Old/New Testament
ਪਸਾਹ
9 ਯਹੋਵਾਹ ਨੇ ਮੂਸਾ ਨਾਲ ਸੀਨਈ ਦੇ ਮਾਰੂਥਲ ਵਿੱਚ ਗੱਲ ਕੀਤੀ। ਇਹ ਇਸਰਾਏਲ ਦੇ ਲੋਕਾਂ ਦੇ ਮਿਸਰ ਵਿੱਚੋਂ ਬਾਹਰ ਆਉਣ ਦੇ ਦੂਸਰੇ ਵਰ੍ਹੇ ਦੇ ਪਹਿਲੇ ਮਹੀਨੇ ਦੇ ਦੌਰਾਨ ਦੀ ਗੱਲ ਹੈ। ਯਹੋਵਾਹ ਨੇ ਮੂਸਾ ਨੂੰ ਆਖਿਆ, 2 “ਇਸਰਾਏਲ ਦੇ ਲੋਕਾਂ ਨੂੰ ਆਖੋ ਕਿ ਉਹ ਪਸਾਹ ਦਾ ਚੁਣੇ ਹੋਏ ਸਮੇਂ ਜਸ਼ਨ ਮਨਾਉਣ। 3 ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਇਸ ਮਹੀਨੇ ਦੀ 14 ਤਰੀਕ ਨੂੰ ਸ਼ਾਮ ਵੇਲੇ ਪਸਾਹ ਦੀ ਦਾਵਤ ਖਾਣ, ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਅਜਿਹਾ ਚੁਣੇ ਹੋਏ ਸਮੇਂ ਕਰਨ, ਅਤੇ ਉਹ ਪਸਾਹ ਦੇ ਸਾਰੇ ਨੇਮਾਂ ਦੀ ਪਾਲਣਾ ਅਵੱਸ਼ ਕਰਨ।”
4 ਇਸ ਲਈ ਮੂਸਾ ਨੇ ਇਸਰਾਏਲ ਦੇ ਲੋਕਾਂ ਨੂੰ ਪਸਾਹ ਦਾ ਜਸ਼ਨ ਮਨਾਉਣ ਲਈ ਆਖਿਆ। 5 ਲੋਕਾਂ ਨੇ ਅਜਿਹਾ ਸੀਨਈ ਦੇ ਮਾਰੂਥਲ ਵਿਖੇ ਪਹਿਲੇ ਮਹੀਨੇ ਦੀ 14ਵੀਂ ਤਰੀਕ ਨੂੰ ਕੀਤਾ। ਇਸਰਾਏਲੀਆਂ ਨੇ ਸਾਰਾ ਕੁਝ ਉਵੇਂ ਹੀ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਆਦੇਸ਼ ਦਿੱਤਾ ਸੀ।
6 ਪਰ ਕੁਝ ਲੋਕ ਪਸਾਹ ਦਾ ਜਸ਼ਨ ਉਸ ਦਿਨ ਨਹੀਂ ਮਨਾ ਸੱਕੇ। ਉਹ ਅਪਵਿੱਤਰ ਸਨ ਕਿਉਂਕਿ ਉਨ੍ਹਾਂ ਨੇ ਮੁਰਦਾ ਜਿਸਮ ਨੂੰ ਛੂਹ ਲਿਆ ਸੀ। ਇਸ ਲਈ ਉਹ ਉਸ ਦਿਨ ਮੂਸਾ ਅਤੇ ਹਾਰੂਨ ਕੋਲ ਗਏ। 7 ਉਨ੍ਹਾਂ ਲੋਕਾਂ ਨੇ ਮੂਸਾ ਨੂੰ ਆਖਿਆ, “ਅਸੀਂ ਇੱਕ ਮੁਰਦਾ ਜਿਸਮ ਨੂੰ ਛੂਹ ਲਿਆ ਹੈ ਅਤੇ ਅਪਵਿੱਤਰ ਹੋ ਗਏ ਸਾਂ। ਜਾਜਕਾਂ ਨੇ ਸਾਨੂੰ ਚੁਣੇ ਹੋਏ ਸਮੇਂ ਯਹੋਵਾਹ ਨੂੰ ਸੁਗਾਤਾ ਦੇਣ ਤੋਂ ਰੋਕਿਆ। ਇਸ ਲਈ ਅਸੀਂ ਇਸਰਾਏਲ ਦੇ ਹੋਰਨਾਂ ਲੋਕਾਂ ਨਾਲ ਪਸਾਹ ਦਾ ਜਸ਼ਨ ਨਹੀਂ ਮਨਾ ਸੱਕਦੇ! ਸਾਨੂੰ ਕੀ ਕਰਨਾ ਚਾਹੀਦਾ ਹੈ?”
8 ਮੂਸਾ ਨੇ ਉਨ੍ਹਾਂ ਨੂੰ ਆਖਿਆ, “ਇੱਥੇ ਠਹਿਰੋ ਅਤੇ ਮੈਂ ਯਹੋਵਾਹ ਨੂੰ ਪੁੱਛ ਕੇ ਵੇਖਦਾ ਹਾਂ ਕਿ ਉਹ ਇਸ ਬਾਰੇ ਕੀ ਆਖਣਾ ਚਾਹੁੰਦਾ।”
9 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, 10 “ਇਸਰਾਏਲ ਦੇ ਲੋਕਾਂ ਨੂੰ ਇਹ ਗੱਲਾਂ ਆਖ: ਇਹ ਬਿਧੀ ਤੁਹਾਡੇ ਲਈ ਅਤੇ ਤੁਹਾਡੇ ਉੱਤਰਾਧਿਕਾਰੀਆਂ ਲਈ ਹੋਵੇਗੀ। ਸ਼ਾਇਦ ਕੋਈ ਬੰਦਾ ਸਹੀ ਸਮੇਂ ਪਸਾਹ ਦਾ ਜਸ਼ਨ ਮਨਾਉਣ ਦੇ ਯੋਗ ਨਾ ਹੋਵੇ। ਸ਼ਾਇਦ ਉਹ ਬੰਦਾ ਇਸ ਲਈ ਅਪਵਿੱਤਰ ਹੈ ਕਿਉਂਕਿ ਉਸ ਨੇ ਮੁਰਦਾ ਜਿਸਮ ਛੂਹ ਲਿਆ ਹੈ ਜਾਂ ਸ਼ਾਇਦ ਉਹ ਬੰਦਾ ਦੂਰ ਕਿਸੇ ਸਫ਼ਰ ਉੱਤੇ ਸੀ। 11 ਉਹ ਬੰਦਾ ਫ਼ੇਰ ਵੀ ਕਿਸੇ ਹੋਰ ਸਮੇਂ ਪਸਾਹ ਦਾ ਜਸ਼ਨ ਮਨਾਉਣ ਦੇ ਯੋਗ ਹੋਵੇਗਾ। ਉਸ ਬੰਦੇ ਨੂੰ ਦੂਸਰੇ ਮਹੀਨੇ ਦੀ 14ਵੀ ਤਰੀਕ ਨੂੰ ਸ਼ਾਮ ਵੇਲੇ ਪਸਾਹ ਦਾ ਜਸ਼ਨ ਮਨਾਉਣਾ ਚਾਹੀਦਾ ਹੈ। ਉਸ ਸਮੇਂ ਉਸ ਨੂੰ ਲੇਲਾ, ਪਤੀਰੀ ਰੋਟੀ ਅਤੇ ਕੌੜੀਆਂ ਬੂਟੀਆਂ ਖਾਣੀਆਂ ਚਾਹੀਦੀਆਂ ਹਨ। 12 ਉਸ ਬੰਦੇ ਨੂੰ ਚਾਹੀਦਾ ਹੈ ਕਿ ਉਹ ਉਸ ਭੋਜਨ ਵਿੱਚੋਂ ਕੁਝ ਵੀ ਅਗਲੀ ਸਵੇਰ ਲਈ ਨਾ ਛੱਡੇ ਅਤੇ ਉਸ ਬੰਦੇ ਨੂੰ ਲੇਲੇ ਦੀ ਕੋਈ ਵੀ ਹੱਡੀ ਤੋਂੜਨੀ ਨਹੀਂ ਚਾਹੀਦੀ ਪਸਾਹ ਬਾਰੇ ਸਾਰੀਆਂ ਬਿਧੀਆਂ ਦਾ ਪਾਲਣ ਕਰਨਾ ਚਾਹੀਦਾ ਹੈ। 13 ਪਰ ਕੋਈ ਵੀ ਬੰਦਾ ਜਿਹੜਾ ਸਹੀ ਸਮੇਂ ਪਸਾਹ ਦਾ ਜਸ਼ਨ ਮਨਾ ਸੱਕਦਾ ਹੈ ਉਸ ਨੂੰ ਅਜਿਹਾ ਅਵੱਸ਼ ਕਰਨਾ ਚਾਹੀਦਾ ਹੈ। ਜੇ ਉਹ ਪਵਿੱਤਰ ਹੈ ਅਤੇ ਸਫ਼ਰ ਉੱਤੇ ਨਹੀਂ ਹੈ। ਤਾਂ ਉਸ ਲਈ ਕੋਈ ਬਹਾਨਾ ਨਹੀਂ ਹੈ ਜੇ ਉਹ ਬੰਦਾ ਸਹੀ ਸਮੇਂ ਪਸਾਹ ਦਾ ਜਸ਼ਨ ਨਹੀਂ ਮਨਾਉਂਦਾ ਤਾਂ ਉਸ ਨੂੰ ਉਸ ਦੇ ਲੋਕਾਂ ਨਾਲੋਂ ਅਵੱਸ਼ ਹੀ ਵੱਖ ਕਰ ਦੇਣਾ ਚਾਹੀਦਾ ਹੈ। ਉਹ ਦੋਸ਼ੀ ਹੈ। ਅਤੇ ਉਸ ਨੂੰ ਅਵੱਸ਼ ਸਜ਼ਾ ਮਿਲਣੀ ਚਾਹੀਦੀ ਹੈ! ਕਿਉਂਕਿ ਉਸ ਨੇ ਯਹੋਵਾਹ ਨੂੰ ਆਪਣੀ ਸੁਗਾਤ ਸਹੀ ਸਮੇਂ ਨਹੀਂ ਦਿੱਤੀ।
