Print Page Options
Previous Prev Day Next DayNext

M’Cheyne Bible Reading Plan

The classic M'Cheyne plan--read the Old Testament, New Testament, and Psalms or Gospels every day.
Duration: 365 days
Punjabi Bible: Easy-to-Read Version (ERV-PA)
Version
ਬਿਵਸਥਾ ਸਾਰ 7

ਪਰਮੇਸ਼ੁਰ ਦੇ ਖਾਸ ਲੋਕ, ਇਸਰਾਏਲ

“ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਉਸ ਧਰਤੀ ਉੱਤੇ ਲੈ ਜਾਵੇਗਾ ਜਿਸ ਵਿੱਚ, ਤੁਸੀਂ ਆਪਣੇ ਲਈ ਹਾਸਲ ਕਰਨ ਲਈ ਦਾਖਲ ਹੋ ਰਹੇ ਹੋ। ਯਹੋਵਾਹ ਬਹੁਤ ਸਾਰੀਆਂ ਕੌਮਾਂ, ਹਿੱਤੀਆਂ, ਗਿਰਗਾਸ਼ੀਆਂ, ਅਮੋਰੀਆਂ, ਕਨਾਨੀਆਂ, ਪਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਨੂੰ ਬਾਹਰ ਕੱਢ ਦੇਵੇਗਾ ਜੋ ਕਿ ਗਿਣਤੀ ਵਿੱਚ ਵੱਧ ਹਨ ਅਤੇ ਤੁਹਾਡੇ ਨਾਲੋਂ ਤਾਕਤਵਰ ਹਨ। ਯਹੋਵਾਹ, ਤੁਹਾਡਾ ਪਰਮੇਸ਼ੁਰ, ਇਨ੍ਹਾਂ ਕੌਮਾਂ ਨੂੰ ਤੁਹਾਡੀ ਸ਼ਕਤੀ ਦੇ ਅਧੀਨ ਕਰ ਦੇਵੇਗਾ। ਅਤੇ ਤੁਸੀਂ ਇਨ੍ਹਾਂ ਨੂੰ ਹਰਾ ਦੇਵੋਂਗੇ। ਤੁਹਾਨੂੰ ਇਨ੍ਹਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਨਾਲ ਕੋਈ ਇਕਰਾਰਨਾਮਾ ਨਾ ਕਰਨਾ। ਉਨ੍ਹਾਂ ਉੱਤੇ ਰਹਿਮ ਨਾ ਕਰਨਾ। ਉਨ੍ਹਾਂ ਲੋਕਾਂ ਵਿੱਚੋਂ ਕਿਸੇ ਨਾਲ ਵੀ ਵਿਆਹ ਨਾ ਕਰਨਾ, ਅਤੇ ਆਪਣੇ ਧੀਆਂ ਪੁੱਤਰਾਂ ਨੂੰ ਵੀ ਉਨ੍ਹਾਂ ਹੋਰਨਾਂ ਕੌਮਾਂ ਵਿੱਚੋਂ ਕਿਸੇ ਨਾਲ ਵਿਆਹ ਨਾ ਕਰਨ ਦੇਣਾ। ਕਿਉਂ ਜੋ ਉਹ ਲੋਕ ਤੁਹਾਡੇ ਬੱਚਿਆਂ ਨੂੰ ਮੇਰੇ ਪਿੱਛੇ ਲੱਗਣ ਤੋਂ ਹਟਾ ਦੇਣਗੇ। ਫ਼ੇਰ ਤੁਹਾਡੇ ਬੱਚੇ ਹੋਰਨਾਂ ਦੇਵਤਿਆਂ ਦੀ ਸੇਵਾ ਕਰਨਗੇ। ਅਤੇ ਯਹੋਵਾਹ ਤੁਹਾਡੇ ਉੱਤੇ ਬਹੁਤ ਕਰੋਧਵਾਨ ਹੋ ਜਾਵੇਗਾ। ਉਹ ਤੁਹਾਨੂੰ ਛੇਤੀ ਹੀ ਤਬਾਹ ਕਰ ਦੇਵੇਗਾ।

ਝੂਠੇ ਦੇਵਤਿਆਂ ਨੂੰ ਤਬਾਹ ਕਰ ਦਿਉ

“ਇਹ ਗੱਲ ਹੈ ਜਿਹੜੀ ਤੁਹਾਨੂੰ ਇਨ੍ਹਾਂ ਕੌਮਾਂ ਨਾਲ ਕਰਨੀ ਚਾਹੀਦੀ ਹੈ: ਤੁਹਾਨੂੰ ਉਨ੍ਹਾਂ ਦੀਆਂ ਜਗਵੇਦੀਆਂ ਭੰਨ ਦੇਣੀਆਂ ਚਾਹੀਦੀਆਂ ਹਨ ਅਤੇ ਉਨ੍ਹਾਂ ਯਾਦਗਾਰੀ ਪੱਥਰਾਂ ਦੇ ਟੁਕੜੇ ਕਰ ਦੇਣੇ ਚਾਹੀਦੇ ਹਨ। ਉਨ੍ਹਾਂ ਦੇ ਅਸ਼ੇਰਾਹ ਥਂਮਾਂ ਨੂੰ ਚੀਰ ਸੁੱਟੋ ਅਤੇ ਉਨ੍ਹਾਂ ਦੇ ਬੁੱਤਾਂ ਨੂੰ ਸਾੜ ਦੇਵੋ! ਕਿਉਂਕਿ ਤੁਸੀਂ ਯਹੋਵਾਹ ਦੇ ਆਪਣੇ ਲੋਕ ਹੋ। ਧਰਤੀ ਉੱਤਲੇ ਸਾਰੇ ਲੋਕਾਂ ਵਿੱਚੋਂ, ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਨੂੰ ਆਪਣੇ ਖਾਸ ਲੋਕਾਂ ਵਜੋਂ ਚੁਣਿਆ, ਉਹ ਲੋਕ ਜਿਹੜੇ ਸਿਰਫ਼ ਉਸ ਦੇ ਹਨ। ਯਹੋਵਾਹ ਨੇ ਤੁਹਾਨੂੰ ਕਿਉਂ ਪਿਆਰ ਕੀਤਾ ਅਤੇ ਚੁਣਿਆ? ਇਹ ਇਸ ਲਈ ਨਹੀਂ ਸੀ ਕਿ ਤੁਸੀਂ ਇੰਨੀ ਵੱਡੀ ਕੌਮ ਹੈ। ਸਾਰੇ ਲੋਕਾਂ ਵਿੱਚੋਂ ਤੁਸੀਂ ਤਾਂ ਸਭ ਤੋਂ ਘੱਟ ਗਿਣਤੀ ਵਿੱਚ ਸੀ! ਪਰ ਯਹੋਵਾਹ ਤੁਹਾਨੂੰ ਆਪਣੀ ਮਹਾਨ ਤਾਕਤ ਨਾਲ ਮਿਸਰ ਵਿੱਚੋਂ ਬਾਹਰ ਲੈ ਕੇ ਆਇਆ। ਉਸ ਨੇ ਤੁਹਾਨੂੰ ਗੁਲਾਮੀ ਤੋਂ ਅਤੇ ਫ਼ਿਰਊਨ, ਮਿਸਰ ਦੇ ਰਾਜੇ ਦੀ ਪਕੜ ਤੋਂ ਆਜ਼ਾਦ ਕਰਵਾਇਆ। ਕਿਉਂ ਜੋ ਯਹੋਵਾਹ ਤੁਹਾਨੂੰ ਪਿਆਰ ਕਰਦਾ ਹੈ ਅਤੇ ਉਹ ਤੁਹਾਡੇ ਪੁਰਖਿਆਂ ਨਾਲ ਕੀਤੇ ਆਪਣੇ ਇਕਰਾਰ ਨੂੰ ਪੂਰਾ ਕਰਨਾ ਚਾਹੁੰਦਾ ਸੀ।

