Print Page Options
Previous Prev Day Next DayNext

Old/New Testament

Each day includes a passage from both the Old Testament and New Testament.
Duration: 365 days
Punjabi Bible: Easy-to-Read Version (ERV-PA)
Version
ਲੇਵੀਆਂ ਦੀ ਪੋਥੀ 1-3

ਸਵੈਇੱਛਤ ਬਲੀਆਂ ਅਤੇ ਭੇਟਾਂ

ਯਹੋਵਾਹ ਪਰਮੇਸ਼ੁਰ ਨੇ ਮੂਸਾ ਨੂੰ ਬੁਲਾਇਆ ਅਤੇ ਮੰਡਲੀ ਵਾਲੇ ਤੰਬੂ ਵਿੱਚੋਂ ਉਸ ਨਾਲ ਗੱਲ ਕੀਤੀ। ਯਹੋਵਾਹ ਨੇ ਆਖਿਆ, “ਇਸਰਾਏਲ ਦੇ ਲੋਕਾਂ ਨੂੰ ਆਖ; ਜਦੋਂ ਤੁਸੀਂ ਯਹੋਵਾਹ ਲਈ ਕੋਈ ਭੇਟ ਲੈ ਕੇ ਆਵੋਂ, ਇਹ ਭੇਟ ਤੁਹਾਡੇ ਪਾਲਤੂ ਪਸ਼ੂਆਂ ਵਿੱਚੋਂ ਇੱਕ ਹੋਣੀ ਚਾਹੀਦੀ ਹੈ-ਇਹ ਗਾਂ ਵੀ ਹੋ ਸੱਕਦੀ ਹੈ, ਭੇਡ ਵੀ ਤੇ ਬੱਕਰੀ ਵੀ।

“ਜਦੋਂ ਕੋਈ ਬੰਦਾ ਆਪਣੀਆਂ ਗਾਵਾਂ ਵਿੱਚੋਂ ਕਿਸੇ ਇੱਕ ਨੂੰ ਹੋਮ ਦੀ ਭੇਟ ਵਜੋਂ ਪੇਸ਼ ਕਰਦਾ ਹੈ, ਉਹ ਪਸ਼ੂ ਬੇਨੁਕਸ ਨਰ ਹੋਣਾ ਚਾਹੀਦਾ ਹੈ। ਉਸ ਬੰਦੇ ਨੂੰ ਉਸ ਜਾਨਵਰ ਨੂੰ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਤੇ ਲਿਆਉਣਾ ਚਾਹੀਦਾ ਹੈ। ਤਾਂ ਜੋ ਯਹੋਵਾਹ ਉਸ ਭੇਟ ਨੂੰ ਪ੍ਰਵਾਨ ਕਰੇਗਾ। ਉਸ ਨੂੰ ਆਪਣੇ ਹੱਥ ਉਸ ਜਾਨਵਰ ਉੱਪਰ ਰੱਖਣੇ ਚਾਹੀਦੇ ਹਨ। ਯਹੋਵਾਹ ਉਸ ਹੋਮ ਦੀ ਭੇਟ ਨੂੰ ਉਸ ਵਿਅਕਤੀ ਦੇ ਪਰਾਸਚਿਤ ਵਜੋਂ ਕਬੂਲ ਕਰੇਗਾ।

“ਉਸ ਬੰਦੇ ਨੂੰ ਬਲਦ ਨੂੰ ਯਹੋਵਾਹ ਦੇ ਸਾਹਮਣੇ ਮਾਰਨਾ ਚਾਹੀਦਾ। ਫ਼ੇਰ ਹਾਰੂਨ ਦੇ ਪੁੱਤਰਾਂ, ਜਾਜਕਾ ਨੂੰ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਦੇ ਨੇੜੇ ਜਗਵੇਦੀ ਉੱਤੇ ਖੂਨ ਲੈ ਕੇ ਆਉਣਾ ਚਾਹੀਦਾ ਹੈ, ਅਤੇ ਇਸ ਨੂੰ ਸਾਰੀ ਜਗਵੇਦੀ ਉੱਤੇ ਡੋਲ੍ਹਣਾ ਚਾਹੀਦਾ ਹੈ। ਜਾਜਕ ਨੂੰ ਜਾਨਵਰ ਦੀ ਖੱਲ ਲਾਹ ਲੈਣੀ ਚਾਹੀਦੀ ਹੈ ਅਤੇ ਜਾਨਵਰ ਨੂੰ ਟੁਕੜਿਆਂ ਵਿੱਚ ਕੱਟ ਦੇਣਾ ਚਾਹੀਦਾ ਹੈ। ਹਾਰੂਨ ਦੇ ਪੁੱਤਰਾਂ, ਜਾਜਕਾਂ ਨੂੰ ਚਾਹੀਦਾ ਹੈ ਕਿ ਉਹ ਜਗਵੇਦੀ ਉੱਤੇ ਅੱਗ ਬਾਲਣ ਅਤੇ ਫ਼ੇਰ ਅੱਗ ਉੱਤੇ ਲੱਕੜਾਂ ਚਿਣਨ। ਹਾਰੂਨ ਦੇ ਪੁੱਤਰਾਂ, ਜਾਜਕਾਂ ਨੂੰ ਚਾਹੀਦਾ ਹੈ ਕਿ ਉਹ ਜਗਵੇਦੀ ਉੱਪਰ ਬਲਦੀ ਹੋਈ ਲੱਕੜੀ ਉੱਤੇ ਟੁਕੜੇ (ਸਿਰੀ ਅਤੇ ਚਰਬੀ) ਰੱਖ ਦੇਣ। ਜਾਜਕਾਂ ਨੂੰ ਚਾਹੀਦਾ ਹੈ ਕਿ ਜਾਨਵਰ ਦੀਆਂ ਲੱਤਾਂ ਅਤੇ ਉਸ ਦੇ ਅੰਦਰਲੇ ਹਿਸਿਆਂ ਨੂੰ ਪਾਣੀ ਨਾਲ ਧੋ ਲਵੇ। ਫ਼ੇਰ ਜਾਜਕ ਨੂੰ ਜਾਨਵਰ ਦੇ ਸਾਰੇ ਅੰਗ ਭੇਟ ਕਰ ਦੇਣੇ ਚਾਹੀਦੇ ਹਨ ਉਸ ਨੂੰ ਚਾਹੀਦਾ ਹੈ ਕਿ ਜਾਨਵਰ ਦੇ ਸਾਰੇ ਹਿਸਿਆਂ ਨੂੰ ਜਗਵੇਦੀ ਉੱਤੇ ਸਾੜ ਦੇਵੇ। ਇਹ ਹੋਮ ਦੀ ਭੇਟਾ ਹੈ, ਅੱਗ ਨਾਲ ਦਿੱਤੀ ਹੋਈ ਆਹੂਤੀ। ਇਸਦੀ ਸੁਗੰਧ ਯਹੋਵਾਹ ਨੂੰ ਪ੍ਰਸੰਨ ਕਰਦੀ ਹੈ।

