M’Cheyne Bible Reading Plan
25 “ਜੇਕਰ ਦੋ ਬੰਦਿਆਂ ਵਿੱਚ ਕੋਈ ਦਲੀਲਬਾਜ਼ੀ ਹੋਵੇ, ਉਨ੍ਹਾਂ ਨੂੰ ਕਚਿਹਰੀ ਵਿੱਚ ਜਾਣਾ ਚਾਹੀਦਾ ਹੈ। ਨਿਆਂਕਾਰ ਫ਼ੈਸਲਾ ਕਰਨਗੇ ਕਿ ਕੌਣ ਸਹੀ ਹੈ ਅਤੇ ਕੌਣ ਗਲਤ ਹੈ। 2 ਜੇ ਕੋਈ ਜੱਜ ਇਹ ਨਿਆਂ ਕਰੇ ਕਿ ਕਿਸੇ ਬੰਦੇ ਨੂੰ ਕੋੜਿਆ ਦੀ ਸਜ਼ਾ ਦੇਣੀ ਚਾਹੀਦੀ ਹੈ ਤਾਂ ਉਸ ਬੰਦੇ ਨੂੰ ਪੁੱਠਾ ਲਿਟਾ ਦੇਣਾ ਚਾਹੀਦਾ ਹੈ। ਕੋਈ ਜਣਾ ਮੁਜਰਿਮ ਨੂੰ ਜੱਜ ਦੀਆਂ ਨਜ਼ਰਾ ਸਾਹਮਣੇ ਸਜ਼ਾ ਦੇਵੇਗਾ। ਉਸ ਨੂੰ ਕਿੰਨੀ ਵਾਰੀ ਸਜ਼ਾ ਦੇਣੀ ਹੈ ਇਸਦਾ ਨਿਆਂ ਉਸ ਦੇ ਜ਼ੁਰਮ ਉੱਤੇ ਨਿਰਭਰ ਕਰੇਗਾ। 3 ਕਿਸੇ ਨੂੰ ਵੀ ਚਾਲ੍ਹੀਆਂ ਤੋਂ ਵੱਧ ਕੋੜੇ ਨਹੀਂ ਮਾਰੇ ਜਾਣੇ ਚਾਹੀਦੇ। ਜੇ ਤੁਸੀਂ ਕਿਸੇ ਨੂੰ ਚਾਲ੍ਹੀਆਂ ਤੋਂ ਵੱਧ ਕੋੜੇ ਮਾਰਦੇ ਹੋ, ਇਸਦਾ ਮਤਲਬ ਹੈ ਕਿ ਤੁਹਾਡੇ ਲਈ, ਤੁਹਾਡੇ ਗੁਆਂਢੀ ਦਾ ਜੀਵਨ ਕੋਈ ਅਰਥ ਨਹੀਂ ਰੱਖਦਾ।
4 “ਜਦੋਂ ਕਿਸੇ ਬਲਦ ਨੂੰ ਅਨਾਜ ਗਹੁਣ ਲਈ ਵਰਤਿਆ ਜਾਂਦਾ, ਉਸ ਨੂੰ ਅਨਾਜ ਖਾਣ ਤੋਂ ਰੋਕਣ ਲਈ ਉਸਦਾ ਮੂੰਹ ਨਹੀਂ ਬੰਨ੍ਹਿਆ ਜਾਣਾ ਚਾਹੀਦਾ।
5 “ਜੇ ਦੋ ਭਰਾ ਇਕੱਠੇ ਰਹਿੰਦੇ ਹੋਣ ਅਤੇ ਉਨ੍ਹਾਂ ਵਿੱਚੋਂ ਇੱਕ ਜਣਾ ਬੇਔਲਾਦਾ ਮਰ ਜਾਵੇ, ਤਾਂ ਮਰੇ ਹੋਏ ਭਰਾ ਦੀ ਪਤਨੀ ਪਰਿਵਾਰ ਤੋਂ ਬਾਹਰ ਕਿਸੇ ਅਜਨਬੀ ਨਾਲ ਨਹੀਂ ਵਿਆਹੀ ਜਾਣੀ ਚਾਹੀਦੀ। ਉਸ ਦੇ ਪਤੀ ਦੇ ਭਰਾ ਨੂੰ ਉਸ ਨਾਲ ਸ਼ਾਦੀ ਕਰਕੇ ਉਸ ਨਾਲ ਜਿਨਸੀ ਸੰਬੰਧ ਬਨਾਉਣੇ ਚਾਹੀਦੇ ਹਨ। ਉਸਦੀ ਉਸ ਵੱਲ ਇੱਕ ਦਿਉਰ ਦੀ ਜੁੰਮੇਵਾਰੀ ਹੋਣੀ ਚਾਹੀਦੀ ਹੈ। 6 ਫ਼ੇਰ ਜਦੋਂ ਉਹ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਵੇਗੀ, ਉਹ ਬੱਚਾ ਮਰੇ ਹੋਏ ਆਦਮੀ ਦਾ ਨਾਮ ਉਚੇਰਾ ਕਰੇਗਾ। ਫ਼ੇਰ ਮਰੇ ਹੋਏ ਭਰਾ ਦਾ ਨਾਮ ਇਸਰਾਏਲ ਵਿੱਚੋਂ ਮਿਟਾਇਆ ਨਹੀਂ ਜਾਵੇਗਾ। 7 ਜੇ ਕੋਈ ਬੰਦਾ ਆਪਣੇ ਭਰਾ ਦੀ ਵਿਧਵਾ ਨਾਲ ਸ਼ਾਦੀ ਨਾ ਕਰਾਉਣਾ ਚਾਹੇ ਤਾਂ ਭਰਾ ਦੀ ਪਤਨੀ ਨੂੰ ਕਸਬੇ ਦੀ ਸਭਾ ਵਾਲੀ ਥਾਂ ਉੱਤੇ ਆਗੂਆਂ ਕੋਲ ਜਾਣਾ ਚਾਹੀਦਾ ਹੈ। ਉਸ ਦੇ ਭਰਾ ਦੀ ਪਤਨੀ ਨੂੰ ਆਗੂਆਂ ਨੂੰ ਇਹ ਆਖਣਾ ਚਾਹੀਦਾ ਹੈ, ‘ਮੇਰੇ ਪਤੀ ਦਾ ਭਰਾ ਇਸਰਾਏਲ ਵਿੱਚ ਆਪਣੇ ਭਰਾ ਦਾ ਨਾਮ ਜਿਉਂਦਾ ਨਹੀਂ ਰੱਖਣਾ ਚਾਹੁੰਦਾ। ਉਹ ਮੇਰੇ ਪ੍ਰਤੀ ਆਪਣੇ ਪਤੀ ਦੇ ਭਰਾ ਵਾਲੇ ਫ਼ਰਜ਼ ਨਹੀਂ ਨਿਭਾਉਣਾ ਚਾਹੁੰਦਾ।’ 