Old/New Testament
ਬਲੀਆਂ ਬਾਰੇ ਬਿਧੀਆਂ
15 ਯਹੋਵਾਹ ਨੇ ਮੂਸਾ ਨੂੰ ਆਖਿਆ, 2 “ਇਸਰਾਏਲ ਦੇ ਲੋਕਾਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਆਖ: ਮੈਂ ਤੁਹਾਨੂੰ ਇੱਕ ਧਰਤੀ ਦੇ ਰਿਹਾ ਹਾਂ ਜਿਹੜੀ ਤੁਹਾਡਾ ਘਰ ਹੋਵੇਗੀ, ਜਦੋਂ ਤੁਸੀਂ ਉਸ ਧਰਤੀ ਅੰਦਰ ਦਾਖਲ ਹੋਵੋਂ, 3 ਤੁਹਾਨੂੰ ਅਵੱਸ਼ ਹੀ ਯਹੋਵਾਹ ਨੂੰ ਅੱਗ ਦੁਆਰਾ ਭੇਟਾ ਚੜ੍ਹਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰੇਗੀ। ਤੁਸੀਂ ਹੋਮ ਦੀਆਂ ਭੇਟਾ, ਸੁੱਖ-ਸਾਂਦ ਦੀਆਂ ਭੇਟਾ, ਖਾਸ ਇਕਰਾਰਾ, ਖਾਸ ਸੁਗਾਤਾ, ਅਤੇ ਆਪਣੇ ਪਰਬਾ ਵਾਲੇ ਦਿਨਾ ਦੀਆਂ ਬਲੀਆਂ ਲਈ ਆਪਣੀਆਂ ਗਊਆਂ, ਭੇਡਾਂ ਅਤੇ ਬੱਕਰੀਆਂ ਦੀ ਵਰਤੋਂ ਕਰੋਂਗੇ।
4 “ਜਦੋਂ ਵੀ ਕੋਈ ਬੰਦਾ ਆਪਣੀ ਭੇਟ ਲੈ ਕੇ ਆਵੇ ਉਸ ਨੂੰ ਯਹੋਵਾਹ ਅੱਗੇ ਅਨਾਜ ਦੀ ਭੇਟ ਵੀ ਚੜ੍ਹਾਉਣੀ ਚਾਹੀਦੀ ਹੈ। ਅਨਾਜ ਦੀ ਭੇਟ ਜ਼ੈਤੂਨ ਦੇ ਤੇਲ ਦੇ ਇੱਕ ਕੁਆਟਰ ਨਾਲ ਗੁੰਨ੍ਹੇ ਹੋਏ 8 ਕੱਪ ਮੈਦੇ ਦੇ ਰੂਪ ਵਿੱਚ ਹੋਵੇਗੀ। 5 ਹਰ ਵਾਰੀ ਜਦੋਂ ਤੁਸੀਂ ਹੋਮ ਦੀ ਭੇਟ ਵਜੋਂ ਲੇਲਾ ਚੜ੍ਹਾਵੋਂ ਤਾ ਤੁਹਾਨੂੰ ਪੀਣ ਦੀ ਭੇਟ ਵਜੋਂ ਇੱਕ ਕੁਆਟਰ ਮੈਅ ਵੀ ਤਿਆਰ ਕਰਨੀ ਚਾਹੀਦੀ ਹੈ।
6 “ਜੇ ਤੁਸੀਂ ਭੇਡ ਦੇ ਰਹੇ ਹੋਵੋ ਤਾਂ ਤੁਹਾਨੂੰ ਇੱਕ ਤਿਆਰ ਅਨਾਜ ਦੀ ਭੇਟ ਵੀ ਲਿਆਉਣੀ ਚਾਹੀਦੀ ਹੈ। ਇਹ ਅਨਾਜ ਦੀ ਭੇਟ 1 1/4 ਜ਼ੈਤੂਨ ਦੇ ਤੇਲ ਵਿੱਚ ਮਿਲੇ ਹੋਏ ਮੈਦੇ ਦੇ 16 ਕੱਪਾਂ ਦੇ ਰੂਪ ਵਿੱਚ ਹੋਣੀ ਚਾਹੀਦੀ ਹੈ। 7 ਤੁਹਾਨੂੰ ਪੀਣ ਦੀ ਭੇਟ ਵਜੋਂ 1 1/4 ਕੁਆਟਰ ਮੈਅ ਵੀ ਦੇਣੀ ਚਾਹੀਦੀ ਹੈ। ਇਸਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰੇਗੀ।
8 “ਤੁਸੀਂ ਹੋਮ ਦੀ ਭੇਟ ਵਜੋਂ ਜਾਂ ਬਲੀ ਲਈ ਜਾਂ ਸੁੱਖ-ਸਾਂਦ ਦੀ ਭੇਟ ਲਈ ਜਾਂ ਯਹੋਵਾਹ ਨਾਲ ਕੀਤੇ ਖਾਸ ਇਕਰਾਰ ਲਈ ਇੱਕ ਜਵਾਨ ਬਲਦ ਲਿਆ ਸੱਕਦੇ ਹੋ। 9 ਉਸ ਵੇਲੇ, ਤੁਹਾਨੂੰ ਬਲਦ ਦੇ ਨਾਲ ਇੱਕ ਅਨਾਜ ਦੀ ਭੇਟ ਵੀ ਦੇਣੀ ਚਾਹੀਦੀ ਹੈ। ਇਹ ਅਨਾਜ ਦੀ ਭੇਟ ਦੋ ਕੁਆਟਰ ਜ਼ੈਤੂਨ ਦੇ ਤੇਲ ਵਿੱਚ ਮਿਲੇ ਹੋਏ 24 ਕੱਪ ਮੈਦੇ ਦੇ ਰੂਪ ਵਿੱਚ ਹੋਣੀ ਚਾਹੀਦੀ ਹੈ। 10 ਅਤੇ ਇਸਦੇ ਨਾਲ ਹੀ ਦੋ ਕੁਆਟਰ ਮੈਅ ਵੀ ਪੀਣ ਦੀ ਭੇਟ ਵਜੋਂ ਲੈ ਕੇ ਆਵੋ। ਇਹ ਭੇਟ ਹੋਮ ਦੇ ਰੂਪ ਵਿੱਚ ਹੋਵੇਗੀ। ਇਸਦੀ ਸੁਗੰਧ ਯਹੋਵਾਹ ਨੂੰ ਪ੍ਰਸੰਨ ਕਰੇਗੀ। 11 ਹਰੇਕ ਬਲਦ, ਭੇਡ, ਜਾਂ ਬੱਕਰੀ, ਜਿਸ ਨੂੰ ਤੁਸੀਂ ਸੁਗਾਤ ਵਜੋਂ ਯਹੋਵਾਹ ਨੂੰ ਭੇਟ ਕਰੋ, ਇੰਝ ਤਿਆਰ ਕੀਤਾ ਜਾਣਾ ਚਾਹੀਦਾ ਹੈ। 12 ਇਨ੍ਹਾਂ ਵਿੱਚੋਂ ਹਰੇਕ ਜਾਨਵਰ ਜਿਹੜਾ ਤੁਸੀਂ ਭੇਟ ਕਰੋ ਇਸੇ ਢੰਗ ਨਾਲ ਹੋਣਾ ਚਾਹੀਦਾ ਹੈ।
13 “ਇਹੀ ਉਹ ਢੰਗ ਹੈ ਜਿਹੜਾ ਹਰ ਇਸਰਾਏਲੀ ਨਾਗਰਿਕ ਨੂੰ ਯਹੋਵਾਹ ਨੂੰ ਪ੍ਰਸੰਨ ਕਰਨ ਲਈ ਹੋਮ ਦੀ ਭੇਟ ਵਜੋਂ ਕਰਨਾ ਚਾਹੀਦਾ ਹੈ। 14 ਤੁਹਾਡੇ ਦਰਮਿਆਨ ਵਿਦੇਸ਼ੀ ਵੀ ਰਹਿਣਗੇ। ਜੇ ਉਹ ਲੋਕ ਯਹੋਵਾਹ ਨੂੰ ਪ੍ਰਸੰਨ ਕਰਨ ਲਈ ਹੋਮ ਦੀ ਭੇਟ ਦਿੰਦੇ ਹਨ ਤਾਂ ਉਨ੍ਹਾਂ ਨੂੰ ਵੀ ਇਸੇ ਤਰ੍ਹਾਂ ਕਰਨਾ ਚਾਹੀਦਾ ਹੈ। 15 ਹਰ ਕਿਸੇ ਲਈ ਇੱਕੋ ਜਿਹੀਆਂ ਬਿਧੀਆਂ ਹੋਣਗੀਆਂ-ਇਸਰਾਏਲ ਦੇ ਲੋਕਾਂ ਲਈ ਵੀ ਅਤੇ ਤੁਹਾਡੇ ਦੇਸ਼ ਵਿੱਚ ਰਹਿੰਦੇ ਵਿਦੇਸ਼ੀਆ ਲਈ ਵੀ। ਇਹ ਬਿਧੀ ਹਮੇਸ਼ਾ ਜਾਰੀ ਰਹੇਗੀ। ਤੁਸੀਂ ਅਤੇ ਤੁਹਾਡੇ ਵਿੱਚਕਾਰ ਰਹਿਣ ਵਾਲੇ ਲੋਕ ਯਹੋਵਾਹ ਦੇ ਸਾਹਮਣੇ ਇੱਕੋ ਜਿਹੇ ਹੋਣਗੇ। 16 ਇਸਦਾ ਅਰਥ ਇਹ ਹੈ ਕਿ ਤੁਹਾਨੂੰ ਉਨ੍ਹਾਂ ਹੀ ਕਾਨੂੰਨਾ ਅਤੇ ਉਨ੍ਹਾਂ ਹੀ ਬਿਧੀਆਂ ਉੱਤੇ ਚੱਲਣਾ ਚਾਹੀਦਾ ਹੈ। ਉਹੀ ਕਾਨੂੰਨ ਅਤੇ ਉਹੀ ਬਿਧੀਆਂ ਤੁਹਾਡੇ ਇਸਰਾਏਲ ਦੇ ਲੋਕਾਂ ਲਈ ਅਤੇ ਤੁਹਾਡੇ ਵਿੱਚਕਾਰ ਰਹਿੰਦੇ ਹੋਰਨਾਂ ਲੋਕਾਂ ਲਈ ਵੀ ਹਨ।”
