Print Page Options
Previous Prev Day Next DayNext

Old/New Testament

Each day includes a passage from both the Old Testament and New Testament.
Duration: 365 days
Punjabi Bible: Easy-to-Read Version (ERV-PA)
Version
ਲੇਵੀਆਂ ਦੀ ਪੋਥੀ 11-12

ਮਾਸ ਖਾਣ ਬਾਰੇ ਨੇਮ

11 ਯਹੋਵਾਹ ਨੇ ਮੂਸਾ ਤੇ ਹਾਰੂਨ ਨੂੰ ਆਖਿਆ, “ਇਸਰਾਏਲ ਦੇ ਲੋਕਾਂ ਨੂੰ ਆਖੋ; ਇਹ ਉਹ ਜਾਨਵਰ ਹਨ ਜਿਨ੍ਹਾਂ ਨੂੰ ਤੁਸੀਂ ਖਾ ਸੱਕਦੇ ਹੋ; ਜੇ ਕਿਸੇ ਜਾਨਵਰ ਦੇ ਖੁਰ ਦੋ ਹਿਸਿਆਂ ਵਿੱਚ ਪਾਟੇ ਹੋਏ ਹਨ ਅਤੇ ਜੇ ਉਹ ਜਾਨਵਰ ਜੁਗਾਲੀ ਵੀ ਕਰਦਾ ਹੈ ਤਾਂ ਤੁਸੀਂ ਉਸ ਜਾਨਵਰ ਦਾ ਮਾਸ ਖਾ ਸੱਕਦੇ ਹੋ।

4-6 “ਕੁਝ ਜਾਨਵਰ ਜੁਗਾਲੀ ਕਰਦੇ ਹਨ, ਪਰ ਉਨ੍ਹਾਂ ਦੇ ਖੁਰ ਪਾਟੇ ਹੋਏ ਨਹੀਂ ਹੁੰਦੇ। ਉਨ੍ਹਾਂ ਨੂੰ ਨਾ ਖਾਉ। ਊਠ, ਪਹਾੜੀ ਬਿੱਜੂ ਅਤੇ ਖਰਗੋਸ਼ ਇਸੇ ਤਰ੍ਹਾਂ ਦੇ ਹਨ, ਇਸ ਲਈ ਉਹ ਤੁਹਾਡੇ ਲਈ ਨਾਪਾਕ ਹਨ। ਸੂਰਾਂ ਦੇ ਖੁਰ ਤਾਂ ਹੁੰਦੇ ਹਨ ਜੋ ਦੋ ਹਿਸਿਆਂ ਵਿੱਚ ਵੰਡੇ ਹੋਏ ਹੁੰਦੇ ਹਨ, ਪਰ ਉਹ ਜੁਗਾਲੀ ਨਹੀਂ ਕਰਦੇ ਇਸ ਲਈ ਉਹ ਤੁਹਾਡੇ ਲਈ ਨਾਪਾਕ ਹਨ। ਉਨ੍ਹਾਂ ਜਾਨਵਰਾਂ ਦਾ ਮਾਸ ਨਾ ਖਾਉ। ਉਨ੍ਹਾਂ ਦੇ ਮੁਰਦਾ ਸਰੀਰਾਂ ਨੂੰ ਛੂਹੋ ਵੀ ਨਾ। ਉਹ ਤੁਹਾਡੇ ਲਈ ਨਾਪਾਕ ਹਨ।

ਸਮੁੰਦਰੀ ਭੋਜਨ ਬਾਰੇ ਬਿਧੀਆਂ

“ਜੇ ਕੋਈ ਜਾਨਵਰ ਸਮੁੰਦਰ ਵਿੱਚ ਜਾਂ ਨਦੀ ਵਿੱਚ ਰਹਿੰਦਾ ਹੈ ਅਤੇ ਜੇ ਉਹ ਜਾਨਵਰ ਦੇ ਖੰਭ ਅਤੇ ਛਿਲਕੇ ਹੋਣ, ਤਾਂ ਤੁਸੀਂ ਉਸ ਜਾਨਵਰ ਨੂੰ ਖਾ ਸੱਕਦੇ ਹੋ। 10-11 ਪਰ ਜੇ ਕੋਈ ਵੀ ਜਾਨਵਰ ਜਾਂ ਕੋਈ ਹੋਰ ਜਿਉਂਦਾ ਪ੍ਰਾਣੀ ਜੋ ਸਮੁੰਦਰ ਵਿੱਚ ਜਾਂ ਨਦੀ ਵਿੱਚ ਰਹਿੰਦਾ ਹੈ [a] ਜਿਨ੍ਹਾਂ ਦੇ ਖੰਭ ਅਤੇ ਚਾਨੇ ਨਾ ਹੋਣ, ਤੁਹਾਨੂੰ ਉਨ੍ਹਾਂ ਜਾਨਵਰਾਂ ਨੂੰ ਨਹੀਂ ਖਾਣਾ ਚਾਹੀਦਾ। ਇਨ੍ਹਾਂ ਜਾਨਵਰਾਂ ਦੇ ਮੁਰਦਾ ਸਰੀਰਾਂ ਨੂੰ ਵੀ ਨਾ ਛੂਹੋ। ਤੁਹਾਨੂੰ ਉਨ੍ਹਾਂ ਚੀਜ਼ਾਂ ਨੂੰ ਨਫ਼ਰਤ ਕਰਨੀ ਚਾਹੀਦੀ ਹੈ। 12 ਤੁਹਾਨੂੰ ਚਾਹੀਦਾ ਹੈ ਕਿ ਪਾਣੀ ਦੇ ਕਿਸੇ ਵੀ ਉਸ ਜਾਨਵਰ ਨੂੰ ਜਿਸਦੇ ਖੰਭ ਤੇ ਛਿਲਕੇ ਨਾ ਹੋਣ, ਅਜਿਹਾ ਜਾਨਵਰ ਸਮਝੋਂ ਜਿਨ੍ਹਾਂ ਨੂੰ ਖਾਣਾ, ਪਰਮੇਸ਼ੁਰ ਬੁਰਾ ਆਖਦਾ ਹੈ।

