Print Page Options
Previous Prev Day Next DayNext

Old/New Testament

Each day includes a passage from both the Old Testament and New Testament.
Duration: 365 days
Punjabi Bible: Easy-to-Read Version (ERV-PA)
Version
ਲੇਵੀਆਂ ਦੀ ਪੋਥੀ 6-7

ਬਾਕੀ ਪਾਪਾਂ ਲਈ ਦੋਸ਼ ਦੀਆਂ ਭੇਟਾਂ

ਯਹੋਵਾਹ ਨੇ ਮੂਸਾ ਨੂੰ ਆਖਿਆ, “ਹੋ ਸੱਕਦਾ ਹੈ ਕੋਈ ਬੰਦਾ ਇਨ੍ਹਾਂ ਵਿੱਚੋਂ ਕੋਈ ਇੱਕ ਪਾਪ ਕਰਕੇ ਯਹੋਵਾਹ ਦੇ ਖਿਲਾਫ਼ ਕੁਝ ਗਲਤ ਕਰੇ: ਕੋਈ ਬੰਦਾ ਕਿਸੇ ਜਮ੍ਹਾਂ ਕਰਾਈ ਹੋਈ ਰਕਮ [a] ਬਾਰੇ ਝੂਠ ਬੋਲ ਸੱਕਦਾ ਜੋ ਉਸ ਨੂੰ ਮਿਲੀ ਹੋਵੇ। ਜਾਂ ਕੋਈ ਬੰਦਾ ਕਿਸੇ ਚੀਜ਼ ਨੂੰ ਚੁਰਾ ਲਵੇ। ਜਾਂ ਕੋਈ ਬੰਦਾ ਕਿਸੇ ਨੂੰ ਧੋਖਾ ਦੇਵੇ। ਜਾਂ ਹੋ ਸੱਕਦਾ ਕਿ ਕੋਈ ਬੰਦਾ ਗੁਆਂਢੀ ਦੀ ਗੁਆਚੀ ਹੋਈ ਕਿਸੇ ਚੀਜ਼ ਨੂੰ ਲੱਭ ਲਵੇ ਅਤੇ ਇਸ ਬਾਰੇ ਝੂਠ ਬੋਲੇ। ਜਾਂ ਹੋ ਸੱਕਦਾ ਕੋਈ ਬੰਦਾ ਕਾਸੇ ਬਾਰੇ ਝੂਠੀ ਸੌਂਹ ਖਾਵੇ ਜਾਂ ਉਹ ਕੋਈ ਹੋਰ ਪਾਪ ਕਰੋ। ਜੇ ਕੋਈ ਬੰਦਾ ਇਨ੍ਹਾਂ ਵਿੱਚੋਂ ਕੋਈ ਗੱਲ ਕਰੇ, ਤਾਂ ਉਹ ਬੰਦਾ ਪਾਪ ਦਾ ਦੋਸ਼ੀ ਹੈ। ਉਸ ਬੰਦੇ ਨੂੰ ਉਹ ਚੀਜ਼ ਵਾਪਸ ਲਿਆਉਣੀ ਚਾਹੀਦੀ ਹੈ ਜੋ ਉਸ ਨੇ ਚੋਰੀ ਕੀਤੀ, ਜਾਂ ਜਿਸ ਨੂੰ ਉਸ ਨੇ ਧੋਖੇ ਨਾਲ ਲਿਆ, ਜਾਂ ਉਸ ਨੇ ਜੋ ਕੁਝ ਵੀ ਲਿਆ ਜਿਸ ਨੂੰ ਕਿਸੇ ਹੋਰ ਨੇ ਅਮਾਨਤ ਦੇ ਤੌਰ ਤੇ ਰੱਖਣ ਲਈ ਦਿੱਤਾ ਸੀ। ਜਾਂ ਜੋ ਕੁਝ ਵੀ ਉਸ ਨੂੰ ਲੱਭਿਆ ਅਤੇ ਉਸ ਬਾਰੇ ਝੂਠ ਬੋਲਿਆ, ਜਾਂ ਉਸ ਨੇ ਜੋ ਵੀ ਝੂਠੀ ਸੌਂਹ ਖਾਧੀ, ਉਸ ਨੂੰ ਇਸਦੀ ਪੂਰੀ ਕੀਮਤ ਵਿੱਚ ਚੀਜ਼ ਦੇ ਮੁੱਲ ਦਾ ਪੰਜਵਾਂ ਹਿੱਸਾ ਵੱਧ ਜਮ੍ਹਾਂ ਕਰਕੇ ਅਦਾ ਕਰਨਾ ਚਾਹੀਦਾ ਹੈ। ਉਸ ਨੂੰ ਇਹ ਪੈਸਾ ਜਦੋਂ ਉਹ ਆਪਣਾ ਦੋਸ਼ ਦੀ ਭੇਟ ਲੈ ਕੇ ਆਉਂਦਾ, ਉਸ ਦੇ ਅਸਲੀ ਮਾਲਕ ਨੂੰ ਦੇਣਾ ਚਾਹੀਦਾ ਹੈ। ਉਸ ਬੰਦੇ ਨੂੰ ਜਾਜਕ ਕੋਲ ਆਪਣੀ ਦੋਸ਼ ਦੀ ਭੇਟ ਲੈ ਕੇ ਆਉਣੀ ਚਾਹੀਦੀ ਹੈ। ਇਹ ਉਸ ਦੇ ਇੱਜੜ ਵਿੱਚੋਂ ਇੱਕ ਬੇਨੁਕਸ ਭੇਡੂ ਹੋਣਾ ਚਾਹੀਦਾ ਹੈ। ਇਹ ਉਨੇ ਹੀ ਮੁੱਲ ਦਾ ਹੋਣਾ ਚਾਹੀਦਾ ਜਿੰਨਾ ਜਾਜਕ ਆਖੇ। ਇਹ ਯਹੋਵਾਹ ਨੂੰ ਦੋਸ਼ ਦੀ ਭੇਟ ਹੋਵੇਗੀ। ਫ਼ੇਰ ਜਾਜਕ ਦੇ ਅੱਗੇ ਜਾਵੇਗਾ ਅਤੇ ਉਸ ਵਿਅਕਤੀ ਲਈ ਪਰਾਸਚਿਤ ਕਰੇਗਾ ਅਤੇ ਉਹ ਗੱਲਾਂ ਜਿਨ੍ਹਾਂ ਨੂੰ ਕਰਕੇ ਉਹ ਦੋਸ਼ੀ ਬਣਿਆ ਸੀ ਮਾਫ਼ ਕਰ ਦਿੱਤੀਆਂ ਜਾਣਗੀਆਂ।”

