Print Page Options
Previous Prev Day Next DayNext

Old/New Testament

Each day includes a passage from both the Old Testament and New Testament.
Duration: 365 days
Punjabi Bible: Easy-to-Read Version (ERV-PA)
Version
ਕੂਚ 34-35

ਪੱਥਰ ਦੀਆਂ ਨਵੀਆਂ ਤਖਤੀਆਂ

34 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਪੱਥਰ ਦੀਆਂ ਉਨ੍ਹਾਂ ਪਹਿਲੀਆਂ ਤਖਤੀਆਂ ਵਰਗੀਆਂ ਦੋ ਹੋਰ ਤਖਤੀਆਂ ਬਣਾ ਦਿੱਤੀਆਂ ਜਿਹੜੀਆਂ ਟੁੱਟ ਗਈਆਂ ਸਨ। ਮੈਂ ਇਨ੍ਹਾਂ ਤਖਤੀਆਂ ਉੱਤੇ ਉਹੀ ਸ਼ਬਦ ਲਿਖਾਂਗਾ ਜਿਹੜੇ ਪਹਿਲੀਆਂ ਦੋਹਾਂ ਤਖਤੀਆਂ ਉੱਤੇ ਲਿਖੇ ਹੋਏ ਸਨ। ਕਲ ਸਵੇਰੇ ਤਿਆਰ ਹੋ ਜਾਵੀਂ ਅਤੇ ਸੀਨਈ ਪਰਬਤ ਉੱਤੇ ਆ ਜਾਵੀਂ। ਉੱਥੇ ਪਰਬਤ ਦੀ ਚੋਟੀ ਉੱਤੇ ਮੇਰੇ ਸਨਮੁੱਖ ਖੜ੍ਹਾ ਹੋ ਜਾਵੀਂ। ਕਿਸੇ ਵੀ ਬੰਦੇ ਨੂੰ ਤੇਰੇ ਨਾਲ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ। ਕੋਈ ਵੀ ਬੰਦਾ ਪਰਬਤ ਦੀ ਕਿਸੇ ਵੀ ਥਾ ਉੱਤੇ ਦੇਖਿਆ ਨਹੀਂ ਜਾਣਾ ਚਾਹੀਦਾ। ਤੁਹਾਡੇ ਜਾਨਵਰਾਂ ਦੇ ਵੱਗਾਂ ਜਾਂ ਭੇਡਾਂ ਦੇ ਇੱਜੜਾਂ ਨੂੰ ਵੀ ਪਰਬਤ ਦੇ ਹੇਠ ਘਾਹ ਚਰਨ ਦੀ ਇਜਾਜ਼ਤ ਨਹੀਂ ਹੋਵੇਗੀ।”

ਇਸ ਲਈ ਮੂਸਾ ਨੇ ਪਹਿਲਾਂ ਵਰਗੀਆਂ ਦੋ ਪੱਥਰ ਦੀਆਂ ਤਖਤੀਆਂ ਹੋਰ ਬਣਾਈਆਂ। ਫ਼ੇਰ ਅਗਲੀ ਸਵੇਰ ਸੁਵਖਤੇ ਹੀ ਉਹ ਸੀਨਈ ਪਰਬਤ ਉੱਤੇ ਚੜ੍ਹ ਗਿਆ। ਮੂਸਾ ਨੇ ਹਰ ਗੱਲ ਉਵੇਂ ਹੀ ਕੀਤੀ ਜਿਸਦਾ ਯਹੋਵਾਹ ਨੇ ਉਸ ਨੂੰ ਹੁਕਮ ਦਿੱਤਾ ਸੀ ਮੂਸਾ ਆਪਣੇ ਨਾਲ ਪੱਥਰ ਦੀਆਂ ਦੋ ਤਖਤੀਆਂ ਲੈ ਗਿਆ। ਜਦੋਂ ਮੂਸਾ ਪਰਬਤ ਉੱਤੇ ਸੀ, ਯਹੋਵਾਹ ਉਸ ਕੋਲ ਇੱਕ ਬੱਦਲ ਵਿੱਚ ਹੇਠਾਂ ਆਇਆ। ਯਹੋਵਾਹ ਓੱਥੇ ਮੂਸਾ ਦੇ ਨਾਲ ਖਲੋ ਗਿਆ, ਅਤੇ ਉਸ (ਯਹੋਵਾਹ) ਦਾ ਨਾਮ ਪੁਕਾਰਿਆ। ਯਹੋਵਾਹ ਮੂਸਾ ਦੇ ਅਗਿਓ ਲੰਘਿਆ ਅਤੇ ਆਖਿਆ, “ਯਾਹਵੇਹ, ਯਹੋਵਾਹ, ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ ਹੈ। ਯਹੋਵਾਹ ਨੂੰ ਛੇਤੀ ਗੁੱਸਾ ਨਹੀਂ ਆਉਂਦਾ। ਯਹੋਵਾਹ ਮਹਾਨ ਪਿਆਰ ਨਾਲ ਭਰਪੂਰ ਹੈ। ਯਹੋਵਾਹ ਉੱਤੇ ਭਰੋਸਾ ਕੀਤਾ ਜਾ ਸੱਕਦਾ ਹੈ। ਯਹੋਵਾਹ ਹਜ਼ਾਰਾਂ ਪੀੜੀਆਂ ਨੂੰ ਆਪਣੀ ਮਿਹਰ ਦਰਸਾਉਂਦਾ ਹੈ। ਯਹੋਵਾਹ ਲੋਕਾਂ ਦੀਆਂ ਕੀਤੀਆਂ ਗਲਤੀਆਂ ਨੂੰ ਮਾਫ਼ ਕਰ ਦਿੰਦਾ ਹੈ। ਪਰ ਯਹੋਵਾਹ ਦੋਸ਼ੀਆਂ ਨੂੰ ਸਜ਼ਾ ਦੇਣਾ ਨਹੀਂ ਭੁੱਲਦਾ। ਯਹੋਵਾਹ ਸਿਰਫ਼ ਦੋਸ਼ੀ ਲੋਕਾਂ ਨੂੰ ਹੀ ਸਜ਼ਾ ਨਹੀਂ ਦੇਵੇਗਾ, ਸਗੋਂ ਉਨ੍ਹਾਂ ਦੇ ਪੁੱਤ, ਪੋਤੇ ਅਤੇ ਪੜਪੋਤੇ ਵੀ ਉਨ੍ਹਾਂ ਦੇ ਕੀਤੇ ਮੰਦੇ ਕੰਮਾਂ ਲਈ, ਦੁੱਖ ਭੋਗਣਗੇ।”

ਤਾਂ ਮੂਸਾ ਨੇ ਛੇਤੀ ਨਾਲ ਧਰਤੀ ਵੱਲ ਝੁਕ ਕੇ ਮੱਥਾ ਟੇਕਿਆ ਅਤੇ ਯਹੋਵਾਹ ਦੀ ਉਪਾਸਨਾ ਕੀਤੀ। ਮੂਸਾ ਨੇ ਆਖਿਆ, “ਯਹੋਵਾਹ, ਜੇ ਤੁਸੀਂ ਮੇਰੇ ਉੱਤੇ ਪ੍ਰਸੰਨ ਹੋ, ਤਾਂ ਕਿਰਪਾ ਕਰਕੇ ਸਾਡੇ ਨਾਲ ਚੱਲੋ। ਮੈਂ ਜਾਣਦਾ ਹਾਂ ਕਿ ਇਹ ਜ਼ਿੱਦੀ ਲੋਕ ਹਨ। ਪਰ ਸਾਡੇ ਕੀਤੇ ਹੋਏ ਮੰਦੇ ਕੰਮਾਂ ਲਈ ਸਾਨੂੰ ਮਾਫ਼ ਕਰ ਦਿਉ। ਸਾਨੂੰ ਆਪਣੇ ਬੰਦਿਆਂ ਵਾਂਗ ਪ੍ਰਵਾਨ ਕਰ ਲਵੋ।”