10 “ਜਦੋਂ ਕੋਈ ਬੰਦਾ ਭੇਡ ਜਾਂ ਬੱਕਰੀ ਨੂੰ ਹੋਮ ਦੀ ਭੇਟ ਵਜੋਂ ਚੜ੍ਹਾਉਂਦਾ ਹੈ, ਤਾਂ ਉਹ ਜਾਨਵਰ ਬੇਨੁਕਸ ਨਰ ਹੋਣਾ ਚਾਹੀਦਾ ਹੈ। 11 ਉਸ ਨੂੰ ਜਗਵੇਦੀ ਦੇ ਉੱਤਰ ਵਾਲੇ ਪਾਸੇ ਯਹੋਵਾਹ ਦੇ ਸਾਹਮਣੇ ਉਸ ਜਾਨਵਰ ਨੂੰ ਮਾਰਨਾ ਚਾਹੀਦਾ ਹੈ। ਫ਼ੇਰ ਹਾਰੂਨ ਦੇ ਪੁੱਤਰਾਂ, ਜਾਜਕਾਂ ਨੂੰ ਖੂਨ, ਸਾਰੀ ਜਗਵੇਦੀ ਉੱਤੇ ਡੋਲ੍ਹਣਾ ਚਾਹੀਦਾ ਹੈ। 12 ਫ਼ੇਰ ਜਾਜਕਾਂ ਨੂੰ ਜਾਨਵਰ ਦੇ ਟੁਕੜੇ ਕਰ ਦੇਣੇ ਚਾਹੀਦੇ ਹਨ। ਜਾਜਕਾਂ ਨੂੰ ਚਾਹੀਦਾ ਹੈ ਕਿ ਉਹ ਟੁਕੜਿਆਂ (ਸਿਰੀ ਅਤੇ ਚਰਬੀ) ਨੂੰ ਜਗਵੇਦੀ ਉੱਤੇ ਬਲਦੀ ਹੋਈ ਲੱਕੜ ਉੱਤੇ ਰੱਖ ਦੇਵੇ। 13 ਜਾਜਕਾਂ ਨੂੰ ਜਾਨਵਰ ਦੀਆਂ ਲੱਤਾਂ ਅਤੇ ਉਸ ਦੇ ਅੰਦਰੂਨੀ ਹਿਸਿਆਂ ਨੂੰ ਪਾਣੀ ਨਾਲ ਧੋ ਲੈਣਾ ਚਾਹੀਦਾ ਹੈ। ਫ਼ੇਰ ਜਾਜਕ ਨੂੰ ਜਾਨਵਰ ਦੇ ਸਾਰੇ ਅੰਗ ਭੇਟ ਕਰ ਦੇਣੇ ਚਾਹੀਦੇ ਹਨ। ਉਸ ਨੂੰ ਜਗਵੇਦੀ ਉੱਤੇ ਜਾਨਵਰ ਨੂੰ ਸਾੜ ਦੇਣਾ ਚਾਹੀਦਾ ਹੈ। ਇਹ ਹੋਮ ਦੀ ਭੇਟਾ ਹੈ, ਅੱਗ ਨਾਲ ਦਿੱਤੀ ਹੋਈ ਬਲੀ ਇਸਦੀ ਸੁਗੰਧ ਯਹੋਵਾਹ ਨੂੰ ਪ੍ਰਸੰਨ ਕਰਦੀ ਹੈ।

14 “ਜਦੋਂ ਕੋਈ ਵਿਅਕਤੀ ਯਹੋਵਾਹ ਨੂੰ ਹੋਮ ਦੀ ਭੇਟ ਵਜੋਂ ਇੱਕ ਪੰਛੀ ਨੂੰ ਚੜ੍ਹਾਉਂਦਾ ਹੈ, ਤਾਂ ਉਹ ਪੰਛੀ ਇੱਕ ਘੁੱਗੀ ਜਾਂ ਛੋਟਾ ਕਬੂਤਰ ਹੋਣਾ ਚਾਹੀਦਾ ਹੈ। 15 ਜਾਜਕ ਨੂੰ ਭੇਟ ਜਗਵੇਦੀ ਦੇ ਕੋਲ ਲਿਆਉਣੀ ਚਾਹੀਦੀ ਹੈ। ਉਸ ਨੂੰ ਪੰਛੀ ਦਾ ਸਿਰ ਉਖਾੜ ਦੇਣਾ ਚਾਹੀਦਾ ਅਤੇ ਇਸ ਨੂੰ ਜਗਵੇਦੀ ਉੱਤੇ ਸਾੜ ਦੇਣਾ ਚਾਹੀਦਾ ਹੈ। ਪੰਛੀ ਦੇ ਖੂਨ ਨੂੰ ਜਗਵੇਦੀ ਦੇ ਇੱਕ ਪਾਸੇ ਉੱਤੇ ਡੋਲ੍ਹ ਦੇਣਾ ਚਾਹੀਦਾ ਹੈ। 16 ਉਸ ਪੰਛੀ ਦੇ ਗਲ ਦੀ ਥੈਲੀ ਅਤੇ ਖੰਭਾਂ ਨੂੰ ਕੱਢ ਦੇਣਾ ਚਾਹੀਦਾ ਹੈ ਅਤੇ ਇਨ੍ਹਾਂ ਨੂੰ ਜਗਵੇਦੀ ਦੇ ਪੂਰਬ ਵਾਲੇ ਪਾਸੇ ਸੁੱਟ ਦੇਣਾ ਚਾਹੀਦਾ, ਜਿੱਥੇ ਉਹ ਜਗਵੇਦੀ ਤੋਂ ਰਾਖ ਪਾਉਂਦੇ ਹਨ। 17 ਫ਼ੇਰ ਉਸ ਪੰਛੀ ਨੂੰ ਇਸ ਦੇ ਪਰਾਂ ਤੋਂ ਫ਼ੜਕੇ ਪਾੜ ਦੇਣ ਚਾਹੀਦਾ ਹੈ, ਪਰ ਉਸ ਨੂੰ ਪੰਛੀ ਨੂੰ ਦੋ ਹਿਸਿਆਂ ਵਿੱਚ ਨਹੀਂ ਵੰਡਣਾ ਚਾਹੀਦਾ। ਉਸ ਨੂੰ ਪੰਛੀ ਨੂੰ ਜਗਵੇਦੀ ਉੱਤੇ ਬਲਦੀ ਹੋਈ ਲੱਕੜ ਤੇ ਸਾੜ ਦੇਣਾ ਚਾਹੀਦਾ। ਇਹ ਹੋਮ ਦੀ ਭੇਟ ਹੈ। ਅੱਗ ਦੁਆਰਾ ਚੜ੍ਹਾਇਆ ਗਿਆ ਚੜ੍ਹਾਵਾ ਅਤੇ ਇਸਦੀ ਸੁਗੰਧ ਯਹੋਵਾਹ ਨੂੰ ਪ੍ਰਸੰਨ ਕਰਦੀ ਹੈ।

