Old/New Testament
ਜਾਨਵਰਾਂ ਨੂੰ ਮਾਰਨ ਅਤੇ ਖਾਣ ਬਾਰੇ ਬਿਧੀਆਂ
17 ਯਹੋਵਾਹ ਨੇ ਮੂਸਾ ਨੂੰ ਆਖਿਆ 2 “ਹਾਰੂਨ ਅਤੇ ਉਸ ਦੇ ਪੁੱਤਰਾਂ ਨਾਲ ਅਤੇ ਇਸਰਾਏਲ ਦੇ ਸਾਰੇ ਲੋਕਾਂ ਨਾਲ ਗੱਲ ਕਰ। ਉਨ੍ਹਾਂ ਨੂੰ ਆਖ, ਇਹੀ ਹੈ ਜਿਸਦਾ ਯਹੋਵਾਹ ਨੇ ਹੁਕਮ ਦਿੱਤਾ ਹੈ; 3 ਇਸਰਾਏਲ ਦਾ ਕੋਈ ਵੀ ਬੰਦਾ ਜੋ ਬਲਦ ਜਾਂ ਲੇਲੇ ਜਾਂ ਬੱਕਰੇ ਨੂੰ ਡੇਰੇ ਦੇ ਅੰਦਰ ਜਾਂ ਬਾਹਰ ਮਾਰਦਾ ਹੈ। 4 ਉਸ ਨੂੰ ਉਹ ਜਾਨਵਰ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਤੇ ਲਿਆਉਣਾ ਚਾਹੀਦਾ ਹੈ। ਉਸ ਨੂੰ ਇਹ ਜਾਨਵਰ ਯਹੋਵਾਹ ਨੂੰ ਸੁਗਾਤ ਵਜੋਂ ਯਹੋਵਾਹ ਦੇ ਪਵਿੱਤਰ ਤੰਬੂ ਦੇ ਅੱਗੇ ਭੇਟ ਕਰਨਾ ਚਾਹੀਦਾ ਹੈ। ਜੇਕਰ ਉਹ ਅਜਿਹਾ ਨਹੀਂ ਕਰਦਾ, ਉਹ ਖੂਨ ਖਰਾਬੇ ਦਾ ਦੋਸ਼ੀ ਹੋਵੇਗਾ ਅਤੇ ਉਸ ਨੂੰ ਆਪਣੇ ਲੋਕਾਂ ਤੋਂ ਅਲੱਗ ਕਰ ਦਿੱਤਾ ਜਾਵੇ। 5 ਇਹ ਨੇਮ ਇਸ ਵਾਸਤੇ ਹੈ ਕਿ ਲੋਕ ਜਾਨਵਰਾਂ ਨੂੰ ਖੇਤਾਂ ਵਿੱਚ ਕੁਰਬਾਨ ਕਰਨ ਦੀ ਬਜਾਇ ਆਪਣੀਆਂ ਸੁੱਖ-ਸਾਂਦ ਦੀਆਂ ਭੇਟਾਂ ਯਹੋਵਾਹ ਕੋਲ ਲੈ ਕੇ ਆਉਣ। ਉਨ੍ਹਾਂ ਨੂੰ ਉਹ ਜਾਨਵਰ ਯਹੋਵਾਹ ਲਈ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਦੇ ਨਜ਼ਦੀਕ ਜਾਜਕ ਕੋਲ ਲੈ ਕੇ ਆਉਣੇ ਚਾਹੀਦੇ ਹਨ। 6 ਫ਼ੇਰ ਜਾਜਕ ਨੂੰ ਉਨ੍ਹਾਂ ਜਾਨਵਰਾਂ ਦਾ ਖੂਨ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਦੇ ਨੇੜੇ ਜਗਵੇਦੀ ਉੱਤੇ ਡੋਲ੍ਹ ਦੇਣਾ ਚਾਹੀਦਾ ਹੈ। ਉਹ ਉਨ੍ਹਾਂ ਜਾਨਵਰਾਂ ਦੀ ਚਰਬੀ ਨੂੰ ਜਗਵੇਦੀ ਉੱਤੇ ਸਾੜੇਗਾ ਅਤੇ ਇਸਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰੇਗੀ। 7 ਉਨ੍ਹਾਂ ਨੂੰ ਆਪਣੇ ‘ਬੱਕਰੇ ਦੇਵਤਿਆਂ’ ਨੂੰ ਹੋਰ ਬਲੀਆਂ ਨਹੀਂ ਚੜ੍ਹਾਉਣੀਆਂ ਚਾਹੀਦੀਆਂ। ਉਨ੍ਹਾਂ ਨੇ ਹੋਰਨਾਂ ਦੇਵਤਿਆਂ ਦਾ ਅਨੁਸਰਣ ਕੀਤਾ ਹੈ, ਅਤੇ ਇਸ ਤਰ੍ਹਾਂ ਉਨ੍ਹਾਂ ਨੇ ਵੇਸਵਾਵਾਂ ਵਾਂਗੂ ਵਿਹਾਰ ਕੀਤਾ ਹੈ। ਇਹ ਨੇਮ ਹਮੇਸ਼ਾ ਲਈ ਜਾਰੀ ਰਹਿਣਗੇ।
