M’Cheyne Bible Reading Plan
ਦਸ ਹੁਕਮ
5 ਮੂਸਾ ਨੇ ਇਸਰਾਏਲ ਦੇ ਸਮੂਹ ਲੋਕਾਂ ਨੂੰ ਇਕੱਠਿਆਂ ਕੀਤਾ ਅਤੇ ਉਨ੍ਹਾਂ ਨੂੰ ਆਖਿਆ, “ਇਸਰਾਏਲ ਦੇ ਲੋਕੋ, ਉਨ੍ਹਾਂ ਕਾਨੂੰਨਾਂ ਅਤੇ ਬਿਧੀਆਂ ਨੂੰ ਸੁਣੋ ਜਿਹੜੇ ਮੈਂ ਅੱਜ ਤੁਹਾਨੂੰ ਦੱਸਦਾ ਹਾਂ। ਇਨ੍ਹਾਂ ਨੇਮਾਂ ਨੂੰ ਜਾਣ ਲਵੋ ਅਤੇ ਇਨ੍ਹਾਂ ਨੂੰ ਮੰਨਣ ਲਈ ਦ੍ਰਿੜ ਹੋਵੋ। 2 ਯਹੋਵਾਹ ਸਾਡੇ ਪਰਮੇਸ਼ੁਰ ਨੇ ਸਾਡੇ ਨਾਲ ਹੇਰੋਬ ਪਰਬਤ ਉੱਤੇ ਇੱਕ ਇਕਰਾਰਨਾਮਾ ਕੀਤਾ ਸੀ। 3 ਯਹੋਵਾਹ ਨੇ ਇਹ ਇਕਰਾਰਨਾਮਾ ਸਾਡੇ ਪੁਰਖਿਆਂ ਨਾਲ ਨਹੀਂ ਸਗੋਂ ਸਾਡੇ ਸਾਰਿਆਂ ਨਾਲ ਕੀਤਾ ਸੀ-ਜਿਹੜੇ ਅੱਜ ਇੱਥੇ ਜਿਉਂਦੇ ਹਾਂ। 4 ਯਹੋਵਾਹ ਨੇ ਉਸ ਪਰਬਤ ਉੱਤੇ ਤੁਹਾਡੇ ਨਾਲ ਸਨਮੁੱਖ ਹੋਕੇ ਗੱਲ ਕੀਤੀ। ਉਸ ਨੇ ਤੁਹਾਡੇ ਨਾਲ ਅੱਗ ਵਿੱਚੋਂ ਗੱਲ ਕੀਤੀ ਸੀ। 5 ਪਰ ਤੁਸੀਂ ਅੱਗ ਤੋਂ ਭੈਭੀਤ ਸੀ। ਅਤੇ ਤੁਸੀਂ ਪਰਬਤ ਉੱਤੇ ਨਹੀਂ ਗਏ। ਇਸ ਲਈ ਮੈਂ ਯਹੋਵਾਹ ਅਤੇ ਤੁਹਾਡੇ ਦਰਮਿਆਨ ਖਲੋਤਾ ਸਾਂ ਤੁਹਾਨੂੰ ਇਹ ਗੱਲਾਂ ਦੱਸਣ ਲਈ ਕਿ ਯਹੋਵਾਹ ਨੇ ਕੀ ਆਖਿਆ।
6 ‘ਮੈਂ ਯਹੋਵਾਹ, ਤੁਹਾਡਾ ਪਰਮੇਸ਼ੁਰ ਹਾਂ। ਮੈਂ ਤੁਹਾਨੂੰ ਮਿਸਰ ਵਿੱਚੋਂ ਬਾਹਰ ਲਿਆਂਦਾ ਜਿੱਥੇ ਤੁਸੀਂ ਗੁਲਾਮ ਸੀ।
7 ‘ਤੁਹਾਡੇ ਕੋਲ ਮੇਰੇ ਤੋਂ ਇਲਾਵਾ ਹੋਰ ਕੋਈ ਦੇਵਤੇ ਨਹੀਂ ਹੋਣੇ ਚਾਹੀਦੇ।
8 ‘ਤੁਹਾਨੂੰ ਕੋਈ ਵੀ ਬੁੱਤ ਨਹੀਂ ਬਨਾਉਣੇ ਚਾਹੀਦੇ। ਅਕਾਸ਼ ਵਿੱਚਲੀ ਕਿਸੇ ਵੀਜ਼ ਜਾਂ ਧਰਤੀ ਉੱਪਰਲੀ ਕਿਸੇ ਚੀਜ਼ ਜਾਂ ਪਾਣੀ ਹੇਠਲੀ ਕਿਸੇ ਚੀਜ਼ ਦੀਆਂ ਤਸਵੀਰਾਂ ਜਾਂ ਬੁੱਤ ਨਾ ਬਣਾਉ। 9 ਕਿਸੇ ਵੀ ਬੁੱਤ ਦੀ ਉਪਾਸਨਾ ਨਾ ਕਰੋ। ਕਿਉਂਕਿ ਮੈਂ ਯਹੋਵਾਹ, ਤੁਹਾਡਾ ਪਰਮੇਸ਼ੁਰ, ਹਾਂ ਅਤੇ ਮੈਂ ਆਪਣੇ ਲੋਕਾਂ ਨੂੰ ਹੋਰਨਾਂ ਦੇਵਤਿਆਂ ਦੀ ਉਪਾਸਨਾ ਕਰਦਿਆਂ ਦੇਖਕੇ ਨਫ਼ਰਤ ਕਰਦਾ ਹਾਂ। [a] ਜਿਹੜੇ ਲੋਕ ਮੇਰੇ ਵਿਰੁੱਧ ਪਾਪ ਕਰਦੇ ਹਨ ਮੇਰੇ ਦੁਸ਼ਮਣ ਬਣ ਜਾਂਦੇ ਹਨ ਅਤੇ ਮੈਂ ਉਨ੍ਹਾਂ ਨੂੰ, ਉਨ੍ਹਾਂ ਦੇ ਬੱਚਿਆਂ ਨੂੰ, ਉਨ੍ਹਾਂ ਦੇ ਪੋਤਿਆਂ ਨੂੰ ਅਤੇ ਉਨ੍ਹਾਂ ਦੇ ਪੜਪੋਤਿਆਂ ਨੂੰ ਵੀ ਸਜ਼ਾ ਦਿਆਂਗਾ। 10 ਪਰ ਮੈਂ ਉਨ੍ਹਾਂ ਲੋਕਾਂ ਉੱਤੇ ਬਹੁਤ ਮਿਹਰਬਾਨ ਹੋਵਾਂਗਾ ਜਿਹੜੇ ਮੈਨੂੰ ਪਿਆਰ ਕਰਦੇ ਹਨ ਅਤੇ ਮੇਰੇ ਆਦੇਸ਼ਾਂ ਨੂੰ ਮੰਨਦੇ ਹਨ। ਮੈਂ ਉਨ੍ਹਾਂ ਦੇ ਪਰਿਵਾਰਾਂ ਲਈ ਹਜ਼ਾਰਾਂ ਪੀੜੀਆਂ ਤੀਕ ਮਿਹਰਬਾਨ ਹੋਵਾਂਗਾ। [b]
11 ‘ਤੁਸੀਂ ਕਦੇ ਵੀ ਚੰਗੇ ਕਾਰਣ ਤੋਂ ਬਿਨਾ ਯਹੋਵਾਹ ਆਪਣੇ ਪਰਮੇਸ਼ੁਰ ਦੇ ਨਾਮ ਨੂੰ ਨਹੀਂ ਪੁਕਾਰੋਗੇ। ਜੇਕਰ ਕੋਈ ਵਿਅਕਤੀ ਬਿਨਾ ਕਾਰਣੋ ਯਹੋਵਾਹ ਦਾ ਨਾਮ ਪੁਕਾਰਦਾ ਹੈ, ਤਾਂ ਉਹ ਵਿਅਕਤੀ ਦੋਸ਼ੀ ਹੈ ਅਤੇ ਯਹੋਵਾਹ ਉਸ ਵਿਅਕਤੀ ਨੂੰ ਬੇਗੁਨਾਹ ਨਹੀਂ ਬਣਾਵੇਗਾ।
12 ‘ਤੁਸੀਂ ਸਬਤ ਨੂੰ ਉਸੇ ਤਰ੍ਹਾਂ ਖਾਸ ਦਿਨ ਵਜੋਂ ਰੱਖੋਂਗੇ ਜਿਵੇਂ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਆਦੇਸ਼ ਦਿੱਤਾ ਸੀ। 13 ਆਪਣੇ ਕੰਮ ਉੱਤੇ ਹਫ਼ਤੇ ਵਿੱਚ ਛੇ ਦਿਨ ਕੰਮ ਕਰੋ। 14 ਪਰ ਸੱਤਵਾਂ ਦਿਨ ਯਹੋਵਾਹ ਤੁਹਾਡੇ ਪਰਮੇਸ਼ੁਰ ਦੇ ਸੱਨਮਾਣ ਵਜੋਂ ਆਰਾਮ ਦਾ ਦਿਨ ਹੈ। ਇਸ ਲਈ ਉਸ ਦਿਨ, ਕੋਈ ਵੀ ਕੰਮ ਨਹੀਂ ਕਰੇਗਾ-ਨਾ ਤੁਸੀਂ ਨਾ ਤੁਹਾਡੇ ਪੁੱਤਰ, ਧੀਆਂ, ਤੁਹਾਡੇ ਸ਼ਹਿਰਾਂ ਵਿੱਚ ਰਹਿਣ ਵਾਲੇ ਵਿਦੇਸ਼ੀ ਅਤੇ ਨਾ ਹੀ ਤੁਹਾਡੇ ਗੁਲਾਮ। ਤੁਹਾਡੀਆਂ ਗਾਵਾਂ, ਖੋਤੇ ਅਤੇ ਹੋਰ ਜਾਨਵਰ ਵੀ ਕੋਈ ਕੰਮ ਨਹੀਂ ਕਰਨਗੇ! ਤੁਹਾਡੇ ਗੁਲਾਮਾਂ ਨੂੰ ਵੀ, ਤੁਹਾਡੇ ਵਾਂਗ ਆਰਾਮ ਕਰਨ ਦਾ ਸਮਾਂ ਮਿਲਣਾ ਚਾਹੀਦਾ ਹੈ। 15 ਇਹ ਨਾ ਭੁੱਲੋ ਕਿ ਮਿਸਰ ਦੀ ਧਰਤੀ ਉੱਤੇ ਤੁਸੀਂ ਵੀ ਗੁਲਾਮ ਸੀ। ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਆਪਣੀ ਮਹਾਨ ਸ਼ਕਤੀ ਨਾਲ ਮਿਸਰ ਵਿੱਚੋਂ ਬਾਹਰ ਲਿਆਇਆ। ਉਸ ਨੇ ਤੁਹਾਨੂੰ ਅਜ਼ਾਦ ਕਰਵਾਇਆ। ਇਸ ਲਈ, ਯਹੋਵਾਹ, ਤੁਹਾਡੇ ਪਰਮੇਸ਼ੁਰ, ਤੁਹਾਨੂੰ ਹੁਕਮ ਦਿੰਦਾ ਹੈ ਕਿ ਸਬਤ ਨੂੰ ਖਾਸ ਦਿਹਾੜੇ ਵਜੋਂ ਮੰਨੋ।