17 ਯਹੋਵਾਹ ਨੇ ਮੂਸਾ ਨੂੰ ਆਖਿਆ, 18 “ਇਸਰਾਏਲ ਦੇ ਲੋਕਾਂ ਨੂੰ ਇਹ ਗੱਲਾਂ ਦੱਸ: ਜਦੋਂ ਤੁਸੀਂ ਉਸ ਧਰਤੀ ਵਿੱਚ ਦਾਖਲ ਹੋਵੋਂ ਜਿੱਥੇ ਮੈਂ ਤੁਹਾਨੂੰ ਲਿਜਾ ਰਿਹਾ ਹਾਂ, 19 ਅਤੇ ਉਹ ਅਨਾਜ ਖਾਵੋ ਜੋ ਉਸ ਧਰਤੀ ਉਤੇ ਉੱਗਦਾ ਤੁਹਾਨੂੰ ਉਸ ਭੋਜਨ ਦਾ ਇੱਕ ਹਿੱਸਾ ਯਹੋਵਾਹ ਨੂੰ ਭੇਟ ਵਜੋਂ ਚੜ੍ਹਾਉਣਾ ਚਾਹੀਦਾ ਹੈ। 20 ਤੁਸੀਂ ਅਨਾਜ ਇਕੱਠਾ ਕਰੋਂਗੇ ਅਤੇ ਉਸ ਨੂੰ ਪੀਹਕੇ ਰੋਟੀ ਲਈ ਆਟੇ ਦੀ ਤੌਣ ਤਿਆਰ ਕਰੋਂਗੇ। ਤੁਹਾਨੂੰ ਉਸਦੀ ਪਹਿਲੀ ਤੌਣ ਯਹੋਵਾਹ ਅੱਗੇ ਸੁਗਾਤ ਵਜੋਂ ਭੇਟ ਕਰਨੀ ਚਾਹੀਦੀ ਹੈ ਇਹ ਖਲਵਾੜੇ ਵਿੱਚੋਂ ਨਿਕਲਣ ਵਾਲੇ ਅਨਾਜ ਵਰਗੀ ਹੋਵੇਗੀ। 2 ਇਹ ਬਿਧੀ ਹਮੇਸ਼ਾ ਲਈ ਹੋਵਗੀ ਤੁਸੀਂ ਪਲੋਠੀ ਦੀ ਤੌਣ ਯਹੋਵਾਹ ਅੱਗੇ ਸੁਗਾਤ ਵਜੋਂ ਭੇਟ ਕਰੋਂਗੇ। 21-22 ਹੁਣ ਤੁਹਾਨੂੰ ਉਸ ਹਾਲਤ ਵਿੱਚ ਕੀ ਕਰਨਾ ਚਾਹੀਦਾ ਹੈ ਜਦੋਂ ਤੁਸੀਂ ਕੋਈ ਗਲਤੀ ਕਰ ਬੈਠੋ ਜਾਂ ਉਨ੍ਹਾਂ ਆਦੇਸ਼ਾ ਦੀ ਪਾਲਣਾ ਕਰਨੀ ਭੁੱਲ ਜਾਵੋਂ ਜਿਹੜੇ ਯਹੋਵਾਹ ਨੇ ਮੂਸਾ ਨੂੰ ਦਿੱਤੇ ਸਨ? 23 ਯਹੋਵਾਹ ਨੇ ਇਹ ਆਦੇਸ਼ ਮੂਸਾ ਦੇ ਰਾਹੀਂ ਤੁਹਾਨੂੰ ਦਿੱਤੇ ਸਨ। ਅਤੇ ਆਦੇਸ਼ ਸਦਾ ਲਈ ਹੋਣਗੇ। 24 ਇਸ ਲਈ, ਜੇਕਰ ਕੋਈ ਅਨਜਾਣੇ ਹੀ ਗਲਤੀ ਕਰਦਾ ਹੈ ਜਾਂ ਇਨ੍ਹਾਂ ਸਾਰੀਆਂ ਬਿਧੀਆਂ ਦੀ ਪਾਲਣਾ ਕਰਨੀ ਭੁੱਲ ਜਾਂਦਾ, ਉਸ ਨੂੰ ਕੀ ਕਰਨਾ ਚਾਹੀਦਾ ਹੈ? ਜੇ ਇਸਰਾਏਲ ਦੇ ਸਾਰੇ ਲੋਕਾਂ ਨੇ ਇਹ ਗਲਤੀ ਕੀਤੀ ਹੈ, ਤਾਂ ਉਨ੍ਹਾਂ ਸਾਰਿਆਂ ਨੂੰ ਇਕੱਠੇ ਹੋਕੇ ਯਹੋਵਾਹ ਨੂੰ ਹੋਮ ਦੀ ਭੇਟ ਵਜੋਂ ਇੱਕ ਵਹਿੜਕਾ ਚੜ੍ਹਾਉਣਾ ਚਾਹੀਦਾ ਹੈ। ਇਸਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰੇਗੀ। ਇਹ ਵੀ ਚੇਤੇ ਰੱਖੋ ਕਿ ਬਲਦ ਦੀ ਭੇਟ ਦੇ ਨਾਲ ਅਨਾਜ ਅਤੇ ਪੀਣ ਦੀ ਭੇਟ ਅਤੇ ਪਾਪ ਦੀ ਭੇਟ ਵਜੋਂ ਇੱਕ ਬੱਕਰਾ ਵੀ ਦੇਣਾ ਹੈ।
25 “ਇਸ ਲਈ ਜਾਜਕ ਨੂੰ ਉਹ ਗੱਲਾਂ ਕਰਨੀਆਂ ਚਾਹੀਦੀਆਂ ਹਨ ਜਿਹੜੀਆਂ ਲੋਕਾਂ ਨੂੰ ਪਵਿੱਤਰ ਬਨਾਉਣ। ਉਸ ਨੂੰ ਇਹ ਗੱਲਾਂ ਇਸਰਾਏਲ ਦੇ ਸਮੂਹ ਲੋਕਾਂ ਲਈ ਕਰਨੀਆਂ ਚਾਹੀਦੀਆਂ ਹਨ। ਲੋਕਾਂ ਨੂੰ ਇਸ ਗੱਲ ਦਾ ਗਿਆਨ ਨਹੀਂ ਸੀ ਕਿ ਉਹ ਪਾਪ ਕਰ ਰਹੇ ਸਨ। ਪਰ ਜਦੋਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਿਆ ਉਹ ਯਹੋਵਾਹ ਲਈ ਸੁਗਾਤ ਲੈ ਕੇ ਆ ਗਏ। ਉਨ੍ਹਾਂ ਨੇ ਹੋਮ ਦੀ ਭੇਟ ਅਤੇ ਪਾਪ ਦੀ ਭੇਟ ਲਿਆਂਦੀ। ਇਸ ਲਈ ਲੋਕ ਬਖਸ਼ੇ ਜਾਣਗੇ। 26 ਇਸਰਾਏਲ ਦੇ ਸਮੂਹ ਲੋਕ ਅਤੇ ਹੋਰ ਸਾਰੇ ਲੋਕ ਜਿਹੜੇ ਉਨ੍ਹਾਂ ਦੇ ਦਰਮਿਆਨ ਰਹਿੰਦੇ ਹਨ, ਬਖਸ਼ੇ ਜਾਣਗੇ। ਉਹ ਇਸ ਲਈ ਬਖਸ਼ੇ ਜਾਣਗੇ ਕਿਉਂਕਿ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਉਹ ਪਾਪ ਕਰ ਰਹੇ ਸਨ।
27 “ਪਰ ਜੇ ਸਿਰਫ਼ ਇੱਕ ਬੰਦਾ ਗਲਤੀ ਕਰਦਾ ਹੈ ਅਤੇ ਪਾਪ ਕਰਦਾ ਹੈ, ਤਾਂ ਉਸ ਨੂੰ ਇੱਕ ਸਾਲ ਦੀ ਬੱਕਰੀ ਲੈ ਕੇ ਆਉਣੀ ਚਾਹੀਦੀ ਹੈ। ਇਹ ਬੱਕਰੀ ਪਾਪ ਦੀ ਭੇਟ ਹੋਵੇਗੀ। 28 ਜਾਜਕ ਨੂੰ ਉਹ ਗੱਲਾਂ ਕਰਨੀਆਂ ਚਾਹੀਦੀਆਂ ਹਨ, ਜਿਹੜੀਆਂ ਉਸ ਬੰਦੇ ਨੂੰ ਪਵਿੱਤਰ ਬਨਾਉਣ। ਉਸ ਬੰਦੇ ਨੇ ਗਲਤੀ ਕੀਤੀ ਅਤੇ ਯਹੋਵਾਹ ਅੱਗੇ ਪਾਪ ਕੀਤਾ। ਪਰ ਜਾਜਕ ਨੇ ਉਸ ਨੂੰ ਪਵਿੱਤਰ ਬਣਾ ਦਿੱਤਾ, ਅਤੇ ਉਹ ਬਖਸ਼ਿਆ ਜਾਵੇਗਾ। 29 ਇਹ ਬਿਧੀ ਹਰ ਉਸ ਬੰਦੇ ਲਈ ਸੀ, ਜਿਹੜਾ ਅਚਨਚੇਤ ਹੀ ਗਲਤੀ ਕਰਦਾ ਹੈ ਅਤੇ ਪਾਪ ਕਰਦਾ ਹੈ। ਇਸ ਬਿਧੀ ਉਨ੍ਹਾਂ ਲੋਕਾਂ ਲਈ ਹੈ ਜਿਹੜੇ ਇਸਰਾਏਲੀ ਦੇ ਪਰਿਵਾਰ ਵਿੱਚ ਜਨਮੇ ਹਨ ਅਤੇ ਉਨ੍ਹਾਂ ਵਿਦੇਸ਼ੀਆਂ ਲਈ ਵੀ ਜਿਹੜੇ ਉਨ੍ਹਾਂ ਦਰਮਿਆਨ ਰਹਿੰਦੇ ਹਨ।
30 “ਪਰ ਜੇ ਕੋਈ ਬੰਦਾ ਪਾਪ ਕਰਦਾ ਹੈ ਅਤੇ ਇਹ ਵੀ ਜਾਣਦਾ ਹੈ ਕਿ ਉਹ ਗਲਤ ਕੰਮ ਕਰ ਰਿਹਾ ਹੈ, ਤਾਂ ਉਹ ਬੰਦਾ ਯਹੋਵਾਹ ਦੇ ਵਿਰੁੱਧ ਹੈ। ਉਸ ਬੰਦੇ ਨੂੰ ਉਸ ਦੇ ਲੋਕਾਂ ਨਾਲੋਂ ਵੱਖ ਕਰ ਦੇਣਾ ਚਾਹੀਦਾ ਹੈ। ਇਹ ਗੱਲ ਇਸਰਾਏਲ ਦੇ ਪਰਿਵਾਰ ਵਿੱਚ ਜੰਮੇ ਬੰਦੇ ਲਈ ਜਾਂ ਤੁਹਾਡੇ ਦਰਮਿਆਨ ਰਹਿਣ ਵਾਲੇ ਵਿਦੇਸ਼ੀ ਲਈ ਇੱਕੋ ਜਿਹੀ ਹੈ। 31 ਉਸ ਬੰਦੇ ਨੇ ਇਹ ਨਹੀਂ ਸੋਚਿਆ ਕਿ ਯਹੋਵਾਹ ਦਾ ਸ਼ਬਦ ਮਹੱਤਵਪੂਰਣ ਹੈ। ਉਸ ਨੇ ਯਹੋਵਾਹ ਦੇ ਆਦੇਸ਼ਾਂ ਨੂੰ ਤੋੜਿਆ ਹੈ। ਉਸ ਬੰਦੇ ਨੂੰ ਤੁਹਾਡੇ ਸਮੂਹ ਵਿੱਚੋਂ ਜ਼ਰੂਰ ਹੀ ਵੱਖ ਕਰ ਦੇਣਾ ਚਾਹੀਦਾ ਹੈ। ਉਹ ਬੰਦਾ ਦੋਸ਼ੀ ਹੈ ਅਤੇ ਉਸ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ।”