8 ਤਾਂ ਫ਼ੇਰ ਸ਼ਹਿਰ ਦੇ ਆਗੂਆਂ ਨੂੰ ਚਾਹੀਦਾ ਹੈ ਕਿ ਉਸ ਬੰਦੇ ਨੂੰ ਬੁਲਾਉਣ ਅਤੇ ਉਸ ਨਾਲ ਗੱਲ ਕਰਨ। ਜੇ ਉਹ ਬੰਦਾ ਜ਼ਿੱਦੀ ਹੈ ਅਤੇ ਆਖਦਾ ਹੈ, ‘ਮੈਂ ਉਸ ਨਾਲ ਸ਼ਾਦੀ ਨਹੀਂ ਕਰਨਾ ਚਾਹੁੰਦਾ,’ 9 ਤਾਂ ਉਸ ਦੇ ਭਰਾ ਦੀ ਪਤਨੀ ਨੂੰ ਆਗੂਆਂ ਦੇ ਸਾਹਮਣੇ ਉਸ ਦੇ ਕੋਲ ਆਉਣਾ ਚਾਹੀਦਾ ਹੈ। ਉਸ ਨੂੰ ਉਸ ਦੇ ਪੈਰੋਂ ਜੁੱਤੀ ਲਾਹ ਦੇਣੀ ਚਾਹੀਦੀ ਹੈ। ਫ਼ੇਰ ਉਸ ਨੂੰ ਚਾਹੀਦਾ ਹੈ ਕਿ ਉਸ ਦੇ ਮੂੰਹ ਉੱਤੇ ਥੁੱਕ ਦੇਵੇ। ਉਸ ਨੂੰ ਇਹ ਆਖਣਾ ਚਾਹੀਦਾ ਹੈ, ‘ਇਹ ਸਲੂਕ ਉਸ ਬੰਦੇ ਨਾਲ ਕੀਤਾ ਜਾ ਰਿਹਾ ਹੈ ਜਿਹੜਾ ਆਪਣੇ ਭਰਾ ਦੇ ਪਰਿਵਾਰ ਵਿੱਚ ਵਾਧਾ ਨਹੀਂ ਕਰਨਾ ਚਾਹੁੰਦਾ!’ 10 ਫ਼ੇਰ ਉਸ ਭਰਾ ਦਾ ਪਰਿਵਾਰ ਇਸਰਾਏਲ ਦੇ ਅਜਿਹੇ ਪਰਿਵਾਰ ਵਜੋਂ ਜਾਣਿਆ ਜਾਵੇਗਾ ‘ਜਿਸ ਪਰਿਵਾਰ ਦੇ ਬੰਦੇ ਦੀ ਜੁੱਤੀ ਉਤਰ ਗਈ ਸੀ।’
11 “ਹੋ ਸੱਕਦਾ ਹੈ ਕਿ ਦੋ ਬੰਦੇ ਆਪਸ ਵਿੱਚ ਲੜ-ਝਗੜ ਰਹੇ ਹੋਣ। ਸ਼ਾਇਦ ਇੱਕ ਆਦਮੀ ਦੀ ਪਤਨੀ ਆਪਣੇ ਪਤੀ ਦੀ ਸਹਾਇਤਾ ਕਰਨ ਲਈ ਆ ਜਾਵੇ। ਪਰ ਉਸ ਨੂੰ ਦੂਸਰੇ ਆਦਮੀ ਦੇ ਗੁਪਤ ਅੰਗਾਂ ਨੂੰ ਹੱਥ ਨਹੀਂ ਪਾਉਣਾ ਚਾਹੀਦਾ। 12 ਜੇ ਉਹ ਅਜਿਹਾ ਕਰੇ ਤਾਂ ਉਸਦਾ ਹੱਥ ਕੱਟ ਦੇਣਾ ਚਾਹੀਦਾ ਹੈ। ਉਸ ਲਈ ਅਫ਼ਸੋਸ ਕਰਨ ਦੀ ਲੋੜ ਨਹੀਂ।
13 “ਅਜਿਹੇ ਵੱਟੇ ਨਾ ਰੱਖੋ ਜਿਹੜੇ ਜਾਂ ਤਾਂ ਬਹੁਤੇ ਹਲਕੇ ਹੋਣ ਜਾਂ ਬਹੁਤੇ ਭਾਰੇ ਹੋਣ। 14 ਆਪਣੇ ਘਰ ਵਿੱਚ ਅਜਿਹੇ ਵੱਟੇ ਵੀ ਨਾ ਰੱਖੋ ਜਿਹੜੇ ਜਾਂ ਤਾਂ ਬਹੁਤ ਵੱਡੇ ਹੋਣ ਜਾਂ ਬਹੁਤ ਛੋਟੇ ਹੋਣ। 15 ਤੁਹਾਨੂੰ ਉਹੀ ਨਾਪ-ਤੋਂਲ ਇਸਤੇਮਾਲ ਕਰਨੇ ਚਾਹੀਦੇ ਹਨ ਜਿਹੜੇ ਸੱਚੇ ਅਤੇ ਸਹੀ ਹਨ। ਫ਼ੇਰ ਤੁਸੀਂ ਉਸ ਧਰਤੀ ਉੱਤੇ ਲੰਮਾ ਸਮਾ ਜੀਵੋਂਗੇ ਜਿਹੜੀ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੇ ਰਿਹਾ ਹੈ। 16 ਯਹੋਵਾਹ, ਤੁਹਾਡਾ ਪਰਮੇਸ਼ੁਰ, ਉਨ੍ਹਾਂ ਲੋਕਾਂ ਨੂੰ ਨਫ਼ਰਤ ਕਰਦਾ ਹੈ ਜਿਹੜੇ ਨਾਪ-ਤੋਲ ਵਿੱਚ ਧੋਖਾ ਕਰਦੇ ਹਨ। ਹਾਂ, ਉਹ ਉਨ੍ਹਾਂ ਸਾਰਿਆਂ ਨੂੰ ਨਫ਼ਰਤ ਕਰਦਾ ਹੈ ਜਿਹੜੇ ਮੰਦੀਆਂ ਗੱਲਾਂ ਕਰਦੇ ਹਨ।
ਅਮਾਲੇਕੀਆਂ ਦਾ ਨਾਸ਼ ਜ਼ਰੂਰੀ ਹੈ
