M’Cheyne Bible Reading Plan
ਕਰਜ਼ਾ ਮਾਫ਼ੀ ਦਾ ਖਾਸ ਵਰ੍ਹਾ
15 “ਹਰ ਸੱਤ ਸਾਲਾਂ ਬਾਦ, ਤੁਹਾਨੂੰ ਕਰਜ਼ੇ ਖਤਮ ਕਰ ਦੇਣੇ ਚਾਹੀਦੇ ਹਨ। 2 ਇਸਦਾ ਢੰਗ ਇਹ ਹੈ: ਹਰ ਇਸਰਾਏਲੀ ਜਿਸਨੇ ਕਿਸੇ ਦੂਸਰੇ ਇਸਰਾਏਲੀ ਨੂੰ ਕਰਜ਼ਾ ਦਿੱਤਾ ਹੈ ਉਸ ਨੂੰ ਉਹ ਕਰਜ਼ਾ ਮਾਫ਼ ਕਰ ਦੇਣਾ ਚਾਹੀਦਾ ਹੈ। ਉਸ ਨੂੰ ਆਪਣੇ ਭਰਾ (ਇਸਰਾਏਲੀ) ਨੂੰ ਕਰਜ਼ਾ ਵਾਪਸ ਕਰਨ ਲਈ ਨਹੀਂ ਆਖਣਾ ਚਾਹੀਦਾ। ਕਿਉਂਕਿ ਯਹੋਵਾਹ ਨੇ ਉਸ ਵਰ੍ਹੇ ਦੌਰਾਨ ਕਰਜ਼ੇ ਮਾਫ਼ ਕਰਨ ਲਈ ਆਖਿਆ ਸੀ। 3 ਤੁਹਾਨੂੰ ਕਰਜ਼ਾ ਵਾਪਸ ਲੈਣ ਲਈ ਕਿਸੇ ਵਿਦੇਸ਼ੀ ਦੀ ਲੋੜ ਪੈ ਸੱਕਦੀ ਹੈ। ਪਰ ਤੁਹਾਨੂੰ ਕਿਸੇ ਵੀ ਇਸਰਾਏਲੀ ਨੂੰ ਦਿੱਤੇ ਹੋਏ ਕਰਜ਼ੇ ਨੂੰ ਮਾਫ਼ ਕਰ ਦੇਣਾ ਚਾਹੀਦਾ ਹੈ। 4 ਤੁਹਾਨੂੰ ਆਪਣੇ ਦੇਸ਼ ਵਿੱਚ ਗਰੀਬ ਲੋਕ ਨਹੀਂ ਹੋਣ ਦੇਣੇ ਚਾਹੀਦੇ। ਕਿਉਂਕਿ ਯਹੋਵਾਹ ਤੁਹਾਨੂੰ ਇਹ ਦੇਸ਼ ਦੇ ਰਿਹਾ ਹੈ ਅਤੇ ਉਹ ਤੁਹਾਨੂੰ ਮਹਾਨ ਅਸੀਸਾਂ ਦੇਵੇਗਾ। 5 ਪਰ ਅਜਿਹਾ ਹੁਣ ਹੀ ਵਾਪਰੇਗਾ ਜੇ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਦਾ ਹੁਕਮ ਮੰਨੋਗੇ। ਤੁਹਾਨੂੰ ਹਰ ਉਸ ਹੁਕਮ ਦੀ ਪਾਲਣਾ ਕਰਨ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਹੜਾ ਮੈਂ ਤੁਹਾਨੂੰ ਅੱਜ ਦੱਸਿਆ ਹੈ। 6 ਫ਼ੇਰ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਉਸੇ ਤਰ੍ਹਾਂ ਅਸੀਸ ਦੇਵੇਗਾ ਜਿਵੇਂ ਉਸ ਨੇ ਇਕਰਾਰ ਕੀਤਾ ਹੈ। ਅਤੇ ਤੁਹਾਡੇ ਕੋਲ ਬਹੁਤ ਸਾਰੀਆਂ ਕੌਮਾਂ ਨੂੰ ਕਰਜ਼ ਦੇਣ ਲਈ ਕਾਫ਼ੀ ਧੰਨ ਹੋਵੇਗਾ। ਪਰ ਤੁਹਾਨੂੰ ਕਿਸੇ ਕੋਲੋਂ ਕਰਜ਼ਾ ਲੈਣ ਦੀ ਲੋੜ ਨਹੀਂ ਪਵੇਗੀ। ਤੁਸੀਂ ਬਹੁਤ ਸਾਰੀਆਂ ਕੌਮਾਂ ਉੱਤੇ ਰਾਜ ਕਰੋਂਗੇ। ਪਰ ਉਨ੍ਹਾਂ ਵਿੱਚੋਂ ਕੋਈ ਵੀ ਕੌਮ ਤੁਹਾਡੇ ਉੱਪਰ ਰਾਜ ਨਹੀਂ ਕਰੇਗੀ।
7 “ਜਦੋਂ ਤੁਸੀਂ ਉਸ ਧਰਤੀ ਉੱਤੇ ਰਹਿ ਰਹੇ ਹੋਵੋਂਗੇ ਜਿਹੜੀ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੇ ਰਿਹਾ ਹੈ, ਉੱਥੇ ਤੁਹਾਡੇ ਦਰਮਿਆਨ ਕੋਈ ਗਰੀਬ ਵਿਅਕਤੀ ਹੋ ਸੱਕਦਾ। ਤੁਹਾਨੂੰ ਖੁਦਗਰਜ਼ ਨਹੀਂ ਹੋਣਾ ਚਾਹੀਦਾ। ਤੁਹਾਨੂੰ ਉਸ ਗਰੀਬ ਵਿਅਕਤੀ ਨੂੰ ਸਹਾਇਤਾ ਦੇਣ ਤੋਂ ਇਨਕਾਰ ਨਹੀਂ ਕਰਨਾ ਚਾਹੀਦਾ। 8 ਤੁਹਾਨੂੰ ਉਸ ਨਾਲ ਸਾਂਝ ਪਾਉਣ ਲਈ ਤਿਆਰ ਰਹਿਣਾ ਚਾਹੀਦਾ ਹੈ। ਤੁਹਾਨੂੰ ਉਸ ਬੰਦੇ ਨੂੰ ਉਸਦੀ ਲੋੜ ਪੂਰੀ ਕਰਨ ਲਈ ਕਰਜ਼ ਦੇਣਾ ਚਾਹੀਦਾ ਹੈ।
9 “ਕਿਸੇ ਵੀ ਬੰਦੇ ਨੂੰ ਸਿਰਫ਼ ਇਸ ਵਾਸਤੇ ਸਹਾਇਤਾ ਕਰਨ ਤੋਂ ਇਨਕਾਰ ਨਾ ਕਰੋ ਕਿ ਸੱਤਵਾਂ ਵਰ੍ਹਾ, ਕਰਜ਼ਿਆਂ ਦੀ ਮਾਫ਼ੀ ਦਾ ਵਰ੍ਹਾ, ਨੇੜੇ ਹੈ। ਆਪਣੇ ਮਨ ਵਿੱਚ ਅਜਿਹਾ ਮੰਦਾ ਵਿੱਚਾਰ ਨਾ ਆਉਣ ਦਿਉ। ਤੁਹਾਨੂੰ ਕਿਸੇ ਵੀ ਬੰਦੇ ਬਾਰੇ ਮੰਦਾ ਨਹੀਂ ਸੋਚਣਾ ਚਾਹੀਦਾ ਜਿਸ ਨੂੰ ਤੁਹਾਡੀ ਸਹਾਇਤਾ ਦੀ ਲੋੜ ਹੋਵੇ ਅਤੇ ਉਸਦੀ ਸਹਾਇਟਾ ਕਰਨ ਤੋਂ ਕਦੇ ਵੀ ਇਨਕਾਰ ਨਹੀਂ ਕਰਨਾ ਚਾਹੀਦਾ। ਜੇ ਤੁਸੀਂ ਉਸ ਗਰੀਬ ਵਿਅਕਤੀ ਦੀ ਸਹਾਇਤਾ ਨਹੀਂ ਕਰੋਂਗੇ, ਉਹ ਯਹੋਵਾਹ ਅੱਗੇ ਤੁਹਾਡੇ ਖਿਲਾਫ਼ ਸ਼ਿਕਾਇਤ ਕਰੇਗਾ ਅਤੇ ਯਹੋਵਾਹ ਤੁਹਾਨੂੰ ਪਾਪ ਦਾ ਦੋਸ਼ੀ ਪਾਵੇਗਾ।
