M’Cheyne Bible Reading Plan
ਹੋਰ ਕਾਨੂੰਨ
22 “ਜੇ ਤੁਸੀਂ ਦੇਖਦੇ ਹੋ ਕਿ ਤੁਹਾਡੇ ਗੁਆਂਢੀ ਦੀ ਗਾਂ ਜਾਂ ਭੇਡ ਖੁਲ੍ਹ ਗਈ ਹੈ ਤਾਂ ਤੁਹਾਨੂੰ ਇਸ ਨੂੰ ਅਣਡਿਠ ਨਹੀਂ ਕਰਨਾ ਚਾਹੀਦਾ। ਤੁਹਾਨੂੰ ਚਾਹੀਦਾ ਹੈ ਕਿ ਇਸ ਨੂੰ ਉਸ ਦੇ ਮਾਲਕ ਕੋਲ ਜ਼ਰੂਰ ਲੈ ਕੇ ਜਾਵੋ। 2 ਜੇ ਮਾਲਕ ਤੁਹਾਡੇ ਨੇੜੇ ਨਹੀਂ ਰਹਿੰਦਾ ਜਾਂ ਤੁਸੀਂ ਇਹ ਨਹੀਂ ਜਾਣਦੇ ਕਿ ਇਸਦਾ ਮਾਲਕ ਕੌਣ ਹੈ ਤਾਂ ਤੁਸੀਂ ਉਸ ਗਾਂ ਜਾਂ ਭੇਡ ਨੂੰ ਆਪਣੇ ਘਰ ਰੱਖ ਸੱਕਦੇ ਹੋ ਅਤੇ ਤੁਸੀਂ ਉਸ ਨੂੰ ਓਨਾ ਚਿਰ ਤੱਕ ਰੱਖ ਸੱਕਦੇ ਹੋ ਜਦੋਂ ਤੱਕ ਕਿ ਉਸਦਾ ਮਾਲਕ ਉਸ ਨੂੰ ਲੱਭਦਾ ਹੋਇਆ ਆ ਨਹੀਂ ਜਾਂਦਾ। ਫ਼ੇਰ ਤੁਹਾਨੂੰ ਉਸ ਨੂੰ ਜ਼ਰੂਰ ਵਾਪਸ ਕਰ ਦੇਣਾ ਚਾਹੀਦਾ ਹੈ। 3 ਤੁਹਾਨੂੰ ਅਜਿਹਾ ਸਿਰਫ਼ ਉਦੋਂ ਹੀ ਕਰਨਾ ਚਾਹੀਦਾ ਜਦੋਂ ਤੁਸੀਂ ਆਪਣੇ ਗੁਆਂਢੀ ਦੇ ਖੋਤੇ, ਜਾਂ ਉਸ ਦੇ ਕੱਪੜੇ ਜਾਂ ਉਸਦੀ ਕੋਈ ਗੁੰਮ ਹੋਈ ਚੀਜ਼ ਨੂੰ ਲੱਭ ਲਵੋ। ਤੁਹਾਨੂੰ ਆਪਣੇ ਗੁਆਂਢੀ ਦੀ ਸਹਾਇਤਾ ਕਰਨੀ ਚਾਹੀਦੀ ਹੈ।
4 “ਜੇ ਤੁਹਾਡੇ ਗੁਆਂਢੀ ਦਾ ਖੋਤਾ ਜਾਂ ਗਾਂ ਸੜਕ ਉੱਤੇ ਡਿੱਗ ਪਵੇ, ਤੁਹਾਨੂੰ ਇਸ ਨੂੰ ਅਣਡਿਠ ਨਹੀਂ ਕਰਨਾ ਚਾਹੀਦਾ। ਤੁਹਾਨੂੰ ਇਸ ਨੂੰ ਉੱਠਾਉਣ ਵਿੱਚ ਸਹਾਇਤਾ ਕਰਨੀ ਚਾਹੀਦੀ ਹੈ।
5 “ਕਿਸੇ ਔਰਤ ਨੂੰ ਆਦਮੀਆਂ ਵਾਲੇ ਕੱਪੜੇ ਨਹੀਂ ਪਹਿਨਣੇ ਚਾਹੀਦੇ ਅਤੇ ਆਦਮੀ ਨੂੰ ਔਰਤਾਂ ਵਾਲੇ ਕੱਪੜੇ ਨਹੀਂ ਪਹਿਨਣੇ ਚਾਹੀਦੇ। ਯਹੋਵਾਹ, ਤੁਹਾਡੇ ਪਰਮੇਸ਼ੁਰ, ਲਈ ਇਹ ਗੱਲ ਬੜੀ ਘਿਰਣਾਯੋਗ ਹੈ।
6 “ਹੋ ਸੱਕਦਾ ਹੈ ਤੁਸੀਂ ਰਾਹ ਉੱਤੇ ਤੁਰ ਰਹੇ ਹੋਵੋ ਅਤੇ ਤੁਹਾਨੂੰ ਕਿਸੇ ਰੁੱਖ ਉੱਤੇ ਜਾਂ ਧਰਤੀ ਉੱਤੇ ਕਿਸੇ ਪੰਛੀ ਦਾ ਆਲ੍ਹਣਾ ਮਿਲੇ। ਜੇ ਮਾਦਾ ਪੰਛੀ ਆਪਣੇ ਬੱਚਿਆਂ ਨਾਲ ਜਾਂ ਆਂਡਿਆਂ ਉੱਤੇ ਬੈਠੀ ਹੋਵੇ ਤਾਂ ਤੁਹਾਨੂੰ ਮਾਦਾ ਪੰਛੀ ਨੂੰ ਬੱਚਿਆਂ ਸਮੇਤ ਨਹੀਂ ਚੁੱਕਣਾ ਚਾਹੀਦਾ। 7 ਬੱਚਿਆਂ ਨੂੰ ਤੁਸੀਂ ਆਪਣੇ ਲਈ ਚੁੱਕ ਸੱਕਦੇ ਹੋ ਪਰ ਤੁਹਾਨੂੰ ਉਸ ਮਾਦਾ ਨੂੰ ਛੱਡ ਦੇਣਾ ਚਾਹੀਦਾ ਹੈ। ਜੇ ਤੁਸੀਂ ਇਨ੍ਹਾਂ ਕਾਨੂੰਨਾ ਦੀ ਪਾਲਣਾ ਕਰੋਂਗੇ ਤਾਂ ਤੁਹਾਡਾ ਭਲਾ ਹੋਵੇਗਾ ਅਤੇ ਤੁਸੀਂ ਲੰਮੀ ਉਮਰ ਭੋਗੋਂਗੇ।
8 “ਜਦੋਂ ਤੁਸੀਂ ਨਵਾਂ ਘਰ ਬਣਾਵੋਂ, ਤੁਸੀਂ ਆਪਣੀ ਛੱਤ ਦੇ ਦੁਆਲੇ ਇੱਕ ਨੀਵੀਂ ਕੰਧ ਬਣਾਵੋ। ਫ਼ੇਰ ਤੁਸੀਂ ਕਿਸੇ ਵਿਅਕਤੀ ਦੇ ਮੌਤ ਦੇ ਦੋਸ਼ੀ ਨਹੀਂ ਹੋਵੋਂਗੇ, ਜੇਕਰ ਉਹ ਤੁਹਾਡੀ ਛੱਤ ਤੋਂ ਡਿੱਗ ਪੈਂਦਾ ਹੈ।
ਉਹ ਚੀਜ਼ਾਂ ਜਿਹੜੀਆਂ ਇਕੱਠੀਆਂ ਨਹੀਂ ਰੱਖਣੀਆਂ ਚਾਹੀਦੀਆਂ
9 “ਤੁਹਾਨੂੰ ਅੰਗੂਰਾਂ ਦੇ ਬਾਗਾਂ ਵਿੱਚ ਅਨਾਜ ਨਹੀਂ ਬੀਜਣਾ ਚਾਹੀਦਾ। ਕਿਉਂਕਿ ਉਹ ਬੇਕਾਰ ਹੋ ਜਾਣਗੇ ਫ਼ਿਰ ਤੁਸੀਂ ਨਾ ਤਾਂ ਅੰਗੂਰਾਂ ਦੀ ਵਰਤੋਂ ਕਰ ਸੱਕੋਂਗੇ ਅਤੇ ਨਾ ਉਸ ਅਨਾਜ ਦੀ ਜਿਹੜਾ ਉਨ੍ਹਾਂ ਬੀਜੇ ਹੋਏ ਬੀਜਾਂ ਤੋਂ ਉੱਗੇਗਾ।
10 “ਤੁਹਾਨੂੰ ਚਾਹੀਦਾ ਹੈ ਕਿ ਗਾਂ ਅਤੇ ਖੋਤੇ ਨਾਲ ਇਕੱਠਿਆਂ ਹੱਲ ਨਾ ਵਾਹੋ।
11 “ਤੁਹਾਨੂੰ ਲਿਨਨ ਅਤੇ ਉੱਨ ਤੋਂ ਇਕੱਠੇ ਬਣੇ ਕੱਪੜੇ ਨਹੀਂ ਪਹਿਨਣੇ ਚਾਹੀਦੇ।
12 “ਧਾਗਿਆਂ ਦੇ ਕੁਝ ਟੁਕੜਿਆਂ ਨੂੰ ਇਕੱਠਿਆਂ ਬੰਨ੍ਹੋ। ਫ਼ੇਰ ਇਨ੍ਹਾਂ ਫ਼ੁਮ੍ਹਣਾ ਨੂੰ ਆਪਣੇ ਪਹਿਨਣ ਵਾਲੇ ਚੋਲੇ ਦੀਆਂ ਚੌਹਾਂ ਨੁਕਰਾਂ ਉੱਤੇ ਬੰਨ੍ਹੋ।
ਵਿਆਹ ਦੇ ਕਾਨੂੰਨ
