M’Cheyne Bible Reading Plan
ਪਸਹ
16 “ਅਬੀਬ ਦੇ ਮਹੀਨੇ ਨੂੰ ਚੇਤੇ ਰੱਖੋ। ਉਸ ਸਮੇਂ ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਦੇ ਆਦਰ ਵਿੱਚ ਪਸਹ ਦਾ ਜਸ਼ਨ ਮਨਾਉਣਾ ਚਾਹੀਦਾ ਹੈ। ਕਿਉਂਕਿ ਉਸ ਮਹੀਨੇ ਅੰਦਰ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਰਾਤ ਵੇਲੇ ਮਿਸਰ ਤੋਂ ਬਾਹਰ ਲੈ ਆਇਆ ਸੀ। 2 ਤੁਹਾਨੂੰ ਉਸ ਸਥਾਨ ਉੱਤੇ ਜਾਣਾ ਚਾਹੀਦਾ ਹੈ ਜਿਸ ਨੂੰ ਯਹੋਵਾਹ ਆਪਣਾ ਨਾਮ ਰੱਖਣ ਲਈ ਚੁਣੇਗਾ। ਉੱਥੇ ਤੁਹਾਨੂੰ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਪਸਹ ਦੀ ਬਲੀ ਚੜ੍ਹਾਉਣੀ ਚਾਹੀਦੀ ਹੈ। ਤੁਹਾਨੂੰ ਆਪਣੇ ਵੱਗ ਜਾਂ ਇੱਜੜ ਵਿੱਚੋਂ ਇੱਕ ਜਾਨਵਰ ਨੂੰ ਭੇਟ ਕਰਨਾ ਚਾਹੀਦਾ ਹੈ। 3 ਇਸ ਬਲੀ ਦੇ ਨਾਲ ਉਹ ਰੋਟੀ ਨਾ ਖਾਉ ਜਿਹੜੀ ਖਮੀਰੀ ਰੋਟੀ ਹੋਵੇ। ਤੁਹਾਨੂੰ ਸੱਤ ਦਿਨ ਤੱਕ ਪਤੀਰੀ ਰੋਟੀ ਖਾਣੀ ਚਾਹੀਦੀ ਹੈ। ਇਸ ਰੋਟੀ ਨੂੰ ‘ਮੁਸੀਬਤ ਦੀ ਰੋਟੀ’ ਆਖਦੇ ਹਨ। ਇਹ ਤੁਹਾਨੂੰ ਉਨ੍ਹਾਂ ਮੁਸੀਬਤਾਂ ਨੂੰ ਚੇਤੇ ਰੱਖਣ ਵਿੱਚ ਸਹਾਇਤਾ ਕਰੇਗੀ। ਜਿਹੜੀਆਂ ਤੁਸੀਂ ਮਿਸਰ ਵਿੱਚ ਝੱਲੀਆਂ ਸਨ। ਯਾਦ ਕਰੋ ਕਿੰਨੀ ਕਾਹਲੀ ਵਿੱਚ ਤੁਹਾਨੂੰ ਉਹ ਦੇਸ਼ ਛੱਡਣ ਪਿਆ ਸੀ। ਜਦੋਂ ਤੱਕ ਤੁਸੀਂ ਜਿਉਂਦੇ ਹੋ ਤੁਹਾਨੂੰ ਉਹ ਦਿਨ ਯਾਦ ਰੱਖਣਾ ਚਾਹੀਦਾ ਹੈ। 4 ਸਾਰੇ ਦੇਸ਼ ਵਿੱਚ ਕਿਸੇ ਵੀ ਘਰ ਅੰਦਰ ਸੱਤ ਦਿਨਾਂ ਤੱਕ ਕੋਈ ਖਮੀਰ ਨਹੀਂ ਹੋਣਾ ਚਾਹੀਦਾ ਅਤੇ ਇਹ ਵੀ ਕਿ ਉਹ ਸਾਰਾ ਮਾਸ ਜਿਹੜਾ ਤੁਸੀਂ ਪਹਿਲੇ ਦਿਨ ਦੀ ਸ਼ਾਮ ਨੂੰ ਬਲੀ ਚੜ੍ਹਾਉਂਦੇ ਹੋ ਸਵੇਰ ਤੋਂ ਪਹਿਲਾਂ ਖਾਧਾ ਜਾਣਾ ਚਾਹੀਦਾ ਹੈ।
5 “ਤੁਹਾਨੂੰ ਚਾਹੀਦਾ ਹੈ ਕਿ ਪਸਹ ਦੇ ਜਾਨਵਰ ਦੀ ਬਲੀ ਕਿਸੇ ਵੀ ਉਸ ਕਸਬੇ ਵਿੱਚ ਨਾ ਦਿਉ ਜਿਸ ਨੂੰ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦਿੰਦਾ ਹੈ। 6 ਤੁਹਾਨੂੰ ਪਸਹ ਦੇ ਜਾਨਵਰਾਂ ਦੀ ਬਲੀ ਸਿਰਫ਼ ਉਸੇ ਥਾਂ ਉੱਤੇ ਚੜ੍ਹਾਉਣੀ ਚਾਹੀਦੀ ਹੈ ਜਿਸਦੀ ਚੋਣ ਯਹੋਵਾਹ, ਤੁਹਾਡਾ ਪਰਮੇਸ਼ੁਰ, ਆਪਣੇ ਨਾਮ ਦੀ ਰਿਹਾਇਸ਼ ਦੇ ਸਥਾਨ ਵਜੋਂ ਕਰੇ। ਉੱਥੇ ਤੁਸੀਂ ਪਸਹ ਦੇ ਜਾਨਵਰ ਦੀ ਬਲੀ ਸੂਰਜ ਛੁਪਣ ਤੋਂ ਪਹਿਲਾਂ ਚੜ੍ਹਾਵੋਂਗੇ। ਇਹ ਪਰਬ ਤੁਹਾਨੂੰ ਉਸ ਦਿਨ ਦੀ ਯਾਦ ਕਰਾਵੇਗਾ ਜਿਸ ਦਿਨ ਪਰਮੇਸ਼ੁਰ ਤੁਹਾਨੂੰ ਮਿਸਰ ਵਿੱਚੋਂ ਬਾਹਰ ਲਿਆਇਆ ਸੀ। 7 ਤੁਹਾਨੂੰ ਪਸਹ ਦਾ ਮਾਸ ਉਸ ਸਥਾਨ ਉੱਤੇ ਰਿਂਨਣਾ ਚਾਹੀਦਾ ਹੈ ਜਿਸਦੀ ਚੋਣ ਯਹੋਵਾਹ, ਤੁਹਾਡਾ ਪਰਮੇਸ਼ੁਰ ਕਰੇਗਾ। ਫ਼ੇਰ ਸਵੇਰ ਵੇਲੇ ਤੁਸੀਂ ਵਾਪਸ ਘਰ ਜਾ ਸੱਕਦੇ ਹੋ। 8 ਤੁਹਾਨੂੰ ਛੇ ਦਿਨ ਤੱਕ ਬਿਨਾ ਖਮੀਰ ਵਾਲੀ ਰੋਟੀ ਜ਼ਰੂਰ ਖਾਣੀ ਚਾਹੀਦੀ ਹੈ। ਸੱਤਵੇ ਦਿਨ ਤੁਹਾਨੂੰ ਕੋਈ ਕੰਮ ਨਹੀਂ ਕਰਨਾ ਚਾਹੀਦਾ। ਇਸ ਦਿਨ ਲੋਕ ਯਹੋਵਾਹ, ਆਪਣੇ ਪਰਮੇਸ਼ੁਰ ਦੇ ਆਦਰ ਵਿੱਚ ਖਾਸ ਸਭਾ ਵਿੱਚ ਇਕੱਠੇ ਹੋਣਗੇ।
ਹਫ਼ਤਿਆਂ ਦਾ ਪਰਬ (ਪੁਂਤੇਕੁਸਤ)
