Print Page Options
Previous Prev Day Next DayNext

M’Cheyne Bible Reading Plan

The classic M'Cheyne plan--read the Old Testament, New Testament, and Psalms or Gospels every day.
Duration: 365 days
Punjabi Bible: Easy-to-Read Version (ERV-PA)
Version
ਬਿਵਸਥਾ ਸਾਰ 23

ਉਹ ਲੋਕ ਜਿਹੜੇ ਉਪਾਸਨਾ ਵਿੱਚ ਜੁੜ ਸੱਕਦੇ ਹਨ

23 “ਉਹ ਬੰਦਾ ਜਿਸਦਾ ਅੰਡਕੋਸ਼ ਚਿਥਿਆ ਗਿਆ ਹੋਵੇ ਜਾਂ ਉਸਦਾ ਜਿਨਸੀ ਅੰਗ ਕਟ ਗਿਆ ਹੋਵੇ, ਯਹੋਵਾਹ ਦੀ ਸਭਾ ਵਿੱਚ ਸ਼ਾਮਿਲ ਨਹੀਂ ਹੋ ਸੱਕਦਾ। ਜੇਕਰ ਕੋਈ ਵਿਅਕਤੀ ਅਣਵਿਆਹੇ ਮਾਪਿਆਂ ਦਾ ਬੱਚਾ ਹੋਵੇ, ਉਹ ਵੀ ਯਹੋਵਾਹ ਦੇ ਸਮਾਜ ਦਾ ਹਿੱਸਾ ਨਹੀਂ ਹੋ ਸੱਕਦਾ। ਉਸਦੀ 10ਵੀਂ ਪੀੜੀ ਦੇ ਉੱਤਰਾਧਿਕਾਰੀ ਵੀ ਯਹੋਵਾਹ ਦੇ ਸਮਾਜ ਦਾ ਹਿੱਸਾ ਨਹੀਂ ਹੋ ਸੱਕਦੇ।

“ਕੋਈ ਵੀ ਅੰਮੋਨੀ ਜਾਂ ਮੋਆਬੀ ਯਹੋਵਾਹ ਦੀ ਸਭਾ ਵਿੱਚ ਸ਼ਾਮਿਲ ਨਹੀਂ ਹੋ ਸੱਕਦਾ। ਉਨ੍ਹਾਂ ਦੀ 10ਵੀ ਪੀੜੀ ਦੇ ਉੱਤਰਾਧਿਕਾਰੀ ਜਾਂ ਉਸਤੋਂ ਵੱਧੇਰੇ ਵੀ ਕਦੇ ਵੀ ਯਹੋਵਾਹ ਦੇ ਸਮਾਜ ਦਾ ਹਿੱਸਾ ਨਹੀਂ ਹੋ ਸੱਕਦੇ। ਕਿਉਂਕਿ ਅੰਮੋਨੀਆਂ ਅਤੇ ਮੋਆਬੀਆਂ ਨੇ ਤੁਹਾਡੀ ਉਸ ਯਾਤਰਾ ਵੇਲੇ ਜਦੋਂ ਤੁਸੀਂ ਮਿਸਰ ਤੋਂ ਆਏ ਸੀ ਤੁਹਾਨੂੰ ਰੋਟੀ ਪਾਣੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਨੇ ਬਿਲਆਮ ਨੂੰ ਪੈਸੇ ਦੇਕੇ ਤੁਹਾਨੂੰ ਸਰਾਪ ਦੇਣ ਦੀ ਕੋਸ਼ਿਸ਼ ਕੀਤੀ ਸੀ। (ਬਿਲਆਮ ਮਸੋਪੋਤਾਮੀਆਂ ਦੇ ਫ਼ਤੋਂਰ ਸ਼ਹਿਰ ਤੋਂ ਬਓਰ ਦਾ ਪੁੱਤਰ ਸੀ।) ਪਰ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਬਿਲਆਮ ਦੀ ਗੱਲ ਨਹੀਂ ਸੁਣੀ ਅਤੇ ਉਸ ਨੇ ਉਸ ਸਰਾਪ ਨੂੰ ਤੁਹਾਡੇ ਵਾਸਤੇ ਅਸੀਸ ਵਿੱਚ ਬਦਲ ਦਿੱਤਾ। ਕਿਉਂਕਿ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਪਿਆਰ ਕਰਦਾ ਹੈ। ਤੁਹਾਨੂੰ ਚਾਹੀਦਾ ਹੈ ਕਿ ਕਦੇ ਵੀ ਅੰਮੋਨੀ ਅਤੇ ਮੋਆਬੀ ਲੋਕਾਂ ਨਾਲ ਸ਼ਾਂਤੀ ਸਥਾਪਿਤ ਕਰਨ ਦੀ ਕੋਸ਼ਿਸ਼ ਨਾ ਕਰੋ। ਜਦੋਂ ਤੱਕ ਤੁਸੀਂ ਜਿਉਂਦੇ ਹੋ ਉਨ੍ਹਾਂ ਨਾਲ ਦੋਸਤੀ ਨਾ ਕਰੋ।

ਉਹ ਜਿਨ੍ਹਾਂ ਨੂੰ ਇਸਰਾਏਲੀ ਜ਼ਰੂਰ ਪ੍ਰਵਾਨ ਕਰਨ

“ਤੁਹਾਨੂੰ ਕਿਸੇ ਅਦੋਮੀ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ, ਕਿਉਂ ਕਿ ਉਹ ਤੁਹਾਡਾ ਰਿਸ਼ਤੇਦਾਰ ਹੈ। ਤੁਹਾਨੂੰ ਕਿਸੇ ਮਿਸਰੀ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ, ਕਿਉਂਕਿ ਤੁਸੀਂ ਉਸਦੀ ਧਰਤੀ ਉੱਤੇ ਅਜਨਬੀ ਸੀ। ਅਦੋਮੀਆਂ ਅਤੇ ਮਿਸਰੀਆਂ ਦੀ ਤੀਸਰੀ ਪੀੜੀ ਦੇ ਬੱਚੇ ਯਹੋਵਾਹ ਦੀ ਸਭਾ ਵਿੱਚ ਸ਼ਾਮਿਲ ਹੋ ਸੱਕਦੇ ਹਨ।