13 “ਕੋਈ ਬੰਦਾ ਕਿਸੇ ਕੁੜੀ ਨਾਲ ਵਿਆਹ ਕਰ ਸੱਕਦਾ ਹੈ ਅਤੇ ਉਸ ਨਾਲ ਜਿਨਸੀ ਸੰਬੰਧ ਕਾਇਮ ਕਰ ਸੱਕਦਾ ਹੈ ਹੋ ਸੱਕਦਾ ਹੈ ਫ਼ੇਰ ਉਹ ਇਹ ਨਿਆਂ ਕਰੇ ਕਿ ਉਹ ਉਸ ਨੂੰ ਪਸੰਦ ਨਹੀਂ ਕਰਦਾ। 14 ਹੋ ਸੱਕਦਾ ਹੈ ਉਹ ਝੂਠ ਬੋਲੇ ਅਤੇ ਆਖੇ, ‘ਮੈਂ ਇੱਕ ਔਰਤ ਨਾਲ ਵਿਆਹ ਕੀਤਾ ਸੀ ਪਰ ਜਦੋਂ ਅਸੀਂ ਜਿਨਸੀ ਸੰਬੰਧ ਕਾਇਮ ਕੀਤੇ ਤਾਂ ਮੈਨੂੰ ਪਤਾ ਲੱਗਿਆ ਕਿ ਉਹ ਕੁਆਰੀ ਨਹੀਂ ਸੀ।’ ਉਸ ਦੇ ਵਿਰੁੱਧ ਇਹ ਆਖਣ ਨਾਲ ਹੋ ਸੱਕਦਾ ਹੈ ਕਿ ਲੋਕ ਉਸ ਬਾਰੇ ਮਾੜੀਆਂ ਗੱਲਾਂ ਸੋਚਣ। 15 ਜੇ ਇਉਂ ਵਾਪਰੇ ਤਾਂ ਕੁੜੀ ਦੇ ਮਾਤਾ-ਪਿਤਾ ਨੂੰ ਕਸਬੇ ਦੇ ਬਜ਼ੁਰਗਾਂ ਅੱਗੇ ਸਭਾ ਵਾਲੀ ਥਾਂ ਉੱਤੇ ਸਬੂਤ ਲੈ ਕੇ ਆਉਣਾ ਚਾਹੀਦਾ ਹੈ ਕਿ ਕੁੜੀ ਕੁਆਰੀ ਸੀ। 16 ਕੁੜੀ ਦੇ ਪਿਤਾ ਨੂੰ ਆਗੂਆਂ ਨੂੰ ਇਹ ਆਖਣਾ ਚਾਹੀਦਾ ਹੈ, ‘ਮੈਂ ਆਪਣੀ ਧੀ ਇਸ ਆਦਮੀ ਨੂੰ ਵਿਆਹੀ ਸੀ ਪਰ ਹੁਣ ਇਹ ਉਸ ਨੂੰ ਨਹੀਂ ਚਾਹੁੰਦਾ। 17 ਇਸ ਆਦਮੀ ਨੇ ਮੇਰੀ ਧੀ ਦੇ ਵਿਰੁੱਧ ਝੂਠ ਬੋਲਿਆ ਹੈ ਉਸ ਨੇ ਆਖਿਆ ਸੀ, “ਮੈਨੂੰ ਇਹ ਸਬੂਤ ਨਹੀਂ ਮਿਲਿਆ ਕਿ ਤੁਹਾਡੀ ਧੀ ਕੁਆਰੀ ਹੈ।” ਪਰ ਇਸ ਗੱਲ ਦਾ ਇਹ ਸਬੂਤ ਇਹ ਹੈ ਕਿ ਮੇਰੀ ਧੀ ਕੁਆਰੀ ਸੀ।’ ਫ਼ੇਰ ਉਨ੍ਹਾਂ ਨੂੰ ਚਾਹੀਦਾ ਹੈ ਕਿ ਕਸਬੇ ਦੇ ਆਗੂਆਂ ਨੂੰ ਕੱਪੜਾ ਦਿਖਾਉਣ। 18 ਫ਼ੇਰ ਉਸ ਕਸਬੇ ਦੇ ਆਗੂਆਂ ਨੂੰ ਚਾਹੀਦਾ ਹੈ ਕਿ ਉਸ ਆਦਮੀ ਨੂੰ ਫ਼ੜ ਲੈਣ ਅਤੇ ਉਸ ਨੂੰ ਸਜ਼ਾ ਦੇਣ। 19 ਉਨ੍ਹਾਂ ਨੂੰ ਉਸ ਉੱਤੇ 40 ਓਸ ਚਾਂਦੀ ਜ਼ੁਰਮਾਨਾ ਕਰਨਾ ਚਾਹੀਦਾ ਅਤੇ ਇਹ ਪੈਸਾ ਕੁੜੀ ਦੇ ਪਿਉ ਨੂੰ ਦੇਣਾ ਚਾਹੀਦਾ ਹੈ। ਕਿਉਂਕਿ ਉਸ ਨੇ ਇਸਰਾਏਲ ਦੀ ਕੁਆਰੀ ਕੁੜੀ ਦਾ ਨਾਮ ਖਰਾਬ ਕੀਤਾ ਹੈ। ਉਸ ਨੂੰ ਚਾਹੀਦਾ ਹੈ ਕਿ ਉਹ ਉਸ ਆਦਮੀ ਦੀ ਪਤਨੀ ਬਣੀ ਰਹੇ ਅਤੇ ਉਹ ਉਸ ਨੂੰ ਆਪਣੀ ਸਾਰੀ ਉਮਰ ਤਲਾਕ ਨਹੀਂ ਦੇ ਸੱਕੇਗਾ।
20 “ਪਰ ਹੋ ਸੱਕਦਾ ਹੈ ਕਿ ਪਤੀ ਨੇ ਜਿਹੜੀਆਂ ਗੱਲਾਂ ਆਪਣੀ ਪਤਨੀ ਬਾਰੇ ਆਖੀਆਂ ਹੋਣ ਉਹ ਸੱਚ ਹੋਣ। ਪਤਨੀ ਦੇ ਮਾਪਿਆਂ ਕੋਲ ਅਜਿਹਾ ਸਬੂਤ ਨਾ ਹੋਵੇ ਕਿ ਉਹ ਕੁਆਰੀ ਸੀ। ਜੇ ਅਜਿਹਾ ਵਾਪਰੇ, 21 ਤਾਂ ਕਸਬੇ ਦੇ ਆਗੂਆਂ ਨੂੰ ਚਾਹੀਦਾ ਹੈ ਕਿ ਉਸ ਕੁੜੀ ਨੂੰ ਉਸ ਦੇ ਮਾਪਿਆਂ ਦੇ ਘਰ ਦੇ ਦਰਵਾਜ਼ੇ ਉੱਤੇ ਲੈ ਆਉਣ। ਫ਼ੇਰ ਕਸਬੇ ਦੇ ਆਦਮੀਆਂ ਨੂੰ ਚਾਹੀਦਾ ਹੈ ਕਿ ਉਹ ਉਸ ਨੂੰ ਪੱਥਰ ਮਾਰਕੇ ਮਾਰ ਦੇਣ। ਕਿਉਂਕਿ ਉਸ ਨੇ ਇਸਰਾਏਲ ਵਿੱਚ ਬੜੀ ਸ਼ਰਮਸਾਰੀ ਵਾਲ ਗੱਲ ਕੀਤੀ ਹੈ। ਉਸ ਨੇ ਆਪਣੇ ਪਿਤਾ ਦੇ ਘਰ ਇੱਕ ਵੇਸਵਾ ਵਾਲਾ ਕੰਮ ਕੀਤਾ ਹੈ। ਤੁਹਾਨੂੰ ਚਾਹੀਦਾ ਹੈ ਕਿ ਆਪਣੇ ਲੋਕਾਂ ਵਿੱਚੋਂ ਇਸ ਬਦੀ ਨੂੰ ਦੂਰ ਕਰ ਦੇਵੋ।
ਜਿਨਸੀ ਪਾਪ
22 “ਜੇ ਕੋਈ ਬੰਦਾ ਕਿਸੇ ਹੋਰ ਦੀ ਪਤਨੀ ਨਾਲ ਜਿਸ ਨੂੰ ਸੰਬੰਧ ਰੱਖਦਾ ਫ਼ੜਿਆ ਜਾਂਦਾ ਹੈ ਤਾਂ ਉਨ੍ਹਾਂ ਦੋਹਾਂ ਨੂੰ ਮਾਰਨਾ ਚਾਹੀਦਾ ਹੈ-ਉਸ ਔਰਤ ਅਤੇ ਉਸ ਮਰਦ ਨੂੰ ਜਿਸਨੇ ਉਸ ਦੇ ਨਾਲ ਜਿਨਸੀ ਸੰਬੰਧ ਰੱਖੇ। ਤੁਹਾਨੂੰ ਚਾਹੀਦਾ ਹੈ ਕਿ ਇਸ ਬਦੀ ਨੂੰ ਇਸਰਾਏਲ ਵਿੱਚੋਂ ਦੂਰ ਕਰ ਦਿਉ।
23 “ਹੋ ਸੱਕਦਾ ਹੈ ਕਿ ਕੋਈ ਆਦਮੀ ਕਿਸੇ ਹੋਰ ਆਦਮੀ ਨਾਲ ਮੰਗੀ ਹੋਈ ਕੁਆਰੀ ਕੁੜੀ ਨੂੰ ਮਿਲੇ ਉਹ ਉਸ ਨਾਲ ਜਿਨਸੀ ਸੰਬੰਧ ਕਾਇਮ ਕਰੇ। ਜੇ ਅਜਿਹੀ ਗੱਲ ਸ਼ਹਿਰ ਵਿੱਚ ਵਾਪਰੇ, 24 ਤਾਂ ਤੁਹਾਨੂੰ ਚਾਹੀਦਾ ਹੈ ਕਿ ਦੋਹਾਂ ਨੂੰ ਸ਼ਹਿਰ ਦੇ ਦਰਵਾਜ਼ੇ ਨੇੜੇ ਜਨਤਕ ਥਾਂ ਉੱਤੇ ਲੈ ਆਉ ਅਤੇ ਉਨ੍ਹਾਂ ਨੂੰ ਪੱਥਰਾਂ ਨਾਲ ਮਾਰ ਦਿਉ। ਤੁਹਾਨੂੰ ਆਦਮੀ ਨੂੰ ਮਾਰਨਾ ਚਾਹੀਦਾ ਹੈ ਕਿਉਂਕਿ ਉਸ ਨੇ ਕਿਸੇ ਹੋਰ ਦੀ ਪਤਨੀ ਨਾਲ ਜਿਨਸੀ ਪਾਪ ਕੀਤਾ। ਅਤੇ ਤੁਹਾਨੂੰ ਉਸ ਕੁੜੀ ਨੂੰ ਮਾਰ ਦੇਣਾ ਚਾਹੀਦਾ ਹੈ ਕਿਉਂਕਿ ਉਸ ਨੇ ਸ਼ਹਿਰ ਵਿੱਚ ਹੁੰਦਿਆ ਸਹਾਇਤਾ ਲਈ ਪੁਕਾਰ ਨਹੀਂ ਕੀਤੀ। ਤੁਹਾਨੂੰ ਆਪਣੇ ਲੋਕਾਂ ਵਿੱਚੋਂ ਇਸ ਬਦੀ ਨੂੰ ਦੂਰ ਕਰ ਦੇਣਾ ਚਾਹੀਦਾ ਹੈ।
