Print Page Options
Previous Prev Day Next DayNext

Old/New Testament

Each day includes a passage from both the Old Testament and New Testament.
Duration: 365 days
Punjabi Bible: Easy-to-Read Version (ERV-PA)
Version
ਲੇਵੀਆਂ ਦੀ ਪੋਥੀ 13

ਚਮੜੀ ਦੇ ਰੋਗਾਂ ਬਾਰੇ ਬਿਧੀਆਂ

13 ਯਹੋਵਾਹ ਨੇ ਮੂਸਾ ਤੇ ਹਾਰੂਨ ਨੂੰ ਆਖਿਆ, “ਕਿਸੇ ਬੰਦੇ ਦੀ ਚਮੜੀ ਤੇ ਸੋਜਸ਼ ਜਾਂ ਖੁਜਲੀ ਹੋ ਸੱਕਦੀ ਹੈ ਜਾਂ ਫ਼ੋੜਾ ਹੋ ਸੱਕਦਾ ਹੈ। ਜੇ ਫ਼ੋੜਾ ਕੋੜ੍ਹ ਵਰਗਾ ਲਗਦਾ ਹੋਵੇ, ਉਸ ਬੰਦੇ ਨੂੰ ਜਾਜਕ ਹਾਰੂਨ ਜਾਂ ਉਸ ਦੇ ਕਿਸੇ ਇੱਕ ਜਾਜਕ ਪੁੱਤਰ ਕੋਲ ਲਿਆਂਦਾ ਜਾਣਾ ਚਾਹੀਦਾ ਹੈ। ਜਾਜਕ ਨੂੰ ਉਸ ਬੰਦੇ ਦੀ ਚਮੜੀ ਉਤਲੇ ਫ਼ੋੜੇ ਨੂੰ ਧਿਆਨ ਨਾਲ ਦੇਖਣਾ ਚਾਹੀਦਾ ਹੈ। ਜੇ ਫ਼ੋੜੇ ਦਾ ਵਾਲ ਚਿੱਟਾ ਹੋ ਗਿਆ ਹੈ ਅਤੇ ਜੇ ਫ਼ੋੜਾ ਉਸ ਬੰਦੇ ਦੀ ਚਮੜੀ ਨਾਲ ਡੂੰਘਾ ਨਜ਼ਰ ਆਉਂਦਾ ਹੈ, ਤਾਂ ਇਹ ਕੋੜ੍ਹ ਦੀ ਬਿਮਾਰੀ ਹੈ। ਉਸ ਬੰਦੇ ਨੂੰ ਧਿਆਨ ਨਾਲ ਦੇਖਣ ਤੋਂ ਬਾਅਦ, ਜਾਜਕ ਨੂੰ ਇਹ ਐਲਾਨ ਕਰਨਾ ਚਾਹੀਦਾ ਹੈ ਕਿ ਉਹ ਬੰਦਾ ਪਲੀਤ ਹੈ।

“ਜੇਕਰ ਕਿਸੇ ਬੰਦੇ ਦੀ ਚਮੜੀ ਉੱਤੇ ਚਿੱਟਾ ਨਿਸ਼ਾਨ ਹੈ ਅਤੇ ਇਹ ਚਮੜੀ ਨਾਲੋਂ ਡੂੰਘਾ ਦਿਖਾਈ ਦਿੰਦਾ ਅਤੇ ਧੱਬੇ ਵਿੱਚਲੇ ਵਾਲ ਚਿੱਟੇ ਨਹੀਂ ਹੋਏ। ਜੇ ਇਹ ਸੱਚ ਹੈ, ਜਾਜਕ ਨੂੰ, ਉਸ ਨੂੰ ਸੱਤਾਂ ਦਿਨਾਂ ਲਈ ਹੋਰਨਾਂ ਲੋਕਾਂ ਤੋਂ ਵੱਖ ਕਰ ਦੇਣਾ ਚਾਹੀਦਾ ਹੈ। ਸੱਤਵੇਂ ਦਿਨ, ਜਾਜਕ ਨੂੰ ਉਸ ਵਿਅਕਤੀ ਦਾ ਧਿਆਨ ਨਾਲ ਨਿਰੀਖਣ ਕਰਨਾ ਚਾਹੀਦਾ ਹੈ। ਜੇ ਜਾਜਕ ਦੇਖਦਾ ਹੈ ਕਿ ਫ਼ੋੜਾ ਨਹੀਂ ਬਦਲਿਆ ਤੇ ਚਮੜੀ ਉੱਤੇ ਨਹੀਂ ਫ਼ੈਲਿਆ, ਉਸ ਨੂੰ ਉਸ ਬੰਦੇ ਨੂੰ ਹੋਰ ਸੱਤਾਂ ਦਿਨਾਂ ਲਈ ਵੱਖ ਕਰ ਦੇਣਾ ਚਾਹੀਦਾ ਹੈ। ਸੱਤਾਂ ਦਿਨਾਂ ਮਗਰੋਂ ਜਾਜਕ ਨੂੰ ਇੱਕ ਵਰੀ ਫ਼ੇਰ ਉਸ ਬੰਦੇ ਦਾ ਧਿਆਨ ਨਾਲ ਨਿਰੀਖਣ ਕਰਨਾ ਚਾਹੀਦਾ ਹੈ। ਜੇ ਫ਼ੋੜਾ ਮਧਮ ਹੋ ਗਿਆ ਹੈ ਅਤੇ ਚਮੜੀ ਉੱਤੇ ਨਹੀਂ ਫ਼ੈਲਿਆ ਉਸ ਨੂੰ ਐਲਾਨ ਕਰ ਦੇਣਾ ਚਾਹੀਦਾ ਹੈ ਕਿ ਉਹ ਬੰਦਾ ਪਾਕ ਹੈ ਅਤੇ ਇਹ ਕਿ ਫ਼ੋੜਾ ਸਿਰਫ਼ ਖਾਰਸ਼ ਹੀ ਹੈ। ਉਸ ਬੰਦੇ ਨੂੰ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ ਅਤੇ ਇੱਕ ਵਾਰੀ ਫ਼ੇਰ ਉਹ ਪਾਕ ਹੋ ਜਾਵੇਗਾ।

“ਪਰ ਜੇ, ਉਸ ਬੰਦੇ ਨੂੰ ਪਾਕ ਘੋਸ਼ਿਤ ਹੋਣ ਲਈ ਦੋਬਾਰਾ ਜਾਜਕ ਨੂੰ ਦਿਖਾਏ ਜਾਣ ਤੋਂ ਬਾਦ, ਫ਼ੋੜਾ ਉਸਦੀ ਚਮੜੀ ਉੱਤੇ ਹੋਰ ਵੀ ਵੱਧੇਰੇ ਫ਼ੈਲ ਗਿਆ ਹੋਵੇ ਤਾਂ ਉਸ ਬੰਦੇ ਨੂੰ ਇੱਕ ਵਾਰੀ ਫ਼ੇਰ ਜਾਜਕ ਕੋਲ ਆਉਣਾ ਚਾਹੀਦਾ ਹੈ। ਜਾਜਕ ਨੂੰ ਧਿਆਨ ਨਾਲ ਦੇਖਣਾ ਚਾਹੀਦਾ ਹੈ। ਜੇ ਪਪੜੀ ਚਮੜੀ ਉੱਤੇ ਫ਼ੈਲ ਗਈ ਹੈ, ਤਾਂ ਜਾਜਕ ਇਹ ਐਲਾਨ ਕਰੇ ਕਿ ਬੰਦਾ ਪਲੀਤ ਹੈ। ਇਹ ਕੋੜ੍ਹ ਦੀ ਬਿਮਾਰੀ ਹੈ।