9 “ਤੁਹਾਨੂੰ ਅਨਾਜ ਦੀ ਵਾਢੀ ਵਾਲੇ ਦਿਨ ਤੋਂ ਸੱਤ ਹਫ਼ਤੇ ਗਿਨਣੇ ਚਾਹੀਦੇ ਹਨ। 10 ਫ਼ੇਰ ਯਹੋਵਾਹ, ਆਪਣੇ ਪਰਮੇਸ਼ੁਰ ਲਈ ਹਫ਼ਤਿਆਂ ਦਾ ਪਰਬ ਮਨਾਉ। ਇਸ ਨੂੰ ਮਨਾਉਣ ਲਈ ਆਪਣੀ ਮਨ ਮਰਜ਼ੀ ਦੀ ਕੋਈ ਖਾਸ ਸੁਗਾਤ ਲੈ ਕੇ ਆਉ। ਇਹ ਨਿਆਂ ਇਹ ਸੋਚਦਿਆਂ ਹੋਇਆ ਕਰੋ ਕਿ ਯਹੋਵਾਹ, ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਕਿੰਨੀ ਕੁ ਬਰਕਤ ਦਿੱਤੀ। 11 ਉਸ ਸਥਾਨ ਉੱਤੇ ਜਾਉ ਜਿਸ ਨੂੰ ਯਹੋਵਾਹ ਆਪਣੇ ਨਾਮ ਦੀ ਰਿਹਾਇਸ਼ ਦੇ ਸਥਾਨ ਵਜੋਂ ਚੁਣੇਗਾ। ਤੈਨੂੰ ਅਤੇ ਤੁਹਾਡੇ ਲੋਕਾਂ ਨੂੰ ਉੱਥੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਸਾਹਮਣੇ ਆਨੰਦ ਮਾਨਣਾ ਚਾਹੀਦਾ। ਆਪਣੇ ਨਾਲ, ਆਪਣੇ ਪੁੱਤਰਾਂ, ਧੀਆਂ, ਆਪਣੇ ਸਾਰੇ ਨੌਕਰਾਂ, ਲੇਵੀਆਂ, ਵਿਦੇਸ਼ੀਆਂ, ਯਤੀਮਾਂ ਅਤੇ ਵਿਧਵਾਵਾਂ ਨੂੰ ਲੈ ਜਾਉ ਜਿਹੜੀਆਂ ਤੁਹਾਡੇ ਨਗਰਾਂ ਵਿੱਚ ਰਹਿੰਦੀਆਂ ਹਨ। 12 ਯਾਦ ਰੱਖੋ, ਮਿਸਰ ਵਿੱਚ ਤੁਸੀਂ ਗੁਲਾਮ ਸੀ। ਇਸ ਲਈ ਇਨ੍ਹਾਂ ਕਨੂੰਨਾ ਨੂੰ ਜ਼ਰੂਰ ਮੰਨੋ।
ਡੇਰਿਆ ਦਾ ਪਰਬ
13 “ਖਲਵਾੜੇ ਵਿੱਚੋਂ ਅਤੇ ਵਾਈਨ ਪ੍ਰੈਸ ਵਿੱਚੋਂ ਆਪਣੀ ਫ਼ਸਲ ਇਕੱਠੀ ਕਰਨ ਦੇ ਸੱਤ ਦਿਨ ਬਾਦ ਤੁਹਾਨੂੰ ਡੇਰਿਆਂ ਦਾ ਪਰਬ ਮਨਾਉਣਾ ਚਾਹੀਦਾ ਹੈ। 14 ਸਾਰੇ ਮਿਲਕੇ ਇਸ ਤਿਉਹਾਰ ਦਾ ਆਨੰਦ ਮਾਣੋ-ਤੁਸੀਂ, ਤੁਹਾਡੇ ਪੁੱਤਰ, ਤੁਹਾਡੀਆਂ ਧੀਆਂ, ਤੁਹਾਡੇ ਸਾਰੇ ਨੌਕਰ ਅਤੇ ਲੇਵੀ, ਵਿਦੇਸ਼ੀ, ਯਤੀਮ ਅਤੇ ਵਿਧਵਾਵਾਂ ਜਿਹੜੇ ਵੀ ਤੁਹਾਡੇ ਕਸਬੇ ਵਿੱਚ ਰਹਿੰਦੇ ਹਨ। 15 ਯਹੋਵਾਹ ਦੁਆਰਾ ਚੁਣੇ ਹੋਏ ਸਥਾਨ ਉੱਤੇ ਸੱਤਾਂ ਦਿਨਾਂ ਤੱਕ ਇਹ ਪਰਬ ਮਨਾਉ। ਅਜਿਹਾ ਕਰੋ ਕਿ ਯਹੋਵਾਹ, ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਤੁਹਾਡੀਆਂ ਫ਼ਸਲਾਂ ਵਿੱਚ ਅਤੇ ਤੁਹਾਡੀਆਂ ਸਾਰੀਆਂ ਕਰਨੀਆਂ ਵਿੱਚ ਬਰਕਤ ਦਿੱਤੀ ਹੈ। ਇਸ ਲਈ ਤੁਹਾਨੂੰ ਆਨੰਦ ਮਾਨਣਾ ਚਾਹੀਦਾ ਹੈ।
16 “ਸਾਲ ਵਿੱਚ ਤਿੰਨ ਵਾਰੀ ਤੁਹਾਡੇ ਸਾਰੇ ਆਦਮੀਆਂ ਨੂੰ ਯਹੋਵਾਹ, ਆਪਣੇ ਪਰਮੇਸ਼ੁਰ ਨੂੰ ਮਿਲਣ ਵਾਸਤੇ ਉਸ ਦੇ ਚੁਣੇ ਹੋਏ ਖਾਸ ਸਥਾਨ ਉੱਤੇ ਆਉਣਾ ਚਾਹੀਦਾ ਹੈ। ਉਨ੍ਹਾਂ ਨੂੰ ਪਤੀਰੀ ਰੋਟੀ ਦੇ ਪਰਬ ਅਤੇ ਹਫ਼ਤਿਆਂ ਦੇ ਪਰਬ ਉੱਤੇ ਅਤੇ ਡੇਰਿਆਂ ਦੇ ਪਰਬ ਉੱਤੇ ਜ਼ਰੂਰ ਆਉਣਾ ਚਾਹੀਦਾ ਹੈ। ਹਰ ਉਹ ਬੰਦਾ ਜਿਹੜਾ ਯਹੋਵਾਹ ਨੂੰ ਮਿਲਣ ਆਉਂਦਾ ਹੈ ਕੋਈ ਸੁਗਾਤ ਜ਼ਰੂਰ ਲੈ ਕੇ ਆਵੇ। 17 ਹਰ ਬੰਦਾ ਆਪਣੀ ਸਮਰਥਾ ਅਨੁਸਾਰ ਦਾਨ ਕਰੇ। ਉਸ ਨੂੰ ਇਹ ਸੋਚਦਿਆਂ ਹੋਇਆ ਦਾਨ ਬਾਰੇ ਨਿਆਂ ਕਰਨਾ ਚਾਹੀਦਾ ਹੈ ਕਿ ਯਹੋਵਾਹ ਨੇ ਉਸ ਨੂੰ ਕਿੰਨਾ ਕੁਝ ਦਿੱਤਾ ਹੈ।
ਲੋਕਾਂ ਵਾਸਤੇ ਨਿਆਂਕਾਰ ਅਤੇ ਅਧਿਕਾਰੀ
18 “ਹਰ ਉਸ ਨਗਰ ਵਿੱਚ, ਜਿਹੜਾ ਯਹੋਵਾਹ, ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇਵੇਗਾ, ਕੁਝ ਲੋਕਾਂ ਨੂੰ ਆਪਣੇ ਪਰਿਵਾਰਾਂ ਲਈ ਨਿਆਂਕਾਰਾਂ ਅਤੇ ਅਧਿਕਾਰੀਆਂ ਵਜੋਂ ਚੁਣੋ। ਹਰ ਪਰਿਵਾਰ-ਸਮੂਹ ਨੂੰ ਅਜਿਹਾ ਕਰਨਾ ਚਾਹੀਦਾ ਹੈ। ਅਤੇ ਉਹ ਸਾਰੇ ਲੋਕ ਜੋ ਨਿਆਂ ਕਰਨ, ਨਿਰਪੱਖ ਹੋਣੇ ਚਾਹੀਦੇ ਹਨ। 