16 ‘ਤੁਹਾਨੂੰ ਆਪਣੇ ਪਿਤਾ ਅਤੇ ਮਾਤਾ ਦਾ ਆਦਰ ਕਰਨਾ ਚਾਹੀਦਾ ਹੈ ਜਿਵੇਂ ਯਹੋਵਾਹ, ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਹੁਕਮ ਦਿੱਤਾ ਹੈ। ਜੇ ਤੁਸੀਂ ਉਸ ਦੇ ਹੁਕਮਾਂ ਨੂੰ ਮੰਨੋਗੇ, ਤੁਸੀਂ ਇੱਕ ਲੰਮਾ ਜੀਵਨ ਬਿਤਾਉਂਗੇ ਅਤੇ ਇਸ ਧਰਤੀ ਉਤੇ ਹਮੇਸ਼ਾ ਤੁਹਾਡੇ ਲਈ ਚੰਗੀਆਂ ਚੀਜ਼ਾਂ ਹੋਣਗੀਆਂ, ਜੋ ਕਿ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੇਵੇਗਾ।
17 ‘ਤੁਸੀਂ ਕਿਸੇ ਦਾ ਖੂਨ ਨਹੀਂ ਕਰੋਂਗੇ।
18 ‘ਤੁਸੀਂ ਜਿਨਸੀ ਪਾਪ ਨਹੀਂ ਕਰੋਂਗੇ।
19 ‘ਤੁਸੀਂ ਕੋਈ ਚੋਰੀ ਨਹੀਂ ਕਰੋਂਗੇ।
20 ‘ਤੁਸੀਂ ਹੋਰਨਾਂ ਲੋਕਾਂ ਬਾਰੇ ਝੂਠ ਨਹੀਂ ਬੋਲੋਂਗੇ।
21 ‘ਤੁਸੀਂ ਕਿਸੇ ਗੈਰ ਆਦਮੀ ਦੀ ਪਤਨੀ ਦੀ ਕਾਮਨਾ ਨਹੀਂ ਕਰੋਂਗੇ। ਤੁਸੀਂ ਉਸ ਦੇ ਮਕਾਨਾਂ, ਉਸ ਦੇ ਖੇਤਾਂ, ਉਸ ਦੇ ਨੌਕਰ, ਨੌਕਰਾਣੀਆਂ, ਉਸ ਦੀਆਂ ਗਾਵਾਂ ਜਾਂ ਉਸ ਦੇ ਖੋਤਿਆਂ ਦੀ ਇੱਛਾ ਨਹੀਂ ਕਰੋਂਗੇ। ਤੁਸੀਂ ਕਿਸੇ ਹੋਰ ਦੀ ਕਿਸੇ ਵੀ ਚੀਜ਼ ਦੀ ਇੱਛਾ ਨਹੀਂ ਕਰੋਂਗੇ!’”
ਲੋਕ ਪਰਮੇਸ਼ੁਰ ਤੋਂ ਭੈਭੀਤ ਸਨ
22 “ਯਹੋਵਾਹ ਨੇ ਇਹ ਹੁਕਮ ਤੁਹਾਨੂੰ ਸਾਰਿਆਂ ਨੂੰ ਉਦੋਂ ਦਿੱਤੇ ਜਦੋਂ ਤੁਸੀਂ ਪਰਬਤ ਉੱਤੇ ਇਕੱਠੇ ਹੋਏ ਸੀ। ਯਹੋਵਾਹ ਨੇ ਬਿਨਾ ਰੁਕਿਆਂ ਅੱਗ, ਬੱਦਲ ਅਤੇ ਗਹਿਰੀ ਧੁੰਦ ਵਿੱਚੋਂ ਉੱਚੀ ਅਵਾਜ਼ ਵਿੱਚ ਗੱਲ ਕੀਤੀ ਸੀ। ਫ਼ੇਰ ਉਸ ਨੇ ਆਪਣੇ ਸ਼ਬਦਾਂ ਨੂੰ ਦੋ ਪੱਥਰ ਦੀਆਂ ਸ਼ਿਲਾਵਾਂ ਉੱਤੇ ਲਿਖਕੇ ਉਹ ਮੈਨੂੰ ਦੇ ਦਿੱਤੀਆਂ।
23 “ਜਦੋਂ ਪਰਬਤ ਅੱਗ ਨਾਲ ਬਲ ਰਿਹਾ ਸੀ, ਤੁਸੀਂ ਹਨੇਰੇ ਵਿੱਚੋਂ ਆਉਂਦੀ ਅਵਾਜ਼ ਸੁਣੀ। ਫ਼ੇਰ ਸਾਰੇ ਬਜ਼ੁਰਗ ਅਤੇ ਤੁਹਾਡੇ ਪਰਿਵਾਰ-ਸਮੂਹਾਂ ਦੇ ਹੋਰ ਆਗੂ ਮੇਰੇ ਕੋਲ ਆਏ। 24 ਉਨ੍ਹਾਂ ਆਖਿਆ, ‘ਯਹੋਵਾਹ ਸਾਡੇ ਪਰਮੇਸ਼ੁਰ ਨੇ ਸਾਨੂੰ ਆਪਣੀ ਮਹਾਨਤਾ ਅਤੇ ਪਰਤਾਪ ਵਿਖਾਇਆ ਹੈ। ਅਸੀਂ ਉਸ ਨੂੰ ਅਗਨੀ ਵਿੱਚੋਂ ਬੋਲਦਿਆਂ ਸੁਣਿਆ ਹੈ! ਅੱਜ, ਅਸੀਂ ਦੇਖ ਲਿਆ ਹੈ ਕਿ ਕਿਸੇ ਵਾਸਤੇ ਪਰਮੇਸ਼ੁਰ ਦੇ ਉਸ ਨਾਲ ਗੱਲ ਕਰਨ ਤੋਂ ਮਗਰੋਂ ਵੀ ਜਿਉਂਦੇ ਰਹਿ ਸੱਕਣ ਸੰਭਵ ਹੈ। 25 ਪਰ ਜੇ ਅਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਨੂੰ ਇੱਕ ਵਾਰੀ ਫ਼ੇਰ ਗੱਲ ਕਰਦਿਆਂ ਸੁਣਿਆ ਤਾਂ ਅਸੀਂ ਜ਼ਰੂਰ ਮਾਰੇ ਜਾਵਾਂਗੇ! ਉਹ ਭਿਆਨਕ ਅੱਗ ਸਾਨੂੰ ਸਾੜ ਸੁੱਟੇਗੀ! ਅਸੀਂ ਮਰਨਾ ਨਹੀਂ ਚਾਹੁੰਦੇ! 26 ਕਿਸੇ ਬੰਦੇ ਨੇ ਵੀ ਕਦੇ ਜਿਉਂਦੇ ਜਾਗਦੇ ਪਰਮੇਸ਼ੁਰ ਨੂੰ ਅਗਨੀ ਵਿੱਚੋਂ ਬੋਲਦਿਆਂ ਨਹੀਂ ਸੁਣਿਆ ਹੋਵੇਗਾ ਅਤੇ ਫ਼ੇਰ ਜੀਵਿਤ ਬੱਚਿਆਂ ਹੋਵੇਗਾ ਜਿਵੇਂ ਅਸੀਂ ਸੁਣਿਆ ਹੈ। 27 ਮੂਸਾ, ਤੁਸੀਂ ਨੇੜੇ ਜਾਓ ਅਤੇ ਉਹ ਸਾਰੀਆਂ ਗੱਲਾਂ ਸੁਣੋ ਜਿਹੜੀਆਂ ਯਹੋਵਾਹ, ਸਾਡਾ ਪਰਮੇਸ਼ੁਰ, ਆਖਦਾ ਹੈ। ਫ਼ੇਰ ਸਾਨੂੰ ਉਹ ਸਾਰੀਆਂ ਗੱਲਾਂ ਦੱਸਣਾ ਜਿਹੜੀਆਂ ਯਹੋਵਾਹ ਤੁਹਾਨੂੰ ਦੱਸੇ। ਅਸੀਂ ਤੁਹਾਡੀ ਗੱਲ ਸੁਣਾਂਗੇ, ਅਤੇ ਅਸੀਂ ਹਰ ਗੱਲ ਉਸੇ ਤਰ੍ਹਾਂ ਕਰਾਂਗੇ ਜਿਵੇਂ ਤੁਸੀਂ ਆਖੋਂਗੇ।’
ਯਹੋਵਾਹ ਮੂਸਾ ਨਾਲ ਗੱਲ ਕਰਦਾ ਹੈ
