Print Page Options
Previous Prev Day Next DayNext

Old/New Testament

Each day includes a passage from both the Old Testament and New Testament.
Duration: 365 days
Punjabi Bible: Easy-to-Read Version (ERV-PA)
Version
1 ਸਮੂਏਲ 17-18

ਗੋਲਿਆਥ ਦਾ ਇਸਰਾਏਲ ਨੂੰ ਵੰਗਾਰਨਾ

17 ਹੁਣ ਫ਼ਲਿਸਤੀਆਂ ਨੇ ਲੜਾਈ ਲਈ ਆਪਣੀ ਸੈਨਾ ਨੂੰ ਇਕੱਠਾ ਕਰਨਾ ਸ਼ੁਰੂ ਕੀਤਾ ਅਤੇ ਯਹੂਦਾਹ ਦੇ ਸ਼ਹਿਰ ਸੋਕੋਹ ਵਿੱਚ ਇਕੱਠੇ ਹੋਏ। ਉਨ੍ਹਾਂ ਨੇ ਸੋਕੋਹ ਅਤੇ ਅਜ਼ੇਕਾਹ ਦੇ ਵਿੱਚਕਾਰ ਅਫ਼ਸਦੰਮੀਮ ਵਿੱਚ ਡੇਰੇ ਲਾਏ।

ਸ਼ਾਊਲ ਅਤੇ ਇਸਰਾਏਲੀ ਸੈਨਾ ਵੀ ਇਕੱਠੀ ਹੋ ਗਈ। ਉਨ੍ਹਾਂ ਦਾ ਡੇਰਾ ਏਲਾਹ ਦੀ ਵਾਦੀ ਵਿੱਚ ਲੱਗਾ। ਸ਼ਾਊਲ ਦੇ ਸਿਪਾਹੀ ਫ਼ਲਿਸਤੀਆਂ ਦੇ ਵਿਰੁੱਧ ਪਾਲਾਂ ਬੰਨ੍ਹਕੇ ਲੜਨ ਲਈ ਤਿਆਰ ਬਰ ਤਿਆਰ ਸਨ। ਇੱਕ ਪਾਸੇ ਦੇ ਪਹਾੜ ਉੱਤੇ ਫ਼ਲਿਸਤੀ ਖਲੋਤੇ ਸਨ ਅਤੇ ਦੂਜੇ ਪਾਸੇ ਇਸਰਾਏਲੀ ਅਤੇ ਉਨ੍ਹਾਂ ਦੇ ਵਿੱਚਕਾਰ ਖਢ਼ੀ ਸੀ, ਇਹ ਵਾਦੀ।

ਫ਼ਲਿਸਤੀਆਂ ਕੋਲ ਇੱਕ ਸੂਰਮਾ ਸਿਪਾਹੀ ਸੀ ਜਿਸਦਾ ਨਾਉਂ ਗੋਲਿਆਥ ਸੀ, ਜੋ ਕਿ ਗਾਥੀ ਸੀ। ਗੋਲੀਆਥ ਕਰੀਬ 9 ਫੁੱਟ ਲੰਬਾ ਸੀ। ਗੋਲਿਆਥ ਫ਼ਲਿਸਤੀ ਡੇਰੇ ਵਿੱਚੋਂ ਬਾਹਰ ਨਿਕਲਿਆ। ਉਸ ਨੇ ਆਪਣੇ ਸਿਰ ਉੱਤੇ ਪਿੱਤਲ ਦਾ ਟੋਪ ਪਾਇਆ ਹੋਇਆ ਸੀ। ਉਸ ਨੇ ਇੱਕ ਅਜਿਹਾ ਕਵਚ ਆਪਣੇ ਉੱਪਰ ਪਾਇਆ ਹੋਇਆ ਸੀ ਜਿਵੇਂ ਉਹ ਮੱਛੀ ਦੇ ਤਿੱਖੇ ਕੁੰਡਿਆਂ ਦਾ ਬਣਿਆ ਹੋਵੇ। ਇਹ ਕਵਚ ਭਾਰ ਵਿੱਚ 125 ਪੌਂਡ ਪਿੱਤਲ ਦਾ ਬਣਿਆ ਹੋਇਆ ਸੀ। ਗੋਲਿਆਥ ਨੇ ਦੋਨਾਂ ਲੱਤਾਂ ਉੱਪਰ ਵੀ ਪਿੱਤਲ ਦੇ ਕਵਚ ਪਾਏ ਹੋਏ ਸਨ ਅਤੇ ਉਸ ਦੇ ਦੋਨਾਂ ਮੋਢਿਆਂ ਵਿੱਚਕਾਰ ਪਿੱਤਲ ਦੀ ਬਰਛੀ ਸੀ। ਉਸ ਦੇ ਬਰਛੇ ਦਾ ਡੰਡਾ ਜੁਲਾਹੇ ਦੀ ਤੁਰ ਵਰਗਾ ਸੀ ਅਤੇ ਉਸ ਦੇ ਬਰਛੇ ਦਾ ਫ਼ਲ 15 ਪੌਂਡ ਲੋਹੇ ਦਾ ਸੀ ਅਤੇ ਉਸ ਦੇ ਅੱਗੇ ਇੱਕ ਮਨੁੱਖ ਢਾਲ ਚੁੱਕ ਕੇ ਤੁਰਦਾ ਸੀ।

ਹਰ ਰੋਜ਼ ਗੋਲਿਆਥ ਬਾਹਰ ਨਿਕਲਦਾ ਅਤੇ ਇਸਰਾਏਲੀ ਸਿਪਾਹੀਆਂ ਨੂੰ ਜ਼ੋਰ ਦੀ ਲਲਕਾਰਦਾ ਅਤੇ ਆਖਦਾ, “ਤੁਸੀਂ ਲੜਾਈ ਲਈ ਕਿਸ ਲਈ ਪਾਲ ਬੰਨ੍ਹੀ ਹੋਈ ਹੈ? ਤੁਸੀਂ ਸ਼ਾਊਲ ਦੇ ਸੇਵਕ ਹੋ। ਮੈਂ ਵੀ ਫ਼ਲਿਸਤੀ ਹਾਂ। ਤੁਸੀਂ ਆਪਣੇ ਵਿੱਚੋਂ ਇੱਕ ਆਦਮੀ ਚੁਣੋ ਅਤੇ ਉਸ ਨੂੰ ਮੇਰੇ ਵੱਲ ਲੜਨ ਲਈ ਭੇਜੋ। ਜੇਕਰ ਉਹ ਆਦਮੀ ਮੈਨੂੰ ਮਾਰ ਦੇਵੇ ਤਾਂ ਅਸੀਂ ਫ਼ਲਿਸਤੀ ਤੁਹਾਡੇ ਸੇਵਕ ਹੋ ਜਾਵਾਂਗੇ। ਪਰ ਜੇ ਮੈਂ ਤੁਹਾਡਾ ਆਦਮੀ ਮਾਰ ਦਿੱਤਾ ਤਾਂ ਮੈਂ ਜੇਤੂ ਹੋ ਜਾਵਾਂਗਾ ਅਤੇ ਤੁਸੀਂ ਸਾਡੇ ਗੁਲਾਮ। ਫ਼ਿਰ ਤੁਹਾਨੂੰ ਸਾਡੀ ਟਹਿਲ ਸੇਵਾ ਕਰਨੀ ਪਵੇਗੀ।”

10 ਫ਼ੇਰ ਫ਼ਲਿਸਤੀ ਨੇ ਇਹ ਵੀ ਕਿਹਾ, “ਅੱਜ ਮੈਂ ਇਸਰਾਏਲ ਦੇ ਦਲਾਂ ਨੂੰ ਸ਼ਰਮਿੰਦਾ ਕਰਦਾ ਹਾਂ। ਮੈਂ ਇਹ ਆਖਣ ਦੀ ਜ਼ੁਰ੍ਰਅਤ ਰੱਖਦਾ ਹਾਂ ਅਤੇ ਤੁਹਾਨੂੰ ਆਖਦਾ ਹਾਂ ਕਿ ਤੁਸੀਂ ਆਪਣੇ ਕਿਸੇ ਵੀ ਆਦਮੀ ਨੂੰ ਮੇਰੇ ਵੱਲ ਭੇਜੋ ਜੋ ਮੇਰੇ ਨਾਲ ਯੁੱਧ ਕਰੇ।”

11 ਸ਼ਾਊਲ ਅਤੇ ਇਸਰਾਏਲੀ ਲੋਕਾਂ ਨੇ ਉਹ ਸਭ ਸੁਣਿਆ ਜੋ ਗੋਲਿਆਥ ਬੋਲਿਆ ਤਾਂ ਉਹ ਬੜੇ ਡਰ ਗਏ।

ਦਾਊਦ ਦਾ ਜੰਗ ਦੇ ਮੈਦਾਨ ’ਚ ਉੱਤਰਨਾ

12 ਦਾਊਦ ਯੱਸੀ ਦਾ ਪੁੱਤਰ ਸੀ ਅਤੇ ਯੱਸੀ ਬੈਤਲਹਮ ਯਹੂਦਾਹ ਦੇ ਅਫ਼ਰਾਥੀ ਪਰਿਵਾਰ ਦਾ ਮਨੁੱਖ ਸੀ। ਯੱਸੀ ਦੇ 8 ਪੁੱਤਰ ਸਨ। ਯੱਸੀ ਸ਼ਾਊਲ ਦੇ ਜ਼ਮਾਨੇ ਵਿੱਚ ਆਪ ਬੁੱਢਾ ਹੋ ਚੁੱਕਾ ਸੀ। 13 ਯੱਸੀ ਦੇ ਤਿੰਨ ਵੱਡੇ ਪੁੱਤਰ ਸ਼ਾਊਲ ਨਾਲ ਜੰਗ ਵਿੱਚ ਗਏ। ਉਸਦਾ ਪਹਿਲੋਠਾ ਪੁੱਤਰ ਅਲੀਆਬ ਦੂਜਾ ਅਬੀਨਾਦਾਬ ਅਤੇ ਤੀਜਾ ਸ਼ੰਮਾਹ ਸੀ। 14 ਦਾਊਦ ਯੱਸੀ ਦਾ ਸਭ ਤੋਂ ਛੋਟਾ ਅੱਠਵਾਂ ਪੁੱਤਰ ਸੀ। ਤਿੰਨ ਵੱਡੇ ਪੁੱਤਰ ਸ਼ਾਊਲ ਦੀ ਸੈਨਾ ਵਿੱਚ ਭਰਤੀ ਸਨ। 15 ਪਰ ਦਾਊਦ ਸ਼ਾਊਲ ਕੋਲੋਂ ਵੱਖਰਾ ਹੋਕੇ ਸਮੇਂ ਉੱਤੇ ਆਪਣੇ ਪਿਉ ਦੇ ਇੱਜੜ ਨੂੰ ਬੈਤਲਹਮ ਵਿੱਚ ਚਰਾਉਣ ਲਈ ਗਿਆ।

16 ਉਹ ਫ਼ਲਿਸਤੀ (ਗੋਲਿਆਥ) ਰੋਜ਼ ਸਵੇਰੇ-ਸ਼ਾਮ ਇਸਰਾਏਲੀ ਸੈਨਾ ਦੇ ਸਾਹਮਣੇ ਆ ਖੜ੍ਹਾ ਹੁੰਦਾ। ਇਉਂ ਉਹ 40 ਦਿਨ ਤੱਕ ਇਸਰਾਏਲੀਆਂ ਦਾ ਰੋਜ਼ ਮਖੌਲ ਉਡਾਉਂਦਾ ਰਿਹਾ।