19 ਤੁਹਾਨੂੰ ਹਮੇਸ਼ਾ ਨਿਰਪੱਖ ਹੋਣਾ ਚਾਹੀਦਾ ਹੈ। ਤੁਹਾਨੂੰ ਕੁਝ ਲੋਕਾਂ ਨਾਲ ਹੋਰਨਾਂ ਦੇ ਮੁਕਾਬਲੇ ਰਿਆਇਤ ਨਹੀਂ ਕਰਨੀ ਚਾਹੀਦੀ। ਤੁਹਾਨੂੰ ਵੱਢੀ ਲੈ ਕੇ ਫ਼ੈਸਲਾ ਬਦਲਣਾ ਨਹੀਂ ਚਾਹੀਦਾ। ਪੈਸਾ ਸਿਆਣੇ ਲੋਕਾਂ ਦੀਆਂ ਅੱਖਾਂ ਅੰਨ੍ਹੀਆਂ ਕਰ ਦਿੰਦਾ ਹੈ ਅਤੇ ਚੰਗੇ ਬੰਦੇ ਦੀ ਗਵਾਹੀ ਨੂੰ ਬਦਲ ਦਿੰਦਾ ਹੈ। 20 ਨੇਕੀ ਅਤੇ ਨਿਰਪੱਖਤਾ! ਤੁਹਾਨੂੰ ਹਮੇਸ਼ਾ ਨੇਕ ਅਤੇ ਨਿਰਪੱਖ ਹੋਣ ਲਈ ਸਖਤ ਮਿਹਨਤ ਕਰਨੀ ਚਾਹੀਦੀ ਹੈ। ਫ਼ੇਰ ਤੁਸੀਂ ਹਮੇਸ਼ਾ ਉਸ ਧਰਤੀ ਵਿੱਚ ਰਹੋਂਗੇ, ਜਿਹੜੀ ਯਹੋਵਾਹ, ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇ ਰਿਹਾ ਹੈ।
ਪਰਮੇਸ਼ੁਰ ਬੁੱਤਾਂ ਨੂੰ ਨਫ਼ਰਤ ਕਰਦਾ ਹੈ
21 “ਜਦੋਂ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ ਲਈ ਜਗਵੇਦੀ ਉਸਾਰੋ, ਇਸਦੇ ਨੇੜੇ ਅਸ਼ੇਰਾਹ [a] ਦੇ ਥੰਮ ਵਜੋਂ ਕੋਈ ਵੀ ਰੁੱਖ ਨਾ ਲਾਵੋ। 22 ਅਤੇ ਤੁਹਾਨੂੰ ਝੂਠੇ ਦੇਵਤਿਆਂ ਦੀ ਉਪਾਸਨਾ ਲਈ ਖਾਸ ਪੱਥਰ ਵੀ ਨਹੀਂ ਸਥਾਪਿਤ ਕਰਨੇ ਚਾਹੀਦੇ। ਯਹੋਵਾਹ, ਤੁਹਾਡਾ ਪਰਮੇਸ਼ੁਰ, ਇਨ੍ਹਾਂ ਚੀਜ਼ਾਂ ਨੂੰ ਨਫ਼ਰਤ ਕਰਦਾ ਹੈ।
ਦਾਊਦ ਦਾ ਇੱਕ ਗੀਤ।
103 ਹੇ ਮੇਰੀ ਰੂਹ, ਯਹੋਵਾਹ ਦੀ ਉਸਤਤਿ ਕਰ।
ਮੇਰੇ ਜਿਸਮ ਦੇ ਸਾਰੇ ਅੰਗੋ, ਉਸ ਦੇ ਪਵਿੱਤਰ ਨਾਮ ਦੀ ਉਸਤਤਿ ਕਰੋ।
2 ਹੇ ਮੇਰੀ ਆਤਮਾ ਯਹੋਵਾਹ ਦੀ ਉਸਤਤਿ ਕਰ।
ਅਤੇ ਇਹ ਵੀ ਨਾ ਭੁੱਲੀ ਕਿ ਉਹ ਸੱਚਮੁੱਚ ਮਿਹਰਬਾਨ ਹੈ।
3 ਯਹੋਵਾਹ ਉਨ੍ਹਾਂ ਉੱਤੇ ਜਿਹੜੇ ਉਸਦੀ ਉਪਾਸਨਾ ਕਰਦੇ ਹਨ
ਉਸੇ ਤਰ੍ਹਾਂ ਦਯਾਵਾਨ ਹੈ ਜਿਵੇਂ ਇੱਕ ਪਿਤਾ ਆਪਣੇ ਬੱਚਿਆਂ ਉੱਤੇ ਦਯਾਵਾਨ ਹੁੰਦਾ ਹੈ।
4 ਪਰਮੇਸ਼ੁਰ ਸਾਡੀ ਜਿੰਦ ਨੂੰ ਕਬਰ ਪਾਸੋਂ ਬਚਾਉਂਦਾ ਹੈ।
ਅਤੇ ਉਹ ਸਾਨੂੰ ਆਪਣਾ ਪਿਆਰ ਅਤੇ ਹਮਦਰਦੀ ਦਿੰਦਾ ਹੈ।
5 ਪਰਮੇਸ਼ੁਰ ਬਹੁਤ ਸਾਰੀਆਂ ਸ਼ੁਭ ਚੀਜ਼ਾਂ ਦਿੰਦਾ ਹੈ।
ਉਹ ਸਾਨੂੰ ਇੱਕ ਵਾਰੇ ਫ਼ੇਰ ਬਾਜ ਵਾਂਗ ਜਵਾਨ ਬਣਾ ਦਿੰਦਾ ਹੈ।
6 ਯਹੋਵਾਹ ਬੇਲਾਗ ਹੈ।
ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਨਿਆਂ ਦਿੰਦਾ ਹੈ ਜਿਨ੍ਹਾਂ ਨੂੰ ਹੋਰ ਲੋਕਾਂ ਨੇ ਦੁੱਖ ਦਿੱਤੇ ਹਨ।
7 ਪਰਮੇਸ਼ੁਰ ਨੇ ਮੂਸਾ ਨੂੰ ਆਪਣੇ ਨੇਮ ਸਿੱਖਾਏ।
ਪਰਮੇਸ਼ੁਰ ਨੇ ਇਸਰਾਏਲ ਨੂੰ ਦਿਖਾ ਦਿੱਤਾ ਕਿ ਉਹ ਕਿੰਨੀਆਂ ਸ਼ਕਤੀਸ਼ਾਲੀ ਗੱਲਾਂ ਕਰ ਸੱਕਦਾ ਹੈ।
8 ਯਹੋਵਾਹ ਦਯਾਵਾਨ ਅਤੇ ਰਹਿਮ ਕਰਨ ਵਾਲਾ ਹੈ।
ਉਹ ਧੀਰਜ ਅਤੇ ਪਿਆਰ ਨਾਲ ਭਰਪੂਰ ਹੈ।
9 ਯਹੋਵਾਹ ਸਦਾ ਨੁਕਤਾਚੀਨੀ ਨਹੀਂ ਕਰਦਾ ਪਰਮੇਸ਼ੁਰ ਸਾਡੇ ਉੱਤੇ ਸਦਾ ਕ੍ਰੋਧਵਾਨ ਨਹੀਂ ਰਹਿੰਦਾ।
10 ਅਸੀਂ ਪਰਮੇਸ਼ੁਰ ਦੇ ਵਿਰੁੱਧ ਗੁਨਾਹ ਕੀਤੇ
ਪਰ ਉਸ ਨੇ ਸਾਨੂੰ ਦੰਡ ਨਹੀਂ ਦਿੱਤਾ ਜਿਸਦੇ ਅਸੀਂ ਅਧਿਕਾਰੀ ਸਾਂ।
11 ਪਰਮੇਸ਼ੁਰ ਦਾ ਆਪਣੇ ਚੇਲਿਆਂ ਲਈ ਪਿਆਰ ਸਾਡੇ ਨਾਲੋਂ ਇੰਨਾ ਉੱਚਾ ਹੈ
ਜਿੰਨਾ ਧਰਤੀ ਕੋਲੋਂ ਅਕਾਸ਼ ਉੱਚਾ ਹੈ।
12 ਅਤੇ ਪਰਮੇਸ਼ੁਰ ਨੇ ਸਾਡੇ ਗੁਨਾਹ ਇੰਨੇ ਦੂਰ ਸੁੱਟ ਦਿੱਤੇ ਹਨ
ਜਿੰਨਾ ਪੱਛਮ ਪੂਰਬ ਤੋਂ ਦੂਰ ਹੈ।
13 ਯਹੋਵਾਹ ਉਨ੍ਹਾਂ ਉੱਤੇ ਜਿਹੜੇ ਉਸਦੀ ਉਪਾਸਨਾ ਕਰਦੇ ਹਨ