ਅਨਾਜ ਦੀਆਂ ਭੇਟਾਂ

“ਜਦੋਂ ਕੋਈ ਬੰਦਾ ਯਹੋਵਾਹ ਪਰਮੇਸ਼ੁਰ ਨੂੰ ਅਨਾਜ ਦੀ ਭੇਟ ਦਿੰਦਾ ਹੈ, ਉਸਦੀ ਭੇਟ ਮੈਦੇ ਦੀ ਹੋਣੀ ਚਾਹੀਦੀ ਹੈ। ਉਸ ਨੂੰ ਮੈਦੇ ਉੱਤੇ ਤੇਲ ਚੋਣਾ ਚਾਹੀਦਾ ਹੈ ਅਤੇ ਇਸ ਉੱਤੇ ਲੋਬਾਨ ਵੀ ਪਾਉਣਾ ਚਾਹੀਦਾ ਹੈ। ਫ਼ੇਰ ਉਸ ਨੂੰ ਇਹ ਹਾਰੂਨ ਦੇ ਪੁੱਤਰਾਂ, ਜਾਜਕਾਂ ਕੋਲ ਲੈ ਕੇ ਆਉਣਾ ਚਾਹੀਦਾ ਹੈ। ਉਸ ਨੂੰ, ਤੇਲ ਵਿੱਚ ਮਿਲੇ ਹੋਏ ਮੈਦੇ ਦੀ ਇੱਕ ਮੁੱਠ ਲੈਣੀ ਚਾਹੀਦੀ ਹੈ ਅਤੇ ਇਸ ਵਿੱਚ ਲੋਬਾਨ ਹੋਣਾ ਚਾਹੀਦਾ ਹੈ ਅਤੇ ਇਹ ਯਾਦਗਾਰੀ ਭੇਟ ਜਗਵੇਦੀ ਉੱਤੇ ਸਾੜ ਦੇਣੀ ਚਾਹੀਦੀ ਹੈ। ਇਹ ਅੱਗ ਦੁਆਰਾ ਦਿੱਤੀ ਹੋਈ ਭੇਟ ਹੈ, ਅਤੇ ਇਸਦੀ ਸੁਗੰਧ ਯਹੋਵਾਹ ਨੂੰ ਪ੍ਰਸੰਨ ਕਰਦੀ ਹੈ। ਬਚੀ ਹੋਈ ਅਨਾਜ ਦੀ ਭੇਟ ਹਾਰੂਨ ਅਤੇ ਉਸ ਦੇ ਪੁੱਤਰਾਂ ਦੀ ਹੋਵੇਗੀ। ਯਹੋਵਾਹ ਅੱਗੇ ਚੜ੍ਹਾਈ ਗਈ ਇਹ ਅੱਗ ਦੀ ਭੇਂਟ ਬਹੁਤ ਪਵਿੱਤਰ ਹੈ।

ਪੱਕੇ ਹੋਏ ਅਨਾਜ ਦੀਆਂ ਭੇਟਾਂ

“ਜਦੋਂ ਕੋਈ ਬੰਦਾ ਅਜਿਹੀ ਭੇਟ ਚੜ੍ਹਾਉਂਦਾ ਜਿਸ ਨੂੰ ਚੁੱਲ੍ਹੇ ਵਿੱਚ ਪਕਾਇਆ ਗਿਆ ਹੋਵੇ, ਇਹ ਮੈਦੇ ਨਾਲ ਤੇਲ ਵਿੱਚ ਬਣੀ ਹੋਈ ਪਤੀਰੀ ਰੋਟੀ ਜਾਂ ਤੇਲ ਨਾਲ ਚੋਪੜੀਆਂ ਹੋਈਆਂ ਬੇਖਮੀਰੀਆਂ ਮੱਠੀਆਂ ਹੋਣਿਆਂ ਚਾਹੀਦੀਆਂ ਹਨ। ਜੇ ਤੁਸੀਂ ਤਵੇ ਉੱਤੇ ਭੁੰਨੇ ਹੋਏ ਅਨਾਜ ਦੀ ਭੇਟ ਨੂੰ ਲੈ ਕੇ ਆਉਂਦੇ ਹੋ ਤਾਂ ਇਹ ਤੇਲ ਵਿੱਚ ਮਿਲੇ ਹੋਏ ਬੇਖਮੀਰੇ ਮੈਦੇ ਦੀ ਹੋਣੀ ਚਾਹੀਦੀ ਹੈ। ਤੁਹਾਨੂੰ ਚਾਹੀਦਾ ਹੈ ਕਿ ਇਸਦੇ ਟੁਕੜੇ ਕਰ ਲਵੋ ਅਤੇ ਇਨ੍ਹਾਂ ਉੱਪਰ ਤੇਲ ਪਾਉ। ਇਹ ਅਨਾਜ ਦੀ ਭੇਟ ਹੈ। ਜੇ ਤੁਸੀਂ ਕੜਾਹੀ ਵਿੱਚ ਪੱਕੇ ਹੋਏ ਅਨਾਜ ਦੀ ਭੇਟ ਲੈ ਕੇ ਆਉਂਦੇ ਹੋ ਤਾਂ ਇਹ ਤੇਲ ਵਿੱਚ ਗੁੰਨ੍ਹੇ ਮੈਦੇ ਦਾ ਹੋਣਾ ਚਾਹੀਦਾ ਹੈ।

“ਤੁਹਾਨੂੰ ਯਹੋਵਾਹ ਅੱਗੇ ਇਨ੍ਹਾਂ ਚੀਜ਼ਾਂ ਤੋਂ ਬਣੀ ਹੋਈ ਅਨਾਜ ਦੀ ਭੇਟ ਲੈ ਕੇ ਆਉਣੀ ਚਾਹੀਦੀ ਹੈ। ਤੁਹਾਨੂੰ ਉਹ ਚੀਜ਼ਾਂ ਜਾਜਕ ਕੋਲ ਲੈ ਕੇ ਆਉਣੀਆਂ ਚਾਹੀਦੀਆਂ ਹਨ, ਅਤੇ ਉਹ ਉਨ੍ਹਾਂ ਨੂੰ ਜਗਵੇਦੀ ਕੋਲ ਲਿਆਵੇਗਾ। ਫ਼ੇਰ ਜਾਜਕ ਅਨਾਜ ਦੀ ਭੇਟ ਦਾ ਇੱਕ ਹਿੱਸਾ ਲਵੇਗਾ ਅਤੇ ਇਸ ਯਾਦਗਾਰੀ ਹਿੱਸੇ ਨੂੰ ਜਗਵੇਦੀ ਉੱਤੇ ਸਾੜੇਗਾ। ਇਹ ਅੱਗ ਦੁਆਰਾ ਚੜ੍ਹਾਈ ਗਈ ਭੇਟ ਹੈ ਅਤੇ ਇਸਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰਦੀ ਹੈ। 10 ਬਾਕੀ ਬਚੇ ਅਨਾਜ ਦੀ ਭੇਟ ਹਾਰੂਨ ਅਤੇ ਉਸ ਦੇ ਪੁੱਤਰਾਂ ਦੀ ਹੈ। ਯਹੋਵਾਹ ਨੂੰ ਅੱਗ ਦੁਆਰਾ ਚੜ੍ਹਾਈ ਗਈ ਭੇਟ ਦਾ ਇਹ ਹਿੱਸਾ ਅੱਤ ਪਵਿੱਤਰ ਹੈ।

