M’Cheyne Bible Reading Plan
ਯਹੋਵਾਹ ਨੂੰ ਚੇਤੇ ਰੱਖੋ
8 “ਤੁਹਾਨੂੰ ਉਹ ਸਾਰੀਆਂ ਬਿਧੀਆਂ ਧਿਆਨ ਨਾਲ ਮੰਨਣੀਆਂ ਚਾਹੀਦੀਆਂ ਹਨ ਜਿਹੜੀਆਂ ਮੈਂ ਤੁਹਾਨੂੰ ਅੱਜ ਦਿੰਦਾ ਹਾਂ। ਕਿਉਂਕਿ ਫ਼ੇਰ ਹੀ ਤੁਸੀਂ ਭਰਪੂਰਤਾ ਨਾਲ ਜੀਵੋਂਗੇ ਅਤੇ ਇੱਕ ਵੱਡੀ ਕੌਮ ਬਣੋਂਗੇ। ਤੁਸੀਂ ਉਹ ਧਰਤੀ ਹਾਸਿਲ ਕਰੋਂਗੇ ਜਿਸਦਾ ਯਹੋਵਾਹ ਨੇ ਤੁਹਾਡੇ ਪੁਰਖਿਆਂ ਨਾਲ ਇਕਰਾਰ ਕੀਤਾ ਸੀ। 2 ਅਤੇ ਤੁਹਾਨੂੰ ਉਸ ਸਾਰੇ ਸਫ਼ਰ ਨੂੰ ਚੇਤੇ ਰੱਖਣਾ ਚਾਹੀਦਾ ਹੈ ਜਿਸਦੀ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਇਨ੍ਹਾਂ 40 ਵਰ੍ਹਿਆਂ ਵਿੱਚ ਮਾਰੂਥਲ ਅੰਦਰ ਤੁਹਾਡੇ ਲਈ ਅਗਵਾਈ ਕੀਤੀ। ਯਹੋਵਾਹ ਤੁਹਾਡਾ ਇਮਤਿਹਾਨ ਲੈ ਰਿਹਾ ਸੀ। ਉਹ ਤੁਹਾਨੂੰ ਨਿਮਾਣਾ ਬਨਾਉਣਾ ਚਾਹੁੰਦਾ ਸੀ। ਉਹ ਤੁਹਾਡੇ ਦਿਲਾਂ ਦੀਆਂ ਗੱਲਾਂ ਜਾਨਣਾ ਚਾਹੁੰਦਾ ਸੀ। ਉਹ ਜਾਨਣਾ ਚਾਹੁੰਦਾ ਸੀ ਕਿ ਕੀ ਤੁਸੀਂ ਉਸ ਦੇ ਆਦੇਸ਼ਾਂ ਦਾ ਪਾਲਣਾ ਕਰੋਂਗੇ। 3 ਯਹੋਵਾਹ ਨੇ ਤੁਹਾਨੂੰ ਨਿਮਾਣਾ ਬਣਾਇਆ ਅਤੇ ਤੁਹਾਨੂੰ ਭੁੱਖਿਆ ਰੱਖਿਆ। ਫ਼ੇਰ ਉਸ ਨੇ ਤੁਹਾਨੂੰ ਮੰਨ ਖੁਆਇਆ, ਜਿਸ ਬਾਰੇ ਤੁਹਾਨੂੰ ਜਾਂ ਤੁਹਾਡੇ ਪੁਰਖਿਆਂ ਨੂੰ ਪਹਿਲਾਂ ਪਤਾ ਨਹੀਂ ਸੀ, ਜਾਂ ਵੇਖਿਆ ਨਹੀਂ ਸੀ। ਕਿਉਂਕਿ ਉਹ ਤੁਹਾਨੂੰ ਪਤਾ ਲੱਗਵਾਉਣਾ ਚਾਹੁੰਦਾ ਸੀ ਕਿ ਇਨਸਾਨ ਸਿਰਫ਼ ਰੋਟੀ ਉੱਤੇ ਹੀ ਜਿਉਂਦੇ ਨਹੀਂ ਰਹਿੰਦੇ ਪਰ ਹਰ ਉਸ ਬਚਨ ਉੱਤੇ ਜਿਉਂਦੇ ਹਨ ਜੋ ਯਹੋਵਾਹ ਆਖਦਾ ਹੈ। 4 ਇਨ੍ਹਾਂ 40 ਵਰ੍ਹਿਆਂ ਵਿੱਚ ਤੁਹਾਡੇ ਕੱਪੜੇ ਘਿਸੇ ਨਹੀਂ ਅਤੇ ਤੁਹਾਡੇ ਪੈਰ ਸੁੱਜੇ ਨਹੀਂ। ਕਿਉਂਕਿ ਯਹੋਵਾਹ ਨੇ ਤੁਹਾਡਾ ਖਿਆਲ ਰੱਖਿਆ ਹੈ! 5 ਤੁਹਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਇਹ ਸਭ ਗੱਲਾਂ ਤੁਹਾਡੇ ਲਈ ਕੀਤੀਆਂ। ਪਰਮੇਸ਼ੁਰ, ਆਪਣੇ ਬੱਚੇ ਨੂੰ ਸਿੱਖਾਉਂਦੇ ਹੋਏ ਇੱਕ ਮਾਪੇ ਵਾਂਗ ਸੀ।
6 “ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਦੇ ਆਦੇਸ਼ਾਂ ਨੂੰ ਜ਼ਰੂਰ ਮੰਨਣਾ ਚਾਹੀਦਾ ਹੈ। ਉਸ ਦੇ ਪਿੱਛੇ ਲੱਗੋ ਅਤੇ ਉਸਦੀ ਇੱਜ਼ਤ ਕਰੋ। 7 ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਇੱਕ ਚੰਗੀ ਧਰਤੀ ਉੱਤੇ ਲਿਜਾ ਰਿਹਾ ਹੈ-ਦਰਿਆਵਾਂ ਅਤੇ ਪਾਣੀ ਦੇ ਚਸ਼ਮਿਆਂ ਨਾਲ ਭਰੀ ਹੋਈ ਧਰਤੀ ਅੰਦਰ, ਵਾਦੀਆਂ ਅਤੇ ਪਹਾੜੀਆਂ ਵਿੱਚ ਪਾਣੀ ਧਰਤੀ ਵਿੱਚੋਂ ਨਿਕਲ ਕੇ ਵੱਗਦਾ ਹੈ। 8 ਇਸ ਧਰਤੀ ਉੱਤੇ ਕਣਕ ਅਤੇ ਜੌਂ, ਅੰਗੂਰਾਂ ਦੀਆਂ ਵੇਲਾਂ, ਅੰਜੀਰ ਦੇ ਰੁੱਖ ਅਤੇ ਅਨਾਰ ਹਨ। ਇਹ ਜੈਤੂਨ ਦੇ ਤੇਲ ਅਤੇ ਸ਼ਹਿਦ ਦੀ ਧਰਤੀ ਹੈ। 9 ਇੱਥੇ ਤੁਹਾਨੂੰ ਕਾਫ਼ੀ ਭੋਜਨ ਮਿਲੇਗਾ। ਤੁਹਾਨੂੰ ਹਰ ਲੋੜੀਂਦੀ ਸ਼ੈਅ ਮਿਲੇਗੀ। ਇਹ ਉਹ ਧਰਤੀ ਹੈ ਜਿੱਥੇ ਲੋਹੇ ਦੀਆਂ ਚੱਟਾਨਾਂ ਹਨ। ਤੁਸੀਂ ਪਹਾੜੀਆਂ ਵਿੱਚੋਂ ਤਾਂਬਾ ਕੱਢ ਸੱਕਦੇ ਹੋ। 10 ਤੁਸੀਂ ਜਿੰਨਾ ਚਾਹੋਂਗੇ ਓਨਾ ਖਾਵੋਂਗੇ। ਫ਼ੇਰ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਦੀ ਤੁਹਾਨੂੰ ਇੰਨੀ ਚੰਗੀ ਜ਼ਮੀਨ ਦੇਣ ਲਈ ਉਸਤਤਿ ਕਰੋਂਗੇ।