ਉਹ ਪੰਛੀ ਜਿਨ੍ਹਾਂ ਨੂੰ ਨਹੀਂ ਖਾਣਾ ਚਾਹੀਦਾ

13 “ਤੁਹਾਨੂੰ ਚਾਹੀਦਾ ਹੈ ਕਿ ਇਨ੍ਹਾਂ ਪੰਛੀਆਂ ਨੂੰ ਪਰਮੇਸ਼ੁਰ ਦੇ ਆਖੇ ਅਨੁਸਾਰ ਖਾਣ ਲਈ ਬੁਰਾ ਜਾਨਵਰ ਸਮਝੋ। ਇਨ੍ਹਾਂ ਵਿੱਚੋਂ ਕਿਸੇ ਵੀ ਪੰਛੀ ਨੂੰ ਨਾ ਖਾਉ। ਉਕਾਬ, ਗਿਰਝਾਂ, ਮੱਛੀਮਾਰ, 14 ਇੱਲਾਂ ਅਤੇ ਹਰ ਕਿਸਮ ਦੇ ਬਾਜ, 15 ਹਰ ਤਰ੍ਹਾਂ ਦੇ ਕਾਂ, 16 ਸ਼ਤਰ ਮੁਰਗ, ਕਲਪੇਚਕ, ਜਲਕਾਉਂ ਅਤੇ ਹਰ ਤਰ੍ਹਾਂ ਦੇ ਸ਼ਿਕਰੇ, 17 ਉੱਲੂ, ਚੁਗਲ, ਬੋਜਾ, 18 ਰਾਜ ਹੰਸ, ਹਵਾਸਿਲ, ਆਰਗਲ, 19 ਲਮ ਢੀਂਗ ਅਤੇ ਹਰ ਤਰ੍ਹਾਂ ਦੇ ਬਗਲੇ, ਟਟੀਹਰੀ ਅਤੇ ਚਾਮਚੜ੍ਹਿੱਕ।

ਕੀੜਿਆਂ ਨੂੰ ਖਾਣ ਬਾਰੇ ਬਿਧੀਆਂ

20 “ਤੁਹਾਨੂੰ ਕਿਸੇ ਵੀ ਉਸ ਮਕੌੜੇ ਨੂੰ ਨਫ਼ਰਤ ਕਰਨੀ ਚਾਹੀਦੀ ਹੈ ਜੋ ਉੱਡਦਾ ਜਾਂ ਲੱਤਾਂ ਉੱਤੇ ਰੀਂਗਦਾ ਹੈ। 21 ਪਰ ਤੁਸੀਂ ਉਨ੍ਹਾਂ ਜਾਨਵਰਾਂ ਨੂੰ ਖਾ ਸੱਕਦੇ ਹੋ ਜੇ ਉਨ੍ਹਾਂ ਦੇ ਪੈਰਾਂ ਦੇ ਉੱਪਰ ਵੱਲ ਜੋੜਾਂ ਵਾਲੀਆਂ ਲੱਤਾਂ ਹਨ ਤਾਂ ਜੋ ਉਹ ਉੱਛਲ ਸੱਕਦੇ ਹਨ। 22 ਤੁਸੀਂ ਹਰ ਤਰ੍ਹਾਂ ਦੀਆਂ ਟਿੱਡੀਆਂ, ਪਰਾਂ ਵਾਲੀਆਂ ਟਿੱਡੀਆਂ, ਝੀਂਗਰ ਅਤੇ ਟਿੱਡੇ ਖਾ ਸੱਕਦੇ ਹੋ।

23 “ਪਰ ਹੋਰ ਸਾਰੇ ਮਕੌੜੇ ਜੋ ਉਡਦੇ ਹਨ ਜਾਂ ਚਾਰ ਲੱਤਾਂ ਵਾਲੇ ਹਨ ਤੁਹਾਡੇ ਲਈ ਘ੍ਰਿਣਾਯੋਗ ਹੋਣੇ ਚਾਹੀਦੇ ਹਨ। 24 ਉਹ ਮਕੌੜੇ ਤੁਹਾਨੂੰ ਨਾਪਾਕ ਬਣਾ ਦੇਣਗੇ। ਜਿਹੜਾ ਵੀ ਬੰਦਾ ਇਨ੍ਹਾਂ ਮਕੌੜਿਆਂ ਦੇ ਮੁਰਦਾ ਸਰੀਰਾਂ ਨੂੰ ਹੱਥ ਲਾਉਂਦਾ ਹੈ ਉਹ ਸ਼ਾਮ ਤੱਕ ਨਾਪਾਕ ਰਹੇਗਾ। 25 ਜੇ ਕੋਈ ਬੰਦਾ ਇਨ੍ਹਾਂ ਮਰੇ ਹੋਏ ਮਕੌੜਿਆਂ ਵਿੱਚੋਂ ਕਿਸੇ ਨੂੰ ਚੁੱਕਦਾ ਹੈ, ਉਸ ਬੰਦੇ ਨੂੰ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ ਅਤੇ ਉਹ ਸ਼ਾਮ ਤੱਕ ਨਾਪਾਕ ਰਹੇਗਾ।

