Old/New Testament
ਜਾਜਕਾਂ ਲਈ ਬਿਧੀਆਂ
21 ਯਹੋਵਾਹ ਨੇ ਮੂਸਾ ਨੂੰ ਆਖਿਆ, “ਹਾਰੂਨ ਦੇ ਪੁੱਤਰਾਂ, ਜਾਜਕਾਂ ਨੂੰ ਇਹ ਗੱਲਾਂ ਆਖ; ਆਪਣੇ ਲੋਕਾਂ ਦਰਮਿਆਨ ਹੋਈ ਮੌਤ ਕਾਰਣ ਜਾਜਕ ਨੂੰ ਆਪਣੇ-ਆਪ ਨੂੰ ਪਲੀਤ ਨਹੀਂ ਕਰਨਾ ਚਾਹੀਦਾ। 2 ਪਰ ਜੇ ਮਰਿਆ ਹੋਇਆ ਬੰਦਾ ਉਸਦਾ ਨਜ਼ਦੀਕੀ ਰਿਸ਼ਤੇਦਾਰ ਸੀ ਤਾਂ ਉਹ ਆਪਣੇ-ਆਪ ਨੂੰ ਪਲੀਤ ਕਰ ਸੱਕਦਾ ਹੈ। ਇਸ ਵਿੱਚ ਉਸਦੀ ਮਾਤਾ, ਉਸਦਾ ਪਿਤਾ, ਉਸਦਾ ਪੁੱਤਰ ਜਾਂ ਧੀ, ਉਸਦਾ ਭਰਾ ਜਾਂ 3 ਉਸਦੀ ਅਣਵਿਆਹੀ ਭੈਣ ਸ਼ਾਮਿਲ ਹੈ। (ਇਹ ਭੈਣ ਉਸ ਦੇ ਨਜ਼ਦੀਕ ਹੈ ਕਿਉਂਕਿ ਉਸਦਾ ਕੋਈ ਪਤੀ ਨਹੀਂ। ਇਸ ਲਈ ਜਾਜਕ ਉਸ ਵਾਸਤੇ ਆਪਣੇ ਆਪ ਨੂੰ ਪਲੀਤ ਕਰ ਸੱਕਦਾ ਹੈ ਜੇ ਉਹ ਮਰ ਜਾਂਦੀ ਹੈ।) 4 ਪਰ ਉਸ ਨੂੰ ਆਪਣੇ-ਆਪਨੂੰ ਪਲੀਤ ਨਹੀਂ ਕਰਨਾ ਚਾਹੀਦਾ ਜੇ ਮਰਿਆ ਹੋਇਆ ਬੰਦਾ ਸ਼ਾਦੀ ਕਾਰਣ ਹੀ ਉਸ ਦੇ ਨਾਲ ਜੁੜਿਆ ਹੋਇਆ ਸੀ।
5 “ਜਾਜਕਾਂ ਨੂੰ ਆਪਣੇ ਸਿਰ ਨਹੀਂ ਮੁਨਵਾਉਣੇ ਚਾਹੀਦੇ। ਉਨ੍ਹਾਂ ਨੂੰ ਆਪਣੀਆਂ ਦਾਹੜੀਆਂ ਦੇ ਸਿਰੇ ਨਹੀਂ ਮੁਨਾਉਣੇ ਚਾਹੀਦੇ ਅਤੇ ਆਪਣੇ ਜਿਸਮਾਂ ਉੱਤੇ ਚੀਰੇ ਨਹੀਂ ਲਾਉਣੇ ਚਾਹੀਦੇ। [a] 6 ਉਨ੍ਹਾਂ ਨੂੰ ਆਪਣੇ ਪਰਮੇਸ਼ੁਰ ਲਈ ਪਵਿੱਤਰ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਆਪਣੇ ਪਰਮੇਸ਼ੁਰ ਦੇ ਨਾਮ ਦਾ ਨਿਰਾਦਰ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਯਹੋਵਾਹ ਨੂੰ ਅੱਗ ਦੁਆਰਾ ਚੜ੍ਹਾਵੇ (ਉਨ੍ਹਾਂ ਦੇ ਪਰਮੇਸ਼ੁਰ ਦਾ ਭੋਜਨ) ਚੜ੍ਹਾਉਂਦੇ ਹਨ। ਇਸ ਲਈ ਉਨ੍ਹਾਂ ਨੂੰ ਪਵਿੱਤਰ ਹੋਣਾ ਚਾਹੀਦਾ ਹੈ।
7 “ਇੱਕ ਜਾਜਕ ਆਪਣੇ ਪਰਮੇਸ਼ੁਰ ਲਈ ਪਵਿੱਤਰ ਹੈ। ਇਸ ਲਈ ਜਾਜਕ ਨੂੰ ਕਿਸੇ ਵੇਸਵਾ, ਕਿਸੇ ਕਲੰਕਤ ਔਰਤ ਜਾਂ ਤਲਾਕਸ਼ੁਦਾ ਔਰਤ ਨਾਲ ਸ਼ਾਦੀ ਨਹੀਂ ਕਰਨੀ ਚਾਹੀਦੀ। 8 ਤੁਹਾਨੂੰ ਜਾਜਕ ਨਾਲ ਨਾਪਾਕ ਤਰੀਕੇ ਨਾਲ ਪੇਸ਼ ਨਹੀਂ ਆਉਣਾ ਚਾਹੀਦਾ। ਕਿਉਂਕਿ ਉਹ ਤੁਹਾਡੇ ਪਰਮੇਸ਼ੁਰ ਦਾ ਭੋਜਨ ਹਾਜ਼ਰ ਕਰਦਾ ਹੈ, ਅਤੇ ਮੈਂ ਪਵਿੱਤਰ ਹਾਂ। ਮੈਂ ਯਹੋਵਾਹ ਹਾਂ ਅਤੇ ਮੈਂ ਤੁਹਾਨੂੰ ਪਵਿੱਤਰ ਬਣਾਉਂਦਾ ਹਾਂ।
9 “ਜੇ ਕਿਸੇ ਜਾਜਕ ਦੀ ਧੀ ਵੇਸਵਾ ਬਣ ਜਾਵੇ ਅਤੇ ਆਪਣੇ-ਆਪ ਨੂੰ ਕਲੰਕਤ ਕਰ ਲਵੇ ਉਹ ਆਪਣੇ ਪਿਉ ਨੂੰ ਵੀ ਕਲੰਕਤ ਕਰ ਦਿੰਦੀ ਹੈ। ਇਸ ਲਈ ਉਸ ਨੂੰ ਜਿੰਦਾ ਸਾੜ ਦੇਣਾ ਚਾਹੀਦਾ ਹੈ।