10 ਤਾਂ ਯਹੋਵਾਹ ਨੇ ਆਖਿਆ, “ਮੈਂ ਇਹ ਇਕਰਾਰਨਾਮਾ ਤੇਰੇ ਸਾਰੇ ਲੋਕਾਂ ਨਾਲ ਕਰ ਰਿਹਾ ਹਾਂ। ਮੈਂ ਅਜਿਹੀਆਂ ਹੈਰਾਨੀ ਭਰੀਆਂ ਗੱਲਾਂ ਕਰਾਂਗਾ ਜਿਹੜੀਆਂ ਧਰਤੀ ਦੀ ਕਿਸੇ ਹੋਰ ਕੌਮ ਲਈ ਕਦੇ ਵੀ ਨਹੀਂ ਕੀਤੀਆਂ ਗਈਆਂ। ਤੇਰੇ ਨਾਲ ਦੇ ਲੋਕ ਦੇਖਣਗੇ ਕਿ ਮੈਂ, ਯਹੋਵਾਹ, ਬਹੁਤ ਮਹਾਨ ਹਾਂ। ਲੋਕ ਉਨ੍ਹਾਂ ਹੈਰਾਨੀ ਭਰੇ ਕਾਰਨਾਮਿਆਂ ਨੂੰ ਦੇਖਣਗੇ ਜਿਹੜੇ ਮੈਂ ਤੁਹਾਦੇ ਲਈ ਕਰਾਂਗਾ। 11 ਉਨ੍ਹਾਂ ਗੱਲਾਂ ਨੂੰ ਮੰਨੋ ਜਿਨ੍ਹਾਂ ਦਾ ਅੱਜ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ, ਅਤੇ ਮੈਂ ਤੁਹਾਡੇ ਦੁਸ਼ਮਣਾਂ ਨੂੰ ਤੁਹਾਡੀ ਧਰਤੀ ਤੋਂ ਚੱਲੇ ਜਾਣ ਲਈ ਮਜ਼ਬੂਰ ਕਰ ਦਿਆਂਗਾ। ਮੈਂ ਅਮੋਰੀਆਂ, ਕਨਾਨੀਆਂ, ਹਿੱਤੀਆਂ, ਫ਼ਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਨੂੰ ਬਾਹਰ ਧੱਕ ਦਿਆਂਗਾ। 12 ਹੋਸ਼ਿਆਰ ਰਹਿਣਾ। ਉਨ੍ਹਾਂ ਨਾਲ ਕੋਈ ਇਕਰਾਰਨਾਮਾ ਨਾ ਕਰਨਾ ਜਿਹੜੇ ਉਸ ਧਰਤੀ ਉੱਤੇ ਰਹਿ ਰਹੇ ਹਨ, ਜਿੱਥੇ ਤੁਸੀਂ ਜਾ ਰਹੇ ਹੋ। ਜੇ ਤੁਸੀਂ ਅਜਿਹਾ ਕਰੋਂਗੇ, ਉਹ ਉਨ੍ਹਾਂ ਦੇ ਦੇਵਤਿਆਂ ਦੀ ਉਪਾਸਨਾ ਕਰਨ ਲਈ ਤੁਹਾਨੂੰ ਫ਼ਸਾਉਣ ਦੇ ਯੋਗ ਹੋਣਗੇ। 13 ਇਸ ਲਈ ਉਨ੍ਹਾਂ ਦੀਆਂ ਜਗਵੇਦੀਆਂ ਨੂੰ ਤਬਾਹ ਕਰ ਦਿਉ। ਉਨ੍ਹਾਂ ਪੱਥਰਾਂ ਨੂੰ ਤੋੜ ਦਿਉ ਜਿਨ੍ਹਾਂ ਦੀ ਉਹ ਉਪਾਸਨਾ ਕਰਦੇ ਹਨ। ਉਨ੍ਹਾਂ ਦੇ ਬੁੱਤਾਂ ਨੂੰ ਚੀਰ ਕੇ ਹੇਠਾਂ ਸੁੱਟ ਦਿਉ। 14 ਕਿਸੇ ਵੀ ਹੋਰ ਦੇਵਤੇ ਦੀ ਉਪਾਸਨਾ ਨਾ ਕਰੋ। ਮੈਂ ਯਾਹਵੇਹ ਕਾਨਾਹ ਹਾਂ-ਈਰਖਾਲੂ ਯਹੋਵਾਹ। ਇਹ ਮੇਰਾ ਨਾਮ ਹੈ। ਮੈਂ ਏਲ ਕਾਨਾਹ ਹਾਂ-ਈਰਖਾਲੂ ਪਰਮੇਸ਼ੁਰ।

15 “ਹੋਸ਼ਿਆਰ ਰਹਿਣਾ ਕਿ ਜਿਹੜੇ ਲੋਕ ਉਸ ਧਰਤੀ ਉੱਤੇ ਰਹਿੰਦੇ ਹਨ ਉਨ੍ਹਾਂ ਨਾਲ ਕੋਈ ਇਕਰਾਰਨਾਮੇ ਨਹੀਂ ਕਰਨਾ। ਜੇ ਤੁਸੀਂ ਅਜਿਹਾ ਕਰੋਂਗੇ ਤਾਂ ਹੋ ਸੱਕਦਾ ਹੈ ਕਿ ਤੁਸੀਂ ਉਨ੍ਹਾਂ ਨਾਲ ਉਨ੍ਹਾਂ ਦੇ ਦੇਵਤਿਆਂ ਦੀ ਉਪਾਸਨਾ ਵਿੱਚ ਵੀ ਸ਼ਾਮਿਲ ਹੋ ਜਾਵੋਂ। ਉਹ ਲੋਕ ਤੁਹਾਨੂੰ ਆਪਣੇ ਵਿੱਚ ਸ਼ਾਮਿਲ ਹੋਣ ਦੀ ਦਾਵਤ ਵੀ ਦੇਣਗੇ ਅਤੇ ਤੁਸੀਂ ਉਨ੍ਹਾਂ ਦੀਆਂ ਬਲੀਆਂ ਦਾ ਭੋਜਨ ਕਰੋਂਗੇ। 16 ਹੋ ਸੱਕਦਾ ਹੈ ਕਿ ਤੁਸੀਂ ਆਪਣੇ ਪੁੱਤਰਾਂ ਲਈ ਉਨ੍ਹਾਂ ਦੀਆਂ ਧੀਆਂ ਨੂੰ ਪਤਨੀਆਂ ਵਜੋਂ ਚੁਣ ਲਵੋਂ। ਉਹ ਧੀਆਂ ਝੂਠੇ ਦੇਵਤਿਆਂ ਦੀ ਸੇਵਾ ਕਰਦੀਆਂ ਹਨ। ਉਹ ਤੁਹਾਡੇ ਪੁੱਤਰਾਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰ ਸੱਕਦੀਆਂ ਹਨ।

17 “ਕੋਈ ਬੁੱਤ ਨਾ ਬਣਾਉ।

18 “ਪਤੀਰੀ ਰੋਟੀ ਦੇ ਪਰਬ ਦਾ ਜਸ਼ਨ ਮਨਾਉ। ਸੱਤ ਦਿਨ ਤੱਕ ਉਹੀ ਪਤੀਰੀ ਰੋਟੀ ਖਾਓ, ਜਿਹਾ ਕਿ ਮੈਂ ਤੁਹਾਨੂੰ ਪਹਿਲਾਂ ਹੁਕਮ ਦਿੱਤਾ ਸੀ। ਅਜਿਹਾ ਉਸ ਮਹੀਨੇ ਦੌਰਾਨ ਕਰੋ ਜਿਸਦੀ ਮੈਂ ਚੋਣ ਕੀਤੀ ਹੈ, ਅਬੀਬ ਦਾ ਮਹੀਨਾ। ਕਿਉਂਕਿ ਇਹੀ ਉਹ ਮਹੀਨਾ ਹੈ ਜਦੋਂ ਤੁਸੀਂ ਮਿਸਰ ਵਿੱਚੋਂ ਬਾਹਰ ਆਏ ਸੀ।