ਜਾਨਵਰਾਂ ਬਾਰੇ ਹੋਰ ਬਿਧੀਆਂ

26 “ਕੁਝ ਜਾਨਵਰਾਂ ਦੇ ਖੁਰ ਤਾਂ ਪਾਟੇ ਹੁੰਦੇ ਹਨ ਪਰ ਪੂਰੀ ਤਰ੍ਹਾਂ ਦੋ ਹਿਸਿਆਂ ਵਿੱਚ ਨਹੀਂ ਪਾਟੇ ਹੁੰਦੇ। ਕੁਝ ਜਾਨਵਰ ਜੁਗਾਲੀ ਨਹੀਂ ਕਰਦੇ। 27 ਕੋਈ ਵੀ ਚੌਹਾਂ ਲੱਤਾਂ ਵਾਲਾ ਜਾਨਵਰ ਜੋ ਆਪਣੇ ਪੰਜਿਆਂ ਉੱਤੇ ਚੱਲਦਾ ਹੈ ਤੁਹਾਡੇ ਲਈ ਨਾਪਾਕ ਹੋਣਾ ਚਾਹੀਦਾ ਹੈ। ਕੋਈ ਵੀ ਬੰਦਾ ਜਿਹੜਾ ਇਨ੍ਹਾਂ ਜਾਨਵਰਾਂ ਦੇ ਮੁਰਦਾ ਸਰੀਰਾਂ ਨੂੰ ਛੂਹੇਗਾ ਨਾਪਾਕ ਹੋ ਜਾਵੇਗਾ। ਉਹ ਬੰਦਾ ਸ਼ਾਮ ਤੀਕ ਨਾਪਾਕ ਰਹੇਗਾ। 28 ਜੇ ਕੋਈ ਬੰਦਾ ਉਨ੍ਹਾਂ ਦੀਆਂ ਲਾਸ਼ਾਂ ਨੂੰ ਚੁੱਕਦਾ ਹੈ, ਤਾਂ ਉਸ ਬੰਦੇ ਨੂੰ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ। ਉਹ ਬੰਦਾ ਸ਼ਾਮ ਤੱਕ ਨਾਪਾਕ ਰਹੇਗਾ। ਉਹ ਜਾਨਵਰ ਤੁਹਾਡੇ ਲਈ ਨਾਪਾਕ ਹਨ।

ਘਿਸਰਨ ਵਾਲੇ ਜਾਨਵਰਾਂ ਬਾਰੇ ਬਿਧੀਆਂ

29 “ਇਹ ਘਿਸਰਨ ਵਾਲੇ ਜਾਨਵਰ ਤੁਹਾਡੇ ਲਈ ਨਾਪਾਕ ਹਨ; ਚਕੂੰਦਰ, ਚੂਹੇ ਅਤੇ ਹਰ ਤਰ੍ਹਾਂ ਦੀਆਂ ਕਿਰਲੀਆਂ, 30 ਵਰਲ, ਮਗਰਮੱਛ, ਕੋਹੜਕਿਰਲੇ ਅਤੇ ਰੇਤੇ ਦੇ ਸੱਪ ਅਤੇ ਗਿਰਗਿਟ। 31 ਇਹ ਘਿਸਰਨ ਵਾਲੇ ਜਾਨਵਰ ਤੁਹਾਡੇ ਲਈ ਨਾਪਾਕ ਹਨ। ਜਿਹੜਾ ਵੀ ਬੰਦਾ ਇਨ੍ਹਾਂ ਦੀਆਂ ਲਾਸ਼ਾਂ ਨੂੰ ਛੂਹ ਲਵੇਗਾ ਉਹ ਸ਼ਾਮ ਤੱਕ ਨਾਪਾਕ ਰਹੇਗਾ।

ਨਾਪਾਕ ਜਾਨਵਰਾਂ ਬਾਰੇ ਬਿਧੀਆਂ

32 “ਜੇ ਇਨ੍ਹਾਂ ਵਿੱਚੋਂ ਕੋਈ ਵੀ ਨਾਪਾਕ ਜਾਨਵਰ ਮਰਕੇ ਕਿਸੇ ਚੀਜ਼ ਉੱਤੇ ਡਿੱਗ ਪਵੇ, ਤਾਂ ਉਹ ਵੀ ਨਾਪਾਕ ਹੋ ਜਾਵੇਗੀ। ਇਹ ਕੋਈ ਲੱਕੜੀ, ਕੱਪੜਾ, ਚਮੜਾ, ਬੋਰੇ ਜਾਂ ਕੋਈ ਔਜ਼ਾਰ ਹੋ ਸੱਕਦਾ ਹੈ। ਭਾਵੇਂ ਇਹ ਜੋ ਵੀ ਹੈ, ਇਸ ਨੂੰ ਪਾਣੀ ਨਾਲ ਧੋਤਾ ਜਾਣਾ ਚਾਹੀਦਾ। ਇਹ ਸ਼ਾਮ ਤੱਕ ਨਾਪਾਕ ਬਣੀ ਰਹੇਗੀ ਅਤੇ ਮਗਰੋਂ ਇਹ ਫ਼ੇਰ ਤੋਂ ਪਾਕ ਹੋ ਜਾਵੇਗੀ। 33 ਜੇ ਇਨ੍ਹਾਂ ਜਾਨਵਰਾਂ ਵਿੱਚੋਂ ਕੋਈ ਵੀ ਮਰਕੇ ਕਿਸੇ ਮਿੱਟੀ ਦੇ ਘੜੇ ਵਿੱਚ ਡਿੱਗ ਪੈਂਦਾ ਹੈ ਤਾਂ ਉਸ ਘੜੇ ਵਿੱਚ ਦਾ ਸਭ ਕੁਝ ਨਾਪਾਕ ਹੋ ਜਾਵੇਗਾ। ਅਤੇ ਤੁਹਾਨੂੰ ਉਹ ਘੜਾ ਤੋੜ ਦੇਣਾ ਚਾਹੀਦਾ ਹੈ। 34 ਜੇ ਉਸ ਨਾਪਾਕ ਘੜੇ ਦਾ ਪਾਣੀ ਕਿਸੇ ਭੋਜਨ ਤੇ ਡਿੱਗਦਾ ਹੈ, ਉਹ ਭੋਜਨ ਨਾਪਾਕ ਹੋ ਜਾਵੇਗਾ ਅਤੇ ਕੋਈ ਵੀ ਪੇਯ ਜੇ ਅਜਿਹੇ ਬਰਤਨ ਵਿੱਚ ਸੀ, ਨਾਪਾਕ ਹੋ ਜਾਵੇਗਾ। 35 ਜੇ ਕਿਸੇ ਵੀ ਮਰੇ ਹੋਏ ਨਾਪਾਕ ਜਾਨਵਰ ਦਾ ਕੋਈ ਅੰਗ ਕਿਸੇ ਚੀਜ਼ ਉੱਤੇ ਡਿੱਗ ਪਵੇ, ਤਾਂ ਉਹ ਚੀਜ਼ ਨਾਪਾਕ ਹੈ। ਇਹ ਮਿੱਟੀ ਦਾ ਤੰਦੂਰ ਜਾਂ ਭੋਜਨ ਪਕਾਉਣ ਵਾਲੀ ਭਠੀ ਵੀ ਹੋ ਸੱਕਦੀ ਹੈ ਅਤੇ ਇਸ ਨੂੰ ਭੰਨ ਦੇਣਾ ਚਾਹੀਦਾ ਹੈ। ਇਹ ਚੀਜ਼ਾਂ ਫ਼ੇਰ ਕਦੇ ਵੀ ਪਾਕ ਨਹੀਂ ਹੋਣਗੀਆਂ। ਉਹ ਹਮੇਸ਼ਾ ਤੁਹਾਡੇ ਲਈ ਨਾਪਾਕ ਹੋਣਗੀਆਂ।