28 “ਯਹੋਵਾਹ ਨੇ ਤੁਹਾਡੇ ਸ਼ਬਦ ਸੁਣੇ ਜਦੋਂ ਤੁਸੀਂ ਮੇਰੇ ਨਾਲ ਬੋਲੇ ਸੀ। ਫ਼ੇਰ ਯਹੋਵਾਹ ਨੇ ਮੈਨੂੰ ਆਖਿਆ, ‘ਮੈਂ ਸੁਣ ਲਿਆ ਹੈ ਕਿ ਲੋਕਾਂ ਨੇ ਕੀ ਆਖਿਆ ਹੈ ਅਤੇ ਜੋ ਕੁਝ ਉਨ੍ਹਾਂ ਆਖਿਆ ਚੰਗਾ ਹੈ। 29 ਮੈਂ ਸਿਰਫ਼ ਉਨ੍ਹਾਂ ਦੇ ਸੋਚਣ ਦੇ ਢੰਗ ਨੂੰ ਬਦਲਣਾ ਚਾਹੁੰਦਾ ਸਾਂ। ਮੈਂ ਚਾਹੁੰਦਾ ਸਾਂ ਕਿ ਉਹ ਮੇਰੀ ਇੱਜ਼ਤ ਕਰਨ ਅਤੇ ਪੂਰੇ ਦਿਲੋਂ ਮੇਰੇ ਸਾਰੇ ਹੁਕਮਾਂ ਦੀ ਪਾਲਣਾ ਕਰਨ! ਫ਼ੇਰ ਉਹ ਅਤੇ ਉਨ੍ਹਾਂ ਦੇ ਉੱਤਰਾਧਿਕਾਰੀ ਹਮੇਸ਼ਾ ਲਈ ਅਸੀਸਮਈ ਹੋਣਗੇ।
30 “‘ਜਾਉ ਲੋਕਾਂ ਨੂੰ ਆਖੋ ਕਿ ਆਪਣੇ ਤੰਬੂਆਂ ਵਿੱਚ ਵਾਪਸ ਚੱਲੇ ਜਾਣ। 31 ਪਰ ਤੂੰ, ਮੂਸਾ, ਇੱਥੇ ਮੇਰੇ ਨਜ਼ਦੀਕ ਖੜ੍ਹਾ ਹੋ ਜਾ। ਮੈਂ ਤੈਨੂੰ ਉਹ ਸਾਰੇ ਹੀ ਹੁਕਮ, ਕਾਨੂੰਨ ਅਤੇ ਬਿਧੀਆਂ ਦੱਸਾਂਗਾ ਜਿਨ੍ਹਾਂ ਦੀ ਤੂੰ ਉਨ੍ਹਾਂ ਨੂੰ ਸਿੱਖਿਆ ਦੇਵਾਂਗਾ। ਉਨ੍ਹਾਂ ਨੂੰ ਇਹ ਸਾਰੀਆਂ ਗੱਲਾਂ ਉਸ ਧਰਤੀ ਉੱਤੇ ਜਾਕੇ ਕਰਨੀਆਂ ਚਾਹੀਦੀਆਂ ਹਨ ਜਿਹੜੀ ਮੈਂ ਉਨ੍ਹਾਂ ਨੂੰ ਰਹਿਣ ਵਾਸਤੇ ਦੇ ਰਿਹਾ ਹਾਂ।’
32 “ਇਸ ਲਈ, ਤੁਹਾਨੂੰ ਲੋਕਾਂ ਨੂੰ ਉਨ੍ਹਾਂ ਸਾਰੀਆਂ ਗੱਲਾਂ ਕਰਨ ਬਾਰੇ ਧਿਆਨ ਰੱਖਣਾ ਚਾਹੀਦਾ ਹੈ ਜਿਸਦਾ ਤੁਹਾਨੂੰ ਯਹੋਵਾਹ ਨੇ ਆਦੇਸ਼ ਦਿੱਤਾ ਹੈ। ਪਰਮੇਸ਼ੁਰ ਦੇ ਪਿੱਛੇ ਲੱਗਣ ਤੋਂ ਹਟਣਾ ਨਹੀਂ! 33 ਤੁਹਾਨੂੰ ਉਸੇ ਤਰ੍ਹਾਂ ਜਿਉਣਾ ਚਾਹੀਦਾ ਹੈ ਜਿਵੇਂ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਨੂੰ ਆਦੇਸ਼ ਦਿੱਤਾ ਹੈ। ਫ਼ੇਰ ਤੁਸੀਂ ਜਿਉਂਦੇ ਰਹੋਂਗੇ, ਅਤੇ ਤੁਹਾਡਾ ਹਰ ਤਰ੍ਹਾਂ ਭਲਾ ਹੋਵੇਗਾ। ਤੁਸੀਂ ਉਸ ਧਰਤੀ ਉੱਤੇ ਲੰਮੀ ਉਮਰ ਭੋਗੋਂਗੇ ਜਿਹੜੀ ਤੁਹਾਡੀ ਹੀ ਹੋਵੇਗੀ।
ਕੋਰਹ ਪਰਿਵਾਰ ਵੱਲੋਂ ਉਸਤਤਿ ਦਾ ਇੱਕ ਗੀਤ। ਨਿਰਦੇਸ਼ਕ ਲਈ: ਇੱਕ ਦੁੱਖਦਾਈ ਬਿਮਾਰੀ ਬਾਰੇ। ਹੇਮਨ ਅਜ਼ਰਾਂਹੀ ਦਾ ਇੱਕ ਭਗਤੀ ਗੀਤ।
88 ਯਹੋਵਾਹ ਪਰਮੇਸ਼ੁਰ, ਤੁਸੀਂ ਮੇਰੇ ਮੁਕਤੀਦਾਤਾ ਹੋ।
ਮੈਂ ਤੁਹਾਡੇ ਅੱਗੇ ਦਿਨ-ਰਾਤ ਪ੍ਰਾਰਥਨਾ ਕਰਦਾ ਰਿਹਾ।
2 ਕਿਰਪਾ ਕਰਕੇ ਮੇਰੀਆਂ ਪ੍ਰਾਰਥਨਾ ਵੱਲ ਧਿਆਨ ਦਿਉ।
ਰਹਿਮ ਲਈ ਮੇਰੀਆਂ ਪ੍ਰਾਰਥਨਾ ਸੁਣੋ।
3 ਮੇਰੀ ਰੂਹ ਨੇ ਇਸ ਦਰਦ ਨੂੰ ਬਹੁਤ ਝੱਲਿਆ ਹੈ।
ਮੈਂ ਛੇਤੀ ਹੀ ਮਰ ਜਾਵਾਂਗਾ।
4 ਲੋਕਾਂ ਨੇ ਤਾਂ ਮੈਨੂੰ ਪਹਿਲਾਂ ਹੀ ਮੁਰਦਾ ਸਮਝ ਲਿਆ ਹੈ।
ਉਸ ਬੰਦੇ ਵਰਗਾ ਜਿਹੜਾ ਕਮਜ਼ੋਰੀ ਕਾਰਣ ਜਿਉਣ ਦੇ ਕਾਬਲ ਨਹੀਂ ਰਿਹਾ।
5 ਮੁਰਦਾ ਲੋਕਾਂ ਵਿੱਚ ਮੇਰੀ ਤਲਾਸ਼ ਕਰੋ,
ਮੈਂ ਕਬਰਸਤਾਨ ਵਿੱਚ ਪਈ ਹੋਈ ਇੱਕ ਲਾਸ਼ ਵਾਂਗ ਹਾਂ।
ਉਨ੍ਹਾਂ ਲੋਕਾਂ ਵਿੱਚੋਂ ਜਿਨ੍ਹਾਂ ਨੂੰ ਤੁਸਾਂ ਭੁਲਾ ਦਿੱਤਾ ਹੈ।
ਤੁਹਾਡੇ ਨਾਲੋਂ ਅਤੇ ਤੁਹਾਡੀ ਦੇਖ-ਭਾਲ ਨਾਲੋਂ ਟੁੱਟੇ ਹੋਇਆਂ ਨੂੰ।
6 ਤੁਸੀਂ ਮੈਨੂੰ ਧਰਤੀ ਦੀ ਉਸ ਖੱਡ ਵਿੱਚ ਸੁੱਟ ਦਿੱਤਾ ਸੀ। ਹਾਂ,
ਤੁਸੀਂ ਹੀ ਮੈਨੂੰ ਉਸ ਹਨੇਰੀ ਥਾਵੇਂ ਰੱਖਿਆ ਸੀ।
7 ਹੇ ਪਰਮੇਸ਼ੁਰ, ਤੁਸੀਂ ਮੇਰੇ ਉੱਪਰ ਕਹਿਰਵਾਨ ਸੀ ਅਤੇ ਤੁਸੀਂ ਮੈਨੂੰ ਦੰਡ ਦਿੱਤਾ ਸੀ।
8 ਮੇਰੇ ਯਾਰ ਮੈਨੂੰ ਛੱਡ ਗਏ ਹਨ।
ਇੱਕ ਅਛੂਤ ਬੰਦੇ ਵਾਂਗ ਉਨ੍ਹਾਂ ਨੇ ਮੇਰੇ ਕੋਲੋਂ ਦੂਰੀ ਰੱਖ ਲਈ ਹੈ।
ਮੈਂ ਘਰ ਵਿੱਚ ਹੀ ਕੈਦ ਹਾਂ ਅਤੇ ਮੈਂ ਬਾਹਰ ਨਹੀਂ ਆ ਸੱਕਦਾ।
9 ਮੇਰੀਆਂ ਅੱਖਾਂ ਮੇਰੇ ਦੁੱਖਾਂ ਬਾਰੇ ਰੋਂਦੀਆਂ ਦੁੱਖ ਰਹੀਆਂ ਹਨ।
ਹੇ ਪਰਮੇਸ਼ੁਰ, ਮੈਂ ਨਿਰੰਤਰ ਤੁਹਾਨੂੰ ਪ੍ਰਾਰਥਨਾ ਕਰਦਾ ਹਾਂ।
ਮੈਂ ਪ੍ਰਾਰਥਨਾ ਲਈ ਤੁਹਾਡੇ ਵੱਲ ਆਪਣੇ ਹੱਥ ਉੱਠਾਉਂਦਾ ਹਾਂ।
10 ਯਹੋਵਾਹ, ਕੀ ਤੁਸੀਂ ਮੁਰਦਾ ਬੰਦਿਆਂ ਲਈ ਕਰਿਸ਼ਮੇ ਕਰਦੇ ਹੋ?