14 “ਹੋ ਸੱਕਦਾ ਹੈ ਕਿ ਤੁਹਾਡੇ ਦਰਮਿਆਨ ਰਹਿਣ ਵਾਲਾ ਕੋਈ ਵਿਦੇਸ਼ੀ ਤੁਹਾਡੇ ਨਾਲ ਯਹੋਵਾਹ ਦੇ ਪਸਾਹ ਦੇ ਜਸ਼ਨ ਵਿੱਚ ਸ਼ਾਮਿਲ ਹੋਣਾ ਚਾਹੁੰਦਾ ਹੋਵੇ। ਇਸਦੀ ਇਜਾਜ਼ਤ ਹੈ। ਪਰ ਉਸ ਬੰਦੇ ਨੂੰ ਪਸਾਹ ਦੀਆਂ ਸਾਰੀਆਂ ਬਿਧੀਆ ਦਾ ਪਾਲਣ ਕਰਨਾ ਚਾਹੀਦਾ ਹੈ। ਹਰ ਕਿਸੇ ਲਈ ਉਹੀ ਬਿਧੀਆਂ ਹਨ।”
ਬੱਦਲ ਅਤੇ ਅੱਗ
15 ਉਸ ਦਿਨ ਪਵਿੱਤਰ ਤੰਬੂ, ਇਕਰਾਰਨਾਮੇ ਵਾਲਾ ਤੰਬੂ ਸਥਾਪਿਤ ਕੀਤਾ ਗਿਆ। ਯਹੋਵਾਹ ਦੇ ਬੱਦਲ ਨੇ ਇਸ ਨੂੰ ਕੱਜ ਲਿਆ। ਰਾਤ ਵੇਲੇ ਪਵਿੱਤਰ ਤੰਬੂ ਉੱਪਰਲਾ ਬੱਦਲ ਅੱਗ ਵਾਂਗ ਦਿਸਦਾ ਸੀ। 16 ਸਾਰਾ ਸਮਾਂ ਬੱਦਲ ਪਵਿੱਤਰ ਤੰਬੂ ਉੱਤੇ ਟਿਕਿਆ ਰਿਹਾ। ਅਤੇ ਰਾਤ ਵੇਲੇ ਬੱਦਲ ਅੱਗ ਵਾਂਗ ਨਜ਼ਰ ਆਇਆ। 17 ਜਦੋਂ ਬੱਦਲ ਪਵਿੱਤਰ ਤੰਬੂ ਉੱਤੋਂ ਆਪਣੀ ਥਾਂ ਤੋਂ ਹਿਲਿਆ, ਇਸਰਾਏਲੀਆਂ ਨੇ ਇਸਦਾ ਪਿੱਛਾ ਕੀਤਾ। ਜਦੋਂ ਬੱਦਲ ਠਹਿਰ ਗਿਆ, ਉਹੀ ਥਾਂ ਸੀ ਜਿੱਥੇ ਇਸਰਾਏਲੀਆਂ ਨੇ ਡੇਰਾ ਲਾਇਆ। 18 ਇਹੀ ਉਹ ਤਰੀਕਾ ਸੀ ਜਿਸ ਰਾਹੀਂ ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨੂੰ ਇਹ ਦਰਸਾਇਆ ਕਿ ਕਦੋਂ ਹਿੱਲਣਾ ਹੈ ਅਤੇ ਕਦੋਂ ਰੁਕਣਾ ਹੈ ਅਤੇ ਕਦੋਂ ਡੇਰਾ ਲਾਉਣਾ ਹੈ। ਜਦੋਂ ਬੱਦਲ ਪਵਿੱਤਰ ਤੰਬੂ ਉੱਤੇ ਰੁਕਿਆ ਹੋਇਆ ਸੀ ਲੋਕਾਂ ਨੇ ਉਸੇ ਥਾਂ ਉੱਤੇ ਡੇਰਾ ਲਾਈ ਰੱਖਿਆ। 19 ਕਦੇ ਬੱਦਲ ਪਵਿੱਤਰ ਤੰਬੂ ਉੱਤੇ ਦੇਰ ਤੱਕ ਰੁਕਿਆ ਰਹਿੰਦਾ ਸੀ। ਇਸਰਾਏਲੀਆਂ ਨੇ ਯਹੋਵਾਹ ਦਾ ਹੁਕਮ ਮੰਨਿਆ ਅਤੇ ਹਿੱਲੇ ਨਹੀਂ। 20 ਕਦੇ-ਕਦੇ ਬੱਦਲ ਪਵਿੱਤਰ ਤੰਬੂ ਉੱਤੇ ਸਿਰਫ਼ ਕੁਝ ਦਿਨਾ ਲਈ ਹੀ ਰੁਕਿਆ। ਇਸ ਲਈ ਲੋਕਾਂ ਨੇ ਯਹੋਵਾਹ ਦਾ ਆਦੇਸ਼ ਮੰਨਿਆ, ਉਨ੍ਹਾਂ ਨੇ ਉਦੋਂ ਬੱਦਲ ਦਾ ਪਿੱਛਾ ਕੀਤਾ ਜਦੋਂ ਇਹ ਹਿੱਲਿਆ। 21 ਕਦੇ-ਕਦੇ ਬੱਦਲ ਸਿਰਫ਼ ਰਾਤ ਦੌਰਾਨ ਰੁਕਿਆ ਅਗਲੀ ਸਵੇਰ ਬੱਦਲ ਹਿੱਲ ਗਿਆ। ਇਸ ਲਈ ਲੋਕਾਂ ਨੇ ਆਪਣੀਆਂ ਚੀਜ਼ਾਂ ਇਕੱਠੀਆਂ ਕੀਤੀਆਂ ਅਤੇ ਇਸਦਾ ਪਿੱਛਾ ਕੀਤਾ। ਜੇ ਬੱਦਲ ਦਿਨ ਵੇਲੇ ਜਾਂ ਰਾਤ ਵੇਲੇ ਹਿਲਿਆ, ਤਾਂ ਲੋਕਾਂ ਨੇ ਇਸਦਾ ਪਿੱਛਾ ਕੀਤਾ। 22 ਜੇ ਬੱਦਲ ਪਵਿੱਤਰ ਤੰਬੂ ਉੱਤੇ ਦੋ ਦਿਨ ਜਾਂ ਇੱਕ ਮਹੀਨਾ ਜਾਂ ਇੱਕ ਸਾਲ ਰੁਕਿਆ, ਲੋਕਾਂ ਨੇ ਯਹੋਵਾਹ ਦਾ ਹੁਕਮ ਮੰਨਣਾ ਜਾਰੀ ਰੱਖਿਆ। ਉਹ ਉਸ ਥਾਂ ਰੁਕੇ ਰਹੇ ਅਤੇ ਉਦੋਂ ਤੀਕ ਨਹੀਂ ਹਿੱਲੇ ਜਦੋਂ ਤੀਕ ਕਿ ਬੱਦਲ ਨਹੀਂ ਹਿਲਿਆ। ਫ਼ੇਰ ਜਦੋਂ ਬੱਦਲ ਆਪਣੀ ਥਾਂ ਤੋਂ ਉੱਠਿਆ ਅਤੇ ਹਿਲਿਆ, ਲੋਕ ਵੀ ਹਿੱਲੇ। 23 ਇਸ ਲਈ ਲੋਕਾਂ ਨੇ ਯਹੋਵਾਹ ਦੇ ਆਦੇਸ਼ਾਂ ਨੂੰ ਮੰਨਿਆ। ਉਹ ਰੁਕੇ ਰਹੇ ਜਦੋਂ ਯਹੋਵਾਹ ਨੇ ਉਨ੍ਹਾਂ ਨੂੰ ਅਜਿਹਾ ਕਰਨ ਲਈ ਆਖਿਆ। ਅਤੇ ਉਹ ਹਿੱਲ ਪਏ ਜਦੋਂ ਯਹੋਵਾਹ ਨੇ ਉਨ੍ਹਾਂ ਨੂੰ ਅਜਿਹਾ ਕਰਨ ਲਈ ਆਖਿਆ। ਲੋਕਾਂ ਨੇ ਬਹੁਤ ਗੌਰ ਨਾਲ ਦੇਖਿਆ ਅਤੇ ਯਹੋਵਾਹ ਵੱਲੋਂ ਮੂਸਾ ਨੂੰ ਦਿੱਤੇ ਆਦੇਸ਼ਾਂ ਨੂੰ ਮੰਨਿਆ।
ਚਾਂਦੀ ਦੀਆਂ ਤੁਰ੍ਹੀਆਂ
10 ਯਹੋਵਾਹ ਨੇ ਮੂਸਾ ਨੂੰ ਆਖਿਆ, 2 “ਚਾਂਦੀ ਦੀ ਵਰਤੋਂ ਕਰੋ ਇਸ ਨੂੰ ਹਥੌੜਿਆਂ ਨਾਲ ਚੰਡਕੇ ਦੋ ਤੁਰ੍ਹੀਆਂ ਬਣਾਉ। ਇਹ ਤੁਰ੍ਹੀਆਂ ਲੋਕਾਂ ਨੂੰ ਇਕੱਠਿਆਂ ਕਰਨ ਲਈ ਹੋਣਗੀਆਂ ਅਤੇ ਉਨ੍ਹਾਂ ਨੂੰ ਇਹ ਦੱਸਣ ਲਈ ਹੋਣਗਿਆਂ ਕਿ ਕੂਚ ਦਾ ਸਮਾਂ ਆ ਚੁੱਕਿਆ ਹੈ। 3 ਜੇ ਤੁਸੀਂ ਇਨ੍ਹਾਂ ਤੁਰ੍ਹੀਆਂ ਨੂੰ ਲੰਮੀ ਧੁਨ ਵਿੱਚ ਵਜਾਵੋਂਗੇ ਤਾਂ ਸਮੂਹ ਲੋਕਾਂ ਨੂੰ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਉੱਤੇ ਇਕੱਠੇ ਹੋ ਜਾਣਾ ਚਾਹੀਦਾ ਹੈ। 4 ਜਦੋਂ ਤੁਸੀਂ ਲੰਮੀ ਧੁਨ ਵਿੱਚ ਸਿਰਫ਼ ਇੱਕ ਤੁਰ੍ਹੀ ਨੂੰ ਵਜਾਵੋਂ, ਤਾਂ ਹੀ ਆਗੂਆਂ ਨੂੰ ਤੁਹਾਨੂੰ ਮਿਲਣ ਲਈ ਆਉਣਾ ਚਾਹੀਦਾ ਹੈ। (ਇਹ ਆਗੂ ਇਸਰਾਏਲ ਦੇ 12 ਪਰਿਵਾਰ-ਸਮੂਹਾਂ ਵਿੱਚੋਂ ਹਨ।)