ਹੋਮ ਦੀਆਂ ਭੇਟਾਂ

ਯਹੋਵਾਹ ਨੇ ਮੂਸਾ ਨੂੰ ਆਖਿਆ, “ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਇਹ ਹੁਕਮ ਦਿਉ; ਇਹ ਹੋਮ ਦੀ ਭੇਟ ਦੀ ਬਿਧੀ ਹੈ। ਹੋਮ ਦੀ ਭੇਟ ਸਾਰੀ ਰਾਤ, ਸਵੇਰ ਹੋਣ ਤੀਕ ਜਗਵੇਦੀ ਉੱਤੇ ਰਹਿਣੀ ਚਾਹੀਦੀ ਹੈ। ਜਗਵੇਦੀ ਦੀ ਅੱਗ ਬਲਦੀ ਰਹਿਣੀ ਚਾਹੀਦੀ ਹੈ। 10 ਜਾਜਕ ਨੂੰ ਆਪਣਾ ਲਿਨਨ ਦਾ ਕੱਛਾ ਅਤੇ ਲਿਨਨ ਦਾ ਚੋਲਾ ਪਹਿਨਣਾ ਚਾਹੀਦਾ ਹੈ। ਫ਼ੇਰ ਉਸ ਨੂੰ ਹੋਮ ਦੀ ਭੇਟ ਸੜਨ ਤੋਂ ਬਾਦ ਜਗਵੇਦੀ ਉੱਤੇ ਬਚੀ ਹੋਈ ਰਾਖ ਚੁੱਕ ਦੇਣੀ ਚਾਹੀਦੀ ਹੈ। ਉਸ ਨੂੰ ਇਹ ਰਾਖ ਜਗਵੇਦੀ ਦੇ ਪਾਸੇ ਤੇ ਪਾ ਦੇਣੀ ਚਾਹੀਦੀ ਹੈ। 11 ਫ਼ੇਰ ਉਸ ਨੂੰ ਆਪਣੇ ਉਸ ਵਸਤਰ ਉਤਾਰ ਦੇਣੇ ਚਾਹੀਦੇ ਹਨ ਅਤੇ ਹੋਰ ਵਸਤਰ ਪਾਕੇ ਉਹ ਰਾਖ ਚੁੱਕੇ ਡੇਰੇ ਤੋਂ ਬਾਹਰ ਸ਼ੁੱਧ ਥਾਂ ਤੇ ਲੈ ਜਾਣੀ ਚਾਹੀਦੀ ਹੈ। 12 ਪਰ ਜਗਵੇਦੀ ਦੀ ਅੱਗ ਬਲਦੀ ਰੱਖਣੀ ਚਾਹੀਦੀ ਹੈ। ਇਸ ਨੂੰ ਬੁਝਣ ਨਹੀਂ ਦਿੱਤਾ ਜਾਣਾ ਚਾਹੀਦਾ ਹਰ ਸਵੇਰ ਜਾਜਕ ਨੂੰ ਅੱਗ ਵਿੱਚ ਲੱਕੜਾਂ ਪਾਉਣੀਆਂ ਚਾਹੀਦੀਆਂ ਹਨ। ਉਸ ਨੂੰ ਹੋਮ ਦੀ ਭੇਟ ਨੂੰ ਜਗਵੇਦੀ ਉੱਤੇ ਰੱਖਣਾ ਚਾਹੀਦਾ ਹੈ ਅਤੇ ਸੁੱਖ-ਸਾਂਦ ਦੀ ਭੇਟ ਦੀ ਚਰਬੀ ਸਾੜ ਦੇਣੀ ਚਾਹੀਦੀ ਹੈ। 13 ਜਗਵੇਦੀ ਉੱਤੇ ਅੱਗ ਬਿਨਾ ਰੁਕੇ ਬਲਦੀ ਰੱਖਣੀ ਚਾਹੀਦੀ ਹੈ। ਇਹ ਕਦੇ ਵੀ ਬੁਝਣ ਨਹੀਂ ਦੇਣੀ ਚਾਹੀਦੀ।

ਅਨਾਜ ਦੀਆਂ ਭੇਟਾਂ

14 “ਅਨਾਜ ਦੀਆਂ ਭੇਟਾਂ ਦਾ ਨੇਮ ਇਹ ਹੈ; ਹਾਰੂਨ ਦੇ ਪੁੱਤਰ ਇਸ ਨੂੰ ਜਗਵੇਦੀ ਦੇ ਸਾਹਮਣੇ ਯਹੋਵਾਹ ਕੋਲ ਲੈ ਕੇ ਆਉਣ। 15 ਜਾਜਕ ਨੂੰ ਅਨਾਜ ਦੀ ਭੇਟ ਵਿੱਚੋਂ ਮੈਦੇ ਦੀ ਇੱਕ ਮੁੱਠੀ ਭਰਨੀ ਚਾਹੀਦੀ ਹੈ। ਉਸ ਨੂੰ ਕੁਝ ਤੇਲ ਅਤੇ ਸਾਰਾ ਲੋਬਾਨ ਲੈਣਾ ਚਾਹੀਦਾ ਜੋ ਅਨਾਜ ਦੀ ਭੇਟ ਉੱਤੇ ਹੈ। ਉਸ ਨੂੰ ਅਨਾਜ ਦੀ ਭੇਟ ਨੂੰ ਜਗਵੇਦੀ ਉੱਤੇ ਸਾੜਨਾ ਚਾਹੀਦਾ ਹੈ। ਇਹ ਯਹੋਵਾਹ ਲਈ ਯਾਦਗਾਰ ਭੇਟ ਹੋਵੇਗੀ ਅਤੇ ਇਸਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰੇਗੀ।

16 “ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਬਚੀ ਹੋਈ ਅਨਾਜ ਦੀ ਭੇਟ ਖਾਣੀ ਚਾਹੀਦੀ ਹੈ। ਅਨਾਜ ਦੀ ਭੇਟ ਇੱਕ ਤਰ੍ਹਾਂ ਦੀ ਪਤੀਰੀ ਰੋਟੀ ਹੈ। ਜਾਜਕਾਂ ਨੂੰ ਪਵਿੱਤਰ ਸਥਾਨ ਉੱਤੇ ਇਹ ਰੋਟੀ ਖਾਣੀ ਚਾਹੀਦੀ ਹੈ। ਉਨ੍ਹਾਂ ਨੂੰ ਇਹ ਮੰਡਲੀ ਵਾਲੇ ਤੰਬੂ ਦੇ ਆਲੇ-ਦੁਆਲੇ ਵਿਹੜੇ ਵਿੱਚ ਖਾਣੀ ਚਾਹੀਦੀ ਹੈ। 17 ਅਨਾਜ ਦੀ ਭੇਟ ਨੂੰ ਖਮੀਰ ਨਾਲ ਨਹੀਂ ਪਕਾਉਣਾ ਚਾਹੀਦਾ। ਮੈਂ ਇਸ ਹਿੱਸੇ ਨੂੰ, ਮੈਨੂੰ ਅੱਗ ਦੁਆਰਾ ਦਿੱਤੇ ਗਏ ਚੜ੍ਹਾਵੇ ਵਿੱਚੋਂ ਜਾਜਕਾਂ ਨੂੰ ਦਿੱਤਾ ਹੈ। ਇਹ ਪਾਪ ਦੀ ਭੇਟ ਅਤੇ ਦੋਸ਼ ਦੀ ਭੇਟ ਵਾਂਗ ਅੱਤ ਪਵਿੱਤਰ ਹੈ। 18 ਹਾਰੂਨ ਦੇ ਉੱਤਰਾਧਿਕਾਰੀਆਂ ਵਿੱਚੋਂ ਹਰ ਨਰ, ਯਹੋਵਾਹ ਨੂੰ ਅੱਗ ਦੁਆਰਾ ਦਿੱਤੀ ਗਈ ਅਨਾਜ ਦੀ ਭੇਟ ਵਿੱਚੋਂ ਖਾ ਸੱਕਦਾ ਹੈ। ਇਹ ਤੁਹਾਡੀਆਂ ਪੀੜੀਆਂ ਲਈ ਸਦਾ ਵਾਸਤੇ ਇੱਕ ਨੇਮ ਹੈ। ਇਨ੍ਹਾਂ ਭੇਟਾਂ ਨੂੰ ਛੂਹਣਾ ਉਨ੍ਹਾਂ ਆਦਮੀਆਂ ਨੂੰ ਪਵਿੱਤਰ ਬਣਾਉਂਦਾ ਹੈ।”

ਜਾਜਕਾਂ ਦੀਆਂ ਅਨਾਜ ਦੀਆਂ ਭੇਟਾਂ

19 ਯਹੋਵਾਹ ਨੇ ਮੂਸਾ ਨੂੰ ਆਖਿਆ, 20 “ਇਹ ਉਹ ਭੇਟ ਹੈ ਜਿਹੜੀ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਯਹੋਵਾਹ ਲਈ ਲੈ ਕੇ ਆਉਣੀ ਚਾਹੀਦੀ ਹੈ। ਉਨ੍ਹਾਂ ਨੂੰ ਇਹ ਉਸ ਦਿਨ ਕਰਨਾ ਚਾਹੀਦਾ ਜਦੋਂ ਹਾਰੂਨ ਨੂੰ ਪਰਧਾਨ ਜਾਜਕ ਵਜੋਂ ਮਸਹ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਅਨਾਜ ਦੀ ਭੇਟ ਵਜੋਂ 8 ਕੱਪ ਮੈਦੇ ਦੇ ਲੈ ਕੇ ਆਉਣੇ ਚਾਹੀਦੇ ਹਨ। (ਇਹ ਨਿਯਮਿਤ ਅਨਾਜ ਦੀ ਭੇਟ ਹੈ।) ਉਨ੍ਹਾਂ ਨੂੰ ਇਸਦਾ ਅੱਧਾ ਹਿੱਸਾ ਸਵੇਰੇ ਲੈ ਕੇ ਆਉਣਾ ਚਾਹੀਦਾ ਹੈ ਅਤੇ ਅੱਧਾ ਸ਼ਾਮ ਨੂੰ। 21 ਮੈਦੇ ਵਿੱਚ ਤੇਲ ਮਿਲਾਉਣਾ ਚਾਹੀਦਾ ਹੈ ਅਤੇ ਇਸ ਨੂੰ ਤਵੇ ਉੱਤੇ ਪਕਾਉਣਾ ਚਾਹੀਦਾ ਹੈ। ਜਦੋਂ ਇੱਕ ਪੱਕ ਜਾਵੇ ਤਾਂ ਤੁਹਾਨੂੰ ਇਹ ਅੰਦਰ ਲਿਆਉਣਾ ਚਾਹੀਦਾ ਹੈ। ਤੁਹਾਨੂੰ ਇਸ ਚੜ੍ਹਾਵੇ ਦੇ ਟੁਕੜੇ ਕਰ ਲੈਣੇ ਚਾਹੀਦੇ ਹਨ। ਇਸਦੀ ਸੁਗੰਧ ਯਹੋਵਾਹ ਨੂੰ ਪ੍ਰਸੰਨ ਕਰਦੀ ਹੈ।