ਕੀ ਪ੍ਰੇਤ ਉੱਠਦੇ ਹਨ ਅਤੇ ਤੁਹਾਡੀ ਉਸਤਤਿ ਕਰਦੇ ਹਨ? ਨਹੀਂ।
11 ਮੁਰਦਾ ਬੰਦੇ, ਕਬਰ ਵਿੱਚ ਪਏ ਹੋਏ ਤੁਹਾਡੇ ਪਿਆਰ ਦੀ ਗੱਲਾਂ ਨਹੀਂ ਕਰ ਸੱਕਦੇ।
ਮੁਰਦਿਆਂ ਦੀ ਦੁਨੀਆਂ ਦੇ ਮਰਦਾ ਲੋਕ ਤੁਹਾਡੀ ਵਫ਼ਾਦਾਰੀ ਦੀ ਗੱਲ ਨਹੀਂ ਕਰ ਸੱਕਦੇ।
12 ਹਨੇਰੇ ਵਿੱਚ ਪਏ ਹੋਏ ਮੁਰਦਾ ਲੋਕ ਤੁਹਾਡੇ ਚਮਤਕਾਰ ਨਹੀਂ ਦੇਖ ਸੱਕਦੇ।
ਭੁੱਲੇ ਵਿੱਸਰਿਆਂ ਦੀ ਦੁਨੀਆਂ ਦੇ ਮੁਰਦਾ ਲੋਕ ਤੁਹਾਡੀ ਸ਼ੁਭਤਾ ਦੀ ਗੱਲ ਨਹੀਂ ਕਰ ਸੱਕਦੇ।
13 ਯਹੋਵਾਹ, ਮੈਂ ਤੁਹਾਨੂੰ ਸਹਾਇਤਾ ਲਈ ਆਖ ਰਿਹਾ ਹਾਂ।
ਮੈਂ ਹਰ ਰੋਜ਼ ਮੂੰਹ ਹਨੇਰੇ ਤੁਹਾਨੂੰ ਪ੍ਰਾਰਥਨਾ ਕਰਦਾ ਹਾਂ।
14 ਹੇ ਪਰਮੇਸ਼ੁਰ, ਤੁਸੀਂ ਮੈਨੂੰ ਕਿਉਂ ਛੱਡ ਦਿੱਤਾ ਹੈ?
ਤੁਸੀਂ ਮੈਨੂੰ ਸੁਣਨ ਤੋਂ ਇਨਕਾਰ ਕਿਉਂ ਕਰਦੇ ਹੋਂ?
15 ਆਪਣੀ ਨੌਜਵਾਨੀ ਵੇਲੇ ਤੋਂ ਹੀ ਮੈਂ ਕਮਜ਼ੋਰ ਅਤੇ ਬਿਮਾਰ ਸਾਂ
ਅਤੇ ਮੈਂ ਤੁਹਾਡਾ ਗੁੱਸਾ ਝੱਲਿਆ ਹੈ। ਮੈਂ ਬੇਸਹਾਰਾ ਹਾਂ।
16 ਯਹੋਵਾਹ, ਤੁਸੀਂ ਮੇਰੇ ਉੱਤੇ ਕਹਿਰਵਾਨ ਸੀ
ਅਤੇ ਦੰਡ ਮੈਨੂੰ ਮਾਰ ਰਿਹਾ ਹੈ।
17 ਮੇਰੇ ਨਾਲ ਸਦਾ ਚੀਸਾਂ ਅਤੇ ਦਰਦ ਰਿਹਾ ਹੈ।
ਮੈਂ ਮਹਿਸੂਸ ਕਰਦਾ ਹਾਂ ਕਿ ਮੈਂ ਆਪਣੀਆਂ ਚੀਸਾਂ ਅਤੇ ਦਰਦਾਂ ਨਾਲ ਡੁੱਬ ਰਿਹਾ ਹਾਂ।
18 ਅਤੇ ਹੇ ਪਰਮੇਸ਼ੁਰ, ਤੁਸੀਂ ਮੈਨੂੰ ਮੇਰੇ ਸਾਰੇ ਦੋਸਤਾਂ ਅਤੇ ਪਿਆਰਿਆਂ ਨੂੰ ਛੱਡਣ ਲਈ ਮਜ਼ਬੂਰ ਕਰ ਦਿੱਤਾ।
ਸਿਰਫ਼ ਹਨੇਰਾ ਹੀ ਮੇਰਾ ਸੰਗੀ ਸਾਥੀ ਹੈ।
ਬਦੀ ਸਿਰਫ਼ ਹੋਰ ਬਦੀ ਪੈਦਾ ਕਰਦੀ ਹੈ
33 ਦੇਖੋ, ਤੁਸੀਂ ਲੋਕ ਲੜਾਈਆਂ ਕਰਦੇ ਹੋ ਅਤੇ ਲੋਕਾਂ ਦੀਆਂ ਚੀਜ਼ਾਂ ਚੁਰਾਉਂਦੇ ਹੋ, ਅਤੇ ਉਨ੍ਹਾਂ ਲੋਕਾਂ ਨੇ ਕਦੇ ਵੀ ਤੁਹਾਡਾ ਕੁਝ ਨਹੀਂ ਚੁਰਾਇਆ। ਤੁਸੀਂ ਲੋਕਾਂ ਦੇ ਖਿਲਾਫ਼ ਹੋ ਜਾਂਦੇ ਹੋ, ਅਤੇ ਉਹ ਲੋਕ ਵੀ ਤੁਹਾਡੇ ਖਿਲਾਫ਼ ਨਹੀਂ ਹੋਏ। ਇਸ ਲਈ ਜਦੋਂ ਤੁਸੀਂ ਚੋਰੀ ਕਰਨੋ ਹਟ ਜਾਵੋਂਗੇ, ਹੋਰ ਲੋਕ ਤੁਹਾਡੀਆਂ ਚੀਜ਼ਾਂ ਦੀ ਚੋਰੀ ਕਰਨ ਲੱਗ ਪੈਣਗੇ। ਜਦੋਂ ਤੁਸੀਂ ਲੋਕਾਂ ਦੇ ਵਿਰੁੱਧ ਹੋਣੋ ਹਟ੍ਟ ਜਾਵੋਗੇ, ਤਾਂ ਹੋਰ ਲੋਕ ਤੁਹਾਡੇ ਵਿਰੁੱਧ ਹੋਣਾ ਸ਼ੁਰੂ ਕਰ ਦੇਣਗੇ।
2 “ਹੇ ਯਹੋਵਾਹ, ਕਿਰਪਾ ਕਰਕੇ ਸਾਡੇ ਉੱਪਰ ਮਿਹਰਬਾਨ ਹੋ।
ਅਸੀਂ ਤੁਹਾਡੀ ਸਹਾਇਤਾ ਲਈ ਇੰਤਜ਼ਾਰ ਕੀਤਾ ਹੈ।
ਯਹੋਵਾਹ ਜੀ, ਸਾਨੂੰ ਹਰ ਸਵੇਰੇ ਤਾਕਤ ਦਿਓ।
ਸਾਨੂੰ ਬਚਾਓ ਜਦੋਂ ਵੀ ਅਸੀਂ ਮੁਸੀਬਤ ਵਿੱਚ ਹੋਈੇ।
3 ਤੁਹਾਡੀ ਸ਼ਕਤੀਸ਼ਾਲੀ ਆਵਾਜ਼ ਲੋਕਾਂ ਨੂੰ ਭੈਭੀਤ ਕਰਦੀ ਹੈ, ਅਤੇ ਉਹ ਤੁਹਾਡੇ ਕੋਲੋਂ ਦੂਰ ਭੱਜਦੇ ਨੇ।
ਤੁਹਾਡੀ ਮਹਾਨਤਾ ਕੌਮਾਂ ਨੂੰ ਦੂਰ ਭਜਾਉਂਦੀ ਹੈ।”
