Print Page Options
Previous Prev Day Next DayNext

Old/New Testament

Each day includes a passage from both the Old Testament and New Testament.
Duration: 365 days
Punjabi Bible: Easy-to-Read Version (ERV-PA)
Version
2 ਸਮੂਏਲ 23-24

ਦਾਊਦ ਦੇ ਅੰਤਿਮ ਬਚਨ

23 ਦਾਊਦ ਦੇ ਅੰਤਿਮ ਸ਼ਬਦ:

“ਇਹ ਗੀਤ ਯੱਸੀ ਦੇ ਪੁੱਤਰ ਦਾਊਦ ਦਾ ਸੀ।
    ਇਹ ਗੀਤ ਉਸ ਮਨੁੱਖ ਦਾ ਹੈ
ਜੋ ਉੱਚਾ ਚੁੱਕਿਆ ਗਿਆ ਸੀ ਅਤੇ ਯਾਕੂਬ ਦੇ ਪਰਮੇਸ਼ੁਰ ਦਾ ਮਸਹ ਕੀਤਾ ਹੋਇਆ ਸੀ।
    ਉਹ ਇਸਰਾਏਲ ਦੇ ਰੱਖਿਅਕ ਦਾ ਮਨਪਸੰਦ ਸੀ। [a]
ਯਹੋਵਾਹ ਦਾ ਆਤਮਾ ਮੇਰੇ ਵਿੱਚੋਂ ਬੋਲਿਆ
    ਅਤੇ ਉਸਦਾ ਬਚਨ ਮੇਰੀ ਜ਼ਬਾਨ ਉੱਤੇ ਸੀ।
ਇਸਰਾਏਲ ਦੇ ਪਰਮੇਸ਼ੁਰ ਨੇ ਆਖਿਆ,
    ਇਸਰਾਏਲ ਦੀ ਚੱਟਾਨ ਨੇ ਮੈਨੂੰ ਆਖਿਆ,
‘ਜਿਹੜਾ ਮਨੁੱਖਾਂ ਉੱਪਰ ਧਰਮ ਨਾਲ ਰਾਜ ਕਰਦਾ ਹੈ
    ਜੋ ਪਰਮੇਸ਼ੁਰ ਦੀ ਭੌ ਨਾਲ ਰਾਜ ਕਰਦਾ ਹੈ।
ਉਹ ਮਨੁੱਖ ਸਵੇਰ ਦੇ ਚਾਨਣ ਵਾਂਗ ਹੋਵੇਗਾ ਜਦੋਂ ਸੂਰਜ ਨਿਕਲਦਾ ਹੀ ਹੈ,
    ਅਜਿਹੀ ਸਵੇਰ ਜਿਸ ਵਿੱਚ ਬੱਦਲ ਨਾ ਹੋਣ
ਅਤੇ ਬਰਖਾ ਬਾਅਦ ਉਸ ਚਮਕਦੀ ਧੁੱਪ ਵਰਗਾ ਤੇ ਉਸ ਘਾਹ ਵਰਗਾ,
    ਜੋ ਮੀਂਹ ਤੋਂ ਪਿੱਛੋਂ ਧੁੱਪ ਦੇ ਕਾਰਣ ਧਰਤੀ ਉੱਪਰ ਉੱਗਦਾ ਹੈ।’

“ਪਰਮੇਸ਼ੁਰ ਨੇ ਮੇਰਾ ਪਰਿਵਾਰ ਬਲਵਾਨ ਤੇ ਸੁਰੱਖਿਅਤ ਕੀਤਾ
    ਉਸ ਨੇ ਸਦਾ ਲਈ ਮੇਰੇ ਨਾਲ ਇਕਰਾਰਨਾਮਾ ਕੀਤਾ
ਜੋ ਸਾਰੀਆਂ ਗੱਲਾਂ ਵਿੱਚ ਠੀਕ ਅਤੇ ਪੱਕਾ ਹੈ ਜ਼ਰੂਰ ਹੀ
    ਉਹ ਮੈਨੂੰ ਹਮੇਸ਼ਾ ਜੇਤੂ ਰੱਖੇਗਾ ਅਤੇ ਮੇਰੀਆਂ ਇੱਛਾਵਾਂ ਪੂਰੀਆਂ ਕਰੇਗਾ!

“ਪਰ ਬੇਧਰਮੀ ਸਾਰੇ ਕੰਡਿਆਂ ਵਾਂਗ ਲਾਂਭੇ ਸੁੱਟੇ ਜਾਣਗੇ
    ਕਿਉਂ ਜੋ ਉਹ ਹੱਥਾਂ ਨਾਲ ਫ਼ੜੇ ਨਹੀਂ ਜਾਂਦੇ।
ਜੇਕਰ ਕੋਈ ਮਨੁੱਖ ਉਨ੍ਹਾਂ ਨੂੰ ਛੂਹ ਲਵੇ ਤਾਂ
    ਉਹ ਛਿਲਤਰ ਜਾਂ ਸੂਈ ਵਾਂਗ ਕਿੱਲ ਵਾਂਗ ਚੁੱਭਦੇ ਹਨ।
ਹਾਂ ਉਹ ਲੋਕ ਕੰਡਿਆਂ ਵਰਗੇ ਹਨ
    ਉਹ ਅੱਗ ਵਿੱਚ ਝੋਂਕੇ ਜਾਣਗੇ
    ਅਤੇ ਪੂਰੀ ਤਰ੍ਹਾਂ ਸਾੜੇ ਜਾਣਗੇ।”

ਤਿੰਨ ਨਾਇੱਕ

ਦਾਊਦ ਦੇ ਸੂਰਮੇ ਇਹ ਹਨ:

ਤਾਹਕਮੋਨੀ ਯੋਸ਼ੇਬ-ਬੱਸ਼ਬਥ ਉਹ ਤਿੰਨਾਂ ਨਾਇੱਕਾਂ ਉੱਤੇ ਕਪਤਾਨ ਸੀ। ਉਸ ਨੇ ਇਕੋ ਵਾਰ ਵਿੱਚ ਆਪਣੇ ਬਰਛੇ ਨਾਲ 800 ਆਦਮੀਆਂ ਨੂੰ ਮਾਰ ਦਿੱਤਾ ਸੀ।

ਇਸਤੋਂ ਬਾਅਦ ਦੂਜਾ ਦੋਦੀ ਦਾ ਪੁੱਤਰ ਅਲਆਜ਼ਾਰ ਅਹੋਹੀ ਸੀ। ਅਲਆਜ਼ਾਰ ਉਨ੍ਹਾਂ ਤਿੰਨ ਨਾਇੱਕਾਂ ਵਿੱਚੋਂ ਸੀ ਜਿਹੜੇ ਕਿ ਦਾਊਦ ਨਾਲ ਫ਼ਲਿਸਤੀਆਂ ਉੱਤੇ ਵੰਗਾਰ ਵੇਲੇ ਨਾਲ ਚੜ੍ਹੇ ਸਨ ਜਦੋਂ ਉਹ ਫ਼ਲਿਸਤੀਆਂ ਉੱਤੇ ਹਮਲਾ ਕਰਨ ਲਈ ਇਕੱਠੇ ਹੋਏ ਸਨ, ਪਰ ਉਸ ਵਕਤ ਇਸਰਾਏਲੀ ਸੈਨਿਕ ਭੱਜ ਖੜੋਤੇ ਸਨ। 10 ਅਲਆਜ਼ਾਰ ਫ਼ਲਿਸਤੀਆਂ ਨਾਲ ਉਸ ਵਕਤ ਤੱਕ ਲੜਦਾ ਰਿਹਾ ਜਦ ਤੀਕ ਉਹ ਥਕ ਨਾ ਗਿਆ। ਪਰ ਉਹ ਤਦ ਵੀ ਤਲਵਾਰ ਨੂੰ ਕੱਸ ਕੇ ਫ਼ੜੀ ਲਗਾਤਾਰ ਲੜਦਾ ਰਿਹਾ। ਉਸ ਦਿਨ ਯਹੋਵਾਹ ਨੇ ਇਸਰਾਏਲ ਨੂੰ ਭਾਰੀ ਜਿੱਤ ਲੈ ਦਿੱਤੀ। ਜਦੋਂ ਅਲਆਜ਼ਾਰ ਜਿੱਤ ਗਿਆ ਤਾਂ ਲੋਕ ਘਰਾਂ ਵਿੱਚ ਵਾਪਸ ਆ ਗਏ ਪਰ ਲੋਕ ਉਸ ਦੇ ਪਿੱਛੇ ਸਿਰਫ਼ ਲੁੱਟ ਮਾਰ ਕਰਨ ਲਈ ਮੁੜ ਆਏ।