5 “ਤੁਰ੍ਹੀ ਨਾਲ ਪੈਦਾ ਕੀਤੀਆਂ ਗਈਆਂ ਛੋਟੀਆਂ ਧੁਨਾਂ ਲੋਕਾਂ ਨੂੰ ਡੇਰਾ ਉੱਠਾ ਲੈਣ ਦੀ ਸੂਚਨਾ ਹੋਵੇਗੀ। ਤੁਸੀਂ ਪਹਿਲੀ ਵਾਰ ਤੁਰ੍ਹੀਆਂ ਉੱਤੇ ਛੋਟੀ ਧੁਨ ਪੈਦਾ ਕਰੋਂਗੇ ਤਾਂ ਮੰਡਲੀ ਵਾਲੇ ਤੰਬੂ ਦੇ ਪੂਰਬ ਵਾਲੇ ਪਾਸੇ ਦੇ ਪਰਿਵਾਰ-ਸਮੂਹ ਡੇਰੇ ਤੋਂ ਚੱਲਣਾ ਸ਼ੁਰੂ ਕਰ ਦੇਣਗੇ। 6 ਦੂਜੀ ਵਾਰੀ ਤੁਸੀਂ ਤੁਰ੍ਹੀਆਂ ਤੇ ਛੋਟੀ ਜਿਹੀ ਧੁਨ ਪੈਦਾ ਕਰੋਂਗੇ, ਮੰਡਲੀ ਵਾਲੇ ਤੰਬੂ ਦੇ ਦੱਖਣੀ ਪਾਸੇ ਵਾਲੇ ਪਰਿਵਾਰ-ਸਮੂਹ ਅੱਗੇ ਵੱਧਣਾ ਸ਼ੁਰੂ ਕਰਨਗੇ। 7 ਪਰ ਜੇ ਤੁਸੀਂ ਲੋਕਾਂ ਨੂੰ ਖਾਸ ਮੰਡਲੀ ਵਿੱਚ ਇਕੱਠਿਆ ਕਰਨਾ ਚਾਹੁੰਦੇ ਹੋ ਤਾਂ ਤੁਰ੍ਹੀਆਂ ਨੂੰ ਵਖਰੇ ਢੰਗ ਨਾਲ ਵਜਾਉ, ਤੁਰ੍ਹੀ ਉੱਤੇ ਇੱਕ ਲੰਮੀ ਸਥਿਰ ਧੁਨ ਪੈਦਾ ਕਰੋ। 8 ਸਿਰਫ਼ ਹਾਰੂਨ ਦੇ ਪੁੱਤਰਾਂ, ਜਾਜਕਾਂ ਨੂੰ ਹੀ ਤੁਰ੍ਹੀਆਂ ਵਜਾਉਣੀਆ ਚਾਹੀਦੀਆਂ ਹਨ। ਇਹ ਤੁਹਾਡੇ ਲਈ ਅਜਿਹੀ ਬਿਧੀ ਹੈ ਜਿਹੜਾ ਸਦਾ ਜਾਰੀ ਰਹੇਗਾ, ਆਉਣ ਵਾਲੀਆਂ ਪੀੜੀਆਂ ਤੀਕ।
9 “ਜੇ ਤੁਸੀਂ ਆਪਣੀ ਜ਼ਮੀਨ ਉੱਤੇ ਦੁਸ਼ਮਣ ਨਾਲ ਲੜ ਰਹੇ ਹੋ, ਤਾਂ ਉਨ੍ਹਾਂ ਨਾਲ ਜਾਕੇ ਲੜਨ ਤੋਂ ਪਹਿਲਾਂ ਉੱਚੀ ਅਵਾਜ਼ ਵਿੱਚ ਤੁਰ੍ਹੀ ਵਜਾਉ। ਤੁਹਾਡਾ ਯਹੋਵਾਹ ਪਰਮੇਸ਼ੁਰ ਆਵਾਜ਼ ਸੁਣੇਗਾ ਅਤੇ ਦੁਸ਼ਮਣਾ ਤੋਂ ਤੁਹਾਡੀ ਰੱਖਿਆ ਕਰੇਗਾ। 10 ਤੁਹਾਨੂੰ ਇਨ੍ਹਾਂ ਤੁਰ੍ਹੀਆਂ ਨੂੰ ਆਪਣੀਆਂ ਸਾਰੀਆਂ ਖਾਸ ਸਭਾਵਾਂ, ਮਹੀਨੇ ਦੇ ਪਹਿਲੇ ਦਿਨਾ ਉੱਤੇ ਅਤੇ ਤੁਹਾਡੀ ਖੁਸ਼ੀ ਦੇ ਸਰਿਆਂ ਮੌਕਿਆਂ ਉੱਤੇ ਵਜਾਉਣਾ ਚਾਹੀਦਾ ਹੈ। ਜਦੋਂ ਤੁਸੀਂ ਹੋਮ ਦੀਆਂ ਭੇਟਾ ਅਤੇ ਸੁੱਖ-ਸਾਂਦ ਦੀਆਂ ਭੇਟਾ ਚੜ੍ਹਾਵੋਂ ਤਾਂ ਤੁਰ੍ਹੀਆਂ ਵਜਾਉ। ਇਹ ਤੁਹਾਡੇ ਯਹੋਵਾਹ ਲਈ ਤੁਹਾਡੇ ਨਾਲ ਉਸ ਦੇ ਇਕਰਾਰਨਾਮੇ ਚੇਤੇ ਕਰਾਉਣ ਦਾ ਖਾਸ ਢੰਗ ਹੋਵੇਗਾ। ਮੈਂ ਤੁਹਾਨੂੰ ਅਜਿਹਾ ਕਰਨ ਦਾ ਆਦੇਸ਼ ਦਿੰਦਾ ਹਾਂ, ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।”
ਇਸਰਾਏਲ ਦੇ ਲੋਕ ਆਪਣਾ ਡੇਰਾ ਅੱਗੇ ਵੱਧਾਉਂਦੇ ਹਨ
11 ਇਸਰਾਏਲ ਦੇ ਲੋਕਾਂ ਦੇ ਮਿਸਰ ਛੱਡਣ ਤੋਂ ਮਗਰੋਂ ਦੂਸਰੇ ਵਰ੍ਹੇ ਦੇ ਦੂਸਰੇ ਮਹੀਨੇ ਦੇ 20ਵੇਂ ਦਿਨ, ਇਕਰਾਰਨਾਮੇ ਵਾਲੇ ਤੰਬੂ ਤੋਂ ਬੱਦਲ ਉੱਠਿਆ। 12 ਇਸ ਲਈ ਇਸਰਾਏਲ ਦੇ ਲੋਕਾਂ ਨੇ ਆਪਣਾ ਸਫ਼ਰ ਸ਼ੁਰੂ ਕੀਤਾ ਉਨ੍ਹਾਂ ਨੇ ਸੀਨਈ ਦਾ ਮਾਰੂਥਲ ਛੱਡ ਦਿੱਤਾ ਅਤੇ ਉਦੋਂ ਤੱਕ ਸਫ਼ਰ ਕਰਦੇ ਰਹੇ ਜਦੋਂ ਤੱਕ ਕਿ ਬੱਦਲ ਪਾਰਾਨ ਦੇ ਮਾਰੂਥਲ ਵਿੱਚ ਠਹਿਰ ਨਹੀਂ ਗਿਆ। 13 ਇਹ ਪਹਿਲੀ ਵਾਰ ਸੀ ਜਦੋਂ ਲੋਕਾਂ ਨੇ ਆਪਣਾ ਡੇਰਾ ਅੱਗੇ ਤੋਂਰਿਆ। ਉਨ੍ਹਾਂ ਨੇ ਇਸ ਨੂੰ ਉਸੇ ਤਰ੍ਹਾਂ ਅੱਗੇ ਤੋਰਿਆ ਜਿਵੇਂ ਮੂਸਾ ਨੇ ਯਹੋਵਾਹ ਨੂੰ ਆਦੇਸ਼ ਦਿੱਤਾ ਸੀ।
14 ਯਹੂਦਾਹ ਦੇ ਡੇਰੇ ਦੇ ਤਿੰਨ ਟੋਲੇ ਪਹਿਲਾਂ ਗਏ। ਉਨ੍ਹਾਂ ਨੇ ਆਪਣੇ ਝੰਡੇ ਹੇਠਾਂ ਸਫ਼ਰ ਕੀਤਾ। ਪਹਿਲਾ ਟੋਲਾ ਯਹੂਦਾਹ ਦਾ ਪਰਿਵਾਰ-ਸਮੂਹ ਸੀ। ਅੰਮੀਨਾਦਾਬ ਦਾ ਪੁੱਤਰ ਨਹਸ਼ੋਨ ਉਸ ਟੋਲੇ ਦਾ ਆਗੂ ਸੀ। 15 ਉਸਤੋਂ ਮਗਰੋਂ ਯਿੱਸਾਕਾਰ ਦਾ ਪਰਿਵਾਰ-ਸਮੂਹ ਆਇਆ। ਸੂਆਰ ਦਾ ਪੁੱਤਰ ਨਥਨਿਏਲ ਉਸ ਟੋਲੇ ਦਾ ਆਗੂ ਸੀ। 16 ਅਤੇ ਫ਼ੇਰ ਜ਼ਬੂਲੁਨ ਦੇ ਪਰਿਵਾਰ-ਸਮੂਹ ਦੀ ਵਾਰੀ ਆਈ। ਹੇਲੋਨ ਦਾ ਪੁੱਤਰ ਅਲੀਆਬ ਉਸ ਟੋਲੇ ਦਾ ਆਗੂ ਸੀ।
17 ਫ਼ੇਰ ਪਵਿੱਤਰ ਤੰਬੂ ਉਤਾਰਿਆ ਗਿਆ। ਅਤੇ ਗੇਰਸ਼ੋਨ ਅਤੇ ਮਰਾਰੀ ਪਰਿਵਾਰਾਂ ਦੇ ਆਦਮੀਆਂ ਨੇ ਪਵਿੱਤਰ ਤੰਬੂ ਨੂੰ ਚੁੱਕਿਆ। ਇਸ ਲਈ ਇਨ੍ਹਾਂ ਪਰਿਵਾਰਾਂ ਦੇ ਲੋਕ ਅਗਲੀ ਕਤਾਰ ਵਿੱਚ ਸਨ।