4 ਤੁਸੀਂ ਲੋਕਾਂ ਨੇ ਲੜਾਈ ਵਿੱਚ ਚੀਜ਼ਾਂ ਚੁਰਾਈਆਂ। ਉਹ ਚੀਜ਼ਾਂ ਤੁਹਾਡੇ ਕੋਲੋਂ ਖੋਹ ਲਈਆਂ ਜਾਣਗੀਆਂ। ਬਹੁਤ ਸਾਰੇ ਲੋਕ ਆਉਣਗੇ ਅਤੇ ਤੁਹਾਡੀ ਦੌਲਤ ਲੁੱਟ ਕੇ ਲੈ ਜਾਣਗੇ। ਇਹ ਓਹੋ ਜਿਹਾ ਸਮਾਂ ਹੋਵੇਗਾ ਜਦੋਂ ਟਿੱਡੀਦਲ ਆਉਂਦਾ ਹੈ ਅਤੇ ਤੁਹਾਡੀਆਂ ਸਾਰੀਆਂ ਫ਼ਸਲਾਂ ਨੂੰ ਖਾ ਜਾਂਦਾ ਹੈ।
5 ਯਹੋਵਾਹ ਬਹੁਤ ਮਹਾਨ ਹੈ। ਉਹ ਬਹੁਤ ਉੱਚੀ ਥਾਂ ਉੱਤੇ ਰਹਿੰਦਾ ਹੈ। ਯਹੋਵਾਹ ਸੀਯੋਨ ਨੂੰ ਨਿਰਪੱਖਤਾ ਅਤੇ ਨੇਕੀ ਨਾਲ ਭਰਦਾ ਹੈ।
6 ਉਹ ਲੋਕਾਂ ਨੂੰ ਪਰਮੇਸ਼ੁਰ ਦੀ ਸਿਆਣਪ ਅਤੇ ਗਿਆਨ ਨਾਲ ਅਮੀਰ ਬਣਾਉਦਾ ਹੈ। ਤੂੰ ਮੁਕਤੀ ਨਾਲ ਅਮੀਰ ਹੈਂ। ਤੂੰ ਯਹੋਵਾਹ ਦਾ ਆਦਰ ਕਰਦਾ ਹੈਂ ਅਤੇ ਇਹੀ ਗੱਲ ਤੈਨੂੰ ਅਮੀਰ ਬਣਾਉਂਦੀ ਹੈ, ਇਸ ਲਈ ਤੂੰ ਜਾਣ ਸੱਕਦਾ ਹੈਂ ਕਿ ਤੂੰ ਨਿਰਂਤਰ ਰਹੇਁਗਾ।
7 ਪਰ ਧਿਆਨ ਨਾਲ ਸੁਣ! ਸੰਦੇਸ਼ਵਾਹਕ ਬਾਹਰ ਖੜ੍ਹੇ ਚੀਖ ਰਹੇ ਹਨ। ਉਹ ਸੰਦੇਸ਼ਵਾਹਕ ਜਿਹੜੇ ਅਮਨ ਲੈ ਕੇ ਆਉਂਦੇ ਨੇ, ਜ਼ੋਰ-ਜ਼ੋਰ ਦੀ ਰੋ ਰਹੇ ਨੇ। 8 ਸੜਕਾਂ ਤਬਾਹ ਹੋ ਗਈਆਂ ਹਨ। ਗਲੀਆਂ ਵਿੱਚ ਕੋਈ ਵੀ ਨਹੀਂ ਤੁਰ ਫ਼ਿਰ ਰਿਹਾ। ਲੋਕਾਂ ਨੇ ਆਪਣੇ ਕੀਤੇ ਇਕਰਾਰਨਾਮੇ ਤੋੜ ਦਿੱਤੇ ਹਨ। ਲੋਕ ਗਵਾਹਾਂ ਦੀ ਸ਼ਹਾਦਤ ਵਿੱਚ ਭਰੋਸਾ ਨਹੀਂ ਕਰਦੇ। ਕੋਈ ਬੰਦਾ ਵੀ ਦੂਸਰਿਆਂ ਦਾ ਆਦਰ ਨਹੀਂ ਕਰਦਾ। 9 ਧਰਤੀ ਬੀਮਾਰ ਹੈ ਅਤੇ ਮਰ ਰਹੀ ਹੈ। ਲਬਾਨੋਨ ਮਰ ਰਿਹਾ ਹੈ ਅਤੇ ਸ਼ਾਰੋਨ ਵਾਦੀ ਖੁਸ਼ਕ ਅਤੇ ਸੱਖਣੀ ਹੈ। ਬਾਸ਼ਾਮ ਅਤੇ ਕਰਮਲ ਕਿਸੇ ਵੇਲੇ ਖੂਬਸੂਰਤ ਪੌਦੇ ਉਗਾਉਂਦੇ ਸਨ ਪਰ ਹੁਣ ਉਹ ਪੌਦੇ ਉਗਣੋਁ ਹਟ ਗਏ ਹਨ।
10 ਯਹੋਵਾਹ ਆਖਦਾ ਹੈ, “ਹੁਣ ਮੈਂ ਖਲੋਵਾਂਗਾ ਅਤੇ ਆਪਣੀ ਮਹਾਨਤਾ ਦਰਸਾਵਾਂਗਾ। ਹੁਣ, ਮੈਂ ਲੋਕਾਂ ਲਈ ਮਹੱਤਵਪੂਰਣ ਬਣ ਜਾਵਾਂਗਾ। 11 ਤੁਸੀਂ ਲੋਕਾਂ ਨੇ ਫ਼ਿਜ਼ੂਲ ਗੱਲਾਂ ਕੀਤੀਆਂ ਹਨ। ਉਹ ਗੱਲਾਂ ਘਾਹ ਫ਼ੂਸ ਵਰਗੀਆਂ ਹਨ। ਉਹ ਕਿਸੇ ਵੀ ਕੰਮ ਦੀਆਂ ਨਹੀਂ ਹਨ! ਤੁਹਾਡੇ ਆਪਣੇ ਆਤਮੇ ਅੱਗ ਵਾਂਗ ਹੋਣਗੇ ਜੋ ਤੁਹਾਨੂੰ ਸਾੜ ਦੇਣਗੇ। 12 ਲੋਕ ਉਦੋਂ ਤੱਕ ਸੜਨਗੇ ਜਦੋਂ ਤੱਕ ਕਿ ਉਨ੍ਹਾਂ ਦੀਆਂ ਹੱਡੀਆਂ ਚੂਨਾ ਨਹੀਂ ਬਣ ਜਾਂਦੀਆਂ। ਲੋਕ ਕੰਡਿਆਲੀਆਂ ਝਾੜੀਆਂ ਵਾਂਗ ਛੇਤੀ ਹੀ ਸੜ ਜਾਣਗੇ।
13 “ਤੁਸੀਂ, ਦੂਰ ਦੁਰਾਡੇ ਦੇ ਲੋਕੋ, ਉਨ੍ਹਾਂ ਗੱਲਾਂ ਬਾਰੇ ਸੁਣੋ ਜਿਹੜੀਆਂ ਮੈਂ ਕੀਤੀਆਂ ਹਨ। ਤੁਸੀਂ ਲੋਕ, ਜਿਹੜੇ ਮੇਰੇ ਨੇੜੇ ਹੋ, ਮੇਰੀ ਤਾਕਤ ਨੂੰ ਜਾਣੋ।”
14 ਸੀਯੋਨ ਦੇ ਪਾਪੀ ਭੈਭੀਤ ਹਨ। ਜਿਹੜੇ ਲੋਕ ਮੰਦੀਆਂ ਗੱਲਾਂ ਕਰਦੇ ਹਨ ਡਰ ਨਾਲ ਕੰਬ ਰਹੇ ਹਨ। ਉਹ ਆਖਦੇ ਹਨ, “ਕੀ ਸਾਡੇ ਵਿੱਚੋਂ ਕੋਈ ਇਸ ਤਬਾਹ ਕਰਨ ਵਾਲੀ ਅਗਨੀ ਵਿੱਚੋਂ ਜਿਉਂਦਾ ਬਚ ਸੱਕਦਾ ਹੈ? ਇਸ ਅੱਗ ਦੇ ਨੇੜੇ ਕੌਣ ਰਹਿ ਸੱਕਦਾ ਹੈ, ਜਿਹੜੀ ਸਦਾ ਬਲਦੀ ਰਹਿੰਦੀ ਹੈ?”