“ਜੇ ਕਿਸੇ ਬੰਦੇ ਨੂੰ ਕੋੜ੍ਹ ਦੀ ਬਿਮਾਰੀ ਹੈ ਤਾਂ ਉਸ ਨੂੰ ਜਾਜਕ ਕੋਲ ਲਿਆਂਦਾ ਜਾਵੇ। 10 ਜਾਜਕ ਨੂੰ ਉਸ ਬੰਦੇ ਦਾ ਧਿਆਨ ਨਾਲ ਨਿਰੀਖਣ ਕਰਨਾ ਚਾਹੀਦਾ ਹੈ। ਜੇਕਰ ਉਸ ਦੇ ਸ਼ਰੀਰ ਉੱਤੇ ਚਿੱਟੇ ਰੰਗ ਦੀ ਸੋਜ਼ਿਸ਼ ਹੈ ਅਤੇ ਜੇ ਵਾਲ ਚਿੱਟੇ ਹੋ ਗਏ ਹਨ ਅਤੇ ਜੇਕਰ ਚਮੜੀ ਉਸ ਜਗ਼੍ਹਾ ਤੋਂ ਕੱਚੀ ਹੋਵੇ ਜਿੱਥੇ ਇਹ ਸੁੱਜੀ ਹੋਈ ਹੈ, 11 ਤਾਂ ਇਹ ਛੂਤ ਦੀ ਬਿਮਾਰੀ ਹੈ। ਜਾਜਕ ਨੂੰ ਐਲਾਨ ਕਰਨਾ ਚਾਹੀਦਾ ਹੈ ਕਿ ਇਹ ਬੰਦਾ ਨਾਪਾਕ ਹੈ। ਉਸ ਨੂੰ ਉਸ ਬੰਦੇ ਨੂੰ ਥੋੜੇ ਸਮੇਂ ਲਈ ਹੋਰਨਾਂ ਲੋਕਾਂ ਤੋਂ ਵੱਖ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਉਹ ਪਹਿਲਾਂ ਹੀ ਜਾਣਦਾ ਹੈ ਕਿ ਬੰਦਾ ਨਾਪਾਕ ਹੈ।

12 “ਕਈ ਵਾਰੀ ਕੋਈ ਚਮੜੀ ਦਾ ਰੋਗ ਕਿਸੇ ਬੰਦੇ ਦੇ ਸਾਰੇ ਸ਼ਰੀਰ ਉੱਤੇ ਫ਼ੈਲ ਜਾਵੇਗਾ। ਇਹ ਚਮੜੀ ਦਾ ਰੋਗ ਉਸ ਬੰਦੇ ਦੀ ਚਮੜੀ ਦੇ ਸਿਰ ਤੋਂ ਪੈਰਾਂ ਤੱਕ ਫ਼ੈਲ ਜਾਵੇਗਾ। ਜਾਜਕ ਨੂੰ ਉਸ ਬੰਦੇ ਦੇ ਸਾਰੇ ਸ਼ਰੀਰ ਨੂੰ ਧਿਆਨ ਨਾਲ ਦੇਖਣਾ ਚਾਹੀਦਾ ਹੈ। 13 ਜੇ ਜਾਜਕ ਦੇਖਦਾ ਹੈ ਕਿ ਚਮੜੀ ਦਾ ਰੋਗ ਸਾਰੇ ਸ਼ਰੀਰ ਉੱਤੇ ਫ਼ੈਲਿਆ ਹੋਇਆ ਹੈ ਅਤੇ ਇਸਨੇ ਉਸ ਬੰਦੇ ਦੀ ਸਾਰੀ ਚਮੜੀ ਨੂੰ ਚਿੱਟਾ ਕਰ ਦਿੱਤਾ ਹੈ ਤਾਂ ਜਾਜਕ ਨੂੰ ਐਲਾਨ ਕਰਨਾ ਚਾਹੀਦਾ ਹੈ ਕਿ ਉਹ ਬੰਦਾ ਪਾਕ ਹੈ। 14 ਪਰ ਜੇਕਰ ਉੱਥੇ ਕੱਚੀ ਚਮੜੀ ਹੈ, ਤਾਂ ਉਹ ਨਾਪਾਕ ਹੈ। 15 ਜਦੋਂ ਜਾਜਕ ਕੱਚੀ ਚਮੜੀ ਨੂੰ ਦੇਖੇ, ਉਸ ਨੂੰ ਐਲਾਨ ਕਰਨਾ ਚਾਹੀਦਾ ਕਿ ਉਹ ਬੰਦਾ ਨਾਪਾਕ ਹੈ। ਕੱਚੀ ਚਮੜੀ ਪਾਕ ਨਹੀਂ ਹੈ, ਇਹ ਕੋੜ੍ਹ ਹੈ।

16 “ਜੇ ਕੱਚੀ ਚਮੜੀ ਰੰਗ ਬਦਲੇ ਅਤੇ ਚਿੱਟੀ ਹੋ ਜਾਵੇ, ਉਸ ਵਿਅਕਤੀ ਨੂੰ ਜਾਜਕ ਕੋਲ ਆਉਣਾ ਚਾਹੀਦਾ ਹੈ। 17 ਜਾਜਕ ਨੂੰ ਉਸ ਵਿਅਕਤੀ ਦਾ ਧਿਆਨ ਨਾਲ ਨਿਰੀਖਣ ਕਰਨਾ ਚਾਹੀਦਾ ਹੈ। ਜੇਕਰ ਜਗ਼੍ਹਾ ਚਿੱਟੀ ਹੋ ਗਈ ਹੋਵੇ, ਉਸ ਨੂੰ ਐਲਾਨ ਕਰਨਾ ਚਾਹੀਦਾ ਕਿ ਉਹ ਵਿਅਕਤੀ ਪਾਕ ਹੈ।