19 “ਕਿਸੇ ਵੀ ਔਰਤ ਦਾ ਪਹਿਲੋਠਾ ਨਰ ਬੱਚਾ ਮੇਰਾ ਹੈ। ਉਹ ਪਹਿਲੋਠੇ ਨਰ ਜਾਨਵਰ ਵੀ ਜਿਨ੍ਹਾਂ ਨੂੰ ਤੁਹਾਡੇ ਪਸ਼ੂ ਜਾਂ ਭੇਡਾਂ ਜਨਮ ਦਿੰਦੀਆਂ ਹਨ ਮੇਰੇ ਹਨ। 20 ਜੇ ਤੁਸੀਂ ਕਿਸੇ ਪਹਿਲੋਠੇ ਜੰਮੇ ਖੋਤੇ ਨੂੰ ਆਪਣੇ ਕੋਲ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ ਲੇਲਾ ਦੇਕੇ ਖਰੀਦ ਸੱਕਦੇ ਹੋ। ਪਰ ਜੇ ਤੁਸੀਂ ਇਸ ਖੋਤੇ ਨੂੰ ਲੇਲੇ ਨਾਲ ਨਹੀਂ ਖਰੀਦਦੇ, ਤਾਂ ਤੁਹਾਨੂੰ ਉਸ ਖੋਤੇ ਦੀ ਗਰਦਨ ਤੋੜ ਦੇਣੀ ਚਾਹੀਦੀ ਹੈ। ਤੁਹਾਨੂੰ ਚਾਹੀਦਾ ਹੈ ਕਿ ਆਪਣੇ ਸਾਰੇ ਪਹਿਲੋਠੇ ਪੁੱਤਰ ਮੇਰੇ ਪਾਸੋਂ ਵਪਸ ਖਰੀਦੋਂ। ਕੋਈ ਵੀ ਬੰਦਾ ਬਿਨਾ ਸੁਗਾਤ ਦੇ ਮੇਰੇ ਕੋਲ ਨਹੀਂ ਆਉਣਾ ਚਾਹੀਦਾ।

21 “ਤੁਸੀਂ ਛੇ ਦਿਨ ਤੱਕ ਕੰਮ ਕਰੋਂਗੇ। ਪਰ ਸੱਤਵੇਂ ਦਿਨ ਤੁਹਾਨੂੰ ਅਰਾਮ ਕਰਨਾ ਚਾਹੀਦਾ ਹੈ। ਤੁਹਾਨੂੰ ਫ਼ਸਲਾਂ ਬੀਜਣ ਅਤੇ ਵਢਣ ਦੇ ਸਮੇਂ ਦੌਰਾਨ ਵੀ ਅਰਾਮ ਕਰਨਾ ਚਾਹੀਦਾ ਹੈ।

22 “ਅੱਠਵਾਰੇ ਦੇ ਪਰਬ ਨੂੰ ਮਨਾਉ। ਇਸ ਤਿਉਹਾਰ ਲਈ ਕਣਕ ਦੀ ਫ਼ਸਲ ਦੇ ਪਹਿਲੇ ਦਾਣੇ ਵਰਤੋਂ। ਅਤੇ ਪਤਝੜ ਵਿੱਚ ਵਾਢੀ ਦਾ ਪਰਬ ਮਨਾਓ।

23 “ਤੁਹਾਡੇ ਸਾਰੇ ਆਦਮੀ ਸਾਲ ਵਿੱਚ ਤਿੰਨ ਵਾਰੀ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ, ਅਤੇ ਸੁਆਮੀ ਕੋਲ ਜ਼ਰੂਰ ਜਾਣ।

24 “ਜਦੋਂ ਤੁਸੀਂ ਆਪਣੀ ਧਰਤੀ ਤੇ ਜਾਵੋਂਗੇ, ਮੈਂ ਤੁਹਾਡੇ ਦੁਸ਼ਮਣਾਂ ਨੂੰ ਉਸ ਧਰਤੀ ਤੋਂ ਬਾਹਰ ਧੱਕ ਦਿਆਂਗਾ ਮੈਂ ਤੁਹਾਡੀਆਂ ਸਰਹੱਦਾਂ ਨੂੰ ਫ਼ੈਲਾ ਦਿਆਂਗਾ-ਤੁਹਾਨੂੰ ਹੋਰ ਧਰਤੀ ਮਿਲੇਗੀ। ਤੁਸੀਂ ਸਾਲ ਵਿੱਚ ਤਿੰਨ ਵਾਰੀ ਯਹੋਵਾਹ ਆਪਣੇ ਪਰਮੇਸ਼ੁਰ ਕੋਲ ਜਾਵੋਂਗੇ। ਉਸ ਸਮੇਂ ਕੋਈ ਵੀ ਬੰਦਾ ਤੁਹਾਡੇ ਕੋਲੋਂ ਤੁਹਾਡੀ ਧਰਤੀ ਖੋਹਣ ਦੀ ਕੋਸ਼ਿਸ਼ ਨਹੀਂ ਕਰੇਗਾ।

25 “ਜਦੋਂ ਵੀ ਤੁਸੀਂ ਮੈਨੂੰ ਬਲੀ ਦਾ ਖੂਨ ਚੜ੍ਹਾਵੋਂ ਤਾਂ ਉਸ ਵੇਲੇ ਕਦੇ ਵੀ ਖਮੀਰ ਨਾ ਚੜ੍ਹਾਓ।

“ਪਸਾਹ ਦੇ ਭੋਜਨ ਦਾ ਬੱਚਿਆਂ ਹੋਇਆ ਮਾਸ ਅਗਲੀ ਸਵੇਰ ਲਈ ਨਹੀਂ ਰੱਖਣਾ।

26 “ਆਪਣੀ ਵਾਢੀ ਦੀਆਂ ਪਹਿਲੀਆਂ ਫ਼ਸਲਾਂ ਯਹੋਵਾਹ ਨੂੰ ਦੇਵੋ। ਉਹ ਚੀਜ਼ਾ ਯਹੋਵਾਹ ਆਪਣੇ ਪਰਮੇਸ਼ੁਰ ਦੇ ਘਰ ਲੈ ਕੇ ਆਉ।

“ਕਦੇ ਵੀ ਕਿਸੇ ਬੱਕਰੀ ਦੇ ਬੱਚੇ ਨੂੰ ਉਸ ਦੇ ਮਾਂ ਦੇ ਦੁੱਧ ਵਿੱਚ ਨਾ ਪਕਾਉ।”

27 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਉਹ ਸਾਰੀਆਂ ਗੱਲਾਂ ਲਿਖ ਲੈ ਜੋ ਮੈਂ ਤੈਨੂੰ ਆਖੀਆਂ ਹਨ। ਉਹ ਗੱਲਾਂ ਉਹ ਇਕਰਾਰਨਾਮਾ ਹੈ ਜਿਹੜਾ ਮੈਂ ਤੁਹਾਡੇ ਅਤੇ ਇਸਰਾਏਲ ਦੇ ਲੋਕਾਂ ਨਾਲ ਕੀਤਾ ਹੈ।”

28 ਮੂਸਾ ਉੱਥੇ ਯਹੋਵਾਹ ਦੇ ਨਾਲ 40 ਦਿਨ ਅਤੇ 40 ਰਾਤਾਂ ਠਹਿਰਿਆ। ਮੂਸਾ ਨੇ ਨਾ ਕੋਈ ਭੋਜਨ ਖਾਧਾ ਨਾ ਕੋਈ ਪਾਣੀ ਪੀਤਾ। ਅਤੇ ਮੂਸਾ ਨੇ ਪੱਥਰ ਦੀਆਂ ਦੋ ਤਖਤੀਆਂ ਉੱਤੇ ਇਕਰਾਰਨਾਮੇ ਦੇ ਸ਼ਬਦ (ਦਸ ਹੁਕਮ) ਲਿਖੇ।