25 “ਪਰ ਜੇ ਕੋਈ ਆਦਮੀ ਕਿਸੇ ਮੰਗੀ ਹੋਈ ਕੁੜੀ ਨੂੰ ਬਾਹਰ ਖੇਤ ਵਿੱਚ ਮਿਲਦਾ ਹੈ ਅਤੇ ਉਸ ਨਾਲ ਜ਼ਬਰਦਸਤੀ ਜਿਨਸੀ ਸੰਬੰਧ ਕਾਇਮ ਕਰਦਾ ਹੈ ਤਾਂ ਸਿਰਫ਼ ਆਦਮੀ ਨੂੰ ਹੀ ਮਾਰਨਾ ਚਾਹੀਦਾ ਹੈ। 26 ਤੁਹਾਨੂੰ ਕੁੜੀ ਨੂੰ ਕੁਝ ਨਹੀਂ ਕਰਨਾ ਚਾਹੀਦਾ ਕਿਉਂ ਜੋ ਉਸ ਨੇ ਅਜਿਹਾ ਕੁਝ ਨਹੀਂ ਕੀਤਾ ਜਿਸ ਨਾਲ ਉਹ ਮੌਤ ਦੀ ਅਧਿਕਾਰਨ ਹੋਵੇ। ਇਹ ਕਿਸੇ ਬੰਦੇ ਦੇ ਆਪਣੇ ਗੁਆਂਢੀ ਉੱਤੇ ਹਮਲਾ ਕਰਕੇ ਉਸ ਨੂੰ ਮਾਰਨ ਵਾਂਗ ਹੀ ਹੈ। 27 ਕਿਉਂਕਿ ਆਦਮੀ ਨੇ ਮੰਗੀ ਕੋਈ ਕੁੜੀ ਉੱਤੇ ਖੇਤ ਵਿੱਚ ਹਮਲਾ ਕੀਤਾ। ਹੋ ਸੱਕਦਾ ਹੈ ਕਿ ਉਸ ਨੇ ਸਹਾਇਤਾ ਲਈ ਆਵਾਜ਼ਾ ਮਾਰੀਆਂ ਹੋਣ ਪਰ ਉੱਥੇ ਉਸਦੀ ਸਹਾਇਤਾ ਕਰਨ ਵਾਲਾ ਕੋਈ ਨਾ ਹੋਵੇ। ਇਸ ਲਈ ਉਸ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ।
28 “ਹੋ ਸੱਕਦਾ ਹੈ ਕਿਸੇ ਬੰਦੇ ਨੂੰ ਕੋਈ ਕੁਆਰੀ ਕੁੜੀ ਟੱਕਰੇ ਜਿਹੜੀ ਮੰਗੀ ਹੋਈ ਨਾ ਹੋਵੇ ਅਤੇ ਉਹ ਉਸ ਨਾਲ ਜ਼ਬਰਦਸਤੀ ਜਿਨਸੀ ਸੰਬੰਧ ਕਾਇਮ ਕਰੇ। ਜੇ ਹੋਰ ਲੋਕ ਇਸ ਨੂੰ ਵਾਪਰਦਿਆਂ ਦੇਖ ਲੈਣ, 29 ਤਾਂ ਉਸ ਨੂੰ ਕੁੜੀ ਦੇ ਪਿਤਾ ਨੂੰ ਵੀਹ ਓਸ ਚਾਂਦੀ ਦੇਣੀ ਚਾਹੀਦੀ ਹੈ। ਅਤੇ ਉਹ ਉਸਦੀ ਪਤਨੀ ਬਣ ਜਾਵੇਗੀ। ਕਿਉਂਕਿ ਉਸ ਨੇ ਉਸਦਾ ਨਿਰਾਦਰ ਕੀਤਾ, ਉਹ ਉਸ ਨੂੰ ਆਪਣੀ ਸਾਰੀ ਉਮਰ ਤਲਾਕ ਨਹੀਂ ਦੇ ਸੱਕਦਾ।
30 “ਕਿਸੇ ਬੰਦੇ ਨੂੰ ਆਪਣੇ ਪਿਤਾ ਦੀ ਪਤਨੀ ਨਾਲ ਜਿਸਨੀ ਸੰਬੰਧ ਕਾਇਮ ਕਰਕੇ ਆਪਣੇ ਪਿਤਾ ਲਈ ਸ਼ਰਮਸਾਰੀ ਦਾ ਕਾਰਣ ਨਹੀਂ ਬਨਣਾ ਚਾਹੀਦਾ।
ਦਾਊਦ ਦਾ ਇੱਕ ਉਸਤਤਿ ਗੀਤ।
110 ਯਹੋਵਾਹ ਨੇ ਮੇਰੇ ਮਾਲਕ ਨੂੰ ਆਖਿਆ,
“ਮੇਰੇ ਕੋਲ ਮੇਰੇ ਸੱਜੇ ਪਾਸੇ ਬੈਠੋ, ਜਦੋਂ ਕਿ ਮੈਂ ਤੁਹਾਡੇ ਦੁਸ਼ਮਣਾਂ ਨੂੰ ਤੁਹਾਡੇ ਅਧੀਨ ਕਰਦਾ ਹਾਂ।”
2 ਯਹੋਵਾਹ ਤੁਹਾਡੇ ਰਾਜ ਨੂੰ ਵੱਧਣ ਫ਼ੁੱਲਣ ਵਿੱਚ ਸਹਾਇਤਾ ਕਰੇਗਾ। ਸੀਯੋਨ, ਵਿੱਚ ਤੁਹਾਡਾ ਰਾਜ ਸ਼ੁਭ ਹੋਵੇਗਾ।
ਅਤੇ ਉਹ ਉਦੋਂ ਤੱਕ ਵੱਧੇਗਾ ਜਦੋਂ ਤੱਕ ਕਿ ਤੁਸੀਂ ਆਪਣੇ ਦਸ਼ਮਣਾਂ ਦੇ ਦੇਸ਼ਾਂ ਵਿੱਚ ਵੀ ਰਾਜ ਕਰੋਂਗੇ।
3 ਤੁਹਾਡੇ ਲੋਕ ਸ੍ਵੈਂ-ਇੱਛਾ ਨਾਲ ਤੁਹਾਡਾ ਸੰਗ ਕਰਨਗੇ
ਜਦੋਂ ਤੁਸੀਂ ਆਪਣੀ ਸੈਨਾ ਇੱਕ ਸਾਥ ਇਕੱਠੀ ਕਰੋਂਗੇ।
ਉਹ ਖਾਸ ਵਸਤਰ ਪਾਉਣਗੇ
ਅਤੇ ਅਮ੍ਰਿਤ ਵੇਲੇ ਆ ਮਿਲਣਗੇ
ਉਹ ਨੌਜਵਾਨ ਲੋਕ ਤੁਹਾਡੇ ਚਾਰ-ਚੁਫ਼ੇਰੇ ਹੋਣਗੇ।
ਜਿਵੇਂ ਧਰਤੀ ਉੱਤੇ ਤ੍ਰੇਲ ਹੁੰਦੀ ਹੈ।
4 ਯਹੋਵਾਹ ਨੇ ਇਕਰਾਰ ਕੀਤਾ ਸੀ
ਅਤੇ ਉਹ ਆਪਣਾ ਮਨ ਨਹੀਂ ਬਦਲੇਗਾ,
“ਤੁਸੀਂ ਸਦਾ ਲਈ ਜਾਜਕ ਹੋ –
ਜਿਸ ਤਰ੍ਹਾਂ ਦਾ ਜਾਜਕ ਮਲਕਿ-ਸਿਦਕ ਸੀ।”
5 ਮੇਰਾ ਮਾਲਕ ਤੁਹਾਡੇ ਸੱਜੇ ਪਾਸੇ ਖਲੋਤਾ ਹੈ।
ਉਹ ਹੋਰਾਂ ਰਾਜਿਆਂ ਨੂੰ ਹਰਾ ਦੇਵੇਗਾ, ਜਦੋਂ ਉਹ ਕ੍ਰੋਧਵਾਨ ਹੋਵੇਗਾ।
6 ਪਰਮੇਸ਼ੁਰ ਕੌਮਾਂ ਬਾਰੇ ਨਿਆਂ ਕਰੇਗਾ।
ਮੁਰਦਾ ਲਾਸ਼ਾਂ ਜ਼ਮੀਨ ਉੱਤੇ ਵਿਛ ਜਾਣਗੀਆਂ।
ਅਤੇ ਪਰਮੇਸ਼ੁਰ ਸ਼ਕਤੀਸ਼ਾਲੀ ਕੌਮਾਂ ਦੇ ਆਗੂਆਂ ਨੂੰ ਦੰਡ ਦੇਵੇਗਾ।
7 ਰਾਜਾ ਰਸਤੇ ਵਿੱਚ ਇੱਕ ਨਦੀ ਤੋਂ ਪਾਣੀ ਪੀਵੇਗਾ।
ਫ਼ੇਰ ਉਹ ਆਪਣਾ ਸਿਰ ਚੁੱਕੇਗਾ ਅਤੇ ਬਲਵਾਨ ਹੋ ਜਾਵੇਗਾ।
111 ਯਹੋਵਾਹ ਦੀ ਉਸਤਤਿ ਕਰੋ।
ਮੈਂ ਸੱਚੇ ਦਿਲੋਂ ਯਹੋਵਾਹ ਦਾ ਉਸ ਸਭਾ ਵਿੱਚ, ਧੰਨਵਾਦ ਕਰਦਾ ਹਾਂ
ਜਿੱਥੇ ਚੰਗੇ ਲੋਕ ਇਕੱਠਾ ਹੁੰਦੇ ਹਨ।
2 ਯਹੋਵਾਹ ਮਹਾਨ ਗੱਲਾਂ ਕਰਦਾ ਹਾਂ।
ਲੋਕੀਂ ਉਹ ਸ਼ੁਭ ਚੀਜ਼ਾਂ ਮੰਗਦੇ ਹਨ ਜਿਹੜੀਆਂ ਪਰਮੇਸ਼ੁਰ ਪਾਸੋਂ ਮਿਲਦੀਆਂ ਹਨ।