ਇੱਕ ਬੰਦਾ ਛੁੱਟੀ ਵਾਲੇ ਦਿਨ ਕੰਮ ਕਰਦਾ ਹੈ
32 ਇਸ ਸਮੇਂ ਇਸਰਾਏਲ ਦੇ ਲੋਕ ਹਾਲੇ ਵੀ ਮਾਰੂਥਲ ਅੰਦਰ ਸਨ। ਇਸ ਤਰ੍ਹਾਂ ਹੋਇਆ ਕਿ ਇੱਕ ਆਦਮੀ ਨੇ ਬਾਲਣ ਲਈ ਕੁਝ ਲੱਕੜ ਲੱਭੀ। ਇਸ ਤਰ੍ਹਾਂ ਉਹ ਆਦਮੀ ਲੱਕੜਾਂ ਇਕੱਠੀਆਂ ਕਰ ਰਿਹਾ ਸੀ ਜਦੋਂ ਕਿ ਇਹ ਦਿਨ ਸਬਤ ਦਾ ਸੀ। ਕੁਝ ਹੋਰਨਾਂ ਲੋਕਾਂ ਨੇ ਉਸ ਨੂੰ ਅਜਿਹਾ ਕਰਦਿਆਂ ਦੇਖਿਆ। 33 ਜਿਹੜੇ ਲੋਕਾਂ ਨੇ ਉਸ ਨੂੰ ਲੱਕੜਾਂ ਇਕੱਠੀਆਂ ਕਰਦਿਆ ਦੇਖਿਆ ਸੀ ਉਹ ਉਸ ਨੂੰ ਮੂਸਾ ਅਤੇ ਹਾਰੂਨ ਕੋਲ ਲੈ ਆਏ। ਅਤੇ ਸਾਰੇ ਲੋਕ ਆਲੇ-ਦੁਆਲੇ ਇਕੱਠੇ ਹੋ ਗਏ। 34 ਉਨ੍ਹਾਂ ਨੇ ਉਸ ਆਦਮੀ ਨੂੰ ਉੱਥੇ ਰੋਕ ਲਿਆ ਕਿਉਂਕਿ ਉਨ੍ਹਾਂ ਨੂੰ ਪਤਾ ਨਹੀਂ ਲੱਗ ਰਿਹਾ ਸੀ, ਕਿ ਉਹ ਉਸ ਨੂੰ ਸਜ਼ਾ ਕਿਵੇਂ ਦੇਣ।
35 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, “ਉਸ ਆਦਮੀ ਨੂੰ ਮਰਨਾ ਚਾਹੀਦਾ ਹੈ। ਡੇਰੇ ਦੇ ਸਾਰਿਆਂ ਲੋਕਾਂ ਨੂੰ ਡੇਰੇ ਤੋਂ ਬਾਹਰ ਉਸ ਉੱਤੇ ਪੱਥਰ ਸੁੱਟਣੇ ਚਾਹੀਦੇ ਹਨ।” 36 ਇਸ ਲਈ ਲੋਕ ਉਸ ਨੂੰ ਡੇਰੇ ਤੋਂ ਬਾਹਰ ਲੈ ਆਏ ਅਤੇ ਪੱਥਰਾਂ ਨਾਲ ਉਸ ਨੂੰ ਮਾਰ ਦਿੱਤਾ। ਉਨ੍ਹਾਂ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਆਦੇਸ਼ ਦਿੱਤਾ ਸੀ।
ਪਰਮੇਸ਼ੁਰ ਆਪਣੇ ਲੋਕਾਂ ਨੂੰ ਬਿਧੀਆਂ ਚੇਤੇ ਰੱਖਣ ਵਿੱਚ ਸਹਾਇਤਾ ਕਰਦਾ ਹੈ
37 ਯਹੋਵਾਹ ਨੇ ਮੂਸਾ ਨੂੰ ਆਖਿਆ, 38 “ਇਸਰਾਏਲ ਦੇ ਲੋਕਾਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਦੱਸ: ਮੈਂ ਤੁਹਾਨੂੰ ਆਪਣੀਆਂ ਬਿਧੀਆਂ ਨੂੰ ਚੇਤੇ ਰੱਖਣ ਲਈ ਕੁਝ ਦੇਵਾਂਗਾ। ਕੁਝ ਧਾਗਿਆਂ ਨੂੰ ਇਕੱਠਿਆਂ ਬੰਨ੍ਹੋ ਅਤੇ ਇਸ ਨੂੰ ਆਪਣੇ ਵਸਤਰਾਂ ਦੀਆਂ ਨੁਕਰਾਂ ਨਾਲ ਬੰਨ੍ਹ ਲਵੋ। ਇਨ੍ਹਾਂ ਵਿੱਚੋਂ ਹਰੇਕ ਝਾਲਰ ਉੱਤੇ ਇੱਕ ਨੀਲਾ ਧਾਗਾ ਬੰਨ੍ਹੋ। ਤੁਹਾਨੂੰ ਉਹ ਚੀਜ਼ਾਂ ਹੁਣੇ ਤੋਂ ਪਹਿਨਣੀਆਂ ਚਾਹੀਦੀਆਂ ਹਨ। 39 ਤੁਸੀਂ ਇਨ੍ਹਾਂ ਝਾਲਰਾਂ ਵੱਲ ਵੇਖਕੇ ਉਨ੍ਹਾਂ ਸਮੂਹ ਬਿਧੀਆਂ ਨੂੰ ਚੇਤੇ ਕਰੋਂਗੇ ਜਿਹੜੀਆਂ ਯਹੋਵਾਹ ਨੇ ਤੁਹਾਨੂੰ ਦਿੱਤੀਆਂ ਹਨ। ਤੁਸੀਂ ਉਨ੍ਹਾਂ ਬਿਧੀਆਂ ਦੀ ਪਾਲਣਾ ਕਰੋਂਗੇ। ਅਤੇ ਤੁਸੀਂ ਆਪਣੇ ਦਿਲ ਜਾਂ ਆਪਣੀਆਂ ਅੱਖਾਂ ਨੂੰ ਮੰਨਕੇ ਭਟਕੋਂਗੇ ਨਹੀਂ, ਜੋ ਤੁਹਾਥੋਂ ਬੇਵਫ਼ਾਈ ਦਾ ਵਿਖਾਵਾ ਕਰਵਾਉਂਦੇ ਹਨ। 40 ਤੁਸੀਂ ਮੇਰੀਆਂ ਸਾਰੀਆਂ ਬਿਧੀਆਂ ਨੂੰ ਮੰਨਣਾ ਚੇਤੇ ਰੱਖੋਂਗੇ, ਫ਼ੇਰ ਤੁਸੀਂ ਪਰਮੇਸ਼ੁਰ ਵਾਸਤੇ ਪਵਿੱਤਰ ਬਣ ਜਾਵੋਂਗੇ। 41 ਮੈਂ ਯਹੋਵਾਹ, ਤੁਹਾਡਾ ਪਰਮੇਸ਼ੁਰ, ਹਾਂ। ਮੈਂ ਹੀ ਹਾਂ, ਜਿਹੜਾ ਤੁਹਾਨੂੰ ਮਿਸਰ ਵਿੱਚੋਂ ਬਾਹਰ ਲੈ ਕੇ ਆਇਆ ਸੀ। ਮੈਂ ਅਜਿਹਾ ਤੁਹਾਡਾ ਪਰਮੇਸ਼ੁਰ ਬਨਣ ਵਾਸਤੇ ਕੀਤਾ ਸੀ। ਮੈਂ ਯਹੋਵਾਹ, ਤੁਹਾਡਾ ਪਰਮੇਸ਼ੁਰ, ਹਾਂ।”
ਕੁਝ ਆਗੂ ਮੂਸਾ ਦੇ ਖਿਲਾਫ਼ ਹੋ ਜਾਂਦੇ ਹਨ
16 ਕੋਰਹ, ਦਾਥਾਨ, ਅਬੀਰਾਮ ਅਤੇ ਓਨ ਮੂਸਾ ਦੇ ਵਿਰੁੱਧ ਹੋ ਗਏ। (ਕੋਰਹ ਯਿਸਹਾਰ ਦਾ ਪੁੱਤਰ ਸੀ। ਯਿਸਹਾਰ ਕਹਾਥ ਦਾ ਪੁੱਤਰ ਸੀ। ਅਤੇ ਕਹਾਥ ਲੇਵੀ ਦਾ ਪੁੱਤਰ ਸੀ। ਦਾਥਾਨ ਅਤੇ ਅਬੀਰਾਮ, ਅਲੀਆਬ ਦੇ ਪੁੱਤਰ ਭਰਾ ਸਨ। ਅਤੇ ਓਨ, ਪਲਤ ਦਾ ਪੁੱਤਰ ਸੀ। ਦਾਥਾਨ, ਅਬੀਰਾਮ ਅਤੇ ਓਨ ਰਊਬੇਨ ਦੇ ਉੱਤਰਾਧਿਕਾਰੀ ਸਨ।) 2 ਉਨ੍ਹਾਂ ਚਹੁੰਆਂ ਆਦਮੀਆਂ ਨੇ ਇਸਰਾਏਲ ਦੇ 250 ਹੋਰ ਆਦਮੀ ਇਕੱਠੇ ਕਰ ਲਏ ਅਤੇ ਮੂਸਾ ਦੇ ਵਿਰੁੱਧ ਹੋਕੇ ਆ ਗਏ। ਉਹ ਲੋਕਾਂ ਵੱਲੋਂ ਚੁਣੇ ਹੋਏ ਆਗੂ ਸਨ। ਸਾਰੇ ਲੋਕ ਉਨ੍ਹਾਂ ਨੂੰ ਜਾਣਦੇ ਸਨ। 3 ਉਹ ਮੂਸਾ ਅਤੇ ਹਾਰੂਨ ਦੇ ਵਿਰੁੱਧ ਬੋਲਣ ਲਈ ਇੱਕ ਟੋਲੇ ਵਿੱਚ ਆਏ ਅਤੇ ਉਨ੍ਹਾਂ ਨੂੰ ਆਖਿਆ, “ਤੁਸੀਂ ਬਹੁਤ ਦੂਰ ਚੱਲੇ ਗਏ ਹੋ! ਇਸਰਾਏਲ ਦੇ ਸਾਰੇ ਲੋਕ ਪਵਿੱਤਰ ਹਨ ਅਤੇ ਯਹੋਵਾਹ ਉਨ੍ਹਾਂ ਦੇ ਦਰਮਿਆਨ ਹੈ! ਤੁਸੀਂ ਆਪਣੇ-ਆਪ ਨੂੰ ਯਹੋਵਾਹ ਦੇ ਹੋਰਨਾਂ ਲੋਕਾਂ ਨਾਲੋਂ ਵੱਧੇਰੇ ਮਹੱਤਵਪੂਰਣ ਬਣਾ ਰਹੇ ਹੋ।”