ਮੂਸਾ ਦਾ ਚਮਕਦਾ ਹੋਇਆ ਚਿਹਰਾ

29 ਫ਼ੇਰ ਮੂਸਾ ਸੀਨਈ ਪਰਬਤ ਤੋਂ ਹੇਠਾਂ ਉਤਰ ਆਇਆ। ਉਸ ਦੇ ਕੋਲ ਪੱਥਰ ਦੀਆਂ ਦੋ ਤਖਤੀਆਂ ਸਨ ਜਿਨ੍ਹਾਂ ਉੱਤੇ ਇਕਰਾਰਨਾਮਾ ਲਿਖਿਆ ਹੋਇਆ ਸੀ। ਮੂਸਾ ਦਾ ਚਿਹਰਾ ਚਮਕ ਰਿਹਾ ਸੀ ਕਿਉਂਕਿ ਉਸ ਨੇ ਯਹੋਵਾਹ ਨਾਲ ਗੱਲਾਂ ਕੀਤੀਆਂ ਸਨ। ਪਰ ਮੂਸਾ ਨੂੰ ਇਸ ਗੱਲ ਦਾ ਪਤਾ ਨਹੀਂ ਸੀ। 30 ਹਾਰੂਨ ਨੇ ਅਤੇ ਇਸਰਾਏਲ ਦੇ ਸਾਰੇ ਲੋਕਾਂ ਨੇ ਮੂਸਾ ਦਾ ਚਿਹਰਾ ਦੇਖਿਆ ਜਿਹੜਾ ਤੇਜ ਨਾਲ ਚਮਕ ਰਿਹਾ ਸੀ। ਇਸ ਲਈ ਉਹ ਉਸ ਦੇ ਕੋਲ ਜਾਣ ਤੋਂ ਡਰਦੇ ਸਨ। 31 ਪਰ ਮੂਸਾ ਨੇ ਉਨ੍ਹਾਂ ਨੂੰ ਬੁਲਾਇਆ। ਇਸ ਲਈ ਹਾਰੂਨ ਅਤੇ ਲੋਕਾਂ ਦੇ ਸਾਰੇ ਆਗੂ ਮੂਸਾ ਕੋਲ ਗਏ। ਮੂਸਾ ਨੇ ਉਨ੍ਹਾਂ ਨਾਲ ਗੱਲ ਕੀਤੀ। 32 ਇਸਤੋਂ ਮਗਰੋਂ ਇਸਰਾਏਲ ਦੇ ਸਾਰੇ ਲੋਕ ਮੂਸਾ ਦੇ ਨੇੜੇ ਆ ਗਏ। ਅਤੇ ਮੂਸਾ ਨੇ ਉਨ੍ਹਾਂ ਨੂੰ ਉਹ ਹੁਕਮ ਦਿੱਤੇ ਜਿਹੜੇ ਯਹੋਵਾਹ ਨੇ ਉਸ ਨੂੰ ਸੀਨਈ ਪਰਬਤ ਉੱਤੇ ਦਿੱਤੇ ਸਨ।

33 ਜਦੋਂ ਮੂਸਾ ਲੋਕਾਂ ਨਾਲ ਗੱਲ ਕਰ ਹਟਿਆ ਉਸ ਨੇ ਆਪਣੇ ਚਿਹਰੇ ਉੱਤੇ ਪਰਦਾ ਪਾ ਲਿਆ। 34 ਜਿਸ ਵੇਲੇ ਵੀ ਮੂਸਾ ਯਹੋਵਾਹ ਨਾਲ ਗੱਲ ਕਰਨ ਲਈ ਉਸ ਦੇ ਸਾਹਮਣੇ ਗਿਆ, ਮੂਸਾ ਨੇ ਉਹ ਪਰਦਾ ਲਾਹ ਦਿੱਤਾ। ਫ਼ੇਰ ਮੂਸਾ ਬਾਹਰ ਆਉਂਦਾ ਅਤੇ ਇਸਰਾਏਲ ਦੇ ਲੋਕਾਂ ਨੂੰ ਉਹ ਗੱਲਾਂ ਦੱਸਦਾ ਜਿਨ੍ਹਾਂ ਦਾ ਯਹੋਵਾਹ ਹੁਕਮ ਦਿੰਦਾ ਸੀ। 35 ਲੋਕ ਦੇਖਦੇ ਸਨ ਕਿ ਮੂਸਾ ਦਾ ਚਿਹਰਾ ਤੇਜ ਨਾਲ ਚਮਕਦਾ ਸੀ, ਇਸ ਲਈ ਮੂਸਾ ਆਪਣਾ ਚਿਹਰਾ ਫ਼ੇਰ ਢੱਕ ਲੈਂਦਾ ਸੀ। ਮੂਸਾ ਉਦੋਂ ਤੱਕ ਆਪਣਾ ਚਿਹਰਾ ਢੱਕੀ ਰੱਖਦਾ ਜਦੋਂ ਤੱਕ ਕਿ ਉਹ ਇੱਕ ਵਾਰੀ ਫ਼ੇਰ ਯਹੋਵਾਹ ਨਾਲ ਗੱਲ ਕਰਨ ਲਈ ਅੰਦਰ ਨਹੀਂ ਸੀ ਜਾਂਦਾ।

ਸਬਤ ਦੇ ਬਾਰੇ ਬਿਧੀਆਂ

35 ਮੂਸਾ ਨੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਇਕੱਠਿਆ ਕੀਤਾ। ਮੂਸਾ ਨੇ ਉਨ੍ਹਾਂ ਨੂੰ ਆਖਿਆ, “ਮੈਂ ਤੁਹਾਨੂੰ ਉਹ ਗੱਲਾਂ ਦੱਸਾਂਗਾ ਜਿਨ੍ਹਾਂ ਬਾਰੇ ਯਹੋਵਾਹ ਨੇ ਤੁਹਾਨੂੰ ਕਰਨ ਲਈ ਹੁਕਮ ਦਿੱਤਾ ਹੈ:

“ਕਂਮ ਕਰਨ ਲਈ ਛੇ ਦਿਨ ਹਨ। ਪਰ ਸੱਤਵੇ ਦਿਨ ਤੁਹਾਡੇ ਲਈ ਬਹੁਤ ਅਰਾਮ ਕਰਨ ਦਾ ਖਾਸ ਦਿਨ ਹੋਵੇਗਾ। ਤੁਸੀਂ ਉਸ ਦਿਨ ਅਰਾਮ ਕਰਕੇ ਯਹੋਵਾਹ ਨੂੰ ਆਦਰ ਦਿਉਂਗੇ। ਜਿਹੜਾ ਵੀ ਬੰਦਾ ਸੱਤਵੇਂ ਦਿਨ ਕੰਮ ਕਰਦਾ ਹੈ ਉਹ ਮਾਰਿਆ ਜਾਣਾ ਚਾਹੀਦਾ ਹੈ। ਸਬਤ ਦੇ ਦਿਨ ਤੁਹਾਨੂੰ ਕਿਸੇ ਵੀ ਉਸ ਥਾਂ ਅੱਗ ਨਹੀਂ ਬਾਲਣੀ ਚਾਹੀਦੀ ਜਿੱਥੇ ਤੁਸੀਂ ਰਹਿੰਦੇ ਹੋ।”