3 ਪਰਮੇਸ਼ੁਰ ਸੱਚਮੁੱਚ ਸ਼ਾਨਦਾਰ ਅਤੇ ਮਹਾਨ ਗੱਲਾਂ ਕਰਦਾ ਹੈ।
ਉਸ ਦੀ ਨੇਕੀ ਸਦਾ ਲਈ ਜਾਰੀ ਰਹਿੰਦੀ ਹੈ।
4 ਪਰਮੇਸ਼ੁਰ ਹੈਰਾਨੀ ਭਰੀਆਂ ਗੱਲਾਂ ਕਰਦਾ ਹੈ।
ਤਾਂ ਜੋ ਅਸੀਂ ਚੇਤੇ ਰੱਖੀਏ ਕਿ ਯਹੋਵਾਹ ਮਿਹਰਬਾਨ ਅਤੇ ਦਿਆਲੂ ਹੈ।
5 ਪਰਮੇਸ਼ੁਰ ਆਪਣੇ ਪੈਰੋਕਾਰਾਂ ਨੂੰ ਭੋਜਨ ਦਿੰਦਾ ਹੈ।
ਪਰਮੇਸ਼ੁਰ ਸਦਾ ਲਈ ਆਪਣਾ ਕਰਾਰ ਚੇਤੇ ਰੱਖਦਾ ਹੈ।
6 ਉਨ੍ਹਾਂ ਸ਼ਕਤੀਸ਼ਾਲੀ ਗੱਲਾਂ ਨੇ, ਜੋ ਪਰਮੇਸ਼ੁਰ ਨੇ ਕੀਤੀਆਂ ਸਨ ਉਸ ਦੇ ਬੰਦਿਆਂ ਨੂੰ ਦਰਸਾ ਦਿੱਤਾ
ਕਿ ਉਹ ਉਨ੍ਹਾਂ ਨੂੰ ਉਨ੍ਹਾਂ ਦੀ ਧਰਤੀ ਦੇ ਰਿਹਾ ਸੀ।
7 ਉਹ ਸਭ ਕੁਝ ਜੋ ਪਮਰੇਸ਼ੁਰ ਕਰਦਾ, ਚੰਗਾ ਅਤੇ ਬੇਲਾਗ ਹੈ।
ਉਸ ਦੇ ਹਰ ਹੁਕਮ ਵਿੱਚ ਯਕੀਨ ਰੱਖਿਆ ਜਾ ਸੱਕਦਾ ਹੈ।
8 ਪਰਮੇਸ਼ੁਰ ਦੇ ਹੁਕਮ ਸਦਾ ਹੀ ਸਥਿਰ ਰਹਿਣਗੇ।
ਉਨ੍ਹਾਂ ਹੁਕਮਾਂ ਨੂੰ ਜਾਰੀ ਕਰਨ ਦੇ ਕਾਰਣ, ਇਮਾਨਦਾਰ ਅਤੇ ਸ਼ੁੱਧ ਸਨ।
9 ਪਰਮੇਸ਼ੁਰ ਨੇ ਕਿਸੇ ਨੂੰ ਆਪਣੇ ਬੰਦਿਆਂ ਨੂੰ ਬਚਾਉਣ ਲਈ ਭੇਜਿਆ।
ਪਰਮੇਸ਼ੁਰ ਨੇ ਉਨ੍ਹਾਂ ਨਾਲ ਇਕਰਾਰ ਕੀਤਾ ਸੀ ਜਿਹੜਾ ਸਦਾ ਲਈ ਜਾਰੀ ਰਹੇਗਾ।
ਪਰਮੇਸ਼ੁਰ ਦਾ ਨਾਮ ਮਹਾਨ ਅਤੇ ਪਵਿੱਤਰ ਹੈ।
10 ਸਿਆਣਪਤਾ ਯਹੋਵਾਹ ਲਈ ਡਰ ਅਤੇ ਇੱਜ਼ਤ ਨਾਲ ਸ਼ੁਰੂ ਹੁੰਦੀ ਹੈ।
ਉਹ ਲੋਕ ਜਿਹੜੇ ਪਰਮੇਸ਼ੁਰ ਦਾ ਹੁਕਮ ਮੰਨਦੇ ਹਨ ਬਹੁਤ ਸਿਆਣੇ ਹਨ।
ਪਰਮੇਸ਼ੁਰ ਦੀ ਉਸਤਤਿ ਸਦਾ-ਸਦਾ ਲਈ ਗਾਈ ਜਾਵੇਗੀ।
ਪਰਮੇਸ਼ੁਰ ਆਪਣੇ ਖਾਸ ਸੇਵਕਾਂ ਨੂੰ ਬੁਲਾਉਂਦਾ ਹੈ
49 ਦੂਰ ਦੁਰਾਡੇ ਦੇ ਤੁਸੀਂ ਸਮੂਹ ਲੋਕੋ, ਸੁਣੋ ਮੇਰੀ ਗੱਲ!
ਧਰਤੀ ਉੱਤੇ ਰਹਿਣ ਵਾਲੇ ਸਮੂਹ ਲੋਕੋ, ਮੇਰੀ ਗੱਲ ਸੁਣੋ!
ਯਹੋਵਾਹ ਨੇ ਆਪਣੀ ਸੇਵਾ ਕਰਾਉਣ ਲਈ, ਮੇਰੇ ਜਨਮ ਤੋਂ ਵੀ ਪਹਿਲਾਂ ਮੈਨੂੰ ਬੁਲਾਇਆ ਸੀ।
ਯਹੋਵਾਹ ਨੇ ਮੇਰਾ ਨਾਮ ਬੁਲਾਇਆ ਸੀ ਜਦੋਂ ਮੈਂ ਹਾਲੇ ਆਪਣੀ ਮਾਤਾ ਦੇ ਗਰਭ ਅੰਦਰ ਸਾਂ।
2 ਯਹੋਵਾਹ ਆਪਣੀ ਗੱਲ ਕਹਿਣ ਲਈ ਮੈਨੂੰ ਵਰਤਦਾ।
ਉਸ ਨੇ ਮੇਰਾ ਮੂੰਹ ਤਿੱਖੀ ਤਲਵਾਰ ਵਾਂਗ ਬਣਾ ਦਿੱਤਾ
ਪਰ ਉਹ ਮੈਨੂੰ ਆਪਣੇ ਹੱਥ ਦੀ ਛਾਵੇਂ ਲੁਕਾ ਕੇ ਮੇਰਾ ਬਚਾਉ ਕਰਦਾ ਹੈ।
ਯਹੋਵਾਹ ਨੇ ਮੈਨੂੰ ਇੱਕ ਤਿੱਖੇ ਤੀਰ ਵਾਂਗ ਬਣਾਇਆ
ਅਤੇ ਉਸ ਨੇ ਮੈਨੂੰ ਆਪਣੇ ਤਸ਼ਤਰ ਵਿੱਚ ਛੁਪਾ ਲਿਆ।
3 ਯਹੋਵਾਹ ਨੇ ਮੈਨੂੰ ਆਖਿਆ, “ਇਸਰਾਏਲ, ਤੂੰ ਮੇਰਾ ਸੇਵਕ ਹੈ।
ਮੈਂ ਤੇਰੇ ਰਾਹੀਂ ਕੁਝ ਮਹਾਨ ਗੱਲਾਂ ਕਰਾਂਗਾ।”
4 ਮੈਂ ਆਖਿਆ, “ਮੈਂ ਫ਼ਜ਼ੂਲ ਹੀ ਸਖਤ ਮਿਹਨਤ ਕੀਤੀ।
ਮੈਂ ਆਪਣੇ-ਆਪ ਨੂੰ ਬਕਾ ਲਿਆ ਪਰ ਕੋਈ ਲਾਹੇਵਂਦ ਕੰਮ ਨਹੀਂ ਕੀਤਾ।
ਮੈਂ ਆਪਣੀ ਸਾਰੀ ਸ਼ਕਤੀ ਦੀ ਵਰਤੋਂ ਕੀਤੀ,
ਪਰ ਸੱਚਮੁੱਚ ਕੋਈ ਵੀ ਗੱਲ ਨਹੀਂ ਕੀਤੀ।
ਇਸ ਲਈ ਅਵੱਸ਼ ਹੀ ਯਹੋਵਾਹ ਨਿਆਂ ਕਰੇਗਾ ਕਿ ਮੇਰੇ ਨਾਲ ਕੀ ਕਰਨਾ ਹੈ।
ਪਰਮੇਸ਼ੁਰ, ਮੇਰੇ ਇਨਾਮ ਬਾਰੇ ਅਵੱਸ਼ ਨਿਆਂ ਕਰੇਗਾ।
5 ਯਹੋਵਾਹ ਨੇ ਮੈਨੂੰ ਆਪਣੀ ਮਾਂ ਦੇ ਗਰਭ ਅੰਦਰ ਸਾਜਿਆ ਤਾਂ ਜੋ ਮੈਂ ਉਸਦਾ ਸੇਵਕ ਹੋ ਸੱਕਾਂ,
ਅਤੇ ਯਾਕੂਬ ਅਤੇ ਇਸਰਾਏਲ ਦੀ ਅਗਵਾਈ ਵਾਪਸ ਓਸ ਵੱਲ ਕਰ ਸੱਕਾਂ।
ਯਹੋਵਾਹ ਮੈਨੂੰ ਮਾਣ ਦੇਵੇਗਾ।
ਮੈਂ ਆਪਣੀ ਤਾਕਤ ਆਪਣੇ ਪਰਮੇਸ਼ੁਰ ਪਾਸੋਂ ਹਾਸਿਲ ਕਰਾਂਗਾ।
ਯਹੋਵਾਹ ਨੇ ਮੈਨੂੰ ਆਖਿਆ,
6 “ਤੂੰ ਮੇਰੇ ਲਈ ਇੱਕ ਬਹੁਤ ਮਹੱਤਵਪੂਰਣ ਸੇਵਕ ਹੈਂ।
ਇਸਰਾਏਲ ਦੇ ਲੋਕ ਕੈਦੀ ਹਨ ਪਰ ਉਹ ਵਾਪਸ ਮੇਰੇ ਕੋਲ ਲਿਆਂਦੇ ਜਾਣਗੇ।
ਯਾਕੂਬ ਦੇ ਪਰਿਵਾਰ ਦੇ ਲੋਕ ਮੇਰੇ ਕੋਲ ਪਰਤ ਆਉਣਗੇ।
ਪਰ ਤੇਰੇ ਜ਼ਿਂਮੇ ਇੱਕ ਹੋਰ ਕੰਮ ਹੈ, ਇਹ ਇਸ ਨਾਲੋਂ ਹੋਰ ਵੀ ਮਹੱਤਵਪੂਰਣ ਹੈ!