18 ਫ਼ੇਰ ਰਊਬੇਨ ਦੇ ਡੇਰੇ ਦੇ ਤਿੰਨ ਟੋਲੇ ਆਏ। ਉਨ੍ਹਾਂ ਨੇ ਆਪਣੇ ਝੰਡੇ ਹੇਠਾ ਸਫ਼ਰ ਕੀਤਾ। ਪਹਿਲਾ ਟੋਲਾ ਰਊਬੇਨ ਦਾ ਪਰਿਵਾਰ-ਸਮੂਹ ਸੀ। ਸ਼ਦੇਊਰ ਦਾ ਪੁੱਤਰ ਅਲੀਸੂਰ ਉਸ ਟੋਲੇ ਦਾ ਆਗੂ ਸੀ। 19 ਫ਼ੇਰ ਸ਼ਿਮੋਨ ਦੇ ਪਰਿਵਾਰ-ਸਮੂਹ ਦੀ ਵਾਰੀ ਸੀ। ਸੂਰੀਸ਼ੱਦਾਈ ਦਾ ਪੁੱਤਰ ਸ਼ਲੁਮੀਏਲ ਉਸ ਟੋਲੇ ਦਾ ਆਗੂ ਸੀ। 20 ਅਤੇ ਫ਼ੇਰ ਗਾਦ ਦਾ ਪਰਿਵਾਰ-ਸਮੂਹ ਆਇਆ। ਦਊਏਲ ਦਾ ਪੁੱਤਰ ਅਲਯਾਸਾਫ਼ ਉਸ ਟੋਲੇ ਦਾ ਆਗੂ ਸੀ। 21 ਫ਼ੇਰ ਕਹਾਥ ਪਰਿਵਾਰ ਸਮੂਹ ਆਇਆ। ਉਨ੍ਹਾਂ ਨੇ ਪਵਿੱਤਰ ਸਥਾਨ ਤੋਂ ਪਵਿੱਤਰ ਚੀਜ਼ਾਂ ਚੁੱਕੀਆਂ। ਉਹ ਇਸ ਸਮੇਂ ਇਸ ਲਈ ਆਏ ਤਾਂ ਜੋ ਬਾਕੀ ਲੋਕ ਪਵਿੱਤਰ ਤੰਬੂ ਨੂੰ ਨਵੇਂ ਸਥਾਨ ਉੱਤੇ ਸਥਾਪਿਤ ਕਰ ਸੱਕਣ ਅਤੇ ਉਨ੍ਹਾਂ ਦੇ ਉੱਥੇ ਆਉਣ ਤੋਂ ਪਹਿਲਾਂ ਇਸ ਨੂੰ ਤਿਆਰ ਕਰ ਸੱਕਣ।
22 ਇਸਤੋਂ ਅੱਗੇ ਅਫ਼ਰਾਈਮ ਦੇ ਡੇਰੇ ਵਿੱਚੋਂ ਤਿੰਨ ਟੋਲੇ ਆਏ। ਉਨ੍ਹਾਂ ਨੇ ਆਪਣੇ ਝੰਡੇ ਹੇਠਾਂ ਸਫ਼ਰ ਕੀਤਾ। ਪਹਿਲਾ ਟੋਲਾ ਅਫ਼ਰਾਈਮ ਦੇ ਪਰਿਵਾਰ ਵਿੱਚੋਂ ਸੀ। ਅੰਮੀਹੂਦ ਦਾ ਪੁੱਤਰ ਅਲੀਸ਼ਾਮਾ ਇਸ ਟੋਲੇ ਦਾ ਆਗੂ ਸੀ। 23 ਫ਼ੇਰ ਮਨੱਸ਼ਹ ਦਾ ਪਰਿਵਾਰ-ਸਮੂਹ ਆਇਆ। ਪਦਾਹਸੂਰ ਦਾ ਪੁੱਤਰ ਗਮਲੀਏਲ ਉਸ ਸਮੂਹ ਦਾ ਆਗੂ ਸੀ। 24 ਫ਼ੇਰ ਬਿਨਯਾਮੀਨ ਦਾ ਪਰਿਵਾਰ-ਸਮੂਹ ਆਇਆ। ਗਿਦਓਨੀ ਦਾ ਪੁੱਤਰ ਅਬੀਦਾਨ ਇਸ ਟੋਲੇ ਦਾ ਆਗੂ ਸੀ।
25 ਅਗਲੀ ਕਤਾਰ ਵਿੱਚਲੇ ਤਿੰਨ ਆਖਰੀ ਪਰਿਵਾਰ-ਸਮੂਹ ਹੋਰ ਸਾਰੇ ਪਰਿਵਾਰ-ਸਮੂਹਾਂ ਪਿੱਛਲੇ ਦਸਤੇ ਵਿੱਚ ਸਨ। ਇਹ ਸਮੂਹ ਦਾਨ ਦੇ ਪਰਿਵਾਰ-ਸਮੂਹ ਦੇ ਡੇਰੇ ਵਿੱਚੋਂ ਸਨ। ਉਨ੍ਹਾਂ ਨੇ ਆਪਣੇ ਝੰਡੇ ਹੇਠਾਂ ਸਫ਼ਰ ਕੀਤਾ। ਪਹਿਲਾ ਸਮੂਹ ਦਾਨ ਦਾ ਪਰਿਵਾਰ-ਸਮੂਹ ਸੀ। ਅੰਮੀਸ਼ਦਾਈ ਦਾ ਪੁੱਤਰ ਅਹੀਅਜ਼ਰ ਉਨ੍ਹਾਂ ਦਾ ਆਗੂ ਸੀ। 26 ਫ਼ੇਰ ਆਸ਼ੇਰ ਦਾ ਪਰਿਵਾਰ-ਸਮੂਹ ਆਇਆ। ਆਕਰਾਨ ਦਾ ਪੁੱਤਰ ਪਗੀਏਲ ਉਸ ਟੋਲੇ ਦਾ ਆਗੂ ਸੀ। 27 ਫ਼ੇਰ ਨਫ਼ਤਾਲੀ ਦਾ ਪਰਿਵਾਰ-ਸਮੂਹ ਆਇਆ। ਏਨਾਨ ਦਾ ਪੁੱਤਰ ਅਹੀਰਾ ਉਸ ਟੋਲੇ ਦਾ ਆਗੂ ਸੀ। 28 ਇਹੀ ਉਹ ਢੰਗ ਸੀ ਜਦੋਂ ਇਸਰਾਏਲ ਦੇ ਲੋਕ ਇੱਕ ਥਾਂ ਤੋਂ ਦੂਸਰੀ ਥਾ ਜਾਣ ਬਾਰੇ ਪੇਸ਼ ਕਦਮੀ ਕਰਦੇ ਸਨ।
29 ਹੋਬਾਬ ਰਊਏਲ ਦਾ ਪੁੱਤਰ ਸੀ ਜਿਹੜਾ ਮਿਦਯਾਨੀ ਸੀ। (ਰਊਏਲ ਮੂਸਾ ਦਾ ਸੌਹਰਾ ਸੀ।) ਮੂਸਾ ਨੇ ਹੋਬਾਬ ਨੂੰ ਆਖਿਆ, “ਅਸੀਂ ਉਸ ਧਰਤੀ ਵੱਲ ਸਫ਼ਰ ਕਰ ਰਹੇ ਹਾਂ ਜਿਹੜੀ ਪਰਮੇਸ਼ੁਰ ਨੇ ਸਾਨੂੰ ਦੇਣ ਦਾ ਇਕਰਾਰ ਕੀਤਾ ਸੀ। ਸਾਡੇ ਨਾਲ ਆ ਜਾਉ ਅਤੇ ਅਸੀਂ ਤੁਹਾਡੇ ਨਾਲ ਚੰਗਾ ਸਲੂਕ ਕਰਾਂਗੇ। ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨੂੰ ਚੰਗੀਆਂ ਚੀਜ਼ਾਂ ਦੇਣ ਦਾ ਇਕਰਾਰ ਕੀਤਾ ਹੈ।”
30 ਪਰ ਹੋਬਾਬ ਨੇ ਜਵਾਬ ਦਿੱਤਾ, “ਨਹੀਂ ਮੈਂ ਤੇਰੇ ਨਾਲ ਨਹੀਂ ਜਾਵਾਂਗਾ। ਮੈਂ ਆਪਣੀ ਮਾਤ੍ਰ ਭੂਮੀ ਵੱਲ ਜਾਵਾਂਗਾ ਅਤੇ ਆਪਣੇ ਲੋਕਾਂ ਕੋਲ ਜਾਵਾਂਗਾ।”
31 ਮੂਸਾ ਨੇ ਆਖਿਆ, “ਕਿਰਪਾ ਕਰਕੇ ਸਾਨੂੰ ਛੱਡ ਕੇ ਨਾ ਜਾਉ। ਤੁਸੀਂ ਮਾਰੂਥਲ ਬਾਰੇ ਸਾਡੇ ਨਾਲੋਂ ਜ਼ਿਆਦਾ ਜਾਣਦੇ ਹੋ। ਤੁਸੀਂ ਸਾਡੇ ਰਾਹ ਬਰ ਹੋ ਸੱਕਦੇ ਹੋ। 32 ਜੇ ਤੁਸੀਂ ਸਾਡੇ ਨਾਲ ਆਵੋਂਗੇ, ਤਾਂ ਅਸੀਂ ਤੁਹਾਡੇ ਨਾਲ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਸਾਂਝਿਆ ਕਰਾਂਗੇ, ਜਿਹੜੀਆਂ ਯਹੋਵਾਹ ਸਾਨੂੰ ਦੇਵੇਗਾ।”
33 ਇਸ ਲਈ ਹੋਬਾਬ ਮੰਨ ਗਿਆ ਅਤੇ ਉਨ੍ਹਾਂ ਨੇ ਯਹੋਵਾਹ ਦੇ ਪਹਾੜ ਤੋਂ ਆਪਣੀ ਯਾਤਰਾ ਅਰਂਭ ਕੀਤੀ। ਜਾਜਕਾਂ ਨੇ ਯਹੋਵਾਹ ਦੇ ਇਕਰਾਰਨਾਮੇ ਦਾ ਸੰਦੂਕ ਚੁੱਕਿਆ ਅਤੇ ਲੋਕਾਂ ਦੇ ਅੱਗੇ-ਅੱਗੇ ਤੁਰ ਪਏ। ਉਨ੍ਹਾਂ ਨੇ ਡੇਰਾ ਸਥਾਪਿਤ ਕਰਨ ਵਾਲੀ ਥਾਂ ਨੂੰ ਲੱਭਦਿਆਂ ਸੰਦੂਕ ਨੂੰ ਤਿੰਨਾ ਦਿਨਾਂ ਤੱਕ ਚੁੱਕੀ ਰੱਖਿਆ। 34 ਯਹੋਵਾਹ ਦਾ ਬੱਦਲ ਉਨ੍ਹਾਂ ਦੇ ਉੱਪਰ ਹਰ ਰੋਜ਼ ਸੀ। ਅਤੇ ਜਦੋਂ ਉਨ੍ਹਾਂ ਨੇ ਹਰ ਸਵੇਰੇ ਆਪਣਾ ਡੇਰਾ ਛੱਡਿਆ, ਬੱਦਲ ਉਨ੍ਹਾਂ ਦੀ ਅਗਵਾਈ ਲਈ ਉੱਥੇ ਹੀ ਸੀ।
35 ਜਦੋਂ ਲੋਕਾਂ ਨੇ ਪਵਿੱਤਰ ਸੰਦੂਕ ਨੂੰ ਡੇਰਾ ਚੁੱਕਣ ਲਈ ਉੱਠਾਇਆ, ਮੂਸਾ ਨੇ ਹਮੇਸ਼ਾ ਆਖਿਆ,
“ਉੱਠੋ ਯਹੋਵਾਹ ਜੀ!