8 “ਲੋਕਾਂ ਨੂੰ ਦੱਸ; ਇਸਰਾਏਲ ਦਾ ਕੋਈ ਨਾਗਰਿਕ ਜਾਂ ਤੁਹਾਡੇ ਦਰਮਿਆਨ ਰਹਿਣ ਵਾਲਾ ਕੋਈ ਮੁਸਾਫ਼ਰ ਜਾਂ ਪਰਦੇਸੀ ਵੀ ਸ਼ਾਇਦ ਹੋਮ ਦੀ ਭੇਟ ਜਾਂ ਬਲੀ ਭੇਟ ਕਰੇ। 9 ਉਸ ਬੰਦੇ ਨੂੰ ਆਪਣੀ ਬਲੀ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਤੇ ਲਿਆਉਣੀ ਚਾਹੀਦੀ ਹੈ ਅਤੇ ਇਸ ਨੂੰ ਯਹੋਵਾਹ ਨੂੰ ਭੇਟ ਕਰਨਾ ਚਾਹੀਦਾ ਹੈ। ਜੇ ਉਹ ਬੰਦਾ ਅਜਿਹਾ ਨਹੀਂ ਕਰਦਾ, ਉਸ ਨੂੰ ਆਪਣੇ ਲੋਕਾਂ ਤੋਂ ਵੱਖ ਕਰ ਦਿੱਤਾ ਜਾਣਾ ਚਾਹੀਦਾ ਹੈ।
10 “ਮੈਂ (ਪਰਮੇਸ਼ੁਰ) ਉਸ ਕਿਸੇ ਵੀ ਬੰਦੇ ਦੇ ਖਿਲਾਫ਼ ਹੋਵਾਂਗਾ ਜਿਹੜਾ ਖੂਨ ਖਾਂਦਾ ਹੈ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਬੰਦਾ ਇਸਰਾਏਲ ਦਾ ਕੋਈ ਸ਼ਹਿਰੀ ਹੈ ਜਾਂ ਉਹ ਤੁਹਾਡੇ ਦਰਮਿਆਨ ਰਹਿੰਦਾ ਕੋਈ ਵਿਦੇਸ਼ੀ ਹੈ। ਮੈਂ ਉਸ ਨੂੰ ਉਸ ਦੇ ਲੋਕਾਂ ਤੋਂ ਵੱਖ ਕਰ ਦੇਵਾਂਗਾ। 11 ਕਿਉਂਕਿ ਸ਼ਰੀਰ ਦੀ ਜਾਨ ਖੂਨ ਵਿੱਚ ਹੁੰਦੀ ਹੈ। ਮੈਂ ਤੁਹਾਨੂੰ ਖੂਨ ਨੂੰ ਖੁਦ ਲਈ ਪਰਾਸਚਿਤ ਕਰਨ ਖਾਤਰ, ਜਗਵੇਦੀ ਉੱਤੇ ਪਾਉਣ ਲਈ ਦਿੱਤਾ ਹੈ। ਇਹ ਜੀਵਨ ਖੂਨ ਹੈ ਜੋ ਲੋਕਾਂ ਲਈ ਪਰਾਸਚਿਤ ਕਰਦਾ ਹੈ। 12 ਇਸੇ ਲਈ ਮੈਂ ਇਸਰਾਏਲ ਦੇ ਲੋਕਾਂ ਨੂੰ ਆਖਦਾ ਹਾਂ; ਤੁਹਾਡੇ ਵਿੱਚੋਂ ਕੋਈ ਵੀ ਖੂਨ ਨਾ ਖਾਵੇ ਅਤੇ ਤੁਹਾਡੇ ਦਰਮਿਆਨ ਰਹਿਣ ਵਾਲਾ ਕੋਈ ਵੀ ਵਿਦੇਸ਼ੀ ਖੂਨ ਨਾ ਖਾਵੇ।
13 “ਜੇ ਕੋਈ ਬੰਦਾ ਕਿਸੇ ਜੰਗਲੀ ਜਾਨਵਰ ਨੂੰ ਜਾਂ ਪੰਛੀ ਨੂੰ ਫ਼ੜ ਲੈਂਦਾ, ਜਿਸ ਨੂੰ ਖਾਧਾ ਜਾ ਸੱਕਦਾ ਹੈ ਤਾਂ ਉਸ ਨੂੰ ਉਸਦਾ ਖੂਨ ਧਰਤੀ ਤੇ ਡੋਲ੍ਹਕੇ ਗੰਦਗੀ ਨਾਲ ਢੱਕ ਦੇਣਾ ਚਾਹੀਦਾ ਹੈ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਇਸਰਾਏਲ ਦਾ ਕੋਈ ਨਾਗਰਿਕ ਹੈ ਜਾਂ ਤੁਹਾਡੇ ਦਰਮਿਆਨ ਰਹਿਣ ਵਾਲਾ ਕੋਈ ਵਿਦੇਸ਼ੀ ਹੈ। 14 ਤੁਹਾਨੂੰ ਅਜਿਹਾ ਕਿਉਂ ਕਰਨਾ ਚਾਹੀਦਾ ਹੈ? ਕਿਉਂਕਿ ਜੇ ਹਾਲੇ ਵੀ ਖੂਨ ਮਾਸ ਵਿੱਚ ਹੈ ਤਾਂ ਉਸ ਜਾਨਵਰ ਦੀ ਜਾਨ ਮਾਸ ਵਿੱਚ ਹੈ। ਇਸ ਲਈ ਮੈਂ ਇਸਰਾਏਲ ਦੇ ਲੋਕਾਂ ਨੂੰ ਇਹ ਹੁਕਮ ਦਿੰਦਾ ਹਾਂ; ਅਜਿਹਾ ਮਾਸ ਨਾ ਖਾਉ ਜਿਸ ਵਿੱਚ ਹਾਲੇ ਖੂਨ ਹੈ। ਕੋਈ ਵੀ ਬੰਦਾ ਜਿਹੜਾ ਖੂਨ ਨੂੰ ਖਾਂਦਾ ਹੈ, ਉਸ ਨੂੰ ਉਸ ਦੇ ਲੋਕਾਂ ਤੋਂ ਛੇਕ ਦੇਣਾ ਚਾਹੀਦਾ ਹੈ।