ਮੈਂ ਤੈਨੂੰ ਸਮੂਹ ਕੌਮਾਂ ਲਈ ਨੂਰ ਬਣਾ ਦਿਆਂਗਾ।
ਤੂੰ ਧਰਤੀ ਦੇ ਸਮੂਹ ਲੋਕਾਂ ਲਈ ਮੇਰਾ ਮੋਖ ਦੁਆਰਾ ਹੋਵੇਂਗਾ।”
7 ਯਹੋਵਾਹ, ਇਸਰਾਏਲ ਦਾ ਪਵਿੱਤਰ ਪੁਰੱਖ, ਇਸਰਾਏਲ ਦਾ ਰਾਖਾ ਆਖਦਾ ਹੈ,
“ਮੇਰਾ ਸੇਵਕ ਨਿਮਾਣਾ ਹੈ।
ਉਹ ਹਾਕਮਾਂ ਦੀ ਸੇਵਾ ਕਰਦਾ ਹੈ।
ਪਰ ਲੋਕ ਉਸ ਨੂੰ ਨਫ਼ਰਤ ਕਰਦੇ ਨੇ।
ਪਰ ਰਾਜੇ ਉਸ ਨੂੰ ਦੇਖਣਗੇ।
ਤੇ ਉਸ ਦੇ ਆਦਰ ਵਿੱਚ ਖਲੋ ਜਾਣਗੇ।
ਮਹਾਨ ਨੇਤਾ ਉਸ ਦੇ ਸਾਹਮਣੇ ਝੁਕਣਗੇ।”
ਇਹ ਵਾਪਰੇਗਾ ਕਿਉਂ ਕਿ ਯਹੋਵਾਹ, ਇਸਰਾਏਲ ਦਾ ਪਵਿੱਤਰ ਪੁਰੱਖ, ਇਹ ਚਾਹੁੰਦਾ ਹੈ। ਅਤੇ ਯਹੋਵਾਹ ਉੱਤੇ ਭਰੋਸਾ ਕੀਤਾ ਜਾ ਸੱਕਦਾ ਹੈ। ਓਹੀ ਹੈ ਜਿਸਨੇ ਤੁਹਾਨੂੰ ਚੁਣਿਆ ਸੀ।
ਮੁਕਤੀ ਦਾ ਦਿਨ
8 ਯਹੋਵਾਹ ਆਖਦਾ ਹੈ,
“ਇੱਥੇ ਖਾਸ ਸਮਾਂ ਹੋਵੇਗਾ ਜਦੋਂ ਮੈਂ ਆਪਣੀ ਮਿਹਰ ਦਰਸਾਵਾਂਗਾ।
ਉਸ ਵੇਲੇ ਮੈਂ ਤੁਹਾਡੀਆਂ ਪ੍ਰਾਰਥਨਾਵਾਂ ਸੁਣ ਲਵਾਂਗਾ।
ਉਹ ਖਾਸ ਦਿਹਾੜਾ ਹੋਵੇਗਾ ਜਦੋਂ ਮੈਂ ਤੁਹਾਨੂੰ ਬਚਾ ਲਵਾਂਗਾ।
ਉਸ ਵੇਲੇ ਮੈਂ ਤੁਹਾਡੀ ਸਹਾਇਤਾ ਕਰਾਂਗਾ।
ਮੈਂ ਤੁਹਾਡੀ ਰਾਖੀ ਕਰਾਂਗਾ।
ਅਤੇ ਤੁਸੀਂ ਇਸਦਾ ਪ੍ਰਮਾਣ ਹੋਵੋਂਗੇ ਕਿ ਮੈਂ ਲੋਕਾਂ ਨਾਲ ਇਕਰਾਰਨਾਮਾ ਕੀਤਾ।
ਹੁਣ ਦੇਸ਼ ਤਬਾਹ ਹੋ ਗਿਆ ਹੈ
ਪਰ ਤੁਸੀਂ ਉਸ ਧਰਤ ਨੂੰ ਉਨ੍ਹਾਂ ਲੋਕਾਂ ਨੂੰ ਵਾਪਸ ਦੇ ਦਿਓਗੇ ਜੋ ਇਸਦੇ ਮਾਲਕ ਸਨ।
9 ਤੁਸੀਂ ਕੈਦੀਆਂ ਨੂੰ ਆਖੋਂਗੇ,
‘ਆਪਣੀ ਕੈਦ ਵਿੱਚੋਂ ਬਾਹਰ ਆ ਜਾਵੋ!’
ਤੁਸੀਂ ਉਨ੍ਹਾਂ ਲੋਕਾਂ ਨੂੰ ਆਖੋਂਗੇ ਜੋ ਅੰਧਕਾਰ ਵਿੱਚ ਹਨ,
‘ਅੰਧਕਾਰ ਵਿੱਚੋਂ ਬਾਹਰ ਨਿਕਲ ਆਵੋ!’
ਯਾਤਰਾ ਸਮੇਂ ਲੋਕ ਭੋਜਨ ਕਰਨਗੇ।
ਸੱਖਣੀਆਂ ਪਹਾੜੀਆਂ ਵਿੱਚ ਵੀ ਉਨ੍ਹਾਂ ਕੋਲ ਭੋਜਨ ਹੋਵੇਗਾ।
10 ਲੋਕ ਭੁੱਖੇ ਨਹੀਂ ਹੋਣਗੇ।
ਉਹ ਪਿਆਸੇ ਨਹੀਂ ਹੋਣਗੇ।
ਧੁੱਪ ਅਤੇ ਹਵਾ ਉਨ੍ਹਾਂ ਨੂੰ ਨੁਕਸਾਨ ਨਹੀਂ ਪੁਚਾਵੇਗੀ।
ਕਿਉਂ ਕਿ ਪਰਮੇਸ਼ੁਰ ਉਨ੍ਹਾਂ ਨੂੰ ਸੱਕੂਨ ਪਹੁੰਚਾਉਂਦਾ ਹੈ।
ਅਤੇ ਪਰਮੇਸ਼ੁਰ ਹੀ ਉਨ੍ਹਾਂ ਦੀ ਅਗਵਾਈ ਕਰੇਗਾ।
ਉਹ ਉਨ੍ਹਾਂ ਦੀ ਅਗਵਾਈ ਪਾਣੀ ਦੇ ਝਰਨਿਆਂ ਵੱਲ ਕਰੇਗਾ।
11 ਮੈਂ ਆਪਣੇ ਲੋਕਾਂ ਲਈ ਰਾਹ ਬਣਾਵਾਂਗਾ।
ਪਰਬਤ ਪੱਧਰੇ ਕੀਤੇ ਜਾਣਗੇ
ਤੇ ਨੀਵੀਆਂ ਸੜਕਾਂ ਉੱਚੀਆਂ ਕੀਤੀਆਂ ਜਾਣਗੀਆਂ।
12 “ਦੇਖੋ! ਲੋਕ ਦੂਰ-ਦੁਰਾਡੀਆਂ ਥਾਵਾਂ ਤੋਂ ਮੇਰੇ ਵੱਲ ਆ ਰਹੇ ਨੇ।
ਲੋਕ ਉੱਤਰ ਵੱਲੋਂ ਅਤੇ ਪੱਛਮ ਵੱਲੋਂ ਮੇਰੇ ਵੱਲ ਆ ਰਹੇ ਨੇ।
ਲੋਕ ਮਿਸਰ ਵਿੱਚੋਂ ਅਸਵਾਨ ਤੋਂ ਮੇਰੇ ਕੋਲ ਆ ਰਹੇ ਨੇ।”
13 ਹੇ ਅਕਾਸ਼ ਅਤੇ ਧਰਤੀਏ, ਪ੍ਰਸੰਨ ਹੋਵੋ!
