Old/New Testament
ਦਾਊਦ ਅਤੇ ਮੂਰਖ ਨਾਬਾਲ
25 ਸਮੂਏਲ ਮਰ ਗਿਆ। ਸਾਰੇ ਇਸਰਾਏਲੀਆਂ ਨੇ ਇੱਕਤਰ ਹੋਕੇ ਸਮੂਏਲ ਦੀ ਮੌਤ ਉੱਤੇ ਆਪਣਾ ਦੁੱਖ ਪਰਗਟ ਕੀਤਾ ਅਤੇ ਉਸ ਦੇ ਹੀ ਘਰ ਰਾਮਾਹ ਵਿੱਚ ਉਸ ਨੂੰ ਦਫ਼ਨਾਇਆ।
ਤਦ ਦਾਊਦ ਪਾਰਾਨ ਦੀ ਉਜਾੜ ਵੱਲ ਆ ਗਿਆ। 2 ਮਾਓਨ ਵਿੱਚ ਇੱਕ ਬੜਾ ਹੀ ਅਮੀਰ ਆਦਮੀ ਰਹਿੰਦਾ ਸੀ। ਉਸ ਕੋਲ 3,000 ਭੇਡਾਂ ਅਤੇ 1,000 ਬੱਕਰੀਆਂ ਸਨ। ਉਹ ਮਨੁੱਖ ਕਰਮਲ ਵਿੱਚ ਕਿਸੇ ਕਾਰੋਬਾਰ ਦੇ ਸਿਲਸਿਲੇ ਵਿੱਚ ਸੀ। 3 ਇਸ ਮਨੁੱਖ ਦਾ ਨਾਉਂ ਨਾਬਾਲ ਸੀ। ਨਾਬਾਲ ਕਾਲੇਬ ਦੇ ਪਰਿਵਾਰ ਵਿੱਚੋਂ ਸੀ ਅਤੇ ਇਸਦੀ ਪਤਨੀ ਦਾ ਨਾਮ ਅਬੀਗੈਲ ਸੀ, ਉਹ ਬੜੀ ਖੂਬਸੂਰਤ ਅਤੇ ਬੁਧੀਮਾਨ ਔਰਤ ਸੀ ਪਰ ਨਾਬਾਲ ਬੜਾ ਨਿਰਦਯੀ ਕਠੋਰ ਅਤੇ ਜ਼ਾਲਿਮ ਆਦਮੀ ਸੀ।
4 ਤਦ ਦਾਊਦ ਉਜਾੜ ਵਿੱਚ ਸੀ ਜਦ ਉਸ ਨੂੰ ਇਹ ਪਤਾ ਲੱਗਾ ਕਿ ਨਾਬਾਲ ਆਪਣੀਆਂ ਭੇਡਾਂ ਦੀ ਉੱਨ ਕਤਰ ਰਿਹਾ ਹੈ। 5 ਦਾਊਦ ਨੇ ਨਾਬਾਲ ਨਾਲ ਗੱਲ ਕਰਨ ਲਈ ਦਸ ਜੁਆਨ ਭੇਜੇ। ਦਾਊਦ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਕਰਮਲ ਵਿੱਚ ਜਾਕੇ ਨਾਬਾਲ ਨੂੰ ਲੱਭਕੇ ਉਸ ਨੂੰ ਮੇਰੇ ਵੱਲੋਂ ਸੁੱਖ-ਸਾਂਦ ਪੁੱਛੋ।” 6 ਦਾਊਦ ਨੇ ਉਨ੍ਹਾਂ ਦੇ ਹੱਥ ਨਾਬਾਲ ਲਈ ਸੁਨੇਹਾ ਘੱਲਿਆ, “ਮੈਨੂੰ ਆਸ ਹੈ ਕਿ ਤੂੰ ਅਤੇ ਤੇਰਾ ਪਰਿਵਾਰ ਰਾਜ਼ੀ-ਖੁਸ਼ੀ ਹੋਵੇਂਗਾ। ਤੇਰਾ ਘਰ-ਪਰਿਵਾਰ ਤੇ ਜੋ ਕੁਝ ਤੇਰੇ ਕੋਲ ਹੈ ਸਭ ਸਹੀ ਸਲਾਮਤ ਹੋਵੇਗਾ। 