15 “ਇਸਤੋਂ ਇਲਾਵਾ, ਜੇ ਕੋਈ ਬੰਦਾ ਕਿਸੇ ਆਪਣੇ-ਆਪ ਮਰੇ ਹੋਏ ਜਾਨਵਰ ਨੂੰ ਖਾਂਦਾ ਹੈ, ਜਾਂ ਕੋਈ ਬੰਦਾ ਕਿਸੇ ਦੂਸਰੇ ਜਾਨਵਰ ਦੁਆਰਾ ਮਰੇ ਹੋਏ ਜਾਨਵਰ ਨੂੰ ਖਾਂਦਾ ਹੈ, ਉਸ ਨੂੰ ਆਪਣੇ ਕੱਪੜੇ ਧੋਣੇ ਚਾਹੀਦੇ ਹਨ ਅਤੇ ਆਪਣਾ ਸ਼ਰੀਰ ਪਾਣੀ ਨਾਲ ਧੋਣਾ ਚਾਹੀਦਾ ਹੈ। ਉਹ ਸ਼ਾਮ ਤੀਕ ਪਲੀਤ ਰਹੇਗਾ। ਫ਼ੇਰ ਉਹ ਪਾਕ ਹੋਵੇਗਾ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਬੰਦਾ ਇਸਰਾਏਲ ਦਾ ਨਾਗਰਿਕ ਹੈ ਜਾਂ ਤੁਹਾਡੇ ਦਰਮਿਆਨ ਰਹਿਣ ਵਾਲਾ ਕੋਈ ਵਿਦੇਸ਼ੀ ਹੈ। 16 ਜੇ ਉਹ ਬੰਦਾ ਆਪਣੇ ਕੱਪੜੇ ਨਹੀਂ ਧੋਂਦਾ ਜਾਂ ਆਪਣੇ-ਆਪ ਨੂੰ ਨਹੀਂ ਧੋਂਦਾ ਤਾਂ ਉਹ ਆਪਣੇ ਪਾਪ ਦੀ ਸਜ਼ਾ ਭੁਗਤੇਗਾ।”
ਜਿਨਸੀ ਸੰਬੰਧਾਂ ਬਾਰੇ ਬਿਧੀਆਂ
18 ਯਹੋਵਾਹ ਨੇ ਮੂਸਾ ਨੂੰ ਆਖਿਆ, 2 “ਇਸਰਾਏਲ ਦੇ ਲੋਕਾਂ ਨੂੰ ਆਖ; ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ। 3 ਅਤੀਤ ਵਿੱਚ, ਤੁਸੀਂ ਮਿਸਰ ਵਿੱਚ ਰਹਿੰਦੇ ਸੀ। ਤੁਹਾਨੂੰ ਉਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜਿਹੜੀਆਂ ਉੱਥੇ ਹੁੰਦੀਆਂ ਸਨ। ਮੈਂ ਤੁਹਾਨੂੰ ਕਨਾਨ ਲੈ ਜਾ ਰਿਹਾ ਹਾਂ। ਇੱਥੇ ਤੁਹਾਨੂੰ ਉਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜਿਹੜੀਆਂ ਉਸ ਦੇਸ਼ ਵਿੱਚ ਹੁੰਦੀਆਂ ਹਨ। ਉਨ੍ਹਾਂ ਦੇ ਕਨੂਨਾਂ ਮੁਤਾਬਕ ਨਾ ਰਹੋ। 4 ਤੁਹਾਨੂੰ ਮੇਰੀਆਂ ਬਿਧੀਆਂ ਅਤੇ ਕਾਨੂੰਨਾਂ ਨੂੰ ਮੰਨਣਾ ਚਾਹੀਦਾ ਹੈ! ਕਿਉਂਕਿ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ। 5 ਇਸ ਲਈ ਤੁਹਾਨੂੰ ਮੇਰੀਆਂ ਬਿਧੀਆਂ ਅਤੇ ਕਾਨੂੰਨਾਂ ਨੂੰ ਮੰਨਣਾ ਚਾਹੀਦਾ ਹੈ। ਜੇ ਕੋਈ ਬੰਦਾ ਮੇਰੀਆਂ ਬਿਧੀਆਂ ਅਤੇ ਕਾਨੂੰਨਾਂ ਨੂੰ ਮੰਨਦਾ ਹੈ, ਉਹ ਜਿਉਂਵੇਗਾ। ਮੈਂ ਯਹੋਵਾਹ ਹਾਂ।
6 “ਤੁਹਾਨੂੰ ਕਦੇ ਵੀ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਨਾਲ ਜਿਨਸੀ ਸੰਬੰਧ ਨਹੀਂ ਬਨਾਉਣੇ ਚਾਹੀਦੇ। ਮੈਂ ਯਹੋਵਾਹ ਹਾਂ।
