Old/New Testament
ਜਾਜਕਾਂ ਨੂੰ ਥਾਪਣ ਦੀ ਰਸਮ
29 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਹੁਣ ਮੈਂ ਤੈਨੂੰ ਦੱਸਾਂਗਾ ਕਿ ਹਾਰੂਨ ਅਤੇ ਉਸ ਦੇ ਪੁੱਤਰ ਜਾਜਕਾਂ ਵਜੋਂ ਖਾਸ ਢੰਗ ਨਾਲ ਮੇਰੀ ਸੇਵਾ ਕਰਦੇ ਹਨ, ਦਰਸਾਉਣ ਲਈ ਤੈਨੂੰ ਕੀ ਕਰਨਾ ਚਾਹੀਦਾ ਹੈ। ਇੱਕ ਜਵਾਨ ਵਹਿੜਕਾ ਅਤੇ ਦੋ ਜਵਾਨ ਭੇਡੂ ਲਵੀਂ ਜਿਨ੍ਹਾਂ ਵਿੱਚ ਕੋਈ ਨੁਕਸ ਨਾ ਹੋਵੇ। 2 ਫ਼ੇਰ ਖਮੀਰ ਤੋਂ ਬਿਨਾ ਰੋਟੀ ਬਨਾਉਣ ਲਈ ਮੈਦਾ ਲਵੋ। ਅਤੇ ਇਨ੍ਹਾਂ ਚੀਜ਼ਾਂ ਦੀ ਵਰਤੋਂ ਜੈਤੂਨ ਦੇ ਤੇਲ ਵਿੱਚ ਗੁਂਨ੍ਹਕੇ ਰੋਟੀਆਂ ਬਨਾਉਣ ਲਈ ਕਰੋ। ਅਤੇ ਜੈਤੂਨ ਦੇ ਤੇਲ ਨਾਲ ਚੋਪੜੀਆਂ ਹੋਈਆਂ ਛੋਟੀਆਂ, ਪਤਲੀਆਂ ਰੋਟੀਆਂ ਬਣਾਉ। 3 ਇਹ ਰੋਟੀਆਂ ਇੱਕ ਟੋਕਰੀ ਵਿੱਚ ਪਾਕੇ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਦੇ ਦੇਵੋ। ਉਸੇ ਵੇਲੇ, ਵਹਿੜਕਾ ਅਤੇ ਦੋ ਭੇਡੂ ਉਨ੍ਹਾਂ ਨੂੰ ਦੇ ਦੇਵੋ।
4 “ਫ਼ੇਰ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਮੰਡਲੀ ਵਾਲੇ ਤੰਬੂ ਦੇ ਦਰਵਾਜ਼ੇ ਉੱਤੇ ਲਿਆਉ। ਉਨ੍ਹਾਂ ਨੂੰ ਪਾਣੀ ਨਾਲ ਇਸ਼ਨਾਨ ਕਰਾਉ। 5 ਹਾਰੂਨ ਨੂੰ ਖਾਸ ਵਸਤਰ ਪਹਿਨਾਉ। ਉਸ ਨੂੰ ਉਣਿਆ ਹੋਇਆ ਚਿੱਟਾ ਚੋਲਾ ਅਤੇ ਏਫ਼ੋਦ ਨਾਲ ਪਹਿਨਣ ਵਾਲਾ ਨੀਲਾ ਚੋਲਾ ਪਹਿਨਾਉ। ਉਸ ਨੂੰ ਏਫ਼ੋਦ ਅਤੇ ਸੀਨੇ-ਬੰਦ ਪਹਿਨਾਉ। ਫ਼ੇਰ ਉਸ ਉੱਤੇ ਖੂਬਸੂਰਤ ਪੇਟੀ ਬੰਨ੍ਹ ਦਿਉ। 6 ਉਸ ਦੇ ਸਿਰ ਉੱਤੇ ਅਮਾਮਾ ਰੱਖੋ। ਅਤੇ ਅਮਾਮੇ ਦੇ ਦੁਆਲੇ ਖਾਸ ਤਾਜ ਰੱਖੋ। 7 ਮਸਹ ਕਰਨ ਦਾ ਤੇਲ ਲੈ ਕੇ ਹਾਰੂਨ ਦੇ ਸਿਰ ਤੇ ਚੋਅ। ਇਹ ਦਰਸਾਵੇਗਾ ਕਿ ਹਾਰੂਨ ਨੂੰ ਇਸ ਕਾਰਜ ਲਈ ਚੁਣਿਆ ਗਿਆ ਹੈ।
8 “ਫ਼ੇਰ ਹਾਰੂਨ ਦੇ ਪੁੱਤਰਾਂ ਨੂੰ ਉਸ ਥਾਂ ਤੇ ਲਿਆਉਣਾ। ਉਨ੍ਹਾਂ ਨੂੰ ਉਣੇ ਹੋਏ ਚਿੱਟੇ ਚੋਲੇ ਪੁਆਉਣੇ। 9 ਫ਼ੇਰ ਉਨ੍ਹਾਂ ਦੀਆਂ ਕਮਰਾਂ ਦੁਆਲੇ ਪੇਟੀਆਂ ਬੰਨ੍ਹਣੀਆਂ। ਉਨ੍ਹਾਂ ਨੂੰ ਪਹਿਨਣ ਲਈ ਖਾਸ ਟੋਪੀਆਂ ਦੇਣੀਆਂ। ਉਸ ਸਮੇਂ ਉਹ ਜਾਜਕ ਬਨਣਾ ਸ਼ੁਰੂ ਹੋ ਜਾਣਗੇ। ਉਹ ਉਸ ਖਾਸ ਨੇਮ ਦੇ ਅਧੀਨ ਜਾਜਕ ਹੋਣਗੇ ਜਿਹੜਾ ਹਮੇਸ਼ਾ ਰਹੇਗਾ। ਇਹੀ ਉਹ ਤਰੀਕਾ ਹੈ ਜਿਸ ਨਾਲ ਤੂੰ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਜਾਜਕ ਥਾਪੇਂਗਾ।
10 “ਫ਼ੇਰ ਮੰਡਲੀ ਵਾਲੇ ਤੰਬੂ ਦੇ ਸਾਹਮਣੇ ਉਸ ਥਾਂ ਤੇ ਵਹਿੜਕਾ ਲੈ ਕੇ ਆਉਣਾ। ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਚਾਹੀਦਾ ਹੈ ਕਿ ਉਹ ਵਹਿੜਕੇ ਦੇ ਸਿਰ ਉੱਤੇ ਆਪਣੇ ਹੱਥ ਰੱਖਣ। 11 ਫ਼ੇਰ ਮੰਡਲੀ ਵਾਲੇ ਤੰਬੂ ਸਾਹਮਣੇ ਉਸੇ ਥਾਂ ਤੇ ਯਹੋਵਾਹ ਅੱਗੇ ਉਸ ਵਹਿੜਕੇ ਨੂੰ ਜ਼ਿਬਾਹ ਕਰਨਾ। 12 ਫ਼ੇਰ ਵਹਿੜਕੇ ਦਾ ਥੋੜਾ ਜਿਹਾ ਖੂਨ ਲੈਣਾ ਅਤੇ ਜਗਵੇਦੀ ਵੱਲ ਜਾਣਾ। ਆਪਣੀ ਉਂਗਲੀ ਨਾਲ ਥੋੜਾ ਜਿਹਾ ਖੂਨ ਜਗਵੇਦੀ ਦੇ ਸਿੰਗਾਂ ਉੱਤੇ ਲਾਉਣਾ। ਬੱਚਿਆਂ ਹੋਇਆ ਸਾਰਾ ਖੂਨ ਜਗਵੇਦੀ ਦੇ ਹੇਠਲੇ ਪਾਸੇ ਡੋਲ੍ਹ ਦੇਣਾ। 13 ਫ਼ੇਰ ਵਹਿੜਕੇ ਦੇ ਜਿਸਮ ਦੀ ਸਾਰੀ ਚਰਬੀ ਲੈਣੀ, ਜਿਗਰ ਦਾ ਚਰਬੀ ਵਾਲਾ ਭਾਗ, ਦੋਵੇਂ ਗੁਰਦੇ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੀ ਚਰਬੀ। ਇਸ ਚਰਬੀ ਨੂੰ ਜਗਵੇਦੀ ਉੱਤੇ ਬਾਲਣਾ। 14 ਫ਼ੇਰ ਵਹਿੜਕੇ ਦਾ ਮਾਸ, ਇਸਦੀ ਚਮੜੀ, ਅਤੇ ਇਸਦੇ ਹੋਰ ਸਾਰੇ ਅੰਗ ਲੈ ਕੇ ਉਨ੍ਹਾਂ ਨੂੰ ਆਪਣੇ ਡੇਰੇ ਤੋਂ ਬਾਹਰ ਸਾੜ ਦੇਣਾ। ਇਹ ਜਾਜਕਾਂ ਦੇ ਪਾਪਾਂ ਨੂੰ ਦੂਰ ਕਰਨ ਲਈ ਪਾਪ ਦੀ ਭੇਟ ਹੈ।