17 ਇੱਕ ਦਿਨ ਯੱਸੀ ਨੇ ਆਪਣੇ ਪੁੱਤਰ ਦਾਊਦ ਨੂੰ ਕਿਹਾ, “ਇਹ ਭੁੱਜੇ ਹੋਏ ਦਾਣਿਆਂ ਦਾ ਟੋਕਰਾ ਅਤੇ ਦਸ ਰੋਟੀਆਂ ਆਪਣੇ ਭਰਾਵਾਂ ਲਈ ਡੇਰੇ ਉੱਤੇ ਲੈ ਜਾ। 18 ਅਤੇ ਇਹ 10 ਚੱਕੀਆਂ ਪਨੀਰ ਦੀਆਂ ਉਨ੍ਹਾਂ ਨੇ ਕਮਾਂਡਰਾ ਲਈ ਲੈ ਜਾ, ਜੋ ਤੇਰੇ ਭਰਾਵਾਂ ਦੇ 1,000 ਮਨੁੱਖਾਂ ਉੱਪਰ ਹੁਕਮ ਕਰਦਾ ਹੈ। ਅਤੇ ਇਹ ਵੀ ਵੇਖ ਕਿ ਤੇਰੇ ਭਰਾ ਉੱਥੇ ਕਿਵੇਂ ਹਨ, ਕੀ ਕਰ ਰਹੇ ਹਨ, ਅਤੇ ਉਨ੍ਹਾਂ ਦੀ ਕੁਝ ਨਿਸ਼ਾਨੀ ਲੈ ਆ। 19 ਉਸ ਵਕਤ ਸ਼ਾਊਲ ਅਤੇ ਉਹ ਅਤੇ ਇਸਰਾਏਲ ਦੇ ਸਭ ਲੋਕ ਏਲਾਹ ਦੀ ਵਾਦੀ ਵਿੱਚ ਫ਼ਲਿਸਤੀਆਂ ਨਾਲ ਲੜਦੇ ਪਏ ਸਨ।”

20 ਸਵੇਰ-ਸਾਰ ਹੀ ਦਾਊਦ ਨੇ ਉੱਠ ਕੇ ਭੇਡਾਂ ਨੂੰ ਰਾਖੇ ਦੇ ਕੋਲ ਛੱਡਿਆ ਅਤੇ ਜਿਵੇਂ ਯੱਸੀ ਨੇ ਉਸ ਨੂੰ ਆਖਿਆ ਸੀ ਉਹ ਵਸਤਾਂ ਲੈ ਕੇ ਤੁਰ ਪਿਆ। ਦਾਊਦ ਨੇ ਉਹ ਛਕੜਾ ਗੱਡੀ ਡੇਰੇ ਅੱਗੇ ਲਾਈ। ਉਸ ਵਕਤ ਸਿਪਾਹੀ ਆਪਣੀਆਂ ਪਾਲਾਂ ਬਨਾਉਣ ਦੇ ਆਹਰ ਵਿੱਚ ਰੁਝੇ ਸਨ ਅਤੇ ਉਹ ਆਪਣੇ ਮੋਰਚੇ ਵਿੱਚ ਲਲਕਾਰਾਂ ਮਾਰ ਰਹੇ ਸਨ, ਜਦੋਂ ਦਾਊਦ ਉੱਥੇ ਪਹੁੰਚਿਆ। 21 ਦੋਨੋਂ ਪਾਸੇ ਇਸਰਾਏਲੀ ਅਤੇ ਫ਼ਲਿਸਤੀ ਪਾਲਾਂ ਬੰਨ੍ਹ ਕੇ ਲੜਾਈ ਲਈ ਤਿਆਰ ਸਨ।

22 ਦਾਊਦ ਨੇ ਉਹ ਸਾਰੀਆਂ ਵਸਤਾਂ ਉਸ ਆਦਮੀ ਨੂੰ ਸੌਂਪੀਆਂ ਜੋ ਖਾਣ-ਪੀਣ ਦੇ ਸਮਾਨ ਦਾ ਪਾਹਰੂ ਸੀ ਅਤੇ ਆਪ ਉਹ ਉੱਥੇ ਗਿਆ ਜਿੱਥੇ ਇਸਰਾਏਲੀ ਸਿਪਾਹੀ ਤੈਨਾਤ ਸਨ। ਦਾਊਦ ਨੇ ਉਨ੍ਹਾਂ ਨੂੰ ਆਪਣੇ ਭਰਾਵਾਂ ਬਾਰੇ ਪੁੱਛਿਆ। 23 ਫ਼ਿਰ ਦਾਊਦ ਨੇ ਆਪਣੇ ਭਰਾਵਾਂ ਨਾਲ ਗੱਲ ਬਾਤ ਕਰਨੀ ਸ਼ੁਰੂ ਕੀਤੀ। ਅਜੇ ਉਹ ਹਾਲ-ਚਾਲ ਹੀ ਪੁੱਛ ਰਿਹਾ ਸੀ ਤਦ ਗੋਲਿਆਥ ਉਹ ਬਲਵਾਨ ਫ਼ਲਿਸਤੀ ਗਾਥੀ ਪਾਲਾਂ ਵਿੱਚੋਂ ਨਿਕਲਿਆ ਅਤੇ ਉਸ ਰੋਜ਼ ਵਾਂਗ ਫ਼ੇਰ ਗੱਲਾਂ ਕੀਤੀਆਂ ਅਤੇ ਲਲਕਾਰਿਆ ਜੋ ਦਾਊਦ ਨੇ ਵੀ ਸੁਣਿਆ।

24 ਇਸਰਾਏਲ ਦੇ ਸਾਰੇ ਮਨੁੱਖ ਗੋਲਿਆਥ ਕੋਲੋਂ ਡਰਕੇ ਭੱਜ ਗਏ। 25 ਉਨ੍ਹਾਂ ਵਿੱਚੋਂ ਇੱਕ ਇਸਰਾਏਲੀ ਮਨੁੱਖ ਨੇ ਕਿਹਾ, “ਤੁਸੀਂ ਇਸ ਮਨੁੱਖ ਵੱਲ ਵੇਖਿਆ ਹੈ ਜੋ ਹੁਣ ਨਿਕਲਿਆ ਹੈ। ਉਸ ਵੱਲ ਵੇਖੋ ਜ਼ਰਾ। ਸੱਚਮੁੱਚ ਇਹ ਤਾਂ ਇਸਰਾਏਲ ਨੂੰ ਸ਼ਰਮਿੰਦਾ ਕਰਨ ਹੀ ਆਇਆ ਹੈ ਅਤੇ ਇਉਂ ਹੋਵੇਗਾ ਕਿ ਜਿਹੜਾ ਉਸ ਨੂੰ ਮਾਰੇਗਾ ਤਾਂ ਸ਼ਾਊਲ ਪਾਤਸ਼ਾਹ ਉਸ ਨੂੰ ਮਾਲ ਨਾਲ ਧਨਵਾਨ ਕਰੇਗਾ। ਅਤੇ ਸ਼ਾਊਲ ਆਪਣੀ ਧੀ ਦਾ ਵਿਆਹ ਉਸ ਆਦਮੀ ਨਾਲ ਕਰੇਗਾ ਜੋ ਇਸ ਗੋਲਿਆਥ ਨੂੰ ਮਾਰ ਸੁੱਟੇਗਾ। ਅਤੇ ਉਸ ਦੇ ਪਿਉ ਦੇ ਟੱਬਰ ਨੂੰ ਇਸਰਾਏਲ ਦੇ ਵਿੱਚ ਆਜ਼ਾਦ ਕਰੇਗਾ।” [a]

26 ਦਾਊਦ ਨੇ ਆਪਨੇ ਕੋਲ ਖਲੋਤੇ ਆਦਮੀਆਂ ਨੂੰ ਪੁੱਛਿਆ, “ਉਸਨੇ ਕੀ ਆਖਿਆ? ਇਸ ਫ਼ਲਿਸਤੀ ਨੂੰ ਮਾਰਨ ਅਤੇ ਇਸਰਾਏਲ ਤੋਂ ਇਹ ਬੇਇੱਜ਼ਤੀ ਹਟਾਉਣ ਦਾ ਕੀ ਇਨਾਮ ਹੈ? ਆਖਿਰ ਇਹ ਗੋਲਿਆਥ ਹੈ ਕੌਣ? ਉਹ ਸਿਰਫ਼ ਇੱਕ ਵਿਦੇਸ਼ੀ ਹੈ ਅਤੇ ਸਿਰਫ਼ ਇੱਕ ਫ਼ਲਿਸਤੀ ਹੀ ਹੈ। ਉਹ ਇਹ ਕਿਉਂ ਸੋਚਦਾ ਕਿ ਉਹ ਪਰਮੇਸ਼ੁਰ ਦੀ ਸੈਨਾ ਨੂੰ ਲਲਕਾਰ ਸੱਕਦਾ ਹੈ।”

27 ਤਾਂ ਇਸਰਾਏਲੀ ਨੇ ਦਾਊਦ ਨੂੰ ਦੱਸਿਆ ਕਿ ਜੋ ਇਹ ਫ਼ਲਿਸਤੀ ਨੂੰ ਮਾਰੇ ਉਸ ਨੂੰ ਇਨਾਮ ਮਿਲੇਗਾ। 28 ਉਸ ਵੇਲੇ ਦਾਊਦ ਦੇ ਵੱਡੇ ਭਰਾ ਅਲੀਆਬ ਨੇ ਦਾਊਦ ਨੂੰ ਸੈਨਾ ਦੇ ਲੋਕਾਂ ਨਾਲ ਗੱਲਾਂ ਕਰਦੇ ਸੁਣ ਲਿਆ ਤਾਂ ਉਸ ਨੂੰ ਦਾਊਦ ਉੱਤੇ ਬੜਾ ਕਰੋਧ ਆਇਆ ਅਤੇ ਉਸ ਨੇ ਦਾਊਦ ਨੂੰ ਕਿਹਾ, “ਤੂੰ ਇੱਥੇ ਕਿਉਂ ਆਇਆ ਹੈ? ਤੂੰ ਉੱਥੇ ਉਜਾੜ ਵਿੱਚ ਇੱਜੜ ਨੂੰ ਭਲਾ ਕਿਸਦੇ ਸਹਾਰੇ ਛੱਡ ਕੇ ਆਇਆ ਹੈਂ? ਮੈਂ ਜਾਣਦਾ ਹਾਂ ਕਿ ਤੂੰ ਇੱਥੇ ਕਿਸ ਲਈ ਆਇਆ ਹੈਂ? ਕਿਉਂਕਿ ਜੋ ਕੰਮ ਤੈਨੂੰ ਕਰਨ ਵਾਸਤੇ ਕਿਹਾ ਗਿਆ ਤੂੰ ਉਹ ਨਹੀਂ ਕਰਨਾ ਚਾਹੁੰਦਾ। ਮੈਂ ਸਭ ਜਾਣਦਾ ਹਾਂ ਕਿ ਤੂੰ ਆਪਣੇ ਕੰਮ ਤੋਂ ਜੀਅ ਚੁਰਾਉਂਦਾ ਇੱਥੇ ਲੜਾਈ ਵੇਖਣ ਆ ਗਿਆ ਹੈ।”