ਪਵਿੱਤਰ ਤੰਬੂ ਲਈ ਚੀਜ਼ਾਂ

ਮੂਸਾ ਨੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਆਖਿਆ, “ਇਹੀ ਹੈ ਜਿਸਦਾ ਯਹੋਵਾਹ ਨੇ ਹੁਕਮ ਦਿੱਤਾ; ਯਹੋਵਾਹ ਲਈ ਖਾਸ ਸੁਗਾਤਾਂ ਇਕੱਠੀਆਂ ਕਰੋ। ਤੁਹਾਡੇ ਵਿੱਚੋਂ ਹਰ ਇੱਕ ਨੂੰ ਇਹ ਨਿਆਂ ਕਰਨਾ ਚਾਹੀਦਾ ਹੈ ਕਿ ਤੁਸੀਂ ਕੀ ਦੇਵੋਂਗੇ। ਅਤੇ ਫ਼ੇਰ ਤੁਹਾਨੂੰ ਉਹ ਸੁਗਾਤ ਯਹੋਵਾਹ ਲਈ ਲੈ ਕੇ ਆਉਣੀ ਚਾਹੀਦੀ ਹੈ। ਸੋਨਾ, ਚਾਂਦੀ ਅਤੇ ਪਿੱਤਲ, ਨੀਲਾ, ਬੈਂਗਣੀ ਅਤੇ ਲਾਲ ਸੂਤ ਅਤੇ ਮਹੀਨ ਲਿਨਨ, ਬੱਕਰੀ ਦੀ ਜੱਤ। ਭੇਡੂ ਦੀਆਂ ਲਾਲ ਰੰਗ ਵਿੱਚ ਰੰਗੀਆਂ ਖੱਲਾਂ ਅਤੇ ਕੀਮਤੀ ਚਮੜਾ, ਸ਼ਿੱਟੀਮ ਦੀ ਲੱਕੜ; ਦੀਵਿਆਂ ਲਈ ਤੇਲ, ਮਸਹ ਦੇ ਤੇਲ ਲਈ ਸਮਗਰੀ ਅਤੇ ਸੁਗੰਧਤ ਧੂਫ਼ ਦੀ ਸਮਗਰੀ ਲੈ ਕੇ ਆਉ। ਅਤੇ ਏਫ਼ੋਦ ਉੱਤੇ ਅਤੇ ਸੀਨੇ-ਬੰਦ ਉੱਤੇ ਲਾਉਣ ਲਈ ਸੁਲੇਮਾਨੀ ਪੱਥਰ ਅਤੇ ਹੋਰ ਬੇਸ਼ਕੀਮਤੀ ਪੱਥਰ ਲੈ ਕੇ ਆਉ।

10 “ਤੁਹਾਡੇ ਵਿੱਚੋਂ ਜਿਹੜੇ ਕਾਰੀਗਰ ਹੋਣ ਉਨ੍ਹਾਂ ਨੂੰ ਉਹ ਸਾਰੀਆਂ ਚੀਜ਼ਾਂ ਬਨਾਉਣੀਆਂ ਚਾਹੀਦੀਆਂ ਹਨ ਜਿਨ੍ਹਾਂ ਦਾ ਯਹੋਵਾਹ ਨੇ ਹੁਕਮ ਦਿੱਤਾ ਹੈ: 11 ਪਵਿੱਤਰ ਤੰਬੂ, ਇਸਦਾ ਬਾਹਰਲਾ ਤੰਬੂ, ਅਤੇ ਇਸਦੇ ਪਰਦੇ, ਕੁੰਡੀਆਂ, ਫ਼ੱਟੀਆਂ, ਚੋਬਾਂ ਅਤੇ ਚੀਥਾਂ, 12 ਪਵਿੱਤਰ ਸੰਦੂਕ, ਇਸ ਦੀਆਂ ਚੋਬਾਂ, ਕੱਜਣ ਅਤੇ ਉਹ ਪਰਦਾ ਜਿਹੜਾ ਉਸ ਥਾਂ ਨੂੰ ਢੱਕਦਾ ਹੈ ਜਿੱਥੇ ਸੰਦੂਕ ਹੁੰਦਾ ਹੈ, 13 ਮੇਜ, ਇਸ ਦੀਆਂ ਚੋਬਾਂ, ਮੇਜ ਉਤਲੀਆਂ ਸਾਰੀਆਂ ਚੀਜ਼ਾਂ ਅਤੇ ਮੇਜ ਉੱਪਰਲੀ ਖਾਸ ਰੋਟੀ, 14 ਰੌਸ਼ਨੀ ਲਈ ਵਰਤਿਆ ਜਾਣ ਵਾਲਾ ਸ਼ਮਾਦਾਨ ਅਤੇ ਸ਼ਮਾਦਾਨ ਦੇ ਨਾਲ ਵਰਤੀਆਂ ਜਾਣ ਵਾਲੀਆਂ ਚੀਜ਼ਾਂ, ਦੀਵੇ ਅਤੇ ਰੌਸ਼ਨੀ ਲਈ ਤੇਲ, 15 ਧੂਫ਼ ਧੁਖਾਉਣ ਵਾਲੀ ਜਗਵੇਦੀ, ਅਤੇ ਇਸ ਦੀਆਂ ਚੋਬਾਂ, ਮਸਹ ਵਾਲਾ ਤੇਲ, ਸੁਗੰਧਤ ਧੂਫ਼, ਉਹ ਪਰਦਾ ਜਿਹੜਾ ਪਵਿੱਤਰ ਤੰਬੂ ਦੇ ਪ੍ਰਵੇਸ਼ ਦੁਆਰ ਨੂੰ ਕੱਜਦਾ ਹੈ, 16 ਹੋਮ ਦੀਆਂ ਭੇਟਾ ਲਈ ਜਗਵੇਦੀ ਅਤੇ ਇਸਦੀ ਪਿੱਤਲ ਦੀ ਅੰਗੀਠੀ, ਚੋਬਾਂ ਅਤੇ ਜਗਵੇਦੀ ਉੱਤੇ ਇਸਤੇਮਾਲ ਹੋਣ ਵਾਲੀਆਂ ਸਾਰੀਆਂ ਚੀਜ਼ਾਂ, ਪਿੱਤਲ ਦਾ ਤਸਲਾ ਅਤੇ ਇਸਦੀ ਚੌਂਕੀ। 17 ਵਰਾਂਡੇ ਦੇ ਆਲੇ-ਦੁਆਲੇ ਦੇ ਪਰਦੇ ਉਨ੍ਹਾਂ ਦੀਆਂ ਚੋਬਾਂ ਅਤੇ ਚੀਥਾਂ ਅਤੇ ਉਹ ਪਰਦੇ ਜਿਹੜੇ ਵਰਾਂਡੇ ਦੇ ਪ੍ਰਵੇਸ਼ ਦੁਆਰ ਨੂੰ ਕੱਜਦੇ ਹਨ, 18 ਉਹ ਕਿੱਲੀਆਂ ਜਿਹੜੀਆਂ ਤੰਬੂ ਅਤੇ ਵਿਹੜੇ ਦੇ ਆਲੇ-ਦੁਆਲੇ ਦੇ ਪਰਿਦਆਂ ਦੀ ਕੰਧ ਨੂੰ ਰੋਕਦੀਆਂ ਹਨ ਅਤੇ ਕਿੱਲੀਆਂ ਨੂੰ ਬੰਨ੍ਹਣ ਵਾਲੀਆਂ ਰੱਸੀਆਂ, 19 ਅਤੇ ਪਵਿੱਤਰ ਸਥਾਨ ਉੱਤੇ ਪਹਿਨਣ ਵਾਲੇ ਜਾਜਕ ਦੇ ਖਾਸ ਉਣੇ ਹੋਏ ਵਸਤਰ। ਇਹ ਜਾਜਕ ਹਾਰੂਨ ਅਤੇ ਉਸ ਦੇ ਪੁੱਤਰਾਂ ਦੇ ਪਹਿਨਣ ਵਾਲੇ ਖਾਸ ਵਸਤਰ ਹਨ। ਜਦੋਂ ਉਹ ਜਾਜਕ ਵਜੋਂ ਸੇਵਾ ਕਰਨਗੇ ਤਾਂ ਇਹ ਵਸਤਰ ਪਹਿਨਣਗੇ।”