ਫ਼ੌਜੀ ਡੇਰੇ ਨੂੰ ਸਾਫ਼ ਰੱਖਣਾ

“ਜਦੋਂ ਤੁਹਾਡੀ ਫ਼ੌਜ ਤੁਹਾਡੇ ਦੁਸ਼ਮਣਾ ਨਾਲ ਲੜਨ ਜਾਵੇ ਤਾਂ ਹਰ ਉਸ ਚੀਜ਼ ਤੋਂ ਦੂਰ ਰਹਿਣਾ ਚਾਹੀਦਾ ਹੈ ਜਿਹੜੀ ਤੁਹਾਨੂੰ ਅਪਵਿੱਤਰ ਕਰਦੀ ਹੋਵੇ। 10 ਜੇ ਉੱਥੇ ਕੋਈ ਅਜਿਹਾ ਆਦਮੀ ਹੈ ਜਿਹੜਾ ਰਾਤ ਵੇਲੇ ਆਪਣੀ ਨੀਂਦ ਵਿੱਚ ਸੁਪਨਦੋਸ਼ ਕਾਰਣ ਪਲੀਤ ਹੋ ਗਿਆ ਹੋਵੇ, ਉਸ ਨੂੰ ਡੇਰੇ ਤੋਂ ਬਾਹਰ ਜਾਕੇ, ਸ਼ਾਮ ਤੀਕ ਉੱਥੇ ਰਹਿਣਾ ਚਾਹੀਦਾ ਹੈ। 11 ਤਾਂ, ਸ਼ਾਮ ਹੋਣ ਤੇ, ਉਸ ਬੰਦੇ ਨੂੰ ਪਾਣੀ ਨਾਲ ਇਸ਼ਨਾਨ ਕਰਨਾ ਚਾਹੀਦਾ ਹੈ। ਅਤੇ ਜਦੋਂ ਸੂਰਜ ਛੁਪ ਜਾਵੇ, ਉਹ ਡੇਰੇ ਵਿੱਚ ਵਾਪਸ ਆ ਸੱਕਦਾ ਹੈ।

12 “ਤੁਹਾਡੇ ਡੇਰੇ ਦੇ ਬਾਹਰ ਅਜਿਹੀ ਥਾਂ ਜ਼ਰੂਰ ਹੋਣੀ ਚਾਹੀਦੀ ਹੈ ਜਿੱਥੇ ਤੁਸੀਂ ਹਾਜ਼ਤ ਰਫ਼ਾ ਕਰ ਸੱਕੋ। 13 ਆਪਣੇ ਹਥਿਆਰਾਂ ਨਾਲ ਧਰਤੀ ਖੋਦਣ ਲਈ ਇੱਕ ਡੰਡਾ ਵੀ ਰੱਖੋ। ਫ਼ੇਰ ਹਾਜ਼ਤ ਰਫ਼ਾ ਕਰਨ ਤੋਂ ਬਾਦ ਤੁਸੀਂ ਉਸ ਨੂੰ ਢੱਕਣ ਲਈ ਟੋਆ ਪੁੱਟੋ। 14 ਕਿਉਂਕਿ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਡੇ ਦੁਸ਼ਮਣਾ ਨੂੰ ਹਰਾਉਣ ਵਿੱਚ ਸਹਾਇਤਾ ਕਰਨ ਲਈ ਤੁਹਾਡੇ ਨਾਲ ਤੁਹਾਡੇ ਡੇਰੇ ਵਿੱਚ ਹੈ। ਇਸ ਲਈ ਡੇਰੇ ਨੂੰ ਪਵਿੱਤਰ ਰਹਿਣਾ ਚਾਹੀਦਾ ਹੈ। ਫ਼ੇਰ ਯਹੋਵਾਹ ਨੂੰ ਕੋਈ ਘਿਰਣਿਤ ਸ਼ੈਅ ਨਜ਼ਰ ਨਹੀਂ ਆਵੇਗੀ ਅਤੇ ਉਹ ਤੁਹਾਨੂੰ ਛੱਡ ਕੇ ਨਹੀਂ ਜਾਵੇਗਾ।

ਹੋਰ ਕਾਨੂੰਨ

15 “ਜੇ ਕੋਈ ਗੁਲਾਮ ਆਪਣੇ ਮਾਲਕ ਕੋਲੋਂ ਭੱਜਕੇ ਤੁਹਾਡੇ ਕੋਲ ਆ ਜਾਂਦਾ ਹੈ, ਤੁਹਾਨੂੰ ਇਸ ਗੁਲਾਮ ਨੂੰ ਉਸ ਦੇ ਸੁਆਮੀ ਨੂੰ ਵਾਪਸ ਨਹੀਂ ਕਰਨਾ ਚਾਹੀਦਾ। 16 ਇਹ ਗੁਲਾਮ ਤੁਹਾਡੇ ਨਾਲ ਜਿੱਥੇ ਚਾਹੇ ਰਹਿ ਸੱਕਦਾ ਹੈ। ਉਹ ਆਪਣੇ ਚੁਣੇ ਹੋਏ ਕਿਸੇ ਵੀ ਸ਼ਹਿਰ ਵਿੱਚ ਰਹਿ ਸੱਕਦਾ ਹੈ। ਤੁਹਾਨੂੰ ਉਸ ਨੂੰ ਕਸ਼ਟ ਨਹੀਂ ਦੇਣਾ ਚਾਹੀਦਾ।

17 “ਇਸਰਾਏਲੀ ਮਰਦ ਜਾਂ ਔਰਤ ਨੂੰ ਕਦੇ ਵੀ ਮੰਦਰ ਦੀ ਵੇਸਵਾ ਨਹੀਂ ਬਨਣਾ ਚਾਹੀਦਾ। 18 ਮਰਦ ਜਾਂ ਔਰਤ ਵੇਸਵਾ ਦੇ ਕਮਾਏ ਹੋਏ ਧੰਨ ਨੂੰ ਯਹੋਵਾਹ, ਤੁਹਾਡੇ ਪਰਮੇਸ਼ੁਰ ਦੇ ਖਾਸ ਸਥਾਨ ਉੱਤੇ ਨਹੀਂ ਲਿਆਉਣਾ ਚਾਹੀਦਾ। ਕੋਈ ਬੰਦਾ ਉਸ ਧੰਨ ਨੂੰ ਉਨ੍ਹਾਂ ਚੀਜ਼ਾਂ ਲਈ ਨਹੀਂ ਵਰਤ ਸੱਕਦਾ ਜਿਹੜੀਆਂ ਉਸ ਨੇ ਯਹੋਵਾਹ ਨੂੰ ਦੇਣ ਦਾ ਇਕਰਾਰ ਕੀਤਾ ਸੀ। ਕਿਉਂਕਿ ਯਹੋਵਾਹ, ਤੁਹਾਡਾ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਨਫ਼ਰਤ ਕਰਦਾ ਹੈ ਜਿਹੜੇ ਜਿਨਸੀ ਪਾਪ ਲਈ ਆਪਣੇ ਜਿਸਮਾ ਦਾ ਵਪਾਰ ਕਰਦੇ ਹਨ।