4 ਜਦੋਂ ਮੂਸਾ ਨੇ ਇਹ ਗੱਲਾਂ ਸੁਣੀਆ, ਉਸ ਨੇ ਆਪਣਾ ਸਿਰ ਧਰਤੀ ਵੱਲ ਝੁਕਾ ਦਿੱਤਾ, ਇਹ ਦਰਸਾਉਣ ਲਈ ਕਿ ਉਹ ਗੁਮਾਨੀ ਨਹੀਂ ਸੀ। 5 ਫ਼ੇਰ ਮੂਸਾ ਨੇ ਕੋਰਹ ਅਤੇ ਉਸ ਦੇ ਸਾਰੇ ਅਨੁਯਾਈਆਂ ਨੂੰ ਆਖਿਆ, “ਕੱਲ੍ਹ ਸਵੇਰੇ ਯਹੋਵਾਹ ਦਰਸਾ ਦੇਵੇਗਾ ਕਿ ਕਿਹੜਾ ਬੰਦਾ ਸੱਚ ਮੁੱਚ ਉਸਦਾ ਹੈ। ਯਹੋਵਾਹ ਦਰਸਾ ਦੇਵੇਗਾ ਕਿ ਕਿਹੜਾ ਬੰਦਾ ਸੱਚ ਮੁੱਚ ਪਵਿੱਤਰ ਹੈ। ਅਤੇ ਯਹੋਵਾਹ ਉਸ ਬੰਦੇ ਨੂੰ ਆਪਣੇ ਨੇੜੇ ਲੈ ਆਵੇਗਾ। ਯਹੋਵਾਹ ਉਸ ਬੰਦੇ ਨੂੰ ਚੁਣ ਲਵੇਗਾ, ਅਤੇ ਯਹੋਆਹ ਉਸ ਬੰਦੇ ਨੂੰ ਆਪਣੇ ਨੇੜੇ ਲੈ ਆਵੇਗਾ। 6 ਇਸ ਲਈ ਕੋਰਹ, ਤੁਹਾਨੂੰ ਅਤੇ ਤੁਹਾਡੇ ਸਾਰੇ ਅਨੁਯਾਈਆਂ ਨੂੰ ਇਹ ਗੱਲ ਕਰਨੀ ਚਾਹੀਦੀ ਹੈ: 7 ਕੁਝ ਖਾਸ ਭਾਂਡਿਆਂ ਵਿੱਚ ਧੂਫ਼ ਅਤੇ ਅੱਗ ਪਾਉ ਅਤੇ ਉਨ੍ਹਾਂ ਨੂੰ ਯਹੋਵਾਹ ਦੇ ਸਾਹਮਣੇ ਲਿਆਉ। ਯਹੋਵਾਹ ਉਸ ਬੰਦੇ ਦੀ ਚੋਣ ਕਰ ਲਵੇਗਾ ਜਿਹੜਾ ਸੱਚ ਮੁੱਚ ਹੀ ਪਵਿੱਤਰ ਹੈ। ਤੁਸੀਂ ਲੇਵੀ ਲੋਕ ਬਹੁਤ ਦੂਰ ਜਾ ਚੁੱਕੇ ਹੋ।”
8 ਮੂਸਾ ਨੇ ਕੋਰਹ ਨੂੰ ਇਹ ਵੀ ਆਖਿਆ, “ਲੇਵੀਓ, ਤੁਸੀਂ ਮੇਰੀ ਗੱਲ ਸੁਣੋ। 9 ਤੁਹਾਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਇਸਰਾਏਲ ਦੇ ਪਰਮੇਸ਼ੁਰ ਨੇ ਤੁਹਾਨੂੰ ਚੁਣਿਆ ਅਤੇ ਤੁਹਾਨੂੰ ਇਸਰਾਏਲ ਦੇ ਹੋਰਨਾ ਲੋਕਾਂ ਨਾਲੋਂ ਵੱਖ ਰੱਖਿਆ। ਯਹੋਵਾਹ, ਤੁਹਾਨੂੰ ਆਪਣੇ ਕੋਲ, ਆਪਣੇ ਪਵਿੱਤਰ ਤੰਬੂ ਵਿੱਚ ਕੰਮ ਕਰਾਉਣ ਲਈ ਅਤੇ ਇਸਰਾਏਲ ਦੇ ਲੋਕਾਂ ਦੀ, ਉਸਦੀ ਉਪਾਸਨਾ ਕਰਨ ਵਿੱਚ ਮਦਦ ਕਰਨ ਲਈ ਲੈ ਕੇ ਆਇਆ। 10 ਯਹੋਵਾਹ ਨੇ ਤੁਹਾਨੂੰ ਲੇਵੀਆਂ ਨੂੰ, ਆਪਣੇ ਨੇੜੇ ਲਿਆਂਦਾ ਜਾਜਕਾਂ ਦੀ ਸਹਾਇਤਾ ਲਈ। ਪਰ ਹੁਣ ਤੁਸੀਂ ਜਾਜਕ ਬਨਣ ਦੀ ਕੋਸ਼ਿਸ਼ ਵੀ ਕਰ ਰਹੇ ਹੋ। 11 ਤੁਸੀਂ ਅਤੇ ਤੁਹਾਡੇ ਅਨੁਯਾਈ ਯਹੋਵਾਹ ਦੇ ਵਿਰੁੱਧ ਇਕੱਠੇ ਹੋ ਗਏ ਹੋ! ਕੀ ਹਾਰੂਨ ਨੇ ਕੋਈ ਗਲਤ ਗੱਲ ਕੀਤੀ ਹੈ? ਨਹੀਂ! ਇਸ ਲਈ ਤੁਸੀਂ ਹਾਰੂਨ ਦੇ ਵਿਰੁੱਧ ਸ਼ਿਕਾਇਤ ਕਿਉਂ ਕਰ ਰਹੇ ਹੋ।”
12 ਫ਼ੇਰ ਮੂਸਾ ਨੇ ਅਲੀਆਬ ਦੇ ਪੁੱਤਰਾਂ, ਦਾਥਾਨ ਅਤੇ ਅਬੀਰਾਮ ਨੂੰ ਸੱਦਿਆ। ਪਰ ਉਨ੍ਹਾਂ ਦੋਹਾ ਆਦਮੀਆਂ ਨੇ ਆਖਿਆ, “ਅਸੀਂ ਨਹੀਂ ਆਵਾਂਗੇ! 13 ਤੂੰ ਸਾਨੂੰ ਬਹੁਤ ਚੰਗੀਆਂ ਚੀਜ਼ਾਂ ਨਾਲ ਭਰੀ ਹੋਈ ਧਰਤੀ ਤੋਂ ਬਾਹਰ ਲੈ ਕੇ ਆਇਆ। ਤੂੰ ਸਾਨੂੰ ਮਾਰਨ ਲਈ ਮਾਰੂਥਲ ਵਿੱਚ ਲੈ ਆਂਦਾ ਹੈ। ਅਤੇ ਹੁਣ ਤੂੰ ਇਹ ਦਰਸਾਉਣਾ ਚਾਹੁੰਦਾ ਹੈ ਕਿ ਤੇਰੇ ਕੋਲ ਸਾਨੂੰ ਕਾਬੂ ਕਰਨ ਲਈ ਵੱਧੇਰੇ ਤਾਕਤ ਹੈ। 14 ਅਸੀਂ ਕਿਉਂ ਤੇਰੇ ਪਿੱਛੇ ਲੱਗੀਏ? ਤੂੰ ਸਾਨੂੰ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਨਾਲ ਭਰੀ ਹੋਈ ਧਰਤੀ ਉੱਤੇ ਨਹੀਂ ਲਿਆਂਦਾ। ਤੂੰ ਸਾਨੂੰ ਉਹ ਧਰਤੀ ਨਹੀਂ ਦਿੱਤੀ ਜਿਸਦਾ ਪਰਮੇਸ਼ੁਰ ਨੇ ਇਕਰਾਰ ਕੀਤਾ ਸੀ। ਤੂੰ ਸਾਨੂੰ ਖੇਤ ਜਾਂ ਅੰਗੂਰਾਂ ਦੇ ਬਗੀਚੇ ਨਹੀਂ ਦਿੱਤੇ। ਕੀ ਤੂੰ ਇਨ੍ਹਾਂ ਆਦਮੀਆ ਨੂੰ ਆਪਣੇ ਗੁਲਾਮ ਬਣਾ ਲਵੇਗਾ ਨਹੀਂ, ਅਸੀਂ ਨਹੀਂ ਆਵਾਂਗੇ।”
15 ਇਸ ਲਈ ਮੂਸਾ ਬਹੁਤ ਕਰੋਧਵਾਨ ਹੋ ਗਿਆ। ਉਸ ਨੇ ਯਹੋਵਾਹ ਨੂੰ ਆਖਿਆ, “ਮੈਂ ਇਨ੍ਹਾਂ ਲੋਕਾਂ ਨਾਲ ਕੋਈ ਬੁਰਾ ਨਹੀਂ ਕੀਤਾ। ਮੈਂ ਕਦੇ ਵੀ ਇਨ੍ਹਾਂ ਪਾਸੋਂ ਕੁਝ ਨਹੀਂ ਲਿਆ-ਇੱਕ ਖੋਤਾ ਵੀ ਨਹੀਂ! ਯਹੋਵਾਹ, ਇਨ੍ਹਾਂ ਦੀਆਂ ਸੁਗਾਤਾਂ ਪ੍ਰਵਾਨ ਨਾ ਕਰ।”
16 ਫ਼ੇਰ ਮੂਸਾ ਨੇ ਕੋਰਹ ਨੂੰ ਆਖਿਆ, “ਤੂੰ ਅਤੇ ਤੇਰੇ ਸਾਰੇ ਅਨੁਯਾਈ ਕੱਲ੍ਹ ਨੂੰ ਯਹੋਵਾਹ ਅੱਗੇ ਖੜ੍ਹੇ ਹੋਵੋਂਗੇ। ਉੱਥੇ ਹਾਰੂਨ ਅਤੇ ਤੂੰ ਅਤੇ ਤੇਰੇ ਅਨੁਯਾਈ ਹੋਣਗੇ। 17 ਤੁਹਾਡੇ ਵਿੱਚੋਂ ਹਰੇਕ ਨੂੰ ਇੱਕ ਭਾਂਡਾ ਲਿਆਉਣਾ ਚਾਹੀਦਾ ਹੈ, ਇਸ ਵਿੱਚ ਧੂਫ਼ ਪਾਕੇ ਯਹੋਵਾਹ ਨੂੰ ਚੜ੍ਹਾਵੋ। ਇੱਥੇ ਆਗੂਆਂ ਲਈ 250 ਭਾਂਡੇ ਹੋਣਗੇ ਅਤੇ ਇੱਕ ਭਾਂਡਾ ਤੁਹਾਡੇ ਲਈ ਅਤੇ ਇੱਕ ਭਾਂਡਾ ਹਾਰੂਨ ਲਈ।”