10 “ਪਰਧਾਨ ਜਾਜਕ ਨੂੰ ਉਸ ਦੇ ਭਰਾਵਾਂ ਵਿੱਚੋਂ ਚੁਣਿਆ ਗਿਆ ਸੀ। ਮਸਹ ਵਾਲਾ ਤੇਲ ਉਸ ਦੇ ਸਿਰ ਤੇ ਲਾਇਆ ਗਿਆ ਸੀ। ਇਸ ਤਰ੍ਹਾਂ ਨਾਲ ਉਸ ਨੂੰ ਪਰਧਾਨ ਜਾਜਕ ਦੀ ਖਾਸ ਸੇਵਾ ਲਈ ਚੁਣਿਆ ਗਿਆ ਸੀ। ਉਸ ਨੂੰ ਖਾਸ ਕੱਪੜੇ ਪਹਿਨਣ ਲਈ ਚੁਣਿਆ ਗਿਆ ਸੀ। ਇਸ ਲਈ ਉਸ ਨੂੰ ਅਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜਿਹੜੀਆਂ ਲੋਕਾਂ ਵਿੱਚ ਉਸਦੀ ਉਦਾਸੀ ਨੂੰ ਦਰਸਾਉਣ। ਉਸ ਨੂੰ ਆਪਣੇ ਵਾਲ ਵੱਧਣ ਨਹੀਂ ਦੇਣੇ ਚਾਹੀਦੇ। ਉਸ ਨੂੰ ਆਪਣੇ ਕੱਪੜੇ ਨਹੀਂ ਪਾੜਨੇ ਚਾਹੀਦੇ। 11 ਉਸ ਨੂੰ ਕਿਸੇ ਮੁਰਦਾ ਸ਼ਰੀਰ ਦੇ ਕੋਲ ਜਾਕੇ ਆਪਣੇ-ਆਪ ਨੂੰ ਪਲੀਤ ਨਹੀਂ ਕਰਨਾ ਚਾਹੀਦਾ ਭਾਵੇਂ ਲਾਸ਼ ਉਸਦੀ ਮਾਂ ਹੋਵੇ ਜਾਂ ਪਿਉ ਦੀ। 12 ਪਰਧਾਨ ਜਾਜਕ ਨੂੰ ਪਰਮੇਸ਼ੁਰ ਦੇ ਪਵਿੱਤਰ ਸਥਾਨ ਤੋਂ ਬਾਹਰ ਨਹੀਂ ਜਾਣਾ ਚਾਹੀਦਾ। ਜੇ ਉਹ ਜਾਵੇਗਾ ਤਾਂ ਉਹ ਪਲੀਤ ਹੋ ਸੱਕਦਾ ਹੈ ਅਤੇ ਉਹ ਪਰਮੇਸ਼ੁਰ ਦੇ ਪਵਿੱਤਰ ਸਥਾਨ ਨੂੰ ਵੀ ਪਲੀਤ ਕਰ ਸੱਕਦਾ ਹੈ। ਕਿਉਂਕਿ ਉਸ ਨੂੰ ਉਸ ਦੇ ਪਰਮੇਸ਼ੁਰ ਦਾ ਮਸਹ ਕਰਨ ਵਾਲਾ ਤੇਲ ਉਸ ਦੇ ਸਿਰ’ਚ ਪਾਕੇ ਸਮਰਪਿਤ ਕੀਤਾ ਗਿਆ ਹੈ। ਮੈਂ ਯਹੋਵਾਹ ਹਾਂ।
13 “ਪਰਧਾਨ ਜਾਜਕ ਨੂੰ ਕਿਸੇ ਅਜਿਹੀ ਔਰਤ ਨਾਲ ਹੀ ਸ਼ਾਦੀ ਕਰਨੀ ਚਾਹੀਦੀ ਹੈ ਜੋ ਕੁਆਰੀ ਹੋਵੇ। 14 ਪਰਧਾਨ ਜਾਜਕ ਨੂੰ ਕਿਸੇ ਵਿਧਵਾ, ਕਿਸੇ ਤਲਾਕਸ਼ੁਦਾ ਔਰਤ ਜਾਂ ਕਿਸੇ ਵੇਸਵਾ ਨਾਲ ਸ਼ਾਦੀ ਨਹੀਂ ਕਰਨੀ ਚਾਹੀਦੀ। ਉਹ ਸਿਰਫ਼ ਆਪਣੇ ਲੋਕਾਂ ਵਿੱਚੋਂ ਹੀ ਕਿਸੇ ਕੁਆਰੀ ਕੁੜੀ ਨਾਲ ਸ਼ਾਦੀ ਕਰ ਸੱਕਦਾ ਹੈ। 15 ਇਸ ਤਰ੍ਹਾਂ, ਉਹ ਲੋਕਾਂ ਦਰਮਿਆਨ ਆਪਣੇ ਬੱਚਿਆਂ ਨੂੰ ਜਾਜਕ ਹੋਣ ਤੋਂ ਅਯੋਗ ਨਹੀਂ ਬਣਾ ਸੱਕੇਗਾ। [b] ਮੈਂ ਯਹੋਵਾਹ ਨੇ, ਜਾਜਕ ਨੂੰ ਉਸ ਦੇ ਖਾਸ ਕਾਰਜ ਲਈ ਵੱਖ ਕੀਤਾ ਹੈ।” [c]
16 ਯਹੋਵਾਹ ਨੇ ਮੂਸਾ ਨੂੰ ਆਖਿਆ, 17 “ਹਾਰੂਨ ਨੂੰ ਆਖ; ਜੇਕਰ ਤੇਰੇ ਉੱਤਰਾਧਿਕਾਰੀਆਂ ਵਿੱਚੋਂ ਕਿਸੇ ਨੂੰ ਵੀ ਕੋਈ ਸ਼ਰੀਰਿਕ ਨੁਕਸ ਹੋਵੇ, ਉਹ ਆਪਣੇ ਪਰਮੇਸ਼ੁਰ ਨੂੰ ਭੋਜਨ ਦਾ ਚੜ੍ਹਾਵਾ ਨਾ ਚੜ੍ਹਾਵੇ। 