Old/New Testament
ਹੋਮ ਦੀਆਂ ਭੇਟਾਂ ਚੜ੍ਹਾਉਣ ਲਈ ਜਗਵੇਦੀ
27 “ਸ਼ਿੱਟੀਮ ਦੀ ਲੱਕੜ ਦੀ ਵਰਤੋਂ ਕਰਕੇ ਇੱਕ ਜਗਵੇਦੀ ਬਣਾਉ। ਜਗਵੇਦੀ ਚੌਰਸ ਹੋਣੀ ਚਾਹੀਦੀ ਹੈ। ਇਹ ਪੰਜ ਕਿਊਬਿਟ ਲੰਮੀ, ਪੰਜ ਕਿਊਬਿਟ ਚੌੜੀ ਅਤੇ ਤਿੰਨ ਕਿਊਬਿਟ ਉੱਚੀ ਹੋਣੀ ਚਾਹੀਦੀ ਹੈ। 2 ਜਗਵੇਦੀ ਦੇ ਚੌਹਾਂ ਕੋਨਿਆਂ ਚੋਂ ਹਰੇਕ ਉੱਤੇ ਇੱਕ ਸਿੰਗ ਬਣਾਈ। ਇਸਦੇ ਸਿੰਗ ਉਸੇ ਪਦਾਰਥ ਦੇ ਬਣੇ ਹੋਣੇ ਚਾਹੀਦੇ ਹਨ ਜਿਸਤੋਂ ਜਗਵੇਦੀ ਬਣੀ ਹੈ। ਫ਼ੇਰ ਜਗਵੇਦੀ ਉੱਤੇ ਪਿੱਤਲ ਚੜ੍ਹਾਵੀਂ।
3 “ਜਗਵੇਦੀ ਉੱਤੇ ਵਰਤੇ ਜਾਣ ਵਾਲੇ ਸਾਰੇ ਸੰਦ ਅਤੇ ਪਲੇਟਾਂ ਪਿੱਤਲ ਦੀਆਂ ਬਣਾਈ। ਪਤੀਲੇ, ਕੜਛੇ, ਕੌਲੇ, ਚਿਮਟੇ ਅਤੇ ਤਸਲੇ ਬਣਾਈ। ਇਨ੍ਹਾਂ ਦੀ ਵਰਤੋਂ ਜਗਵੇਦੀ ਉੱਤੋਂ ਰਾਖ ਸਾਫ਼ ਕਰਨ ਲਈ ਕੀਤੀ ਜਾਵੇਗੀ। 4 ਜਗਵੇਦੀ ਲਈ ਜਾਲ ਦੀ ਸ਼ਕਲ ਦੀ ਇੱਕ ਕਾਂਸੀ ਦੀ ਜਾਲੀ ਬਣਾਵੀਂ। ਅਤੇ ਜਾਲੀ ਦੇ ਚੌਹਾਂ ਕੋਨਿਆਂ ਲਈ ਇੱਕ-ਇੱਕ ਕਾਂਸੀ ਦਾ ਕੜਾ ਬਣਾਵੀਂ। 5 ਜਾਲੀ ਨੂੰ ਜਗਵੇਦੀ ਦੇ ਹੇਠਾਂ ਕਰਕੇ ਥੜੇ ਉੱਤੇ ਟਿਕਾ ਦੇਵੀਂ। ਜਾਲੀ ਜਗਵੇਦੀ ਦੇ ਹੇਠਾਂ ਤੋਂ ਉੱਪਰ ਵੱਲ ਅੱਧ ਤੱਕ ਜਾਵੇਗੀ।
6 “ਜਗਵੇਦੀ ਲਈ ਸ਼ਿੱਟੀਮ ਦੀ ਲੱਕੜੀ ਦੀਆਂ ਚੋਬਾਂ ਬਣਾਈ ਅਤੇ ਉਨ੍ਹਾਂ ਉੱਤੇ ਪਿੱਤਲ ਮੜ੍ਹ ਦੇਵੀਂ। 7 ਜਗਵੇਦੀ ਦੇ ਦੋਹਾਂ ਪਾਸਿਆਂ ਉੱਤੇ ਲੱਗੇ ਕੜਿਆਂ ਵਿੱਚੋਂ ਚੋਬਾਂ ਨੂੰ ਗੁਜਾਰ ਦੇਵੀਂ। ਇਨ੍ਹਾਂ ਚੋਬਾਂ ਦੀ ਵਰਤੋਂ ਜਗਵੇਦੀ ਨੂੰ ਚੁੱਕਣ ਲਈ ਹੋਵੇਗੀ। 8 ਜਗਵੇਦੀ ਨੂੰ ਇੱਕ ਅਜਿਹੇ ਖਾਲੀ ਬਕਸੇ ਵਾਂਗ ਬਣਾਈ ਜਿਸਦੇ ਆਸੇ-ਪਾਸੇ ਫ਼ੱਟੀਆਂ ਲੱਗੀਆਂ ਹੋਣ। ਜਗਵੇਦੀ ਨੂੰ ਬਿਲਕੁਲ ਉਵੇਂ ਹੀ ਬਣਾਵੀਂ ਜਿਵੇਂ ਮੈਂ ਪਰਬਤ ਉੱਤੇ ਤੈਨੂੰ ਦਰਸਾਇਆ ਸੀ।
ਪਵਿੱਤਰ ਤੰਬੂ ਦੇ ਆਲੇ-ਦੁਆਲੇ ਦਾ ਵਿਹੜਾ
9 “ਪਵਿੱਤਰ ਤੰਬੂ ਲਈ ਇੱਕ ਵਿਹੜਾ ਬਣਾਈ। ਦੱਖਣ ਵਾਲੇ ਪਾਸੇ ਸੌ ਹੱਥ ਲੰਮੇ ਪਰਦਿਆਂ ਦੀ ਕੰਧ ਹੋਣੀ ਚਾਹੀਦੀ ਹੈ। ਇਹ ਪਰਦੇ ਮਹੀਨ ਲਿਨਨ ਦੇ ਬਣੇ ਹੋਣੇ ਚਾਹੀਦੇ ਹਨ। 10 ਵੀਹ ਚੋਬਾਂ ਅਤੇ ਉਨ੍ਹਾਂ ਚੋਬਾਂ ਦੇ ਹੇਠਾਂ ਪਿੱਤਲ ਦੀਆਂ ਵੀਹ ਚੀਥੀਆਂ ਵਰਤੀਂ। ਚੋਬਾਂ ਅਤੇ ਪਰਦਿਆਂ ਦੀਆਂ ਲੱਕੜਾਂ ਲਈ ਕੁੰਡਿਆਂ ਚਾਂਦੀ ਦੀਆਂ ਬਣੀਆਂ ਹੋਣੀਆਂ ਚਾਹੀਦੀਆਂ ਹਨ। 11 ਉਤਰ ਵਾਲੇ ਪਾਸੇ ਵੀ ਸੌ ਹੱਥ ਲੰਮੇ ਪਰਦਿਆਂ ਦੀ ਕੰਧ ਹੋਣੀ ਚਾਹੀਦੀ ਹੈ। ਇਸ ਦੀਆਂ ਵੀ ਵੀਹ ਚੋਬਾਂ ਅਤੇ ਵੀਹ ਪਿੱਤਲ ਦੀਆਂ ਚੀਥੀਆਂ ਹੋਣੀਆਂ ਚਾਹੀਦੀਆਂ ਹਨ। ਚੋਬਾਂ ਅਤੇ ਪਰਦਿਆਂ ਦੀ ਲੱਕੜ ਦੀਆਂ ਕੁਡੀਆਂ ਚਾਂਦੀ ਦੀਆਂ ਬਣੀਆਂ ਹੋਣੀਆਂ ਚਾਹੀਦੀਆਂ ਹਨ।