17 “ਉਸ ਸਲੂਕ ਨੂੰ ਚੇਤੇ ਰੱਖੋ ਜਿਹੜਾ ਅਮਾਲੇਕ ਦੇ ਲੋਕਾਂ ਨੇ ਤੁਹਾਡੇ ਨਾਲ ਉਦੋਂ ਕੀਤਾ ਸੀ ਜਦੋਂ ਤੁਸੀਂ ਮਿਸਰ ਤੋਂ ਆ ਰਹੇ ਸੀ। 18 ਅਮਾਲੇਕੀ ਪਰਮੇਸ਼ੁਰ ਦਾ ਆਦਰ ਨਹੀਂ ਕਰਦੇ ਸਨ। ਉਨ੍ਹਾਂ ਨੇ ਤੁਹਾਡੇ ਉੱਤੇ ਉਦੋਂ ਹਮਲਾ ਕੀਤਾ ਜਦੋਂ ਤੁਸੀਂ ਕਮਜ਼ੋਰ ਅਤੇ ਥੱਕੇ ਹੋਏ ਸੀ। ਉਨ੍ਹਾਂ ਨੇ ਤੁਹਾਡੇ ਉਨ੍ਹਾਂ ਸਮੂਹ ਲੋਕਾਂ ਨੂੰ ਮਾਰ ਦਿੱਤਾ ਜਿਹੜੇ ਸੁਸਤ ਸਨ ਅਤੇ ਸਭ ਦੇ ਪਿੱਛੇ ਤੁਰ ਰਹੇ ਸਨ। 19 ਇਹੀ ਕਾਰਣ ਹੈ ਕਿ ਤੁਹਾਨੂੰ ਚਾਹੀਦਾ ਹੈ ਕਿ ਦੁਨੀਆਂ ਤੋਂ ਅਮਾਲੇਕੀਆਂ ਦਾ ਨਾਮੋ-ਨਿਸ਼ਾਨ ਮਿਟਾ ਦੇਵੋ। ਤੁਹਾਨੂੰ ਇਹ ਗੱਲ ਉਦੋਂ ਕਰਨੀ ਚਾਹੀਦੀ ਹੈ ਜਦੋਂ ਤੁਸੀਂ ਉਸ ਧਰਤੀ ਵਿੱਚ ਦਾਖਲ ਹੋ ਰਹੇ ਹੋਵੋ ਜਿਹੜੀ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੇ ਰਿਹਾ ਹੈ। ਉਹ ਤੁਹਾਨੂੰ ਉੱਥੇ ਤੁਹਾਡੇ ਆਲੇ-ਦੁਆਲੇ ਦੇ ਸਾਰੇ ਦੁਸ਼ਮਣਾ ਤੋਂ ਰਾਹਤ ਦੇਵੇਗਾ। ਪਰ ਅਮਾਲੇਕੀਆਂ ਦਾ ਨਾਸ਼ ਕਰਨਾ ਨਾ ਭੁੱਲਿਉ।
116 ਮੈਂ ਇਸ ਨੂੰ ਪਸੰਦ ਕਰਦਾ ਹਾਂ
ਜਦੋਂ ਯਹੋਵਾਹ ਮੇਰੀਆਂ ਪ੍ਰਾਰਥਨਾ ਸੁਣਦਾ ਹੈ।
2 ਮੈਂ ਇਸ ਨੂੰ ਪਸੰਦ ਕਰਦਾ ਹਾਂ
ਜਦੋਂ ਸਹਾਇਤਾ ਲਈ ਉਹ ਮੇਰੀ ਪੁਕਾਰ ਨੂੰ ਸੁਣਦਾ ਹੈ।
3 ਮੈਂ ਤਾਂ ਮਰ ਹੀ ਚੱਲਿਆ ਸਾਂ।
ਮੌਤ ਦੇ ਰੱਸੇ ਮੇਰੇ ਦੁਆਲੇ ਤਣ ਗਏ ਸਨ।
ਕਬਰ ਹੌਲੀ-ਹੌਲੀ ਮੇਰੇ ਨਜ਼ਦੀਕ ਆ ਰਹੀ ਸੀ।
ਮੈਂ ਡਰਿਆ ਹੋਇਆ ਅਤੇ ਫ਼ਿਕਰਮੰਦ ਸਾਂ।
4 ਫ਼ੇਰ ਮੈਂ ਯਹੋਵਾਹ ਦਾ ਨਾਮ ਪੁਕਾਰਿਆ।
ਮੈਂ ਆਖਿਆ, “ਯਹੋਵਾਹ, ਮੈਨੂੰ ਬਚਾਉ!”
5 ਯਹੋਵਾਹ ਸ਼ੁਭ ਅਤੇ ਦਯਾਵਾਨ ਹੈ।
ਪਰਮੇਸ਼ੁਰ ਮਿਹਰਬਾਨ ਹੈ।
6 ਯਹੋਵਾਹ ਬੇਸਹਾਰਿਆਂ ਦਾ ਧਿਆਨ ਰੱਖਦਾ ਹੈ।
ਮੈਂ ਨਿਆਸਰਾ ਸਾਂ ਅਤੇ ਯਹੋਵਾਹ ਨੇ ਮੈਨੂੰ ਬਚਾ ਲਿਆ।
7 ਹੇ ਮੇਰੀ ਆਤਮਾ, ਸ਼ਾਂਤ ਹੋ ਜਾ!
ਯਹੋਵਾਹ ਤੇਰਾ ਧਿਆਨ ਰੱਖ ਰਿਹਾ ਹੈ।
8 ਹੇ ਪਰਮੇਸ਼ੁਰ, ਤੁਸੀਂ ਮੇਰੀ ਆਤਮਾ ਨੂੰ ਮੌਤ ਕੋਲੋਂ ਬਚਾਇਆ।
ਤੁਸੀਂ ਮੇਰੇ ਅਥਰੂ ਰੋਕੋ।
ਤੁਸੀਂ ਮੈਨੂੰ ਡਿੱਗਣ ਤੋਂ ਬਚਾਇਆ।
9 ਮੈਂ ਜਿਉਂਦਿਆ ਦੇ ਦੇਸ਼ ਵਿੱਚ ਯਹੋਵਾਹ ਦੀ ਸੇਵਾ ਕਰਦਾ ਰਹਾਂਗਾ।
10 ਮੈਂ ਉਦੋਂ ਵੀ ਵਿਸ਼ਵਾਸ ਕਰਦਾ ਰਿਹਾ ਜਦੋਂ ਮੈਂ ਇਹ ਵੀ ਆਖਿਆ ਸੀ,
“ਮੈਂ ਤਬਾਹ ਹੋ ਗਿਆ ਹਾਂ!”