22-23 “ਉਸ ਜਾਜਕ ਨੂੰ ਜਿਹੜਾ ਹਾਰੂਨ ਦੇ ਉੱਤਰਾਧਿਕਾਰੀਆਂ ਵਿੱਚੋਂ ਹਾਰੂਨ ਦੀ ਥਾਂ ਲੈਣ ਲਈ ਚੁਣਿਆ ਜਾਂਦਾ, ਯਹੋਵਾਹ ਨੂੰ ਇਹ ਭੇਟ ਦੇਣੀ ਚਾਹੀਦੀ ਹੈ। ਇਹ ਨੇਮ ਸਦਾ ਲਈ ਜਾਰੀ ਰਹੇਗਾ। ਜਾਜਕ ਦੀ ਅਨਾਜ ਦੀ ਭੇਟ ਨੂੰ ਪੂਰੀ ਤਰ੍ਹਾਂ ਸਾੜਨਾ ਚਾਹੀਦਾ ਅਤੇ ਇਸ ਨੂੰ ਖਾਣਾ ਨਹੀਂ ਚਾਹੀਦਾ।”

ਪਾਪ ਦੀ ਭੇਟ ਦੀ ਬਿਧੀ

24 ਯਹੋਵਾਹ ਨੇ ਮੂਸਾ ਨੂੰ ਆਖਿਆ, 25 “ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਆਖ; ਇਹ ਪਾਪ ਦੀ ਭੇਟ ਦੀ ਬਿਧੀ ਹੈ। ਪਾਪ ਦੀ ਭੇਟ ਨੂੰ ਉਸੇ ਸਥਾਨ ਉੱਤੇ ਮਾਰਿਆ ਜਾਣਾ ਚਾਹੀਦਾ ਜਿੱਥੇ ਯਹੋਵਾਹ ਦੇ ਸਾਹਮਣੇ ਹੋਮ ਦੀ ਭੇਟ ਨੂੰ ਮਾਰਿਆ ਜਾਂਦਾ ਹੈ। ਇਹ ਅੱਤ ਪਵਿੱਤਰ ਹੈ। 26 ਜਿਹੜਾ ਜਾਜਕ ਪਾਪ ਦੀ ਭੇਟ ਨੂੰ ਭੇਟ ਕਰਦਾ ਹੈ ਉਸ ਨੂੰ ਇਸ ਨੂੰ ਖਾਣਾ ਚਾਹੀਦਾ ਹੈ। ਪਰ ਉਸ ਨੂੰ ਇਸ ਮੰਡਲੀ ਵਾਲੇ ਤੰਬੂ ਦੇ ਆਲੇ-ਦੁਆਲੇ ਦੇ ਵਿਹੜੇ ਵਿੱਚ ਪਵਿੱਤਰ ਸਥਾਨ ਉੱਤੇ ਖਾਣਾ ਚਾਹੀਦਾ ਹੈ। 27-28 ਪਾਪ ਦੀ ਭੇਟ ਦੇ ਮਾਸ ਨੂੰ ਛੂਹਣਾ ਕਿਸੇ ਬੰਦੇ ਜਾਂ ਚੀਜ਼ ਨੂੰ ਪਵਿੱਤਰ ਬਣਾਉਂਦਾ ਹੈ।

“ਜੇਕਰ ਥੋੜਾ ਜਿਹਾ ਖੂਨ ਵੀ ਕਿਸੇ ਬੰਦੇ ਦੇ ਕੱਪੜਿਆਂ ਉੱਤੇ ਪੈ ਜਾਵੇ, ਉਸ ਨੂੰ ਆਪਣੇ ਕੱਪੜੇ ਪਵਿੱਤਰ ਸਥਾਨ ਵਿੱਚ ਧੋ ਲੈਣੇ ਚਾਹੀਦੇ ਹਨ। ਜੇ ਪਾਪ ਦੀ ਭੇਟ ਨੂੰ ਮਿੱਟੀ ਦੇ ਬਰਤਨ ਵਿੱਚ ਉਬਾਲਿਆ ਗਿਆ ਹੋਵੇ, ਤਾਂ ਉਸ ਬਰਤਨ ਨੂੰ ਭੰਨ ਦੇਣਾ ਚਾਹੀਦਾ ਹੈ। ਜੇ ਪਾਪ ਦੀ ਭੇਟ ਨੂੰ ਪਿੱਤਲ ਦੇ ਭਾਂਡੇ ਵਿੱਚ ਉਬਾਲਿਆ ਗਿਆ ਹੋਵੇ, ਉਸ ਭਾਂਡੇ ਨੂੰ ਪਾਣੀ ਨਾਲ ਹੰਘਾਲ ਕੇ ਧੋ ਲੈਣਾ ਚਾਹੀਦਾ ਹੈ।

29 “ਜਾਜਕ ਦੇ ਘਰ ਦਾ ਕੋਈ ਵੀ ਆਦਮੀ ਪਾਪ ਦੀ ਭੇਟ ਖਾ ਸੱਕਦਾ ਹੈ। ਇਹ ਬਹੁਤ ਪਵਿੱਤਰ ਹੈ। 30 ਪਰ ਜੇ ਪਾਪ ਦੀ ਭੇਟ ਦਾ ਖੂਨ ਮੰਡਲੀ ਵਾਲੇ ਤੰਬੂ ਵਿੱਚ ਲਿਜਾਇਆ ਗਿਆ ਸੀ ਅਤੇ ਪਵਿੱਤਰ ਸਥਾਨ ਵਿੱਚ ਪਰਾਸਚਿਤ ਕਰਨ ਲਈ ਵਰਤਿਆ ਗਿਆ ਸੀ, ਤਾਂ ਇਸ ਪਾਪ ਦੀ ਭੇਟ ਨੂੰ ਨਹੀਂ ਖਾਣਾ ਚਾਹੀਦਾ ਅਤੇ ਅੱਗ ਵਿੱਚ ਸਾੜ ਦੇਣਾ ਚਾਹੀਦਾ ਹੈ।

ਦੋਸ਼ ਦੀਆਂ ਭੇਟਾਂ

“ਦੋਸ਼ ਦੀ ਭੇਟ ਦੀਆਂ ਬਿਧੀਆਂ ਇਹ ਹਨ। ਇਹ ਬਹੁਤ ਪਵਿੱਤਰ ਹੈ। ਉਨ੍ਹਾਂ ਨੂੰ ਦੋਸ਼ ਦੀ ਭੇਟ ਨੂੰ ਉਸੇ ਥਾਂ ਮਾਰਨਾ ਚਾਹੀਦਾ ਹੈ ਜਿੱਥੇ ਹੋਮ ਦੀਆਂ ਭੇਟਾਂ ਨੂੰ ਮਾਰਿਆ ਜਾਂਦਾ। ਫ਼ੇਰ ਜਾਜਕ ਨੂੰ ਦੋਸ਼ ਦੀ ਭੇਟ ਦੇ ਖੂਨ ਨੂੰ ਜਗਵੇਦੀ ਦੇ ਸਾਰੀਂ ਪਾਸੀਂ ਡੋਲ੍ਹਣਾ ਚਾਹੀਦਾ ਹੈ।