11 “ਤੁਹਾਨੂੰ ਕੋਈ ਵੀ ਅਜਿਹੀ ਅਨਾਜ ਦੀ ਭੇਟ ਯਹੋਵਾਹ ਨੂੰ ਨਹੀਂ ਚੜ੍ਹਾਉਣੀ ਚਾਹੀਦੀ ਜਿਸ ਵਿੱਚ ਖਮੀਰ ਹੋਵੇ ਅਤੇ ਤੁਹਾਨੂੰ ਸ਼ਹਿਦ ਜਾਂ ਖਮੀਰ ਨੂੰ ਯਹੋਵਾਹ ਨੂੰ ਅੱਗ ਦੁਆਰਾ ਦਿੱਤੇ ਗਏ ਚੜ੍ਹਾਵੇ ਵਜੋਂ ਨਹੀਂ ਸਾੜਨਾ ਚਾਹੀਦਾ। 12 ਤੁਸੀਂ ਸ਼ਹਿਦ ਅਤੇ ਖਮੀਰ ਨੂੰ ਯਹੋਵਾਹ ਲਈ ਪਹਿਲੀ ਵਾਢੀ ਦੀ ਭੇਟ ਵਜੋਂ ਲਿਆ ਸੱਕਦੇ ਹੋਂ ਪਰ ਕਦੇ ਯਹੋਵਾਹ ਨੂੰ ਪ੍ਰਸੰਨ ਕਰਨ ਵਾਲੀ ਸੁਗੰਧੀ ਵਜੋਂ ਕਦੇ ਵੀ ਖਮੀਰ ਅਤੇ ਸ਼ਹਿਦ ਨੂੰ ਜਗਵੇਦੀ ਉੱਤੇ ਨਾ ਸਾੜੋ। 13 ਜਿਹੜੀ ਵੀ ਅਨਾਜ ਦੀ ਭੇਟ ਤੁਸੀਂ ਲੈ ਕੇ ਆਵੋਂ ਉਸ ਉੱਤੇ ਨਮਕ ਵੀ ਜ਼ਰੂਰ ਰੱਖੋ। ਤੁਹਾਨੂੰ ਆਪਣੇ ਅਨਾਜ ਦੀ ਭੇਟ ਵਿੱਚੋਂ ਕਦੇ ਵੀ ਪਰਮੇਸ਼ੁਰ ਦੇ ਇਕਰਾਰਨਾਮੇ ਦਾ ਨਮਕ ਖਾਰਜ ਨਹੀਂ ਕਰਨਾ ਚਾਹੀਦਾ। ਤੁਹਾਨੂੰ ਆਪਣੇ ਸਾਰੇ ਚੜ੍ਹਾਵਿਆਂ ਨਾਲ ਨਮਕ ਲੈ ਕੇ ਆਉਣ ਚਾਹੀਦਾ ਹੈ।

ਪਹਿਲੀ ਉਪਜ ਦੇ ਅਨਾਜ ਦੀ ਭੇਟ

14 “ਜਦੋਂ ਤੁਸੀਂ ਯਹੋਵਾਹ ਵਾਸਤੇ ਪਹਿਲੀ ਫ਼ਸਲ ਦੇ ਅਨਾਜ ਦੀ ਭੇਟ ਲੈ ਕੇ ਆਵੋ, ਤਾਂ ਤੁਹਾਨੂੰ ਅਨਾਜ ਦੀਆਂ ਭੁੰਨੀਆਂ ਹੋਈਆਂ ਬਾਲੀਆਂ ਲੈ ਕੇ ਆਉਣੀਆਂ ਚਾਹੀਦੀਆਂ ਹਨ। ਇਹ ਤਾਜੇ ਅਨਾਜ ਦੇ ਕੁੱਟੇ ਹੋਏ ਦਾਣੇ ਹੋਣੇ ਚਾਹੀਦੇ ਹਨ। ਇਹ ਤੁਹਾਡੀ ਪਹਿਲੀ ਫ਼ਸਲ ਦੇ ਅਨਾਜ ਦੀ ਭੇਟ ਹੋਵੇਗੀ। 15 ਤੁਹਾਨੂੰ ਇਸ ਵਿੱਚ ਤੇਲ ਅਤੇ ਲੋਬਾਨ ਵੀ ਪਾਉਣਾ ਚਾਹੀਦਾ ਹੈ। ਇਹ ਅਨਾਜ ਦੀ ਭੇਟ ਹੈ। 16 ਜਾਜਕ ਨੂੰ ਇਸ ਕੁੱਟੇ ਹੋਏ ਅਨਾਜ ਦੇ ਇੱਕ ਹਿੱਸੇ, ਇਸ ਉੱਤੇ ਪਾਏ ਹੋਏ ਤੇਲ ਅਤੇ ਸਾਰੇ ਲੋਬਾਨ ਨੂੰ ਯਾਦਗਾਰੀ ਭੇਟ ਵਜੋਂ ਸਾੜਨਾ ਚਾਹੀਦਾ ਹੈ। ਇਹ ਯਹੋਵਾਹ ਨੂੰ ਅੱਗ ਦੁਆਰਾ ਦਿੱਤਾ ਗਿਆ ਚੜ੍ਹਾਵਾ ਹੈ।