ਪਰਬਤੋਂ, ਖੁਸ਼ੀ ਦੇ ਨਾਹਰੇ ਮਾਰੋ!
ਕਿਉਂ ਕਿ ਯਹੋਵਾਹ ਆਪਣੇ ਬੰਦਿਆਂ ਨੂੰ ਸੱਕੂਨ ਪਹੁੰਚਾਉਂਦਾ ਹੈ।
ਯਹੋਵਾਹ ਆਪਣੇ ਗਰੀਬ ਲੋਕਾਂ ਨਾਲ ਨੇਕੀ ਕਰਦਾ ਹੈ।
14 ਪਰ ਸੀਯੋਨ ਹੁਣ ਆਖਦਾ ਹੈ, “ਯਹੋਵਾਹ ਨੇ ਮੈਨੂੰ ਛੱਡ ਦਿੱਤਾ ਹੈ।
ਮੇਰਾ ਸੁਆਮੀ ਮੈਨੂੰ ਭੁੱਲ ਗਿਆ ਹੈ।”
15 ਪਰ ਮੈਂ ਆਖਦਾ ਹਾਂ,
“ਕੀ ਕੋਈ ਮਾਂ ਆਪਣੇ ਬੱਚੇ ਨੂੰ ਭੁੱਲ ਸੱਕਦੀ ਹੈ? ਨਹੀਂ!
ਭਾਵੇਂ ਉਹ ਭੁੱਲ ਜਾਵੇ ਮੈਂ ਤੂਹਾਨੂੰ ਨਹੀਂ ਭੁੱਲਾਂਗਾ।
16 ਦੇਖੋ, ਮੈਂ ਤੁਹਾਡਾ ਨਾਮ ਆਪਣੀ ਹਬੇਲੀ ਉੱਤੇ ਉਕਰ ਲਿਆ ਹੈ।
ਮੈਂ ਹਰ ਵੇਲੇ ਤੁਹਾਡੇ ਬਾਰੇ ਸੋਚਦਾ ਰਹਿੰਦਾ ਹਾਂ!
17 ਤੁਹਾਡੇ ਬੱਚੇ ਤੁਹਾਡੇ ਕੋਲ ਪਰਤ ਆਉਣਗੇ।
ਲੋਕਾਂ ਨੇ ਤੁਹਾਨੂੰ ਹਰਾਇਆ, ਪਰ ਉਹ ਲੋਕ ਤੁਹਾਨੂੰ ਇੱਕਲਿਆਂ ਛੱਡ ਦੇਣਗੇ।”
18 ਓਧਰ ਦੇਖੋ! ਆਪਣੇ ਚਾਰ-ਚੁਫ਼ੇਰੇ ਦੇਖੋ!
ਤੁਹਾਡੇ ਸਾਰੇ ਹੀ ਬੱਚੇ ਇਕੱਠੇ ਹੋ ਰਹੇ ਨੇ ਤੇ ਤੁਹਾਡੇ ਕੋਲ ਆ ਰਹੇ ਨੇ।
ਯਹੋਵਾਹ ਆਖਦਾ ਹੈ, “ਮੈਂ ਆਪਣੇ ਜੀਵਨ ਦੀ ਸੌਂਹ ਖਾਕੇ ਤੁਹਾਡੇ ਨਾਲ ਇਹ ਇਕਰਾਰ ਕਰਦਾ ਹਾਂ:
ਤੁਹਾਡੇ ਬੱਚੇ ਮੋਤੀਆਂ ਵਰਗੇ ਹੋਣਗੇ ਜਿਨ੍ਹਾਂ ਨੂੰ ਤੁਸੀਂ ਆਪਣੇ ਗਲੇ ਵਿੱਚ ਪਾਉਂਦੇ ਹੋ।
ਤੁਹਾਡੇ ਬੱਚੇ ਉਸ ਹਾਰ ਵਾਂਗ ਹੋਣਗੇ ਜਿਸ ਨੂੰ ਕੋਈ ਵਹੁਟੀ ਪਹਿਨਦੀ ਹੈ।
19 “ਹੁਣ ਤੁਸੀਂ ਤਬਾਹ ਅਤੇ ਹਾਰੇ ਹੋਏ ਹੋ।
ਤੁਹਾਡੀ ਜ਼ਮੀਨ ਬੇਕਾਰ ਹੈ।
ਪਰ ਬੋੜੇ ਸਮੇਂ ਮਗਰੋਂ, ਤੁਹਾਡੀ ਧਰਤੀ ਉੱਤੇ ਬਹੁਤ ਬੰਦੇ ਹੋਣਗੇ।
ਅਤੇ ਉਹ ਲੋਕ, ਜਿਨ੍ਹਾਂ ਨੇ ਤੁਹਾਨੂੰ ਤਬਾਹ ਕੀਤਾ ਸੀ, ਬਹੁਤ ਦੂਰ ਹੋਣਗੇ।
20 ਤੁਸੀਂ ਆਪਣੇ ਗੁਆਚੇ ਬੱਚਿਆਂ ਕੱਾਰਣ ਦੁੱਖੀ ਸੀ ਪਰ ਉਹ ਬੱਚੇ ਤੁਹਾਨੂੰ ਦੱਸਣਗੇ,
‘ਇਹ ਜਗ੍ਹਾ ਬਹੁਤ ਛੋਟੀ ਹੈ!
ਸ਼ਾਨੂੰ ਰਹਿਣ ਲਈ ਵੱਡੀ ਜਗ੍ਹਾ ਦੇਵੋ।’
21 ਫ਼ੇਰ ਤੁਸੀਂ ਇਹ ਆਪਣੇ-ਆਪ ਨੂੰ ਆਖੋਂਗੇ,
‘ਕਿਸਨੇ ਮੈਨੂੰ ਇਹ ਸਾਰੇ ਬੱਚੇ ਦਿੱਤੇ?
ਇਹ ਬਹੁਤ ਚੰਗੀ ਗੱਲ ਹੈ!
ਮੈਂ ਉਦਾਸ ਤੇ ਇੱਕਲਾ ਸਾਂ।
ਮੈਂ ਹਾਰਿਆ ਹੋਇਆ ਅਤੇ ਆਪਣੇ ਲੋਕਾਂ ਤੋਂ ਦੂਰ ਸਾਂ।
ਇਸ ਲਈ ਕਿਸਨੇ ਮੈਨੂੰ ਇਹ ਬੱਚੇ ਦਿੱਤੇ ਹਨ?
ਦੇਖੋ, ਮੈਂ ਇੱਕਲਾ ਰਹਿ ਗਿਆ ਸਾਂ।
ਇਹ ਸਾਰੇ ਬੱਚੇ ਕਿੱਥੋਂ ਆ ਗਏ ਨੇ?’”
22 ਮੇਰਾ ਪ੍ਰਭੂ, ਯਹੋਵਾਹ ਆਖਦਾ ਹੈ,
“ਦੇਖੋ, ਮੈਂ ਕੌਮਾਂ ਲਈ ਆਪਣਾ ਹੱਥ ਹਿਲਾਵਾਂਗਾ।
ਸਾਰੇ ਲੋਕਾਂ ਦੇ ਦੇਖਣ ਲਈ ਮੈਂ ਆਪਣਾ ਝੰਡਾ ਉੱਚਾ ਕਰਾਂਗਾ
ਫੇਰ ਉਹ ਤੁਹਾਡੇ ਬੱਚਿਆਂ ਨੂੰ ਤੁਹਾਡੇ ਕੋਲ ਲੈ ਕੇ ਆ ਜਾਣਗੇ।
ਉਹ ਲੋਕ ਤੁਹਾਡੇ ਬੱਚਿਆਂ ਨੂੰ ਮੋਢਿਆਂ ਉੱਪਰ ਚੁੱਕਣਗੇ,
ਅਤੇ ਉਹ ਉਨ੍ਹਾਂ ਨੂੰ ਆਪਣੀਆਂ ਬਾਹਾਂ ਦਾ ਸਹਾਰਾ ਦੇਣਗੇ।
23 ਰਾਜੇ ਤੁਹਾਡੇ ਬੱਚਿਆਂ ਦੇ ਗੁਰੂ ਹੋਣਗੇ।
ਰਾਜੇ ਦੀਆਂ ਧੀਆਂ, ਉਨ੍ਹਾਂ ਦੀ ਦੇਖ-ਭਾਲ ਕਰਨਗੀਆਂ।
ਉਹ ਰਾਜੇ ਅਤੇ ਉਨ੍ਹਾਂ ਦੀਆਂ ਧੀਆਂ ਤੁਹਾਡੇ ਅੱਗੇ ਝੁਕਣਗੀਆਂ।