11 ਉਸ ਤੋਂ ਪਿੱਛੋਂ ਹਰਾਰੀ ਅਗੀ ਦਾ ਪੁੱਤਰ ਸ਼ੰਮਾਹ ਸੀ। ਫ਼ਲਿਸਤੀ ਲੜਨ ਲਈ ਇਕੱਠੇ ਹੋਕੇ ਇੱਕ ਮਸਰਾਂ ਦੇ ਖੇਤ ਵਿੱਚ ਆਏ ਤਾਂ ਸਭ ਲੋਕ ਉਨ੍ਹਾਂ ਅੱਗੇ ਭੱਜ ਗਏ। 12 ਪਰ ਸ਼ੰਮਾਹ ਉਸ ਪੈਲੀ ਦੇ ਵਿੱਚਕਾਰ ਖਲੋਤਾ ਰਿਹਾ ਅਤੇ ਉਸ ਨੂੰ ਬਚਾਇਆ। ਉਸ ਨੇ ਫ਼ਲਿਸਤੀਆਂ ਨੂੰ ਹਰਾਇਆ। ਉਸ ਦਿਨ ਵੀ ਯਹੋਵਾਹ ਨੇ ਇਸਰਾਏਲੀ ਨੂੰ ਵੱਡੀ ਜਿੱਤ ਦਿੱਤੀ।

13 ਇੱਕ ਵਾਰ ਉਨ੍ਹਾਂ ਤੀਹਾਂ ਮੁਖੀਆਂ ਵਿੱਚੋਂ ਤਿੰਨ ਨਿਕਲ ਗਏ ਅਤੇ ਅਦੁਲਾਮ ਦੀ ਗੁਫ਼ਾ ਨੂੰ ਵਾਢੀਆਂ ਦੇ ਵਕਤ ਦਾਊਦ ਕੋਲ ਆਏ, ਅਤੇ ਫ਼ਲਿਸਤੀਆਂ ਦੇ ਦਲ ਨੇ ਰਫ਼ਾਈਮ ਦੀ ਵਾਦੀ ਵਿੱਚ ਤੰਬੂ ਲਾਏ ਹੋਏ ਸਨ।

14 ਇੰਝ ਹੀ ਇੱਕ ਵਾਰ, ਦਾਊਦ ਇੱਕ ਗੜ੍ਹੀ ਵਿੱਚ ਸੀ ਅਤੇ ਕੁਝ ਫ਼ਲਿਸਤੀ ਸਿਪਾਹੀ ਬੈਤਲਹਮ ਵਿੱਚ ਸਨ। 15 ਦਾਊਦ ਆਪਣੇ ਨਗਰ ਦਾ ਪਾਣੀ ਪੀਣ ਲਈ ਬਹੁਤ ਉਤਸੁਕ ਸੀ ਇਸ ਲਈ ਉਸ ਨੇ ਆਖਿਆ, “ਮੈਂ ਇੱਛਾ ਕਰਦਾ ਕਿ ਕਾਸ਼ ਕੋਈ ਮੈਨੂੰ ਬੈਤਲਹਮ ਦੇ ਪ੍ਰਵੇਸ਼ ਵਾਲੇ ਖੂਹ ਤੋਂ ਪਾਣੀ ਲਿਆਕੇ ਦੇਵੇ।” 16 ਪਰ ਉਨ੍ਹਾਂ ਤਿੰਨਾਂ ਨਾਇੱਕਾਂ ਨੇ ਫ਼ਲਿਸਤੀਆਂ ਦੇ ਡੇਰੇ ਦੇ ਵਿੱਚੋਂ ਦੀ ਲੰਘਕੇ ਬੈਤਲਹਮ ਦੇ ਖੂਹ ਤੋਂ ਪਾਣੀ ਭਰਿਆ, ਜਿਹੜਾ ਕਿ ਉਸੇ ਫ਼ਾਟਕ ਉੱਪਰ ਸੀ ਅਤੇ ਪਾਣੀ ਭਰਕੇ ਦਾਊਦ ਨੂੰ ਲਿਆਕੇ ਦਿੱਤਾ। ਪਰ ਦਾਊਦ ਨੇ ਉਹ ਪਾਣੀ ਨਾ ਪੀਤਾ ਸਗੋਂ ਉਸ ਨੂੰ ਭੇਟ ਵਜੋਂ ਯਹੋਵਾਹ ਦੇ ਅੱਗੇ ਡੋਲ੍ਹ ਦਿੱਤਾ। 17 ਦਾਊਦ ਨੇ ਆਖਿਆ, “ਹੇ ਯਹੋਵਾਹ! ਮੈਂ ਇਹ ਪਾਣੀ ਨਹੀਂ ਪੀ ਸੱਕਦਾ, ਇਹ ਪਾਣੀ ਪੀਣਾ ਉਨ੍ਹਾਂ ਵੀਰ ਸੂਰਮਿਆਂ ਦਾ ਖੂਨ ਪੀਣ ਦੇ ਬਰਾਬਰ ਹੋਵੇਗਾ, ਜਿਨ੍ਹਾਂ ਨੇ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਮੇਰੇ ਲਈ ਇਹ ਪਾਣੀ ਲਿਆਂਦਾ ਹੈ।” ਇਸੇ ਕਾਰਣ ਦਾਊਦ ਨੇ ਪਾਣੀ ਪੀਣ ਤੋਂ ਇਨਕਾਰ ਕੀਤਾ। ਇੰਝ ਇਨ੍ਹਾਂ ਤਿੰਨਾਂ ਨਾਇੱਕਾਂ ਨੇ ਅਜਿਹੇ ਬੜੇ ਸੂਰਮਗਤੀ ਦੇ ਕਾਰਜ ਕੀਤੇ।

ਹੋਰ ਬਹਾਦੁਰ ਸਿਪਾਹੀ

18 ਸਰੂਯਾਹ ਦੇ ਪੁੱਤਰ ਯੋਆਬ ਦਾ ਭਰਾ ਅਬੀਸ਼ਈ ਵੀ ਤਿੰਨਾਂ ਵਿੱਚੋਂ ਮੁਖੀਆਂ ਸੀ। ਅਬੀਸ਼ਈ ਨੇ ਇੱਕੋ ਵੇਲੇ 300 ਮਨੁੱਖਾਂ ਉੱਤੇ ਬਰਛੀ ਚਲਾਈ ਅਤੇ ਉਨ੍ਹਾਂ ਨੂੰ ਵੱਢ ਸੁੱਟਿਆ ਅਤੇ ਉਹ ਵੀ ਤਿੰਨਾਂ ਵਾਂਗ ਬੜਾ ਨਾਮੀ ਬਣਿਆ। 19 ਅਬੀਸ਼ਈ ਦੀ ਪ੍ਰਸਿੱਧੀ ਵੀ ਉਨ੍ਹਾਂ ਤਿੰਨਾਂ ਨਾਇੱਕਾਂ ਵਾਂਗ ਹੋਈ ਅਤੇ ਉਹ ਉਨ੍ਹਾਂ ਦਾ ਆਗੂ ਬਣਿਆ ਭਾਵੇਂ ਉਹ ਉਨ੍ਹਾਂ ਵਿੱਚੋਂ ਇੱਕ ਨਹੀਂ ਸੀ ਤੇ ਨਾ ਹੀ ਉਨ੍ਹਾਂ ਵਰਗਾ ਸੀ ਫ਼ਿਰ ਵੀ ਉਨ੍ਹਾਂ ਦਾ ਸਰਦਾਰ ਬਣਿਆ।