29 ਦਾਊਦ ਨੇ ਕਿਹਾ, “ਤਾਂ ਹੁਣ ਦੱਸ ਮੈਂ ਕੀ ਕਰਾਂ? ਮੈਂ ਇਸ ਵਿੱਚ ਕੁਝ ਗਲਤੀ ਨਹੀਂ ਕੀਤੀ? ਮੈਂ ਤਾਂ ਕੇਵਲ ਗੱਲਾਂ ਕਰ ਰਿਹਾ ਸੀ।” 30 ਦਾਊਦ ਕੁਝ ਹੋਰ ਲੋਕਾਂ ਵੱਲ ਮੁੜਿਆ ਅਤੇ ਉਨ੍ਹਾਂ ਨੂੰ ਵੀ ਇਹੀ ਸਵਾਲ ਪੁੱਛਿਆ ਤਾਂ ਉਨ੍ਹਾਂ ਨੇ ਵੀ ਉਸ ਨੂੰ ਪਹਿਲਾਂ ਵਰਗਾ ਹੀ ਜਵਾਬ ਦਿੱਤਾ।

31 ਕੁਝ ਆਦਮੀਆਂ ਨੇ ਦਾਊਦ ਨੂੰ ਗੱਲਾਂ ਕਰਦਿਆਂ ਸੁਣਿਆ ਤਾਂ ਉਹ ਦਾਊਦ ਨੂੰ ਸ਼ਾਊਲ ਕੋਲ ਲੈ ਗਏ ਅਤੇ ਉਸ ਨੂੰ ਜਾਕੇ ਦੱਸਿਆ ਕਿ ਦਾਊਦ ਕੀ ਆਖਦਾ ਸੀ। 32 ਤਾਂ ਦਾਊਦ ਨੇ ਸ਼ਾਊਲ ਨੂੰ ਆਖਿਆ, “ਉਸ ਗੋਲਿਆਥ ਕਰਕੇ ਕਿਸੇ ਮਨੁੱਖ ਨੂੰ ਘਬਰਾਉਣਾ ਨਹੀਂ ਚਾਹੀਦਾ। ਮੈਂ ਤੁਹਾਡਾ ਸੇਵਕ ਹਾਂ ਸੋ ਮੈਂ ਇਸ ਫ਼ਲਿਸਤੀ ਨਾਲ ਲੜਾਂਗਾ।”

33 ਸ਼ਾਊਲ ਨੇ ਜਵਾਬ ਦਿੱਤਾ, “ਤੂੰ ਬਾਹਰ ਜਾਕੇ ਇਸ ਫ਼ਲਿਸਤੀ ਨਾਲ ਨਹੀਂ ਲੜ ਸੱਕਦਾ, ਤੂੰ ਤਾਂ ਸਿਪਾਹੀ ਵੀ ਨਹੀਂ ਅਤੇ ਇਹ ਗੋਲਿਆਥ ਤਾਂ ਬਚਪਨ ਤੋਂ ਲੜਾਈਆਂ ਲੜਦਾ ਆ ਰਿਹਾ ਹੈ।”

34 ਪਰ ਦਾਊਦ ਨੇ ਸ਼ਾਊਲ ਨੂੰ ਕਿਹਾ, “ਮੈਂ, ਤੁਹਾਡਾ ਸੇਵਕ ਆਪਣੇ ਪਿਉ ਦੀਆਂ ਭੇਡਾਂ ਚੁਰਾਉਂਦਾ ਸੀ ਤਾਂ ਇੱਕ ਸ਼ੇਰ ਅਤੇ ਰਿੱਛ ਆਇਆ ਅਤੇ ਇੱਜੜ ਵਿੱਚੋਂ ਇੱਕ ਭੇਡ ਲੈ ਗਿਆ। 35 ਮੈਂ ਉਨ੍ਹਾਂ ਜੰਗਲੀ ਜਾਨਵਰਾਂ ਦਾ ਪਿੱਛਾ ਕੀਤਾ ਅਤੇ ਉਸ ਉੱਤੇ ਹਮਲਾ ਕਰਕੇ ਉਸ ਦੇ ਮੂੰਹ ਵਿੱਚੋਂ ਭੇਡ ਕੱਢ ਲਿਆਇਆ। ਤਾਂ ਉਹ ਜੰਗਲੀ ਜਾਨਵਰ ਮੇਰੇ ਉੱਤੇ ਟੁੱਟ ਪਿਆ ਪਰ ਮੈਂ ਉਸ ਨੂੰ ਉਸ ਦੇ ਮੂੰਹ ਹੇਠਾਂ ਬਰਾਛਾਂ ਤੋਂ ਫ਼ੜਕੇ ਮਾਰਿਆ ਅਤੇ ਮੈਂ ਉਸ ਨੂੰ ਫ਼ੜਕੇ ਪਾੜ ਸੁੱਟਿਆ। 36 ਮੈਂ ਇੱਕ ਸ਼ੇਰ ਅਤੇ ਇੱਕ ਰਿੱਛ ਮਾਰਿਆ ਅਤੇ ਮੈਂ ਉਸ ਅਸੁੰਨਤੀ ਫ਼ਲਿਸਤੀ ਗੋਲਿਆਥ ਨੂੰ ਵੀ ਉਨ੍ਹਾਂ ਵਾਂਗ ਹੀ ਮਾਰ ਮੁਕਾਵਾਂਗਾ। ਗੋਲਿਆਥ ਜ਼ਰੂਰ ਮਰੇਗਾ ਕਿਉਂਕਿ ਉਸ ਨੇ ਜਿਉਂਦੇ ਪਰਮੇਸ਼ੁਰ ਦੀ ਸੈਨਾ ਦਾ ਮਖੌਲ ਉਡਾਇਆ ਹੈ। 37 ਯਹੋਵਾਹ ਨੇ ਮੇਰੀ ਸ਼ੇਰ ਅਤੇ ਰਿੱਛ ਤੋਂ ਰੱਖਿਆ ਕੀਤੀ ਤਾਂ ਉਹ ਮੇਰੀ ਇਸ ਫ਼ਲਿਸਤੀ ਤੋਂ ਵੀ ਰੱਖਿਆ ਕਰੇਗਾ।”

ਸ਼ਾਊਲ ਨੇ ਦਾਊਦ ਨੂੰ ਕਿਹਾ, “ਜਾ ਫ਼ੇਰ, ਯਹੋਵਾਹ ਤੇਰੇ ਨਾਲ ਹੋਵੇ।” 38 ਤਾਂ ਸ਼ਾਊਲ ਨੇ ਆਪਣੇ ਵਸਤਰ-ਸ਼ਸਤਰ ਦਾਊਦ ਨੂੰ ਪਹਿਨਾਏ। ਸ਼ਾਊਲ ਨੇ ਉਸ ਦੇ ਸਿਰ ਉੱਤੇ ਪਿੱਤਲ ਦਾ ਟੋਪ ਪੁਆਇਆ ਅਤੇ ਉਸ ਦੇ ਸ਼ਰੀਰ ਉੱਤੇ ਜ਼ਰਾ-ਬਖਤਰ ਪੁਆਇਆ। 39 ਦਾਊਦ ਨੇ ਆਪਣੀ ਤਲਵਾਰ ਜ਼ਰਾ ਬਖਤਰ ਉੱਪਰ ਬੰਨ੍ਹੀ ਅਤੇ ਚੱਲਣ ਦਾ ਉਦਮ ਕੀਤਾ। ਦਾਊਦ ਨੇ ਸ਼ਾਊਲ ਦੇ ਵਸਤਰ-ਸ਼ਸਤਰ ਸਜਾਏ ਪਰ ਉਹ ਇਨ੍ਹਾਂ ਭਾਰੀਆਂ ਚੀਜ਼ਾਂ ਨੂੰ ਪਾਣ ਦਾ ਆਦੀ ਨਹੀਂ ਸੀ।

ਦਾਊਦ ਨੇ ਸ਼ਾਊਲ ਨੂੰ ਕਿਹਾ, “ਇਨ੍ਹਾਂ ਨਾਲ ਤਾਂ ਮੇਰੇ ਕੋਲੋਂ ਨਹੀਂ ਤੁਰਿਆ ਜਾਂਦਾ ਕਿਉਂ ਜੋ ਮੈਂ ਇਨ੍ਹਾਂ ਦਾ ਆਦੀ ਨਹੀਂ ਹਾਂ।” ਤਾਂ ਦਾਊਦ ਨੇ ਉਹ ਸਭ ਕੁਝ ਉਤਾਰ ਦਿੱਤਾ। 40 ਦਾਊਦ ਨੇ ਆਪਣੀ ਡਾਂਗ ਹੱਥ ਵਿੱਚ ਫ਼ੜੀ ਅਤੇ ਉਸ ਨਦੀ ਕੋਲੋਂ ਪੰਜ ਚੀਕਨੇ ਪੱਥਰ ਚੁੱਕ ਲਏ। ਉਸ ਨੇ ਉਹ ਪੰਜ ਮੁਲਾਇਮ ਜਿਹੇ ਪੱਥਰ ਆਪਣੇ ਅਯਾਲੀ ਦੇ ਝੋਲੇ ਵਿੱਚ ਪਾ ਲਏ ਅਤੇ ਉਸਦੀ ਗੁਲੇਲ ਉਸ ਦੇ ਹੱਥ ਵਿੱਚ ਸੀ ਅਤੇ ਉਹ ਫ਼ਲਿਸਤੀ ਗੋਲਿਆਥ ਵੱਲ ਚੱਲਾ ਗਿਆ।

ਦਾਊਦ ਦਾ ਗੋਲਿਆਥ ਨੂੰ ਮਾਰ ਸੁੱਟਣਾ

41 ਉਹ ਫ਼ਲਿਸਤੀ ਗੋਲਿਆਥ ਹੌਲੀ-ਹੌਲੀ ਚੱਲਦਾ ਦਾਊਦ ਦੇ ਨੇੜੇ ਹੁੰਦਾ ਗਿਆ। ਗੋਲਿਆਥ ਦਾ ਸਹਾਇਕ ਹੱਥ ਵਿੱਚ ਢਾਲ ਚੁੱਕੀ ਉਸ ਦੇ ਅੱਗੇ-ਅੱਗੇ ਚੱਲਦਾ ਆਉਂਦਾ ਸੀ। 42 ਗੋਲਿਆਥ ਨੇ ਦਾਊਦ ਵੱਲ ਵੇਖਿਆ ਅਤੇ ਹੱਸਿਆ ਉਸ ਨੇ ਵੇਖਿਆ ਕਿ ਉਹ ਸਿਰਫ਼ ਲਾਲ ਮੂੰਹ ਵਾਲਾ ਖੂਬਸੂਰਤ ਨੌਜੁਆਨ ਮੁੰਡਾ ਹੈ। 43 ਗੋਲਿਆਥ ਨੇ ਦਾਊਦ ਨੂੰ ਪੁੱਛਿਆ, “ਇਹ ਡਾਂਗ ਕਿਸ ਵਾਸਤੇ ਹੈ? ਕੀ ਤੂੰ ਮੈਨੂੰ ਇੱਥੋਂ ਇੱਕ ਕੁੱਤੇ ਵਾਂਗ ਭਜਾਉਣ ਲਈ ਮੇਰੇ ਪਿੱਛੇ ਆਇਆ ਹੈ?” ਫ਼ੇਰ ਗੋਲਿਆਥ ਨੇ ਦਾਊਦ ਨੂੰ ਆਪਣੇ ਫ਼ਲਿਸਤੀ ਦੇਵਤਿਆਂ ਦੇ ਨਾਵਾਂ ਉੱਤੇ ਗਾਲ੍ਹਾਂ ਕੱਢੀਆਂ। 44 ਤਦ ਉਸ ਨੇ ਦਾਊਦ ਨੂੰ ਆਖਿਆ, “ਇੱਧਰ ਆ ਜ਼ਰਾ, ਮੈਂ ਤੇਰਾ ਸ਼ਰੀਰ ਪਰਿੰਦਿਆਂ-ਦਰਿੰਦਿਆਂ ਨੂੰ ਪਾਵਾਂ।”