10 “ਗਰੀਬ ਵਿਅਕਤੀ ਨੂੰ ਆਪਣੀ ਸਮਰਥਾ ਅਨੁਸਾਰ ਦਿਉ। ਉਸ ਨੂੰ ਦੇਣ ਲੱਗਿਆ ਬੁੱਰਾ ਮਹਿਸੂਸ ਨਾ ਕਰੋ। ਕਿਉਂਕਿ ਯਹੋਵਾਹ ਤੁਹਾਡਾ ਪਰਮੇਸ਼ੁਰ, ਤੁਹਾਨੂੰ ਇਸ ਨੇਕੀ ਬਦਲੇ ਅਸੀਸ ਦੇਵੇਗਾ। ਉਹ ਤੁਹਾਨੂੰ ਤੁਹਾਡੇ ਸਾਰੇ ਕੰਮਾਂ ਅਤੇ ਸਾਰੀਆਂ ਕਰਨੀਆਂ ਵਿੱਚ ਬਰਕਤ ਦੀ ਅਸੀਸ ਦੇਵੇਗਾ। 11 ਧਰਤੀ ਉੱਤੇ ਹਮੇਸ਼ਾ ਹੀ ਗਰੀਬ ਲੋਕ ਹੋਣਗੇ। ਇਹ ਇਸ ਕਿਉਂਕਿ ਮੈਂ ਤੁਹਾਨੂੰ ਆਪਣੇ ਸਂਗੀ ਇਸਰਾਏਲੀਆਂ ਦੀ ਸਹਾਇਤਾ ਕਰਨ ਲਈ ਤਿਆਰ ਰਹਿਣ ਦਾ ਹੁਕਮ ਦਿੰਦਾ ਹਾਂ। ਆਪਣੀ ਧਰਤੀ ਉੱਤੇ ਲੋੜਵਂਦ ਅਤੇ ਗਰੀਬ ਲੋਕਾਂ ਨੂੰ ਦਯਾਲਤਾ ਨਾਲ ਦਿਉ।
ਗੁਲਾਮਾਂ ਨੂੰ ਆਜ਼ਾਦ ਕਰਨਾ
12 “ਤੁਸੀਂ ਚਾਹੋ ਤਾਂ ਕਿਸੇ ਇਬਰਾਨੀ ਆਦਮੀ ਜਾਂ ਔਰਤ ਨੂੰ ਗੁਲਾਮ ਦੇ ਤੌਰ ਤੇ ਸੇਵਾ ਕਰਨ ਲਈ ਰੱਖ ਸੱਕਦੇ ਹੋ। ਤੁਸੀਂ ਉਸ ਬੰਦੇ ਨੂੰ ਛੇ ਸਾਲ ਲਈ ਗੁਲਾਮ ਰੱਖ ਸੱਕਦੇ ਹੋ। ਪਰ ਸੱਤਵੇਂ ਵਰ੍ਹੇ ਵਿੱਚ ਤੁਹਾਨੂੰ ਉਸ ਬੰਦੇ ਨੂੰ ਆਜ਼ਾਦ ਕਰ ਦੇਣਾ ਚਾਹੀਦਾ ਹੈ। 13 ਪਰ ਜਦੋਂ ਤੁਸੀਂ ਆਪਣੇ ਗੁਲਾਮ ਨੂੰ ਆਜ਼ਾਦ ਕਰੋ ਤਾਂ ਉਸ ਨੂੰ ਖਾਲੀ ਹੱਥ ਨਾ ਭੇਜੋ। 14 ਤੁਹਾਨੂੰ ਉਸ ਬੰਦੇ ਨੂੰ ਆਪਣੇ ਕੁਝ ਪਸ਼ੂ, ਅਨਾਜ ਅਤੇ ਮੈਅ ਦੇਣੀ ਚਾਹੀਦੀ ਹੈ। ਯਹੋਵਾਹ, ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਅਸੀਸ ਦਿੱਤੀ ਸੀ ਅਤੇ ਤੁਹਾਨੂੰ ਚੋਖੀਆਂ ਚੀਜ਼ਾਂ ਦਿੱਤੀਆਂ ਸਨ। ਇਸੇ ਤਰ੍ਹਾਂ ਤੁਹਾਨੂੰ ਵੀ ਕਾਫ਼ੀ ਸਾਰੀਆਂ ਚੰਗੀਆਂ ਚੀਜ਼ਾਂ ਆਪਣੇ ਗੁਲਾਮ ਨੂੰ ਦੇਣੀਆਂ ਚਾਹੀਦੀਆਂ ਹਨ। 15 ਦਿਮਾਗ ਵਿੱਚ ਰੱਖੋ, ਕਿ ਤੁਸੀਂ ਵੀ ਮਿਸਰ ਵਿੱਚ ਗੁਲਾਮ ਸੀ ਅਤੇ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਨੂੰ ਆਜ਼ਾਦ ਕੀਤਾ ਸੀ। ਇਸੇ ਲਈ ਮੈਂ ਅੱਜ ਤੁਹਾਨੂੰ ਇਹ ਹੁਕਮ ਦੇ ਰਿਹਾ ਹਾਂ।
16 “ਤੁਹਾਡੇ ਗੁਲਾਮਾਂ ਵਿੱਚੋਂ ਕੋਈ ਜਣਾ ਤੁਹਾਨੂੰ ਇਹ ਵੀ ਆਖ ਸੱਕਦਾ ਹੈ, ‘ਮੈਂ ਤੁਹਾਨੂੰ ਛੱਡ ਕੇ ਨਹੀਂ ਜਾਵਾਂਗਾ।’ ਹੋ ਸੱਕਦਾ ਹੈ ਕਿ ਉਹ ਇਹ ਗੱਲ ਇਸ ਵਾਸਤੇ ਆਖੇ ਕਿਉਂ ਕਿ ਉਹ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਪਿਆਰ ਕਰਦਾ ਅਤੇ ਕਿਉਂਕਿ ਉਸ ਨੇ ਤੁਹਾਡੇ ਨਾਲ ਚੰਗਾ ਜੀਵਨ ਬਿਤਾਇਆ ਹੈ। 17 ਉਸ ਨੌਕਰ ਨੂੰ ਆਖੋ ਕਿ ਉਹ ਤੁਹਾਡੇ ਦਰਵਾਜ਼ੇ ਨਾਲ ਆਪਣਾ ਕੰਨ ਲਾਵੇ, ਅਤੇ ਕੋਈ ਤਿਖਾ ਔਜ਼ਾਰ ਲੈ ਕੇ ਉਸਦਾ ਕੰਨ ਵਿੰਨ੍ਹ ਦਿਉ। ਇਸਤੋਂ ਹਮੇਸ਼ਾ ਇਸਦਾ ਪਤਾ ਲੱਗੇਗਾ ਕਿ ਉਹ ਤੁਹਾਡਾ ਗੁਲਾਮ ਹੈ। ਤੁਹਾਨੂੰ ਇਹ ਗੱਲ ਆਪਣੀਆਂ ਉਨ੍ਹਾਂ ਗੁਲਾਮ ਔਰਤਾਂ ਨਾਲ ਵੀ ਕਰਨੀ ਚਾਹੀਦੀ ਹੈ ਜਿਹੜੀਆਂ ਤੁਹਾਡੇ ਨਾਲ ਰਹਿਣਾ ਚਾਹੁੰਦੀਆਂ ਹੋਣ।