20 ਫ਼ੇਰ ਯਹੋਯਾਦਾ ਦਾ ਪੁੱਤਰ ਬਨਾਯਾਹ, ਕਬਸਏਲ ਤੋਂ ਇੱਕ ਵੱਡੇ ਸੂਰਮੇ ਮਨੁੱਖ ਦਾ ਪੋਤਰਾ ਸੀ, ਜਿਸ ਨੇ ਕਈ ਵੱਡੇ ਕੰਮ ਕੀਤੇ ਸਨ। ਉਸ ਨੇ ਮੋਆਬ ਦੇ ਦੋ ਜੁਆਨਾਂ ਨੂੰ ਮਾਰ ਸੁੱਟਿਆ ਅਤੇ ਬਰਫ਼ ਦੇ ਦਿਨਾਂ ਵਿੱਚ ਇੱਕ ਟੋਏ ਵਿੱਚ ਇੱਕ ਸ਼ੇਰ ਨੂੰ ਮਾਰ ਸੁੱਟਿਆ। ਬਨਾਯਾਹ ਨੇ ਬੜੀ ਬਹਾਦੁਰੀ ਦੇ ਕੰਮ ਕੀਤੇ। 21 ਇਉਂ ਹੀ ਇੱਕ ਵਾਰ ਉਸ ਨੇ ਇੱਕ ਮਿਸਰੀ ਸਿਪਾਹੀ ਨੂੰ ਵੱਢ ਸੁੱਟਿਆ। ਉਸ ਮਿਸਰ ਦੇ ਸਿਪਾਹੀ ਦੇ ਹੱਥ ਵਿੱਚ ਇੱਕ ਬਰਛੀ ਸੀ ਪਰ ਉਹ ਸੋਟੀ ਲੈ ਕੇ ਉਸ ਉੱਪਰ ਆਣ ਪਿਆ ਅਤੇ ਉਸ ਮਿਸਰੀ ਦੇ ਹੱਥ ਵਿੱਚੋਂ ਉਸ ਨੇ ਬਰਛੀ ਖੋਹ ਲਈ ਅਤੇ ਉਸਦੀ ਹੀ ਬਰਛੀ ਨਾਲ ਉਸ ਨੂੰ ਮਾਰ ਸੁੱਟਿਆ। 22 ਯਹੋਯਾਦਾ ਦੇ ਪੁੱਤਰ ਬਨਾਯਾਹ ਨੇ ਇੰਝ ਦੇ ਹੋਰ ਵੀ ਬਹਾਦੁਰੀ ਦੇ ਕਈ ਕੰਮ ਕੀਤੇ। ਬਨਾਯਾਹ ਵੀ ਤਿੰਨਾਂ ਨਾਇੱਕਾਂ ਵਾਂਗ ਬੜਾ ਮਸ਼ਹੂਰ ਹੋਇਆ। 23 ਬਨਾਯਾਹ ਸਗੋਂ 30 ਸੂਰਮਿਆਂ ਤੋਂ ਵੀ ਵੱਧ ਪ੍ਰਸਿੱਧ ਹੋਇਆ। ਪਰ ਉਹ ਤਿੰਨ ਨਾਇੱਕਾਂ ਦੇ ਸੰਗ ਦਾ ਸਦੱਸ ਨਾ ਬਣਿਆ ਸਗੋਂ ਦਾਊਦ ਨੇ ਉਸ ਨੂੰ ਆਪਣੇ ਅੰਗ ਰੱਖਿਅਕਾਂ ਦਾ ਆਗੂ ਠਹਿਰਾਇਆ।

ਤੀਹ ਨਾਇੱਕ

24 ਅਸਾਹੇਲ ਜੋ ਯੋਆਬ ਦਾ ਭਰਾ ਸੀ, ਉਨ੍ਹਾਂ 30 ਵਿੱਚੋਂ ਸੀ। 30 ਸੂਰਮਿਆਂ ਦੇ ਸੰਗ ਵਿੱਚ ਹੋਰ ਬਾਕੀ ਦੇ ਸੂਰਮੇ ਸਨ।

ਜਿਨ੍ਹਾਂ ਵਿੱਚ ਇੱਕ ਅਲਹਾਨਾਨ ਸੀ ਜੋ ਕਿ

ਬੈਤਲਹਮ ਤੋਂ ਦੋਦੋ ਦਾ ਪੁੱਤਰ ਸੀ।

25 ਸ਼ੰਮਾਹ ਹਰੋਦੀ ਅਤੇ

ਅਲੀਕਾ ਹਰੋਦੀ ਸੀ।

26 ਹਲਸ ਪਲਟੀ ਅਤੇ

ਇੱਕ ਇੱਕੇਸ਼ ਤਕੋਈ ਦਾ ਪੁੱਤਰ ਈਰਾ ਸੀ।

27 ਅਬੀਅਜ਼ਰ ਅੰਨਥੋਥੀ

ਮਬੁੰਨਈ ਹੁਸ਼ਾਥੀ।

28 ਸਲਮੋਨ ਅਹੋਹੀ ਅਤੇ

ਮਹਰਈ ਨਟੋਫ਼ਾਥੀ।

29 ਬਆਨਾਹ ਦਾ ਪੁੱਤਰ ਹੇਲਬ, ਇੱਕ ਨਟੋਫ਼ਾਥੀ ਅਤੇ

ਰੀਬਈ ਦਾ ਪੁੱਤਰ ਇੱਤਈ ਜੋ ਬਿਨਯਾਮੀਨੀਆਂ ਵਿੱਚੋਂ ਗਿਬਆਹ ਤੋਂ ਸੀ।

30 ਬਨਾਯਾਹ ਪਿਰਾਥੋਨੀ ਅਤੇ

ਗਆਸ਼ ਦੇ ਦਰਿਆਵਾਂ ਤੋਂ ਹਿੱਦਈ।

31 ਅਬੀ-ਅਲਬੋਨ ਅਰਬਾਥੀ,

ਅਜ਼ਮਾਵਥ ਬਰਹੁਮੀ।

32 ਅਲਯਹਬਾ ਸ਼ਅਲਬੋਨੀ ਅਤੇ

ਯਾਸੇਨ ਦੇ ਪੁੱਤਰਾਂ ਤੋਂ ਯੋਨਾਥਾਨ।

33 ਸ਼ੰਮਾਹ ਹਰਾਰੀ ਅਤੇ

ਸ਼ਾਗਰ ਅਰਾਰੀ ਦਾ ਪੁੱਤਰ ਅਹੀਆਮ।

34 ਉਸ ਮਆਕਾਥੀ ਤਾਂ ਅਹਸਬਈ ਮਆਕਾਥੀ ਦਾ ਪੁੱਤਰ ਅਲੀਫ਼ਲਟ ਅਤੇ

ਅਹੀਥੋਫ਼ਲ ਗਿਲੋਨੀ ਦਾ ਪੁੱਤਰ ਅਲੀਆਮ।

35 ਹਸਰਈ ਕਰਮਲੀ ਅਤੇ

ਪਅਰਈ ਅਰਬੀ।

36 ਸੋਬਾਹ ਤੋਂ ਨਾਥਾਨ ਦਾ ਪੁੱਤਰ ਯਿਗਾਲ ਅਤੇ

ਬਾਨੀ ਗਾਦੀ।

37 ਸਲਕ ਅੰਮੋਨੀ ਅਤੇ

ਨਹਰਈ ਬਏਰੋਥੀ ਜੋ ਸਰੂਯਾਹ ਦੇ ਪੁੱਤਰ ਯੋਆਬ ਦੇ ਸ਼ਸਤਰ ਚੁੱਕਣ ਵਾਲੇ ਸਨ।

38 ਈਰਾ ਯਿਬਰੀ ਅਤੇ

ਗਾਰੇਬ ਯਿਬਥ।

39 ਊਰਿੱਯਾਹ ਹਿੱਤੀ

ਇਹ ਸਾਰੇ ਕੁੱਲ ਮਿਲਾ ਕੇ 37 ਸਨ।

ਦਾਊਦ ਨੇ ਸੈਨਾ ਦੀ ਗਿਣਤੀ ਕਰਨ ਦਾ ਫੈਸਲਾ ਕੀਤਾ

24 ਇੱਕ ਵਾਰ ਫੇਰ ਯਹੋਵਾਹ ਇਸਰਾਏਲ ਉੱਪਰ ਬਹੁਤ ਕ੍ਰੋਧਿਤ ਸੀ ਅਤੇ ਦਾਊਦ ਨੂੰ ਇਸਰਾਏਲ ਦੇ ਖਿਲਾਫ਼ ਮੋੜ ਦਿੱਤਾ, “ਯਹੋਵਾਹ ਨੇ ਆਖਿਆ, ਜਾ ਅਤੇ ਜਾਕੇ ਇਸਰਾਏਲ ਅਤੇ ਯਹੂਦਾਹ ਦੇ ਲੋਕਾਂ ਦੀ ਗਿਣਤੀ ਕਰ।”