ਸੁੱਖ ਸਾਂਦ ਦੀਆਂ ਭੇਟਾਂ

“ਜਦੋਂ ਕੋਈ ਬੰਦਾ ਸੁੱਖ-ਸਾਂਦ ਦੀ ਭੇਟ ਵਜੋਂ ਬਲੀ ਚੜ੍ਹਾਉਂਦਾ, ਉਹ ਯਹੋਵਾਹ ਅੱਗੇ ਇੱਕ ਬੇਨੁਕਸ ਬਲਦ ਨੂੰ ਜਾਂ ਇੱਕ ਗਾਂ ਨੂੰ ਚੜ੍ਹਾ ਸੱਕਦਾ ਹੈ। ਉਸ ਨੂੰ ਜਾਨਵਰ ਦੇ ਸਿਰ ਤੇ ਆਪਣਾ ਹੱਥ ਰੱਖਣਾ ਚਾਹੀਦਾ ਹੈ ਅਤੇ ਇਸ ਨੂੰ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਤੇ ਜ਼ਿਬਾਹ ਕਰਨਾ ਚਾਹੀਦਾ। ਫ਼ੇਰ ਹਰੂਨ ਦੇ ਪੁੱਤਰਾਂ, ਜਾਜਕਾਂ ਨੂੰ ਜਗਵੇਦੀ ਦੇ ਸਾਰੀ ਪਾਸੀਂ ਖੂਨ ਡੋਲ੍ਹਣਾ ਚਾਹੀਦਾ ਹੈ। ਸੁੱਖ-ਸਾਂਦ ਦੀਆਂ ਭੇਟਾਂ ਵਿੱਚੋਂ, ਉਸ ਨੂੰ ਯਹੋਵਾਹ ਲਈ ਅੱਗ ਦੁਆਰਾ ਚੜ੍ਹਾਈ ਗਈ ਇੱਕ ਬਲੀ ਲਿਆਉਣੀ ਚਾਹੀਦੀ ਹੈ। ਇਸ ਵਿੱਚ ਸਾਰੀ ਚਰਬੀ ਜੋ ਜਾਨਵਰ ਦੇ ਅੰਦਰਲੇ ਅੰਗਾਂ ਦੇ ਅੰਦਰ ਅਤੇ ਆਸੀਂ-ਪਾਸੀਂ ਹੈ, ਹੋਣੀ ਚਾਹੀਦੀ ਹੈ। ਜਾਜਕ ਨੂੰ ਦੋਵੇਂ ਗੁਰਦੇ ਅਤੇ ਉਨ੍ਹਾਂ ਉੱਤੇ ਚੜ੍ਹੀ ਹੋਈ ਪੁਠ ਦੇ ਨੇੜੇ ਦੀ ਚਰਬੀ ਚੜ੍ਹਾਵੇ। ਉਸ ਨੂੰ ਕਲੇਜੀ ਦੀ ਚਰਬੀ ਵਾਲਾ ਹਿੱਸਾ ਵੀ ਅਰਪਨ ਕਰਨਾ ਚਾਹੀਦਾ ਹੈ। ਉਸ ਨੂੰ ਚਾਹੀਦਾ ਹੈ ਕਿ ਇਸ ਨੂੰ ਗੁਰਦਿਆਂ ਸਮੇਤ ਲਾਹ ਲਵੇ। ਫ਼ੇਰ ਹਾਰੂਨ ਦੇ ਪੁੱਤਰ ਚਰਬੀ ਨੂੰ ਅੱਗ ਉੱਤੇ ਸਾੜਨਗੇ। ਉਹ ਇਸ ਨੂੰ ਹੋਮ ਦੀ ਭੇਟ ਉੱਤੇ ਰੱਖ ਦੇਣਗੇ ਜਿਹੜੀ ਬਲਦੀ ਹੋਈ ਲੱਕੜ ਉੱਤੇ ਹੈ। ਇਹ ਅੱਗ ਦੁਆਰਾ ਦਿੱਤੀ ਗਈ ਭੇਟ ਹੈ ਅਤੇ ਇਸਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰਦੀ ਹੈ।

“ਜਦੋਂ ਕੋਈ ਬੰਦਾ ਯਹੋਵਾਹ ਨੂੰ ਸੁੱਖ-ਸਾਂਦ ਦੀ ਭੇਟ ਵਜੋਂ, ਇੱਜੜ ਵਿੱਚੋਂ ਕੋਈ ਜਾਨਵਰ ਚੜ੍ਹਾਉਂਦਾ ਹੈ ਤਾਂ ਜਾਨਵਰ, ਬੇਨੁਕਸ ਨਰ ਜਾਂ ਮਾਦਾ ਹੋ ਸੱਕਦਾ ਹੈ। ਜੇ ਉਹ ਕਿਸੇ ਲੇਲੇ ਨੂੰ ਭੇਟ ਵਜੋਂ ਲਿਆਉਂਦਾ ਹੈ, ਤਾਂ ਉਸ ਨੂੰ ਇਹ ਯਹੋਵਾਹ ਦੇ ਸਾਹਮਣੇ ਲੈ ਕੇ ਆਉਣਾ ਚਾਹੀਦਾ ਹੈ। ਉਸ ਨੂੰ ਆਪਣਾ ਹੱਥ ਜਾਨਵਰ ਦੇ ਸਿਰ ਉੱਤੇ ਰੱਖਣਾ ਚਾਹੀਦਾ ਹੈ ਅਤੇ ਜਾਨਵਰ ਨੂੰ ਮੰਡਲੀ ਵਾਲੇ ਤੰਬੂ ਦੇ ਸਾਹਮਣੇ ਜ਼ਿਬਾਹ ਕਰਨਾ ਚਾਹੀਦਾ ਹੈ। ਫ਼ੇਰ ਹਾਰੂਨ ਦੇ ਪੁੱਤਰਾਂ ਨੂੰ ਜਾਨਵਰ ਦਾ ਖੂਨ ਜਗਵੇਦੀ ਉੱਤੇ ਸਾਰੇ ਪਾਸੇ ਛਿੜਕਨਾ ਚਾਹੀਦਾ ਹੈ। ਉਸ ਨੂੰ ਸੁੱਖ-ਸਾਂਦ ਦੀ ਭੇਟ ਦਾ ਇੱਕ ਹਿੱਸਾ ਯਹੋਵਾਹ ਨੂੰ ਅੱਗ ਦੁਆਰਾ ਦਿੱਤੇ ਗਏ ਚੜ੍ਹਾਵੇ, ਵਜੋਂ ਚੜ੍ਹਾਉਣਾ ਚਾਹੀਦਾ ਹੈ। ਉਸ ਨੂੰ ਚਰਬੀ, ਸਾਰੀ ਪੂਛ ਅਤੇ ਜਿਹੜੀ ਚਰਬੀ ਜਾਨਵਰ ਦੇ ਅੰਦਰ ਅਤੇ ਅੰਦਰਲੇ ਅੰਗਾਂ ਦੇ ਆਲੇ-ਦੁਆਲੇ ਹੋਵੇ, ਚੜ੍ਹਾਉਣੀ ਚਾਹੀਦੀ ਹੈ। (ਉਸ ਨੂੰ ਰੀਢ਼ ਦੀ ਹੱਡੀ ਦੇ ਨੇੜਿਉਂ ਪੂਛ ਕੱਟ ਦੇਣੀ ਚਾਹੀਦੀ ਹੈ।) 10 ਉਸ ਨੂੰ ਦੋਵੇਂ ਗੁਰਦੇ ਅਤੇ ਉਨ੍ਹਾਂ ਉਤਲੀ ਪੁਠ ਦੇ ਹੇਠਲੇ ਹਿੱਸੇ ਨੇੜੇ ਦੀ ਚਰਬੀ, ਕਲੇਜੀ ਦਾ ਚਰਬੀ ਵਾਲਾ ਹਿੱਸਾ ਵੀ ਭੇਟ ਕਰਨਾ ਚਾਹੀਦਾ ਜਿਸ ਨੂੰ ਉਹ ਗੁਰਦਿਆਂ ਦੇ ਨਾਲ ਲਾਹ ਲੈਂਦਾ ਹੈ। 11 ਜਾਜਕ ਨੂੰ ਇਨ੍ਹਾਂ ਨੂੰ ਅੱਗ ਉੱਤੇ ਸਾੜਨਾ ਚਾਹੀਦਾ ਹੈ। ਇਹ ਅੱਗ ਦੁਆਰਾ ਯਹੋਵਾਹ ਨੂੰ ਭੋਜਨ ਦੀ ਭੇਟ ਹੈ।