12 “ਵਿਹੜੇ ਦੇ ਪੱਛਮ ਵਾਲੇ ਪਾਸੇ 50 ਕਿਊਬਿਟ ਲੰਮੇ ਪਰਦਿਆਂ ਦੀ ਕੰਧ ਹੋਣੀ ਚਾਹੀਦੀ ਹੈ। ਇੱਥੇ 10 ਚੋਬਾਂ ਅਤੇ 10 ਚੀਥੀਆਂ ਹੋਣੀਆਂ ਚਾਹੀਦੀਆਂ ਹਨ। 13 ਵਿਹੜੇ ਦਾ ਪੂਰਬ ਵਾਲਾ ਪਾਸਾ ਵੀ 50 ਹੱਥ ਲੰਬਾ ਹੋਣਾ ਚਾਹੀਦਾ ਹੈ। 14 ਇਹ ਪੂਰਬ ਵਾਲਾ ਪਾਸਾ ਵਿਹੜੇ ਦਾ ਲਾਂਘਾ ਹੈ। ਲਾਂਘੇ ਦੇ ਇੱਕ ਪਾਸੇ 15 ਹੱਥ ਲੰਬੇ ਪਰਦੇ ਹੋਣੇ ਚਾਹੀਦੇ ਹਨ। ਇਸ ਪਾਸੇ ਉੱਤੇ ਤਿੰਨ ਚੋਬਾਂ ਅਤੇ ਤਿੰਨ ਚੀਥੀਆਂ ਹੋਣੀਆਂ ਚਾਹੀਦੀਆਂ ਹਨ। 15 ਦੂਸਰੇ ਪਾਸੇ ਵੀ 15 ਹੱਥ ਲੰਮੇ ਪਰਦੇ ਹੋਣੇ ਚਾਹੀਦੇ ਹਨ। ਇਸ ਪਾਸੇ ਉੱਤੇ ਵੀ ਤਿੰਨ ਚੋਬਾਂ ਅਤੇ ਤਿੰਨ ਚੀਥੀਆਂ ਹੋਣੀਆਂ ਚਾਹੀਦੀਆਂ ਹਨ।
16 “ਵਿਹੜੇ ਦੇ ਲਾਂਘੇ ਨੂੰ ਢੱਕਣ ਲਈ 20 ਹੱਥ ਲੰਮਾ ਪਰਦਾ ਬਣਾਈਂ। ਇਹ ਪਰਦਾ ਮਹੀਨ ਕੱਪੜੇ ਅਤੇ ਨੀਲੇ ਬੈਂਗਣੀ ਅਤੇ ਲਾਲ ਧਾਗੇ ਦਾ ਬਣਿਆ ਹੋਣਾ ਚਾਹੀਦਾ ਹੈ। ਉਸ ਪਰਦੇ ਉੱਤੇ ਕਸੀਦਾਕਾਰੀ ਕਰੀਂ। ਉਸ ਪਰਦੇ ਲਈ ਚਾਰ ਚੋਬਾਂ ਅਤੇ ਚਾਰ ਚੀਥੀਆਂ ਹੋਣੀਆਂ ਚਾਹੀਦੀਆਂ ਹਨ। 17 ਵਿਹੜੇ ਦੇ ਆਲੇ-ਦੁਆਲੇ ਦੀਆਂ ਸਾਰੀਆਂ ਚੋਬਾਂ ਪਰਦੇ ਦੀਆਂ ਲੱਕੜਾਂ ਚਾਂਦੀ ਨਾਲ ਜੁੜੀਆਂ ਹੋਣੀਆਂ ਚਾਹੀਦੀਆਂ ਹਨ। ਚੋਬਾਂ ਦੀਆਂ ਕੁੰਡੀਆਂ ਚਾਂਦੀ ਦੀਆਂ ਹੋਣੀਆਂ ਚਾਹੀਦੀਆਂ ਹਨ ਅਤੇ ਚੋਬਾਂ ਦੀਆਂ ਚੀਥੀਆਂ ਪਿੱਤਲ ਦੀਆਂ ਹੋਣੀਆਂ ਚਾਹੀਦੀਆਂ ਹਨ। 18 ਗੁੰਦੇ ਹੋਏ ਮਹੀਨ ਲਿਨਨ ਦੇ ਪੰਜ ਕਿਊਬਿਟ ਉੱਚੇ ਪਰਦਿਆਂ ਦੇ ਨਾਲ ਵਿਹੜਾ 100 ਕਿਊਬਿਟ ਲੰਮਾ ਅਤੇ 50 ਕਿਊਬਿਟ ਚੌੜਾ ਹੋਣਾ ਚਾਹੀਦਾ ਹੈ। ਚੋਬਾਂ ਦੇ ਹੇਠਾਂ ਚੀਥੀਆਂ ਪਿੱਤਲ ਦੀਆਂ ਬਣੀਆਂ ਹੋਣੀਆਂ ਚਾਹੀਦੀਆਂ ਹਨ। 19 ਪਵਿੱਤਰ ਤੰਬੂ ਵਿੱਚ ਵਰਤੇ ਜਾਣ ਵਾਲੇ ਸਾਰੇ ਔਜ਼ਾਰ ਕਿੱਲੀਆਂ ਅਤੇ ਹੋਰ ਸਾਜ਼-ਸਮਾਨ ਪਿੱਤਲ ਦਾ ਹੋਣਾ ਚਾਹੀਦਾ ਹੈ। ਵਿਹੜੇ ਦੇ ਆਲੇ-ਦੁਆਲੇ ਦੇ ਪਰਦਿਆਂ ਲਈ ਸਾਰੀਆਂ ਕਿੱਲੀਆਂ ਪਿੱਤਲ ਦੀਆਂ ਹੋਣੀਆਂ ਚਾਹੀਦੀਆਂ ਹਨ।
ਦੀਵੇ ਲਈ ਤੇਲ
20 “ਇਸਰਾਏਲ ਦੇ ਲੋਕਾਂ ਨੂੰ ਆਦੇਸ਼ ਦਿਉ ਕਿ ਉਹ ਰੌਸ਼ਨੀ ਲਈ ਦੀਵੇ ਨੂੰ ਹਮੇਸ਼ਾ ਬਲਦਾ ਰੱਖਣ ਲਈ ਸਭ ਤੋਂ ਵੱਧੀਆ ਜੈਤੂਨ ਦਾ ਤੇਲ ਲੈ ਕੇ ਆਉਣ। 