11 ਹਾਂ, ਉਦੋਂ ਵੀ ਜਦੋਂ ਮੈਂ ਡਰਿਆ ਹੋਇਆ ਸਾਂ ਅਤੇ ਆਖਿਆ ਸੀ,
“ਸਾਰੇ ਬੰਦੇ ਝੂਠੇ ਹਨ!”
12 ਮੈਂ ਯਹੋਵਾਹ ਨੂੰ ਕੀ ਅਰਪਣ ਕਰ ਸੱਕਦਾ ਹਾਂ?
ਯਹੋਵਾਹ ਨੇ ਮੈਨੂੰ ਹਰ ਸ਼ੈਅ ਜੋ ਵੀ ਮੇਰੇ ਕੋਲ ਹੈ ਦਿੱਤੀ ਹੈ।
13 ਉਸ ਨੇ ਮੈਨੂੰ ਬਚਾਇਆ,
ਇਸ ਲਈ ਮੈਂ ਉਸ ਅੱਗੇ ਪਿਆਲਾ ਭੇਟ ਕਰਾਂਗਾ।
ਅਤੇ ਮੈਂ ਯਹੋਵਾਹ ਦਾ ਨਾਮ ਪੁਕਾਰਾਂਗਾ।
14 ਮੈਂ ਉਹ ਚੀਜ਼ਾਂ ਦੇਵਾਂਗਾ ਜਿਨ੍ਹਾਂ ਦਾ ਯਹੋਵਾਹ ਨਾਲ ਇਕਰਾਰ ਕੀਤਾ ਸੀ।
ਹੁਣ ਮੈਂ ਉਸ ਦੇ ਸਮੂਹ ਬੰਦਿਆ ਦੇ ਸਾਹਮਣੇ ਜਾਵਾਂਗਾ।
15 ਯਹੋਵਾਹ ਵਾਸਤੇ ਉਸ ਦੇ ਕਿਸੇ ਵੀ ਚੇਲੇ ਦੀ ਮੌਤ ਯਹੋਵਾਹ ਵਾਸਤੇ ਬਹੁਤ ਮਹੱਤਵਪੂਰਣ ਹੈ।
ਹੇ ਯਹੋਵਾਹ, ਮੈਂ ਤੁਹਾਡੇ ਸੇਵਕਾਂ ਵਿੱਚੋਂ ਹਾਂ।
16 ਮੈਂ ਤੁਹਾਡਾ ਸੇਵਕ ਹਾਂ,
ਤੁਹਾਡੀ ਇੱਕ ਸੇਵਾਦਾਰ ਔਰਤ ਦਾ ਬੱਚਾ।
ਯਹੋਵਾਹ, ਤੁਸੀਂ ਹੀ ਮੇਰੇ ਪਹਿਲੇ ਗੁਰੂ ਸੀ।
17 ਮੈਂ ਤੁਹਾਡੇ ਅੱਗੇ ਧੰਨਵਾਦ ਭੇਟ ਕਰਾਂਗਾ।
ਮੈਂ ਯਹੋਵਾਹ ਦਾ ਨਾਮ ਲਵਾਂਗਾ।
18 ਮੈਂ ਯਹੋਵਾਹ ਨੂੰ ਉਹ ਚੀਜ਼ਾਂ ਦੇਵਾਂਗਾ ਜਿਨ੍ਹਾਂ ਦਾ ਮੈਂ ਇਕਰਾਰ ਕੀਤਾ ਸੀ।
ਹੁਣ ਮੈਂ ਉਸ ਦੇ ਸਮੂਹ ਬੰਦਿਆਂ ਦੇ ਸਾਹਮਣੇ ਜਾਵਾਂਗਾ।
19 ਮੈਂ ਯਰੂਸ਼ਲਮ ਦੇ ਮੰਦਰ ਵਿੱਚ ਜਾਵਾਂਗਾ।
ਯਹੋਵਾਹ ਦੀ ਉਸਤਤਿ ਕਰੋ।
ਇਸਰਾਏਲ ਬਚ ਜਾਵੇਗਾ
52 ਜਾਗੋ! ਜਾਗੋ ਸੀਯੋਨ!
ਆਪਣੇ ਬਸਤਰ ਪਹਿਨ! ਆਪਣੀ ਮਜ਼ਬੂਤੀ ਫ਼ੜ!
ਪਵਿੱਤਰ ਯਰੂਸ਼ਲਮ ਉੱਠ ਖੜ੍ਹਾ ਹੋ।
ਫ਼ੇਰ ਤੇਰੇ ਅੰਦਰ ਉਹ ਲੋਕ ਦਾਖਲ ਨਹੀਂ ਹੋਣਗੇ ਜਿਨ੍ਹਾਂ ਪਰਮੇਸ਼ੁਰ ਦੀ ਅਗਵਾਈ ਨਹੀਂ ਮੰਨੀ।
ਉਹ ਲੋਕ ਸ਼ੁੱਧ ਅਤੇ ਸਾਫ਼ ਨਹੀਂ ਹਨ।
2 ਗਰਦ ਨੂੰ ਝਾੜ ਸੁੱਟ! ਆਪਣੀ ਅਦਭੁਤ ਪੁਸ਼ਾਕ ਪਹਿਨ ਲੈ!
ਹੇ ਯਰੂਸ਼ਲਮ, ਸੀਯੋਨ ਦੀਏ ਧੀਏ,
ਤੂੰ ਕੈਦੀ ਸੀ ਪਰ ਹੁਣ ਆਪਣੇ-ਆਪ ਨੂੰ ਉਨ੍ਹਾਂ ਜ਼ੰਜ਼ੀਰਾਂ ਤੋਂ ਅਜ਼ਾਦ ਕਰ ਲੈ ਜਿਹੜੀਆਂ ਤੇਰੀ ਧੌਣ ਦੁਆਲੇ ਹਨ!