ਯਹੋਵਾਹ ਦੀ ਕਰਨੀ ਨੂੰ ਨਾ ਭੁੱਲੋ
11 “ਧਿਆਨ ਰੱਖਣਾ ਯਹੋਵਾਹ, ਆਪਣੇ ਪਰਮੇਸ਼ੁਰ, ਨੂੰ ਭੁੱਲ ਨਾ ਜਾਣਾ! ਉਨ੍ਹਾ ਹੁਕਮਾਂ, ਕਾਨੂੰਨਾ ਅਤੇ ਬਿਧੀਆਂ ਦਾ ਪਾਲਣ ਕਰਨ ਦਾ ਧਿਆਨ ਰੱਖਣਾ ਜਿਹੜੇ ਮੈਂ ਅੱਜ ਤੁਹਾਨੂੰ ਦਿੰਦਾ ਹਾਂ। 12 ਫ਼ੇਰ ਤੁਹਾਡੇ ਕੋਲ ਖਾਣ ਲਈ ਕਾਫ਼ੀ ਕੁਝ ਹੋਵੇਗਾ, ਅਤੇ ਤੁਸੀਂ ਆਪਣੇ ਰਹਿਣ ਵਾਸਤੇ ਚੰਗੇ ਮਕਾਨ ਬਣਾ ਲਵੋਂਗੇ। 13 ਤੁਹਾਡੀਆਂ ਗਾਵਾਂ, ਭੇਡਾਂ ਅਤੇ ਬੱਕਰੀਆਂ ਬਹੁਤ ਵੱਧਣ ਫ਼ੁੱਲਣਗੀਆਂ। ਤੁਹਾਨੂੰ ਕਾਫ਼ੀ ਸੋਨਾ ਅਤੇ ਚਾਂਦੀ ਮਿਲੇਗੀ। ਤੁਹਾਡੇ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਹੋਵੇਗੀ! 14 ਜਦੋਂ ਅਜਿਹਾ ਵਾਪਰੇਗਾ, ਤਾਂ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਗੁਮਾਨੀ ਨਾ ਬਣੋ। ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਨੂੰ ਨਹੀਂ ਭੁੱਲਣਾ ਚਾਹੀਦਾ। ਤੁਸੀਂ ਮਿਸਰ ਵਿੱਚ ਗੁਲਾਮ ਸੀ। ਪਰ ਯਹੋਵਾਹ ਨੇ ਤੁਹਾਨੂੰ ਅਜ਼ਾਦ ਬਣਾਇਆ ਅਤੇ ਉਸ ਧਰਤੀ ਵਿੱਚੋਂ ਬਾਹਰ ਲਿਆਂਦਾ। 15 ਯਹੋਵਾਹ ਨੇ ਬਹੁਤ ਹੀ ਵਿਸ਼ਾਲ ਅਤੇ ਭਿਆਨਕ ਮਾਰੂਥਲ ਵਿੱਚ ਤੁਹਾਡੀ ਅਗਵਾਈ ਕੀਤੀ। ਉਸ ਮਾਰੂਥਲ ਵਿੱਚ ਜ਼ਹਿਰੀਲੇ ਸੱਪ ਅਤੇ ਬਿਛੁ ਸਨ। ਧਰਤੀ ਖੁਸ਼ਕ ਸੀ ਅਤੇ ਕਿਧਰੇ ਵੀ ਪਾਣੀ ਨਹੀਂ ਸੀ, ਪਰ ਯਹੋਵਾਹ ਨੇ ਤੁਹਾਨੂੰ ਠੋਸ ਚੱਟਾਨ ਵਿੱਚੋਂ ਪਾਣੀ ਦਿੱਤਾ। 16 ਮਾਰੂਥਲ ਵਿੱਚ, ਯਹੋਵਾਹ ਨੇ ਤੁਹਾਨੂੰ ਮੰਨ ਦਾ ਭੋਜਨ ਦਿੱਤਾ-ਐਸੀ ਚੀਜ਼ ਜਿਹੜੀ ਤੁਹਾਡੇ ਪੁਰਖਿਆਂ ਨੇ ਵੀ ਕਦੇ ਨਹੀਂ ਸੀ ਦੇਖੀ। ਯਹੋਵਾਹ ਨੇ ਤੁਹਾਡਾ ਇਮਤਿਹਾਨ ਲਿਆ। ਕਿਉਂਕਿ ਯਹੋਵਾਹ ਨੇ ਤੁਹਾਨੂੰ ਇਸ ਲਈ ਨਿਮਾਣਾ ਬਣਾਇਆ ਤਾਂ ਜੋ ਅੰਤ ਵਿੱਚ ਤੁਹਾਨੂੰ ਸੁੱਖ ਮਿਲੇ। 17 ਆਪਣੇ ਮਨ ਵਿੱਚ ਇਹ ਕਦੇ ਨਾ ਸੋਚੋ, ‘ਇਹ ਸਾਰੀ ਦੌਲਤ ਮੈਂ ਆਪਣੀ ਯੋਗਤਾ ਅਤੇ ਤਾਕਤ ਰਾਹੀਂ ਹਾਸਿਲ ਕੀਤੀ ਹੈ।’ 18 ਯਹੋਵਾਹ, ਆਪਣੇ ਪਰਮੇਸ਼ੁਰ, ਨੂੰ ਯਾਦ ਰੱਖੋ। ਯਾਦ ਰੱਖੋ ਕਿ ਉਹੀ ਹੈ ਜਿਹੜਾ ਤੁਹਾਨੂੰ ਅਜਿਹੀਆਂ ਗੱਲਾਂ ਕਰਨ ਦੀ ਸ਼ਕਤੀ ਦਿੰਦਾ ਹੈ। ਯਹੋਵਾਹ ਅਜਿਹਾ ਕਿਉਂ ਕਰਦਾ ਹੈ? ਕਿਉਂਕਿ ਉਹ ਉਸ ਇਕਰਾਰਨਾਮੇ ਦਾ ਪਾਲਣ ਕਰਨਾ ਚਾਹੁੰਦਾ ਹੈ। ਜਿਹੜਾ ਉਸ ਨੇ ਪੁਰਖਿਆਂ ਨਾਲ ਕੀਤਾ ਸੀ, ਉਵੇਂ ਜਿਵੇਂ ਉਹ ਅੱਜ ਕਰ ਰਿਹਾ ਹੈ!
19 “ਕਦੇ ਵੀ ਯਹੋਵਾਹ, ਆਪਣੇ ਪਰਮੇਸ਼ੁਰ, ਨੂੰ ਨਾ ਭੁੱਲੋ। ਕਦੇ ਵੀ ਹੋਰਨਾਂ ਦੇਵਤਿਆਂ ਦੇ ਪਿੱਛੇ ਨਾ ਲੱਗੋ! ਕਦੇ ਵੀ ਉਨ੍ਹਾਂ ਦੀ ਸੇਵਾ ਅਤੇ ਉਪਾਸਨਾ ਨਾ ਕਰੋ। ਜੇ ਤੁਸੀਂ ਅਜਿਹਾ ਕਰੋਂਗੇ ਤਾਂ ਮੈਂ ਅੱਜ ਤੁਹਾਨੂੰ ਚਿਤਾਵਨੀ ਦਿੰਦਾ ਹਾਂ: ਤੁਸੀਂ ਅਵੱਸ਼ ਤਬਾਹ ਹੋ ਜਾਵੋਂਗੇ! 20 ਯਹੋਵਾਹ ਤੁਹਾਡੇ ਲਈ ਹੋਰਨਾਂ ਕੌਮਾਂ ਨੂੰ ਤਬਾਹ ਕਰ ਰਿਹਾ ਹੈ। ਪਰ ਜੇ ਤੁਸੀਂ ਹੋਰਨਾ ਦੇਵਤਿਆਂ ਦੇ ਪਿੱਛੇ ਲੱਗੋਗੇ ਤਾਂ ਤੁਸੀਂ ਵੀ ਉਨ੍ਹਾਂ ਵਾਂਗ ਹੀ ਤਬਾਹ ਹੋ ਜਾਵੋਂਗੇ। ਕਿਉਂਕਿ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਦੀ ਗੱਲ ਸੁਣਨੋ ਹਟ ਗਏ!