21 ਹਾਰੂਨ ਅਤੇ ਉਸ ਦੇ ਪੁੱਤਰਾਂ ਦੇ ਜ਼ਿਂਮੇ ਦੀਵੇ ਦੀ ਦੇਖ-ਭਾਲ ਕਰਨ ਦਾ ਕੰਮ ਹੋਵੇਗਾ। ਉਹ ਮੰਡਲੀ ਵਾਲੇ ਤੰਬੂ ਦੇ ਪਹਿਲੇ ਕਮਰੇ ਵਿੱਚ ਜਾਣਗੇ। ਇਹ ਉਸ ਕਮਰੇ ਦੇ ਬਾਹਰ ਵਾਲਾ ਕਮਰਾ ਹੈ ਜਿਸਦੇ ਅੰਦਰ ਪਰਦੇ ਪਿੱਛੇ ਇਕਰਾਰਨਾਮਾ ਹੈ। (ਉਹ ਪਰਦਾ ਜਿਹੜਾ ਦੋਹਾਂ ਕਮਰਿਆਂ ਨੂੰ ਵੱਖ ਕਰਦਾ ਹੈ।) ਇਸ ਥਾਂ ਉੱਤੇ ਇਸ ਗੱਲ ਦਾ ਧਿਆਨ ਰੱਖਿਆ ਜਾਵੇਗਾ ਕਿ ਯਹੋਵਾਹ ਦੇ ਸਨਮੁੱਖ ਦੀਵਾ ਸ਼ਾਮ ਤੋਂ ਸਵੇਰ ਤੱਕ ਲਗਾਤਾਰ ਬਲਦਾ ਰਹੇ। ਇਸਰਾਏਲ ਦੇ ਲੋਕਾਂ ਅਤੇ ਉਨ੍ਹਾਂ ਦੇ ਉਤਰਾਧਿਕਾਰੀਆਂ ਨੂੰ ਇਸ ਨੇਮ ਦੀ ਪਾਲਣਾ ਹਮੇਸ਼ਾ ਲਈ ਕਰਨੀ ਚਾਹੀਦੀ ਹੈ।”
ਜਾਜਕਾਂ ਲਈ ਕੱਪੜੇ
28 ਯਹੋਵਾਹ ਨੇ ਮੂਸਾ ਨੂੰ ਆਖਿਆ, “ਆਪਣੇ ਭਰਾ ਹਾਰੂਨ ਅਤੇ ਉਸ ਦੇ ਪੁੱਤਰਾਂ ਨਾਦਾਬ, ਅਬੀਹੂ, ਅਲਆਜਾਰ ਅਤੇ ਈਥਾਮਾਰ ਨੂੰ ਆਖ ਕਿ ਉਹ ਇਸਰਾਏਲ ਦੇ ਲੋਕਾਂ ਤੋਂ ਤੇਰੇ ਕੋਲ ਆਉਣ। ਇਹ ਆਦਮੀ ਮੇਰੇ ਲਈ ਜਾਜਕਾਂ ਵਜੋਂ ਸੇਵਾ ਕਰਨਗੇ।
2 “ਆਪਣੇ ਭਰਾ ਹਾਰੂਨ ਲਈ ਖਾਸ ਕੱਪੜੇ ਬਣਾ ਜੋ ਉਸ ਨੂੰ ਸਤਿਕਾਰਯੋਗ ਅਤੇ ਗੌਰਵਮਈ ਬਨਾਉਣ। 3 ਤੁਹਾਡੇ ਦਰਮਿਆਨ ਮੈਂ ਮਾਹਰ ਲੋਕਾਂ ਨੂੰ ਸਿਆਣਪ ਦਿੱਤੀ ਹੈ। ਇਨ੍ਹਾਂ ਲੋਕਾਂ ਨੂੰ ਹਾਰੂਨ ਨੂੰ ਪਵਿੱਤਰ ਬਨਾਉਣ ਲਈ ਉਸ ਲਈ ਵਸਤਰ ਤਿਆਰ ਕਰਨ ਲਈ ਆਖ ਅਤੇ ਫ਼ੇਰ ਉਹ ਜਾਜਕ ਵਜੋਂ ਮੇਰੀ ਸੇਵਾ ਕਰ ਸੱਕਦਾ ਹੈ। 4 ਉਹ ਕੱਪੜੇ ਇਹ ਹਨ ਜੋ ਉਨ੍ਹਾਂ ਆਦਮੀਆਂ ਨੂੰ ਤਿਆਰ ਕਰਨੇ ਚਾਹੀਦੇ ਹਨ; ਸੀਨੇ ਬੰਦ, ਇੱਕ ਏਫ਼ੋਦ, ਇੱਕ ਚੋਲਾ, ਉਣਿਆ ਹੋਇਆ ਚਿੱਟਾ ਚੋਲਾ, ਇੱਕ ਅਮਾਮਾ ਅਤੇ ਇੱਕ ਪੇਟੀ। ਇਨ੍ਹਾਂ ਲੋਕਾਂ ਨੂੰ ਤੇਰੇ ਭਰਾ ਹਾਰੂਨ ਅਤੇ ਉਸ ਦੇ ਪੁੱਤਰਾਂ ਲਈ ਇਹ ਖਾਸ ਵਸਤਰ ਤਿਆਰ ਕਰਨੇ ਚਾਹੀਦੇ ਹਨ। ਫ਼ੇਰ ਹਾਰੂਨ ਅਤੇ ਉਸ ਦੇ ਪੁੱਤਰ ਜਾਜਕਾਂ ਵਜੋਂ ਮੇਰੀ ਸੇਵਾ ਕਰ ਸੱਕਦੇ ਹਨ। 5 ਇਨ੍ਹਾਂ ਆਦਮੀਆਂ ਨੂੰ ਆਖਣਾ ਕਿ ਸੁਨਿਹਰੀ ਧਾਗਿਆਂ, ਮਹੀਨ ਕੱਪੜੇ ਅਤੇ ਨੀਲੇ ਬੈਂਗਣੀ ਤੇ ਲਾਲ ਸੂਤ ਦੀ ਵਰਤੋਂ ਕਰਨ।
ਏਫ਼ੋਦ ਅਤੇ ਪੇਟੀ
6 “ਏਫ਼ੋਦ ਤਿਆਰ ਕਰਨ ਲਈ ਸੁਨਿਹਰੀ ਧਾਗਿਆਂ, ਮਹੀਨ ਕੱਪੜੇ ਅਤੇ ਨੀਲੇ ਬੈਂਗਣੀ ਅਤੇ ਲਾਲ ਸੂਤ ਦੀ ਵਰਤੋਂ ਕਰਨੀ। ਇਹ ਕਿਸੇ ਬਹੁਤ ਹੀ ਕੁਸ਼ਲ ਕਾਰੀਗਰ ਦਾ ਕੰਮ ਹੋਣਾ ਚਾਹੀਦਾ ਹੈ। 7 ਏਫ਼ੋਦ ਦੇ ਹਰੇਕ ਮੋਢੇ ਉੱਤੇ ਇੱਕ-ਇੱਕ ਕਤਰ ਹੋਵੇ। ਮੋਢਿਆਂ ਦੀਆਂ ਇਨ੍ਹਾਂ ਕਤਰਾਂ ਨੂੰ ਜੋੜਕੇ ਏਫ਼ੋਦ ਦੇ ਦੋ ਕਿਨਾਰੇ ਬਣਾਏ ਜਾਣੇ ਚਾਹੀਦੇ ਹਨ।
8 “ਕਾਰੀਗਰ ਏਫ਼ੋਦ ਲਈ ਪੇਟੀ ਨੂੰ ਬੜੇ ਧਿਆਨ ਨਾਲ ਬੁਨਣਗੇ। ਇਹ ਪੇਟੀ ਵੀ ਉਸੇ ਤਰ੍ਹਾਂ ਦੀ ਬਣੀ ਹੋਣੀ ਚਾਹੀਦੀ ਹੈ-ਸੁਨਿਹਰੀ ਧਾਗਿਆਂ, ਮਹੀਨ ਕੱਪੜੇ ਅਤੇ ਨੀਲੇ ਬੈਂਗਣੀ ਅਤੇ ਲਾਲ ਸੂਤ ਦੀ।