“ਇਸ ਲਈ ਚੇਤੇ ਰੱਖੋ ਕਿ ਯਹੋਵਾਹ, ਤੁਹਾਡਾ ਪਰਮੇਸ਼ੁਰ, ਹੀ ਤੁਹਾਡਾ ਇੱਕੋ ਇੱਕ ਪਰਮੇਸ਼ੁਰ ਹੈ, ਅਤੇ ਤੁਸੀਂ ਉਸ ਉੱਤੇ ਭਰੋਸਾ ਕਰ ਸੱਕਦੇ ਹੋ। ਉਹ ਆਪਣਾ ਇਕਰਾਰਨਾਮਾ ਨਿਭਾਉਂਦਾ ਹੈ। ਉਹ ਉਨ੍ਹਾਂ ਸਾਰੇ ਲੋਕਾਂ ਨੂੰ ਆਪਣਾ ਪਿਆਰ ਅਤੇ ਮਿਹਰ ਦਰਸਾਉਂਦਾ ਹੈ ਜਿਹੜੇ ਉਸ ਨੂੰ ਪਿਆਰ ਕਰਦੇ ਹਨ ਅਤੇ ਉਸ ਦੇ ਆਦੇਸ਼ਾਂ ਨੂੰ ਮੰਨਦੇ ਹਨ, ਉਹ ਆਪਣਾ ਪਿਆਰ ਅਤੇ ਮਿਹਰ ਹਜ਼ਾਰਾ ਪੀੜੀਆਂ ਤੱਕ ਦਰਸਾਉਂਦਾ ਰਹਿੰਦਾ ਹੈ। 10 ਪਰ ਯਹੋਵਾਹ ਉਨ੍ਹਾਂ ਲੋਕਾਂ ਨੂੰ ਸਜ਼ਾ ਦਿੰਦਾ ਹੈ ਜਿਹੜੇ ਉਸ ਨੂੰ ਨਫ਼ਰਤ ਕਰਦੇ ਹਨ। ਉਹ ਉਨ੍ਹਾਂ ਨੂੰ ਤਬਾਹ ਕਰ ਦੇਵੇਗਾ। ਉਹ ਉਨ੍ਹਾਂ ਲੋਕਾਂ ਨੂੰ ਤਬਾਹ ਕਰਨ ਵਿੱਚ ਢਿੱਲ ਨਹੀਂ ਲਾਵੇਗਾ ਜਿਹੜੇ ਉਸ ਨੂੰ ਨਫ਼ਰਤ ਕਰਦੇ ਹਨ। 11 ਇਸ ਲਈ ਤੁਹਾਨੂੰ ਉਨ੍ਹਾਂ ਆਦੇਸ਼ਾਂ, ਕਾਨੂੰਨਾ ਅਤੇ ਬਿਧੀਆਂ ਦੀ ਪਾਲਣਾ ਕਰਨ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਹੜੇ ਮੈਂ ਤੁਹਾਨੂੰ ਅੱਜ ਦਿੰਦਾ ਹਾਂ।

12 “ਜੇ ਤੁਸੀਂ ਇਨ੍ਹਾਂ ਕਾਨੂੰਨਾ ਨੂੰ ਸੁਣੋਗੇ, ਅਤੇ ਜੇ ਤੁਸੀਂ ਇਨ੍ਹਾਂ ਦੀ ਪਾਲਣਾ ਕਰਨ ਵਿੱਚ ਧਿਆਨ ਦਿਉਂਗੇ ਤਾਂ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਡੇ ਨਾਲ ਆਪਣਾ ਪਿਆਰ ਦਾ ਇਕਰਾਰਨਾਮਾ ਪੂਰਾ ਕਰੇਗਾ। ਉਸ ਨੇ ਇਸਦਾ ਤੁਹਾਡੇ ਪੁਰਖਿਆਂ ਨਾਲ ਇਕਰਾਰ ਕੀਤਾ ਸੀ। 13 ਉਹ ਤੁਹਾਨੂੰ ਪਿਆਰ ਕਰੇਗਾ ਅਤੇ ਅਸੀਸ ਦੇਵੇਗਾ। ਉਹ ਤੁਹਾਡੀ ਕੌਮ ਵਿੱਚ ਵਾਧਾ ਕਰੇਗਾ। ਉਹ ਤੁਹਾਡੇ ਬੱਚਿਆਂ ਨੂੰ ਅਸੀਸ ਦੇਵੇਗਾ। ਉਹ ਤੁਹਾਡੇ ਖੇਤਾਂ ਨੂੰ ਚੰਗੀਆਂ ਫ਼ਸਲਾਂ ਦੀ ਅਸੀਸ ਦੇਵੇਗਾ। ਉਹ ਤੁਹਾਨੂੰ ਅਨਾਜ, ਨਵੀਂ ਮੈਅ ਅਤੇ ਤੇਲ ਦੇਵੇਗਾ। ਉਹ ਤੁਹਾਡੀਆਂ ਗਾਵਾਂ ਨੂੰ ਵੱਛਿਆਂ ਦੀ ਅਤੇ ਭੇਡਾਂ ਨੂੰ ਲੇਲਿਆਂ ਦੀ ਅਸੀਸ ਦੇਵੇਗਾ। ਤੁਸੀਂ ਇਹ ਸਾਰੀਆਂ ਅਸੀਸਾਂ ਉਸ ਧਰਤੀ ਉੱਤੇ ਪ੍ਰਾਪਤ ਕਰੋਂਗੇ ਜਿਸ ਨੂੰ ਤੁਹਾਨੂੰ ਦੇਣ ਬਾਰੇ ਉਸ ਨੇ ਤੁਹਾਡੇ ਪੁਰਖਿਆਂ ਨਾਲ ਇਕਰਾਰ ਕੀਤਾ ਸੀ।