12 “ਜੇ ਭੇਟ ਬੱਕਰੀ (ਨਰ ਜਾਂ ਮਾਦਾ) ਦੀ ਹੋਵੇ, ਉਹ ਬੰਦਾ ਇਸ ਨੂੰ ਯਹੋਵਾਹ ਦੇ ਸਾਹਮਣੇ ਲੈ ਕੇ ਆਵੇ। 13 ਉਸ ਬੰਦੇ ਨੂੰ ਚਾਹੀਦਾ ਹੈ ਕਿ ਬੱਕਰੇ ਦੇ ਸਿਰ ਉੱਤੇ ਹੱਥ ਰੱਖੇ ਅਤੇ ਇਸ ਨੂੰ ਮੰਡਲੀ ਵਾਲੇ ਤੰਬੂ ਦੇ ਸਾਹਮਣੇ ਜ਼ਿਬਾਹ ਕਰੇ। ਫ਼ੇਰ ਹਰੂਨ ਦੇ ਪੁੱਤਰ ਨੂੰ ਬੱਕਰੇ ਦਾ ਖੂਨ ਜਗਵੇਦੀ ਉੱਤੇ ਅਤੇ ਇਸਦੇ ਆਸੇ-ਪਾਸੇ ਛਿੜਕਨਾ ਚਾਹੀਦਾ ਹੈ। 14 ਉਸ ਬੰਦੇ ਨੂੰ ਸੁੱਖ-ਸਾਂਦ ਦੀ ਭੇਟ ਦਾ ਇੱਕ ਹਿੱਸਾ ਯਹੋਵਾਹ ਨੂੰ ਅੱਗ ਦੁਆਰਾ ਦਿੱਤੀ ਗਈ ਭੇਟ ਵਜੋਂ ਚੜ੍ਹਾਉਣਾ ਚਾਹੀਦਾ ਹੈ। ਉਸ ਨੂੰ ਪਸ਼ੂ ਦੇ ਅੰਦਰਲੇ ਅੰਗਾਂ ਨੂੰ ਢੱਕਦੀ ਹੋਈ ਚਰਬੀ ਨੂੰ ਭੇਟ ਕਰਨਾ ਚਾਹੀਦਾ ਹੈ। 15 ਬੰਦੇ ਨੂੰ ਦੋਵੇ ਗੁਰਦੇ ਅਤੇ ਪੁਠ ਦੇ ਹੇਠਲੇ ਹਿੱਸੇ ਦੀ ਚਰਬੀ ਭੇਟ ਕਰਨੀ ਚਾਹੀਦੀ ਹੈ। ਉਸ ਨੂੰ ਕਲੇਜੀ ਦਾ ਚਰਬੀ ਵਾਲਾ ਹਿੱਸਾ ਵੀ ਅਰਪਨ ਕਰਨਾ ਚਾਹੀਦਾ ਹੈ। ਉਸ ਨੂੰ ਚਾਹੀਦਾ ਹੈ ਕਿ ਇਸ ਨੂੰ ਗੁਰਦਿਆਂ ਦੇ ਨਾਲ ਹੀ ਲਾਹ ਲਵੇ। 16 ਫ਼ੇਰ ਜਾਜਕ ਨੂੰ ਇਨ੍ਹਾਂ ਨੂੰ ਜਗਵੇਦੀ ਉੱਤੇ ਸਾੜਨਾ ਚਾਹੀਦਾ ਹੈ। ਇਹ ਅੱਗ ਦੁਆਰਾ ਭੋਜਨ ਦੀ ਭੇਟ ਹੈ ਅਤੇ ਇਸਦੀ ਸੁਗੰਧ ਯਹੋਵਾਹ ਨੂੰ ਪ੍ਰਸੰਨ ਕਰਦੀ ਹੈ। ਸਾਰੀ ਚਰਬੀ ਯਹੋਵਾਹ ਦੀ ਹੈ। 17 ਇਹ ਅਸੂਲ ਤੁਹਾਡੀਆਂ ਸਾਰੀਆਂ ਪੀੜ੍ਹੀਆਂ ਤੱਕ ਹਮੇਸ਼ਾ ਜਾਰੀ ਰਹੇਗਾ। ਜਿੱਥੇ ਕਿਤੇ ਵੀ ਤੁਸੀਂ ਰਹਿੰਦੇ ਹੋਵੋ, ਤੁਹਾਨੂੰ ਕਦੇ ਵੀ ਚਰਬੀ ਜਾਂ ਖੂਨ ਨਹੀਂ ਖਾਣਾ ਚਾਹੀਦਾ।”

ਮੱਤੀ 24:1-28

ਮੰਦਰ ਦਾ ਭਵਿੱਖ ਵਿੱਚ ਹੋਣ ਵਾਲਾ ਨੁਕਸਾਨ(A)

24 ਯਿਸੂ ਮੰਦਰ ਤੋਂ ਬਾਹਰ ਨਿਕਲ ਕੇ ਜਾ ਰਿਹਾ ਸੀ ਕਿ ਉਸ ਦੇ ਚੇਲੇ ਉਸ ਨੂੰ ਮੰਦਰ ਦੀਆਂ ਇਮਾਰਤਾਂ ਤੇ ਮੰਦਰ ਵਿਖਾਉਣ ਲਈ ਆਏ। ਯਿਸੂ ਨੇ ਚੇਲਿਆਂ ਨੂੰ ਆਖਿਆ, “ਤੁਸੀਂ ਵੇਖਣਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਇਸ ਸਥਾਨ ਦੀ ਹਰ ਇਮਾਰਤ ਨਸ਼ਟ ਹੋ ਜਾਵੇਗੀ, ਇਸ ਜਗ੍ਹਾ ਦਾ ਹਰ ਪੱਥਰ ਧਰਤੀ ਉੱਪਰ ਡਿੱਗੇਗਾ।”

ਬਾਦ ਵਿੱਚ, ਜਦੋਂ ਯਿਸੂ ਜੈਤੂਨ ਦੇ ਪਹਾੜ ਤੇ ਬੈਠਾ ਹੋਇਆ ਸੀ, ਉਸ ਦੇ ਚੇਲੇ ਇੱਕਾਂਤ ਵਿੱਚ ਉਸ ਕੋਲ ਆਏ ਅਤੇ ਪੁੱਛਿਆ, “ਸਾਨੂੰ ਦੱਸੋ, ਇਹ ਗੱਲਾਂ ਕਦੋਂ ਵਾਪਰਨਗੀਆਂ ਅਤੇ ਤੁਹਾਡੇ ਆਉਣ ਦਾ ਅਤੇ ਜੁਗ ਦੇ ਅੰਤ ਦਾ ਕੀ ਨਿਸ਼ਾਨ ਹੋਵੇਗਾ?ֹ”