ਲੋਕਾਂ ਦੀਆਂ ਮਹਾਨ ਭੇਟਾਂ

20 ਫ਼ੇਰ ਇਸਰਾਏਲ ਦੇ ਸਾਰੇ ਲੋਕ ਮੂਸਾ ਕੋਲੋਂ ਚੱਲੇ ਗਏ। 21 ਉਹ ਸਾਰੇ ਲੋਕ ਜਿਹੜੇ ਦੇਣਾ ਚਾਹੁੰਦੇ ਸਨ, ਆਏ ਅਤੇ ਯਹੋਵਾਹ ਲਈ ਭੇਟਾਂ ਲਿਆਏ। ਇਨ੍ਹਾਂ ਸੁਗਾਤਾਂ ਦੀ ਵਰਤੋਂ ਮੰਡਲੀ ਵਾਲੇ ਤੰਬੂ, ਤੰਬੂ ਵਿੱਚਲੀਆਂ ਸਾਰੀਆਂ ਚੀਜ਼ਾਂ ਅਤੇ ਖਾਸ ਵਸਤਰਾਂ ਲਈ ਕੀਤੀ। 22 ਉਹ ਸਾਰੇ ਆਦਮੀ ਤੇ ਔਰਤਾਂ ਜਿਹੜੇ ਦੇਣਾ ਚਾਹੁੰਦੇ ਸਨ, ਹਰ ਕਿਸਮ ਦੇ ਸੋਨੇ ਦੇ ਗਹਿਣੇ ਲੈ ਕੇ ਆਏ। ਉਹ ਸੂਈਆਂ, ਕੰਨਾਂ ਦੀਆਂ ਵਾਲੀਆਂ, ਅੰਗੂਠੀਆਂ ਅਤੇ ਹੋਰ ਗਹਿਣੇ ਲੈ ਕੇ ਆਏ। ਉਨ੍ਹਾਂ ਨੇ ਆਪਣੇ ਸਾਰੇ ਗਹਿਣੇ ਯਹੋਵਾਹ ਨੂੰ ਭੇਂਟ ਕਰ ਦਿੱਤੇ। ਇਹ ਯਹੋਵਾਹ ਲਈ ਖਾਸ ਭੇਟਾ ਸਨ।

23 ਪਰ ਉਹ ਬੰਦਾ ਜਿਸਦੇ ਕੋਲ ਮਹੀਨ ਲਿਨਨ ਅਤੇ ਨੀਲਾ, ਬੈਂਗਣੀ ਅਤੇ ਲਾਲ ਸੂਤ ਸੀ ਉਹ ਇਸ ਨੂੰ ਯਹੋਵਾਹ ਲਈ ਲੈ ਆਇਆ। ਜਿਸ ਕਿਸੇ ਦੇ ਕੋਲ ਬੱਕਿਆਨ ਦੇ ਵਾਲ ਸਨਜਾਂ ਭੇਡੂਆਂ ਦੀਆਂ, ਲਾਲ ਰੰਗ ਵਿੱਚ ਰੰਗੀਆਂ ਹੋਈਆਂ ਖੱਲਾਂ ਸਨਜਾਂ ਕੀਮਤੀ ਚਮੜਾ ਸੀ ਉਹ ਇਸ ਨੂੰ ਯਹੋਵਾਹ ਲਈ ਲੈ ਆਇਆ। 24 ਹਰ ਬੰਦਾ ਜਿਹੜਾ ਚਾਂਦੀ ਜਾਂ ਪਿੱਤਲ ਦੇਣਾ ਚਾਹੁੰਦਾ ਸੀ, ਉਹ ਇਸ ਨੂੰ ਯਹੋਆਹ ਲਈ ਭੇਂਟ ਵਜੋਂ ਲੈ ਕੇ ਆਇਆ। ਹਰ ਉਹ ਬੰਦਾ ਜਿਸਦੇ ਕੋਲ ਸ਼ਿੱਟੀਮ ਦੀ ਲੱਕੜੀ ਸੀ, ਆਇਆ ਅਤੇ ਇਹ ਯਹੋਵਾਹ ਲਈ ਅਰਪਨ ਕਰ ਦਿੱਤੀ। 25 ਹਰ ਸੁਘੜ-ਸਿਆਣੀ ਨੇ ਨੀਲਾ, ਬੈਂਗਣੀ ਅਤੇ ਲਾਲ ਸੂਤ ਅਤੇ ਮਹੀਨ ਲਿਨਨ ਦਾ ਧਾਗਾ ਬਣਇਆ। 26 ਅਤੇ ਉਹ ਸਾਰੀਆਂ ਔਰਤਾਂ ਜੋ ਸੁੱਘੜ ਸਨ ਅਤੇ ਸਹਾਇਤਾ ਕਰਨੀ ਚਾਹੁੰਦੀਆਂ ਸਨ ਉਨ੍ਹਾਂ ਨੇ ਬੱਕਰੀ ਦੀ ਪਸ਼ਮ ਤੋਂ ਕੱਪੜਾ ਬਣਾਇਆ।

27 ਆਗੂ ਸੁਲੇਮਾਨੀ ਪੱਥਰ ਅਤੇ ਹੋਰ ਬੇਸ਼ਕੀਮਤੀ ਪੱਥਰ ਲਿਆਏ ਜੋ ਏਫ਼ੋਦ ਉੱਤੇ ਅਤੇ ਸਿਨੇ-ਬੰਦ ਉੱਤੇ ਪਾਏ ਜਾਣ ਵਾਲੇ ਸਨ। 28 ਆਗੂ ਮਸਾਲੇ ਅਤੇ ਜੈਤੂਨ ਦਾ ਤੇਲ ਵੀ ਲੈ ਆਏ। ਇਨ੍ਹਾਂ ਚੀਜ਼ਾਂ ਦੀ ਵਰਤੋਂ ਸੁਗੰਧਤ ਧੂਫ਼, ਮਸਹ ਵਾਲੇ ਤੇਲ ਲਈ ਅਤੇ ਦੀਵਿਆਂ ਦੇ ਤੇਲ ਲਈ ਕੀਤੀ ਗਈ ਸੀ।

29 ਇਸਰਾਏਲ ਦੇ ਇਹ ਸਾਰੇ ਲੋਕ ਜਿਹੜੇ ਸਹਾਇਤਾ ਕਰਨੀ ਚਾਹੁੰਦੇ ਸਨ, ਯਹੋਵਾਹ ਲਈ ਸੁਗਾਤਾਂ ਲੈ ਕੇ ਆਏ। ਲੋਕਾਂ ਨੇ ਇਹ ਸੁਗਾਤਾਂ ਮੁਫ਼ਤ ਦਿੱਤੀਆਂ ਕਿਉਂਕਿ ਉਹ ਇਹੀ ਚਾਹੁੰਦੇ ਸਨ। ਇਨ੍ਹਾਂ ਸੁਗਾਤਾਂ ਦੀ ਵਰਤੋਂ ਉਨ੍ਹਾਂ ਸਾਰੀਆਂ ਚੀਜ਼ਾਂ ਬਨਾਉਣ ਲਈ ਕੀਤੀ ਗਈ ਜਿਸ ਬਾਰੇ ਯਹੋਵਾਹ ਨੇ ਮੂਸਾ ਅਤੇ ਲੋਕਾਂ ਨੂੰ ਬਨਾਉਣ ਲਈ ਆਖਿਆ ਸੀ।