14 “ਤੁਹਾਨੂੰ ਸਮੂਹ ਲੋਕਾਂ ਨਾਲੋਂ ਵੱਧ ਅਸੀਸਾਂ ਪ੍ਰਾਪਤ ਹੋਣਗੀਆਂ। ਹਰ ਪਤੀ ਅਤੇ ਪਤਨੀ ਔਲਾਦ ਪੈਦਾ ਕਰਨ ਦੇ ਯੋਗ ਹੋਵੇਗਾ। ਤੁਹਾਡੀਆਂ ਗਾਵਾਂ ਵੱਛੇ ਪੈਦਾ ਕਰਨ ਯੋਗ ਹੋਣਗੀਆਂ। 15 ਅਤੇ ਯਹੋਵਾਹ ਤੁਹਾਡੀ ਹਰ ਬਿਮਾਰੀ ਦੂਰ ਕਰ ਦੇਵੇਗਾ। ਯਹੋਵਾਹ ਤੁਹਾਨੂੰ ਉਨ੍ਹਾਂ ਭਿਆਨਕ ਬਿਮਾਰੀਆਂ ਤੋਂ ਬਚਾਵੇਗਾ ਜਿਹੜੀਆਂ ਤੁਹਾਨੂੰ ਮਿਸਰ ਵਿੱਚ ਰਹਿਂਦਿਆਂ ਲੱਗੀਆਂ ਸਨ। ਪਰ ਯਹੋਵਾਹ ਤੁਹਾਡੇ ਦੁਸ਼ਮਣਾ ਨੂੰ ਇਹ ਬਿਮਾਰੀਆਂ ਲਾ ਦੇਵੇਗਾ। 16 ਤੁਹਾਨੂੰ ਚਾਹੀਦਾ ਹੈ ਕਿ ਉਨ੍ਹਾਂ ਸਮੂਹ ਲੋਕਾਂ ਨੂੰ ਤਬਾਹ ਕਰ ਦਿਉ, ਜਿਨ੍ਹਾਂ ਨੂੰ ਹਰਾਉਣ ਵਿੱਚ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਡੀ ਸਹਾਇਤਾ ਕਰਦਾ ਹੈ। ਉਨ੍ਹਾਂ ਲਈ ਦੁੱਖੀ ਨਾ ਹੋਵੋ ਅਤੇ ਉਨ੍ਹਾਂ ਦੇ ਦੇਵਤਿਆਂ ਦੀ ਉਪਾਸਨਾ ਨਾ ਕਰੋ। ਕਿਉਂਕਿ ਉਹ ਇੱਕ ਸ਼ਿਕਂਜੇ ਵਰਗੇ ਹਨ।

ਯਹੋਵਾਹ ਆਪਣੇ ਬੰਦਿਆਂ ਦੀ ਸਹਾਇਤਾ ਦਾ ਇਕਰਾਰ ਕਰਦਾ ਹੈ

17 “ਆਪਣੇ ਦਿਲ ਵਿੱਚ ਇਹ ਨਾ ਆਖੋ, ‘ਇਹ ਕੌਮਾਂ ਸਾਡੇ ਨਾਲੋਂ ਤਾਕਤਵਰ ਹਨ। ਅਸੀਂ ਇਨ੍ਹਾਂ ਨੂੰ ਕਿਵੇਂ ਕੱਢ ਸੱਕਦੇ ਹਾਂ?’ 18 ਤੁਹਾਨੂੰ ਉਨ੍ਹਾਂ ਪਾਸੋਂ ਭੈਭੀਤ ਨਹੀਂ ਹੋਣਾ ਚਾਹੀਦਾ। ਤੁਹਾਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਫ਼ਿਰਊਨ ਅਤੇ ਮਿਸਰ ਦੇ ਸਮੂਹ ਲੋਕਾਂ ਨਾਲ ਕੀ ਸਲੂਕ ਕੀਤਾ ਸੀ। 19 ਤੁਸੀਂ ਉਨ੍ਹਾਂ ਵੱਡੀਆਂ ਮੁਸੀਬਤਾਂ ਨੂੰ ਦੇਖਿਆ ਜਿਹੜੀਆਂ ਉਸ ਨੇ ਉਨ੍ਹਾਂ ਨੂੰ ਦਿੱਤੀਆਂ। ਤੁਸੀਂ ਉਸ ਦੇ ਚਮਤਕਾਰ ਦੇਖੇ। ਤੁਸੀਂ ਦੇਖਿਆ ਕਿ ਯਹੋਵਾਹ ਨੇ ਤੁਹਾਨੂੰ ਮਿਸਰ ਵਿੱਚੋਂ ਬਾਹਰ ਲਿਆਉਣ ਲਈ ਆਪਣੀ ਮਹਾਨ ਤਾਕਤ ਅਤੇ ਸ਼ਕਤੀ ਦੀ ਵਰਤੋਂ ਕੀਤੀ। ਯਹੋਵਾਹ, ਤੁਹਾਡਾ ਪਰਮੇਸ਼ੁਰ, ਉਸੇ ਸ਼ਕਤੀ ਦੀ ਵਰਤੋਂ ਉਨ੍ਹਾਂ ਸਾਰੇ ਲੋਕਾਂ ਦੇ ਵਿਰੁੱਧ ਕਰੇਗਾ ਜਿਨ੍ਹਾਂ ਤੋਂ ਤੁਸੀਂ ਭੈਭੀਤ ਹੋ।

