Old/New Testament
ਪ੍ਰਮੇਹ ਦੇ ਰੋਗਾਂ ਬਾਰੇ ਬਿਧੀਆਂ
15 ਯਹੋਵਾਹ ਨੇ ਮੂਸਾ ਤੇ ਹਾਰੂਨ ਨੂੰ ਇਹ ਵੀ ਆਖਿਆ, 2 “ਇਸਰਾਏਲ ਦੇ ਲੋਕਾਂ ਨੂੰ ਆਖੋ; ਜਦੋਂ ਕਿਸੇ ਬੰਦੇ ਦੇ ਸ਼ਰੀਰ ਵਿੱਚੋਂ ਦ੍ਰਵ ਨਿਕਲ ਰਿਹਾ ਹੋਵੇ, ਤਾਂ ਉਹ ਪਲੀਤ ਹੈ। 3 ਇਸ ਨਾਲ ਫ਼ਰਕ ਨਹੀਂ ਪੈਂਦਾ ਕਿ ਉਸ ਦੇ ਸ਼ਰੀਰ ਵਿੱਚੋਂ ਇਹ ਚੀਜ਼ ਵਗਣਾ ਜਾਰੀ ਰੱਖਦੀ ਹੈ ਜਾਂ ਉਸਦਾ ਸ਼ਰੀਰ ਇਸ ਨੂੰ ਵਗਣ ਤੋਂ ਰੋਕ ਦਿੰਦਾ ਹੈ।
4 “ਜੇ ਉਹ ਬੰਦਾ, ਜਿਸਦੇ ਸ਼ਰੀਰ ਵਿੱਚੋਂ ਕੋਈ ਚੀਜ਼ ਵਗਦੀ ਹੈ, ਕਿਸੇ ਬਿਸਤਰੇ ਉੱਤੇ ਲੇਟਿਆ ਹੈ, ਤਾਂ ਉਹ ਬਿਸਤਰਾ ਪਲੀਤ ਹੋ ਜਾਂਦਾ ਹੈ। ਉਹ ਹਰ ਚੀਜ਼, ਜਿਸ ਉੱਤੇ ਉਹ ਬੰਦਾ ਬੈਠਦਾ ਹੈ, ਪਲੀਤ ਹੋ ਜਾਂਦੀ ਹੈ। 5 ਜੇ ਕੋਈ ਉਸ ਬੰਦੇ ਦੇ ਬਿਸਤਰੇ ਨੂੰ ਛੂਹ ਲੈਂਦਾ ਹੈ, ਉਸ ਨੂੰ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ ਅਤੇ ਆਪਣੇ-ਆਪ ਨੂੰ ਪਾਣੀ ਨਾਲ ਧੋ ਲੈਣਾ ਚਾਹੀਦਾ ਹੈ। ਉਹ ਸ਼ਾਮ ਤੱਕ ਪਲੀਤ ਰਹੇਗਾ। 6 ਜੇ ਕੋਈ ਬੰਦਾ ਕਿਸੇ ਐਸੀ ਚੀਜ਼ ਉੱਤੇ ਬੈਠਦਾ ਹੈ ਜਿਸ ਉੱਤੇ ਵਗਦੀ ਹੋਈ ਚੀਜ਼ ਵਾਲਾ ਬੰਦਾ ਬੈਠਿਆ ਸੀ ਤਾਂ ਉਸ ਨੂੰ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ ਅਤੇ ਪਾਣੀ ਨਾਲ ਇਸ਼ਨਾਨ ਕਰਨਾ ਚਾਹੀਦਾ ਹੈ। ਉਹ ਸ਼ਾਮ ਤੱਕ ਪਲੀਤ ਰਹੇਗਾ। 7 ਇਸਤੋਂ ਇਲਾਵਾ, ਜੇ ਕੋਈ ਬੰਦਾ ਪ੍ਰਮੇਹ ਵਾਲੇ ਬੰਦੇ ਨੂੰ ਛੂਹ ਲੈਂਦਾ ਹੈ ਤਾਂ ਉਸ ਨੂੰ ਆਪਣੇ ਕੱਪੜੇ ਧੋਣੇ ਚਾਹੀਦੇ ਹਨ ਅਤੇ ਪਾਣੀ ਨਾਲ ਇਸ਼ਨਾਨ ਕਰਨਾ ਚਾਹੀਦਾ ਹੈ। ਉਹ ਸ਼ਾਮ ਤੱਕ ਪਲੀਤ ਰਹੇਗਾ। 8 ਜੇ ਕੋਈ ਪ੍ਰਮੇਹ ਵਾਲਾ ਬੰਦਾ ਕਿਸੇ ਪਾਕ ਬੰਦੇ ਉੱਤੇ ਥੁੱਕ ਸੁੱਟਦਾ ਹੈ ਤਾਂ ਉਸ ਪਾਕ ਬੰਦੇ ਨੂੰ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ ਅਤੇ ਪਾਣੀ ਨਾਲ ਇਸ਼ਨਾਨ ਕਰਨਾ ਚਾਹੀਦਾ ਹੈ। ਇਹ ਬੰਦਾ ਸ਼ਾਮ ਤੱਕ ਪਲੀਤ ਰਹੇਗਾ। 9 ਸਵਾਰੀ ਕਰਦੇ ਵਕਤ ਪ੍ਰਮੇਹ ਵਾਲਾ ਬੰਦਾ ਜਿਸ ਕਾਸੇ ਤੇ ਵੀ ਬੈਠਦਾ ਹੈ ਪਲੀਤ ਹੋ ਜਾਂਦੀ ਹੈ। 10 ਇਸ ਲਈ ਜੋ ਵੀ ਬੰਦਾ ਉਨ੍ਹਾਂ ਚੀਜ਼ਾਂ ਨੂੰ ਛੂਹ ਲੈਂਦਾ ਹੈ ਜਿਹੜੀਆਂ ਪ੍ਰਮੇਹ ਵਾਲੇ ਬੰਦੇ ਦੇ ਹੇਠਾਂ ਸਨ, ਸ਼ਾਮ ਤੱਕ ਪਲੀਤ ਰਹੇਗਾ। ਜਿਹੜਾ ਬੰਦਾ ਇਨ੍ਹਾਂ ਚੀਜ਼ਾਂ ਨੂੰ ਚੁੱਕਦਾ ਜਿਹੜੀਆਂ ਪ੍ਰਮੇਹ ਵਾਲੇ ਬੰਦੇ ਦੇ ਹੇਠਾਂ ਸਨ ਉਸ ਨੂੰ ਆਪਣੇ ਕੱਪੜੇ ਧੋਣੇ ਚਾਹੀਦੇ ਹਨ ਅਤੇ ਆਪਣੇ-ਆਪ ਨੂੰ ਪਾਣੀ ਨਾਲ ਧੋ ਲੈਣਾ ਚਾਹੀਦਾ ਹੈ। ਉਹ ਸ਼ਾਮ ਤੀਕ ਪਲੀਤ ਰਹੇਗਾ। 11 ਅਜਿਹਾ ਵੀ ਵਾਪਸ ਸੱਕਦਾ ਹੈ ਕਿ ਪ੍ਰਮੇਹ ਵਾਲੇ ਬੰਦੇ ਨੇ ਆਪਣੇ ਹੱਥ ਨਹੀਂ ਧੋਤੇ ਅਤੇ ਕਿਸੇ ਦੂਸਰੇ ਬੰਦੇ ਨੂੰ ਛੂਹ ਲਿਆ ਹੋਵੇ। ਤਾਂ ਦੂਸਰੇ ਬੰਦੇ ਨੂੰ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ ਅਤੇ ਪਾਣੀ ਨਾਲ ਇਸ਼ਨਾਨ ਕਰਨਾ ਚਾਹੀਦਾ ਹੈ। ਉਹ ਸ਼ਾਮ ਤੱਕ ਪਲੀਤ ਰਹੇਗਾ।