45 ਦਾਊਦ ਨੇ ਉਸ ਫ਼ਲਿਸਤੀ ਨੂੰ ਕਿਹਾ, “ਤੂੰ ਤਾ ਤਲਵਾਰ, ਢਾਲ ਅਤੇ ਬਰਛਾ ਲੈ ਕੇ ਮੇਰੇ ਵੱਲ ਆਉਂਦਾ ਹੈਂ। ਪਰ ਮੈਂ ਸਰਬ-ਸ਼ਕਤੀਮਾਨ ਯਹੋਵਾਹ, ਇਸਰਾਏਲ ਦੀ ਸੈਨਾ ਦੇ ਪਰਮੇਸ਼ੁਰ ਦੇ ਨਾਮ ਉੱਤੇ ਆ ਰਿਹਾ ਹਾਂ, ਜਿਸ ਬਾਰੇ ਤੂੰ ਮੰਦਾ ਬੋਲਿਆ ਹੈ। ਜਿਸ ਬਾਰੇ ਤੂੰ ਇੰਨਾ ਮੰਦਾ ਆਖਿਆ ਹੈ। 46 ਅਤੇ ਅੱਜ ਹੀ ਯਹੋਵਾਹ ਤੈਨੂੰ ਮੇਰੇ ਹੱਥ ਕਰ ਦੇਵੇਗਾ। ਮੈਂ ਤੈਨੂੰ ਮਾਰ ਸੁੱਟਾਂਗਾ। ਅੱਜ ਮੈਂ ਤੇਰੇ ਸ਼ਰੀਰ ਦੇ ਟੋਟੇ ਕਰਕੇ ਕਾਵਾਂ ਅਤੇ ਕੁੱਤਿਆਂ ਨੂੰ ਪਾਵਾਂਗਾ। ਮੈਂ ਤੇਰਾ ਸਿਰ ਵੱਢ ਸੁੱਟਾਂਗਾ ਅਤੇ ਉਸ ਨੂੰ ਪਰਿੰਦਿਆਂ-ਦਰਿੰਦਿਆਂ ਅੱਗੇ ਸੁੱਟਾਂਗਾ। ਅਤੇ ਅੱਜ ਹੀ ਫ਼ਲਿਸਤੀਆਂ ਦੇ ਦਲਾਂ ਦੀਆਂ ਲੋਥਾਂ ਪੌਣਾਂ ਦੇ ਪੰਛੀਆਂ ਅਤੇ ਧਰਤੀ ਦੇ ਦਰਿੰਦਿਆਂ ਨੂੰ ਦੇਵਾਂਗਾ ਤਾਂ ਜੋ ਸਾਰੀ ਦੁਨੀਆ ਜਾਣ ਜਾਵੇ ਕਿ ਸਿਰਾਏਲ ਵਿੱਚ ਇੱਕ ਪਰਮੇਸ਼ੁਰ ਹੈ। 47 ਅਤੇ ਇੱਥੇ ਹਾਜ਼ਰ ਸਾਰੇ ਲੋਕਾਂ ਨੂੰ ਵੀ ਇਹ ਖਬਰ ਹੋ ਜਾਵੇਗੀ ਕਿ ਯੁੱਧ ਦਾ ਸੁਆਮੀ ਤਾਂ ਯਹੋਵਾਹ ਤਲਵਾਰ ਅਤੇ ਬਰਛੀ ਨਾਲ ਨਹੀਂ ਬਚਾਉਂਦਾ ਕਿਉਂਕਿ ਯੁੱਧ ਦਾ ਸੁਆਮੀ ਤਾਂ ਯਹੋਵਾਹ ਹੈ ਅਤੇ ਯਹੋਵਾਹ ਹੀ ਤੈਨੂੰ ਅਤੇ ਫ਼ਲਿਸਤੀਆਂ ਨੂੰ ਸਾਡੇ ਹੱਥ ਦੇਵੇਗਾ।”

48 ਗੋਲਿਆਥ ਫ਼ਲਿਸਤੀ ਉੱਠਿਆ ਅਤੇ ਅੱਗੇ ਵੱਧਕੇ ਦਾਊਦ ਨਾਲ ਲੜਨ ਨੂੰ ਨੇੜੇ ਹੋਇਆ ਤਾਂ ਦਾਊਦ ਛੇਤੀ ਨਾਲ ਫ਼ਲਿਸਤੀ ਵੱਲ ਦੌੜਿਆ।

49 ਦਾਊਦ ਨੇ ਝੱਟ ਆਪਣੇ ਝੋਲੇ ਵਿੱਚੋਂ ਪੱਥਰ ਕੱਢਿਆ ਅਤੇ ਉਸ ਨੂੰ ਆਪਣੀ ਗੁਲੇਲ ਵਿੱਚ ਰੱਖਕੇ ਗੁਲੇਲ ਚੱਲਾ ਦਿੱਤੀ। ਗੁਲੇਲ ਵਿੱਚੋਂ ਪੱਥਰ ਨਿਕਿਲਆ ਅਤੇ ਏਨ ਗੋਲਿਆਥ ਦੀਆਂ ਦੋਨਾਂ ਅੱਖਾਂ ਦੇ ਵਿੱਚਕਾਰ ਜਾਕੇ ਵੱਜਿਆ ਅਤੇ ਜਾ ਉਸ ਦੇ ਸਿਰ ਵਿੱਚ ਖੁੱਭ ਗਿਆ ਅਤੇ ਗੋਲਿਆਥ ਉੱਥੇ ਹੀ ਮੂੰਹ ਪਰਨੇ ਜ਼ਮੀਨ ਉੱਤੇ ਡਿੱਗ ਪਿਆ।

50 ਇਉਂ ਦਾਊਦ ਨੇ ਫ਼ਲਿਸਤੀ ਨੂੰ ਖਾਲੀ ਇੱਕ ਗੁਲੇਲ ਉੱਤੇ ਇੱਕ ਪੱਥਰ ਨਾਲ ਹੀ ਹਾਰ ਦੇ ਦਿੱਤੀ। ਉਸ ਨੇ ਫ਼ਲਿਸਤੀ ਨੂੰ ਗੁਲੇਲ ਨਾਲ ਰੋੜਾ ਮਾਰਕੇ ਹੀ ਮਾਰ ਸੁੱਟਿਆ। ਦਾਊਦ ਕੋਲ ਕੋਈ ਤਲਵਾਰ ਨਹੀਂ ਸੀ। 51 ਇਸ ਲਈ ਦਾਊਦ ਭੱਜਕੇ ਫ਼ਲਿਸਤੀ ਦੇ ਉੱਪਰ ਚੜ੍ਹ ਖਲੋਤਾ ਅਤੇ ਉਸਦੀ ਤਲਵਾਰ ਫ਼ੜ੍ਹ ਕੇ ਮਿਆਨੋ ਖਿੱਚ ਲਈ ਅਤੇ ਉਸ ਨੂੰ ਜਾਨੋ ਮਾਰਕੇ ਉਸਦਾ ਸਿਰ ਤਲਵਾਰ ਨਾਲ ਵੱਢ ਸੁੱਟਿਆ। ਇਉਂ ਦਾਊਦ ਨੇ ਫ਼ਲਿਸਤੀ ਨੂੰ ਜਾਨੋਂ ਮਾਰਿਆ।

ਜਦੋਂ ਬਾਕੀ ਫ਼ਲਿਸਤੀਆਂ ਨੇ ਵੇਖਿਆ ਕਿ ਉਨ੍ਹਾਂ ਦਾ ਨਾਇਕ ਮਾਰਿਆ ਗਿਆ ਹੈ ਤਾਂ ਉਹ ਉੱਥੋਂ ਭੱਜ ਗਏ। 52 ਤਾਂ ਇਸਰਾਏਲ ਅਤੇ ਯਹੂਦਾਹ ਦੇ ਲੋਕ ਉੱਠੇ ਅਤੇ ਵਾਦੀ ਤੱਕ ਅਤੇ ਅਕਰੋਨ ਦੇ ਫ਼ਾਟਕਾਂ ਤੀਕ ਵੰਗਾਰਕੇ ਫ਼ਲਿਸਤੀਆਂ ਦੇ ਮਗਰ ਪਏ। ਉਨ੍ਹਾਂ ਨੇ ਬਹੁਤ ਸਾਰੇ ਫ਼ਲਿਸਤੀਆਂ ਨੂੰ ਵੱਢ ਸੁੱਟਿਆ ਅਤੇ ਉਨ੍ਹਾਂ ਦਾ ਪਿੱਛਾ ਕਰਦੇ ਹੋਏ ਇਹ ਫ਼ਲਿਸਤੀਆਂ ਨੂੰ ਸਆਰੈਮ ਦੇ ਰਾਹ ਵਿੱਚ ਗੱਥ ਅਤੇ ਅਕਰੋਨ ਤੀਕ ਮਾਰਦੇ ਵੱਢਦੇ ਗਏ। 53 ਤਦ ਇਸਰਾਏਲੀ ਫ਼ਲਿਸਤੀਆਂ ਦੇ ਮਗਰੋਂ ਹਟ ਗਏ ਅਤੇ ਵਾਪਸ ਆਕੇ ਉਨ੍ਹਾਂ ਦੇ ਡੇਰਿਆਂ ਨੂੰ ਲੁੱਟ ਲਿਆ।

54 ਦਾਊਦ ਉਸ ਫ਼ਲਿਸਤੀ ਦਾ ਸਿਰ ਲੈ ਕੇ ਯਰੂਸ਼ਲਮ ਵਿੱਚ ਆਇਆ। ਪਰ ਦਾਊਦ ਨੇ ਫ਼ਲਿਸਤੀਆਂ ਦੇ ਸ਼ਸਤਰਾਂ ਨੂੰ ਆਪਣੇ ਡੇਰੇ ਵਿੱਚ ਰੱਖਿਆ।

ਸ਼ਾਊਲ ਦਾ ਦਾਊਦ ਨੂੰ ਭੈਅ ਦੇਣਾ

55 ਸ਼ਾਊਲ ਦਾਊਦ ਨੂੰ ਗੋਲਿਆਥ ਨਾਲ ਲੜਦੇ ਜਾਂਦੇ ਵੇਖਦਾ ਰਿਹਾ। ਸ਼ਾਊਲ ਨੇ ਤਦ ਸੈਨਾਪਤੀ ਅਬਨੇਰ ਕੋਲੋਂ ਪੁੱਛਿਆ, “ਅਬਨੇਰ, ਇਹ ਮੁੰਡਾ ਕਿਸ ਦਾ ਪੁੱਤਰ ਹੈ?”

ਅਬਨੇਰ ਨੇ ਕਿਹਾ, “ਸੁਆਮੀ, ਤੇਰੀ ਸੌਂਹ, ਮੈਂ ਨਹੀਂ ਜਾਣਦਾ ਇਹ ਕੌਣ ਹੈ?”

56 ਤਾਂ ਪਾਤਸ਼ਾਹ ਸ਼ਾਊਲ ਨੇ ਕਿਹਾ, “ਜਾ, ਜਾਕੇ ਪਤਾ ਕਰ ਕਿ ਇਸ ਦਾ ਪਿਉ ਕੌਣ ਹੈ?”