18 ਕੋਈ ਵੀ ਆਦਮੀ ਜਿਸ ਨੂੰ ਇਨ੍ਹਾਂ ਵਿੱਚੋਂ ਕੋਈ ਸ਼ਰੀਰਿਕ ਨੁਕਸ ਹੈ ਉਸ ਨੂੰ ਜਾਜਕ ਵਜੋਂ ਸੇਵਾ ਨਹੀਂ ਕਰਨੀ ਚਾਹੀਦੀ: ਅੰਨ੍ਹੇ ਆਦਮੀ ਨੂੰ, ਵਿਕਲਾਂਗ ਆਦਮੀ ਨੂੰ, ਭਿਆਨਕ ਚਿਹਰੇ ਵਾਲੇ ਆਦਮੀ ਨੂੰ, ਬਹੁਤ ਲੰਮੀਆਂ ਬਾਹਾਂ ਜਾਂ ਲੱਤਾਂ ਵਾਲੇ ਆਦਮੀ ਨੂੰ, 19 ਟੁੱਟੇ ਹੋਏ ਹੱਥਾਂ ਪੈਰਾਂ ਵਾਲੇ ਆਦਮੀ ਨੂੰ, 20 ਕੁੱਬੇ ਆਦਮੀ ਨੂੰ, ਅੱਖਾਂ ਵਿੱਚ ਨੁਕਸ ਵਾਲੇ ਆਦਮੀ ਨੂੰ, ਪਪੜੀ ਜਾਂ ਚਮੜੀ ਦੇ ਰੋਗੀ ਆਦਮੀ ਨੂੰ, ਖਸੀ ਆਦਮੀ ਨੂੰ।
21 “ਜੇ ਹਾਰੂਨ ਦੇ ਵੰਸ਼ਜਾਂ ਵਿੱਚੋਂ ਕਿਸੇ ਨੂੰ ਕੋਈ ਵੀ ਸ਼ਰੀਰਕ ਨੁਕਸ ਹੋਵੇ, ਉਹ ਯਹੋਵਾਹ ਨੂੰ ਹੋਮ ਦੀ ਭੇਟ ਨਹੀਂ ਚੜ੍ਹਾ ਸੱਕਦਾ। ਅਤੇ ਉਹ ਆਪਣੇ ਪਰਮੇਸ਼ੁਰ ਨੂੰ ਭੋਜਨ ਦੀ ਭੇਟ ਨਹੀਂ ਚੜ੍ਹਾ ਸੱਕਦਾ। 22 ਉਹ ਜਾਜਕ ਦੇ ਪਰਿਵਾਰ ਵਿੱਚੋਂ ਹੈ, ਇਸ ਲਈ ਉਹ ਪਵਿੱਤਰ ਭੋਜਨ ਅਤੇ ਆਪਣੇ ਪਰਮੇਸ਼ੁਰ ਦਾ ਅੱਤ ਪਵਿੱਤਰ ਭੋਜਨ ਖਾ ਸੱਕਦਾ ਹੈ। 23 ਪਰ ਉਹ ਪਵਿੱਤਰ ਦੇ ਪਰਦੇ ਜਾਂ ਜਗਵੇਦੀ ਦੇ ਨਜ਼ਦੀਕ ਨਹੀਂ ਜਾ ਸੱਕਦਾ। [d] ਕਿਉਂਕਿ ਉਸ ਵਿੱਚ ਕੁਝ ਸ਼ਰੀਰਕ ਨੁਕਸ ਹੈ। ਉਸ ਨੂੰ ਮੇਰੇ ਪਵਿੱਤਰ ਸਥਾਨ ਨੂੰ ਅਪਵਿੱਤਰ ਨਹੀਂ ਬਨਾਉਣਾ ਚਾਹੀਦਾ। ਮੈਂ, ਯਹੋਵਾਹ, ਇਨ੍ਹਾਂ ਥਾਵਾਂ ਨੂੰ ਪਵਿੱਤਰ ਬਣਾਇਆ।”
24 ਇਸ ਤਰ੍ਹਾਂ ਮੂਸਾ ਨੇ ਇਹ ਗੱਲਾਂ ਹਾਰੂਨ ਨੂੰ, ਹਾਰੂਨ ਦੇ ਪੁੱਤਰਾਂ ਅਤੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਦੱਸੀਆਂ।
22 ਯਹੋਵਾਹ ਨੇ ਮੂਸਾ ਨੂੰ ਆਖਿਆ, 2 “ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਆਖ; ਇਸਰਾਏਲ ਦੇ ਲੋਕ ਮੈਨੂੰ ਸੁਗਾਤਾਂ ਚੜ੍ਹਾਉਣਗੇ। ਉਹ ਚੀਜ਼ਾਂ ਪਵਿੱਤਰ ਹੋ ਜਾਣਗੀਆਂ ਅਤੇ ਮੇਰੀਆਂ ਹੋਣਗੀਆਂ। ਇਸ ਲਈ ਤੁਹਾਨੂੰ, ਜਾਜਕਾਂ ਨੂੰ ਸਾਵੱਧਾਨ ਰਹਿਣਾ ਚਾਹੀਦਾ ਕਿ ਤੁਸੀਂ ਕਿਵੇਂ ਉਨ੍ਹਾਂ ਚੀਜ਼ਾਂ ਨਾਲ ਪੇਸ਼ ਆਉਂਦੇ ਹੋ। ਜੇ ਤੁਸੀਂ ਉਨ੍ਹਾਂ ਚੀਜ਼ਾਂ ਦਾ ਗਲਤ ਇਸਤੇਮਾਲ ਕਰੋਂਗੇ ਤਾਂ ਤੁਸੀਂ ਮੇਰੇ ਪਵਿੱਤਰ ਨਾਂ ਦਾ ਨਿਰਾਦਰ ਕਰੋਂਗੇ। ਮੈਂ ਯਹੋਵਾਹ ਹਾਂ। 3 ਜੇਕਰ ਤੁਹਾਡੇ ਉੱਤਰਾਧਿਕਾਰੀਆਂ ਵਿੱਚੋਂ ਕੋਈ ਇਨ੍ਹਾਂ ਚੀਜ਼ਾਂ ਨੂੰ ਛੂੰਹਦਾ, ਜਦੋਂ ਉਹ ਪਲੀਤ ਹੋਵੇ, ਉਸ ਨੂੰ ਮੈਥੋਂ ਅਲੱਗ ਕਰ ਦਿੱਤਾ ਜਾਵੇ। ਇਸਰਾਏਲ ਦੇ ਲੋਕਾਂ ਨੇ ਉਹ ਚੀਜ਼ਾਂ ਮੈਨੂੰ ਦਿੱਤੀਆਂ ਹਨ। ਮੈਂ ਯਹੋਵਾਹ ਹਾਂ।
