Old/New Testament
ਪਵਿੱਤਰ ਤੰਬੂ ਨੂੰ ਸਮਰਪਨ ਕਰਨਾ
7 ਮੂਸਾ ਨੇ ਪਵਿੱਤਰ ਤੰਬੂ ਨੂੰ ਸਥਾਪਿਤ ਕਰਨ ਦਾ ਕੰਮ ਮੁਕਾ ਲਿਆ। ਉਸ ਦਿਨ ਉਸ ਨੇ ਇਸ ਨੂੰ ਯਹੋਵਾਹ ਨੂੰ ਸਮਰਪਿਤ ਕੀਤਾ। ਮੂਸਾ ਨੇ ਤੰਬੂ ਅਤੇ ਉਸ ਦੇ ਨਾਲ ਵਰਤੀਆਂ ਜਾਂਦੀਆਂ ਸਾਰੀਆਂ ਚੀਜ਼ਾਂ ਨੂੰ ਮਸਹ ਕੀਤਾ। ਮੂਸਾ ਨੇ ਜਗਵੇਦੀ ਅਤੇ ਉਸ ਦੇ ਨਾਲ ਵਰਤੀਆ ਜਾਂਦੀਆਂ ਸਾਰੀਆਂ ਚੀਜ਼ਾਂ ਨੂੰ ਵੀ ਮਸਹ ਕੀਤਾ। ਇਹ ਗੱਲ ਦਰਸਾਉਂਦੀ ਸੀ ਕਿ ਉਨ੍ਹਾਂ ਸਾਰੀਆਂ ਚੀਜ਼ਾਂ ਦੀ ਵਰਤੋਂ ਸਿਰਫ਼ ਯਹੋਵਾਹ ਦੀ ਉਪਾਸਨਾ ਲਈ ਕੀਤੀ ਜਾਵੇਗੀ।
2 ਫ਼ੇਰ ਇਸਰਾਏਲ ਦੇ ਲੋਕਾਂ ਨੇ ਯਹੋਵਾਹ ਨੂੰ ਭੇਟਾ ਚੜ੍ਹਾਈਆਂ। ਇਹ ਆਦਮੀ ਆਪੋ-ਆਪਣੇ ਪਰਿਵਾਰਾਂ ਅਤੇ ਪਰਿਵਾਰ-ਸਮੂਹਾਂ ਦੇ ਆਗੂ ਸਨ। ਇਹ ਉਹੀ ਆਦਮੀ ਸਨ ਜਿਹੜੇ ਲੋਕਾਂ ਦੀ ਗਿਣਤੀ ਕਰਨ ਦੇ ਮੁਖੀਆ ਸਨ। 3 ਇਨ੍ਹਾਂ ਆਗੂਆਂ ਨੇ ਯਹੋਵਾਹ ਲਈ ਸੁਗਾਤਾਂ ਲਿਆਂਦੀਆਂ। ਇਹ ਛੇ ਢੱਕੀਆ ਹੋਈਆਂ ਗੱਡੀਆਂ ਲੈ ਕੇ ਆਏ। ਅਤੇ ਗੱਡੀਆਂ ਨੂੰ ਖਿੱਚਣ ਵਾਲੀਆ 12 ਗਊਆਂ ਲੈ ਕੇ ਆਏ (ਇੱਕ ਗਊ ਹਰੇਕ ਆਗੂ ਵੱਲੋਂ ਦਿੱਤੀ ਗਈ ਅਤੇ ਹਰੇਕ ਆਗੂ ਨੇ ਦੂਸਰੇ ਆਗੂ ਨਾਲ ਰਲਕੇ ਇੱਕ ਗੱਡੀ ਦਿੱਤੀ।) ਇਨ੍ਹਾਂ ਆਗੂਆਂ ਨੇ ਇਹ ਚੀਜ਼ਾਂ ਪਵਿੱਤਰ ਤੰਬੂ ਉੱਤੇ ਯਹੋਵਾਹ ਨੂੰ ਦਿੱਤੀਆਂ।
4 ਯਹੋਵਾਹ ਨੇ ਮੂਸਾ ਨੂੰ ਆਖਿਆ, 5 “ਆਗੂਆਂ ਪਾਸੋਂ ਇਹ ਸੁਗਾਤਾਂ ਲੈ। ਇਨ੍ਹਾਂ ਸੁਗਾਤਾ ਨੂੰ ਮੰਡਲੀ ਵਾਲੇ ਤੰਬੂ ਦੀ ਸੇਵਾ ਲਈ ਵਰਤਿਆ ਜਾ ਸੱਕਦਾ ਹੈ। ਇਹ ਸੁਗਾਤਾ ਲੇਵੀ ਦੇ ਆਦਮੀਆ ਨੂੰ ਦੇ। ਇਨ੍ਹਾਂ ਨਾਲ ਉਨ੍ਹਾਂ ਦੇ ਕੰਮ ਵਿੱਚ ਸਹਾਇਤਾ ਮਿਲੇਗੀ।”
6 ਇਸ ਲਈ ਮੂਸਾ ਨੇ ਗੱਡੀਆਂ ਅਤੇ ਗਾਵਾਂ ਪ੍ਰਵਾਨ ਕਰ ਲਈਆਂ। ਉਸ ਨੇ ਇਹ ਚੀਜ਼ਾਂ ਲੇਵੀ ਨੂੰ ਦੇ ਦਿੱਤੀਆਂ। 7 ਉਸ ਨੇ ਦੋ ਗੱਡੀਆਂ ਅਤੇ ਚਾਰ ਗਊਆਂ ਗੇਰਸ਼ੋਨ ਦੇ ਸਮੂਹ ਦੇ ਆਦਮੀਆਂ ਨੂੰ ਦੇ ਦਿੱਤੀਆਂ। ਉਨ੍ਹਾਂ ਨੂੰ ਆਪਣੇ ਕੰਮ ਲਈ ਗੱਡੀਆਂ ਅਤੇ ਗਊਆਂ ਦੀ ਲੋੜ ਸੀ। 8 ਫ਼ੇਰ ਮੂਸਾ ਨੇ ਚਾਰ ਗੱਡੀਆਂ ਅਤੇ ਅੱਠ ਗਾਵਾਂ ਮਰਾਰੀ ਦੇ ਪਰਿਵਾਰ ਦੇ ਲੋਕਾਂ ਨੂੰ ਦੇ ਦਿੱਤੀਆਂ। ਕਿਉਂ ਜੋ ਉਨ੍ਹਾ ਨੂੰ ਇਹ ਆਪਣੇ ਕੰਮ ਲਈ ਲੋੜੀਦੀਆਂ ਸਨ। ਜਾਜਕ ਹਾਰੂਨ ਦਾ ਪੁੱਤਰ ਈਥਾਮਾਰ ਇਨ੍ਹਾਂ ਸਾਰੇ ਆਦਮੀਆਂ ਦੇ ਕੰਮ ਲਈ ਜ਼ਿੰਮੇਵਾਰ ਸੀ। 9 ਮੂਸਾ ਨੇ ਕਹਾਥ ਸਮੂਹ ਦੇ ਆਦਮੀਆਂ ਨੂੰ ਕੋਈ ਗੱਡੀਆਂ ਜਾਂ ਗਊਆ ਨਹੀਂ ਦਿੱਤੀਆਂ। ਕਿਉਂਕਿ ਉਨ੍ਹਾਂ ਦਾ ਕੰਮ ਪਵਿੱਤਰ ਚੀਜ਼ਾਂ ਨੂੰ ਮੋਢਿਆਂ ਉੱਤੇ ਚੁੱਕੇ ਲਿਜਾਣਾ ਸੀ।