9 “ਦੋ ਸੁਲੇਮਾਨੀ ਪੱਥਰ ਲਵੋ। ਇਨ੍ਹਾ ਹੀਰਿਆਂ ਉੱਤੇ ਇਸਰਾਏਲ ਦੇ ਬਾਰ੍ਹਾਂ ਪੁੱਤਰਾਂ ਦੇ ਨਾਮ ਲਿਖੋ। 10 ਛੇ ਨਾਮ ਇੱਕ ਹੀਰੇ ਉੱਤੇ ਅਤੇ ਛੇ ਨਾਮ ਦੂਸਰੇ ਹੀਰੇ ਉੱਤੇ ਲਿਖਣੇ। ਇਹ ਨਾਮ ਵੱਡੇ ਪੁੱਤਰ ਤੋਂ ਛੋਟੇ ਪੁੱਤਰਾਂ ਤੱਕ ਕਰਮਵਾਰ ਲਿਖੇ ਹੋਣ। 11 ਇਨ੍ਹਾਂ ਹੀਰਿਆਂ ਉੱਤੇ ਇਸਰਾਏਲ ਦੇ ਪੁੱਤਰ ਦੇ ਨਾਮ ਲਿਖੋ। ਇਸ ਨੂੰ ਉਸੇ ਤਰ੍ਹਾਂ ਕਰੋ ਜਿਵੇਂ ਕੋਈ ਕਾਮਾ ਮੁਹਰ ਬਨਾਉਣ ਲਈ ਕਰਦਾ ਹੈ ਅਤੇ ਇਨ੍ਹਾਂ ਹੀਰਿਆਂ ਨੂੰ ਸੁਨਿਹਰੀ ਫ਼ਰੇਮ ਵਿੱਚ ਜੜ ਦਿਉ। 12 ਫ਼ੇਰ ਇਨ੍ਹਾਂ ਦੋਹਾਂ ਹੀਰਿਆਂ ਨੂੰ ਏਫ਼ੋਦ ਦੇ ਦੋਹਾਂ ਮੋਢਿਆਂ ਦੀਆਂ ਕਤਰਾਂ ਉੱਤੇ ਲਾਉ। ਹਾਰੂਨ ਇਸ ਖਾਸ ਕੋਟ ਨੂੰ ਉਸ ਵੇਲੇ ਪਹਿਨੇਗਾ ਜਦੋਂ ਉਹ ਯਹੋਵਾਹ ਦੇ ਸਨਮੁੱਖ ਖਲੋਵੇਗਾ ਅਤੇ ਇਸਰਾਏਲ ਦੇ ਪੁੱਤਰਾਂ ਦੇ ਨਾਮਾਂ ਵਾਲੇ ਹੀਰੇ ਏਫ਼ੋਦ ਉੱਤੇ ਹੋਣਗੇ। ਇਹ ਹੀਰੇ ਪਰਮੇਸ਼ੁਰ ਅੱਗੇ, ਇਸਰਾਏਲ ਦੇ ਲੋਕਾਂ ਦੀ ਯਾਦਗਾਰੀ ਵਜੋਂ ਹੋਣਗੇ। 13 ਹੀਰਿਆਂ ਨੂੰ ਏਫ਼ੋਦ ਉੱਤੇ ਲਗਾਉਣ ਲਈ ਸ਼ੁੱਧ ਸੋਨਾ ਵਰਤੋਂ। 14 ਡੋਰੀਆਂ ਵਾਂਗ ਗੁੰਦੀਆਂ ਹੋਈਆਂ ਦੋ ਸੋਨੇ ਦੀਆਂ ਜੰਜੀਰੀਆਂ ਬਣਾਉ ਅਤੇ ਉਨ੍ਹਾਂ ਨੂੰ ਸੁਨਿਹਰੀ ਖਾਨਿਆਂ ਨਾਲ ਜੋੜ ਦਿਉ।
ਸੀਨੇ-ਬੰਦ
15 “ਪਰਧਾਨ ਜਾਜਕ ਲਈ ਨਿਆਉਂ ਦਾ ਇੱਕ ਸੀਨੇ-ਬੰਦ ਬਣਾਉ। ਮਾਹਰ ਕਾਰੀਗਰਾਂ ਨੂੰ ਇਹ ਸੀਨੇ-ਬੰਦ ਉਸੇ ਤਰ੍ਹਾਂ ਬਨਾਉਣਾ ਚਾਹੀਦਾ ਹੈ ਜਿਵੇਂ ਉਨ੍ਹਾਂ ਨੇ ਏਫ਼ੋਦ ਬਣਾਇਆ ਸੀ। ਉਨ੍ਹਾ ਨੂੰ ਸੋਨੇ ਦੇ ਧਾਗੇ, ਮਹੀਨ ਲਿਨਨ ਅਤੇ ਨੀਲੇ, ਬੈਂਗਣੀ ਅਤੇ ਲਾਲ ਸੂਤ ਦੀ ਵਰਤੋਂ ਕਰਨੀ ਚਾਹੀਦੀ ਹੈ। 16 ਸੀਨੇ-ਬੰਦ ਨੂੰ ਦੂਹਰਾ ਕਰਕੇ ਚੌਕੋਰ ਜੇਬ ਬਣਾ ਲੈਣਾ ਚਾਹੀਦਾ ਹੈ। ਇਹ ਇੱਕ ਗਿਠ ਲੰਮੀ ਅਤੇ ਇੱਕ ਗਿਠ ਚੌੜੀ ਹੋਣੀ ਚਾਹੀਦੀ ਹੈ। 17 ਸੀਨੇ-ਬੰਦ ਉੱਤੇ ਸੁੰਦਰ ਹੀਰਿਆਂ ਦੀਆਂ ਚਾਰ ਕਤਾਰਾਂ ਰੱਖੀਂ। ਹੀਰਿਆਂ ਦੀ ਪਹਿਲੀ ਕਤਾਰ ਵਿੱਚ ਲਾਲ ਅਕੀਕ, ਸੁਨਿਹਰਾ ਜਬਰਜ਼ਦ ਮੋਤੀ ਅਤੇ ਪੰਨਾ ਹੋਣ। 18 ਦੂਸਰੀ ਕਤਾਰ ਵਿੱਚ ਲਾਲ ਅਕੀਕ, ਨੀਲਮ ਅਤੇ ਦੁਧੀਯਾ ਬਿਲੌਰ ਹੋਣ। 19 ਤੀਸਰੀ ਕਤਾਰ ਵਿੱਚ ਜ਼ਰਕਨ, ਹਰੀ ਅਕੀਕ ਅਤੇ ਕਟਹਿਲਾ ਹੋਣ। 20 ਚੌਥੀ ਕਤਾਰ ਵਿੱਚ ਬੈਰੁਜ਼, ਸੁਲੇਮਾਨੀ ਤੇ ਯਬੁਸ਼ ਹੋਣ। ਇਨ੍ਹਾਂ ਸਾਰੇ ਹੀਰਿਆਂ ਨੂੰ ਸੋਨੇ ਵਿੱਚ ਮੜ੍ਹੀ। 21 ਸੀਨੇ-ਬੰਦ ਉੱਤੇ ਬਾਰ੍ਹਾਂ ਮੋਤੀ ਹੋਣਗੇ-ਇਸਰਾਏਲ ਦੇ ਹਰੇਕ ਪੁੱਤਰ ਲਈ ਇੱਕ ਮੋਤੀ। ਹਰੇਕ ਮੋਤੀ ਉੱਤੇ ਇਸਰਾਏਲ ਦੇ ਪੁੱਤਰਾਂ ਵਿੱਚੋਂ ਇੱਕ ਨਾਮ ਇੰਝ ਲਿਖੀਂ ਜਿਵੇਂ ਕੋਈ ਕਾਰੀਗਰ ਮੁਹਰ ਬਣਾਉਂਦਾ ਹੈ।
