 ਘਰ ਵਿੱਚ, ਤੁਹਾਡੀ ਪਤਨੀ ਫ਼ਲਦਾਰ ਅੰਗੂਰੀ ਵੇਲ ਵਰਗੀ ਹੋਵੇਗੀ।
ਤੁਹਾਡੇ ਬੱਚੇ ਜਿਹੜੇ ਮੇਜ਼ ਦੇ ਦੁਆਲੇ ਬਿਠਾਏ ਗਏ ਹਨ, ਤੁਹਾਡੇ ਲਈ ਹੋਏ ਜੈਤੂਨ ਦੇ ਰੁੱਖਾਂ ਵਰਗੇ ਹੋਣਗੇ।
4 ਯਹੋਵਾਹ ਸੱਚਮੁੱਚ ਇਸ ਤਰ੍ਹਾਂ ਆਪਣੇ ਪੈਰੋਕਾਰਾਂ ਨੂੰ ਅਸੀਸ ਦੇਵੇਗਾ।
5 ਯਹੋਵਾਹ ਤੁਹਾਨੂੰ ਸੀਯੋਨ ਉੱਤੋਂ ਅਸੀਸ ਦੇਵੇ।
ਮੈਨੂੰ ਆਸ ਹੈ ਕਿ ਤੁਸੀਂ ਆਪਣੀ ਸਾਰੀ ਉਮਰ ਯਰੂਸ਼ਲਮ ਵਿੱਚ ਅਸੀਸ ਮਾਣੋਗੇ।
6 ਅਤੇ ਮੈਨੂੰ ਆਸ ਹੈ ਕਿ ਤੁਸੀਂ ਆਪਣੇ ਪੋਤੇ-ਪੋਤੀਆਂ ਨੂੰ ਵੇਖਣ ਤੱਕ ਜਿਉਂਦੇ ਰਹੋਗੇ।
ਇਸਰਾਏਲ ਵਿੱਚ ਸ਼ਾਂਤੀ ਹੋਵੇ।
ਯਹੋਵਾਹ ਆਪਣੇ ਲੋਕਾਂ ਬਾਰੇ ਨਿਆਂ ਕਰਦਾ ਹੈ
63 ਅਦੋਮ ਤੋਂ ਇਹ ਕੌਣ ਆ ਰਿਹਾ ਹੈ?
ਉਹ ਬਸਾਰਾਹ ਤੋਂ ਆਉਂਦਾ ਹੈ।
ਅਤੇ ਉਸ ਦੇ ਬਸਤਰ ਸੂਹੇ ਰੰਗ ਵਿੱਚ ਰਂਗੇ ਹੋਏ ਨੇ।
ਉਹ ਆਪਣੀ ਪੋਸ਼ਾਕ ਵਿੱਚ ਸ਼ਾਨਦਾਰ ਦਿਸਦਾ ਹੈ।
ਉਹ ਆਪਣੀ ਮਹਾਨ ਸ਼ਕਤੀ ਨਾਲ ਸਿਰ ਝੁਕਾ ਕੇ ਤੁਰ ਰਿਹਾ ਹੈ।
ਉਹ ਆਖਦਾ ਹੈ, “ਮੇਰੇ ਕੋਲ ਤੁਹਾਨੂੰ ਬਚਾਉਣ ਦੀ ਸ਼ਕਤੀ ਹੈ, ਅਤੇ ਮੈਂ ਸੱਚ ਬੋਲਦਾ ਹਾਂ।”
2 “ਤੁਹਾਡੇ ਬਸਤਰ ਲਾਲ ਸੂਹੇ ਕਿਉਂ ਨੇ?