91 ਤੁਸੀਂ ਸਰਬ ਉੱਚ ਪਰਮੇਸ਼ੁਰ ਕੋਲ ਲੁਕਣ ਲਈ ਜਾ ਸੱਕਦੇ ਹੋ।
ਤੁਸੀਂ ਸੁਰੱਖਿਆ ਲਈ ਸਰਬ ਸ਼ਕਤੀਮਾਨ ਪਰਮੇਸ਼ੁਰ ਕੋਲ ਜਾ ਸੱਕਦੇ ਹੋ।
2 ਮੈਂ ਆਪਣੇ ਪਰਮੇਸ਼ੁਰ ਨੂੰ ਦੱਸਦਾ ਹਾਂ, “ਤੁਸੀਂ ਮੇਰੀ ਸੁਰੱਖਿਆ ਦਾ ਸਥਾਨ, ਮੇਰਾ ਕਿਲ੍ਹਾ ਹੋ।
ਮੇਰੇ ਪਰਮੇਸ਼ੁਰ, ਮੈਂ ਤੁਹਾਡੇ ਵਿੱਚ ਯਕੀਨ ਰੱਖਦਾ ਹਾਂ।”
3 ਪਰਮੇਸ਼ੁਰ ਤੁਹਾਨੂੰ ਛੁੱਪੇ ਖਤਰਿਆਂ ਕੋਲੋਂ
ਅਤੇ ਖਤਰਨਾਕ ਬਿਮਾਰੀਆਂ ਕੋਲੋਂ ਬਚਾਵੇਗਾ।
4 ਸੁਰੱਖਿਆ ਲਈ ਤੁਸੀਂ ਪਰਮੇਸ਼ੁਰ ਵੱਲ ਜਾ ਸੱਕਦੇ ਹੋ।
ਉਹ ਤੁਹਾਡੀ ਰੱਖਿਆ ਕਰੇਗਾ, ਜਿਵੇਂ ਇੱਕ ਪੰਛੀ ਆਪਣੇ ਬੱਚਿਆਂ ਉੱਤੇ ਖੰਭ ਖਿਲਾਰ ਲੈਂਦਾ ਹੈ।
ਪਰਮੇਸ਼ੁਰ ਇੱਕ ਢਾਲ ਹੋਵੇਗਾ ਅਤੇ ਤੁਹਾਡੀ ਰੱਖਿਆ ਲਈ ਇੱਕ ਕੰਧ।
5 ਤੁਹਾਨੂੰ ਰਾਤ ਵੇਲੇ ਕੋਈ ਡਰ ਨਹੀਂ ਹੋਵੇਗਾ।
ਅਤੇ ਦਿਨ ਵੇਲੇ ਵੀ ਤੁਹਾਨੂੰ ਆਪਣੇ ਵੈਰੀ ਦੇ ਤੀਰਾਂ ਤੋਂ ਕੋਈ ਡਰ ਨਹੀਂ ਹੋਵੇਗਾ।
6 ਤੁਹਾਨੂੰ ਉਨ੍ਹਾਂ ਬਿਮਾਰੀਆਂ ਦਾ ਡਰ ਨਹੀਂ ਹੋਵੇਗਾ ਜਿਹੜੀਆਂ ਹਨੇਰੇ ਵਿੱਚ ਆਉਂਦੀਆਂ ਹਨ
ਜਾਂ ਉਨ੍ਹਾਂ ਭਿਆਨਕ ਬਿਮਾਰੀਆਂ ਦਾ, ਜਿਹੜੀਆਂ ਦੁਪਿਹਰ ਵੇਲੇ ਹਮਲਾ ਕਰਦੀਆਂ ਹਨ।
7 ਤੁਸੀਂ ਹਜ਼ਾਰਾਂ ਦੁਸ਼ਮਣਾਂ ਨੂੰ ਹਰਾ ਦਿਉਂਗੇ।
ਤੁਹਾਡਾ ਆਪਣਾ ਸੱਜਾ ਹੱਥ ਦੁਸ਼ਮਣ ਦੇ 10,000 ਸੈਨਕਾਂ ਨੂੰ ਹਰਾਵੇਗਾ।
ਤੁਹਾਡੇ ਦੁਸ਼ਮਣ ਤੁਹਾਨੂੰ ਹੱਥ ਵੀ ਨਹੀਂ ਲਗਾ ਸੱਕਦੇ।
8 ਤੁਸੀਂ ਦੇਖੋਂਗੇ ਕਿ ਉਨ੍ਹਾਂ ਦੁਸ਼ਟ ਲੋਕਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ।
9 ਕਿਉਂ? ਕਿਉਂਕਿ ਤੁਸੀਂ ਯਹੋਵਾਹ ਉੱਤੇ ਵਿਸ਼ਵਾਸ ਕਰਦੇ ਹੋ,
ਤੁਸੀਂ ਸਰਬ ਉੱਚ ਪਰਮੇਸ਼ੁਰ ਨੂੰ ਆਪਣਾ ਸੁਰੱਖਿਅਤ ਟਿਕਾਣਾ ਬਣਾਇਆ ਹੈ।
10 ਕੋਈ ਮੰਦੀ ਗੱਲ ਤੁਹਾਡੇ ਨਾਲ ਨਹੀਂ ਵਾਪਰੇਗੀ।
ਤੁਹਾਡੇ ਘਰ ਅੰਦਰ ਬਿਮਾਰੀਆਂ ਨਹੀਂ ਹੋਣਗੀਆਂ।
11 ਪਰਮੇਸ਼ੁਰ ਤੁਹਾਡੇ ਲਈ ਆਪਣੇ ਦੂਤਾਂ ਨੂੰ ਆਦੇਸ਼ ਕਰੇਗਾ ਅਤੇ ਤੁਸੀਂ ਜਿੱਥੇ ਵੀ ਜਾਵੋਂਗੇ ਉਹ ਤੁਹਾਡੀ ਹਰ ਥਾਂ ਰੱਖਿਆ ਕਰਨਗੇ।
12 ਉਨ੍ਹਾਂ ਦੇ ਹੱਥ ਤੁਹਾਨੂੰ ਫ਼ੜ ਲੈਣਗੇ,
ਤਾਂ ਜੋ ਤੁਹਾਡਾ ਪੈਰ ਪੱਥਰਾਂ ਉੱਤੇ ਨਾ ਵਜੇ।
13 ਤੁਹਾਡੇ ਕੋਲ ਸ਼ੇਰਾਂ ਅਤੇ ਜ਼ਹਿਰੀਲੇ ਸੱਪਾਂ ਉੱਪਰ
ਤੁਰਨ ਦੀ ਸ਼ਕਤੀ ਹੋਵੇਗੀ।
14 ਯਹੋਵਾਹ ਆਖਦੇ ਹਨ, “ਜੇ ਕੋਈ ਮੇਰੇ ਉੱਪਰ ਭਰੋਸਾ ਕਰਦਾ ਹੈ ਮੈਂ ਉਸ ਨੂੰ ਬਚਾ ਲਵਾਂਗਾ।