7 ਮੈਂ ਸੁਣਿਆ ਹੈ ਕਿ ਤੂੰ ਭੇਡਾਂ ਦੀ ਉੱਨ ਕੁਤਰ ਰਿਹਾ ਹੈ। ਕੁਝ ਦੇਰ ਲਈ ਅਯਾਲੀ ਮੇਰੇ ਨਾਲ ਸਨ ਅਤੇ ਅਸੀਂ ਉਨ੍ਹਾਂ ਨਾਲ ਕੋਈ ਗਲਤ ਗੱਲ ਨਹੀਂ ਕੀਤੀ। ਜਦੋਂ ਤੇਰੇ ਅਯਾਲੀ ਕਰਮਲ ਵਿੱਚ ਸਨ, ਅਸੀਂ ਉਨ੍ਹਾਂ ਦਾ ਕੁਝ ਨਹੀਂ ਖੋਹਿਆ। 8 ਤੂੰ ਆਪਣੇ ਸੇਵਕਾਂ ਨੂੰ ਪੁੱਛ ਅਤੇ ਉਹ ਤੈਨੂੰ ਦੱਸਣਗੇ ਕਿ ਇਹ ਸੱਚ ਹੈ। ਕਿਰਪਾ ਕਰਕੇ ਮੇਰੇ ਜੁਆਨਾ ਉੱਤੇ ਵੀ ਰਹਿਮ ਕਰੀਂ। ਇਹ ਇਸ ਖੁਸ਼ੀ ਦੇ ਮੌਕੇ ਉੱਤੇ ਤੇਰੇ ਕੋਲ ਆਏ ਹਨ। ਕਿਰਪਾ ਕਰਕੇ ਇਨ੍ਹਾਂ ਜੁਆਨਾ ਨੂੰ ਤੂੰ ਜੋ ਕੁਝ ਵੀ ਆਪਣੇ ਖਜ਼ਾਨੇ ਵਿੱਚੋਂ ਦੇ ਸੱਕਦਾ ਹੈਂ ਦੇ। ਕਿਰਪਾ ਕਰਕੇ ਤੂੰ ਮੇਰੀ ਖਾਤਿਰ ਉਹ ਉਪਕਾਰ ਕਰ। ਤੇਰਾ ਮਿੱਤਰ, ਦਾਊਦ।”
9 ਦਾਊਦ ਦੇ ਆਦਮੀ ਨਾਬਾਲ ਕੋਲ ਗਏ ਅਤੇ ਉਸਦਾ (ਦਾਊਦ) ਸੁਨੇਹਾ ਜਾਕੇ ਨਾਬਾਲ ਨੂੰ ਦਿੱਤਾ। 10 ਪਰ ਨਾਬਾਲ ਉਨ੍ਹਾਂ ਨਾਲ ਕਮੀਨਗੀ ਨਾਲ ਪੇਸ਼ ਆਇਆ ਅਤੇ ਕਿਹਾ, “ਦਾਊਦ ਹੈ ਕੌਣ? ਕੌਣ ਯੱਸੀ ਦਾ ਪੁੱਤਰ? ਅੱਜ ਕੱਲ ਅਜਿਹੇ ਬੜੇ ਸੇਵਕ ਹਨ ਜੋ ਆਪਣੇ ਮਾਲਕਾਂ ਕੋਲੋਂ ਨੱਸ ਗਏ ਹਨ! ਮੇਰੇ ਕੋਲ ਪਾਣੀ ਅਤੇ ਰੋਟੀ ਹੈ। 11 ਅਤੇ ਆਪਣੇ ਚਾਕਰਾਂ ਦੇ ਖਾਣ ਲਈ ਮਾਸ ਹੈ ਕਿਉਂਕਿ ਉਹ ਮੇਰੀਆਂ ਭੇਡਾਂ ਦੀ ਉੱਨ ਕੁਤਰਦੇ ਹਨ ਪਰ ਇਹ ਸਭ ਮੈਂ ਉਨ੍ਹਾਂ ਲੋਕਾਂ ਨੂੰ ਕਿਵੇਂ ਦੇ ਦੇਵਾਂ ਜਿਨ੍ਹਾਂ ਨੂੰ ਮੈਂ ਜਾਣਦਾ ਤੱਕ ਨਹੀਂ।”