ਉਹ ਬਸਤਰ ਉਸ ਬੰਦੇ ਵਰਗੇ ਨੇ ਜਿਹੜਾ ਅੰਗੂਰਾਂ ਨੂੰ ਮੈਅ ਬਨਾਉਣ ਲਈ ਕੁਚਲਦਾ ਹੈ।”
3 ਉਹ ਜਵਾਬ ਦਿੰਦਾ ਹੈ, “ਮੈਂ ਇੱਕਲਾ ਹੀ ਵਾਈਨਪ੍ਰੈਸ ਅੰਦਰ ਤੁਰਿਆ ਹਾਂ।
ਕਿਸੇ ਨੇ ਮੇਰੀ ਸਹਾਇਤਾ ਨਹੀਂ ਕੀਤੀ।
ਮੈਂ ਨਰਾਜ਼ ਸਾਂ ਅਤੇ ਅੰਗੂਰਾਂ ਉੱਤੇ ਤੁਰਦਾ ਰਿਹਾ।
ਦੁਸ਼ਮਣਾਂ ਦਾ ਲਹੂ ਮੇਰੇ ਕੱਪੜਿਆਂ ਉੱਤੇ ਡੁਲ੍ਹਿਆ।
ਇਸ ਲਈ ਮੇਰੇ ਕੱਪੜੇ ਗੰਦੇ ਹਨ।
4 ਮੈਂ ਲੋਕਾਂ ਨੂੰ ਸਜ਼ਾ ਦੇਣ ਲਈ ਇੱਕ ਸਮਾਂ ਚੁਣਿਆ।
ਹੁਣ ਮੇਰਾ, ਆਪਣੇ ਬੰਦਿਆਂ ਨੂੰ ਬਚਾਉਣ ਅਤੇ ਉਨ੍ਹਾਂ ਦੀ ਰਾਖੀ ਕਰਨ ਦਾ ਸਮਾਂ ਆ ਰਿਹਾ ਹੈ।
5 ਮੈਂ ਚਾਰ-ਚੁਫ਼ੇਰੇ ਦੇਖਿਆ, ਪਰ ਮੈਨੂੰ ਮੇਰੀ ਸਹਾਇਤਾ ਕਰਨ ਵਾਲਾ ਕੋਈ ਵੀ ਵਿਅਕਤੀ ਨਹੀਂ ਦਿਸਿਆ।
ਮੈਂ ਹੈਰਾਨ ਸਾਂ ਕਿ ਕਿਸੇ ਨੇ ਵੀ ਮੇਰਾ ਪੱਖ ਨਹੀਂ ਲਿਆ ਸੀ।
ਇਸ ਲਈ ਮੈਂ ਆਪਣੇ ਬੰਦਿਆਂ ਨੂੰ ਬਚਾਉਣ ਲਈ ਆਪਣੀ ਸ਼ਕਤੀ ਵਰਤੀ।
ਮੇਰੇ ਆਪਣੇ ਰੋਹ ਨੇ ਮੈਨੂੰ ਆਸਰਾ ਦਿੱਤਾ।
6 ਜਦੋਂ ਮੈਂ ਗੁੱਸੇ ਸਾਂ, ਮੈਂ ਲੋਕਾਂ ਨੂੰ ਕੁਚਲਦਾ ਰਿਹਾ
ਮੈਂ ਉਨ੍ਹਾਂ ਨੂੰ ਆਪਣੀ ਤੈਸ਼ ਵਿੱਚ ਸਜ਼ਾ ਦਿੱਤੀ ਮੈਂ ਉਨ੍ਹਾਂ ਦਾ ਲਹੂ ਧਰਤੀ ਉੱਤੇ ਡੋਲ੍ਹਿਆ।”
ਯਹੋਵਾਹ ਆਪਣੇ ਲੋਕਾਂ ਉੱਤੇ ਮਿਹਰਬਾਨ ਰਿਹਾ ਹੈ
7 ਮੈਂ ਚੇਤੇ ਰੱਖਾਂਗਾ ਕਿ ਯਹੋਵਾਹ ਮਿਹਰਬਾਨ ਹੈ।
ਅਤੇ ਮੈਂ ਯਹੋਵਾਹ ਦੀ ਉਸਤਤ ਕਰਨੀ ਚੇਤੇ ਰੱਖਾਂਗਾ।
ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨੂੰ
ਬਹੁਤ ਚੰਗੀਆਂ ਚੀਜ਼ਾਂ ਦਿੱਤੀਆਂ!
ਯਹੋਵਾਹ ਸਾਡੇ ਉੱਪਰ ਬਹੁਤ ਮਿਹਰਬਾਨ ਰਿਹਾ ਹੈ।
ਯਹੋਵਾਹ ਨੇ ਸਾਡੇ ਲਈ ਦਇਆ ਦਰਸਾਈ।
8 ਯਹੋਵਾਹ ਨੇ ਆਖਿਆ, “ਇਹ ਮੇਰੇ ਲੋਕ ਹਨ।
ਇਹ ਮੇਰੇ ਅਸਲੀ ਬੱਚੇ ਹਨ।”