20 “ਯਹੋਵਾਹ, ਤੁਹਾਡਾ ਪਰਮੇਸ਼ੁਰ, ਉਨ੍ਹਾਂ ਸਮੂਹ ਲੋਕਾਂ ਨੂੰ ਲੱਭਣ ਲਈ ਡੇਹਮੂ (ਹਾਰਨੇਟ [a] ) ਵੀ ਭੇਜੇਗਾ, ਜਿਹੜੇ ਤੁਹਾਡੇ ਕੋਲੋਂ ਬਚਕੇ ਛੁਪਣਗਾਹਾਂ ਵਿੱਚ ਚੱਲੇ ਜਾਣਗੇ। ਉਹ ਉਨ੍ਹਾਂ ਸਾਰਿਆਂ ਲੋਕਾਂ ਨੂੰ ਤਬਾਹ ਕਰ ਦੇਵੇਗਾ। 21 ਉਨ੍ਹਾਂ ਲੋਕਾਂ ਕੋਲੋਂ ਨਾ ਡਰੋ। ਕਿਉਂ ਜੋ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਡੇ ਅੰਗ-ਸੰਗ ਹੈ ਅਤੇ ਉਹ ਇੱਕ ਮਹਾਨ ਅਤੇ ਭੈਅ ਦਾਇੱਕ ਪਰਮੇਸ਼ੁਰ ਹੈ। 22 ਯਹੋਵਾਹ, ਤੁਹਾਡਾ ਪਰਮੇਸ਼ੁਰ, ਉਨ੍ਹਾਂ ਕੌਮਾਂ ਨੂੰ ਛੋਟੇ ਟੋਲਿਆਂ ਵਿੱਚ ਤੁਹਾਡਾ ਦੇਸ਼ ਛੱਡਣ ਲਈ ਮਜ਼ਬੂਰ ਕਰ ਦੇਵੇਗਾ। ਤੁਸੀਂ ਉਨ੍ਹਾਂ ਸਾਰਿਆਂ ਨੂੰ ਇੱਕੋ ਵਾਰੀ ਬਰਬਾਦ ਨਹੀਂ ਕਰੋਂਗੇ। ਜੇ ਤੁਸੀਂ ਅਜਿਹਾ ਕਰੋਂਗੇ, ਜੰਗਲੀ ਜਾਨਵਰ ਵੱਧ ਜਾਣਗੇ ਅਤੇ ਤੁਹਾਨੂੰ ਨੁਕਸਾਨ ਪਹਚਾਉਣਗੇ। 23 ਪਰ ਯਹੋਵਾਹ, ਤੁਹਾਡਾ ਪਰਮੇਸ਼ੁਰ, ਇਨ੍ਹਾਂ ਕੌਮਾਂ ਨੂੰ ਤੁਹਾਨੂੰ ਸੌਂਪ ਦੇਵੇਗਾ। ਯਹੋਵਾਹ ਉਨ੍ਹਾਂ ਨੂੰ ਜੰਗ ਵਿੱਚ ਦੁਬਿਧਾ ਵਿੱਚ ਪਾ ਦੇਵੇਗਾ, ਜਦੋਂ ਤੱਕ ਕਿ ਉਹ ਹਾਰ ਨਹੀਂ ਜਾਂਦੇ। 24 ਯਹੋਵਾਹ ਤੁਹਾਡੀ ਉਨ੍ਹਾਂ ਦੇ ਰਾਜਿਆਂ ਨੂੰ ਹਰਾਉਣ ਵਿੱਚ ਸਹਾਇਤਾ ਕਰੇਗਾ। ਤੁਸੀਂ ਉਨ੍ਹਾਂ ਨੂੰ ਮਾਰ ਦਿਉਂਗੇ, ਅਤੇ ਦੁਨੀਆਂ ਇਹ ਭੁੱਲ ਜਾਵੇਗੀ ਕਿ ਉਹ ਕਦੇ ਜਿਉਂਦੇ ਸਨ। ਕੋਈ ਵੀ ਬੰਦਾ ਤੁਹਾਨੂੰ ਰੋਕ ਨਹੀਂ ਸੱਕੇਗਾ। ਤੁਸੀਂ ਉਨ੍ਹਾਂ ਸਾਰਿਆਂ ਨੂੰ ਹਰਾ ਦੇਵੋਂਗੇ!

25 “ਤੁਹਾਨੂੰ ਚਾਹੀਦਾ ਹੈ ਕਿ ਉਨ੍ਹਾਂ ਦੇ ਦੇਵਤਿਆਂ ਦੀਆਂ ਮੂਰਤੀਆਂ ਅੱਗ ਵਿੱਚ ਸੁੱਟਕੇ ਸਾੜ ਦਿਉਂ। ਤੁਹਾਨੂੰ ਇਨ੍ਹਾਂ ਮੂਰਤੀਆਂ ਉੱਪਰ ਸੋਨੇ ਜਾਂ ਚਾਂਦੀ ਨੂੰ ਆਪਣੇ ਕੋਲ ਰੱਖਣ ਦੀ ਤਮੰਨਾ ਨਹੀਂ ਕਰਨੀ ਚਾਹੀਦੀ। ਇਹ ਤੁਹਾਡੇ ਲਈ ਇੱਕ ਸ਼ਿਕਂਜੇ ਵਾਂਗ ਹੋਵੇਗਾ। ਕਿਉਂਕਿ ਯਹੋਵਾਹ, ਤੁਹਾਡਾ ਪਰਮੇਸ਼ੁਰ, ਉਨ੍ਹਾਂ ਬੁੱਤਾਂ ਨੂੰ ਨਫ਼ਰਤ ਕਰਦਾ ਹੈ। 26 ਅਤੇ ਤੁਹਾਨੂੰ ਉਨ੍ਹਾਂ ਭਿਆਨਕ ਬੁੱਤਾਂ ਵਿੱਚੋਂ ਕੋਈ ਆਪਣੇ ਘਰਾਂ ਅੰਦਰ ਨਹੀਂ ਲਿਆਉਣਾ ਚਾਹੀਦਾ। ਤੁਹਾਨੂੰ ਉਨ੍ਹਾਂ ਭਿਆਨਕ ਚੀਜ਼ਾਂ ਨੂੰ ਨਫ਼ਰਤ ਕਰਨੀ ਚਾਹੀਦੀ ਹੈ। ਤੁਹਾਨੂੰ ਉਹ ਬੁੱਤ ਤਬਾਹ ਕਰ ਦੇਣੇ ਚਾਹੀਦੇ ਹਨ।

ਜ਼ਬੂਰ 90

ਚੌਥਾ ਭਾਗ

(ਜ਼ਬੂਰ 90-106)

ਪਰਮੇਸ਼ੁਰ ਦੇ ਬੰਦੇ ਮੂਸਾ ਦੀ ਪ੍ਰਾਰਥਨਾ।

90 ਹੇ ਮਾਲਕ, ਤੁਸੀਂ ਸਦਾ-ਸਦਾ ਲਈ ਸਾਡਾ ਘਰ ਰਹੇ ਹੋਂ।
ਹੇ ਪਰਮੇਸ਼ੁਰ, ਤੁਸੀਂ ਪਰਬਤਾਂ ਦੇ ਪੈਦਾ ਹੋਣ ਤੋਂ ਪਹਿਲਾਂ
    ਅਤੇ ਧਰਤੀ ਅਤੇ ਦੁਨੀਆਂ ਸਾਜੇ ਜਾਣ ਤੋਂ ਪਹਿਲਾਂ ਵੀ ਤੁਸੀਂ ਪਰਮੇਸ਼ੁਰ ਸੀ।
    ਹੇ ਪਰਮੇਸ਼ੁਰ ਤੁਸੀਂ ਸਦਾ ਰਹੇ ਹੋਂ ਅਤੇ ਤੁਸੀਂ ਸਦਾ ਰਹੋਂਗੇ, ਹੇ ਪਰਮੇਸ਼ੁਰ।