19 “ਜਦੋਂ ਤੁਸੀਂ ਕਿਸੇ ਦੂਸਰੇ ਇਸਰਾਏਲੀ ਨੂੰ ਕੋਈ ਚੀਜ਼ ਉਧਾਰ ਦੇਵੋ ਤਾਂ ਤੁਹਾਨੂੰ ਉਸ ਉੱਤੇ ਸੂਦ ਨਹੀਂ ਲੈਣਾ ਚਾਹੀਦਾ। ਪੈਸੇ ਉੱਤੇ ਭੋਜਨ ਉੱਤੇ ਜਾਂ ਕਿਸੇ ਵੀ ਅਜਿਹੀ ਚੀਜ਼ ਉੱਤੇ ਸੂਦ ਨਹੀਂ ਲੈਣਾ ਜਿਸ ਉੱਤੇ ਸੂਦ ਲਿਆ ਜਾ ਸੱਕਦਾ ਹੋਵੇ, 20 ਤੁਸੀਂ ਕਿਸੇ ਵਿਦੇਸ਼ੀ ਪਾਸੋਂ ਸੂਦ ਲੈ ਸੱਕਦੇ ਹੋ। ਪਰ ਕਿਸੇ ਦੂਸਰੇ ਇਸਰਾਏਲੀ ਕੋਲੋਂ ਸੂਦ ਵਸੂਲ ਨਹੀਂ ਕਰਨਾ। ਜੇ ਤੁਸੀਂ ਇਨ੍ਹਾਂ ਬਿਧੀਆਂ ਦਾ ਪਾਲਨ ਕਰੋਂਗੇ ਤਾਂ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਉਸ ਧਰਤੀ ਵਿੱਚ ਜਿੱਥੇ ਤੁਸੀਂ ਰਹਿਣ ਲਈ ਜਾ ਰਹੇ ਹੋ, ਹਰ ਤਰ੍ਹਾਂ ਨਾਲ ਬਰਕਤ ਦੇਵੇਗਾ।

21 “ਜਦੋਂ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਨਾਲ ਕੋਈ ਇਕਰਾਰ ਕਰੋ ਤਾਂ ਕਦੇ ਵੀ ਇਕਰਾਰ ਕੀਤੀ ਹੋਈ ਚੀਜ਼ ਦੇਣ ਵਿੱਚ ਢਿੱਲ ਨਾ ਲਾਉ। ਕਿਉਂਕਿ ਯਹੋਵਾਹ, ਤੁਹਾਡਾ ਪਰਮੇਸ਼ੁਰ, ਮੰਗ ਕਰੇਗਾ ਕਿ ਤੁਸੀਂ ਉਸ ਨੂੰ ਅਦਾ ਕਰੋ। ਜੇ ਤੁਸੀਂ ਉਹ ਚੀਜ਼ਾਂ ਨਹੀਂ ਦੇਵੋਂਗੇ ਜਿਨ੍ਹਾਂ ਦਾ ਇਕਰਾਰ ਕੀਤਾ ਸੀ ਤਾਂ ਤੁਸੀਂ ਪਾਪ ਕਰ ਰਹੇ ਹੋਵੋਂਗੇ। 22 ਜੇ ਤੁਸੀਂ ਕੋਈ ਇਕਰਾਰ ਨਹੀਂ ਕੀਤਾ ਤਾਂ ਤੁਸੀਂ ਪਾਪ ਨਹੀਂ ਕਰ ਰਹੇ। 23 ਪਰ ਤੁਹਾਨੂੰ ਉਹ ਜ਼ਰੂਰ ਕਰਨਾ ਚਾਹੀਦਾ ਜੋ ਤੁਸੀਂ ਆਖਿਆ ਸੀ ਕਿ ਕਰੋਂਗੇ। ਜੇ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ ਨਾਲ ਕੋਈ ਖਾਸ ਕਸਮ ਖਾਧੀ ਹੈ, ਇਹ ਤੁਸੀਂ ਹੀ ਸੀ ਜਿਨ੍ਹਾਂ ਨੇ ਖੁਦ ਆਪਣੀ ਇੱਛਾ ਕਸਮ ਖਾਧੀ ਸੀ। ਪਰਮੇਸ਼ੁਰ ਨੇ ਤੁਹਾਨੂੰ ਉਹ ਕਸਮ ਖਾਣ ਲਈ ਮਜ਼ਬੂਰ ਨਹੀਂ ਕੀਤਾ ਸੀ, ਇਸ ਲਈ ਤੁਹਾਨੂੰ ਇਸ ਨੂੰ ਪੂਰਾ ਕਰਨਾ ਚਾਹੀਦਾ ਹੈ।

24 “ਜਦੋਂ ਤੁਸੀਂ ਕਿਸੇ ਹੋਰ ਬੰਦੇ ਦੇ ਅੰਗੂਰਾਂ ਦੇ ਖੇਤ ਵਿੱਚੋਂ ਲੰਘੋ ਤਾਂ ਤੁਸੀਂ ਜਿੰਨੇ ਚਾਹੋ ਅੰਗੂਰ ਖਾ ਸੱਕਦੇ ਹੋ। ਪਰ ਤੁਸੀਂ ਕੋਈ ਵੀ ਅੰਗੂਰ ਆਪਣੀ ਟੋਕਰੀ ਵਿੱਚ ਪਾਕੇ ਨਹੀਂ ਲਿਜਾ ਸੱਕਦੇ। 25 ਜੇਕਰ ਤੁਸੀਂ ਕਿਸੇ ਹੋਰ ਵਿਅਕਤੀ ਦੇ ਖੇਤ ਵਿੱਚੋਂ ਲੰਘੇ ਹੋ, ਤੁਸੀਂ ਆਪਣੇ ਹੱਥਾਂ ਨਾਲ ਅਨਾਜ ਦੀਆਂ ਬੱਲੀਆਂ ਤੋੜਕੇ ਜਿੰਨੀਆਂ ਚਾਹੋ ਖਾ ਸੱਕਦੇ ਹੋ, ਪਰ ਤੁਸੀਂ ਉਸਦਾ ਅਨਾਜ ਵੱਢਣ ਲਈ ਦਾਤਰੀ ਇਸਤੇਮਾਲ ਨਹੀਂ ਕਰ ਸੱਕਦੇ।