18 “ਆਪਣੇ ਗੁਲਾਮ ਨੂੰ ਆਜ਼ਾਦੀ ਦਿੰਦਿਆਂ ਬੁਰਾ ਮਹਿਸੂਸ ਨਾ ਕਰੋ। ਯਾਦ ਰੱਖੋ! ਉਸ ਨੇ ਛੇ ਸਾਲ ਤੱਕ ਤੁਹਾਡੀ ਭਾੜੇ ਦੇ ਮਜ਼ਦੂਰ ਨਾਲੋਂ ਅੱਧੇ ਪੈਸਿਆਂ ਵਿੱਚ ਸੇਵਾ ਕੀਤੀ ਸੀ। ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਡੇ ਹਰ ਕੰਮ ਵਿੱਚ ਬਰਕਤ ਦੇਵੇਗਾ।
ਪਹਿਲੋਠੇ ਜਾਨਵਰਾਂ ਬਾਰੇ ਬਿਧੀਆਂ
19 “ਤੁਹਾਡੇ ਵੱਗ ਅਤੇ ਇੱਜੜ ਦੇ ਪਹਿਲੋਠੇ ਨਰ ਖਾਸ ਹਨ। ਤੁਹਾਨੂੰ ਇਹ ਜਾਨਵਰ ਯਹੋਵਾਹ ਆਪਣੇ ਪਰਮੇਸ਼ੁਰ ਲਈ ਅਲੱਗ ਕਰ ਲੈਣੇ ਚਾਹੀਦੇ ਹਨ। ਪਹਿਲੋਠੇ ਜਨਮੇ ਬਲਦ ਤੋਂ ਕੰਮ ਨਾ ਲਵੋ ਅਤੇ ਪਲੋਠੀ ਜਨਮੀ ਭੇਡ ਦੀ ਉੱਨ ਨਾ ਲਾਹੋ। 20 ਹਰ ਸਾਲ, ਤੁਹਾਨੂੰ ਇਨ੍ਹਾਂ ਜਾਨਵਰਾਂ ਨੂੰ ਉਸ ਥਾਂ ਉੱਤੇ ਲੈ ਕੇ ਜਾਣਾ ਚਾਹੀਦਾ, ਜਿਸਦੀ ਚੋਣ ਯਹੋਵਾਹ ਕਰੇਗਾ। ਓੱਥੇ, ਤੁਸੀਂ ਅਤੇ ਤੁਹਾਡਾ ਪਰਿਵਾਰ ਇਨ੍ਹਾਂ ਜਾਨਵਰਾਂ ਨੂੰ ਯਹੋਵਾਹ ਆਪਣੇ ਪਰਮੇਸ਼ੁਰ ਦੀ ਹਾਜ਼ਰੀ ਵਿੱਚ ਖਾਵੋਂਗੇ।
21 “ਪਰ ਜੇ ਇਨ੍ਹਾਂ ਵਿੱਚੋਂ ਕਿਸੇ ਜਾਨਵਰ ਵਿੱਚ ਕੋਈ ਨੁਕਸ ਹੈ-ਜੇ ਇਹ ਲੰਗੜਾ ਜਾਂ ਅੰਨ੍ਹਾ ਜਾਂ ਇਸ ਵਿੱਚ ਕੋਈ ਹੋਰ ਖਰਾਬੀ ਹੈ, ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਅੱਗੇ ਇਸ ਜਾਨਵਰ ਦੀ ਬਲੀ ਨਹੀਂ ਚੜ੍ਹਾਉਣੀ ਚਾਹੀਦੀ। 22 ਤੁਸੀਂ ਆਪਣੇ ਘਰ ਵਿੱਚ ਇਸ ਜਾਨਵਰ ਦਾ ਮਾਸ ਖਾ ਸੱਕਦੇ ਹੋ। ਕੋਈ ਵੀ ਇਸ ਨੂੰ ਖਾ ਸੱਕਦਾ, ਭਾਵੇਂ ਉਹ ਪਾਕ ਹੈ ਜਾਂ ਨਾਪਾਕ। ਇਸ ਮਾਸ ਨੂੰ ਖਾਣ ਦੀਆਂ ਬਿਧੀਆਂ ਵੀ ਉਹੀ ਹਨ ਜਿਹੜੀਆਂ ਹਿਰਨ ਦੇ ਮਾਸ ਅਤੇ ਗਜ਼ੇਲ ਦੇ ਮਾਸ ਲਈ ਹਨ। 23 ਪਰ ਤੁਹਾਨੂੰ ਕਿਸੇ ਜਾਨਵਰ ਦਾ ਖੂਨ ਨਹੀਂ ਖਾਣਾ ਚਾਹੀਦਾ। ਤੁਹਾਨੂੰ ਉਹ ਖੂਨ ਪਾਣੀ ਵਾਂਗ ਧਰਤੀ ਉੱਤੇ ਡੋਲ੍ਹ ਦੇਣਾ ਚਾਹੀਦਾ ਹੈ।
ਇੱਕ ਦੁੱਖੀ ਬੰਦੇ ਦੀ ਉਸ ਵੇਲੇ ਦੀ ਪ੍ਰਾਰਥਨਾ, ਜਦੋਂ ਉਹ ਆਪਣੇ-ਆਪ ਨੂੰ ਨਿਮਾਣਾ ਸਮਝਦਾ ਅਤੇ ਯਹੋਵਾਹ ਅੱਗੇ ਸ਼ਿਕਾਇਤ ਕਰਨੀ ਚਾਹੁੰਦਾ ਹੈ।
102 ਯਹੋਵਾਹ, ਮੇਰੀ ਪ੍ਰਾਰਥਨਾ ਸੁਣੋ।
ਸਹਾਇਤਾ ਲਈ ਮੇਰੀ ਪ੍ਰਾਰਥਨਾ ਸੁਣੋ।
2 ਯਹੋਵਾਹ, ਮੇਰੇ ਕੋਲੋਂ ਮੁੱਖ ਨਾ ਮੋੜੋ ਜਦੋਂ ਕਿ ਮੈਂ ਮੁਸੀਬਤਾਂ ਵਿੱਚ ਘਿਰਿਆ ਹੋਇਆ ਹਾਂ।
ਜਦੋਂ ਵੀ ਮੈਂ ਸਹਾਇਤਾ ਲਈ ਪੁਕਾਰ ਕਰਾ ਸੁਣੋ ਅਤੇ ਛੇਤੀ ਹੀ ਇਸਦਾ ਉੱਤਰ ਦਿਉ।
3 ਮੇਰੀ ਜ਼ਿੰਦਗੀ ਧੂੰਏ ਦੇ ਵਾਂਗ ਬੀਤ ਰਹੀ ਹੈ।
ਮੇਰੀ ਜ਼ਿੰਦਗੀ ਅੱਗ ਵਾਂਗ ਹੌਲੀ-ਹੌਲੀ ਮੱਚ ਰਹੀ ਹੈ।
4 ਮੇਰੀ ਸ਼ਕਤੀ ਜਾਂਦੀ ਰਹੀ ਹੈ।
ਮੈਂ ਸੁੱਕੇ ਮਰ ਰਹੇ ਘਾਹ ਵਰਗਾ ਹਾਂ।
ਮੈਂ ਆਪਣਾ ਭੋਜਨ ਕਰਨਾ ਵੀ ਭੁੱਲ ਜਾਦਾਂ ਹਾਂ।
5 ਮੇਰੀ ਉਦਾਸੀ ਦੇ ਕਾਰਣ ਮੇਰਾ ਭਾਰ ਘਟ ਰਿਹਾ ਹੈ।
6 ਮੈਂ ਉਜਾੜ ਵਿੱਚ ਰਹਿਣ ਵਾਲੇ ਉੱਲੂ ਵਾਂਗ ਇੱਕਲਾ ਹਾਂ।
ਮੈਂ ਉਸ ਉੱਲੂ ਵਾਂਗ ਇੱਕਲਾ ਹਾਂ ਜੋ ਖੰਡਰਾਂ ਵਿੱਚ ਰਹਿੰਦਾ ਹੈ।
7 ਮੈਨੂੰ ਨੀਂਦ ਨਹੀਂ ਆਉਂਦੀ।
ਮੈਂ ਛੱਤ ਉੱਤੇ ਬੈਠੇ ਪੰਛੀ ਵਾਂਗ ਹਾਂ।
8 ਮੇਰੇ ਦੁਸ਼ਮਣ ਹਮੇਸ਼ਾ ਮੇਰਾ ਨਿਰਾਦਰ ਕਰਦੇ ਹਨ।
ਉਹ ਮੇਰਾ ਮਜ਼ਾਕ ਉਡਾਉਂਦੇ ਹਨ ਅਤੇ ਮੈਨੂੰ ਸਰਾਪ ਦਿੰਦੇ ਹਨ।