ਯਿਸੂ ਨੇ ਆਖਿਆ, “ਸਾਵੱਧਾਨ ਰਹਿਣਾ ਕਿਸੇ ਕੋਲੋਂ ਵੀ ਧੋਖਾ ਨਾ ਖਾਣਾ। ਕਿਉਂਕਿ ਬਹੁਤ ਲੋਕ ਮੇਰੇ ਨਾਂ ਤੇ ਆਉਣਗੇ ਅਤੇ ਆਖਣਗੇ, ‘ਮੈਂ ਮਸੀਹਾ ਹਾਂ।’ ਤੇ ਉਹ ਬਹੁਤ ਲੋਕਾਂ ਨੂੰ ਗੁਮਰਾਹ ਕਰਨਗੇ। ਤੁਸੀਂ ਲੜੀਆਂ ਜਾਣ ਵਾਲੀਆਂ ਲੜਾਈਆਂ ਬਾਰੇ ਵੀ ਸੁਣੋਂਗੇ। ਤੁਸੀਂ ਉਨ੍ਹਾਂ ਲੜਾਈਆਂ ਦੇ ਸ਼ੁਰੂ ਹੋਣ ਦੀਆਂ ਅਫ਼ਵਾਹਾਂ ਸੁਣੋਂਗੇ। ਪਰ ਤੁਸੀਂ ਡਰਨਾ ਨਹੀਂ ਕਿਉਂਕਿ ਇਹ ਸਭ ਗੱਲਾਂ ਵਾਪਰਨੀਆਂ ਚਾਹੀਦੀਆਂ ਹਨ। ਪਰ ਹਾਲੇ ਇਹ ਅੰਤ ਨਹੀਂ। ਇੱਕ ਕੌਮ ਦੂਜੀ ਕੌਮ ਉੱਪਰ ਹੀ ਇੱਕ ਪਾਤਸ਼ਾਹੀ ਦੂਜੀ ਉੱਪਰ ਚੜ੍ਹਾਈ ਕਰੇਗੀ। ਬਹੁਤ ਥਾਵਾਂ ਉੱਤੇ ਅਕਾਲ ਪੈਣਗੇ ਅਤੇ ਭੂਚਾਲ ਆਉਣਗੇ। ਇਹ ਸਭ ਗੱਲਾਂ ਔਰਤ ਦੀ ਗਰਭ ਅਵਸਥਾ ਦੀਆਂ ਪੀੜਾਂ ਵਾਂਗ ਹੋਣਗੀਆਂ, ਜਦੋਂ ਉਹ ਇੱਕ ਬੱਚੇ ਨੂੰ ਜਨਮ ਦੇ ਰਹੀ ਹੁੰਦੀ ਹੈ।

“ਫ਼ਿਰ ਲੋਕ ਤੁਹਾਨੂੰ ਸ਼ਾਸਕਾਂ ਹੱਥੀਂ ਦੇਣਗੇ ਅਤੇ ਮਾਰੇ ਜਾਣ ਲਈ ਫ਼ੜਾ ਦੇਣਗੇ। ਸਭ ਲੋਕ ਤੁਹਾਨੂੰ ਨਫ਼ਰਤ ਕਰਨਗੇ। ਇਹ ਸਭ ਗੱਲਾਂ ਤੁਹਾਡੇ ਨਾਲ ਇਸ ਲਈ ਵਾਪਰਨਗੀਆਂ ਕਿਉਂਕਿ ਤੁਸੀਂ ਮੇਰੇ ਵਿੱਚ ਵਿਸ਼ਵਾਸ ਰੱਖਦੇ ਹੋ। 10 ਉਸ ਵਕਤ ਬਹੁਤ ਸਾਰੇ ਨਿਹਚਾਵਾਨ ਆਪਣਾ ਵਿਸ਼ਵਾਸ ਗੁਆ ਬੈਠਣਗੇ ਅਤੇ ਉਹ ਇੱਕ ਦੂਜੇ ਦੇ ਵਿਰੋਧ ਵਿੱਚ ਉੱਠ ਖੜੋਣਗੇ ਤੇ ਆਪਣੇ ਵਿੱਚ ਨਫ਼ਰਤਾਂ ਪਾਲ ਬੈਠਣਾਗੇ। 11 ਬਹੁਤ ਸਾਰੇ ਝੂਠੇ ਨਬੀ ਆਉਣਗੇ ਅਤੇ ਬਹੁਤ ਲੋਕਾਂ ਨੂੰ ਗਲਤ ਰਾਹ ਪਾ ਦੇਣਗੇ। 12 ਦੁਨੀਆਂ ਵਿੱਚ ਦੁਸ਼ਟਤਾ ਵੱਧ ਜਾਵੇਗੀ। ਇਸ ਲਈ ਬਹੁਤ ਸਾਰੇ ਸ਼ਰਧਾਲੂਆਂ ਦਾ ਪਿਆਰ ਠੰਡਾ ਪੈ ਜਾਵੇਗਾ। 13 ਪਰ ਜਿਹੜਾ ਅੰਤ ਤੀਕ ਸਹੇਗਾ ਉਹੀ ਬਚਾਇਆ ਜਾਵੇਗਾ। 14 ਅਤੇ ਪਰਮੇਸ਼ੁਰ ਦੇ ਰਾਜ ਬਾਰੇ ਇਹ ਖੁਸ਼ਖਬਰੀ ਸਾਰੀ ਦੁਨੀਆਂ ਵਿੱਚ ਫ਼ੈਲਾਈ ਜਾਵੇਗੀ। ਹਰ ਇੱਕ ਕੌਮ ਨੂੰ ਇਸ ਬਾਰੇ ਦੱਸਿਆ ਜਾਵੇਗਾ ਉਸ ਤੋਂ ਮਗਰੋਂ ਅੰਤ ਆਵੇਗਾ।

15 “ਦਾਨੀਏਲ ਨਬੀ ਨੇ ਉਸ ਘਿਨਾਉਣੀ ਦਿਲ ਕੰਬਾਊ ਵਸਤ ਬਾਰੇ ਆਖਿਆ ਹੈ ‘ਜਿਸ ਨਾਲ ਭਾਰੀ ਨੁਕਸਾਨ ਹੋਣਾ ਹੈ।’ [a] ਤੁਸੀਂ ਉਹ ਭਿਆਨਕ ਵਸਤ ਪਵਿੱਤਰ ਸਥਾਨ ਵਿੱਚ ਖੜੀ ਵੇਖੋਂਗੇ।” (ਤੁਹਾਡੇ ਵਿੱਚ ਜਿਨ੍ਹਾਂ ਨੇ ਇਸ ਬਾਰੇ ਪੜ੍ਹਿਆ ਹੈ ਉਹ ਸਮਝਦੇ ਹਨ ਕਿ ਇਸਦਾ ਕੀ ਅਰਥ ਹੈ।) 16 “ਉਸ ਵਕਤ ਜਿਹੜੇ ਲੋਕ ਯਹੂਦਿਯਾ ਵਿੱਚ ਹੋਣ ਉਹ ਪਹਾੜੀਆਂ ਨੂੰ ਭੱਜ ਜਾਣ। 17 ਲੋਕਾਂ ਨੂੰ ਉਸ ਵਕਤ ਬਿਨਾ ਆਪਣਾ ਵਕਤ ਜਾਇਆ ਕੀਤਿਆਂ ਉੱਥੇ ਜਾਣਾ ਚਾਹੀਦਾ ਹੈ। ਜੇਕਰ ਕੋਈ ਮਨੁੱਖ ਆਪਣੇ ਘਰ ਦੀ ਛੱਤ ਉੱਤੇ ਹੈ, ਤਾਂ ਉਸ ਨੂੰ ਘਰ ਵਿੱਚੋਂ ਆਪਣੀਆਂ ਚੀਜ਼ਾਂ ਲੈਣ ਵਾਸਤੇ ਹੇਠਾਂ ਨਹੀਂ ਆਉਣਾ ਚਾਹੀਦਾ। 18 ਜੇਕਰ ਕੋਈ ਮਨੁੱਖ ਖੇਤ ਵਿੱਚ ਹੈ ਤਾਂ ਉਸ ਨੂੰ ਆਪਣਾ ਚੋਲਾ ਲੈਣ ਵਾਸਤੇ ਵਾਪਿਸ ਨਹੀਂ ਆਉਣਾ ਚਾਹੀਦਾ।