3 ਯਹੋਵਾਹ ਆਖਦਾ ਹੈ,
“ਤੁਹਾਨੂੰ ਪੈਸਿਆਂ ਬਦਲੇ ਨਹੀਂ ਵੇਚਿਆ ਗਿਆ।
ਇਸ ਲਈ ਮੈਂ ਤੁਹਾਨੂੰ ਸੁਤੰਤਰ ਕਰਨ ਲਈ ਪੈਸੇ ਦਾ ਇਸਤੇਮਾਲ ਨਹੀਂ ਕਰਾਂਗਾ।”
4 ਮੇਰਾ ਪ੍ਰਭੂ, ਯਹੋਵਾਹ ਆਖਦਾ ਹੈ, “ਮੇਰੇ ਲੋਕ ਪਹਿਲਾਂ ਮਿਸਰ ਵੱਲ ਰਹਿਣ ਲਈ ਗਏ-ਤੇ ਫ਼ੇਰ ਉਹ ਗੁਲਾਮ ਬਣ ਗਏ। ਬਾਦ ਵਿੱਚ ਅੱਸ਼ੂਰ ਨੇ ਉਨ੍ਹਾਂ ਨੂੰ ਗੁਲਾਮ ਬਣਾ ਲਿਆ। 5 ਹੁਣ ਦੇਖੋ ਕੀ ਵਾਪਰਿਆ ਹੈ! ਇੱਕ ਹੋਰ ਕੌਮ ਨੇ ਮੇਰੇ ਲੋਕਾਂ ਨੂੰ ਗੁਲਾਮ ਬਣਾ ਲਿਆ ਹੈ। ਉਸ ਦੇਸ਼ ਨੂੰ ਮੇਰੇ ਲੋਕਾਂ ਨੂੰ ਗੁਲਾਮ ਬਨਾਉਣ ਲਈ ਪੈਸਾ ਨਹੀਂ ਅਦਾ ਕਰਨਾ ਪਿਆ। ਇਹ ਕੌਮ ਮੇਰੇ ਲੋਕਾਂ ਉੱਤੇ ਹਕੂਮਤ ਕਰਦੀ ਹੈ ਅਤੇ ਉਨ੍ਹਾਂ ਉੱਤੇ ਹੱਸਦੀ ਹੈ। ਉਹ ਲੋਕ ਹਮੇਸ਼ਾ ਮੇਰੇ ਬਾਰੇ ਬੁਰਾ ਭਲਾ ਆਖਦੇ ਹਨ।”
6 ਯਹੋਵਾਹ ਆਖਦਾ ਹੈ, “ਇਹ ਵਾਪਰਿਆ ਹੈ ਤਾਂ ਜੋ ਮੇਰੇ ਬੰਦੇ ਮੇਰੇ ਬਾਰੇ ਗਿਆਨ ਲੈ ਸੱਕਣ। ਮੇਰੇ ਬੰਦੇ ਜਾਣ ਲੈਣਗੇ ਕਿ ਮੈਂ ਕੀ ਹਾਂ। ਮੇਰੇ ਬੰਦੇ ਮੇਰਾ ਨਾਮ ਜਾਣ ਲੈਣਗੇ, ਅਤੇ ਉਹ ਜਾਣ ਲੈਣਗੇ ਕਿ ਮੈਂ ਉਹ ਹਾਂ [a] ਜਿਹੜਾ ਉਨ੍ਹਾਂ ਨਾਲ ਗੱਲ ਕਰ ਰਿਹਾ ਹੈ।”
7 ਕਿਸੇ ਸੰਦੇਸ਼ਵਾਹਕ ਨੂੰ ਪਹਾੜੀ ਤੋਂ ਉੱਤਰ ਕੇ ਸ਼ੁਭ ਸਮਾਚਾਰ ਲਿਆਉਂਦਿਆਂ ਦੇਖਣਾ ਕਿੰਨਾ ਅਦਭੁਤ ਹੈ। ਸੰਦੇਸ਼ ਵਾਹਕ ਕੋਲੋਂ ਐਲਾਨ ਸੁਣਦਿਆਂ ਇਹ ਖੁਸ਼ੀ ਲਿਆਉਂਦਾ ਹੈ, “ਸੀਯੋਨ, ਇੱਥੇ ਅਮਨ ਹੈ! ਅਸੀਂ ਬਚ ਗਏ ਹਾਂ! ਤੁਹਾਡਾ ਪਰਮੇਸ਼ੁਰ ਰਾਜਾ ਹੈ।”
8 ਸ਼ਹਿਰ ਦੇ ਪਹਿਰੇਦਾਰ ਹੋਕਰੇ ਦੇਣਾ ਸ਼ੁਰੂ ਕਰਦੇ ਹਨ।
ਉਹ ਮਿਲਕੇ ਖੁਸ਼ੀ ਮਨਾ ਰਹੇ ਹਨ!
ਕਿਉਂ ਕਿ ਉਨ੍ਹਾਂ ਵਿੱਚੋਂ ਹਰ ਕੋਈ, ਯਹੋਵਾਹ ਨੂੰ ਸੀਯੋਨ ਪਰਤਦਿਆਂ ਦੇਖਦਾ ਹੈ।
9 ਯਰੂਸ਼ਲ਼ਮ, ਤੇਰੇ ਤਬਾਹ ਹੋਏ ਭਵਨ ਫ਼ੇਰ ਖੁਸ਼ੀ ਨਾਲ ਭਰਪੂਰ ਹੋਣਗੇ।
ਤੁਸੀਂ ਸਾਰੇ ਮਿਲਕੇ ਖੁਸ਼ੀ ਮਨਾਓਗੇ, ਕਿਉਂ ਕਿ ਯਹੋਵਾਹ ਯਰੂਸ਼ਲਮ ਉੱਤੇ ਮਿਹਰਬਾਨ ਹੋਵੇਗਾ।
ਯਹੋਵਾਹ ਆਪਣੇ ਬੰਦਿਆਂ ਨੂੰ ਬਚਾਵੇਗਾ।
10 ਯਹੋਵਾਹ ਆਪਣੀ ਪਵਿੱਤਰ ਸ਼ਕਤੀ ਸਮੂਹ ਕੌਮਾਂ ਨੂੰ ਦਰਸਾਏਗਾ।
ਦੂਰ-ਦੁਰਾਡੇ ਦੇ ਸਾਰੇ ਦੇਸ਼ ਦੇਖਣਗੇ ਕਿ ਪਰਮੇਸ਼ੁਰ ਆਪਣੇ ਬੰਦਿਆਂ ਨੂੰ ਕਿਵੇਂ ਬਚਾਉਂਦਾ ਹੈ।
11 ਤੁਹਾਨੂੰ ਲੋਕਾਂ ਨੂੰ, ਓਬੋਁ ਚੱਲੇ ਜਾਣਾ ਚਾਹੀਦਾ ਹੈ
ਆਪਣੀ ਗੁਲਾਮੀ ਤੋਂ ਵੱਖ ਹੋ ਜਾਣਾ ਚਾਹੀਦਾ ਹੈ!