12 “ਪਰ ਜੇ ਕੋਈ ਪ੍ਰਮੇਹ ਵਾਲਾ ਬੰਦਾ ਕਿਸੇ ਮਿੱਟੀ ਦੇ ਭਾਂਡੇ ਨੂੰ ਛੂਹ ਲੈਂਦਾ ਹੈ, ਤਾਂ ਉਹ ਭਾਂਡਾ ਤੋੜ ਦੇਣਾ ਚਾਹੀਦਾ ਹੈ। ਜੇ ਕੋਈ ਪ੍ਰਮੇਹ ਵਾਲਾ ਬੰਦਾ ਕਿਸੇ ਲੱਕੜ ਦੇ ਬਰਤਨ ਨੂੰ ਛੂਹ ਲੈਂਦਾ ਹੈ ਤਾਂ ਉਸ ਬਰਤਨ ਨੂੰ ਪਾਣੀ ਨਾਲ ਧੋ ਲੈਣਾ ਚਾਹੀਦਾ ਹੈ।
13 “ਜਦੋਂ ਕੋਈ ਪ੍ਰਮੇਹ ਵਾਲਾ ਬੰਦਾ ਪਾਕ ਬਣਾਏ ਜਾਣ ਲਈ ਤਿਆਰ ਹੁੰਦਾ ਹੈ, ਉਸ ਨੂੰ ਪਾਕ ਬਣਾਏ ਜਾਣ ਤੋਂ ਪਹਿਲਾਂ ਸੱਤ ਦਿਨ ਤੱਕ ਇੰਤਜ਼ਾਰ ਕਰਨਾ ਚਾਹੀਦਾ ਹੈ। ਫ਼ੇਰ ਉਸ ਨੂੰ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ ਅਤੇ ਵਗਦੇ ਪਾਣੀ ਵਿੱਚ ਇਸ਼ਨਾਨ ਕਰਨਾ ਚਾਹੀਦਾ ਹੈ। ਫ਼ੇਰ ਉਹ ਪਾਕ ਹੋ ਜਾਵੇਗਾ। 14 ਅੱਠਵੇਂ ਦਿਨ, ਉਹ ਬੰਦਾ ਦੋ ਘੁੱਗੀਆਂ ਜਾਂ ਦੋ ਕਬੂਤਰ ਲੈ ਕੇ ਆਵੇ। ਉਸ ਨੂੰ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਤੇ ਯਹੋਵਾਹ ਦੇ ਸਾਹਮਣੇ ਆਉਣਾ ਚਾਹੀਦਾ ਹੈ। ਉਹ ਦੋਵੇਂ ਪੰਛੀ ਜਾਜਕ ਨੂੰ ਦੇਵੇਗਾ। 15 ਜਾਜਕ ਪੰਛੀਆਂ ਨੂੰ, ਇੱਕ ਨੂੰ ਪਾਪ ਦੀ ਭੇਟ ਵਜੋਂ ਅਤੇ ਦੂਸਰੇ ਨੂੰ ਹੋਮ ਦੀ ਭੇਟ ਵਜੋਂ ਚੜ੍ਹਾਵੇਗਾ। ਇਸ ਤਰ੍ਹਾਂ, ਜਾਜਕ ਯਹੋਵਾਹ ਦੇ ਸਾਹਮਣੇ ਉਸ ਬੰਦੇ ਲਈ ਪਰਾਸਚਿਤ ਕਰੇਗਾ।
ਆਦਮੀਆਂ ਲਈ ਬਿਧੀਆਂ
16 “ਜੇਕਰ ਕੋਈ ਬੰਦਾ ਵੀਰਜ ਵਗਾਉਂਦਾ, ਉਸ ਨੂੰ ਆਪਣੇ-ਆਪ ਨੂੰ ਪਾਣੀ ਵਿੱਚ ਪੂਰੀ ਤਰ੍ਹਾਂ ਧੋਣਾ ਚਾਹੀਦਾ ਹੈ। ਉਹ ਸ਼ਾਮ ਤੱਕ ਪਲੀਤ ਰਹੇਗਾ। 17 ਜੇ ਵੀਰਜ ਕਿਸੇ ਕੱਪੜੇ ਜਾਂ ਚਮੜੇ ਉੱਤੇ ਹੈ, ਇਸ ਨੂੰ ਪਾਣੀ ਨਾਲ ਧੋਤਾ ਜਾਣਾ ਚਾਹੀਦਾ ਹੈ। ਇਹ ਸ਼ਾਮ ਤੱਕ ਪਲੀਤ ਰਹੇਗਾ। 18 ਜੇ ਕੋਈ ਬੰਦਾ ਕਿਸੇ ਔਰਤ ਨਾਲ ਸੰਭੋਗ ਕਰਦਾ ਹੈ, ਆਦਮੀ ਤੇ ਔਰਤ, ਦੋਹਾਂ ਨੂੰ ਆਪਣੇ-ਆਪ ਨੂੰ ਪਾਣੀ ਨਾਲ ਧੋਣਾ ਚਾਹੀਦਾ ਹੈ। ਉਹ ਸ਼ਾਮ ਤੱਕ ਪਲੀਤ ਰਹਿਣਗੇ।
ਔਰਤਾਂ ਲਈ ਬਿਧੀਆਂ
19 “ਜੇ ਕਿਸੇ ਔਰਤ ਦਾ ਮਾਹਵਾਰੀ ਸਮੇਂ ਖੂਨ ਵਗਦਾ ਹੈ, ਤਾਂ ਉਹ ਸੱਤ ਦਿਨਾਂ ਤੱਕ ਪਲੀਤ ਰਹੇਗੀ। ਜੇ ਕੋਈ ਬੰਦਾ ਉਸ ਨੂੰ ਛੂਹ ਲੈਂਦਾ ਹੈ, ਤਾਂ ਉਹ ਬੰਦਾ ਸ਼ਾਮ ਤੱਕ ਪਲੀਤ ਰਹੇਗਾ। 20 ਇਸਤੋਂ ਇਲਾਵਾ ਹਰ ਉਹ ਚੀਜ਼ ਜਿਸ ਉੱਤੇ ਮਾਹਵਾਰੀ ਸਮੇਂ ਵਾਲੀ ਔਰਤ ਲੇਟਦੀ ਹੈ। ਪਲੀਤ ਹੋ ਜਾਵੇਗੀ। ਅਤੇ ਹਰ ਉਹ ਚੀਜ਼, ਜਿਸ ਉੱਤੇ ਉਹ ਉਸ ਸਮੇਂ ਦੌਰਾਨ ਬੈਠਦੀ ਹੈ, ਪਲੀਤ ਹੋ ਜਾਵੇਗੀ। 21 ਜੇ ਕੋਈ ਬੰਦਾ ਉਸ ਔਰਤ ਦੇ ਬਿਸਤਰੇ ਨੂੰ ਛੂੰਹਦਾ ਹੈ, ਉਸ ਬੰਦੇ ਨੂੰ ਆਪਣੇ ਕੱਪੜੇ ਧੋਣੇ ਚਾਹੀਦੇ ਹਨ ਅਤੇ ਪਾਣੀ ਵਿੱਚ ਨਹਾਉਣਾ ਚਾਹੀਦਾ ਹੈ। ਉਹ ਸ਼ਾਮ ਤੀਕ ਪਲੀਤ ਰਹੇਗਾ। 22 ਜੇ ਕੋਈ ਵੀ ਕਿਸੇ ਅਜਿਹੀ ਚੀਜ਼ ਨੂੰ ਛੂੰਹਦਾ ਹੈ ਜਿਸ ਉੱਤੇ ਉਹ ਔਰਤ ਬੈਠੀ ਸੀ, ਉਸ ਨੂੰ ਆਪਣੇ ਕੱਪੜੇ ਧੋਣੇ ਚਾਹੀਦੇ ਹਨ ਅਤੇ ਆਪਣੇ-ਆਪ ਨੂੰ ਪਾਣੀ ਨਾਲ ਧੋਣਾ ਚਾਹੀਦਾ ਹੈ? ਉਹ ਸ਼ਾਮ ਤੱਕ ਪਲੀਤ ਰਹੇਗਾ। 23 ਜੇ ਕੋਈ ਬੰਦਾ ਕਿਸੇ ਉਸ ਚੀਜ਼ ਨੂੰ ਛੂੰਹਦਾ ਜੋ ਬਿਸਤਰੇ ਉੱਤੇ ਸੀ ਜਾਂ ਜਿਸ ਉੱਤੇ ਉਹ ਬੈਠੀ ਹੋਈ ਸੀ, ਉਹ ਸ਼ਾਮ ਤੱਕ ਪਲੀਤ ਰਹੇਗਾ।