ਸਾਰੇ ਤੁਹਾਡੇ ਦੁਸ਼ਮਣ ਖਿੰਡ ਜਾਣ।
ਸਾਰੇ ਤੁਹਾਡੇ ਦੁਸ਼ਮਣ ਤੁਹਾਡੇ ਕੋਲੋਂ ਦੂਰ ਭੱਜ ਜਾਣ।”
36 ਅਤੇ ਜਦੋਂ ਪਵਿੱਤਰ ਸੰਦੂਕ ਨੂੰ ਉਸਦੀ ਥਾਵੇਂ ਰੱਖਿਆ ਗਿਆ ਮੂਸਾ ਨੇ ਹਮੇਸ਼ਾ ਆਖਿਆ,
“ਵਾਪਸ ਆ ਜਾਉ, ਯਹੋਵਾਹ,
ਇਸਰਾਏਲ ਦੇ ਲਖਾਂ ਲੋਕਾਂ ਕੋਲ।”
ਲੋਕ ਫ਼ੇਰ ਸ਼ਿਕਾਇਤ ਕਰਦੇ ਹਨ
11 ਲੋਕਾਂ ਨੇ ਆਪਣੀ ਸਮੱਸਿਆਵਾਂ ਬਾਰੇ ਸ਼ਿਕਾਇਤਾ ਕਰਨੀਆਂ ਸ਼ੁਰੂ ਕਰ ਦਿੱਤੀਆਂ, ਯਹੋਵਾਹ ਨੇ ਉਨ੍ਹਾਂ ਦੀਆਂ ਸ਼ਿਕਾਇਤਾ ਸੁਣੀਆ ਅਤੇ ਬਹੁਤ ਕਰੋਧਵਾਨ ਹੋ ਗਿਆ। ਯਹੋਵਾਹ ਦੀ ਅੱਗ ਲੋਕਾਂ ਦਰਮਿਆਨ ਅਤੇ ਡੇਰੇ ਦੀ ਨੁੱਕਰ ਤੇ ਵੀ ਬਲ ਉੱਠੀ। 2 ਇਸ ਲਈ ਲੋਕਾਂ ਨੇ ਮੂਸਾ ਅੱਗੇ ਸਹਾਇਤਾ ਲਈ ਪੁਕਾਰ ਕੀਤੀ। ਮੂਸਾ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਅਤੇ ਅੱਗ ਬਲਣੋ ਹਟ ਗਈ। 3 ਇਸ ਲਈ ਉਸ ਥਾਂ ਨੂੰ ਤਬਏਰਾਹ ਬੁਲਾਇਆ ਗਿਆ। ਲੋਕਾਂ ਨੇ ਉਸ ਥਾਂ ਨੂੰ ਇਹ ਨਾਮ ਦਿੱਤਾ ਕਿਉਂਕਿ ਯਹੋਵਾਹ ਨੇ ਉਨ੍ਹਾਂ ਦੇ ਡੇਰੇ ਨੂੰ ਸਾੜਨ ਲਈ ਅੱਗ ਲਾਈ।
70 ਵਡੇਰੇ ਆਗੂ
4 ਉਹ ਵਿਦੇਸ਼ੀ ਜਿਹੜੇ ਇਸਰਾਏਲ ਦੇ ਲੋਕਾਂ ਨਾਲ ਰਲ ਗਏ ਸਨ, ਉਨ੍ਹਾਂ ਨੇ ਖਾਣ ਲਈ ਹੋਰਨਾਂ ਚੀਜ਼ਾਂ ਦੀ ਆਪਣੀ ਇੱਛਾ ਦਰਸਾਈ। ਛੇਤੀ ਹੀ ਇਸਰਾਏਲ ਦੇ ਸਮੂਹ ਲੋਕ ਫ਼ੇਰ ਸ਼ਿਕਾਇਤ ਕਰਨ ਲੱਗੇ ਅਤੇ ਆਖਿਆ, “ਸਾਨੂੰ ਖਾਣ ਲਈ ਮਾਸ ਕੌਣ ਦੇਵੇਗਾ? 5 ਸਾਨੂੰ ਉਹ ਮੱਛੀ ਚੇਤੇ ਆਉਂਦੀ ਹੈ ਜਿਹੜੀ ਅਸੀਂ ਮਿਸਰ ਵਿੱਚ ਖਾਧੀ ਸੀ। ਇਸਦੀ ਸਾਡੇ ਲਈ ਕੋਈ ਕੀਮਤ ਨਹੀਂ ਸੀ, ਅਤੇ ਸਾਡੇ ਕੋਲ ਕੁਝ ਚੰਗੀਆਂ ਸਬਜ਼ੀਆਂ ਜਿਵੇਂ ਕੱਕੜੀਆਂ, ਖਰਬੂਜੇ, ਲੀਕਸ, ਪਿਆਜ਼ ਅਤੇ ਲਸਣ ਸਨ। 6 ਪਰ ਹੁਣ ਸਾਡੀ ਤਾਕਤ ਖਤਮ ਹੋ ਗਈ ਹੈ। ਅਸੀਂ ਇਸ ਮੰਨ ਤੋਂ ਇਲਾਵਾ ਕਦੇ ਵੀ ਹੋਰ ਕੁਝ ਨਹੀਂ ਖਾਂਦੇ!” 7 (ਮੰਨ ਧਨੀਏ ਦੇ ਛੋਟੇ ਬੀਜ਼ਾਂ ਵਰਗਾ ਸੀ। ਅਤੇ ਇਹ ਕਿਸੇ ਰੁੱਖ ਦੀ ਗੂੰਦ ਵਰਗਾ ਦਿਸਦਾ ਸੀ। 8 ਲੋਕ ਮੰਨ ਇਕੱਠਾ ਕਰਦੇ ਸਨ। ਫ਼ੇਰ ਉਹ ਪੱਥਰਾਂ ਨਾਲ ਇਸ ਨੂੰ ਭੁਨਦੇ ਸਨ ਅਤੇ ਇੱਕ ਬਰਤਨ ਵਿੱਚ ਰਿੰਨ੍ਹਦੇ ਸਨ। ਜਾਂ ਉਹ ਇਸ ਨੂੰ ਪੀਹਕੇ ਆਟਾ ਬਣਾ ਲੈਂਦੇ ਸਨ ਅਤੇ ਇਸ ਦੀਆਂ ਪਤਲੀਆਂ ਰੋਟੀਆਂ ਬਣਾ ਲੈਂਦੇ ਸਨ। ਇਹ ਰੋਟੀਆਂ ਜੈਤੂਨ ਦੇ ਤੇਲ ਵਿੱਚ ਪਕਾਈਆਂ ਮਿਠੀਆਂ ਰੋਟੀਆਂ ਵਰਗਾ ਸੁਆਦ ਦਿੰਦੀਆਂ ਸਨ। 9 ਮੰਨ ਹਰ ਰਾਤ ਤੇਲ ਭਿੱਜੀ ਧਰਤੀ ਉੱਤੇ ਡਿੱਗਦਾ ਸੀ।)
10 ਮੂਸਾ ਨੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ। ਹਰ ਪਰਿਵਾਰ ਦੇ ਲੋਕ ਆਪਣੇ ਤੰਬੂਆਂ ਕੋਲ ਬੈਠੇ ਸ਼ਿਕਾਇਤਾ ਕਰ ਰਹੇ ਸਨ। ਯਹੋਵਾਹ ਬਹੁਤ ਕ੍ਰੋਧਵਾਨ ਹੋ ਗਿਆ, ਅਤੇ ਇਸਨੇ ਮੂਸਾ ਨੂੰ ਬਹੁਤ ਬੇਚੈਨ ਕਰ ਦਿੱਤਾ। 11 ਮੂਸਾ ਨੇ ਯਹੋਵਾਹ ਨੂੰ ਪੁੱਛਿਆ, “ਯਹੋਵਾਹ ਜੀ ਤੁਸੀਂ ਮੇਰੇ ਉੱਤੇ ਇਹ ਮੁਸੀਬਤ ਕਿਉਂ ਪਾ ਦਿੱਤੀ ਹੈ? ਮੈਂ ਤੁਹਾਡਾ ਸੇਵਕ ਹਾਂ। ਮੈਂ ਕੀ ਕਸੂਰ ਕੀਤਾ ਹੈ? ਮੈਂ ਤੁਹਾਨੂੰ ਬੇਚੈਨ ਕਰਨ ਵਾਲੀ ਕਿਹੜੀ ਗੱਲ ਕੀਤੀ ਹੈ? ਤੁਸੀਂ ਮੈਨੂੰ ਇਨ੍ਹਾਂ ਸਾਰੇ ਲੋਕਾਂ ਦੀ ਜ਼ਿੰਮੇਵਾਰੀ ਕਿਉਂ ਸੌਂਪੀ ਹੈ? 12 ਤੁਸੀਂ ਜਾਣਦੇ ਹੋ ਕਿ ਮੈਂ ਇਨ੍ਹਾਂ ਸਮੂਹ ਲੋਕਾਂ ਦਾ ਪਿਤਾ ਨਹੀਂ ਹਾਂ। ਤੁਸੀਂ ਜਾਣਦੇ ਹੋ ਕਿ ਮੈਂ ਇਨ੍ਹਾਂ ਨੂੰ ਜਨਮ ਨਹੀਂ ਦਿੱਤਾ। ਪਰ ਮੈਨੂੰ ਇਨ੍ਹਾਂ ਦੀ ਦੇਖ-ਭਾਲ ਕਰਨੀ ਪੈਂਦੀ ਹੈ ਜਿਵੇਂ ਕੋਈ ਦਾਈ ਬੱਚੇ ਨੂੰ ਆਪਣੀਆਂ ਬਾਹਾਂ ਵਿੱਚ ਚੁੱਕਦੀ ਹੈ। ਤੁਸੀਂ ਮੈਨੂੰ ਅਜਿਹਾ ਕਰਨ ਲਈ ਕਿਉਂ ਮਜ਼ਬੂਰ ਕਰਦੇ ਹੋ? ਤੁਸੀਂ ਮੈਨੂੰ ਇਨ੍ਹਾਂ ਨੂੰ ਉਸ ਧਰਤੀ ਉੱਤੇ ਲੈ ਜਾਣ ਲਈ ਕਿਉਂ ਮਜ਼ਬੂਰ ਕਰਦੇ ਹੋ ਜਿਸਦਾ ਤੁਸੀਂ ਸਾਡੇ ਪੁਰਖਿਆਂ ਨਾਲ ਇਕਰਾਰ ਕੀਤਾ ਸੀ? 