ਮੈਂ ਆਪਣੇ ਪੈਰੋਕਾਰਾਂ ਨੂੰ ਬਚਾਵਾਂਗਾ ਜਿਹੜੇ ਮੇਰੇ ਨਾਮ ਦੀ ਉਪਾਸਨਾ ਕਰਦੇ ਹਨ।
15 ਮੇਰੇ ਪੈਰੋਕਾਰ ਮੈਨੂੰ ਸਹਾਇਤਾ ਲਈ ਪੁਕਾਰਨਗੇ, ਅਤੇ ਮੈਂ ਉਨ੍ਹਾਂ ਦੀ ਪੁਕਾਰ ਸੁਣਾਂਗਾ।
ਜਦੋਂ ਵੀ ਉਨ੍ਹਾਂ ਉੱਤੇ ਮੁਸੀਬਤ ਆਵੇਗੀ ਮੈਂ ਉਨ੍ਹਾਂ ਦੇ ਅੰਗ-ਸੰਗ ਹੋਵਾਂਗਾ।
ਮੈਂ ਉਨ੍ਹਾਂ ਨੂੰ ਬਚਾ ਲਵਾਂਗਾ ਅਤੇ ਉਨ੍ਹਾਂ ਨੂੰ ਮਾਨ ਦੇਵਾਂਗਾ।
16 ਮੈਂ ਆਪਣੇ ਪੈਰੋਕਾਰਾਂ ਨੂੰ ਲੰਮੀ ਜ਼ਿੰਦਗੀ ਦੇਵਾਂਗਾ।
ਅਤੇ ਮੈਂ ਉਨ੍ਹਾਂ ਨੂੰ ਬਚਾਵਾਂਗਾ।”
ਅੱਸ਼ੂਰ ਦੇ ਲੋਕ ਯਹੂਦਾਹ ਉੱਤੇ ਹਮਲਾ ਕਰਦੇ ਹਨ
36 ਰਾਜੇ ਹਿਜ਼ਕੀਯਾਹ ਦੇ ਰਾਜ ਦੇ ਚੌਦ੍ਹਵੇਂ ਵਰ੍ਹੇ ਵਿੱਚ ਅੱਸ਼ੂਰ ਦਾ ਰਾਜਾ ਸਨਹੇਰੀਬ ਯਹੂਦਾਹ ਦੇ ਸਾਰੇ ਮਜ਼ਬੂਤ ਸ਼ਹਿਰਾਂ ਦੇ ਵਿਰੁੱਧ ਲੜਨ ਲਈ ਗਿਆ। ਸਨਹੇਰੀਬ ਨੇ ਉਨ੍ਹਾਂ ਸ਼ਹਿਰਾਂ ਨੂੰ ਹਰਾ ਦਿੱਤਾ। 2 ਸਨਹੇਰੀਬ ਨੇ ਯਰੂਸ਼ਲਮ ਦੇ ਰਾਜੇ ਹਿਜ਼ਕੀਯਾਹ ਵੱਲ ਇੱਕ ਵੱਡੀ ਫ਼ੌਜ ਦੇ ਨਾਲ ਆਪਣੇ ਕਮਾਂਡਰ ਨੂੰ ਭੇਜਿਆ। ਕਮਾਂਡਰ ਅਤੇ ਉਸਦੀ ਫ਼ੌਜ ਲਾਕੀਸ਼ ਤੋਂ ਯਰੂਸ਼ਲਮ ਨੂੰ ਰਵਾਨਾ ਹੋ ਗਈ। ਉਹ ਪਾਣੀ ਵਾਲੀ ਇੱਕ ਖਾਈ ਨੇੜੇ ਉੱਪਰ ਤਲਾਅ ਉੱਤੇ ਰੁਕ ਗਏ। ਉੱਪਰਲਾ ਤਲਾਅ ਧੋਬੀਘਾਟ ਵਾਲੀ ਸੜਕ ਉੱਤੇ ਹੈ।
3 ਯਰੂਸ਼ਲਮ ਵਿੱਚੋਂ ਤਿੰਨ ਬੰਦੇ ਕਮਾਂਡਰ ਨਾਲ ਗੱਲ ਬਾਤ ਕਰਨ ਲਈ ਗਏ। ਇਹ ਬੰਦੇ ਸਨ ਹਿਲਕੀਆਹ ਦਾ ਪੁੱਤਰ ਅਲਯਾਕੀਮ, ਆਸਾਫ਼ ਦਾ ਪੁੱਤਰ ਯੋਆਹ ਅਤੇ ਸ਼ਬਨਾ। ਅਲਯਾਕੀਮ ਮਹਿਲਾਂ ਦਾ ਪ੍ਰਬੰਧਕ ਸੀ ਯੋਆਹ ਲੇਖਕਾਰ ਸੀ। ਅਤੇ ਸ਼ਬਨਾ ਸ਼ਾਹੀ ਸੱਕੱਤਰ ਸੀ।
4 ਕਮਾਂਡਰ ਨੇ ਉਨ੍ਹਾਂ ਨੂੰ ਆਖਿਆ, “ਹਿਜ਼ਕੀਯਾਹ ਨੂੰ ਆਖੋ ਕਿ ਅੱਸ਼ੂਰ ਦਾ ਮਹਾਨ ਰਾਜਾ ਇਹ ਆਖਦਾ ਹੈ,
“‘ਆਪਣੀ ਸਹਾਇਤਾ ਲਈ ਤੂੰ ਕਿਸ ਉੱਤੇ ਭਰੋਸਾ ਕਰ ਰਿਹਾ ਹੈਂ। 5 ਮੈਂ ਤੈਨੂੰ ਦੱਸਦਾ ਹਾਂ ਕਿ ਜੇ ਤੂੰ ਸ਼ਕਤੀ ਅਤੇ ਲੜਾਈ ਲਈ ਚੁਸਤ ਯੋਜਨਾਬੰਦੀ ਉੱਤੇ ਭਰੋਸਾ ਕਰ ਰਿਹਾ ਹੈਂ ਤਾਂ ਇਹ ਬੇਕਾਰ ਹੈ। ਇਹ ਹੋਰ ਕੁਝ ਨਹੀਂ ਸਿਰਫ਼ ਕੋਰੇ ਸ਼ਬਦ ਹਨ। ਹੁਣ ਮੈਂ ਤੈਨੂੰ ਪੁੱਛਦਾ ਹਾਂ ਕਿ ਤੂੰ ਕਿਸ ਉੱਤੇ ਇੰਨਾ ਭਰੋਸਾ ਕਰ ਰਿਹਾ ਹੈਂ ਕਿ ਤੂੰ ਮੇਰੇ ਖਿਲਾਫ਼ ਬਗ਼ਾਵਤ ਕਰਨ ਲਈ ਤਿਆਰ ਹੈਂ? 6 ਕੀ ਤੂੰ ਮਿਸਰ ਉੱਤੇ ਸਹਾਇਤਾ ਲਈ ਨਿਰਭਰ ਕਰ ਰਿਹਾ ਹੈਂ? ਮਿਸਰ ਤਾਂ ਟੁੱਟੀ ਹੋਈ ਸੋਟੀ ਵਰਗਾ ਹੈ। ਜੇ ਤੂੰ ਇਸਦੇ ਸਹਾਰੇ ਖੜ੍ਹਾ ਹੋਵੇਗਾ ਤਾਂ ਇਹ ਸਿਰਫ਼ ਤੈਨੂੰ ਨੁਕਸਾਨ ਪਹੁੰਚਾਵੇਗੀ ਅਤੇ ਤੇਰੇ ਹੱਥ ਵਿੱਚ ਛੇਕ ਕਰ ਦੇਵੇਗੀ। ਮਿਸਰ ਦੇ ਰਾਜੇ ਫ਼ਿਰਊਨ ਨੂੰ ਉੱਤੇ ਕੋਈ ਵੀ ਉਹ ਬੰਦੇ ਭਰੋਸਾ ਨਹੀਂ ਕਰ ਸੱਕਦੇ ਜਿਹੜੇ ਉਸ ਉੱਤੇ ਸਹਾਇਤਾ ਲਈ ਨਿਰਭਰ ਕਰਦੇ ਹਨ।