24 “ਜੇ ਕੋਈ ਆਦਮੀ ਕਿਸੇ ਔਰਤ ਨਾਲ ਉਸ ਦੇ ਮਾਹਵਾਰੀ ਸਮੇਂ ਦੌਰਾਨ, ਸੰਭੋਗ ਕਰਦਾ ਹੈ, ਉਹ ਸੱਤਾਂ ਦਿਨਾਂ ਤੱਕ ਪਲੀਤ ਰਹੇਗਾ। ਹਰ ਉਹ ਬਿਸਤਰ ਜਿਸ ਉੱਤੇ ਉਹ ਆਦਮੀ ਸੌਵੇਗਾ, ਪਲੀਤ ਹੋਵੇਗਾ।
25 “ਜੇ ਕਿਸੇ ਔਰਤ ਨੂੰ ਬਹੁਤ ਦਿਨ ਲਈ ਖੂਨ ਪੈਂਦਾ ਹੈ, ਆਪਣੇ ਮਾਹਵਾਰੀ ਸਮੇਂ ਤੋਂ ਬਿਨਾ, ਜਾਂ ਜੇ ਉਸ ਨੂੰ ਮਾਹਵਾਰੀ ਦੇ ਸਮੇਂ ਤੋਂ ਵੱਧ ਖੂਨ ਪੈਂਦਾ ਹੈ, ਤਾਂ ਉਹ ਮਾਹਵਾਰੀ ਸਮੇਂ ਵਾਂਗ ਹੀ ਪਲੀਤ ਹੋਵੇਗੀ। 26 ਖੂਨ ਪੈਣ ਦੇ ਸਮੇਂ ਦੌਰਾਨ ਜਿਹੜੇ ਬਿਸਤਰੇ ਉੱਤੇ ਉਹ ਔਰਤ ਲੇਟਦੀ ਹੈ ਉਹ ਉਸ ਦੇ ਮਾਹਵਾਰੀ ਸਮੇਂ ਦੇ ਬਿਸਤਰੇ ਵਰਗਾ ਹੀ ਹੋਵੇਗਾ। ਹਰ ਉਹ ਚੀਜ਼ ਜਿਸ ਉੱਤੇ ਉਹ ਔਰਤ ਬੈਠਦੀ ਹੈ ਉਹ ਉਸੇ ਤਰ੍ਹਾਂ ਪਲੀਤ ਹੋਵੇਗੀ ਜਿਵੇਂ ਉਹ ਮਾਹਵਾਰੀ ਦੇ ਦੌਰਾਨ ਹੁੰਦੀ ਹੈ। 27 ਜੇ ਕੋਈ ਬੰਦਾ ਉਨ੍ਹਾਂ ਚੀਜ਼ਾਂ ਨੂੰ ਛੂੰਹਦਾ ਹੈ ਤਾਂ ਉਹ ਬੰਦਾ ਪਲੀਤ ਹੋਵੇਗਾ। ਉਸ ਬੰਦੇ ਨੂੰ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ ਅਤੇ ਪਾਣੀ ਨਾਲ ਨਹਾ ਲੈਣਾ ਚਾਹੀਦਾ ਹੈ। ਉਹ ਸ਼ਾਮ ਤੱਕ ਪਲੀਤ ਰਹੇਗਾ। 28 ਔਰਤ ਦੇ ਖੂਨ ਬੰਦ ਹੋਣ ਤੋਂ ਮਗਰੋਂ, ਉਸ ਨੂੰ ਸੱਤਾਂ ਦਿਨਾਂ ਲਈ ਇੰਤਜ਼ਾਰ ਕਰਨਾ ਚਾਹੀਦਾ ਹੈ। ਫ਼ੇਰ ਉਹ ਪਾਕ ਹੋਵੇਗੀ। 29 ਫ਼ੇਰ ਅੱਠਵੇਂ ਦਿਨ, ਔਰਤ ਨੂੰ ਦੋ ਘੁੱਗੀਆਂ ਜਾਂ ਦੋ ਕਬੂਤਰ ਲੈ ਕੇ ਮੰਡਲੀ ਦੇ ਤੰਬੂ ਦੇ ਪ੍ਰਵੇਸ਼ ਤੇ ਜਾਜਕ ਕੋਲ ਲੈ ਕੇ ਆਉਣਾ ਚਾਹੀਦਾ ਹੈ। 30 ਫ਼ੇਰ ਜਾਜਕ ਨੂੰ ਪੰਛੀ, ਇੱਕ ਪੰਛੀ ਪਾਪ ਦੀ ਭੇਟ ਵਜੋਂ ਅਤੇ ਦੂਸਰੇ ਨੂੰ ਹੋਮ ਦੀ ਭੇਟ ਵਜੋਂ ਚੜ੍ਹਾਉਣਾ ਚਾਹੀਦਾ ਹੈ। ਇਸ ਤਰ੍ਹਾਂ ਉਹ ਉਸ ਲਈ ਯਹੋਵਾਹ ਦੇ ਸਾਹਮਣੇ ਉਸ ਦੇ ਨਾਪਾਕ ਖੂਨ ਵਗਣ ਖਾਤਰ ਪਰਾਸਚਿਤ ਕਰੇਗਾ।
31 “ਇਸ ਤਰ੍ਹਾਂ ਤੁਹਾਨੂੰ ਇਸਰਾਏਲ ਦੇ ਲੋਕਾਂ ਨੂੰ ਪਲੀਤ ਹੋਣ ਬਾਰੇ ਚੇਤਾਵਨੀ ਦੇਣੀ ਚਾਹੀਦੀ ਹੈ। ਜੇ ਤੁਸੀਂ ਚੇਤਾਵਨੀ ਨਹੀਂ ਦਿਉਂਗੇ, ਤਾਂ ਹੋ ਸੱਕਦਾ ਹੈ ਕਿ ਉਹ ਮੇਰੇ ਪਵਿੱਤਰ ਤੰਬੂ ਨੂੰ ਪਲੀਤ ਕਰ ਦੇਣ। ਅਤੇ ਫ਼ੇਰ ਉਨ੍ਹਾਂ ਨੂੰ ਮਰਨਾ ਪਵੇਗਾ।”
32 ਇਹ ਬਿਧੀਆਂ ਪ੍ਰਮੇਹ ਵਾਲੇ ਲੋਕਾਂ ਅਤੇ ਉਨ੍ਹਾਂ ਆਦਮੀਆਂ ਲਈ ਹਨ ਜਿਨ੍ਹਾਂ ਦਾ ਵੀਰਜ ਵਗ ਜਾਵੇ ਅਤੇ ਇਸ ਕਾਰਣ ਪਲੀਤ ਹੋ ਜਾਣ। 33 ਇਹ ਬਿਧੀਆਂ ਉਨ੍ਹਾਂ ਔਰਤਾਂ ਲਈ ਹਨ ਜਿਹੜੀਆਂ ਆਪਣੇ ਮਾਹਵਾਰੀ ਦੇ ਖੂਨ ਨਾਲ ਪਲੀਤ ਹੋ ਜਾਂਦੀਆਂ ਹਨ। ਇਹ ਬਿਧੀਆਂ ਹਰ ਉਸ ਵਿਅਕਤੀ ਲਈ ਹਨ ਜਿਸ ਨੂੰ ਅਸੁਭਾਵਿਕ ਪ੍ਰਮੇਹ ਹੋਵੇ ਅਤੇ ਉਸ ਆਦਮੀ ਲਈ ਹਨ ਜਿਹੜਾ ਕਿਸੇ ਨਾਪਾਕ ਔਰਤ ਨਾਲ ਸੰਭੋਗ ਕਰਦਾ ਹੈ।
ਪਰਾਸਚਿਤ ਦਾ ਦਿਨ
16 ਹਾਰੂਨ ਦੇ ਦੋ ਪੁੱਤਰ ਉਦੋਂ ਮਾਰੇ ਗਏ ਜਦੋਂ ਉਹ ਯਹੋਵਾਹ ਦੇ ਨੇੜੇ ਆਏ। [a] ਉਸਤੋਂ ਬਾਦ ਯਹੋਵਾਹ ਨੇ ਮੂਸਾ ਨਾਲ ਗੱਲ ਕੀਤੀ। 2 ਅਤੇ ਆਖਿਆ, “ਆਪਣੇ ਭਰਾ ਹਾਰੂਨ ਨੂੰ ਆਖ ਕਿ ਜਦੋਂ ਉਹ ਚਾਹੇ ਅੱਤ ਪਵਿੱਤਰ ਸਥਾਨ ਵਿੱਚ ਪਰਦੇ ਦੇ ਪਿੱਛੇ ਪਵਿੱਤਰ ਸੰਦੂਕ ਦੇ ਸਾਹਮਣੇ ਨਾ ਜਾਵੇ, ਨਹੀਂ ਤਾਂ ਉਹ ਮਾਰਿਆ ਜਾਵੇਗਾ। ਪਵਿੱਤਰ ਸੰਦੂਕ ਉਸ ਕਮਰੇ ਵਿੱਚ ਉਸ ਪਰਦੇ ਦੇ ਪਿੱਛੇ ਹੈ ਅਤੇ ਇਸ ਉੱਤੇ ਇੱਕ ਖਾਸ ਕੱਜਣ ਪਾਇਆ ਹੋਇਆ ਹੈ। ਜੇਕਰ ਹਾਰੂਨ ਉਸ ਕਮਰੇ ਅੰਦਰ ਜਾਵੇਗਾ, ਉਹ ਮਰ ਜਾਵੇਗਾ। ਕਿਉਂਕਿ ਮੈਂ ਉਸ ਖਾਸ ਕੱਜਣ ਉੱਤੇ ਇੱਕ ਬੱਦਲ ਵਿੱਚ ਪ੍ਰਗਟ ਹੁੰਦਾ ਹਾਂ।