12 ਦਾਊਦ ਦੇ ਆਦਮੀਆਂ ਨੇ ਵਾਪਸ ਪਰਤਕੇ ਇਹ ਸਭ ਕੁਝ ਜਾਕੇ ਦਾਊਦ ਨੂੰ ਦੱਸਿਆ। 13 ਤਦ ਦਾਊਦ ਨੇ ਆਪਣੇ ਆਦਮੀਆਂ ਨੂੰ ਕਿਹਾ, “ਸਭ ਆਪੋ-ਆਪਣੀਆਂ ਤਲਵਾਰਾਂ ਬੰਨ੍ਹੋ।” ਤਾਂ ਦਾਊਦ ਅਤੇ ਉਸ ਦੇ ਆਦਮੀਆਂ ਨੇ ਆਪੋ-ਆਪਣੀਆਂ ਤਲਵਾਰਾਂ ਬੰਨ੍ਹੀਆਂ। 400 ਦੇ ਕਰੀਬ ਮਨੁੱਖ ਦਾਊਦ ਦੇ ਨਾਲ ਗਏ ਅਤੇ 200 ਆਦਮੀ ਰਸਦ ਲਈ ਪਿੱਛੇ ਠਹਿਰੇ।
ਅਬੀਗੈਲ ਮੁਸੀਬਤ ਨੂੰ ਰੋਕਦੀ ਹੈ
14 ਨਾਬਾਲ ਦੇ ਨੌਕਰਾਂ ਵਿੱਚੋਂ ਇੱਕ ਨੇ ਉਸਦੀ ਬੀਵੀ ਅਬੀਗੈਲ ਨੂੰ ਜਾਕੇ ਆਖਿਆ, “ਵੇਖੋ, ਦਾਊਦ ਨੇ ਉਜਾੜ ਤੋਂ ਸਾਡੇ ਮਾਲਕ ਦੀ ਸੁੱਖ-ਸਾਂਦ ਪੁੱਛਣ ਲਈ ਕੁਝ ਹਲਕਾਰੇ ਭੇਜੇ ਸਨ ਪਰ ਨਾਬਾਲ ਉਨ੍ਹਾਂ ਨਾਲ ਬੜਾ ਮਾੜਾ ਪੇਸ਼ ਆਇਆ। 15 ਇਹ ਆਦਮੀ ਸਾਡੇ ਨਾਲ ਬੜਾ ਚੰਗਾ ਸਲੂਕ ਕਰਦੇ ਸਨ। ਜਿੰਨਾ ਚਿਰ ਅਸੀਂ ਰੜਿਆਂ ਵਿੱਚ ਭੇਡਾਂ ਨਾਲ ਸਾਂ ਤਾਂ ਦਾਊਦ ਦੇ ਆਦਮੀ ਵੀ ਉਨ੍ਹਾਂ ਸਮਿਆਂ ਵਿੱਚ ਸਾਡੇ ਨਾਲ ਰਹੇ, ਪਰ ਉਨ੍ਹਾਂ ਸਾਡੇ ਨਾਲ ਬੜੀ ਭਲਾਈ ਕੀਤੀ, ਸਾਨੂੰ ਕਦੇ ਕੋਈ ਔਖ ਨਾ ਆਉਣ ਦਿੱਤੀ। 16 ਦਾਊਦ ਦੇ ਆਦਮੀਆਂ ਨੇ ਦਿਨ-ਰਾਤ ਸਾਡੀ ਰੱਖਿਆ ਕੀਤੀ। ਜਦੋਂ ਅਸੀਂ ਆਪਣੀਆਂ ਭੇਡਾਂ ਦੀ ਰੱਖਵਾਲੀ ਲਈ ਨਿਕਲੇ ਸਾਂ ਤਾਂ ਦਾਊਦ ਦੇ ਆਦਮੀਆਂ ਨੇ ਸਾਨੂੰ, ਚਾਰ ਦਿਵਾਰੀ ਵਾਂਗ, ਹਰ ਮੁਸੀਬਤ ਤੋਂ ਬਚਾਇਆ ਅਤੇ ਸਾਡੀ ਹਿਫ਼ਾਜ਼ਤ ਕੀਤੀ। 17 ਹੁਣ ਇਸ ਬਾਰੇ ਜ਼ਰਾ ਸੋਚੋ ਅਤੇ ਵਿੱਚਾਰੋ ਕਿ ਤੁਸੀਂ ਕੀ ਕਰੋਂਗੇ? ਨਾਬਾਲ ਇੰਨਾ ਦੁਸ਼ਟ ਸੀ, ਕਿ ਉਸ ਨੂੰ ਉਸਦਾ ਮਨ ਬਦਲਣ ਲਈ ਪ੍ਰੇਰਣਾ ਅਸੰਭਵ ਸੀ। ਸਾਡੇ ਮਾਲਕ ਅਤੇ ਉਸ ਦੇ ਪਰਿਵਾਰ ਉੱਪਰ ਲਈ ਭਾਰੀ ਕਰੋਪੀ ਆਉਣ ਵਾਲੀ ਹੈ।”