10 ਮੂਸਾ ਨੇ ਜਗਵੇਦੀ ਉੱਤੇ ਪਵਿੱਤਰ ਤੇਲ ਛਿੜਕਿਆ। ਉਸੇ ਦਿਨ, ਆਗੂ ਯਹੋਵਾਹ ਲਈ ਜਗਵੇਦੀ ਉੱਤੇ ਸਮਰਪਿਤ ਕਰਨ ਲਈ ਆਪਣੇ ਚੜ੍ਹਾਵੇ ਲਿਆਏ। 11 ਯਹੋਵਾਹ ਨੇ ਮੂਸਾ ਨੂੰ ਆਖਿਆ, “ਹਰ ਰੋਜ਼ ਇੱਕ ਆਗੂ ਨੂੰ ਜਗਵੇਦੀ ਦੇ ਸਮਰਪਣ ਉੱਤੇ ਚੜ੍ਹਾਉਣ ਲਈ ਆਪਣੀ ਸੁਗਾਤ ਲਿਆਉਣੀ ਚਾਹੀਦੀ ਹੈ, ਹਰ ਦਿਨ ਇੱਕ ਆਗੂ।”
12-83 [a] ਬਾਰ੍ਹਾਂ ਆਗੂਆਂ ਵਿੱਚੋਂ ਹਰੇਕ ਆਗੂ ਆਪਣੀਆਂ-ਆਪਣੀਆਂ ਸੁਗਾਤਾ ਲਿਆਇਆ। ਸੁਗਾਤਾਂ ਇਹ ਸਨ:
ਹਰੇਕ ਆਗੂ 3 1/4 ਪੌਂਡ ਭਾਰੀ ਇੱਕ ਚਾਂਦੀ ਦੀ ਪਲੇਟ, ਅਤੇ 3 1/4 ਪੌਂਡ ਭਾਰ ਦਾ ਇੱਕ ਚਾਂਦੀ ਦਾ ਕੌਲਾ ਲਿਆਇਆ। ਇਨ੍ਹਾਂ ਦੋਹਾ ਸੁਗਾਤਾਂ ਨੂੰ ਸਰਕਾਰੀ ਨਾਪ ਅਨੁਸਾਰ ਮਾਪਿਆ ਗਿਆ ਸੀ। ਕੌਲਿਆਂ ਅਤੇ ਪਲੇਟਾ ਦੋਹਾ ਨੂੰ ਤੇਲ ਮਿਲੇ ਮੈਦੇ ਨਾਲ ਭਰਿਆ ਗਿਆ ਸੀ। ਅਤੇ ਅਨਾਜ ਦੀ ਭੇਟ ਵਜੋਂ ਵਰਤਿਆ ਗਿਆ ਸੀ। ਹਰ ਆਗੂ ਨੇ ਧੂਫ਼ ਨਾਲ ਭਰੀ ਹੋਈ ਸੋਨੇ ਦੀ ਇੱਕ ਵੱਡੀ ਕੜਾਹੀ ਵੀ ਲਿਆਂਦੀ ਜਿਸਦਾ ਵਜ਼ਨ ਚਾਰ ਔਂਸ ਸੀ।
ਹਰੇਕ ਆਗੂ ਇੱਕ ਜਵਾਨ ਵਹਿੜਕਾ, ਇੱਕ ਭੇਡੂ ਅਤੇ ਇੱਕ ਸਾਲ ਦੀ ਉਮਰ ਦਾ ਲੇਲਾ ਵੀ ਲੈ ਕੇ ਆਇਆ। ਇਹ ਜਾਨਵਰ ਹੋਮ ਦੀ ਭੇਟ ਲਈ ਸਨ। ਹਰੇਕ ਆਗੂ ਪਾਪ ਦੀ ਭੇਟ ਵਜੋਂ ਇੱਕ ਬੱਕਰਾ ਵੀ ਲਿਆਇਆ। ਹਰ ਆਗੂ ਦੋ ਬਲਦ, 5 ਭੇਡੂ, 5 ਬੱਕਰੇ ਅਤੇ ਇੱਕ ਸਾਲ ਦੀ ਉਮਰ ਦੇ 5 ਲੇਲਿਆਂ ਨੂੰ ਸੁੱਖ-ਸਾਂਦ ਦੀ ਭੇਟ ਵਜੋਂ ਬਲੀ ਚੜ੍ਹਾਉਣ ਲਈ ਵੀ ਲੈ ਕੇ ਆਇਆ।
ਪਹਿਲੇ ਦਿਨ, ਯਹੂਦਾਹ ਦੇ ਪਰਿਵਾਰ-ਸਮੂਹ ਦਾ ਆਗੂ ਅੰਮੀਨਾਦਾਬ ਦਾ ਪੁੱਤਰ ਨਹਸ਼ੋਨ ਆਪਣੀ ਸੁਗਾਤਾ ਲੈ ਕੇ ਆਇਆ। ਦੂਸਰੇ ਦਿਨ, ਯਿੱਸਾਕਾਰ ਦਾ ਆਗੂ। ਸੂਆਰ ਦਾ ਪੁੱਤਰ ਨਥਨਿਏਲ ਆਪਣੀਆਂ ਸੁਗਾਤਾ ਲੈ ਕੇ ਆਇਆ।
ਤੀਸਰੇ ਦਿਨ, ਜ਼ਬੂਲੁਨ ਦੇ ਲੋਕਾਂ ਦਾ ਆਗੂ, ਹੇਲੋਨ ਦਾ ਪੁੱਤਰ ਅਲੀਆਬ ਆਪਣੀਆਂ ਸੁਗਾਤਾ ਲੈ ਕੇ ਆਇਆ।
ਚੌਥੇ ਦਿਨ, ਰਊਬੇਨ ਦੇ ਲੋਕਾਂ ਦਾ ਆਗੂ, ਸ਼ਦੇਉਰ ਦਾ ਪੁੱਤਰ ਅਲੀਸੂਰ ਆਪਣੀਆ ਸੁਗਾਤਾ ਲੈ ਕੇ ਆਇਆ।
ਪੰਜਵੇਂ ਦਿਨ, ਸ਼ਿਮਓਨ ਦੇ ਲੋਕਾਂ ਦਾ ਆਗੂ, ਸੂਰੀਸ਼ੁਦਾਈ ਦਾ ਪੁੱਤਰ ਸ਼ਲੁਮੀਏਲ ਆਪਣੀਆਂ ਸੁਗਾਤਾ ਲੈ ਕੇ ਆਇਆ।
ਛੇਵੇਂ ਦਿਨ, ਗਾਦ ਦੇ ਲੋਕਾਂ ਦਾ ਆਗੂ, ਦਊਏਲ ਦਾ ਪੁੱਤਰ ਅਲ੍ਯਾਸਾਫ਼ ਆਪਣੀਆਂ ਸੁਗਾਤਾ ਲੈ ਕੇ ਆਇਆ।