ਦਾਊਦ ਪਾਤਸ਼ਾਹ ਨੇ ਯੋਆਬ ਨੂੰ ਜੋ ਕਿ ਸੈਨਾਪਤੀ ਸੀ ਉਸ ਨੂੰ ਜੋ ਉਸ ਦੇ ਨਾਲ ਸੀ ਕਿਹਾ, “ਇਸਰਾਏਲ ਦੇ ਸਾਰੇ ਪਰਿਵਾਰ ਸਮੂਹਾਂ ਵਿੱਚ ਦਾਨ ਤੋਂ ਲੈ ਕੇ ਬਏਰਸ਼ਬਾ ਤੀਕ ਲੰਘ ਜਾ ਅਤੇ ਜਾਕੇ ਲੋਕਾਂ ਦੀ ਗਿਣਤੀ ਕਰ ਤਾਂ ਜੋ ਮੈਨੂੰ ਪਤਾ ਚੱਲੇ ਕਿ ਲੋਕਾਂ ਦੀ ਗਿਣਤੀ ਕਿੰਨੀ ਹੈ?”

ਪਰ ਯੋਆਬ ਨੇ ਪਾਤਸ਼ਾਹ ਨੂੰ ਕਿਹਾ, “ਯਹੋਵਾਹ ਤੁਹਾਡਾ ਪਰਮੇਸ਼ੁਰ ਲੋਕਾਂ ਨੂੰ ਉਸ ਨਾਲੋਂ ਜਿੰਨੇ ਉਹ ਹਨ ਜੇਕਰ ਸੌ ਗੁਣਾ ਵੀ ਵੱਧ ਕਰ ਦੇਵੇ ਅਤੇ ਮੇਰੇ ਮਹਾਰਾਜ ਪਾਤਸ਼ਾਹ ਦੀਆਂ ਅੱਖਾਂ ਵੀ ਇਹ ਗੱਲ ਵੇਖਣ, ਪਰ ਇਸ ਗੱਲ ਦੇ ਕਾਰਣ ਮੇਰੇ ਮਹਾਰਾਜ ਪਾਤਸ਼ਾਹ ਦਾ ਮਨ ਕਿਸ ਲਈ ਖੁਸ਼ ਹੁੰਦਾ ਹੈ ਅਤੇ ਤੁਸੀਂ ਇੰਝ ਕਿਉਂ ਕਰਨਾ ਚਾਹੁੰਦੇ ਹੋ?”

ਦਾਊਦ ਪਾਤਸ਼ਾਹ ਨੇ ਬੜੀ ਸਖਤੀ ਨਾਲ ਯੋਆਬ ਅਤੇ ਸੈਨਾ ਦੇ ਹੋਰ ਕਪਤਾਨਾਂ ਨੂੰ ਲੋਕਾਂ ਦੀ ਗਿਣਤੀ ਕਰਨ ਦਾ ਹੁਕਮ ਦਿੱਤਾ। ਤਾਂ ਫਿਰ ਯੋਆਬ ਅਤੇ ਸੈਨਾ ਦੇ ਹੋਰ ਕਪਤਾਨ ਇਸਰਾਏਲ ਦੇ ਲੋਕਾਂ ਦੀ ਗਿਣਤੀ ਕਰਨ ਨਿਕਲ ਪਏ। ਜਦੋਂ ਉਹ ਯਰਦਨੋਂ ਪਾਰ ਲੰਘੇ ਤਾਂ ਉਨ੍ਹਾਂ ਨੇ ਯਾਜ਼ੇਰ ਵਿੱਚ ਆਪਣੇ ਤੰਬੂ ਲਾਏ। ਉਨ੍ਹਾਂ ਦਾ ਡੇਰਾ ਸ਼ਹਿਰ ਦੇ ਸੱਜੇ ਪਾਸੇ ਵੱਲ ਸੀ ਅਤੇ ਸ਼ਹਿਰ ਗਾਦ ਵਾਦੀ ਦੇ ਮੱਧ ਵਿੱਚ ਸਥਾਪਤ ਸੀ ਜੋ ਕਿ ਯਾਜ਼ੇਰ ਵੱਲ ਸੀ।

ਉੱਥੋਂ ਉਹ ਗਿਲਆਦ ਅਤੇ ਤਹਤੀਮ ਹਾਦਸ਼ੀ ਦੇ ਦੇਸ਼ ਨੂੰ ਆਏ ਅਤੇ ਫ਼ੇਰ ਦਾਨ ਯਾਨ ਵੱਲ ਨੂੰ ਆਏ ਅਤੇ ਭੌਁ ਕੇ ਸੀਦੋਨ ਤੀਕ ਪੁੱਜੇ। ਉੱਥੋਂ ਫ਼ਿਰ ਸੋਰ ਦੇ ਗੜ੍ਹ ਤੀਕ ਆਏ ਅਤੇ ਹਿੱਵੀਆਂ ਅਤੇ ਕਨਾਨੀਆਂ ਦੇ ਸਾਰੇ ਸ਼ਹਿਰਾਂ ਤੀਕ ਅਤੇ ਯਹੂਦਾਹ ਦੇ ਦੱਖਣ ਨੂੰ ਬਏਰਸਬਾ ਤੀਕ ਨਿਕਲ ਗਏ। ਇਉਂ ਸਾਰੇ ਦੇਸ਼ ਵਿੱਚੋਂ ਲੰਘਕੇ ਨੌ ਮਹੀਨੇ ਅਤੇ ਵੀਹਾਂ ਦਿਨਾਂ ਪਿੱਛੋਂ ਯਰੂਸ਼ਲਮ ਨੂੰ ਵਾਪਸ ਮੁੜ ਆਏ।

ਤਾਂ ਯੋਆਬ ਨੇ ਲੋਕਾਂ ਦੀ ਗਿਣਤੀ ਦੀ ਸੂਚੀ ਪਾਤਸ਼ਾਹ ਨੂੰ ਦਿੱਤੀ, ਜਿਸ ਵਿੱਚ ਇਸਰਾਏਲ ਦੇ 8,00,000 ਸੂਰਮੇ ਤਲਵਾਰ ਧਾਰੀ ਅਤੇ 5,00,000 ਸੂਰਮੇ ਤਲਵਾਰਧਾਰੀ ਯਹੂਦਾਹ ਦੇ ਸਨ।

ਯਹੋਵਾਹ ਦਾ ਦਾਊਦ ਨੂੰ ਸਜ਼ਾ ਦੇਣਾ

10 ਲੋਕਾਂ ਦੀ ਗਿਣਤੀ ਗਿਣਨ ਤੋਂ ਬਾਅਦ ਦਾਊਦ ਨੂੰ ਸ਼ਰਮਿੰਦਗੀ ਦਾ ਅਹਿਸਾਸ ਹੋਇਆ। ਦਾਊਦ ਨੇ ਯਹੋਵਾਹ ਨੂੰ ਕਿਹਾ, “ਇਹ ਕੰਮ ਜੋ ਮੈਂ ਕੀਤਾ ਹੈ, ਮੇਰੇ ਤੋਂ ਵੱਡਾ ਪਾਪ ਹੋਇਆ ਹੈ। ਸੋ ਹੁਣ ਹੇ ਯਹੋਵਾਹ, ਕਿਰਪਾ ਕਰਕੇ ਆਪਣੇ ਦਾਸ ਦੇ ਪਾਪ ਨੂੰ ਦੂਰ ਕਰ ਦੇਵੋ, ਮੈਂ ਵੱਡੀ ਮੂਰਖਤਾਈ ਕਰ ਬੈਠਾ ਹਾਂ।”