ਬਸਲਏਲ ਅਤੇ ਆਹਾਲੀਆਬ

30 ਫ਼ੇਰ ਮੂਸਾ ਨੇ ਇਸਰਾਏਲ ਦੇ ਲੋਕਾਂ ਨੂੰ ਆਖਿਆ, “ਦੇਖੋ, ਯਹੋਵਾਹ ਨੇ ਯਹੂਦਾਹ ਦੇ ਪਰਿਵਾਰ-ਸਮੂਹ ਵਿੱਚੋਂ ਊਰੀ ਦੇ ਪੁੱਤਰ ਬਸਲੇਲ ਨੂੰ ਚੁਣਿਆ ਹੈ। (ਊਰੀ ਹੂਰ ਦਾ ਪੁੱਤਰ ਸੀ।) 31 ਯਹੋਵਾਹ ਨੇ ਬਸਲਏਲ ਦੇ ਅੰਦਰ ਪਰਮੇਸ਼ੁਰ ਦਾ ਆਤਮਾ ਭਰ ਦਿੱਤਾ। ਉਸ ਨੇ ਬਸਲਏਲ ਨੂੰ ਸਭ ਤਰ੍ਹਾਂ ਦੀਆਂ ਗੱਲਾਂ ਕਰਨ ਲਈ ਖਾਸ ਯੋਗਤਾ ਅਤੇ ਗਿਆਨ ਦਿੱਤਾ ਹੈ। 32 ਉਹ ਸੋਨੇ ਚਾਂਦੀ ਅਤੇ ਪਿੱਤਲ ਦੀਆਂ ਚੀਜ਼ਾਂ ਤਰਾਸ਼ ਸੱਕਦਾ ਹੈ ਤੇ ਬਣਾ ਸੱਕਦਾ ਹੈ। 33 ਉਹ ਕੀਮਤੀ-ਪੱਥਰ ਅਤੇ ਹੀਰੇ ਤਰਾਸ਼ ਸੱਕਦਾ ਹੈ ਅਤੇ ਉਨ੍ਹਾਂ ਨੂੰ ਜੜ ਸੱਕਦਾ ਹੈ। ਬਸਲਏਲ ਲੱਕੜ ਦਾ ਕੰਮ ਕਰ ਸੱਕਦਾ ਹੈ ਅਤੇ ਹਰ ਤਰ੍ਹਾਂ ਦੀਆਂ ਚੀਜ਼ਾਂ ਬਣਾ ਸੱਕਦਾ ਹੈ। 34 ਯਹੋਵਾਹ ਨੇ ਬਸਲਏਲ ਅਤੇ ਆਹਾਲੀਆਬ ਨੂੰ ਹੋਰਨਾਂ ਲੋਕਾਂ ਨੂੰ ਸਿੱਖਿਆ ਦੇਣ ਦੀ ਯੋਗਤਾ ਦਿੱਤੀ ਹੈ। (ਆਹਾਲੀਆਬ ਦਾਨ ਦੇ ਪਰਿਵਾਰ-ਸਮੂਹ ਵਿੱਚੋਂ ਅਹੀਸਾਮਾਕ ਦਾ ਪੁੱਤਰ ਸੀ।) 35 ਯਹੋਵਾਹ ਨੇ ਇਨ੍ਹਾਂ ਦੋਹਾਂ ਬੰਦਿਆਂ ਨੂੰ ਹਰ ਤਰ੍ਹਾਂ ਦਾ ਕੰਮ ਕਰਨ ਦੀ ਖਾਸ ਯੋਗਤਾ ਦਿੱਤੀ ਹੈ। ਉਹ ਤਰੱਖਾਣਾਂ ਅਤੇ ਠਠੇਰਿਆਂ ਦਾ ਕੰਮ ਕਰਨ ਦੇ ਯੋਗ ਹਨ। ਉਹ ਕੱਪੜਾ ਬੁਣ ਸੱਕਦੇ ਹਨ ਅਤੇ ਇਸ ਉੱਪਰ ਨੀਲੇ ਬੈਂਗਣੀ ਅਤੇ ਲਾਲ ਸੂਤ ਦੇ ਨਮੂਨੇ ਬਣਾ ਸੱਕਦੇ ਹਨ ਅਤੇ ਮਹੀਨ ਲਿਨਨ ਬੁਣ ਸੱਕਦੇ ਹਨ। ਅਤੇ ਉਹ ਉੱਨ ਦੀਆਂ ਚੀਜ਼ਾਂ ਬੁਣ ਸੱਕਦੇ ਹਨ।

ਮੱਤੀ 22:23-46

ਕੁਝ ਸਦੂਕੀਆਂ ਨੇ ਯਿਸੂ ਨਾਲ ਚਾਲ ਚੱਲੀ(A)

23 ਉਸੇ ਦਿਨ, ਕੁਝ ਸਦੂਕੀ ਯਿਸੂ ਕੋਲ ਆਏ। ਉਹ ਵਿਸ਼ਵਾਸ ਕਰਦੇ ਸਨ ਕਿ ਪੁਨਰ ਉਥਾਨ ਨਹੀਂ ਹੈ। ਅਤੇ ਇਹ ਕਹਿਕੇ ਉਸਤੋਂ ਸਵਾਲ ਪੁੱਛਿਆ, 24 ਕਿ “ਗੁਰੂ ਜੀ ਮੂਸਾ ਨੇ ਆਖਿਆ ਸੀ ਕਿ ਜੇ ਕੋਈ ਵਿਆਹੁਤਾ ਮਰਦ ਬੇਉਲਾਦ ਮਰ ਜਾਵੇ ਤਾਂ ਉਸਦਾ ਭਰਾ ਉਸਦੀ ਪਤਨੀ ਨਾਲ ਵਿਆਹ ਕਰ ਲਵੇ। ਅਤੇ ਉਸ ਨੂੰ ਆਪਣੇ ਭਰਾ ਲਈ ਵਾਰਿਸ ਦੇਣ ਲਈ ਬੱਚੇ ਪੈਦਾ ਕਰਨੇ ਚਾਹੀਦੇ ਹਨ। [a] 25 ਸਾਡੇ ਵਿੱਚਕਾਰ ਸੱਤ ਭਰਾ ਸਨ। ਪਹਿਲੇ ਨੇ ਵਿਆਹ ਕੀਤਾ ਅਤੇ ਮਰ ਗਿਆ। ਕਿਉਂ ਜੋ ਉਸਦੀ ਕੋਈ ਉਲਾਦ ਨਹੀਂ ਸੀ, ਉਸ ਦੇ ਭਰਾ ਨੇ ਉਸਦੀ ਵਿਧਵਾ ਨਾਲ ਵਿਆਹ ਕਰਵਾ ਲਿਆ। 26 ਦੂਜੇ ਅਤੇ ਤੀਜੇ ਭਰਾ ਤੋਂ ਲੈ ਕੇ ਸੱਤਾਂ ਭਰਾਵਾਂ ਨਾਲ ਇਵੇਂ ਹੀ ਵਾਪਰਿਆ। 27 ਸਾਰਿਆਂ ਦੇ ਪਿੱਛੋਂ ਉਹ ਔਰਤ ਵੀ ਮਰ ਗਈ। 28 ਇਸ ਲਈ, ਜਿਵੇਂ ਕਿ ਸਾਰੇ ਭਰਾਵਾਂ ਨੇ ਉਸ ਨਾਲ ਵਿਆਹ ਕੀਤਾ, ਪੁਨਰ ਉਥਾਨ ਦੇ ਦਿਨ ਉਹ ਕਿਸਦੀ ਪਤਨੀ ਹੋਵੇਗੀ?”