7 “ਤੁਹਾਨੂੰ ਕਦੇ ਵੀ ਆਪਣੇ ਪਿਤਾ ਜਾਂ ਮਾਤਾ ਨਾਲ ਜਿਨਸੀ ਸੰਬੰਧ ਨਹੀਂ ਬਨਾਉਣਾ ਚਾਹੀਦਾ। ਇਹ ਔਰਤ ਤੁਹਾਡੀ ਮਾਂ ਹੈ। ਤੁਹਾਨੂੰ ਉਸ ਨਾਲ ਜਿਨਸੀ ਸੰਬੰਧ ਨਹੀਂ ਬਨਾਉਣੇ ਚਾਹੀਦੇ। 8 ਤੁਹਾਨੂੰ ਆਪਣੇ ਪਿਤਾ ਦੀ ਪਤਨੀ ਨਾਲ ਜਿਨਸੀ ਸੰਬੰਧ ਨਹੀਂ ਬਨਾਉਣੇ ਚਾਹੀਦੇ, ਭਾਵੇਂ ਉਹ ਤੁਹਾਡੀ ਮਾਂ ਨਾ ਹੋਵੇ। ਕਿਉਂਕਿ ਉਹ ਤੁਹਾਡੇ ਪਿਤਾ ਨਾਲ ਸੰਬੰਧਤ ਹੈ।
9 “ਤੁਹਾਨੂੰ ਆਪਣੀ ਭੈਣ ਨਾਲ ਜਿਨਸੀ ਸੰਬੰਧ ਨਹੀਂ ਬਨਾਉਣੇ ਚਾਹੀਦੇ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਤੁਹਾਡੇ ਪਿਤਾ ਦੀ ਧੀ ਜਾਂ ਤੁਹਾਡੀ ਮਾਤਾ ਦੀ ਧੀ ਹੈ। ਅਤੇ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਹਾਡੀ ਭੈਣ ਤੁਹਾਡੇ ਘਰ ਵਿੱਚ ਜੰਮੀ ਸੀ ਜਾਂ ਕਿਸੇ ਹੋਰ ਥਾਂ ਉੱਤੇ।
10 “ਤੁਹਾਨੂੰ ਆਪਣੀ ਪੋਤੀ ਜਾਂ ਆਪਣੇ ਪੁੱਤਰ ਦੀ ਧੀ ਜਾਂ ਤੁਹਾਡੀ ਧੀ ਦੀ ਧੀ ਨਾਲ ਜਿਨਸੀ ਸੰਬੰਧ ਨਹੀਂ ਬਨਾਉਣੇ ਚਾਹੀਦੇ। ਉਹ ਤੁਹਾਡਾ ਹੀ ਇੱਕ ਹਿੱਸਾ ਹਨ।
11 “ਜੇ ਤੁਹਾਡੇ ਪਿਤਾ ਅਤੇ ਉਸਦੀ ਪਤਨੀ ਦੀ ਕੋਈ ਧੀ ਹੈ, ਤਾਂ ਉਹ ਤੁਹਾਡੇ ਭੈਣ ਹੈ। ਤੁਹਾਨੂੰ ਉਸ ਨਾਲ ਜਿਨਸੀ ਸੰਬੰਧ ਨਹੀਂ ਬਨਾਉਣੇ ਚਾਹੀਦੇ।
12 “ਤੁਹਾਨੂੰ ਆਪਣੇ ਪਿਤਾ ਦੀ ਭੈਣ ਨਾਲ ਜਿਨਸੀ ਸੰਬੰਧ ਨਹੀਂ ਬਨਾਉਣੇ ਚਾਹੀਦੇ। ਉਹ ਤੁਹਾਡੇ ਪਿਤਾ ਦੀ ਨਜ਼ਦੀਕੀ ਰਿਸ਼ਤੇਦਾਰ ਹੈ। 13 ਤੁਹਾਨੂੰ ਆਪਣੀ ਮਾਤਾ ਦੀ ਭੈਣ ਨਾਲ ਜਿਨਸੀ ਸੰਬੰਧ ਨਹੀਂ ਬਨਾਉਣੇ ਚਾਹੀਦੇ। ਉਹ ਤੁਹਾਡੀ ਮਾਤਾ ਦੀ ਨਜ਼ਦੀਕੀ ਰਿਸ਼ਤੇਦਾਰ ਹੈ। 14 ਤੁਹਾਨੂੰ ਆਪਣੇ ਚਾਚੇ ਦੀ ਵਹੁਟੀ ਨਾਲ ਸੰਬੰਧ ਨਹੀਂ ਬਨਾਉਣੇ ਚਾਹੀਦੇ। ਉਹ ਤੁਹਾਡੀ ਚਾਚੀ ਹੈ।
15 “ਤੁਹਾਨੂੰ ਆਪਣੀ ਨੂੰਹ ਨਾਲ ਜਿਨਸੀ ਸੰਬੰਧ ਨਹੀਂ ਬਨਾਉਣੇ ਚਾਹੀਦੇ। ਉਹ ਤੁਹਾਡੇ ਪੁੱਤਰ ਦੀ ਪਤਨੀ ਹੈ। ਤੁਹਾਨੂੰ ਉਸ ਨਾਲ ਜਿਨਸੀ ਸੰਬੰਧ ਨਹੀਂ ਬਨਾਉਣੇ ਚਾਹੀਦੇ।
16 “ਤੁਹਾਨੂੰ ਆਪਣੇ ਭਰਾ ਦੀ ਪਤਨੀ ਨਾਲ ਜਿਨਸੀ ਸੰਬੰਧ ਨਹੀਂ ਬਨਾਉਣੇ ਚਾਹੀਦੇ। ਇਹ ਤੁਹਾਡੇ ਭਰਾ ਨਾਲ ਜਿਨਸੀ ਸੰਬੰਧ ਬਨਾਉਣ ਵਰਗੀ ਗੱਲ ਹੋਵੇਗੀ।