11 ਜਦੋਂ ਦਾਊਦ ਸਵੇਰੇ ਉੱਠਿਆ, ਉਸ ਦੇ ਨਬੀ ਗਾਦ ਨੂੰ ਯਹੋਵਾਹ ਦਾ ਸੰਦੇਸ਼ ਮਿਲਿਆ। 12 ਯਹੋਵਾਹ ਨੇ ਗਾਦ ਨੂੰ ਆਖਿਆ, “ਜਾ, ਅਤੇ ਜਾਕੇ ਦਾਊਦ ਨੂੰ ਆਖ ਕਿ ਯਹੋਵਾਹ ਨੇ ਇਉਂ ਆਖਿਆ ਹੈ: ਮੈਂ ਤੇਰੇ ਅੱਗੇ ਤਿੰਨ ਵਸਤਾਂ ਰੱਖਦਾ ਹਾਂ, ਸੋ ਤੂੰ ਉਨ੍ਹਾਂ ਵਿੱਚੋਂ ਇੱਕ ਚੁਣ ਲੈ ਜੋ ਮੈਂ ਤੇਰੇ ਉੱਪਰ ਪਾਵਾਂ।”

13 ਗਾਦ ਦਾਊਦ ਕੋਲ ਗਿਆ ਅਤੇ ਜਾਕੇ ਉਸ ਨੂੰ ਕਿਹਾ, “ਇਨ੍ਹਾਂ ਤਿੰਨਾਂ ਵਸਤਾਂ ਵਿੱਚੋਂ ਇੱਕ ਨੂੰ ਚੁਣ ਲੈ: (1)ਇੱਕ ਤਾਂ ਕੀ ਤੂੰ ਚਾਹੁੰਦਾ ਹੈਂ ਕਿ ਤੇਰੇ ਦੇਸ਼ ਵਿੱਚ ਤੇਰੇ ਉੱਤੇ ਸੱਤਾਂ ਸਾਲਾਂ ਦਾ ਅੰਨ ਦਾ ਕਾਲ ਪਵੇ। (2)ਜਾਂ ਤਿੰਨਾਂ ਮਹੀਨਿਆਂ ਤੀਕ ਤੂੰ ਆਪਣੇ ਵੈਰੀਆਂ ਤੋਂ ਭੱਜਦਾ ਫ਼ਿਰੇਂ ਤੇ ਉਹ ਤੇਰੇ ਮਗਰ ਪਏ ਰਹਿਣ। (3)ਜਾਂ ਤੇਰੇ ਦੇਸ਼ ਵਿੱਚ ਤਿੰਨਾਂ ਦਿਨਾਂ ਲਈ ਮਹਾਮਾਰੀ ਪਵੇ। ਹੁਣ ਇਸ ਬਾਰੇ ਸੋਚ ਅਤੇ ਇਨ੍ਹਾਂ ਤਿੰਨਾਂ ਵਿੱਚੋਂ ਇੱਕ ਨੂੰ ਚੁਣ ਲੈ ਅਤੇ ਮੈਂ ਯਹੋਵਾਹ ਨੂੰ ਜਾਕੇ ਤੇਰੀ ਮਰਜ਼ੀ ਬਾਰੇ ਦੱਸ ਦੇਵਾਂਗਾ। ਯਹੋਵਾਹ ਨੇ ਇਸੇ ਵਾਸਤੇ ਮੈਨੂੰ ਤੇਰੇ ਕੋਲ ਭੇਜਿਆ ਹੈ।”

14 ਦਾਊਦ ਨੇ ਗਾਦ ਨੂੰ ਕਿਹਾ, “ਮੈਂ ਸੱਚਮੁੱਚ ਵੱਡੀ ਮੁਸੀਬਤ ਵਿੱਚ ਫ਼ਸਿਆ ਹੋਇਆ ਹਾਂ ਪਰ ਯਹੋਵਾਹ ਬੜਾ ਦਿਆਲੂ ਹੈ। ਇਸ ਲਈ ਯਹੋਵਾਹ ਨੂੰ ਹੀ ਮੈਨੂੰ ਦੰਡ ਦੇਣ ਦੇ ਇਹ ਨਾ ਹੋਵੇ ਕਿ ਮੈਨੂੰ ਲੋਕਾਂ ਵੱਲੋਂ ਦੰਡਿਤ ਹੋਣਾ ਪਵੇ ਸੋ ਚੰਗਾ ਹੈ ਕਿ ਇਸ ਕੋਲੋਂ ਮੈਂ ਯਹੋਵਾਹ ਦੇ ਹੱਥੋਂ ਹੀ ਦੰਡਿਤ ਹੋਵਾਂ।”

15 ਤਾਂ ਫ਼ਿਰ ਯਹੋਵਾਹ ਨੇ ਇਸਰਾਏਲ ਦੇ ਉੱਤੇ ਮਹਾਮਾਰੀ ਭੇਜੀ ਜੋ ਉਸ ਸਵੇਰ ਤੋਂ ਲੈ ਕੇ ਠਹਿਰਾਏ ਹੋਏ ਵਕਤ ਤੱਕ ਪਈ ਰਹੀ ਅਤੇ ਦਾਨ ਤੋਂ ਲੈ ਕੇ ਬਏਰਸ਼ਬਾ ਤੀਕ ਲੋਕਾਂ ਵਿੱਚੋਂ 70,000 ਮਨੁੱਖ ਮਰ ਗਏ। 16 ਜਦੋਂ ਦੂਤ ਨੇ ਯਰੂਸ਼ਲਮ ਦੇ ਨਾਸ ਕਰਨ ਨੂੰ ਆਪਣਾ ਹੱਥ ਪਸਾਰਿਆ ਤਾਂ ਯਹੋਵਾਹ ਬੁਰਿਆਈ ਕਰਨ ਤੋਂ ਹਟ ਗਿਆ। ਜਿਸ ਦੂਤ ਨੇ ਲੋਕਾਂ ਨੂੰ ਨਸ਼ਠ ਕੀਤਾ ਉਸ ਨੂੰ ਯਹੋਵਾਹ ਨੇ ਆਖਿਆ, “ਬਸ ਕਰ, ਬਹੁਤ ਹੋ ਗਿਆ, ਆਪਣਾ ਹੱਥ ਨੀਵੇਂ ਕਰ ਲੈ।” ਉਸ ਵੇਲੇ ਯਹੋਵਾਹ ਦਾ ਦੂਤ ਯਬੂਸੀ ਅਰਵਨਾਹ ਦੇ ਖਲਵਾੜੇ [b] ਕੋਲ ਖੜੋਤਾ ਸੀ।

ਦਾਊਦ ਦਾ ਅਰਵਨਾਹ ਦਾ ਪਿੜ ਖਰੀਦ ਲੈਣਾ

17 ਜਦੋਂ ਦਾਊਦ ਨੇ ਲੋਕਾਂ ਨੂੰ ਮਾਰਨ ਵਾਲੇ ਦੂਤ ਨੂੰ ਵੇਖਿਆ ਤਾਂ ਦਾਊਦ ਨੇ ਯਹੋਵਾਹ ਨੂੰ ਕਿਹਾ, “ਮੈਂ ਪਾਪੀ, ਮੈਂ ਭੁੱਲ ਕੀਤੀ! ਇਨ੍ਹਾਂ ਲੋਕਾਂ ਨੇ ਤਾਂ ਸਿਰਫ਼ ਉਹੀ ਕੀਤਾ ਜੋ ਮੈਂ ਇਨ੍ਹਾਂ ਨੂੰ ਹੁਕਮ ਕੀਤਾ, ਉਹ ਤਾਂ ਇੱਜੜਾਂ ਵਾਂਗ ਸਿਰਫ਼ ਮੇਰੇ ਪਿੱਛੇ ਲੱਗੇ, ਅਤੇ ਮੇਰਾ ਆਖਾ ਮੰਨਿਆ। ਇਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਇਸ ਲਈ ਕਿਰਪਾ ਕਰਕੇ ਤੁਸੀਂ ਜੋ ਵੀ ਸਜ਼ਾ ਦੇਣੀ ਹੈ ਉਹ ਇਨ੍ਹਾਂ ਮਾਸੂਮ ਲੋਕਾਂ ਨੂੰ ਨਹੀਂ ਸਗੋਂ ਮੈਨੂੰ ਦੇਵੋ ਜਾਂ ਮੇਰੇ ਪਿਤਾ ਦੇ ਘਰਾਣੇ ਨੂੰ।”