“ਜਾਜਕ ਨੂੰ ਦੋਸ਼ ਦੀ ਭੇਟ ਦੀ ਸਾਰੀ ਚਰਬੀ ਭੇਟ ਕਰਨੀ ਚਾਹੀਦੀ ਹੈ। ਉਸ ਨੂੰ ਚਰਬੀ ਵਾਲੀ ਪੂਛ ਅਤੇ ਉਹ ਚਰਬੀ ਜਿਹੜੀ ਉਸ ਦੇ ਅੰਦਰਲੇ ਅੰਗਾਂ ਵਿੱਚ ਹੈ, ਭੇਟ ਕਰਨੀ ਚਾਹੀਦੀ ਹੈ। ਉਸ ਨੂੰ ਦੋਵੇਂ ਗੁਰਦੇ ਅਤੇ ਉਨ੍ਹਾਂ ਨੂੰ ਕੱਜਣ ਵਾਲੀ ਪੁਠ ਦੇ ਹੇਠਲੇ ਪਾਸੇ ਦੀ ਚਰਬੀ ਅਤੇ ਕਲੇਜੀ ਦੇ ਚਰਬੀ ਵਾਲੇ ਹਿੱਸੇ ਨੂੰ ਵੀ ਭੇਟ ਕਰਨਾ ਚਾਹੀਦਾ ਹੈ ਜਿਸ ਨੂੰ ਉਹ ਗੁਰਦਿਆਂ ਦੇ ਨਾਲ ਲਾਹ ਲੈਂਦਾ ਹੈ। ਜਾਜਕ ਨੂੰ ਇਹ ਸਾਰੀਆਂ ਚੀਜ਼ਾਂ ਜਗਵੇਦੀ ਉੱਤੇ ਸਾੜਨੀਆਂ ਚਾਹੀਦੀਆਂ ਹਨ। ਇਹ ਯਹੋਵਾਹ ਨੂੰ ਅਗਨੀ ਰਾਹੀਂ ਭੇਟ ਕੀਤਾ ਚੜ੍ਹਾਵਾ ਹੋਵੇਗਾ। ਇਹ ਦੋਸ਼ ਦੀ ਭੇਟ ਹੈ।

“ਜਾਜਕ ਦੇ ਪਰਿਵਾਰ ਦਾ ਕੋਈ ਵੀ ਨਰ ਬੰਦਾ ਦੋਸ਼ ਦੀ ਭੇਟ ਖਾ ਸੱਕਦਾ। ਇਹ ਬਹੁਤ ਪਵਿੱਤਰ ਹੈ, ਇਸ ਲਈ ਇਸ ਨੂੰ ਪਵਿੱਤਰ ਸਥਾਨ ਉੱਤੇ ਖਾਣਾ ਚਾਹੀਦਾ ਹੈ। ਦੋਸ਼ ਦੀ ਭੇਟ ਪਾਪ ਦੀ ਭੇਟ ਵਰਗੀ ਹੀ ਹੈ। ਦੋਹਾਂ ਭੇਟਾਂ ਦੇ ਅਸੂਲ ਇੱਕੋ ਜਿਹੇ ਹਨ। ਜਿਹੜਾ ਜਾਜਕ ਬਲੀ ਚੜ੍ਹਾਉਂਦਾ ਹੈ ਉਹੀ ਭੋਜਨ ਲਈ ਮਾਸ ਪ੍ਰਾਪਤ ਕਰੇਗਾ। ਹੁਣ ਪੂਰੀ ਹੋਮ ਦੀ ਭੇਟ ਬਾਰੇ; ਜਿਹੜਾ ਜਾਜਕ ਪੂਰੀਆਂ ਹੋਮ ਦੀਆਂ ਬਲੀਆਂ ਚੜ੍ਹਾਉਂਦਾ ਹੈ, ਉਸ ਨੂੰ ਜਾਨਵਰ ਦੀ ਖੱਲ ਵੀ ਪ੍ਰਾਪਤ ਹੋਣੀ ਚਾਹੀਦੀ ਹੈ। ਹਰ ਅਨਾਜ ਦੀ ਭੇਟ ਜਿਹੜੀ ਜਾਜਕ ਚੜ੍ਹਾਉਂਦਾ ਹੈ, ਉਸ ਇੱਕਲੇ ਦੀ ਹੋਵੇਗੀ। ਜਾਜਕ ਉਨ੍ਹਾਂ ਅਨਾਜ ਦੀਆਂ ਭੇਟਾਂ ਨੂੰ ਪ੍ਰਾਪਤ ਕਰੇਗਾ ਜਿਹੜੀਆਂ ਤੰਦੂਰ ਵਿੱਚ ਜਾਂ ਪਤੀਲੇ ਵਿੱਚ ਜਾਂ ਤਵੇ ਉੱਤੇ ਪਕਾਈਆਂ ਗਈਆਂ ਸਨ। 10 ਪਰ ਹਰ ਅਨਾਜ ਦੀ ਭੇਟ ਜੋ ਸੁੱਕੀ ਹੈ ਜਾਂ ਤੇਲ ਨਾਲ ਮਿਲੀ ਹੋਈ ਹਾਰੂਨ ਦੇ ਸਾਰੇ ਪੁੱਤਰਾਂ ਦੀ ਹੋਵੇਗੀ। ਉਹ ਇਸ ਭੋਜਨ ਨੂੰ ਸਾਂਝਾ ਕਰਨਗੇ।

ਸੁੱਖ-ਸਾਂਦ ਦੀਆਂ ਭੇਟਾਂ

11 “ਸੁੱਖ-ਸਾਂਦ ਦੀਆਂ ਭੇਟਾਂ ਲਈ ਇਹ ਬਿਧੀ ਹੈ ਜੋ ਕੋ ਵੀ ਵਿਅਕਤੀ ਯਹੋਵਾਹ ਲਈ ਲਿਆ ਸੱਕਦਾ ਹੈ; 12 ਜੇਕਰ ਉਹ ਧੰਨਵਾਦ ਲਈ ਸੁੱਖ-ਸਾਂਦ ਦੀ ਭੇਟ ਲਿਆਉਂਦਾ, ਉਸ ਨੂੰ ਤੇਲ ਨਾਲ ਮਿਲੀ ਬੇਖਮੀਰੀ ਰੋਟੀ, ਬੇਖਮੀਰੀਆਂ ਮਠੀਆਂ ਉੱਤੇ ਤੇਲ ਪਾਕੇ ਅਤੇ ਤੇਲ ਨਾਲ ਮਿਲੇ ਹੋਏ ਮੈਦੇ ਦੇ ਕੇਕ ਵੀ ਲਿਆਉਣੇ ਚਾਹੀਦੇ ਹਨ। 13 ਧੰਨਵਾਦ ਦੇ ਸੁੱਖ-ਸਾਂਦ ਦੀ ਭੇਟ ਦੇ ਨਾਲ, ਉਸ ਵਿਅਕਤੀ ਨੂੰ ਪਤੀਰੀ ਰੋਟੀ ਦੇ ਕੇਕ ਲਿਆਉਣੇ ਚਾਹੀਦੇ ਹਨ। 14 ਯਹੋਵਾਹ ਨੂੰ ਦਿੱਤੀਆਂ ਇਨ੍ਹਾਂ ਸੁਗਾਤਾਂ ਵਿੱਚੋਂ, ਹਰ ਤਰ੍ਹਾਂ ਦਾ ਇੱਕ ਟੁਕੜਾ ਉਸ ਜਾਜਕ ਦਾ ਹੋਵੇਗਾ ਜਿਹੜਾ ਸੁੱਖ-ਸਾਂਦ ਦੀ ਭੇਟ ਦਾ ਖੂਨ ਡੋਲ੍ਹਦਾ ਹੈ। 15 ਸੁੱਖ-ਸਾਂਦ ਦੀ ਭੇਟ ਦਾ ਮਾਸ ਜਿਹੜਾ ਧੰਨਵਾਦ ਜਾਹਰ ਕਰਨ ਲਈ ਦਿੱਤਾ ਗਿਆ ਹੋਵੇ, ਉਸੇ ਦਿਨ ਖਾ ਲਿਆ ਜਾਣਾ ਚਾਹੀਦਾ ਹੈ ਜਿਸ ਦਿਨ ਇਹ ਚੜ੍ਹਾਇਆ ਜਾਂਦਾ ਹੈ। ਮਾਸ ਦਾ ਕੋਈ ਵੀ ਹਿੱਸਾ ਅਗਲੀ ਸਵੇਰ ਲਈ ਨਹੀਂ ਬਚਣਾ ਚਾਹੀਦਾ।