4 “ਜੇ ਹਾਰੂਨ ਦੇ ਕਿਸੇ ਉੱਤਰਾਧਿਕਾਰੀ ਨੂੰ ਚਮੜੀ ਦਾ ਭੈੜਾ ਰੋਗ ਜਾਂ ਪ੍ਰਮੇਹ ਹੈ ਉਹ ਜਿੰਨਾ ਚਿਰ ਪਾਕ ਨਹੀਂ ਹੋ ਜਾਂਦਾ ਪਵਿੱਤਰ ਭੋਜਨ ਨਹੀਂ ਖਾ ਸੱਕਦਾ। ਇਹ ਨੇਮ ਹਰ ਉਸ ਜਾਜਕ ਲਈ ਹੈ ਜਿਹੜਾ ਪਲੀਤ ਹੋ ਜਾਂਦਾ ਹੈ। ਉਹ ਜਾਜਕ ਕਿਸੇ ਮੁਰਦਾ ਸ਼ਰੀਰ ਨਾਲ ਵੀ ਪਲੀਤ ਹੋ ਸੱਕਦਾ ਹੈ, ਜਾਂ ਆਪਣੇ ਹੀ ਵੀਰਜ ਨਾਲ ਵੀ। 5 ਜੇ ਉਹ ਕਿਸੇ ਰੀਂਗਣ ਵਾਲੇ ਨਾਪਾਕ ਜਾਨਵਰ ਨੂੰ ਜਾ ਕਿਸੇ ਕਾਰਣ ਹੋਏ ਪਲੀਤ ਵਿਅਕਤੀ ਨੂੰ ਛੂਹ ਲੈਂਦਾ ਹੈ। 6 ਉਹ ਸ਼ਾਮ ਤੀਕ ਪਲੀਤ ਰਹੇਗਾ। ਉਸ ਨੂੰ ਉਨਾ ਚਿਰ ਕੋਈ ਵੀ ਪਵਿੱਤਰ ਭੋਜਨ ਨਹੀਂ ਖਾਣਾ ਚਾਹੀਦਾ ਜਿੰਨਾ ਚਿਰ ਉਹ ਆਪਣੇ-ਆਪ ਨੂੰ ਪਾਣੀ ਨਾਲ ਧੋ ਨਹੀਂ ਲੈਂਦਾ। 7 ਉਹ ਸੂਰਜ ਛੁਪ ਜਾਣ ਤੋਂ ਬਾਦ ਪਾਕ ਹੋ ਜਾਵੇਗਾ। ਫ਼ੇਰ ਉਹ ਪਵਿੱਤਰ ਭੋਜਨ ਖਾ ਸੱਕਦਾ ਹੈ ਕਿਉਂਕਿ ਉਹ ਭੋਜਨ ਉਸਦਾ ਹੈ।
8 “ਜਾਜਕ ਨੂੰ ਕੋਈ ਵੀ ਅਜਿਹਾ ਜਾਨਵਰ ਨਹੀਂ ਖਾਣਾ ਚਾਹੀਦਾ ਜੋ ਆਪਣੇ-ਆਪ ਮਰਿਆ ਸੀ ਜਾਂ ਜੋ ਹੋਰਨਾਂ ਜਾਨਵਰਾਂ ਦੁਆਰਾ ਮਾਰਿਆ ਗਿਆ ਸੀ। ਜੇ ਉਹ ਉਸ ਮੁਰਦਾ ਜਾਨਵਰ ਨੂੰ ਖਾਂਦਾ ਹੈ, ਉਹ ਪਲੀਤ ਹੋ ਜਾਵੇਗਾ। ਮੈਂ ਯਹੋਵਾਹ ਹਾਂ।
9 “ਉਨ੍ਹਾਂ ਨੂੰ ਧਿਆਨ ਨਾਲ ਮੇਰੀਆਂ ਹਿਦਾਇਤਾਂ ਨੂੰ ਮੰਨਣਾ ਚਾਹੀਦਾ ਹੈ ਤਾਂ ਜੋ ਉਹ ਦੋਸ਼ੀ ਨਾ ਹੋ ਜਾਣ ਅਤੇ ਪਵਿੱਤਰ ਚੀਜ਼ਾਂ ਨੂੰ ਅਪਵਿੱਤਰ ਕਰਨ ਕਾਰਣ ਮਾਰੇ ਨਾ ਜਾਣ। ਮੈਂ, ਯਹੋਵਾਹ, ਨੇ ਉਨ੍ਹਾਂ ਨੂੰ ਇਸ ਖਾਸ ਕੰਮ ਲਈ ਵੱਖ ਕੀਤਾ ਹੈ। [e] 10 ਸਿਰਫ਼ ਜਾਜਕ ਦੇ ਪਰਿਵਾਰ ਦੇ ਲੋਕ ਪਵਿੱਤਰ ਭੋਜਨ ਨੂੰ ਖਾ ਸੱਕਦੇ ਹਨ। ਜਾਜਕ ਕੋਲ ਠਹਿਰਿਆ ਹੋਇਆ ਕੋਈ ਪ੍ਰਹੁਣਾ ਜਾਂ ਭਾੜੇ ਦਾ ਨੌਕਰ ਵੀ ਪਵਿੱਤਰ ਭੋਜਨ ਨਹੀਂ ਖਾ ਸੱਕਦਾ। 11 ਪਰ ਜੇ ਕੋਈ ਜਾਜਕ ਆਪਣੇ ਪੈਸੇ ਨਾਲ ਕਿਸੇ ਨੂੰ ਗੁਲਾਮ ਵਜੋਂ ਖਰੀਦੇ, ਉਹ ਗੁਲਾਮ ਪਵਿੱਤਰ ਭੋਜਨ ਖਾ ਸੱਕਦਾ ਹੈ। ਜਾਜਕ ਦੇ ਘਰ ਵਿੱਚ ਪੈਦਾ ਹੋਏ ਗੁਲਾਮ ਵੀ ਉਹ ਭੋਜਨ ਖਾ ਸੱਕਦੇ ਹਨ। 12 ਹੋ ਸੱਕਦਾ ਹੈ ਕਿਸੇ ਜਾਜਕ ਦੀ ਧੀ ਕਿਸੇ ਅਜਿਹੇ ਬੰਦੇ ਨਾਲ ਸ਼ਾਦੀ ਕਰ ਲਵੇ ਜਿਹੜਾ ਜਾਜਕ ਨਹੀਂ ਹੈ। ਜੇ ਉਹ ਅਜਿਹਾ ਕਰਦੀ ਹੈ ਤਾਂ ਪਵਿੱਤਰ ਭੇਟਾਂ ਵਿੱਚੋਂ ਕੁਝ ਨਹੀਂ ਖਾ ਸੱਕਦੀ। 13 ਕਿਸੇ ਜਾਜਕ ਦੀ ਧੀ ਵਿਧਵਾ ਜਾਂ ਤਲਾਕਸ਼ੁਦਾ ਔਰਤ ਹੋ ਸੱਕਦੀ ਹੈ। ਜੇ ਉਸ ਨੂੰ ਸਹਾਰਾ ਦੇਣ ਲਈ ਉਸ ਦੇ ਬੱਚੇ ਨਹੀਂ ਹਨ ਅਤੇ ਉਹ ਆਪਣੇ ਪਿਤਾ ਦੇ ਘਰ ਵਾਪਸ ਚਲੀ ਜਾਂਦੀ ਹੈ ਜਿੱਥੇ ਉਹ ਬਚਪਨ ਤੋਂ ਰਹਿੰਦੀ ਸੀ ਉਹ ਆਪਣੇ ਪਿਉ ਦਾ ਭੋਜਨ ਖਾ ਸੱਕਦੀ ਹੈ। ਪਰ ਜਾਜਕ ਦੇ ਪਰਿਵਾਰ ਤੋਂ ਬਾਹਰਲਾ ਵਿਅਕਤੀ ਇਸ ਭੋਜਨ ਨੂੰ ਨਹੀਂ ਖਾ ਸੱਕਦਾ।