ਜ਼ਬੂਰ 112-113

112 ਯਹੋਵਾਹ ਦੀ ਉਸਤਤਿ ਕਰੋ!
    ਉਹ ਬੰਦਾ ਜਿਹੜਾ ਡਰਦਾ ਅਤੇ ਯਹੋਵਾਹ ਦਾ ਆਦਰ ਕਰਦਾ ਹੈ ਬਹੁਤ ਪ੍ਰਸੰਨ ਹੋਵੇਗਾ।
    ਉਹ ਬੰਦਾ ਪਰਮੇਸ਼ੁਰ ਦੇ ਆਦੇਸ਼ਾਂ ਨੂੰ ਪਿਆਰ ਕਰਦਾ ਹੈ।
ਉਸਦੀ ਔਲਾਦ ਧਰਤੀ ਅਤੇ ਮਹਾਨ ਹੋਵੇਗੀ।
    ਚੰਗੇ ਲੋਕਾਂ ਦੀ ਔਲਾਦ ਸੱਚਮੁੱਚ ਸੁਭਾਗੀ ਹੋਵੇਗੀ।
ਉਸ ਬੰਦੇ ਦਾ ਪਰਿਵਾਰ ਬਹੁਤ ਅਮੀਰ ਹੋਵੇਗਾ
    ਅਤੇ ਉਸਦੀ ਚੰਗਿਆਈ ਸਦਾ ਰਹੇਗੀ।
ਚੰਗੇ ਲੋਕਾਂ ਲਈ, ਪਰਮੇਸ਼ੁਰ ਹਨੇਰੇ ਵਿੱਚ ਚਮਕਦੀ ਹੋਈ ਰੌਸ਼ਨੀ ਵਾਂਗ ਹੈ।
    ਪਰਮੇਸ਼ੁਰ ਸ਼ੁਭ, ਮਿਹਰਬਾਨ ਅਤੇ ਦਿਆਲੂ ਹੈ।
ਕਿਸੇ ਬੰਦੇ ਲਈ ਮਿਹਰਬਾਨ ਅਤੇ ਫ਼ਰਾਖ ਹੋਣਾ ਚੰਗਾ ਹੈ।
    ਕਿਸੇ ਇੱਕ ਬੰਦੇ ਲਈ ਆਪਣੇ ਕੰਮ ਵਿੱਚ ਬੇਲਾਗ ਹੋਣਾ ਚੰਗਾ ਹੈ।
ਉਸ ਬੰਦੇ ਦਾ ਕਦੀ ਵੀ ਪਤਨ ਨਹੀਂ ਹੋਵੇਗਾ।
    ਇੱਕ ਚੰਗਾ ਵਿਅਕਤੀ ਹਮੇਸ਼ਾ ਲਈ ਯਾਦ ਕੀਤਾ ਜਾਵੇਗਾ।
ਉਹ ਮਾੜੇ ਸਮਾਚਾਰਾ ਤੋਂ ਯਾਦ ਨਹੀਂ ਰਹੇਗਾ।
    ਉਹ ਬੰਦਾ ਦ੍ਰਿੜ ਵਿਸ਼ਵਾਸੀ ਹੈ ਕਿਉਂਕਿ ਉਹ ਯਹੋਵਾਹ ਉੱਤੇ ਯਕੀਨ ਰੱਖਦਾ ਹੈ।
ਉਹ ਬੰਦਾ ਦ੍ਰਿੜ ਵਿਸ਼ਵਾਸੀ ਹੈ ਉਹ ਡਰੇਗਾ ਨਹੀਂ।
    ਉਹ ਆਪਣੇ ਦੁਸ਼ਮਣਾਂ ਨੂੰ ਹਰਾ ਦੇਵੇਗਾ।
ਉਹ ਬੰਦਾ ਖੁਲ੍ਹਦਿਲੀ ਨਾਲ ਗਰੀਬਾਂ ਨੂੰ ਦਾਨ ਕਰਦਾ ਹੈ।
    ਅਤੇ ਉਸਦੀ ਨੇਕੀ ਸਦਾ ਰਹੇਗੀ।
10 ਬਦਚਲਣ ਬੰਦੇ ਇਸ ਨੂੰ ਦੇਖਦੇ ਹਨ ਅਤੇ ਕ੍ਰੋਧਵਾਨ ਹੋ ਜਾਂਦੇ ਹਨ।
    ਉਹ ਗੁੱਸੇ ਨਾਲ ਆਪਣੇ ਦੰਦ ਕਰੀਚਣਗੇ, ਪਰ ਫ਼ੇਰ ਉਹ ਅਲੋਪ ਹੋ ਜਾਣਗੇ।
    ਬਦਚਲਣ ਲੋਕਾਂ ਨੂੰ ਕਦੀ ਵੀ ਉਹ ਨਹੀਂ ਮਿਲੇਗਾ ਜਿਸਦੀ ਇੱਛਾ ਉਹ ਬੁਰੀ ਤਰ੍ਹਾਂ ਕਰਦੇ ਹਨ।

113 ਯਹੋਵਾਹ ਦੀ ਉਸਤਤਿ ਕਰੋ!
ਯਹੋਵਾਹ ਦੇ ਸੇਵਕੋ, ਉਸਦੀ ਉਸਤਤਿ ਕਰੋ!
    ਯਹੋਵਾਹ ਦੇ ਨਾਮ ਦੀ ਉਸਤਤਿ ਕਰੋ।
ਯਹੋਵਾਹ ਦਾ ਨਾਮ ਹੁਣ ਅਤੇ ਸਦਾ ਲਈ ਸੁਭਾਗਾ ਹੋਵੇਗਾ।
ਯਹੋਵਾਹ ਦੇ ਨਾਮ ਦੀ ਉਸਤਤਿ ਪੂਰਬ ਵਿੱਚ ਉੱਗਦੇ ਸੂਰਜ ਵੱਲੋਂ
    ਪਰਮੇਸ਼ੁਰ ਦੇ ਨਾਮ ਨੂੰ ਉਸ ਥਾਂ ਤੱਕ ਅਸੀਸ ਮਿਲੇ ਜਿੱਥੇ ਸੂਰਜ ਜਾ ਛਿਪਦਾ ਹੈ।
ਯਹੋਵਾਹ ਸਭ ਕੌਮਾਂ ਨਾਲੋਂ ਉਚੇਰਾ ਹੈ।
    ਉਸਦੀ ਮਹਿਮਾ ਅਕਾਸ਼ ਵੱਲ ਉੱਠਦੀ ਹੈ।
ਕੋਈ ਬੰਦਾ ਯਹੋਵਾਹ ਸਾਡੇ ਪਰਮੇਸ਼ੁਰ ਵਰਗਾ ਨਹੀਂ ਹੈ,
    ਪਰਮੇਸ਼ੁਰ ਉੱਚੇ ਸਵਰਗ ਵਿੱਚ ਬੈਠਾ ਹੈ।
ਪਰਮੇਸ਼ੁਰ ਸਾਡੇ ਕੋਲੋਂ ਇੰਨਾ ਉੱਚਾ ਹੈ ਕਿ ਉਸ ਨੂੰ ਧਰਤੀ
    ਅਤੇ ਅਕਾਸ਼ ਵੇਖਣ ਲਈ ਹੇਠਾਂ ਦੇਖਣਾ ਪੈਂਦਾ ਹੈ।
ਪਰਮੇਸ਼ੁਰ ਮਸੱਕੀਨ ਲੋਕਾਂ ਨੂੰ ਖਾਕ ਵਿੱਚੋਂ ਚੁੱਕਦਾ ਹੈ।
    ਪਰਮੇਸ਼ੁਰ ਮੰਗਤਿਆਂ ਨੂੰ ਕੂੜੇ ਦੇ ਢੇਰ ਵਿੱਚੋਂ ਚੁੱਕਦਾ ਹੈ।
ਅਤੇ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਮਹੱਤਵਪੂਰਣ ਬਣਾ ਦਿੰਦਾ ਹੈ।
    ਪਰਮੇਸ਼ੁਰ ਉਨ੍ਹਾਂ ਨੂੰ ਮਹਤਵਪੂਰਣ ਆਗੂ ਬਣਾ ਦਿੰਦਾ ਹੈ।
ਭਾਵੇਂ ਕਿਸੇ ਔਰਤ ਦੇ ਔਲਾਦ ਨਾ ਹੋਵੇ।
ਪਰ ਪਰਮੇਸ਼ੁਰ ਉਸ ਨੂੰ ਬੱਚੇ ਦੇ ਦੇਵੇਗਾ।
    ਅਤੇ ਉਸ ਨੂੰ ਖੁਸ਼ੀ ਪ੍ਰਦਾਨ ਕਰੇਗਾ।