9 ਮੇਰੀ ਮਹਾ ਉਦਾਸੀ ਹੀ ਸਿਰਫ਼ ਮੇਰਾ ਭੋਜਨ ਹੈ।
ਮੇਰੇ ਹੰਝੂ ਮੇਰੇ ਪਿਆਲੇ ਵਿੱਚ ਡਿੱਗਦੇ ਹਨ।
10 ਕਿਉਂਕਿ ਯਹੋਵਾਹ ਤੁਸੀਂ ਮੇਰੇ ਨਾਲ ਨਾਰਾਜ਼ ਹੋ।
ਤੁਸਾਂ ਮੈਨੂੰ ਉਤਾਹਾਂ ਚੁੱਕਿਆ ਅਤੇ ਫ਼ੇਰ ਤੁਸਾਂ ਮੈਨੂੰ ਦੂਰ ਸੁੱਟ ਦਿੱਤਾ।
11 ਮੇਰੀ ਜ਼ਿੰਦਗੀ ਆਥਣ ਦੇ ਲੰਮਿਆਂ ਪਰਛਾਵਿਆਂ ਵਾਂਗ ਮੁੱਕਣ ਹੀ ਵਾਲੀ ਹੈ।
ਮੈਂ ਸੁੱਕੇ ਅਤੇ ਮਰ ਰਹੇ ਘਾਹ ਵਾਂਗ ਹਾਂ।
12 ਪਰ ਯਹੋਵਾਹ, ਤੁਸੀਂ ਸਦਾ ਲਈ ਰਹੋਂਗੇ।
ਤੁਹਾਡਾ ਨਾਮ ਸਦਾ-ਸਦਾ ਲਈ ਰਹੇਗਾ।
13 ਤੁਸੀਂ ਉੱਠੋਂਗੇ ਅਤੇ ਸੀਯੋਨ ਨੂੰ ਅਰਾਮ ਦਿਉਂਗੇ।
ਵਕਤ ਆ ਰਿਹਾ ਹੈ ਜਦੋਂ ਤੁਸੀਂ ਸੀਯੋਨ ਉੱਤੇ ਮਿਹਰਬਾਨ ਹੋਵੋਂਗੇ।
14 ਤੁਹਾਡੇ ਸੇਵਕ ਉਸ ਸੀਯੋਨ ਪੱਥਰ ਨੂੰ ਪਿਆਰ ਕਰਦੇ ਹਨ।
ਉਹ ਉਸ ਸ਼ਹਿਰ ਦੀ ਮਿੱਟੀ ਨੂੰ ਵੀ ਪਿਆਰ ਕਰਦੇ ਹਨ।
15 ਲੋਕ ਯਹੋਵਾਹ ਦੇ ਨਾਮ ਦੀ ਉਪਾਸਨਾ ਕਰਨਗੇ।
ਹੇ ਪਰਮੇਸ਼ੁਰ, ਧਰਤੀ ਦੇ ਸਾਰੇ ਰਾਜੇ ਤੁਹਾਨੂੰ ਸਤਿਕਾਰਨਗੇ।
16 ਯਹੋਵਾਹ ਫ਼ੇਰ ਸੀਯੋਨ ਦੀ ਉਸਾਰੀ ਕਰੇਗਾ।
ਲੋਕ ਉਸਦੀ ਮਹਿਮਾ ਨੂੰ ਫ਼ੇਰ ਵੇਖਣਗੇ।
17 ਪਰਮੇਸੁਰ ਉਨ੍ਹਾਂ ਲੋਕਾਂ ਦੀਆਂ ਪ੍ਰਾਰਥਨਾ ਸੁਣੇਗਾ
ਜਿਨ੍ਹਾਂ ਨੂੰ ਉਸ ਨੇ ਜਿਉਂਦਿਆਂ ਛੱਡ ਦਿੱਤਾ।
18 ਇਨ੍ਹਾਂ ਗੱਲਾਂ ਨੂੰ ਆਉਣ ਵਾਲੀ ਪੀੜੀ ਲਈ ਲਿਖੋ।
ਅਤੇ ਭਵਿੱਖ ਵਿੱਚ ਉਹ ਲੋਕ ਯਹੋਵਾਹ ਦੀ ਉਸਤਤਿ ਕਰਨਗੇ।
19 ਯਹੋਵਾਹ ਸਵਰਗ ਵਿੱਚੋਂ ਹੇਠਾਂ ਧਰਤੀ ਉੱਤੇ ਵੇਖੇਗਾ।
20 ਅਤੇ ਉਹ ਬੰਦੀਵਾਨਾਂ ਦੀਆਂ ਪ੍ਰਾਰਥਨਾ ਸੁਣੇਗਾ।
ਉਹ ਉਨ੍ਹਾਂ ਲੋਕਾਂ ਨੂੰ ਮੁਕਤ ਕਰ ਦੇਵੇਗਾ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਮਿਲੀ ਸੀ।
21 ਫ਼ੇਰ ਸੀਯੋਨ ਦੇ ਲੋਕ ਯਹੋਵਾਹ ਬਾਰੇ ਦੱਸਣਗੇ।
ਉਹ ਯਰੂਸ਼ਲਮ ਵਿੱਚ ਉਸ ਦੇ ਨਾਮ ਦੀ ਉਸਤਤਿ ਕਰਨਗੇ।
22 ਕੌਮਾਂ ਆਪਸ ਵਿੱਚ ਇਕੱਠੀਆਂ ਹੋਣਗੀਆਂ
ਬਾਦਸ਼ਾਹੀਆਂ ਯਹੋਵਾਹ ਦੀ ਸੇਵਾ ਕਰਨ ਲਈ ਆਉਣਗੀਆਂ।
23 ਮੇਰੀ ਤਾਕਤ ਹੀਣ ਹੋ ਗਈ ਹੈ।
ਮੇਰੀ ਜ਼ਿੰਦਗੀ ਛੋਟੀ ਬਣਾ ਦਿੱਤੀ ਗਈ ਹੈ।
24 ਇਸ ਲਈ ਮੈਂ ਆਖਿਆ, “ਮੈਨੂੰ ਉਦੋਂ ਤੱਕ ਨਾ ਮਰਨ ਦਿਉ ਜਦੋਂ ਤੱਕ ਮੈਂ ਜਵਾਨ ਹਾਂ।
ਹੇ ਪਰਮੇਸ਼ੁਰ ਤੁਸੀਂ ਸਦਾ-ਸਦਾ ਲਈ ਰਹੋਂਗ਼ੇ।
25 ਤੁਸੀਂ ਬਹੁਤ ਪਹਿਲਾਂ ਦੁਨੀਆਂ ਸਾਜੀ ਸੀ।
ਤੁਸੀਂ ਆਪਣੇ ਹੱਥੀਂ ਅਕਾਸ਼ ਬਣਾਇਆ ਸੀ।
26 ਦੁਨੀਆਂ ਅਤੇ ਅਕਾਸ਼ ਖਤਮ ਹੋ ਜਾਣਗੇ ਪਰ ਤੁਸੀਂ ਸਦਾ ਲਈ ਰਹੋਂਗੇ।
ਉਹ ਪੁਰਾਣੇ ਕੱਪੜਿਆਂ ਵਾਂਗ ਹੰਡ ਜਾਵਣਗੇ।
ਅਤੇ ਤੁਸੀਂ ਉਨਾਂ ਨੂੰ ਕੱਪੜਿਆਂ ਵਾਂਗ ਹੀ ਬਦਲ ਦਿਉਂਗੇ।
ਉਹ ਸਾਰੇ ਹੀ ਬਦਲੇ ਜਾਣਗੇ।
27 ਪਰ ਤੁਸੀਂ ਪਰਮੇਸ਼ੁਰ, ਕਦੇ ਨਹੀਂ ਬਦਲੋਂਗੇ।
ਤੁਸੀਂ ਸਦਾ ਲਈ ਰਹੋਂਗੇ।
28 ਅੱਜ ਅਸੀਂ ਤੁਹਾਡੇ ਸੇਵਕ ਹਾਂ।
ਸਾਡੇ ਬੱਚੇ ਇੱਥੇ ਰਹਿਣਗੇ।
ਅਤੇ ਉਨ੍ਹਾਂ ਦੀ ਉਲਾਦ ਵੀ ਤੁਹਾਡੀ ਉਪਾਸਨਾ ਕਰਨ ਲਈ ਇੱਥੇ ਹੀ ਹੋਵੇਗੀ।”
ਯਹੋਵਾਹ ਦਾ ਖਾਸ ਸੇਵਕ
42 “ਮੇਰੇ ਸੇਵਕ ਵੱਲ ਵੇਖੋ!