ਸੱਤਵੇਂ ਦਿਨ, ਅਫ਼ਰਾਈਮ ਦੇ ਲੋਕਾਂ ਦਾ ਆਗੂ, ਅੰਮੀਹੂਦ ਦਾ ਪੁੱਤਰ ਅਲੀਸ਼ਾਮਾ ਆਪਣੀਆਂ ਸੁਗਾਤਾ ਲੈ ਕੇ ਆਇਆ।
ਅੱਠਵੇਂ ਦਿਨ, ਮਨੱਸ਼ਹ ਦੇ ਲੋਕਾਂ ਦਾ ਆਗੂ, ਪਦਾਹਸੂਰ ਦਾ ਪੁੱਤਰ ਗਮਲੀਏਲ ਆਪਣੀਆਂ ਸੁਗਾਤਾ ਲੈ ਕੇ ਆਇਆ।
ਨੌਵੇਂ ਦਿਨ, ਬਿਨਯਾਮੀਨ ਦੇ ਲੋਕਾਂ ਦਾ ਆਗੂ, ਗਿਦੋਨੀ ਦਾ ਪੁੱਤਰ ਅਬੀਦਾਨ ਆਪਣੀਆਂ ਸੁਗਾਤਾ ਲੈ ਕੇ ਆਇਆ।
ਦਸਵੇਂ ਦਿਨ, ਦਾਨ ਦੇ ਲੋਕਾਂ ਦਾ ਆਗੂ, ਅੰਮੀਸ਼ੁਦਾਈ ਦਾ ਪੁੱਤਰ ਅਹੀਅਜ਼ਰ ਆਪਣੀਆਂ ਸੁਗਾਤਾ ਲੈ ਕੇ ਆਇਆ।
ਗਿਆਰ੍ਹਵੇਂ ਦਿਨ, ਆਸ਼ੇਰ ਦੇ ਲੋਕਾਂ ਦਾ ਆਗੂ, ਆਕਰਾਨ ਦਾ ਪੁੱਤਰ ਪਗੀਏਲ ਆਪਣੀਆਂ ਸੁਗਾਤਾ ਲੈ ਕੇ ਆਇਆ।
ਬਾਰ੍ਹਵੇਂ ਦਿਨ, ਨਫ਼ਤਾਲੀ ਦੇ ਲੋਕਾਂ ਦਾ ਆਗੂ, ਏਨਾਨ ਦਾ ਪੁੱਤਰ ਅਹੀਰਾ ਆਪਣੀਆਂ ਸੁਗਾਤਾ ਲੈ ਕੇ ਆਇਆ।
84 ਇਸ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਇਸਰਾਏਲ ਦੇ ਲੋਕਾਂ ਦੇ ਆਗੂਆਂ ਵੱਲੋਂ ਦਿੱਤੀਆਂ ਗਈਆਂ ਸੁਗਾਤਾਂ ਸਨ। ਉਨ੍ਹਾਂ ਨੇ ਇਹ ਚੀਜ਼ਾਂ ਉਸ ਸਮੇਂ ਲਿਆਂਦੀਆਂ ਜਦੋਂ ਮੂਸਾ ਨੇ ਜਗਵੇਦੀ ਨੂੰ ਮਸਹ ਕਰਕੇ ਸਮਰਪਿਤ ਕੀਤਾ। ਉਨ੍ਹਾਂ ਨੇ 12 ਚਾਂਦੀ ਦੀਆਂ ਪਲੇਟਾਂ, 12 ਚਾਂਦੀ ਦੇ ਕੌਲੇ ਅਤੇ 12 ਸੋਨੇ ਦੀਆਂ ਕੜਾਈਆਂ ਲਿਆਂਦਿਆਂ। 85 ਹਰੇਕ ਪਲੇਟ ਦਾ ਵਜ਼ਨ ਤਕਰੀਬਨ 3 1/2 ਪੌਂਡ ਸੀ। ਅਤੇ ਹਰੇਕ ਕੌਲੇ ਦਾ ਵਜ਼ਨ 1 3/4 ਪੌਂਡ ਸੀ। ਚਾਂਦੀ ਦੀਆਂ ਪਲੇਟਾਂ ਅਤੇ ਚਾਂਦੀ ਦੇ ਕੌਲਿਆਂ ਦਾ ਕੁੱਲ ਵਜ਼ਨ ਸਰਕਾਰੀ ਮਾਪ ਅਨੁਸਾਰ ਤਕਰੀਬਨ 60 ਪੌਂਡ ਸੀ। 86 ਧੂਫ਼ ਨਾਲ ਭਰੀ ਹੋਈ ਹਰ ਕੜਾਈ ਸੋਨੇ ਦੀ ਸੀ ਅਤੇ ਸਰਕਾਰੀ ਮਾਪ ਅਨੁਸਾਰ 4 ਔਂਸ ਦੀ ਸੀ ਕੁੱਲ ਮਿਲਾ ਕੇ ਸੋਨੇ ਦੀਆਂ 12 ਕੜਾਈਆਂ ਦਾ ਵਜ਼ਨ 3 ਪੌਂਡ ਸੀ।
87 ਹੋਮ ਦੀ ਭੇਟ ਦੇ ਜਾਨਵਰਾਂ ਦੀ ਕੁੱਲ ਗਿਣਤੀ 12 ਵਹਿੜਕੇ, 12 ਭੇਡੂ ਅਤੇ 12 ਇੱਕ ਸਾਲ ਦੀ ਉਮਰ ਵਲੇ ਲੇਲੇ ਸਨ। ਉੱਥੇ ਅਨਾਜ ਦੀਆਂ ਭੇਟਾਂ ਵੀ ਸਨ ਜਿਨ੍ਹਾਂ ਨੂੰ ਅਵੱਸ਼ ਦਿੱਤਾ ਜਾਣਾ ਸੀ ਅਤੇ ਉੱਥੇ 12 ਬੱਕਰੇ ਵੀ ਸਨ ਜਿਨ੍ਹਾਂ ਦੀ ਵਰਤੋਂ ਯਹੋਵਾਹ ਲਈ ਪਾਪ ਦੀ ਭੇਟ ਵਜੋਂ ਕੀਤੀ ਗਈ। 88 ਆਗੂਆਂ ਨੇ ਸੁੱਖ-ਸਾਂਦ ਦੀਆਂ ਭੇਟਾ ਲਈ ਜ਼ਿਬਾਹ ਕੀਤੇ ਜਾਣ ਵਾਲੇ ਜਾਨਵਰ ਵੀ ਦਿੱਤੇ ਇਨ੍ਹਾਂ ਜਾਨਵਰਾਂ ਦੀ ਕੁੱਲ ਗਿਣਤੀ ਸੀ 24 ਵਹਿੜਕੇ, 60 ਭੇਡੂ, 60 ਬੱਕਰੇ ਅਤੇ 60 ਇੱਕ ਸਾਲ ਦੇ ਉਮਰ ਵਾਲੇ ਲੇਲੇ। ਇਸ ਤਰ੍ਹਾਂ ਉਨ੍ਹਾਂ ਨੇ ਜਗਵੇਦੀ ਨੂੰ, ਮੂਸਾ ਦੇ ਇਸ ਨੂੰ ਪਵਿੱਤਰ ਬਣਾਏ ਜਾਣ ਤੋਂ ਬਾਦ, ਸਮਰਪਣ ਕੀਤਾ।