15 ਨੇਕ ਅਤੇ ਇਮਾਨਦਾਰ ਬੰਦੇ ਜਿਹੜੇ ਪੈਸੇ ਲਈ ਹੋਰਾਂ ਨੂੰ ਨੁਕਸਾਨ ਪਹੁੰਚਾਣ ਤੋਂ ਇਨਕਾਰ ਕਰਦੇ ਹਨ ਉਹੀ ਇਸ ਅਗਨੀ ਵਿੱਚੋਂ ਸਲਾਮਤ ਬਚਣਗੇ। ਉਹ ਲੋਕ ਰਿਸ਼ਵਤ ਲੈਣ ਤੋਂ ਇਨਕਾਰ ਕਰਦੇ ਹਨ। ਉਹ ਲੋਕ ਹੋਰਾਂ ਲੋਕਾਂ ਨੂੰ ਕਤਲ ਕਰਨ ਦੀਆਂ ਵਿਉਂਤਾਂ ਨੂੰ ਸੁਣਨ ਤੋਂ ਇਨਕਾਰ ਕਰਦੇ ਹਨ। ਉਹ ਲੋਕ ਮੰਦੇ ਕੰਮਾਂ ਦੀਆਂ ਯੋਜਨਾਵਾਂ ਵੱਲ ਝਾਕਣ ਤੋਂ ਵੀ ਇਨਕਾਰ ਕਰਦੇ ਹਨ। 16 ਉਹ ਲੋਕ ਉੱਚੀਆਂ ਥਾਵਾਂ ਉੱਤੇ ਸੁਰੱਖਿਅਤ ਰਹਿਣਗੇ। ਉਨ੍ਹਾਂ ਦੀ ਉੱਚੀ ਕਿਲਿਆਂ ਵਿੱਚ ਰੱਖਿਆ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਕੋਲ ਹਮੇਸ਼ਾ ਅੰਨ ਪਾਣੀ ਹੋਵੇਗਾ।
17 ਤੁਹਾਡੀਆਂ ਅੱਖਾਂ ਰਾਜੇ (ਪਰਮੇਸ਼ੁਰ) ਨੂੰ ਆਪਣੇ ਪੂਰੇ ਜਲਾਲ ਵਿੱਚ ਦੇਖਣਗੀਆਂ। ਤੁਸੀਂ ਉਸ ਮਹਾਨ ਧਰਤੀ ਨੂੰ ਦੇਖੋਗੇ। 18-19 ਤੁਸੀਂ ਆਪਣੀਆਂ ਅਤੀਤ ਦੀਆਂ ਮੁਸੀਬਤਾਂ ਬਾਰੇ ਸੋਚੋਗੇ। ਤੁਸੀਂ ਸੋਚੋਗੇ, “ਦੂਸਰੇ ਦੇਸ਼ਾਂ ਦੇ ਉਹ ਲੋਕ ਕਿੱਥੋ ਹਨ? ਉਹ ਲੋਕ ਅਜਿਹੀਆਂ ਭਾਸ਼ਾਵਾਂ ਬੋਲਦੇ ਸਨ ਜਿਨ੍ਹਾਂ ਨੂੰ ਅਸੀਂ ਸਮਝ ਨਹੀਂ ਸੱਕਦੇ ਸਾਂ। ਹੋਰਨਾਂ ਧਰਤੀਆਂ ਦੇ ਉਹ ਅਧਿਕਾਰੀ ਅਤੇ ਕਰ ਉਗਰਾਹੁਣ ਵਾਲੇ ਕਿੱਥੋ ਹਨ? ਕਿੱਥੋ ਨੇ ਉਹ ਜਾਸੂਸ ਜਿਹੜੇ ਸਾਡੇ ਸੁਰੱਖਿਆ ਮ੍ਮੁਨਾਰਿਆਂ ਦੀ ਗਿਣਤੀ ਕਰਦੇ ਸਨ? ਉਹ ਸਾਰੇ ਹੀ ਚੱਲੇ ਗਏ ਹਨ ਅਤੇ ਤੁਸੀਂ ਉਨ੍ਹਾਂ ਨੂੰ ਹੋਰ ਵੱਧੇਰੇ ਨਹੀਂ ਵੇਖੋਁਗੇ।”
ਪਰਮੇਸ਼ੁਰ ਯਰੂਸ਼ਲਮ ਦੀ ਰਾਖੀ ਕਰੇਗਾ
20 ਸਾਡੇ ਧਾਰਮਿਕ ਉਤਸਵਾਂ ਦੇ ਸ਼ਹਿਰ ਸੀਯੋਨ ਵੱਲ ਦੇਖੋ। ਯਰੂਸ਼ਲਮ ਵੱਲ ਦੇਖੋ-ਆਰਾਮ ਕਰਨ ਦੀ ਉਸ ਖੂਬਸੂਰਤ ਥਾਂ ਵੱਲ। ਯਰੂਸ਼ਲਮ ਇੱਕ ਅਜਿਹੇ ਤੰਬੂ ਵਰਗਾ ਹੈ ਜਿਹੜਾ ਕਦੇ ਨਹੀਂ ਹਿਲੇਗਾ। ਜਿਹੜੀਆਂ ਕਿੱਲੀਆਂ ਨੇ ਉਸ ਨੂੰ ਰੋਕਿਆ ਹੋਇਆ ਹੈ ਉਹ ਕਦੇ ਨਹੀਂ ਪੁਟ੍ਟੀਆਂ ਜਾਣਗੀਆਂ। ਉਸ ਦੇ ਰੱਸੇ ਕਦੇ ਨਹੀਂ ਟੁੱਟਣਗੇ। 21-23 ਕਿਉਂਕਿ ਸ਼ਕਤੀਸ਼ਾਲੀ ਯਹੋਵਾਹ ਓੱਥੇ ਹੈ। ਉਹ ਧਰਤੀ ਚਸ਼ਮਿਆਂ ਅਤੇ ਚੌੜੀਆਂ ਨਦੀਆਂ ਦੀ ਧਰਤੀ ਹੈ। ਪਰ ਉਨ੍ਹਾਂ ਨਦੀਆਂ ਵਿੱਚ ਦੁਸ਼ਮਣ ਦੀਆਂ ਕਿਸ਼ਤੀਆਂ ਜਾਂ ਤਾਕਤਵਰ ਜਹਾਜ਼ ਨਹੀਂ ਹੋਣਗੇ। ਤੁਸੀਂ ਲੋਕ ਜਿਹੜੇ ਉਨ੍ਹਾਂ ਕਿਸ਼ਤੀਆਂ ਉੱਤੇ ਕੰਮ ਕਰਦੇ ਹੋ ਰੱਸਿਆਂ ਨਾਲ ਆਪਣਾ ਕੰਮ ਛੱਡ ਸੱਕਦੇ ਹੋ। ਤੁਸੀਂ ਇੰਨਾ ਮਜ਼ਬੂਤ ਮਸਤੂਲ ਨਹੀਂ ਬਣਾ ਸੱਕਦੇ ਅਤੇ ਤੁਸੀਂ ਆਪਣੀ ਯਾਤਰਾ ਆਰੰਭ ਨਹੀਂ ਕਰ ਸੱਕੋਗੇ। ਕਿਉਂ ਕਿ ਯਹੋਵਾਹ ਸਾਡਾ ਨਿਆਂਪਾਲਕ ਹੈ ਅਤੇ ਉਹ ਸਾਡੇ ਨੇਮ ਬਣਾਉਂਦਾ ਹੈ। ਯਹੋਵਾਹ ਸਾਡਾ ਰਾਜਾ ਹੈ। ਉਹ ਸਾਨੂੰ ਬਚਾਉਂਦਾ ਹੈ। ਇਸ ਲਈ ਯਹੋਵਾਹ ਸਾਨੂੰ ਕਾਫ਼ੀ ਦੌਲਤ ਦੇਵੇਗਾ। ਵਿਕਲਾਂਗ ਬੰਦੇ ਵੀ ਲੜਾਈ ਵਿੱਚ ਵੱਡੀ ਦੌਲਤ ਜਿੱਤਣਗੇ। 24 ਇੱਥੇ ਰਹਿਣ ਵਾਲਾ ਕੋਈ ਬੰਦਾ ਵੀ ਇਹ ਨਹੀਂ ਆਖੇਗਾ, “ਮੈਂ ਬਿਮਾਰ ਹਾਂ।” ਇੱਥੇ ਰਹਿਣ ਵਾਲੇ ਲੋਕ ਅਜਿਹੇ ਹਨ ਜਿਨ੍ਹਾਂ ਦੇ ਪਾਪ ਬਖਸ਼ੇ ਗਏ ਹਨ।
ਯਿਸੂ ਦਾ ਸਾਰਦੀਸ ਦੀ ਕਲੀਸਿਯਾ ਨੂੰ ਪੱਤਰ
3 “ਸਾਰਦੀਸ ਵਿਖੇ ਕਲੀਸਿਯਾ ਦੇ ਦੂਤ ਨੂੰ ਇਹ ਲਿਖੋ:
“ਉਹ ਇੱਕ ਜਿਸ ਕੋਲ ਸੱਤ ਆਤਮੇ ਅਤੇ ਸੱਤ ਤਾਰੇ ਹਨ ਇਹ ਗੱਲਾਂ ਦੱਸ ਰਿਹਾ ਹੈ।