7 “‘ਪਰ ਸ਼ਾਇਦ ਤੁਸੀਂ ਆਖੋ, “ਅਸੀਂ ਆਪਣੇ ਯਹੋਵਾਹ ਪਰਮੇਸ਼ੁਰ ਉੱਤੇ ਸਹਾਇਤਾ ਲਈ ਭਰੋਸਾ ਕਰ ਰਹੇ ਹਾਂ।” ਪਰ ਮੈਂ ਜਾਣਦਾ ਹਾਂ ਕਿ ਹਿਜ਼ਕੀਯਾਹ ਨੇ ਉਹਨ੍ਹਾਂ ਜਗਵੇਦੀਆਂ ਅਤੇ ਉੱਚੀਆਂ ਥਾਵਾਂ ਨੂੰ ਤਬਾਹ ਕੀਤਾ ਸੀ ਜਿੱਥੇ ਲੋਕ ਯਹੋਵਾਹ ਦੀ ਉਪਾਸਨਾ ਕਰਦੇ ਸਨ ਅਤੇ ਹਿਜ਼ਕੀਯਾਹ ਨੇ ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਨੂੰ ਆਖਿਆ ਸੀ, “ਤੁਹਾਨੂੰ ਯਰੂਸ਼ਲਮ ਦੀ ਸਿਰਫ਼ ਇਸੇ ਹੀ ਇੱਕ ਜਗਵੇਦੀ ਉੱਤੇ ਉਪਾਸਨਾ ਕਰਨੀ ਚਾਹੀਦੀ ਹੈ।”
8 “‘ਜੇ ਤੁਸੀਂ ਹਾਲੇ ਵੀ ਲੜਨਾ ਚਾਹੁੰਦੇ ਹੋ ਤਾਂ ਅੱਸ਼ੂਰ ਦਾ ਰਾਜਾ, ਮੇਰਾ ਮਾਲਿਕ ਤੁਹਾਡੇ ਨਾਲ ਇਹ ਇਕਰਾਰਨਾਮਾ ਕਰੇਗਾ। ਮੈਂ ਇਕਰਾਰ ਕਰਦਾ ਹਾਂ ਕਿ ਮੈਂ ਤੁਹਾਨੂੰ 2,000 ਘੋੜੇ ਦੇਵਾਂਗਾ ਜੇ ਤੁਸੀਂ ਉਨ੍ਹਾਂ ਘੋੜਿਆਂ ਉੱਤੇ ਸਵਾਰ ਹੋ ਕੇ ਲੜਾਈ ਜਾਣ ਵਾਲੇ ਇੰਨੇ ਬੰਦੇ ਲੱਭ ਸੱਕੋ। 9 ਪਰ ਫ਼ੇਰ ਵੀ ਤੁਸੀਂ ਮੇਰੇ ਮਾਲਕ ਦੇ ਸਭ ਤੋਂ ਛੋਟੇ ਦਰਜੇ ਦੇ ਅਧਿਕਾਰੀਆਂ ਵਿੱਚੋਂ ਕਿਸੇ ਇੱਕ ਨੂੰ ਵੀ ਨਹੀਂ ਹਰਾ ਸੱਕੋਗੇ! ਇਸ ਲਈ ਤੁਸੀਂ ਮਿਸਰ ਦੇ ਰੱਥਾਂ ਅਤੇ ਘੋੜਸਵਾਰ ਫ਼ੌਜੀਆਂ ਉੱਤੇ ਇੰਨਾ ਕਿਉਂ ਨਿਰਭਰ ਕਰ ਰਹੇ ਹੋ!
10 “‘ਹੁਣ, ਕੀ ਤੁਸੀਂ ਇਹ ਸੋਚਦੇ ਹੋ ਕਿ ਮੈਂ ਇਸ ਦੇਸ਼ ਨੂੰ ਯਹੋਵਾਹ ਦੀ ਸਹਾਇਤਾ ਤੋਂ ਬਿਨਾਂ ਹੀ ਤਬਾਹ ਕਰਨ ਆਇਆ ਸਾਂ! ਨਹੀਂ! ਯਹੋਵਾਹ ਨੇ ਮੈਨੂੰ ਆਖਿਆ ਸੀ, “ਇਸ ਦੇਸ ਦੇ ਖਿਲਾਫ਼ ਚੜ੍ਹਾਈ ਕਰੋ ਅਤੇ ਇਸ ਨੂੰ ਤਬਾਹ ਕਰ ਦਿਓ।”’”
11 ਫ਼ੇਰ ਅਲਯਾਕੀਮ, ਸ਼ਬਨਾ ਅਤੇ ਯੋਆਹ ਨੇ ਕਮਾਂਡਰ ਨੂੰ ਆਖਿਆ, “ਮਿਹਰਬਾਨੀ ਕਰਕੇ ਸਾਡੇ ਨਾਲ ਅਰਾਮੀ ਭਾਸ਼ਾ ਵਿੱਚ ਗੱਲ ਕਰੋ। ਅਸੀਂ ਉਸ ਭਾਸ਼ਾ ਨੂੰ ਸਮਝਦੇ ਹਾਂ। ਸਾਡੇ ਨਾਲ ਯਹੂਦਾਹ ਦੀ ਭਾਸ਼ਾ ਵਿੱਚ ਗੱਲ ਨਾ ਕਰੋ। ਕਿਉਂ ਕਿ ਫ਼ੇਰ ਸ਼ਹਿਰ ਦੀਆਂ ਦੀਵਾਰਾਂ ਉੱਤੇ ਖਲੋਤੇ ਲੋਕ ਤੁਹਾਡੀ ਗੱਲ ਸਮਝ ਜਾਣਗੇ।”
12 ਪਰ ਕਮਾਂਡਰ ਨੇ ਆਖਿਆ, “ਮੇਰੇ ਮਾਲਿਕ ਨੇ ਮੈਨੂੰ ਸਿਰਫ਼ ਤੁਹਾਡੇ ਨਾਲ ਅਤੇ ਤੁਹਾਡੇ ਮਾਲਿਕ ਨਾਲ ਹੀ ਗੱਲ ਕਰਨ ਵਾਸਤੇ ਨਹੀਂ ਭੇਜਿਆ। ਮੇਰੇ ਮਾਲਿਕ ਨੇ ਮੈਨੂੰ ਉਨ੍ਹਾਂ ਲੋਕਾਂ ਨਾਲ ਗੱਲ ਕਰਨ ਲਈ ਭੇਜਿਆ ਹੈ ਜਿਹੜੇ ਦੀਵਾਰ ਉੱਤੇ ਬੈਠੇ ਹੋਏ ਹਨ! ਉਨ੍ਹਾਂ ਬੰਦਿਆਂ ਕੋਲ ਖਾਣ ਪੀਣ ਲਈ ਕਾਫ਼ੀ ਨਹੀਂ ਹੋਵੇਗਾ ਉਹ ਵੀ ਤੁਹਾਡੇ ਵਾਂਗ ਹੀ ਆਪਣਾ ਗੂਂਹ ਮੂਤ ਖਾਣ ਪੀਣਗੇ।”