19 “ਇਹ ਵਕਤ ਉਨ੍ਹਾਂ ਔਰਤਾਂ ਵਾਸਤੇ ਬੜਾ ਖਰਾਬ ਹੋਵੇਗਾ ਜਿਹੜੀਆਂ ਗਰਭਵਤੀਆਂ ਹੋਣਗੀਆਂ ਜਾਂ ਜਿਨ੍ਹਾਂ ਦੇ ਬੱਚੇ ਦੁੱਧ ਚੁੰਘਦੇ ਹੋਣਗੇ। 20 ਪਰ ਤੁਸੀਂ ਪ੍ਰਾਰਥਨਾ ਕਰੋ ਕਿ ਤੁਹਾਡੀ ਭਾਜ ਸਰਦੀਆਂ ਵਿੱਚ ਜਾਂ ਸਬਤ ਦੇ ਦਿਨ ਨਾ ਹੋਵੇ। 21 ਕਿਉਂਕਿ, ਉਸ ਸਮੇਂ ਬਹੁਤ ਵੱਡੀ ਮੁਸੀਬਤ ਹੋਵੇਗੀ। ਅਜਿਹੀ ਮੁਸੀਬਤ ਸੰਸਾਰ ਦੇ ਆਦਿ ਤੋਂ ਲੈ ਕੇ ਹੁਣ ਤੱਕ ਕਦੀ ਨਹੀਂ ਵਾਪਰੀ ਅਤੇ ਨਾ ਹੀ ਇਹ ਫ਼ੇਰ ਕਦੇ ਵਾਪਰੇਗੀ।

22 “ਪਰਮੇਸ਼ੁਰ ਨੇ ਉਹ ਮੁਸੀਬਤਾਂ ਦੇ ਦਿਨ ਘਟਾਉਣ ਦਾ ਫ਼ੈਸਲਾ ਕੀਤਾ ਹੈ। ਜੇਕਰ ਉਸ ਨੇ ਅਜਿਹਾ ਨਾ ਕੀਤਾ, ਤਾਂ ਕੋਈ ਜਿਉਂਦਾ ਨਹੀਂ ਰਹੇਗਾ। ਪਰ ਪਰਮੇਸ਼ੁਰ ਨੇ ਉਹ ਸਮਾਂ ਆਪਣੇ ਚੁਣੇ ਹੋਏ ਲੋਕਾਂ ਦੀ ਭਲਾਈ ਲਈ ਘਟਾ ਦਿੱਤਾ ਹੈ।

23 “ਉਸ ਵਕਤ ਜੇਕਰ ਤੁਹਾਨੂੰ ਕੋਈ ਆਖੇ ਕਿ ਵੇਖੋ ਮਸੀਹ ਇੱਥੇ ਹੈ, ਤੇ ਕੋਈ ਕਹੇ ਕਿ ਵੇਖੋ ਉਹ ਇੱਥੇ ਹੈ, ਤਾਂ ਤੁਸੀਂ ਉਨ੍ਹਾਂ ਦਾ ਵਿਸ਼ਵਾਸ ਨਾ ਕਰਨਾ। 24 ਕਿਉਂਕਿ ਝੂਠੇ ਮਸੀਹ ਅਤੇ ਝੂਠੇ ਨਬੀ ਉੱਠਣਗੇ ਅਤੇ ਕਈ ਤਰ੍ਹਾਂ ਦੇ ਅਚਰਜ ਨਿਸ਼ਾਨ ਅਤੇ ਅਦਭੁਤ ਕਰਾਮਾਤਾਂ ਵਿਖਾਉਣਗੇ ਕਿ ਉਹ ਪਰਮੇਸ਼ੁਰ ਵੱਲੋਂ ਚੁਣਿਆ ਹੋਇਆਂ ਨੂੰ ਵੀ ਭੁਲੇਵੇ ਵਿੱਚ ਪਾ ਸੱਕਣ। ਉਹ ਇਹ ਗੱਲਾਂ, ਜੇਕਰ ਸੰਭਵ ਹੋਇਆ ਤਾਂ, ਪਰਮੇਸ਼ੁਰ ਦੇ ਚੁਣੇ ਹੋਏ ਲੋਕਾਂ ਨੂੰ ਗੁਮਰਾਹ ਕਰਨ ਲਈ ਵੀ ਕਰਨਗੇ। 25 ਹੁਣ ਮੈਂ ਤੁਹਾਨੂੰ ਇਹ ਸਭ ਕੁਝ ਵਾਪਰਨ ਤੋਂ ਪਹਿਲਾਂ ਹੀ ਦੱਸ ਦਿੱਤਾ ਹੈ।

26 “ਕੁਝ ਲੋਕ ਤੁਹਾਨੂੰ ਜੇਕਰ ਇਹ ਕਹਿਣ ਕਿ ਮਸੀਹ ਥਲਾਂ ਵਿੱਚ ਹੈ। ਤਾਂ ਤੁਸੀਂ ਉਨ੍ਹਾਂ ਦੇ ਕਹੇ ਉਜਾੜ ਵਿੱਚ ਮਸੀਹ ਨੂੰ ਲੱਭਣ ਨਾ ਚੱਲੇ ਜਾਣਾ। ਕੋਈ ਤੁਹਾਨੂੰ ਇਹ ਵੀ ਕਹਿ ਸੱਕਦਾ ਹੈ ਕਿ ਵੇਖੋ ਮਸੀਹ ਅੰਦਰਲੀ ਕੋਠੜੀ ਵਿੱਚ ਹੈ। ਪਰ ਤੁਸੀਂ ਉਸਤੇ ਵਿਸ਼ਵਾਸ ਨਾ ਕਰਿਓ। 27 ਕਿਉਂਕਿ ਜਿਸ ਤਰ੍ਹਾਂ ਬਿਜਲੀ ਚੜ੍ਹ੍ਹਦਿਉਂ ਚਮਕਾ ਮਾਰਕੇ ਲਹਿੰਦੇ ਤੀਕਰ ਦਿਸਦੀ ਹੈ ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦਾ ਆਉਣਾ ਹੋਵੇਗਾ। 28 ਜਦੋਂ ਤੁਸੀਂ ਗਿਰਝਾਂ ਨੂੰ ਇਕੱਠਿਆਂ ਹੁੰਦਿਆਂ ਦੇਖਦੇ ਹੋ ਤਾਂ ਤੁਸੀਂ ਜਾਣ ਜਾਂਦੇ ਹੋ ਇੱਥੇ ਕੋਈ ਮੁਰਦਾ ਹੈ। ਉਸੇ ਤਰ੍ਹਾਂ ਮੇਰਾ ਆਉਣਾ ਵੀ ਸਭ ਲਈ ਸਾਫ਼ ਹੋਵੇਗਾ।

Punjabi Bible: Easy-to-Read Version (ERV-PA)

2010 by World Bible Translation Center