18 ਇਸ ਲਈ ਹਰੇਕ ਆਦਮੀ ਇੱਕ-ਇੱਕ ਭਾਂਡਾ ਲਿਆਇਆ ਅਤੇ ਇਸ ਵਿੱਚ ਧੂਫ਼ ਧੁਖਦੀ ਰੱਖੀ। ਫ਼ੇਰ ਉਹ ਜਾਕੇ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਉੱਤੇ ਖਲੋ ਗਏ। ਮੂਸਾ ਅਤੇ ਹਾਰੂਨ ਵੀ ਉੱਥੇ ਖਲੋਤੇ ਸਨ। 19 ਕੋਰਹ ਨੇ ਸਾਰੇ ਲੋਕਾਂ ਨੂੰ ਵੀ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਉੱਤੇ ਇਕੱਠਾ ਕਰ ਲਿਆ। ਫ਼ੇਰ ਉੱਥੋਂ ਦੇ ਹਰ ਬੰਦੇ ਨੂੰ ਪਰਮੇਸ਼ੁਰ ਦਾ ਪਰਤਾਪ ਦਿਖਾਈ ਦਿੱਤਾ।
20 ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਆਖਿਆ, 21 “ਇਨ੍ਹਾਂ ਲੋਕਾਂ ਪਾਸੋਂ ਦੂਰ ਚੱਲੇ ਜਾਵੋ! ਮੈਂ ਇਨ੍ਹਾਂ ਨੂੰ ਹੁਣੇ ਤਬਾਹ ਕਰਨਾ ਚਾਹੁੰਦਾ ਹਾਂ।”
22 ਪਰ ਮੂਸਾ ਅਤੇ ਹਾਰੂਨ ਨੇ ਝੁਕ ਕੇ ਸਿਜਦਾ ਕੀਤਾ ਅਤੇ ਉੱਚੀ ਆਵਾਜ਼ ਵਿੱਚ ਆਖਿਆ, “ਪਰਮੇਸ਼ੁਰ, ਤੂੰ ਜਾਣਦਾ ਹੈ ਕਿ ਲੋਕ ਕੀ ਸੋਚ ਰਹੇ ਹਨ [a] ਕਿਰਪਾ ਕਰਕੇ ਇਨ੍ਹਾਂ ਸਾਰੇ ਲੋਕਾਂ ਉੱਤੇ ਕਰੋਧਵਾਨ ਨਾ ਹੋ। ਅਸਲ ਵਿੱਚ ਸਿਰਫ਼ ਇੱਕ ਆਦਮੀ ਨੇ ਹੀ ਪਾਪ ਕੀਤਾ ਹੈ।”
23 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, 24 “ਲੋਕਾਂ ਨੂੰ ਆਖ ਕਿ ਉਹ ਕੋਰਹ, ਦਾਥਾਨ ਅਤੇ ਅਬੀਰਾਮ ਦੇ ਤੰਬੂਆਂ ਤੋਂ ਦੂਰ ਹੋ ਜਾਣ।”
25 ਮੂਸਾ ਖੜ੍ਹਾ ਹੋ ਗਿਆ ਅਤੇ ਦਾਥਾਨ ਅਤੇ ਅਬੀਰਾਮ ਕੋਲ ਚੱਲਾ ਗਿਆ। ਇਸਰਏਲ ਦੇ ਸਾਰੇ ਬਜ਼ੁਰਗ ਉਸ ਦੇ ਪਿੱਛੇ ਚੱਲੇ ਗਏ। 26 ਮੂਸਾ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ, “ਇਨ੍ਹਾਂ ਬੁਰੇ ਆਦਮੀਆਂ ਦੇ ਤੰਬੂਆਂ ਤੋਂ ਦੂਰ ਹਟ ਜਾਵੋ। ਇਨ੍ਹਾਂ ਦੀ ਕਿਸੇ ਚੀਜ਼ ਨੂੰ ਨਾ ਛੂਹੋ। ਜੇ ਤੁਸੀਂ ਅਜਿਹਾ ਕਰੋਂਗੇ, ਤਾਂ ਤੁਸੀਂ ਇਨ੍ਹਾਂ ਦੇ ਪਾਪਾਂ ਕਰਕੇ ਤਬਾਹ ਹੋ ਜਾਵੋਂਗੇ।”
27 ਇਸ ਲਈ ਲੋਕ ਕੋਰਹ, ਦਾਥਾਨ ਅਤੇ ਅਬੀਰਾਮ ਦੇ ਤੰਬੂਆਂ ਤੋਂ ਦੂਰ ਹਟ ਗਏ। ਦਾਥਾਨ ਅਤੇ ਅਬੀਰਾਮ ਆਪਣੇ ਤੰਬੂਆਂ ਵੱਲ ਚੱਲੇ ਗਏ। ਉਹ ਆਪਣੀਆਂ ਪਤਨੀਆਂ, ਬੱਚਿਆਂ ਅਤੇ ਛੋਟੇ ਨਿਆਣੀਆਂ ਸਮੇਤ ਆਪਣੇ ਤੰਬੂਆਂ ਦੇ ਬਾਹਰ ਖੜ੍ਹੇ ਹੋ ਗਏ।
28 ਫ਼ੇਰ ਮੂਸਾ ਨੇ ਆਖਿਆ, “ਮੈਂ ਤੁਹਾਨੂੰ ਸਬੂਤ ਦਿਆਂਗਾ ਕਿ ਯਹੋਵਾਹ ਨੇ ਮੈਨੂੰ ਇਹ ਸਾਰੀਆਂ ਗੱਲਾਂ, ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਹਨ, ਕਰਨ ਲਈ ਭੇਜਿਆ ਹੈ। ਮੈਂ ਤੁਹਾਨੂੰ ਦਰਸਾ ਦਿਆਂਗਾ ਕਿ ਇਹ ਸਾਰੀਆਂ ਗੱਲਾਂ ਸਿਰਫ਼ ਮੇਰਾ ਵਿੱਚਾਰ ਨਹੀਂ ਸਨ। 29 ਇੱਥੇ ਇਹ ਆਦਮੀ ਮਾਰੇ ਜਾਣਗੇ। ਪਰ ਜੇ ਇਹ ਆਮ ਢੰਗ ਨਾਲ ਮਾਰੇ ਜਾਂਦੇ ਹਨ-ਜਿਵੇਂ ਸਾਰੇ ਆਦਮੀ ਮਰਦੇ ਹਨ-ਤਾਂ ਇਸ ਤੋਂ ਪਤਾ ਚੱਲੇਗਾ ਕਿ ਯਹੋਵਾਹ ਨੇ ਸੱਚ ਮੁੱਚ ਵਿੱਚ ਮੈਨੂੰ ਨਹੀਂ ਸੀ ਭੇਜਿਆ। 30 ਪਰ ਜੇ ਯਹੋਵਾਹ ਇਨ੍ਹਾਂ ਨੂੰ ਵਖਰੇ ਢੰਗ ਨਾਲ ਮਾਰ ਦਿੰਦਾ ਹੈ-ਕਿਸੇ ਨਵੇਂ ਢੰਗ ਨਾਲ-ਤਾਂ ਤੁਹਾਨੂੰ ਪਤਾ ਚੱਲ ਜਾਵੇਗਾ ਕਿ ਇਨ੍ਹਾਂ ਲੋਕਾਂ ਨੇ ਸੱਚ ਮੁੱਚ ਯਹੋਵਾਹ ਦੇ ਵਿਰੁੱਧ ਪਾਪ ਕੀਤਾ ਹੈ। ਇਹੀ ਸਬੂਤ ਹੈ: ਧਰਤੀ ਪਾਟ ਜਾਵੇਗੀ ਅਤੇ ਇਨ੍ਹਾਂ ਆਦਮੀਆਂ ਨੂੰ ਨਿਗਲ ਜਾਵੇਗੀ। ਉਹ ਜਿਉਂਦੇ ਜੀਅ ਆਪਣੀਆਂ ਕਬਰਾਂ ਵਿੱਚ ਪੈ ਜਾਣਗੇ। ਅਤੇ ਇਨ੍ਹਾਂ ਦੀ ਹਰ ਸ਼ੈਅ ਇਨ੍ਹਾਂ ਦੇ ਨਾਲ ਹੀ ਹੀ ਚਲੀ ਜਾਵੇਗੀ।”
31 ਜਦੋਂ ਮੂਸਾ ਇਹ ਗੱਲਾਂ ਆਖਕੇ ਹਟਿਆ ਉਨ੍ਹਾਂ ਆਦਮੀਆਂ ਦੇ ਪੈਰਾਂ ਹੇਠਾਂ ਧਰਤੀ ਪਾਟ ਗਈ। 32 ਲਗਦਾ ਸੀ ਜਿਵੇਂ ਧਰਤੀ ਨੇ ਆਪਣਾ ਮੂੰਹ ਖੋਲ੍ਹਕੇ ਉਨ੍ਹਾਂ ਨੂੰ ਨਿਗਲ ਲਿਆ ਹੋਵੇ। ਕੋਰਹ ਦੇ ਸਾਰੇ ਬੰਦੇ, ਉਨ੍ਹਾਂ ਦੇ ਪਰਿਵਾਰ ਅਤੇ ਉਨ੍ਹਾਂ ਦੀ ਹਰ ਸ਼ੈਅ ਧਰਤੀ ਅੰਦਰ ਸਮਾ ਗਈ। 33 ਇਹ ਲੋਕ ਜਿਉਂਦੇ ਜੀਅ ਆਪਣੀਆਂ ਕਬਰਾਂ ਨੂੰ ਅੰਦਰ ਚੱਲੇ ਗਏ। ਉਨ੍ਹਾਂ ਦੀਆਂ ਸਾਰੀਆਂ ਚੀਜ਼ਾਂ ਉਨ੍ਹਾਂ ਦੇ ਨਾਲ ਗਈਆਂ। ਫ਼ੇਰ ਧਰਤੀ ਨੇ ਉਨ੍ਹਾਂ ਨੂੰ ਢੱਕ ਲਿਆ। ਉਹ ਆਪਣੇ ਡੇਰਿਆਂ ਵਿੱਚੋਂ ਫ਼ਨਾਹ ਹੋ ਗਏ ਸਨ।