ਉਹ ਤੁਹਾਡੇ ਪੈਰਾਂ ਦੀ ਖਾਕ ਨੂੰ ਚੁੰਮਣਗੀਆਂ।
ਫ਼ੇਰ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਹਾਂ।
ਫੇਰ ਤੁਸੀਂ ਜਾਣੋਗੇ ਕਿ ਜਿਹੜਾ ਬੰਦਾ ਮੇਰੇ ਉੱਤੇ ਭਰੋਸਾ ਕਰਦਾ ਹੈ ਉਹ ਨਿਰਾਸ਼ ਨਹੀਂ ਹੋਵੇਗਾ।”
24 ਜਦੋਂ ਕੋਈ ਤਕੜਾ ਸਿਪਾਹੀ ਜੰਗ ਵਿੱਚ ਦੌਲਤ ਜਿਤ੍ਤਦਾ ਹੈ,
ਤੁਸੀਂ ਉਹ ਦੌਲਤ ਉਸ ਕੋਲੋ ਨਹੀਂ ਖੋਹ ਸੱਕਦੇ।
ਜਦੋਂ ਕੋਈ ਤਕੜਾ ਸਿਪਾਹੀ ਕਿਸੇ ਕੈਦੀ ਦੀ ਰਾਖੀ ਕਰਦਾ,
ਉਹ ਕੈਦੀ ਬਚਕੇ ਨਹੀਂ ਨਿਕਲ ਸੱਕਦਾ।
25 ਪਰ ਯਹੋਵਾਹ ਆਖਦਾ ਹੈ,
“ਕੈਦੀ ਫ਼ਰਾਰ ਹੋ ਜਾਣਗੇ।
ਕੋਈ ਜਾਣਾ ਉਨ੍ਹਾਂ ਕੈਦੀਆਂ ਨੂੰ ਤਕੜੇ ਸਿਪਾਹੀ ਪਾਸੋਂ ਖੋਹ ਲਵੇਗਾ।
ਇਹ ਕਿਵੇਂ ਵਾਪਰੇਗਾ? ਮੈਂ ਤੁਹਾਡੀਆਂ ਲੜਾਈਆਂ ਲੜਾਂਗਾ।
ਮੈਂ ਤੁਹਾਡੇ ਬੱਚਿਆਂ ਨੂੰ ਬਚਾਵਾਂਗਾ।
26 ਉਨ੍ਹਾਂ ਲੋਕਾਂ ਤੁਹਾਨੂੰ ਦੁੱਖ ਦਿੱਤਾ ਸੀ।
ਪਰ ਮੈਂ ਉਨ੍ਹਾਂ ਲੋਕਾਂ ਨੂੰ ਆਪਣੇ ਹੀ ਜਿਸਮ ਖਾਣ ਤੇ ਮਜ਼ਬੂਰ ਕਰ ਦਿਆਂਗਾ।
ਉਨ੍ਹਾਂ ਦਾ ਆਪਣਾ ਹੀ ਖੂਨ ਮੈਅ ਹੋਵੇਗਾ, ਜਿਹੜੀ ਉਨ੍ਹਾਂ ਨੂੰ ਬਦਮਸਤ ਕਰਦੀ ਹੈ।
ਫ਼ੇਰ ਹਰ ਬੰਦਾ ਜਾਣ ਜਾਵੇਗਾ ਕਿ ਯਹੋਵਾਹ ਨੇ ਤੁਹਾਨੂੰ ਬਚਾਇਆ।
ਸਾਰੇ ਹੀ ਬੰਦੇ ਜਾਣ ਲੈਣਗੇ ਕਿ ਤੁਹਾਨੂੰ ਯਾਕੂਬ ਦੇ ਸ਼ਕਤੀਸ਼ਾਲੀ ਪੁਰੱਖ ਨੇ ਬਚਾਇਆ।”
ਸਵਰਗ ਵਿੱਚ ਲੋਕ ਪਰਮੇਸ਼ੁਰ ਦੀ ਉਸਤਤਿ ਕਰਦੇ ਹਨ
19 ਇਸਤੋਂ ਮਗਰੋਂ, ਮੈਂ ਸਵਰਗ ਵਿੱਚੋਂ ਇੱਕ ਉੱਚੀ ਅਵਾਜ਼ ਸੁਣੀ ਜੋ ਬਹੁਤ ਸਾਰੇ ਲੋਕਾਂ ਵਾਂਗੂ ਲੱਗੀ। ਉਹ,
“ਹਲਲੂਯਾਹ!
ਆਖ ਰਹੇ ਸਨ। ਫ਼ਤੇਹ, ਮਹਿਮਾ ਅਤੇ ਸ਼ਕਤੀ ਸਾਡੇ ਪਰਮੇਸ਼ੁਰ ਨਾਲ ਸੰਬੰਧਿਤ ਹੈ।
2 ਨਿਆਂ ਉਸ ਦੇ ਹਨ ਸੱਚੇ ਤੇ ਸਹੀ।
ਸਾਡੇ ਪਰਮੇਸ਼ੁਰ ਨੇ ਉਸ ਮਹਾਨ ਵੇਸ਼ਵਾ ਨੂੰ ਸਜ਼ਾ ਦਿੱਤੀ ਜਿਸਨੇ
ਆਪਣੇ ਜਿਨਸੀ ਪਾਪਾਂ ਨਾਲ ਧਰਤੀ ਨੂੰ ਪਲੀਤ ਕਰ ਦਿੱਤਾ।
ਪਰਮੇਸ਼ੁਰ ਨੇ ਵੇਸ਼ਵਾ ਨੂੰ ਦੰਡ ਦੇਕੇ ਆਪਣੇ ਸੇਵਕਾਂ ਦੀ ਮੌਤ ਦਾ ਬਦਲਾ ਲੈ ਲਿਆ।”
3 ਸਵਰਗ ਵਿੱਚਲੇ ਲੋਕਾਂ ਨੇ ਆਖਿਆ:
“ਹਲਲੂਯਾਹ!
ਉਹ ਸੜ ਰਹੀ ਹੈ ਅਤੇ ਉਸਦਾ ਧੂਆਂ ਸਦਾ ਅਤੇ ਸਦਾ ਲਈ ਉੱਠੇਗ਼ਾ।”
4 ਫ਼ਿਰ ਚੌਵੀ ਬਜ਼ੁਰਗ ਅਤੇ ਚਾਰ ਸਜੀਵ ਚੀਜ਼ਾਂ ਝੁਕੀਆਂ ਅਤੇ ਉਨ੍ਹਾਂ ਨੇ ਉਸ ਇੱਕ ਦੀ ਉਪਾਸਨਾ ਕੀਤੀ ਜੋ ਉਸ ਤਖਤ ਤੇ ਬਿਰਾਜਮਾਨ ਸੀ। ਉਨ੍ਹਾਂ ਨੇ ਆਖਿਆ:
“ਆਮੀਨ, ਹਲਲੂਯਾਹ।”
5 ਫ਼ਿਰ ਤਖਤ ਤੋਂ ਇੱਕ ਅਵਾਜ਼ ਆਈ। ਅਵਾਜ਼ ਨੇ ਆਖਿਆ:
“ਤੁਸੀਂ ਸਾਰੇ ਲੋਕੋ ਜੋ ਸਾਡੇ ਪਰਮੇਸ਼ੁਰ ਦੀ ਸੇਵਾ ਕਰਦੇ ਹੋ, ਉਸਦੀ ਉਸਤਤਿ ਕਰੋ।
ਸਾਰੇ ਲੋਕੋ, ਵੱਡੇ ਅਤੇ ਛੋਟੇ ਜਿਹੜੇ ਪਰਮੇਸ਼ੁਰ ਨੂੰ ਸਤਿਕਾਰਦੇ ਹੋ, ਉਸਦੀ ਉਸਤਤਿ ਕਰੋ।”
6 ਫ਼ਿਰ ਮੈਂ ਕੁਝ ਸੁਣਿਆ ਜਿਸਨੇ ਬਹੁਤ ਸਾਰੇ ਲੋਕਾਂ ਜਿੰਨਾ ਰੌਲਾ ਪਾਇਆ। ਇਹ ਹੜ੍ਹਾਂ ਦੇ ਪਾਣੀ ਵਰਗੀ ਅਤੇ ਸ਼ਕਤੀਸ਼ਾਲੀ ਗਰਜ ਵਰਗੀ ਸੀ। ਲੋਕ ਆਖ ਰਹੇ ਸਨ:
“ਹਲਲੂਯਾਹ!