ਜਾਜਕੋ, ਤੁਸੀਂ ਚੁੱਕੀਆਂ ਹੋਈਆਂ ਨੇ ਉਹ ਵਸਤਾਂ ਜਿਹੜੀਆਂ ਉਪਾਸਨਾ ਲਈ ਵਰਤੀਆਂ ਜਾਂਦੀਆਂ ਨੇ।
ਇਸ ਲਈ ਆਪਣੇ-ਆਪ ਨੂੰ ਸ਼ੁੱਧ ਬਣਾਓ।
ਓਸ ਸ਼ੈਅ ਨੂੰ ਛੂਹੋ ਨਾ ਜਿਹੜੀ ਅਪਵਿੱਤਰ ਹੈ।
12 ਤੁਸੀਂ ਆਪਣੀ ਅਧੀਨਗੀ ਨੂੰ ਛੱਡ ਦਿਓਗੇ।
ਪਰ ਉਹ ਛੱਡਣ ਲਈ ਮਜ਼ਬੂਰ ਨਹੀਂ ਕਰਨਗੇ ਉਹ ਕਾਹਲੀ ਵਿੱਚ।
ਤੁਹਾਨੂੰ ਭੱਜਣ ਲਈ ਮਜ਼ਬੂਰ ਨਹੀਂ ਕੀਤਾ ਜਾਵੇਗਾ।
ਤੁਸੀਂ ਤੁਰ ਜਾਓਗੇ, ਤੇ ਯਹੋਵਾਹ ਤੁਹਾਡੇ ਨਾਲ ਚੱਲੇਗਾ।
ਯਹੋਵਾਹ ਤੁਹਾਡੇ ਅੱਗੇ-ਅੱਗੇ ਹੋਵੇਗਾ,
ਅਤੇ ਇਸਰਾਏਲ ਦਾ ਪਰਮੇਸ਼ੁਰ ਤੁਹਾਡੇ ਪਿੱਛੇ-ਪਿੱਛੇ ਹੋਵੇਗਾ।
ਪਰਮੇਸ਼ੁਰ ਦਾ ਦੁੱਖੀ ਸੇਵਕ
13 “ਮੇਰੇ ਸੇਵਕ ਵੱਲ ਦੇਖੋ। ਉਹ ਬਹੁਤ ਕਾਮਯਾਬ ਹੋਵੇਗਾ। ਉਹ ਬਹੁਤ ਮਹ੍ਹਤਵਪੂਰਣ ਹੋਵੇਗਾ, ਭਵਿੱਖ ਵਿੱਚ ਲੋਕ ਉਸਦਾ ਆਦਰ ਕਰਨਗੇ ਅਤੇ ਉਸ ਨੂੰ ਇੱਜ਼ਤ ਦੇਣਗੇ।
14 “ਪਰ ਬਹੁਤੇ ਲੋਕ ਪਰੇਸ਼ਾਨ ਹੋਏ ਸਨ ਜਦੋਂ ਉਨ੍ਹਾਂ ਨੇ ਮੇਰੇ ਸੇਵਕ ਨੂੰ ਦੇਖਿਆ ਸੀ। ਉਹ ਇੰਨੀ ਬੁਰੀ ਤਰ੍ਹਾਂ ਦੁੱਖੀ ਸੀ ਕਿ ਉਹ ਉਸ ਨੂੰ ਮਨੁੱਖ ਵਜੋਂ ਮੁਸ਼ਕਿਲ ਨਾਲ ਪਛਾਣ ਸੱਕਦੇ ਸਨ। 15 ਪਰ ਹੋਰ ਬਹੁਤ ਸਾਰੇ ਬੰਦੇ ਵੀ ਹੈਰਾਨ ਹੋਣਗੇ। ਰਾਜੇ ਉਸ ਨੂੰ ਦੇਖਣਗੇ, ਹੈਰਾਨ ਹੋਣਗੇ, ਅਤੇ ਇੱਕ ਸ਼ਬਦ ਵੀ ਨਹੀਂ ਬੋਲ ਸੱਕਣਗੇ। ਉਹ ਲੋਕ ਮੇਰੇ ਸੇਵਕ ਬਾਰੇ ਕਹਾਣੀ ਨਹੀਂ ਸੁਣਨਗੇ। ਉਨ੍ਹਾਂ ਨੇ ਦੇਖਿਆ ਸੀ ਕਿ ਕੀ ਵਾਪਰਿਆ ਸੀ। ਉਨ੍ਹਾਂ ਨੇ ਕਹਾਣੀ ਨਹੀਂ ਸੁਣੀ ਸੀ ਪਰ ਉਨ੍ਹਾਂ ਨੇ ਸਮਝ ਲਿਆ ਸੀ।”
22 ਫ਼ੇਰ ਮੈਨੂੰ ਦੂਤ ਨੇ ਜੀਵਨ ਦੇ ਜਲ ਦਾ ਦਰਿਆ ਵਿਖਾਇਆ। ਨਦੀ ਬਲੌਰ ਵਾਂਗ ਚਮਕ ਰਹੀ ਸੀ। ਇਹ ਨਦੀ ਪਰਮੇਸ਼ੁਰ ਦੇ ਅਤੇ ਲੇਲੇ ਦੇ ਤਖਤ ਤੋਂ ਵੱਗਦੀ ਸੀ। 2 ਇਹ ਸ਼ਹਿਰ ਦੀ ਗਲੀ ਦੇ ਵਿੱਚਕਾਰ ਵੱਗਦੀ ਹੈ। ਨਦੀ ਦੇ ਦੋਹਾਂ ਕੰਢਿਆਂ ਉੱਪਰ ਜੀਵਨ ਦਾ ਰੁੱਖ ਸੀ। ਜੀਵਨ ਦਾ ਰੁੱਖ ਸਾਲ ਵਿੱਚ ਬਾਰ੍ਹਾਂ ਵਾਰੀਂ ਫ਼ਲ ਦਿੰਦਾ ਹੈ। ਇਹ ਹਰ ਮਹੀਨੇ ਫ਼ਲ ਦਿੰਦਾ ਹੈ। ਰੁੱਖ ਦੇ ਪੱਤਿਆਂ ਦੀ ਵਰਤੋਂ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੰਗਾ ਕਰਨ ਲਈ ਕੀਤੀ ਜਾਂਦੀ ਹੈ।