17 “ਤੁਹਾਨੂੰ ਕਿਸੇ ਮਾਂ ਤੇ ਉਸਦੀ ਧੀ ਨਾਲ ਜਿਨਸੀ ਸੰਬੰਧ ਨਹੀਂ ਬਨਾਉਣੇ ਚਾਹੀਦੇ। ਤੁਹਾਨੂੰ ਇਸ ਔਰਤ ਦੀ ਪੋਤੀ ਨਾਲ ਜਿਨਸੀ ਸੰਬੰਧ ਨਹੀਂ ਬਨਾਉਣੇ ਚਾਹੀਦੇ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਇਸ ਔਰਤ ਦੇ ਪੁੱਤਰ ਦੀ ਧੀ ਹੈ ਜਾਂ ਧੀ ਦੀ ਧੀ ਹੈ। ਉਸ ਦੀਆਂ ਪੋਤੀਆਂ ਉਸ ਦੀਆਂ ਨਜ਼ਦੀਕੀ ਰਿਸ਼ਤੇਦਾਰ ਹਨ। ਉਨ੍ਹਾਂ ਨਾਲ ਜਿਨਸੀ ਸੰਬੰਧ ਬਨਾਉਣੇ ਗਲਤ ਗੱਲ ਹੈ।
18 “ਜਦੋਂ ਤੁਹਾਡੀ ਪਤਨੀ ਹਾਲੇ ਜਿਉਂਦੀ ਹੋਵੇ, ਤੁਹਾਨੂੰ ਉਸਦੀ ਭੈਣ ਨੂੰ ਦੂਸਰੀ ਬਰਾਬਰ ਦੀ ਪਤਨੀ ਵਾਂਗ ਨਹੀਂ ਲੈਣਾ ਚਾਹੀਦਾ ਅਤੇ ਉਸ ਨਾਲ ਜਿਨਸੀ ਸੰਬੰਧ ਨਹੀਂ ਬਨਾਉਣੇ ਚਾਹੀਦੇ।
19 “ਇਸਤੋਂ ਇਲਾਵਾ ਤੁਹਾਨੂੰ ਕਿਸੇ ਔਰਤ ਦੇ ਮਾਹਵਾਰੀ ਦੇ ਦਿਨਾਂ ਵਿੱਚ ਉਸ ਦੇ ਨੇੜੇ ਜਿਸਨੀ ਸੰਬੰਧ ਬਨਾਉਣ ਲਈ ਨਹੀਂ ਜਾਣਾ ਚਾਹੀਦਾ। ਉਹ ਇਸ ਸਮੇਂ ਦੌਰਾਨ ਪਲੀਤ ਹੁੰਦੀ ਹੈ।
20 “ਤੁਹਾਨੂੰ ਆਪਣੇ ਗੁਆਂਢੀ ਦੀ ਪਤਨੀ ਨਾਲ ਜਿਨਸੀ ਸੰਬੰਧ ਨਹੀਂ ਬਨਾਉਣੇ ਚਾਹੀਦੇ। ਇਹ ਤੁਹਾਨੂੰ ਨਾਪਾਕ ਬਣਾ ਦੇਵੇਗਾ।
21 “ਤੁਹਾਨੂੰ ਆਪਣੇ ਕਿਸੇ ਵੀ ਬੱਚੇ ਦੀ ਮੋਲਕ ਨੂੰ ਬਲੀ ਵਜੋਂ ਨਹੀਂ ਚੜ੍ਹਾਉਣਾ ਚਾਹੀਦਾ। ਜੇ ਤੁਸੀਂ ਅਜਿਹਾ ਕਰੋਂਗੇ, ਤੁਸੀਂ ਆਪਣੇ ਪਰਮੇਸ਼ੁਰ ਦੇ ਨਾਂ ਦਾ ਨਿਰਾਦਰ ਕਰੋਂਗੇ। ਮੈਂ ਯਹੋਵਾਹ ਹਾਂ।
22 “ਤੁਹਾਨੂੰ ਕਿਸੇ ਮਰਦ ਨਾਲ ਔਰਤ ਵਾਂਗ ਜਿਨਸੀ ਸੰਬੰਧ ਨਹੀਂ ਬਨਾਉਣੇ ਚਾਹੀਦੇ। ਇਹ ਭਿਆਨਕ ਪਾਪ ਹੈ।
23 “ਤੁਹਾਨੂੰ ਕਿਸੇ ਜਾਨਵਰ ਨਾਲ ਜਿਨਸੀ ਸੰਬੰਧ ਨਹੀਂ ਬਨਾਉਣੇ ਚਾਹੀਦੇ। ਇਹ ਤੁਹਾਨੂੰ ਨਾਪਾਕ ਬਣਾ ਦੇਣਗੇ। ਕਿਸੇ ਔਰਤ ਨੂੰ ਕਿਸੇ ਜਾਨਵਰ ਨਾਲ ਜਿਨਸੀ ਸੰਬੰਧ ਨਹੀਂ ਬਨਾਉਣੇ ਚਾਹੀਦੇ। ਇਹ ਕੁਦਰਤ ਦੇ ਖਿਲਾਫ਼ ਹੈ।