18 ਅਬੀਗੈਲ ਨੇ ਬੜੀ ਫ਼ੁਰਤੀ ਨਾਲ ਉੱਠ ਕੇ 200 ਰੋਟੀਆਂ ਅਤੇ ਦੋ ਵੱਡੀਆਂ ਬੋਤਲਾਂ ਮੈਅ ਦੀਆਂ, ਰਿੰਨ੍ਹੀਆਂ ਹੋਈਆਂ ਪੰਜ ਭੇਡਾਂ, ਪੰਜ ਟੋਕਰੇ ਭੁੱਜੇ ਹੋਏ ਦਾਣਿਆਂ ਦੇ, 100 ਗੁਛਾ ਸੌਗੀ ਦਾ, ਅਤੇ 200 ਪਿੰਨੀਆਂ ਅੰਜੀਰਾਂ ਦੀਆਂ ਲੈ ਕੇ ਖੋਤਿਆਂ ਉੱਪਰ ਲੱਦ ਲਿਆ। 19 ਤਦ ਅਬੀਗੈਲ ਨੇ ਆਪਣੇ ਚਾਕਰਾਂ ਨੂੰ ਆਖਿਆ, “ਤੁਸੀਂ ਮੇਰੇ ਅੱਗੇ ਤੁਰੋ, ਮੈਂ ਤੁਹਾਡੇ ਨਾਲ ਚੱਲਦੀ ਹਾਂ।” ਪਰ ਇਹ ਸਭ ਉਸ ਨੇ ਆਪਣੇ ਪਤੀ ਨੂੰ ਨਾ ਦੱਸਿਆ।
20 ਅਬੀਗੈਲ ਆਪਣੇ ਖੋਤੇ ਉੱਤੇ ਚੜ੍ਹੀ ਅਤੇ ਪਹਾੜੀ ਦੇ ਦੂਜੇ ਪਾਸੇ ਪਹੁੰਚ ਗਈ। ਹ ਦੂਜੀ ਦਿਸ਼ਾ ਵੱਲੋਂ ਆਉਂਦੇ ਦਾਊਦ ਅਤੇ ਉਸ ਦੇ ਸਾਥੀਆਂ ਨੂੰ ਆਉਂਦਿਆਂ ਨੂੰ ਮਿਲੀ।
21 ਦਾਊਦ ਅਜੇ ਜਦੋਂ ਅਬੀਗੈਲ ਨੂੰ ਨਹੀਂ ਸੀ ਮਿਲਿਆ ਤਾਂ ਦਾਊਦ ਆਖ ਰਿਹਾ ਸੀ, “ਮੈਂ ਉਜਾੜ ਵਿੱਚ ਨਾਬਾਲ ਦੀ ਜ਼ਾਇਦਾਦ ਦੀ ਰੱਖਿਆ ਕੀਤੀ। ਮੈਂ ਉਸਦੀ ਇੱਕ ਵੀ ਭੇਡ ਨਾ ਗੁਆਚਣ ਦਿੱਤੀ। ਮੈਂ ਵਿਅਰਥ ਹੀ ਉਸਦੀ ਇੰਨੀ ਰਾਖੀ ਕਰਦਾ ਰਿਹਾ। ਮੈਂ ਉਸ ਨਾਲ ਭਲਾਈ ਕਰਦਾ ਰਿਹਾ ਪਰ ਉਸ ਨੇ ਮੇਰੇ ਨਾਲ ਬੁਰਿਆਈ ਕੀਤੀ। 22 ਪਰਮੇਸ਼ੁਰ ਮੈਨੂੰ ਉਸਤੋਂ ਵੀ ਵੱਧੇਰੇ ਸਜ਼ਾ ਦੇਵੇ ਜਿੰਨੀ ਉਸ ਨੇ ਮੇਰੇ ਦੁਸ਼ਮਣਾਂ ਨੂੰ ਦਿੱਤੀ ਹੈ ਜੇਕਰ ਮੈਂ ਉਸ ਦੇ ਪਰਿਵਾਰ ਦੇ ਇੱਕ ਵੀ ਸਦੱਸ ਨੂੰ ਇੱਕ ਰਾਤ ਲਈ ਵੀ ਜਿਉਣ ਦੇਵਾਂ।”