ਯਹੋਵਾਹ ਦੀ ਉਸਤਤਿ ਕਰੋ।

ਯਸਾਯਾਹ 50

ਇਸਰਾਏਲ ਨੂੰ ਉਸ ਦੇ ਗੁਨਾਹ ਕਾਰਣ ਸਜ਼ਾ ਮਿਲੀ

50 ਯਹੋਵਾਹ ਆਖਦਾ ਹੈ,
“ਇਸਰਾਏਲ ਦੇ ਲੋਕੋ, ਤੁਸੀਂ ਆਖਦੇ ਹੋ ਕਿ ਮੈਂ ਤੁਹਾਡੀ ਮਾਤਾ, ਯਰੂਸ਼ਲਮ ਨੂੰ ਤਲਾਕ ਦੇ ਦਿੱਤਾ ਹੈ।
    ਪਰ ਉਹ ਕਾਨੂੰਨੀ ਪਰਚਾ ਕਿੱਥੋ ਹੈ ਜਿਹੜਾ ਸਾਬਤ ਕਰਦਾ ਹੈ ਕਿ ਮੈਂ ਉਸ ਨੂੰ ਤਲਾਕ ਦੇ ਦਿੱਤਾ ਹੈ?
ਮੇਰੇ ਬਚਿਓ, ਕੀ ਮੈਂ ਕਿਸੇ ਦਾ ਕਰਜ਼ਾ ਦੇਣਾ ਸੀ?
    ਕੀ ਮੈਂ ਕਰਜ਼ਾ ਦੇਣ ਲਈ ਕੁਝ ਵੇਚ ਦਿੱਤਾ?
ਨਹੀਂ! ਤੁਸੀਂ ਇਸ ਲਈ ਵੇਚੇ ਗਏ ਸੀ ਕਿਉਂ ਕਿ ਤੁਸੀਂ ਮੰਦੇ ਕੰਮ ਕੀਤੇ ਸਨ।
    ਤੁਹਾਡੀ ਮਾਤਾ, ਯਰੂਸ਼ਲਮ ਨੂੰ ਤੁਹਾਡੇ ਮੰਦੇ ਕੰਮਾਂ ਕਾਰਣ ਦੂਰ ਭੇਜਿਆ ਗਿਆ ਸੀ, ਜਿਹੜੇ ਤੁਸੀਂ ਕੀਤੇ ਸਨ।
ਮੈਂ ਘਰ ਆਇਆ ਸਾਂ ਅਤੇ ਮੈਨੂੰ ਓੱਥੇ ਕੋਈ ਨਹੀਂ ਮਿਲਿਆ।
    ਮੈਂ ਬਾਰ-ਬਾਰ ਅਵਾਜ਼ਾਂ ਮਾਰੀਆਂ ਪਰ ਕਿਸੇ ਨੇ ਵੀ ਜਵਾਬ ਨਹੀਂ ਦਿੱਤਾ।
ਕੀ ਤੁਸੀਂ ਇਹ ਸੋਚਦੇ ਹੋ ਕਿ ਮੈਂ ਤੁਹਾਨੂੰ ਬਚਾਉਣ ਦੇ ਕਾਬਿਲ ਨਹੀਂ।
    ਮੇਰੇ ਕੋਲ ਤੁਹਾਨੂੰ, ਤੁਹਾਡੀਆਂ ਸਾਰੀਆਂ ਮੁਸੀਬਤਾਂ ਤੋਂ ਬਚਾਉਣ ਦੀ ਸ਼ਕਤੀ ਹੈ।
ਦੇਖੋ, ਜੇ ਮੈਂ ਸਮੁੰਦਰ ਨੂੰ ਸੁੱਕ ਜਾਣ ਦਾ ਹੁਕਮ ਦਿੰਦਾ ਹਾਂ, ਤਾਂ ਇਹ ਸੁੱਕ ਜਾਵੇਗਾ।
    ਮੱਛੀਆਂ ਬਿਨਾ ਪਾਣੀ ਦੇ ਮਰ ਜਾਣਗੀਆਂ ਤੇ ਉਨ੍ਹਾਂ ਦੇ ਸ਼ਰੀਰ ਸੜ ਜਾਣਗੇ।
ਮੈਂ ਅਕਾਸ਼ਾਂ ਨੂੰ ਕਾਲਾ ਬਣਾ ਸੱਕਦਾ ਹਾਂ।
    ਮੈਂ ਅਕਾਸ਼ਾਂ ਨੂੰ ਅੰਧਕਾਰ ਵਿੱਚ ਢੱਕ ਸੱਕਦਾ ਹਾਂ, ਸੋਗੀ ਬਸਤਰਾਂ ਜਿੰਨਾ ਕਾਲਾ।”