15 “ਫ਼ੇਰ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਭੇਡੂਆਂ ਵਿੱਚੋਂ ਇੱਕ ਭੇਡੂ ਦੇ ਸਿਰ ਤੇ ਹੱਥ ਰੱਖਣ ਲਈ ਆਖਣਾ। 16 ਉਸ ਭੇਡੂ ਨੂੰ ਜ਼ਿਬਾਹ ਕਰ ਦੇਣਾ ਅਤੇ ਉਸਦਾ ਖੂਨ ਬਚਾ ਲੈਣਾ ਇਸ ਖੂਨ ਨੂੰ ਜਗਵੇਦੀ ਦੇ ਚਾਰੀ ਪਾਸੀਂ ਨਾਲ-ਨਾਲ ਛਿੜਕ ਦੇਣਾ। 17 ਫ਼ੇਰ ਭੇਡੂ ਦੇ ਕਈ ਟੁਕੜੇ ਕਰ ਦੇਣੇ। ਭੇਡੂ ਦੇ ਅੰਦਰਲੇ ਅੰਗਾਂ ਅਤੇ ਲੱਤਾਂ ਨੂੰ ਧੋ ਲੈਣਾ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਭੇਡੂ ਦੇ ਸਿਰ ਅਤੇ ਹੋਰ ਹਿਸਿਆਂ ਦੇ ਨਾਲ ਰੱਖ ਦੇਣਾ। 18 ਫ਼ੇਰ ਹਰ ਚੀਜ਼ ਨੂੰ ਜਗਵੇਦੀ ਉੱਤੇ ਸਾੜ ਦੇਣਾ। ਇਹ ਹੋਮ ਦੀ ਭੇਟ ਹੈ, ਅੱਗ ਦੁਆਰਾ ਚੜ੍ਹਾਈ ਗਈ ਭੇਟ, ਯਹੋਵਾਹ ਦੇ ਅੱਗੇ ਪ੍ਰਸੰਨ ਕਰਨ ਵਾਲੀ ਸੁਗੰਧ।
19 “ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਦੂਸਰੇ ਭੇਡੂ ਦੇ ਸਿਰ ਤੇ ਹੱਥ ਰੱਖਣ ਲਈ ਆਖਣਾ। 20 ਉਸ ਭੇਡੂ ਨੂੰ ਮਾਰਕੇ ਉਸਦਾ ਕੁਝ ਖੂਨ ਇਕੱਠਾ ਕਰ ਲੈਣਾ। ਇਹ ਖੂਨ ਹਾਰੂਨ ਅਤੇ ਉਸ ਦੇ ਪੁੱਤਰਾਂ ਦੇ ਸੱਜੇ ਕੰਨਾਂ ਦੇ ਹੇਠਲੇ ਹਿੱਸੇ ਉੱਤੇ ਮਲ ਦੇਣਾ। ਕੁਝ ਖੂਨ ਉਨ੍ਹਾਂ ਦੇ ਸੱਜੇ ਹੱਥਾਂ ਦੇ ਅੰਗੂਠਿਆਂ ਉੱਤੇ ਅਤੇ ਕੁਝ ਖੂਨ ਉਨ੍ਹਾਂ ਦੇ ਸੱਜੇ ਪੈਰਾਂ ਦੇ ਅੰਗੂਠਿਆਂ ਉੱਤੇ ਮਲ ਦੇਣਾ, ਫ਼ੇਰ ਖੂਨ ਨੂੰ ਜਗਵੇਦੀ ਦੇ ਚਾਰੇ ਪਾਸੇ ਛਿੜਕ ਦੇਣਾ। 21 ਫ਼ੇਰ ਜਗਵੇਦੀ ਤੋਂ ਕੁਝ ਖੂਨ ਲੈਣਾ, ਇਸ ਨੂੰ ਖਾਸ ਤੇਲ ਵਿੱਚ ਮਿਲਾ ਕੇ ਹਾਰੂਨ ਅਤੇ ਉਸ ਦੇ ਵਸਤਰਾਂ ਉੱਤੇ ਛਿੜਕ ਦੇਣਾ ਅਤੇ ਉਸ ਦੇ ਪੁੱਤਰਾਂ ਅਤੇ ਉਨ੍ਹਾਂ ਦੇ ਵਸਤਰਾਂ ਉੱਤੇ ਛਿੜਕ ਦੇਣਾ। ਇਹ ਦਰਸਾਵੇਗਾ ਕਿ ਹਾਰੂਨ ਅਤੇ ਉਸ ਦੇ ਪੁੱਤਰ ਮੇਰੀ ਖਾਸ ਤਰ੍ਹਾਂ ਨਾਲ ਸੇਵਾ ਕਰਦੇ ਹਨ ਅਤੇ ਉਨ੍ਹਾਂ ਦੇ ਵਸਤਰ ਸਿਰਫ਼ ਇਸ ਖਾਸ ਸੇਵਾ ਲਈ ਹੀ ਇਸਤੇਮਾਲ ਹੁੰਦੇ ਹਨ।
22 “ਫ਼ੇਰ ਭੇਡੂ ਦੀ ਚਰਬੀ ਲੈਣਾ। (ਇਹ ਉਹੀ ਭੇਡੂ ਹੈ ਜਿਸਦੀ ਵਰਤੋਂ ਹਾਰੂਨ ਨੂੰ ਪਰਧਾਨ ਜਾਜਕ ਬਨਾਉਣ ਦੀ ਰਸਮ ਕਰਨ ਲਈ ਕੀਤੀ ਜਾਵੇਗੀ।) ਪੂਛ ਦੇ ਆਲੇ-ਦੁਆਲੇ ਦੀ ਚਰਬੀ ਲੈਣਾ ਅਤੇ ਉਹ ਚਰਬੀ ਜਿਹੜੀ ਉਸ ਦੇ ਅੰਦਰਲੇ ਅੰਗਾਂ ਨੂੰ ਢੱਕਦੀ ਹੈ। ਫ਼ੇਰ ਉਹ ਚਰਬੀ ਲੈਣਾ ਜਿਹੜੀ ਜਿਗਰ ਨੂੰ ਢੱਕਦੀ ਹੈ ਦੋਹਾਂ ਗੁਰਦਿਆਂ ਨੂੰ ਅਤੇ ਉਨ੍ਹਾਂ ਉੱਤੇ ਲਗੀ ਚਰਬੀ ਨੂੰ ਅਤੇ ਲੱਤਾਂ ਨੂੰ ਲੈਣਾ। 23 ਫ਼ੇਰ ਰੋਟੀ ਵਾਲੀ ਉਹ ਟੋਕਰੀ ਲੈਣਾ ਜਿਹੜੀ ਤੁਸੀਂ ਖਮੀਰ ਤੋਂ ਬਿਨਾ ਬਣਾਕੇ ਯਹੋਵਾਹ ਦੇ ਅੱਗੇ ਰੱਖੀ ਸੀ। ਟੋਕਰੀ ਵਿੱਚੋਂ ਇਹ ਚੀਜ਼ਾਂ ਬਾਹਰ ਕੱਢ ਲੈਣੀਆਂ; ਇੱਕ ਡਬਲ ਰੋਟੀ, ਤੇਲ ਨਾਲ ਬਣੀ ਹੋਈ ਇੱਕ ਰੋਟੀ, ਅਤੇ ਇੱਕ ਪਤਲਾ ਕੇਕ। 24 ਇਹ ਚੀਜ਼ਾਂ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਦੇ ਦੇਣੀਆਂ। ਉਨ੍ਹਾਂ ਨੂੰ ਆਖਣਾ ਕਿ ਇਨ੍ਹਾਂ ਚੀਜ਼ਾਂ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਯਹੋਵਾਹ ਦੇ ਸਨਮੁੱਖ ਖਲੋਣ। ਇਹ ਯਹੋਵਾਹ ਲਈ ਹਿਲਾਉਣ ਦੀ ਭੇਟਾ ਹੋਵੇਗੀ। 25 ਫ਼ੇਰ ਇਹ ਚੀਜ਼ਾਂ ਹਾਰੂਨ ਅਤੇ ਉਸ ਦੇ ਪੁੱਤਰਾਂ ਪਾਸੋਂ ਲੈ ਲੈਣੀਆਂ ਅਤੇ ਉਨ੍ਹਾਂ ਨੂੰ ਭੇਡੂ ਦੇ ਸਮੇਤ ਜਗਵੇਦੀ ਉੱਤੇ ਰੱਖ ਦੇਣਾ। ਇਹ ਹੋਮ ਦੀ ਭੇਟਾ ਹੈ, ਅੱਗ ਦੁਆਰਾ ਚੜ੍ਹਾਈ ਗਈ ਭੇਟ, ਯਹੋਵਾਹ ਦੇ ਅੱਗੇ ਉਹ ਪ੍ਰਸੰਨ ਕਰਨ ਵਾਲੀ ਸੁਗੰਧੀ।