13 ਮੇਰੇ ਕੋਲ ਇਨ੍ਹਾਂ ਲੋਕਾਂ ਲਈ ਕਾਫ਼ੀ ਮਾਸ ਨਹੀਂ ਹੈ। ਅਤੇ ਇਹ ਮੇਰੇ ਕੋਲ ਸ਼ਿਕਾਇਤਾਂ ਕਰੀ ਜਾ ਰਹੇ ਹਨ। ਇਹ ਆਖਦੇ ਹਨ, ਸਾਨੂੰ ਖਾਣ ਵਾਸਤੇ ਮਾਸ ਦਿਉ। 14 ਮੈਂ ਇੱਕਲਾ ਇਨ੍ਹਾਂ ਸਾਰੇ ਲੋਕਾਂ ਦਾ ਧਿਆਨ ਨਹੀਂ ਰੱਖ ਸੱਕਦਾ। ਇਹ ਭਾਰ ਮੇਰੇ ਲਈ ਬਹੁਤ ਜ਼ਿਆਦਾ ਹੈ। 15 ਜੇ ਤੁਸੀਂ ਮੈਨੂੰ ਮੁਸੀਬਤਾਂ ਦਿੰਦੇ ਰਹਿਣ ਦੀ ਯੋਜਨਾ ਬਣਾਈ ਹੈ, ਤਾਂ ਮੈਨੂੰ ਹੁਣੇ ਮਰ ਜਾਣ ਦਿਉ। ਜੇ ਤੁਸੀਂ ਮੈਨੂੰ ਆਪਣਾ ਸੇਵਕ ਪ੍ਰਵਾਨ ਕਰਦੇ ਹੋ, ਮੈਨੂੰ ਹੁਣੇ ਮਾਰ ਦਿਓ। ਮੈਨੂੰ ਮੇਰੀ ਬਦਕਿਸਮਤੀ ਨੂੰ ਨਾ ਵੇਖਣ ਦਿਉ।”
16 ਯਹੋਵਾਹ ਨੇ ਮੂਸਾ ਨੂੰ ਆਖਿਆ, “ਮੇਰੇ ਕੋਲ ਇਸਰਾਏਲ ਦੇ 70 ਬਜ਼ੁਰਗਾਂ ਨੂੰ ਲਿਆ। ਇਹ ਆਦਮੀ ਲੋਕਾਂ ਦੇ ਆਗੂ ਹਨ। ਉਨ੍ਹਾਂ ਨੂੰ ਮੰਡਲੀ ਵਾਲੇ ਤੰਬੂ ਕੋਲ ਲਿਆ। ਉਨ੍ਹਾਂ ਨੂੰ ਆਪਣੇ ਨਾਲ ਉੱਥੇ ਖੜ੍ਹੇ ਕਰੋ। 17 ਫ਼ੇਰ ਮੈਂ ਹੇਠਾ ਆਵਾਂਗਾ ਅਤੇ ਉੱਥੇ ਤੇਰੇ ਨਾਲ ਗੱਲ ਕਰਾਂਗਾ। ਆਤਮਾ ਹੁਣ ਤੇਰੇ ਉੱਪਰ ਹੈ ਪਰ ਮੈਂ ਉਸ ਆਤਮੇ ਦਾ ਕੁਝ ਹਿੱਸਾ ਉਨ੍ਹਾਂ ਲੋਕਾਂ ਨੂੰ ਵੀ ਦੇਵਾਂਗਾ। ਫ਼ੇਰ ਉਹ ਲੋਕਾਂ ਦੀ ਦੇਖ-ਭਾਲ ਕਰਨ ਵਿੱਚ ਤੇਰੀ ਸਹਾਇਤਾ ਕਰਨਗੇ ਅਤੇ ਤੈਨੂੰ ਇੱਕਲੇ ਨੂੰ ਸਾਰੇ ਲੋਕਾਂ ਦੀ ਦੇਖ-ਭਾਲ ਦੀ ਜ਼ਿੰਮੇਵਾਰੀ ਨਹੀਂ ਚੁੱਕਣੀ ਪਵੇਗੀ।
18 “ਇਹ ਗੱਲਾਂ ਲੋਕਾਂ ਨੂੰ ਦੱਸੋ: ਆਪਣੇ-ਆਪ ਨੂੰ ਕੱਲ੍ਹ ਵਾਸਤੇ ਤਿਆਰ ਕਰੋ। ਕੱਲ੍ਹ ਨੂੰ ਤੁਸੀਂ ਮਾਸ ਖਾਵੋਂਗੇ। ਯਹੋਵਾਹ ਨੇ ਤੁਹਾਡੀ ਪੁਕਾਰ ਸੁਣ ਲਏ ਹੈ। ਯਹੋਵਾਹ ਨੇ ਤੁਹਾਡੇ ਸ਼ਬਦ ਸੁਣ ਲਈ ਹਨ ਜਦੋਂ ਤੁਸੀਂ ਆਖਿਆ ਸੀ, ‘ਸਾਨੂੰ ਖਾਣ ਵਾਸਤੇ ਮਾਸ ਚਾਹੀਦਾ ਹੈ! ਅਸੀਂ ਮਿਸਰ ਵਿੱਚ ਚੰਗੇ ਸਾਂ!’ ਇਸ ਲਈ ਹੁਣ ਯਹੋਵਾਹ ਤੁਹਾਨੂੰ ਮਾਸ ਦੇਵੇਗਾ। ਅਤੇ ਤੁਸੀਂ ਇਸ ਨੂੰ ਖਾਵੋਂਗੇ। 19 ਤੁਸੀਂ ਇਸ ਨੂੰ ਇੱਕ ਜਾਂ ਦੋ, ਪੰਜ ਜਾਂ ਦਸ, ਜਾਂ 20 ਦਿਨਾਂ ਤੱਕ ਵੀ ਖਾਵੋਂਗੇ! 20 ਤੁਸੀਂ ਉਸ ਮਾਸ ਨੂੰ ਪੂਰੇ ਇੱਕ ਮਹੀਨੇ ਤੱਕ ਖਾਂਦੇ ਰਹੋਂਗੇ। ਤੁਸੀਂ ਉਦੋਂ ਤੱਕ ਮਾਸ ਖਾਂਦੇ ਰਹੋਂਗੇ ਜਦੋਂ ਤੱਕ ਕਿ ਤੁਸੀਂ ਇਸਤੋਂ ਅੱਕ ਨਹੀਂ ਜਾਂਦੇ ਤੁਹਾਡੇ ਨਾਲ ਇਵੇਂ ਵਾਪਰੇਗਾ ਕਿਉਂਕਿ ਤੁਸੀਂ ਯਹੋਵਾਹ ਦੇ ਖਿਲਾਫ਼ ਸ਼ਿਕਾਇਤ ਕੀਤੀ ਸੀ। ਯਹੋਵਾਹ ਤੁਹਾਡੇ ਅੰਗ-ਸੰਗ ਰਹਿੰਦਾ ਹੈ ਅਤੇ ਜਾਣਦਾ ਹੈ ਕਿ ਤੁਹਾਨੂੰ ਕਿਸ ਚੀਜ਼ ਦੀ ਲੋੜ ਹੈ। ਪਰ ਤੁਸੀਂ ਰੋ-ਰੋਕੇ ਉਸ ਨੂੰ ਸ਼ਿਕਾਇਤ ਕੀਤੀ ਹੈ! ਤੁਸੀਂ ਆਖਿਆ ਸੀ। ‘ਅਸੀਂ ਮਿਸਰ ਛੱਡਿਆ ਹ੍ਹੀ ਕਿਉਂ?’”
21 ਮੂਸਾ ਨੇ ਆਖਿਆ, “ਯਹੋਵਾਹ ਇੱਥੇ ਆਲੇ-ਦੁਆਲੇ ਫ਼ਿਰਦੇ 6,00,000 ਆਦਮੀ ਹਨ। ਅਤੇ ਤੁਸੀਂ ਆਖਦੇ ਹੋ, ‘ਮੈਂ ਇਨ੍ਹਾਂ ਨੂੰ ਮਹੀਨੇ ਭਰ ਲਈ ਖਾਣ ਵਾਸਤੇ ਮਾਸ ਦੇਵਾਂਗਾ।’ 22 ਜੇ ਸਾਨੂੰ ਸਾਰੀਆਂ ਭੇਡਾਂ ਅਤੇ ਜਾਨਵਰਾ ਨੂੰ ਵੀ ਜ਼ਿਬਾਹ ਕਰਨਾ ਪਵੇ। ਤਾਂ ਉਹ ਵੀ ਇੰਨੇ ਸਾਰੇ ਲੋਕਾਂ ਨੂੰ ਮਹੀਨਾ ਭਰ ਭੋਜਨ ਕਰਨ ਲਈ ਕਾਫ਼ੀ ਨਹੀਂ ਹੋਵੇਗਾ। ਅਤੇ ਜੇ ਅਸੀਂ ਸਮੁੰਦਰ ਦੀਆਂ ਸਾਰਿਆਂ ਮੱਛੀਆਂ ਨੂੰ ਵੀ ਫ਼ੜ ਲਈਏ ਤਾਂ ਉਹ ਵੀ ਇਨ੍ਹਾਂ ਲਈ ਕਾਫ਼ੀ ਨਹੀਂ ਹੋਣਗੀਆਂ!”