3 “ਇਹ ਤਰੀਕਾ ਜਿਸ ਤਰ੍ਹਾਂ ਹਾਰੂਨ ਅੱਤ ਪਵਿੱਤਰ ਸਥਾਨ ਵਿੱਚ ਦਾਖਲ ਹੋ ਸੱਕਦਾ; ਉਸ ਨੂੰ ਇੱਕ ਬਲਦ ਪਾਪ ਦੀ ਭੇਟ ਵਜੋਂ ਅਤੇ ਇੱਕ ਭੇਡੂ ਹੋਮ ਦੀ ਭੇਟ ਵਜੋਂ ਚੜ੍ਹਾਉਣਾ ਚਾਹੀਦਾ ਹੈ। 4 ਹਾਰੂਨ ਨੂੰ ਆਪਣੇ-ਆਪ ਨੂੰ ਪਾਣੀ ਨਾਲ ਧੋਣਾ ਚਾਹੀਦਾ ਹੈ। ਫ਼ੇਰ ਉਸ ਨੂੰ ਇਹ ਕੱਪੜੇ ਪਹਿਨਣੇ ਚਾਹੀਦੇ ਹਨ; ਉਸ ਨੂੰ ਲਿਨਨ ਦੀ ਪਵਿੱਤਰ ਕਮੀਜ਼ ਪਹਿਨਣੀ ਚਾਹੀਦੀ ਹੈ। ਉਸ ਦੇ ਤਨ ਉੱਤੇ ਲਿਨਨ ਦੇ ਅੰਦਰਲੇ ਵਸਤਰ ਪਹਿਲਾਂ ਹੋਣਗੇ। ਉਸ ਨੂੰ ਆਪਣੇ ਲੱਕ ਦੁਆਲੇ ਲਿਨਨ ਦੀ ਪੇਟੀ ਬੰਨ੍ਹਣੀ ਚਾਹੀਦੀ ਹੈ ਅਤੇ ਲਿਨਨ ਦੀ ਪਗੜੀ ਬੰਨ੍ਹਣੀ ਚਾਹੀਦੀ ਹੈ। ਇਹ ਪਵਿੱਤਰ ਕੱਪੜੇ ਹਨ।
5 “ਹਾਰੂਨ ਨੂੰ ਇਸਰਾਏਲ ਦੇ ਲੋਕਾਂ ਕੋਲੋਂ ਦੋ ਬੱਕਰੇ ਪਾਪ ਦੀ ਭੇਟ ਲਈ ਅਤੇ ਇੱਕ ਭੇਡੂ ਹੋਮ ਦੀ ਭੇਟ ਲਈ ਲੈਣਾ ਚਾਹੀਦਾ ਹੈ। 6 ਹਾਰੂਨ ਨੂੰ ਆਪਣੇ ਲਈ ਪਾਪ ਦੀ ਭੇਟ ਵਜੋਂ ਇੱਕ ਬਲਦ ਚੜ੍ਹਾਉਣਾ ਚਾਹੀਦਾ ਹੈ। ਹਾਰੂਨ ਨੂੰ ਆਪਣੇ-ਆਪ ਲਈ ਅਤੇ ਆਪਣੇ ਪਰਿਵਾਰ ਖਾਤਰ ਪਰਾਸਚਿਤ ਕਰਨ ਲਈ ਅਜਿਹਾ ਕਰਨਾ ਚਾਹੀਦਾ ਹੈ।
7 “ਫ਼ੇਰ ਹਾਰੂਨ ਨੂੰ ਦੋ ਬੱਕਰੇ ਲੈਣੇ ਚਾਹੀਦੇ ਹਨ ਅਤੇ ਇਨ੍ਹਾਂ ਨੂੰ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਤੇ ਲਿਆਕੇ ਯਹੋਵਾਹ ਦੇ ਸਾਹਮਣੇ ਪੇਸ਼ ਕਰਨਾ ਚਾਹੀਦਾ ਹੈ। 8 ਹਾਰੂਨ ਦੋਹਾਂ ਬਕਰਿਆਂ ਲਈ ਪਰਚੀਆਂ ਪਾਵੇਗਾ। ਇੱਕ ਪਰਚੀ ਯਹੋਵਾਹ ਲਈ ਹੋਵੇਗੀ ਅਤੇ ਦੂਸਰੀ ਅਜ਼ਾਜ਼ੇਲ ਲਈ ਹੋਵੇਗੀ।
9 “ਫ਼ੇਰ ਹਾਰੂਨ ਯਹੋਵਾਹ ਲਈ ਪਾਈ ਪਰਚੀ ਨਾਲ ਚੁਣੇ ਹੋਏ ਬੱਕਰੇ ਨੂੰ ਭੇਟ ਕਰੇਗਾ। ਹਾਰੂਨ ਨੂੰ ਇਹ ਭੇਟ ਪਾਪ ਦੀ ਭੇਟ ਲਈ ਦੇਣੀ ਚਾਹੀਦੀ ਹੈ। 10 ਪਰ ਅਜ਼ਾਜ਼ੇਲ ਲਈ ਪਾਈ ਪਰਚੀ ਨਾਲ ਚੁਣੇ ਹੋਏ ਬੱਕਰੇ ਨੂੰ ਯਹੋਵਾਹ ਦੇ ਸਾਹਮਣੇ ਜਿਉਂਦਿਆਂ ਲਿਆਂਦਾ ਜਾਵੇ। ਫ਼ੇਰ ਇਹ ਬੱਕਰਾ ਅਜ਼ਾਜ਼ੇਲ ਲਈ ਮਾਰੂਥਲ ਵਿੱਚ ਭੇਜ ਦਿੱਤਾ ਜਾਵੇਗਾ। ਇਹਲੋਕਾਂ ਖਾਤਰ ਪਰਾਸਚਿਤ ਕਰਨ ਲਈ ਹੈ।
11 “ਫ਼ੇਰ ਹਾਰੂਨ ਆਪਣੇ ਲਈ ਪਾਪ ਦੀ ਭੇਟ ਵਜੋਂ ਇੱਕ ਬਲਦ ਭੇਟ ਕਰੇਗਾ। ਹਾਰੂਨ ਨੂੰ ਆਪਣੇ-ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਸ਼ੁੱਧ ਬਨਾਉਣ ਲਈ ਅਜਿਹਾ ਕਰਨਾ ਚਾਹੀਦਾ। 12 ਫ਼ੇਰ ਉਸ ਨੂੰ ਯਹੋਵਾਹ ਦੇ ਸਾਹਮਣੇ ਜਗਵੇਦੀ ਤੋਂ ਅੱਗ ਦੇ ਕੋਲਿਆਂ ਦਾ ਇੱਕ ਕੜਛਾ ਲੈਣਾ ਚਾਹੀਦਾ ਹੈ। ਹਾਰੂਨ ਪੀਸੀ ਹੋਈ ਸੁਗੰਧਤ ਧੂਫ਼ ਦੀਆਂ ਦੋ ਮਠੀਆਂ ਲਵੇਗਾ। ਹਾਰੂਨ ਇਸ ਧੂਫ਼ ਨੂੰ ਕਮਰੇ ਵਿੱਚ ਪਰਦੇ ਦੇ ਪਿੱਛੇ ਲੈ ਕੇ ਆਵੇਗਾ। 13 ਹਾਰੂਨ ਧੂਫ਼ ਨੂੰ ਯਹੋਵਾਹ ਦੇ ਸਾਹਮਣੇ ਅੱਗ ਉੱਤੇ ਪਾਵੇਗਾ। ਫ਼ੇਰ ਧੂਫ਼ ਦਾ ਬੱਦਲ ਇਕਰਾਰਨਾਮੇ ਦੇ ਉੱਪਰ ਕੱਜਣ ਉਪਰ ਫ਼ੈਲ ਜਾਵੇਗਾ। ਇਸ ਤਰ੍ਹਾਂ ਹਾਰੂਨ ਮਰੇਗਾ ਨਹੀਂ। 14 ਹਾਰੂਨ ਬਲਦ ਦਾ ਕੁਝ ਖੂਨ ਲਵੇਗਾ ਅਤੇ ਇਸ ਨੂੰ ਖਾਸ ਕੱਜਣ ਦੇ ਪੂਰਬ ਵੱਲ ਛਿੜਕੇਗਾ। ਫ਼ੇਰ ਉਹ ਇਸ ਖੂਨ ਨੂੰ ਆਪਣੀ ਉਂਗਲੀ ਨਾਲ ਖਾਸ ਕੱਜਣ ਦੇ ਸਾਹਮਣੇ ਸੱਤ ਵਾਰੀ ਛਿੜਕੇਗਾ।