ਲੋਕ ਆਖਦੇ ਹਨ ਕਿ ਤੁਸੀਂ ਜਿਉਂਦੇ ਹੋ। ਪਰ ਅਸਲ ਵਿੱਚ ਤੁਸੀਂ ਮੁਰਦਾ ਹੋ। 2 ਜਾਗੋ। ਆਪਣੇ ਆਪ ਨੂੰ ਉਦੋਂ ਤੱਕ ਤਾਕਤਵਰ ਬਣਾਓ ਜਦੋਂ ਤੱਕ ਤੁਹਾਡੇ ਕੋਲ ਕੁਝ ਹੈ। ਆਪਣੇ ਆਪ ਨੂੰ ਉਸਤੋਂ ਪਹਿਲਾਂ ਤਾਕਤਵਰ ਬਣਾਓ ਜਦੋਂ ਤੱਕ ਉਹ ਜੋ ਤੁਹਾਡੇ ਕੋਲ ਹੈ ਪੂਰੀ ਤਰ੍ਹਾਂ ਖਤਮ ਨਹੀਂ ਹੋ ਜਾਂਦਾ। ਮੈਂ ਦੇਖ ਸੱਕਦਾ ਹਾਂ ਕਿ ਜੋ ਗੱਲਾਂ ਤੁਸੀਂ ਕਰ ਰਹੇ ਹੋ ਮੇਰੇ ਪਰਮੇਸ਼ੁਰ ਦੀ ਦ੍ਰਿਸ਼ਟੀ ਵਿੱਚ ਕਾਫ਼ੀ ਚੰਗੀਆਂ ਨਹੀਂ ਹਨ। 3 ਜੋ ਕੁਝ ਤੁਸੀਂ ਪ੍ਰਾਪਤ ਕੀਤਾ ਅਤੇ ਸੁਣਿਆ ਹੈ ਉਸ ਨੂੰ ਯਾਦ ਰੱਖੋ। ਇਸ ਨੂੰ ਚਿੰਬੜੇ ਰਹੋ। ਆਪਣੇ ਦਿਲਾਂ ਅਤੇ ਜ਼ਿੰਦਗੀਆਂ ਨੂੰ ਬਦਲੋ। ਤੁਹਾਨੂੰ ਜਾਗਣਾ ਪਵੇਗਾ ਨਹੀਂ ਤਾਂ ਮੈਂ ਇੱਕ ਚੋਰ ਵਾਂਗ ਤੁਹਾਡੇ ਕੋਲ ਆਵਾਂਗਾ ਅਤੇ ਤੁਹਾਨੂੰ ਹੈਰਾਨ ਕਰ ਦਿਆਂਗਾ ਜਦੋਂ ਮੈਂ ਆ ਜਾਵਾਂਗਾ ਤੁਹਾਨੂੰ ਪਤਾ ਵੀ ਨਹੀਂ ਚੱਲੇਗਾ। 4 ਪਰ ਸਾਰਦੀਸ ਵਿੱਚ ਤੁਹਾਡੇ ਕੋਲ ਕੁਝ ਲੋਕ ਹਨ ਜਿਨ੍ਹਾਂ ਨੇ ਆਪਣੇ ਕੱਪੜਿਆਂ ਨੂੰ ਮੈਲਾ ਨਹੀਂ ਕੀਤਾ ਹੈ। ਉਹ ਲੋਕ ਚਿੱਟੇ ਵਸਤਰ ਪਾਕੇ ਮੇਰੇ ਨਾਲ ਚੱਲਣਗੇ। ਕਿਉਂਕਿ ਉਹ ਇਸਦੇ ਯੋਗ ਹਨ। 5 ਹਰ ਉਹ ਵਿਅਕਤੀ ਜਿਹੜਾ ਜਿੱਤ ਹਾਸਿਲ ਕਰੇਗਾ ਇਨ੍ਹਾਂ ਲੋਕਾਂ ਵਾਂਗ ਹੀ ਚਿੱਟੇ ਵਸਤਰ ਪਹਿਨੇਗਾ। ਮੈਂ ਉਸ ਵਿਅਕਤੀ ਦਾ ਨਾਂ ਜੀਵਨ ਦੀ ਪੁਸਤਕ ਵਿੱਚੋਂ ਨਹੀਂ ਕੱਢਾਂਗਾ। ਮੈਂ ਆਪਣੇ ਪਿਤਾ ਅਤੇ ਉਸ ਦੇ ਦੂਤਾਂ ਦੇ ਸਨਮੁੱਖ ਆਖਾਂਗਾ ਕਿ ਉਹ ਮੇਰੇ ਨਾਲ ਸੰਬੰਧਿਤ ਹਨ। 6 ਹਰ ਵਿਅਕਤੀ ਜੋ ਸੁਣਦਾ ਹੈ ਉਸ ਨੂੰ ਉਹ ਸੁਣਨਾ ਚਾਹੀਦਾ ਹੈ ਜੋ ਆਤਮਾ ਕਲੀਸਿਯਾਵਾਂ ਨੂੰ ਆਖਦਾ ਹੈ।
ਯਿਸੂ ਦਾ ਫ਼ਿਲਦਲਫ਼ੀਏ ਦੀ ਕਲੀਸਿਯਾ ਨੂੰ ਪੱਤਰ
7 “ਫ਼ਿਲਦਲਫ਼ੀਏ ਵਿਖੇ ਕਲੀਸਿਯਾ ਦੇ ਦੂਤ ਨੂੰ ਇਹ ਲਿਖੋ:
“ਉਹ ਜਿਹੜਾ ਪਵਿੱਤਰ ਅਤੇ ਸੱਚਾ ਹੈ ਇਹ ਦੱਸ ਰਿਹਾ ਹੈ। ਉਸ ਦੇ ਕੋਲ ਦਾਊਦ ਦੀ ਕੁੰਜੀ ਹੈ। ਜਦੋਂ ਉਹ ਕੁਝ ਖੋਲ੍ਹਦਾ ਹੈ, ਉਸ ਨੂੰ ਕੋਈ ਵੀ ਬੰਦ ਨਹੀਂ ਕਰ ਸੱਕਦਾ। ਜਦੋਂ ਉਹ ਕੁਝ ਬੰਦ ਕਰਦਾ ਹੈ, ਕੋਈ ਵੀ ਉਸ ਨੂੰ ਖੋਲ੍ਹ ਨਹੀਂ ਸੱਕਦਾ। 8 ਮੈਂ ਜਾਣਦਾ ਹਾਂ ਤੁਸੀਂ ਕਿਹੜੀਆਂ ਗੱਲਾਂ ਕਰ ਰਹੇ ਹੋ। ਮੈਂ ਤੁਹਾਡੇ ਸਾਹਮਣੇ ਇੱਕ ਖੁਲ੍ਹਾ ਦਰਵਾਜ਼ਾ ਰੱਖ ਦਿੱਤਾ ਹੈ। ਕੋਈ ਵੀ ਵਿਅਕਤੀ ਇਸ ਨੂੰ ਬੰਦ ਨਹੀਂ ਕਰ ਸੱਕਦਾ। ਮੈਂ ਜਾਣਦਾ ਹਾਂ ਕਿ ਤੁਸੀਂ ਕਮਜ਼ੋਰ ਹੋ। ਪਰ ਤੁਸੀਂ ਮੇਰੀ ਸਿੱਖਿਆ ਤੇ ਅਮਲ ਕੀਤਾ ਹੈ। ਤੁਸੀਂ ਮੇਰਾ ਨਾਮ ਲੈਣ ਤੋਂ ਨਹੀਂ ਡਰਦੇ ਸੀ। 9 ਸੁਣੋ। ਇੱਥੇ ਕੁਝ ਲੋਕ ਹਨ ਜੋ ਸ਼ੈਤਾਨ ਦੇ ਪੂਜਾ ਸਥਾਨ ਨਾਲ ਸੰਬੰਧਿਤ ਹਨ। ਉਹ ਆਪਣੇ ਆਪ ਨੂੰ ਯਹੂਦੀ ਆਖਦੇ ਹਨ, ਪਰ ਉਹ ਝੂਠੇ ਹਨ। ਉਹ ਲੋਕ ਸੱਚੇ ਯਹੂਦੀ ਨਹੀਂ ਹਨ। ਮੈਂ ਉਨ੍ਹਾਂ ਲੋਕਾਂ ਨੂੰ ਤੁਹਾਡੇ ਸਾਹਮਣੇ ਲਿਆਵਾਂਗਾ ਅਤੇ ਤੁਹਾਡੇ ਕਦਮਾਂ ਤੇ ਝੁਕਾਵਾਂਗਾ। ਉਹ ਜਾਣ ਲੈਣਗੇ ਕਿ ਤੁਸੀਂ ਹੀ ਉਹ ਲੋਕ ਹੋ ਜਿਨ੍ਹਾਂ ਨੂੰ ਮੈਂ ਪਿਆਰ ਕੀਤਾ ਹੈ। 10 ਤੁਸੀਂ ਸਭ ਕੁਝ ਸਬਰ ਨਾਲ ਸਹਿਨ ਕਰਨ ਲਈ ਮੇਰੇ ਹੁਕਮ ਦੀ ਪਾਲਣਾ ਕੀਤੀ। ਇਸੇ ਲਈ ਮੈਂ ਪਰੱਖ ਦੇ ਸਮੇਂ ਤੋਂ ਤੁਹਾਡੀ ਰੱਖਿਆ ਕਰਾਂਗਾ ਜਿਹੜਾ ਸਾਰੀ ਦੁਨੀਆਂ ਉੱਤੇ ਆਵੇਗਾ। ਪਰੱਖ ਦਾ ਇਹ ਸਮਾਂ ਧਰਤੀ ਤੇ ਹਰੇਕ ਨੂੰ ਪਰੱਖਣ ਲਈ ਹੈ।