18 “ਕਿਸੇ ਬੰਦੇ ਦੇ ਫ਼ੋੜਾ ਹੋ ਸੱਕਦਾ ਜੋ ਬਾਦ ਵਿੱਚ ਰਾਜੀ ਹੋ ਜਾਵੇ। 19 ਜੇਕਰ ਉਸ ਜਗ਼੍ਹਾ ਤੇ ਚਿੱਟੀ ਸੋਜ਼ਿਸ਼ ਹੋਵੇ ਜਾਂ ਲਾਲ ਧਾਰੀਆਂ ਵਾਲਾ ਚਮਕੀਲਾ ਚਿੱਟਾ ਨਿਸ਼ਾਨ ਬਣ ਜਾਵੇ ਤਾਂ ਉਸ ਬੰਦੇ ਨੂੰ ਉਹ ਜਗ਼੍ਹਾ ਜਾਜਕ ਨੂੰ ਦਿਖਾਉਣੀ ਚਾਹੀਦੀ ਹੈ। 20 ਜੇ ਫ਼ੋੜਾ ਚਮੜੀ ਨਾਲੋਂ ਗਹਿਰਾ ਹੈ ਅਤੇ ਇਸਦੇ ਉੱਪਰ ਵਾਲ ਚਿੱਟੇ ਹੋ ਜਾਣ ਜਾਜਕ ਨੂੰ ਐਲਾਨ ਕਰਨਾ ਚਾਹੀਦਾ ਹੈ ਕਿ ਇਹ ਬੰਦਾ ਨਾਪਾਕ ਹੈ। ਉਸ ਫ਼ੋੜੇ ਵਿੱਚੋਂ ਛੂਤ ਦੀ ਭੈੜੀ ਸਥਿਤੀ ਫੁੱਟ ਪਈ ਹੈ। 21 ਪਰ ਜੇ ਜਾਜਕ ਧਿਆਨ ਨਾਲ ਉਸ ਨਿਸ਼ਾਨ ਨੂੰ ਦੇਖਦਾ ਹੈ ਅਤੇ ਇਸਦੇ ਉੱਪਰ ਚਿੱਟੇ ਵਾਲ ਨਹੀਂ ਹਨ ਅਤੇ ਨਿਸ਼ਾਨ ਚਮੜੀ ਤੋਂ ਗਹਿਰਾ ਨਹੀਂ ਹੈ ਪਰ ਮਧਮ ਪੈ ਗਿਆ ਹੈ ਤਾਂ ਜਾਜਕ ਨੂੰ ਉਸ ਬੰਦੇ ਨੂੰ ਸੱਤ ਦਿਨਾਂ ਲਈ ਵੱਖ ਕਰ ਦੇਣਾ ਚਾਹੀਦਾ ਹੈ। 22 ਜੇ ਫ਼ੋੜਾ ਚਮੜੀ ਉੱਪਰ ਫ਼ੈਲ ਜਾਵੇ, ਤਾਂ ਉਸ ਨੂੰ ਐਲਾਨ ਕਰਨਾ ਚਾਹੀਦਾ ਹੈ ਕਿ ਉਹ ਬੰਦਾ ਨਾਪਾਕ ਹੈ। ਇਹ ਛੂਤ ਹੈ। 23 ਪਰ ਜੇ ਚਮਕੀਲਾ ਨਿਸ਼ਾਨ ਉਸੇ ਥਾਂ ਰਹਿੰਦਾ ਹੈ ਅਤੇ ਫ਼ੈਲਦਾ ਨਹੀਂ, ਇਹ ਸਿਰਫ਼ ਪੁਰਾਣੇ ਫ਼ੋੜੇ ਦਾ ਚਟਾਕ ਹੈ। ਜਾਜਕ ਨੂੰ ਐਲਾਨ ਕਰਨਾ ਚਾਹੀਦਾ ਹੈ ਕਿ ਇਹ ਬੰਦਾ ਪਾਕ ਹੈ।

24-25 “ਕਿਸੇ ਬੰਦੇ ਦੀ ਚਮੜੀ ਉੱਤੇ ਛਾਲਾ ਹੋ ਸੱਕਦਾ ਹੈ। ਜੇ ਰਿਸਦੀ ਹੋਈ ਚਮੜੀ ਚਿੱਟਾ ਨਿਸ਼ਾਨ ਜਾਂ ਲਾਲ ਧਾਰੀਆਂ ਵਾਲਾ ਚਿੱਟਾ ਨਿਸ਼ਾਨ ਬਣ ਜਾਂਦੀ ਹੈ, ਤਾਂ ਜਾਜਕ ਨੂੰ ਇਸ ਵੱਲ ਧਿਆਨ ਨਾਲ ਦੇਖਣਾ ਚਾਹੀਦਾ ਹੈ। ਜੇ ਉਹ ਚਿੱਟਾ ਨਿਸ਼ਾਨ ਚਮੜੀ ਨਾਲੋਂ ਗਹਿਰਾ ਦਿਖਾਈ ਦਿੰਦਾ ਹੈ ਅਤੇ ਇਸ ਨਿਸ਼ਾਨ ਉੱਪਰ ਵਾਲ ਚਿੱਟੇ ਹੋ ਗਏ ਹਨ ਤਾਂ ਇਹ ਕੋੜ੍ਹ ਦਾ ਰੋਗ ਹੈ। ਕੋੜ੍ਹ ਛਾਲੇ ਵਿੱਚੋਂ ਫੁੱਟ ਰਿਹਾ ਹੈ। ਜਾਜਕ ਨੂੰ ਐਲਾਨ ਕਰਨਾ ਚਾਹੀਦਾ ਹੈ ਕਿ ਉਹ ਬੰਦਾ ਪਲੀਤ ਹੈ। ਇਹ ਕੋੜ੍ਹ ਦਾ ਰੋਗ ਹੈ। 26 ਪਰ ਜੇ ਉਹ ਨਿਸ਼ਾਨ ਦਾ ਧਿਆਨ ਨਾਲ ਨਿਰੀਖਣ ਕਰਦਾ ਹੈ ਅਤੇ ਚਮਕੀਲੇ ਨਿਸ਼ਾਨ ਉੱਤੇ ਚਿੱਟੇ ਵਾਲ ਨਹੀਂ ਹਨ ਅਤੇ ਜੇਕਰ ਨਿਸ਼ਾਨ ਚਮੜੀ ਤੋਂ ਗਹਿਰਾ ਨਹੀਂ ਹੈ ਪਰ ਮਧਮ ਪੈ ਗਿਆ ਹੈ, ਉਸ ਨੂੰ ਉਸ ਵਿਅਕਤੀ ਨੂੰ ਸੱਤਾਂ ਦਿਨਾਂ ਲਈ ਵੱਖ ਕਰ ਦੇਣਾ ਚਾਹੀਦਾ ਹੈ। 27 ਸੱਤਵੇਂ ਦਿਨ ਜਾਜਕ ਨੂੰ ਉਸ ਬੰਦੇ ਨੂੰ ਫ਼ੇਰ ਧਿਆਨ ਨਾਲ ਦੇਖਣਾ ਚਾਹੀਦਾ ਹੈ। ਜੇ ਚਮੜੀ ਦਾ ਨਿਸ਼ਾਨ ਫ਼ੈਲ ਜਾਂਦਾ ਹੈ ਤਾਂ ਜਾਜਕ ਨੂੰ ਐਲਾਨ ਕਰਨਾ ਚਾਹੀਦਾ ਹੈ ਕਿ ਬੰਦਾ ਪਲੀਤ ਹੈ। ਇਹ ਕੋੜ੍ਹ ਦਾ ਰੋਗ ਹੈ। 28 ਪਰ ਜੇ ਚਮਕੀਲਾ ਨਿਸ਼ਾਨ ਚਮੜੀ ਉੱਤੇ ਹੋਰ ਨਹੀਂ ਫ਼ੈਲਿਆ ਅਤੇ ਮੱਧਮ ਹੋ ਗਿਆ, ਤਾਂ ਇਹ ਛਾਲੇ ਦੀ ਸੋਜ਼ਿਸ਼ ਹੈ। ਜਾਜਕ ਨੂੰ ਐਲਾਨ ਕਰਨਾ ਚਾਹੀਦਾ ਹੈ ਕਿ ਬੰਦਾ ਪਾਕ ਹੈ। ਇਹ ਸਿਰਫ਼ ਛਾਲੇ ਦਾ ਦਾਗ ਹੈ।