13 ਫ਼ੇਰ ਕਮਾਂਡਰ ਨੇ ਯਹੂਦੀ ਭਾਸ਼ਾ ਵਿੱਚ ਉੱਚੀ ਉੱਚੀ ਰੌਲਾ ਪਾਇਆ,
ਅੱਸ਼ੂਰ ਦੇ ਰਾਜੇ, ਮਹਾਨ ਰਾਜੇ ਵੱਲੋਂ ਇਹ ਸੰਦੇਸ਼ ਸੁਣੋ: 14 ਹਿਜ਼ਕੀਯਾਹ ਤੋਂ ਮੂਰਖ ਨਾ ਬਣੋ! ਉਹ ਤੁਹਾਨੂੰ ਮੇਰੀ ਸ਼ਕਤੀ ਤੋਂ ਨਹੀਂ ਬਚਾ ਸੱਕਦਾ! 15 ਹਿਜ਼ਕੀਯਾਹ ਵਿੱਚ ਵਿਸ਼ਵਾਸ ਨਾ ਕਰੋ ਜਦੋਂ ਉਹ ਇਹ ਕਹਿੰਦਾ ਹੈ, “ਯਹੋਵਾਹ ਵਿੱਚ ਭਰੋਸਾ ਕਰੋ! ਯਹੋਵਾਹ ਸਾਨੂੰ ਬਚਾਵੇਗਾ। ਯਹੋਵਾਹ ਅੱਸ਼ੂਰ ਦੇ ਰਾਜੇ ਕੋਲੋਂ ਸ਼ਹਿਰ ਨੂੰ ਨਹੀਂ ਹਰਾਵੇਗਾ।”
16 ਹਿਜ਼ਕੀਯਾਹ ਦੇ ਇਨ੍ਹਾਂ ਸ਼ਬਦਾਂ ਵੱਲ ਧਿਆਨ ਨਾ ਦਿਓ। ਅੱਸ਼ੂਰ ਦੇ ਰਾਜੇ ਨੂੰ ਸੁਣੋ। ਅੱਸ਼ੂਰ ਦਾ ਰਾਜਾ ਆਖਦਾ ਹੈ, “ਸਾਨੂੰ ਇੱਕ ਇਕਰਾਰਨਾਮਾ ਕਰਨਾ ਚਾਹੀਦਾ ਹੈ। ਤੁਹਾਨੂੰ ਲੋਕਾਂ ਨੂੰ ਸ਼ਹਿਰ ਵਿੱਚੋਂ ਬਾਹਰ ਨਿਕਲ ਕੇ ਮੇਰੇ ਕੋਲ ਆ ਜਾਣਾ ਚਾਹੀਦਾ ਹੈ। ਫ਼ੇਰ ਹਰ ਬੰਦਾ ਘਰ ਜਾਣ ਲਈ ਆਜ਼ਾਦ ਹੋਵੇਗਾ। ਹਰ ਬੰਦਾ ਆਪਣੀ ਵੇਲ ਦੇ ਅੰਗੂਰ ਖਾਣ ਲਈ ਸੁਤੰਤਰ ਹੋਵੇਗਾ। ਅਤੇ ਹਰ ਬੰਦਾ ਆਪਣੇ ਅੰਜੀਰ ਦੇ ਰੁੱਖ ਤੋਂ ਅੰਜੀਰ ਖਾਣ ਲਈ ਸੁਤੰਤਰ ਹੋਵੇਗਾ। ਹਰ ਬੰਦਾ ਆਪਣੇ ਖੂਹ ਦਾ ਪਾਣੀ ਪੀਣ ਲਈ ਸੁਤੰਤਰ ਹੋਵੇਗਾ। 17 ਇਹ ਗੱਲ ਤੁਸੀਂ ਓਦੋਁ ਤੱਕ ਕਰ ਸੱਕਦੇ ਹੋ ਜਦੋਂ ਤੱਕ ਕਿ ਮੈਂ ਤੁਹਾਨੂੰ ਹਰ ਇੱਕ ਨੂੰ ਤੁਹਾਡੇ ਆਪਣੇ ਹੀ ਵਰਗੇ ਦੇਸ਼ ਵਿੱਚ ਨਹੀਂ ਲੈ ਜਾਂਦਾ। ਉਸ ਨਵੇਂ ਦੇਸ਼ ਵਿੱਚ ਤੁਹਾਡੇ ਕੋਲ ਚੰਗਾ ਅਨਾਜ ਹੋਵੇਗਾ, ਨਵੀਂ ਸ਼ਰਾਬ ਰੋਟੀ ਅਤੇ ਅੰਗੂਰਾਂ ਦਾ ਬਾਗ਼ ਹੋਵੇਗਾ।”
18 ਹਿਜ਼ਕੀਯਾਹ ਨੂੰ ਆਪਣੇ ਲਈ ਮੁਸੀਬਤ ਖੜੀ ਨਾ ਕਰਨ ਦਿਓ। ਉਹ ਆਖਦਾ ਹੈ, “ਯਹੋਵਾਹ ਸਾਡੀ ਰੱਖਿਆ ਕਰੇਗਾ।” ਪਰ ਮੈਂ ਤੁਹਾਨੂੰ ਪੁੱਛਦਾ ਹਾਂ ਕਿ ਕਿਸੇ ਹੋਰ ਕੌਮ ਦੇ ਦੇਵਤਿਆਂ ਨੇ ਅੱਸ਼ੂਰ ਦੇ ਰਾਜੇ ਕੋਲੋਂ ਆਪਣੇ ਦੇਸ਼ ਨੂੰ ਬਚਾਇਆ ਸੀ? ਨਹੀਂ! 19 ਹਮਾਬ ਅਤੇ ਅਰਪਾਦ ਦੇ ਦੇਵਤੇ ਕਿੱਥੋ ਨੇ? ਉਹ ਹਾਰ ਗਏ ਨੇ! ਸਫ਼ਰਵਾਇਮ ਦੇ ਦੇਵਤੇ ਕਿੱਥੋ ਨੇ? ਉਹ ਹਾਰ ਗਏ ਨੇ! ਕੀ ਉਹ ਸਾਮਰਿਯਾ ਨੂੰ ਮੇਰੀ ਸ਼ਕਤੀ ਤੋਂ ਬਚਾ ਸੱਕੇ? ਨਹੀਂ! 20 ਕੀ ਹੋਰਨਾਂ ਦੇਸ਼ਾਂ ਦੇ ਦੇਵਤਿਆਂ ਨੇ ਉਨ੍ਹਾਂ ਦੀ ਧਰਤੀ ਨੂੰ ਮੇਰੇ ਤੋਂ ਬਚਾਇਆ? ਨਹੀਂ! ਕੀ ਯਹੋਵਾਹ ਯਰੂਸ਼ਲਮ ਨੂੰ ਮੇਰੇ ਕੋਲੋਂ ਬਚਾ ਸੱਕਦਾ ਹੈ? ਨਹੀਂ!