23 ਪਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਕੀ ਯਹੋਵਾਹ ਨੂੰ ਤਾਕਤ ਦੀ ਕਮੀ ਹੈ? ਹੁਣ ਤੁਸੀਂ ਦੇਖੋਂਗੇ ਕਿ ਮੈਂ ਉਹ ਸਾਰੀਆਂ ਗੱਲਾਂ ਕਰ ਸੱਕਦਾ ਹਾਂ ਜੋ ਮੈਂ ਆਖਦਾ ਹਾਂ।”
24 ਇਸ ਲਈ ਮੂਸਾ ਲੋਕਾਂ ਨਾਲ ਗੱਲ ਕਰਨ ਲਈ ਗਿਆ। ਮੂਸਾ ਨੇ ਉਨ੍ਹਾਂ ਨੂੰ ਦੱਸਿਆ ਕਿ ਯਹੋਵਾਹ ਨੇ ਕੀ ਆਖਿਆ ਸੀ। ਫ਼ੇਰ ਮੂਸਾ ਨੇ 70 ਬਜ਼ੁਰਗਾਂ ਨੂੰ ਇਕੱਠਿਆ ਕੀਤਾ। ਮੂਸਾ ਨੇ ਉਨ੍ਹਾਂ ਨੂੰ ਤੰਬੂ ਦੇ ਆਲੇ-ਦੁਆਲੇ ਖੜ੍ਹਾ ਹੋਣ ਲਈ ਆਖਿਆ। 25 ਫ਼ੇਰ ਯਹੋਵਾਹ ਬੱਦਲ ਵਿੱਚੋਂ ਹੇਠਾਂ ਉਤਰਿਆ ਅਤੇ ਮੂਸਾ ਨਾਲ ਗੱਲ ਕੀਤੀ। ਆਤਮਾ ਮੂਸਾ ਦੇ ਉੱਪਰ ਸੀ। ਯਹੋਵਾਹ ਨੇ ਉਹੀ ਆਤਮਾ 70 ਬਜ਼ੁਰਗਾਂ ਦੇ ਉੱਪਰ ਰੱਖ ਦਿੱਤਾ ਜਦੋਂ ਆਤਮਾ ਉਨ੍ਹਾਂ ਦੇ ਉੱਪਰ ਉਤਰਿਆ, ਉਨ੍ਹਾਂ ਨੇ ਭਵਿੱਖਬਾਣੀ ਕਰਨੀ ਸ਼ੁਰੂ ਕਰ ਦਿੱਤੀ। ਪਰ ਇਹੀ ਇੱਕ ਮੌਕਾ ਸੀ ਜਦੋਂ ਇਨ੍ਹਾਂ ਲੋਕਾਂ ਨੇ ਅਜਿਹਾ ਕੀਤਾ।
26 ਬਜ਼ੁਰਗਾਂ ਵਿੱਚੋਂ ਦੋ ਅਲਦਾਦ ਅਤੇ ਮੇਦਾਦ ਤੰਬੂ ਕੋਲ ਨਹੀਂ ਗਏ ਉਨ੍ਹਾਂ ਦੇ ਨਾਮ ਬਜ਼ੁਰਗਾ ਦੀ ਸੂਚੀ ਵਿੱਚ ਸਨ। ਪਰ ਉਹ ਡੇਰੇ ਵਿੱਚ ਹੀ ਰੁਕੇ ਰਹੇ ਪਰ ਆਤਮਾ ਉਨ੍ਹਾਂ ਉੱਤੇ ਵੀ ਉਤਰਿਆ ਅਤੇ ਉਨ੍ਹਾਂ ਨੇ ਡੇਰੇ ਵਿੱਚ ਭਵਿੱਖਬਾਣੀ ਕਰਨੀ ਸ਼ੁਰੂ ਕਰ ਦਿੱਤੀ। 27 ਇੱਕ ਨੌਜਵਾਨ ਭੱਜਕੇ ਮੂਸਾ ਕੋਲ ਗਿਆ ਅਤੇ ਉਸ ਨੂੰ ਦੱਸਿਆ, “ਅਲਦਾਦ ਅਤੇ ਮੇਦਾਦ ਡੇਰੇ ਵਿੱਚ ਭਵਿੱਖਬਾਣੀ ਕਰ ਰਹੇ ਹਨ।”
28 ਨੂਨ ਦੇ ਪੁੱਤਰ ਯਹੋਸ਼ੁਆ ਨੇ ਮੂਸਾ ਨੂੰ ਆਖਿਆ, “ਸ੍ਰੀਮਾਨ ਮੂਸਾ ਜੀ ਤੁਹਾਨੂੰ ਉਨ੍ਹਾਂ ਨੂੰ ਰੋਕਣਾ ਚਾਹੀਦਾ ਹੈ!” (ਯਹੋਸ਼ੁਆ ਉਦੋਂ ਤੋਂ ਹੀ ਮੂਸਾ ਦਾ ਸਹਾਇਕ ਸੀ। ਜਦੋਂ ਉਹ ਹਾਲੇ ਮੁੰਡਾ ਹੀ ਸੀ।)
29 ਪਰ ਮੂਸਾ ਨੇ ਜਵਾਬ ਦਿੱਤਾ, “ਕੀ ਤੂੰ ਇਸ ਗੱਲੋਂ ਡਰਦਾ ਹੈਂ ਕਿ ਲੋਕ ਸੋਚਣਗੇ ਕਿ ਹੁਣ ਮੈਂ ਆਗੂ ਨਹੀਂ ਹਾਂ? ਮੈਂ ਚਾਹੁੰਦਾ ਹਾਂ ਕਿ ਯਹੋਵਾਹ ਦੇ ਸਾਰੇ ਲੋਕ ਭਵਿੱਖਬਾਣੀ ਕਰਨ ਦੇ ਯੋਗ ਹੋਣ। ਮੈਂ ਚਾਹੁੰਦਾ ਹਾਂ ਕਿ ਯਹੋਵਾਹ ਉਨ੍ਹਾਂ ਸਾਰਿਆਂ ਉੱਪਰ ਆਪਣਾ ਆਤਮਾ ਪਾਵੇ!” 30 ਫ਼ੇਰ ਮੂਸਾ ਅਤੇ ਇਸਰਾਏਲ ਦੇ ਆਗੂ ਡੇਰੇ ਵੱਲ ਵਾਪਸ ਚੱਲੇ ਗਏ।
ਬਟੇਰ ਆਉਂਦੇ ਹਨ
31 ਫ਼ੇਰ ਯਹੋਵਾਹ ਨੇ ਸਮੁੰਦਰ ਵੱਲੋਂ ਤੇਜ਼ ਹਵਾ ਵਗਾਈ। ਹਵਾ ਨੇ ਬਟੇਰਾਂ ਨੂੰ ਉਸ ਇਲਾਕੇ ਵੱਲ ਵਹਾ ਦਿੱਤਾ ਬਟੇਰਾ ਨੇ ਡੇਰੇ ਦੇ ਸਾਰੇ ਪਾਸੇ ਉਡਾਰੀ ਲਾਈ ਉੱਥੇ ਇੰਨੇ ਬਟੇਰ ਸਨ ਕਿ ਧਰਤੀ ਕੱਜੀ ਗਈ। ਬਟੇਰ ਤਕਰੀਬਨ ਤਿੰਨ ਫੁੱਟ ਗਹਿਰੇ ਧਰਤੀ ਉੱਤੇ ਸਨ। ਉੱਥੇ ਹਰ ਦਿਸ਼ਾ ਵਿੱਚ ਬਟੇਰ ਹੀ ਬਟੇਰ ਸਨ ਜਿੱਥੇ ਤੱਕ ਕਿ ਬੰਦਾ ਇੱਕ ਦਿਨ ਵਿੱਚ ਚੱਲ ਸੱਕਦਾ ਸੀ। 32 ਲੋਕ ਭੂਸਰ ਗਏ! ਉਹ ਬਾਹਰ ਗਏ ਅਤੇ ਉਸ ਸਾਰੇ ਦਿਨ ਅਤੇ ਉਸ ਸਾਰੀ ਰਾਤ ਬਟੇਰ ਇਕੱਠੇ ਕਰਦੇ ਰਹੇ। ਅਤੇ ਉਨ੍ਹਾਂ ਨੇ ਅਗਲੇ ਦਿਨ ਵੀ ਬਟੇਰ ਇਕੱਠੇ ਕੀਤੇ। ਛੋਟੀ ਤੋਂ ਛੋਟੀ ਮਿਕਦਾਰ ਜਿਹੜੀ ਕੋਈ ਬੰਦਾ ਇਕੱਠੀ ਕਰ ਸੱਕਿਆ ਉਹ 60 ਬੁਸ਼ਲ ਸੀ। ਫ਼ੇਰ ਲੋਕਾਂ ਨੇ ਡੇਰੇ ਦੇ ਸਾਰੇ ਪਾਸੇ ਬਟੇਰ ਦੇ ਮਾਸ ਨੂੰ ਧੁੱਪ ਵਿੱਚ ਸੁੱਕਣਾ ਪਾ ਦਿੱਤਾ।
33 ਲੋਕਾਂ ਨੇ ਮਾਸ ਖਾਣਾ ਸ਼ੁਰੂ ਕਰ ਦਿੱਤਾ, ਪਰ ਯਹੋਵਾਹ ਬਹੁਤ ਕ੍ਰੋਧਵਾਨ ਹੋ ਗਿਆ। ਜਦੋਂ ਹਾਲੇ ਮਾਸ ਉਨ੍ਹਾਂ ਦੇ ਮੂੰਹ ਵਿੱਚ ਹੀ ਸੀ। ਇਸਤੋਂ ਪਹਿਲਾ ਕਿ ਲੋਕ ਇਸ ਨੂੰ ਮੁਕਾ ਸੱਕਣ, ਯਹੋਵਾਹ ਨੇ ਲੋਕਾਂ ਨੂੰ ਬਹੁਤ ਬਿਮਾਰ ਕਰ ਦਿੱਤਾ। ਬਹੁਤ ਸਾਰੇ ਲੋਕ ਮਰ ਗਏ ਅਤੇ ਉਨ੍ਹਾਂ ਨੂੰ ਉਸੇ ਥਾਂ ਦਫ਼ਨਾ ਦਿੱਤਾ ਗਿਆ। 34 ਇਸ ਲਈ ਲੋਕਾਂ ਨੇ ਉਸ ਥਾਂ ਦਾ ਨਾਮ ਕਿਬਰੋਥ ਹੱਤਵਾਹ ਰੱਖ ਦਿੱਤਾ। ਉਨ੍ਹਾਂ ਨੇ ਉਸ ਥਾਂ ਨੂੰ ਇਹ ਨਾਮ ਇਸ ਲਈ ਦਿੱਤਾ ਕਿਉਂਕਿ ਇਹੀ ਥਾਂ ਸੀ ਜਿੱਥੇ ਉਨ੍ਹਾਂ ਨੇ ਉਨ੍ਹਾਂ ਲੋਕਾਂ ਨੂੰ ਦਫ਼ਨਾਇਆ ਜਿਨ੍ਹਾਂ ਨੂੰ ਮਾਸ ਖਾਣ ਦੀ ਤੀਬਰ ਇੱਛਾ ਸੀ।
35 ਲੋਕਾਂ ਨੇ ਕਿਬਰੋਥ ਹੱਤਾਵਾਹ ਤੋਂ ਆਪਣੀ ਯਾਤਰਾ ਸ਼ੁਰੂ ਕੀਤੀ ਅਤੇ ਹਸੇਰੋਥ ਪਹੁੰਚਕੇ ਉੱਥੇ ਠਹਿਰ ਗਏ।
ਯਿਸੂ ਦਾ ਇੱਕ ਆਦਮੀ ਨੂੰ ਭਰਿਸ਼ਟ ਆਤਮਾ ਤੋਂ ਮੁਕਤ ਕਰਨਾ(A)
5 ਯਿਸੂ ਅਤੇ ਉਸ ਦੇ ਚੇਲੇ ਝੀਲ ਦੇ ਦੂਜੇ ਪਾਰ ਗਏ ਅਤੇ ਗਿਰਸੇਨੀਆ ਦੇ ਦੇਸ਼ ਨੂੰ ਆਏ। 2 ਜਦੋਂ ਯਿਸੂ ਬੇੜੀ ਵਿੱਚੋਂ ਬਾਹਰ ਆਇਆ ਤਾਂ, ਕਬਰਾਂ ਵੱਲੋਂ ਇੱਕ ਮਨੁੱਖ ਜਿਸ ਨੂੰ ਭਰਿਸ਼ਟ ਆਤਮਾ ਚਿੰਬੜਿਆ ਹੋਇਆ ਸੀ, ਉਸ ਕੋਲ ਆਇਆ। 3 ਇਹ ਮਨੁੱਖ ਕਬਰਾਂ ਵਿੱਚਕਾਰ ਰਹਿੰਦਾ ਸੀ। ਕੋਈ ਉਸ ਨੂੰ ਜੰਜ਼ੀਰਾਂ ਨਾਲ ਵੀ ਨਹੀਂ ਬੰਨ੍ਹ ਸੱਕਦਾ ਸੀ। 4 ਕਈ ਵਾਰ ਉਸ ਦੇ ਹੱਥ ਅਤੇ ਪੈਰ ਸੰਗਲਾਂ ਨਾਲ ਜਕੜੇ ਗਏ ਸਨ। ਪਰ ਉਹ ਉਨ੍ਹਾਂ ਨੂੰ ਤੋੜ ਸੁੱਟਦਾ। ਕੋਈ ਵੀ ਆਦਮੀ ਇੰਨਾ ਤਾਕਤਵਰ ਨਹੀਂ ਸੀ ਕਿ ਉਸ ਨੂੰ ਕਾਬੂ ਕਰ ਸੱਕਦਾ। 5 ਦਿਨ-ਰਾਤ ਇਹ ਆਦਮੀ ਕਬਰਾਂ ਵਿੱਚਕਾਰ ਅਤੇ ਪਹਾੜੀਆਂ ਤੇ ਰਹਿੰਦਾ ਸੀ। ਅਤੇ ਚੀਕਦਾ ਰਹਿੰਦਾ ਅਤੇ ਆਪਣੇ-ਆਪ ਨੂੰ ਪੱਥਰਾਂ ਨਾਲ ਜ਼ਖਮੀ ਕਰਦਾ ਰਹਿੰਦਾ ਸੀ।
6 ਜਦੋਂ ਯਿਸੂ ਅਜੇ ਦੂਰ ਹੀ ਸੀ ਤਾਂ ਇਸ ਆਦਮੀ ਨੇ ਉਸ ਨੂੰ ਵੇਖ ਲਿਆ ਅਤੇ ਉਹ ਉਸ ਵੱਲ ਨਸਿਆ। ਅਤੇ ਉਸ ਅੱਗੇ ਜਾਕੇ ਝੁਕ ਗਿਆ। 7 ਤੇ ਉਹ ਚੀਕਿਆ, “ਯਿਸੂ, ਤੂੰ ਮੇਰੇ ਨਾਲ ਕੀ ਕਰਨਾ ਚਾਹੁੰਦਾ? ਤੂੰ ਅੱਤ-ਮਹਾਨ ਪਰਮੇਸ਼ੁਰ ਦਾ ਪੁੱਤਰ ਹੈ! ਮੈਂ ਤੈਨੂੰ ਪਰਮੇਸ਼ੁਰ ਦੀ ਸੌਂਹ ਦਿੰਦਾ ਹਾਂ ਕਿ ਤੂੰ ਮੈਨੂੰ ਕਸ਼ਟ ਨਹੀਂ ਦੇਵੇਂਗਾ।” 8 ਉਸ ਨੇ ਅਜਿਹਾ ਇਸ ਲਈ ਆਖਿਆ ਕਿਉਂਕਿ ਯਿਸੂ ਨੇ ਉਸ ਆਦਮੀ ਨੂੰ ਆਖਿਆ ਸੀ, “ਤੂੰ ਭਰਿਸ਼ਟ ਆਤਮਾ, ਇਸ ਮਨੁੱਖ ਵਿੱਚੋਂ ਬਾਹਰ ਆ ਜਾ।”
9 ਫ਼ਿਰ ਯਿਸੂ ਨੇ ਉਸ ਮਨੁੱਖ ਨੂੰ ਪੁੱਛਿਆ, “ਤੇਰਾ ਕੀ ਨਾਂ ਹੈ?”