ਇਸ ਲਈ ਯਹੋਵਾਹ ਨੇ ਉਨ੍ਹਾਂ ਲੋਕਾਂ ਨੂੰ ਬਚਾ ਲਿਆ।
9 ਲੋਕਾਂ ਲਈ ਬਹੁਤ ਮੁਸੀਬਤ ਸਨ,
ਪਰ ਯਹੋਵਾਹ ਉਨ੍ਹਾਂ ਦੇ ਖਿਲਾਫ਼ ਨਹੀਂ ਸੀ।
ਯਹੋਵਾਹ ਨੇ ਲੋਕਾਂ ਨਾਲ ਪਿਆਰ ਕੀਤਾ
ਅਤੇ ਉਨ੍ਹਾਂ ਲਈ ਦੁੱਖ ਮਹਿਸੂਸ ਕੀਤਾ।
ਇਸ ਲਈ ਯਹੋਵਾਹ ਨੇ ਉਨ੍ਹਾਂ ਨੂੰ ਬਚਾਇਆ।
ਯਹੋਵਾਹ ਨੇ ਉਨ੍ਹਾਂ ਨੂੰ ਬਚਾਉਣ ਲਈ ਆਪਣਾ ਖਾਸ ਦੂਤ ਭੇਜਿਆ।
ਉਸ ਨੇ ਉਨ੍ਹਾਂ ਨੂੰ ਉੱਪਰ ਚੁੱਕ ਲਿਆ ਅਤੇ ਲੈ ਗਿਆ।
ਅਤੇ ਉਹ ਉਨ੍ਹਾਂ ਦੀ ਸਦਾ ਲਈ ਦੇਖ-ਭਾਲ ਕਰੇਗਾ।
10 ਪਰ ਲੋਕ ਯਹੋਵਾਹ ਦੇ ਖਿਲਾਫ਼ ਹੋ ਗਏ ਸਨ।
ਉਨ੍ਹਾਂ ਨੇ ਉਸ ਦੇ ਪਵਿੱਤਰ ਆਤਮੇ ਨੂੰ ਬਹੁਤ ਉਦਾਸ ਕਰ ਦਿੱਤਾ।
ਇਸ ਲਈ ਯਹੋਵਾਹ ਉਨ੍ਹਾਂ ਦਾ ਦੁਸ਼ਮਣ ਹੋ ਗਿਆ।
ਯਹੋਵਾਹ ਉਨ੍ਹਾਂ ਲੋਕਾਂ ਦੇ ਖਿਲਾਫ਼ ਲੜਿਆ।
11 ਪਰ ਯਹੋਵਾਹ ਨੂੰ ਹੁਣ ਤੱਕ ਚੇਤੇ ਹੈ ਕਿ ਬਹੁਤ ਪਹਿਲਾਂ ਕੀ ਵਾਪਰਿਆ ਸੀ।
ਉਸ ਨੂੰ ਮੂਸਾ ਅਤੇ ਉਸ ਦੇ ਲੋਕਾਂ ਦੀ ਯਾਦ ਹੈ।
ਯਹੋਵਾਹ ਹੀ ਸੀ ਜਿਸ ਨੇ ਉਨ੍ਹਾਂ ਲੋਕਾਂ ਨੂੰ ਸਮੁੰਦਰੋ ਪਾਰ ਲੰਘਾਇਆ ਸੀ।
ਉਸ ਨੇ ਆਪਣੇ ਇੱਜੜ ਦੀ ਅਗਵਾਈ ਕਰਨ ਲਈ, ਆਪਣੇ ਅਜੜੀਆਂ ਦਾ ਇਸਤੇਮਾਲ ਕੀਤਾ ਸੀ।
ਪਰ ਹੁਣ ਯਹੋਵਾਹ ਕਿੱਥੋ ਹੈ,
ਉਹ ਜਿਸਨੇ ਉਨ੍ਹਾਂ ਦਰਮਿਆਨ ਆਪਣਾ ਆਤਮਾ ਪਾਇਆ।
12 ਯਹੋਵਾਹ ਨੇ ਮੂਸਾ ਦਾ ਸੱਜਾ ਹੱਥ ਫ਼ੜਕੇ ਅਗਵਾਈ ਕੀਤੀ।
ਯਹੋਵਾਹ ਨੇ ਮੂਸਾ ਦੀ ਅਗਵਾਈ ਲਈ ਆਪਣੀ ਅਦਭੁਤ ਸ਼ਕਤੀ ਦਾ ਇਸਤੇਮਾਲ ਕੀਤਾ।
ਯਹੋਵਾਹ ਨੇ ਪਾਣੀ ਨੂੰ ਵੰਡ ਦਿੱਤਾ ਤਾਂ ਜੋ ਲੋਕ ਸਮੁੰਦਰ ਵਿੱਚੋਂ ਲੰਘ ਸੱਕਣ।
ਯਹੋਵਾਹ ਨੇ ਇਹ ਮਹਾਨ ਗੱਲਾਂ ਕਰਕੇ ਆਪਣਾ ਨਾਮ ਮਸ਼ਹੂਰ ਕਰ ਦਿੱਤਾ।
13 ਯਹੋਵਾਹ ਨੇ ਡੂੰਘੇ ਸਮੁੰਦਰਾਂ ਵਿੱਚੋਂ ਲੋਕਾਂ ਦੀ ਅਗਵਾਈ ਕੀਤੀ।
ਲੋਕੀ ਬਿਨਾ ਡੋਲੇ ਤੁਰਦੇ ਗਏ ਜਿਵੇਂ ਘੋੜਾ ਮਾਰੂਬਲ ਵਿੱਚ ਤੁਰਦਾ ਹੈ।