ਤੁਸੀਂ ਲੋਕਾਂ ਨੂੰ ਇਸ ਦੁਨੀਆਂ ਵਿੱਚ ਲਿਆਉਂਦੇ ਹੋ।
    ਅਤੇ ਫ਼ੇਰ ਤੁਸੀਂ ਉਨ੍ਹਾਂ ਨੂੰ ਖਾਕ ਵਿੱਚ ਬਦਲ ਦਿੰਦੇ ਹੋ।
ਤੁਹਾਡੇ ਲਈ ਹਜ਼ਾਰ ਸਾਲ ਕੱਲ ਦੀ ਤਰ੍ਹਾਂ
    ਅਤੇ ਰਾਤ ਦੀ ਤਰ੍ਹਾਂ ਹਨ।
ਤੁਸੀਂ ਸਾਨੂੰ ਪਰ੍ਹਾਂ ਹੂੰਝ ਸੁੱਟਦੇ ਹੋਂ। ਸਾਡੀ ਜ਼ਿੰਦਗੀ ਇੱਕ ਸੁਪਨੇ ਵਾਂਗ ਹੈ, ਅਤੇ ਸਵੇਰ ਨੂੰ ਅਸੀਂ ਜਾ ਚੁੱਕੇ ਹੁੰਦੇ ਹਾਂ।
ਅਸੀਂ ਘਾਹ ਦੀ ਤਰ੍ਹਾਂ ਹਾਂ।
    ਘਾਹ ਸਵੇਰ ਵੇਲੇ ਉਘਦਾ ਹੈ,
    ਅਤੇ ਸ਼ਾਮ ਨੂੰ ਇਹ ਸੁੱਕ ਜਾਂਦਾ ਹੈ ਅਤੇ ਮਰ ਰਿਹਾ ਹੁੰਦਾ ਹੈ।
ਹੇ ਪਰਮੇਸ਼ੁਰ, ਸਾਨੂੰ ਤੁਹਾਡਾ ਗੁੱਸਾ ਤਬਾਹ ਕਰ ਸੱਕਦਾ ਹੈ।
    ਸਾਨੂੰ ਤੁਹਾਡੇ ਕਹਿਰ ਤੋਂ ਡਰ ਲੱਗਦਾ ਹੈ।
ਤੁਸੀਂ ਸਾਡੇ ਗੁਨਾਹਾਂ ਬਾਰੇ ਸਭ ਕੁਝ ਜਾਣਦੇ ਹੋ।
    ਤੁਸੀਂ ਸਾਡਾ ਹਰ ਲੁਕਵਾਂ ਗੁਨਾਹ ਵੀ ਵੇਖ ਲੈਂਦੇ ਹੋ।
ਤੁਹਾਡਾ ਕਹਿਰ ਸਾਡੀ ਜ਼ਿੰਦਗੀ ਨੂੰ ਖਤਮ ਕਰ ਸੱਕਦਾ ਹੈ।
    ਸਾਡੀ ਜ਼ਿੰਦਗੀ ਸਰਗੋਸ਼ੀ ਦੀ ਤਰ੍ਹਾਂ ਮੁੱਕ ਜਾਂਦੀ ਹੈ।
10 ਇਹ ਹੋ ਸੱਕਦਾ ਹੈ, ਕਿ ਅਸੀਂ 70 ਸਾਲਾਂ ਤੱਕ ਜੀਵੀਏ।
    ਜੇ ਅਸੀਂ ਹਾਲੇ ਵੀ ਤਕੜੇ ਹਾਂ, ਤਾਂ ਇਹ ਉਮਰ 80 ਸਾਲਾ ਹੋ ਸੱਕਦੀਆਂ ਹਨ।
ਸਾਡੀਆਂ ਜ਼ਿੰਦਗੀਆਂ ਸਖਤ ਮਿਹਨਤ ਅਤੇ ਵਿਅਰਥ ਪ੍ਰਾਪਤੀਆਂ ਨਾਲ ਭਰਪੂਰ ਹਨ।
    ਫ਼ਿਰ ਅਚਾਨਕ, ਸਾਡੀਆਂ ਜ਼ਿੰਦਗੀਆਂ ਖਤਮ ਹੋ ਜਾਂਦੀਆਂ ਹਨ ਅਤੇ ਅਸੀਂ ਦੂਰ ਉੱਡ ਜਾਂਦੇ ਹਾਂ।
11 ਕੋਈ ਵੀ ਬੰਦਾ ਤੁਹਾਡੇ ਗੁੱਸੇ ਦੀ ਪੂਰੀ ਸ਼ਕਤੀ ਨੂੰ ਨਹੀਂ ਜਾਣ ਸੱਕਦਾ, ਪਰਮੇਸ਼ੁਰ।
    ਪਰ ਹੇ ਪਰਮੇਸ਼ੁਰ, ਤੁਹਾਡੇ ਲਈ ਸਾਡਾ ਡਰ ਅਤੇ ਆਦਰ ਓਨਾ ਹੀ ਵੱਡਾ ਹੈ ਜਿੰਨਾ ਤੁਹਾਡਾ ਗੁੱਸਾ।
12 ਸਾਨੂੰ ਸਿੱਖਾਉ ਕਿ ਸਾਡੀਆਂ ਜ਼ਿੰਦਗੀਆਂ ਕਿੰਨੀਆਂ ਛੋਟੀਆਂ ਹਨ
    ਅਤੇ ਜੋ ਅਸੀਂ ਸੱਚਮੁੱਚ ਸਿਆਣੇ ਬਣ ਸੱਕੀਏ।
13 ਯਹੋਵਾਹ, ਸਾਡੇ ਵੱਲ ਸਦਾ ਲਈ ਵਾਪਸ ਆ ਜਾਉ।
    ਆਪਣੇ ਸੇਵਕਾਂ ਉੱਪਰ ਮਿਹਰ ਕਰੋ।
14 ਹਰ ਸਵੇਰ ਸਾਨੂੰ ਆਪਣੇ ਪਿਆਰ ਨਾਲ ਭਰ ਦਿਉ।
    ਸਾਨੂੰ ਪ੍ਰਸੰਨ ਹੋਣ ਦਿਉ ਅਤੇ ਆਪਣੀਆਂ ਜ਼ਿੰਦਗੀਆਂ ਮਾਨਣ ਦਿਉ।
15 ਤੁਸਾਂ ਸਾਨੂੰ ਬਹੁਤ ਉਦਾਸੀ ਅਤੇ ਸਾਡੇ ਵਿੱਚ ਬਹੁਤ ਮੁਸੀਬਤਾਂ ਦਿੱਤੀਆਂ ਹਨ।
    ਹੁਣ ਸਾਨੂੰ ਖੁਸ਼ੀ ਲੈਣ ਦਿਉ।
16 ਆਪਣੇ ਸੇਵਕਾਂ ਨੂੰ ਉਹ ਚਮਤਕਾਰ ਵੇਖਣ ਦਿਉ ਜਿਹੜੇ ਤੁਸੀਂ ਉਨ੍ਹਾਂ ਲਈ ਕਰਨ ਯੋਗ ਹੋਂ
    ਅਤੇ ਉਨ੍ਹਾਂ ਦੇ ਬੱਚਿਆਂ ਨੂੰ ਤੁਹਾਡੀ ਮਹਿਮਾ ਵੇਖਣ ਦਿਉ।
17 ਜੋ ਕੁਝ ਵੀ ਅਸੀਂ ਕਰਦੇ ਹਾਂ ਉਸ ਵਿੱਚ ਅਸੀਂ ਪਰਮੇਸ਼ੁਰ ਦੀ ਪ੍ਰਸੰਨਤਾ ਮਹਿਸੂਸ ਕਰੀਏ।
    ਜਿਸ ਨੂੰ ਅਸੀਂ ਸਾਧਦੇ ਹਾਂ ਉਸ ਨੂੰ ਸਥਾਪਿਤ ਕਰਦਿਆਂ
    ਅਤੇ ਸਹਾਰਾ ਦਿੰਦਿਆਂ ਉਹ ਸਾਨੂੰ ਅਸੀਸ ਦੇਵੇ।