26 “ਫ਼ੇਰ ਭੇਡੂ ਦਾ ਸੀਨਾ ਲੈਣਾ। (ਇਹ ਉਹੀ ਭੇਡੂ ਹੈ ਜਿਸਦੀ ਵਰਤੋਂ ਹਾਰੂਨ ਨੂੰ ਪਰਧਾਨ ਜਾਜਕ ਬਨਾਉਣ ਦੀ ਰਸਮ ਵਿੱਚ ਕੀਤੀ ਜਾਵੇਗੀ।) ਯਹੋਵਾਹ ਦੇ ਸਾਹਮਣੇ ਭੇਡੂ ਦੇ ਸੀਨੇ ਨੂੰ ਖਾਸ ਬੇਟਾ ਵਜੋਂ ਹੱਥਾਂ ਵਿੱਚ ਫ਼ੜੋ। ਫ਼ੇਰ ਇਸ ਨੂੰ ਵਾਪਸ ਲੈ ਕੇ ਆਪਣੇ ਹਿੱਸੇ ਵਜੋਂ ਰੱਖ ਲਵੋ। 27 ਉਸ ਭੇਡੂ ਦਾ ਸੀਨਾ ਅਤੇ ਲੱਤ ਲਵੋ ਜਿਸਦੀ ਵਰਤੋਂ ਹਾਰੂਨ ਨੂੰ ਪਰਧਾਨ ਜਾਜਕ ਬਨਾਉਣ ਲਈ ਅਤੇ ਉਨ੍ਹਾਂ ਹਿਸਿਆਂ ਨੂੰ ਪਵਿੱਤਰ ਬਨਾਉਣ ਲਈ ਕੀਤੀ ਗਈ ਸੀ। ਫ਼ੇਰ ਇਹ ਖਾਸ ਹਿੱਸੇ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਦੇ ਦਿਉ। 28 ਇਸਰਾਏਲ ਦੇ ਲੋਕ ਹਾਰੂਨ ਤੇ ਉਸ ਦੇ ਪੁੱਤਰਾਂ ਨੂੰ ਹਿੱਸੇ ਹਮੇਸ਼ਾ ਦੇਣਗੇ। ਜਦੋਂ ਇਸਰਾਏਲ ਦੇ ਲੋਕ ਯਹੋਵਾਹ ਨੂੰ ਚੜ੍ਹਾਵਾ ਚੜ੍ਹਾਉਣਗੇ ਇਹ ਹਿੱਸੇ ਹਮੇਸ਼ਾ ਜਾਜਕਾਂ ਦੇ ਹੋਣਗੇ। ਜਦੋਂ ਉਹ ਇਨ੍ਹਾਂ ਹਿਸਿਆਂ ਨੂੰ ਜਾਜਕਾਂ ਨੂੰ ਦੇਣਗੇ, ਇਹ ਇਨ੍ਹਾਂ ਨੂੰ ਯਹੋਵਾਹ ਨੂੰ ਭੇਂਟ ਕਰਨ ਵਾਲੀ ਗੱਲ ਹੀ ਹੋਵੇਗੀ।
29 “ਉਨ੍ਹਾਂ ਖਾਸ ਕੱਪੜਿਆਂ ਨੂੰ ਬਚਾਕੇ ਰੱਖੋ ਜਿਹੜੇ ਹਾਰੂਨ ਲਈ ਬਣਾਏ ਗਏ ਸਨ। ਉਹ ਕੱਪੜੇ ਉਸਤੋਂ ਬਾਦ ਜਿਉਣ ਵਾਲੇ ਉਸ ਦੇ ਸਾਰੇ ਲੋਕਾਂ ਦੇ ਹੋਣਗੇ। ਜਦੋਂ ਉਨ੍ਹਾਂ ਨੂੰ ਜਾਜਕ ਚੁਣਿਆ ਜਾਵੇਗਾ ਤਾਂ ਉਹ ਇਹ ਕੱਪੜੇ ਪਹਿਨਣਗੇ। 30 ਹਾਰੂਨ ਦਾ ਪੁੱਤਰ ਉਸਤੋਂ ਮਗਰੋਂ ਅਗਲਾ ਪਰਧਾਨ ਜਾਜਕ ਬਣੇਗਾ। ਉਹ ਪੁੱਤਰ ਜਦੋਂ ਪਵਿੱਤਰ ਸਥਾਨ ਉੱਤੇ ਮੰਡਲੀ ਵਾਲੇ ਤੰਬੂ ਵਿੱਚ ਸੇਵਾ ਕਰਨ ਲਈ ਆਵੇਗਾ ਤਾਂ ਸੱਤ ਦਿਨ ਇਹ ਵਸਤਰ ਪਹਿਨੇਗਾ।
31 “ਉਸ ਭੇਡੂ ਦਾ ਮਾਸ ਪਵਿੱਤਰ ਸਥਾਨ ਤੇ ਰਿੰਨ੍ਹੋ ਜਿਸ ਨੂੰ ਹਰੂਨ ਦੇ ਪਰਧਾਨ ਜਾਜਕ ਬਨਾਉਣ ਲਈ ਵਰਤਿਆ ਗਿਆ ਸੀ। 32 ਫ਼ੇਰ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਉਹ ਮਾਸ ਮੰਡਲੀ ਵਾਲੇ ਤੰਬੂ ਦੇ ਸਾਹਮਣੇ ਦਰਵਾਜ਼ੇ ਤੇ ਖਾਣਾ ਚਾਹੀਦਾ ਹੈ। ਅਤੇ ਉਨ੍ਹਾਂ ਨੂੰ ਉਹ ਰੋਟੀ ਵੀ ਖਾਣੀ ਚਾਹੀਦੀ ਹੈ ਜਿਹੜੀ ਟੋਕਰੀ ਵਿੱਚ ਹੈ। 33 ਇਨ੍ਹਾਂ ਚੜ੍ਹਾਵਿਆਂ ਦੀ ਵਰਤੋਂ ਉਦੋਂ ਉਨ੍ਹਾਂ ਦਾ ਪਰਾਸਚਿਤ ਕਰਨ ਲਈ ਕੀਤੀ ਗਈ ਸੀ ਜਦੋਂ ਉਨ੍ਹਾਂ ਨੂੰ ਜਾਜਕ ਬਣਾਇਆ ਗਿਆ ਸੀ। ਹੁਣ ਉਨ੍ਹਾਂ ਨੂੰ ਉਹ ਭੇਟਾਂ ਖਾਣੀਆਂ ਚਾਹੀਦੀਆਂ ਹਨ। ਕਿਸੇ ਵੀ ਅਜਨਬੀ ਨੂੰ ਇਹ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ, ਕਿਉਂਕਿ ਉਹ ਪਵਿੱਤਰ ਹਨ। 34 ਜੇ ਉਸ ਭੇਡੂ ਦੇ ਮਾਸ ਵਿੱਚੋਂ ਜਾਂ ਰੋਟੀ ਦਾ ਕੋਈ ਟੁਕੜਾ ਸਵੇਰ ਲਈ ਬਚ ਜਾਵੇ ਤਾਂ ਉਸ ਨੂੰ ਸਾੜ ਦੇਣਾ ਚਾਹੀਦਾ ਹੈ। ਤੁਹਾਨੂੰ ਉਹ ਮਾਸ ਜਾਂ ਰੋਟੀ ਨਹੀਂ ਖਾਣੀ ਚਾਹੀਦੀ ਕਿਉਂਕਿ ਇਸ ਨੂੰ ਸਿਰਫ਼ ਖਾਸ ਢੰਗ ਨਾਲ ਖਾਸ ਸਮੇਂ ਹੀ ਖਾਣਾ ਚਾਹੀਦਾ ਸੀ।
35 “ਤੁਹਾਨੂੰ ਇਹ ਸਾਰੀਆਂ ਗੱਲਾਂ ਹਾਰੂਨ ਅਤੇ ਉਸ ਦੇ ਪੁੱਤਰਾਂ ਲਈ ਕਰਨੀਆਂ ਚਾਹੀਦੀਆਂ ਹਨ। ਤੁਹਾਨੂੰ ਚਾਹੀਦਾ ਹੈ ਕਿ ਇਨ੍ਹਾਂ ਨੂੰ ਬਿਲਕੁਲ ਉਵੇਂ ਹੀ ਕਰੋ ਜਿਵੇਂ ਮੈਂ ਤੁਹਾਨੂੰ ਆਖਿਆ ਸੀ। ਉਨ੍ਹਾਂ ਨੂੰ ਜਾਜਕ ਥਾਪਣ ਦੀ ਰਸਮ ਪੂਰੇ ਸੱਤ ਦਿਨ ਜਾਰੀ ਰੱਖਣੀ ਚਾਹੀਦੀ ਹੈ। 36 ਤੁਹਾਨੂੰ ਸੱਤਾਂ ਦਿਨਾਂ ਤੱਕ ਪਾਪ ਦੀ ਭੇਟ ਵਜੋਂ ਹਰ ਰੋਜ਼ ਇੱਕ ਵਹਿੜਕਾ ਮਾਰਨਾ ਚਾਹੀਦਾ ਹੈ। ਇਹ ਭੇਟ ਪਰਾਸਚਿਤ ਲਈ ਹੋਵੇਗੀ। ਤੁਸੀਂ ਇਨ੍ਹਾਂ ਬਲੀਆਂ ਨੂੰ ਜਗਵੇਦੀ ਨੂੰ ਪਵਿੱਤਰ ਬਨਾਉਣ ਲਈ ਵਰਤੋਂਗੇ। ਅਤੇ ਇਸ ਨੂੰ ਪਵਿੱਤਰ ਬਨਾਉਣ ਲਈ ਇਸ ਉੱਤੇ ਜੈਤੂਨ ਦਾ ਤੇਲ ਛਿੜਕੋਂਗੇ। 37 ਤੁਸੀਂ ਜਗਵੇਦੀ ਲਈ ਸੱਤਾਂ ਦਿਨਾਂ ਲਈ ਪਰਾਸਚਿਤ ਕਰੋਂਗੇ ਅਤੇ ਇਸ ਨੂੰ ਪਵਿੱਤਰ ਬਣਾਵੋਂਗੇ। ਉਸ ਸਮੇਂ, ਜਗਵੇਦੀ ਅੱਤ ਪਵਿੱਤਰ ਹੋ ਜਾਵੇਗੀ ਅਤੇ ਕੋਈ ਵੀ ਚੀਜ਼ ਜਿਹੜੀ ਜਗਵੇਦੀ ਨੂੰ ਛੂਹੇਗੀ, ਪਵਿੱਤਰ ਬਣ ਜਾਵੇਗੀ।