14 ਖੇਤਾਂ ਵਿੱਚੋਂ ਲੰਘਦਿਆਂ ਹੋਇਆਂ ਕੋਈ ਪਸ਼ੂ ਨਹੀਂ ਡਿੱਗਦਾ।
ਇਸੇ ਤਰ੍ਹਾਂ ਹੀ, ਲੋਕ ਸਮੁੰਦਰ ਵਿੱਚੋਂ ਲੰਘਣ ਸਮੇਂ ਨਹੀਂ ਡਿੱਗੇ।
ਯਹੋਵਾਹ ਦੇ ਆਤਮੇ ਨੇ, ਲੋਕਾਂ ਦੀ ਅਰਾਮ ਕਰਨ ਵਾਲੀ ਥਾਂ ਵੱਲ ਅਗਵਾਈ ਕੀਤੀ।
ਲੋਕ ਸਾਰਾ ਸਮਾਂ ਸੁਰੱਖਿਅਤ ਰਹੇ।
ਯਹੋਵਾਹ ਜੀ, ਇਹੀ ਢੰਗ ਸੀ ਜਿਸ ਨਾਲ ਤੁਸੀਂ ਆਪਣੇ ਲੋਕਾਂ ਦੀ ਅਗਵਾਈ ਕੀਤੀ।
ਤੁਸੀਂ ਲੋਕਾਂ ਦੀ ਅਗਵਾਈ ਕੀਤੀ ਅਤੇ ਤੁਸੀਂ ਆਪਣੇ-ਆਪ ਨੂੰ ਅਦਭੁਤ ਬਣਾ ਲਿਆ।
ਪਰਮੇਸ਼ੁਰ ਅੱਗੇ ਪ੍ਰਾਰਥਨਾ ਆਪਣੇ ਲੋਕਾਂ ਦੀ ਸਹਾਇਤਾ ਲਈ
15 ਯਹੋਵਾਹ ਜੀ, ਆਪਣੇ ਉੱਚੇ ਅਕਾਸ਼ਾਂ ਤੋਂ ਹੇਠਾਂ ਵੱਲ ਦੇਖੋ।
ਦੇਖੋ ਕਿ ਹੁਣ ਕਿਹੜੀਆਂ ਗੱਲਾਂ ਵਾਪਰ ਰਹੀਆਂ ਨੇ!
ਅਕਾਸ਼ ਵਿੱਚਲੇ ਆਪਣੇ ਮਹਾਨ ਅਤੇ ਪਵਿੱਤਰ ਘਰ ਵਿੱਚੋਂ, ਸਾਡੇ ਵੱਲ ਦੇਖੋ।
ਸਾਡੇ ਲਈ ਤੁਹਾਡਾ ਗੂਹੜਾ ਪਿਆਰ ਕਿੱਥੋ ਹੈ?
ਤੁਹਾਡੇ ਤਾਕਤਵਰ ਕੰਮ ਕਿੱਥੋ ਨੇ ਜਿਹੜੇ ਤੁਹਾਡੇ ਧੁਰ ਅੰਦਰੋਂ ਆਉਂਦੇ ਨੇ?
ਮੇਰੇ ਲਈ ਤੁਹਾਡੀ ਦਇਆ ਕਿੱਥੋ ਹੈ?
ਤੁਸੀਂ ਆਪਣੇ ਮਿਹਰ ਭਰੇ ਪਿਆਰ ਨੂੰ ਮੇਰੇ ਕੋਲੋਂ ਕਿੱਥੋ ਛੁਪਾ ਰਹੇ ਹੋ?
16 ਦੇਖੋ, ਤੁਸੀਂ ਸਾਡੇ ਪਿਤਾ ਹੋ!
ਅਬਰਾਹਾਮ ਸਾਨੂੰ ਨਹੀਂ ਜਾਣਦਾ।
ਇਸਰਾਏਲ (ਯਾਕੂਬ) ਸਾਨੂੰ ਨਹੀਂ ਪਛਾਣਦਾ।
ਯਹੋਵਾਹ ਜੀ, ਤੁਸੀਂ ਸਾਡੇ ਪਿਤਾ ਹੋ,
ਤੁਸੀਂ ਹੀ ਹੋ ਜਿਸਨੇ ਸਾਨੂੰ ਸਦਾ ਬਚਾਇਆ ਹੈ।
17 ਯਹੋਵਾਹ ਜੀ, ਤੁਸੀਂ ਸਾਨੂੰ ਆਪਣੇ ਤੋਂ ਦੂਰ ਕਿਉਂ ਧੱਕ ਰਹੇ ਹੋਂ?
ਸਾਡੇ ਲਈ ਤੁਹਾਡੇ ਪੈਰੋਕਾਰ ਬਣਨ ਨੂੰ ਮੁਸ਼ਕਿਲ ਕਿਉਂ ਬਣਾ ਰਹੇ ਹੋ?
ਯਹੋਵਾਹ ਜੀ, ਸਾਡੇ ਵੱਲ ਪਰਤ ਆਓ!
ਅਸੀਂ ਤੁਹਾਡੇ ਸੇਵਕ ਹਾਂ।
ਸਾਡੇ ਵੱਲ ਆ ਜਾਓ ਅਤੇ ਸਾਡੇ ਸਹਾਇਤਾ ਕਰੋ!