16 “ਜੇਕਰ ਉਸਦੀ ਭੇਟ ਕਿਸੇ ਖਾਸ ਸੌਂਹ ਜਾਂ ਸਵੈਇੱਛਿਤ ਚੜ੍ਹਾਵੇ ਕਾਰਣ ਹੈ, ਤਾਂ ਬਲੀ ਉਸੇ ਦਿਨ ਖਾਧੀ ਜਾਣੀ ਚਾਹੀਦੀ ਹੈ ਜਿਸ ਦਿਨ ਉਹ ਇਸ ਨੂੰ ਭੇਟ ਕਰਦਾ ਹੈ। ਜੇ ਇਸ ਵਿੱਚੋਂ ਕੁਝ ਬਚ ਜਾਵੇ ਤਾਂ ਇਸ ਨੂੰ ਅਗਲੇ ਦਿਨ ਖਾ ਲਿਆ ਜਾਵੇ। 17 ਪਰ ਜੇ ਇਸ ਬਲੀ ਦਾ ਮਾਸ ਤੀਸਰੇ ਦਿਨ ਵੀ ਬਚ ਜਾਵੇ ਤਾਂ ਇਸ ਨੂੰ ਅੱਗ ਵਿੱਚ ਸਾੜ ਦੇਣਾ ਚਾਹੀਦਾ ਹੈ। 18 ਜੇ ਕੋਈ ਬੰਦਾ ਆਪਣੀ ਸੁੱਖ-ਸਾਂਦ ਦੀ ਭੇਟ ਦਾ ਬੱਚਿਆਂ ਹੋਇਆ ਮਾਸ ਤੀਸਰੇ ਦਿਨ ਖਾਂਦਾ ਹੈ, ਉਸਦੀ ਬਲੀ ਮੰਜੂਰਸ਼ੁਦਾ ਨਹੀਂ ਸਮਝੀ ਜਾਵੇਗੀ। ਇਹ ਇੱਕ ਘਿਨਾਉਣੀ ਗੱਲ ਹੈ। ਉਹ ਆਪਣੇ ਕੀਤੇ ਲਈ ਜਿੰਮੇਵਾਰ ਹੋਵੇਗਾ।

19 “ਇਹ ਵੀ ਗੱਲ ਹੈ ਕਿ ਲੋਕਾਂ ਨੂੰ ਉਹ ਮਾਸ ਨਹੀਂ ਖਾਣਾ ਚਾਹੀਦਾ ਜਿਸ ਨੂੰ ਕੋਈ ਨਾਪਾਕ ਸ਼ੈਅ ਛੂਹ ਲੈਂਦੀ ਹੈ। ਉਨ੍ਹਾਂ ਨੂੰ ਇਸ ਮਾਸ ਨੂੰ ਅੱਗ ਵਿੱਚ ਸਾੜ ਦੇਣਾ ਚਾਹੀਦਾ ਹੈ। ਹਰ ਉਹ ਬੰਦਾ ਜਿਹੜਾ ਪਾਕ ਹੈ ਉਹ ਸੁੱਖ-ਸਾਂਦ ਦੀ ਭੇਟ ਦਾ ਮਾਸ ਖਾ ਸੱਕਦਾ ਹੈ। 20 ਪਰ ਜੇ ਕੋਈ ਬੰਦਾ ਨਾਪਾਕ ਹੈ ਅਤੇ ਸੁੱਖ-ਸਾਂਦ ਦੀ ਭੇਟ ਦਾ ਉਹ ਮਾਸ ਖਾ ਲੈਂਦਾ ਹੈ ਜੋ ਯਹੋਵਾਹ ਦਾ ਹੈ, ਤਾਂ ਉਸ ਬੰਦੇ ਨੂੰ ਆਪਣੇ ਲੋਕਾਂ ਤੋਂ ਛੇਕ ਦੇਣਾ ਚਾਹੀਦਾ ਹੈ।

21 “ਜੇਕਰ ਕੋਈ ਬੰਦਾ ਨਾਪਾਕ ਹੈ, ਕਿਉਂਕਿ ਉਸ ਨੇ ਕਿਸੇ ਮਨੁੱਖੀ ਨਾਪਾਕਤਾ ਜਾਂ ਜਾਨਵਰ ਦੀ ਨਾਪਾਕਤਾ ਜਾਂ ਕਿਸੇ ਘਿਰਣਾਯੋਗ ਪ੍ਰਾਣੀ ਦੀ ਨਾਪਾਕਤਾ ਨੂੰ ਛੂਹ ਲਿਆ, ਅਤੇ ਜੇਕਰ ਉਹ ਯਹੋਵਾਹ ਨੂੰ ਚੜ੍ਹਾਈ ਸੁੱਖ-ਸਾਂਦ ਦੀ ਭੇਟ ਦਾ ਮਾਸ ਖਾ ਲੈਂਦਾ ਹੈ, ਉਸ ਨੂੰ ਉਸ ਦੇ ਲੋਕਾਂ ਤੋਂ ਵੱਖ ਕਰ ਦੇਣਾ ਚਾਹੀਦਾ ਹੈ।”

22 ਯਹੋਵਾਹ ਨੇ ਮੂਸਾ ਨੂੰ ਆਖਿਆ, 23 “ਇਸਰਾਏਲ ਦੇ ਲੋਕਾਂ ਨੂੰ ਆਖ; ਤੁਹਾਨੂੰ ਗਾਵਾਂ, ਭੇਡਾਂ ਜਾਂ ਬੱਕਰੀਆਂ ਦੀ ਚਰਬੀ ਨਹੀਂ ਖਾਣੀ ਚਾਹੀਦੀ। 24 ਤੁਸੀਂ ਕਿਸੇ ਅਜਿਹੇ ਜਾਨਵਰ ਦੀ ਚਰਬੀ ਵਰਤ ਸੱਕਦੇ ਹੋ ਜਿਹੜਾ ਆਪਣੇ-ਆਪ ਮਰ ਗਿਆ ਹੋਵੇ ਜਾਂ ਜਿਸ ਨੂੰ ਹੋਰਨਾਂ ਜਾਨਵਰਾਂ ਨੇ ਮਾਰ ਸੁੱਟਿਆ ਹੋਵੇ। ਪਰ ਤੁਹਾਨੂੰ ਇਸ ਨੂੰ ਕਦੇ ਵੀ ਖਾਣਾ ਨਹੀਂ ਚਾਹੀਦਾ। 25 ਜੇ ਕੋਈ ਬੰਦਾ ਯਹੋਵਾਹ ਨੂੰ ਅੱਗ ਦੁਆਰਾ ਦਿੱਤੀ ਗਈ ਭੇਟ ਦੇ ਜਾਨਵਰ ਦੀ ਚਰਬੀ ਖਾਂਦਾ ਹੈ, ਉਸ ਨੂੰ ਉਸ ਦੇ ਲੋਕਾਂ ਤੋਂ ਵੱਖ ਕਰ ਦੇਣਾ ਚਾਹੀਦਾ ਹੈ।

26 “ਤੁਸੀਂ ਜਿੱਥੇ ਕਿਤੇ ਵੀ ਰਹਿੰਦੇ ਹੋਵੋਂ, ਤੁਹਾਨੂੰ ਕਿਸੇ ਵੀ ਪੰਛੀ ਜਾਂ ਜਾਨਵਰ ਦਾ ਖੂਨ ਨਹੀਂ ਖਾਣਾ ਚਾਹੀਦਾ। 27 ਜੇ ਕੋਈ ਬੰਦਾ ਖੂਨ ਖਾਂਦਾ ਹੈ ਤਾਂ ਉਸ ਨੂੰ ਉਸ ਦੇ ਲੋਕਾਂ ਤੋਂ ਵੱਖ ਕਰ ਦੇਣਾ ਚਾਹੀਦਾ ਹੈ।”