15 “ਫ਼ੇਰ ਹਾਰੂਨ ਨੂੰ ਲੋਕਾਂ ਲਈ ਪਾਪ ਚੜ੍ਹਾਵੇ ਵਜੋਂ ਇੱਕ ਬੱਕਰੇ ਨੂੰ ਮਾਰਨਾ ਚਾਹੀਦਾ ਹੈ। ਉਸ ਨੂੰ ਇਸ ਬੱਕਰੇ ਦਾ ਖੂਨ ਪਰਦੇ ਦੇ ਪਿੱਛਲੇ ਕਮਰੇ ਵਿੱਚ ਲਿਆਉਣਾ ਚਾਹੀਦਾ ਹੈ। ਉਸ ਨੂੰ ਇਸ ਬੱਕਰੇ ਦੇ ਖੂਨ ਨਾਲ ਵੀ ਉਸੇ ਤਰ੍ਹਾਂ ਕਰਨਾ ਚਾਹੀਦਾ ਹੈ ਜਿਵੇਂ ਉਸ ਨੇ ਬਲਦ ਦੇ ਖੂਨ ਨਾਲ ਕੀਤਾ ਸੀ। ਉਸ ਨੂੰ ਖੂਨ ਖਾਸ ਕੱਜਣ ਉੱਤੇ ਅਤੇ ਇਸਦੇ ਸਾਹਮਣੇ ਛਿੜਕਣਾ ਚਾਹੀਦਾ ਹੈ। 16 ਇਸ ਤਰ੍ਹਾਂ ਹਾਰੂਨ ਨਾਪਾਕਤਾ, ਜੁਰਮਾਂ ਅਤੇ ਇਸਰਾਏਲ ਦੇ ਲੋਕਾਂ ਦੇ ਪਾਪਾਂ ਦੇ ਕਾਰਣ ਅੱਤ ਪਵਿੱਤਰ ਸਥਾਨ ਖਾਤਰ ਪਰਾਸਚਿਤ ਕਰਨ ਲਈ ਇਹ ਗੱਲਾਂ ਕਰੇਗਾ। ਹਾਰੂਨ ਨੂੰ ਇਹ ਗੱਲਾਂ ਮੰਡਲੀ ਵਾਲੇ ਤੰਬੂ ਲਈ ਕਰਨੀਆਂ ਚਾਹੀਦੀਆਂ ਹਨ ਕਿਉਂਕਿ ਇਹ ਪਲੀਤ ਲੋਕਾਂ ਦੇ ਵਿੱਚਕਾਰ ਗਡਿਆ ਹੋਇਆ ਹੈ।
17 “ਉਸ ਸਮੇਂ ਜਦੋਂ ਹਾਰੂਨ ਪਰਾਸਚਿਤ ਕਰਨ ਲਈ ਅੱਤ ਪਵਿੱਤਰ ਸਥਾਨ ਅੰਦਰ ਦਾਖਲ ਹੋਵੇ ਤਾਂ ਮੰਡਲੀ ਦੇ ਤੰਬੂ ਵਿੱਚ ਕੋਈ ਨਾ ਹੋਵੇ, ਉਸ ਦੇ ਬਾਹਰ ਆਉਣ ਤੀਕ, ਕਿਸੇ ਨੂੰ ਅੰਦਰ ਨਹੀਂ ਜਾਣਾ ਚਾਹੀਦਾ। ਇਸ ਤਰ੍ਹਾਂ ਹਾਰੂਨ ਆਪਣੇ-ਆਪ ਆਪਣੇ ਪਰਿਵਾਰ ਅਤੇ ਇਸਰਾਏਲ ਦੇ ਸਾਰੇ ਲੋਕਾਂ ਲਈ ਪਰਾਸਚਿਤ ਕਰੇਗਾ। 18 ਫ਼ੇਰ ਹਾਰੂਨ ਯਹੋਵਾਹ ਦੇ ਸਾਹਮਣੇ ਜਗਵੇਦੀ ਕੋਲ ਜਾਵੇਗਾ। ਹਾਰੂਨ ਜਗਵੇਦੀ ਨੂੰ ਸ਼ੁੱਧ ਬਣਾਵੇਗਾ। ਹਾਰੂਨ ਬਲਦ ਦਾ ਕੁਝ ਖੂਨ ਅਤੇ ਬੱਕਰੇ ਦਾ ਕੁਝ ਖੂਨ ਲਵੇਗਾ ਅਤੇ ਇਸ ਨੂੰ ਜਗਵੇਦੀ ਦੇ ਕੋਨਿਆਂ ਉੱਤੇ ਸਾਰੇ ਪਾਸੇ ਲਾ ਦੇਵੇਗਾ। 19 ਫ਼ੇਰ ਹਾਰੂਨ ਆਪਣੀ ਉਂਗਲੀ ਨਾਲ ਖੂਨ ਨੂੰ ਜਗਵੇਦੀ ਜਗਵੇਦੀ ਉੱਤੇ ਸੱਤ ਵਾਰੀ ਛਿੜਕੇਗਾ। ਇਸ ਤਰ੍ਹਾਂ ਹਰੂਨ ਜਗਵੇਦੀ ਨੂੰ ਇਸਰਾਏਲ ਦੇ ਲੋਕਾਂ ਦੀ ਸਾਰੀ ਨਾਪਾਕਤਾ ਤੋਂ ਪਵਿੱਤਰ ਬਣਾ ਦੇਵੇਗਾ।
20 “ਜਦੋਂ ਉਸ ਨੇ ਅੱਤ ਪਵਿੱਤਰ ਸਥਾਨ, ਮੰਡਲੀ ਵਾਲੇ ਤੰਬੂ ਅਤੇ ਜਗਵੇਦੀ ਲਈ ਪਰਾਸਚਿਤ ਕਰ ਲਿਆ ਹੋਵੇ, ਉਹ ਜਿਉਂਦੇ ਬੱਕਰੇ ਨੂੰ ਯਹੋਵਾਹ ਕੋਲ ਲੈ ਕੇ ਆਵੇਗਾ। 21 ਹਾਰੂਨ ਆਪਣੇ ਦੋਵੇਂ ਹੱਥ ਜਿਉਂਦੇ ਬੱਕਰੇ ਦੇ ਸਿਰ ਤੇ ਰੱਖੇਗਾ। ਫ਼ੇਰ ਉਹ ਬੱਕਰੇ ਉੱਪਰ ਇਸਰਾਏਲ ਦੇ ਲੋਕਾਂ ਦੇ ਪਾਪਾਂ ਅਤੇ ਜ਼ੁਰਮਾਂ ਨੂੰ ਕਬੂਲ ਕਰੇਗਾ। ਇਸ ਤਰ੍ਹਾਂ ਹਾਰੂਨ ਲੋਕਾਂ ਦੇ ਪਾਪ ਬੱਕਰੇ ਦੇ ਸਿਰ ਤੇ ਧਰ ਦੇਵੇਗਾ। ਫ਼ੇਰ ਉਹ ਬੱਕਰੇ ਨੂੰ ਮਾਰੂਥਲ ਵਿੱਚ ਭੇਜ ਦੇਵੇਗਾ। ਇੱਕ ਆਦਮੀ ਇਸ ਬੱਕਰੇ ਦੀ ਦੂਰ ਤੱਕ ਅਗਵਾਈ ਕਰਨ ਲਈ ਤਿਆਰ ਖੜ੍ਹਾ ਹੋਵੇਗਾ। 22 ਇਸ ਤਰ੍ਹਾਂ ਬੱਕਰਾ ਆਪਣੇ ਉੱਪਰ ਸਾਰੇ ਲੋਕਾਂ ਦੇ ਪਾਪ ਖਾਲੀ ਮਾਰੂਥਲ ਵੱਲ ਲੈ ਜਾਵੇਗਾ। ਜਿਹੜਾ ਬੰਦਾ ਬੱਕਰੇ ਨੂੰ ਲੈ ਕੇ ਜਾਵੇਗਾ ਉਹ ਇਸ ਨੂੰ ਮਾਰੂਥਲ ਵਿੱਚ ਖੁਲ੍ਹਾ ਛੱਡ ਆਵੇਗਾ।