ਤੁਹਾਡੇ ਪਰਿਵਾਰ ਹੀ ਸਾਡੇ ਨੇ।
18 ਤੁਹਾਡੇ ਲੋਕਾਂ ਨੇ ਤੁਹਾਡੀ ਪਵਿੱਤਰ ਜ਼ਮੀਨ ਉੱਤੇ ਸਿਰਫ ਬੋੜੇ ਹੀ ਸਮੇਂ ਲਈ ਕਬਜ਼ਾ ਕੀਤਾ
ਅਤੇ ਹੁਣ ਸਾਡੇ ਦੁਸ਼ਮਣਾ ਨੇ ਤੁਹਾਡੇ ਮੰਦਰ ਨੂੰ ਮਿਧਿਆ ਹੈ।
19 ਕੁਝ ਲੋਕਾਂ ਉੱਤੇ ਤੇਰਾ ਸ਼ਾਸਨ ਨਹੀਂ ਸੀ।
ਉਹ ਤੁਹਾਡਾ ਨਾਮ ਕਬੂਲ ਨਹੀਂ ਕਰਦੇ।
ਅਤੇ ਅਸੀਂ ਵੀ ਉਨ੍ਹਾਂ ਲੋਕਾਂ ਵਰਗੇ ਸਾਂ।
ਯਿਸੂ ਅਤੇ ਯੂਹੰਨਾ ਬਪਤਿਸਮਾ ਦੇਣ ਵਾਲਾ(A)
11 ਆਪਣੇ ਬਾਰ੍ਹਾਂ ਚੇਲਿਆਂ ਨੂੰ ਹਿਦਾਇਤਾਂ ਦੇਣ ਤੋਂ ਬਾਅਦ, ਯਿਸੂ ਨੇ ਉਹ ਥਾਂ ਛੱਡ ਦਿੱਤੀ ਅਤੇ ਗਲੀਲੀ ਦੇ ਨਗਰਾਂ ਵਿੱਚ ਉਪਦੇਸ਼ ਦੇਣ ਅਤੇ ਪ੍ਰਚਾਰ ਕਰਨ ਲਈ ਚੱਲਿਆ ਗਿਆ।
2 ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਕੈਦਖਾਨੇ ਵਿੱਚ ਮਸੀਹ ਦੇ ਕੰਮਾਂ ਬਾਰੇ ਸੁਣਕੇ ਆਪਣੇ ਕੁਝ ਚੇਲਿਆਂ ਨੂੰ ਉਸ ਵੱਲ ਭੇਜਿਆ। 3 ਯੂਹੰਨਾ ਦੇ ਚੇਲਿਆਂ ਨੇ ਯਿਸੂ ਨੂੰ ਆਖਿਆ, “ਕੀ ਤੂੰ ਉਹੀ ਵਿਅਕਤੀ ਹੈਂ ਜਿਸ ਬਾਰੇ ਯੂਹੰਨਾ ਨੇ ਕਿਹਾ ਸੀ ਕਿ ਆਉਣ ਵਾਲਾ ਹੈ, ਜਾਂ ਫ਼ਿਰ ਸਾਨੂੰ ਕਿਸੇ ਹੋਰ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ?”
4 ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਜੋ ਕੁਝ ਤੁਸੀਂ ਸੁਣਦੇ ਅਤੇ ਵੇਖਦੇ ਹੋ ਜਾਕੇ ਯੂਹੰਨਾ ਨੂੰ ਆਖ ਦੇਣਾ, 5 ਕਿ ਅੰਨ੍ਹੇ ਸੁਜਾਖੇ ਹੁੰਦੇ ਹਨ ਅਤੇ ਲੰਗੜ੍ਹੇ ਤੁਰਦੇ ਹਨ, ਕੋੜ੍ਹੀ ਸ਼ੁੱਧ ਕੀਤੇ ਜਾਂਦੇ ਹਨ, ਬੋਲੇ ਸੁਣਦੇ ਹਨ ਅਤੇ ਮੁਰਦੇ ਜਿਵਾਏ ਜਾਂਦੇ ਹਨ ਅਤੇ ਗਰੀਬਾਂ ਨੂੰ ਖੁਸ਼ਖਬਰੀ ਸੁਣਾਈ ਜਾਂਦੀ ਹੈ। 6 ਜਿਹੜਾ ਵਿਅਕਤੀ ਮੈਨੂੰ ਕਬੂਲਦਾ ਹੈ ਉਹ ਧੰਨ ਹੈ।”