22 “ਸੀਨੇ-ਬੰਦ ਲਈ ਰਸੀ ਵਾਂਗ ਗੁੰਦੀਆਂ ਹੋਈਆਂ ਸ਼ੁੱਧ ਸੋਨੇ ਦੀਆਂ ਜੰਜੀਰੀਆਂ ਬਣਾਈ। 23 ਦੋ ਸੁਨਿਹਰੀ ਕੁੰਡਲ ਬਣਾਈ ਅਤੇ ਇਨ੍ਹਾਂ ਨੂੰ ਸੀਨੇ-ਬੰਦ ਦੇ ਦੋਹਾਂ ਕਿਨਾਰਿਆਂ ਉੱਤੇ ਪਾ ਦੇਵੀਂ। 24 ਸੋਨੇ ਦੀਆਂ ਦੋਹਾਂ ਜੰਜੀਰੀਆਂ ਨੂੰ ਸੀਨੇ-ਬੰਦ ਦੇ ਸਿਰਿਆਂ ਤੇ ਬੰਨ੍ਹੇ ਕੁੰਡਲਾਂ ਵਿੱਚ ਪਰੋ ਦੇਵੀ। 25 ਸੋਨੇ ਦੀਆਂ ਜੰਜੀਰੀਆਂ ਦੇ ਦੋਹਾਂ ਸਿਰਿਆਂ ਨੂੰ ਏਫ਼ੋਦ ਦੇ ਮੋਢਿਆਂ ਉੱਤੇ, ਇਸਦੇ ਸਾਹਮਣੇ ਵਾਲੇ ਪਾਸੇ ਦੋਹਾਂ ਖਾਨਿਆਂ ਨਾਲ ਕੱਸ ਦੇਵੀਂ। 26 ਸੋਨੇ ਦੇ ਦੋ ਹੋਰ ਕੁੰਡਲ ਬਣਾਈ ਅਤੇ ਉਨ੍ਹਾਂ ਨੂੰ ਸੀਨੇ-ਬੰਦ ਦੇ ਦੂਸਰੇ ਦੋਹਾਂ ਕਿਨਾਰਿਆਂ ਨਾਲ ਬੰਨ੍ਹ ਦੇਵੀਂ। ਇਹ ਏਫ਼ੋਦ ਦੇ ਨਾਲ ਲਗਦੇ ਸੀਨੇ-ਬੰਦ ਦੇ ਅੰਦਰਲੇ ਪਾਸੇ ਹੋਣਗੇ। 27 ਸੋਨੇ ਦੇ ਦੋ ਹੋਰ ਕੁੰਡਲ ਬਣਾਈ ਅਤੇ ਉਨ੍ਹਾਂ ਨੂੰ ਏਫ਼ੋਦ ਦੇ ਸਾਹਮਣੇ ਮੋਢੇ ਦਿਆਂ ਕਤਰਾਂ ਦੇ ਹੇਠਲੇ ਪਾਸੇ ਰੱਖੀਂ। ਏਫ਼ੋਦ ਦੀ ਪੇਟੀ ਦੇ ਉੱਪਰ ਵੀ ਸੋਨੇ ਦੇ ਕੁੰਡਲ ਰੱਖੀਂ। 28 ਸੀਨੇ-ਬੰਦ ਕੁੰਡਲਾਂ ਨੂੰ ਏਫ਼ੋਦ ਦੇ ਕੁੰਡਲਾਂ ਨਾਲ ਬੰਨ੍ਹਣ ਲਈ ਨੀਲੀਆਂ ਡੋਰਾ ਦੀ ਵਰਤੋਂ ਇੰਝ ਕਰੀਂ ਕਿ ਸੀਨੇ-ਬੰਦ ਪੇਟੀ ਦੇ ਨੇੜੇ ਹੋਵੇਗਾ ਅਤੇ ਏਫ਼ੋਦ ਦੇ ਨਾਲ ਲੱਗਿਆ।
29 “ਜਦੋਂ ਹਾਰੂਨ ਪਵਿੱਤਰ ਥਾਂ ਅੰਦਰ ਦਾਖਲ ਹੋਵੇਗਾ, ਉਸ ਨੂੰ ਸੀਨੇ-ਬੰਦ ਪਹਿਨਣਾ ਚਾਹੀਦਾ ਹੈ। ਇਸ ਤਰ੍ਹਾਂ ਉਹ ਇਸਰਾਏਲ ਦੇ ਬਾਰ੍ਹਾਂ ਪੁੱਤਰਾਂ ਦੇ ਨਾਮ ਆਪਣੇ ਦਿਲ ਦੇ ਉੱਪਰ ਕਰਕੇ ਪਹਿਨੇਗਾ ਅਤੇ ਯਹੋਵਾਹ ਉਨ੍ਹਾਂ ਨੂੰ ਹਮੇਸ਼ਾ ਚੇਤੇ ਰੱਖੇਗਾ। 30 ਊਰੀਮ ਅਤੇ ਤੁੰਮੀਮ ਨੂੰ ਸੀਨੇ-ਬੰਦ ਦੇ ਅੰਦਰ ਰੱਖੀਂ। ਇਹ ਹਾਰੂਨ ਦੇ ਦਿਲ ਦੇ ਉੱਪਰ ਹੋਣਗੇ ਜਦੋਂ ਉਹ ਯਹੋਵਾਹ ਦੇ ਸਾਹਮਣੇ ਜਾਵੇਗਾ। ਇਸ ਲਈ ਜਦੋਂ ਹਾਰੂਨ ਯਹੋਵਾਹ ਦੇ ਸਾਹਮਣੇ ਹਮੇਸ਼ਾ ਆਪਣੇ ਨਾਲ ਇਸਰਾਏਲ ਦੇ ਲੋਕਾਂ ਬਾਰੇ ਨਿਆਂ ਕਰਨ ਦਾ ਰਸਤਾ ਆਪਣੇ ਨਾਲ ਚੁੱਕੇਗਾ।
ਜਾਜਕਾਂ ਲਈ ਹੋਰ ਵਸਤਰ
31 “ਏਫ਼ੋਦ ਲਈ ਇੱਕ ਨੀਲਾ ਚੋਲਾ ਬਣਾਉ। 32 ਇਸਦੇ ਕੇਂਦਰ ਵਿੱਚ ਸਿਰ ਵਾਸਤੇ ਇੱਕ ਸੁਰਾਖ ਬਣਾਉ, ਅਤੇ ਇਸ ਸੁਰਾਖ ਦੇ ਆਲੇ-ਦੁਆਲੇ ਇੱਕ ਕੱਪੜਾ ਸਿਉਂਕੇ ਲਗਾਉ। ਇਹ ਕੱਪੜਾ ਇੱਕ ਕਾਲਰ ਵਾਂਗ ਹੋਵੇਗਾ ਜਿਹੜਾ ਸੁਰਾਖ ਨੂੰ ਪਾਟਣ ਤੋਂ ਰੋਕੇਗਾ। 33 ਕੱਪੜੇ ਦੇ ਅਨਾਰ ਬਨਾਉਣ ਲਈ ਨੀਲੇ ਬੈਂਗਣੀ ਅਤੇ ਲਾਲ ਸੂਤ ਦੀ ਵਰਤੋਂ ਕਰੋ। ਇਨ੍ਹਾਂ ਅਨਾਰਾਂ ਨੂੰ ਚੋਲੇ ਦੇ ਹੇਠਲੇ ਸਿਰੇ ਉੱਤੇ ਲਟਕਾਉ। ਅਤੇ ਅਨਾਰਾਂ ਦੇ ਵਿੱਚਕਾਰ ਸੋਨੇ ਦੇ ਘੁੰਗਰੂ ਲਟਕਾਉ। 