14 “ਹੋ ਸੱਕਦਾ ਹੈ ਕੋਈ ਬੰਦਾ ਗਲਤੀ ਨਾਲ ਪਵਿੱਤਰ ਭੋਜਨ ਵਿੱਚੋਂ ਕੁਝ ਖਾ ਲਵੇ। ਉਸ ਬੰਦੇ ਨੂੰ ਉਨੀ ਮਿਕਦਾਰ ਜਾਜਕ ਨੂੰ ਦੇਣੀ ਚਾਹੀਦੀ ਹੈ, ਅਤੇ ਉਸ ਨੂੰ ਉਸ ਭੋਜਨ ਦਾ ਪੰਜਵਾਂ ਹਿੱਸਾ ਕੀਮਤ ਹੋਰ ਦੇਣੀ ਚਾਹੀਦੀ ਹੈ।
15 “ਇਸ ਲਈ ਉਹ ਲੋਕ (ਜੋ ਜਾਜਕ ਨਾ ਹੋਣ) ਇਸਰਾਏਲ ਦੇ ਲੋਕਾਂ ਦੁਆਰਾ ਯਹੋਵਾਹ ਨੂੰ ਚੜ੍ਹਾਈਆਂ ਗਈਆਂ ਚੀਜ਼ਾਂ ਦਾ ਦੁਰਉਪਯੋਗ ਨਹੀਂ ਕਰਨਾ ਚਾਹੀਦਾ। 16 ਅਤੇ ਉਹ ਦੋਸ਼ੀ ਹੋਣਗੇ ਅਤੇ ਪਵਿੱਤਰ ਭੋਜਨ ਖਾਂਦੇ ਸਮੇਂ ਆਪਣੇ ਪਾਪਾਂ ਦੀ ਜ਼ਿੰਮੇਵਾਰੀ ਸਹਾਰਨਗੇ। ਮੈਂ ਯਹੋਵਾਹ ਹਾਂ ਜੋ, ਉਨ੍ਹਾਂ ਨੂੰ ਪਵਿੱਤਰ ਬਣਾਉਂਦਾ ਹਾਂ।”
17 ਯਹੋਵਾਹ ਪਰਮੇਸ਼ੁਰ ਨੇ ਮੂਸਾ ਨੂੰ ਆਖਿਆ, 18 “ਹਾਰੂਨ, ਉਸ ਦੇ ਪੁੱਤਰਾਂ ਅਤੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਆਖ; ਹੋ ਸੱਕਦਾ ਹੈ ਕਿ ਇਸਰਾਏਲ ਦਾ ਕੋਈ ਨਾਗਰਿਕ ਜਾਂ ਇਸਰਾਏਲ ਵਿੱਚ ਰਹਿੰਦਾ ਕੋਈ ਵੀ ਵਿਦੇਸ਼ੀ ਹੋਮ ਦੀ ਭੇਟ ਲਿਆਉਣਾ ਚਾਹੇ। ਇਹ ਉਸ ਬੰਦੇ ਦੀ ਖਾਸ ਸੁੱਖਣਾ ਜਾਂ ਕੋਈ ਖਾਸ ਭੇਟ ਹੋਵੇ ਜੋ ਉਹ ਲਿਆਉਣ ਚਾਹੁੰਦਾ ਸੀ। 19-20 ਇਹ ਸੁਗਾਤਾਂ ਹਨ ਜਿਹੜੀਆਂ ਤੁਸੀਂ ਲਿਆ ਸੱਕਦੇ ਹੋ; ਇੱਕ ਬਲਦ, ਭੇਡੂ ਜਾਂ ਬੱਕਰਾ। ਤੁਹਾਨੂੰ ਕਿਸੇ ਨੁਕਸ ਵਾਲਾ ਜਾਨਵਰ ਨਹੀਂ ਲਿਆਉਣਾ ਚਾਹੀਦਾ ਕਿਉਂਕਿ ਪਰਮੇਸ਼ੁਰ ਇਸ ਨੂੰ ਪ੍ਰਵਾਨ ਨਹੀਂ ਕਰੇਗਾ।
21 “ਕੋਈ ਬੰਦਾ ਯਹੋਵਾਹ ਲਈ ਸੁੱਖ-ਸਾਂਦ ਦੀ ਭੇਟ ਲਿਆ ਸੱਕਦਾ ਹੈ। ਉਹ ਸੁੱਖ-ਸਾਂਦ ਦੀ ਭੇਟ, ਉਸ ਬੰਦੇ ਦੀ ਖਾਸ ਸੁੱਖਣਾ ਦੀ ਅਦਾਇਗੀ ਹੋ ਸੱਕਦੀ ਹੈ। ਜਾਂ ਇਹ ਉਹ ਖਾਸ ਸੁਗਾਤ ਹੋ ਸੱਕਦੀ ਹੈ ਜਿਹੜੀ ਉਹ ਯਹੋਵਾਹ ਨੂੰ ਚੜ੍ਹਾਉਣੀ ਚਾਹੁੰਦਾ ਹੋਵੇ। ਇਹ ਵੱਗ ਜਾਂ ਇੱਜੜ ਤੋਂ ਹੋ ਸੱਕਦੀ ਹੈ ਪਰ ਇਸ ਨੂੰ ਪ੍ਰਵਾਨ ਹੋਣ ਲਈ ਬੇਨੁਕਸ ਹੋਣਾ ਚਾਹੀਦਾ ਹੈ। 22 ਤੁਹਾਨੂੰ ਅੰਨ੍ਹੇ, ਜ਼ਖਮੀ ਹੋਏ, ਅਪੰਗ, ਜਿਸ ਨੂੰ ਪ੍ਰਮੇਹ ਹੋਵੇ ਜਾਂ ਜਿਸ ਨੂੰ ਕੋਈ ਚਮੜੀ ਦਾ ਰੋਗ ਹੋਵੇ ਅਜਿਹਾ ਜਾਨਵਰ ਨਹੀਂ ਚੜ੍ਹਾਉਣਾ ਚਾਹੀਦਾ। ਤੁਹਾਨੂੰ ਇਨ੍ਹਾਂ ਵਿੱਚੋਂ ਕਿਸੇ ਨੂੰ ਵੀ ਯਹੋਵਾਹ ਦੀ ਜਗਵੇਦੀ ਦੀ ਅੱਗੇ ਤੇ ਨਹੀਂ ਸਾੜਨਾ ਚਾਹੀਦਾ।