89 ਮੂਸਾ ਯਹੋਵਾਹ ਨਾਲ ਗੱਲ ਕਰਨ ਲਈ ਮੰਡਲੀ ਵਾਲੇ ਤੰਬੂ ਕੋਲ ਗਿਆ। ਉਸ ਸਮੇਂ, ਉਸ ਨੇ ਆਪਣੇ ਨਾਲ ਗੱਲਾਂ ਕਰਦੀ ਯਹੋਵਾਹ ਦੀ ਅਵਾਜ਼ ਸੁਣੀ। ਇਹ ਅਵਾਜ਼ ਇਕਰਾਰਨਾਮੇ ਵਾਲੇ ਸੰਦੂਕ ਦੇ ਖਾਸ ਕੱਜਣ ਦੇ ਉੱਪਰੋਂ, ਕਰੂਬੀ ਫ਼ਰਿਸ਼ਤਿਆ ਵਿੱਚਕਾਰਲੇ ਇਲਾਕੇ ਵਿੱਚੋਂ ਆ ਰਹੀ ਸੀ। ਇਹੀ ਤਰੀਕਾ ਸੀ ਜਿਵੇਂ ਪਰਮੇਸ਼ੁਰ ਨੇ ਮੂਸਾ ਨਾਲ ਗੱਲ ਕੀਤੀ।
ਸ਼ਮਾਦਾਨ
8 ਯਹੋਵਾਹ ਨੇ ਮੂਸਾ ਨੂੰ ਆਖਿਆ, 2 “ਹਾਰੂਨ ਨੂੰ ਆਖ ਕਿ ਉਹ ਸੱਤ ਦੀਵਿਆਂ ਨੂੰ ਉਸ ਥਾਂ ਰੱਖੇ ਜਿਹੜੀ ਮੈਂ ਤੈਨੂੰ ਦਿਖਾਈ ਸੀ। ਇਹ ਦੀਵੇ ਸ਼ਮਾਦਾਨ ਦੇ ਸਾਹਮਣੇ ਦੇ ਖੇਤਰ ਨੂੰ ਰੌਸ਼ਨ ਕਰਨਗੇ।”
3 ਹਾਰੂਨ ਨੇ ਇਵੇਂ ਹੀ ਕੀਤਾ। ਹਾਰੂਨ ਨੇ ਦੀਵਿਆਂ, ਨੂੰ ਸਹੀ ਥਾਂ ਰੱਖਿਆ ਅਤੇ ਉਨ੍ਹਾਂ ਦਾ ਰੁੱਖ ਇਸ ਤਰ੍ਹਾਂ ਕਰ ਦਿੱਤਾ ਕਿ ਉਹ ਸ਼ਮਾਦਾਨ ਦੇ ਸਾਹਮਣੇ ਵਾਲੇ ਪਾਸੇ ਨੂੰ ਰੌਸ਼ਨ ਕਰਦੇ ਸਨ। ਉਸ ਨੇ ਉਸ ਆਦੇਸ਼ ਨੂੰ ਪੂਰਾ ਕੀਤਾ ਜਿਹੜਾ ਯਹੋਵਾਹ ਨੇ ਮੂਸਾ ਨੂੰ ਦਿੱਤਾ ਸੀ। 4 ਸ਼ਮਾਦਾਨ ਇਸ ਤਰ੍ਹਾਂ ਬਣਾਇਆ ਗਿਆ ਸੀ: ਇਹ ਹੇਠਾਂ ਸੁਨਿਹਰੀ ਆਧਾਰ ਤੋਂ ਲੈ ਕੇ ਉੱਪਰ ਸੁਨਿਹਰੀ ਫ਼ੁੱਲਾਂ ਤੱਕ ਸੋਨੇ ਦੇ ਪੱਤਰੇ ਨਾਲ ਬਣਾਇਆ ਗਿਆ ਸੀ। ਇਹ ਉਸੇ ਨਮੂਨੇ ਦਾ ਸੀ ਜਿਸ ਤਰ੍ਹਾਂ ਦਾ ਯਹੋਵਾਹ ਨੇ ਮੂਸਾ ਨੂੰ ਦਿਖਾਇਆ ਸੀ।
ਲੇਵੀਆਂ ਦਾ ਸਮਰਪਨ
5 ਯਹੋਵਾਹ ਨੇ ਮੂਸਾ ਨੂੰ ਆਖਿਆ, 6 “ਲੇਵੀਆਂ ਨੂੰ ਇਸਰਾਏਲ ਦੇ ਹੋਰਨਾਂ ਲੋਕਾਂ ਤੋਂ ਵੱਖ ਕਰ ਲਵੋ। ਉਨ੍ਹਾਂ ਲੇਵੀਆਂ ਨੂੰ ਪਵਿੱਤਰ ਬਣਾ ਦਿਉ। 7 ਉਨ੍ਹਾਂ ਨੂੰ ਪਵਿੱਤਰ ਬਨਾਉਣ ਲਈ ਤੁਹਾਨੂੰ ਇਹ ਕੁਝ ਕਰਨਾ ਚਾਹੀਦਾ ਹੈ। ਉਨ੍ਹਾਂ ਉੱਤੇ ਪਾਪ ਦੀ ਭੇਟ ਦਾ ਖਾਸ ਪਾਣੀ ਛਿੜਕੋ। ਇਹ ਪਾਣੀ ਉਨ੍ਹਾਂ ਨੂੰ ਪਵਿੱਤਰ ਬਣਾ ਦੇਵੇਗਾ। ਫ਼ੇਰ ਉਨ੍ਹਾਂ ਨੂੰ ਆਪਣੇ ਸ਼ਰੀਰ ਦੇ ਵਾਲ ਮੁੰਨਣੇ ਚਾਹੀਦੇ ਹਨ ਅਤੇ ਕੱਪੜੇ ਧੋਣੇ ਚਾਹੀਦੇ ਹਨ। ਇਸ ਨਾਲ ਉਨ੍ਹਾਂ ਦੇ ਸ਼ਰੀਰ ਪਵਿੱਤਰ ਹੋ ਜਾਣਗੇ।
8 “ਲੇਵੀ ਆਦਮੀਆਂ ਨੂੰ ਤੇਲ ਨਾਲ ਮਿਲੇ ਮੈਦੇ ਦੀ ਅਨਾਜ ਦੀ ਭੇਟ ਦੇ ਨਾਲ ਵਹਿੜਕਾ ਲੈਣਾ ਚਾਹੀਦਾ ਹੈ। ਫ਼ੇਰ ਤੁਹਾਨੂੰ ਪਾਪ ਦੀ ਭੇਟ ਵਜੋਂ ਇੱਕ ਹੋਰ ਜਵਾਨ ਬਲਦ ਲੈਣਾ ਚਾਹੀਦਾ ਹੈ। 9 ਲੇਵੀ ਲੋਕਾਂ ਨੂੰ ਮੰਡਲੀ ਵਾਲੇ ਤੰਬੂ ਦੇ ਸਾਹਮਣੇ ਵਾਲੇ ਪਾਸੇ ਲਿਆਉ। ਫ਼ੇਰ ਇਸਰਾਏਲ ਦੇ ਸਮੂਹ ਲੋਕਾਂ ਨੂੰ ਉੱਥੇ ਇਕੱਠਾ ਕਰੋ। 