34 ਇਸ ਤਰ੍ਹਾਂ ਚੋਲੇ ਦੇ ਹੇਠਲੇ ਸਿਰੇ ਉੱਤੇ ਘੁੰਗਰੂ ਅਤੇ ਅਨਾਰ ਹੋਣੇ ਚਾਹੀਦੇ ਹਨ। ਹਰੇਕ ਅਨਾਰ ਦੇ ਵਿੱਚਕਾਰ ਇੱਕ ਘੁੰਗਰੂ ਹੋਣਾ ਚਾਹੀਦਾ ਹੈ। 35 ਹਾਰੂਨ ਇਸ ਚੋਲੇ ਨੂੰ ਉਦੋਂ ਪਹਿਨੇਗਾ ਜਦੋਂ ਉਹ ਜਾਜਕ ਵਜੋਂ ਸੇਵਾ ਕਰੇਗਾ। ਜਿਵੇਂ ਹੀ ਹਾਰੂਨ ਯਹੋਵਾਹ ਦੇ ਸਨਮੁੱਖ ਖੜ੍ਹਾ ਹੋਣ ਲਈ ਪਵਿੱਤਰ ਸਥਾਨ ਉੱਤੇ ਜਾਵੇਗਾ ਇਹ ਘੁੰਗਰੂ ਵੱਜਣਗੇ। ਅਤੇ ਜਦੋਂ ਉਹ ਪਵਿੱਤਰ ਸਥਾਨ ਤੋਂ ਬਾਹਰ ਆਵੇਗਾ ਤਾਂ ਘੁੰਗਰੂ ਵੱਜਣਗੇ। ਇਸ ਤਰ੍ਹਾਂ ਕਰਨ ਨਾਲ ਹਾਰੂਨ ਮਰੇਗਾ ਨਹੀਂ।
36 “ਨਮੂਨਿਆਂ ਨਾਲ ਉਕਰੀ ਹੋਈ ਸੁਨਿਹਰੀ ਫ਼ੱਟੀ ਬਣਾਓ ਅਤੇ ਇਸ ਉੱਤੇ ਇਹ ਸ਼ਬਦ ‘ਯਹੋਵਾਹ ਲਈ ਪਵਿੱਤਰ’ ਇੰਝ ਲਿਖੋ ਜਿਵੇਂ ਲੋਕ ਮੁਹਰ ਬਣਾਉਂਦੇ ਹਨ। 37 ਸੁਨਿਹਰੀ ਫ਼ੱਟੀ ਨੂੰ ਅਮਾਮੇ ਦੇ ਸਾਹਮਣੇ ਵਾਲੇ ਪਾਸੇ ਇੱਕ ਨੀਲੇ ਰਿਬਨ ਨਾਲ ਬੰਨ੍ਹੋ। 38 ਹਾਰੂਨ ਇਸ ਨੂੰ ਆਪਣੇ ਸਿਰ ਉੱਤੇ ਬੰਨ੍ਹੇਗਾ। ਇਸ ਤਰ੍ਹਾਂ ਨਾਲ ਉਹ ਅਜਿਹੇ ਪਾਪ ਨੂੰ ਵੀ ਦੂਰ ਕਰ ਦੇਵੇਗਾ ਜਿਹੜਾ ਇਸਰਾਏਲ ਦੇ ਲੋਕਾਂ ਦੀਆਂ ਸੁਗਾਤਾਂ ਨਾਲ ਸੰਬੰਧਿਤ ਹੋਵੇਗਾ। ਇਹ ਸੁਗਾਤਾਂ ਉਹ ਹਨ ਜੋ ਲੋਕ ਯਹੋਵਾਹ ਨੂੰ ਦਿੰਦੇ ਹਨ। ਹਾਰੂਨ ਇਸ ਨੂੰ ਹਮੇਸ਼ਾ ਆਪਣੇ ਸਿਰ ਉੱਤੇ ਪਹਿਨੇਗਾ ਤਾਂ ਜੋ ਯਹੋਵਾਹ ਲੋਕਾਂ ਦੀਆਂ ਸੁਗਾਤਾਂ ਨੂੰ ਪਰਵਾਨ ਕਰ ਲਵੇ।
39 “ਉਣਿਆ ਹੋਇਆ ਚਿੱਟਾ ਚੋਲਾ ਬਨਾਉਣ ਲਈ ਮਹੀਨ ਕੱਪੜੇ ਦੀ ਵਰਤੋਂ ਕਰੋ ਅਤੇ ਅਮਾਮਾ ਬਨਾਉਣ ਲਈ ਵੀ ਮਹੀਨ ਕੱਪੜਾ ਵਰਤੋਂ। ਪੇਟੀ ਉੱਤੇ ਨਮੂਨੇ ਕੱਢੇ ਹੋਣੇ ਚਾਹੀਦੇ ਹਨ। 40 ਹਾਰੂਨ ਦੇ ਪੁੱਤਰਾਂ ਲਈ ਵੀ ਕੋਟ, ਪੇਟੀਆਂ ਅਤੇ ਅਮਾਮੇ ਬਣਾਉ। ਪਹਿਨਣ ਵਾਲੇ ਕੱਪੜੇ ਉਨ੍ਹਾਂ ਨੂੰ ਸਤਿਕਾਰ ਦੇਣਗੇ ਅਤੇ ਗੌਰਵਮਈ ਬਨਾਉਣਗੇ। 41 ਆਪਣੇ ਭਰਾ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਬਸਤਰ ਪਹਿਨਾਓ। ਫ਼ੇਰ ਉਨ੍ਹਾਂ ਨੂੰ ਜਾਜਕ ਬਨਾਉਣ ਲਈ ਉਨ੍ਹਾਂ ਉੱਪਰ ਖਾਸ ਤੇਲ ਦਾ ਛਿੜਕਾਉ ਕਰੋ। ਇਹ ਉਨ੍ਹਾਂ ਨੂੰ ਪਵਿੱਤਰ ਬਣਾ ਦੇਵੇਗਾ। ਅਤੇ ਉਹ ਜਾਜਕਾਂ ਵਜੋਂ ਮੇਰੀ ਸੇਵਾ ਕਰਨਗੇ।
42 “ਜਾਜਕਾਂ ਦੇ ਅੰਦਰਲੇ ਵਸਤਰਾਂ ਲਈ ਲਿਨਨ ਦੀ ਵਰਤੋਂ ਕਰੋ। ਇਹ ਅੰਦਰਲੇ ਵਸਤਰ ਉਨ੍ਹਾਂ ਨੂੰ ਲੱਕ ਤੋਂ ਲੈ ਕੇ ਪੱਟਾਂ ਤੱਕ ਕੱਜਣਗੇ। 