ਉਸ ਮਨੁੱਖ ਨੇ ਜਵਾਬ ਦਿੱਤਾ, “ਮੇਰਾ ਨਾਉਂ ਲਸ਼ਕਰ ਹੈ, ਕਿਉਂਕਿ ਬਹੁਤ ਸਾਰੇ ਭਰਿਸ਼ਟ ਆਤਮੇ ਮੇਰੇ ਅੰਦਰ ਹਨ।” 10 ਫ਼ਿਰ ਉਸ ਆਦਮੀ ਨੇ ਯਿਸੂ ਅੱਗੇ ਬੇਨਤੀ ਕੀਤੀ ਕਿ ਉਹ ਉਨ੍ਹਾਂ ਨੂੰ ਉਸ ਥਾਂ ਤੋਂ ਬਾਹਰ ਨਾ ਕੱਢੇ।
11 ਉੱਥੇ ਪਹਾੜ ਦੇ ਨੇੜੇ ਸੂਰਾਂ ਦਾ ਇੱਕ ਵੱਡਾ ਇੱਜੜ ਚਰ ਰਿਹਾ ਸੀ। 12 ਉਨ੍ਹਾਂ ਭਰਿਸ਼ਟ ਆਤਮਿਆਂ ਨੇ ਉਸ ਅੱਗੇ ਅਰਜੋਈ ਕੀਤੀ ਕਿ “ਸਾਨੂੰ ਸੂਰਾਂ ਵਿੱਚ ਭੇਜ ਦੇ ਤਾਂ ਜੋ ਅਸੀਂ ਉਨ੍ਹਾਂ ਵਿੱਚ ਜਾ ਵੜੀਏ।” 13 ਤਾਂ ਯਿਸੂ ਨੇ ਉਨ੍ਹਾਂ ਨੂੰ ਜਾਣ ਦਿੱਤਾ। ਤਾਂ ਉਹ ਭਰਿਸ਼ਟ ਆਤਮੇ ਉਸ ਮਨੁੱਖ ਵਿੱਚੋਂ ਨਿਕਲਕੇ ਸੂਰਾਂ ਵਿੱਚ ਜਾ ਵੜੇ। ਅਤੇ ਇੱਜੜ ਪਹਾੜੀ ਦੀ ਸਿਧੀ ਢਲਾਣ ਤੇ ਭੱਜਦਾ ਹੋਇਆ ਝੀਲ ਵਿੱਚ ਡਿੱਗ ਪਿਆ। ਉਸ ਇੱਜੜ ਵਿੱਚ ਦੋ-ਹਜ਼ਾਰ ਦੇ ਕਰੀਬ ਸੂਰ ਸਨ ਅਤੇ ਉਹ ਸਾਰੇ ਦੇ ਸਾਰੇ ਝੀਲ ਵਿੱਚ ਡੁੱਬ ਗਏ।
14 ਜਿਹੜੇ ਆਦਮੀ ਉੱਥੇ ਸੂਰਾਂ ਨੂੰ ਚਰਵਾ ਅਤੇ ਉਨ੍ਹਾਂ ਰੱਖਵਾਲੀ ਕਰ ਰਹੇ ਸਨ ਨੱਸ ਗਏ ਅਤੇ ਨੱਸਦੇ ਹੋਏ ਸ਼ਹਿਰਾਂ ਅਤੇ ਖੇਤਾਂ ਵਿੱਚ ਜਾਕੇ ਉਨ੍ਹਾਂ ਨੇ ਲੋਕਾਂ ਨੂੰ ਇਹ ਸਾਰਾ ਹਾਲ ਜਾ ਸੁਣਾਇਆ। ਲੋਕ ਵੇਖਣ ਲਈ ਆਏ ਕਿ ਕੀ ਵਾਪਰਿਆ ਸੀ। 15 ਜਦੋਂ ਉਹ ਯਿਸੂ ਕੋਲ ਆਏ, ਉਨ੍ਹਾਂ ਨੇ ਉਸ ਆਦਮੀ ਨੂੰ ਵੇਖਿਆ ਜੋ ਭਰਿਸ਼ਟ ਆਤਮਿਆ ਦੇ ਕਬਜ਼ੇ ਵਿੱਚ ਸੀ। ਉਹ ਆਦਮੀ ਉੱਥੇ ਕੱਪੜੇ ਪਾਈ ਬੈਠਾ ਸੀ ਅਤੇ ਉਸਦੀ ਸੁਰਤ ਵੀ ਹੁਣ ਟਿਕਾਣੇ ਸੀ। ਇਹ ਵੇਖ ਲੋਕੀ ਡਰ ਗਏ। 16 ਕੁਝ ਲੋਕ ਉੱਥੇ ਸਨ, ਅਤੇ ਉਨ੍ਹਾਂ ਇਹ ਸਭ ਜੋ ਯਿਸੂ ਨੇ ਕੀਤਾ ਸੀ ਵੇਖਿਆ। ਉਨ੍ਹਾਂ ਨੇ, ਜੋ ਕੁਝ ਵੀ ਉਸ ਭੂਤਾਂ ਦੇ ਕਬਜ਼ੇ ਹੇਠ ਆਦਮੀ ਨਾਲ ਵਾਪਰਿਆ, ਆਣ ਸੁਣਾਇਆ, ਅਤੇ ਉਨ੍ਹਾਂ ਨੇ ਲੋਕਾਂ ਨੂੰ ਸੂਰਾਂ ਬਾਰੇ ਵੀ ਦਸਿਆ। 17 ਤਦ ਉਨ੍ਹਾਂ ਨੇ ਯਿਸੂ ਨੂੰ ਉਨ੍ਹਾਂ ਦਾ ਇਲਾਕਾ ਛੱਡ ਕੇ ਚੱਲੇ ਜਾਣ ਲਈ ਮਿੰਨਤ ਕੀਤੀ।
18 ਜਿਉਂ ਹੀ ਯਿਸੂ ਬੇੜੀ ਵਿੱਚ ਚੜ੍ਹ੍ਹਨ ਵਾਲਾ ਸੀ, ਜੋ ਵਿਅਕਤੀ ਭੂਤਾਂ ਤੋਂ ਮੁਕਤ ਹੋਇਆ ਸੀ ਉਸ ਨੇ ਉਸਦਾ ਅਨੁਸਰਣ ਕਰਨ ਦੀ ਆਗਿਆ ਮੰਗੀ। 19 ਪਰ ਯਿਸੂ ਨੇ ਉਸ ਨੂੰ ਆਪਣੇ ਨਾਲ ਆਉਣ ਦੀ ਇਜਾਜ਼ਤ ਨਾ ਦਿੱਤੀ ਅਤੇ ਕਿਹਾ, “ਤੂੰ ਆਪਣੇ ਪਰਿਵਾਰ ਅਤੇ ਸੰਗੀ-ਸਾਥੀਆਂ ਵਿੱਚ ਜਾ। ਤੂੰ ਉਨ੍ਹਾਂ ਨੂੰ ਦੱਸ ਜੋ ਪ੍ਰਭੂ ਨੇ ਤੇਰੇ ਲਈ ਕੀਤਾ ਹੈ। ਉਨ੍ਹਾਂ ਨੂੰ ਦੱਸ ਕਿ ਉਹ ਤੇਰੇ ਤੇ ਮਿਹਰਬਾਨ ਹੋਇਆ ਹੈ।”
20 ਉਹ ਆਦਮੀ ਚੱਲਿਆ ਗਿਆ। ਉਸ ਨੇ ਦਿਕਾਪੁਲਿਸ ਦੇ ਲੋਕਾਂ ਨੂੰ ਦੱਸਿਆ ਕਿ ਯਿਸੂ ਨੇ ਉਸ ਵਾਸਤੇ ਕੀ ਕੀਤਾ ਸੀ। ਸਾਰੇ ਲੋਕ ਉਸਦੀਆਂ ਗੱਲਾਂ ਸੁਣਕੇ ਹੈਰਾਨ ਸਨ।
2010 by World Bible Translation Center