10 ਲੇਵੀ ਲੋਕਾਂ ਨੂੰ ਯਹੋਵਾਹ ਦੇ ਸਮੂਹ ਦੇ ਸਾਹਮਣੇ ਲਿਆਉ। ਇਸਰਾਏਲ ਦੇ ਲੋਕ ਉਨ੍ਹਾਂ ਉੱਤੇ ਆਪਣੇ ਹੱਥ ਧਰਨਗੇ। 11 ਫ਼ੇਰ ਹਾਰੂਨ ਲੇਵੀਆਂ ਨੂੰ ਯਹੋਵਾਹ ਨੂੰ ਸਮਰਪਿਤ ਕਰੇਗਾ। ਉਹ ਇਸਰਾਏਲ ਦੇ ਲੋਕਾਂ ਵੱਲੋਂ ਪਰਮੇਸ਼ੁਰ ਲਈ ਭੇਟ ਵਾਂਗ ਹੋਣਗੇ। ਇਸ ਤਰ੍ਹਾਂ, ਲੇਵੀ ਯਹੋਵਾਹ ਲਈ ਆਪਣਾ ਖਾਸ ਕੰਮ ਕਰਨ ਲਈ ਤਿਆਰ ਹੋਣਗੇ।
12 “ਲੇਵੀਆਂ ਨੂੰ ਆਖਣਾ ਕਿ ਉਹ ਵਹਿੜਕਿਆਂ ਦੇ ਸਿਰਾਂ ਉੱਤੇ ਆਪਣੇ ਹੱਥ ਰੱਖਣ। ਇੱਕ ਵਹਿੜਕਾ ਯਹੋਵਾਹ ਲਈ ਪਾਪ ਦੀ ਭੇਟ ਹੋਵੇਗਾ ਅਤੇ ਦੂਸਰੇ ਵਹਿੜਕੇ ਨੂੰ ਹੋਮ ਦੀ ਭੇਟ ਵਜੋਂ ਇਸਤੇਮਾਲ ਕੀਤਾ ਜਾਵੇਗਾ। ਇਹ ਭੇਟਾ ਲੇਵੀਆਂ ਲਈ ਪਰਾਸਚਿਤ ਕਰਨਗੀਆਂ। 13 ਲੇਵੀ ਲੋਕਾਂ ਨੂੰ ਆਖਣਾ ਕਿ ਉਹ ਹਾਰੂਨ ਅਤੇ ਉਸ ਦੇ ਪੁੱਤਰਾਂ ਦੇ ਸਾਹਮਣੇ ਖੜ੍ਹੇ ਹੋ ਜਾਣ। ਫ਼ੇਰ ਲੇਵੀ ਆਦਮੀਆਂ ਨੂੰ ਯਹੋਵਾਹ ਨੂੰ ਸਮਰਪਿਤ ਕਰ ਦੇਣਾ। ਉਹ ਇੱਕ ਹਿਲਾਉਣ ਦੀ ਭੇਟ ਵਾਂਗ ਹੋਣਗੇ। 14 ਇਸ ਨਾਲ ਲੇਵੀ ਲੋਕ ਪਵਿੱਤਰ ਬਣ ਜਾਣਗੇ। ਇਹ ਗੱਲ ਇਹ ਦਰਸਾਵੇਗੀ ਕਿ ਉਨ੍ਹਾਂ ਦੀ ਪਰਮੇਸ਼ੁਰ ਲਈ ਖਾਸ ਢੰਗ ਨਾਲ ਵਰਤੋਂ ਕੀਤੀ ਜਾ ਸੱਕਦੀ ਹੈ। ਉਹ ਇਸਰਾਏਲ ਦੇ ਹੋਰਨਾਂ ਲੋਕਾਂ ਕੋਲੋਂ ਵੱਖਰੇ ਹੋਣਗੇ। ਲੇਵੀ ਲੋਕ ਮੇਰੇ ਹੋਣਗੇ।
15 “ਇਸ ਲਈ ਲੇਵੀ ਲੋਕਾਂ ਨੂੰ ਪਵਿੱਤਰ ਬਣਾਉ। ਅਤੇ ਉਨ੍ਹਾਂ ਨੂੰ ਯਹੋਵਾਹ ਅੱਗੇ ਸਮਰਪਿਤ ਕਰੋ। ਉਹ ਇੱਕ ਹਿਲਾਉਣ ਦੀ ਭੇਟ ਵਾਂਗ ਹੋਣਗੇ। ਜਦੋਂ ਤੁਸੀਂ ਇਹ ਕਰ ਚੁੱਕੋਂਗੇ ਤਾਂ ਉਹ ਆ ਸੱਕਦੇ ਹਨ ਅਤੇ ਮੰਡਲੀ ਵਾਲੇ ਤੰਬੂ ਵਿਖੇ ਆਪਣਾ ਕੰਮ ਕਰ ਸੱਕਦੇ ਹਨ। 16 ਇਸਰਾਏਲੀ ਲੋਕ ਮੇਰੇ ਲਈ ਲੇਵੀਆਂ ਨੂੰ ਸਮਰਪਿਤ ਕਰਨਗੇ। ਉਹ ਮੇਰੇ ਹੋਣਗੇ ਅਤੀਤ ਵਿੱਚ ਮੈਂ ਹਰੇਕ ਇਸਰਾਏਲ ਪਰਿਵਾਰ ਨੂੰ ਆਖਿਆ ਸੀ ਕਿ ਉਹ ਆਪਣਾ ਪਹਿਲੋਠਾ ਪੁੱਤਰ ਮੈਨੂੰ ਭੇਟ ਕਰਨ। ਪਰ ਹੁਣ ਮੈਂ ਇਸਰਾਏਲ ਦੇ ਹੋਰਨਾਂ ਪਰਿਵਾਰਾਂ ਦੇ ਪਹਿਲੋਠੇ ਪੁੱਤਰਾਂ ਬਦਲੇ ਲੇਵੀ ਲੋਕਾਂ ਨੂੰ ਲੈ ਰਿਹਾ ਹਾਂ। 17 ਇਸਰਾਏਲ ਦਾ ਹਰ ਪਹਿਲੋਠਾ ਨਰ ਮੇਰਾ ਹੈ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਆਦਮੀ ਹੈ ਜਾਂ ਜਾਨਵਰ, ਇਹ ਫ਼ੇਰ ਵੀ ਮੇਰਾ ਹੈ। ਕਿਉਂਕਿ ਮੈਂ ਮਿਸਰ ਦੇ ਸਮੂਹ ਪਹਿਲੋਠੇ ਬੱਚਿਆਂ ਅਤੇ ਜਾਨਵਰਾ ਨੂੰ ਮਾਰ ਦਿੱਤਾ ਸੀ ਅਤੇ ਮੈਂ ਪਹਿਲੋਠੇ ਪੁੱਤਰਾਂ ਨੂੰ ਆਪਣਾ ਬਨਾਉਣ ਦੀ ਚੋਣ ਕੀਤੀ ਸੀ। 