57 ਜਦੋਂ ਦਾਊਦ ਗੋਲਿਆਥ ਨੂੰ ਮਾਰਕੇ ਵਾਪਸ ਆਇਆ ਤਾਂ ਅਬਨੇਰ ਉਸ ਨੂੰ ਸ਼ਾਊਲ ਕੋਲ ਲੈ ਗਿਆ। ਉਸ ਵਕਤ ਦਾਊਦ ਦੇ ਹੱਥ ਵਿੱਚ ਫ਼ਲਿਸਤੀ ਦਾ ਸਿਰ ਸੀ।

58 ਸ਼ਾਊਲ ਨੇ ਉਸ ਨੂੰ ਕਿਹਾ, “ਹੇ ਨੌਜੁਆਨ! ਤੇਰਾ ਪਿਉ ਕੌਣ ਹੈ?”

ਦਾਊਦ ਨੇ ਕਿਹਾ, “ਮੈਂ ਤੇਰੇ ਦਾਸ ਯੱਸੀ ਜੋ ਬੈਤਲਹਮ ਦਾ ਹੈ, ਉਸਦਾ ਪੁੱਤਰ ਹਾਂ।”

ਦਾਊਦ ਅਤੇ ਯੋਨਾਥਾਨ ਗੂੜ੍ਹੇ ਮਿੱਤਰ

18 ਜਦੋਂ ਦਾਊਦ ਸ਼ਾਊਲ ਨਾਲ ਗੱਲ ਕਰ ਹਟਿਆ ਤਾਂ ਯੋਨਾਥਾਨ ਦਾਊਦ ਦੇ ਬਹੁਤ ਨੇੜੇ ਹੋ ਗਿਆ। ਯੋਨਾਥਾਨ ਦਾਊਦ ਨੂੰ ਓਨਾ ਹੀ ਪਿਆਰ ਕਰਦਾ ਸੀ ਜਿੰਨਾ ਕਿ ਉਹ ਆਪਣੇ-ਆਪ ਨੂੰ। ਉਸ ਦਿਨ ਤੋਂ ਬਾਦ ਸ਼ਾਊਲ ਨੇ ਦਾਊਦ ਨੂੰ ਆਪਣੇ ਕੋਲ ਹੀ ਰੱਖਿਆ ਅਤੇ ਮੁੜ ਉਸ ਨੇ ਦਾਊਦ ਨੂੰ ਆਪਣੇ ਪਿਉ ਕੋਲ ਵਾਪਸ ਨਾ ਜਾਣ ਦਿੱਤਾ। ਯੋਨਾਥਾਨ ਦਾਊਦ ਨੂੰ ਬਹੁਤ ਪਿਆਰ ਕਰਦਾ ਸੀ ਤਾਂ ਉਸ ਨੇ ਦਾਊਦ ਨਾਲ ਇੱਕ ਇਕਰਾਰਨਾਮਾ ਕੀਤਾ। ਯੋਨਾਥਾਨ ਨੇ ਜਿਹੜਾ ਚੋਲਾ ਪਾਇਆ ਹੋਇਆ ਸੀ ਉਹ ਦਾਊਦ ਨੂੰ ਦੇ ਦਿੱਤਾ। ਯੋਨਾਥਾਨ ਨੇ ਉਸ ਨੂੰ ਆਪਣੀ ਵਰਦੀ ਵੀ ਦੇ ਦਿੱਤੀ। ਇੱਥੋਂ ਤੱਕ ਕਿ ਉਸ ਨੇ ਦਾਊਦ ਨੂੰ ਆਪਣੀ ਤਲਵਾਰ, ਧਨੁਸ਼ ਅਤੇ ਪੇਟੀ ਵੀ ਦੇ ਦਿੱਤੀ।

ਸ਼ਾਊਲ ਉਸਦੀ ਸਫ਼ਲਤਾ ਵਾਚਦਾ ਰਿਹਾ

ਸ਼ਾਊਲ ਨੇ ਦਾਊਦ ਨੂੰ ਬਹੁਤ ਸਾਰੀਆਂ ਲੜਾਈਆਂ ਵਿੱਚ ਲੜਨ ਨੂੰ ਭੇਜਿਆ ਅਤੇ ਉਹ ਉਨ੍ਹਾਂ ਜੰਗਾਂ ਵਿੱਚ ਬੜਾ ਕਾਮਯਾਬ ਵੀ ਰਿਹਾ। ਫ਼ਿਰ ਸ਼ਾਊਲ ਨੇ ਉਸ ਨੂੰ ਸੈਨਾ ਦਾ ਸਰਦਾਰ ਬਣਾ ਦਿੱਤਾ। ਇਹ ਗੱਲ ਸਭ ਨੂੰ ਇੱਥੋਂ ਤੱਕ ਕਿ ਸ਼ਾਊਲ ਦੇ ਅਫ਼ਸਰਾਂ ਨੂੰ ਵੀ ਬੜੀ ਚੰਗੀ ਲੱਗੀ। ਦਾਊਦ ਫ਼ਲਿਸਤੀਆਂ ਦੇ ਖਿਲਾਫ਼ ਲੜਨ ਜਾਂਦਾ ਅਤੇ ਜਦ ਉਹ ਲੜਾਈ ਤੋਂ ਬਾਦ ਘਰ ਨੂੰ ਵਾਪਸ ਪਰਤਦਾ ਤਾਂ ਇਸਰਾਏਲ ਦੇ ਹਰ ਸ਼ਹਿਰ ਵਿੱਚੋਂ ਔਰਤਾਂ ਆਪਣੇ ਘਰਾਂ ਵਿੱਚੋਂ ਬਾਹਰ ਨਿਕਲਦੀਆਂ ਤਾਂ ਜੋ ਉਹ ਦਾਊਦ ਨੂੰ ਮਿਲ ਸੱਕਣ ਅਤੇ ਫ਼ਿਰ ਉਹ ਲੋਕ ਬੜਾ ਖੁਸ਼ ਹੁੰਦੇ ਨੱਚਦੇ, ਗਾਉਂਦੇ ਢੋਲ ਵਜਾਉਂਦੇ ਅਤੇ ਬਰਬਤ ਵਰਗਾ ਇੱਕ ਸਾਜ਼ ਵੀ ਵਜਾਉਂਦੇ। ਇਹ ਸਭ ਕੁਝ ਉਹ ਲੋਕ ਸ਼ਾਊਲ ਦੇ ਸਾਹਮਣੇ ਕਰਦੇ। ਔਰਤਾਂ ਇਹ ਗੀਤ ਗਾਉਂਦੀਆਂ:

“ਸ਼ਾਊਲ ਨੇ ਹਜ਼ਾਰਾਂ ਵੈਰੀਆਂ ਨੂੰ ਮਾਰਿਆ
    ਪਰ ਦਾਊਦ ਨੇ ਲੱਖਾਂ ਵੈਰੀਆਂ ਨੂੰ ਮਾਰਿਆ।”

ਔਰਤਾਂ ਦੇ ਇਸ ਗੀਤ ਨੇ ਸ਼ਾਊਲ ਨੂੰ ਬੇਚੈਨ ਕਰ ਦਿੱਤਾ ਅਤੇ ਉਸ ਨੂੰ ਬੜਾ ਕਰੋਧ ਆਇਆ। ਸ਼ਾਊਲ ਨੇ ਸੋਚਿਆ, “ਔਰਤਾਂ ਆਖਦੀਆਂ ਹਨ ਕਿ ਦਾਊਦ ਨੇ ਲੱਖਾਂ ਵੈਰੀਆਂ ਨੂੰ ਮਾਰਿਆ ਅਤੇ ਉਹ ਆਖਦੀਆਂ ਹਨ ਕਿ ਮੈਂ ਸਿਰਫ਼ ਹਜ਼ਾਰਾਂ ਵੈਰੀਆਂ ਨੂੰ ਮਾਰਿਆ।” ਉਸ ਦਿਨ ਤੋਂ ਬਾਦ ਸ਼ਾਊਲ ਦਾਊਦ ਉੱਪਰ ਕੜੀ ਨਜ਼ਰ ਰੱਖਣ ਲੱਗਾ।

ਸ਼ਾਊਲ ਦਾ ਦਾਊਦ ਤੋਂ ਭੈਅ ਖਾਣਾ

10 ਅਗਲੇ ਹੀ ਦਿਨ ਤੋਂ ਇੱਕ ਦੁਸ਼ਟ ਆਤਮੇ ਨੇ ਪਰਮੇਸ਼ੁਰ ਵੱਲੋਂ ਸ਼ਾਊਲ ਉੱਪਰ ਵੱਸ ਕਰ ਲਿਆ। ਉਹ ਆਪਣੇ ਘਰ ਬਿਲਕੁਲ ਜੰਗਲੀ ਪਾਗਲਾਂ ਵਾਂਗ ਵਤੀਰਾ ਕਰਨ ਲੱਗਾ। ਦਾਊਦ ਜਿਵੇਂ ਹੀ ਉਸ ਨੂੰ ਠੀਕ ਕਰਨ ਲਈ ਬਰਬਤ ਵਜਾਉਂਦਾ ਸੀ ਉਹ ਉਵੇਂ ਹੀ ਕਰਨ ਲੱਗਾ। 11 ਪਰ ਸ਼ਾਊਲ ਦੇ ਹੱਥ ਵਿੱਚ ਇੱਕ ਸਾਂਗ ਸੀ ਅਤੇ ਉਸ ਨੇ ਸੋਚਿਆ, “ਮੈਂ ਦਾਊਦ ਨੂੰ ਕੰਧ ਵਿੱਚ ਵਿੰਨ੍ਹ ਦੇਵਾਂਗਾ।” ਸ਼ਾਊਲ ਨੇ ਦੋ ਵਾਰ ਸਾਂਗ ਉਸ ਵੱਲ ਸੁੱਟੀ ਪਰ ਦਾਊਦ ਦੋਨੋਂ ਵਾਰੀ ਬਚ ਨਿਕਲਿਆ।

12 ਯਹੋਵਾਹ ਦਾਊਦ ਦੇ ਨਾਲ ਸੀ ਅਤੇ ਯਹੋਵਾਹ ਨੇ ਸ਼ਾਊਲ ਨੂੰ ਛੱਡ ਦਿੱਤਾ ਸੀ ਇਸ ਲਈ ਹੁਣ ਸ਼ਾਊਲ ਦਾਊਦ ਕੋਲੋਂ ਭੈਅ ਖਾਂਦਾ ਸੀ। 13 ਸ਼ਾਊਲ ਨੇ ਦਾਊਦ ਨੂੰ ਆਪਣੇ ਤੋਂ ਦੂਰ ਭੇਜ ਦਿੱਤਾ ਉਸ ਨੇ ਦਾਊਦ ਨੂੰ 1,000 ਸਿਪਾਹਈਆਂ ਉੱਪਰ ਕਮਾਂਡਰ ਬਣਾ ਦਿੱਤਾ। ਅਤੇ ਇਸ ਲਈ ਉਹ ਲੜਾਈ ਵਿੱਚ ਲੋਕਾਂ ਦਾ ਆਗੂ ਹੁੰਦਾ। 14 ਯਹੋਵਾਹ ਦਾਊਦ ਦੇ ਨਾਲ ਸੀ ਇਸ ਲਈ ਉਹ ਜਿਸ ਕੰਮ ਨੂੰ ਵੀ ਹੱਥ ਪਾਉਂਦਾ ਉਸ ਨੂੰ ਸਫ਼ਲਤਾ ਮਿਲਦੀ। 15 ਸ਼ਾਊਲ ਨੇ ਜਦ ਵੇਖਿਆ ਕਿ ਦਾਊਦ ਨੂੰ ਬੜੀ ਕਾਮਯਾਬੀ ਮਿਲਦੀ ਹੈ ਤਾਂ ਉਹ ਹੋਰ ਜ਼ਿਆਦਾ ਦਾਊਦ ਤੋਂ ਡਰਨ ਲੱਗਾ। 16 ਪਰ ਇਸਰਾਏਲ ਅਤੇ ਯਹੂਦਾਹ ਦੇ ਸਾਰੇ ਲੋਕਾਂ ਨੇ ਦਾਊਦ ਨੂੰ ਪਿਆਰ ਕੀਤਾ ਕਿਉਂਕਿ ਉਸ ਨੇ ਜੰਗ ਵਿੱਚ ਉਨ੍ਹਾਂ ਦੀ ਅਗਵਾਈ ਕੀਤੀ ਸੀ ਅਤੇ ਉਨ੍ਹਾਂ ਦੀ ਖਾਤਿਰ ਲੜਿਆ ਸੀ।