18 ਉਸ ਦਿਨ ਗਾਦ ਦਾਉਦ ਕੋਲ ਆਇਆ ਅਤੇ ਆਕੇ ਉਸ ਨੂੰ ਕਿਹਾ, “ਜਾ ਅਤੇ ਜਾਕੇ ਯਬੂਸੀ ਅਰਵਨਾਹ ਦੇ ਪਿੜ ਵਿੱਚ ਯਹੋਵਾਹ ਲਈ ਇੱਕ ਜਗਵੇਦੀ ਉਸਾਰ।” 19 ਤਾਂ ਦਾਊਦ ਨੇ ਉਵੇਂ ਹੀ ਕੀਤਾ ਜਿਵੇਂ ਗਾਦ ਨੇ ਕਿਹਾ ਅਤੇ ਦਾਊਦ ਨੇ ਉਹੀ ਕੁਝ ਕੀਤਾ ਜੋ ਯਹੋਵਾਹ ਚਾਹੁੰਦਾ ਸੀ। ਦਾਊਦ ਅਰਵਨਾਹ ਨੂੰ ਵੇਖਣ ਗਿਆ। 20 ਅਰਵਨਾਹ ਨੇ ਵੇਖਿਆ ਅਤੇ ਪਾਤਸ਼ਾਹ ਅਤੇ ਉਸ ਦੇ ਅਫ਼ਸਰ ਸੇਵਕਾਂ ਨੂੰ ਆਪਣੇ ਵੱਲ ਆਉਂਦਿਆਂ ਵੇਖਿਆ ਤਾਂ ਅਰਵਨਾਹ ਬਾਹਰ ਨਿਕਲਿਆ ਅਤੇ ਪਾਤਸ਼ਾਹ ਦੇ ਅੱਗੇ ਧਰਤੀ ਉੱਪਰ ਮੂੰਹ ਪਰਨੇ ਮੱਥਾ ਟੇਕਿਆ। 21 ਅਰਵਨਾਹ ਨੇ ਆਖਿਆ, “ਕੀ ਗੱਲ ਮੇਰੇ ਮਾਹਾਰਾਜ ਅਤੇ ਪਾਤਸ਼ਾਹ ਅੱਜ ਮੇਰੇ ਵੱਲ ਤਸ਼ਰੀਫ਼ ਲਿਆਏ ਹਨ?”

ਦਾਊਦ ਨੇ ਆਖਿਆ, “ਮੈਂ ਤੇਰੇ ਕੋਲੋਂ ਇਹ ਪਿੜ ਖਰੀਦਣ ਆਇਆ ਹਾਂ ਤਾਂ ਜੋ ਇੱਥੇ ਮੈਂ ਯਹੋਵਾਹ ਲਈ ਜਗਵੇਦੀ ਬਣਾ ਸੱਕਾਂ। ਤਦ ਇਸ ਦੇਸ਼ ਵਿੱਚੋਂ ਮਹਾਮਾਰੀ ਖਤਮ ਹੋ ਜਾਵੇਗੀ।”

22 ਅਰਵਨਾਹ ਨੇ ਦਾਊਦ ਨੂੰ ਕਿਹਾ, “ਹੇ ਮੇਰੇ ਮਹਾਰਾਜ ਅਤੇ ਪਾਤਸ਼ਾਹ ਬਲੀ ਚੜ੍ਹਾਉਣ ਲਈ ਜੋ ਕੁਝ ਵੀ ਤੁਹਾਡੀ ਨਿਗਾਹ ਵਿੱਚ ਚੰਗਾ ਹੋਵੇ ਤੁਸੀਂ ਲੈਜਾ ਸੱਕਦੇ ਹੋ। ਵੇਖੋ! ਇੱਥੇ ਹੋਮ ਦੀ ਭੇਟ ਲਈ ਕੁਝ ਗਊਆਂ ਵੀ ਹਨ, ਬਲਦਾਂ ਦੇ ਵਲੇਵੇ ਸਣੇ ਇਹ ਸਭ ਲੱਕੜ ਦੇ ਲਈ ਹੈ। 23 ਹੇ ਪਾਤਸ਼ਾਹ! ਮੈਂ ਇਹ ਸਭ ਕੁਝ ਤੁਹਾਨੂੰ ਭੇਟ ਕਰਦਾ ਹਾਂ!” ਅਰਵਨਾਹ ਨੇ ਇਹ ਵੀ ਕਿਹਾ, “ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਉੱਤੇ ਪ੍ਰਸੰਨ ਹੋਵੇ।”

24 ਪਰ ਪਾਤਸ਼ਾਹ ਨੇ ਅਰਵਨਾਹ ਨੂੰ ਕਿਹਾ, “ਨਹੀਂ! ਮੈਂ ਤੈਨੂੰ ਸੱਚ ਆਖਦਾ ਹਾਂ ਕਿ ਮੈਂ ਤੈਨੂੰ ਇਸ ਜ਼ਮੀਨ ਦਾ ਮੁੱਲ ਚੁਕਾਵਾਂਗਾ ਕਿਉਂ ਕਿ ਮੈਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਲਈ ਅਜਿਹੀ ਹੋਮ ਦੀ ਭੇਟ ਨਹੀਂ ਚੜ੍ਹਾਵਾਂਗਾ ਜਿਸਦੇ ਉੱਪਰ ਮੇਰਾ ਕੁਝ ਮੁੱਲ ਨਾ ਲੱਗਾ ਹੋਵੇ।”

ਸੋ ਦਾਊਦ ਨੇ ਉਹ ਪਿੜ ਅਤੇ ਉਹ ਬਲਦ ਚਾਂਦੀ ਦੇ 50 ਸ਼ੈਕਲ ਦੇਕੇ ਮੁੱਲ ਲੈ ਲਿਆ। 25 ਤਦ ਦਾਊਦ ਨੇ ਉੱਥੇ ਯਹੋਵਾਹ ਵਾਸਤੇ ਜਗਵੇਦੀ ਬਣਾਈ। ਦਾਊਦ ਨੇ ਉੱਥੇ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਈਆਂ।

ਯਹੋਵਾਹ ਨੇ ਦੇਸ਼ ਦੇ ਲਈ ਉਨ੍ਹਾਂ ਦੀਆਂ ਬੇਨਤੀਆਂ ਮੰਨ ਲਈਆਂ ਅਤੇ ਇਸਰਾਏਲ ਵਿੱਚੋਂ ਬਿਮਾਰੀ ਹਟ ਗਈ।

ਲੂਕਾ 19:1-27

ਜ਼ੱਕੀ

19 ਯਿਸੂ ਯਰੀਹੋ ਸ਼ਹਿਰ ਦੇ ਵਿੱਚੋਂ ਦੀ ਲੰਘ ਰਿਹਾ ਸੀ। ਯਰੀਹੋ ਵਿੱਚ ਜ਼ੱਕੀ ਨਾਂ ਦਾ ਇੱਕ ਆਦਮੀ ਸੀ, ਉਹ ਇੱਕ ਅਮੀਰ ਅਤੇ ਪ੍ਰਧਾਨ ਮਸੂਲੀਆ ਸੀ। ਉਹ ਵੇਖਣਾ ਚਾਹੁੰਦਾ ਸੀ ਕਿ ਇਹ ਯਿਸੂ ਕੌਣ ਹੈ? ਹੋਰ ਵੀ ਬੜੇ ਲੋਕ ਉੱਥੇ ਸਨ ਜਿਹੜੇ ਕਿ ਉਸ ਨੂੰ ਵੇਖਣਾ ਚਾਹੁੰਦੇ ਸਨ। ਕਿਉਂਕਿ ਜ਼ੱਕੀ ਮਧਰਾ ਸੀ, ਉਹ ਭੀੜ ਵਿੱਚ ਯਿਸੂ ਨੂੰ ਨਾ ਵੇਖ ਸੱਕਿਆ। ਇਸ ਲਈ ਉਹ ਰਾਹ ਦੇ ਉਸ ਹਿੱਸੇ ਵੱਲ ਅੱਗੇ ਨੱਸਿਆ ਜਿੱਧਰੋਂ ਯਿਸੂ ਆ ਰਿਹਾ ਸੀ। ਫ਼ਿਰ ਉਹ ਉਸ ਨੂੰ ਵੇਖਣ ਲਈ ਗੁੱਲਰ ਦੇ ਰੁੱਖ ਤੇ ਚੜ੍ਹ੍ਹ ਗਿਆ।