23 ਉਸੇ ਵਕਤ ਉੱਥੇ ਅਬੀਗੈਲ ਪਹੁੰਚ ਗਈ। ਜਦੋਂ ਅਬੀਗੈਲ ਨੇ ਦਾਊਦ ਨੂੰ ਵੇਖਿਆ, ਉਹ ਝਟ੍ਟ ਆਪਣੇ ਖੋਤੇ ਤੋਂ ਉੱਤਰੀ ਅਤੇ ਅੱਗੇ ਆਪਣਾ ਸਿਰ ਝੁਕਾ ਕੇ ਮੱਥਾ ਟੇਕਿਆ। 24 ਅਤੇ ਆਖਣ ਲਗੀ, “ਹੇ ਸੁਆਮੀ! ਕਿਰਪਾ ਕਰਕੇ ਮੇਰੀ ਬੇਨਤੀ ਸੁਣ। ਹੇ ਮਹਾਰਾਜ ਇਹ ਸਭ ਦੋਸ਼ ਮੇਰੇ ਉੱਤੇ ਰੱਖ ਅਤੇ ਆਪਣੀ ਦਾਸੀ ਦੀ ਬੇਨਤੀ ਸੁਣ। 25 ਆਦਮੀ ਤੁਸੀਂ ਭੇਜੇ ਮੈਂ ਉਨ੍ਹਾਂ ਨੂੰ ਨਹੀਂ ਮਿਲੀ। ਹੇ ਸੁਆਮੀ, ਉਸੇ ਬੁਰੇ ਮਨੁੱਖ ਦੀ ਗੱਲ ਵੱਲ ਧਿਆਨ ਨਾ ਦੇ ਉਹ ਆਪਣੇ ਨਾਮ ਵਰਗਾ ਹੀ ਹੈ। ਜੇਕਰ ਉਸ ਦੇ ਨਾਮ ਦਾ ਅਰਥ ਹੀ ‘ਮੂਰੱਖ’ ਹੈ ਤਾਂ ਉਹ ਵਾਸਤਵ ਵਿੱਚ ਵੀ ਮੂਰਖ ਹੀ ਹੈ। 26 ਯਹੋਵਾਹ ਨੇ ਤੈਨੂੰ ਮਾਸੂਮ ਲੋਕਾਂ ਨੂੰ ਮਾਰਨ ਤੋਂ ਬਚਾਉਣ ਲਈ ਭੇਜਿਆ ਹੈ। ਤੂੰ ਉਨ੍ਹਾਂ ਦੀ ਰਾਖੀ ਲਈ ਆਇਆ ਹੈ ਜੋ ਮਾਸੂਮ ਹਨ। ਸੋ ਹੁਣ ਹੇ ਮਹਾਰਾਜ, ਜਿਉਂਦੇ ਯਹੋਵਾਹ ਦੀ ਸੌਂਹ ਅਤੇ ਤੇਰੀ ਜਿੰਦ ਦੀ ਸੌਂਹ ਕਿ ਹੁਣ ਤੁਹਾਡੇ ਵੈਰੀ ਅਤੇ ਉਹ ਲੋਕ ਜੋ ਮੇਰੇ ਮਹਾਰਾਜ ਦੀ ਬੁਰਿਆਈ ਕਰਨ ਉਹ ਨਾਬਾਲ ਵਰਗੇ ਹੋ ਜਾਣ। 27 ਹੁਣ ਮੈਂ ਇਹ ਤੁਛ ਭੇਟਾ ਤੁਹਾਡੇ ਅੱਗੇ ਹਾਜ਼ਿਰ ਕਰਦੀ ਹਾਂ, ਕਿਰਪਾ ਕਰਕੇ ਆਪਣੇ ਆਦਮੀਆਂ ਨੂੰ ਦੇ ਦੇਵੋ। 28 ਕਿਰਪਾ ਕਰਕੇ ਮੈਨੂੰ ਗਲਤੀ ਲਈ ਖਿਮਾ ਕਰੋ! ਮੈਂ ਜਾਣਦੀ ਹਾਂ ਯਹੋਵਾਹ ਤੁਹਾਡੇ ਘਰ-ਪਰਿਵਾਰ ਨੂੰ ਹੋਰ ਤਕੜਾ ਕਰੇਗਾ। ਤੁਹਾਡੇ ਪਰਿਵਾਰ ਵਿੱਚੋਂ ਹੋਰ ਵੀ ਪਾਤਸ਼ਾਹ ਪੈਦਾ ਹੋਣਗੇ। ਯਹੋਵਾਹ ਇਹ ਸਭ ਇਸ ਲਈ ਕਰੇਗਾ ਕਿਉਂ ਜੋ ਤੂੰ ਯਹੋਵਾਹ ਦੇ ਲਈ ਲੜਾਈ ਲੜਦਾ ਹੈਂ। ਜਦ ਤੱਕ ਤੂੰ ਜਿਉਂਦਾ ਹੈਂ ਲੋਕਾਂ ਨੂੰ ਤੇਰੇ ਵਿੱਚ ਕੋਈ ਬੁਰਾਈ ਨਹੀਂ ਲੱਭੇਗੀ। 