29 ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਤੁਸੀਂ ਭੁੱਲ ਵਿੱਚ ਹੋ ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਪੋਥੀਆਂ ਕੀ ਆਖਦੀਆਂ ਹਨ। ਅਤੇ ਤੁਸੀਂ ਪਰਮੇਸ਼ੁਰ ਦੀ ਸ਼ਕਤੀ ਬਾਰੇ ਨਹੀਂ ਜਾਣਦੇ। 30 ਕਿਉਂ ਜੋ ਪੁਨਰ ਉਥਾਨ ਤੋਂ ਬਾਦ, ਉੱਥੇ ਕੋਈ ਵਿਆਹ ਨਹੀਂ ਹੋਵੇਗਾ। ਉਹ ਇੱਕ ਦੂਜੇ ਨਾਲ ਵਿਆਹੇ ਨਹੀਂ ਜਾਨਗੇ। ਉਹ ਸਵਰਗ ਵਿੱਚ ਦੂਤਾਂ ਵਾਂਗ ਹੋਣਗੇ। 31 ਕੀ ਤੁਸੀਂ ਉਹ ਨਹੀਂ ਪੜ੍ਹਿਆ ਜੋ ਪਰਮੇਸ਼ੁਰ ਨੇ ਮੁਰਦਿਆਂ ਦੇ ਪੁਨਰ ਉਥਾਨ ਬਾਰੇ ਲਿਖਿਆ ਹੈ। 32 ‘ਕਿ ਮੈਂ ਅਬਰਾਹਾਮ ਦਾ ਪਰਮੇਸ਼ੁਰ ਅਤੇ ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ ।’ [b] ਉਹ ਮੁਰਦਿਆਂ ਦਾ ਪਰਮੇਸ਼ੁਰ ਨਹੀਂ ਜਿਉਂਦਿਆਂ ਦਾ ਹੈ।”

33 ਲੋਕ ਉਸਦਾ ਇਹ ਉਪਦੇਸ਼ ਸੁਣਕੇ ਹੈਰਾਨ ਹੋਏ।

ਕਿਹੜਾ ਨੇਮ ਸਭ ਤੋਂ ਜ਼ਰੂਰੀ ਹੈ(B)

34 ਜਦੋਂ ਫ਼ਰੀਸੀਆਂ ਨੇ ਸੁਣਿਆ ਕਿ ਉਸ ਨੇ ਸਦੂਕੀਆਂ ਦਾ ਮੂੰਹ ਬੰਦ ਕਰ ਦਿੱਤਾ ਹੈ ਤਾਂ ਉਹ ਇੱਕ ਥਾਂ ਇਕੱਠੇ ਹੋਏ। 35 ਇੱਕ ਫ਼ਰੀਸੀ ਜੋ ਮੂਸਾ ਦੀ ਸ਼ਰ੍ਹਾ ਦਾ ਉਸਤਾਦ ਸੀ ਯਿਸੂ ਨੂੰ ਪਰਤਾਉਣ ਲਈ ਉਸ ਨੂੰ ਇੱਕ ਸਵਾਲ ਪੁੱਛਿਆ, 36 ਫ਼ਰੀਸੀ ਨੇ ਆਖਿਆ, “ਗੁਰੂ ਜੀ, ਸ਼ਰ੍ਹਾ ਵਿੱਚ ਸਭ ਤੋਂ ਜ਼ਰੂਰੀ ਹੁਕਮ ਕਿਹੜਾ ਹੈ?”

37 ਯਿਸੂ ਨੇ ਜਵਾਬ ਦਿੱਤਾ, “ਤੈਨੂੰ ਆਪਣੇ ਪ੍ਰਭੂ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ, ਆਪਣੀ ਸਾਰੀ ਰੂਹ ਨਾਲ, ਅਤੇ ਪੂਰੇ ਮਨ ਨਾਲ ਪਿਆਰ ਕਰਨਾ ਚਾਹੀਦਾ। [c] 38 ਪਹਿਲਾ ਅਤੇ ਇਹੀ ਸਭ ਤੋਂ ਜ਼ਰੂਰੀ ਹੁਕਮ ਹੈ। 39 ਅਤੇ ਦੂਜਾ ਹੁਕਮ ਵੀ ਪਹਿਲੇ ਜਿੰਨਾ ਹੀ ਮਹੱਤਵਪੂਰਣ ਹੈ: ‘ਤੈਨੂੰ ਆਪਣੇ ਗੁਆਂਢੀ ਨੂੰ ਉਵੇਂ ਹੀ ਪਿਆਰ ਕਰਨਾ ਚਾਹੀਦਾ ਹੈ ਜਿਵੇਂ ਤੂੰ ਆਪਣੇ-ਆਪ ਨੂੰ ਪਿਆਰ ਕਰਦਾ ਹੈਂ। [d] 40 ਇਨ੍ਹਾਂ ਦੋਹਾਂ ਹੁਕਮਾਂ ਉੱਤੇ ਹੀ ਸਾਰੇ ਨੇਮ ਅਤੇ ਨਬੀਆਂ ਦੀਆਂ ਲਿਖਤਾਂ ਟਿਕੇ ਹੋਏ ਹਨ।”

ਯਿਸੂ ਦਾ ਫ਼ਰੀਸੀਆਂ ਨੂੰ ਇੱਕ ਸਵਾਲ(C)

41 ਜਦੋਂ ਫ਼ਰੀਸੀ ਇਕੱਠੇ ਹੋਏ, ਤਾਂ ਯਿਸੂ ਨੇ ਉਨ੍ਹਾਂ ਨੂੰ ਇੱਕ ਸਵਾਲ ਪੁੱਛਿਆ। 42 “ਤੁਸੀਂ ਮਸੀਹ ਬਾਰੇ ਕੀ ਸੋਚਦੇ ਹੋ। ਕਿ ਉਹ ਕਿਸਦਾ ਪੁੱਤਰ ਹੈ?”

ਉਨ੍ਹਾਂ ਨੇ ਯਿਸੂ ਨੂੰ ਕਿਹਾ, “ਦਾਊਦ ਦਾ ਪੁੱਤਰ।”

43 ਤਾਂ ਯਿਸੂ ਨੇ ਉਨ੍ਹਾਂ ਨੂੰ ਆਖਿਆ, “ਤਾਂ ਫ਼ਿਰ ਦਾਊਦ ਪਵਿੱਤਰ ਆਤਮਾ ਰਾਹੀਂ ਉਸ ਨੂੰ ‘ਪ੍ਰਭੂ’ ਕਿਉਂ ਬੁਲਾਉਂਦਾ ਹੈ? ਜਦੋਂ ਉਸ ਨੇ ਇਹ ਆਖਿਆ,

44 ‘ਪ੍ਰਭੂ ਨੇ ਮੇਰੇ ਪ੍ਰਭੂ ਨੂੰ ਆਖਿਆ,
ਤੂੰ ਮੇਰੇ ਸੱਜੇ ਪਾਸੇ ਬੈਠ ਜਦ
    ਤੀਕਰ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰਾਂ ਹੇਠ ਨਾ ਕਰ ਦਿਆਂ।’ (D)

45 ਇਸ ਲਈ ਜੇਕਰ ਦਾਊਦ ਉਸ ਨੂੰ ‘ਪ੍ਰਭੂ’, ਬੁਲਾਉਂਦਾ ਹੈ, ਤਾਂ ਉਹ ਉਸਦਾ ਪੁੱਤਰ ਕਿਵੇਂ ਹੋ ਸੱਕਦਾ ਹੈ?”

46 ਕੋਈ ਵੀ ਫ਼ਰੀਸੀ ਯਿਸੂ ਦੇ ਸਵਾਲ ਦਾ ਜਵਾਬ ਨਾ ਦੇ ਸੱਕਿਆ। ਉਸ ਦਿਨ ਤੋਂ ਬਾਦ, ਕਿਸੇ ਨੇ ਵੀ ਉਸ ਨੂੰ ਕੋਈ ਹੋਰ ਸਵਾਲ ਕਰਨ ਦਾ ਹੌਂਸਲਾ ਨਾ ਕੀਤਾ।

Punjabi Bible: Easy-to-Read Version (ERV-PA)

2010 by World Bible Translation Center