23 “ਤੁਸੀਂ ਕੋਈ ਅਜਿਹਾ ਬਲਦ ਜਾਂ ਭੇਡ ਨਹੀਂ ਚੜ੍ਹਾਵੋਂਗੇ ਜੋ ਵਿਕਲਾਂਗ ਹੋਵੇ ਜਾਂ ਜੋ ਸਾਧਾਰਨ ਹੋਣ ਤੋਂ ਛੋਟੇ ਹੋਣ। ਤੁਸੀਂ ਇਨ੍ਹਾਂ ਨੂੰ ਖਾਸ ਸੁਗਾਤ ਵਜੋਂ ਯਹੋਵਾਹ ਨੂੰ ਚੜ੍ਹਾ ਸੱਕਦੇ ਹੋਂ, ਪਰ ਇਸ ਨੂੰ ਕਿਸੇ ਖਾਸ ਸੁੱਖਣਾ ਦੀ ਅਦਾਇਗੀ ਵਜੋਂ ਪ੍ਰਵਾਨ ਨਹੀਂ ਕੀਤਾ ਜਾਵੇਗਾ।
24 “ਜੇ ਕਿਸੇ ਜਾਨਵਰ ਦੇ ਅੰਡਕੋਸ਼ ਉੱਤੇ ਝਰੀਟ ਹੈ, ਕੁਚੱਲਿਆ ਹੋਇਆ, ਪਾਟਿਆ ਹੋਇਆ ਜਾਂ ਵੱਢਿਆ ਹੋਇਆ ਤਾਂ ਤੁਹਾਨੂੰ ਉਹ ਜਾਨਵਰ ਯਹੋਵਾਹ ਨੂੰ ਭੇਟ ਨਹੀਂ ਕਰਨਾ ਚਾਹੀਦਾ। ਤੁਹਾਨੂੰ ਆਪਣੀ ਧਰਤੀ ਤੇ ਇਹ ਨਹੀਂ ਕਰਨਾ ਚਾਹੀਦਾ।
25 “ਤੁਹਾਨੂੰ ਆਪਣੇ ਪਰਮੇਸ਼ੁਰ ਨੂੰ ਬਲੀ ਚੜ੍ਹਾਉਣ ਲਈ ਵਿਦੇਸ਼ੀਆਂ ਕੋਲੋਂ ਅਜਿਹੇ ਜਾਨਵਰ ਨਹੀਂ ਲੈਣੇ ਚਾਹੀਦੇ। ਕਿਉਂਕਿ ਉਨ੍ਹਾਂ ਵਿੱਚ ਸ਼ਰੀਰਕ ਖਰਾਬੀ ਹੈ ਅਤੇ ਪਰਮੇਸ਼ੁਰ ਦੁਆਰਾ ਪ੍ਰਵਾਨ ਨਹੀਂ ਕੀਤੇ ਜਾਣਗੇ।”
26 ਯਹੋਵਾਹ ਨੇ ਮੂਸਾ ਨੂੰ ਆਖਿਆ, 27 “ਜਦੋਂ ਕੋਈ ਵੱਛਾ, ਭੇਡ ਜਾਂ ਬੱਕਰੀ ਪੈਦਾ ਹੁੰਦੀ ਹੈ, ਇਸ ਨੂੰ ਸੱਤਾਂ ਦਿਨਾਂ ਤੱਕ ਇਸਦੀ ਮਾਂ ਦੇ ਕੋਲ ਰਹਿਣ ਦੇਣਾ ਚਾਹੀਦਾ ਹੈ। ਫ਼ੇਰ ਅੱਠਵੇਂ ਦਿਨ ਜਾਂ ਉਸਤੋਂ ਮਗਰੋਂ, ਇਸ ਨੂੰ ਯਹੋਵਾਹ ਨੂੰ ਅੱਗ ਦੁਆਰਾ ਦਿੱਤੀ ਬਲੀ ਵਜੋਂ ਪ੍ਰਵਾਨ ਕੀਤਾ ਜਾ ਸੱਕਦਾ ਹੈ। 28 ਪਰ ਤੁਹਾਨੂੰ ਉਸੇ ਦਿਨ ਉਸ ਜਾਨਵਰ ਨੂੰ ਅਤੇ ਉਸਦੀ ਮਾਂ ਨੂੰ ਨਹੀਂ ਮਾਰਨਾ ਚਾਹੀਦਾ। ਇਹ ਨੇਮ ਗਾਵਾਂ ਅਤੇ ਭੇਡਾਂ ਲਈ ਇੱਕੋ ਜਿਹਾ ਹੈ।
29 “ਜੇ ਤੁਸੀਂ ਯਹੋਵਾਹ ਨੂੰ ਧੰਨਵਾਦ ਦੀ ਕੋਈ ਖਾਸ ਭੇਟ ਚੜ੍ਹਾਉਣੀ ਚਾਹੁੰਦੇ ਹੋ, ਤੁਹਾਨੂੰ ਇਸ ਨੂੰ ਪ੍ਰਵਾਨ ਕੀਤੇ ਜਾਣ ਲਈ ਇੰਝ ਕਰਨਾ ਚਾਹੀਦਾ। 30 ਤੁਹਾਨੂੰ ਇਸ ਨੂੰ ਉਸੇ ਦਿਨ ਹੀ ਖਾਣਾ ਚਾਹੀਦਾ ਹੈ। ਤੁਹਾਨੂੰ ਅਗਲੀ ਸਵੇਰ ਲਈ ਕੋਈ ਮਾਸ ਨਹੀਂ ਛੱਡਣਾ ਚਾਹੀਦਾ। ਮੈਂ ਯਹੋਵਾਹ ਹਾਂ।
31 “ਮੇਰੇ ਹੁਕਮਾਂ ਨੂੰ ਚੇਤੇ ਰੱਖੋ, ਅਤੇ ਉਨ੍ਹਾਂ ਨੂੰ ਮੰਨੋ। ਮੈਂ ਯਹੋਵਾਹ ਹਾਂ। 32 ਮੇਰੇ ਪਵਿੱਤਰ ਨਾਮ ਦਾ ਨਿਰਾਦਰ ਨਾ ਕਰੋ। ਇਸਰਾਏਲ ਦੇ ਲੋਕਾਂ ਦਰਮਿਆਨ, ਮੇਰੇ ਨਾਲ ਪਵਿੱਤਰਤਾ ਦਾ ਵਿਹਾਰ ਕੀਤਾ ਜਾਣਾ ਚਾਹੀਦਾ ਹੈ। ਮੈਂ, ਯਹੋਵਾਹ ਤੁਹਾਨੂੰ ਪਵਿੱਤਰ ਬਣਾਉਂਦਾ ਹਾਂ। 33 ਮੈਂ ਤੁਹਾਡਾ ਪਰਮੇਸ਼ੁਰ ਬਣਨ ਲਈ ਤੁਹਾਨੂੰ ਮਿਸਰ ਤੋਂ ਬਾਹਰ ਲਿਆਂਦਾ ਹੈ। ਮੈਂ ਯਹੋਵਾਹ ਹਾਂ।”