43 ਹਾਰੂਨ ਤੇ ਉਸ ਦੇ ਪੁੱਤਰਾਂ ਨੂੰ ਹਰ ਉਸ ਸਮੇਂ ਇਹ ਵਸਤਰ ਪਹਿਣਣੇ ਚਾਹੀਦੇ ਹਨ ਜਦੋਂ ਉਹ ਮੰਡਲੀ ਵਾਲੇ ਤੰਬੂ ਵਿੱਚ ਦਾਖਲ ਹੋਣ। ਜਦੋਂ ਵੀ ਉਹ ਪਵਿੱਤਰ ਸਥਾਨ ਉੱਤੇ ਜਗਵੇਦੀ ਦੇ ਨੇੜੇ ਜਾਜਕਾਂ ਵਜੋਂ ਸੇਵਾ ਕਰਨ ਲਈ ਆਉਣ ਉਨ੍ਹਾਂ ਨੂੰ ਇਹ ਵਸਤਰ ਜ਼ਰੂਰ ਪਹਿਨਣੇ ਚਾਹੀਦੇ ਹਨ। ਜੇ ਉਹ ਇਹ ਵਸਤਰ ਨਹੀਂ ਪਹਿਨਣਗੇ ਤਾਂ ਉਹ ਗੁਨਾਹ ਦੇ ਦੋਸ਼ੀ ਹੋਣਗੇ ਅਤੇ ਉਨ੍ਹਾਂ ਨੂੰ ਮਰਨਾ ਪਵੇਗਾ। ਇਹ ਸਾਰਾ ਕੁਝ ਅਜਿਹੀ ਬਿਧੀ ਹੋਣੀ ਚਾਹੀਦੀ ਹੈ ਜੋ ਹਾਰੂਨ ਅਤੇ ਉਸ ਦੇ ਬਾਦ ਉਸ ਦੇ ਸਾਰੇ ਪਰਿਵਾਰ ਲਈ ਹਮੇਸ਼ਾ ਜਾਰੀ ਰਹੇ।”
ਯਿਸੂ ਦਾ ਯਰੂਸ਼ਲਮ ਵਿੱਚ ਸ਼ਾਹੀ ਦਾਖਲਾ(A)
21 ਯਿਸੂ ਅਤੇ ਉਸ ਦੇ ਚੇਲੇ ਯਰੂਸ਼ਲਮ ਦੇ ਨੇੜੇ ਆ ਰਹੇ ਸਨ, ਪਰ ਰਾਹ ਵਿੱਚ ਉਹ ਜੈਤੂਨ ਦੇ ਪਹਾੜ ਉੱਤੇ, ਬੈਤਫ਼ਗਾ ਕੋਲ, ਰੁਕੇ ਯਿਸੂ ਨੇ ਆਪਣੇ ਦੋ ਚੇਲਿਆਂ ਨੂੰ ਨਗਰ ਵਿੱਚ ਭੇਜਿਆ। 2 ਅਤੇ ਆਖਿਆ, “ਜੋ ਸ਼ਹਿਰ ਤੁਹਾਡੇ ਸਾਹਮਣੇ ਹੈ ਉਸ ਅੰਦਰ ਜਾਓ, ਸ਼ਹਿਰ ਅੰਦਰ ਵੜਦੇ ਸਾਰ ਹੀ, ਤੁਸੀਂ ਇੱਕ ਗਧੀ ਨੂੰ ਆਪਣੇ ਛੋਟੇ ਬੱਚੇ ਨਾਲ ਬੰਨ੍ਹਿਆ ਪਾਵੋਂਗੇ, ਉਸ ਨੂੰ ਖੋਲ੍ਹਕੇ ਤੁਸੀਂ ਮੇਰੇ ਕੋਲ ਲੈ ਆਵੋ। 3 ਜੇਕਰ ਤੁਹਾਨੂੰ ਕੋਈ ਕੁਝ ਕਹੇ, ਤਾਂ ਉਸ ਨੂੰ ਆਖਣਾ, ‘ਪ੍ਰਭੂ ਨੂੰ ਇਨ੍ਹਾਂ ਗਧਿਆਂ ਦੀ ਲੋੜ ਹੈ। ਫ਼ੇਰ ਉਹ ਜਲਦੀ ਹੀ ਉਨ੍ਹਾਂ ਨੂੰ ਵਾਪਿਸ ਭੇਜ ਦੇਵੇਗਾ।’”
4 ਇਹ ਇਸ ਲਈ ਹੋਇਆ ਕਿ ਨਬੀ ਦਾ ਇਹ ਬਚਨ ਪੂਰਾ ਹੋਵੇ:
5 “ਸੀਯੋਨ ਦੇ ਸ਼ਹਿਰ ਨੂੰ ਦੱਸੋ,
‘ਕਿ ਤੇਰਾ ਬਾਦਸ਼ਾਹ ਤੇਰੇ ਵੱਲ ਆ ਰਿਹਾ ਹੈ,
ਉਹ ਨਿਮ੍ਰਤਾ ਨਾਲ ਗਧੀ ਉੱਤੇ,
ਹਾਂ ਗਧੀ ਦੇ ਬੱਚੇ, ਉੱਤੇ ਬੈਠਕੇ ਆ ਰਿਹਾ ਹੈ।’” (B)
6 ਤਾਂ ਚੇਲਿਆਂ ਨੇ ਜਾਕੇ ਜਿਵੇਂ ਯਿਸੂ ਨੇ ਹੁਕਮ ਦਿੱਤਾ ਸੀ ਤਿਵੇਂ ਹੀ ਕੀਤਾ। 7 ਉਹ ਗਧੀ ਨੂੰ ਗਧੀ ਦੇ ਬੱਚੇ ਸਮੇਤ ਲਿਆਏ ਅਤੇ ਆਪਣੇ ਕੱਪੜੇ ਗਧੀ ਦੇ ਬੱਚੇ ਉੱਤੇ ਪਾ ਦਿੱਤੇ ਅਤੇ ਯਿਸੂ ਉਸ ਉੱਪਰ ਬੈਠ ਗਿਆ। 8 ਭੀੜ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਯਿਸੂ ਵਾਸਤੇ ਰਸਤੇ ਤੇ ਆਪਣੇ ਕੱਪੜੇ ਵਿਛਾ ਦਿੱਤੇ। ਕਈਆਂ ਨੇ ਬਿਰਛਾਂ ਦੀ ਟਹਿਣੀਆਂ ਵਢੱਕੇ ਰਸਤੇ ਵਿੱਚ ਵਿਛਾ ਦਿੱਤੀਆਂ। 9 ਭੀੜ ਜਿਹੜੀ ਉਸ ਦੇ ਅੱਗੇ ਤੇ ਪਿੱਛੇ ਚਲੀ ਆਉਂਦੀ ਸੀ ਉੱਚੀ ਆਵਾਜ਼ ਵਿੱਚ ਆਖਣ ਲੱਗੀ,
“ਦਾਊਦ ਦੇ ਪੁੱਤਰ ਨੂੰ ਉਸਤਤਿ
‘ਉਹ ਧੰਨ ਹੈ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ!’ (C)
ਸਵਰਗ ਵਿੱਚ ਪਰਮੇਸ਼ੁਰ ਨੂੰ ਉਸਤਤਿ!”
10 ਜਦੋਂ ਯਿਸੂ ਨੇ ਯਰੂਸ਼ਲਮ ਵਿੱਚ ਪ੍ਰਵੇਸ਼ ਕੀਤਾ, ਉਸ ਸ਼ਹਿਰ ਦੇ ਸਾਰੇ ਲੋਕ ਸ਼ਸ਼ੋਪੰਚ ਵਿੱਚ ਪੈ ਗਏ ਅਤੇ ਪੁੱਛਿਆ, “ਇਹ ਆਦਮੀ ਕੌਣ ਹੈ?”