29 ਜੇਕਰ ਕੋਈ ਮਨੁੱਖ ਤੈਨੂੰ ਮਾਰਨ ਲਈ ਤੇਰਾ ਪਿੱਛਾ ਕਰਦਾ ਹੈ ਤਾਂ ਯਹੋਵਾਹ ਤੇਰਾ ਪਰਮੇਸ਼ੁਰ ਤੈਨੂੰ ਬਚਾਵੇਗਾ। ਪਰ ਯਹੋਵਾਹ ਉਨ੍ਹਾਂ ਲੋਕਾਂ ਦੀ ਜ਼ਿੰਦਗੀ ਜੋ ਤੇਰੇ ਵੈਰੀ ਹਨ ਇਵੇਂ ਲੈ ਲਵੇਗਾ ਜਿਵੇਂ ਗੁਲੇਲ ਵਿੱਚੋਂ ਰੋੜਾ। 30 ਯਹੋਵਾਹ ਆਪਣੇ ਆਖੇ ਅਨੁਸਾਰ ਤੇਰੇ ਨਾਲ ਸਭ ਭਲਾਈਆਂ ਕਰੇਗਾ ਅਤੇ ਆਪਣੇ ਸਾਰੇ ਕੌਲ ਨਿਭਾਵੇਗਾ। ਪਰਮੇਸ਼ੁਰ ਤੈਨੂੰ ਇਸਰਾਏਲ ਦਾ ਪਾਤਸ਼ਾਹ ਠਹਿਰਾਵੇਗਾ। 31 ਤਾਂ ਫ਼ਿਰ ਇਹ ਗੱਲ ਤੁਹਾਨੂੰ ਮੁਸੀਬਤ ਦਾ ਕਾਰਣ ਨਾ ਹੋਵੇਗੀ ਅਤੇ ਮੇਰੇ ਮਹਾਰਾਜ ਦੇ ਮਨ ਵਿੱਚ ਕੋਈ ਕਲੇਸ਼ ਨਹੀਂ ਹੋਵੇਗਾ ਕਿ ਮੈਂ ਏਵੇਂ ਹੀ ਫ਼ਿਜ਼ੂਲ ਖੂਨ ਵਗਾਇਆ ਜਾਂ ਮੇਰੇ ਮਹਾਰਾਜ ਨੇ ਆਪਣਾ ਬਦਲਾ ਲਿਆ। ਜਿਸ ਵੇਲੇ ਯਹੋਵਾਹ ਮੇਰੇ ਸੁਆਮੀ ਤੇਰੇ ਉੱਤੇ ਕਿਰਪਾ ਕਰੇ ਤਦ ਤੁਸੀਂ ਆਪਣੀ ਦਾਸੀ ਨੂੰ ਜ਼ਰੂਰ ਯਾਦ ਕਰਨਾ।”
32 ਦਾਊਦ ਨੇ ਅਬੀਗੈਲ ਨੂੰ ਉੱਤਰ ’ਚ ਕਿਹਾ, “ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੀ ਉਸਤਤਿ ਕਰ। ਉਸਤਤਿ ਕਰ ਉਸ ਪਰਮੇਸ਼ੁਰ ਦੀ ਜਿਸਨੇ ਤੈਨੂੰ ਮੇਰੇ ਨਾਲ ਮਿਲਾਇਆ। 33 ਪਰਮੇਸ਼ੁਰ ਤੇਰੀ ਚੰਗੀ ਮੱਤ ਕਾਰਣ ਤੇਰੇ ਉੱਤੇ ਮਿਹਰ ਕਰੇ। ਤੂੰ ਅੱਜ ਮੈਨੂੰ ਬੇਗੁਨਾਹਾਂ ਦੇ ਲਹੂ ਵਗਾਉਣ ਤੋਂ ਬਚਾ ਲਿਆ। 