ਯਸਾਯਾਹ 35

ਪਰਮੇਸ਼ੁਰ ਆਪਣੇ ਲੋਕਾਂ ਨੂੰ ਹੌਸਲਾ ਦੇਵੇਗਾ

35 ਖੁਸ਼ਕ ਮਾਰੂਬਲ ਬਹੁਤ ਪ੍ਰਸੰਨ ਹੋ ਜਾਵੇਗਾ। ਮਾਰੂਬਲ ਖੁਸ਼ ਹੋਵੇਗਾ ਅਤੇ ਫ਼ੁੱਲ ਵਾਂਗ ਵੱਧੇ-ਫ਼ੁੱਲੇਗਾ। ਮਾਰੂਬਲ ਖਿੜੇ ਹੋਏ ਫ਼ੁੱਲਾਂ ਨਾਲ ਭਰਪੂਰ ਹੋਵੇਗਾ ਅਤੇ ਆਪਣੀ ਖੁਸ਼ੀ ਜ਼ਾਹਰ ਕਰਨ ਲੱਗੇਗਾ। ਇਉਂ ਲੱਗੇਗਾ ਜਿਵੇਂ ਮਾਰੂਬਲ ਖੁਸ਼ੀ ਨਾਲ ਨੱਚ ਰਿਹਾ ਹੈ। ਮਾਰੂਬਲ ਲਬਾਨੋਨ ਦੇ ਜੰਗਲ, ਕਰਮਲ ਦੀ ਪਹਾੜੀ ਅਤੇ ਸ਼ਾਰੋਨ ਦੀ ਵਾਦੀ ਵਰਗਾ ਖੂਬਸੂਰਤ ਹੋਵੇਗਾ। ਇਹ ਇਸ ਲਈ ਵਾਪਰੇਗਾ ਕਿਉਂ ਕਿ ਸਮੂਹ ਲੋਕ ਯਹੋਵਾਹ ਦੀ ਪਰਤਾਪ ਦੇਖਣਗੇ। ਲੋਕ ਸਾਡੇ ਪਰਮੇਸ਼ੁਰ ਦੀ ਖੂਬਸੂਰਤੀ ਨੂੰ ਦੇਖਣਗੇ।

ਕਮਜ਼ੋਰ ਬਾਜ਼ੂਆਂ ਨੂੰ ਫ਼ੇਰ ਤਾਕਤਵਰ ਬਣਾਓ। ਕਮਜ਼ੋਰ ਗੋਡਿਆਂ ਨੂੰ ਫ਼ੇਰ ਮਜ਼ਬੂਤ ਬਣਾਓ। ਲੋਕ ਭੈਭੀਤ ਹਨ ਅਤੇ ਉਲਝੇ ਹੋਏ ਹਨ। ਉਨ੍ਹਾਂ ਲੋਕਾਂ ਨੂੰ ਆਖੋ, “ਤਕੜੇ ਬਣੋ! ਭੈਭੀਤ ਨਾ ਹੋਵੋ!” ਦੇਖੋ ਤੁਹਾਡਾ ਪਰਮੇਸ਼ੁਰ ਤੁਹਾਡੇ ਦੁਸ਼ਮਣਾਂ ਨੂੰ ਸਜ਼ਾ ਦੇਣ ਲਈ ਆਵੇਗਾ। ਉਹ ਆਵੇਗਾ ਅਤੇ ਤੁਹਾਨੂੰ ਤੁਹਾਡਾ ਇਨਾਮ ਦੇਵੇਗਾ। ਯਹੋਵਾਹ ਤੁਹਾਨੂੰ ਬਚਾਵੇਗਾ। ਫ਼ੇਰ ਅੰਨ੍ਹੇ ਲੋਕ ਦੋਬਾਰਾ ਦੇਖ ਸੱਕਣਗੇ। ਉਨ੍ਹਾਂ ਦੀਆਂ ਅੱਖਾਂ ਖੁੱਲ੍ਹ ਜਾਣਗੀਆਂ। ਫ਼ੇਰ ਬੋਲੇ ਲੋਕ ਸੁਣ ਸੱਕਣਗੇ। ਉਨ੍ਹਾਂ ਦੇ ਕੰਨ ਖੁੱਲ੍ਹ ਜਾਣਗੇ। ਵਿਕਲਾਂਗ ਲੋਕ ਹਿਰਨ ਵਾਂਗ ਨੱਚਣਗੇ। ਅਤੇ ਉਹ ਲੋਕ ਜਿਹੜੇ ਹੁਣ ਗੱਲ ਨਹੀਂ ਕਰ ਸੱਕਦੇ ਉਹ ਆਪਣੀ ਆਵਾਜ਼ ਵਿੱਚ ਖੁਸ਼ੀ ਦੇ ਗੀਤ ਗਾਉਣਗੇ। ਇਹ ਗੱਲ ਉਦੋਂ ਵਾਪਰੇਗੀ ਜਦੋਂ ਮਾਰੂਬਲ ਵਿੱਚ ਪਾਣੀ ਦੇ ਝਰਨੇ ਵਗ ਤੁਰਨਗੇ। ਸੁੱਕੀ ਧਰਤੀ ਉੱਤੇ ਪਾਣੀ ਦੇ ਚਸ਼ਮੇ ਵਗ ਪੈਣਗੇ। ਉਸ ਸਮੇਂ, ਝੁਲਸੀ ਹੋਈ ਜ਼ਮੀਨ ਵਿੱਚ, ਅਸਲੀ ਪਾਣੀ ਦੇ ਤਲਾਅ ਹੋਣਗੇ। ਸੁੱਕੀ ਧਰਤੀ ਉੱਤੇ ਪਾਣੀ ਦੇ ਖੂਹ ਹੋਣਗੇ। ਧਰਤੀ ਵਿੱਚੋਂ ਪਾਣੀ ਵਗੇਗਾ। ਪਾਣੀ ਦੇ ਲੰਮੇ ਪੌਦੇ ਉੱਥੇ ਉੱਗ ਪੈਣਗੇ ਜਿੱਥੇ ਕਦੇ ਜੰਗਲੀ ਜਾਨਵਰਾਂ ਦਾ ਰਾਜ ਸੀ।