24 “ਇਹੋ ਜਿਹੀਆਂ ਗੱਲਾਂ ਕਰਕੇ ਆਪਣੇ-ਆਪ ਨੂੰ ਪਲੀਤ ਨਾ ਕਰੋ। ਮੈਂ ਕੌਮਾਂ ਨੂੰ ਉਨ੍ਹਾਂ ਦੇ ਦੇਸ਼ਾਂ ਵਿੱਚੋਂ ਬਾਹਰ ਕੱਢ ਰਿਹਾ ਹਾਂ ਅਤੇ ਉਨ੍ਹਾਂ ਦੀ ਧਰਤੀ ਤੁਹਾਨੂੰ ਦੇ ਰਿਹਾ ਹਾਂ। ਕਿਉਂਕਿ ਉਨ੍ਹਾਂ ਲੋਕਾਂ ਨੇ ਭਿਆਨਕ ਪਾਪ ਕੀਤੇ ਸਨ। 25 ਉਨ੍ਹਾਂ ਨੇ ਧਰਤੀ ਨੂੰ ਨਾਪਾਕ ਬਣਾਇਆ। ਮੈਂ ਉਨ੍ਹਾਂ ਨੂੰ ਸਜ਼ਾ ਦੇਵਾਂਗਾ। ਹੁਣ ਧਰਤੀ ਇਹੋ ਜਿਹੀਆਂ ਗੱਲਾਂ ਕਾਰਣ ਹੀ ਬਿਮਾਰ ਹੈ। ਅਤੇ ਧਰਤੀ ਉਨ੍ਹਾਂ ਲੋਕਾਂ ਨੂੰ ਹੁਣ ਬਾਹਰ ਉਗਲ ਰਹੀ ਹੈ ਜਿਹੜੇ ਉੱਥੇ ਰਹਿੰਦੇ ਸਨ।
26 “ਇਸ ਲਈ ਤੁਹਾਨੂੰ ਮੇਰੀਆਂ ਬਿਧੀਆਂ ਅਤੇ ਨਿਆਵਾਂ ਨੂੰ ਮੰਨਣਾ ਚਾਹੀਦਾ ਹੈ। ਤੁਹਾਨੂੰ ਇਹੋ ਜਿਹੇ ਭਿਆਨਕ ਪਾਪ ਨਹੀਂ ਕਰਨੇ ਚਾਹੀਦੇ। ਇਹ ਨੇਮ ਇਸਰਾਏਲ ਦੇ ਨਾਗਰਿਕਾਂ ਲਈ ਅਤੇ ਤੁਹਾਡੇ ਦਰਮਿਆਨ ਰਹਿਣ ਵਾਲੇ ਲੋਕਾਂ ਲਈ ਹਨ। 27 ਜਿਹੜੇ ਲੋਕ ਇਸ ਧਰਤੀ ਉੱਤੇ ਤੁਹਾਡੇ ਤੋਂ ਪਹਿਲਾਂ ਰਹਿੰਦੇ ਸਨ, ਉਨ੍ਹਾਂ ਨੇ ਇਹ ਭਿਆਨਕ ਗੱਲਾਂ ਕੀਤੀਆਂ। ਇਸ ਲਈ ਧਰਤੀ ਨਾਪਾਕ ਹੋ ਗਈ। 28 ਜੇ ਤੁਸੀਂ ਇਹ ਗੱਲਾਂ ਕਰੋਂਗੇ ਤਾਂ ਤੁਸੀਂ ਇਸ ਧਰਤੀ ਨੂੰ ਨਾਪਾਕ ਕਰੋਂਗੇ। ਅਤੇ ਇਹ ਤੁਹਾਨੂੰ ਵੀ ਉਸੇ ਤਰ੍ਹਾਂ ਬਾਹਰ ਉਗਲ ਦੇਵੇਗੀ ਜਿਵੇਂ ਇਸਨੇ ਉਨ੍ਹਾਂ ਕੌਮਾਂ ਨੂੰ ਉਗਲਿਆ ਸੀ ਜੋ ਤੁਹਾਡੇ ਤੋਂ ਪਹਿਲਾਂ ਇੱਥੇ ਸਨ। 29 ਜੇ ਕੋਈ ਬੰਦਾ ਇਹੋ ਜਿਹਾ ਭਿਆਨਕ ਪਾਪ ਕਰਦਾ ਹੈ ਤਾਂ ਉਸ ਬੰਦੇ ਨੂੰ ਉਸ ਦੇ ਲੋਕਾਂ ਵਿੱਚੋਂ ਛੇਕ ਦੇਣਾ ਚਾਹੀਦਾ ਹੈ। 30 ਹੋਰਨਾਂ ਲੋਕਾਂ ਨੇ ਇਹ ਭਿਆਨਕ ਪਾਪ ਕੀਤੇ ਹਨ। ਪਰ ਤੁਹਾਨੂੰ ਮੇਰੀਆਂ ਬਿਧੀਆਂ ਨੂੰ ਮੰਨਣਾ ਚਾਹੀਦਾ ਹੈ। ਤੁਹਾਨੂੰ ਇਹੋ ਜਿਹਾ ਕੋਈ ਭਿਆਨਕ ਗੁਨਾਹ ਨਹੀਂ ਕਰਨਾ ਚਾਹੀਦਾ। ਆਪਣੇ-ਆਪ ਨੂੰ ਇਹੋ ਜਿਹੇ ਪਾਪਾਂ ਨਾਲ ਨਾਪਾਕ ਨਾ ਕਰੋ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।”
ਪਿਲਾਤੁਸ ਦੇ ਸਿਪਾਹੀਆਂ ਵੱਲੋਂ ਯਿਸੂ ਨੂੰ ਮਸਖਰੀਆਂ(A)
27 ਤਦ ਪਿਲਾਤੁਸ ਦੇ ਸਿਪਾਹੀ ਯਿਸੂ ਨੂੰ ਰਾਜਪਾਲ ਦੇ ਮਹਿਲ ਵਿੱਚ ਲਿਆਏ ਅਤੇ ਉਸ ਦੇ ਦੁਆਲੇ ਸਾਰੇ ਪਹਿਰੇਦਾਰ ਇਕੱਠੇ ਕੀਤੇ। 28 ਸਿਪਾਹੀਆਂ ਨੇ ਉਸ ਦੇ ਸਾਰੇ ਕੱਪੜੇ ਲਾਹ ਕੇ ਇੱਕ ਲਾਲ ਚੋਗਾ ਉਸ ਨੂੰ ਪੁਵਾਇਆ। 