29 “ਕਿਸੇ ਬੰਦੇ ਦੇ ਸਿਰ ਜਾਂ ਦਾਢ਼ੀ ਉੱਤੇ ਕੋਈ ਛੂਤ ਲੱਗ ਸੱਕਦੀ ਹੈ। 30 ਜਾਜਕ ਨੂੰ ਇਸ ਬੁਰੇ ਅਸਰ ਦਾ ਧਿਆਨ ਨਾਲ ਨਿਰੀਖਣ ਕਰਨਾ ਚਾਹੀਦਾ ਹੈ। ਜੇ ਲੱਗੇ ਕਿ ਇਹ ਚਮੜੀ ਤੋਂ ਗਹਿਰਾ ਦਿਖਾਈ ਦਿੰਦਾ ਹੈ ਅਤੇ ਜੇ ਇਸ ਵਿੱਚਲੇ ਵਾਲ ਪਤਲੇ ਤੇ ਪੀਲੇ ਹਨ ਉਸ ਨੂੰ ਐਲਾਨ ਕਰਨਾ ਚਾਹੀਦਾ ਹੈ ਕਿ ਵਿਅਕਤੀ ਨਾਪਾਕ ਹੈ। ਇਹ ਇੱਕ ਮੰਦਾ ਰੋਗ ਹੈ। ਇਹ ਸਿਰ ਜਾਂ ਦਾਢ਼ੀ ਉੱਤੇ ਛੂਤ ਦੀ ਇੱਕ ਭੈੜੀ ਸਥਿਤੀ ਹੈ। 31 ਜੇ ਬਿਮਾਰੀ ਚਮੜੀ ਤੋਂ ਡੂੰਘੇਰੀ ਦਿਖਾਈ ਨਹੀਂ ਦਿੰਦੀ, ਪਰ ਇਸ ਵਿੱਚ ਕੋਈ ਕਾਲਾ ਵਾਲ ਨਹੀਂ ਹੈ, ਤਾਂ ਜਾਜਕ ਨੂੰ ਉਸ ਬੰਦੇ ਨੂੰ ਸੱਤ ਦਿਨਾਂ ਲਈ ਵੱਖ ਕਰ ਦੇਣਾ ਚਾਹੀਦਾ ਹੈ। 32 ਸੱਤਵੇਂ ਦਿਨ ਜਾਜਕ ਨੂੰ ਛੂਤ ਨੂੰ ਧਿਆਨ ਨਾਲ ਦੇਖਣਾ ਚਾਹੀਦਾ ਹੈ। ਜੇ ਬਿਮਾਰੀ ਹੋਰ ਨਹੀਂ ਵੱਧੀ ਅਤੇ ਇਸ ਵਿੱਚ ਪੀਲੇ ਵਾਲ ਨਹੀਂ ਉੱਗੇ ਹੋਏ ਅਤੇ ਬਿਮਾਰੀ ਚਮੜੀ ਤੋਂ ਡੂੰਘੇਰੀ ਨਹੀਂ ਜਾਪਦੀ, 33 ਤਾਂ ਉਸ ਬੰਦੇ ਨੂੰ ਆਪਣੀ ਹਜਾਮਤ ਕਰਾਉਣੀ ਚਾਹੀਦੀ ਹੈ ਪਰ ਉਸ ਨੂੰ ਬਿਮਾਰੀ ਵਾਲੀ ਥਾਂ ਦੀ ਹਜਾਮਤ ਨਹੀਂ ਕਰਾਉਣੀ ਚਾਹੀਦੀ। ਜਾਜਕ ਨੂੰ ਉਸ ਬੰਦੇ ਨੂੰ ਹੋਰ ਸੱਤਾਂ ਦਿਨਾਂ ਲਈ ਵੱਖ ਕਰ ਦੇਣਾ ਚਾਹੀਦਾ ਹੈ। 34 ਸੱਤਵੇਂ ਦਿਨ ਉਸ ਨੂੰ ਬਿਮਾਰੀ ਦਾ ਹੋਰ ਧਿਆਨ ਨਾਲ ਨਿਰੀਖਣ ਕਰਨਾ ਚਾਹੀਦਾ ਹੈ। ਜੇ ਬਿਮਾਰੀ ਚਮੜੀ ਉੱਤੇ ਹੋਰ ਨਹੀਂ ਫ਼ੈਲੀ ਅਤੇ ਇਹ ਚਮੜੀ ਨਾਲੋਂ ਗਹਿਰੀ ਨਹੀਂ ਦਿਖਾਈ ਦਿੰਦੀ, ਉਸ ਨੂੰ ਐਲਾਨ ਕਰਨਾ ਚਾਹੀਦਾ ਕਿ ਬੰਦਾ ਪਾਕ ਹੈ। ਫ਼ੇਰ ਉਸ ਬੰਦੇ ਨੂੰ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ ਅਤੇ ਉਹ ਪਾਕ ਹੋ ਜਾਵੇਗਾ। 35 ਪਰ ਜੇ ਉਸ ਬੰਦੇ ਦੇ ਪਾਕ ਹੋ ਜਾਣ ਤੋਂ ਬਾਦ ਬਿਮਾਰੀ ਚਮੜੀ ਉੱਤੇ ਫ਼ੈਲ ਜਾਂਦੀ ਹੈ, 36 ਤਾਂ ਜਾਜਕ ਨੂੰ ਉਸ ਬੰਦੇ ਨੂੰ ਫ਼ੇਰ ਧਿਆਨ ਨਾਲ ਦੇਖਣਾ ਚਾਹੀਦਾ ਹੈ ਜੇ ਬਿਮਾਰੀ ਚਮੜੀ ਵਿੱਚ ਫ਼ੈਲ ਗਈ ਹੈ ਤਾਂ ਜਾਜਕ ਨੂੰ ਪੀਲੇ ਵਾਲਾਂ ਨੂੰ ਦੇਖਣ ਦੀ ਲੋੜ ਨਹੀਂ। ਉਹ ਬੰਦਾ ਪਲੀਤ ਹੈ। 37 ਪਰ ਜੇ ਜਾਜਕ ਸੋਚਦਾ ਹੈ ਕਿ ਬਿਮਾਰੀ ਰੁਕ ਗਈ ਹੈ ਅਤੇ ਇਸ ਵਿੱਚ ਕਾਲੇ ਵਾਲ ਉੱਗ ਰਹੇ ਹਨ ਤਾਂ ਬਿਮਾਰੀ ਠੀਕ ਹੋ ਗਈ ਹੈ। ਬੰਦਾ ਪਾਕ ਹੈ। ਜਾਜਕ ਨੂੰ ਐਲਾਨ ਕਰਨਾ ਚਾਹੀਦਾ ਹੈ ਕਿ ਬੰਦਾ ਪਾਕ ਹੈ।

38 “ਜੇ ਕਿਸੇ ਬੰਦੇ ਦੀ ਚਮੜੀ ਉੱਤੇ ਚਿੱਟੇ ਨਿਸ਼ਾਨ ਹਨ, 39 ਤਾਂ ਜਾਜਕ ਨੂੰ ਉਨ੍ਹਾਂ ਨੂੰ ਨਿਸ਼ਾਨਾਂ ਦਾ ਧਿਆਨ ਨਾਲ ਨਿਰੀਖਣ ਕਰਨਾ ਚਾਹੀਦਾ ਹੈ। ਜੇ ਉਸ ਬੰਦੇ ਦੀ ਚਮੜੀ ਉਤਲੇ ਨਿਸ਼ਾਨ ਮੱਧਮ ਜਿਹੇ ਚਿੱਟੇ ਹਨ, ਤਾਂ ਇਹ ਬਿਮਾਰੀ ਨੁਕਸਾਨ ਰਹਿਤ ਖਾਰਸ਼ ਹੀ ਹੈ ਅਤੇ ਉਹ ਬੰਦਾ ਪਾਕ ਹੈ।