38 “ਹਰ ਰੋਜ਼ ਤੁਹਾਨੂੰ ਜਗਵੇਡੀ ਉੱਤੇ ਇੱਕ ਭੇਟ ਚੜ੍ਹਾਉਣੀ ਚਾਹੀਦੀ ਹੈ। ਤੁਹਾਨੂੰ ਇੱਕ ਸਾਲ ਦੇ ਦੋ ਲੇਲੇ ਮਾਰਨੇ ਚਾਹੀਦੇ ਹਨ। 39 ਇੱਕ ਲੇਲੇ ਨੂੰ ਸਵੇਰੇ ਅਤੇ ਦੂਸਰੇ ਨੂੰ ਸ਼ਾਮ ਵੇਲੇ ਬਲੀ ਚੜ੍ਹਾਉ। 40-41 ਜਦੋਂ ਤੁਸੀਂ ਪਹਿਲੇ ਲੇਲੇ ਨੂੰ ਚੜ੍ਹਾਵੋ, ਇਸਦੇ ਨਾਲ ਪੁਰਾਣੇ ਤੇਲ ਦੇ ਇੱਕ ਹਿਨ ਦੇ ਇੱਕ ਚੁਥਾਈ ਹਿੱਸੇ ਨਾਲ ਮਿਲੇ ਮੈਦੇ ਦੇ 8 ਕੱਪ ਅਤੇ ਮੈਅ ਦੇ ਇੱਕ ਹਿਨ ਦਾ ਇੱਕ ਕੁਆਟਰ ਮੈਅ ਦੀ ਭੇਟਾ ਵਜੋਂ ਚੜ੍ਹਾਵੋ। ਜਦੋਂ ਤੁਸੀਂ ਸ਼ਾਮ ਵੇਲੇ ਦੂਜੇ ਲੇਲੇ ਨੂੰ ਮਾਰੋਂ, ਪੁਰਾਣੇ ਤੇਲ ਦੇ ਇੱਕ ਹਿਨ ਦੇ ਇੱਕ ਚੁਥਾਈ ਹਿੱਸੇ ਨਾਲ ਮਿਲੇ ਮੈਦੇ ਦੇ 8 ਕੱਪ ਅਤੇ ਮੈਅ ਦੇ ਇੱਕ ਹਿਨ ਦਾ ਇੱਕ ਕੁਆਟਰ ਚੜ੍ਹਾਵੋ। ਇਹ ਉਵੇਂ ਹੀ ਹੈ ਜਿਵੇਂ ਤੁਸੀਂ ਸਵੇਰੇ ਕੀਤਾ ਸੀ। ਇਹ ਯਹੋਵਾਹ ਨੂੰ ਭੋਜਨ ਦੀ ਭੇਟ ਹੋਵੇਗੀ ਅਤੇ ਜਦੋਂ ਤੁਸੀਂ ਇਹ ਭੇਟ ਸਾੜੋਂਗੇ, ਇਹ ਯਹੋਵਾਹ ਅੱਗੇ ਪ੍ਰਸੰਨ ਕਰਨ ਵਾਲੀ ਸੁਗੰਧ ਹੋਵੇਗੀ।
42 “ਤੁਹਾਨੂੰ ਇਹ ਚੀਜ਼ਾਂ ਹਰ ਰੋਜ਼ ਯਹੋਵਾਹ ਨੂੰ ਪੂਰੀ ਹੋਮ ਦੀ ਭੇਟ ਵਜੋਂ ਚੜ੍ਹਾਉਣੀਆਂ ਚਾਹੀਦੀਆਂ ਹਨ। ਇਸ ਨੂੰ ਯਹੋਵਾਹ ਦੇ ਸਾਹਮਣੇ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਤੇ ਕਰੋ। ਹਰ ਸਮੇਂ ਅਜਿਹਾ ਕਰਦੇ ਰਹੋ। ਜਦੋਂ ਤੁਸੀਂ ਭੇਟ ਚੜ੍ਹਾਵੋਂਗੇ, ਮੈਂ, ਯਹੋਵਾਹ, ਤੁਹਾਨੂੰ ਉੱਥੇ ਮਿਲਾਂਗਾ ਅਤੇ ਤੁਹਾਡੇ ਨਾਲ ਗੱਲ ਕਰਾਂਗਾ। 43 ਮੈਂ ਤੁਹਾਨੂੰ ਉਸ ਥਾਂ ਇਸਰਾਏਲ ਦੇ ਲੋਕਾਂ ਨਾਲ ਮਿਲਾਂਗਾ। ਅਤੇ ਮੇਰਾ ਪਰਤਾਪ ਉਸ ਥਾਂ ਨੂੰ ਪਵਿੱਤਰ ਬਣਾ ਦੇਵੇਗਾ।
44 “ਇਸ ਤਰ੍ਹਾਂ ਮੈਂ ਮੰਡਲੀ ਵਾਲੇ ਤੰਬੂ ਨੂੰ ਪਵਿੱਤਰ ਬਣਾ ਦਿਆਂਗਾ। ਅਤੇ ਮੈਂ ਜਗਵੇਦੀ ਨੂੰ ਪਵਿੱਤਰ ਬਣਾ ਦਿਆਂਗਾ। ਅਤੇ ਮੈਂ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਪਵਿੱਤਰ ਬਣਾ ਦਿਆਂਗਾ। ਤਾਂ ਜੋ ਉਹ ਜਾਜਕਾਂ ਵਜੋਂ ਮੇਰੀ ਸੇਵਾ ਕਰ ਸੱਕਣ। 45 ਮੈਂ ਇਸਰਾਏਲ ਦੇ ਲੋਕਾਂ ਨਾਲ ਰਹਾਂਗਾ। ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ। 46 ਲੋਕ ਜਾਣ ਲੈਣਗੇ ਕਿ ਮੈਂ ਯਹੋਵਾਹ ਹਾਂ, ਉਨ੍ਹਾਂ ਦਾ ਪਰਮੇਸ਼ੁਰ ਉਹ ਜਾਣ ਲੈਣਗੇ ਕਿ ਮੈਂ ਹੀ ਉਹ ਹਾਂ ਜਿਹੜਾ ਉਨ੍ਹਾਂ ਨੂੰ ਮਿਸਰ ਵਿੱਚੋਂ ਬਾਹਰ ਲਿਆਇਆ ਸੀ ਤਾਂ ਜੋ ਮੈਂ ਉਨ੍ਹਾਂ ਦੇ ਨਾਲ ਰਹਿ ਸੱਕਾਂ। ਮੈਂ ਯਹੋਵਾਹ ਹਾਂ, ਉਨ੍ਹਾਂ ਦਾ ਪਰਮੇਸ਼ੁਰ।”
ਧੂਫ਼ ਧੁਖਾਉਣ ਲਈ ਜਗਵੇਦੀ
30 ਪਰਮੇਸ਼ੁਰ ਨੇ ਮੂਸਾ ਨੂੰ ਆਖਿਆ, “ਸ਼ਿੱਟੀਮ ਦੀ ਲੱਕੜ ਦੀ ਇੱਕ ਜਗਵੇਦੀ ਬਣਾਉ। ਤੁਸੀਂ ਇਸ ਜਗਵੇਦੀ ਨੂੰ ਧੂਫ਼ ਧੁਖਾਉਣ ਲਈ ਵਰਤੋਂਗੇ। 2 ਤੁਹਾਨੂੰ ਜਗਵੇਦੀ ਚੌਕੋਰ ਬਨਾਉਣੀ ਚਾਹੀਦੀ ਹੈ-ਇੱਕ ਹੱਥ ਲੰਮੀ ਤੇ ਇੱਕ ਹੱਥ ਚੌੜੀ। ਇਹ ਦੋ ਹੱਥ ਉੱਚੀ ਹੋਣੀ ਚਾਹੀਦੀ ਹੈ ਇਸਦੇ ਚੌਹਾਂ ਕੋਨਿਆਂ ਉੱਤੇ ਸਿੰਗ ਹੋਣੇ ਚਾਹੀਦੇ ਹਨ। ਇਨ੍ਹਾਂ ਸਿੰਗਾ ਨੂੰ ਜਗਵੇਦੀ ਨਾਲ ਇੱਕ ਮਿੱਕ ਕਰਕੇ ਬਨਾਉਣਾ ਚਾਹੀਦਾ ਹੈ। 3 ਜਗਵੇਦੀ ਦੇ ਉੱਪਰ ਪਾਸੇ ਅਤੇ ਇਸਦੇ ਸਾਰੇ ਪਾਸਿਆਂ ਉੱਪਰ ਸ਼ੁੱਧ ਸੋਨਾ ਚੜ੍ਹਾਉ। ਅਤੇ ਜਗਵੇਦੀ ਦੇ ਆਲੇ-ਦੁਆਲੇ ਸੋਨੇ ਦੀ ਕਿਨਾਰੀ ਬਣਾਉ। 4 ਇਸ ਸੁਨਿਹਰੀ ਕਿਨਾਰੀ ਦੇ ਹੇਠਾਂ ਸੋਨੇ ਦੇ ਦੋ ਕੜੇ ਅਤੇ ਜਗਵੇਦੀ ਦੇ ਹਰ ਪਾਸੇ ਸੋਨੇ ਦੇ ਦੋ ਕੜੇ ਹੋਣੇ ਚਾਹੀਦੇ ਹਨ। ਇਨ੍ਹਾਂ ਕੜਿਆਂ ਦੀ ਵਰਤੋਂ ਜਗਵੇਦੀ ਨੂੰ ਚੋਬਾਂ ਨਾਲ ਚੁੱਕਣ ਲਈ ਕੀਤੀ ਜਾਵੇਗੀ। 5 ਚੋਬਾਂ ਵੀ ਸ਼ਿੱਟੀਮ ਦੀ ਲੱਕੜ ਦੀਆਂ ਬਣਾਉ। ਚੋਬਾਂ ਉੱਪਰ ਸੋਨਾ ਚੜ੍ਹਾਉ। 6 ਜਗਵੇਦੀ ਨੂੰ ਖਾਸ ਪਰਦੇ ਦੇ ਸਾਹਮਣੇ ਰੱਖੋ। ਇਸ ਪਰਦੇ ਦੇ ਪਿੱਛੇ ਇਕਰਾਰਨਾਮੇ ਵਾਲਾ ਸੰਦੂਕ ਹੈ। ਜਗਵੇਦੀ ਉਸ ਪਰਦੇ ਦੇ ਸਾਹਮਣੇ ਹੋਵੇਗੀ ਜਿਹੜਾ ਇਕਰਾਰਨਾਮੇ ਦੇ ਉੱਪਰ ਹੈ। ਇਹੀ ਉਹ ਥਾਂ ਹੈ ਜਿੱਥੇ ਮੈਂ ਤੁਹਾਨੂੰ ਮਿਲਾਂਗਾ।