ਹਿਲਾਉਣ ਦੀਆਂ ਭੇਟਾਂ ਲਈ ਬਿਧੀਆਂ

28 ਯਹੋਵਾਹ ਨੇ ਮੂਸਾ ਨੂੰ ਆਖਿਆ, 29 “ਇਸਰਾਏਲ ਦੇ ਲੋਕਾਂ ਨੂੰ ਆਖ; ਜੇ ਕੋਈ ਬੰਦਾ ਯਹੋਵਾਹ ਲਈ ਸੁੱਖ-ਸਾਂਦ ਦੀ ਭੇਟ ਲੈ ਕੇ ਆਵੇ, ਤਾਂ ਉਹ ਬੰਦਾ ਉਸ ਸੁਗਾਤ ਦਾ ਇੱਕ ਹਿੱਸਾ ਯਹੋਵਾਹ ਨੂੰ ਦੇਵੇ। 30 ਸੁਗਾਤ ਦਾ ਉਹ ਹਿੱਸਾ ਅੱਗ ਵਿੱਚ ਸਾੜਿਆ ਜਾਵੇਗਾ। ਉਸ ਨੂੰ ਸੁਗਾਤ ਦਾ ਉਹ ਹਿੱਸਾ ਆਪਣੇ ਹੱਥਾਂ ਵਿੱਚ ਫ਼ੜਕੇ ਲਿਆਉਣਾ ਚਾਹੀਦਾ ਹੈ। ਉਸ ਨੂੰ ਜਾਨਵਰ ਦਾ ਸੀਨਾ ਅਤੇ ਚਰਬੀ ਜਾਜਕ ਕੋਲ ਲਿਆਉਣੀ ਚਾਹੀਦੀ ਹੈ। ਸੀਨੇ ਨੂੰ ਯਹੋਵਾਹ ਦੇ ਸਾਹਮਣੇ ਉੱਪਰ ਉੱਠਾਇਆ ਜਾਵੇਗਾ। ਇਹ ਹਿਲਾਉਣ ਦੀ ਭੇਟ ਹੋਵੇਗੀ। 31 ਫ਼ੇਰ ਜਾਜਕ ਨੂੰ ਚਰਬੀ ਜਗਵੇਦੀ ਉੱਤੇ ਸਾੜਨੀ ਚਾਹੀਦੀ ਹੈ। ਪਰ ਜਾਨਵਰ ਦਾ ਸੀਨਾ ਹਾਰੂਨ ਅਤੇ ਉਸ ਦੇ ਪੁੱਤਰਾਂ ਦਾ ਹੋਵਗਾ। 32 ਤੁਹਾਨੂੰ ਸੁੱਖ-ਸਾਂਦ ਦੀ ਭੇਟ ਦੀ ਸੱਜੀ ਲੱਤ ਵੀ ਜਾਜਕ ਨੂੰ ਦੇਣੀ ਚਾਹੀਦੀ ਹੈ। 33 ਸੁੱਖ-ਸਾਂਦ ਦੀ ਭੇਟ ਦੀ ਸੱਜੀ ਲੱਤ ਉਸ ਜਾਜਕ ਦੀ ਹੋਵੇਗੀ ਜਿਹੜਾ ਸੁੱਖ-ਸਾਂਦ ਦੀ ਭੇਟ ਦਾ ਖੂਨ ਅਤੇ ਚਰਬੀ ਭੇਟ ਕਰਦਾ ਹੈ। 34 ਮੈਂ (ਯਹੋਵਾਹ) ਇਸਰਾਏਲ ਦੇ ਲੋਕਾਂ ਤੋਂ ਹਿਲਾਉਣ ਦੀ ਭੇਟ ਦਾ ਸੀਨਾ ਲੈ ਰਿਹਾ ਹਾਂ ਅਤੇ ਸੁੱਖ-ਸਾਂਦ ਦੀ ਭੇਟ ਦੀ ਸੱਜੀ ਲੱਤ ਲੈ ਰਿਹਾ ਹਾਂ। ਅਤੇ ਮੈਂ ਇਹ ਚੀਜ਼ਾਂ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਦੇ ਰਿਹਾ ਹਾਂ। ਇਸਰਾਏਲ ਦੇ ਲੋਕਾਂ ਨੂੰ ਇਹ ਨੇਮ ਹਮੇਸ਼ਾ ਮੰਨਣਾ ਚਾਹੀਦਾ ਹੈ।”

35 ਇਹ ਯਹੋਵਾਹ ਨੂੰ ਅੱਗ ਦੁਆਰਾ ਦਿੱਤੀਆਂ ਗਈਆਂ ਭੇਟਾਂ ਦੇ ਉਹ ਅੰਗ ਹਨ ਜੋ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਦਿੱਤੇ ਗਏ। ਜਦੋਂ ਵੀ ਹਾਰੂਨ ਅਤੇ ਉਸ ਦੇ ਪੁੱਤਰ ਯਹੋਵਾਹ ਦੀ ਜਾਜਕਾਂ ਵਜੋਂ ਸੇਵਾ ਕਰਦੇ ਹਨ, ਉਹ ਬਲੀਆਂ ਦਾ ਹਿੱਸਾ ਪ੍ਰਾਪਤ ਕਰਦੇ ਹਨ। 36 ਉਸ ਸਮੇਂ ਜਦੋਂ ਯਹੋਵਾਹ ਨੇ ਜਾਜਕ ਦੀ ਚੋਣ ਕੀਤੀ ਉਸ ਨੇ ਇਸਰਾਏਲ ਦੇ ਲੋਕਾਂ ਨੂੰ ਉਹ ਅੰਗ ਜਾਜਕਾਂ ਨੂੰ ਦੇਣ ਦਾ ਹੁਕਮ ਕੀਤਾ ਸੀ। ਲੋਕਾਂ ਨੂੰ ਉਹ ਅੰਗ ਹਮੇਸ਼ਾ ਹੀ ਜਾਜਕਾਂ ਨੂੰ ਦੇਣੇ ਚਾਹੀਦੇ ਹਨ।

37 ਇਹ ਬਿਧੀਆਂ ਹੋਮ ਦੀਆਂ ਭੇਟਾਂ, ਅਨਾਜ ਦੀਆਂ ਭੇਟਾਂ, ਪਾਪ ਦੀਆਂ ਭੇਟਾ, ਦੋਸ਼ ਦੀਆਂ ਭੇਟਾ, ਸੁੱਖ-ਸਾਂਦ ਦੀਆਂ ਭੇਟਾਂ ਅਤੇ ਜਾਜਕਾਂ ਨੂੰ ਦੀਖਿਆ ਚੜ੍ਹਾਵਿਆਂ ਬਾਰੇ ਹਨ। 38 ਯਹੋਵਾਹ ਨੇ ਇਹ ਬਿਧੀਆਂ ਮੂਸਾ ਨੂੰ ਸੀਨਾਈ ਪਰਬਤ ਉੱਤੇ ਦਿੱਤੀਆਂ। ਯਹੋਵਾਹ ਨੇ ਇਹ ਬਿਧੀਆਂ ਉਸ ਦਿਨ ਦਿੱਤੀਆਂ ਜਦੋਂ ਉਸ ਨੇ ਇਸਰਾਏਲ ਦੇ ਲੋਕਾਂ ਨੂੰ ਸੀਨਾਈ ਮਾਰੂਥਲ ਵਿੱਚ ਆਪਣੀਆਂ ਭੇਟਾਂ ਯਹੋਵਾਹ ਲਈ ਲੈਣ ਦਾ ਹੁਕਮ ਦਿੱਤਾ ਸੀ।

ਮੱਤੀ 25:1-30

ਦਸ ਕੁਆਰੀਆਂ ਬਾਰੇ ਦ੍ਰਿਸ਼ਟਾਂਤ

25 “ਉਸ ਵਕਤ, ਸੁਰਗੀ ਰਾਜ ਉਨ੍ਹਾਂ ਦਸ ਕੁਆਰੀਆਂ ਵਰਗਾ ਹੋਵੇਗਾ ਜਿਨ੍ਹਾਂ ਨੇ ਆਪਣੀਆਂ ਮਸ਼ਾਲਾਂ ਲਈਆਂ ਅਤੇ ਲਾੜੇ ਨੂੰ ਮਿਲਣ ਗਈਆਂ। ਉਨ੍ਹਾਂ ਵਿੱਚੋਂ ਪੰਜ ਤਾਂ ਮੂਰਖ ਸਨ ਅਤੇ ਬਾਕੀ ਦੀਆਂ ਪੰਜ ਸਿਆਣੀਆਂ। ਪੰਜ ਮੂਰਖ ਕੁਆਰੀਆਂ ਆਪਣੇ ਨਾਲ ਮਸ਼ਾਲਾਂ ਤਾਂ ਲੈ ਕੇ ਆਈਆਂ ਪਰ ਉਨ੍ਹਾਂ ਦੇ ਜਗਦੇ ਰਹਿਣ ਵਾਸਤੇ ਹੋਰ ਤੇਲ ਨਾ ਲੈ ਕੇ ਆਈਆਂ, ਤਾਂ ਜੋ ਮਸ਼ਾਲ ਜਗਦੀ ਰਹੇ। ਦੂਜੇ ਪਾਸੇ, ਪੰਜ ਸਿਆਣੀਆਂ ਕੁਆਰੀਆਂ ਆਪਣੀਆਂ ਮਸ਼ਾਲਾਂ ਨਾਲ ਤੇਲ ਵਾਲਾ ਭਾਂਡਾ ਵੀ ਲਿਆਈਆਂ। ਕਿਉਂਕਿ ਲਾੜਾ ਬਹੁਤ ਦੇਰੀ ਨਾਲ ਅਇਆ, ਸਭ ਕੁਆਰੀਆਂ ਥੱਕ ਗਈਆਂ ਅਤੇ ਸੌਂ ਗਈਆਂ।

“ਅਧੀ ਰਾਤ ਵੇਲੇ ਕਿਸੇ ਨੇ ਐਲਾਨ ਕੀਤਾ, ‘ਲਾੜਾ ਆ ਰਿਹਾ ਹੈ, ਉਸ ਨੂੰ ਮਿਲਣ ਲਈ ਬਾਹਰ ਆਓ!’