18 ਪਰ ਹੁਣ ਮੈਂ ਉਨ੍ਹਾਂ ਦੀ ਥਾਵੇਂ ਲੇਵੀ ਲੋਕਾਂ ਨੂੰ ਲੈ ਲਵਾਂਗਾ। ਮੈਂ ਇਸਰਾਏਲ ਦੇ ਹੋਰਨਾਂ ਪਰਿਵਾਰਾਂ ਦੇ ਪਹਿਲੋਠੇ ਪੁੱਤਰਾਂ ਦੀ ਥਾਵੇ ਲੇਵੀ ਲੋਕਾਂ ਨੂੰ ਲੈ ਲਵਾਂਗਾ। 19 ਮੈਂ ਇਸਰਾਏਲ ਦੇ ਸਾਰੇ ਲੋਕਾਂ ਵਿੱਚੋਂ ਲੇਵੀ ਲੋਕਾਂ ਦੀ ਚੋਣ ਕੀਤੀ ਸੀ। ਅਤੇ ਮੈਂ ਉਨ੍ਹਾਂ ਨੂੰ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਸੁਗਾਤ ਵਜੋਂ ਦੇ ਦੇਵਾਂਗਾ। ਮੈਂ ਚਾਹੁੰਦਾ ਹਾਂ ਕਿ ਉਹ ਮੰਡਲੀ ਵਾਲੇ ਤੰਬੂ ਵਿੱਚ ਕੰਮ ਕਰਨ। ਉਹ ਇਸਰਾਏਲ ਦੇ ਸਮੂਹ ਲੋਕਾਂ ਲਈ ਸੇਵਾ ਕਰਨਗੇ। ਉਹ ਅਜਿਹੀਆਂ ਬਲੀਆਂ ਦੇਣ ਵਿੱਚ ਸਹਾਇਤਾ ਕਰਨਗੇ ਜਿਹੜੀਆਂ ਇਸਰਾਏਲ ਦੇ ਲੋਕਾਂ ਨੂੰ ਪਵਿੱਤਰ ਬਨਾਉਣਗੀਆਂ। ਫ਼ੇਰ ਇਸਰਾਏਲ ਦੇ ਲੋਕਾਂ ਨੂੰ ਸਹਾਇਤਾ ਜਾਂ ਬਿਪਤਾ ਨਹੀਂ ਪਵੇਗੀ ਜਦੋਂ ਉਹ ਪਵਿੱਤਰ ਸਥਾਨ ਦੇ ਨੇੜੇ ਆਉਣਗੇ।”
20 ਇਸ ਲਈ, ਮੂਸਾ, ਹਾਰੂਨ ਅਤੇ ਇਸਰਾਏਲ ਦੇ ਸਮੂਹ ਲੋਕਾਂ ਨੇ ਯਹੋਵਾਹ ਦਾ ਹੁਕਮ ਮੰਨਿਆ। ਉਨ੍ਹਾਂ ਨੇ ਲੇਵੀ ਲੋਕਾਂ ਲਈ ਉਹ ਸਾਰਾ ਕੁਝ ਕੀਤਾ ਜਿਸਦਾ ਯਹੋਵਾਹ ਨੇ ਮੂਸਾ ਨੂੰ ਆਦੇਸ਼ ਦਿੱਤਾ ਸੀ। 21 ਲੇਵੀਆਂ ਨੇ ਇਸਨਾਨ ਕੀਤਾ ਅਤੇ ਕੱਪੜੇ ਧੋਤੇ। ਫ਼ੇਰ ਹਾਰੂਨ ਨੇ ਉਨ੍ਹਾਂ ਨੂੰ ਯਹੋਵਾਹ ਅੱਗੇ ਹਿਲਾਉਣ ਦੀ ਭੇਟ ਵਜੋਂ ਅਰਪਿਤ ਕਰ ਹਾਰੂਨ ਨੂੰ ਉਹ ਚੜ੍ਹਾਵੇ ਦਿੱਤੇ ਜਿਨ੍ਹਾਂ ਨੇ ਉਨ੍ਹਾਂ ਦੇ ਪਾਪ ਢੱਕ ਲਏ ਅਤੇ ਉਨ੍ਹਾਂ ਨੂੰ ਪਵਿੱਤਰ ਬਣਾ ਦਿੱਤਾ। 22 ਇਸਤੋਂ ਮਗਰੋਂ, ਲੇਵੀ ਲੋਕ ਆਪਣਾ ਕੰਮ ਕਰਨ ਲਈ ਮੰਡਲੀ ਵਾਲੇ ਤੰਬੂ ਵੱਲ ਆਏ। ਹਾਰੂਨ ਅਤੇ ਉਸ ਦੇ ਪੁੱਤਰਾਂ ਨੇ ਉਨ੍ਹਾਂ ਦੀ ਨਿਗਰਾਨੀ ਕੀਤੀ। ਉਹ ਇਨ੍ਹਾਂ ਲੇਵੀ ਲੋਕਾਂ ਦੇ ਕੰਮ ਲਈ ਜ਼ਿੰਮੇਵਾਰ ਸਨ। ਹਾਰੂਨ ਅਤੇ ਉਸ ਦੇ ਪੁੱਤਰਾਂ ਨੇ ਉਹੀ ਕੀਤਾ ਜਿਸਦਾ ਯਹੋਵਾਹ ਨੇ ਮੂਸਾ ਨੂੰ ਆਦੇਸ਼ ਦਿੱਤਾ ਸੀ।
23 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, 24 “ਲੇਵੀ ਲੋਕਾਂ ਲਈ ਇਹ ਖਾਸ ਆਦੇਸ਼ ਹੈ: ਹਰੇਕ ਲੇਵੀ ਬੰਦਾ ਜਿਹੜਾ 25 ਵਰ੍ਹਿਆ ਦਾ ਜਾਂ ਇਸਤੋਂ ਵੱਡਾ ਹੈ। ਮੰਡਲੀ ਵਾਲੇ ਤੰਬੂ ਦੇ ਕੰਮ ਵਿੱਚ ਹਿੱਸਾ ਲੈਣ ਲਈ ਜ਼ਰੂਰ ਆਵੇ। 25 ਪਰ ਜਦੋਂ ਕੋਈ ਆਦਮੀ 50 ਸਾਲ ਦਾ ਹੋ ਜਾਵੇ ਤਾਂ ਉਸ ਨੂੰ ਆਪਣੇ ਕੰਮ ਤੋਂ ਸੇਵਾ ਮੁਕਤ ਹੋ ਜਾਣਾ ਚਾਹੀਦਾ ਹੈ। ਉਸ ਨੂੰ ਫ਼ੇਰ ਕੰਮ ਕਰਨ ਦੀ ਲੋੜ ਨਹੀਂ ਹੋਵੇਗੀ। 26 ਉਹ ਆਦਮੀ ਜਿਹੜੇ 50 ਸਾਲ ਜਾਂ ਇਸਤੋਂ ਵਡੇਰੀ ਉਮਰ ਦੇ ਹਨ ਆਪਣੇ ਭਰਾਵਾਂ ਦੀ ਮੰਡਲੀ ਵਾਲੇ ਤੰਬੂ ਵਿੱਚ ਕੰਮ ਕਰਨ ਵਿੱਚ ਸਹਾਇਤਾ ਕਰ ਸੱਕਦੇ ਹਨ। ਪਰ ਉਨ੍ਹਾਂ ਨੂੰ ਖੁਦ ਕੰਮ ਨਹੀਂ ਕਰਨਾ ਚਾਹੀਦਾ। ਇੰਝ ਤੁਹਾਨੂੰ ਲੇਵੀਆਂ ਨਾਲ ਉਨ੍ਹਾਂ ਦੇ ਕੰਮ ਬਾਰੇ ਪੇਸ਼ ਆਉਣਾ ਚਾਹੀਦਾ ਹੈ।”