7 ਯਿਸੂ ਨੇ ਯੂਹੰਨਾ ਬਾਰੇ ਲੋਕਾਂ ਨਾਲ ਗੱਲ ਕਰਨੀ ਸ਼ੁਰੂ ਕੀਤੀ, “ਤੁਸੀਂ ਬਾਹਰ ਉਜਾੜ ਵਿੱਚ ਕੀ ਵੇਖਣ ਨਿਕਲੇ ਸੀ? ਇੱਕ ਕਾਨੇ ਨੂੰ ਜਿਹੜਾ ਹਵਾ ਨਾਲ ਹਿੱਲਦਾ ਹੈ? ਨਹੀਂ! 8 ਸੱਚਮੁੱਚ ਤੁਸੀਂ ਕੀ ਵੇਖਣ ਲਈ ਬਾਹਰ ਨਿਕਲੇ ਸੀ? ਕੀ ਮਹੀਨ ਵਸਤਰ ਪਹਿਨੇ ਹੋਏ ਇੱਕ ਮਨੁੱਖ ਨੂੰ ਵੇਖਣ? ਨਹੀਂ! ਉਹ ਜਿਹੜੇ ਮਹੀਨ ਵਸਤਰ ਪਹਿਨਦੇ ਹਨ ਉਹ ਰਾਜਿਆਂ ਦੇ ਮਹਿਲਾਂ ਵਿੱਚ ਹਨ। 9 ਫ਼ੇਰ ਤੁਸੀਂ ਬਾਹਰ ਕੀ ਵੇਖਣ ਲਈ ਨਿਕਲੇ ਸੀ? ਇੱਕ ਨਬੀ ਨੂੰ? ਹਾਂ ਮੈਂ ਤੁਹਾਨੂੰ ਦੱਸਦਾ ਹਾਂ, ਯੂਹੰਨਾ ਨਬੀ ਨਾਲੋਂ ਵੀ ਵੱਧੇਰੇ ਹੈ। 10 ਇਹ ਓਹੋ ਹੈ ਜਿਸਦੇ ਬਾਰੇ ਪੋਥੀਆਂ ਵਿੱਚ ਇਹ ਲਿਖਿਆ ਹੋਇਆ ਹੈ:
‘ਸੁਣੋ! ਮੈਂ ਤੁਹਾਡੇ ਅੱਗੇ ਆਪਣਾ ਦੂਤ ਘੱਲ ਰਿਹਾ ਹਾਂ ਜਿਹੜਾ ਕਿ
ਤੁਹਾਡੇ ਲਈ ਤੁਹਾਡਾ ਰਾਹ ਤਿਆਰ ਕਰੇਗਾ।’ (B)
11 “ਮੈਂ ਤੁਹਾਨੂੰ ਸੱਚ ਦੱਸਦਾ ਹਾਂ: ਸਾਰੇ ਆਦਮੀਆਂ ਵਿੱਚੋਂ, ਜਿਹੜੇ ਔਰਤਾਂ ਤੋਂ ਜੰਮੇ ਹਨ, ਕੋਈ ਵੀ ਯੂਹੰਨਾ ਬਪਤਿਸਮਾ ਦੇਣ ਵਾਲੇ ਤੋਂ ਵੱਡਾ ਨਹੀਂ ਹੈ। ਪਰ ਹਾਲੇ ਵੀ, ਜੋ ਸਵਰਗ ਦੇ ਰਾਜ ਵਿੱਚ ਛੋਟਾ ਹੈ ਉਹ ਯੂਹੰਨਾ ਤੋਂ ਵੱਡਾ ਹੈ। 12 ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਦਿਨਾਂ ਤੋਂ ਹੁਣ ਤੀਕ ਸਵਰਗ ਦੇ ਰਾਜ ਉੱਤੇ ਜੋਰ ਮਾਰਿਆ ਜਾਂਦਾ ਹੈ। ਜਿਹੜੇ ਬਲ ਦਾ ਉਪਯੋਗ ਕਰਦੇ ਹਨ ਇਸ ਨੂੰ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। 13 ਕਿਉਂ ਜੋ ਸਾਰੇ ਨਬੀ ਅਤੇ ਤੁਰੇਤ ਯੂਹੰਨਾ ਦੇ ਆਉਣ ਤੀਕ ਬੋਲੇ। 14 ਜੇਕਰ ਤੁਸੀਂ ਉਹ ਗੱਲਾਂ ਜੋ ਸ਼ਰ੍ਹਾ ਅਤੇ ਨਬੀਆਂ ਨੇ ਆਖੀਆਂ ਹਨ, ਮੰਨੋ ਤਾਂ ਤੁਸੀਂ ਵਿਸ਼ਵਾਸ ਕਰੋਂਗੇ ਕਿ ਯੂਹੰਨਾ ਉਹੀ ਏਲੀਯਾਹ ਹੈ ਜੋ ਆਉਣ ਵਾਲਾ ਸੀ। 15 ਜੇਕਰ ਤੁਸੀਂ ਮੈਨੂੰ ਸੁਣ ਸੱਕਦੇ ਹੋ, ਤਾਂ ਸੁਣੋ।