ਸ਼ਾਊਲ ਨੇ ਆਪਣੀ ਧੀ ਨਾਲ ਦਾਊਦ ਦਾ ਵਿਆਹ ਕਰਨਾ ਚਾਹਿਆ

17 ਪਰ ਸ਼ਾਊਲ ਦਾਊਦ ਨੂੰ ਮਾਰਨਾ ਚਾਹੁੰਦਾ ਸੀ, ਉਸ ਨੇ ਦਾਊਦ ਨਾਲ ਚਾਲ ਖੇਡਣ ਦੀ ਇੱਕ ਵਿਉਂਤ ਬਣਾਈ ਸ਼ਾਊਲ ਨੇ ਦਾਊਦ ਨੂੰ ਕਿਹਾ, “ਇਹ ਮੇਰੀ ਸਭ ਤੋਂ ਵੱਡੀ ਧੀ ਮੇਰਬ ਹੈ, ਇਸ ਨੂੰ ਮੈਂ ਤੈਨੂੰ ਵਿਆਹ ਦਿੰਦਾ ਹਾਂ, ਫ਼ਿਰ ਤੂੰ ਇੱਕ ਤਕੜਾ ਸਿਪਾਹੀ ਅਤੇ ਮੇਰੇ ਪੁੱਤਰਾਂ ਸਮਾਨ ਹੋ ਜਾਵੇਂਗਾ। ਫ਼ਿਰ ਤੂੰ ਜਾਕੇ ਯਹੋਵਾਹ ਦੀਆਂ ਲੜਾਈਆਂ ਵੀ ਲੜਿਆ ਕਰੇਂਗਾ।” ਪਰ ਇਹ ਸ਼ਾਊਲ ਦੀ ਚਾਲ ਸੀ ਅਸਲ ਵਿੱਚ ਤਾਂ ਸ਼ਾਊਲ ਸੋਚ ਰਿਹਾ ਸੀ ਕਿ, “ਹੁਣ ਮੈਨੂੰ ਦਾਊਦ ਨੂੰ ਜਾਨੋਂ ਮਾਰਨ ਦੀ ਲੋੜ ਨਹੀਂ ਪਵੇਗੀ, ਸਗੋਂ ਮੇਰੇ ਲਈ ਆਪੇ ਹੀ ਉਹ ਫ਼ਲਿਸਤੀਆਂ ਦੇ ਹੱਥੋਂ ਮਰੇਗਾ।”

18 ਪਰ ਦਾਊਦ ਨੇ ਕਿਹਾ, “ਮੈਂ ਕਿਸੇ ਵੱਡੇ ਪਰਿਵਾਰ ਵਿੱਚੋਂ ਨਹੀਂ ਹਾਂ। ਮੇਰਾ ਖਾਨਦਾਨ ਇੰਨਾ ਉੱਚਾ ਨਹੀਂ ਹੈ ਕਿ ਪਾਤਸ਼ਾਹ ਦੀ ਕੁੜੀ ਨਾਲ ਵਿਆਹ ਕਰਾਂ।”

19 ਪਰ ਅਜਿਹਾ ਹੋਇਆ ਕਿ ਜਦੋਂ ਉਹ ਵੇਲਾ ਆਇਆ ਕਿ ਸ਼ਾਊਲ ਦੀ ਧੀ ਦਾਊਦ ਨਾਲ ਵਿਆਹੀ ਜਾਵੇ ਤਾਂ ਉਹ ਮਹੋਲਾਠੀ ਅੰਦਰੀਏਲ ਨਾਲ ਵਿਆਹੀ ਗਈ।

20 ਸ਼ਾਊਲ ਦੀ ਦੂਜੀ ਕੁੜੀ ਮੀਕਲ ਦਾਊਦ ਨੂੰ ਪਿਆਰ ਕਰਦੀ ਸੀ। ਲੋਕਾਂ ਨੇ ਸ਼ਾਊਲ ਨੂੰ ਦੱਸਿਆ ਕਿ ਮੀਕਲ ਦਾਊਦ ਨੂੰ ਪਿਆਰ ਕਰਦੀ ਹੈ ਤਾਂ ਉਹ ਸੁਣਕੇ ਬੜਾ ਖੁਸ਼ ਹੋਇਆ। 21 ਸ਼ਾਊਲ ਨੇ ਸੋਚਿਆ, “ਹੁਣ ਮੈਂ ਮੀਕਲ ਤੋਂ ਦਾਊਦ ਨੂੰ ਉਸ ਦੇ ਜਾਲ ਵਿੱਚ ਫ਼ਸਾਉਣ ਦਾ ਕੰਮ ਲਵਾਂਗਾ। ਮੈਂ ਮੀਕਲ ਨੂੰ ਦਾਊਦ ਨਾਲ ਵਿਆਹ ਕਰਨ ਦੇਵਾਂਗਾ ਅਤੇ ਉਸਤੋਂ ਬਾਦ ਫ਼ਲਿਸਤੀ ਆਪੇ ਦਾਊਦ ਨੂੰ ਜਾਨੋਂ ਮਾਰ ਸੁੱਟਣਗੇ।” ਇਸ ਲਈ ਸ਼ਾਊਲ ਨੇ ਦਾਊਦ ਨੂੰ ਦੂਜੀ ਵਾਰ ਕਿਹਾ, “ਤੂੰ ਅੱਜ ਹੀ ਮੇਰੀ ਕੁੜੀ ਨਾਲ ਵਿਆਹ ਕਰ ਸੱਕਦਾ ਹੈਂ।”

22 ਸ਼ਾਊਲ ਨੇ ਆਪਣੇ ਅਫ਼ਸਰਾਂ ਨੂੰ ਹੁਕਮ ਦਿੱਤਾ ਅਤੇ ਕਿਹਾ, ਦਾਊਦ ਨਾਲ ਇੱਕਲਿਆਂ ਗੱਲ ਕਰੋ ਅਤੇ ਉਸ ਨੂੰ ਕਹੋ, “ਵੇਖ, ਪਾਤਸ਼ਾਹ ਤੈਨੂੰ ਬਹੁਤ ਚਾਹੁੰਦਾ ਹੈ, ਉਸ ਦੇ ਸਾਰੇ ਅਫ਼ਸਰਾਂ ਨੂੰ ਵੀ ਤੂੰ ਬਹੁਤ ਪਿਆਰਾ ਹੈ। ਇਸ ਲਈ ਤੈਨੂੰ ਉਸਦੀ ਕੁੜੀ ਨਾਲ ਵਿਆਹ ਕਰਵਾ ਲੈਣਾ ਚਾਹੀਦਾ ਹੈ।”

23 ਸ਼ਾਊਲ ਦੇ ਅਫ਼ਸਰਾਂ ਨੇ ਉਪਰੰਤ ਦਾਊਦ ਨਾਲ ਇਹ ਸਾਰੀ ਗੱਲ ਕੀਤੀ ਤਾਂ ਦਾਊਦ ਨੇ ਆਖਿਆ, “ਤੁਸੀਂ ਕੀ ਸੋਚਦੇ ਹੋ ਕਿ ਪਾਤਸ਼ਾਹ ਦਾ ਜਵਾਈ ਬਨਣਾ ਇੰਨਾ ਸੌਖਾ ਪਿਆ ਹੈ? ਮੇਰੇ ਕੋਲ ਉਸਦੀ ਧੀ ਨੂੰ ਵਿਆਹੁਣ ਜੋਗੇ ਪੈਸੇ ਨਹੀਂ ਮੈਂ ਤਾਂ ਕੰਗਾਲ ਹਾਂ ਅਤੇ ਇੱਕ ਬੜਾ ਸਾਧਾਰਣ ਜਿਹਾ ਮਨੁੱਖ ਹਾਂ, ਮੇਰੀ ਹਸਤੀ ਹੀ ਕੀ ਹੈ?”

24 ਸ਼ਾਊਲ ਦੇ ਅਫ਼ਸਰਾਂ ਨੇ ਜੋ ਕੁਝ ਦਾਊਦ ਨੇ ਆਖਿਆ ਸੀ ਆਕੇ ਉਸ ਨੂੰ ਕਹਿ ਦਿੱਤਾ। 25 ਸ਼ਾਊਲ ਨੇ ਉਨ੍ਹਾਂ ਨੂੰ ਕਿਹਾ, “ਦਾਊਦ ਨੂੰ ਆਖੋ, ‘ਦਾਊਦ, ਰਾਜਾ ਨਹੀਂ ਚਾਹੁੰਦਾ ਕਿ ਤੂੰ ਉਸਦੀ ਧੀ ਖਾਤਿਰ ਉਸ ਨੂੰ ਕੋਈ ਦਹੇਜ਼ ਦੇਵੇ। ਉਹ ਆਪਣੇ ਦੁਸ਼ਮਣਾਂ ਤੋਂ ਬਦਲਾ ਲੈਣਾ ਚਾਹੁੰਦਾ ਹੈ। ਇਸ ਲਈ ਉਹ ਆਪਣੀ ਧੀ ਦੇ ਵਿਆਹ ਵਾਸਤੇ 100 ਫ਼ਲਿਸਤੀਆਂ ਦੀਆਂ ਖੱਲਾਂ ਚਾਹੁੰਦਾ ਹੈ।’” ਇਹ ਸ਼ਾਊਲ ਦੀ ਇੱਕ ਗੁਪਤ ਵਿਉਂਤ ਸੀ। ਉਸ ਨੇ ਸੋਚਿਆ ਕਿ ਫ਼ਲਿਸਤੀ ਦਾਊਦ ਨੂੰ ਮਾਰ ਦੇਣਗੇ।

26 ਸ਼ਾਊਲ ਦੇ ਅਫ਼ਸਰਾਂ ਨੇ ਇਹ ਸਭ ਗੱਲਾਂ ਜਾਕੇ ਦਾਊਦ ਨੂੰ ਕਹੀਆਂ। ਦਾਊਦ ਖੁਸ਼ ਸੀ ਕਿ ਉਸ ਨੂੰ ਪਾਟਸ਼ਾਹ ਦਾ ਜੁਆਈ ਬਣਨ ਦਾ ਮੌਕਾ ਮਿਲਿਆ ਹੈ ਤਾਂ ਉਹ ਝਟ੍ਟ ਮੰਨ ਗਿਆ। 27 ਸਭ ਕੁਝ ਇੰਨੀ ਜਲਦੀ ਹੋਇਆ ਕਿ ਦਾਊਦ ਅਤੇ ਉਸ ਦੇ ਕੁਝ ਸਿਪਾਹੀ ਫ਼ਲਿਸਤੀਆਂ ਦੇ ਖਿਲਾਫ਼ ਲੜਾਈ ਕਰਨ ਚੱਲੇ ਗਏ। ਉਨ੍ਹਾਂ ਨੇ 200 ਫ਼ਲਿਸਤੀ ਸਿਪਾਹੀਆਂ ਨੂੰ ਮਾਰ ਸੁੱਟਿਆ। ਦਾਊਦ ਨੇ ਇਨ੍ਹਾਂ ਫ਼ਲਿਸਤੀਆਂ ਦੀਆਂ ਚਮੜੀਆਂ ਲਿਆਕੇ ਦਾਊਦ ਨੂੰ ਦੇ ਦਿੱਤੀਆਂ। ਦਾਊਦ ਨੇ ਇਹ ਸਭ ਇਸ ਲਈ ਕੀਤਾ ਕਿਉਂਕਿ ਉਹ ਪਾਤਸ਼ਾਹ ਦਾ ਜੁਆਈ ਬਣਨਾ ਚਾਹੁੰਦਾ ਸੀ।