34 ਇਸਰਾਏਲ ਦੇ ਲੋਕਾਂ ਨੇ ਉਨ੍ਹਾਂ ਲੋਕਾਂ ਦੇ ਤਬਾਹ ਹੋਣ ਦੀਆਂ ਚੀਕਾਂ ਸੁਣੀਆਂ ਇਸ ਲਈ ਉਹ ਸਾਰੇ ਇਹ ਆਖਦਿਆਂ ਹੋਇਆ ਸ਼ਰਣ ਲਈ ਭੱਜੇ, “ਧਰਤੀ ਸਾਨੂੰ ਵੀ ਨਿਗਲ ਜਾਵੇਗੀ।”
35 ਫ਼ੇਰ ਯਹੋਵਾਹ ਵੱਲੋਂ ਇੱਕ ਅੱਗ ਆਈ ਅਤੇ ਉਸ ਨੇ ਧੂਫ਼ ਚੜ੍ਹਾਉਣ ਵਾਲੇ 250 ਆਦਮੀਆਂ ਨੂੰ ਤਬਾਹ ਕਰ ਦਿੱਤਾ।
36 ਯਹੋਵਾਹ ਨੇ ਮੂਸਾ ਨੂੰ ਆਖਿਆ, 37-38 “ਜਾਜਕ ਹਾਰੂਨ ਦੇ ਪੁੱਤਰ ਅਲਾਜ਼ਾਰ ਨੂੰ ਅੱਗ ਵਿੱਚੋਂ ਸਾਰੇ ਧੂਫ਼ਦਾਨ ਲਿਆਉਣ ਅਤੇ ਕੋਲਿਆਂ ਅਤੇ ਰਾਖ ਨੂੰ ਖਿੰਡਾਉਣ ਲਈ ਆਖ। ਉਨ੍ਹਾਂ ਲੋਕਾਂ ਨੇ ਮੇਰੇ ਵਿਰੁੱਧ ਪਾਪ ਕੀਤਾ ਹੈ, ਅਤੇ ਉਨ੍ਹਾਂ ਦੇ ਪਾਪ ਨੇ ਉਨ੍ਹਾਂ ਦੀਆਂ ਜਾਨਾ ਲੈ ਲਈਆਂ। ਪਰ ਧੂਫ਼ਦਾਨ ਹਾਲੇ ਵੀ ਪਵਿੱਤਰ ਹਨ ਕਿਉਂਕਿ ਇਹ ਉਨ੍ਹਾਂ ਨੇ ਯਹੋਵਾਹ ਨੂੰ ਦਿੱਤੇ ਸਨ। ਧੂਫ਼ਦਾਨਾ ਨੂੰ ਚੰਡ ਕੇ ਪੱਧਰ ਬਣਾ ਲੈ। ਇਨ੍ਹਾਂ ਧਾਤ ਦੀਆਂ ਚਾਦਰਾਂ ਨੂੰ ਜਗਵੇਦੀ ਨੂੰ ਢੱਕਣ ਲਈ ਵਰਤ। ਇਹ ਇਸਰਾਏਲ ਦੇ ਸਮੂਹ ਲੋਕਾਂ ਲਈ ਇੱਕ ਚਿਤਾਵਨੀ ਹੋਵੇਗੀ।”
39 ਇਸ ਲਈ ਜਾਜਕ ਅਲਆਜ਼ਾਰ ਨੇ ਤਾਂਬੇ ਦੇ ਸਾਰੇ ਧੂਫ਼ਦਾਨ ਇਕੱਠੇ ਕੀਤੇ ਜਿਹੜੇ ਉਨ੍ਹਾਂ ਆਦਮੀਆਂ ਨੇ ਲਿਆਂਦੇ ਸਨ। ਉਹ ਸਾਰੇ ਆਦਮੀ ਸੜ ਚੁੱਕੇ ਸਨ ਪਰ ਧੂਫ਼ਦਾਨ ਬਚ ਗਏ ਸਨ। ਫ਼ੇਰ ਅਲਆਜ਼ਾਰ ਨੇ ਕੁਝ ਆਦਮੀਆਂ ਨੂੰ ਆਖਿਆ ਕਿ ਇਨ੍ਹਾਂ ਧੂਫ਼ਦਾਨਾ ਨੂੰ ਚੰਡ ਕੇ ਚਪਟਾ ਕਰ ਦੇਣ। ਫ਼ੇਰ ਉਸ ਨੇ ਉਹ ਧਾਤ ਦੇ ਪੱਤਰੇ ਜਗਵੇਦੀ ਉੱਤੇ ਰੱਖ ਦਿੱਤੇ। 40 ਉਸ ਨੇ ਅਜਿਹਾ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਰਾਹੀਂ ਉਸ ਨੂੰ ਆਦੇਸ਼ ਦਿੱਤਾ ਸੀ। ਇਹ ਇਸਰਾਏਲ ਦੇ ਲੋਕਾਂ ਨੂੰ ਚੇਤੇ ਰੱਖਣ ਵਿੱਚ ਸਹਾਇਤਾ ਕਰਨ ਵਾਲਾ ਸੰਕੇਤ ਸੀ ਕਿ ਸਿਰਫ਼ ਹਾਰੂਨ ਦੇ ਪਰਿਵਾਰ ਦੇ ਬੰਦਿਆਂ ਨੂੰ ਹੀ ਯਹੋਵਾਹ ਅੱਗੇ ਧੂਫ਼ ਧੁਖਾਉਣੀ ਚਾਹੀਦੀ ਸੀ। ਹੋਰ ਹਰ ਉਹ ਆਦਮੀ ਜਿਹੜਾ ਯਹੋਵਾਹ ਅੱਗੇ ਧੂਫ਼ ਧੁਖਾਵੇਗਾ ਉਹ ਕੋਰਹ ਅਤੇ ਉਸ ਦੇ ਅਨੁਯਾਈਆਂ ਵਾਂਗ ਮਾਰਿਆ ਜਾਵੇਗਾ।
ਹਾਰੂਨ ਲੋਕਾਂ ਦੀ ਰੱਖਿਆ ਕਰਦਾ ਹੈ
41 ਅਗਲੇ ਦਿਨ ਇਸਰਾਏਲ ਦੇ ਸਮੂਹ ਲੋਕਾਂ ਨੇ ਮੂਸਾ ਅਤੇ ਹਾਰੂਨ ਦੇ ਵਿਰੁੱਧ ਸ਼ਿਕਾਇਤ ਕੀਤੀ। ਉਨ੍ਹਾਂ ਨੇ ਆਖਿਆ, “ਤੁਸੀਂ ਯਹੋਵਾਹ ਦੇ ਬੰਦਿਆਂ ਨੂੰ ਮਾਰ ਦਿੱਤਾ ਹੈ।”
42 ਮੂਸਾ ਅਤੇ ਹਾਰੂਨ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਉੱਤੇ ਖਲੋਤੇ ਹੋਏ ਸਨ। ਲੋਕ ਉੱਥੇ ਉਨ੍ਹਾਂ ਦੇ ਵਿਰੁੱਧ ਸ਼ਿਕਾਇਤ ਕਰਨ ਲਈ ਜਮ੍ਹਾ ਹੋ ਗਏ। ਪਰ ਜਦੋਂ ਉਨ੍ਹਾਂ ਨੇ ਤੰਬੂ ਵੱਲ ਦੇਖਿਆ, ਇਸ ਨੂੰ ਬੱਦਲ ਨੇ ਕਜਿਆ ਹੋਇਆ ਸੀ ਅਤੇ ਉਨ੍ਹਾਂ ਨੇ ਉੱਥੇ ਯਹੋਵਾਹ ਦੇ ਪਰਤਾਪ ਦੀ ਮਜੂਦਗੀ ਵੇਖੀ। 43 ਫ਼ੇਰ ਮੂਸਾ ਅਤੇ ਹਾਰੂਨ ਮੰਡਲੀ ਵਾਲੇ ਤੰਬੂ ਦੇ ਸਾਹਮਣੇ ਚੱਲੇ ਗਏ।
44 ਯਹੋਵਾਹ ਨੇ ਮੂਸਾ ਨੂੰ ਆਖਿਆ, 45 “ਉਨ੍ਹਾਂ ਲੋਕਾਂ ਕੋਲੋਂ ਦੂਰ ਹਟ ਜਾ ਤਾਂ ਜੋ ਮੈਂ ਉਨ੍ਹਾਂ ਨੂੰ ਹੁਣ ਤਬਾਹ ਕਰ ਸੱਕਾਂ।” ਇਸ ਲਈ ਮੂਸਾ ਅਤੇ ਹਾਰੂਨ ਨੇ ਧਰਤੀ ਵੱਲ ਝੁਕ ਕੇ ਸਿਜਦਾ ਕੀਤਾ।
46 ਫ਼ੇਰ ਮੂਸਾ ਨੇ ਹਾਰੂਨ ਨੂੰ ਆਖਿਆ, “ਜਗਵੇਦੀ ਤੋਂ ਆਪਣਾ ਕਾਂਸੇ ਦਾ ਧੂਫ਼ਦਾਨ ਅਤੇ ਕੁਝ ਅੱਗ ਵੀ ਲੈ ਕੇ ਆ। ਫ਼ੇਰ ਇਸ ਵਿੱਚ ਧੂਫ਼ ਪਾ। ਜਲਦੀ ਲੋਕਾਂ ਦੇ ਇਕੱਠ ਵੱਲ ਜਾਹ ਅਤੇ ਉਨ੍ਹਾਂ ਲਈ ਪਰਾਸਚਿਤ ਕਰਨ ਵਾਲੀਆਂ ਗੱਲਾਂ ਕਰ। ਯਹੋਵਾਹ ਉਨ੍ਹਾਂ ਉੱਤੇ ਕਰੋਧਵਾਨ ਹੈ ਅਤੇ ਬਿਮਾਰੀ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ।”