ਉਸੇ ਤਰ੍ਹਾਂ ਦਿਆਲੂ ਹੈ ਜਿਵੇਂ ਇੱਕ ਪਿਤਾ ਆਪਣੇ ਬੱਚਿਆਂ ਉੱਤੇ ਦਯਾਲੂ ਹੁੰਦਾ ਹੈ।
14 ਪਰਮੇਸ਼ੁਰ ਸਾਡੇ ਬਾਰੇ ਸਭ ਕੁਝ ਜਾਣਦਾ ਹੈ।
ਪਰਮੇਸ਼ੁਰ ਜਾਣਦਾ ਹੈ ਕਿ ਅਸੀਂ ਖਾਕ ਤੋਂ ਸਾਜੇ ਗਏ ਸਾਂ।
15 ਪਰਮੇਸ਼ੁਰ ਜਾਣਦਾ ਹੈ ਕਿ ਸਾਡੀਆਂ ਜ਼ਿੰਦਗੀਆਂ ਛੋਟੀਆਂ ਹਨ।
ਉਹ ਜਾਣਦਾ ਹੈ ਕਿ ਸਾਡੀਆਂ ਉਮਰਾਂ ਘਾਹ ਵਰਗੀਆਂ ਹਨ।
16 ਪਰਮੇਸ਼ੁਰ ਜਾਣਦਾ ਹੈ ਕਿ ਅਸੀਂ ਇੱਕ ਨਿੱਕੇ ਜੰਗਲੀ ਫ਼ੁੱਲ ਵਰਗੇ ਹਾਂ, ਉਹ ਫ਼ੁੱਲ ਬਹੁਤ ਛੇਤੀ ਉੱਗਦਾ ਹੈ।
ਫ਼ੇਰ ਗਰਮ ਹਵਾ ਵੱਗਦੀ ਹੈ ਅਤੇ ਉਹ ਫ਼ੁੱਲ ਮਰ ਜਾਂਦਾ ਹੈ।
ਛੇਤੀ ਹੀ, ਤੁਸੀਂ ਇਹ ਵੀ ਨਹੀਂ ਦੱਸ ਸੱਕੋਂਗੇ ਕਿ ਫ਼ੁੱਲ ਕਿੱਥੇ ਉੱਗਿਆ ਸੀ।
17 ਪਰ ਯਹੋਵਾਹ ਨੇ ਸਦਾ ਆਪਣੇ ਅਨੁਯਾਈਆਂ ਨੂੰ ਪਿਆਰ ਕੀਤਾ ਹੈ।
ਅਤੇ ਉਹ ਸਦਾ-ਸਦਾ ਲਈ ਆਪਣੇ ਅਨੁਯਾਈਆਂ ਨੂੰ ਪਿਆਰ ਕਰਦਾ ਰਹੇਗਾ।
ਪਰਮੇਸ਼ੁਰ ਉਨ੍ਹਾਂ ਦੇ ਬੱਚਿਆਂ ਦਾ ਅਤੇ ਉਨ੍ਹਾਂ ਦੇ ਬੱਚਿਆਂ ਦੇ ਬੱਚਿਆਂ ਦਾ ਭਲਾ ਕਰੇਗਾ।
18 ਪਰਮੇਸ਼ੁਰ ਉਨ੍ਹਾਂ ਲੋਕਾਂ ਦਾ ਭਲਾ ਕਰਦਾ ਹੈ ਜਿਹੜੇ ਉਸ ਦੇ ਕਰਾਰ ਉੱਤੇ ਚੱਲਦੇ ਹਨ।
ਪਰਮੇਸ਼ੁਰ ਉਨ੍ਹਾਂ ਲੋਕਾਂ ਦਾ ਭਲਾ ਕਰਦਾ ਹੈ ਜਿਹੜੇ ਉਸ ਦੇ ਹੁਕਮ ਮੰਨਦੇ ਹਨ।
19 ਪਰਮੇਸ਼ੁਰ ਦਾ ਤਖਤ ਸਵਰਗਾਂ ਵਿੱਚ ਹੈ।
ਅਤੇ ਉਹ ਹਰ ਸ਼ੈਅ ਉੱਤੇ ਰਾਜ ਕਰਦਾ ਹੈ।
20 ਹੇ ਦੂਤੋਂ, ਯਹੋਵਾਹ ਦੀ ਉਸਤਤਿ ਕਰੋ। ਹੇ ਦੂਤੋਂ,
ਤੁਸੀਂ ਸ਼ਕਤੀਸ਼ਾਲੀ ਸਿਪਾਹੀ ਹੋ ਜਿਹੜੇ ਪਰਮੇਸ਼ੁਰ ਦੇ ਹੁਕਮ ਮੰਨਦੇ ਹਨ।
ਤੁਸੀਂ ਪਰਮੇਸ਼ੁਰ ਨੂੰ ਸੁਣਦੇ ਹੋ ਅਤੇ ਉਸ ਦੇ ਉਪਦੇਸ਼ਾਂ ਦੀ ਪਾਲਣਾ ਕਰਦੇ ਹੋ।
21 ਯਹੋਵਾਹ ਦੀਉ ਸਮੂਹ ਸੈਨਾਉ ਉਸਦੀ ਉਸਤਤਿ ਕਰੋ।
ਤੁਸੀਂ ਉਸ ਦੇ ਸੇਵਕ ਹੋ, ਤੁਸੀਂ ਉਹੀ ਕਰਦੇ ਹੋ
ਜੋ ਪਰਮੇਸ਼ੁਰ ਚਾਹੁੰਦਾ ਹੈ।
22 ਯਹੋਵਾਹ ਨੇ ਹਰ ਥਾਂ ਹਰ ਸ਼ੈਅ ਬਣਾਈ। ਯਹੋਵਾਹ ਹਰ ਜਗ਼੍ਹਾ ਹਰ ਸ਼ੈਅ ਉੱਤੇ ਰਾਜ ਕਰਦਾ ਹੈ।
ਅਤੇ ਉਨ੍ਹਾਂ ਚੀਜ਼ਾਂ ਨੂੰ ਯਹੋਵਾਹ ਦੀ ਉਸਤਤਿ ਕਰਨੀ ਚਾਹੀਦੀ ਹੈ।
ਹੇ ਮੇਰੀ ਆਤਮਾ ਯਹੋਵਾਹ ਦੀ ਉਸਤਤਿ ਕਰ।
ਪਰਮੇਸ਼ੁਰ ਹਮੇਸ਼ਾ ਆਪਣੇ ਬੰਦਿਆਂ ਦੇ ਅੰਗ-ਸੰਗ ਹੁੰਦਾ ਹੈ
43 ਯਾਕੂਬ, ਤੈੈਨੂੰ ਯਹੋਵਾਹ ਨੇ ਸਾਜਿਆ ਸੀ। ਇਸਰਾਏਲ, ਯਹੋਵਾਹ ਨੇ ਤੈਨੂੰ ਬਣਾਇਆ ਸੀ। ਅਤੇ ਹੁਣ ਯਹੋਵਾਹ ਆਖਦਾ ਹੈ, “ਭੈਭੀਤ ਨਾ ਹੋਵੋ! ਮੈਂ ਤੈਨੂੰ ਬਚਾਇਆ। ਮੈਂ ਤੈਨੂੰ ਨਾਮ ਦਿੱਤਾ। ਤੂੰ ਮੇਰਾ ਹੈਂ। 2 ਜਦੋਂ ਤੇਰੇ ਉੱਪਰ ਮੁਸੀਬਤ ਪੈਂਦੀ ਹੈ ਤਾਂ ਮੈਂ ਤੇਰੇ ਨਾਲ ਹੁੰਦਾ ਹਾਂ। ਜਦੋਂ ਤੂੰ ਨਦੀਆਂ ਪਾਰ ਕਰਁੇਗਾ ਤੈਨੂੰ ਕੋਈ ਨੁਕਸਾਨ ਨਹੀਂ ਪੁੱਜੇਗਾ। ਜਦੋਂ ਤੂੰ ਅੱਗ ਵਿੱਚੋਂ ਲੰਘੇਁਗਾ, ਤੂੰ ਸੜੇਁਗਾ ਨਹੀਂ ਲਾਟਾਂ ਤੈਨੂੰ ਨੁਕਸਾਨ ਨਹੀਂ ਪਹੁੰਚਾਣਗੀਆਂ। 3 ਕਿਉਂਕਿ ਮੈਂ, ਯਹੋਵਾਹ ਤੇਰਾ ਪਰਮੇਸ਼ੁਰ ਹਾਂ। ਮੈਂ ਇਸਰਾਏਲ ਦਾ ਪਵਿੱਤਰ ਪੁਰੱਖ, ਤੇਰਾ ਰੱਖਿਅਕੱ ਹਾਂ। ਮੈਂ ਮਿਸਰ ਦੇ ਦਿੱਤਾ, ਤੇਰੀ ਅਦਾਇਗੀ ਕਰਨ ਲਈ। ਮੈਂ ਇਬੋਪੀਆ ਤੇ ਸੇਬਾ ਦੇ ਦਿੱਤੇ ਤੈਨੂੰ ਆਪਣਾ ਬਨਾਉਣ ਲਈ। 4 ਤੁਸੀਂ ਮੇਰੇ ਲਈ ਬਹੁਤ ਮਹੱਤਵਪੂਰਣ ਹੋ, ਇਸ ਲਈ ਮੈਂ ਤੁਹਾਡਾ ਆਦਰ ਕਰਾਂਗਾ। ਮੈਂ ਤੁਹਾਨੂੰ ਪਿਆਰ ਕਰਦਾ ਹਾਂ ਅਤੇ ਮੈਂ ਸਾਰੇ ਲੋਕਾਂ ਅਤੇ ਕੌਮਾਂ ਦਾ ਦਾਨ ਕਰ ਦਿਆਂਗਾ ਤਾਂ ਜੋ ਤੂੰ ਜਿਉਂ ਸੱਕੇਁ।”