ਯਿਸੂ ਦਾ ਪੁਨਰ ਉਥਾਨ(A)
28 ਜਦੋਂ ਸਬਤ ਦਾ ਦਿਨ ਬੀਤ ਗਿਆ ਤਾਂ ਉਸਤੋਂ ਅਗਲਾ ਦਿਨ ਹਫ਼ਤੇ ਦਾ ਪਹਿਲਾ ਦਿਨ ਸੀ। ਬਹੁਤ ਹੀ ਸਵੇਰੇ, ਮਰਿਯਮ ਮਗਦਲੀਨੀ ਅਤੇ ਦੂਜੀ ਮਰਿਯਮ ਕਬਰ ਨੂੰ ਵੇਖਣ ਲਈ ਗਈਆਂ।
2 ਉਸ ਵਕਤ ਉੱਥੇ ਬੜਾ ਜ਼ੋਰ ਦਾ ਭੁਚਾਲ ਆਇਆ। ਅਕਾਸ਼ ਤੋਂ ਇੱਕ ਪ੍ਰਭੂ ਦਾ ਦੂਤ ਆਇਆ। ਪ੍ਰਭੂ ਦੇ ਦੂਤ ਨੇ ਉਸ ਕਬਰ ਦੇ ਨੇੜੇ ਆਕੇ ਉਸ ਦੇ ਉੱਪਰੋਂ ਉਹ ਵੱਡਾ ਪੱਥਰ ਰੇੜ੍ਹਕੇ ਪਾਸੇ ਕੀਤਾ ਤੇ ਉਸ ਪੱਥਰ ਦੇ ਉੱਪਰ ਖੁਦ ਜਾਕੇ ਬੈਠ ਗਿਆ। 3 ਉਸ ਦੂਤ ਦਾ ਰੂਪ ਬਿਜਲੀ ਵਾਂਗ ਚਮਕਦਾ ਸੀ ਅਤੇ ਉਸ ਦੇ ਕੱਪੜੇ ਬਰਫ਼ ਵਰਗੇ ਸਫ਼ੇਦ ਸਨ। 4 ਕਬਰ ਦੀ ਪਹਿਰੇਦਾਰੀ ਕਰਦੇ ਸਿਪਾਹੀ ਦੂਤ ਨੂੰ ਵੇਖਕੇ ਬਹੁਤ ਡਰ ਗਏ। ਉਹ ਇੰਨਾ ਡਰੇ ਕਿ ਡਰ ਦੇ ਮਾਰੇ ਕੰਬਣ ਲੱਗੇ ਅਤੇ ਬੇਹੋਸ਼ ਹੋ ਗਏ।
5 ਦੂਤ ਨੇ ਉਨ੍ਹਾਂ ਔਰਤਾਂ ਨੂੰ ਕਿਹਾ, “ਤੁਸੀਂ ਨਾ ਡਰੋ, ਮੈਂ ਜਾਣਦਾ ਹਾਂ ਕਿ ਤੁਸੀਂ ਉਸ ਯਿਸੂ ਨੂੰ ਲੱਭ ਰਹੀਆਂ ਹੋ ਜਿਸ ਨੂੰ ਸਲੀਬ ਦਿੱਤੀ ਗਈ ਸੀ। 6 ਪਰ ਯਿਸੂ ਇੱਥੇ ਨਹੀਂ ਹੈ, ਕਿਉਂਕਿ, ਜਿਵੇ ਉਸ ਨੇ ਕਿਹਾ ਸੀ, ਉਹ ਮੌਤ ਤੋਂ ਉਭਾਰਿਆ ਗਿਆ ਹੈ। ਆਓ ਅਤੇ ਵੇਖੋ ਜਿਸ ਥਾਂ ਤੇ ਉਸਦਾ ਸ਼ਰੀਰ ਰੱਖਿਆ ਗਿਆ ਸੀ। 7 ਅਤੇ ਜਲਦੀ ਜਾਕੇ ਉਸ ਦੇ ਚੇਲਿਆਂ ਨੂੰ ਆਖੋ, ‘ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਅਤੇ ਉਹ ਗਲੀਲੀ ਵੱਲ ਜਾ ਰਿਹਾ ਹੈ। ਉਹ ਤੁਹਾਡੇ ਪਹੁੰਚਣ ਤੋਂ ਪਹਿਲਾਂ ਉੱਥੇ ਮੌਜੂਦ ਹੋਵੇਗਾ ਅਤੇ ਉੱਥੇ ਤੁਸੀਂ ਉਸ ਨੂੰ ਵੇਖੋਂਗੀਆਂ।’ ਮੈਂ ਤੁਹਾਨੂੰ ਇਹੀ ਦੱਸਣ ਲਈ ਆਇਆ ਸੀ।”
8 ਉਹ ਔਰਤਾਂ ਛੇਤੀ ਹੀ ਕਬਰ ਤੋਂ ਵਿਦਾ ਹੋ ਗਈਆਂ। ਭਾਵੇਂ ਉਹ ਡਰੀਆਂ ਹੋਈਆਂ ਸਨ ਪਰ ਉਹ ਖੁਸ਼ ਵੀ ਬੜੀਆਂ ਹੋਈਆਂ। ਉਹ ਉਸ ਦੇ ਚੇਲਿਆਂ ਨੂੰ ਇਹ ਖਬਰ ਦੱਸਣ ਲਈ ਗਈਆਂ। 9 ਜਦੋਂ ਉਹ ਚੇਲਿਆਂ ਨੂੰ ਖਬਰ ਦੇਣ ਵਾਸਤੇ ਨਸੀਆਂ ਜਾ ਰਹੀਆਂ ਸਨ, ਅਚਾਨਕ ਉੱਥੇ ਯਿਸੂ ਉਨ੍ਹਾਂ ਸਾਹਮਣੇ ਖਲੋ ਗਿਆ ਅਤੇ ਉਨ੍ਹਾਂ ਨੂੰ ਆਖਿਆ, “ਸ਼ੁਭਕਾਮਨਾਵਾਂ!” ਉਹ ਉਸ ਕੋਲ ਗਈਆਂ ਅਤੇ ਉਸ ਦੇ ਚਰਨ ਫ਼ੜ ਲਏ ਅਤੇ ਉਸਦੀ ਉਪਾਸਨਾ ਕੀਤੀ। 10 ਤਾਂ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਡਰੋ ਨਾ, ਜਾਓ ਅਤੇ ਮੇਰੇ ਭਰਾਵਾਂ ਨੂੰ ਆਖੋ ਕਿ ਗਲੀਲੀ ਵੱਲ ਜਾਣ। ਉਹ ਮੈਨੂੰ ਉੱਥੇ ਵੇਖਣਗੇ।”