7 “ਹਾਰੂਨ ਨੂੰ ਚਾਹੀਦਾ ਹੈ ਕਿ ਹਰ ਸਵੇਰ ਜਗਵੇਦੀ ਉੱਤੇ ਸੁਗੰਧੀ ਧੂਫ਼ ਧੁਖਾਵੇ। ਅਜਿਹਾ ਉਹ ਉਸ ਵੇਲੇ ਕਰੇਗਾ ਜਦੋਂ ਉਹ ਦੀਵਿਆਂ ਦੀ ਦੇਖ ਭਾਲ ਕਰਨ ਲਈ ਆਵੇਗਾ। 8 ਸ਼ਾਮ ਵੇਲੇ ਇੱਕ ਵਾਰ ਫ਼ੇਰ, ਉਸ ਨੂੰ ਧੂਫ਼ ਧੁਖਾਉਣੀ ਚਾਹੀਦੀ ਹੈ। ਇਹ ਉਹ ਸਮਾਂ ਹੈ ਜਦੋਂ ਉਹ ਸ਼ਾਮ ਵੇਲੇ ਦੀਵਿਆਂ ਦੀ ਜਾਂਚ ਕਰੇਗਾ। ਇਸ ਤਰ੍ਹਾਂ, ਉਹ ਧੂਫ਼ ਯਹੋਵਾਹ ਦੇ ਸਾਹਮਣੇ ਤੁਹਾਡੀ ਸਾਰੀ ਪੀੜੀ ਤੀਕ ਧੁਖਦੀ ਰਹੇਗੀ। 9 ਇਸ ਜਗਵੇਦੀ ਨੂੰ ਕਿਸੇ ਹੋਰ ਤਰ੍ਹਾਂ ਦੀ ਧੂਫ਼ ਜਾਂ ਹੋਮ ਦੀ ਭੇਟ ਲਈ ਨਾ ਵਰਤਣਾ। ਇਸ ਜਗਵੇਦੀ ਦੀ ਵਰਤੋਂ ਕਿਸੇ ਤਰ੍ਹਾਂ ਦੇ ਅਨਾਜ ਦੀ ਭੇਟਾ ਜਾਂ ਪੀਣ ਦੀ ਭੇਟਾ ਲਈ ਨਹੀਂ ਕਰਨੀ।
10 “ਸਾਲ ਵਿੱਚ ਇੱਕ ਵਾਰੀ, ਹਾਰੂਨ ਨੂੰ ਯਹੋਵਾਹ ਅੱਗੇ ਖਾਸ ਬਲੀ ਚੜ੍ਹਾਉਣੀ ਚਾਹੀਦੀ ਹੈ। ਉਸ ਨੂੰ ਕਫ਼ਾਰੇ ਦੇ ਦਿਨ ਦੀ ਪਾਪ ਦੀ ਭੇਟ ਦਾ ਲਹੂ ਜਗਵੇਦੀ ਦੇ ਸਿੰਗਾਂ ਉੱਤੇ ਪਾਉਣਾ ਚਾਹੀਦਾ। ਇਸ ਤਰ੍ਹਾਂ ਸਾਲ ’ਚ ਇੱਕ ਵਾਰੀ ਹਾਰੂਨ ਤੁਹਾਡੀਆਂ ਉੱਤੇ ਸਾਰੀਆਂ ਪੀੜੀਆਂ ਲਈ ਜਗਵੇਦੀ ਲਈ ਪਰਾਸਚਿਤ ਕਰੇਗਾ ਕਿਉਂਕਿ ਇਹ ਜਗਵੇਦੀ ਯਹੋਵਾਹ ਲਈ ਅੱਤ ਪਵਿੱਤਰ ਹੈ।”
ਮੰਦਰ ਦਾ ਕਰ
11 ਯਹੋਆਹ ਨੇ ਮੂਸਾ ਨੂੰ ਆਖਿਆ, 12 “ਇਸਰਾਏਲ ਦੇ ਲੋਕਾਂ ਦੀ ਗਿਣਤੀ ਕਰ ਤਾਂ ਜੋ ਤੈਨੂੰ ਪਤਾ ਲੱਗੇ ਕਿ ਇੱਥੇ ਕਿੰਨੇ ਲੋਕ ਹਨ। ਹਰ ਵਰੀ ਜਦੋਂ ਇਹ ਕੀਤਾ ਜਾਵੇ, ਹਰ ਬੰਦੇ ਨੂੰ ਆਪਣੇ ਲਈ ਯਹੋਵਾਹ ਨੂੰ ਕੁਝ ਅਦਾਇਗੀ ਕਰਨੀ ਚਾਹੀਦੀ ਹੈ। ਜੇ ਹਰ ਬੰਦਾ ਅਜਿਹਾ ਕਰੇਗਾ ਤਾਂ ਲੋਕਾਂ ਉੱਤੇ ਕੋਈ ਵੀ ਭਿਆਨਕ ਤਬਾਹੀ ਨਹੀਂ ਆਵੇਗੀ। 13 ਹਰ ਉਸ ਬੰਦੇ ਨੂੰ, ਜਿਸਦੀ ਗਿਣਤੀ ਕੀਤੀ ਜਾਂਦੀ ਹੈ, ਡੇਢ ਸ਼ੈਕਲ ਅਦਾ ਕਰਨਾ ਚਾਹੀਦਾ ਹੈ। (ਅਰਥਾਤ ਡੇਢ ਸ਼ੈਕਲ ਸਰਕਾਰੀ ਮਾਪ ਅਨੁਸਾਰ। ਇੱਕ ਸ਼ੈਕਲ 20 ਗਿਰਾਫ਼ ਦਾ ਹੈ।) ਇਹ ਅੱਧਾ ਸ਼ੈਕਲ ਯਹੋਵਾਹ ਲਈ ਭੇਟ ਹੈ। 14 ਹਰ ਬੰਦਾ ਜਿਹੜਾ ਘੱਟੋ-ਘੱਟ 20 ਵਰ੍ਹਿਆਂ ਦਾ ਹੈ, ਉਸ ਨੂੰ ਗਿਣਿਆ ਜਾਵੇਗਾ। ਅਤੇ ਹਰ ਉਸ ਨੂੰ, ਜਿਸਦੀ ਗਿਣਤੀ ਕੀਤੀ ਜਾਂਦੀ ਹੈ, ਯਹੋਵਾਹ ਨੂੰ ਇਹ ਭੇਟ ਦੇਣੀ ਚਾਹੀਦੀ ਹੈ। 15 ਅਮੀਰ ਆਦਮੀਆਂ ਨੂੰ ਅੱਧੇ ਸ਼ੈਕਲ ਤੋਂ ਵੱਧ ਨਹੀਂ ਦੇਣਾ ਚਾਹੀਦਾ ਅਤੇ ਗਰੀਬ ਲੋਕਾਂ ਨੂੰ ਅੱਧੇ ਸ਼ੈਕਲ ਤੋਂ ਘੱਟ ਨਹੀਂ ਦੇਣਾ ਚਾਹੀਦਾ। ਸਾਰੇ ਲੋਕ ਯਹੋਵਾਹ ਨੂੰ ਇੱਕੋ ਜਿਹੀ ਭੇਟ ਦੇਣਗੇ। ਇਹ ਭੇਟ ਤੁਹਾਡੀਆਂ ਰੂਹਾਂ ਲਈ ਪਰਾਸਚਿਤ ਹੋਵੇਗੀ। 16 ਇਹ ਪੈਸਾ ਇਸਰਾਏਲ ਦੇ ਲੋਕਾਂ ਪਾਸੋਂ ਇਕੱਠਾ ਕਰੋ ਅਤੇ ਇਸ ਨੂੰ ਮੰਡਲੀ ਵਾਲੇ ਤੰਬੂ ਵਿੱਚ ਸੇਵਾ ਲਈ ਵਰਤੋਂ। ਇਹ ਭੇਟ ਯਹੋਵਾਹ ਦਾ ਆਪਣੇ ਲੋਕਾਂ ਨੂੰ ਯਾਦ ਰੱਖਣ ਦਾ ਇੱਕ ਢੰਗ ਅਤੇ ਤੁਹਾਡੀਆਂ ਰੂਹਾਂ ਲਈ ਪਰਾਸਚਿਤ ਹੋਵੇਗੀ।”
ਧੋਣ ਵਾਲਾ ਤਸਲਾ