36 “ਕੋਈ ਵੀ ਚਸ਼ਮਾ ਜਾਂ ਖੂਹ ਜਿਸ ਵਿੱਚ ਪਾਣੀ ਜਮ੍ਹਾਂ ਹੁੰਦਾ ਹੈ ਪਾਕ ਰਹੇਗਾ। ਪਰ ਜੇ ਕੋਈ ਬੰਦਾ ਕਿਸੇ ਨਾਪਾਕ ਜਾਨਵਰ ਦੀ ਲਾਸ਼ ਨੂੰ ਛੂਹ ਲੈਂਦਾ ਹੈ, ਉਹ ਵਿਅਕਤੀ ਨਾਪਾਕ ਹੋ ਜਾਂਦਾ। 37 ਜੇ ਉਨ੍ਹਾਂ ਮਰੇ ਹੋਏ ਨਾਪਾਕ ਜਾਨਵਰਾਂ ਦਾ ਕੋਈ ਅੰਗ ਕਿਸੇ ਬੀਜਣ ਵਾਲੇ ਬੀਜ ਉੱਤੇ ਡਿੱਗ ਪੈਂਦਾ ਹੈ ਤਾਂ ਉਹ ਬੀਜ ਹਾਲੇ ਵੀ ਪਾਕ ਹੈ। 38 ਪਰ ਜੇ ਤੁਸੀਂ ਬੀਜਾਂ ਉੱਤੇ ਪਾਣੀ ਪਾ ਦਿੰਦੇ ਹੋ ਅਤੇ ਜੇ ਉਨ੍ਹਾਂ ਮਰੇ ਹੋਏ ਜਾਨਵਰਾਂ ਦਾ ਕੋਈ ਅੰਗ ਇਨ੍ਹਾ ਬੀਜਾਂ ਉੱਤੇ ਡਿੱਗ ਪੈਂਦਾ ਹੈ, ਤਾਂ ਉਹ ਬੀਜ ਤੁਹਾਡੇ ਲਈ ਨਾਪਾਕ ਹਨ।

39 “ਇਸ ਤੋਂ ਇਲਾਵਾ, ਜੇ ਕੋਈ ਅਜਿਹਾ ਜਾਨਵਰ ਜਿਸ ਨੂੰ ਤੁਸੀਂ ਭੋਜਨ ਲਈ ਵਰਤਦੇ ਹੋ ਮਰ ਜਾਂਦਾ ਹੈ, ਤਾਂ ਜਿਹੜਾ ਬੰਦਾ ਉਸਦੀ ਲਾਸ਼ ਨੂੰ ਛੂਹੇਗਾ ਸ਼ਾਮ ਤੱਕ ਨਾਪਾਕ ਰਹੇਗਾ। 40 ਉਹ ਬੰਦਾ ਜਿਹੜਾ ਇਸ ਜਾਨਵਰ ਦਾ ਮਾਸ ਖਾਂਦਾ ਹੈ ਉਸ ਨੂੰ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ। ਉਹ ਸ਼ਾਮ ਤੱਕ ਨਾਪਾਕ ਰਹੇਗਾ। ਜਿਹੜਾ ਬੰਦਾ ਜਾਨਵਰ ਦੇ ਮੁਰਦਾ ਸ਼ਰੀਰ ਨੂੰ ਚੁੱਕਦਾ ਹੈ ਉਸ ਨੂੰ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ। ਉਹ ਸ਼ਾਮ ਤੀਕ ਨਾਪਾਕ ਰਹੇਗਾ।

41 “ਹਰ ਉਹ ਜਾਨਵਰ ਜਿਹੜਾ ਧਰਤੀ ਉੱਤੇ ਘਿਸਰਦਾ ਹੈ ਉਨ੍ਹਾਂ ਜਾਨਵਰਾਂ ਵਿੱਚੋਂ ਹੈ ਜਿਨ੍ਹਾਂ ਨੂੰ ਖਾਣਾ ਯਹੋਵਾਹ ਨੇ ਮਨ੍ਹਾ ਕੀਤਾ ਹੈ। 42 ਤੁਹਾਨੂੰ ਉਹ ਜਾਨਵਰ ਨਹੀਂ ਖਾਣੇ ਚਾਹੀਦੇ ਜਿਹੜੇ ਧਰਤੀ ਤੇ ਰੀਂਗਦੇ ਹਨ; ਉਹ ਜਿਹੜੇ ਆਪਣੇ ਢਿੱਡ ਭਾਰ ਰੀਂਗਦੇ ਹਨ, ਉਹ ਜਿਨ੍ਹਾਂ ਦੀਆਂ ਚਾਰ ਲੱਤਾਂ ਹਨ ਜਾਂ ਜਿਨ੍ਹਾਂ ਦੀਆਂ ਬਹੁਤ ਸਾਰੀਆਂ ਲੱਤਾਂ ਹੋਣ। ਇਹ ਜਾਨਵਰ ਤੁਹਾਡੇ ਲਈ ਘ੍ਰਿਣਾਯੋਗ ਹੋਣੇ ਚਾਹੀਦੇ ਹਨ। 43 ਇਨ੍ਹਾਂ ਰੀਂਗਣ ਵਾਲੇ ਜੀਵਾਂ ਜਾਂ ਸੱਪਾਂ ਕਾਰਣ ਆਪਣੇ-ਆਪ ਨੂੰ ਘ੍ਰਿਣਾਯੋਗ ਨਾ ਬਣਾਉ। ਤੁਹਾਨੂੰ ਇਨ੍ਹਾਂ ਨਾਲ ਆਪਣੇ-ਆਪ ਨੂੰ ਗੰਦਾ ਨਹੀਂ ਬਨਾਉਣਾ ਚਾਹੀਦਾ, ਨਹੀਂ ਤਾਂ ਤੁਸੀਂ ਨਾਪਾਕ ਹੋ ਜਾਵੋਂਗੇ। 44 ਕਿਉਂਕਿ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ। ਮੈਂ ਪਵਿੱਤਰ ਹਾਂ, ਇਸ ਲਈ ਤੁਹਾਨੂੰ ਆਪਣੇ-ਆਪ ਨੂੰ ਪਵਿੱਤਰ ਰੱਖਣਾ ਚਾਹੀਦਾ ਹੈ। ਇਨ੍ਹਾਂ ਘਿਸਰਨ ਵਾਲਿਆਂ ਸ਼ੈਆਂ ਨਾਲ ਆਪਣੇ-ਆਪ ਨੂੰ ਪਲੀਤ ਨਾ ਬਣਾਉ। 45 ਮੈਂ ਯਹੋਵਾਹ ਹਾਂ ਜੋ ਤੁਹਾਨੂੰ ਮਿਸਰ ਦੀ ਧਰਤੀ ਵਿੱਚੋਂ ਬਾਹਰ ਲਿਆਇਆ ਤਾਂ ਜੋ ਮੈਂ ਤੁਹਾਡਾ ਪਰਮੇਸ਼ੁਰ ਹੋ ਸੱਕਾਂ। ਤੁਹਾਨੂੰ ਉਵੇਂ ਹੀ ਪਵਿੱਤਰ ਹੋਣਾ ਚਾਹੀਦਾ ਹੈ ਜਿਵੇਂ ਮੈਂ ਪਵਿੱਤਰ ਹਾਂ।”