34 ਕਿਉਂ ਜੋ ਸੱਚ ਮੁੱਚ ਜਿਉਂਦੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੀ ਸੌਂਹ, ਜਿਸਨੇ ਮੈਨੂੰ ਤੁਹਾਡੇ ਨਾਲ ਬੁਰਾ ਕਰਨ ਤੋਂ ਵਰਜਿਆ, ਜੇਕਰ ਤੂੰ ਕਿਤੇ ਛੇਤੀ ਨਾ ਕਰਦੀ ਅਤੇ ਮੇਰੇ ਮਿਲਣ ਨੂੰ ਨਾ ਆਉਂਦੀ ਤਾਂ ਕੱਲ ਸਵੇਰ ਤੱਕ ਨਾਬਾਲ ਦਾ ਇੱਕ ਵੀ ਬੰਦਾ ਮੈਂ ਨਾ ਛੱਡਦਾ।”
35 ਤਦ ਦਾਊਦ ਨੇ ਅਬੀਗੈਲ ਦੀ ਭੇਟਾ ਸਵੀਕਾਰ ਕੀਤੀ ਅਤੇ ਉਸ ਨੂੰ ਕਿਹਾ, “ਜਾਂ ਤੂੰ ਸੁੱਖ-ਸ਼ਾਂਤੀ ਨਾਲ ਘਰ ਜਾ! ਮੈਂ ਤੇਰੀ ਬੇਨਤੀ ਸੁਣ ਲਈ ਹੈ ਅਤੇ ਜੋ ਤੂੰ ਆਖਿਆ ਹੈ ਪੂਰਾ ਹੋਵੇਗਾ।”
ਨਾਬਾਲ ਦੀ ਮੌਤ
36 ਅਬੀਗੈਲ ਵਾਪਸ ਨਾਬਾਲ ਕੋਲ ਗਈ ਉਹ ਘਰ ਵਿੱਚ ਹੀ ਸੀ। ਉਹ ਰਾਜਿਆਂ ਵਾਂਗ ਘਰ ਵਿੱਚ ਮੌਜ-ਮਸਤੀ ਨਾਲ ਖਾ ਪੀ ਰਿਹਾ ਸੀ। ਇਸ ਲਈ ਅਗਲੀ ਸਵੇਰ ਤੱਕ ਅਬੀਗੈਲ ਨੇ ਨਾਬਾਲ ਨੂੰ ਕੁਝ ਵੀ ਨਾ ਦੱਸਿਆ। 37 ਅਗਲੀ ਸਵੇਰ ਜਦ ਉਸਦਾ ਨਸ਼ਾ ਉੱਤਰ ਗਿਆ ਅਤੇ ਉਹ ਠੀਕ ਆਪਣੇ ਹੋਸ਼ ਵਿੱਚ ਸੀ ਤਾਂ ਉਸਦੀ ਪਤਨੀ ਨੇ ਉਸ ਨੂੰ ਸਭ ਕੁਝ ਦੱਸਿਆ। ਸੁਣਦੇ ਹੀ ਉਸ ਨੂੰ ਦਿਲ ਦਾ ਦੌਰਾ ਪਿਆ ਅਤੇ ਉਹ ਕਾਫ਼ ਵਾਂਗ ਆਕੜ ਗਿਆ। 38 ਦਸਾਂ ਦਿਨਾਂ ਵਿੱਚ, ਯਹੋਵਾਹ ਨੇ ਨਾਬਾਲ ਨੂੰ ਸਜ਼ਾ ਦਿੱਤੀ ਅਤੇ ਉਹ ਮਰ ਗਿਆ।
39 ਦਾਊਦ ਨੂੰ ਪਤਾ ਚੱਲਿਆ ਕਿ ਨਾਬਾਲ ਮਰ ਗਿਆ ਸੀ ਅਤੇ ਕਿਹਾ, “ਯਹੋਵਾਹ ਦੀ ਉਸਤਤਿ ਹੋਵੇ। ਨਾਬਾਲ ਨੇ ਮੇਰੇ ਨਾਲ ਮੰਦਾ ਵਿਹਾਰ ਕੀਤਾ ਅਤੇ ਮੇਰੇ ਪਾਸੇ ਵੱਲ ਖਲੋਇਆ। ਯਹੋਵਾਹ ਨੇ ਮੈਨੂੰ, ਆਪਣੇ ਸੇਵਕ ਨੂੰ ਪਾਪ ਕਰਨ ਤੋਂ ਬਚਾ ਲਿਆ। ਅਤੇ ਨਾਬਾਲ ਦੇ ਭੈੜੇ ਕੰਮਾਂ ਕਾਰਣ ਯਹੋਵਾਹ ਨੇ ਉਸ ਨੂੰ ਮਾਰ ਮੁਕਾਇਆ।”