11 ਯਿਸੂ ਨਾਲ ਜਾ ਰਹੀ ਭੀੜ ਨੇ ਉੱਤਰ ਦਿੱਤਾ, “ਇਹ ਯਿਸੂ ਹੈ, ਗਲੀਲ ਦੇ ਕਸਬੇ ਨਾਸਰਤ ਦਾ ਇੱਕ ਨਬੀ।”
ਯਿਸੂ ਦਾ ਮੰਦਰ ਵਿੱਚ ਹੋਣਾ(D)
12 ਫ਼ੇਰ ਯਿਸੂ ਮੰਦਰ ਦੇ ਇਲਾਕੇ ਵੱਲ ਗਿਆ ਉਸ ਨੇ ਉਨ੍ਹਾਂ ਸਭ ਲੋਕਾਂ ਨੂੰ ਜਿਹੜੇ ਉੱਥੇ ਚੀਜ਼ਾਂ ਖਰੀਦ ਅਤੇ ਵੇਚ ਰਹੇ ਸਨ ਬਾਹਰ ਕੱਢ ਦਿੱਤਾ। ਅਤੇ ਸਰਾਫ਼ਾਂ ਦੇ ਤਖਤਪੋਸ਼ ਅਤੇ ਘੁੱਗੀਆਂ ਵੇਚਣ ਵਾਲਿਆਂ ਦੀਆਂ ਮੇਜ਼ਾਂ ਉਲਟਾ ਸੁੱਟੀਆਂ। 13 “ਉਸਨੇ ਉਨ੍ਹਾਂ ਲੋਕਾਂ ਨੂੰ ਆਖਿਆ, ਇਹ ਪੋਥੀਆਂ ਵਿੱਚ ਲਿਖਿਆ ਹੈ, ‘ਕਿ ਮੇਰਾ ਘਰ ਪ੍ਰਾਰਥਨਾ ਦਾ ਘਰ ਸਦਾਵੇਗਾ’ [a] ਪਰ ਤੁਸੀਂ ਇਸ ਜਗ੍ਹਾ ਨੂੰ ਚੋਰਾ ਦੇ ਲੁਕਣ ਦੀ ਜਗ੍ਹਾ ਬਣਾ ਰਹੇ ਹੋ।’” [b]
14 ਅਤੇ ਉਸ ਮੰਦਰ ਦੇ ਇਲਾਕੇ ਵਿੱਚ ਬਹੁਤ ਸਾਰੇ ਅੰਨ੍ਹੇ ਅਤੇ ਲੰਗੜ੍ਹੇ ਯਿਸੂ ਕੋਲ ਆਏ ਅਤੇ ਉਸ ਨੇ ਉਨ੍ਹਾਂ ਨੂੰ ਚੰਗਾ ਕੀਤਾ। 15 ਜਦੋਂ ਪਰਧਾਨ ਜਾਜਕਾਂ ਅਤੇ ਨੇਮ ਦੇ ਉਪਦੇਸ਼ਕਾਂ ਨੇ ਉਨ੍ਹਾਂ ਅਚਰਜ ਕੰਮਾਂ ਨੂੰ ਦੇਖਿਆ ਜਿਹੜੇ ਉਸ ਨੇ ਕੀਤੇ ਅਤੇ ਬੱਚਿਆਂ ਨੂੰ ਉਸ ਮੰਦਰ ਵਿੱਚ ਉੱਚੀ ਅਵਾਜ਼ ਨਾਲ ਬੋਲਦੇ ਅਤੇ “ਦਾਊਦ ਦੇ ਪੁੱਤਰ ਨੂੰ ਉਸਤਤਿ” ਆਖਦੇ ਵੇਖਿਆ ਤਾਂ ਉਹ ਗੁੱਸੇ ਵਿੱਚ ਆ ਗਏ।
16 ਉਨ੍ਹਾਂ ਨੇ ਯਿਸੂ ਨੂੰ ਆਖਿਆ, “ਕੀ ਤੂੰ ਸੁਣ ਰਿਹਾ ਹੈਂ ਇਹ ਬੱਚੇ ਕੀ ਆਖ ਰਹੇ ਹਨ?”
ਯਿਸੂ ਨੇ ਉੱਤਰ ਦਿੱਤਾ, “ਕੀ ਤੁਸੀਂ ਕਦੇ ਵੀ ਪੋਥੀਆਂ ਵਿੱਚ ਨਹੀਂ ਪੜ੍ਹਿਆ, ‘ਤੁਸੀਂ ਬੱਚਿਆਂ ਅਤੇ ਜੁਆਕਾਂ ਨੂੰ ਉਸਤਤਿ ਕਰਨੀ ਸਿੱਖਾਈ?’” [c]
17 ਇਹ ਵਾਪਰਨ ਤੋਂ ਬਾਅਦ ਯਿਸੂ ਉਨ੍ਹਾਂ ਲੋਕਾਂ ਤੋਂ ਵਿਦਾ ਹੋ ਗਿਆ ਅਤੇ ਰਾਤ ਕੱਟਣ ਲਈ ਬਾਹਰ ਬੈਤਅਨੀਆ ਸ਼ਹਿਰ ਨੂੰ ਚੱਲਿਆ ਗਿਆ।
ਯਿਸੂ ਨੇ ਵਿਸ਼ਵਾਸ ਦੀ ਸ਼ਕਤੀ ਵਿਖਾਈ(E)
18 ਅਗਲੀ ਸਵੇਰ ਜਦ ਯਿਸੂ ਸ਼ਹਿਰ ਵੱਲ ਮੁੜਿਆ ਜਾਂਦਾ ਸੀ ਤਾਂ ਉਸ ਨੂੰ ਭੁੱਖ ਲੱਗੀ। 19 ਰਸਤੇ ਵਿੱਚ ਅੰਜੀਰ ਦਾ ਬਿਰਛ ਵੇਖਕੇ ਉਸ ਦੇ ਨੇੜੇ ਗਿਆ ਪਰ ਸਿਵਾਇ ਪੱਤਿਆਂ ਦੇ ਉੱਥੇ ਉਸ ਨੂੰ ਹੋਰ ਕੁਝ ਵੀ ਨਾ ਲੱਭਿਆ ਤਾਂ ਉਸ ਨੇ ਬਿਰਛ ਨੂੰ ਕਿਹਾ ਕਿ “ਅੱਜ ਤੋਂ ਤੈਨੂੰ ਭਵਿੱਖ ਵਿੱਚ ਕਦੇ ਵੀ ਫ਼ਲ ਨਾ ਲੱਗਣ।” ਤੁਰੰਤ ਹੀ ਰੁੱਖ ਸੁੱਕ ਗਿਆ।
20 ਚੇਲੇ ਵੇਖਕੇ ਹੈਰਾਨ ਹੋਏ ਅਤੇ ਉਨ੍ਹਾਂ ਨੇ ਪੁੱਛਿਆ, “ਅੰਜੀਰ ਦਾ ਰੁੱਖ ਇੰਨੀਂ ਛੇਤੀ ਕਿਵੇਂ ਕੁਮਲਾ ਗਿਆ?”
21 ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜੇਕਰ ਤੁਹਾਨੂੰ ਨਿਹਚਾ ਹੋਵੇ ਅਤੇ ਤੁਸੀਂ ਕੋਈ ਭਰਮ ਨਾ ਰੱਖੋ। ਤੁਸੀਂ ਸਿਰਫ਼ ਇਹੋ ਹੀ ਕਰੋਂਗੇ ਜੋ ਅੰਜੀਰ ਦੇ ਬਿਰਛ ਨਾਲ ਮੈਂ ਕੀਤਾ ਸਗੋਂ ਤੁਸੀਂ ਇਸ ਪਹਾੜ ਨੂੰ ਵੀ ਆਖ ਸੱਕਦੇ ਹੋ ਜਾ ਅਤੇ ਸਮੁੰਦਰ ਵਿੱਚ ਜਾਕੇ ਡਿੱਗ ਤਾਂ ਅਜਿਹਾ ਹੀ ਹੋਵੇਗਾ। 22 ਜੇਕਰ ਤੁਸੀਂ ਵਿਸ਼ਵਾਸ ਕਰੋ, ਤਾਂ ਉਹ ਸਭ ਕੁਝ ਜੋ ਤੁਸੀਂ ਪ੍ਰਾਰਥਨਾ ਰਾਹੀਂ ਮੰਗੋਂਗੇ ਤੁਹਾਨੂੰ ਦਿੱਤਾ ਜਾਵੇਗਾ।”
2010 by World Bible Translation Center