“ਤਦ ਸਾਰੀਆਂ ਕੁਆਰੀਆਂ ਉੱਠੀਆਂ, ਆਪਣੀਆਂ ਮਸ਼ਾਲਾਂ ਤਿਆਰ ਕੀਤੀਆਂ। ਪਰ ਮੂਰਖ ਕੁਆਰੀਆਂ ਨੇ ਸਿਆਣੀਆਂ ਕੁਆਰੀਆਂ ਨੂੰ ਆਖਿਆ, ‘ਸਾਨੂੰ ਆਪਣੀਆਂ ਮਸ਼ਾਲਾਂ ਵਿੱਚੋਂ ਥੋੜਾ ਤੇਲ ਦੇ ਦੇਵੋ, ਜੋ ਤੇਲ ਸਾਡੇ ਕੋਲ ਸੀ ਲਗਭੱਗ ਮੁੱਕ ਚੁੱਕਿਆ ਹੈ ਅਤੇ ਸਾਡੀਆਂ ਮਸ਼ਾਲਾਂ ਬੁਝ ਰਹੀਆਂ ਹਨ।’

“ਸਿਆਣੀਆਂ ਕੁਆਰੀਆਂ ਨੇ ਉੱਤਰ ਦਿੱਤਾ, ‘ਨਹੀਂ ਇਹ ਤੇਲ ਸਾਡੇ ਤੇ ਤੁਹਾਡੇ ਜਗਾਉਣ ਵਾਸਤੇ ਕਾਫ਼ੀ ਨਹੀਂ ਹੋਵੇਗਾ। ਇਹ ਬਿਹਤਰ ਹੋਵੇਗਾ ਕਿ ਤੁਸੀਂ ਤੇਲ ਵੇਚਨ ਵਾਲੇ ਤੋਂ ਮੁੱਲ ਲੈ ਆਵੋ।’

10 “ਇਉਂ ਪੰਜ ਮੂਰਖ ਕੁਆਰੀਆਂ ਤੇਲ ਲੈਣ ਵਾਸਤੇ ਚਲੀਆਂ ਗਈਆਂ, ਜਦੋਂ ਉਹ ਚਲੀਆਂ ਗਈਆਂ ਤਾਂ ਪਿੱਛੋਂ ਲਾੜਾ ਆ ਗਿਆ ਅਤੇ ਜਿਹੜੀਆਂ ਕੁਆਰੀਆਂ ਤਿਆਰ ਸਨ ਉਹ ਲਾੜੇ ਨਾਲ ਵਿਆਹ ਦੀ ਦਾਵਤ ਵਾਸਤੇ ਨਾਲ ਚਲੀਆਂ ਗਈਆਂ ਅਤੇ ਉਸਤੋਂ ਬਾਦ ਦਰਵਾਜ਼ਾ ਬੰਦ ਹੋ ਗਿਆ।

11 “ਬਾਦ ਵਿੱਚ ਉਹ ਦੂਜੀਆਂ ਕੁਆਰੀਆਂ ਵੀ ਪਰਤੀਆਂ ਅਤੇ ਉਨ੍ਹਾਂ ਕਿਹਾ, ‘ਸ਼੍ਰੀ ਮਾਨ ਜੀ, ਦਰਵਾਜ਼ਾ ਖੋਲ੍ਹੋ ਤਾਂ ਜੋ ਅਸੀਂ ਵੀ ਅੰਦਰ ਆ ਸੱਕੀਏ!’

12 “ਪਰ ਲਾੜੇ ਨੇ ਜਵਾਬ ਦਿੱਤਾ, ‘ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਮੈਂ ਨਹੀਂ ਜਾਣਦਾ ਕਿ ਤੁਸੀਂ ਕੌਣ ਹੋ।’

13 “ਇਸ ਲਈ ਹਮੇਸ਼ਾ ਤਿਆਰ ਰਹੋ, ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਮਨੁੱਖ ਦਾ ਪੁੱਤਰ ਕਿਸ ਪਲ ਜਾਂ ਕਿਸ ਦਿਨ ਆਵੇਗਾ।

ਤਿੰਨ ਨੋਕਰਾਂ ਬਾਰੇ ਦ੍ਰਿਸ਼ਟਾਂਤ(A)

14 “ਸਵਰਗ ਦਾ ਰਾਜ ਕਿਸੇ ਵਿਅਕਤੀ ਦੇ ਵਿਦੇਸ਼ ਜਾਣ ਵਰਗਾ ਹੈ। ਵਿਦਾ ਹੋਣ ਤੋਂ ਪਹਿਲਾਂ, ਉਸ ਨੇ ਆਪਣੇ ਨੋਕਰਾਂ ਨੂੰ ਸੱਦਿਆ ਅਤੇ ਆਪਣੀ ਜਾਇਦਾਦ ਉਨ੍ਹਾਂ ਨੂੰ ਸੌਂਪ ਦਿੱਤੀ। 15 ਉਸ ਨੇ ਹਰ ਨੋਕਰ ਦੀ ਯੋਗਤਾ ਅਨੁਸਾਰ, ਇੱਕ ਨੋਕਰ ਨੂੰ ਧਨ ਦੇ ਪੰਜ ਤੋੜੇ, ਦੂਜੇ ਨੂੰ ਦੋ ਅਤੇ ਤੀਜੇ ਨੂੰ ਧਨ ਦਾ ਇੱਕ ਤੋੜਾ ਦਿੱਤਾ ਇਸ ਤੋਂ ਬਾਦ ਉਹ ਆਪਣੀ ਯਾਤਰਾ ਤੇ ਚੱਲਿਆ ਗਿਆ। 16 ਜਿਸ ਨੋਕਰ ਨੇ ਧਨ ਦੇ ਪੰਜ ਤੋੜੇ ਪ੍ਰਾਪਤ ਕੀਤੇ ਸਨ ਉਹ ਝੱਟ ਚੱਲਿਆ ਗਿਆ ਅਤੇ ਧਨ ਲਾ ਦਿੱਤਾ ਅਤੇ ਧਨ ਦੇ ਪੰਜ ਹੋਰ ਤੋੜੇ ਕਮਾ ਲਏ। 17 ਅਤੇ ਜਿਸ ਨੂੰ ਧਨ ਦੇ ਦੋ ਤੋੜੇ ਮਿਲੇ ਸਨ ਉਸ ਨੇ ਵੀ ਧਨ ਲਾ ਦਿੱਤਾ ਅਤੇ ਧਨ ਦੇ ਦੋ ਹੋਰ ਤੋੜੇ ਕਮਾ ਲਏ। 18 ਪਰ ਜਿਸ ਨੂੰ ਧਨ ਦਾ ਸਿਰਫ਼ ਇੱਕ ਹੀ ਤੋੜਾ ਮਿਲਿਆ ਸੀ, ਉਸ ਨੇ ਧਰਤੀ ਵਿੱਚ ਟੋਆ ਪੁਟਿਆ ਅਤੇ ਆਪਣੇ ਮਾਲਕ ਦਾ ਧਨ ਦੱਬ ਦਿੱਤਾ।

19 “ਲੰਬੇ ਸਮੇਂ ਬਾਦ, ਉਨ੍ਹਾਂ ਨੋਕਰਾਂ ਦਾ ਮਾਲਕ ਵਾਪਿਸ ਪਰਤਿਆ ਅਤੇ ਉਨ੍ਹਾਂ ਨੂੰ ਪੁੱਛਿਆ ਕਿ ਉਨ੍ਹਾਂ ਨੇ ਉਸ ਦੇ ਧਨ ਦਾ ਕੀ ਕੀਤਾ। 20 ਜਿਸ ਨੋਕਰ ਨੂੰ ਉਸ ਨੇ ਪੰਜ ਤੋੜੇ ਦਿੱਤੇ ਸੀ ਉਹ ਮਾਲਕ ਕੋਲ ਉਨ੍ਹਾਂ ਪੰਜ ਤੋੜਿਆਂ ਦੇ ਨਾਲ ਹੋਰ ਪੰਜ ਤੋੜੇ ਵੀ ਲੈ ਆਇਆ ਜੋ ਉਸ ਨੇ ਕਮਾਏ ਸਨ, ਅਤੇ ਉਨ੍ਹਾਂ ਨੂੰ ਮਾਲਕ ਦੇ ਅੱਗੇ ਰੱਖ ਦਿੱਤਾ। ਨੋਕਰ ਨੇ ਕਿਹਾ, ‘ਸੁਆਮੀ ਜੀ, ਤੁਸੀਂ ਮੈਨੂੰ ਧਨ ਦੇ ਪੰਜ ਤੋੜੇ ਸੌਂਪੇ ਸਨ। ਆਹ ਧਨ ਦੇ ਪੰਜ ਹੋਰ ਤੋੜੇ ਹਨ ਜਿਹੜੇ ਮੈਂ ਇਨ੍ਹਾਂ ਨਾਲ ਕਮਾਏ ਹਨ।’