23 “ਫ਼ੇਰ ਹਾਰੂਨ ਮੰਡਲੀ ਵਾਲੇ ਤੰਬੂ ਵਿੱਚ ਦਾਖਲ ਹੋਵੇਗਾ। ਉਹ ਲਿਨਨ ਦੇ ਉਨ੍ਹਾਂ ਵਸਤਰਾਂ ਨੂੰ ਉਤਾਰ ਦੇਵੇਗਾ ਜਿਹੜੇ ਉਸ ਨੇ ਉਦੋਂ ਪਹਿਨੇ ਸਨ ਜਦੋਂ ਉਹ ਪਵਿੱਤਰ ਸਥਾਨ ਵਿੱਚ ਦਾਖਲ ਹੋਇਆ ਸੀ। ਉਸ ਨੂੰ ਉਹ ਵਸਤਰ ਉੱਥੇ ਹੀ ਰੱਖ ਦੇਣੇ ਚਾਹੀਦੇ ਹਨ। 24 ਉਹ ਆਪਣੇ ਸ਼ਰੀਰ ਨੂੰ ਕਿਸੇ ਪਵਿੱਤਰ ਸਥਾਨ ਤੇ ਪਾਣੀ ਨਾਲ ਧੋਵੇਗਾ। ਫ਼ੇਰ ਉਹ ਆਪਣੇ ਦੂਸਰੇ ਖਾਸ ਵਸਤਰ ਪਹਿਨਕੇ ਬਾਹਰ ਆਵੇਗਾ ਅਤੇ ਆਪਣੀ ਹੋਮ ਦੀ ਭੇਟ ਅਤੇ ਲੋਕਾਂ ਦੀ ਹੋਮ ਦੀ ਭੇਟ ਚੜ੍ਹਾਵੇਗਾ ਅਤੇ ਆਪਣੇ-ਆਪ ਅਤੇ ਲੋਕਾਂ ਲਈ ਪਰਾਸਚਿਤ ਕਰੇਗਾ। 25 ਫ਼ੇਰ ਉਹ ਜਗਵੇਦੀ ਉੱਤੇ ਪਾਪ ਦੀ ਭੇਟ ਦੀ ਚਰਬੀ ਨੂੰ ਸਾੜੇਗਾ।
26 “ਫ਼ੇਰ ਉਸ ਬੰਦੇ ਨੂੰ ਜਿਹੜਾ ਬੱਕਰੇ ਨੂੰ ਅਜ਼ਾਜ਼ੇਲ ਵੱਲ ਲੈ ਕੇ ਗਿਆ ਸੀ, ਆਪਣੇ ਕੱਪੜੇ ਅਤੇ ਆਪਣਾ ਸ਼ਰੀਰ ਪਾਣੀ ਨਾਲ ਧੋ ਲੈਣਾ ਚਾਹੀਦਾ ਹੈ। ਇਸਤੋਂ ਬਾਦ, ਉਹ ਡੇਰੇ ਵਿੱਚ ਦਾਖਲ ਹੋ ਸੱਕਦਾ ਹੈ।
27 “ਪਾਪ ਦੀ ਭੇਟ ਦੇ ਬਲਦ ਅਤੇ ਬੱਕਰੇ ਨੂੰ ਡੇਰੇ ਤੋਂ ਬਾਹਰ ਲਿਆਂਦਾ ਜਾਵੇ। (ਇਨ੍ਹਾਂ ਜਾਨਵਰਾਂ ਦਾ ਖੂਨ ਪਵਿੱਤਰ ਸਥਾਨ ਵਿੱਚ ਪਵਿੱਤਰ ਚੀਜ਼ਾਂ ਖਾਤਰ ਪਰਾਸਚਿਤ ਕਰਨ ਲਈ ਲਿਆਂਦਾ ਗਿਆ ਸੀ।) ਉਨ੍ਹਾਂ ਨੂੰ ਉਨ੍ਹਾਂ ਜਾਨਵਰਾਂ ਦੀਆਂ ਖੱਲਾਂ, ਸਰੀਰਾਂ ਅਤੇ ਸਰੀਰਾਂ ਦੇ ਮਲ ਨੂੰ ਅੱਗ ਵਿੱਚ ਸਾੜ ਦੇਣਾ ਚਾਹੀਦਾ ਹੈ। 28 ਫ਼ੇਰ ਉਹ ਆਦਮੀ, ਜਿਹੜਾ ਉਨ੍ਹਾਂ ਨੂੰ ਸਾੜਦਾ ਹੈ, ਆਪਣੇ ਕੱਪੜੇ ਅਤੇ ਆਪਣੇ ਸ਼ਰੀਰ ਨੂੰ ਪਾਣੀ ਨਾਲ ਧੋ ਲਵੇ। ਇਸਤੋਂ ਮਗਰੋਂ, ਉਹ ਡੇਰੇ ਵਿੱਚ ਦਾਖਲ ਹੋ ਸੱਕਦਾ ਹੈ।
29 “ਇਹ ਨੇਮ ਤੁਹਾਡੇ ਲਈ ਹਮੇਸ਼ਾ ਜਾਰੀ ਰਹੇਗਾ; ਸੱਤਵੇਂ ਮਹੀਨੇ ਦੇ ਦਸਵੇਂ ਦਿਨ ਤੁਹਾਨੂੰ ਆਪਣੇ-ਆਪ ਨੂੰ ਨਿਮਾਣਾ ਬਣਾਕੇ ਵਰਤ ਰੱਖਣਾ ਚਾਹੀਦਾ। ਤੁਹਾਨੂੰ ਕੋਈ ਕੰਮ ਨਹੀਂ ਕਰਨਾ ਚਾਹੀਦਾ। ਇਹ ਨੇਮ ਤੁਹਾਡੇ ਸਾਰਿਆਂ ਅਤੇ ਤੁਹਾਡੇ ਦਰਮਿਆਨ ਰਹਿੰਦੇ ਵਿਦੇਸ਼ੀਆਂ ਉੱਤੇ ਵੀ ਲਾਗੂ ਹਨ। 30 ਕਿਉਂਕਿ ਇਸ ਦਿਨ, ਜਾਜਕ ਤੁਹਾਡੇ ਲਈ ਪਰਾਸਚਿਤ ਕਰੇਗਾ ਅਤੇ ਤੁਹਾਨੂੰ ਤੁਹਾਡੇ ਪਾਪਾਂ ਤੋਂ ਪਾਕ ਬਣਾਵੇਗਾ। ਫ਼ੇਰ ਤੁਸੀਂ ਯਹੋਵਾਹ ਅੱਗੇ ਪਾਕ ਹੋਵੋਂਗੇ। 31 ਤੁਹਾਡੇ ਲਈ ਇਹ ਦਿਨ ਅਰਾਮ ਕਰਨ ਦਾ ਬਹੁਤ ਮਹੱਤਵਪੂਰਣ ਦਿਨ ਹੈ। ਤੁਹਾਨੂੰ ਭੋਜਨ ਨਹੀਂ ਕਰਨਾ ਚਾਹੀਦਾ। ਇਹ ਨੇਮ ਹਮੇਸ਼ਾ ਲਈ ਜਾਰੀ ਰਹੇਗਾ।
32 “ਇਸ ਤਰ੍ਹਾਂ ਜਿਸ ਆਦਮੀ ਨੂੰ ਪਰਧਾਨ ਜਾਜਕ ਹੋਣ ਲਈ ਚੁਣਿਆ ਗਿਆ ਹੋਵੇਗਾ, ਪਰਾਸਚਿਤ ਕਰਨ ਦੀਆਂ ਰੀਤਾਂ ਕਰੇਗਾ। ਇਹੀ ਉਹ ਆਦਮੀ ਹੈ ਜਿਸ ਨੂੰ ਉਸ ਦੇ ਪਿਤਾ ਤੋਂ ਮਗਰੋਂ ਪਰਧਾਨ ਜਾਜਕ ਵਜੋਂ ਸੇਵਾ ਕਰਨ ਲਈ ਨਿਯੁਕਤ ਕੀਤਾ ਗਿਆ। ਉਸ ਨੂੰ ਲਿਨਨ ਦੇ ਖਾਸ ਵਸਤਰ ਪਹਿਨਣੇ ਚਾਹੀਦੇ ਹਨ। ਇਹ ਵਸਤਰ ਪਵਿੱਤਰ ਹਨ। 33 ਉਸ ਨੂੰ ਅੱਤ ਪਵਿੱਤਰ ਸਥਾਨ, ਮੰਡਲੀ ਵਾਲੇ ਤੰਬੂ ਅਤੇ ਜਗਵੇਦੀ ਨੂੰ ਸ਼ੁੱਧ ਬਨਾਉਣਾ ਚਾਹੀਦਾ ਹੈ। ਅਤੇ ਉਸ ਨੂੰ ਜਾਜਕਾਂ ਅਤੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਸ਼ੁੱਧ ਬਨਾਉਣਾ ਚਾਹੀਦਾ ਹੈ। 34 ਇਸਰਾਏਲ ਦੇ ਲੋਕਾਂ ਖਾਤਰ ਉਨ੍ਹਾਂ ਦੇ ਪਾਪਾਂ ਲਈ ਪਰਾਸਚਿਤ ਕਰਨ ਦਾ ਇਹ ਨੇਮ ਹਮੇਸ਼ਾ ਜਾਰੀ ਰਹੇਗਾ। ਤੁਸੀਂ ਇਹ ਗੱਲਾਂ ਸਾਲ ਵਿੱਚ ਇੱਕ ਵਾਰੀ ਇਸਰਾਏਲ ਦੇ ਲੋਕਾਂ ਦੇ ਪਾਪਾਂ ਕਾਰਣ ਕਰੋਂਗੇ।”