29 ਕੰਡਿਆਂ ਨੂੰ ਗੁੰਦਕੇ ਉਨ੍ਹਾਂ ਨੇ ਇੱਕ ਕੰਡਿਆਂ ਦਾ ਤਾਜ ਬਨਾਇਆ ਅਤੇ ਉਸ ਦੇ ਸਿਰ ਤੇ ਪਾ ਦਿੱਤਾ। ਇੱਕ ਸੋਟੀ ਉਸ ਦੇ ਸੱਜੇ ਹੱਥ ਵਿੱਚ ਫ਼ੜਵਾ ਦਿੱਤੀ। ਫ਼ਿਰ ਸਿਪਾਹੀ ਉਸ ਅੱਗੇ ਝੁਕੇ ਅਤੇ ਉਸ ਨੂੰ ਮਸਖਰੀ ਕੀਤੀ, “ਹੇ ਯਹੂਦੀਆਂ ਦੇ ਪਾਤਸ਼ਾਹ, ਨਮਸੱਕਾਰ!” 30 ਸਿਪਾਹੀਆਂ ਨੇ ਯਿਸੂ ਉੱਤੇ ਥੁਕਿਆ ਅਤੇ ਫ਼ਿਰ ਉਸ ਦੇ ਹੱਥ ਵਿੱਚ ਫ਼ੜਾਈ ਹੋਈ ਸੋਟੀ ਨੂੰ ਖੋਹਕੇ ਉਸ ਦੇ ਨਾਲ ਕਿੰਨੀ ਵਾਰੀ ਉਸ ਦੇ ਸਿਰ ਤੇ ਸੱਟ ਮਾਰੀ। 31 ਜਦ ਉਹ ਉਸ ਨਾਲ ਮਸਖਰੀ ਕਰ ਹਟੇ ਤਾਂ ਉਨ੍ਹਾਂ ਨੇ ਉਹ ਲਾਲ ਚੋਗਾ ਉਸਤੋਂ ਲਾਹਕੇ, ਉਸ ਦੇ ਕੱਪੜੇ ਉਸ ਨੂੰ ਪੁਆਏ ਅਤੇ ਸਲੀਬ ਉੱਤੇ ਚੜ੍ਹਾਉਣ ਲਈ ਉਸ ਨੂੰ ਲੈ ਗਏ।
ਯਿਸੂ ਦਾ ਸਲੀਬ ਤੇ ਮਾਰਿਆ ਜਾਣਾ(B)
32 ਜਦੋਂ ਸਿਪਾਹੀ ਯਿਸੂ ਨੂੰ ਸ਼ਹਿਰ ਤੋਂ ਬਾਹਰ ਲੈ ਜਾ ਰਹੇ ਸਨ, ਉਨ੍ਹਾਂ ਨੇ ਕੁਰੇਨੀ ਦੇ ਸ਼ਮਊਨ ਨੂੰ ਵੇਖਿਆ, ਅਤੇ ਉਸ ਨੂੰ ਯਿਸੂ ਦੀ ਸਲੀਬ ਚੁੱਕਣ ਲਈ ਮਜਬੂਰ ਕੀਤਾ। 33 ਉਹ ਗਲਗਥਾ ਨਾਉਂ ਦੀ ਜਗ੍ਹਾ ਤੇ ਪਹੁੰਚੇ ਜਿਸਦਾ ਅਰਥ ਹੈ “ਖੋਪਰੀ ਦੀ ਥਾਂ।” 34 ਉੱਥੇ, ਉਨ੍ਹਾਂ ਨੇ ਯਿਸੂ ਨੂੰ ਪਿਤ ਨਾਲ ਮਿਸ਼੍ਰਿਤ ਮੈਅ ਪੀਣ ਨੂੰ ਦਿੱਤੀ। ਪਰ ਇਸਦਾ ਸੁਆਦ ਦੇਖਣ ਤੋਂ ਬਾਦ, ਉਸ ਨੇ ਇਸ ਨੂੰ ਪੀਣ ਤੋਂ ਇਨਕਾਰ ਕਰ ਦਿੱਤਾ।
35 ਤਾਂ ਉਨ੍ਹਾਂ ਨੇ ਉਸ ਨੂੰ ਸਲੀਬ ਤੇ ਚੜ੍ਹਾਇਆ ਅਤੇ ਉਸ ਨੂੰ ਕਿੱਲਾਂ ਠੋਕੀਆਂ। ਪਰਚੀਆਂ ਪਾਕੇ ਉਨ੍ਹਾਂ ਨੇ ਆਪਣੇ ਵਿੱਚਕਾਰ ਉਸ ਦੇ ਕੱਪੜੇ ਵੰਡ ਲਏ। 36 ਸਿਪਾਹੀ ਉੱਥੇ ਬੈਠੇ ਉਸਦੀ ਪਹਿਰੇਦਾਰੀ ਕਰ ਰਹੇ ਸਨ। 37 ਉਨ੍ਹਾਂ ਨੇ ਉਸ ਦੇ ਖਿਲਾਫ਼ ਦੋਸ਼ਾਂ ਦੀ ਨਿਸ਼ਾਨ ਪੱਤਰੀ ਯਿਸੂ ਦੇ ਸਿਰ ਤੇ ਪਾ ਦਿੱਤੀ। ਜਿਸ ਅਤੇ ਲਿਖਿਆ ਸੀ, “ ਇਹ ਯਹੂਦੀਆਂ ਦਾ ਪਾਤਸ਼ਾਹ ਯਿਸੂ ਹੈ।”
38 ਯਿਸੂ ਦੇ ਆਸੇ-ਪਾਸੇ ਹੋਰ ਦੋ ਜਣਿਆਂ ਨੂੰ ਸਲੀਬ ਦਿੱਤੀ ਗਈ ਸੀ। ਇੱਕ ਸੱਜੇ ਪਾਸੇ ਅਤੇ ਦੂਜਾ ਖੱਬੇ ਪਾਸੇ। 39 ਅਤੇ ਆਉਣ ਜਾਣ ਵਾਲੇ ਲੋਕ ਉਸ ਨੂੰ ਆਉਂਦੇ ਜਾਂਦੇ ਹੋਏ ਤਾਨੇ ਮਾਰਨ ਲੱਗੇ ਅਤੇ ਸਿਰ ਹਿਲਾਕੇ ਕਹਿਣ ਲੱਗੇ, 40 “ਤੂੰ ਜੋ ਕਹਿੰਦਾ ਸੀ ਕਿ ਇਸ ਮੰਦਰ ਨੂੰ ਢਾਹ ਕੇ ਤਿੰਨ ਦਿਨਾਂ ਵਿੱਚ ਦੋਬਾਰਾ ਬਣਾ ਸੱਕਦਾ ਹੈਂ, ਹੁਣ ਆਪਣੇ-ਆਪ ਨੂੰ ਬਚਾ? ਜੇ ਤੁਂ ਸੱਚ ਵਿੱਚ ਪਰਮੇਸ਼ੁਰ ਦਾ ਪੁੱਤਰ ਹੈਂ ਤਾਂ ਸਲੀਬ ਤੋਂ ਉੱਤਰ ਕੇ ਆਪਣੇ-ਆਪ ਨੂੰ ਬਚਾ।”