ਜਦੋਂ ਯਿਸੂ ਉਸ ਥਾਵੇਂ ਅੱਪੜਿਆ, ਉਸ ਉੱਪਰ ਤੱਕਿਆ ਅਤੇ ਜ਼ੱਕੀ ਨੂੰ ਰੁੱਖ ਉੱਤੇ ਵੇਖਿਆ। ਯਿਸੂ ਨੇ ਉਸ ਨੂੰ ਆਖਿਆ, “ਜ਼ੱਕੀ, ਜਲਦੀ ਹੇਠਾਂ ਉੱਤਰ ਆ! ਅੱਜ ਮੈਂ ਤੇਰੇ ਘਰ ਰੁਕਣਾ ਹੈ।”

ਜ਼ੱਕੀ ਫ਼ਟਾਫ਼ਟ ਹੇਠਾਂ ਉੱਤਰਿਆ ਅਤੇ ਉਸ ਨੇ ਖੁਸ਼ੀ ਨਾਲ ਯਿਸੂ ਨੂੰ ਆਪਣੇ ਘਰ ਸੱਦਾ ਦਿੱਤਾ। ਸਭ ਲੋਕਾਂ ਨੇ ਇਹ ਨਜ਼ਾਰਾ ਵੇਖਿਆ ਅਤੇ ਉਹ ਸ਼ਿਕਾਇਤ ਕਰਨ ਲੱਗੇ, “ਵੇਖੋ! ਯਿਸੂ ਇੱਕ ਪਾਪੀ ਦੇ ਘਰ ਠਹਿਰਣ ਗਿਆ ਹੈ।”

ਪਰ ਜ਼ੱਕੀ ਉੱਪਰ ਉੱਠਿਆ ਅਤੇ ਆਖਿਆ, “ਪ੍ਰਭੂ, ਮੈਂ ਆਪਣਾ ਅੱਧਾ ਧਨ ਗਰੀਬਾਂ ਨੂੰ ਦੇਣ ਦਾ ਇਕਰਾਰ ਕਰਦਾ ਹਾਂ। ਜੇਕਰ ਮੈਂ ਕਿਸੇ ਨਲ ਧੋਖਾ ਕਰਾਂ ਤਾਂ ਉਸਦਾ ਚੌਗੁਣਾ ਉਸ ਮਨੁੱਖ ਨੂੰ ਮੋੜਾਂਗਾ।”

ਯਿਸੂ ਨੇ ਕਿਹਾ, “ਅੱਜ, ਇਸ ਖਾਨਦਾਨ ਲਈ ਮੁਕਤੀ ਆਈ ਹੈ। ਕਿਉਂਕਿ ਇਹ ਮਸੂਲੀਆਂ ਵੀ ਪਰਮੇਸ਼ੁਰ ਦੇ ਚੁਣੇ ਹੋਏ ਲੋਕਾਂ ਵਿੱਚੋਂ ਇੱਕ ਹੈ। 10 ਮਨੁੱਖ ਦਾ ਪੁੱਤਰ ਗੁਆਚੇ ਹੋਇਆਂ ਨੂੰ ਲੱਭਣ ਅਤੇ ਬਚਾਉਣ ਲਈ ਆਇਆ ਹੈ।”

ਪਰਮੇਸ਼ੁਰ ਤੁਹਾਨੂੰ ਜੋ ਦੇਵੇ ਸੋ ਵਰਤੋ(A)

11 ਲੋਕ ਉਨ੍ਹਾਂ ਗੱਲਾਂ ਨੂੰ ਸੁਣ ਰਹੇ ਸਨ ਜੋ ਯਿਸੂ ਨੇ ਉਨ੍ਹਾਂ ਨੂੰ ਆਖੀਆਂ। ਪਰ ਹੁਣ, ਉਹ ਯਰੂਸ਼ਲਮ ਦੇ ਨੇੜੇ ਆ ਗਿਆ, ਇਸ ਲਈ ਕੁਝ ਲੋਕਾਂ ਨੇ ਸੋਚਿਆ ਕਿ ਪਰਮੇਸ਼ੁਰ ਦਾ ਰਾਜ ਜਲਦੀ ਆਵੇਗਾ। 12 ਯਿਸੂ ਜਾਣਦਾ ਸੀ ਕਿ ਲੋਕ ਇੰਝ ਸੋਚ ਰਹੇ ਹਨ ਤਾਂ ਇਸ ਆਧਾਰ ਤੇ ਉਸ ਨੇ ਲੋਕਾਂ ਨੂੰ ਇੱਕ ਦ੍ਰਿਸ਼ਟਾਂਤ ਸੁਣਾਇਆ, “ਇੱਕ ਸ਼ਹਿਜ਼ਾਦਾ ਕਿਸੇ ਦੂਰ ਦੇਸ਼ ਜਾਣ ਲਈ ਤਿਆਰ ਹੋ ਰਿਹਾ ਸੀ, ਜਿੱਥੇ ਉਸ ਨੂੰ ਰਾਜਾ ਬਣਾ ਦਿੱਤਾ ਜਾਣਾ ਸੀ ਅਤੇ ਫ਼ੇਰ ਉਸ ਨੇ ਆਪਣੇ ਦੇਸ਼ ਵਾਪਸ ਆਉਣਾ ਸੀ। 13 ਇਸ ਲਈ ਉਸ ਨੇ ਆਪਣੇ ਦਸ ਨੋਕਰਾਂ ਨੂੰ ਇਕੱਠਿਆਂ ਕੀਤਾ। ਉਸ ਨੇ ਹਰ ਇੱਕ ਨੂੰ ਦੌਲਤ ਦਾ ਇੱਕ ਥੈਲਾ ਦਿੱਤਾ। ਅਤੇ ਉਨ੍ਹਾਂ ਨੂੰ ਕਿਹਾ, ‘ਜਦ ਤੱਕ ਮੈਂ ਵਾਪਸ ਮੁੜਾਂ ਤੁਸੀਂ ਇਸ ਧਨ ਨਾਲ ਵਪਾਰ ਕਰਨਾ।’ 14 ਪਰ ਉਸ ਦੇ ਰਾਜ ਵਿੱਚ ਲੋਕਾਂ ਨੇ ਉਸ ਨੂੰ ਨਫ਼ਰਤ ਕੀਤੀ। ਇਸ ਲਈ ਲੋਕਾਂ ਨੇ ਕਾਸਦਾਂ ਦਾ ਇੱਕ ਗੁਟ ਉਸ ਆਦਮੀ ਦੇ ਮਗਰ ਦੂਜੇ ਦੇਸ਼ ਭੇਜਿਆ। ਦੂਜੇ ਦੇਸ਼ ਵਿੱਚ ਜਾਕੇ ਕਾਸਦਾਂ ਦੇ ਹੱਥ ਸੁਨੇਹਾ ਭੇਜਿਆ, ‘ਅਸੀਂ ਉਸ ਨੂੰ ਆਪਣਾ ਰਾਜਾ ਬਨਾਉਣਾ ਨਹੀਂ ਚਾਹੁੰਦੇ।’