ਪਰਮੇਸ਼ੁਰ ਦਾ ਸੇਵਕ ਸੱਚਮੁੱਚ ਪਰਮੇਸ਼ੁਰ ਉੱਤੇ ਨਿਰਭਰ ਕਰਦਾ ਹੈ

ਮੇਰੇ ਪ੍ਰਭੂ, ਯਹੋਵਾਹ ਨੇ ਮੈਨੂੰ ਸਿੱਖਿਆ ਦ੍ਦੇਣ ਦੀ ਯੋਗਤਾ ਦਿੱਤੀ ਸੀ। ਇਸ ਲਈ ਮੈਂ ਇਨ੍ਹਾਂ ਉਦਾਸ ਲੋਕਾਂ ਨੂੰ ਸਿੱਖਿਆ ਦਿਂਦ੍ਦਾ ਹਾਂ। ਉਹ ਹਰ ਸਵੇਰ ਮੈਨੂੰ ਜਗਾਉਂਦਾ ਹੈ ਅਤੇ ਮੈਨੂੰ ਇੱਕ ਚੇਲੇ ਵਾਂਗ ਸਿੱਖਿਆ ਦਿਂਦ੍ਦਾ ਹੈ। ਮੇਰਾ ਪ੍ਰਭੂ, ਯਹੋਵਾਹ ਸਿੱਖਣ ਵਿੱਚ ਮੇਰੀ ਸਹਾਇਤਾ ਕਰਦਾ ਹੈ, ਅਤੇ ਮੈਂ ਉਸ ਦੇ ਵਿਰੁੱਧ ਨਹੀਂ ਹੋਇਆ ਹਾਂ। ਮੈਂ ਉਸ ਦੇ ਪਿੱਛੇ ਲੱਗਣ ਤੋਂ ਨਹੀਂ ਹਟਾਂਗਾ। ਮੈਂ ਉਨ੍ਹਾਂ ਲੋਕਾਂ ਦੀ ਮਾਰ ਝੱਲਾਂਗਾ। ਮੈਂ ਉਨ੍ਹਾਂ ਵੱਲੋਂ ਆਪਣੀ ਦਾੜੀ ਦੇ ਵਾਲਾਂ ਨੂੰ ਪੁਟ੍ਟਵਾ ਲਵਾਂਗਾ। ਜਦੋਂ ਉਹ ਮੈਨੂੰ ਬੁਰਾ ਭਲਾ ਆਖਣਗੇ ਅਤੇ ਮੇਰੇ ਮੂੰਹ ਉੱਤੇ ਬੁਕੱਣਗੇ ਤਾਂ ਵੀ ਮੈਂ ਆਪਣਾ ਮੂੰਹ ਨਹੀਂ ਛੁਪਾਵਾਂਗਾ। ਮੇਰਾ ਮਾਲਿਕ ਯਹੋਵਾਹ ਮੇਰੀ ਸਹਾਇਤਾ ਕਰੇਗਾ। ਇਸ ਲਈ ਜਿਹੜਾ ਉਹ ਮੈਨੂੰ ਮੰਦਾ ਬੋਲਣਗੇ, ਉਸਦਾ ਮੇਰੇ ਉੱਤੇ ਕੋਈ ਅਸਰ ਨਹੀਂ ਹੋਵੇਗਾ। ਮੈਂ ਮਜ਼ਬੂਤ ਬਣਾਂਗਾ। ਮੈਂ ਜਾਣਦਾ ਹਾਂ ਕਿ ਮੈਂ ਨਿਰਾਸ਼ ਨਹੀਂ ਹੋਵਾਂਗਾ।

ਯਹੋਵਾਹ ਮੇਰੇ ਨਾਲ ਹੈ। ਉਹ ਦਰਸਾਉਂਦਾ ਹੈ ਕਿ ਮੈਂ ਨਿਰਦੋਸ਼ ਹਾਂ। ਇਸ ਲਈ ਕੋਈ ਵੀ ਬੰਦਾ ਮੈਨੂੰ ਦੋਸ਼ੀ ਨਹੀਂ ਦਰਸਾ ਸੱਕੇਗਾ। ਜੇ ਕੋਈ ਮੈਨੂੰ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦਾ ਹੈ ਉਸ ਬੰਦੇ ਨੂੰ ਚਾਹੀਦਾ ਹੈ ਕਿ ਉਹ ਮੇਰੇ ਕੋਲ ਆਵੇ, ਅਤੇ ਅਸੀਂ ਮੁਕੱਦਮਾ ਲੜਾਂਗੇ। ਪਰ ਦੇਖੋ, ਮੇਰਾ ਪ੍ਰਭੂ ਯਹੋਵਾਹ ਮੇਰੀ ਸਹਾਇਤਾ ਕਰਦਾ ਹੈ। ਇਸ ਲਈ ਕੋਈ ਵੀ ਬੰਦਾ ਮੈਨੂੰ ਬੁਰਾ ਨਹੀਂ ਸਿੱਧ ਕਰ ਸੱਕਦਾ। ਉਹ ਸਾਰੇ ਲੋਕ ਪੁਰਾਣੇ ਅਤੇ ਬੇਕਾਰ ਕੱਪੜਿਆਂ ਵਾਂਗ ਹੋ ਜਾਣਗੇ। ਉਨ੍ਹਾਂ ਨੂੰ ਕੀੜੇ ਖਾ ਲੈਣਗੇ।

10 ਉਹ ਸਾਰੇ ਲੋਕ ਜਿਹੜੇ ਡਰਦੇ ਹਨ ਅਤੇ ਯਹੋਵਾਹ ਦਾ ਆਦਰ ਕਰਦੇ ਹਨ ਉਸ ਦੇ ਸੇਵਕ ਦੀ ਗੱਲ ਸੁਣੋ। ਉਸ ਦਾ ਸੇਵਕ ਪੂਰੀ ਤਰ੍ਹਾਂ ਉਸ ਵਿੱਚ ਭਰੋਸਾ ਕਰਕੇ ਜਿਉਂਦਾ ਹੈ ਇਹ ਜਾਣੇ ਬਗੈਰ ਕਿ ਅੱਗੋਂ ਕੀ ਵਾਪਰੇਗਾ। ਇਹ ਸੇਵਕ ਸੱਚਮੁੱਚ ਯਹੋਵਾਹ ਦੇ ਨਾਮ ਵਿੱਚ ਭਰੋਸਾ ਰੱਖਦਾ ਹੈ ਅਤੇ ਆਪਣੇ ਪਰਮੇਸ਼ੁਰ ਉੱਤੇ ਨਿਰਭਰ ਕਰਦਾ ਹੈ।

11 “ਦੇਖੋ, ਤੁਸੀਂ ਲੋਕ ਆਪਣੇ ਢੰਗ ਨਾਲ ਜਿਉਣਾ ਚਾਹੁੰਦੇ ਹੋ ਤੁਸੀਂ ਆਪਣੀਆਂ ਅੱਗਾਂ ਅਤੇ ਮਸ਼ਾਲਾਂ (ਰੌਸ਼ਨੀਆਂ) ਬਾਲਦੇ ਹੋ। ਇਸ ਲਈ ਆਪਣੇ ਢੰਗ ਨਾਲ ਜੀਵੋ। ਪਰ, ਤੁਹਾਨੂੰ ਸਜ਼ਾ ਮਿਲੇਗੀ! ਤੁਸੀਂ ਆਪਣੀਆਂ ਹੀ ਅੱਗਾਂ ਅਤੇ ਮਸ਼ਾਲਾਂ ਵਿੱਚ ਡਿੱਗ ਪਵੋਂਗੇ ਅਤੇ ਤੁਸੀਂ ਸੜ ਜਾਵੋਗੇ। ਮੈਂ ਅਜਿਹਾ ਵਾਪਰਨ ਦੇਵਾਂਗਾ।”