46 ਇਹ ਨੇਮ ਸਾਰੇ ਪਾਲਤੂ ਜਾਨਵਰਾਂ, ਪੰਛੀਆਂ ਅਤੇ ਧਰਤੀ ਦੇ ਹੋਰ ਜਾਨਵਰਾਂ ਬਾਰੇ ਹਨ। ਇਹ ਨੇਮ ਸਮੁੰਦਰ ਦੇ ਸਾਰੇ ਜਾਨਵਰਾਂ, ਅਤੇ ਉਨ੍ਹਾਂ ਸਾਰੇ ਜਾਨਵਰਾਂ ਬਾਰੇ ਹਨ ਜਿਹੜੇ ਧਰਤੀ ਉੱਤੇ ਘਿਸਰਦੇ ਹਨ। 47 ਇਹ ਸਿੱਖਿਆਵਾਂ ਇਸ ਲਈ ਹਨ ਤਾਂ ਜੋ ਲੋਕ ਪਲੀਤ ਜਾਨਵਰਾਂ ਨੂੰ ਪਾਕ ਜਾਨਵਰਾਂ ਨਾਲੋਂ ਨਿਖੇੜ ਸੱਕਣ। ਤਾਂ ਜੋ ਲੋਕ ਜਾਣ ਸੱਕਣ ਕਿ ਕਿਨ੍ਹਾਂ ਜਾਨਵਰਾਂ ਨੂੰ ਉਹ ਖਾ ਸੱਕਦੇ ਹਨ ਅਤੇ ਕਿਨ੍ਹਾਂ ਨੂੰ ਉਹ ਨਹੀਂ ਖਾ ਸੱਕਦੇ।

ਨਵੀਆਂ ਬਣੀਆਂ ਮਾਵਾਂ ਲਈ ਬਿਧੀਆਂ

12 ਯਹੋਵਾਹ ਨੇ ਮੂਸਾ ਨੂੰ ਆਖਿਆ, “ਇਸਰਾਏਲ ਦੇ ਲੋਕਾਂ ਨੂੰ ਆਖ:

“ਜੇ ਕੋਈ ਔਰਤ ਮੁੰਡੇ ਨੂੰ ਜਨਮ ਦਿੰਦੀ ਹੈ, ਤਾਂ ਉਹ ਔਰਤ ਸੱਤ ਦਿਨ ਤੱਕ ਪਲੀਤ ਰਹੇਗੀ। ਇਹ ਉਸ ਦੇ ਮਹਾਂਵਾਰੀ ਦੇ ਸਮੇਂ ਪਲੀਤ ਹੋਣ ਵਾਂਗ ਹੋਵੇਗਾ। ਅੱਠਵੇਂ ਦਿਨ ਉਸ ਮੁੰਡੇ ਦੀ ਸੁੰਨਤ ਹੋਣੀ ਚਾਹੀਦੀ ਹੈ। ਖੂਨ ਦੀ ਕਮੀ ਤੋਂ ਉਸਦੀ ਸ਼ੁੱਧਤਾ ਲਈ ਹੋਰ 33 ਦਿਨ ਲੱਗਣਗੇ। ਉਸ ਨੂੰ ਕਿਸੇ ਵੀ ਪਵਿੱਤਰ ਚੀਜ਼ ਨੂੰ ਨਹੀਂ ਛੂਹਣਾ ਚਾਹੀਦਾ। ਉਸ ਦੇ ਪਾਕ ਹੋ ਜਾਣ ਦੇ ਸਮੇਂ ਤੀਕ, ਉਸ ਨੂੰ ਪਵਿੱਤਰ ਸਥਾਨ ਵਿੱਚ ਦਾਖਲ ਨਹੀਂ ਹੋਣਾ ਚਾਹੀਦਾ। ਪਰ ਜੇ ਔਰਤ ਕਿਸੇ ਕੁੜੀ ਨੂੰ ਜਨਮ ਦਿੰਦੀ ਹੈ, ਉਹ ਦੋ ਹਫ਼ਤਿਆਂ ਤੱਕ ਉਸੇ ਤਰ੍ਹਾਂ ਪਲੀਤ ਰਹੇਗੀ ਜਿਵੇਂ ਮਹਾਵਾਰੀ ਦੇ ਸਮੇਂ ਰਹਿੰਦੀ ਹੈ। ਖੂਨ ਦੀ ਕਮੀ ਤੋਂ ਉਸਦੀ ਸ਼ੁੱਧਤਾ ਲਈ ਹੋਰ 66 ਦਿਨ ਲੱਗਣਗੇ।