ਯਹੂਦੀ ਆਗੂਆਂ ਨੂੰ ਖਬਰ
11 ਉਹ ਔਰਤਾਂ ਉਸ ਦੇ ਚੇਲਿਆਂ ਨੂੰ ਇਹ ਖਬਰ ਦੇਣ ਚਲੀਆਂ ਗਈਆਂ। ਉਸੇ ਵਕਤ ਕੁਝ ਸਿਪਾਹੀ ਜੋ ਕਬਰ ਦੀ ਰਾਖੀ ਕਰ ਰਹੇ ਸਨ, ਸ਼ਹਿਰ ਵੱਲ ਗਏ। ਉਹ ਪਰਧਾਨ ਜਾਜਕਾਂ ਕੋਲ ਗਏ ਅਤੇ ਜੋ ਕੁਝ ਵਾਪਰਿਆ ਸੀ ਸਭ ਕੁਝ ਉਨ੍ਹਾਂ ਨੂੰ ਦਸਿਆ। 12 ਫ਼ੇਰ ਪ੍ਰਧਾਨ ਜਾਜਕ ਅਤੇ ਬਜ਼ੁਰਗ ਯਹੂਦੀ ਆਗੂ ਇਕੱਠੇ ਹੋਏ ਅਤੇ ਇੱਕ ਵਿਉਂਤ ਬਣਾਈ। ਉਨ੍ਹਾਂ ਨੇ ਸਿਪਾਹੀਆਂ ਨੂੰ ਬਹੁਤ ਸਾਰਾ ਧਨ ਦਿੱਤਾ। 13 ਉਨ੍ਹਾਂ ਨੇ ਉਨ੍ਹਾਂ ਨੂੰ ਹਿਦਾਇਤ ਦਿੱਤੀ, “ਤੁਸੀਂ ਲੋਕਾਂ ਨੂੰ ਆਖਣਾ: ਰਾਤ ਦੇ ਵਕਤ ਜਦੋਂ ਅਸੀਂ ਸੌਂ ਰਹੇ ਸਾਂ, ਯਿਸੂ ਦੇ ਚੇਲੇ ਆਏ ਅਤੇ ਉਸਦਾ ਸ਼ਰੀਰ ਚੋਰੀ ਕਰਕੇ ਲੈ ਗਏ। 14 ਜੇਕਰ ਰਾਜਪਾਲ ਇਸ ਗੱਲ ਬਾਰੇ ਜਾਣ ਜਾਵੇਗਾ ਤਾਂ ਅਸੀਂ ਉਸ ਨੂੰ ਨਿਸ਼ਚਿੰਤ ਕਰ ਦੇਵਾਂਗੇ ਅਤੇ ਤੁਹਾਨੂੰ ਮੁਸੀਬਤ ਤੋਂ ਦੂਰ ਰੱਖਾਂਗੇ।” 15 ਤਾਂ ਸਿਪਾਹੀਆਂ ਨੇ ਪੈਸੇ ਲੈ ਲਏ ਅਤੇ ਦਿੱਤੀਆਂ ਹੋਈਆਂ ਹਿਦਾਇਤਾਂ ਅਨੁਸਾਰ ਹੀ ਕੀਤਾ। ਇਹ ਗੱਲ ਅੱਜ ਵੀ ਆਮਤੌਰ ਤੇ ਯਹੂਦੀਆਂ ਵਿੱਚ ਫ਼ੈਲੀ ਹੋਈ ਹੈ।
ਯਿਸੂ ਦਾ ਆਪਣੇ ਚੇਲਿਆਂ ਨਾਲ ਗੱਲ ਕਰਨਾ(B)
16 ਫ਼ਿਰ ਗਿਆਰਾਂ ਚੇਲੇ ਗਲੀਲੀ ਨੂੰ ਵਿਦਾ ਹੋ ਗਏ ਅਤੇ ਉਸ ਪਹਾੜੀ ਤੇ ਆ ਗਏ ਜਿੱਥੇ ਯਿਸੂ ਨੇ ਉਨ੍ਹਾਂ ਨੂੰ ਜਾਣ ਵਾਸਤੇ ਹਿਦਾਇਤ ਦਿੱਤੀ ਸੀ। 17 ਜਦੋਂ ਉਨ੍ਹਾਂ ਨੇ ਉਸ ਨੂੰ ਵੇਖਿਆ, ਉਹ ਉਸ ਅੱਗੇ ਝੁਕ ਗਏ ਅਤੇ ਉਸਦੀ ਉਪਾਸਨਾ ਕੀਤੀ। ਪਰ ਕਈਆਂ ਨੂੰ ਸ਼ੱਕ ਸੀ। 18 ਫ਼ਿਰ ਯਿਸੂ ਉਨ੍ਹਾਂ ਕੋਲ ਆਇਆ ਅਤੇ ਆਖਿਆ, “ਸਵਰਗ ਅਤੇ ਧਰਤੀ ਦੇ ਸਾਰੇ ਅਧਿਕਾਰ ਮੈਨੂੰ ਦਿੱਤੇ ਗਏ ਹਨ। 19 ਇਸ ਲਈ ਜਾਓ ਅਤੇ ਸਾਰੀਆਂ ਕੌਮਾਂ ਵਿੱਚ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਉ। 20 ਉਨ੍ਹਾਂ ਨੂੰ ਇਹ ਵੀ ਸਿੱਖਾਵੋ ਕਿ ਉਹ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ। ਨਿਸ਼ਚਿਤ ਹੀ, ਦੁਨੀਆਂ ਦੇ ਅੰਤ ਤੀਕਰ ਮੈਂ ਹਮੇਸ਼ਾ ਤੁਹਾਡੇ ਨਾਲ ਹਾਂ।”
2010 by World Bible Translation Center