ਜੋ ਤੁਹਾਡੇ ਕੋਲ ਹੈ ਉਸਦੀ ਵਰਤੋਂ ਕਰੋ(A)
21 ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਕੀ ਤੁਸੀਂ ਦੀਵਾ ਲਿਆਕੇ ਉਸ ਨੂੰ ਕਟੋਰੇ ਹੇਠ ਜਾਂ ਮੰਜੇ ਹੇਠ ਰੱਖ ਦਿੰਦੇ ਹੋ? ਨਹੀਂ। ਤੁਸੀਂ ਉਸ ਦੀਵੇ ਨੂੰ ਸ਼ਮਾਦਾਨ ਤੇ ਰੱਖਦੇ ਹੋ। 22 ਹਰ ਲੁਕੀ ਚੀਜ਼ ਦੱਸੀ ਜਾਵੇਗੀ ਅਤੇ ਹਰ ਗੁਪਤ ਗੱਲ ਪ੍ਰਗਟ ਕੀਤੀ ਜਾਵੇਗੀ। 23 ਤੁਸੀਂ ਲੋਕ ਜੋ ਸੁਣ ਸੱਕਦੇ ਹੋ, ਸੁਣੋ! 24 ਉਸ ਨੇ ਉਨ੍ਹਾਂ ਨੂੰ ਇਹ ਵੀ ਆਖਿਆ, ‘ਜੋ ਕੁਝ ਵੀ ਤੁਸੀਂ ਸੁਣੋ, ਉਸ ਬਾਰੇ ਧਿਆਨ ਨਾਲ ਸੋਚੋ। ਜਿਸ ਨਾਪ ਨਾਲ ਤੁਸੀਂ ਨਾਪਦੇ ਹੋ ਉਸੇ ਨਾਲ ਤੁਹਾਡੇ ਲਈ ਵੀ ਨਾਪਿਆ ਜਾਵੇਗਾ ਪਰ ਪਰਮੇਸ਼ੁਰ ਤੁਹਾਨੂੰ ਉਸਤੋਂ ਵੱਧੀਕ ਦੇਵੇਗਾ ਜਿੰਨਾ ਤੁਸੀਂ ਦਿੱਤਾ ਹੈ। 25 ਜਿਸ ਮਨੁੱਖ ਕੋਲ ਕੁਝ ਹੈ ਉਸ ਨੂੰ ਹੋਰ ਦਿੱਤਾ ਜਾਵੇਗਾ ਪਰ ਜਿਸ ਮਨੁੱਖ ਕੋਲ ਕੁਝ ਜ਼ਿਆਦਾ ਨਹੀਂ ਹੈ, ਤਾਂ ਜੋ ਕੁਝ ਵੀ ਉਸ ਦੇ ਕੋਲ ਹੈ ਉਹ ਵੀ ਲੈ ਲਿਆ ਜਾਵੇਗਾ।’”
ਯਿਸੂ ਬੀਜ ਦਾ ਦ੍ਰਿਸ਼ਟਾਂਤ ਵਰਤਦਾ ਹੈ
26 ਫ਼ੇਰ ਯਿਸੂ ਨੇ ਕਿਹਾ, “ਪਰਮੇਸ਼ੁਰ ਦਾ ਰਾਜ ਉਸ ਮਨੁੱਖ ਵਾਂਗ ਹੈ ਜੋ ਧਰਤੀ ਉੱਤੇ ਬੀਜ ਬੀਜਦਾ ਹੈ। 27 ਬੀਜ ਵੱਧਣ ਲੱਗਦਾ ਹੈ। ਉਹ ਦਿਨ-ਰਾਤ ਵੱਧਦਾ ਹੈ। ਇਹ ਜ਼ਰੂਰੀ ਨਹੀਂ ਕਿ ਮਨੁੱਖ ਸੁੱਤਾ ਹੈ ਜਾਂ ਜਾਗਦਾ ਹੈ ਬੀਜ਼ ਤਾਂ ਵੱਧਦਾ ਹੀ ਰਹੇਗਾ। ਮਨੁੱਖ ਨਹੀਂ ਜਾਣਦਾ ਕਿ ਉਹ ਬੀਜ਼ ਕਿਵੇਂ ਵੱਧ ਰਿਹਾ ਹੈ। 28 ਜ਼ਮੀਨ ਤਾਂ ਆਪਣੇ-ਆਪ ਦਾਣੇ ਪੈਦਾ ਕਰਦੀ ਹੈ। ਪਹਿਲਾਂ, ਟਹਿਣੀ ਵੱਧਦੀ ਹੈ, ਫ਼ੇਰ ਸਿਟਾ, ਫ਼ੇਰ ਉਸ ਸਿੱਟੇ ਵਿੱਚ ਪੂਰੇ ਦਾਣੇ ਬਣਦੇ ਹਨ। 29 ਜਦੋਂ ਤੀਕਰ ਦਾਣੇ ਪੱਕ ਜਾਂਦੇ ਹਨ ਤਾਂ ਫ਼ੇਰ ਮਨੁੱਖ ਉਸ ਨੂੰ ਵੱਢਦਾ ਹੈ ਕਿਉਂਕਿ ਫ਼ੇਰ ਵਾਢੀ ਦਾ ਸਮਾਂ ਆ ਜਾਂਦਾ ਹੈ।”
ਰਾਜ ਸਰ੍ਹੋਂ ਦੇ ਦਾਣੇ ਵਾਂਗ ਹੈ(B)