16 “ਮੈਂ ਇਸ ਪੀੜ੍ਹੀ ਦੇ ਲੋਕਾਂ ਦੀ ਤੁਲਨਾ ਕਿਸ ਨਾਲ ਕਰਾਂ? ਅੱਜ ਦੇ ਲੋਕ ਉਨ੍ਹਾਂ ਬੱਚਿਆਂ ਵਰਗੇ ਹਨ ਜੋ ਕਿ ਬੱਚਿਆਂ ਦਾ ਇੱਕ ਧੜਾ ਬਣਾਕੇ ਬਾਜ਼ਾਰ ਵਿੱਚ ਬੈਠੇ ਦੂਜੇ ਬਾਲਕਾਂ ਦੇ ਧੜੇ ਨੂੰ ਆਵਾਜ਼ ਮਾਰਕੇ ਆਖਦੇ ਹਨ,
17 ‘ਅਸੀਂ ਤੁਹਾਡੇ ਲਈ ਬੰਸਰੀ
ਵਜਾਈ ਪਰ ਤੁਸੀਂ ਨਾ ਨੱਚੇ।
ਅਸੀਂ ਉਦਾਸ ਗੀਤ ਗਾਇਆ
ਪਰ ਤੁਸੀਂ ਨਾ ਪਿੱਟਿਆ।’
18 ਮੈਂ ਕਿਉਂ ਕਹਿੰਦਾ ਹਾਂ ਕਿ ਲੋਕ ਇਹੋ ਜਿਹੇ ਹਨ? ਕਿਉਂਕਿ ਯੂਹੰਨਾ ਆਇਆ ਪਰ ਉਸ ਨੇ ਦੂਜੇ ਲੋਕਾਂ ਵਾਂਗ ਨਾ ਖਾਧਾ ਨਾ ਪੀਤਾ, ‘ਅਤੇ ਲੋਕਾਂ ਨੇ ਆਖਿਆ ਕਿ ਉਸ ਦੇ ਅੰਦਰ ਭੂਤ ਹੈ।’ 19 ਮਨੁੱਖ ਦਾ ਪੁੱਤਰ ਖਾਂਦਾ ਪੀਂਦਾ ਆਇਆ ਅਤੇ ਲੋਕ ਆਖਦੇ ਹਨ ਕਿ ਵੇਖੋ ਇੱਕ ਖਾਊ ਅਤੇ ਸ਼ਰਾਬੀ ਮਨੁੱਖ ਮਸੂਲੀਆਂ ਅਤੇ ਪਾਪੀਆਂ ਦਾ ਯਾਰ ਹੈ! ਪਰ ਗਿਆਨ ਖੁਦ ਦੀਆਂ ਕਰਨੀਆਂ ਤੋਂ ਧਰਮੀ ਦਿਖਾਇਆ ਜਾਂਦਾ ਹੈ।”
ਯਿਸੂ ਉਨ੍ਹਾਂ ਨੂੰ ਚੇਤਾਵਨੀ ਦਿੰਦਾ ਜੋ ਵਿਸ਼ਵਾਸ ਨਹੀਂ ਕਰਦੇ(C)
20 ਯਿਸੂ ਨੇ ਉਨ੍ਹਾਂ ਸ਼ਹਿਰਾਂ ਦੀ ਆਲੋਚਨਾ ਕੀਤੀ ਜਿਨ੍ਹਾਂ ਵਿੱਚ ਉਸ ਨੇ ਬਹੁਤ ਸਾਰੇ ਕਰਿਸ਼ਮੇ ਕੀਤੇ। ਉੱਥੋਂ ਦੇ ਸ਼ਹਿਰਾਂ ਦੇ ਲੋਕਾਂ ਨੇ ਆਪਣੇ ਜੀਵਨ ਢੰਗ ਨਹੀਂ ਬਦਲੇ ਅਤੇ ਨਾਹੀ ਪਾਪ ਕਰਨੇ ਬੰਦ ਕੀਤੇ। 21 ਯਿਸੂ ਨੇ ਕਿਹਾ, “ਤੇਰੇ ਲਈ ਇਹ ਬੁਰਾ ਹੋਵੇਗਾ ਖੁਰਾਜ਼ੀਨ! ਤੇਰੇ ਲਈ ਇਹ ਬੁਰਾ ਹੋਵੇਗਾ ਬੈਤਸੈਦਾ! [a] ਤੁਹਾਡੇ ਵਿੱਚ ਮੈਂ ਬਹੁਤ ਕਰਿਸ਼ਮੇ ਕੀਤੇ। ਜੇਕਰ ਉਹ ਕਰਿਸ਼ਮੇ ਸੂਰ ਅਤੇ ਸੈਦਾ [b] ਵਿੱਚ ਕੀਤੇ ਜਾਂਦੇ, ਤਾਂ ਬਹੁਤ ਪਹਿਲਾਂ ਉਨ੍ਹਾਂ ਲੋਕਾਂ ਨੇ ਆਪਣੇ ਜੀਵਨ ਬਦਲ ਲਏ ਹੁੰਦੇ। 22 ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਨਿਆਂ ਦੇ ਦਿਨ ਤੁਹਾਡੇ ਨਾਲੋਂ ਸੂਰ ਅਤੇ ਸੈਦਾ ਦਾ ਹਾਲ ਪੁੱਛਣ ਜੋਗ ਹੋਵੇਗਾ।