11 “ਮੈਂ ਜਲਦੀ ਹੀ ਆ ਰਿਹਾ ਹਾਂ। ਉਸੇ ਨੂੰ ਫ਼ੜੀ ਰੱਖੋ ਜੋ ਹੁਣ ਤੁਹਾਡੇ ਕੋਲ ਹੈ। ਫ਼ੇਰ ਕੋਈ ਵੀ ਵਿਅਕਤੀ ਤੁਹਾਡਾ ਤਾਜ ਨਹੀਂ ਖੋਹ ਸੱਕੇਗਾ। 12 ਜਿਹੜਾ ਵਿਅਕਤੀ ਜਿੱਤ ਪ੍ਰਾਪਤ ਕਰਦਾ ਹੈ ਉਹ ਮੇਰੇ ਪਰਮੇਸ਼ੁਰ ਦੇ ਮੰਦਰ ਦਾ ਥੰਮ ਹੋਵੇਗਾ। ਉਸ ਵਿਅਕਤੀ ਨੂੰ ਫ਼ੇਰ ਕਦੇ ਵੀ ਪਰਮੇਸ਼ੁਰ ਦਾ ਮੰਦਰ ਛੱਡਣਾ ਨਹੀਂ ਪਵੇਗਾ। ਮੈਂ ਆਪਣੇ ਪਰਮੇਸ਼ੁਰ ਦਾ ਨਾਮ ਉਸ ਵਿਅਕਤੀ ਤੇ ਲਿਖ ਦਿਆਂਗਾ। ਅਤੇ ਮੈਂ ਆਪਣੇ ਪਰਮੇਸ਼ੁਰ ਦੇ ਸ਼ਹਿਰ ਦਾ ਨਾਮ ਉਸ ਵਿਅਕਤੀ ਤੇ ਲਿਖ ਦਿਆਂਗਾ ਉਹ ਸ਼ਹਿਰ ਨਵਾਂ ਯਰੂਸ਼ਲਮ ਹੈ। ਇਹ ਸ਼ਹਿਰ ਮੇਰੇ ਪਿਤਾ ਵੱਲੋਂ ਸਵਰਗ ਵਿੱਚੋਂ ਆ ਰਿਹਾ ਹੈ। ਮੈਂ ਉਸ ਵਿਅਕਤੀ ਤੇ ਆਪਣਾ ਨਵਾਂ ਨਾਮ ਵੀ ਲਿਖ ਦਿਆਂਗਾ। 13 ਹਰ ਵਿਅਕਤੀ ਜੋ ਇਹ ਗੱਲਾਂ ਸੁਣਦਾ ਹੈ ਉਸ ਨੂੰ ਸੁਣਨਾ ਚਾਹੀਦਾ ਹੈ ਜੋ ਆਤਮਾ ਕਲੀਸਿਯਾਵਾਂ ਨੂੰ ਦੱਸਦਾ ਹੈ।
ਯਿਸੂ ਦਾ ਲਾਉਦਿਕੀਏ ਦੀ ਕਲੀਸਿਯਾ ਨੂੰ ਪੱਤਰ
14 “ਲਾਉਦਿਕੀਏ ਵਿਖੇ ਕਲੀਸਿਯਾ ਦੇ ਦੂਤ ਨੂੰ ਇਹ ਲਿਖੋ:
“ਉਹ ਇੱਕ ਜਿਹੜਾ “ਆਮੀਨ” ਹੈ ਇਹ ਗੱਲਾਂ ਤੁਹਾਨੂੰ ਦੱਸ ਰਿਹਾ ਹੈ। ਉਹ ਵਫ਼ਾਦਾਰ ਅਤੇ ਸੱਚਾ ਗਵਾਹ ਹੈ। ਉਹ ਉਨ੍ਹਾਂ ਸਭ ਦੇਸ਼ਾਂ ਦਾ ਹਾਕਮ ਹੈ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਸਾਜਿਆ ਹੈ। ਉਹ ਇਹ ਗੱਲਾਂ ਆਖਦਾ ਹੈ।
15 “ਮੈਂ ਤੁਹਾਡੀਆਂ ਕਰਨੀਆਂ ਨੂੰ ਜਾਣਦਾ ਹਾਂ। ਨਾ ਹੀ ਤੁਸੀਂ ਗਰਮ ਹੋ ਤੇ ਨਾ ਹੀ ਠੰਡੇ ਹੋ। ਮੈਂ ਇੱਛਾ ਕਰਦਾ ਹਾਂ ਕਿ ਜਾਂ ਤਾਂ ਤੁਸੀਂ ਠੰਡੇ ਸੀ ਜਾਂ ਗਰਮ। 16 ਪਰ ਤੁਸੀਂ ਸਿਰਫ਼ ਕੋਸੇ ਹੋ—ਨਾ ਗਰਮ ਨਾ ਸਰਦ। ਇਸ ਲਈ ਮੈਂ ਤੁਹਾਨੂੰ ਆਪਣੇ ਮੂੰਹ ਵਿੱਚੋਂ ਬਾਹਰ ਥੁੱਕਣ ਲਈ ਤਿਆਰ ਹਾਂ। 17 ਤੁਸੀਂ ਆਖਦੇ ਹੋ ਕਿ ਤੁਸੀਂ ਅਮੀਰ ਹੋ। ਤੁਸੀਂ ਸੋਚਦੇ ਹੋ ਕਿ ਤੁਸੀਂ ਅਮੀਰ ਬਣ ਗਏ ਹੋ ਅਤੇ ਤੁਹਾਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਪਰ ਤੁਹਾਨੂੰ ਪਤਾ ਨਹੀਂ ਕਿ ਤੁਸੀਂ ਦੁੱਖੀ, ਮੰਦਭਾਗੇ, ਕੰਗਾਲ, ਅੰਨ੍ਹੇ ਅਤੇ ਨੰਗੇ ਹੋ। 18 ਮੈਂ ਤੁਹਾਨੂੰ ਸਲਾਹ ਦਿੰਦਾ ਹਾਂ ਕਿ ਤੁਸੀਂ ਮੇਰੇ ਪਾਸੋਂ ਸੋਨਾ ਖਰੀਦੋ ਅੱਗ ਵਿੱਚ ਸ਼ੁੱਧ ਕੀਤਾ ਹੋਇਆ ਸੋਨਾ। ਫ਼ੇਰ ਤੁਸੀਂ ਸੱਚਮੁੱਚ ਅਮੀਰ ਹੋ ਸੱਕੋਂਗੇ। ਮੈਂ ਤੁਹਾਨੂੰ ਇਹ ਦੱਸਦਾ ਹਾਂ; ਉਹ ਕੱਪੜੇ ਖਰੀਦੋ ਜਿਹੜੇ ਸਫ਼ੇਦ ਹਨ। ਫ਼ੇਰ ਤੁਸੀਂ ਆਪਣਾ ਬੇਸ਼ਰਮੀ ਭਰਿਆ ਨੰਗ ਢੱਕ ਸੱਕੋਂਗੇ। ਮੈਂ ਤੁਹਾਨੂੰ ਇਹ ਵੀ ਆਖਦਾ ਹਾਂ ਕਿ ਆਪਣੀਆਂ ਅੱਖਾਂ ਵਿੱਚ ਪਾਉਣ ਲਈ ਦਵਾਈ ਖਰੀਦੋ। ਫ਼ੇਰ ਤੁਸੀਂ ਸੱਚਮੁੱਚ ਦੇਖ ਸੱਕੋਂਗੇ।
19 “ਮੈਂ ਉਨ੍ਹਾਂ ਲੋਕਾਂ ਨੂੰ ਝਿੜਕਦਾ ਅਤੇ ਅਨੁਸ਼ਾਸਿਤ ਕਰਦਾ ਹਾਂ ਜਿਨ੍ਹਾਂ ਨੂੰ ਮੈਂ ਪਿਆਰ ਕਰਦਾ ਹਾਂ। ਇਸ ਲਈ ਸਖਤ ਕੋਸ਼ਿਸ਼ ਕਰਨੀ ਅਰੰਭ ਕਰੋ। ਆਪਣੇ ਦਿਲਾਂ ਅਤੇ ਜ਼ਿੰਦਗੀਆਂ ਨੂੰ ਬਦਲੋ। 20 ਇਹ ਮੈਂ ਹਾਂ! ਮੈਂ ਦਰਵਾਜ਼ੇ ਤੇ ਖਲੋਤਾ ਹੋਇਆ ਦਸਤਕ ਦੇ ਰਿਹਾ ਹਾਂ। ਜੇਕਰ ਕੋਈ ਮੇਰੀ ਅਵਾਜ਼ ਸੁਣਕੇ ਦਰਵਾਜ਼ਾ ਖੋਲ੍ਹ ਦਿੰਦਾ ਹੈ, ਮੈਂ ਅੰਦਰ ਆਵਾਂਗਾ, ਅਤੇ ਅਸੀਂ ਇਕੱਠੇ ਖਾਵਾਂਗੇ। ਅਤੇ ਉਹ ਵਿਅਕਤੀ ਮੇਰੇ ਨਾਲ ਭੋਜਨ ਕਰੇਗਾ।
21 “ਹਰ ਉਸ ਵਿਅਕਤੀ ਨੂੰ ਜਿਹੜਾ ਜਿੱਤ ਪ੍ਰਾਪਤ ਕਰਦਾ ਹੈ ਮੈਂ ਆਪਣੇ ਨਾਲ ਤਖਤ ਤੇ ਬਿਠਾਵਾਂਗਾ ਮੇਰੇ ਨਾਲ ਵੀ ਇਵੇਂ ਹੀ ਹੋਇਆ ਸੀ। ਮੈਂ ਜਿੱਤ ਪ੍ਰਾਪਤ ਕੀਤੀ ਅਤੇ ਆਪਣੇ ਪਿਤਾ ਨਾਲ ਉਸ ਦੇ ਤਖਤ ਤੇ ਬੈਠ ਗਿਆ। 22 ਹਰ ਵਿਅਕਤੀ ਜੋ ਇਹ ਗੱਲਾਂ ਸੁਣਦਾ ਹੈ ਉਸ ਨੂੰ ਸੁਣਨਾ ਚਾਹੀਦਾ ਹੈ ਜੋ ਆਤਮਾ ਕਲੀਸਿਯਾਵਾਂ ਨੂੰ ਦੱਸ ਰਿਹਾ ਹੈ।”
2010 by World Bible Translation Center