21 ਪਰ ਯਰੂਸ਼ਲਮ ਦੇ ਲੋਕ ਬਹੁਤ ਸ਼ਾਂਤ ਸਨ। ਉਨ੍ਹਾਂ ਨੇ ਕਮਾਂਡਰ ਨੂੰ ਇੱਕ ਵੀ ਸ਼ਬਦ ਨਹੀਂ ਆਖਿਆ ਕਿਉਂਕਿ ਹਿਜ਼ਕੀਯਾਹ ਨੇ ਉਨ੍ਹਾਂ ਨੂੰ ਆਦੇਸ਼ ਦਿੱਤਾ ਸੀ ਉਸ ਨੇ ਆਖਿਆ ਸੀ, “ਉਸ ਨੂੰ ਕੁਝ ਨਾ ਆਖਣਾ।”
22 ਫ਼ੇਰ ਮਹਿਲਾਂ ਦੇ ਪ੍ਰਬੰਧਕ (ਹਿਲਕੀਯਾਹ ਦੇ ਪੁੱਤਰ ਅਲਯਾਕੀਮ) ਸ਼ਾਹੀ ਸੱਕੱਤਰ (ਸ਼ਬਨਾ) ਅਤੇ ਲੇਖਾਕਰ (ਅਸਾਫ਼ ਦੇ ਪੁੱਤਰ ਯੋਆਹ) ਹਿਜ਼ਕੀਯਾਹ ਵੱਲ ਗਏ। ਉਨ੍ਹਾਂ ਦੇ ਕੱਪੜੇ ਪਾਟੇ ਹੋਏ ਸਨ ਇਹ ਦਰਸਾਉਣ ਲਈ ਕਿ ਉਹ ਉਦਾਸ ਸਨ। ਉਨ੍ਹਾਂ ਨੇ ਹਿਜ਼ਕੀਯਾਹ ਨੂੰ ਉਹ ਸਾਰੀਆਂ ਗੱਲਾਂ ਦੱਸੀਆਂ ਜਿਹੜੀਆਂ ਅੱਸ਼ੂਰ ਦੇ ਕਮਾਂਡਰ ਨੇ ਆਖੀਆਂ ਸਨ।
ਲੇਲਾ ਸੂਚੀ ਖੋਲ੍ਹਦਾ ਹੈ
6 ਫ਼ੇਰ ਮੈਂ ਲੇਲੇ ਨੂੰ ਸੱਤਾਂ ਵਿੱਚੋਂ ਪਹਿਲੀ ਮੋਹਰ ਖੋਲ੍ਹਦਿਆਂ ਦੇਖਿਆ। ਮੈਂ ਚਾਰਾਂ ਸਜੀਵ ਚੀਜ਼ਾਂ ਵਿੱਚੋਂ ਕਿਸੇ ਨੂੰ ਤੂਫ਼ਾਨੀ ਗਰਜ ਵਰਗੀ ਅਵਾਜ਼ ਵਿੱਚ ਬੋਲਦਿਆਂ ਸੁਣਿਆ। ਇਸਨੇ ਆਖਿਆ, “ਆਓ।” 2 ਮੈਂ ਤੱਕਿਆ, ਅਤੇ ਉੱਥੇ ਮੇਰੇ ਅੱਗੇ ਇੱਕ ਚਿੱਟਾ ਘੋੜਾ ਸੀ। ਘੁੜਸਵਾਰ ਦੇ ਹੱਥ ਵਿੱਚ ਇੱਕ ਧਨੁਸ਼ ਫ਼ੜਿਆ ਹੋਇਆ ਸੀ। ਅਤੇ ਉਸ ਨੂੰ ਇੱਕ ਤਾਜ ਦਿੱਤਾ ਹੋਇਆ ਸੀ। ਉਹ ਵੱਧ ਜਿੱਤਾਂ ਪ੍ਰਾਪਤ ਕਰਨ ਲਈ ਇੱਕ ਜੇਤੂ ਦੀ ਤਰ੍ਹਾਂ ਬਾਹਰ ਗਿਆ।
3 ਲੇਲੇ ਨੇ ਦੂਸਰੀ ਮੋਹਰ ਖੋਲ੍ਹੀ। ਫ਼ੇਰ ਮੈਂ ਦੂਸਰੀ ਸਜੀਵ ਚੀਜ਼ ਨੂੰ ਇਹ ਆਖਦਿਆਂ ਸੁਣਿਆ, “ਆਓ।” 4 ਫ਼ੇਰ ਇੱਕ ਹੋਰ ਘੋੜਾ ਬਾਹਰ ਆਇਆ। ਇਹ ਲਾਲ ਘੋੜਾ ਸੀ। ਘੋੜਸਵਾਰ ਨੂੰ ਧਰਤੀ ਤੋਂ ਸ਼ਾਂਤੀ ਹਟਾਉਣ ਅਤੇ ਲੋਕਾਂ ਨੂੰ ਇੱਕ ਦੂਜੇ ਤੋਂ ਮਰਾਉਣ ਦੀ ਸ਼ਕਤੀ ਦਿੱਤੀ ਗਈ ਸੀ। ਇਸ ਘੋੜਸਵਾਰ ਨੂੰ ਇੱਕ ਵੱਡੀ ਤਲਵਾਰ ਦਿੱਤੀ ਗਈ ਸੀ।
5 ਲੇਲੇ ਨੇ ਤੀਜੀ ਮੋਹਰ ਖੋਲ੍ਹੀ। ਫ਼ੇਰ ਮੈਂ ਤੀਸਰੀ ਸਜੀਵ ਚੀਜ਼ ਨੂੰ ਇਹ ਆਖਦਿਆਂ ਸੁਣਿਆ, “ਆਓ।” ਮੈਂ ਤੱਕਿਆ ਅਤੇ ਉੱਥੇ ਮੇਰੇ ਅੱਗੇ ਇੱਕ ਕਾਲਾ ਘੋੜਾ ਸੀ। ਘੋੜਸਵਾਰ ਨੇ ਆਪਣੇ ਹੱਥ ਵਿੱਚ ਇੱਕ ਤੱਕੜੀ ਫ਼ੜੀ ਹੋਈ ਸੀ। 6 ਫ਼ੇਰ ਮੈਂ ਇੱਕ ਅਵਾਜ਼ ਵਰਗੀ ਚੀਜ਼ ਸੁਣੀ। ਇਹ ਅਵਾਜ਼ ਓੱਥੋਂ ਆ ਰਹੀ ਸੀ ਜਿੱਥੇ ਚਾਰ ਸਜੀਵ ਚੀਜ਼ਾਂ ਸਨ। ਅਵਾਜ਼ ਨੇ ਆਖਿਆ, “ਇੱਕ ਦਿਨ ਦੀ ਤਨਖਾਹ ਵਜੋਂ ਇੱਕ ਚੌਥਾਈ ਕਣਕ ਦਾ ਮਾਪ। ਅਤੇ ਇੱਕ ਦਿਨ ਦੀ ਤਨਖਾਹ ਵਜੋਂ ਤਿੰਨ ਚੌਥਾਈ ਜੌਆਂ ਦਾ ਮਾਪ। ਪਰ ਤੇਲ ਅਤੇ ਮੈਨੂੰ ਬਰਬਾਦ ਨਾ ਕਰੋ।”
7 ਲੇਲੇ ਨੇ ਚੌਥੀ ਮੋਹਰ ਖੋਲ੍ਹੀ। ਫ਼ੇਰ ਮੈਂ ਚੌਥੀ ਸਜੀਵ ਚੀਜ਼ ਦੀ ਅਵਾਜ਼ ਨੂੰ ਇਹ ਆਖਦਿਆਂ ਸੁਣਿਆ, “ਆਓ।” 8 ਮੈਂ ਦੇਖਿਆ, ਅਤੇ ਉੱਥੇ ਮੇਰੇ ਸਾਹਮਣੇ ਇੱਕ ਫ਼ਿੱਕੇ ਰੰਗ ਦਾ ਘੋੜਾ ਸੀ। ਘੋੜਸਵਾਰ ਮੌਤ ਸੀ। ਉਸ ਦੇ ਪਿੱਛੇ, ਪਾਤਾਲ ਆ ਰਿਹਾ ਸੀ। ਉਨ੍ਹਾਂ ਨੂੰ ਧਰਤੀ ਦੇ ਇੱਕ ਚੌਥਾਈ ਹਿੱਸੇ ਉੱਪਰ ਅਧਿਕਾਰ ਦਿੱਤਾ ਗਿਆ ਸੀ। ਉਨ੍ਹਾਂ ਨੂੰ ਤਲਵਾਰ ਦੁਆਰਾ, ਅਕਾਲ ਦੁਆਰਾ, ਖਤਰਨਾਕ ਬਿਮਾਰੀਆਂ ਦੁਆਰਾ ਅਤੇ ਧਰਤੀ ਦੇ ਜੰਗਲੀ ਜਾਨਵਰਾਂ ਦੁਆਰਾ ਮਾਰਨ ਦੀ ਸ਼ਕਤੀ ਦਿੱਤੀ ਗਈ ਸੀ।