23 “ਹੇ ਕਫ਼ਰਨਾਹੂਮ! ਕੀ ਤੂੰ ਸਵਰਗ ਤੀਕ ਉੱਚਾ ਚੁੱਕਿਆ ਜਾਵੇਂਗਾ? ਨਹੀਂ! ਤੈਨੂੰ ਥੱਲੇ ਮੌਤ ਦੀ ਥਾਵੇਂ ਸੁੱਟਿਆ ਜਾਵੇਗਾ, ਕਿਉਂਕਿ ਜਿਹੜੀਆਂ ਕਰਾਮਾਤਾਂ ਤੇਰੇ ਵਿੱਚ ਵਿਖਾਈਆਂ ਗਈਆਂ ਜੇਕਰ ਉਹੀ ਕਰਾਮਾਤਾਂ ਸਦੂਮ ਵਿੱਚ ਵਿਖਾਈਆਂ ਜਾਂਦੀਆਂ ਤਾਂ ਉਹ ਅੱਜ ਤੀਕ ਬਣਿਆ ਰਹਿੰਦਾ। 24 ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਨਿਆਂ ਦੇ ਦਿਨ ਤੁਹਾਡਾ ਹਾਲ ਸਦੂਮ ਦੇਸ਼ ਨਾਲੋਂ ਮਾੜਾ ਹੋਵੇਗਾ।”
ਯਿਸੂ ਆਪਣੇ ਲੋਕਾਂ ਨੂੰ ਵਿਸ਼ਰਾਮ ਦਿੰਦਾ(D)
25 ਤਦ ਯਿਸੂ ਨੇ ਆਖਿਆ, “ਹੇ ਪਿਤਾ, ਸਵਰਗ ਅਤੇ ਧਰਤੀ ਦੇ ਪ੍ਰਭੂ, ਮੈਂ ਤੇਰੀ ਉਸਤਤਿ ਕਰਦਾ ਹਾਂ ਅਤੇ ਜੋ ਤੂੰ ਇਨ੍ਹਾਂ ਗੱਲਾਂ ਨੂੰ ਸਿਆਣੇ ਅਤੇ ਚੁਸਤ ਲੋਕਾਂ ਤੋਂ ਗੁਪਤ ਰੱਖਿਆ। ਪਰ ਤੂੰ ਇਹ ਗੱਲਾਂ ਆਮ ਆਦਮੀਆਂ ਨੂੰ ਪ੍ਰਗਟ ਕੀਤੀਆਂ ਹਨ। 26 ਹਾਂ, ਪਿਤਾ! ਤੂੰ ਅਜਿਹਾ ਕੀਤਾ, ਕਿਉਂਕਿ ਸੱਚਮੁੱਚ ਤੂੰ ਇਹੀ ਕਰਨਾ ਚਾਹੁੰਦਾ ਸੀ।
27 “ਸਭ ਕੁਝ ਮੇਰੇ ਪਿਤਾ ਨੇ ਮੈਨੂੰ ਸੌਂਪਿਆ ਹੋਇਆ ਹੈ। ਪਿਤਾ ਤੋਂ ਬਿਨਾ ਪੁੱਤਰ ਨੂੰ ਕੋਈ ਨਹੀਂ ਜਾਣਦਾ ਅਤੇ ਨਾ ਹੀ ਪੁੱਤਰ ਤੋਂ ਬਿਨਾ ਪਿਤਾ ਨੂੰ ਕੋਈ ਜਾਣਦਾ ਹੈ। ਜਿਨ੍ਹਾਂ ਨੂੰ ਪੁੱਤਰ ਪ੍ਰਗਟ ਕਰਨ ਲਈ ਚੁਣੇਗਾ, ਸਿਰਫ਼ ਉਹੀ ਲੋਕ ਪਿਤਾ ਨੂੰ ਜਾਨਣਗੇ।
28 “ਉਹ ਸਾਰੇ ਲੋਕ ਜੋ ਥੱਕੇ ਹੋਏ ਹਨ ਅਤੇ ਜਿਨ੍ਹਾਂ ਨੇ ਭਾਰੀ ਬੋਝ ਚੁੱਕੇ ਹੋਏ ਹਨ ਮੇਰੇ ਕੋਲ ਆਵੋ, ਮੈਂ ਤੁਹਾਨੂੰ ਆਰਾਮ ਦੇਵਾਂਗਾ। 29 ਮੇਰਾ ਜੂਲਾ ਆਪਣੇ ਉੱਤੇ ਚੁੱਕੋ ਅਤੇ ਮੈਥੋਂ ਸਿਖੋ, ਕਿਉਂਕਿ ਮੈਂ ਕੋਮਲ ਅਤੇ ਨਿਮ੍ਰ ਦਿਲ ਹਾ। ਇਉਂ, ਤੁਸੀਂ ਆਪਣੇ ਆਤਮਾ ਅੰਦਰ ਵਿਸ਼ਰਾਮ ਮਹਿਸੂਸ ਕਰੋਂਗੇ। 30 ਕਿਉਂਕਿ ਮੇਰਾ ਜੂਲਾ ਸੁਖਾਲਾ ਹੈ ਅਤੇ ਜੋ ਬੋਝ ਮੈਂ ਤੁਹਾਨੂੰ ਦਿੰਦਾ ਹਾਂ ਉਹ ਹੌਲਾ ਹੈ।”
2010 by World Bible Translation Center