21 “ਮਾਲਕ ਨੇ ਉੱਤਰ ਦਿੱਤਾ, ‘ਬਹੁਤ ਵੱਧੀਆ, ਤੂੰ ਇੱਕ ਚੰਗਾ ਨੋਕਰ ਹੈ ਜਿਸਤੇ ਭਰੋਸਾ ਕੀਤਾ ਜਾ ਸੱਕਦਾ ਹੈ। ਤੂੰ ਉਸ ਥੋੜੇ ਜਿਹੇ ਧਨ ਨੂੰ ਸਹੀ ਢੰਗ ਨਾਲ ਵਰਤਿਆ ਹੈ। ਇਸ ਲਈ ਮੈਂ ਹੁਣ ਤੈਨੂੰ ਇਸਤੋਂ ਵੱਡਾ ਇਖਤਿਆਰ ਦੇਵਾਂਗਾ। ਇਸ ਲਈ ਤੂੰ ਹੁਣ ਆਪਣੇ ਮਾਲਕ ਦੀ ਖੁਸ਼ੀ ਵਿੱਚ ਸ਼ਾਮਿਲ ਹੋ।’

22 “ਫ਼ਿਰ, ਉਹ ਨੋਕਰ ਆਇਆ ਜਿਸਨੇ ਧਨ ਦੇ ਦੋ ਤੋੜੇ ਪ੍ਰਾਪਤ ਕੀਤੇ ਸਨ। ਉਹ ਮਾਲਕ ਕੋਲ ਆਇਆ ਅਤੇ ਉਸ ਨੂੰ ਕਿਹਾ, ‘ਸੁਆਮੀ ਜੀ, ਤੁਸੀਂ ਮੈਨੂੰ ਦੋ ਤੋੜੇ ਰੱਖਵਾਲੀ ਲਈ ਦੇ ਗਏ ਸੀ, ਮੈਂ ਉਸ ਨੂੰ ਵਰਤਕੇ ਦੋ ਹੋਰ ਬਣਾ ਲਏ ਹਨ।’

23 “ਮਾਲਕ ਨੇ ਆਖਿਆ, ‘ਬਹੁਤ ਵੱਧੀਆ! ਤੂੰ ਇੱਕ ਚੰਗਾ ਅਤੇ ਵਫ਼ਾਦਾਰ ਨੋਕਰ ਹੈ ਤੂੰ ਉਸ ਥੋੜੇ ਜਿਹੇ ਧਨ ਦੀ ਸਹੀ ਵਰਤੋਂ ਕੀਤੀ ਹੈ, ਇਸ ਲਈ ਮੈਂ ਤੈਨੂੰ ਵੱਡੀਆਂ ਜ਼ਿੰਮੇਦਾਰੀਆਂ ਦੇਵਾਂਗਾ। ਤੂੰ ਆ ਅਤੇ ਮੇਰੇ ਨਾਲ ਪ੍ਰਸ਼ੰਸਾ ਸਾਂਝੀ ਕਰ।’

24 “ਜਿਸ ਨੋਕਰ ਨੇ ਧਨ ਦਾ ਸਿਰਫ਼ ਇੱਕ ਹੀ ਤੋੜਾ ਪ੍ਰਾਪਤ ਕੀਤਾ ਸੀ, ਉਹ ਆਇਆ ਅਤੇ ਆਖਿਆ, ‘ਸੁਆਮੀ ਜੀ, ਮੈਂ ਜਾਣਦਾ ਸਾਂ ਕਿ ਤੁਸੀਂ ਇੱਕ ਸਖਤ ਦਿਲ ਆਦਮੀ ਹੋ ਕਿਉਂਕਿ ਜਿੱਥੇ ਤੁਸੀਂ ਕੁਝ ਨਹੀਂ ਬੀਜਿਆ ਤੁਸੀਂ ਉੱਥੋਂ ਵੱਢਦੇ ਹੋ ਅਤੇ ਜਿੱਥੇ ਖਿਲਾਰਿਆ ਨਹੀਂ ਉੱਥੋਂ ਇਕੱਠਾ ਕਰਦੇ ਹੋ।’ 25 ਇਸ ਲਈ ਮੈਂ ਡਰਦਾ ਸਾਂ। ਮੈਂ ਗਿਆ ਅਤੇ ਤੁਹਾਡਾ ਧਨ ਧਰਤੀ ਵਿੱਚ ਲਕੋ ਦਿੱਤਾ। ਆਹ ਰਿਹਾ ਤੁਹਾਡਾ ਧਨ ਦਾ ਤੋੜਾ।

26 “ਮਾਲਕ ਨੇ ਉਸ ਨੂੰ ਆਖਿਆ ਕੀ ਤੂੰ ਇੱਕ ਬੁਰਾ ਅਤੇ ਆਲਸੀ ਨੋਕਰ ਹੈਂ। ਤੂੰ ਜਾਣਦਾ ਸੀ ਕਿ ਜਿੱਥੇ ਮੈਂ ਬੀਜਿਆ ਨਹੀਂ ਉੱਥੋਂ ਵੱਢਦਾ ਹਾਂ ਅਤੇ ਜਿੱਥੇ ਮੈਂ ਖਿਲਾਰਿਆ ਨਹੀਂ ਸੀ ਉੱਥੋਂ ਇਕੱਠਾ ਕਰਦਾ ਹਾਂ। 27 ਸੋ ਤੈਨੂੰ ਚਾਹੀਦਾ ਸੀ ਕਿ ਤੂੰ ਮੇਰਾ ਧਨ ਸਰਾਫ਼ਾਂ ਨੂੰ ਦੇ ਦਿੰਦਾ ਤਾਂ ਜੋ ਜਦੋਂ ਮੈਂ ਵਾਪਿਸ ਮੁੜਦਾ ਤਾਂ ਮੈਨੂੰ ਇਸ ਧਨ ਨਾਲ ਬਿਆਜ ਮਿਲਦਾ।

28 “ਤਾਂ ਮਾਲਕ ਨੇ ਦੂਜੇ ਨੋਕਰਾਂ ਨੂੰ ਆਖਿਆ, ‘ਧਨ ਦਾ ਇਹ ਇੱਕ ਝੋਲਾ ਇਸ ਕੋਲੋਂ ਲੈ ਲਵੋ ਅਤੇ ਉਸ ਨੂੰ ਦੇ ਦੇਵੋ ਜਿਸ ਕੋਲ ਦਸ ਝੋਲੇ ਹਨ। 29 ਕਿਉਂਕਿ ਹਰ ਕੋਈ ਜਿਸ ਕੋਲ ਜੋ ਹੈ ਉਸ ਨੂੰ ਵਰਤਦਾ ਹੈ ਉਸ ਨੂੰ ਵੱਧ ਮਿਲੇਗਾ ਅਤੇ ਉਹ ਆਪਣੀ ਜ਼ਰੂਰਤ ਤੋਂ ਵੀ ਵੱਧ ਪ੍ਰਾਪਤ ਕਰੇਗਾ। ਅਤੇ ਉਹ ਜਿਸ ਕੋਲ ਜੋ ਹੈ ਉਸਦੀ ਵਰਤੋਂ ਨਹੀਂ ਕਰਦਾ, ਤਾਂ ਉਸ ਕੋਲੋਂ ਉਹ ਵੀ ਲੈ ਲਿਆ ਜਾਵੇਗਾ ਜੋ ਉਸ ਕੋਲ ਹੈ।’ 30 ਤਾਂ ਉਸ ਦੇ ਮਾਲਕ ਨੇ ਕਿਹਾ, ‘ਉਸ ਨਿਕੰਮੇ ਨੋਕਰ ਨੂੰ ਬਾਹਰ ਹਨੇਰੇ ਵਿੱਚ ਸੁੱਟ ਦਿਓ, ਉਸ ਜਗ੍ਹਾ ਜਿੱਥੇ ਲੋਕ ਚੀਕਦੇ ਅਤੇ ਦਰਦ ਨਾਲ ਆਪਣੇ ਦੰਦ ਪੀਸਦੇ ਹਨ।’

Punjabi Bible: Easy-to-Read Version (ERV-PA)

2010 by World Bible Translation Center