5 “ਇਸ ਲਈ ਡਰੋ ਨਾ! ਮੈਂ ਤੁਹਾਡੇ ਨਾਲ ਹਾਂ। ਮੈਂ ਤੁਹਾਡੇ ਬੱਚਿਆਂ ਨੂੰ ਇਕੱਠਿਆਂ ਕਰਾਂਗਾ ਅਤੇ ਉਨ੍ਹਾਂ ਨੂੰ ਤੁਹਾਡੇ ਪਾਸ ਲਿਆਵਾਂਗਾ। ਮੈਂ ਉਨ੍ਹਾਂ ਨੂੰ ਪੂਰਬ ਅਤੇ ਪੱਛਮ ਵੱਲੋਂ ਇਕੱਠਿਆਂ ਕਰਾਂਗਾ । 6 ਮੈਂ ਉੱਤਰ ਨੂੰ ਆਖਾਂਗਾ: ਮੇਰੇ ਬੰਦਿਆਂ ਨੂੰ ਮੇਰੇ ਹਵਾਲੇ ਕਰ ਦਿਓ! ਮੈਂ ਦੱਖਣ ਨੂੰ ਆਖਾਂਗਾ: ਮੇਰੇ ਬੱਚਿਆਂ ਨੂੰ ਕੈਦੀ ਬਣਾ ਕੇ ਨਾ ਰੱਖੋ! ਮੇਰੇ ਪੁੱਤਰਾਂ ਅਤੇ ਧੀਆਂ ਨੂੰ ਦੂਰ ਦੁਰਾਡੀਆਂ ਥਾਵਾਂ ਤੋਂ ਮੇਰੇ ਪਾਸ ਲਿਆਵੋ! 7 ਉਨ੍ਹਾਂ ਸਮੂਹ ਲੋਕਾਂ ਨੂੰ ਮੇਰੇ ਪਾਸ ਲਿਆਵੋ ਜਿਹੜੇ ਮੇਰੇ ਹਨ ਉਹ ਲੋਕ ਜਿਨ੍ਹਾਂ ਨੂੰ ਮੇਰਾ ਨਾਮ ਮਿਲਿਆ ਹੋਇਆ ਹੈ। ਮੈਂ ਉਨ੍ਹਾਂ ਲੋਕਾਂ ਨੂੰ ਆਪਣੇ ਲਈ ਸਾਜਿਆ ਸੀ। ਮੈਂ ਉਨ੍ਹਾਂ ਲੋਕਾਂ ਨੂੰ ਸਾਜਿਆ ਸੀ, ਅਤੇ ਉਹ ਮੇਰੇ ਹਨ।”
8 ਪਰਮੇਸ਼ੁਰ ਆਖਦਾ ਹੈ, “ਉਨ੍ਹਾਂ ਲੋਕਾਂ ਨੂੰ ਬਾਹਰ ਲਿਆਵੋ ਜਿਨ੍ਹਾਂ ਦੀਆਂ ਅੱਖਾਂ ਤਾਂ ਹਨ ਪਰ ਉਹ ਅੰਨ੍ਹੇ ਹਨ। ਉਨ੍ਹਾਂ ਲੋਕਾਂ ਨੂੰ ਬਾਹਰ ਲਿਆਵੋ ਜਿਨ੍ਹਾਂ ਦੇ ਕੰਨ ਹਨ ਪਰ ਉਹ ਬੋਲੇ ਹਨ। 9 ਸਮੂਹ ਲੋਕਾਂ ਨੂੰ ਅਤੇ ਸਮੂਹ ਕੌਮਾਂ ਨੂੰ ਵੀ ਇਕੱਠਿਆਂ ਕਰਨਾ ਚਾਹੀਦਾ ਹੈ। ਸ਼ਾਇਦ ਉਨ੍ਹਾਂ ਦੇ ਝੂਠੇ ਦੇਵਤਿਆਂ ਵਿੱਚੋਂ ਕੋਈ ਆਦਿ ਵਿੱਚ ਵਾਪਰੀਆਂ ਗੱਲਾਂ ਬਾਰੇ ਦੱਸਣਾ ਚਾਹੇ। ਉਨ੍ਹਾਂ ਨੂੰ ਆਪਣੇ ਗਵਾਹ ਵੀ ਲਿਆਉਣੇ ਚਾਹੀਦੇ ਹਨ। ਗਵਾਹਾਂ ਨੂੰ ਸੱਚ ਬੋਲਣਾ ਚਾਹੀਦਾ ਹੈ। ਇਸਤੋਂ ਪਤਾ ਚੱਲੇਗਾ ਕਿ ਉਹ ਸਹੀ ਹਨ।”
10 ਯਹੋਵਾਹ ਆਖਦਾ ਹੈ, “ਤੁਸੀਂ ਲੋਕ ਮੇਰੇ ਗਵਾਹ ਹੋ। ਤੁਸੀਂ ਹੀ ਉਹ ਸੇਵਕ ਹੋ ਜਿਨ੍ਹਾਂ ਦੀ ਮੈਂ ਚੋਣ ਕੀਤੀ ਸੀ। ਮੈਂ ਤੁਹਾਨੂੰ ਇਸ ਲਈ ਚੁਣਿਆ ਸੀ ਤਾਂ ਜੋ ਤੁਸੀਂ ਲੋਕਾਂ ਦੀ ਮੇਰੇ ਉੱਪਰ ਵਿਸ਼ਵਾਸ ਕਰਨ ਵਿੱਚ ਸਹਾਇਤਾ ਕਰ ਸੱਕੋ। ਮੈਂ ਤੁਹਾਨੂੰ ਇਸ ਲਈ ਚੁਣਿਆ ਸੀ ਤਾਂ ਜੋ ਤੁਸੀਂ ਸਮਝ ਸੱਕੋਁ ਕਿ ਮੈਂ ਉਹ ਹਾਂ ਮੈਂ ਹੀ ਸੱਚਾ ਪਰਮੇਸ਼ੁਰ ਹਾਂ। ਮੇਰੇ ਤੋਂ ਪਹਿਲਾਂ ਕੋਈ ਪਰਮੇਸ਼ੁਰ ਨਹੀਂ ਸੀ। ਅਤੇ ਮੇਰੇ ਤੋਂ ਮਗਰੋਂ ਕੋਈ ਪਰਮੇਸ਼ੁਰ ਨਹੀਂ ਹੋਵੇਗਾ। 11 ਮੈਂ ਖੁਦ ਹੀ ਯਹੋਵਾਹ ਹਾਂ। ਅਤੇ ਇੱਥੇ ਕੋਈ ਹੋਰ ਰੱਖਿਅਕੱ ਨਹੀਂ ਹੈ ਇੱਕੋ ਇੱਕ ਮੈਂ ਹੀ ਹਾਂ। 12 ਮੈਂ ਹੀ ਹਾਂ ਉਹ ਜਿਸਨੇ ਤੁਹਾਡੇ ਨਾਲ ਗੱਲ ਕੀਤੀ ਸੀ। ਮੈਂ ਤੁਹਾਨੂੰ ਬਚਾਇਆ ਸੀ। ਮੈਂ ਤੁਹਾਨੂੰ ਉਹ ਗੱਲਾਂ ਦੱਸੀਆਂ ਸਨ। ਇਹ ਕੋਈ ਅਜਨਬੀ ਨਹੀਂ ਸੀ ਜਿਹੜਾ ਤੁਹਾਡੇ ਨਾਲ ਸੀ। ਤੁਸੀਂ ਮੇਰੇ ਗਵਾਹ ਹੋ, ਅਤੇ ਮੈਂ ਪਰਮੇਸ਼ੁਰ ਹਾਂ।” (ਯਹੋਵਾਹ ਨੇ ਖੁਦ ਇਹ ਗੱਲਾਂ ਆਖੀਆਂ।) 13 “ਮੈਂ ਹਮੇਸ਼ਾ ਹੀ ਪਰਮੇਸ਼ੁਰ ਰਿਹਾ ਹਾਂ। ਜਦੋਂ ਮੈਂ ਕੁਝ ਕਰਦਾ ਹਾਂ ਤਾਂ ਕੋਈ ਵੀ ਬੰਦਾ ਉਸ ਨੂੰ ਤਬਦੀਲ ਨਹੀਂ ਕਰ ਸੱਕਦਾ। ਅਤੇ ਕੋਈ ਬੰਦਾ ਵੀ ਲੋਕਾਂ ਨੂੰ ਮੇਰੀ ਤਾਕਤ ਤੋਂ ਬਚਾ ਨਹੀਂ ਸੱਕਦਾ।”