“ਆਪਣੇ ਪਾਕ ਹੋਣ ਦੇ ਸਮੇਂ ਦੇ ਮੁੱਕਣ ਤੋਂ ਮਗਰੋਂ ਮੁੰਡੇ ਜਾਂ ਕੁੜੀ ਦੀ ਨਵੀਂ ਮਾਂ ਨੂੰ ਮੰਡਲੀ ਵਾਲੇ ਤੰਬੂ ਲਈ ਖਾਸ ਬਲੀਆਂ ਲੈ ਕੇ ਆਉਣੀਆਂ ਚਾਹੀਦੀਆਂ ਹਨ। ਉਸ ਨੂੰ ਉਹ ਬਲੀਆਂ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਉੱਤੇ ਜਾਜਕ ਨੂੰ ਦੇਣੀਆਂ ਚਾਹੀਦੀਆਂ ਹਨ। ਉਸ ਨੂੰ ਹੋਮ ਦੀ ਭੇਟ ਲਈ ਇੱਕ ਸਾਲ ਦਾ ਲੇਲਾ ਅਤੇ ਪਾਪ ਦੀ ਭੇਟ ਲਈ ਇੱਕ ਘੁੱਗੀ ਜਾਂ ਕਬੂਤਰ ਲਿਆਉਣਾ ਚਾਹੀਦਾ ਹੈ। 7-8 ਜਾਜਕ ਇਨ੍ਹਾਂ ਨੂੰ ਯਹੋਵਾਹ ਅੱਗੇ ਭੇਟ ਕਰੇਗਾ। ਇਸ ਤਰ੍ਹਾਂ ਜਾਜਕ ਉਸ ਲਈ ਪਰਾਸਚਿਤ ਕਰੇਗਾ। ਫ਼ੇਰ ਉਹ ਆਪਣੇ ਖੂਨ ਦੀ ਕਮੀ ਤੋਂ ਪਾਕ ਹੋ ਜਾਵੇਗੀ। ਇਹ ਨੇਮ ਉਸ ਔਰਤ ਲਈ ਹਨ ਜੋ ਕਿਸੇ ਮੁੰਡੇ ਜਾਂ ਕੁੜੀ ਨੂੰ ਜਨਮ ਦਿੰਦੀ ਹੈ।” ਜੇ ਉਸ ਔਰਤ ਵਿੱਚ ਲੇਲਾ ਲਿਆ ਸੱਕਣ ਦੀ ਪੁੱਜਤ ਨਹੀਂ ਤਾਂ ਉਹ ਦੋ ਘੁੱਗੀ ਜਾਂ ਦੋ ਕਬੂਤਰ ਲਿਆ ਸੱਕਦੀ ਹੈ। ਇੱਕ ਪੰਛੀ ਹੋਮ ਦੀ ਭੇਟ ਲਈ ਅਤੇ ਦੂਸਰਾ ਪੰਛੀ ਪਾਪ ਦੀ ਭੇਟ ਲਈ ਹੋਵੇਗਾ।

ਮੱਤੀ 26:1-25

ਯਹੂਦੀ ਆਗੂਆਂ ਵੱਲੋਂ ਯਿਸੂ ਨੂੰ ਮਰਵਾਉਣ ਦੀ ਵਿਉਂਤ(A)

26 ਜਦੋਂ ਯਿਸੂ ਇਹ ਸਭ ਬਚਨ ਆਖ ਹਟਿਆ, ਉਸ ਨੇ ਆਪਣੇ ਚੇਲਿਆਂ ਨੂੰ ਆਖਿਆ, “ਤੁਹਾਨੂੰ ਪਤਾ ਹੈ ਕਿ ਪਰਸੋਂ ਪਸਾਹ ਦਾ ਤਿਉਹਾਰ ਹੈ। ਉਸ ਦਿਨ, ਮਨੁੱਖ ਦਾ ਪੁੱਤਰ ਆਪਣੇ ਦੁਸ਼ਮਨਾਂ ਹੱਥੀਂ ਸਲੀਬ ਦਿੱਤੇ ਜਾਣ ਲਈ ਦੇ ਦਿੱਤਾ ਜਾਵੇਗਾ।”

ਤਦ ਪ੍ਰਧਾਨ ਜਾਜਕ ਅਤੇ ਬਜ਼ੁਰਗ ਯਹੂਦੀ ਆਗੂ ਸਰਦਾਰ ਜਾਜਕ ਦੇ ਮਹਲ ਵਿੱਚ ਇਕੱਠੇ ਹੋਏ। ਸਰਦਾਰ ਜਾਜਕ ਦਾ ਨਾਓ ਕਯਾਫ਼ਾ ਸੀ। ਅਤੇ ਉਸ ਸਭਾ ਵਿੱਚ, ਉਨ੍ਹਾਂ ਨੇ ਧੋਖੇ ਨਾਲ ਯਿਸੂ ਨੂੰ ਗਿਰਫ਼ਤਾਰ ਕਰਨ ਅਤੇ ਮਾਰ ਦੇਣ ਦੀ ਵਿਉਂਤ ਬਣਾਈ। ਪਰ ਉਨ੍ਹਾਂ ਨੇ ਆਖਿਆ, “ਅਸੀਂ ਯਿਸੂ ਨੂੰ ਪਸਾਹ ਦੇ ਤਿਉਹਾਰ ਵੇਲੇ ਗਿਰਫ਼ਤਾਰ ਨਹੀਂ ਕਰ ਸੱਕਦੇ ਕਿਉਂਕਿ ਲੋਕ ਗੁੱਸੇ ਵਿੱਚ ਆ ਜਾਣਗੇ ਅਤੇ ਫ਼ਸਾਦ ਕਰ ਦੇਣਗੇ।”

ਇੱਕ ਔਰਤ ਨੇ ਵਿਸ਼ੇਸ਼ ਕੰਮ ਕੀਤਾ(B)