ਉਸ ਸਮੇਂ ਓੱਥੇ ਇੱਕ ਸੜਕ ਹੋਵੇਗੀ। ਇਸ ਸ਼ਾਹ ਰਾਹ ਦਾ ਨਾਮ ਹੋਵੇਗਾ “ਪਵਿੱਤਰ ਮਾਰਗ” ਬੁਰੇ ਬੰਦਿਆਂ ਨੂੰ ਇਸ ਸੜਕ ਉੱਤੇ ਤੁਰਨ ਦੀ ਇਜਾਜ਼ਤ ਨਹੀਂ ਹੋਵੇਗੀ ਕੋਈ ਮੂਰਖ ਉਸ ਸੜਕ ਉੱਤੇ ਨਹੀਂ ਚੱਲੇਗਾ। ਸਿਰਫ਼ ਨੇਕ ਬੰਦੇ ਹੀ ਉਸ ਸੜਕ ਉੱਤੇ ਚੱਲਣਗੇ। ਉਸ ਸੜਕ ਉੱਤੇ ਕੋਈ ਖਤਰਾ ਨਹੀਂ ਹੋਵੇਗਾ। ਉਸ ਸੜਕ ਉੱਤੇ ਲੋਕਾਂ ਨੂੰ ਦੁੱਖ ਪਹੁੰਚਾਣ ਵਾਲੇ ਸ਼ੇਰ ਨਹੀਂ ਹੋਣਗੇ। ਉਸ ਸੜਕ ਉੱਤੇ ਖਤਰਨਾਕ ਜਾਨਵਰ ਨਹੀਂ ਹੋਣਗੇ। ਉਹ ਸੜਕ ਉਨ੍ਹਾਂ ਲੋਕਾਂ ਲਈ ਹੋਵੇਗੀ ਜਿਨ੍ਹਾਂ ਨੂੰ ਪਰਮੇਸ਼ੁਰ ਬਚਾਉਂਦਾ ਹੈ।

10 ਪਰਮੇਸ਼ੁਰ ਆਪਣੇ ਲੋਕਾਂ ਨੂੰ ਆਜ਼ਾਦ ਕਰ ਦੇਵੇਗਾ! ਅਤੇ ਉਹ ਲੋਕ ਪਰਤ ਕੇ ਉਸ ਕੋਲ ਆ ਜਾਣਗੇ। ਜਦੋਂ ਲੋਕ ਸੀਯੋਨ ਵਿੱਚ ਆਉਣਗੇ ਤਾਂ ਖੁਸ਼ ਹੋਣਗੇ। ਉਹ ਲੋਕ ਸਦਾ ਲਈ ਖੁਸ਼ ਹੋਣਗੇ। ਉਨ੍ਹਾਂ ਦੀ ਖੁਸ਼ੀ ਉਨ੍ਹਾਂ ਦੇ ਸਿਰ ਉੱਤੇ ਤਾਜ ਵਾਂਗ ਹੋਵੇਗੀ। ਉਨ੍ਹਾਂ ਦੀ ਖੁਸ਼ੀ ਅਤੇ ਆਨੰਦ ਉਨ੍ਹਾਂ ਨੂੰ ਪੂਰੀ ਤਰ੍ਹਾਂ ਭਰਪੂਰ ਕਰ ਦੇਣਗੇ। ਦੁੱਖ ਤੇ ਉਦਾਸੀ ਦੂਰ ਬਹੁਤ ਦੂਰ ਚਲੀ ਜਾਵੇਗੀ।

ਪਰਕਾਸ਼ ਦੀ ਪੋਥੀ 5

ਕੌਣ ਸੂਚੀ ਖੋਲ੍ਹ ਸੱਕਦਾ ਹੈ ?

ਫ਼ੇਰ, ਮੈਂ ਤਖਤ ਤੇ ਬੈਠ ਇੱਕ ਦੇ ਹੱਥ ਵਿੱਚ ਸੂਚੀ ਪੱਤਰ ਵੇਖਿਆ। ਇਸ ਸੂਚੀ ਦੇ ਦੋਹੀਂ ਪਾਸੀਂ ਲਿਖਤ ਸੀ। ਸੂਚੀ ਨੂੰ ਸੱਤ ਮੋਹਰਾਂ ਨਾਲ ਬੰਦ ਕਰਕੇ ਰੱਖਿਆ ਹੋਇਆ ਸੀ। ਅਤੇ ਮੈਂ ਇੱਕ ਸ਼ਕਤੀਸ਼ਾਲੀ ਦੂਤ ਦੇਖਿਆ। ਦੂਤ ਨੇ ਉੱਚੀ ਅਵਾਜ਼ ਵਿੱਚ ਆਖਿਆ, “ਕੌਣ ਇਨ੍ਹਾਂ ਮੋਹਰਾਂ ਨੂੰ ਤੋੜਨ ਅਤੇ ਸੂਚੀ ਪੱਤਰ ਨੂੰ ਖੋਲ੍ਹਣ ਦੇ ਸਾਮਰਥੀ ਹੈ?” ਪਰ ਉੱਥੇ ਸਵਰਗ, ਧਰਤੀ ਜਾਂ ਧਰਤੀ ਦੇ ਹੇਠਾਂ ਕੋਈ ਵੀ ਅਜਿਹਾ ਨਹੀਂ ਸੀ ਜਿਹੜਾ ਸੂਚੀ ਪੱਤਰ ਖੋਲ੍ਹ ਸੱਕੇ ਜਾਂ ਅੰਦਰ ਝਾਕ ਸੱਕੇ। ਮੈਂ ਚੀਕਿਆ ਅਤੇ ਚੀਕਿਆ ਕਿਉਂ ਕਿ ਉੱਥੇ ਅਜਿਹਾ ਕੋਈ ਨਹੀ ਸੀ ਜਿਹੜਾ ਸੂਚੀ ਪੱਤਰ ਖੋਲ੍ਹਣ ਜਾਂ ਉਸ ਦੇ ਅੰਦਰ ਝਾਕਣ ਦੇ ਸਮਰੱਥ ਹੁੰਦਾ। ਪਰ ਬਜ਼ੁਰਗਾਂ ਵਿੱਚੋਂ ਇੱਕ ਨੇ ਮੈਨੂੰ ਆਖਿਆ ਰੋ ਨਾ। “ਯਹੂਦਾਹ ਦੇ ਵੰਸ਼ ਵਿੱਚੋਂ ਇੱਕ ਸ਼ੇਰ ਨੇ ਫ਼ਤੇਹ ਹਾਸਿਲ ਕਰ ਲਈ ਹੈ। ਉਹ ਦਾਊਦ ਦੀ ਔਲਾਦ ਹੈ। ਉਹ ਇਸ ਸੂਚੀ ਪੱਤਰ ਅਤੇ ਇਸ ਦੀਆਂ ਸੱਤਾਂ ਮੋਹਰਾਂ ਨੂੰ ਖੋਲ੍ਹਣ ਦੇ ਸਮਰਥ ਹੈ।”