40 “ਹੋ ਸੱਕਦਾ ਹੈ ਕਿ ਕੋਈ ਬੰਦਾ ਗੰਜਾ ਹੋ ਜਾਵੇ। ਉਹ ਪਾਕ ਹੈ। ਇਹ ਸਿਰਫ਼ ਗੰਜ ਹੈ। 41 ਹੋ ਸੱਕਦਾ ਹੈ ਕਿਸੇ ਬੰਦੇ ਦੇ ਮੱਥੇ ਦੇ ਵਾਲ ਝੜ ਜਾਣ। ਉਹ ਪਾਕ ਹੈ। ਇਹ ਸਿਰਫ਼ ਇੱਕ ਹੋਰ ਤਰ੍ਹਾਂ ਦਾ ਗੰਜਾਪਨ ਹੈ। 42 ਪਰ ਜੇ ਉਸ ਦੇ ਸਿਰ ਦੀ ਚਮੜੀ ਉੱਤੇ ਲਾਲ ਅਤੇ ਚਿੱਟੀ ਛੂਤ ਹੈ, ਇਹ ਛੂਤ ਦੀ ਇੱਕ ਭੈੜੀ ਸਥਿਤੀ ਹੈ। 43 ਜਾਜਕ ਨੂੰ ਉਸ ਬੰਦੇ ਨੂੰ ਧਿਆਨ ਨਾਲ ਦੇਖਣਾ ਚਾਹੀਦਾ ਹੈ। ਜੇ ਛੂਤ ਦੀ ਸੋਜ਼ਿਸ਼ ਲਾਲ ਅਤੇ ਚਿੱਟੀ ਹੈ ਅਤੇ ਸ਼ਰੀਰ ਦੇ ਹੋਰਨਾਂ ਹਿਸਿਆਂ ਉੱਤੇ ਕੋੜ੍ਹ ਵਰਗੀ ਦਿਖਾਈ ਦਿੰਦੀ ਹੈ, 44 ਤਾਂ ਉਸ ਬੰਦੇ ਦੇ ਸਿਰ ਦੀ ਚਮੜੀ ਉੱਤੇ ਕੋੜ੍ਹ ਦਾ ਰੰਗ ਹੈ। ਉਹ ਬੰਦਾ ਪਲੀਤ ਹੈ। ਜਾਜਕ ਨੂੰ ਇਹ ਐਲਾਨ ਕਰਨਾ ਚਾਹੀਦਾ ਹੈ ਕਿ ਉਹ ਬੰਦਾ ਪਲੀਤ ਹੈ।

45 “ਜੇਕਰ ਕਿਸੇ ਬੰਦੇ ਨੂੰ ਛੂਤ ਦੀ ਅਜਿਹੀ ਭੈੜੀ ਬਿਮਾਰੀ ਹੈ ਉਸ ਨੂੰ ਹੋਰਨਾਂ ਲੋਕਾਂ ਨੂੰ ਚੇਤਾਵਨੀ ਦੇਣੀ ਚਾਹੀਦੀ ਹੈ। ਉਸ ਨੂੰ ਉੱਚੀ ਅਵਾਜ਼ ਵਿੱਚ ਐਲਾਨ ਕਰਨਾ ਚਾਹੀਦਾ ਹੈ, ‘ਨਾਪਾਕ, ਨਾਪਾਕ।’ ਉਸ ਦੇ ਕੱਪੜਿਆਂ ਨੂੰ ਪਾੜ ਦੇਣਾ ਚਾਹੀਦਾ ਹੈ, ਉਸ ਨੂੰ ਆਪਣੇ ਵਾਲ ਨਹੀਂ ਵਾਹੁਣੇ ਚਾਹੀਦੇ ਅਤੇ ਆਪਣਾ ਮੂੰਹ ਢੱਕ ਲੈਣਾ ਚਾਹੀਦਾ ਹੈ। 46 ਜਿੰਨਾ ਚਿਰ ਤੱਕ ਉਸ ਬੰਦੇ ਨੂੰ ਬਿਮਾਰੀ ਲਗੀ ਹੋਈ ਹੈ, ਉਹ ਨਾਪਾਕ ਰਹੇਗਾ ਅਤੇ ਉਸ ਨੂੰ ਇੱਕਲੇ ਨੂੰ ਡੇਰੇ ਤੋਂ ਬਾਹਰ ਰਹਿਣਾ ਚਾਹੀਦਾ ਹੈ।

47-48 “ਕੁਝ ਕੱਪੜਿਆਂ ਉੱਤੇ ਫ਼ਫ਼ੂੰਦੀ ਦੇ ਨਿਸ਼ਾਨ ਹੋ ਸੱਕਦੇ ਹਨ। ਇਹ ਕੱਪੜਾ ਲਿਨਨ ਦਾ ਜਾਂ ਉੱਨ ਦਾ ਵੀ ਹੋ ਸੱਕਦਾ ਹੈ, ਜਾਂ ਲਿਨਨ ਜਾਂ ਉੱਨ ਤੋਂ ਉਣਿਆ ਹੋਇਆ ਜਾਂ ਬੁਣਿਆ ਹੋਇਆ ਹੋ ਸੱਕਦਾ ਹੈ। ਜਾਂ ਇਹ ਫ਼ਫ਼ੂੰਦੀ ਦਾ ਨਿਸ਼ਾਨ ਕਿਸੇ ਚਮੜੇ ਜਾਂ ਚਮੜੇ ਦੀ ਬਣੀ ਹੋਈ ਚੀਜ਼ ਉੱਪਰ ਹੋ ਸੱਕਦਾ ਹੈ। 49 ਜੇ ਫ਼ਫ਼ੂੰਦੀ ਹਰੀ ਜਾਂ ਲਾਲ ਹੈ ਤਾਂ ਇਹ ਨੁਕਸਾਨ ਦਾਇੱਕ ਫ਼ਫ਼ੂੰਦੀ ਹੈ ਅਤੇ ਇਸ ਨੂੰ ਜਾਜਕ ਨੂੰ ਦਿਖਾਉਣਾ ਚਾਹੀਦਾ ਹੈ। 50 ਜਾਜਕ ਨੂੰ ਇਸ ਫ਼ਫ਼ੂੰਦੀ ਨੂੰ ਧਿਆਨ ਨਾਲ ਦੇਖਣਾ ਚਾਹੀਦਾ ਹੈ। ਉਸ ਨੂੰ ਇਹ ਚੀਜ਼ ਸੱਤ ਦਿਨਾਂ ਲਈ ਵਖਰੀ ਥਾਂ ਰੱਖ ਦੇਣੀ ਚਾਹੀਦੀ ਹੈ। 51-52 ਸੱਤਵੇਂ ਦਿਨ, ਉਸ ਨੂੰ ਇਸ ਫ਼ਫ਼ੂੰਦੀ ਦਾ ਬੜੇ ਧਿਆਨ ਨਾਲ ਨਿਰੀਖਣ ਕਰਨਾ ਚਾਹੀਦਾ ਹੈ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਫ਼ਫ਼ੂੰਦੀ ਕਾਸੇ ਲਈ ਵਰਤੇ ਗਏ ਚਮੜੇ ਉੱਤੇ ਹੈ ਜਾਂ ਉਣੇ ਹੋਏ ਕੱਪੜੇ ਉੱਤੇ ਹੈ। ਜੇ ਫ਼ਫ਼ੂੰਦੀ ਫ਼ੈਲ ਗਈ ਹੈ, ਉਹ ਕੱਪੜਾ ਜਾਂ ਚਮੜਾ ਨਾਪਾਕ ਹੈ। ਇਹ ਨੁਕਸਾਨਦੇਹ ਫ਼ਫ਼ੂੰਦੀ ਹੈ ਜਾਜਕ ਨੂੰ ਉਹ ਕੱਪੜਾ ਜਾਂ ਚਮੜਾ ਸਾੜ ਦੇਣਾ ਚਾਹੀਦਾ ਹੈ।