17 ਯਹੋਵਾਹ ਨੇ ਮੂਸਾ ਨੂੰ ਆਖਿਆ, 18 “ਪਿੱਤਲ ਦਾ ਇੱਕ ਤਸਲਾ ਬਨਾਉਣ ਅਤੇ ਇਸ ਨੂੰ ਪਿੱਤਲ ਦੀ ਚੌਕੀ ਉੱਤੇ ਰੱਖੋ। ਤੁਸੀਂ ਇਸ ਨੂੰ ਧੋਣ ਲਈ ਇਸਤੇਮਾਲ ਕਰੋਂਗੇ। ਇਸ ਤਸਲੇ ਨੂੰ ਜਗਵੇਦੀ ਅਤੇ ਮੰਡਲੀ ਵਾਲੇ ਤੰਬੂ ਦੇ ਵਿੱਚਕਾਰ ਰੱਖੋ। ਇਸ ਤਸਲੇ ਨੂੰ ਪਾਣੀ ਨਾਲ ਭਰ ਦਿਉ। 19 ਹਾਰੂਨ ਅਤੇ ਉਸ ਦੇ ਪੁੱਤਰ ਇਸ ਤਸਲੇ ਦੇ ਪਾਣੀ ਨਾਲ ਆਪਣੇ ਹੱਥ ਪੈਰ ਧੋਣਗੇ। 20 ਹਰ ਵਾਰੀ ਜਦੋਂ ਉਹ ਮੰਡਲੀ ਵਾਲੇ ਤੰਬੂ ਵਿੱਚ ਦਾਖਲ ਹੋਣ ਜਾਂ ਜਗਵੇਦੀ ਦੇ ਨਜ਼ਦੀਕ ਆਉਣ ਉਨ੍ਹਾਂ ਨੂੰ ਪਾਣੀ ਨਾਲ ਹੱਥ ਪੈਰ ਧੋਣੇ ਚਾਹੀਦੇ ਹਨ। ਇਸ ਤਰ੍ਹਾਂ ਉਹ ਮਰਨਗੇ ਨਹੀਂ। 21 ਅਤੇ ਉਹ ਆਪਣੇ ਹੱਥ ਅਤੇ ਆਪਣੇ ਪੈਰ ਜ਼ਰੂਰ ਧੋਣ ਤਾਂ ਜੋ ਉਹ ਮਰਨ ਨਾ। ਇਹ ਇੱਕ ਅਜਿਹਾ ਨੇਮ ਹੋਵੇਗਾ ਜਿਹੜਾ ਹਾਰੂਨ ਅਤੇ ਉਸ ਦੇ ਲੋਕਾਂ ਲਈ ਹਮੇਸ਼ਾ ਜਾਰੀ ਰਹੇਗ਼ਾ। ਇਹ ਬਿਧੀ ਹਾਰੂਨ ਦੇ ਉਨ੍ਹਾਂ ਸਮੂਹ ਲੋਕਾਂ ਲਈ ਜਾਰੀ ਰਹੇਗੀ ਜਿਹੜੇ ਭਵਿੱਖ ਵਿੱਚ ਜਿਉਣਗੇ।”
ਮਸਹ ਵਾਲਾ ਤੇਲ
22 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, 23 “ਵੱਧੀਆ ਤੋਂ ਵੱਧੀਆ ਮਸਾਲੇ ਤਲਾਸ਼ ਕਰੋ, 12 ਪੌਂਡ ਪਤਲਾ ਮੁਰ ਲਵੀਂ, ਉਸਤੋਂ (ਅਰਥਾਤ 6 ਪੌਂਡ) ਅੱਧੀ ਸੁਗੰਧਤ ਦਾਰਚੀਨੀ, ਅਤੇ 6 ਪੌਂਡ ਸੁਗੰਧ ਵਾਲਾ ਕੁਸ਼ਾ, 24 ਅਤੇ 12 ਪੌਂਡ ਕੇਸ਼ੀਆ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਸਰਕਾਰੀ ਨਾਪ ਤੋਂਲ ਦੇ ਅਨੁਸਾਰ ਲਵੀਂ। ਇੱਕ ਗੈਲਣ ਜੈਤੂਨ ਦਾ ਤੇਲ ਵੀ ਲਵੀਂ।
25 “ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਅਤਰ ਬਨਾਉਣ ਵਾਲੇ ਮਾਹਰ ਦੀ ਕੁਸ਼ਲਤਾ ਅਨੁਸਾਰ ਖਾਸ ਕਿਸਮ ਦਾ ਸੁਗੰਧਤ ਮਸਹ ਵਾਲਾ ਤੇਲ ਬਣਾ ਲਵੀਂ। 26 ਇਸ ਤੇਲ ਨੂੰ ਮੰਡਲੀ ਵਾਲੇ ਤੰਬੂ ਅਤੇ ਇਕਰਾਰਨਾਮੇ ਵਾਲੇ ਸੰਦੂਕ ਉੱਪਰ ਮਸਹ ਕਰ ਦੇਵੀਂ। ਇਸਤੋਂ ਪਤਾ ਚੱਲੇਗਾ ਕਿ ਇਨ੍ਹਾਂ ਚੀਜ਼ਾਂ ਦਾ ਖਾਸ ਮਨੋਰਥ ਹੈ। 27 ਮੇਜ ਉੱਤੇ ਅਤੇ ਮੇਜ ਉੱਤੇ ਪਈਆਂ ਸਾਰੀਆਂ ਪਲੇਟਾਂ ਉੱਤੇ ਵੀ ਅਤੇ ਦੀਵੇ ਉੱਤੇ ਅਤੇ ਇਸਦੇ ਉੱਪਰ ਸਾਰੇ ਰੱਖੇ ਸਮਾਨ ਉੱਤੇ ਅਤੇ ਧੂਫ਼ ਦੀ ਜਗਵੇਦੀ ਉੱਤੇ ਵੀ ਤੇਲ ਮਸਹ ਕਰਨਾ। 28 ਇਹ ਤੇਲ ਪਰਮੇਸ਼ੁਰ ਲਈ ਹੋਮ ਦੀਆਂ ਭੇਟਾਂ ਵਾਲੀ ਜਗਵੇਦੀ ਉੱਪਰ ਅਤੇ ਉਸ ਜਗਵੇਦੀ ਦੀ ਹਰ ਸ਼ੈਅ ਉੱਪਰ ਅਤੇ ਤਸਲੇ ਅਤੇ ਤਸਲੇ ਹੇਠਲੀ ਚੌਂਕੀ ਉੱਪਰ ਵੀ ਮਸਹ ਕਰਨਾ। 29 ਤੁਸੀਂ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਪਵਿੱਤਰ ਬਣਾ ਦਿਉਂਗੇ। ਇਹ ਯਹੋਵਾਹ ਲਈ ਬਹੁਤ ਖਾਸ ਹੋਣਗੀਆਂ। ਕੋਈ ਵੀ ਚੀਜ਼ ਜੋ ਇਨ੍ਹਾਂ ਚੀਜ਼ਾਂ ਨੂੰ ਛੂਹੇਗੀ ਪਵਿੱਤਰ ਹੋ ਜਾਵੇਗੀ।
30 “ਹਾਰੂਨ ਅਤੇ ਉਸ ਦੇ ਪੁੱਤਰਾਂ ਉੱਪਰ ਇਹ ਤੇਲ ਮਸਹ ਕਰੀਂ। ਇਹ ਦਰਸਾਵੇਗਾ ਕਿ ਉਹ ਖਾਸ ਤਰ੍ਹਾਂ ਨਾਲ ਮੇਰੀ ਸੇਵਾ ਕਰਦੇ ਹਨ ਅਤੇ ਉਹ ਜਾਜਕਾਂ ਵਜੋਂ ਮੇਰੀ ਸੇਵਾ ਕਰ ਸੱਕਦੇ ਹਨ। 31 ਇਸਰਾਏਲ ਦੇ ਲੋਕਾਂ ਨੂੰ ਆਖਣਾ ਕਿ ਮਸਹ ਵਾਲਾ ਤੇਲ ਪਵਿਤਰ ਹੈ-ਇਸ ਨੂੰ ਹਮੇਸ਼ਾ ਸਿਰਫ਼ ਮੇਰੇ ਲਈ ਹੀ ਇਸਤੇਮਾਲ ਕੀਤਾ ਜਾਵੇ। 32 ਕਿਸੇ ਨੂੰ ਵੀ ਇਸ ਤੇਲ ਨੂੰ ਆਮ ਸੁਗੰਧ ਦੇ ਤੌਰ ਤੇ ਨਹੀਂ ਵਰਤਣਾ ਚਾਹੀਦਾ। ਇਸ ਖਾਸ ਤੇਲ ਵਾਂਗ ਕਿਸੇ ਵੀ ਸੁਗੰਧੀ ਨੂੰ ਨਹੀਂ ਬਨਾਉਣ। ਇਹ ਤੇਲ ਪਵਿੱਤਰ ਹੈ, ਅਤੇ ਇਹ ਤੁਹਾਡੇ ਲਈ ਬਹੁਤ ਖਾਸ ਹੋਣਾ ਚਾਹੀਦਾ ਹੈ। 33 ਜੇ ਕੋਈ ਇਸ ਪਵਿੱਤਰ ਤੇਲ ਵਾਂਗ ਕੋਈ ਸੁਗੰਧੀ ਬਣਾਉਂਦਾ ਹੈ, ਅਤੇ ਜੇ ਉਹ ਇਸ ਨੂੰ ਕਿਸੇ ਵਿਦੇਸ਼ੀ ਨੂੰ ਦਿੰਦਾ ਹੈ, ਤਾਂ ਉਸ ਬੰਦੇ ਨੂੰ ਆਪਣੇ ਲੋਕਾਂ ਤੋਂ ਛੇਕ ਦਿੱਤਾ ਜਾਵੇ।”
ਧੂਫ਼