ਮੈਂ ਉਸ ਨੂੰ ਆਸਰਾ ਦਿੰਦਾ ਹਾਂ।
ਉਹੀ ਹੈ ਜਿਸਦੀ ਮੈਂ ਚੋਣ ਕੀਤੀ ਸੀ।
ਤੇ ਮੈਂ ਉਸ ਉੱਤੇ ਬਹੁਤ ਹੀ ਪ੍ਰਸੰਨ ਹਾਂ।
ਮੈਂ ਆਪਣਾ ਆਤਮਾ ਉਸ ਅੰਦਰ ਰੱਖ ਦਿੱਤਾ ਸੀ।
ਉਹ ਨਿਰਪੱਖ ਹੋਕੇ ਕੌਮਾਂ ਦਾ ਨਿਆਂ ਕਰੇਗਾ।
2 ਉਹ ਗਲੀਆਂ ਵਿੱਚ ਉੱਚੀ ਨਹੀਂ ਬੋਲੇਗਾ।
ਉਹ ਚੀਖੇਗਾ ਨਹੀਂ ਤੇ ਨਾ ਹੀ ਚਾਂਗਰਾਂ ਮਾਰੇਗਾ।
3 ਉਹ ਬਹੁਤ ਕੋਮਲ ਹੋਵੇਗਾ।
ਉਹ ਕੁਚਲੇ ਹੋਏ ਤੀਲੇ ਨੂੰ ਵੀ ਨਹੀਂ ਤੋਂੜੇਗਾ।
ਉਹ ਕਿਸੇ ਮੱਧਮ ਲੋਅ ਨੂੰ ਵੀ ਨਹੀਂ ਬੁਝਾਵੇਗਾ।
ਉਹ ਨਿਰਪੱਖ ਹੋਕੇ ਨਿਆਂ ਕਰੇਗਾ ਤੇ ਸੱਚ ਨੂੰ ਲੱਭੇਗਾ।
4 ਉਹ ਕਮਜ਼ੋਰ ਜਾਂ ਦਬਿਆ ਕੱੁਚੱਲਿਆ ਹੋਇਆ ਨਹੀਂ ਹੋਵੇਗਾ
ਜਦੋਂ ਤੀਕ ਉਹ ਦੁਨੀਆਂ ਅੰਦਰ ਇਨਸਾਫ਼ ਨਹੀਂ ਲਿਆਉਂਦਾ।
ਦੂਰ-ਦੁਰਾਡੇ ਦੇ ਲੋਕ ਉਸ ਦੀਆਂ ਸਾਖੀਆਂ ਵਿੱਚ ਭਰੋਸਾ ਕਰਨਗੇ।”
ਯਹੋਵਾਹ ਦੁਨੀਆਂ ਦਾ ਹਾਕਮ ਤੇ ਸਿਰਜਣਹਾਰਾ ਹੈ
5 ਸੱਚੇ ਪਰਮੇਸ਼ੁਰ, ਯਹੋਵਾਹ ਨੇ ਇਹ ਗੱਲਾਂ ਆਖੀਆਂ। (ਯਹੋਵਾਹ ਨੇ ਅਕਾਸ਼ਾਂ ਨੂੰ ਸਾਜਿਆ। ਯਹੋਵਾਹ ਨੇ ਅਕਾਸ਼ਾਂ ਨੂੰ ਧਰਤੀ ਉੱਤੇ ਫ਼ੈਲਾਇਆ। ਉਸ ਨੇ ਧਰਤੀ ਉਤਲੀ ਹਰ ਚੀਜ਼ ਨੂੰ ਵੀ ਸਾਜਿਆ। ਯਹੋਵਾਹ ਧਰਤੀ ਉੱਤੇ ਸਮੂਹ ਲੋਕਾਂ ਵਿੱਚ ਜੀਵਨ ਫੂਕਦਾ ਹੈ। ਯਹੋਵਾਹ ਧਰਤੀ ਉੱਤੇ ਤੁਰਨ-ਫ਼ਿਰਨ ਵਾਲੇ ਹਰ ਬੰਦੇ ਨੂੰ ਰੂਹ ਪ੍ਰਦਾਨ ਕਰਦਾ ਹੈ।)
6 “ਮੈਂ, ਯਹੋਵਾਹ ਤੁਹਾਨੂੰ ਸਹੀ ਕੰਮ ਕਰਨ ਲਈ ਆਖਿਆ ਸੀ,
ਮੈਂ ਤੁਹਾਡਾ ਹੱਥ ਫ਼ੜਾਂਗਾ ਤੇ ਮੈਂ ਤੁਹਾਨੂੰ ਬਚਾਵਾਂਗਾ।
ਤੁਸੀਂ ਉਹ ਸੰਕੇਤ ਹੋਵੋਗੇ ਜਿਹੜਾ ਇਹ ਦਰਸਾਵੇਗਾ ਕਿ ਮੇਰਾ ਲੋਕਾਂ ਨਾਲ ਇੱਕ ਇਕਰਾਰਨਾਮਾ ਹੈ।
ਤੁਸੀਂ ਸਮੂਹ ਲੋਕਾਂ ਲਈ ਰੌਸ਼ਨੀ ਹੋਵੋਗੇ।
7 ਤੁਸੀਂ ਅੰਨ੍ਹੇ ਲੋਕਾਂ ਦੀਆਂ ਅੱਖਾਂ ਖੋਲ੍ਹ ਦਿਓਗੇ ਤੇ ਉਹ ਦੇਖਣ ਦੇ ਯੋਗ ਹੋ ਜਾਣਗੇ।
ਬਹੁਤ ਲੋਕ ਕੈਦ ਅੰਦਰ ਹਨ, ਤੁਸੀਂ ਉਨ੍ਹਾਂ ਲੋਕਾਂ ਨੂੰ ਮੁਕਤ ਕਰੋਂਗੇ।
ਬਹੁਤ ਲੋਕ ਹਨੇਰੇ ਅੰਦਰ ਰਹਿੰਦੇ ਨੇ, ਤੁਸੀਂ ਉਨ੍ਹਾਂ ਨੂੰ ਉਸ ਕੈਦ ਵਿੱਚੋਂ ਬਾਹਰ ਕੱਢੋਁਗੇ।
8 “ਮੈਂ ਯਹੋਵਾਹ ਹਾਂ।
ਮੇਰਾ ਨਾਮ ਯਾਹਵੇਹ ਹੈ।
ਮੈਂ ਆਪਣਾ ਪਰਤਾਪ ਕਿਸੇ ਹੋਰ ਨੂੰ ਨਹੀਂ ਦੇਵਾਂਗਾ।
ਮੈਂ ਮੂਰਤੀਆਂ ਨੂੰ ਉਹ ਵਡਿਆਈ ਨਹੀਂ ਲੈਣ ਦੇਵਾਂਗਾ, ਜਿਹੜੀ ਮੇਰੇ ਲਈ ਹੋਣੀ ਚਾਹੀਦੀ ਹੈ।”
9 ਆਦਿ ਵਿੱਚ, ਮੈਂ ਆਖਿਆ ਸੀ ਕਿ ਕੁਝ ਗੱਲਾਂ ਵਾਪਰਨਗੀਆਂ
ਤੇ ਉਹ ਗੱਲਾਂ ਵਾਪਰ ਗਈਆਂ!
ਤੇ ਹੁਣ ਇਸਤੋਂ ਪਹਿਲਾਂ ਕਿ ਇਹ ਵਾਪਰਨ,
ਮੈਂ ਤੁਹਾਨੂੰ ਕੁਝ ਗੱਲਾਂ ਬਾਰੇ ਦੱਸ ਰਿਹਾ ਹਾਂ, ਜੋ ਭਵਿੱਖ ਵਿੱਚ ਵਾਪਰਨਗੀਆਂ।
ਯਹੋਵਾਹ ਦੀ ਉਸਤਤ ਦਾ ਗੀਤ
10 ਯਹੋਵਾਹ ਲਈ, ਇੱਕ ਨਵਾਂ ਗੀਤ ਗਾਵੋ
ਅਤੇ ਉਸਦੀ ਉਸਤਤ ਕਰੋ, ਤੁਸੀਂ ਦੂਰ-ਦੁਰਾਡੇ ਦੇਸਾਂ ਦੇ ਲੋਕੋ,
ਤੁਸੀਂ ਜੋ ਸਮੁੰਦਰਾਂ ਤੇ ਸਫ਼ਰ ਕਰਦੇ ਹੋ,
ਤੁਸੀਂ ਮਹਾਂਸਾਗਰ ਵਿੱਚ ਰਹਿਣ ਵਾਲੇ ਜੀਵੋ,
ਤੁਸੀਂ ਦੂਰ ਦੁਰਾਡੀਆਂ ਥਾਵਾਂ ਦੇ ਲੋਕੋ ਯਹੋਵਾਹ ਦੀ ਉਸਤਤ ਕਰੋ!
11 ਮਾਰੂਬਲੋ ਤੇ ਸ਼ਹਿਰੋ, ਕੇਦਾਰ ਦੇ ਪਿਂਡੋ,
ਯਹੋਵਾਹ ਦੀ ਉਸਤਤ ਕਰੋ।
ਸਲਾ ਵਿੱਚ ਰਹਿਣ ਵਾਲੇ ਲੋਕੋ, ਖੁਸ਼ੀ ਦੇ ਗੀਤ ਗਾਓ!