53 “ਜੇ ਜਾਜਕ ਉਸ ਕੱਪੜੇ ਜਾਂ ਚਮੜੇ ਦਾ ਨਿਰੀਖਣ ਕਰਦਾ ਅਤੇ ਵੇਖਦਾ ਕਿ ਫ਼ਫ਼ੂੰਦੀ ਨਹੀਂ ਫ਼ੈਲੀ, 54 ਤਾਂ ਜਾਜਕ ਨੂੰ ਲੋਕਾਂ ਨੂੰ ਉਸ ਚਮੜੇ ਜਾਂ ਕੱਪੜੇ ਦੇ ਟੁਕੜੇ ਨੂੰ ਧੋਣ ਦਾ ਆਦੇਸ਼ ਦੇਣਾ ਚਾਹੀਦਾ ਭਾਵੇਂ ਇਹ ਬੁਣਿਆ ਹੋਵੇ ਜਾਂ ਉਣਿਆ ਹੋਵੇ, ਅਤੇ ਉਸ ਚਮੜੇ ਜਾਂ ਕੱਪੜੇ ਨੂੰ ਹੋਰ ਸੱਤ ਦਿਨਾਂ ਲਈ ਵੱਖਰਾ ਰੱਖਣਾ ਚਾਹੀਦਾ ਹੈ। 55 ਇਸ ਸਮੇਂ ਤੋਂ ਬਾਦ, ਜਾਜਕ ਨੂੰ ਇੱਕ ਵਾਰੀ ਫ਼ੇਰ ਧਿਆਨ ਨਾਲ ਇਸਦਾ ਨਿਰੀਖਣ ਕਰਨਾ ਚਾਹੀਦਾ ਹੈ। ਜੇ ਫ਼ਫ਼ੂੰਦੀ ਫ਼ੇਰ ਵੀ ਉਸੇ ਤਰ੍ਹਾਂ ਦਿਖਾਈ ਦਿੰਦੀ ਹੈ ਅਤੇ ਬਦਲੀ ਨਹੀਂ, ਇਹ ਨਾਪਾਕ ਹੈ। ਇਸ ਨਾਲ ਫ਼ਰਕ ਨਹੀਂ ਪੈਂਦਾ ਕਿ ਫ਼ਫ਼ੂੰਦੀ ਉਸ ਚਮੜੇ ਜਾਂ ਕੱਪੜੇ ਦੇ ਅੰਦਰਲੇ ਪਾਸੇ ਹੈ ਜਾਂ ਬਾਹਰਲੇ ਪਾਸੇ। ਤੁਹਾਨੂੰ ਇਸ ਨੂੰ ਸਾੜ ਦੇਣਾ ਚਾਹੀਦਾ ਹੈ।

56 “ਪਰ ਜੇ ਜਾਜਕ ਚਮੜੇ ਜਾਂ ਕੱਪੜੇ ਦੇ ਉਸ ਟੁਕੜੇ ਦਾ ਨਿਰੀਖਣ ਕਰਦਾ ਹੈ, ਅਤੇ ਫ਼ਫ਼ੂੰਦੀ ਮਧਮ ਪੈ ਗਈ ਹੋਵੇ, ਤਾਂ ਜਾਜਕ ਨੂੰ ਚਮੜੇ ਜਾਂ ਕੱਪੜੇ ਤੋਂ ਉਸ ਫ਼ਫ਼ੂੰਦੀ ਨੂੰ ਪਾੜ ਦੇਣਾ ਚਾਹੀਦਾ ਹੈ। ਇਸ ਨਾਲ ਫ਼ਰਕ ਨਹੀਂ ਪੈਂਦਾ ਕਿ ਕੱਪੜਾ ਉਣਿਆ ਹੋਇਆ ਹੈ ਜਾਂ ਬੁਣਿਆ ਹੋਇਆ ਹੈ। 57 ਪਰ ਚਮੜੇ ਜਾਂ ਕੱਪੜੇ ਦੇ ਉਸ ਟੁਕੜੇ ਉੱਤੇ ਫ਼ਫ਼ੂੰਦੀ ਫ਼ੇਰ ਉਭਰ ਸੱਕਦੀ ਹੈ। ਇਸ ਲਈ ਇਸ ਨੂੰ ਸਾੜ ਦੇਣਾ ਚਾਹੀਦਾ ਹੈ। 58 ਪਰ ਜੇ ਚਮੜੇ ਜਾਂ ਕੱਪੜੇ ਦੇ ਉਸ ਟੁਕੜੇ ਨੂੰ ਧੋਣ ਤੋਂ ਮਗਰੋਂ ਫ਼ਫ਼ੂੰਦੀ ਫ਼ੇਰ ਨਹੀਂ ਉਭਰੀ, ਇਸ ਨੂੰ ਫ਼ੇਰ ਤੋਂ ਧੋਤਾ ਜਾਣਾ ਚਾਹੀਦਾ ਹੈ। ਫ਼ੇਰ ਇਹ ਪਾਕ ਹੋ ਜਾਵੇਗਾ।”

59 ਚਮੜੇ ਜਾਂ ਕੱਪੜੇ ਦੇ ਟੁਕੜੇ ਉੱਤੇ ਫ਼ਫ਼ੂੰਦੀ ਪਾਕ ਹੈ ਜਾਂ ਨਾਪਾਕ ਦਾ ਫ਼ੈਸਲਾ ਕਰਨ ਦੇ ਲਈ ਇਹ ਬਿਧੀਆਂ ਹਨ। ਇਸ ਨਾਲ ਫ਼ਰਕ ਨਹੀਂ ਪੈਂਦਾ ਕਿ ਕੱਪੜਾ ਲਿਨਨ ਤੋਂ ਬਣਿਆ ਜਾਂ ਉੱਨ ਤੋਂ ਜਾਂ ਇਹ ਉਣਿਆ ਹੋਇਆ ਹੈ ਜਾਂ ਬੁਣਿਆ ਹੋਇਆ ਹੈ।

ਮੱਤੀ 26:26-50

ਪ੍ਰਭੂ ਦਾ ਰਾਤ ਦਾ ਖਾਣਾ(A)

26 ਜਦੋਂ ਉਹ ਖਾ ਰਹੇ ਸਨ ਤਾਂ ਯਿਸੂ ਨੇ ਥੋੜੀ ਰੋਟੀ ਲਈ। ਯਿਸੂ ਨੇ ਰੋਟੀ ਲਈ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਇਸ ਨੂੰ ਆਪਣੇ ਚੇਲਿਆਂ ਵਿੱਚ ਵੰਡ ਦਿੱਤਾ ਅਤੇ ਕਿਹਾ, “ਇਹ ਰੋਟੀ ਲਵੋ ਤੇ ਖਾ ਲਵੋ ਕਿਉਂ ਜੋ ਇਹ ਮੇਰਾ ਸ਼ਰੀਰ ਹੈ।”