ਇਸ ਲਈ ਉਨ੍ਹਾਂ ਨੇ ਇਹ ਗੱਲਾਂ ਉਵੇਂ ਹੀ ਕੀਤੀਆਂ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
ਯਿਸੂ ਰਾਜਪਾਲ ਪਿਲਾਤੁਸ ਦੇ ਸਨਮੁੱਖ(A)
27 ਅਗਲੀ ਸਵੇਰ ਪ੍ਰਧਾਨ ਜਾਜਕਾਂ ਅਤੇ ਲੋਕਾਂ ਦੇ ਬਜ਼ੁਰਗ ਆਗੂਆਂ ਨੇ ਯਿਸੂ ਨੂੰ ਜਾਨ ਤੋਂ ਮਾਰਨ ਦਾ ਫ਼ੈਸਲਾ ਕੀਤਾ। 2 ਉਨ੍ਹਾਂ ਨੇ ਉਸ ਨੂੰ ਜੰਜ਼ੀਰਾਂ ਪਾ ਦਿੱਤੀਆਂ ਅਤੇ ਪਿਲਾਤੁਸ ਦੇ ਹਵਾਲੇ ਕਰਨ ਲਈ ਲੈ ਗਏ।
ਯਹੂਦਾ ਨੇ ਆਤਮ ਹੱਤਿਆ ਕੀਤੀ(B)
3 ਯਹੂਦਾ ਨੇ ਵੇਖਿਆ ਕਿ ਉਨ੍ਹਾਂ ਨੇ ਯਿਸੂ ਨੂੰ ਮਾਰਨ ਦਾ ਫ਼ੈਸਲਾ ਕਰ ਲਿਆ ਹੈ। ਇਹ ਯਹੂਦਾ ਹੀ ਸੀ ਜਿਸਨੇ ਯਿਸੂ ਨੂੰ ਦੁਸ਼ਮਨਾਂ ਦੇ ਹੱਥ ਫ਼ੜਾ ਦਿੱਤਾ ਸੀ। ਜਦੋਂ ਉਸ ਨੇ ਇਹ ਸਭ ਵਾਪਰਦਾ ਵੇਖਿਆ, ਉਹ ਪਛਤਾਇਆ, ਅਤੇ ਉਸ ਨੇ ਉਹ 30 ਸਿੱਕੇ ਪ੍ਰਧਾਨ ਜਾਜਕਾਂ ਅਤੇ ਬਜ਼ੁਰਗ ਆਗੂਆਂ ਨੂੰ ਵਾਪਸ ਮੋੜ ਦਿੱਤੇ। 4 ਯਹੂਦਾ ਨੇ ਉਨ੍ਹਾਂ ਨੂੰ ਆਖਿਆ, “ਮੈਂ ਪਾਪ ਕੀਤਾ ਹੈ ਜੋ ਇੱਕ ਨਿਰਦੋਸ਼ ਜਾਨ ਨੂੰ ਮਾਰਨ ਲਈ ਫ਼ੜਵਾ ਦਿੱਤਾ।”
ਯਹੂਦੀ ਆਗੂਆਂ ਨੇ ਜਵਾਬ ਦਿੱਤਾ, “ਸਾਨੂੰ ਇਸਦੀ ਕੋਈ ਪਰਵਾਹ ਨਹੀਂ ਇਹ ਤੇਰੀ ਸਮੱਸਿਆ ਹੈ, ਤੂੰ ਜਾਣ।”
5 ਤਾਂ ਯਹੂਦਾ ਨੇ ਉਹ ਚਾਂਦੀ ਦੇ ਸਿੱਕੇ ਮੰਦਰ ਵਿੱਚ ਸੁੱਟ ਦਿੱਤੇ ਅਤੇ ਵਾਪਸ ਮੁੜਕੇ ਖੁਦ ਨੂੰ ਫ਼ਾਹਾ ਲਾ ਲਿਆ।
6 ਪ੍ਰਧਾਨ ਜਾਜਕਾਂ ਨੇ ਉੱਥੋਂ ਉਹ ਸਿੱਕੇ ਚੁੱਕੇ ਅਤੇ ਕਿਹਾ, “ਇਨ੍ਹਾਂ ਪੈਸਿਆਂ ਨੂੰ ਮੰਦਰ ਦੇ ਖਜ਼ਾਨੇ ਵਿੱਚ ਪਾਉਣਾ ਯੋਗ ਨਹੀਂ ਕਿਉਂਕਿ ਇਹ ਧਨ ਕਿਸੇ ਦੀ ਮੌਤ ਲਈ ਦਿੱਤਾ ਗਿਆ ਸੀ।” 7 ਤਾਂ ਉਨ੍ਹਾਂ ਇੱਕ ਮਤਾ ਪਾਸ ਕੀਤਾ ਕਿ ਇਸ ਧਨ ਨਾਲ ਇੱਕ ਘੁਮਿਆਰ ਦਾ ਖੇਤ ਖਰੀਦਿਆ ਜਾਵੇ। ਇਹ ਖੇਤ ਉਨ੍ਹਾਂ ਲੋਕਾਂ ਦੇ ਕੰਮ ਆਵੇਗਾ ਜੋ ਯਰੂਸ਼ਲਮ ਵਿੱਚ ਆਉਂਦੇ ਹੋਏ ਇੱਥੇ ਮਰ ਜਾਂਦੇ ਹਨ, ਇਹ ਖੇਤ ਉਨ੍ਹਾਂ ਲੋਕਾਂ ਨੂੰ ਦਫ਼ਨਾਉਣ ਦੇ ਕੰਮ ਆਵੇਗਾ। 8 ਇਸੇ ਕਾਰਣ ਅੱਜ ਵੀ ਉਹ ਖੇਤ, ਲਹੂ ਦਾ ਖੇਤ ਕਰਕੇ ਜਾਣਿਆ ਜਾਂਦਾ ਹੈ। 9 ਤਾਂ ਜਿਹੜਾ ਬਚਨ ਯਿਰਮਿਯਾਹ ਨਬੀ ਦੇ ਰਾਹੀਂ ਕਿਹਾ ਗਿਆ ਸੀ ਉਹ ਪੂਰਾ ਹੋਇਆ ਕਿ,
“ਉਨ੍ਹਾਂ ਨੇ ਤੀਹ ਚਾਂਦੀ ਦੇ ਸਿੱਕੇ ਵਾਪਸ ਲੈ ਲਏ, ਜੋ ਇੱਕ ਮਨੁੱਖ ਦੀ ਜਾਨ ਦਾ ਮੁੱਲ ਠਹਿਰਾਇਆ ਗਿਆ ਸੀ ਇਵੇਂ ਹੀ ਕੁਝ ਯਹੂਦੀਆਂ ਨੇ ਉਸਦੀ ਜਾਨ ਦੀ ਕੀਮਤ ਲਾਈ ਸੀ। 10 ਉਨ੍ਹਾਂ ਨੇ ਉਸ ਧਨ ਨੂੰ ਘੁਮਿਆਰ ਦਾ ਖੇਤ ਖਰੀਦਣ ਲਈ ਵਰਤਿਆ ਜਿਵੇਂ ਕਿ ਪ੍ਰਭੂ ਨੇ ਹੁਕਮ ਦਿੱਤਾ ਸੀ।” [a]
ਰਾਜਪਾਲ ਪਿਲਾਤੁਸ ਦੇ ਯਿਸੂ ਨਾਲ ਪ੍ਰਸ਼ਨ(C)
11 ਯਿਸੂ ਰਾਜਪਾਲ ਦੇ ਸਾਹਮਣੇ ਖੜ੍ਹਾ ਸੀ, ਅਤੇ ਰਾਜਪਾਲ ਨੇ ਉਸ ਨੂੰ ਇਹ ਪੁੱਛਿਆ, “ਕੀ ਤੂੰ ਯਹੂਦੀਆਂ ਦਾ ਪਾਤਸ਼ਾਹ ਹੈਂ?”