47-48 ਇਸ ਲਈ ਹਾਰੂਨ ਨੇ ਉਹੀ ਕੀਤਾ ਜੋ ਮੂਸਾ ਨੇ ਆਖਿਆ ਸੀ। ਹਾਰੂਨ ਨੇ ਧੂਫ਼ ਅਤੇ ਅੱਗ ਲਿਆਂਦੀ ਅਤੇ ਲੋਕਾਂ ਦੇ ਵਿੱਚਕਾਰ ਭੱਜਕੇ ਚੱਲਾ ਗਿਆ। ਪਰ ਲੋਕਾਂ ਅੰਦਰ ਬਿਮਾਰੀ ਪਹਿਲਾਂ ਹੀ ਫ਼ੈਲ ਚੁੱਕੀ ਸੀ। ਇਸ ਲਈ ਹਾਰੂਨ ਜਿਉਂਦਿਆਂ ਅਤੇ ਮੁਰਦਿਆਂ ਵਿੱਚਕਾਰ ਖਲੋ ਗਿਆ। ਹਾਰੂਨ ਨੇ ਲੋਕਾਂ ਨੂੰ ਪਵਿੱਤਰ ਬਨਾਉਣ ਵਾਲੀਆਂ ਗੱਲਾਂ ਆਖੀਆਂ ਅਤੇ ਬਿਮਾਰੀ ਉੱਥੇ ਹੀ ਰੁਕ ਗਈ। 49 ਪਰ ਉਸ ਬਿਮਾਰੀ ਨਾਲ 14,700 ਆਦਮੀ ਮਾਰੇ ਗਏ-ਇਨ੍ਹਾਂ ਵਿੱਚ ਉਨ੍ਹਾਂ ਆਦਮੀਆਂ ਦੀ ਗਿਣਤੀ ਸ਼ਾਮਿਲ ਨਹੀਂ ਜਿਹੜੇ ਕੋਰਹ ਦੇ ਕਾਰਣ ਮਰੇ। 50 ਇਸ ਲਈ ਭਿਆਨਕ ਬਿਮਾਰੀ ਨੂੰ ਰੋਕ ਲਿਆ ਗਿਆ ਅਤੇ ਹਾਰੂਨ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਉੱਤੇ ਮੂਸਾ ਵੱਲ ਚੱਲਾ ਗਿਆ।
ਯਿਸੂ ਦਾ ਆਪਣੇ ਵਤਨ ਨੂੰ ਮੁੜਨਾ(A)
6 ਯਿਸੂ ਨੇ ਉਹ ਜਗ੍ਹਾ ਛੱਡ ਦਿੱਤੀ ਅਤੇ ਆਪਣੇ ਸ਼ਹਿਰ ਆ ਗਿਆ। ਉਸ ਦੇ ਚੇਲੇ ਉਸ ਦੇ ਨਾਲ ਸਨ। 2 ਉਸ ਨੇ ਸਬਤ ਦੇ ਦਿਨ ਪ੍ਰਾਰਥਨਾ ਸਥਾਨ ਵਿੱਚ ਉਪਦੇਸ਼ ਦੇਣਾ ਸ਼ੁਰੂ ਕਰ ਦਿੱਤਾ ਅਤੇ ਬਹੁਤ ਸਾਰੇ ਲੋਕ ਉਸ ਨੂੰ ਸੁਣਕੇ ਹੈਰਾਨ ਸਨ ਅਤੇ ਆਖਿਆ, “ਉਸਨੇ ਇਹ ਸਭ ਕਿੱਥੋਂ ਸਿੱਖਿਆ ਅਤੇ ਉਸ ਨੂੰ ਇਹ ਗਿਆਨ ਕਿਸਨੇ ਦਿੱਤਾ? ਅਤੇ ਇੰਨੇ ਕਰਿਸ਼ਮੇ ਕਰਨ ਦੀ ਸ਼ਕਤੀ ਇਸਨੇ ਕਿੱਥੋਂ ਹਾਸਿਲ ਕੀਤੀ ਹੈ? 3 ਉਹ ਤਾਂ ਕੇਵਲ ਤਰੱਖਾਨ ਹੈ ਅਤੇ ਉਸਦੀ ਮਾਂ ਮਰਿਯਮ ਹੈ ਅਤੇ ਉਹ ਯਾਕੂਬ ਅਤੇ ਯੋਸੇਸ, ਯਹੂਦਾਹ, ਸ਼ਮਊਨ ਦਾ ਭਰਾ ਹੈ ਅਤੇ ਉਸ ਦੀਆਂ ਭੈਣਾਂ ਇੱਥੇ ਸਾਡੇ ਵਿੱਚਕਾਰ ਰਹਿੰਦੀਆਂ ਹਨ।” ਇਸੇ ਕਾਰਣ ਲੋਕਾਂ ਨੇ ਉਸ ਨੂੰ ਸਵੀਕਾਰ ਨਾ ਕੀਤਾ।
4 ਯਿਸੂ ਨੇ ਲੋਕਾਂ ਨੂੰ ਆਖਿਆ, “ਹੋਰ ਲੋਕ ਨਬੀ ਦਾ ਆਦਰ ਕਰਦੇ ਹਨ। ਪਰ ਉਸ ਦੇ ਆਪਣੇ ਸ਼ਹਿਰ ਦੇ ਲੋਕ ਅਤੇ ਉਸ ਦੇ ਆਪਣੇ ਰਿਸ਼ਤੇਦਾਰ ਅਤੇ ਆਪਣਾ ਪਰਿਵਾਰ ਉਸਦਾ ਆਦਰ ਨਹੀਂ ਕਰੇਗਾ।” 5 ਯਿਸੂ ਉੱਥੇ ਕੋਈ ਕਰਿਸ਼ਮਾ ਨਾ ਕਰ ਸੱਕਿਆ ਉਸ ਨੇ ਸਿਰਫ਼ ਕੁਝ ਬਿਮਾਰ ਲੋਕਾਂ ਉੱਤੇ ਆਪਣਾ ਹੱਥ ਧਰਕੇ ਉਨ੍ਹਾਂ ਨੂੰ ਚੰਗਾ ਕਰ ਦਿੱਤਾ। 6 ਯਿਸੂ ਹੈਰਾਨ ਹੋਇਆ ਕਿਉਂਕਿ ਉਨ੍ਹਾਂ ਲੋਕਾਂ ਨੂੰ ਵਿਸ਼ਵਾਸ ਨਹੀਂ ਸੀ। ਫ਼ਿਰ ਉਹ ਉਸ ਜਗ੍ਹਾ ਦੇ ਹੋਰਨਾਂ ਪਿੰਡਾਂ ਵਿੱਚ ਗਿਆ ਅਤੇ ਲੋਕਾਂ ਨੂੰ ਉਪਦੇਸ਼ ਦਿੱਤੇ।
ਯਿਸੂ ਦਾ ਆਪਣੇ ਰਸੂਲਾਂ ਨੂੰ ਮਿਸ਼ਨ ਤੇ ਭੇਜਣਾ(B)
7 ਯਿਸੂ ਨੇ ਬਾਰ੍ਹਾਂ ਚੇਲਿਆਂ ਨੂੰ ਇਕੱਠਿਆਂ ਸੱਦਿਆ ਅਤੇ ਉਨ੍ਹਾਂ ਨੂੰ ਦੋ-ਦੋ ਕਰਕੇ ਭੇਜਣ ਲੱਗਾ ਅਤੇ ਉਨ੍ਹਾਂ ਨੂੰ ਭਰਿਸ਼ਟ-ਆਤਮਿਆਂ ਨੂੰ ਬਾਹਰ ਕੱਢਣ ਦੀ ਸ਼ਕਤੀ ਵੀ ਦਿੱਤੀ। 8 ਅਤੇ ਆਪਣੇ ਚੇਲਿਆਂ ਨੂੰ ਇਹ ਆਖਿਆ, “ਆਪਣੇ ਸਫ਼ਰ ਵਿੱਚ ਸਿਵਾਇ ਇੱਕ ਲਾਠੀ ਦੇ ਹੋਰ ਕੁਝ ਨਾ ਲੈ ਕੇ ਜਾਣਾ। ਨਾ ਕੋਈ ਰੋਟੀ, ਨਾ ਥੈਲਾ ਨਾ ਹੀ ਆਪਣੀਆਂ ਜੇਬਾਂ ਵਿੱਚ ਕੋਈ ਪੈਸਾ ਲੈ ਕੇ ਜਾਣਾ। 9 ਜੁੱਤੀ ਪਾਓ ਅਤੇ ਜਿਹੜੇ ਕੱਪੜੇ ਤੁਸੀਂ ਪਾਉਂਦੇ ਹੋ ਸਿਰਫ਼ ਉਹੀ ਲਓ। 10 ਜਦੋਂ ਤੁਸੀਂ ਕਿਸੇ ਵੀ ਘਰ ਵਿੱਚ ਪ੍ਰਵੇਸ਼ ਕਰੋ, ਓਨਾਂ ਚਿਰ ਉੱਥੇ ਹੀ ਰਹੋ ਜਿੰਨਾ ਚਿਰ ਤੁਸੀਂ ਦੂਜੇ ਸ਼ਹਿਰ ਨੂੰ ਨਹੀਂ ਜਾਂਦੇ। 11 ਜੇਕਰ ਕਿਸੇ ਵੀ ਸ਼ਹਿਰ ਦੇ ਵਾਸੀ ਤੁਹਾਨੂੰ ਕਬੂਲਣ ਅਤੇ ਸੁਣਨ ਤੋਂ ਇਨਕਾਰ ਕਰਦੇ ਹਨ, ਫ਼ਿਰ ਆਪਣੇ ਪੈਰਾਂ ਤੋਂ ਧੂੜ ਝਾੜ ਦੇਣੀ ਅਤੇ ਇੱਕੋ ਵਾਰ ਉਹ ਸ਼ਹਿਰ ਛੱਡ ਦੇਣਾ। ਇਹ ਉਨ੍ਹਾਂ ਲਈ ਚਿਤਾਵਨੀ ਹੋਵੇਗੀ।”
12 ਤਾਂ ਚੇਲੇ ਉੱਥੋਂ ਫ਼ਿਰ ਹੋਰ ਜਗ੍ਹਾ ਵੱਲ ਨੂੰ ਚੱਲੇ ਗਏ। ਉਨ੍ਹਾਂ ਨੇ ਲੋਕਾਂ ਨੂੰ ਆਪਣੇ ਜੀਵਨ ਮਾਰਗ ਬਦਲਣ ਦੇ ਉਪਦੇਸ਼ ਦਿੱਤੇ। 13 ਅਤੇ ਉਨ੍ਹਾਂ ਨੇ ਲੋਕਾਂ ਵਿੱਚੋਂ ਕਾਫ਼ੀ ਸਾਰੇ ਭੂਤਾਂ ਨੂੰ ਕੱਢਿਆ ਅਤੇ ਉਨ੍ਹਾਂ ਨੇ ਮਰੀਜ਼ਾਂ ਨੂੰ ਜੈਤੂਨ ਦੇ ਤੇਲ ਨਾਲ ਮਾਲਿਸ਼ ਕਰਕੇ ਚੰਗਾ ਕੀਤਾ।
ਹੇਰੋਦੇਸ ਨੇ ਸੋਚਿਆ ਯਿਸੂ ਹੀ ਬਪਤਿਸਮਾ ਦੇਣ ਵਾਲਾ ਯੂਹੰਨਾ ਹੈ(C)
14 ਰਾਜਾ ਹੇਰੋਦੇਸ ਨੇ ਵੀ ਯਿਸੂ ਬਾਰੇ ਸੁਣਿਆ, ਕਿਉਂਕਿ ਯਿਸੂ ਦਾ ਨਾਉਂ ਪ੍ਰਸਿਧ ਹੋ ਗਿਆ ਸੀ। ਕੁਝ ਲੋਕਾਂ ਨੇ ਆਖਿਆ, “ਉਹ ਯੂਹੰਨਾ ਬਪਤਿਸਮਾ ਦੇਣ ਵਾਲਾ ਹੈ ਜੋ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਅਤੇ ਇਸੇ ਕਾਰਣ ਉਹ ਇਹ ਸ਼ਕਤੀਆਂ ਤੇ ਕਰਿਸ਼ਮੇ ਕਰ ਸੱਕਦਾ ਹੈ।”