9 ਲੇਲੇ ਨੇ ਪੰਜਵੀਂ ਮੋਹਰ ਖੋਲ੍ਹੀ। ਫ਼ੇਰ ਮੈਂ ਕੁਝ ਰੂਹਾਂ ਨੂੰ ਜਗਵੇਦੀ ਹੇਠਾਂ ਵੇਖਿਆ। ਇਹ ਉਨ੍ਹਾਂ ਲੋਕਾਂ ਦੀਆਂ ਰੂਹਾਂ ਸਨ ਜੋ ਕਿ ਇਸ ਲਈ ਮਾਰੇ ਗਏ ਸਨ ਕਿਉਂਕਿ ਉਹ ਪਰਮੇਸ਼ੁਰ ਦੇ ਸੰਦੇਸ਼ ਲਈ ਵਫ਼ਾਦਾਰ ਸਨ ਅਤੇ ਆਪਣੀ ਨਿਹਚਾ ਬਾਰੇ ਬੋਲੇ ਸਨ। 10 ਇਹ ਰੂਹਾਂ ਉੱਚੀ ਅਵਾਜ਼ ਵਿੱਚ ਚੀਕੀਆਂ, “ਪਵਿੱਤਰ ਅਤੇ ਸੱਚੇ ਪ੍ਰਭੂ, ਤੇਰੇ ਲਈ ਧਰਤੀ ਦੇ ਲੋਕਾਂ ਦਾ ਨਿਆਂ ਕਰਨਾ ਹੋਵੇ ਤਾਂ ਕਿੰਨਾ ਚਿਰ ਲੱਗੇਗਾ ਤੇਰੇ ਲਈ ਉਨ੍ਹਾਂ ਲੋਕਾਂ ਨੂੰ ਸਾਨੂੰ ਮਾਰਨ ਲਈ ਸਜ਼ਾ ਦੇਣ ਲਈ ਹੋਰ ਕਿੰਨਾ ਸਮਾਂ ਲੱਗੇਗਾ?” 11 ਫ਼ੇਰ ਉਨ੍ਹਾਂ ਵਿੱਚੋਂ ਹਰ ਰੂਹ ਨੂੰ ਇੱਕ ਚਿੱਟਾ ਚੋਲਾ ਦਿੱਤਾ ਗਿਆ ਸੀ। ਉਨ੍ਹਾਂ ਨੂੰ ਕੁਝ ਸਮਾਂ ਉਡੀਕਣ ਲਈ ਕਿਹਾ ਗਿਆ ਸੀ, ਜਿੰਨਾ ਚਿਰ ਉਨ੍ਹਾਂ ਦੇ ਕੁਝ ਹੋਰ ਭਰਾ ਜਿਹੜੇ ਮਸੀਹ ਦੀ ਸੇਵਾ ਕਰ ਰਹੇ ਹਨ, ਉਨ੍ਹਾਂ ਵਾਂਗ ਹੀ ਨਾ ਮਾਰੇ ਜਾਣ। ਉਨ੍ਹਾਂ ਨੂੰ ਓਨਾ ਚਿਰ ਇੰਤਜ਼ਾਰ ਕਰਨ ਲਈ ਕਿਹਾ ਗਿਆ ਜਿੰਨਾ ਚਿਰ ਮਾਰੇ ਜਾਣ ਵਾਲੇ ਲੋਕਾਂ ਦੀ ਗਿਣਤੀ ਸੰਪੂਰਣ ਨਾ ਹੋ ਜਾਵੇ।
12 ਫ਼ੇਰ ਮੈਂ ਦੇਖ ਰਿਹਾ ਸੀ ਜਦੋਂ ਲੇਲੇ ਨੇ ਛੇਵੀਂ ਮੋਹਰ ਖੋਲ੍ਹੀ। ਉੱਥੇ ਬਹੁਤ ਵੱਡਾ ਭੁਚਾਲ ਆ ਗਿਆ। ਸੂਰਜ ਬੱਕਰੀ ਦੇ ਵਾਲਾਂ ਦੇ ਬਣੇ ਬੋਰੇ ਵਰਗਾ ਕਾਲਾ ਹੋ ਗਿਆ। ਪੂਰਾ ਚੰਨ ਲਹੂ ਵਾਂਗ ਲਾਲ ਹੋ ਗਿਆ। 13 ਅਕਾਸ਼ ਦੇ ਤਾਰੇ ਧਰਤੀ ਉੱਤੇ ਇੰਝ ਡਿੱਗ ਪਏ ਜਿਵੇਂ ਕਿ ਹੰਜ਼ੀਰ ਦਾ ਬੂਟਾ ਜਦੋਂ ਹਵਾ ਵੱਗਦੀ ਹੈ ਤਾਂ ਆਪਣੇ ਕੱਚੇ ਫ਼ਲ ਸੁੱਟ ਦਿੰਦਾ ਹੈ। 14 ਅਕਾਸ਼ ਲਪੇਟੇ ਕਾਗਜ਼ ਵਾਂਗੂ ਅਲੋਪ ਹੋ ਗਿਆ। ਸਾਰੇ ਪਹਾੜ ਅਤੇ ਜਜੀਰੇ ਆਪਣੀਆਂ ਜਗ਼੍ਹਾਵਾਂ ਤੋਂ ਹਿੱਲ ਗਏ ਸਨ।
15 ਫ਼ੇਰ ਸਾਰੇ ਲੋਕਾਂ ਨੇ ਆਪਣੇ ਆਪ ਨੂੰ ਗੁਫ਼ਾਵਾਂ ਅਤੇ ਪਹਾੜਾਂ ਦੀਆਂ ਉਤਲੀਆਂ ਚੱਟਾਨਾਂ ਪਿੱਛੇ ਲਕੋ ਲਿਆ। ਉੱਥੇ ਰਾਜੇ, ਰਾਜਪਾਲ, ਜਰਨੈਲ, ਅਮੀਰ ਅਤੇ ਸ਼ਕਤੀਸ਼ਾਲੀ ਲੋਕ ਸਨ। ਹਰ ਵਿਅਕਤੀ ਨੇ, ਭਾਵੇਂ ਉਹ ਗੁਲਾਮ ਸੀ ਜਾਂ ਅਜ਼ਾਦ ਖੁਦ ਨੂੰ ਲਕੋ ਲਿਆ। 16 ਲੋਕਾਂ ਨੇ ਪਹਾੜਾਂ ਅਤੇ ਚੱਟਾਨਾਂ ਨੂੰ ਆਖਿਆ, “ਸਾਡੇ ਉੱਪਰ ਡਿੱਗ ਪਵੋ। ਸਾਨੂੰ ਉਸਤੋਂ ਲਕੋ ਲਵੋ ਜਿਹੜਾ ਤਖਤ ਤੇ ਬੈਠਦਾ ਹੈ ਅਤੇ ਲੇਲੇ ਦੇ ਗੁੱਸੇ ਤੋਂ ਲਕੋ ਲਵੋ। 17 ਉਨ੍ਹਾਂ ਦੇ ਗੁੱਸੇ ਦਾ ਮਹਾਨ ਦਿਨ ਆ ਚੁੱਕਿਆ ਹੈ। ਕੌਣ ਇਸਦਾ ਸਾਹਮਣਾ ਕਰ ਸੱਕਦਾ ਹੈ?”
2010 by World Bible Translation Center