27 ਫ਼ਿਰ ਯਿਸੂ ਨੇ ਮੈਅ ਦਾ ਪਿਆਲਾ ਫ਼ੜਿਆ ਅਤੇ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਕਿਹਾ, “ਤੁਹਾਡੇ ਵਿੱਚੋਂ ਹਰ ਕੋਈ ਇਸ ਨੂੰ ਪੀਓ। 28 ਇਹ ਮੇਰਾ ਲਹੂ ਹੈ। ਮੇਰਾ ਲਹੂ ਪਰਮੇਸ਼ੁਰ ਅਤੇ ਉਸ ਦੇ ਲੋਕਾਂ ਵਿੱਚਕਾਰ ਨਵਾਂ ਕਰਾਰ ਸ਼ੁਰੂ ਕਰਦਾ ਹੈ। ਬਹੁਤ ਸਾਰੇ ਲੋਕਾਂ ਦੇ ਪਾਪ ਮਾਫ਼ ਕਰਨ ਲਈ ਇਹ ਲਹੂ ਵਹਾਇਆ ਗਿਆ ਹੈ। 29 ਮੈਂ ਤੁਹਾਨੂੰ ਦੱਸਦਾ ਹਾਂ, ਕਿ ਮੈਂ ਇਸ ਮੈਅ ਨੂੰ ਫ਼ੇਰ ਕਦੇ ਨਹੀਂ ਪੀਵਾਂਗਾ। ਪਰ ਜਦੋਂ ਮੈਂ ਇਸ ਨੂੰ ਆਪਣੇ ਪਿਤਾ ਦੇ ਰਾਜ ਵਿੱਚ ਤੁਹਾਡੇ ਨਾਲ ਪੀਵਾਂਗਾ ਤਾਂ ਇਹ ਨਵੀਂ ਹੋਵੇਗੀ।”

30 ਫ਼ਿਰ ਉਨ੍ਹਾਂ ਨੇ ਭਜਨ ਗਾਇਆ। ਇਸਤੋਂ ਬਾਦ ਜੈਤੂਨ ਦੇ ਪਹਾੜ ਵੱਲ ਚੱਲੇ ਗਏ।

ਯਿਸੂ ਅਗੰਮ ਵਾਕ ਕਰਦਾ ਹੈ ਕਿ ਉਸ ਦੇ ਚੇਲੇ ਉਸ ਨੂੰ ਛੱਡ ਜਾਣਗੇ(B)

31 ਯਿਸੂ ਨੇ ਚੇਲਿਆਂ ਨੂੰ ਕਿਹਾ, “ਅੱਜ ਰਾਤ ਮੇਰੇ ਕਾਰਣ ਤੁਸੀਂ ਸਾਰੇ ਆਪਣਾ ਭਰੋਸਾ ਗੁਆ ਲਵੋਂਗੇ। ਕਿਉਂ ਜੋ ਇਹ ਲਿਖਿਆ ਹੋਇਆ ਹੈ:

‘ਮੈਂ ਆਜੜੀ ਨੂੰ ਮਾਰ ਦੇਵਾਂਗਾ,
    ਅਤੇ ਉਸ ਦੇ ਇੱਜੜ ਦੀਆਂ ਭੇਡਾਂ ਖਿੱਲਰ ਜਾਣਗੀਆਂ।’ (C)

32 ਪਰ ਮੈਂ ਮੌਤ ਤੋਂ ਬਾਦ ਫ਼ਿਰ ਜੀ ਉੱਠਾਂਗਾ ਅਤੇ ਗਲੀਲੀ ਵੱਲ ਜਾਵਾਂਗਾ। ਮੈਂ ਤੁਹਾਡੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਉੱਥੇ ਹੋਵਾਂਗਾ।”

33 ਤਦ ਪਤਰਸ ਨੇ ਉਸ ਨੂੰ ਉੱਤਰ ਦਿੱਤਾ, “ਭਾਵੇਂ ਤੇਰੇ ਕਾਰਨ ਬਾਕੀ ਸਾਰੇ ਚੇਲੇ ਭਰੋਸਾ ਗੁਆ ਬੈਠਣ, ਮੈਂ ਆਪਣਾ ਭਰੋਸਾ ਕਦੇ ਨਹੀਂ ਗੁਆਵਾਂਗਾ।”

34 ਯਿਸੂ ਨੇ ਆਖਿਆ, “ਮੈਂ ਸੱਚ ਆਖਦਾ ਕਿ ਅੱਜ ਰਾਤ ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ ਤੂੰ ਮੈਨੂੰ ਨਾਮੰਜ਼ੂਰ ਕਰੇਂਗਾ।”

35 ਪਰ ਪਤਰਸ ਨੇ ਆਖਿਆ, “ਭਾਵੇਂ ਮੈਨੂੰ ਤੁਹਾਡੇ ਨਾਲ ਮਰਨਾ ਪਵੇ ਮੈਂ ਤੇਰਾ ਕਦੇ ਵੀ ਇਨਕਾਰ ਨਹੀਂ ਕਰਾਂਗਾ।” ਅਤੇ ਇਉਂ ਹੀ ਬਾਕੀ ਸਾਰਿਆਂ ਚੇਲਿਆਂ ਨੇ ਵੀ ਕਿਹਾ।

ਯਿਸੂ ਇੱਕਲਾ ਪ੍ਰਾਰਥਨਾ ਕਰਦਾ ਹੈ(D)

36 ਫ਼ੇਰ, ਯਿਸੂ ਆਪਣੇ ਚੇਲਿਆਂ ਨਾਲ ਗਥਸਮਨੀ ਨਾਮੇਂ ਦੀ ਇੱਕ ਥਾਂ ਤੇ ਗਿਆ, ਅਤੇ ਉਨ੍ਹਾਂ ਨੂੰ ਆਖਿਆ, “ਜਿੰਨਾ ਚਿਰ ਮੈਂ ਉੱਥੇ ਰਹਾਂ ਅਤੇ ਪ੍ਰਾਰਥਨਾ ਕਰਾਂ, ਤੁਸੀਂ ਇੱਥੇ ਬੈਠੋ।” 37 ਯਿਸੂ ਨੇ ਪਤਰਸ ਅਤੇ ਜ਼ਬਦੀ ਦੇ ਦੋਵੇਂ ਪੁੱਤਰਾਂ ਨੂੰ ਆਪਣੇ ਨਾਲ ਆਉਣ ਨੂੰ ਕਿਹਾ ਪਰ ਨਾਲ ਹੀ ਯਿਸੂ ਬੜਾ ਉਦਾਸ ਅਤੇ ਬੇਕਰਾਰ ਨਜ਼ਰ ਆਉਣ ਲੱਗਾ। 38 ਯਿਸੂ ਨੇ ਪਤਰਸ ਅਤੇ ਜ਼ਬਦੀ ਦੇ ਦੋਹਾਂ ਪੁੱਤਰਾਂ ਨੂੰ ਕਿਹਾ, “ਮੇਰਾ ਆਤਮਾ ਦੁੱਖ ਨਾਲ ਭਰਪੂਰ ਹੈ ਅਤੇ ਮੇਰਾ ਦਿਲ ਉਦਾਸੀ ਨਾਲ ਟੁੱਟਦਾ ਜਾ ਰਿਹਾ ਹੈ। ਤੁਸੀਂ ਇੱਥੇ ਮੇਰੇ ਨਾਲ ਜਾਗਦੇ ਰਹੋ ਅਤੇ ਰਤਾ ਉਡੀਕ ਕਰੋ।”