ਸਾਡਾ ਪ੍ਰਭੂ ਪਰਮੇਸ਼ੁਰ ਸ਼ਾਸਨ ਕਰਦਾ ਹੈ।
ਉਹ ਹੀ ਸਰਬ ਸ਼ਕਤੀਮਾਨ ਹੈ।
7 ਆਓ, ਅਸੀਂ ਆਨੰਦ ਮਾਣੀਏ ਅਤੇ ਖੁਸ਼ ਹੋਈਏ ਅਤੇ ਪਰਮੇਸ਼ੁਰ ਨੂੰ ਮਹਿਮਾ
ਦੇਈਏ ਅਸੀਂ ਇੰਝ ਉਸਦੀ ਉਸਤਤਿ ਕਰੀਏ ਜਿਵੇਂ ਲੇਲੇ ਦਾ ਵਿਆਹ ਆਇਆ ਹੈ।
ਅਤੇ ਲੇਲੇ ਦੀ ਵਹੁਟੀ ਨੇ ਆਪਣੇ ਆਪ ਨੂੰ ਸ਼ਿੰਗਾਰਿਆ ਹੈ।
8 ਲਾੜੀ ਨੂੰ ਪਾਉਣ ਲਈ ਵੱਧੀਆ ਲਿਨਨ ਦੇ ਕੱਪੜੇ ਦਿੱਤੇ ਗਏ ਸਨ।
ਵੱਧੀਆ ਲਿਨਨ ਦੇ ਕੱਪੜਾ ਸਾਫ਼ ਅਤੇ ਚਮਕੀਲਾ ਸੀ।”
(ਵੱਧੀਆ ਲਿਨਨ ਦੇ ਕੱਪੜੇ ਤੋਂ ਭਾਵ ਹੈ ਪਰਮੇਸ਼ੁਰ ਦੇ ਪਵਿੱਤਰ ਲੋਕਾਂ ਦੀਆਂ ਚੰਗੀਆਂ ਕਰਨੀਆਂ।)
9 ਫ਼ੇਰ ਦੂਤ ਨੇ ਮੈਨੂੰ ਆਖਿਆ, “ਇਹ ਲਿਖੋ; ਉਹ ਲੋਕ ਜਿਹੜੇ ਲੇਲੇ ਦੇ ਵਿਆਹ ਦੀ ਦਾਅਵਤ ਤੇ ਸੱਦੇ ਗਏ ਹਨ, ਉਹ ਸੁਭਾਗੇ ਹਨ।” ਫ਼ੇਰ ਦੂਤ ਨੇ ਆਖਿਆ, “ਇਹ ਪਰਮੇਸ਼ੁਰ ਦੇ ਸੱਚੇ ਸ਼ਬਦ ਹਨ।”
10 ਫ਼ੇਰ ਮੈਂ ਉਪਾਸਨਾ ਕਰਨ ਲਈ ਦੂਤ ਦੇ ਚਰਨਾਂ ਤੇ ਨਿਉਂ ਗਿਆ। ਪਰ ਦੂਤ ਨੇ ਮੈਨੂੰ ਆਖਿਆ, “ਮੇਰੀ ਉਪਾਸਨਾ ਨਾ ਕਰ। ਮੈਂ ਤਾਂ ਤੁਹਾਡੇ ਅਤੇ ਤੁਹਾਡੇ ਭਰਾਵਾਂ ਵਾਂਗ ਹੀ ਇੱਕ ਸੇਵਕ ਹਾਂ ਜਿਨ੍ਹਾਂ ਪਾਸ ਯਿਸੂ ਦਾ ਸੱਚ ਹੈ। ਇਸ ਲਈ ਉਪਾਸਨਾ ਪਰਮੇਸ਼ੁਰ ਦੀ ਕਰੋ। ਕਿਉਂਕਿ ਯਿਸੂ ਦਾ ਸੱਚ ਅਗੰਮ ਵਾਕ ਦਾ ਆਤਮਾ ਹੈ।”
ਚਿੱਟੇ ਘੋੜੇ ਉੱਤੇ ਘੋੜ ਸਵਾਰ
11 ਫ਼ੇਰ ਮੈਂ ਸਵਰਗ ਨੂੰ ਖੁਲ੍ਹਦਿਆਂ ਦੇਖਿਆ। ਉੱਥੇ ਮੇਰੇ ਸਾਹਮਣੇ ਇੱਕ ਚਿੱਟਾ ਘੋੜਾ ਸੀ। ਘੋੜ ਸਵਾਰ ਵਫ਼ਾਦਾਰ ਅਤੇ ਸੱਚਾ ਸਦਾਉਂਦਾ ਹੈ। ਉਹ ਆਪਣੇ ਨਿਆਂ ਵਿੱਚ ਅਤੇ ਜੰਗ ਕਰਨ ਵਿੱਚ ਸਹੀ ਹੈ। 12 ਉਸ ਦੀਆਂ ਅੱਖਾਂ ਅੱਗ ਦੇ ਭਾਂਬੜ ਹਨ। ਉਸ ਦੇ ਸਿਰ ਉੱਤੇ ਬਹੁਤ ਸਾਰੇ ਤਾਜ ਹਨ। ਉਸ ਦੇ ਉੱਤੇ ਇੱਕ ਨਾਮ ਲਿਖਿਆ ਹੋਇਆ ਹੈ ਪਰ ਸਿਰਫ਼ ਉਹੋ ਹੀ ਹੈ ਜਿਹੜਾ ਇੱਕ ਨਾਮ ਜਾਣਦਾ ਹੈ। ਕੋਈ ਹੋਰ ਵਿਅਕਤੀ ਇਹ ਨਾਮ ਨਹੀਂ ਜਾਣਦਾ। 13 ਉਸ ਨੇ ਲਹੂ ਨਾਲ ਭਿੱਜਿਆ ਚੋਲਾ ਪਾਇਆ ਹੈ। ਉਸਦਾ ਨਾਮ ਪਰਮੇਸ਼ੁਰ ਦਾ ਸ਼ਬਦ ਹੈ। 14 ਸਵਰਗ ਦੀਆਂ ਫ਼ੌਜਾਂ ਉਸਦਾ ਅਨੁਸਰਣ ਕਰ ਰਹੀਆਂ ਸਨ। ਉਹ ਚਿੱਟੇ ਘੋੜਿਆਂ ਤੇ ਸਵਾਰ ਸਨ। ਉਹ ਵੱਧੀਆ ਲਿਨਨ ਦੇ ਕੱਪੜਿਆਂ ਨਾਲ ਸੱਜੇ ਹੋਏ ਸਨ ਜੋ ਸਾਫ਼ ਅਤੇ ਚਿੱਟਾ ਸੀ। 15 ਘੋੜ ਸਵਾਰ ਦੇ ਮੁੱਖ ਵਿੱਚੋਂ ਇੱਕ ਤਿਖੀ ਤਲਵਾਰ ਬਾਹਰ ਆਉਂਦੀ ਹੈ। ਉਹ ਇਸ ਤਲਵਾਰ ਦੀ ਵਰਤੋਂ ਕੌਮਾਂ ਨੂੰ ਹਰਾਉਣ ਲਈ ਕਰੇਗਾ। ਉਹ ਉਨ੍ਹਾਂ ਉੱਤੇ ਲੋਹੇ ਦੀ ਸਲਾਖ ਨਾਲ ਸ਼ਾਸਨ ਕਰੇਗਾ। ਉਹ ਸਰਬ ਸ਼ਕਤੀ ਮਾਨ ਪਰਮੇਸ਼ੁਰ ਦੇ ਭਿਆਨਕ ਗੁੱਸੇ ਦੀ ਘੁਲਾੜੀ ਵਿੱਚ ਅੰਗੂਰਾਂ ਨੂੰ ਨਿਚੋੜੇਗਾ। 16 ਉਸ ਦੇ ਚੋਲੇ ਉੱਤੇ ਅਤੇ ਉਸਦੀ ਲੱਤ ਉੱਤੇ ਇਹ ਨਾਂ ਲਿਖਿਆ ਹੋਇਆ ਸੀ;
ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ
17 ਫ਼ੇਰ ਮੈਂ ਇੱਕ ਦੂਤ ਨੂੰ ਸੂਰਜ ਵਿੱਚ ਖਲੋਤਿਆ ਦੇਖਿਆ। ਦੂਤ ਨੇ ਅਕਾਸ਼ ਵਿੱਚ ਉੱਚੇ ਉੱਡ ਰਹੇ ਪੰਛੀਆਂ ਨੂੰ ਚੀਕਕੇ ਆਖਿਆ, “ਤੁਸੀਂ ਸਾਰੇ ਇਕੱਠੇ ਹੋਕੇ ਪਰਮੇਸ਼ੁਰ ਦੀ ਮਹਾਨ ਦਾਅਵਤ ਤੇ ਆਓ। 18 ਇਕੱਠੇ ਆਓ ਤਾਂ ਜੋ ਤੁਸੀਂ ਰਾਜਿਆਂ ਜਰਨੈਲਾਂ ਅਤੇ ਮਸ਼ਹੂਰ ਆਦਮੀਆਂ ਦੇ ਸਰੀਰਾਂ ਨੂੰ ਖਾ ਸੱਕੋ। ਘੋੜਿਆਂ ਦੇ ਅਤੇ ਉਨ੍ਹਾਂ ਦੇ ਸਵਾਰਾਂ ਦੇ ਸਰੀਰਾਂ ਨੂੰ ਅਤੇ ਆਜ਼ਾਦ, ਗੁਲਾਮ, ਛੋਟੇ, ਵੱਡੇ, ਸਮੂਹ ਲੋਕਾਂ ਦੇ ਸਰੀਰਾਂ ਨੂੰ ਖਾਣ ਲਈ ਆ ਜਾਓ।”
19 ਫ਼ੇਰ ਮੈਂ ਜਾਨਵਰ ਨੂੰ ਅਤੇ ਧਰਤੀ ਦੇ ਰਾਜਿਆਂ ਨੂੰ ਦੇਖਿਆ। ਉਨ੍ਹਾਂ ਦੀਆਂ ਫ਼ੌਜਾਂ ਘੋੜ ਸਵਾਰ ਅਤੇ ਉਸਦੀ ਫ਼ੌਜ ਦੇ ਵਿਰੁੱਧ ਜੰਗ ਲੜਨ ਲਈ ਇਕੱਠੀਆਂ ਹੋਈਆਂ। 20 ਪਰ ਜਾਨਵਰ ਫ਼ੜ ਲਿਆ ਗਿਆ। ਅਤੇ ਝੂਠਾ ਨਬੀ ਵੀ ਫ਼ੜ ਲਿਆ ਗਿਆ। ਇਹ ਝੂਠਾ ਨਬੀ ਉਹੀ ਸੀ ਜਿਸਨੇ ਜਾਨਵਰ ਲਈ ਕਰਿਸ਼ਮੇ ਦਿਖਾਏ ਸਨ। ਇਹ ਝੂਠਾ ਉਨ੍ਹਾਂ ਲੋਕਾਂ ਨੂੰ ਗੁਮਰਾਹ ਕਰਨ ਲਈ ਕਰਿਸ਼ਮੇ ਕਰਦਾ ਸੀ ਜਿਨ੍ਹਾਂ ਕੋਲ ਜਾਨਵਰ ਦਾ ਨਿਸ਼ਾਨ ਸੀ ਅਤੇ ਉਸਦੀ ਮੂਰਤ ਦੀ ਪੂਜਾ ਕਰਦੇ ਸਨ। ਝੂਠੇ ਨਬੀ ਅਤੇ ਜਿਉਂਦੇ ਜਾਨਵਰ ਨੂੰ ਗੰਧਕ ਨਾਲ ਲੱਗੀ ਹੋਈ ਅੱਗ ਦੀ ਝੀਲ ਵਿੱਚ ਸੁੱਟ ਦਿੱਤਾ ਗਿਆ। 21 ਉਨ੍ਹਾਂ ਦੀਆਂ ਫ਼ੌਜਾਂ ਉਸ ਤਲਵਾਰ ਦੁਆਰਾ ਮਾਰੀਆਂ ਗਈਆਂ ਸਨ ਜੋ ਕਿ ਘੋੜ ਸਵਾਰ ਦੇ ਮੂੰਹ ਵਿੱਚੋਂ ਬਾਹਰ ਆ ਰਹੀ ਸੀ। ਸਾਰੇ ਪੰਛੀਆਂ ਨੇ ਸਰੀਰਾਂ ਨੂੰ ਉਦੋਂ ਤੱਕ ਖਾਧਾ ਜਦੋਂ ਤੱਕ ਉਹ ਰੱਜ ਨਾ ਗਏ।
2010 by World Bible Translation Center