15 “ਪਰ ਉਹ ਆਦਮੀ ਰਾਜਾ ਬਣ ਗਿਆ। ਜਦੋਂ ਉਹ ਮੁੜ ਆਇਆ, ਉਸ ਨੇ ਆਖਿਆ, ‘ਉਨ੍ਹਾਂ ਨੋਕਰਾਂ ਨੂੰ ਸੱਦੋ ਜਿਨ੍ਹਾਂ ਨੂੰ ਮੈਂ ਧਨ ਦਿੱਤਾ ਸੀ। ਮੈਂ ਜਾਨਣਾ ਚਾਹੁੰਦਾ ਹਾਂ ਕਿ ਉਸ ਧਨ ਨਾਲ ਉਨ੍ਹਾਂ ਨੇ ਕਿੰਨਾ ਨਫ਼ਾ ਕਮਾਇਆ ਹੈ।’ 16 ਪਹਿਲਾ ਨੋਕਰ ਆਇਆ ਤੇ ਆਖਿਆ, ‘ਮਾਲਕ! ਜੋ ਧਨ ਤੁਸੀਂ ਮੈਨੂੰ ਦੇ ਗਏ ਸੀ, ਉਸ ਨੂੰ ਲਗਾ ਕੇ ਮੈਂ ਦਸ ਗੁਣਾ ਕਰ ਲਿਆ ਹੈ।’ 17 ਬਾਦਸ਼ਾਹ ਨੇ ਉਸ ਨੂੰ ਕਿਹਾ, ‘ਸ਼ਾਬਾਸ਼! ਤੂੰ ਇੱਕ ਚੰਗਾ ਸੇਵਕ ਹੈ। ਤੂੰ ਇਹ ਸਾਬਤ ਕਰ ਦਿੱਤਾ ਹੈ ਕਿ ਤੂੰ ਛੋਟੀਆਂ ਚੀਜ਼ਾਂ ਵਿੱਚ ਵਿਸ਼ਵਾਸਯੋਗ ਹੈ, ਇਸ ਲਈ ਮੈਂ ਹੁਣ ਤੈਨੂੰ ਦਸ ਸ਼ਹਿਰਾਂ ਦਾ ਹਾਕਮ ਬਣਾਵਾਂਗਾ।’

18 “ਦੂਜੇ ਨੇ ਆਖਿਆ, ‘ਮਾਲਕ! ਮੈਂ ਤੁਹਾਡੇ ਇੱਕ ਧਨ ਦੇ ਥੈਲੇ ਨਾਲ ਪੰਜ ਗੁਣਾ ਧਨ ਕਮਾਇਆ ਹੈ।’ 19 ਬਾਦਸ਼ਾਹ ਨੇ ਉਸ ਨੌਕਰ ਨੂੰ ਕਿਹਾ, ‘ਮੈਂ ਤੈਨੂੰ ਪੰਜ ਸ਼ਹਿਰਾਂ ਦਾ ਹਾਕਮ ਬਣਾਵਾਂਗਾ।’

20 “ਤਦ ਇੱਕ ਹੋਰ ਨੋਕਰ ਅੰਦਰ ਆਇਆ ਅਤੇ ਉਸ ਨੇ ਆਣਕੇ ਕਿਹਾ, ‘ਸੁਆਮੀ, ਇਹ ਰਿਹਾ ਤੁਹਾਡਾ ਧਨ ਵਾਲਾ ਥੈਲਾ। ਮੈਂ ਇਸ ਨੂੰ ਵੱਡੇ ਕੱਪੜੇ ਵਿੱਚ ਲਪੇਟ ਕੇ ਲੁਕਾ ਦਿੱਤਾ ਸੀ। 21 ਮੈਂ ਤੁਹਾਡੇ ਕੋਲੋਂ ਡਰਦਾ ਸੀ ਕਿਉਂਕਿ ਤੁਸੀਂ ਸਖਤ ਤਬੀਅਤ ਦੇ ਆਦਮੀ ਹੋ। ਤੁਸੀਂ ਉਹ ਧਨ ਲੈਂਦੇ ਹੋ ਜੋ ਤੁਸੀਂ ਕਮਾਇਆ ਨਹੀਂ ਸੀ ਅਤੇ ਜੋ ਬੀਜਿਆ ਨਹੀਂ ਸੀ ਸੋ ਵਢਦੇ ਹੋ।’

22 “ਤਦ ਰਾਜੇ ਨੇ ਨੋਕਰ ਨੂੰ ਆਖਿਆ, ‘ਓ ਦੁਸ਼ਟ ਨੋਕਰ! ਮੈਂ ਤੇਰੇ ਆਪਣੇ ਹੀ ਸ਼ਬਦਾਂ ਨਾਲ ਤੇਰੀ ਨਿਖੇਧੀ ਕਰਾਂਗਾ, ਤੂੰ ਆਖਿਆ ਹੈ ਕਿ ਮੈਂ ਸਖਤ ਦਿਲ ਆਦਮੀ ਹਾਂ ਅਤੇ ਮੈਂ ਉਹ ਧਨ ਲੈਂਦਾ ਹਾਂ ਜੋ ਮੈਂ ਕਮਾਇਆ ਨਹੀਂ ਅਤੇ ਉਹ ਅੰਨ ਲੈ ਲੈਂਦਾ ਹਾਂ ਜੋ ਮੈਂ ਬੀਜਿਆ ਨਹੀਂ। 23 ਜੇਕਰ ਇਹ ਸੱਚ ਹੈ, ਤਾਂ ਤੈਨੂੰ ਮੇਰੇ ਧਨ ਨੂੰ ਸਰਾਫ਼ੇ ਦੀ ਹੱਟੀ ਵਿੱਚ ਰੱਖਣਾ ਚਾਹੀਦਾ ਸੀ, ਤਾਂ ਜੋ ਜਦੋਂ ਮੈਂ ਵਾਪਸ ਪਰਤਦਾ, ਮੈਂ ਆਪਣਾ ਧਨ ਕੁਝ ਬਿਆਜ ਨਾਲ ਪ੍ਰਾਪਤ ਕੀਤਾ ਹੁੰਦਾ।’ 24 ਤਦ ਜਿਹੜੇ ਆਦਮੀ ਖੜ੍ਹੇ ਇਹ ਸਭ ਵੇਖ ਰਹੇ ਸਨ ਉਸ ਨੇ ਉਨ੍ਹਾਂ ਨੂੰ ਕਿਹਾ, ‘ਧਨ ਦਾ ਇਹ ਝੋਲਾ ਇਸ ਨੋਕਰ ਤੋਂ ਲੈ ਲਵੋ ਅਤੇ ਉਸ ਨੋਕਰ ਨੂੰ ਦੇ ਦੇਵੋ ਜਿਸਨੇ ਧਨ ਦੇ ਦਸ ਝੋਲੇ ਕਮਾਏ ਹਨ।’

25 “ਉਨ੍ਹਾਂ ਮਨੁੱਖਾਂ ਨੇ ਰਾਜੇ ਨੂੰ ਕਿਹਾ, ‘ਪਰ ਸੁਆਮੀ! ਉਸ ਆਦਮੀ ਕੋਲ ਤਾਂ ਪਹਿਲਾਂ ਹੀ ਧਨ ਦੇ ਦਸ ਝੋਲੇ ਹਨ।’

26 “ਫ਼ੇਰ ਰਾਜੇ ਨੇ ਆਖਿਆ, ‘ਮੈਂ ਤੁਹਾਨੂੰ ਦੱਸਦਾ ਹਾਂ ਕਿ ਹਰ ਉਸ ਨੂੰ ਜਿਸ ਕੋਲ ਹੈ, ਜ਼ਿਆਦਾ ਦਿੱਤਾ ਜਾਵੇਗਾ, ਪਰ ਹਰ ਕੋਈ ਜਿਸ ਕੋਲ ਨਹੀਂ ਹੈ ਜੋ ਉਸ ਕੋਲ ਹੈ ਉਹ ਵੀ ਲੈ ਲਿਆ ਜਾਵੇਗਾ। 27 ਹੁਣ ਕਿੱਥੇ ਹਨ ਮੇਰੇ ਵੈਰੀ? ਕਿੱਥੇ ਹਨ ਉਹ ਜੋ ਮੈਨੂੰ ਆਪਣਾ ਰਾਜਾ ਨਹੀਂ ਬਨਾਉਣਾ ਚਾਹੁੰਦੇ ਸਨ? ਮੇਰੇ ਵੈਰੀਆਂ ਨੂੰ ਇੱਥੇ ਲਿਆਕੇ ਮਾਰ ਸੁੱਟੋ। ‘ਮੈਂ ਉਨ੍ਹਾਂ ਨੂੰ ਮਰਦੇ ਹੋਏ ਵੇਖਾਂਗਾ।’”

Punjabi Bible: Easy-to-Read Version (ERV-PA)

2010 by World Bible Translation Center