ਪਰਕਾਸ਼ ਦੀ ਪੋਥੀ 20

1000 ਵਰ੍ਹਾ

20 ਫ਼ਿਰ ਮੈਂ ਸਵਰਗ ਵੱਲੋਂ ਇੱਕ ਦੂਤ ਨੂੰ ਹੇਠਾਂ ਆਉਂਦਿਆਂ ਦੇਖਿਆ। ਦੂਤ ਕੋਲ ਥਲਹੀਨ ਖੱਡ ਦੀ ਚਾਬੀ ਸੀ। ਦੂਤ ਦੇ ਹੱਥ ਵਿੱਚ ਇੱਕ ਸੰਗਲੀ ਵੀ ਫ਼ੜੀ ਹੋਈ ਸੀ। ਦੂਤ ਨੇ ਅਜਗਰ, ਉਸ ਪੁਰਾਣੇ ਸੱਪ ਨੂੰ ਫ਼ੜ ਲਿਆ। ਅਜਗਰ ਉਹੀ ਸ਼ੈਤਾਨ ਹੈ ਜੋ ਕਿ ਸ਼ਤਾਨ ਜਾਣਿਆ ਜਾਂਦਾ ਹੈ। ਦੂਤ ਨੇ ਉਸ ਨੂੰ 1000 ਵਰ੍ਹੇ ਲਈ ਸੰਗਲਾਂ ਨਾਲ ਬੰਨ੍ਹ ਦਿੱਤਾ। ਦੂਤ ਨੇ ਅਜਗਰ ਨੂੰ ਤਲਹੀਣ ਖੱਡ ਵਿੱਚ ਸੁੱਟ ਦਿੱਤਾ ਅਤੇ ਉਸਦਾ ਮੂੰਹ ਬੰਦ ਕਰ ਦਿੱਤਾ। ਦੂਤ ਨੇ ਤਲਹੀਣ ਖੱਡ ਨੂੰ ਅਜਗਰ ਸਮੇਤ ਹੀ ਤਾਲਾ ਲਾ ਦਿੱਤਾ। ਉਸ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਅਜਗਰ ਅਗਲੇ 1000 ਸਾਲਾਂ ਤਾਈਂ ਧਰਤੀ ਦੇ ਲੋਕਾਂ ਨੂੰ ਗੁਮਰਾਹ ਨਾ ਕਰ ਸੱਕੇ। 1000 ਸਾਲ ਬਾਦ ਅਜਗਰ ਨੂੰ ਕੁਝ ਸਮੇਂ ਲਈ ਅਜ਼ਾਦ ਕਰਨਾ ਪੈਣਾ ਸੀ।

ਫ਼ੇਰ ਮੈਂ ਕੁਝ ਤਖਤ ਦੇਖੇ ਜਿਨ੍ਹਾਂ ਉੱਤੇ ਕੁਝ ਲੋਕ ਬੈਠੇ ਹੋਏ ਸਨ। ਇਹ ਉਹ ਲੋਕ ਸਨ ਜਿਨ੍ਹਾਂ ਨੂੰ ਨਿਆਂ ਕਰਨ ਦੀ ਸ਼ਕਤੀ ਪ੍ਰਦਾਨ ਕੀਤੀ ਗਈ ਸੀ। ਮੈਂ ਉਨ੍ਹਾਂ ਲੋਕਾਂ ਦੀਆਂ ਰੂਹਾਂ ਵੀ ਵੇਖੀਆਂ। ਜਿਨ੍ਹਾਂ ਨੇ ਆਪਣੇ ਸਿਰ ਝੁਕਾਏ ਸਨ ਕਿਉਂਕਿ ਉਨ੍ਹਾਂ ਨੇ ਮਸੀਹ ਦੇ ਸੱਚ ਵਿੱਚ ਵਿਸ਼ਵਾਸ ਕੀਤਾ ਅਤੇ ਪਰਮੇਸ਼ੁਰ ਦੇ ਸੰਦੇਸ਼ ਨੂੰ ਵਫ਼ਾਦਾਰ ਸਨ। ਉਨ੍ਹਾਂ ਨੇ ਜਾਨਵਰਾਂ ਅਤੇ ਉਸ ਦੀਆਂ ਮੂਰਤਾਂ ਦੀ ਪੂਜਾ ਨਹੀਂ ਕੀਤੀ। ਉਨ੍ਹਾਂ ਕੋਲ ਉਨ੍ਹਾਂ ਦੇ ਹੱਥਾਂ ਜਾਂ ਉਨ੍ਹਾਂ ਦੇ ਮੱਥਿਆਂ ਉੱਤੇ ਜਾਨਵਰ ਦਾ ਨਿਸ਼ਾਨ ਨਹੀਂ ਸੀ। ਇਹ ਲੋਕ ਫ਼ਿਰ ਤੋਂ ਜਿਉਂਦੇ ਹੋ ਗਏ ਅਤੇ ਉਨ੍ਹਾਂ ਇੱਕ ਹਜ਼ਾਰ ਸਾਲਾਂ ਤੱਕ ਮਸੀਹ ਨਾਲ ਸ਼ਾਸਨ ਕੀਤਾ। (ਦੂਸਰੇ ਮ੍ਰਿਤ ਵਿਅਕਤੀ ਓਨਾ ਚਿਰ ਨਹੀਂ ਜੀਵੇ ਜਿੰਨਾ ਚਿਰ ਤੱਕ 1000 ਵਰ੍ਹਾ ਖਤਮ ਨਹੀਂ ਹੋ ਗਿਆ।)

ਇਹ ਮਰਿਆਂ ਹੋਇਆ ਦਾ ਪਹਿਲਾ ਪੁਨਰ ਉੱਥਾਨ ਹੈ। ਧੰਨ ਹਨ ਉਹ ਜਿਨ੍ਹਾਂ ਦਾ ਇਸ ਪਹਿਲੇ ਪੁਨਰ ਉਥਾਨ ਵਿੱਚ ਹਿੱਸਾ ਹੈ। ਦੂਸਰੀ ਮੌਤ ਦਾ ਇਨ੍ਹਾਂ ਲੋਕਾਂ ਉੱਪਰ ਕੋਈ ਅਧਿਕਾਰ ਨਹੀਂ ਹੈ। ਉਹ ਲੋਕ ਪਰਮੇਸ਼ੁਰ ਅਤੇ ਮਸੀਹ ਲਈ ਵੀ ਜਾਜਕ ਹੋਣਗੇ। ਉਹ ਉਸ ਦੇ ਸੰਗ ਇੱਕ ਹਜ਼ਾਰ ਸਾਲ ਤੱਕ ਹਕੂਮਤ ਕਰਨਗੇ।