34 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਇਹ ਸੁਗੰਧਤ ਮਸਾਲੇ (ਸਮਗਰੀ) ਲਿਆਵੋ, ਮੁਰ ਵਾਲਾ ਮਸਾਲਾ ਅਤੇ ਲੌਨ ਅਤੇ ਖਾਲਸ ਲੋਬਾਨ। ਧਿਆਨ ਰੱਖਣਾ ਕਿ ਤੁਹਾਡੇ ਕੋਲ ਇਹ ਮਸਾਲੇ ਇੱਕੋ ਜਿੰਨੀ ਮਿਕਦਾਰ ਦੇ ਹੋਣ। 35 ਸੁਗੰਧਤ ਧੂਫ਼ ਬਨਾਉਣ ਲਈ ਇਨ੍ਹਾਂ ਨੂੰ ਮਿਲਾਉ। ਇਹ ਕੰਮ ਉਸੇ ਤਰ੍ਹਾਂ ਕਰੋ ਜਿਵੇਂ ਸੁਗੰਧੀ ਬਨਾਉਣ ਵਾਲਾ ਕਰਦਾ ਹੈ। ਇਸ ਧੂਫ਼ ਵਿੱਚ ਲੂਣ ਵੀ ਰਲਾਉ। ਇਹ ਇਸ ਨੂੰ ਸ਼ੁੱਧ ਅਤੇ ਖਾਸ ਬਣਾ ਦੇਵੇਗਾ। 36 ਇਸ ਵਿੱਚੋਂ ਕੁਝ ਧੂਫ਼ ਨੂੰ ਪੀਸੋ, ਜਦੋਂ ਤੱਕ ਕਿ ਇੱਕ ਬਰੀਕ ਪਾਉਡਰ ਨਾ ਬਣ ਜਾਵੇ। ਇਸ ਪਾਉਡਰ ਨੂੰ ਮੰਡਲੀ ਵਾਲੇ ਤੰਬੂ ਵਿੱਚ ਇਕਰਾਰਨਾਮੇ ਦੇ ਸਾਹਮਣੇ ਰੱਖ ਦਿਉ, ਜਿੱਥੇ ਮੈਂ ਤੁਹਾਨੂੰ ਮਿਲਦਾ ਹਾਂ। ਤੁਹਾਨੂੰ ਇਹ ਧੂਫ਼ ਪਾਉਡਰ ਸਿਰਫ਼ ਇਸਦੇ ਖਾਸ ਮਨੋਰਥ ਲਈ ਹੀ ਵਰਤਣਾ ਚਾਹੀਦਾ ਹੈ। ਇਹ ਅੱਤ ਪਵਿੱਤਰ ਹੋਵੇਗਾ। 37 ਤੁਹਾਨੂੰ ਇਹ ਧੂਫ਼ ਯਹੋਵਾਹ ਲਈ ਇਸ ਖਾਸ ਢੰਗ ਨਾਲ ਹੀ ਵਰਤਣੀ ਚਾਹੀਦੀ ਹੈ। ਤੁਸੀਂ ਇਸ ਧੂਫ਼ ਨੂੰ ਖਾਸ ਢੰਗ ਨਾਲ ਬਣਾਓਂਗੇ। ਕਿਸੇ ਹੋਰ ਧੂਫ਼ ਨੂੰ ਇਸ ਢੰਗ ਨਾਲ ਨਹੀਂ ਬਨਾਉਣਾ। 38 ਹੋ ਸੱਕਦਾ ਹੈ ਕਿ ਕੋਈ ਬੰਦਾ ਇਸ ਧੂਫ਼ ਨੂੰ ਆਪਣੇ ਲਈ ਬਨਾਉਣਾ ਚਾਹੇ ਤਾਂ ਜੋ ਉਹ ਇਸਦੀ ਸੁਗੰਧ ਮਾਣ ਸੱਕੇ। ਪਰ ਜੇ ਉਹ ਅਜਿਹਾ ਕਰਦਾ ਹੈ ਤਾਂ ਉਸ ਨੂੰ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ।”
ਯਹੂਦੀ ਆਗੂਆਂ ਨੇ ਯਿਸੂ ਦੇ ਅਧਿਕਾਰ ਤੇ ਸ਼ੱਕ ਕੀਤਾ(A)
23 ਜਦੋਂ ਯਿਸੂ ਮੰਦਰ ਦੇ ਇਲਾਕੇ ਵਿੱਚ ਦਾਖਲ ਹੋਇਆ, ਅਤੇ ਜਦੋਂ ਉਹ ਉਪਦੇਸ਼ ਦੇ ਰਿਹਾ ਸੀ ਤਾਂ ਪ੍ਰਧਾਨ ਜਾਜਕ ਅਤੇ ਲੋਕਾਂ ਦੇ ਬਜ਼ੁਰਗ ਉਸ ਪਾਸੇ ਆਏ ਅਤੇ ਕਹਿਣ ਲੱਗੇ “ਇਹ ਸਭ ਤੂੰ ਕਿਸ ਅਧਿਕਾਰ ਨਾਲ ਕਰਦਾ ਹੈ? ਇਹ ਅਧਿਕਾਰ ਤੈਨੂੰ ਕਿਸਨੇ ਦਿੱਤਾ?”
24 ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਮੈਂ ਵੀ ਤੁਹਾਨੂੰ ਇੱਕ ਸਵਾਲ ਪੁੱਛਦਾ ਹਾਂ। ਜੇਕਰ ਤੁਸੀਂ ਮੈਨੂੰ ਉੱਤਰ ਦੇਵੋ ਮੈਂ ਵੀ ਤੁਹਾਨੂੰ ਦੱਸਾਂਗਾ ਕਿ ਕਿਸ ਅਧਿਕਾਰ ਨਾਲ ਮੈਂ ਇਹ ਸਭ ਗੱਲਾਂ ਕਰਦਾ ਹਾਂ। 25 ਯੂਹੰਨਾ ਦਾ ਬਪਤਿਸਮਾ ਕੀ ਇਹ ਪਰਮੇਸ਼ੁਰ ਵੱਲੋਂ ਆਇਆ ਜਾਂ ਮਨੁੱਖਾਂ ਵੱਲੋਂ?”
ਉਨ੍ਹਾਂ ਨੇ ਆਪਸ ਵਿੱਚ ਵਿੱਚਾਰ ਕੀਤਾ, ਜੇ ਅਸੀਂ ਕਹੀਏ “ਯੂਹੰਨਾ ਦਾ ਬਪਤਿਸਮਾ ਸਵਰਗ ਵੱਲੋਂ ਸੀ” ਤਾਂ ਉਹ ਸਾਨੂੰ ਆਖੇਗਾ ਕਿ ਫ਼ੇਰ ਤੁਸੀਂ ਉਸਤੇ ਭਰੋਸਾ ਕਿਉਂ ਨਾ ਕੀਤਾ? 26 ਪਰ ਜੇਕਰ ਅਸੀਂ ਆਖੀਏ, ‘ਇਹ ਲੋਕਾਂ ਵੱਲੋਂ ਸੀ’, ਤਾਂ ਸਾਰੇ ਲੋਕ ਸਾਡੇ ਨਾਲ ਗੁੱਸੇ ਹੋਣਗੇ। ਕਿਉਂਕਿ ਇਹ ਸਭ ਯੂਹੰਨਾ ਨੂੰ ਨਬੀ ਸਮਝਦੇ ਹਨ।”
27 ਸੋ ਉਨ੍ਹਾਂ ਨੇ ਯਿਸੂ ਨੂੰ ਉੱਤਰ ਦਿੱਤਾ, “ਅਸੀਂ ਨਹੀਂ ਜਾਣਦੇ ਕਿ ਯੂਹੰਨਾ ਨੂੰ ਬਪਤਿਸਮਾ ਦੇਣ ਦੀ ਸ਼ਕਤੀ, ਕਿੱਥੋਂ ਆਈ।”
ਤਾਂ ਫ਼ਿਰ ਯਿਸੂ ਨੇ ਆਖਿਆ, “ਤਾਂ ਮੈਂ ਵੀ ਤੁਹਾਨੂੰ ਨਹੀਂ ਦੱਸਾਂਗਾ ਕਿ ਇਹ ਸਭ ਗੱਲਾਂ ਮੈਂ ਕਿਸ ਅਧਿਕਾਰ ਨਾਲ ਕਰ ਰਿਹਾ ਹਾਂ।
ਯਿਸੂ ਦੋ ਪੁੱਤਰਾਂ ਦੀ ਦ੍ਰਿਸ਼ਟਾਂਤ ਸੁਨਾਉਂਦਾ
28 “ਮੈਨੂੰ ਦੱਸੋ ਕਿ ਤੁਸੀਂ ਕੀ ਸੋਚਦੇ ਹੋ? ਇੱਕ ਮਨੁੱਖ ਦੇ ਦੋ ਪੁੱਤਰ ਸਨ ਅਤੇ ਉਹ ਪਹਿਲੇ ਦੇ ਕੋਲ ਆਕੇ ਬੋਲਿਆ, ‘ਪੁੱਤਰ, ਜਾ! ਅੱਜ ਅੰਗੂਰ ਦੇ ਬਾਗ ਵਿੱਚ ਕੰਮ ਕਰ।’
29 “ਉਸਨੇ ਉੱਤਰ ਦਿੱਤਾ, ‘ਮੈਂ ਨਹੀਂ ਜਾਵਾਂਗਾ’, ਪੁੱਤਰ ਬਾਦ ਵਿੱਚ, ਉਸ ਨੇ ਆਪਣਾ ਮਨ ਬਦਲਿਆ ਅਤੇ ਚੱਲਿਆ ਗਿਆ।
30 “ਫ਼ੇਰ ਪਿਤਾ ਦੂਜੇ ਪੁੱਤਰ ਕੋਲ ਗਿਆ ਅਤੇ ਉਸ ਨੂੰ ਵੀ ਉਹੀ ਗੱਲ ਕਹੀ। ਉਸ ਨੇ ਉੱਤਰ ਦਿੱਤਾ, ‘ਹਾਂ ਜੀ, ਮੈਂ ਜਾਵਾਂਗਾ।’ ਪਰ ਉਹ ਨਾ ਗਿਆ।
31 “ਸੋ ਦੋਹਾਂ ਵਿੱਚੋਂ ਕਿਸਨੇ ਪਿਤਾ ਦੀ ਮਰਜ਼ੀ ਪੂਰੀ ਕੀਤੀ?”