ਆਪਣੇ ਪਰਬਤ ਦੇ ਸ਼ਿਖਰ ਉੱਤੇ ਗਾਵੋ।
12 ਯਹੋਵਾਹ ਨੂੰ ਪਰਤਾਪ ਦੇਵੋ,
ਤੁਸੀਂ ਦੂਰ-ਦੁਰਾਡੇ ਦੇਸ਼ਾਂ ਦੇ ਸਮੂਹ ਲੋਕੋ ਉਸ ਦੀ ਉਸਤਤ ਕਰੋ।
13 ਯਹੋਵਾਹ ਤਾਕਤਵਰ ਫ਼ੌਜੀ ਵਾਂਗ ਬਾਹਰ ਜਾਵੇਗਾ।
ਉਹ ਯੁੱਧ ਕਰਨ ਲਈ ਤਿਆਰ ਬਰ ਤਿਆਰ ਹੋਵੇਗਾ।
ਉਹ ਬਹੁਤ ਉੱਤੇਜਿਤ ਹੋ ਜਾਵੇਗਾ।
ਉਹ ਚਾਂਘਰਾਂ ਮਾਰੇਗਾ ਤੇ ਸ਼ੋਰ ਮਚਾਵੇਗਾ
ਅਤੇ ਉਹ ਆਪਣੇ ਦੁਸ਼ਮਣ ਤਾਈਂ ਹਰਾ ਦੇਵੇਗਾ।
ਬਹੁਤ ਧੀਰਜਵਾਨ ਹੈ ਪਰਮੇਸ਼ੁਰ
14 “ਬੜੇ ਚਿਰਾਂ ਤੋਂ ਮੈਂ ਕੁਝ ਵੀ ਨਹੀਂ ਆਖਿਆ।
ਮੈਂ ਆਪਣੇ-ਆਪ ਨੂੰ ਕਾਬੂ ਵਿੱਚ ਰੱਖਿਆ ਤ੍ਤੇ ਕੁਝ ਵੀ ਨਹੀਂ ਆਖਿਆ।
ਪਰ ਹੁਣ ਮੈਂ ਉੱਚੀ ਚਾਂਘਰਾਂ ਮਾਰਾਂਗਾ, ਜਿਵੇਂ ਕੋਈ ਔਰਤ ਬੱਚਾ ਜਣਨ ਸਮੇਂ ਮਾਰਦੀ ਹੈ।
ਮੈਂ ਬਹੁਤ ਜ਼ਾਰੋ-ਜ਼ਾਰ ਦੀ ਸਾਹ ਭਰਾਂਗਾ।
15 ਮੈਂ ਪਹਾੜੀਆਂ ਅਤੇ ਪਰਬਤਾਂ ਨੂੰ ਤਬਾਹ ਕਰ ਦੇਵਾਂਗਾ।
ਮੈਂ ਓੱਥੇ ਉਗਦੇ ਸਾਰਿਆਂ ਪੌਦਿਆਂ ਨੂੰ ਸੁਕਾ ਦਿਆਂਗਾ।
ਮੈਂ ਨਦੀਆਂ ਨੂੰ ਮਾਰੂਬਲ ਅੰਦਰ ਬਦਲ ਦਿਆਂਗਾ।
ਮੈਂ ਪਾਣੀ ਦੇ ਸਰੋਵਰ ਸੁਕਾ ਦੇਵਾਂਗਾ।
16 ਫ਼ੇਰ ਮੈਂ ਅੰਨ੍ਹਿਆਂ ਲੋਕਾਂ ਦੀ ਅਗਵਾਈ ਉਸ ਰਾਹ ਕਰਾਂਗਾ ਜਿਸ ਨੂੰ ਉਹ ਕਦੇ ਨਹੀਂ ਜਾਣਦੇ ਸਨ।
ਮੈਂ ਅੰਨ੍ਹੇ ਲੋਕਾਂ ਦੀ ਅਗਵਾਈ ਉਨ੍ਹਾਂ ਥਾਵਾਂ ਵੱਲ ਕਰਾਂਗਾ ਜਿੱਥੇ ਉਹ ਕਦੇ ਨਹੀਂ ਗਏ ਸਨ।
ਮੈਂ ਉਨ੍ਹਾਂ ਲਈ ਅੰਧਕਾਰ ਨੂੰ ਰੌਸ਼ਨੀ ਵਿੱਚ ਬਦਲ ਦਿਆਂਗਾ
ਤੇ ਮੁਸ਼ਕਿਲ ਰਸਤੇ ਨੂੰ ਪੱਧਰਾ ਬਣਾ ਦਿਆਂਗਾ।
ਮੈਂ ਉਹੀ ਗੱਲਾਂ ਕਰਾਂਗਾ ਜਿਨ੍ਹਾਂ ਦਾ ਮੈਂ ਇਕਰਾਰ ਕੀਤਾ ਸੀ।
ਤੇ ਮੈਂ ਆਪਣੇ ਬੰਦਿਆਂ ਨੂੰ ਛੱਡ ਕੇ ਨਹੀਂ ਜਾਵਾਂਗਾ।
17 ਪਰ ਕੁਝ ਲੋਕਾਂ ਨੇ ਮੇਰੇ ਪਿੱਛੇ ਲੱਗਣਾ ਛੱਡ ਦਿੱਤਾ ਸੀ।
ਉਨ੍ਹਾਂ ਕੋਲ ਮੂਰਤੀਆਂ ਨੇ ਜਿਹੜੀਆਂ ਸੋਨੇ ਨਾਲ ਮੜੀਆਂ ਨੇ।
ਉਹ ਉਨ੍ਹਾਂ ਮੂਰਤੀਆਂ ਨੂੰ ਆਖਦੇ ਨੇ, ‘ਤੁਸੀਂ ਸਾਡੇ ਦੇਵਤੇ ਹੋ।’
ਉਹ ਲੋਕ ਆਪਣੇ ਝੂਠਿਆਂ ਦੇਵਤਿਆਂ ਉੱਤੇ ਭਰੋਸਾ ਕਰਦੇ ਨੇ ਪਰ ਉਹ ਲੋਕ ਨਿਰਾਸ਼ ਹੋਵਣਗੇ!
ਇਸਰਾਏਲ ਨੇ ਪਰਮੇਸ਼ੁਰ ਵੱਲ ਧਿਆਨ ਦੇਣਾ ਛੱਡ ਦਿੱਤਾ
18 “ਤੁਹਾਨੂੰ, ਬੋਲੇ ਲੋਕਾਂ ਨੂੰ, ਮੇਰੀ ਗੱਲ ਸੁਣਨੀ ਚਾਹੀਦੀ ਹੈ!
ਤੁਹਾਨੂੰ, ਅੰਨ੍ਹੇ ਲੋਕਾਂ ਨੂੰ ਮੈਨੂੰ ਦੇਖਣਾ ਚਾਹੀਦਾ ਹੈ!
19 ਸਾਰੀ ਦੁਨੀਆਂ ਵਿੱਚੋਂ, ਮੇਰਾ ਸੇਵਕ ਸਭ ਤੋਂ ਵੱਧ ਅੰਨ੍ਹਾ ਹੈ!
ਜਿਸ ਸੰਦੇਸ਼ਵਾਹਕ ਨੂੰ ਮੈਂ ਦੁਨੀਆਂ ਲਈ ਭੇਜਦਾ ਹਾਂ ਉਹ ਸਭ ਤੋਂ ਵੱਧ ਬੋਲਾ ਹੈ।
ਮੈਂ ਜਿਸ ਨਾਲ ਇਕਰਾਰਨਾਮਾ ਕੀਤਾ ਸੀ
ਯਹੋਵਾਹ ਦਾ ਸੇਵਕ-ਉਹ ਸਭ ਤੋਂ ਅੰਨ੍ਹਾ ਹੈ।
20 ਮੇਰਾ ਸੇਵਕ ਦੇਖਦਾ ਕਿ ਉਸ ਨੂੰ ਕੀ ਕਰਨਾ ਚਾਹੀਦਾ ਹੈ,
ਪਰ ਉਹ ਮੇਰੇ ਕਹਿਣੇ ਵਿੱਚ ਨਹੀਂ ਹੈ।
ਉਹ ਆਪਣੇ ਕੰਨਾਂ ਨਾਲ ਸੁਣ ਸੱਕਦਾ ਹੈ,
ਪਰ ਉਹ ਮੇਰੀ ਗੱਲ ਸੁਣਨ ਤੋਂ ਇਨਕਾਰ ਕਰਦਾ ਹੈ।”
21 ਯਹੋਵਾਹ ਚਾਹੁੰਦਾ ਹੈ ਕਿ ਉਸਦਾ ਸੇਵਕ ਨੇਕ ਬਣੇ।
ਯਹੋਵਾਹ ਚਾਹੁੰਦਾ ਹੈ ਕਿ ਉਹ ਉਸ ਦੀਆਂ ਅਦਭੁਤ ਸਿੱਖਿਆਵਾਂ ਦਾ ਆਦਰ ਕਰੇ।
22 ਪਰ ਜ਼ਰਾ ਲੋਕਾਂ ਵੱਲ ਦੇਖੋ।
ਹੋਰਨਾਂ ਲੋਕਾਂ ਨੇ ਉਨ੍ਹਾਂ ਨੂੰ ਹਰਾ ਦਿੱਤਾ ਹੈ ਤੇ ਉਨ੍ਹਾਂ ਪਾਸੋਂ ਉਨ੍ਹਾਂ ਦੀਆਂ ਚੀਜ਼ਾਂ ਖੋਹ ਲਈਆਂ ਹਨ।
ਸਾਰੇ ਹੀ ਜਵਾਨ ਆਦਮੀ ਭੈਭੀਤ ਨੇ ਉਹ ਕੈਦਾਂ ਅੰਦਰ ਡਕੱ ਹੋਏ ਨੇ ਲੋਕਾਂ ਨੇ ਉਨ੍ਹਾਂ ਤੋਂ ਪੈਸੇ ਖੋਹ ਲੇ ਨੇ।
ਤੇ ਉਨ੍ਹਾਂ ਨੂੰ ਬਚਾਉਣ ਵਾਲਾ ਕੋਈ ਨਹੀਂ।
ਹੋਰਨਾਂ ਲੋਕਾਂ ਉਨ੍ਹਾਂ ਦਾ ਪੈਸਾ ਖੋਹਿਆ
ਤੇ ਕਿਸੇ ਬੰਦੇ ਨੇ ਵੀ ਨਹੀਂ ਆਖਿਆ, “ਇਸ ਨੂੰ ਵਾਪਸ ਕਰੋ!”