ਸ਼ੈਤਾਨ ਦੀ ਰਾਹ

1000 ਸਾਲਾਂ ਦੇ ਅੰਤ ਤੋਂ ਬਾਅਦ, ਸ਼ੈਤਾਨ ਨੂੰ ਉਸਦੀ ਕੈਦ ਵਿੱਚੋਂ ਮੁਕਤ ਕੀਤਾ ਜਾਵੇਗਾ। ਸ਼ੈਤਾਨ ਸਾਰੀ ਦੁਨੀਆਂ ਦੀਆਂ ਕੌਮਾਂ ਨੂੰ ਗੁਮਰਾਹ ਕਰਨ ਲਈ ਬਾਹਰ ਆਵੇਗਾ, ਗੋਗ ਅਤੇ ਮਗੋਗ। ਸ਼ੈਤਾਨ ਉਨ੍ਹਾਂ ਨੂੰ ਜੰਗ ਲਈ ਇੱਕਸਾਥ ਇੱਕਤ੍ਰ ਕਰੇਗਾ। ਉੱਥੇ ਇੰਨੇ ਲੋਕ ਹੋਣਗੇ ਕਿ ਉਹ ਸਮੁੰਦਰ ਕੰਢੇ ਦੀ ਰੇਤ ਵਾਂਗ ਜਾਪਣਗੇ।

ਸ਼ੈਤਾਨ ਦੀ ਫ਼ੌਜ ਨੇ ਧਰਤੀ ਤੋਂ ਪਾਰ ਕੂਚ ਕੀਤਾ ਅਤੇ ਪਰਮੇਸ਼ੁਰ ਦੇ ਲੋਕਾਂ ਦੇ ਅਤੇ ਪਰਮੇਸ਼ੁਰ ਦੇ ਸ਼ਹਿਰ ਜਿਸ ਨੂੰ ਉਹ ਪਿਆਰ ਕਰਦਾ ਹੈ ਦੁਆਲੇ ਗੁੱਟ ਬਣਾ ਲਿਆ। ਪਰ ਅਕਾਸ਼ ਵਿੱਚੋਂ ਅੱਗ ਵਰ੍ਹੀ ਅਤੇ ਸ਼ੈਤਾਨ ਦੀ ਫ਼ੌਜ ਤਬਾਹ ਹੋ ਗਈ। 10 ਅਤੇ ਸ਼ੈਤਾਨ ਨੂੰ (ਜਿਸਨੇ ਉਨ੍ਹਾਂ ਲੋਕਾਂ ਨੂੰ ਗੁਮਰਾਹ ਕੀਤਾ,) ਜਾਨਵਰਾਂ ਨੂੰ ਅਤੇ ਝੂਠੇ ਨਬੀਆਂ ਸਮੇਤ ਗੰਧਕ ਦੀ ਬਲਦੀ ਝੀਲ ਵਿੱਚ ਸੁੱਟਿਆ ਗਿਆ। ਉੱਥੇ, ਉਨ੍ਹਾਂ ਨੂੰ ਦਿਨ ਰਾਤ ਸਦਾ ਅਤੇ ਸਦਾ ਲਈ ਕਸ਼ਟ ਦਿੱਤੇ ਜਾਣਗੇ।

ਦੁਨੀਆਂ ਦੇ ਲੋਕਾਂ ਦਾ ਨਿਆਂ ਹੁੰਦਾ ਹੈ

11 ਫ਼ੇਰ ਮੈਂ ਇੱਕ ਵੱਡਾ ਸਾਰਾ ਚਿੱਟਾ ਤਖਤ ਦੇਖਿਆ। ਮੈਂ ਉਸ ਨੂੰ ਵੀ ਦੇਖਿਆ ਜਿਹੜਾ ਤਖਤ ਉੱਤੇ ਬੈਠਾ ਸੀ। ਧਰਤੀ ਤੇ ਅਕਾਸ਼ ਉਸ ਕੋਲੋਂ ਭੱਜ ਗਏ ਅਤੇ ਅਲੋਪ ਹੋ ਗਏ। 12 ਫ਼ੇਰ ਮੈਂ ਉਨ੍ਹਾਂ ਲੋਕਾਂ ਨੂੰ ਦੇਖਿਆ ਜਿਹੜੇ ਮਰ ਚੁੱਕੇ ਸਨ, ਦੋਹਾਂ ਵੱਡਿਆਂ ਅਤੇ ਛੋਟਿਆਂ ਨੂੰ ਵੀ, ਤਖਤ ਦੇ ਅੱਗੇ ਖਲੋਤਿਆਂ ਵੇਖਿਆ ਅਤੇ ਜੀਵਨ ਦੀ ਪੁਸਤਕ ਨੂੰ ਖੋਲ੍ਹਿਆ ਗਿਆ। ਉੱਥੇ ਹੋਰ ਪੁਸਤਕਾਂ ਵੀ ਖੁੱਲ੍ਹੀਆਂ ਹੋਈਆਂ ਸਨ। ਇਨ੍ਹਾਂ ਮੁਰਦਾ ਲੋਕਾਂ ਬਾਰੇ ਉਨ੍ਹਾਂ ਦੇ ਅਮਲਾਂ ਅਨੁਸਾਰ ਨਿਆਂ ਕੀਤਾ ਗਿਆ। ਇਹ ਗੱਲਾਂ ਪੁਸਤਕਾਂ ਵਿੱਚ ਲਿਖੀਆਂ ਹੋਈਆਂ ਹਨ।

13 ਸਮੁੰਦਰ ਨੇ ਉਨ੍ਹਾਂ ਜੋ ਉਸ ਅੰਦਰ ਸਨ ਮੁਰਦਾ ਲੋਕਾਂ ਨੰ ਉਸ ਨੂੰ ਸੌਂਪ ਦਿੱਤਾ। ਮੌਤ ਅਤੇ ਪਾਤਾਲ ਨੇ ਵੀ ਉਨ੍ਹਾਂ ਮੁਰਦਿਆਂ ਨੂੰ ਸੌਂਪ ਦਿੱਤਾ ਜੋ ਉਨ੍ਹਾਂ ਦੇ ਅੰਦਰ ਸਨ। ਹਰ ਵਿਅਕਤੀ ਬਾਰੇ ਉਸ ਦੇ ਅਮਲਾਂ ਅਨੁਸਾਰ ਨਿਆਂ ਕੀਤਾ ਗਿਆ। 14 ਮੌਤ ਅਤੇ ਪਾਤਾਲ ਅੱਗ ਦੀ ਝੀਲ ਵਿੱਚ ਸੁੱਟ ਦਿੱਤੇ ਗਏ। ਇਹ ਅੱਗ ਦੀ ਝੀਲ ਦੂਸਰੀ ਮੌਤ ਹੈ। 15 ਜਿਸ ਵਿਅਕਤੀ ਦਾ ਨਾਂ ਜੀਵਨ ਦੀ ਪੁਸਤਕ ਵਿੱਚ ਲਿਖਿਆ ਹੋਇਆ ਨਹੀਂ ਲੱਭਿਆ ਉਹ ਵੀ ਅੱਗ ਦੀ ਝੀਲ ਵਿੱਚ ਸੁੱਟ ਦਿੱਤਾ ਗਿਆ।

Punjabi Bible: Easy-to-Read Version (ERV-PA)

2010 by World Bible Translation Center