ਫ਼ੇਰ ਮੈਂ ਤਖਤ ਦੇ ਸਾਹਮਣੇ ਉਨ੍ਹਾਂ ਚਾਰ ਸਜੀਵ ਚੀਜ਼ਾਂ ਅਤੇ ਬਜ਼ੁਰਗਾਂ ਦੇ ਵਿੱਚਕਾਰ ਇੱਕ ਲੇਲਾ ਖੜ੍ਹਾ ਦੇਖਿਆ। ਲੇਲਾ ਇਉਂ ਦਿੱਸਦਾ ਸੀ ਜਿਵੇਂ ਮਰਿਆ ਹੋਵੇ। ਇਸਦੇ ਸੱਤ ਸਿੰਗ ਅਤੇ ਸੱਤ ਅੱਖਾਂ ਸਨ। ਇਹ ਪਰਮੇਸ਼ੁਰ ਦੇ ਸੱਤ ਆਤਮੇ ਸਨ ਜਿਹੜੇ ਦੁਨੀਆਂ ਵਿੱਚ ਭੇਜੇ ਗਏ ਸਨ। ਲੇਲਾ ਆਇਆ ਅਤੇ ਉਸ ਨੇ ਉਸ ਦੇ ਸੱਜੇ ਹੱਥ ਵਿੱਚੋਂ, ਜਿਹੜਾ ਤਖਤ ਤੇ ਬੈਠਾ ਸੀ, ਸੂਚੀ ਫ਼ੜ ਲਈ। ਜਦੋਂ ਲੇਲੇ ਨੇ ਸੂਚੀ ਪੱਤਰ ਲਿਆ, ਚਾਰ ਸਜੀਵ ਚੀਜ਼ਾਂ ਅਤੇ ਚੌਵੀ ਬਜ਼ੁਰਗ ਉਸ ਅੱਗੇ ਝੁਕ ਗਏ। ਉਨ੍ਹਾਂ ਵਿੱਚੋਂ ਹਰ ਕਿਸੇ ਕੋਲ ਇੱਕ ਰਬਾਬ ਅਤੇ ਧੂਪ ਨਾਲ ਭਰੇ ਹੋਏ ਸੁਨਿਹਰੀ ਕਲਸ਼ ਫ਼ੜੇ ਹੋਏ ਸਨ। ਇਹ ਧੂਪ ਦੇ ਕਲਸ਼ ਪਰਮੇਸ਼ੁਰ ਦੇ ਪਵਿੱਤਰ ਲੋਕਾਂ ਦੀਆਂ ਪ੍ਰਾਰਥਨਾ ਸਨ।

ਅਤੇ ਉਨ੍ਹਾਂ ਸਾਰਿਆਂ ਨੇ ਲੇਲੇ ਨੂੰ ਇੱਕ ਨਵਾਂ ਗੀਤ ਸੁਣਾਇਆ:

“ਤੂੰ ਇਹ ਸੂਚੀ ਪੱਤਰ ਲੈ ਕੇ ਇਸ ਦੀਆਂ
    ਮੋਹਰਾਂ ਖੋਲ੍ਹਣ ਦੇ ਯੋਗ ਹੈਂ।
ਕਿਉਂਕਿ ਤੂੰ ਮਾਰਿਆ ਗਿਆ ਸੀ
    ਅਤੇ ਤੇਰੇ ਲਹੂ ਦੁਆਰਾ ਤੂੰ ਹਰ ਵੰਸ਼ ਤੋਂ ਲੋਕਾਂ ਨੂੰ ਭਾਸ਼ਾ,
    ਜਾਤੀ ਅਤੇ ਕੌਮ ਨੂੰ ਪਰਮੇਸ਼ੁਰ ਲਈ ਖਰੀਦਿਆ।
10 ਤੂੰ ਇਨ੍ਹਾਂ ਲੋਕਾਂ ਨੂੰ ਇੱਕ ਸਲਤਨਤ ਬਣਾਇਆ,
    ਅਤੇ ਤੂੰ ਉਨ੍ਹਾਂ ਨੂੰ ਸਾਡੇ ਪਰਮੇਸ਼ੁਰ ਦੇ ਜਾਜਕ ਹੋਣ ਲਈ ਬਣਾਇਆ ਉਹ ਧਰਤੀ ਉੱਤੇ ਸ਼ਾਸਨ ਕਰਨਗੇ।”

11 ਫ਼ੇਰ ਮੈਂ ਦੇਖਿਆ, ਅਤੇ ਬਹੁਤ ਸਾਰੇ ਦੂਤਾਂ ਦੀਆਂ ਅਵਾਜ਼ਾਂ ਸੁਣੀਆਂ। ਦੂਤ, ਚਾਰ ਸਜੀਵ ਚੀਜ਼ਾਂ ਅਤੇ ਬਜ਼ੁਰਗ ਤਖਤ ਦੇ ਆਲੇ-ਦੁਆਲੇ ਸਨ। ਉੱਥੇ ਅਣਗਿਣਤ ਦੂਤ ਸਨ। 12 ਦੂਤਾਂ ਨੇ ਇੱਕ ਉੱਚੀ ਅਵਾਜ਼ ਵਿੱਚ ਆਖਿਆ:

“ਉਹ ਲੇਲਾ ਜਿਹੜਾ ਮਾਰਿਆ ਗਿਆ ਸੀ, ਸ਼ਕਤੀ, ਧਨ, ਸਿਆਣਪ, ਤਾਕਤ, ਸਤਿਕਾਰ,
    ਮਹਿਮਾ ਅਤੇ ਉਸਤਤਿ ਪ੍ਰਾਪਤ ਕਰਨ ਦੇ ਯੋਗ ਹੈ।”

13 ਫ਼ੇਰ ਮੈਂ ਸਵਰਗ ਵਿੱਚਲੀ, ਧਰਤੀ ਉਤਲੀ ਅਤੇ ਧਰਤੀ ਹੇਠਲੀ ਅਤੇ ਸਮੁੰਦਰ ਵਿੱਚਲੀ ਹਰ ਸਜੀਵ ਚੀਜ਼ ਨੂੰ ਸੁਣਿਆ। ਅਤੇ ਉਸ ਵਿੱਚਲੀ ਹਰ ਸ਼ੈਅ ਨੂੰ ਇੱਕਲਿਆਂ ਇਹ ਕਹਿੰਦਿਆਂ ਸੁਣਿਆ:

“ਉਸ ਇੱਕ ਨੂੰ ਜਿਹੜਾ ਤਖਤ ਤੇ ਬੈਠਦਾ ਹੈ ਅਤੇ ਲੇਲੇ ਨੂੰ ਹਮੇਸ਼ਾ ਹਮੇਸ਼ਾ ਲਈ
    ਸਾਰੀ ਉਸਤਤਿ, ਸਤਿਕਾਰ, ਮਹਿਮਾ ਅਤੇ ਸ਼ਕਤੀ।”

14 ਚੌਹਾਂ ਸਜੀਵ ਚੀਜ਼ਾਂ ਨੇ ਆਖਿਆ, “ਆਮੀਨ।” ਅਤੇ ਬਜ਼ੁਰਗ ਥੱਲੇ ਝੁਕੇ ਅਤੇ ਉਪਾਸਨਾ ਕੀਤੀ।

Punjabi Bible: Easy-to-Read Version (ERV-PA)

2010 by World Bible Translation Center