ਯਿਸੂ ਨੇ ਕਿਹਾ, “ਹਾਂ, ਮੈਂ ਹਾਂ।”
12 ਜਦੋਂ ਪ੍ਰਧਾਨ ਜਾਜਕਾਂ ਅਤੇ ਬਜ਼ੁਰਗ ਯਹੂਦੀ ਆਗੂਆਂ ਨੇ ਉਸ ਉੱਤੇ ਦੋਸ਼ ਲਾਏ, ਉਸ ਨੇ ਜਵਾਬ ਵਿੱਚ ਕੁਝ ਨਹੀਂ ਆਖਿਆ।
13 ਤਦ ਪਿਲਾਤੁਸ ਨੇ ਉਸ ਨੂੰ ਕਿਹਾ, “ਕੀ ਤੂੰ ਨਹੀਂ ਸੁਣ ਰਿਹਾ ਜੋ ਇਲਜ਼ਾਮ ਇਹ ਤੇਰੇ ਖਿਲਾਫ਼ ਲਾ ਰਹੇ ਹਨ?”
14 ਪਰ ਯਿਸੂ ਨੇ ਉਸ ਨੂੰ ਕੋਈ ਵੀ ਉੱਤਰ ਨਹੀਂ ਦਿੱਤਾ। ਅਤੇ ਇਹ ਸਭ ਵੇਖਕੇ ਰਾਜਪਾਲ ਬੜਾ ਹੈਰਾਨ ਹੋਇਆ।
ਪਿਲਾਤੁਸ ਦੀ ਯਿਸੂ ਨੂੰ ਆਜ਼ਾਦ ਕਰਨ ਦੀ ਕੋਸ਼ਿਸ਼ ਨਾਕਾਮਯਾਬ(D)
15 ਇਹ ਰਿਵਾਜ਼ ਸੀ ਕਿ ਪਸਾਹ ਦੇ ਤਿਉਹਾਰ ਉੱਤੇ ਜਿਸ ਨੂੰ ਲੋਕ ਚਾਹੁਣ ਰਾਜਪਾਲ ਕੈਦ ਵਿੱਚੋਂ ਉਸ ਕੈਦੀ ਨੂੰ ਰਿਹਾ ਕਰਦਾ ਹੁੰਦਾ ਸੀ। 16 ਉਸ ਵਕਤ ਬਰੱਬਾ ਨਾਉਂ ਦਾ ਇੱਕ ਬਹੁਤ ਖਤਰਨਾਕ ਆਦਮੀ ਕੈਦ ਵਿੱਚ ਸੀ।
17 ਸਾਰੇ ਲੋਕ ਰਾਜਪਾਲ ਪਿਲਾਤੁਸ ਦੇ ਘਰ ਇਕੱਠੇ ਹੋਏ ਤਾਂ ਉਸ ਨੇ ਲੋਕਾਂ ਨੂੰ ਕਿਹਾ, “ਤੁਸੀਂ ਮੈਥੋਂ ਆਪਣੇ ਵਾਸਤੇ ਕਿਸਨੂੰ ਰਿਹਾ ਕਰਾਉਣਾ ਚਾਹੁੰਦੇ ਹੋ। ਬਰੱਬਾਸ, ਜਾਂ ਯਿਸੂ ਨੂੰ ਜੋ ਕਿ ਮਸੀਹ ਕਹਾਉਂਦਾ ਹੈ?” 18 ਕਿਉਂਕਿ ਉਹ ਜਾਣਦਾ ਸੀ ਕਿ ਲੋਕਾਂ ਨੇ ਉਸ ਨੂੰ ਈਰਖਾ ਕਾਰਣ ਉਸ ਦੇ ਹੱਥੀ ਫ਼ੜਵਾਇਆ ਸੀ।
19 ਜਦੋਂ ਉਹ ਨਿਆਂੇ ਵਾਲੀ ਕੁਰਸੀ ਤੇ ਬੈਠਾ ਹੋਇਆ ਸੀ, ਤਾਂ ਉਸਦੀ ਪਤਨੀ ਨੇ ਸੁਨੇਹਾ ਭੇਜਿਆ, “ਇਸ ਮਨੁੱਖ ਨੂੰ ਕੁਝ ਨਾ ਕਰ। ਇਹ ਅਪਰਾਧੀ ਨਹੀਂ ਹੈ ਅਤੇ ਅੱਜ ਮੈਂ ਇਸ ਬਾਰੇ ਸੁਪਨਾ ਵੇਖਿਆ ਹੈ ਅਤੇ ਉਸ ਨੇ ਮੈਨੂੰ ਬਹੁਤ ਪਰੇਸ਼ਾਨ ਕਰ ਦਿੱਤਾ ਹੈ।”
20 ਪਰ ਪ੍ਰਧਾਨ ਜਾਜਕਾਂ ਅਤੇ ਬਜ਼ੁਰਗ ਯਹੂਦੀ ਆਗੂਆਂ ਨੇ ਲੋਕਾਂ ਨੂੰ ਬਰੱਬਾਸ ਨੂੰ ਰਿਹਾ ਕਰਨ ਦੀ ਬੇਨਤੀ ਕਰਨ ਲਈ ਮਨਵਾਇਆ ਅਤੇ ਯਿਸੂ ਨੂੰ ਮਾਰੇ ਜਾਣ ਲਈ।
21 ਪਿਲਾਤੁਸ ਨੇ ਕਿਹਾ, “ਦੋਹਾਂ ਵਿੱਚੋਂ ਤੁਸੀਂ ਮੈਥੋਂ ਕਿਸਨੂੰ ਰਿਹਾ ਕਰਾਉਨਾ ਚਾਹੁੰਦੇ ਹੋ?”
ਲੋਕਾਂ ਨੇ ਕਿਹਾ, “ਬਰੱਬਾਸ ਨੂੰ ਛੱਡ ਦਿਉ।”
22 ਪੁਲਾਤੁਸ ਨੇ ਕਿਹਾ, “ਫ਼ੇਰ ਮੈਂ ਯਿਸੂ ਨਾਲ ਕੀ ਕਰਾਂ ਜਿਹੜਾ ਕਿ ਮਸੀਹ ਕਹਾਉਂਦਾ ਹੈ?”
ਲੋਕਾਂ ਨੇ ਉੱਤਰ ਦਿੱਤਾ “ਉਸ ਨੂੰ ਸਲੀਬ ਦਿਉ।”
23 ਰਾਜਪਾਲ ਨੇ ਆਖਿਆ, “ਕਿਉਂ? ਉਸ ਨੇ ਕੀ ਅਪਰਾਧ ਕੀਤਾ ਹੈ।”
ਪਰ ਸਭਨਾਂ ਨੇ ਹੋਰ ਉੱਚੀ ਡੰਡ ਪਾਕੇ ਕਿਹਾ, “ਉਸ ਨੂੰ ਸਲੀਬ ਦਿਓ।”
24 ਪਿਲਾਤੁਸ ਨੇ ਮਹਿਸੂਸ ਕੀਤਾ ਕਿ ਉਹ ਲੋਕਾਂ ਦਾ ਮਨ ਬਦਲਨ ਵਿੱਚ ਕਾਮਯਾਬ ਨਹੀਂ ਸੀ ਹੋ ਰਿਹਾ, ਅਤੇ ਇਸਦੀ ਜਗ੍ਹਾ, ਉਹ ਗੁੱਸਾ ਕਰ ਰਹੇ ਸਨ ਅਤੇ ਉਹ ਹੋਰ ਵੀ ਰੌਲਾ ਪਾ ਰਹੇ ਸਨ। ਉਸ ਨੇ ਪਾਣੀ ਲੈ ਕੇ ਲੋਕਾਂ ਦੇ ਸਾਹਮਣੇ ਆਪਣੇ ਹੱਥ ਧੋਤੇ ਅਤੇ ਆਖਿਆ, “ਮੈਂ ਇਸ ਮਨੁੱਖ ਦੇ ਲਹੂ ਤੋਂ ਨਿਰਦੋਸ਼ ਹਾਂ। ਦੋਸ਼ ਤੁਹਾਡੇ ਸਿਰ ਹੀ ਲੱਗੇਗਾ।”
25 ਸਭ ਲੋਕਾਂ ਨੇ ਜਵਾਬ ਦਿੱਤਾ, “ਅਸੀਂ ਅਤੇ ਸਾਡੇ ਬੱਚੇ ਇਸਦੇ ਲਹੂ ਦੇ ਜਿੰਮੇਵਾਰ ਹੋਵਾਂਗੇ।”
26 ਤਦ ਪਿਲਾਤੁਸ ਨੇ ਬਰੱਬਾਸ ਨੂੰ ਛੱਡ ਦਿੱਤਾ ਅਤੇ ਉਸ ਨੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਉਹ ਯਿਸੂ ਨੂੰ ਕੋੜਿਆਂ ਨਾਲ ਮਾਰਨ। ਅਤੇ ਉਸ ਨੇ ਯਿਸੂ ਨੂੰ ਸਿਪਾਹੀਆਂ ਹੱਥੀ ਸਲੀਬ ਉੱਤੇ ਚੜ੍ਹਾਉਣ ਲਈ ਦੇ ਦਿੱਤਾ।
2010 by World Bible Translation Center