ਤਾਂ ਸ਼ਾਊਲ ਨੇ ਆਪਣੀ ਧੀ ਮੀਕਲ ਉਸ ਨੂੰ ਵਿਆਹ ਦਿੱਤੀ। 28 ਸ਼ਾਊਲ ਨੇ ਵੇਖਿਆ ਕਿ ਯਹੋਵਾਹ ਦਾਊਦ ਦੇ ਨਾਲ ਹੈ ਅਤੇ ਉਸਦੀ ਧੀ ਮੀਕਲ ਵੀ ਦਾਊਦ ਨੂੰ ਪਿਆਰ ਕਰਦੀ ਹੈ। 29 ਤਾਂ ਸ਼ਾਊਲ ਦਾਊਦ ਕੋਲੋਂ ਹੋਰ ਵੀ ਵੱਧੇਰੇ ਭੈਅ ਖਾਣ ਲੱਗਾ। ਅਤੇ ਉਹ ਦਾਊਦ ਦੇ ਹੋਰ ਵੀ ਖਿਲਾਫ਼ ਰਹਿਣ ਲੱਗਾ।

30 ਤਦ ਫ਼ਲਿਸਤੀਆਂ ਦੇ ਸਰਦਾਰਾਂ ਨੇ ਲਗਾਤਾਰ ਇਸਰਾਏਲੀਆਂ ਨਾਲ ਲੜਾਈ ਜਾਰੀ ਰੱਖੀ ਪਰ ਹਰ ਵਾਰ ਦਾਊਦ ਨੇ ਉਨ੍ਹਾਂ ਨੂੰ ਹਰਾਇਆ। ਦਾਊਦ ਸ਼ਾਊਲ ਦਾ ਸਭ ਤੋਂ ਵੱਧੀਆ ਅਤੇ ਬਹਾਦੁਰ ਅਫ਼ਸਰ ਸੀ ਅਤੇ ਉਹ ਸਭਨਾ ਵਿੱਚ ਬੜਾ ਮਸ਼ਹੂਰ ਹੋਇਆ।

ਲੂਕਾ 11:1-28

ਯਿਸੂ ਪ੍ਰਾਰਥਨਾ ਬਾਰੇ ਉਪਦੇਸ਼ ਦਿੰਦਾ(A)

11 ਇੱਕ ਵਾਰ ਯਿਸੂ ਕਿਸੇ ਥਾਂ ਤੇ ਪ੍ਰਾਰਥਨਾ ਕਰ ਰਿਹਾ ਸੀ। ਜਦੋਂ ਉਹ ਪ੍ਰਾਰਥਨਾ ਕਰ ਹਟਿਆ ਤਾਂ ਉਸ ਦੇ ਇੱਕ ਚੇਲੇ ਨੇ ਉਸ ਨੂੰ ਆਖਿਆ, “ਪ੍ਰਭੂ! ਸਾਨੂੰ ਪ੍ਰਾਰਥਨਾ ਕਰਨੀ ਸਿੱਖਾਵੋ ਜਿਵੇਂ ਯੂਹੰਨਾ ਨੇ ਆਪਣੇ ਚੇਲਿਆਂ ਨੂੰ ਸਿੱਖਾਈ ਸੀ।”

ਯਿਸੂ ਨੇ ਚੇਲਿਆਂ ਨੂੰ ਆਖਿਆ, “ਜਦੋਂ ਤੁਸੀਂ ਪ੍ਰਾਰਥਨਾ ਕਰੋ ਤਾਂ ਇਹ ਆਖੋ:

‘ਹੇ ਪਿਤਾ! ਤੇਰਾ ਨਾਮ ਹਮੇਸ਼ਾ ਪਵਿੱਤਰ ਮੰਨਿਆ ਜਾਵੇ,
    ਅਤੇ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਤੇਰਾ ਰਾਜ ਆਵੇ।
ਹਰ ਰੋਜ ਸਾਨੂੰ ਉਹ ਰੋਟੀ ਦੇ, ਜੋ ਸਾਨੂੰ ਲੋੜੀਦੀ ਹੈ।
ਸਾਡੇ ਪਾਪ ਮਾਫ਼ ਕਰ ਕਿਉਂਕਿ ਜੋ
    ਸਾਡੇ ਨਾਲ ਗਲਤ ਕਰਦਾ ਹੈ ਅਸੀਂ ਵੀ ਹਰ ਉਸ ਮਨੁੱਖ ਨੂੰ ਖਿਮਾ ਕਰਦੇ ਹਾਂ
ਅਤੇ ਸਾਨੂੰ ਪਰੱਖੇ ਨਾ ਜਾਣ ਦੇਵੀਂ।’”

ਲਗਾਤਾਰ ਮੰਗਦੇ ਰਹੋ(B)

5-6 ਤਾਂ ਉਸ ਨੇ ਉਨ੍ਹਾਂ ਨੂੰ ਕਿਹਾ, “ਕਿਸੇ ਹਾਲਾਤ ਵਿੱਚ, ਤੁਹਾਡੇ ਵਿੱਚੋਂ ਕੋਈ ਇੱਕ ਅੱਧੀ ਰਾਤ ਆਪਣੇ ਮਿੱਤਰ ਦੇ ਘਰ ਜਾਕੇ ਆਖੇ ਕਿ, ਕਿਰਪਾ ਕਰਕੇ ਮੈਨੂੰ ਤਿੰਨ ਰੋਟੀਆਂ ਦੇ, ‘ਕਿਉਂਕਿ ਮੇਰਾ ਇੱਕ ਮਿੱਤਰ ਸਫ਼ਰ ਤੋਂ ਮੇਰੇ ਘਰ ਆਇਆ ਹੈ, ਪਰ ਮੇਰੇ ਕੋਲ ਉਸ ਨੂੰ ਖੁਆਉਣ ਲਈ ਕੁਝ ਨਹੀਂ ਹੈ।’ ਮੰਨ ਲਵੋ ਜੇਕਰ ਤੁਹਾਡਾ ਮਿੱਤਰ ਘਰ ਦੇ ਅੰਦਰੋ ਹੀ ਤੁਹਾਨੂੰ ਜਵਾਬ ਦਿੰਦਾ ਹੈ, ‘ਚਲਾ ਜਾ! ਮੈਨੂੰ ਤੰਗ ਨਾ ਕਰ! ਦਰਵਾਜਾ ਪਹਿਲਾਂ ਹੀ ਬੰਦ ਪਿਆ ਹੈ। ਮੈਂ ਅਤੇ ਮੇਰੇ ਬੱਚੇ ਮੰਜੇ ਤੇ ਸੁੱਤੇ ਪਏ ਹਨ ਤੇ ਮੈਂ ਹੁਣ ਉੱਠ ਕੇ ਤੈਨੂੰ ਰੋਟੀਆਂ ਦੇਣ ਦੀ ਜ਼ਹਿਮਤ ਨਹੀਂ ਕਰ ਸੱਕਦਾ।’ ਮੈਂ ਤੁਹਾਨੂੰ ਦੱਸਦਾ ਹਾਂ ਕਿ ਭਾਵੇਂ ਉਹ ਤੁਹਾਨੂੰ ਉੱਠ ਕੇ ਰੋਟੀ ਦੇਣੀ ਪਸੰਦ ਨਹੀਂ ਕਰਦਾ ਕਿਉਂਕਿ ਉਹ ਤੇਰਾ ਮਿੱਤਰ ਹੈ। ਪਰ ਕਿਉਂਕਿ ਤੁਸੀਂ ਬਾਰ-ਬਾਰ ਪੁੱਛ ਰਹੇ ਹੋ, ਉਹ ਉੱਠੇਗਾ ਅਤੇ ਜੋ ਤੁਹਾਨੂੰ ਚਾਹੀਦਾ ਹੈ ਦੇ ਦੇਵੇਗਾ। ਇਸ ਲਈ ਮੈਂ ਆਖਦਾ ਹਾਂ ਕਿ ਤੁਸੀਂ ਪਰਮੇਸ਼ੁਰ ਕੋਲ ਨਿਰੰਤਰ ਮੰਗੋਂਗੇ ਤਾਂ ਉਹ ਤੁਹਾਨੂੰ ਦੇਵੇਗਾ। ਜੇਕਰ ਢੂਂਡੋਂਗੇ ਤਾਂ ਉਹ ਤੁਹਾਨੂੰ ਲੱਭੇਗਾ, ਲਗਾਤਾਰ ਖੜਕਾਉਂਦੇ ਰਹੋ ਤਾਂ ਤੁਹਾਡੇ ਲਈ ਦਰਵਾਜਾ ਖੋਲ੍ਹਿਆ ਜਾਵੇਗਾ। 10 ਕਿਉਂਕਿ ਹਰੇਕ ਜੋ ਮੰਗਦਾ ਹੈ ਉਸ ਨੂੰ ਮਿਲਦਾ ਹੈ, ਜੋ ਲੱਭਦਾ ਹੈ ਉਹ ਪ੍ਰਾਪਤ ਕਰਦਾ ਹੈ, ਅਤੇ ਜਿਹੜਾ ਮਨੁੱਖ ਦਰਵਾਜ਼ਾ ਖੜਕਾਉਂਦਾ ਹੈ ਉਸ ਲਈ ਖੋਲ੍ਹਿਆ ਜਾਂਦਾ ਹੈ। 11 ਤੁਹਾਡੇ ਵਿੱਚੋਂ ਕਿਹੜਾ ਹੈ ਜੋ ਇੱਕ ਪਿਤਾ ਵਜੋਂ ਆਪਣੇ ਪੁੱਤਰ ਨੂੰ ਸੱਪ ਦੇਵੇਗਾ ਜਦ ਕਿ ਉਹ ਮੱਛੀ ਮੰਗਦਾ ਹੈ। 12 ਜਾਂ ਜਦੋਂ ਉਹ ਆਂਡਾ ਮੰਗੇ ਤਾਂ ਤੁਸੀਂ ਬਿੱਛੂ ਦੇਵੋਂਗੇ? ਨਹੀਂ! 13 ਤੁਸੀਂ ਵੀ ਬਾਕੀ ਸਭ ਲੋਕਾਂ ਵਾਂਗ ਹੋ। ਤੁਸੀਂ ਬੁਰੇ ਹੋਕੇ ਵੀ ਜੇਕਰ ਆਪਣੇ ਬੱਚਿਆਂ ਨੂੰ ਚੰਗੀਆਂ ਦਾਤਾਂ ਦੇਣੀਆਂ ਜਾਣਦੇ ਹੋ ਤਾਂ ਸਵਰਗ ਵਿੱਚ ਪਿਤਾ ਉਨ੍ਹਾਂ ਨੂੰ ਕਿਤੇ ਵੱਧ ਪਵਿੱਤਰ ਆਤਮਾ ਦਿੰਦਾ ਹੈ ਜੋ ਉਸਤੋਂ ਮੰਗਦੇ ਹਨ।”