41 ਇਸ ਤਰ੍ਹਾਂ ਪ੍ਰਧਾਨ ਜਾਜਕਾਂ, ਨੇਮ ਦੇ ਉਪਦੇਸ਼ਕਾਂ ਅਤੇ ਬਜ਼ੁਰਗ ਯਹੂਦੀ ਆਗੂਆਂ ਨੇ ਯਿਸੂ ਦਾ ਮਜ਼ਾਕ ਉਡਾਇਆ 42 ਉਨ੍ਹਾਂ ਨੇ ਆਖਿਆ, “ਉਸਨੇ ਹੋਰਨਾਂ ਨੂੰ ਬਚਾਇਆ, ਪਰ ਉਹ ਆਪਣੇ-ਆਪ ਨੂੰ ਨਹੀਂ ਬਚਾ ਸੱਕਦਾ। ਲੋਕ ਉਸ ਨੂੰ ਇਸਰਾਏਲ ਦਾ ਪਾਤਸ਼ਾਹ ਬੁਲਾਉਂਦੇ ਹਨ। ਜੇਕਰ ਉਹ ਪਾਤਸ਼ਾਹ ਹੈ ਤਾਂ ਉਹ ਸਲੀਬ ਤੋਂ ਹੇਠਾਂ ਉਤਰ ਆਵੇ, ਅਤੇ ਅਸੀਂ ਉਸ ਵਿੱਚ ਵਿਸ਼ਵਾਸ ਕਰਾਂਗੇ। 43 ਉਸ ਨੇ ਪਰਮੇਸ਼ੁਰ ਵਿੱਚ ਭਰੋਸਾ ਰੱਖਿਆ। ਜੇਕਰ ਉਹ ਚਾਹੁੰਦਾ ਹੈ ਤਾਂ ਹੁਣ ਪਰਮੇਸ਼ੁਰ ਉਸ ਨੂੰ ਬਚਾਵੇ। ਉਸ ਨੇ ਖੁਦ ਹੀ ਆਖਿਆ ਸੀ, ‘ਮੈਂ ਪਰਮੇਸ਼ੁਰ ਦਾ ਪੁੱਤਰ ਹਾਂ।’” 44 ਜੋ ਡਾਕੂ ਯਿਸੂ ਦੇ ਨਾਲ ਸਲੀਬ ਤੇ ਚੜ੍ਹਾਏ ਗਏ ਸਨ, ਉਨ੍ਹਾਂ ਨੇ ਵੀ ਯਿਸੂ ਨੂੰ ਬੇਇੱਜ਼ਤੀ ਵਾਲੇ ਸ਼ਬਦ ਆਖੇ।
ਯਿਸੂ ਦੀ ਮੌਤ(C)
45 ਦੁਪਿਹਰ ਵੇਲੇ, ਹਨੇਰੇ ਨੇ ਸਾਰੇ ਦੇਸ਼ ਨੂੰ ਢੱਕ ਲਿਆ। ਜੋ ਕਿ ਤਕਰੀਬਨ ਤਿੰਨ ਘੰਟੇ ਰਿਹਾ। 46 ਤਕਰੀਬਨ ਤਿੰਨ ਵਜੇ ਯਿਸੂ ਨੇ ਉੱਚੀ ਅਵਾਜ਼ ਵਿੱਚ ਪੁਕਾਰਿਆ, “ਏਲੀ-ਏਲੀ ਲਮਾ ਸਬਕਤਾਨੀ?” ਇਸਦਾ ਮਤਲਬ ਸੀ, “ਹੇ ਮੇਰੇ ਪਰਮੇਸ਼ੁਰ, ਹੇ ਮੇਰੇ ਪਰਮੇਸ਼ੁਰ, ਤੂੰ ਮੈਨੂੰ ਕਿਉਂ ਛੱਡ ਦਿੱਤਾ ਹੈ?” [a]
47 ਕੁਝ ਲੋਕ ਜੋ ਉੱਥੇ ਖੜ੍ਹੇ ਸਨ ਉਨ੍ਹਾਂ ਨੇ ਇਹ ਸੁਣਿਆ ਅਤੇ ਲੋਕਾਂ ਕਿਹਾ, “ਇਹ ਏਲੀਯਾਹ ਨੂੰ ਅਵਾਜ਼ ਮਾਰਦਾ ਹੈ।”
48 ਤੁਰੰਤ ਹੀ, ਉਨ੍ਹਾਂ ਵਿੱਚੋਂ ਇੱਕ ਬੰਦਾ ਭੱਜਕੇ ਗਿਆ ਅਤੇ ਇੱਕ ਸਪੰਜ ਲੈ ਆਇਆ। ਅਤੇ ਉਸ ਨੂੰ ਸਿਰਕੇ ਵਿੱਚ ਭਿਉਂਇਆ ਅਤੇ ਸਪੰਜ ਨੂੰ ਸੋਟੀ ਤੇ ਬੰਨ੍ਹਿਆ ਅਤੇ ਉਸ ਵਿੱਚੋਂ ਪੀਣ ਲਈ ਯਿਸੂ ਨੂੰ ਦਿੱਤਾ। 49 ਪਰ ਦੂਜੇ ਲੋਕਾਂ ਨੇ ਆਖਿਆ, “ਇੰਤਜ਼ਾਰ ਕਰੀਏ ਅਤੇ ਵੇਖਿਏ ਕਿ ਕੀ ਏਲੀਯਾਹ ਉਸ ਨੂੰ ਬਚਾਉਣ ਆਉਂਦਾ ਹੈ?”
50 ਫ਼ੇਰ ਯਿਸੂ ਇੱਕ ਵਾਰ ਬਹੁਤ ਉੱਚੀ ਅਵਾਜ਼ ਨਾਲ ਚੀਕਿਆ ਅਤੇ ਪ੍ਰਾਣ-ਹੀਣ ਹੋ ਗਿਆ।
2010 by World Bible Translation Center