30 ਫ਼ੇਰ ਯਿਸੂ ਨੇ ਕਿਹਾ, “ਪਰਮੇਸ਼ੁਰ ਦੇ ਰਾਜ ਦਾ ਵਰਨਣ ਕਰਨ ਲਈ ਮੈਂ ਕਿਹੜਾ ਉਦਾਹਰਨ ਦੇਵਾਂ? ਇੰਝ ਵਿਸਤਾਰ ਪੂਰਵਕ ਦੱਸਣ ਲਈ ਮੈਂ ਕਿਹੜੀ ਕਹਾਣੀ ਵਰਤੋਂ ਚ ਲਿਆਵਾਂ 31 ਪਰਮੇਸ਼ੁਰ ਦਾ ਰਾਜ ਉਸ ਰਾਈ ਦੇ ਦਾਣੇ ਵਾਂਗ ਹੈ ਜਿਹੜਾ ਕਿ ਸਭ ਬੀਜਾਂ ਤੋਂ ਛੋਟਾ ਹੁੰਦਾ ਹੈ ਅਤੇ ਧਰਤੀ ਤੇ ਬੋਇਆ ਜਾਂਦਾ ਹੈ। 32 ਪਰ ਜਦੋਂ ਇਹ ਬੀਜਿਆ ਜਾਂਦਾ ਹੈ, ਇਹ ਵੱਧਦਾ ਹੈ ਅਤੇ ਇਹ ਤੁਹਾਡੇ ਬਾਗ ਦੇ ਸਾਰੇ ਪੌਦਿਆਂ ਵਿੱਚੋਂ ਸਭ ਤੋਂ ਵੱਧ ਵੱਡਾ ਬਣ ਜਾਂਦਾ ਹੈ। ਇਸ ਦੀਆਂ ਸ਼ਾਖਾਵਾਂ ਬੜੀਆਂ ਵੱਡੀਆਂ ਹੁੰਦੀਆਂ ਹਨ। ਇੱਥੇ ਜੰਗਲੀ ਪੰਛੀ ਆਕੇ ਆਪਣੇ ਆਲ੍ਹਣੇ ਪਾਕੇ ਆਪਣੇ-ਆਪ ਨੂੰ ਧੁੱਪ ਤੋਂ ਬਚਾਉਂਦੇ ਹਨ।”
33 ਯਿਸੂ ਨੇ ਅਜਿਹੇ ਕਈ ਦ੍ਰਿਸ਼ਟਾਂਤ ਉਨ੍ਹਾਂ ਨੂੰ ਪ੍ਰਚਾਰ ਕਰਦੇ ਸਮੇਂ ਦਿੱਤੇ। ਯਿਸੂ ਨੇ ਉਨ੍ਹਾਂ ਨੂੰ ਉਨੇ ਹੀ ਉਪਦੇਸ਼ ਦਿੱਤੇ ਜਿੰਨੇ ਵੱਧ ਤੋਂ ਵੱਧ ਉਹ ਸਮਝਣ ਯੋਗ ਸਨ। 34 ਯਿਸੂ ਹਮੇਸ਼ਾ ਲੋਕਾਂ ਵਿੱਚ ਪ੍ਰਚਾਰ ਕਰਨ ਲਈ ਕਹਾਣੀਆਂ ਦੀ ਵਰਤੋਂ ਕਰਦਾ। ਪਰ ਜਦੋਂ ਉਹ ਆਪਣੇ ਚੇਲਿਆਂ ਦੇ ਨਾਲ ਇੱਕਲਾ ਹੁੰਦਾ ਤਾਂ ਉਹ ਉਨ੍ਹਾਂ ਨੂੰ ਹਰ ਗੱਲ ਦਾ ਵਿਸਤਾਰ ਦਿੰਦਾ।
ਯਿਸੂ ਦਾ ਤੂਫ਼ਾਨ ਨੂੰ ਰੋਕਣਾ(C)
35 ਉਸ ਦਿਨ ਸ਼ਾਮ ਵੇਲੇ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਆਓ! ਝੀਲ ਦੇ ਉਸ ਪਾਰ ਚੱਲੀਏ।” 36 ਯਿਸੂ ਤੇ ਉਸ ਦੇ ਚੇਲੇ ਬਾਕੀ ਲੋਕਾਂ ਨੂੰ ਉੱਥੇ ਹੀ ਛੱਡ ਕੇ, ਉਸ ਬੇੜੀ ਵਿੱਚ ਬੈਠਕੇ ਚੱਲੇ ਗਏ ਜਿਸ ਬੇੜੀ ਚ ਬੈਠਕੇ ਉਹ ਉਪਦੇਸ਼ ਦੇ ਰਿਹਾ ਸੀ। ਕੁਝ ਹੋਰ ਵੀ ਬੇੜੀਆਂ ਉਸ ਦੇ ਨਾਲ ਸਨ। 37 ਤਦ ਝੀਲ ਤੇ ਭਿਆਨਕ ਹਨੇਰੀ ਵਗੀ। ਲਹਿਰਾਂ ਬੇੜੀ ਦੇ ਨਾਲ ਵੱਜ ਰਹੀਆਂ ਸਨ। ਬੇੜੀ ਪਾਣੀ ਨਾਲ ਭਰ ਚੱਲੀ ਸੀ। 38 ਯਿਸੂ ਉਸ ਵਕਤ ਬੇੜੀ ਦੇ ਪਿੱਛਲੇ ਪਾਸੇ ਇੱਕ ਸਿਰਹਾਣਾ ਰੱਖਕੇ ਸੁੱਤਾ ਹੋਇਆ ਸੀ। ਉਸ ਦੇ ਚੇਲਿਆਂ ਨੇ ਉਸ ਨੂੰ ਉੱਠਾਇਆ। ਉਨ੍ਹਾਂ ਆਖਿਆ, “ਗੁਰੂ ਜੀ, ਕੀ ਤੁਹਾਨੂੰ ਕੋਈ ਫ਼ਿਕਰ ਨਹੀਂ ਕਿ ਅਸੀਂ ਡੁੱਬ ਰਹੇ ਹਾਂ।”
39 ਯਿਸੂ ਉੱਠਿਆ ਅਤੇ ਉਸ ਨੇ ਹਨੇਰੀ ਅਤੇ ਲਹਿਰਾਂ ਨੂੰ ਹੁਕਮ ਦਿੱਤਾ “ਸ਼ਾਂਤ ਹੋ ਜਾਓ, ਥੰਮ ਜਾਓ।” ਤਾਂ ਹਨੇਰੀ ਰੁਕ ਗਈ ਅਤੇ ਝੀਲ ਸ਼ਾਂਤ ਹੋ ਗਈ।
40 ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਤੁਸੀਂ ਇੰਨੇ ਘਬਰਾਏ ਹੋਏ ਕਿਉਂ ਹੋ? ਕੀ ਤੁਹਾਨੂੰ ਅਜੇ ਵੀ ਵਿਸ਼ਵਾਸ ਨਹੀਂ?”
41 ਚੇਲੇ ਬਹੁਤ ਡਰੇ ਹੋਏ ਸਨ ਅਤੇ ਇੱਕ ਦੂਜੇ ਤੋਂ ਪੁੱਛ ਰਹੇ ਸਨ, “ਇਹ ਕਿਹੋ ਜਿਹਾ ਮਨੁੱਖ ਹੈ? ਹਵਾ ਅਤੇ ਝੀਲ ਵੀ ਉਸਦੀ ਆਗਿਆ ਦਾ ਪਾਲਣ ਕਰਦੇ ਹਨ।”
2010 by World Bible Translation Center