ਜਦੋਂ ਯਿਸੂ ਬੈਤਅਨੀਆ ਵਿੱਚ ਸ਼ਮਊਨ ਕੋੜ੍ਹੀ ਦੇ ਘਰ ਸੀ। ਤਾਂ ਇੱਕ ਔਰਤ ਉਸ ਕੋਲ ਆਈ। ਉਸ ਕੋਲ ਸੰਗਮਰਮਰ ਦੀ ਸ਼ੀਸ਼ੀ ਵਿੱਚ ਬੜਾ ਮਹਿੰਗਾ ਅਤਰ ਭਰਿਆ ਹੋਇਆ ਸੀ। ਉਸ ਔਰਤ ਨੇ ਜਦੋਂ ਯਿਸੂ ਭੋਜਨ ਕਰ ਰਿਹਾ ਸੀ, ਇਹ ਅਤਰ ਉਸ ਦੇ ਸਿਰ ਉੱਤੇ ਡੋਲ੍ਹ ਦਿੱਤਾ।

ਜਦੋਂ ਚੇਲਿਆਂ ਨੇ ਔਰਤ ਨੂੰ ਇਉਂ ਕਰਦਿਆਂ ਵੇਖਿਆ, ਉਹ ਬੜੇ ਪਰੇਸ਼ਾਨ ਹੋ ਗਏ ਅਤੇ ਆਖਿਆ, “ਇਹ ਬੇਕਾਰ ਹੀ ਕਿਉਂ? ਇਹੋ ਅਤਰ ਮਹਿੰਗੇ ਮੁੱਲ ਵੇਚਿਆ ਜਾ ਸੱਕਦਾ ਸੀ ਅਤੇ ਪੈਸੇ ਗਰੀਬ ਲੋਕਾਂ ਨੂੰ ਦਿੱਤੇ ਜਾ ਸੱਕਦੇ ਸਨ?”

10 ਯਿਸੂ ਜਾਣਦਾ ਸੀ ਕਿ ਕੀ ਵਾਪਰਿਆ ਸੀ। ਇਸ ਲਈ ਉਸ ਨੇ ਆਖਿਆ, “ਤੁਸੀਂ ਇਸ ਔਰਤ ਨੂੰ ਕਿਉਂ ਖਿਝਾ ਰਹੇ ਹੋ? ਉਸ ਨੇ ਮੇਰੇ ਲਈ ਇਹ ਬਹੁਤ ਚੰਗਾ ਕੀਤਾ ਹੈ। 11 ਗਰੀਬ ਲੋਕ ਹਮੇਸ਼ਾ ਤੁਹਾਡੇ ਨਾਲ ਹੋਣਗੇ [a] ਪਰ ਮੈਂ ਸਦਾ ਤੁਹਾਡੇ ਨਾਲ ਨਹੀਂ ਰਹਾਂਗਾ। 12 ਇਸ ਔਰਤ ਨੇ ਅਤਰ ਮੇਰੇ ਸ਼ਰੀਰ ਤੇ ਡੋਲ੍ਹਿਆ ਹੈ। ਇਸਨੇ ਇਹ ਸਭ ਕੁਝ ਮੇਰੇ ਮਰਨ ਉਪਰੰਤ ਦੇਹ ਨੂੰ ਦਫ਼ਨਾਉਣ ਲਈ ਕੀਤਾ ਹੈ। 13 ਮੈਂ ਤੁਹਾਨੂੰ ਸੱਚ ਆਖਦਾ ਹਾਂ, ਕਿ ਖੁਸ਼ਖਬਰੀ ਦਾ ਪ੍ਰਚਾਰ ਸਾਰੇ ਸੰਸਾਰ ਵਿੱਚ ਕੀਤਾ ਜਾਵੇਗਾ ਅਤੇ ਜਿੱਥੇ ਕਿਤੇ ਇਹ ਖੁਸ਼ਖਬਰੀ ਪਹੁੰਚੇਗੀ, ਜੋ ਇਸ ਔਰਤ ਨੇ ਕੀਤਾ ਹੈ ਇਹ ਕਹਾਣੀ ਵੀ ਕਹੀ ਜਾਵੇਗੀ ਅਤੇ ਲੋਕ ਉਸ ਨੂੰ ਯਾਦ ਕਰਨਗੇ।”

ਯਹੂਦਾ ਦਾ ਯਿਸੂ ਦਾ ਦੁਸ਼ਮਨ ਬਣ ਜਾਣਾ(C)

14 ਤਦ ਉਨ੍ਹਾਂ ਬਾਰ੍ਹਾਂ ਚੇਲਿਆਂ ਵਿੱਚ ਇੱਕ ਨੇ ਜਿਸਦਾ ਨਾਉਂ ਯਹੂਦਾ ਇਸੱਕਰਿਯੋਤੀ ਸੀ, ਪ੍ਰਧਾਨ ਜਾਜਕ ਕੋਲ ਜਾਕੇ ਆਖਿਆ, 15 “ਮੈਂ ਯਿਸੂ ਨੂੰ ਤੁਹਾਡੇ ਹੱਥ ਫ਼ੜਵਾ ਦੇਵਾਂਗਾ ਤਾਂ ਤੁਸੀਂ ਮੈਨੂੰ ਇਸ ਕਾਰਜ ਲਈ ਕੀ ਦੇਵੋਂਗੇ?” ਤਾਂ ਉਨ੍ਹਾਂ ਜਾਜਕਾਂ ਨੇ ਉਸ ਨੂੰ ਤੀਹ ਚਾਂਦੀ ਦੇ ਸਿੱਕੇ ਦੇ ਦਿੱਤੇ। 16 ਉਸ ਵੇਲੇ ਤੋਂ ਬਾਦ ਯਹੂਦਾ ਯਿਸੂ ਨੂੰ ਜਾਜਕ ਦੇ ਹੱਥ ਫ਼ੜਵਾਉਨ ਦਾ ਦਾਅ ਲੱਭਣ ਲੱਗਾ।

ਯਿਸੂ ਨੇ ਪਸਾਹ ਦਾ ਭੋਜਨ ਕੀਤਾ(D)

17 ਪਤੀਰੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ, ਚੇਲਿਆਂ ਨੇ ਯਿਸੂ ਕੋਲ ਆਕੇ ਆਖਿਆ, “ਤੁਹਾਡੇ ਖਾਣ ਲਈ ਪਸਾਹ ਦਾ ਭੋਜਨ ਅਸੀਂ ਕਿੱਥੇ ਤਿਆਰ ਕਰੀਏ?”