ਉਨ੍ਹਾਂ ਆਖਿਆ, “ਪਹਿਲੇ ਨੇ।”
ਯਿਸੂ ਨੇ ਉਨ੍ਹਾਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਮਸੂਲੀਏ ਅਤੇ ਕੰਜਰੀਆਂ ਤੁਹਾਡੇ ਨਾਲੋਂ ਪਹਿਲਾਂ ਪਰਮੇਸ਼ੁਰ ਦੇ ਰਾਜ ਵਿੱਚ ਜਾਂਦੇ ਹਨ। 32 ਕਿਉਂਕਿ ਯੂਹੰਨਾ ਤੁਹਾਨੂੰ ਜਿਉਣ ਦਾ ਸਹੀ ਢੰਗ ਸਿੱਖਾਉਣ ਲਈ ਆਇਆ ਪਰ ਤੁਸੀਂ ਉਸਦੀ ਪਰਤੀਤ ਨਾ ਕੀਤੀ ਸਗੋਂ ਮਸੂਲੀਆਂ ਅਤੇ ਕੰਜਰੀਆਂ ਨੇ ਉਸਦੀ ਪਰਤੀਤ ਕੀਤੀ। ਪਰ ਤੁਸੀਂ ਇਹ ਵੇਖਕੇ ਪਿੱਛੋਂ ਵੀ ਆਪਣੇ ਜੀਵਨ ਨਹੀਂ ਬਦਲੇ ਅਤੇ ਨਾ ਹੀ ਉਸ ਉੱਤੇ ਵਿਸ਼ਵਾਸ ਕੀਤਾ।
ਪਰਮੇਸ਼ੁਰ ਆਪਣਾ ਪੁੱਤਰ ਭੇਜਦਾ ਹੈ(B)
33 “ਇੱਕ ਹੋਰ ਦ੍ਰਿਸ਼ਟਾਂਤ ਸੁਣੋ: ਇੱਕ ਜ਼ਿਮੀਦਾਰ ਸੀ। ਉਸ ਨੇ ਇੱਕ ਅੰਗੂਰਾਂ ਦਾ ਬਾਗ ਲਾਇਆ। ਉਸ ਨੇ ਖੇਤ ਦੇ ਚੁਫ਼ੇਰੇ ਵਾੜ ਕਰ ਦਿੱਤੀ ਅਤੇ ਉਸ ਨੇ ਰਸ ਵਾਸਤੇ ਇੱਕ ਚੁਬੱਚਾ ਕੱਢਿਆ। ਫ਼ਿਰ ਉਸ ਆਦਮੀ ਨੇ ਉੱਥੇ ਇੱਕ ਬੁਰਜ ਉਸਾਰਿਆ ਅਤੇ ਉਸ ਨੂੰ ਕਿਸਾਨਾਂ ਦੇ ਹੱਥ ਸੌਂਪਕੇ ਖੁਦ ਪਰਦੇਸ ਚੱਲਿਆ ਗਿਆ। 34 ਜਦੋਂ ਫ਼ਲਾਂ ਦੀ ਰੁੱਤ ਨੇੜੇ ਆਈ ਤਾਂ ਉਸ ਨੇ ਆਪਣੇ ਨੋਕਰ ਕਿਸਾਨਾਂ ਦੇ ਕੋਲ ਆਪਣੇ ਅੰਗੂਰਾਂ ਦਾ ਹਿੱਸਾ ਲੈਣ ਲਈ ਭੇਜੇ।
35 “ਪਰ ਕਿਸਾਨਾਂ ਨੇ ਉਨ੍ਹਾਂ ਨੂੰ ਫ਼ੜ ਲਿਆ ਅਤੇ ਇੱਕ ਨੂੰ ਕੁਟਿਆ ਦੂਜੇ ਨੂੰ ਮਾਰ ਦਿੱਤਾ ਅਤੇ ਤੀਜੇ ਨੋਕਰ ਨੂੰ ਪੱਥਰਾਂ ਨਾਲ ਮਾਰ ਦਿੱਤਾ। 36 ਫ਼ੇਰ ਮਾਲਕ ਨੇ ਪਹਿਲੀ ਵਾਰ ਨਾਲੋਂ ਵੱਧ ਨੋਕਰ ਕਿਸਾਨਾਂ ਕੋਲ ਭੇਜੇ ਪਰ ਕਿਸਾਨਾਂ ਨੇ ਉਨ੍ਹਾਂ ਨਾਲ ਵੀ ਉਸੇ ਤਰ੍ਹਾਂ ਹੀ ਕੀਤਾ। 37 ਅਖੀਰ ਵਿੱਚ ਮਾਲਕ ਨੇ ਆਪਣੇ ਪੁੱਤਰ ਨੂੰ ਉਨ੍ਹਾਂ ਦੇ ਕੋਲ ਇਹ ਸੋਚਕੇ ਭੇਜਿਆ ਕਿ ‘ਉਹ ਮੇਰੇ ਪੁੱਤਰ ਦਾ ਆਦਰ ਕਰਨਗੇ।’
38 “ਪਰ ਜਦੋਂ ਕਿਸਾਨਾਂ ਨੇ ਉਸ ਦੇ ਪੁੱਤਰ ਨੂੰ ਵੇਖਿਆ ਤਾਂ ਆਪਸ ਵਿੱਚ ਸੋਚਿਆ, ‘ਵਾਰਸ ਇਹੋ ਹੈ। ਅਸੀਂ ਇਸ ਨੂੰ ਮਾਰ ਦੇਈਏ ਅਤੇ ਉਸ ਦੇ ਵਿਰਸੇ ਤੇ ਕਬਜ਼ਾ ਕਰ ਲਈਏ।’ 39 ਤਾਂ ਉਨ੍ਹਾਂ ਨੇ ਪੁੱਤਰ ਨੂੰ ਫ਼ੜ ਲਿਆ ਅਤੇ ਬਾਗ ਵਿੱਚੋਂ ਬਾਹਰ ਕੱਢ ਉਸ ਨੂੰ ਮਾਰ ਦਿੱਤਾ।
40 “ਤਾਂ ਜਦੋਂ ਖੇਤ ਦਾ ਮਾਲਕ ਆਵੇਗਾ, ਉਹ ਉਨ੍ਹਾਂ ਕਿਸਾਨਾਂ ਨਾਲ ਕੀ ਕਰੇਗਾ?”
41 ਉਨ੍ਹਾਂ ਨੇ ਉਸ ਨੂੰ ਆਖਿਆ, “ਉਹ ਉਨ੍ਹਾਂ ਦੁਸ਼ਟ ਲੋਕਾਂ ਨੂੰ ਕਸ਼ਟ ਦਾਇੱਕ ਮੌਤ ਦੇਵੇਗਾ ਅਤੇ ਖੇਤ ਹੋਰਨਾਂ ਕਿਸਾਨਾਂ ਦੇ ਹੱਥ ਸੌਂਪ ਦੇਵੇਗਾ ਜੋ ਉਸ ਨੂੰ ਵਾਢੀ ਦੇ ਸਮੇਂ ਉਸਦਾ ਹਿੱਸਾ ਦੇਣਗੇ।”
42 ਯਿਸੂ ਨੇ ਉਨ੍ਹਾਂ ਨੂੰ ਆਖਿਆ, “ਭਲਾ ਤੁਸੀਂ ਪੋਥੀਆਂ ਵਿੱਚ ਕਦੇ ਨਹੀਂ ਪੜ੍ਹਿਆ:
‘ਜਿਹੜਾ ਪੱਥਰ ਰਾਜਾਂ ਦੁਆਰਾ ਨਾਮੰਜ਼ੂਰ ਕੀਤਾ ਗਿਆ
ਸੀ ਖੂੰਜੇ ਦਾ ਸਿਰਾ ਹੋ ਗਿਆ।
ਪ੍ਰਭੂ ਨੇ ਇਸ ਨੂੰ ਵਾਪਰਨ ਦਿੱਤਾ
ਅਤੇ ਸਾਡੇ ਲਈ ਇਹ ਅਚੰਭਾ ਹੈ।’ (C)
43 “ਇਸ ਕਰਕੇ ਮੈਂ ਤੁਹਾਨੂੰ ਆਖਦਾ ਹਾਂ ਕਿ ਪਰਮੇਸ਼ੁਰ ਦਾ ਰਾਜ ਤੁਹਾਡੇ ਕੋਲੋਂ ਖੋਹਿਆ ਜਾਵੇਗਾ ਅਤੇ ਇਹ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਵੇਗਾ ਜਿਹੜੇ ਉਹੀ ਗੱਲਾਂ ਕਰਨਗੇ ਜੋ ਪਰਮੇਸ਼ੁਰ ਆਪਣੇ ਰਾਜ ਵਿੱਚ ਚਾਹੁੰਦਾ ਹੈ। 44 ਜੇਕਰ ਕੋਈ ਉਸ ਪੱਥਰ ਉੱਤੇ ਡਿੱਗੇਗਾ, ਉਹ ਚੂਰ-ਚੂਰ ਹੋ ਜਾਵੇਗਾ। ਜੇਕਰ ਪੱਥਰ ਕਿਸੇ ਉੱਪਰ ਡਿੱਗੇਗਾ, ਤਾਂ ਉਹ ਵਿਅਕਤੀ ਵੀ ਪੱਥਰ ਦੁਆਰਾ ਕੁਚੱਲਿਆ ਜਾਵੇਗਾ।”
45 ਜਦੋਂ ਪ੍ਰਧਾਨ ਜਾਜਕਾਂ ਅਤੇ ਫ਼ਰੀਸੀਆਂ ਨੇ ਯਿਸੂ ਦੇ ਆਖੇ ਦ੍ਰਿਸ਼ਟਾਂਤ ਸੁਣੇ, ਤਾਂ ਉਹ ਜਾਣ ਗਏ ਕਿ ਉਹ ਉਨ੍ਹਾਂ ਬਾਰੇ ਹੀ ਗੱਲਾਂ ਕਰ ਰਿਹਾ ਸੀ। 46 ਉਹ ਉਸ ਨੂੰ ਗਿਰਫ਼ਤਾਰ ਕਰਨ ਦਾ ਕੋਈ ਉਪਾਅ ਕਰਨਾ ਚਾਹੁੰਦੇ ਸਨ, ਪਰ ਉਹ ਲੋਕਾਂ ਤੋਂ ਡਰਦੇ ਸਨ ਕਿਉਂਕਿ ਉਹ ਉਸ ਨੂੰ ਨਬੀਂ ਮੰਨਦੇ ਸਨ।
2010 by World Bible Translation Center