14 ਯਹੋਵਾਹ, ਇਸਰਾਏਲ ਦਾ ਪਵਿੱਤਰ ਪੁਰੱਖ, ਤੁਹਾਨੂੰ ਬਚਾਉਂਦਾ ਹੈ। ਅਤੇ ਯਹੋਵਾਹ ਆਖਦਾ ਹੈ, “ਮੈਂ ਤੁਹਾਡੇ ਲਈ ਬਾਬਲ ਨੂੰ ਫ਼ੌਜਾਂ ਘੱਲਾਂਗਾ। ਬਹੁਤ ਸਾਰੇ ਲੋਕ ਫ਼ੜ ਲੇ ਜਾਣਗੇ। ਉਨ੍ਹਾਂ ਲੋਕਾਂ, ਕਸਦੀਆਂ ਨੂੰ ਆਪਣੀਆਂ ਹੀ ਕਿਸ਼ਤੀਆਂ ਵਿੱਚ ਲਿਜਾਇਆ ਜਾਵੇਗਾ। ਕਸਦੀਆਂ ਉਨ੍ਹਾਂ ਕਿਸ਼ਤੀਆਂ ਦਾ ਬਹੁਤ ਗੁਮਾਨ ਕਰਦੇ ਹਨ। 15 ਮੈਂ ਹੀ ਯਹੋਵਾਹ ਹਾਂ, ਤੁਹਾਡੀ ਪਵਿੱਤਰ ਹਸਤੀ। ਮੈਂ ਇਸਰਾਏਲ ਨੂੰ ਸਾਜਿਆ ਸੀ। ਮੈਂ ਤੁਹਾਡਾ ਰਾਜਾ ਹਾਂ।”
ਪਰਮੇਸ਼ੁਰ ਆਪਣੇ ਲੋਕਾਂ ਨੂੰ ਫ਼ੇਰ ਬਚਾਵੇਗਾ
16 ਯਹੋਵਾਹ ਸਮੁੰਦਰ ਵਿੱਚ ਸੜਕਾਂ ਬਣਾਵੇਗਾ। ਡੋਲਦੇ ਪਾਣੀਆਂ ਵਿੱਚੋਂ ਵੀ ਉਹ ਆਪਣੇ ਲੋਕਾਂ ਲਈ ਰਸਤਾ ਬਣਾਵੇਗਾ। ਅਤੇ ਯਹੋਵਾਹ ਆਖਦਾ ਹੈ, 17 “ਉਹ ਲੋਕ ਜਿਹੜੇ ਮੇਰੇ ਨਾਲ ਆਪਣੇ ਰੱਥਾਂ, ਘੋੜਿਆਂ ਅਤੇ ਫ਼ੌਜਾਂ ਨਾਲ ਲੜਦੇ ਹਨ, ਹਾਰ ਜਾਣਗੇ। ਉਹ ਫ਼ੇਰ ਕਦੇ ਨਹੀਂ ਉੱਠ ਸੱਕਣਗੇ। ਉਹ ਤਬਾਹ ਹੋ ਜਾਣਗੇ। ਉਨ੍ਹਾਂ ਨੂੰ ਉਸੇ ਤਰ੍ਹਾਂ ਖਤਮ ਕਰ ਦਿੱਤਾ ਜਾਵੇਗਾ ਜਿਵੇਂ ਮੋਮਬਤ੍ਤੀ ਦੀ ਲਾਟ ਬੁਝਾ ਦਿੱਤੀ ਜਾਂਦੀ ਹੈ। 18 ਇਸ ਲਈ ਉਨ੍ਹਾਂ ਗੱਲਾਂ ਨੂੰ ਚੇਤੇ ਨਾ ਕਰੋ ਜਿਹੜੀਆਂ ਆਦਿ ਵਿੱਚ ਵਾਪਰੀਆਂ ਸਨ। ਉਨ੍ਹਾਂ ਚੀਜ਼ਾਂ ਬਾਰੇ ਨਾ ਸੋਚੋ ਜਿਹੜੀਆਂ ਬਹੁਤ ਸਮਾਂ ਪਹਿਲਾਂ ਵਾਪਰੀਆਂ ਸਨ। 19 ਕਿਉਂਕਿ ਮੈਂ ਨਵੀਆਂ ਗੱਲਾਂ ਕਰਾਂਗਾ! ਹੁਣ ਤੁਸੀਂ ਨਵੇਂ ਪੌਦੇ ਵਾਂਗ ਉਗ੍ਗੋਁਗੇ ਅਵੱਸ਼ ਹੀ ਤੁਸੀਂ ਜਾਣਦੇ ਹੋ ਕਿ ਇਹ ਸਹੀ ਹੈ। ਮੈਂ ਸੱਚਮੁੱਚ ਮਾਰੂਬਲ ਵਿੱਚ ਸੜਕ ਬਣਾਵਾਂਗਾ। ਮੈਂ ਸੱਚਮੁੱਚ ਹੀ ਸੁੱਕੀ ਧਰਤੀ ਵਿੱਚ ਨਦੀਆਂ ਚੱਲਾ ਦਿਆਂਗਾ। 20 ਜੰਗਲੀ ਜਾਨਵਰ ਵੀ ਮੇਰੇ ਸ਼ੁਕਰਗੁਜ਼ਾਰ ਹੋਣਗੇ। ਵੱਡੇ ਜਾਨਵਰ ਅਤੇ ਪੰਛੀ ਮੇਰਾ ਆਦਰ ਕਰਨਗੇ। ਉਹ ਮੇਰਾ ਆਦਰ ਕਰਨਗੇ ਜਦੋਂ ਮੈਂ ਮਾਰੂਬਲ ਵਿੱਚ ਪਾਣੀ ਚੱਲਾ ਦਿਆਂਗਾ। ਉਹ ਮੇਰਾ ਆਦਰ ਕਰਨਗੇ ਜਦੋਂ ਮੈਂ ਸੁੱਕੀ ਧਰਤੀ ਵਿੱਚ ਨਦੀਆਂ ਵਗਾ ਦਿਆਂਗਾ। ਇਹ ਗੱਲ ਮੈਂ ਆਪਣੇ ਬੰਦਿਆਂ ਨੂੰ ਪਾਣੀ ਦੇਣ ਲਈ ਕਰਾਂਗਾ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਨੂੰ ਮੈਂ ਚੁਣਿਆ ਸੀ। 21 ਇਹੀ ਹਨ ਉਹ ਲੋਕ ਜਿਨ੍ਹਾਂ ਨੂੰ ਮੈਂ ਸਾਜਿਆ ਸੀ। ਅਤੇ ਇਹ ਲੋਕ ਮੇਰੀ ਉਸਤਤ ਕਰਨ ਲਈ ਗੀਤ ਗਾਉਣਗੇ।
22 “ਯਾਕੂਬ, ਤੂੰ ਮੇਰੇ ਅੱਗੇ ਪ੍ਰਾਰਥਨਾ ਨਹੀਂ ਕੀਤੀ। ਕਿਉਂਕਿ ਤੂੰ, ਇਸਰਾਏਲ ਮੇਰੇ ਕੋਲੋਂ ਬਕੱ ਗਿਆ ਹੈਂ। 23 ਤੂੰ ਮੇਰੇ ਅੱਗੇ ਬਲੀ ਚੜ੍ਹਾਉਣ ਲਈ ਆਪਣੀਆਂ ਭੇਡਾਂ ਨਹੀਂ ਲਿਆਂਦੀਆਂ। ਤੂੰ ਮੇਰਾ ਆਦਰ ਨਹੀਂ ਕੀਤਾ। ਤੂੰ ਮੈਨੂੰ ਬਲੀਆਂ ਨਹੀਂ ਚੜ੍ਹਾਈਆਂ। ਮੈਂ ਤੈਨੂੰ ਬਲੀਆਂ ਚੜ੍ਹਾਉਣ ਲਈ ਮਜ਼ਬੂਰ ਨਹੀਂ ਕੀਤਾ। ਮੈਂ ਤੈਨੂੰ ਉਦੋਂ ਤੱਕ ਧੂਫ਼ ਧੁਖਾਉਣ ਲਈ ਮਜ਼ਬੂਰ ਨਹੀਂ ਕੀਤਾ ਜਦੋਂ ਤਕ ਕਿ ਤੂੰ ਬਕੱ ਨਹੀਂ ਜਾਂਦਾ। 24 ਤੂੰ ਮੇਰਾ ਆਦਰ ਕਰਨ ਲਈ ਆਪਣਾ ਪੈਸਾ ਵਰਤ ਕੇ ਚੀਜ਼ਾਂ ਨਹੀਂ ਖਰੀਦੀਆਂ। ਪਰ ਸੱਚਮੁੱਚ ਮੈਨੂੰ ਆਪਣੇ ਪਾਪਾਂ ਨਾਲ ਬੋਝਿਤ ਕੀਤਾ ਹੈ। ਤੂੰ ਉਦੋਂ ਤੱਕ ਪਾਪ ਕਰਦਾ ਰਿਹਾ ਜਦੋਂ ਤੱਕ ਮੈਂ ਤੇਰੇ ਮੰਦੇ ਅਮਲਾਂ ਕਾਰਣ ਨਹੀਂ ਗਿਆ।