ਯਿਸੂ ਦਾ ਅਧਿਕਾਰ ਪਰਮੇਸ਼ੁਰ ਵੱਲੋਂ ਹੈ(C)

14 ਇੱਕ ਵਾਰ ਯਿਸੂ ਇੱਕ ਆਦਮੀ ਵਿੱਚੋਂ ਭੂਤ ਕੱਢ ਰਿਹਾ ਸੀ। ਜੋ ਕਿ ਭੂਤ ਦੇ ਕਬਜ਼ੇ ਕਾਰਣ ਗੂੰਗਾ ਸੀ, ਜਦੋਂ ਭੂਤ ਬਾਹਰ ਆਇਆ ਤਾਂ ਆਦਮੀ ਨੇ ਬੋਲਣਾ ਸ਼ੁਰੂ ਕਰ ਦਿੱਤਾ। ਇਸ ਘਟਨਾ ਤੇ ਲੋਕ ਬੜੇ ਹੈਰਾਨ ਹੋ ਗਏ। 15 ਪਰ ਕੁਝ ਲੋਕਾਂ ਨੇ ਕਿਹਾ, “ਉਹ ਭੂਤਾਂ ਦੇ ਸ਼ਾਸਕ ਬਆਲ-ਜ਼ਬੂਲ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹੈ।”

16 ਅਤੇ ਹੋਰਾਂ ਨੇ ਉਸ ਨੂੰ ਪਰੱਖਣ ਲਈ ਸਵਰਗ ਵੱਲੋਂ ਨਿਸ਼ਾਨ ਦਰਸ਼ਾਉਣ ਲਈ ਆਖਿਆ। 17 ਪਰ ਯਿਸੂ ਉਨ੍ਹਾਂ ਦੇ ਮਨ ਦੀਆਂ ਜਾਣਦਾ ਸੀ ਸੋ ਉਸ ਨੇ ਲੋਕਾਂ ਨੂੰ ਆਖਿਆ, “ਇੱਕ ਰਾਜ, ਜੋ ਵੰਡਿਆ ਹੋਇਆ ਅਤੇ ਆਪਣੇ ਵਿਰੁੱਧ ਲੜਦਾ ਹੈ, ਨਸ਼ਟ ਹੋ ਜਾਵੇਗਾ। ਅਤੇ ਇੰਝ ਹੀ ਇੱਕ ਘਰ ਜਿਹੜਾ ਕਿ ਵੰਡਿਆ ਹੋਇਆ ਹੈ ਅਤੇ ਆਪਣੇ ਵਿਰੁੱਧ ਲੜਦਾ ਹੈ, ਢਹਿ ਜਾਵੇਗਾ। 18 ਜੇਕਰ ਸ਼ੈਤਾਨ ਆਪਸ ਵਿੱਚ ਵੰਡਿਆ ਹੋਇਆ ਹੈ ਤਾਂ ਉਨ੍ਹਾਂ ਦਾ ਰਾਜ ਕਿਵੇਂ ਠਹਿਰੇਗਾ? ਮੈਂ ਅਜਿਹਾ ਇਸ ਲਈ ਆਖਦਾ ਕਿਉਂਕਿ ਤੁਸੀਂ ਆਖਦੇ ਹੋ ਕਿ ਮੈਂ ਬਆਲ-ਜ਼ਬੂਲ ਦੀ ਸਹਾਇਤਾ ਨਾਲ ਭੂਤ ਕੱਢਦਾ ਹਾਂ। 19 ਅਤੇ ਜੇਕਰ ਮੈਂ ਬਆਲ-ਜ਼ਬੂਲ ਦੀ ਸਹਾਇਤਾ ਨਾਲ ਭੂਤ ਕੱਢਦਾ ਹਾਂ ਤਾਂ ਫ਼ਿਰ ਤੁਹਾਡੇ ਚੇਲੇ ਕਿਸ ਦੀ ਸਹਾਇਤਾ ਨਾਲ ਉਨ੍ਹਾਂ ਨੂੰ ਬਾਹਰ ਕੱਢਦੇ ਹਨ? ਇਉਂ ਤੁਹਾਡੇ ਆਪਣੇ ਲੋਕ ਹੀ ਇਹ ਸਾਬਤ ਕਰ ਰਹੇ ਹਨ ਕਿ ਤੁਸੀਂ ਗਲਤ ਹੋ। 20 ਦੂਜੇ ਪਾਸੇ ਮੈਂ ਪਰਮੇਸ਼ੁਰ ਦੀ ਸ਼ਕਤੀ ਦੀ ਸਹਾਇਤਾ ਨਾਲ ਭੂਤ ਬਾਹਰ ਕੱਢਦਾ ਹਾਂ। ਇਸਦਾ ਅਰਥ ਇਹ ਹੈ ਕਿ ਪਰਮੇਸ਼ੁਰ ਦਾ ਰਾਜ ਤੁਹਾਡੇ ਕੋਲ ਆ ਪਹੁੰਚਿਆ ਹੈ।

21 “ਜਦੋਂ ਕੋਈ ਤਾਕਤਵਰ ਮਨੁੱਖ ਪੂਰੀ ਤਰ੍ਹਾਂ ਹਥਿਆਰ ਬੰਦ ਹੁੰਦਾ ਹੈ ਅਤੇ ਆਪਣੇ ਘਰ ਦੀ ਰੱਖਵਾਲੀ ਕਰ ਰਿਹਾ ਹੁੰਦਾ ਹੈ, ਤਾਂ ਉਸਦੀ ਸੰਪਤੀ ਸੁਰੱਖਿਅਤ ਹੁੰਦੀ ਹੈ। 22 ਪਰ ਜੇਕਰ ਵੱਧੇਰੇ ਸ਼ਕਤੀਸ਼ਾਲੀ ਆਦਮੀ ਉਸਤੇ ਹਮਲਾ ਕਰਦਾ ਹੈ ਅਤੇ ਉਸ ਨੂੰ ਹਰਾ ਦਿੰਦਾ ਹੈ ਤਾਂ, ਜਿਨ੍ਹਾਂ ਹਥਿਆਰਾਂ ਉੱਤੇ ਉਹ ਨਿਰਭਰ ਸੀ, ਉਹ ਉਨ੍ਹਾਂ ਨੂੰ ਲੈ ਲੈਂਦਾ ਹੈ। ਅਤੇ ਦੂਜਿਆਂ ਨਾਲ ਲੁੱਟ ਦਾ ਸਮਾਨ ਵੰਡ ਲੈਂਦਾ ਹੈ।

23 “ਜੇਕਰ ਕੋਈ ਮੇਰੇ ਨਾਲ ਨਹੀਂ, ਓਹ ਮੇਰੇ ਵਿਰੁੱਧ ਹੈ। ਅਤੇ ਜੇਕਰ ਉਹ ਮੇਰੇ ਨਾਲ ਇਕੱਠਾ ਨਹੀਂ ਕਰਦਾ, ਓੁਹ ਖਿੰਡਾਉਂਦਾ ਹੈ।

ਖਾਲੀ ਮਨੁੱਖ(D)

24 “ਜਦੋਂ ਕੋਈ ਭ੍ਰਿਸ਼ਟ ਆਤਮਾ ਕਿਸੇ ਮਨੁੱਖ ਵਿੱਚੋਂ ਬਾਹਰ ਆਉਂਦਾ ਹੈ, ਉਹ ਸੁੱਕੀਆਂ ਥਾਵਾਂ ਵਿੱਚੋਂ ਲੰਘਦਾ ਹੋਇਆ ਅਰਾਮ ਕਰਨ ਲਈ ਜਗ੍ਹਾ ਲੱਭਦਾ ਫ਼ਿਰਦਾ ਹੈ। ਪਰ ਜਦੋਂ ਉਸ ਨੂੰ ਅਰਾਮ ਕਰਨ ਲਈ ਕੋਈ ਥਾਂ ਨਹੀਂ ਲੱਭਦੀ। ਤਾਂ ਉਹ ਆਖਦਾ ਹੈ, ‘ਮੈਂ ਜਿਸ ਘਰ ਨੂੰ ਛੱਡ ਕੇ ਆਇਆ ਸੀ ਉੱਥੇ ਹੀ ਜਾ ਰਿਹਾ ਹਾਂ।’ 25 ਫ਼ਿਰ ਉਹ ਵਾਪਸ ਆਉਂਦਾ ਹੈ ਅਤੇ ਜਦੋਂ ਉਹ ਉਸ ਥਾਂ ਨੂੰ ਸਾਫ਼ ਅਤੇ ਸੱਜਿਆ ਸਵਰਿਆ ਵੇਖਦਾ ਹੈ। 26 ਤਾਂ ਉਹ ਭ੍ਰਿਸ਼ਟ ਆਤਮਾ ਬਾਹਰ ਜਾਕੇ ਸੱਤ ਹੋਰ ਆਤਮਿਆਂ ਨੂੰ ਇਕੱਠਾ ਕਰਦਾ ਹੈ, ਜਿਹੜੇ ਉਸ ਨਾਲੋਂ ਵੀ ਵੱਧੇਰੇ ਭ੍ਰਿਸ਼ਟ ਹੁੰਦੇ ਹਨ। ਤਾਂ ਉਹ ਸਭ ਭਰਿਸ਼ਟ ਆਤਮੇ ਉਸ ਥਾਵੇਂ ਜਾਕੇ ਫ਼ਿਰ ਰਹਿਣ ਲੱਗ ਜਾਂਦੇ ਹਨ। ਇਸ ਤਰ੍ਹਾਂ ਉਸ ਮਨੁੱਖ ਦੀ ਹਾਲਤ ਪਹਿਲਾਂ ਨਾਲੋਂ ਵੀ ਵੱਧ ਭੈੜੀ ਹੋ ਜਾਂਦੀ ਹੈ।”

ਜਿਹੜੇ ਮਨੁੱਖ ਵਾਸਤਵ ਵਿੱਚ ਖੁਸ਼ ਹਨ

27 ਜਦੋਂ ਯਿਸੂ ਨੇ ਇਹ ਸਾਰੀਆਂ ਗੱਲਾਂ ਆਖੀਆਂ ਤਾਂ ਭੀੜ ਵਿੱਚੋਂ ਇੱਕ ਔਰਤ ਨੇ ਉੱਚੀ ਅਵਾਜ਼ ਵਿੱਚ ਆਖਿਆ, “ਧੰਨ ਹੈ ਉਹ ਮਾਂ ਜਿਸਦੀ ਕੁੱਖੋਂ ਤੂੰ ਜਨਮ ਲਿਆ ਤੇ ਜਿਸਦਾ ਤੂੰ ਦੁੱਧ ਪੀਤਾ ਹੈ।”

28 ਪਰ ਯਿਸੂ ਨੇ ਆਖਿਆ, “ਇਹ ਸੱਚ ਹੈ, ਪਰ ਉਹ ਲੋਕ ਵੱਧੇਰੇ ਧੰਨ ਹੋਣਗੇ ਜੋ ਪਰਮੇਸ਼ੁਰ ਦੇ ਬਚਨਾਂ ਨੂੰ ਸੁਣਦੇ ਹਨ ਅਤੇ ਉਨ੍ਹਾਂ ਦੇ ਮੁਤਾਬਿਕ ਹੀ ਚੱਲਦੇ ਹਨ।”

Punjabi Bible: Easy-to-Read Version (ERV-PA)

2010 by World Bible Translation Center