15 ਕੁਝ ਹੋਰ ਲੋਕਾਂ ਨੇ ਆਖਿਆ, “ਇਹ ਏਲੀਯਾਹ ਹੈ।”
ਹੋਰਨਾਂ ਨੇ ਆਖਿਆ, “ਯਿਸੂ ਪੁਰਾਣੇ ਦਿਨਾਂ ਦੇ ਨਬੀਆਂ ਵਰਗਾ, ਇੱਕ ਨਬੀ ਹੈ।”
16 ਹੇਰੋਦੇਸ ਨੇ ਯਿਸੂ ਬਾਰੇ ਇਹ ਸਭ ਕੁਝ ਸੁਣਿਆ ਅਤੇ ਕਿਹਾ, “ਯੂਹੰਨਾ ਜਿਸਦਾ ਮੈਂ ਸਿਰ ਵੱਢਿਆ ਸੀ ਹੁਣ ਫ਼ੇਰ ਜੀ ਉੱਠਿਆ ਹੈ।”
ਯੂਹੰਨਾ ਬਪਤਿਸਮਾ ਦੇਣ ਵਾਲਾ ਕਿਵੇਂ ਮਾਰਿਆ ਗਿਆ
17 ਹੇਰੋਦੇਸ ਨੇ ਖੁਦ ਯੂਹੰਨਾ ਨੂੰ ਗਿਰਫ਼ਤਾਰ ਕਰਨ ਲਈ ਆਖਿਆ। ਇੰਝ ਉਸ ਨੂੰ ਕੈਦਖਾਨੇ ਵਿੱਚ ਪਾਇਆ ਗਿਆ। ਰਾਜਾ ਹੇਰੋਦੇਸ ਨੇ ਇਹ ਸਭ ਆਪਣੀ ਪਤਨੀ ਨੂੰ ਖੁਸ਼ ਕਰਨ ਲਈ ਕੀਤਾ, ਜਿਸਦਾ ਨਾਉਂ ਸੀ ਹੇਰੋਦਿਯਾਸ। ਹੇਰੋਦਿਯਾਸ, ਹੇਰੋਦੇਸ ਦੇ ਭਰਾ ਫ਼ਿਲਿਪੁੱਸ ਦੀ ਪਤਨੀ ਸੀ। ਪਰ ਹੇਰੋਦੇਸ ਨੇ ਉਸ ਨਾਲ ਵਿਆਹ ਕਰਾ ਲਿਆ। 18 ਯੂਹੰਨਾ ਹੇਰੋਦੇਸ ਨੂੰ ਕਿਹਾ, “ਆਪਣੇ ਭਰਾ ਦੀ ਤੀਵੀਂ ਨਾਲ ਵਿਆਹ ਕਰਵਾਉਣਾ ਠੀਕ ਨਹੀਂ।” 19 ਇਸੇ ਲਈ ਹੇਰੋਦਿਯਾਸ ਯੂਹੰਨਾ ਨਾਲ ਨਫ਼ਰਤ ਕਰਦੀ ਸੀ ਉਹ ਉਸ ਨੂੰ ਮਾਰਨਾ ਚਾਹੁੰਦੀ ਸੀ ਪਰ ਉਸਦਾ ਕੋਈ ਵੱਸ ਨਹੀਂ ਸੀ ਚੱਲਦਾ। 20 ਹੇਰੋਦੇਸ ਯੂਹੰਨਾ ਤੋਂ ਡਰਦਾ ਸੀ ਕਿਉਂਕਿ ਉਹ ਜਾਣਦਾ ਸੀ ਕਿ ਯੂਹੰਨਾ ਇੱਕ ਧਰਮੀ ਅਤੇ ਪਵਿੱਤਰ ਪੁਰੱਖ ਸੀ, ਇਸ ਲਈ ਉਸ ਨੇ ਉਸਦੀ ਰੱਖਿਆ ਕੀਤੀ। ਉਹ ਯੂਹੰਨਾ ਦੇ ਉਪਦੇਸ਼ ਨੂੰ ਬੜੇ ਅਨੰਦ ਨਾਲ ਸੁਣਦਾ ਸੀ। ਪਰ ਉਸ ਦੇ ਇਸ ਉਪਦੇਸ਼ ਨੇ ਹੇਰੋਦੇਸ ਨੂੰ ਪਰੇਸ਼ਾਨ ਕੀਤਾ।
21 ਫ਼ੇਰ ਯੂਹੰਨਾ ਦੀ ਮੌਤ ਲਈ ਹੇਰੋਦਿਯਾਸ ਦੇ ਹੱਥ ਉਦੋਂ ਸਹੀ ਸਮਾਂ ਲੱਗ ਗਿਆ ਜਦੋਂ ਰਾਜਾ ਹੇਰੋਦੇਸ ਦਾ ਜਨਮ ਦਿਨ ਸੀ। ਉਸ ਦਿਨ, ਹੇਰੋਦੇਸ ਨੇ ਇੱਕ ਦਾਵਤ ਤੇ ਆਪਣੇ ਅਧਿਕਾਰੀਆਂ, ਫ਼ੌਜ ਦੇ ਅਧਿਕਾਰੀਆਂ, ਅਤੇ ਗਲੀਲ ਦੇ ਮਹੱਤਵਪੂਰਨ ਲੋਕਾਂ ਨੂੰ ਨਿਉਂਤਾ ਦਿੱਤਾ। 22 ਹੇਰੋਦਿਯਾਸ ਦੀ ਧੀ ਉਸ ਦਾਵਤ ਵਿੱਚ ਆਈ ਅਤੇ ਨੱਚੀ। ਰਾਜੇ ਅਤੇ ਉਸ ਨਾਲ ਦੇ ਹੋਰ ਵਿਸ਼ੇਸ਼ ਵਿਅਕਤੀਆਂ ਨੇ ਉਸ ਦੇ ਨਾਚ ਦਾ ਅਨੰਦ ਮਾਣਿਆ।
ਰਾਜਾ ਹੇਰੋਦੇਸ ਨੇ ਉਸ ਕੁੜੀ ਨੂੰ ਆਖਿਆ, “ਜੋ ਕੁਝ ਵੀ ਤੈਨੂੰ ਚਾਹੀਦਾ ਮੰਗ ਅਤੇ ਮੈਂ ਉਹ ਤੈਨੂੰ ਦੇ ਦੇਵਾਂਗਾ।” 23 ਉਸ ਨੇ ਸੌਂਹ ਖਾਕੇ ਉਸ ਨਾਲ ਇਕਰਾਰ ਕੀਤਾ, “ਜੋ ਕੁਝ ਤੂੰ ਮੰਗੇਂਗੀ ਮੈਂ ਤੈਨੂੰ ਦੇਵਾਂਗਾ ਭਾਵੇਂ ਇਹ ਮੇਰਾ ਅੱਧਾ ਰਾਜ ਹੀ ਕਿਉਂ ਨਾ ਹੋਵੇ।”
24 ਤਾਂ ਕੁੜੀ ਨੇ ਆਪਣੀ ਮਾਂ ਕੋਲ ਜਾਕੇ ਪੁੱਛਿਆ, “ਮੈਨੂੰ ਕੀ ਮੰਗਣਾ ਚਾਹੀਦਾ?”
ਤਾਂ ਉਸਦੀ ਮਾਂ ਨੇ ਆਖਿਆ, “ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਮੰਗ ਲੈ।”
25 ਤਦ ਉਹ ਜਲਦੀ ਨਾਲ ਰਾਜੇ ਕੋਲ ਗਈ ਅਤੇ ਆਖਿਆ, “ਮੈਨੂੰ ਹੁਣੇ ਹੀ ਇੱਕ ਥਾਲੀ ਤੇ ਰੱਖਕੇ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਚਾਹੀਦਾ ਹੈ।”
26 ਤਦ ਰਾਜਾ ਬਹੁਤ ਉਦਾਸ ਹੋ ਗਿਆ। ਪਰ ਉਸ ਨੇ ਸੌਂਹ ਖਾਕੇ ਉਸ ਕੁੜੀ ਨਾਲ ਇਕਰਾਰ ਕੀਤਾ ਸੀ ਕਿ ਉਹ ਜੋ ਕੁਝ ਵੀ ਮੰਗੇਗੀ, ਦੇਵੇਗਾ। ਅਤੇ ਉਸ ਦੇ ਮਹਿਮਾਨਾਂ ਨੇ ਵੀ ਉਸਦਾ ਵਾਦਾ ਸੁਣਿਆ ਸੀ। ਇਸ ਲਈ ਹੇਰੋਦੇਸ ਉਸ ਨੂੰ ਇਨਕਾਰ ਨਹੀਂ ਸੀ ਕਰ ਸੱਕਦਾ। 27 ਰਾਜੇ ਨੇ ਝੱਟ ਇੱਕ ਸਿਪਾਹੀ ਨੂੰ ਹੁਕਮ ਦੇਕੇ ਭੇਜਿਆ ਕਿ ਉਹ ਯੂਹੰਨਾ ਦਾ ਸਿਰ ਲੈ ਕੇ ਆਵੇ ਤਾਂ ਸਿਪਾਹੀ ਕੈਦਖਾਨੇ ਨੂੰ ਗਿਆ ਅਤੇ ਯੂਹੰਨਾ ਦਾ ਸਿਰ ਵੱਢ ਦਿੱਤਾ। 28 ਤਦ ਸਿਪਾਹੀ ਥਾਲੀ ਵਿੱਚ ਉਸਦਾ ਸਿਰ ਧਰਕੇ ਲਿਆਇਆ ਅਤੇ ਉਹ ਸਿਰ ਉਸ ਨੇ ਕੁੜੀ ਅੱਗੇ ਪੇਸ਼ ਕੀਤਾ ਅਤੇ ਉਸ ਕੁੜੀ ਨੇ ਉਹ ਸਿਰ ਆਪਣੀ ਮਾਂ ਨੂੰ ਦੇ ਦਿੱਤਾ। 29 ਜਦੋਂ ਯੂਹੰਨਾ ਦੇ ਚੇਲਿਆਂ ਨੂੰ ਇਹ ਪਤਾ ਲੱਗਾ, ਉਹ ਆਏ ਅਤੇ ਉਸਦਾ ਸਰੀਰ ਲੈ ਜਾਕੇ ਕਬਰ ਵਿੱਚ ਰੱਖ ਦਿੱਤਾ।
2010 by World Bible Translation Center