3 ਪਰਮੇਸ਼ੁਰ ਲਈ ਇਸ ਸ਼ਹਿਰ ਦੇ ਲੋਕਾਂ ਨੂੰ ਕੋਸਣਾ ਹੋਰ ਵੱਧੇਰੇ ਜਰੂਰੀ ਨਹੀਂ ਹੋਵੇਗਾ। ਪਰਮੇਸ਼ੁਰ ਅਤੇ ਲੇਲੇ ਦਾ ਤਖਤ ਸ਼ਹਿਰ ਵਿੱਚ ਹੋਵੇਗਾ। ਪਰਮੇਸ਼ੁਰ ਦੇ ਸੇਵਕ ਉਸਦੀ ਉਪਾਸਨਾ ਕਰਨਗੇ। 4 ਉਹ ਉਸਦਾ ਦੀਦਾਰ ਕਰਨਗੇ। ਪਰਮੇਸ਼ੁਰ ਦਾ ਨਾਮ ਉਨ੍ਹਾਂ ਦੇ ਮੱਥਿਆਂ ਤੇ ਲਿਖਿਆ ਹੋਵੇਗਾ। 5 ਉੱਥੇ ਕਦੇ ਵੀ ਫ਼ੇਰ ਰਾਤ ਨਹੀਂ ਪਵੇਗੀ। ਲੋਕਾਂ ਨੂੰ ਕਿਸੇ ਦੀਵੇ ਦੀ ਰੌਸ਼ਨੀ ਜਾਂ ਸੂਰਜ ਦੀ ਰੌਸ਼ਨੀ ਦੀ ਲੋੜ ਨਹੀਂ ਪਵੇਗੀ। ਪ੍ਰਭੂ ਪਰਮੇਸ਼ੁਰ ਉਨ੍ਹਾਂ ਨੂੰ ਰੌਸ਼ਨੀ ਦੇਵੇਗਾ। ਅਤੇ ਉਹ ਰਾਜਿਆਂ ਵਾਂਗ ਸਦਾ ਰਾਜ ਕਰਨਗੇ।
6 ਦੂਤ ਨੇ ਮੈਨੂੰ ਆਖਿਆ, “ਇਹ ਸ਼ਬਦ ਸੱਚੇ ਹਨ ਅਤੇ ਵਿਸ਼ਵਾਸ ਕਰਨ ਯੋਗ ਹਨ। ਪ੍ਰਭੂ ਆਤਮਿਆਂ ਅਤੇ ਨਬੀਆਂ ਦਾ ਪਰਮੇਸ਼ੁਰ ਹੈ। ਪਰਮੇਸ਼ੁਰ ਨੇ ਆਪਣਾ ਦੂਤ ਆਪਣੇ ਲੋਕਾਂ ਨੂੰ ਉਹ ਘਟਨਾਵਾਂ ਦਰਸਾਉਣ ਲਈ ਭੇਜਿਆ ਹੈ ਜਿਹੜੀਆਂ ਛੇਤੀ ਹੀ ਵਾਪਰਨੀਆਂ ਚਾਹੀਦੀਆਂ ਹਨ। 7 ‘ਧਿਆਨ ਨਾਲ ਸੁਣੋ ਮੈਂ ਛੇਤੀ ਹੀ ਆ ਰਿਹਾ ਹਾਂ। ਜਿਹੜਾ ਵਿਅਕਤੀ ਇਸ ਪੁਸਤਕ ਦੇ ਸੰਦੇਸ਼ ਦੇ ਬਚਨਾਂ ਦੀ ਪਾਲਣਾ ਕਰਦਾ ਹੈ ਉਹ ਖੁਸ਼ ਹੋਵੇਗਾ।’”
8 ਮੈਂ ਯੂਹੰਨਾ ਹਾਂ। ਮੈਂ ਹੀ ਸੀ ਜਿਸਨੇ ਇਹ ਗੱਲਾਂ ਸੁਣੀਆਂ ਤੇ ਦੇਖੀਆਂ ਸਨ। ਇਹ ਗੱਲਾਂ ਸੁਨਣ ਅਤੇ ਦੇਖਣ ਤੋਂ ਬਾਅਦ, ਮੈਂ ਉਸ ਦੂਤ ਦੇ ਚਰਣਾਂ ਉੱਤੇ ਸ਼ੀਸ਼ ਨਿਵਾਇਆ ਜਿਸਨੇ ਉਸਦੀ ਉਪਾਸਨਾ ਕਰਾਉਣ ਲਈ ਮੈਨੂੰ ਇਹ ਸਭ ਗੱਲਾਂ ਦਰਸ਼ਾਈਆਂ। 9 ਪਰ ਦੂਤ ਨੇ ਮੈਨੂੰ ਆਖਿਆ, “ਮੇਰੀ ਉਪਾਸਨਾ ਨਾ ਕਰੋ। ਮੈਂ ਵੀ ਤੁਹਾਡੇ ਅਤੇ ਤੁਹਾਡੇ ਨਬੀਆਂ ਭਰਾਵਾਂ ਵਰਗਾ ਹੀ ਹਾਂ। ਮੈਂ ਵੀ ਹੋਰ ਸਾਰਿਆਂ, ਵਰਗਾ ਇੱਕ ਸੇਵਕ ਹਾਂ ਜਿਹੜੇ ਇਸ ਵਿੱਚ ਲਿਖੇ ਬਚਨਾਂ ਦਾ ਅਨੁਸਰਣ ਕਰਦੇ ਹਨ। ਤੁਹਾਨੂੰ ਪਰਮੇਸ਼ੁਰ ਦੀ ਉਪਾਸਨਾ ਕਰਨੀ ਚਾਹੀਦੀ ਹੈ।”
10 ਫ਼ਿਰ ਦੂਤ ਨੇ ਮੈਨੂੰ ਕਿਹਾ, “ਇਸ ਪੁਸਤਕ ਦੇ ਅਗੰਮ ਵਾਕ ਦੇ ਬਚਨਾਂ ਨੂੰ ਗੁਪਤ ਨਾ ਰੱਖ। ਇਨ੍ਹਾਂ ਗੱਲਾਂ ਦੇ ਵਾਪਰਨ ਦਾ ਸਮਾਂ ਬਹੁਤ ਨੇੜੇ ਹੈ। 11 ਜਿਹੜਾ ਵਿਅਕਤੀ ਬੁਰਾ ਕਰਦਾ ਹੈ, ਉਸ ਨੂੰ ਬੁਰਾ ਕਰੀ ਜਾਣ ਦਿਓ। ਜਿਹੜਾ ਵਿਅਕਤੀ ਗੰਦਾ ਹੈ, ਉਸ ਨੂੰ ਹੋਰ ਵੀ ਗੰਦਾ ਹੁੰਦਾ ਜਾਣ ਦਿਓ। ਜਿਹੜਾ ਵਿਅਕਤੀ ਓਹੀ ਕਰਦਾ ਹੈ ਜੋ ਧਰਮੀ ਹੈ, ਉਸ ਨੂੰ ਉਹੋ ਕਰੀ ਜਾਣ ਦਿਓ ਜੋ ਧਰਮੀ ਹੈ। ਜਿਹੜਾ ਪਵਿੱਤਰ ਹੈ ਉਸ ਨੂੰ ਪਵਿੱਤਰ ਬਣਿਆ ਰਹਿਣ ਦਿਓ।”