23 ਕੀ ਤੁਹਾਡੇ ਵਿੱਚੋਂ ਕਿਸੇ ਨੇ ਪਰਮੇਸ਼ੁਰ ਦੇ ਸ਼ਬਦਾਂ ਨੂੰ ਸੁਣਿਆ ਸੀ? ਨਹੀਂ! ਪਰ ਤੁਹਾਨੂੰ ਚਾਹੀਦਾ ਹੈ ਕਿ ਉਸ ਦੇ ਸ਼ਬਦਾਂ ਨੂੰ ਬਹੁਤ ਧਿਆਨ ਨਾਲ ਸੁਣੋੋ ਤੇ ਇਸ ਬਾਰੇ ਸੋਚੋ ਕਿ ਕੀ ਵਾਪਰਿਆ ਹੈ। 24 ਕਿਸ ਨੇ ਲੋਕਾਂ ਨੂੰ ਯਾਕੂਬ ਅਤੇ ਇਸਰਾਏਲ ਦੀ ਦੌਲਤ ਲੁੱਟਣ ਦਿੱਤੀ? ਇਸਦੀ ਇਜਾਜ਼ਤ ਉਨ੍ਹਾਂ ਨੂੰ ਪਰਮੇਸ਼ੁਰ ਨੇ ਦਿੱਤੀ! ਅਸੀਂ ਯਹੋਵਾਹ ਦੇ ਖਿਲਾਫ਼ ਪਾਪ ਕੀਤਾ। ਇਸ ਲਈ ਯਹੋਵਾਹ ਨੇ ਲੋਕਾਂ ਨੂੰ ਇਜਾਜ਼ਤ ਦੇ ਦਿੱਤੀ ਉਹ ਸਾਡੀ ਦੌਲਤ ਲੈ ਜਾਣ। ਇਸਰਾਏਲ ਦੇ ਲੋਕਾਂ ਨੇ ਉਸ ਤਰ੍ਹਾਂ ਜਿਉਣਾ ਨਹੀਂ ਚਾਹਿਆ ਜਿਵੇਂ ਯਹੋਵਾਹ ਦੀ ਰਜ਼ਾ ਸੀ। ਇਸਰਾਏਲ ਦੇ ਲੋਕਾਂ ਨੇ ਉਸਦੀ ਸਿੱਖਿਆ ਨਹੀਂ ਸੁਣੀ। 25 ਇਸ ਲਈ ਯਹੋਵਾਹ ਉਨ੍ਹਾਂ ਉੱਤੇ ਬਹੁਤ ਕਰੋਧਵਾਨ ਹੋ ਗਿਆ। ਯਹੋਵਾਹ ਨੇ ਉਨ੍ਹਾਂ ਦੇ ਵਿਰੁੱਧ ਸਖਤ ਲੜਾਈਆਂ ਕਰਾਈਆਂ। ਇਉਂ ਲਗਦਾ ਸੀ ਜਿਵੇਂ ਇਸਰਾਏਲ ਦੇ ਲੋਕ ਅੱਗ ਵਿੱਚ ਘਿਰੇ ਹੋਣ। ਪਰ ਉਨ੍ਹਾਂ ਨੂੰ ਕੋਈ ਪਤਾ ਨਹੀਂ ਸੀ ਕਿ ਕੀ ਵਾਪਰ ਰਿਹਾ ਸੀ। ਇਹ ਇਸ ਤਰ੍ਹਾਂ ਸੀ ਜਿਵੇਂ ਉਹ ਸੜ ਰਹੇ ਹੋਣ। ਪਰ ਉਨ੍ਹਾਂ ਨੇ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਕੀ ਵਾਪਰ ਰਿਹਾ ਸੀ।
ਔਰਤ ਤੇ ਅਜਗਰ
12 ਫ਼ੇਰ ਸਵਰਗ ਵਿੱਚ ਇੱਕ ਵੱਡਾ ਅਜੀਬ ਨਿਸ਼ਾਨ ਪ੍ਰਗਟ ਹੋਇਆ। ਉੱਥੇ ਇੱਕ ਔਰਤ ਸੀ ਜੋ, ਕਿ ਸੂਰਜ ਪਹਿਨੇ ਹੋਈ ਸੀ। ਚੰਦਰਮਾਂ ਉਸ ਦੇ ਪੈਰਾਂ ਹੇਠਾਂ ਸੀ। ਉਸ ਦੇ ਸਿਰ ਤੇ ਬਾਰ੍ਹਾਂ ਸਿਤਾਰਿਆਂ ਵਾਲਾ ਤਾਜ ਸੀ। 2 ਔਰਤ ਗਰਭਵਤੀ ਸੀ। ਉਹ ਜਣਨ ਦੀਆਂ ਪੀੜਾਂ ਨਾਲ ਕੁਰਲਾਹ ਰਹੀ ਸੀ ਕਿਉਂਕਿ ਉਹ ਬੱਚੇ ਨੂੰ ਜਨਮ ਦੇਣ ਹੀ ਵਾਲੀ ਸੀ।
3 ਫ਼ੇਰ ਸਵਰਗ ਵਿੱਚ ਇੱਕ ਹੋਰ ਨਿਸ਼ਾਨ ਪ੍ਰਗਟ ਹੋਇਆ; ਉੱਥੇ ਇੱਕ ਲਾਲ ਰੰਗ ਦਾ ਵੱਡਾ ਅਜਗਰ ਸੀ। ਵੱਡੇ ਅਜਗਰ ਦੇ ਸੱਤ ਸਿਰ ਸਨ ਜਿਨ੍ਹਾਂ ਉੱਤੇ ਤਾਜ ਸਨ। ਅਜਗਰ ਦੇ ਦਸ ਸਿੰਗ ਵੀ ਸਨ। 4 ਅਜਗਰ ਦੀ ਪੂਛ ਨੇ ਅਕਾਸ਼ ਵਿੱਚੋਂ ਇੱਕ ਤਿਹਾਈ ਤਾਰੇ ਕੱਢ ਲਏ ਅਤੇ ਉਨ੍ਹਾਂ ਨੂੰ ਧਰਤੀ ਉੱਤੇ ਸੁੱਟ ਦਿੱਤਾ। ਅਜਗਰ ਗਿਆ ਅਤੇ ਉਸ ਔਰਤ ਅੱਗੇ ਖਲੋ ਗਿਆ ਜੋ ਜਨਮ ਦੇਣ ਵਾਲੀ ਸੀ। ਜਿਵੇਂ ਹੀ ਉਹ ਬੱਚਾ ਪੈਦਾ ਹੋਵੇ ਅਜਗਰ ਉਸ ਔਰਤ ਦੇ ਬੱਚੇ ਨੂੰ ਨਿਗਲ ਜਾਣਾ ਚਾਹੁੰਦਾ ਸੀ।
5 ਔਰਤ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ, ਜੋ ਇੱਕ ਲੋਹੇ ਦੇ ਡੰਡੇ ਨਾਲ ਸਾਰੀ ਕੌਮਾਂ ਤੇ ਸ਼ਾਸਨ ਕਰੇਗਾ। ਅਤੇ ਉਸ ਦੇ ਬੱਚੇ ਨੂੰ ਪਰਮੇਸ਼ੁਰ ਅਤੇ ਉਸ ਦੇ ਤਖਤ ਕੋਲ ਲਿਜਾਇਆ ਗਿਆ। 6 ਔਰਤ ਮਾਰੂਥਲ ਵਿੱਚ ਉਸ ਥਾਂ ਵੱਲ ਭੱਜ ਪਈ ਜਿਸ ਨੂੰ ਪਰਮੇਸ਼ੁਰ ਨੇ ਉਸ ਲਈ ਤਿਆਰ ਕੀਤਾ ਸੀ। ਮਾਰੂਥਲ ਵਿੱਚ ਉਸਦੀ ਇੱਕ ਹਜ਼ਾਰ ਦੋ ਸੌ ਸਠ ਦਿਨਾਂ ਤੱਕ ਦੇਖ ਭਾਲ ਕੀਤੀ ਜਾਵੇਗੀ।