25 “ਮੈਂ, ਮੈਂ ਹੀ ਹਾਂ ਉਹ ਜਿਹੜਾ ਤੇਰੇ ਸਾਰੇ ਪਾਪਾਂ ਨੂੰ ਸਾਫ਼ ਕਰਦਾ ਹੈ। ਇਹ ਗੱਲ ਮੈਂ ਆਪਣੇ-ਆਪ ਨੂੰ ਪ੍ਰਸੰਨ ਕਰਨ ਲਈ ਕਰਦਾ ਹਾਂ। ਮੈਂ ਤੇਰੇ ਪਾਪਾਂ ਨੂੰ ਚੇਤੇ ਨਹੀਂ ਕਰਾਂਗਾ। 26 ਪਰ ਤੈਨੂੰ ਚਾਹੀਦਾ ਹੈ ਕਿ ਮੈਨੂੰ ਯਾਦ ਕਰੇਁ । ਮੈਂ ਇਕੱਠੇ ਹੋਣਾ ਚਾਹੀਦਾ ਹੈ ਅਤੇ ਇਹ ਨਿਆਂ ਕਰਨਾ ਚਾਹੀਦਾ ਹੈ ਕਿ ਕਿਹੜੀ ਗੱਲ ਸਹੀ ਹੈ। ਤੁਹਾਨੂੰ ਉਹ ਗੱਲਾਂ ਦੱਸ ਦੇਣੀਆਂ ਚਾਹੀਦੀਆਂ ਹਨ ਜੋ ਤੁਸੀਂ ਕੀਤੀਆਂ ਹਨ। ਅਤੇ ਇਹ ਦਰਸਾਉਣਾ ਚਾਹੀਦਾ ਹੈ ਕਿ ਤੁਸੀਂ ਸਹੀ ਹੋ। 27 ਤੁਹਾਡੇ ਪਹਿਲੇ ਪਿਤਾ ਨੇ ਪਾਪ ਕੀਤੇ। ਅਤੇ ਤੁਹਾਡੇ ਵਕੀਲਾਂ ਨੇ ਮੇਰੇ ਵਿਰੁੱਧ ਗੱਲਾਂ ਕੀਤੀਆਂ ਹਨ। 28 ਮੈਂ ਤੁਹਾਡੇ ਪਵਿੱਤਰ ਹਾਕਮ ਨੂੰ ਅਪਵਿੱਤਰ ਬਣਾ ਦਿਆਂਗਾ। ਮੈਂ ਯਾਕੂਬ ਨੂੰ ਪੂਰੀ ਤਰ੍ਹਾਂ ਆਪਣਾ ਬਣਾ ਲਵਾਂਗਾ। ਬੁਰੀਆਂ ਗੱਲਾਂ ਇਸਰਾਏਲ ਨਾਲ ਵਾਪਰਨਗੀਆਂ।”
ਸਮੁੰਦਰ ਤੋਂ ਨਿਕਲਦਾ ਜਾਨਵਰ
13 ਫ਼ੇਰ ਮੈਂ ਇੱਕ ਜਾਨਵਰ ਨੂੰ ਸਮੁੰਦਰ ਵਿੱਚੋਂ ਨਿਕਲਦਿਆਂ ਦੇਖਿਆ। ਉਸ ਦੇ ਦਸ ਸਿੰਗ ਅਤੇ ਸੱਤ ਸਿਰ ਸਨ। ਹਰ ਸਿੰਗ ਉੱਤੇ ਇੱਕ ਤਾਜ ਸੀ। ਇੱਕ ਨਾਂ ਜੋ ਕਿ ਪਰਮੇਸ਼ੁਰ ਲਈ ਇੱਕ ਬੇਇੱਜ਼ਤੀ ਸੀ ਹਰ ਸਿਰ ਉੱਤੇ ਲਿਖਿਆ ਗਿਆ ਸੀ। 2 ਜੋ ਜਾਨਵਰ ਮੈਂ ਵੇਖਿਆ ਚੀਤੇ ਵਾਂਗ ਦਿਸਿਆ। ਪਰ ਉਸ ਦੇ ਪੈਰ ਰਿੱਛ ਵਰਗੇ ਸਨ, ਉਸਦਾ ਮੂੰਹ ਸ਼ੇਰ ਵਰਗਾ ਸੀ। ਅਜਗਰ ਨੇ ਆਪਣੀ ਸ਼ਕਤੀ, ਆਪਣਾ ਤਖਤ ਅਤੇ ਵੱਡਾ ਅਧਿਕਾਰ ਇਸ ਜਾਨਵਰ ਨੂੰ ਦੇ ਦਿੱਤਾ।
3 ਜਾਨਵਰ ਦਾ ਇੱਕ ਸਿਰ ਇਸ ਤਰ੍ਹਾਂ ਦਿਖਾਈ ਦਿੰਦਾ ਸੀ ਜਿਵੇਂ ਜ਼ਖਮੀ ਹੋਵੇ ਤੇ ਮਰ ਗਿਆ ਹੋਵੇ। ਪਰ ਇਹ ਮੌਤ ਦਾ ਜ਼ਖਮ ਭਰ ਚੁੱਕਿਆ ਸੀ। ਦੁਨੀਆਂ ਦੇ ਸਾਰੇ ਲੋਕ ਹੈਰਾਨ ਸਨ ਅਤੇ ਉਨ੍ਹਾਂ ਸਾਰਿਆਂ ਨੇ ਜਾਨਵਰ ਦਾ ਪਿੱਛਾ ਕੀਤਾ। 4 ਲੋਕਾਂ ਨੇ ਅਜਗਰ ਦੀ ਪੂਜਾ ਇਸ ਲਈ ਕੀਤੀ ਕਿਉਂ ਕਿ ਉਸ ਨੇ ਆਪਣਾ ਅਧਿਕਾਰ ਉਸ ਜਾਨਵਰ ਨੂੰ ਦੇ ਦਿੱਤਾ ਸੀ। ਅਤੇ ਲੋਕਾਂ ਨੇ ਉਸ ਜਾਨਵਰ ਦੀ ਵੀ ਪੂਜਾ ਕੀਤੀ। ਉਨ੍ਹਾਂ ਨੇ ਪੁੱਛਿਆ, “ਇਸ ਜਾਨਵਰ ਜਿੰਨਾ ਤਾਕਤਵਰ ਕੌਣ ਹੈ? ਉਸ ਨਾਲ ਕੌਣ ਲੜ ਸੱਕਦਾ ਹੈ?”
5 ਜਾਨਵਰ ਨੂੰ ਸ਼ੇਖੀ ਭਰੇ ਸ਼ਬਦ ਅਤੇ ਪਰਮੇਸ਼ੁਰ ਨੂੰ ਬੇਇੱਜ਼ਤੀ ਦੇ ਸ਼ਬਦ ਆਖਣ ਦੀ ਇਜਾਜ਼ਤ ਸੀ। ਜਾਨਵਰ ਨੂੰ 42 ਮਹੀਨੇ ਤੱਕ ਆਪਣੀ ਤਾਕਤ ਦੀ ਵਰਤੋਂ ਕਰਨ ਦੀ ਇਜਾਜ਼ਤ ਸੀ। 6 ਜਾਨਵਰ ਨੇ ਪਰਮੇਸ਼ੁਰ ਦੀ ਬੇਇੱਜ਼ਤੀ ਕਰਨ ਲਈ ਆਪਣਾ ਮੂੰਹ ਖੋਲ੍ਹਿਆ। ਜਾਨਵਰ ਨੇ ਪਰਮੇਸ਼ੁਰ ਦੇ ਨਾਂ ਅਤੇ ਉਸ ਜਗ਼੍ਹਾ ਦੀ ਜਿੱਥੇ ਪਰਮੇਸ਼ੁਰ ਵੱਸਦਾ ਹੈ ਅਤੇ ਲੋਕਾਂ ਦੀ ਜੋ ਸਵਰਗ ਵਿੱਚ ਵੱਸਦੇ ਹਨ ਬੇਇੱਜ਼ਤੀ ਕੀਤੀ। 7 ਜਾਨਵਰ ਨੂੰ ਪਰਮੇਸ਼ੁਰ ਦੇ ਪਵਿੱਤਰ ਲੋਕਾਂ ਦੇ ਖਿਲਾਫ਼ ਲੜਨ ਅਤੇ ਉਨ੍ਹਾਂ ਨੂੰ ਹਰਾਉਣ ਦੀ ਆਗਿਆ ਦਿੱਤੀ ਗਈ ਸੀ। ਉਸ ਨੂੰ ਹਰ ਵੰਸ਼, ਜਾਤੀ, ਭਾਸ਼ਾ ਅਤੇ ਕੌਮ ਉੱਤੇ ਵੀ ਅਧਿਕਾਰ ਦਿੱਤਾ ਗਿਆ ਸੀ। 8 ਧਰਤੀ ਉੱਤੇ ਰਹਿਣ ਵਾਲੇ ਸਾਰੇ ਲੋਕ ਉਸ ਜਾਨਵਰ ਦੀ ਪੂਜਾ ਕਰਨਗੇ। ਇਹ ਸਾਰੇ ਲੋਕ ਦੁਨੀਆਂ ਦੇ ਅਰੰਭ ਤੋਂ ਹਨ। ਜਿਨ੍ਹਾਂ ਦੇ ਨਾਂ ਲੇਲੇ ਦੀ ਜੀਵਨ ਦੀ ਪੁਸਤਕ ਵਿੱਚ ਨਹੀਂ ਲਿਖੇ ਗਏ। ਲੇਲਾ ਉਹ ਹੈ ਜਿਹੜਾ ਮਾਰਿਆ ਗਿਆ ਸੀ।