12 “ਸੁਣੋ। ਮੈਂ ਬਹੁਤ ਛੇਤੀ ਆ ਰਿਹਾ ਹਾਂ। ਮੈਂ ਆਪਣੇ ਨਾਲ ਇਨਾਮ ਲਿਆਵਾਂਗਾ। ਮੈਂ ਹਰੇਕ ਵਿਅਕਤੀ ਨੂੰ ਉਸ ਦੇ ਕੀਤੇ ਦਾ ਫ਼ਲ ਦੇਵਾਂਗਾ। 13 ਮੈਂ ਅਲਫ਼ਾ ਤੇ ਉਮੇਗਾ ਹਾਂ, ਪਹਿਲਾ ਤੇ ਆਖਰੀ, ਆਦਿ ਤੇ ਅੰਤ।
14 “ਉਹ ਲੋਕ ਜਿਨ੍ਹਾਂ ਨੇ ਆਪਣੇ ਚੋਲੇ ਧੋਤੇ ਹਨ, ਸੁਭਾਗੇ ਹੋਣਗੇ। ਉਨ੍ਹਾਂ ਨੂੰ ਜੀਵਨ ਦੇ ਰੁੱਖ ਦਾ ਫ਼ਲ ਖਾਣ ਦਾ ਇਖਤਿਆਰ ਹੋਵੇਗਾ। ਉਹ ਬੂਹਿਆਂ ਰਾਹੀਂ ਸ਼ਹਿਰ ਵਿੱਚ ਦਾਖਿਲ ਹੋਣਗੇ। 15 ਸ਼ਹਿਰ ਤੋਂ ਬਾਹਰ, ਉੱਥੇ ਕੁੱਤੇ ਹਨ, ਉਹ ਜੋ ਜਾਦੂ ਕਰਦੇ ਹਨ, ਜਿਨਸੀ ਪਾਪ ਕਰਦੇ ਹਨ, ਜਿਹੜੇ ਕਤਲ ਕਰਦੇ ਹਨ, ਜਿਹੜੇ ਮੂਰਤੀਆਂ ਦੀ ਉਪਾਸਨਾ ਕਰਦੇ ਹਨ ਅਤੇ ਉਹ ਜਿਹੜੇ ਝੂਠ ਨੂੰ ਪਿਆਰ ਕਰਦੇ ਹਨ ਅਤੇ ਝੂਠ ਬੋਲਦੇ ਹਨ।
16 “ਮੈਂ, ਯਿਸੂ ਨੇ ਕਲੀਸਿਯਾ ਨੂੰ ਇਹ ਗੱਲਾਂ ਦੱਸਣ ਲਈ ਆਪਣੇ ਦੂਤ ਭੇਜਦਾ ਹਾਂ। ਮੈਂ ਦਾਊਦ ਦੇ ਪਰਿਵਾਰ ਦੀ ਔਲਾਦ ਹਾਂ। ਮੈਂ ਸਵੇਰ ਦਾ ਚਮਕਦਾ ਸਿਤਾਰਾ ਹਾਂ।”
17 ਆਤਮਾ ਅਤੇ ਲਾੜੀ ਆਖਦੇ ਹਨ, “ਆਓ।” ਅਤੇ ਸ੍ਰੋਤਿਆਂ ਨੂੰ ਆਖਣਾ ਚਾਹੀਦਾ, “ਆਓ।” ਜੇਕਰ ਕੋਈ ਪਿਆਸਾ ਹੈ, ਉਸ ਨੂੰ ਆਉਣ ਦਿਓ ਅਤੇ ਜੇਕਰ ਉਹ ਚਾਹੁੰਦਾ ਤਾਂ ਜੀਵਨ ਦਾ ਪਾਣੀ ਮੁਫ਼ਤ ਇੱਕ ਸੁਗਾਤ ਵਜੋਂ ਪੀਣ ਦਿਉ।
18 ਹੁਣ ਮੈਂ ਉਨ੍ਹਾਂ ਸਭ ਨੂੰ ਚਿਤਾਵਨੀ ਦਿੰਦਾ ਹਾਂ ਜਿਹੜੇ ਇਸ ਪੁਸਤਕ ਦੀ ਅਗੰਮ ਵਾਕ ਦੇ ਸ਼ਬਦਾਂ ਨੂੰ ਸੁਣਦੇ ਹਨ। ਜੇਕਰ ਕੋਈ ਇਨ੍ਹਾਂ ਸ਼ਬਦਾਂ ਵਿੱਚ ਕੁਝ ਜੋੜਦਾ ਹੈ, ਪਰਮੇਸ਼ੁਰ ਉਸ ਉੱਤੇ ਉਹ ਮੁਸੀਬਤਾਂ ਲਿਆਵੇਗਾ ਜਿਨ੍ਹਾਂ ਬਾਰੇ ਇਸ ਪੁਸਤਕ ਵਿੱਚ ਲਿਖਿਆ ਹੋਇਆ। 19 ਅਤੇ ਜੇਕਰ ਕੋਈ ਵੀ ਅਗੰਮ ਵਾਕ ਦੀ ਇਸ ਪੁਸਤਕ ਵਿੱਚੋਂ ਸ਼ਬਦਾਂ ਨੂੰ ਕੱਢਦਾ ਹੈ, ਪਰਮੇਸ਼ੁਰ ਜੀਵਨ ਦੇ ਰੁੱਖ ਵਿੱਚੋਂ ਉਸਦਾ ਹਿੱਸਾ ਅਤੇ ਪਵਿੱਤਰ ਸ਼ਹਿਰ ਵਿੱਚੋਂ ਉਸਦੀ ਥਾਂ ਲੈ ਲਵੇਗਾ। ਜਿਸ ਬਾਰੇ ਇਸ ਪੁਸਤਕ ਵਿੱਚ ਲਿਖਿਆ ਹੈ।
20 ਯਿਸੂ ਹੀ ਹੈ ਜਿਹੜਾ ਆਖਦਾ ਹੈ ਕਿ ਇਹ ਸਾਰੀਆਂ ਗੱਲਾਂ ਸੱਚ ਹਨ। ਹੁਣ ਉਹ ਆਖਦਾ ਹੈ, “ਹਾਂ, ਮੈਂ ਛੇਤੀ ਆ ਰਿਹਾ ਹਾਂ।”
ਆਮੀਨ! ਆਓ ਪ੍ਰਭੂ ਯਿਸੂ!
21 ਪ੍ਰਭੂ ਯਿਸੂ ਦੀ ਕ੍ਰਿਪਾ ਸਭਨਾਂ ਤੇ ਹੋਵੇ। ਆਮੀਨ।
2010 by World Bible Translation Center