7 ਫ਼ੇਰ ਸਵਰਗ ਵਿੱਚ ਜੰਗ ਛਿੜ ਗਈ। ਮੀਕਾਏਲ ਅਤੇ ਉਸ ਦੇ ਦੂਤ ਅਜਗਰ ਦੇ ਵਿਰੁੱਧ ਲੜੇ। ਅਜਗਰ ਅਤੇ ਉਸ ਦੇ ਦੂਤਾਂ ਨੇ ਜਵਾਬੀ ਹਮਲਾ ਕੀਤਾ। 8 ਪਰ ਅਜਗਰ ਇੰਨਾ ਤਾਕਤਵਰ ਨਹੀਂ ਸੀ। ਵੱਡੇ ਅਜਗਰ ਅਤੇ ਉਸ ਦੇ ਦੂਤਾਂ ਨੇ ਸਵਰਗ ਵਿੱਚਲੀ ਆਪਣੀ ਥਾਂ ਗਵਾ ਲਈ। 9 ਅਜਗਰ ਨੂੰ ਸਵਰਗ ਤੋਂ ਬਾਹਰ ਸੁੱਟ ਦਿੱਤਾ ਗਿਆ। ਉਹ ਵੱਡਾ ਅਜਗਰ ਉਹੀ ਪੁਰਾਣਾ ਸੱਪ ਸੀ ਜੋ ਕਿ ਦੈਂਤ ਜਾਂ ਸ਼ੈਤਾਨ ਸਦਾਉਂਦਾ ਹੈ। ਉਹ ਸਾਰੀ ਦੁਨੀਆਂ ਨੂੰ ਕੁਰਾਹੇ ਪਾ ਰਿਹਾ ਹੈ। ਅਜਗਰ ਨੂੰ ਉਸ ਦੇ ਦੂਤਾਂ ਸਣੇ ਧਰਤੀ ਤੇ ਸੁੱਟ ਦਿੱਤਾ ਗਿਆ।
10 ਪਰ ਮੈਂ ਸਵਰਗ ਵਿੱਚ ਇੱਕ ਉੱਚੀ ਅਵਾਜ਼ ਨੂੰ ਇਹ ਆਖਦਿਆਂ ਸੁਣਿਆ, “ਉਸਦੇ ਮਸੀਹ ਦੀ ਫ਼ਤਿਹ, ਸ਼ਕਤੀ, ਸਲਤਨਤ ਅਤੇ ਅਧਿਕਾਰ ਹੁਣ ਆਇਆ ਹੈ। ਇਹ ਗੱਲਾਂ ਇਸ ਲਈ ਆਈਆਂ ਹਨ ਕਿਉਂਕਿ ਸਾਡੇ ਭਰਾਵਾਂ ਉੱਤੇ ਦੋਸ਼ ਲਾਉਣ ਵਾਲੇ ਨੂੰ ਬਾਹਰ ਸੁੱਟ ਦਿੱਤਾ ਗਿਆ ਹੈ। ਉਹੀ ਇੱਕ ਸੀ ਜੋ ਸਾਡੇ ਭਰਾਵਾਂ ਤੇ ਦੋਸ਼ ਲਾ ਰਿਹਾ ਸੀ। 11 ਸਾਡੇ ਭਰਾਵਾਂ ਨੇ ਉਸ ਨੂੰ ਲੇਲੇ ਦੇ ਲਹੂ ਦੁਆਰਾ ਅਤੇ ਲੋਕਾਂ ਨੂੰ ਦਿੱਤੇ ਉਨ੍ਹਾਂ ਦੇ ਸੰਦੇਸ਼ ਦੁਆਰਾ ਹਰਾ ਦਿੱਤਾ। ਉਹ ਆਪਣੇ ਜੀਵਨ ਨੂੰ ਬਹੁਤਾ ਪਿਆਰ ਨਹੀਂ ਕਰਦੇ ਸਨ। ਉਹ ਮੌਤ ਤੋਂ ਨਹੀਂ ਡਰਦੇ ਸਨ। 12 ਇਸ ਲਈ, ਸਵਰਗਾਂ ਨੂੰ ਜਾਓ ਅਤੇ ਤੁਸੀਂ ਸਾਰੇ ਸਵਰਗ ਵਾਸੀਓ, ਆਨੰਦ ਮਾਣੋ। ਪਰ ਇਹ ਜ਼ਮੀਨ ਅਤੇ ਸਮੁੰਦਰ ਲਈ ਭਿਆਨਕ ਹੋਵੇਗਾ ਕਿਉਂਕਿ ਸ਼ੈਤਾਨ ਹੇਠਾਂ ਤੁਹਾਡੇ ਕੋਲ ਆ ਗਿਆ ਹੈ। ਸ਼ੈਤਾਨ ਗੁੱਸੇ ਨਾਲ ਭਰਿਆ ਹੋਇਆ ਹੈ। ਉਹ ਜਾਣਦਾ ਹੈ ਕਿ ਉਸ ਦੇ ਪਾਸ ਬਹੁਤਾ ਸਮਾਂ ਨਹੀਂ ਹੈ।”
13 ਜਦੋਂ ਅਜਗਰ ਨੇ ਦੇਖਿਆ ਕਿ ਉਸ ਨੂੰ ਹੇਠਾਂ ਧਰਤੀ ਉੱਤੇ ਸੁੱਟ ਦਿੱਤਾ ਗਿਆ ਹੈ, ਉਸ ਨੇ ਉਸ ਔਰਤ ਦਾ ਪਿੱਛਾ ਕੀਤਾ ਜਿਸਨੇ ਨਰ ਬੱਚੇ ਨੂੰ ਜਨਮ ਦਿੱਤਾ ਸੀ। 14 ਪਰ ਉਸ ਔਰਤ ਨੂੰ ਵੱਡੇ ਬਾਜ਼ ਦੇ ਦੋ ਖੰਭ ਦਿੱਤੇ ਗਏ ਸਨ ਤਾਂ ਜੋ ਉਹ ਉੱਡ ਸੱਕੇ ਅਤੇ ਉਜਾੜ ਵਿੱਚ ਜਗ਼੍ਹਾ ਤੇ ਜਾ ਸੱਕੇ ਜੋ ਕਿ ਉਸ ਲਈ ਤਿਆਰ ਕੀਤੀ ਗਈ ਸੀ। ਉਸ ਥਾਂ ਉੱਤੇ ਉਸਦੀ ਸਾਢੇ ਤਿੰਨਾਂ ਸਾਲਾਂ ਤੱਕ ਦੇਖ ਭਾਲ ਹੋਵੇਗੀ। ਉੱਥੇ ਉਹ ਅਜਗਰ ਤੋਂ ਦੂਰ ਹੋਵੇਗੀ। 15 ਫ਼ੇਰ ਉਸ ਸੱਪ ਨੇ ਉਸ ਔਰਤ ਵੱਲ ਆਪਣੇ ਮੂੰਹ ਵਿੱਚੋਂ ਦਰਿਆ ਵਾਂਗ ਪਾਣੀ ਵਹਾਇਆ ਤਾਂ ਜੋ ਉਹ ਹੜ੍ਹ ਨਾਲ ਹੜ੍ਹ ਜਾਵੇ। 16 ਧਰਤੀ ਨੇ ਔਰਤ ਦੀ ਸਹਾਇਤਾ ਕੀਤੀ। ਧਰਤੀ ਨੇ ਆਪਣਾ ਮੂੰਹ ਖੋਲ੍ਹਿਆ ਅਤੇ ਉਸ ਦਰਿਆ ਨੂੰ ਨਿਗਲ ਗਈ ਜਿਹੜਾ ਉਸ ਅਜਗਰ ਦੇ ਮੂੰਹ ਵਿੱਚੋਂ ਨਿਕਲਿਆ ਸੀ। 17 ਫ਼ੇਰ ਅਜਗਰ ਔਰਤ ਤੇ ਬਹੁਤ ਗੁੱਸੇ ਹੋਇਆ। ਉਹ ਉਸ ਔਰਤ ਦੇ ਦੂਸਰੇ ਬੱਚਿਆਂ ਦੇ ਵਿਰੁੱਧ ਯੁੱਧ ਕਰਨ ਲਈ ਚੱਲਿਆ ਗਿਆ। ਉਸ ਦੇ ਬੱਚੇ ਉਹ ਲੋਕ ਹਨ ਜਿਹੜੇ ਪਰਮੇਸ਼ੁਰ ਦੇ ਹੁਕਮਾਂ ਦੀ ਪਾਲਣਾ ਕਰਦੇ ਹਨ ਅਤੇ ਉਸ ਸੱਚ ਤੇ ਸਥਿਰ ਰਹਿੰਦੇ ਹਨ ਜੋ ਯਿਸੂ ਨੇ ਸਿੱਖਾਇਆ।
18 ਫ਼ੇਰ ਅਜਗਰ ਸਮੁੰਦਰ ਦੇ ਕੰਢੇ ਖਲੋ ਗਿਆ।
2010 by World Bible Translation Center