18 ਯਿਸੂ ਨੇ ਉੱਤਰ ਦਿੱਤਾ, “ਸ਼ਹਿਰ ਅੰਦਰ ਜਾਓ ਅਤੇ ਉਸ ਵਿਅਕਤੀ ਨੂੰ ਮਿਲੋ ਜਿਸ ਨੂੰ ਮੈਂ ਜਾਨਦਾ ਹਾਂ ਅਤੇ ਉਸ ਨੂੰ ਦੱਸੋ ਕਿ ਤੇਰੇ ਗੁਰੂ ਨੇ ਕਿਹਾ, ‘ਮੇਰਾ ਚੁਣਿਆ ਹੋਇਆ ਵੇਲਾ ਨੇੜੇ ਆ ਗਿਆ ਹੈ ਅਤੇ ਮੈਂ ਪਸਾਹ ਦਾ ਭੋਜਨ ਆਪਣੇ ਚੇਲਿਆਂ ਸਮੇਤ ਤੇਰੇ ਘਰ ਹੀ ਕਰਾਂਗਾ।’” 19 ਜਿਸ ਤਰ੍ਹਾਂ ਯਿਸੂ ਨੇ ਚੇਲਿਆਂ ਨੂੰ ਕਿਹਾ, ਉਨ੍ਹਾਂ ਨੇ ਉਸੇ ਤਰ੍ਹਾਂ ਹੀ ਕੀਤਾ ਅਤੇ ਉਵੇਂ ਪਸਾਹ ਦਾ ਭੋਜਨ ਤਿਆਰ ਹੋਇਆ।

20 ਸ਼ਾਮ ਵੇਲੇ ਯਿਸੂ ਆਪਣੇ ਬਾਰ੍ਹਾਂ ਚੇਲਿਆ ਸਮੇਤ ਮੇਜ਼ ਤੇ ਬੈਠਾ ਹੋਇਆ ਸੀ। 21 ਜਦੋਂ ਉਹ ਖਾ ਰਹੇ ਸਨ ਤਾਂ ਯਿਸੂ ਨੇ ਕਿਹਾ, “ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਤੁਹਾਡੇ ਬਾਰ੍ਹਾਂ ਵਿੱਚੋਂ ਇੱਕ ਚੇਲਾ ਮੈਨੂੰ ਜਲਦੀ ਹੀ ਮੇਰੇ ਦੁਸ਼ਮਨਾਂ ਦੇ ਹੱਥ ਫ਼ੜਾ ਦੇਵੇਗਾ।”

22 ਇਹ ਸੁਣਕੇ ਚੇਲੇ ਬੜੇ ਨਿਰਾਸ਼ ਹੋਏ। ਯਿਸੂ ਦੇ ਹਰ ਚੇਲੇ ਨੇ ਕਿਹਾ, “ਪ੍ਰਭੂ, ਨਿਸ਼ਚਿਤ ਹੀ ਮੈਂ ਉਹ ਨਹੀਂ ਹਾਂ! ਕੀ ਇਹ ਸੱਚ ਨਹੀਂ ਹੈ?”

23 ਯਿਸੂ ਨੇ ਉੱਤਰ ਦਿੱਤਾ, “ਜਿਸ ਆਦਮੀ ਨੇ ਮੇਰੇ ਨਾਲ ਇਸ ਕਟੋਰੇ ਵਿੱਚ ਹੱਥ ਡੁਬੋਇਆ ਹੈ ਉਹੀ ਵਿਅਕਤੀ ਹੈ ਜਿਹੜਾ ਮੈਨੂੰ ਦੁਸ਼ਮਨਾਂ ਦੇ ਹੱਥੀ ਫ਼ੜਾਵੇਗਾ। 24 ਮਨੁੱਖ ਦਾ ਪੁੱਤਰ ਜਾਵੇਗਾ ਅਤੇ ਉਵੇਂ ਹੀ ਮਰੇਗਾ ਜਿਵੇਂ ਉਸ ਬਾਰੇ, ਪੋਥੀਆਂ ਵਿੱਚ ਲਿਖਿਆ ਹੋਇਆ ਹੈ। ਪਰ ਉਸ ਮਨੁੱਖ ਤੇ ਲਾਹਨਤ ਜਿਹੜਾ ਮਨੁੱਖ ਦੇ ਪੁੱਤਰ ਨੂੰ ਵੈਰੀਆਂ ਦੇ ਹੱਥੀਂ ਫ਼ੜਾਵੇਗਾ। ਉਸ ਮਨੁੱਖ ਲਈ ਭਲਾ ਹੁੰਦਾ ਕਿ ਉਹ ਨਾ ਹੀ ਜੰਮਦਾ।”

25 ਤਦ ਯਹੂਦਾ ਨੇ ਯਿਸੂ ਨੂੰ ਆਖਿਆ, “ਗੁਰੂ ਜੀ, ਨਿਸ਼ਚਿਤ ਹੀ ਮੈਂ ਉਹ ਨਹੀਂ ਹਾਂ। ਕੀ ਇਹ ਸੱਚ ਨਹੀਂ ਹੈ?”

ਯਹੂਦਾ ਹੀ ਉਹ ਮਨੁੱਖ ਸੀ ਜੋ ਯਿਸੂ ਨੂੰ ਉਸ ਦੇ ਦੁਸ਼ਮਨਾਂ ਦੇ ਹੱਥ ਫ਼ੜਵਾਉਨਾ ਚਾਹੁੰਦਾ ਸੀ ਤਾਂ ਯਿਸੂ ਨੇ ਆਖਿਆ, “ਹਾਂ ਉਹ ਤੂੰ ਹੈਂ।”

Punjabi Bible: Easy-to-Read Version (ERV-PA)

2010 by World Bible Translation Center