39 ਤਦ ਯਿਸੂ ਉਨ੍ਹਾਂ ਤੋਂ ਥੋੜਾ ਕੁ ਅੱਗੇ ਨੂੰ ਵੱਧਿਆ। ਯਿਸੂ ਮੂੰਹ ਭਾਰ ਜ਼ਮੀਨ ਉੱਤੇ ਪਿਆ ਅਤੇ ਪ੍ਰਾਰਥਨਾ ਕੀਤੀ, “ਹੇ ਮੇਰੇ ਪਿਤਾ, ਜੇਕਰ ਇਹ ਸੰਭਵ ਹੈ ਤਾਂ ਦੁੱਖ ਦਾ ਇਹ ਪਿਆਲਾ ਲੈ ਲਵੋ। ਪਰ ਤੂੰ ਉਹੀ ਕਰ ਜੋ ਤੂੰ ਚਾਹੁੰਦਾ ਹੈ ਨਾ ਕਿ ਜੋ ਮੈਂ ਚਾਹੁੰਦਾ ਹਾਂ।” 40 ਤਦ ਯਿਸੂ ਆਪਣੇ ਚੇਲਿਆਂ ਕੋਲ ਆਇਆ ਅਤੇ ਉਨ੍ਹਾਂ ਨੂੰ ਸੁਤਿਆਂ ਪਾਇਆ। ਯਿਸੂ ਨੇ ਪਤਰਸ ਨੂੰ ਆਖਿਆ, “ਕੀ ਤੁਸੀਂ ਮੇਰੇ ਨਾਲ ਇੱਕ ਘੜੀ ਲਈ ਵੀ ਨਹੀਂ ਜਾਗ ਸੱਕਦੇ? 41 ਜਾਗੋ ਅਤੇ ਪ੍ਰਾਰਥਨਾ ਕਰੋ ਕਿ ਤੁਸੀਂ ਪਰਤਾਵੇ ਵਿੱਚ ਨਾ ਪਵੋਂ। ਆਤਮਾ ਤਾਂ ਇਛੁੱਕ ਹੈ, ਪਰ ਤੁਹਾਡਾ ਸ਼ਰੀਰ ਕਮਜ਼ੋਰ ਹੈ।”

42 ਫ਼ੇਰ ਯਿਸੂ ਦੂਜੀ ਵਾਰ ਉੱਥੇ ਚੱਲਿਆ ਗਿਆ ਅਤੇ ਪ੍ਰਾਰਥਨਾ ਕੀਤੀ, “ਮੇਰੇ ਪਿਤਾ, ਜੇਕਰ ਇਹ ਦੁੱਖਾ ਦਾ ਪਿਆਲਾ ਹਟਾਇਆ ਜਾਣਾ ਸੰਭਵ ਨਹੀਂ, ਕਾਸ਼ ਤੁਹਾਡੀ ਇੱਛਾ ਹੀ ਪੂਰਨ ਹੋਵੇ।”

43 ਜਦੋਂ ਯਿਸੂ ਵਾਪਿਸ ਆਇਆ, ਉਸ ਨੇ ਆਪਣੇ ਚੇਲਿਆਂ ਨੂੰ ਫ਼ਿਰ ਸੁਤਾ ਹੋਇਆ ਪਾਇਆ। ਉਨ੍ਹਾਂ ਦੀਆਂ ਅੱਖਾ ਥੱਕੀਆ ਹੋਈਆਂ ਸਨ। 44 ਤਾ ਯਿਸੂ ਤੋ ਵਿਦਾ ਹੋਕੇ ਇੱਕ ਵਾਰ ਫਿਰ ਚੱਲਾ ਗਿਆ ਅਤੇ ਤੀਜੀ ਵਾਰ ਉਹੀ ਬਚਨ ਆਖਦੇ ਹੋਏ ਪ੍ਰਾਰਥਨਾ ਕੀਤੀ।

45 ਯਿਸੂ ਵਾਪਿਸ ਚੇਲਿਆਂ ਕੋਲ ਗਿਆ ਅਤੇ ਆਖਣ ਲੱਗਾ, “ਤੁਸੀਂ ਅਜੇ ਵੀ ਸੌਂ ਰਹੇ ਹੋ ਅਤੇ ਅਰਾਮ ਕਰ ਰਹੇ ਹੋ? ਵੇਖੋ ਉਹ ਘੜੀ ਆ ਗਈ ਹੈ ਜਦੋਂ ਮਨੁੱਖ ਦਾ ਪੁੱਤਰ ਪਾਪੀਆਂ ਦੇ ਹੱਥ ਫ਼ੜਾਇਆ ਜਾਣਾ ਹੈ। 46 ਵੇਖੋ, ਜੋ ਮਨੁੱਖ ਮੈਨੂੰ ਮੇਰੇ ਦੁਸ਼ਮਨਾਂ ਹੱਥੀਂ ਫ਼ੜਾਵੇਗਾ ਉਹ ਆ ਗਿਆ ਹੈ।”

ਯਿਸੂ ਦਾ ਗਿਰਫ਼ਤਾਰ ਕੀਤਾ ਜਾਣਾ(E)

47 ਜਦੋਂ ਯਿਸੂ ਅਜੇ ਬੋਲ ਰਿਹਾ ਸੀ, ਬਾਰ੍ਹਾਂ ਚੇਲਿਆਂ ਵਿੱਚੋਂ ਇੱਕ, ਯਹੂਦਾ ਉੱਥੇ ਆ ਗਿਆ। ਪ੍ਰਧਾਨ ਜਾਜਕਾਂ ਦੁਆਰਾ ਭੇਜੇ ਹੋਏ ਬਹੁਤ ਸਾਰੇ ਲੋਕ ਅਤੇ ਲੋਕਾਂ ਦੇ ਬਜ਼ੁਰਗ ਆਗੂ ਵੀ ਉਸ ਦੇ ਨਾਲ ਸਨ। ਉਨ੍ਹਾਂ ਕੋਲ ਤਲਵਾਰਾਂ ਅਤੇ ਡਾਂਗਾਂ ਫ਼ੜੀਆਂ ਹੋਈਆਂ ਸਨ। 48 ਯਹੂਦਾ ਨੇ ਉਨ੍ਹਾਂ ਲੋਕਾਂ ਨੂੰ ਇਹ ਨਿਸ਼ਾਨ ਦਿੱਤਾ ਹੋਇਆ ਸੀ: “ਕਿ ਜਿਸ ਵਿਅਕਤੀ ਨੂੰ ਮੈਂ ਚੁੰਮਾਂ ਉਹੀ ਯਿਸੂ ਹੈ। ਉਸ ਨੂੰ ਗਿਰਫ਼ਤਾਰ ਕਰ ਲੈਣਾ।” 49 ਤਾਂ ਯਹੂਦਾ ਸਿੱਧਾ ਯਿਸੂ ਕੋਲ ਗਿਆ ਅਤੇ ਆਖਿਆ, “ਗੁਰੂ ਜੀ ਨਮਸੱਕਾਰ!” ਫ਼ਿਰ ਉਸ ਨੇ ਉਸ ਨੂੰ ਚੁੰਮਿਆ।

50 ਯਿਸੂ ਨੇ ਉੱਤਰ ਦਿੱਤਾ, “ਮਿੱਤਰ, ਤੂੰ ਜੋ ਇੱਥੇ ਕਰਨ ਆਇਆ ਹੈਂ ਉਹ ਕਰ।”

ਉਦੋਂ ਹੀ ਆਦਮੀ ਆ ਗਏ ਉਨ੍ਹਾਂ ਨੇ ਯਿਸੂ ਨੂੰ ਫ਼ੜਿਆ ਅਤੇ ਗਿਰਫ਼ਤਾਰ ਕਰ ਲਿਆ।

Punjabi Bible: Easy-to-Read Version (ERV-PA)

2010 by World Bible Translation Center