9 ਜਿਹੜਾ ਵਿਅਕਤੀ ਇਨ੍ਹਾਂ ਗੱਲਾਂ ਨੂੰ ਸੁਣਦਾ ਹੈ ਤਾਂ ਉਸ ਨੂੰ ਇਸ ਗੱਲ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।
10 ਜੇ ਕਿਸੇ ਨੇ ਕੈਦ ਹੋਣਾ ਹੈ,
ਤਾਂ ਉਹ ਕੈਦ ਹੋਵੇਗਾ।
ਜੇ ਕਿਸੇ ਨੇ ਤਲਵਾਰ ਨਾਲ ਮਰਨਾ ਹੈ,
ਉਹ ਤਲਵਾਰ ਨਾਲ ਮਰਨਾ ਹੈ, ਉਹ ਤਲਵਾਰ ਨਾਲ ਹੀ ਮਾਰਿਆ ਜਾਵੇਗਾ।
ਇਸਦਾ ਭਾਵ ਕਿ ਪਰਮੇਸ਼ੁਰ ਦੇ ਪਵਿੱਤਰ ਲੋਕਾਂ ਨੂੰ ਸਬਰ ਅਤੇ ਨਿਹਚਾ ਰੱਖਣੀ ਚਾਹੀਦੀ ਹੈ।
ਧਰਤੀ ਤੋਂ ਨਿਕਲਦਾ ਜਾਨਵਰ
11 ਫ਼ਿਰ ਮੈਂ ਧਰਤੀ ਤੋਂ ਨਿੱਕਲਦੇ ਹੋਏ ਇੱਕ ਹੋਰ ਜਾਨਵਰ ਨੂੰ ਦੇਖਿਆ। ਉਸ ਦੇ ਲੇਲੇ ਵਾਂਗ ਦੋ ਸਿੰਗ ਸਨ, ਪਰ ਉਹ ਅਜਗਰ ਵਾਂਗ ਗੱਲਾਂ ਕਰਦਾ ਸੀ। 12 ਇਹ ਜਾਨਵਰ ਵੀ ਪਹਿਲੇ ਜਾਨਵਰ ਦੇ ਸਾਹਮਣੇ ਖਲੋਂਦਾ ਅਤੇ ਉਸੇ ਸ਼ਕਤੀ ਦੀ ਵਰਤੋਂ ਕਰਦਾ ਹੈ ਜਿਹੜੀ ਪਹਿਲੇ ਜਾਨਵਰ ਕੋਲ ਸੀ। ਉਹ ਇਸ ਸ਼ਕਤੀ ਦੀ ਵਰਤੋਂ ਦੁਨੀਆਂ ਦੇ ਸਾਰੇ ਲੋਕਾਂ ਤੋਂ ਪਹਿਲੇ ਜਾਨਵਰ ਦੀ ਪੂਜਾ ਕਰਾਉਣ ਲਈ ਕਰਦਾ ਹੈ। ਪਹਿਲਾ ਜਾਨਵਰ ਹੀ ਹੈ ਉਹ ਜਿਸ ਨੂੰ ਮੌਤ ਦਾ ਜ਼ਖਮ ਸੀ ਜਿਹੜਾ ਭਰ ਚੁੱਕਿਆ ਸੀ। 13 ਇਹ ਦੂਜਾ ਜਾਨਵਰ ਵੱਡੇ ਕਰਿਸ਼ਮੇ ਕਰਦਾ ਹੈ। ਉਹ ਲੋਕਾਂ ਦੇ ਵੱਡਿਆਂ ਆਗੂਆਂ ਨੂੰ ਸਵਰਗ ਤੋਂ ਧਰਤੀ ਤੇ ਲਿਆਉਣ ਦੀ ਕੋਸ਼ਿਸ਼ ਕਰਦਾ ਹੈ। ਉਹ ਅੱਗ ਨੂੰ ਅਕਾਸ਼ੋਂ ਥੱਲੇ ਲਿਆਉਂਦਾ ਜਦੋਂ ਕਿ ਲੋਕ ਵੇਖ ਰਹੇ ਹੁੰਦੇ ਹਨ।
14 ਇਹ ਦੂਸਰਾ ਜਾਨਵਰ ਧਰਤੀ ਤੇ ਰਹਿਣ ਵਾਲੇ ਲੋਕਾਂ ਨੂੰ ਮੂਰਖ ਬਣਾਉਂਦਾ ਹੈ। ਇਹ ਉਨ੍ਹਾਂ ਲੋਕਾਂ ਨੂੰ ਅਜਿਹੇ ਕਰਿਸ਼ਮਿਆਂ ਰਾਹੀਂ ਮੂਰਖ ਬਣਾਉਂਦਾ ਹੈ ਜਿਸਦੀ ਸ਼ਕਤੀ ਉਸ ਨੂੰ ਪ੍ਰਦਾਨ ਕੀਤੀ ਗਈ ਹੈ। ਉਹ ਇਹ ਕਰਿਸ਼ਮੇ ਪਹਿਲੇ ਜਾਨਵਰ ਦੀ ਸੇਵਾ ਕਰਨ ਲਈ ਕਰਦਾ ਹੈ। ਇਸਨੇ ਲੋਕਾਂ ਨੂੰ ਪਹਿਲੇ ਜਾਨਵਰ ਦੀ ਮੂਰਤ ਬਨਾਉਣ ਦਾ ਹੁਕਮ ਦਿੱਤਾ ਜੋ ਕਿ ਤਲਵਾਰ ਨਾਲ ਜ਼ਖਮੀ ਹੋ ਗਿਆ ਸੀ ਪਰ ਮਰਿਆ ਨਹੀਂ ਸੀ। 15 ਦੂਸਰੇ ਜਾਨਵਰ ਨੂੰ ਇਹ ਸ਼ਕਤੀ ਦਿੱਤੀ ਗਈ ਸੀ ਕਿ ਉਹ ਪਹਿਲੇ ਜਾਨਵਰ ਦੀ ਮੂਰਤ ਵਿੱਚ ਜਾਨ ਪਾ ਸੱਕੇ। ਫ਼ਿਰ ਉਹ ਮੂਰਤ ਬੋਲ ਸੱਕਦੀ ਸੀ ਅਤੇ ਉਨ੍ਹਾਂ ਲੋਕਾਂ ਨੂੰ ਮਾਰਨ ਦਾ ਆਦੇਸ਼ ਦੇ ਸੱਕਦੀ ਸੀ ਜਿਨ੍ਹਾਂ ਨੇ ਇਸ ਦੀ ਪੂਜਾ ਨਹੀਂ ਕੀਤੀ ਸੀ। 16 ਦੂਸਰੇ ਜਾਨਵਰ ਨੇ ਸਾਰੇ ਲੋਕਾਂ ਨੂੰ ਛੋਟੇ ਅਤੇ ਵੱਡੇ, ਅਮੀਰਾਂ ਅਤੇ ਗਰੀਬਾਂ, ਅਜ਼ਾਦਾਂ ਅਤੇ ਗੁਲਾਮਾਂ ਨੂੰ ਆਪਣੇ ਸੱਜੇ ਹੱਥ ਜਾ ਆਪਣੇ ਮੱਥੇ ਉੱਤੇ ਇੱਕ ਨਿਸ਼ਾਨ ਲਾਉਣ ਲਈ ਮਜ਼ਬੂਰ ਕੀਤਾ। 17 ਕੋਈ ਵੀ ਵਿਅਕਤੀ ਇਸ ਨਿਸ਼ਾਨ ਤੋਂ ਬਿਨਾ ਖਰੀਦੋ ਫ਼ਰੋਖਤ ਨਹੀਂ ਕਰ ਸੱਕਦਾ ਸੀ। ਇਹ ਨਿਸ਼ਾਨ ਉਸ ਜਾਨਵਰ ਦਾ ਨਾਂ ਜਾਂ ਉਸ ਦੇ ਨਾਂ ਦੀ ਸੰਖਿਆ ਹੈ।
18 ਇਹ ਸਮਝਣ ਲਈ ਤੁਹਾਨੂੰ ਸਿਆਣਪ ਦੀ ਲੋੜ ਹੈ। ਕੋਈ ਵੀ ਵਿਅਕਤੀ ਜੋ ਸਿਆਣਾ ਹੈ ਇਸ ਜਾਨਵਰ ਦੀ ਸੰਖਿਆ ਨੂੰ ਕੱਢ ਸੱਕਦਾ ਹੈ। ਸੰਖਿਆ ਇੱਕ ਆਦਮੀ ਦੀ ਸੰਖਿਆ ਹੈ। ਸੰਖਿਆ 666 ਹੈ।
2010 by World Bible Translation Center