ਤਦ ਦਾਊਦ ਨੇ ਅਬੀਗੈਲ ਨੂੰ ਆਪਣੀ ਪਤਨੀ ਬਨਾਉਣ ਵਜੋਂ ਉਸ ਨੂੰ ਇਹ ਪੁੱਛਦਿਆਂ ਹੋਇਆ ਸੁਨੇਹਾ ਭੇਜਿਆ। 40 ਦਾਊਦ ਦੇ ਸੇਵਕ ਕਰਮਲ ਵਿੱਚ ਗਏ ਅਤੇ ਜਾਕੇ ਅਬੀਗੈਲ ਨੂੰ ਕਿਹਾ, “ਦਾਊਦ ਤੈਨੂੰ ਆਪਣੀ ਪਤਨੀ ਬਨਾਉਣਾ ਚਾਹੁੰਦਾ ਹੈ, ਇਸ ਲਈ ਉਸ ਨੇ ਸਾਡੇ ਹੱਥ ਸੁਨੇਹਾ ਘੱਲਿਆ ਹੈ ਕਿ ਤੈਨੂੰ ਲੈ ਆਈਏ।”
41 ਅਬੀਗੈਲ ਨੇ ਧਰਤੀ ਉੱਤੇ ਮੱਥਾ ਟੇਕਿਆ ਅਤੇ ਕਿਹਾ, “ਮੈਂ ਤੇਰੀ ਦਾਸੀ ਹਾਂ ਅਤੇ ਮੈਂ ਤੇਰੀ ਸੇਵਾ ਲਈ ਹਾਜ਼ਰ ਹਾਂ। ਮੈਂ ਤਾਂ ਆਪਣੇ ਮਾਲਕ (ਦਾਊਦ) ਦੇ ਸੇਵਕਾਂ ਦੇ ਪੈਰ ਧੋਣ ਨੂੰ ਤਿਆਰ ਹਾਂ।”
42 ਅਬੀਗੈਲ ਫ਼ਟਾਫ਼ਟ ਦਾਊਦ ਦੇ ਹਲਕਾਰਿਆਂ ਨਾਲ ਆਪਣੇ ਖੋਤੇ ਉੱਤੇ ਚੜ੍ਹਕੇ ਚਲੀ ਗਈ ਅਤੇ ਆਪਣੇ ਨਾਲ ਪੰਜ ਨੌਕਰਾਣੀਆਂ ਵੀ ਲੈ ਗਈ। ਉਹ ਦਾਊਦ ਦੀ ਪਤਨੀ ਬਣ ਗਈ। 43 ਦਾਊਦ ਦੀ ਯਿਜ਼ਰਏਲ ਵਿੱਚ ਵੀ ਇੱਕ ਪਤਨੀ ਸੀ ਜਿਸਦਾ ਨਾਮ ਅਹੀਨੋਅਮ ਸੀ। ਹੁਣ ਉਹ ਦੋਵੇਂ ਉਸ ਦੀਆਂ ਪਤਨੀਆਂ ਬਣ ਗਈਆਂ। 44 ਦਾਊਦ ਦਾ ਸ਼ਾਊਲ ਦੀ ਧੀ ਮੀਕਲ ਨਾਲ ਵੀ ਵਿਆਹ ਹੋਇਆ ਸੀ ਪਰ ਸ਼ਾਊਲ ਨੇ ਉਸ ਕੋਲੋਂ ਆਪਣੀ ਧੀ ਵਾਪਸ ਲੈ ਕੇ ਉਸ ਨੂੰ ਲੈਸ਼ ਦੇ ਪੁੱਤਰ ਗੱਲੀਮੀ ਫ਼ਲਟੀ ਨਾਲ ਵਿਆਹ ਦਿੱਤਾ ਸੀ।
ਦਾਊਦ ਅਤੇ ਅਬੀਸ਼ਈ ਸ਼ਾਊਲ ਦੇ ਡੇਰੇ ’ਚ ਦਾਖਲ ਹੋਏ
26 ਜ਼ਿਫ਼ੀ ਦੇ ਲੋਕ ਗਿਬਆਹ ਵੱਲ ਸ਼ਾਊਲ ਕੋਲ ਆਕੇ ਬੋਲੇ, “ਦਾਊਦ ਹਕੀਲਾਹ ਦੇ ਪਹਾੜ ਵਿੱਚ ਜੋ ਯਸ਼ੀਮੋਨ ਦੇ ਸਾਹਮਣੇ ਹੈ ਉੱਥੇ ਲੁਕਿਆ ਹੋਇਆ ਹੈ।”
2 ਸੋ ਸ਼ਾਊਲ ਉੱਠਿਆ ਅਤੇ ਜ਼ੀਫ਼ ਦੇ ਉਜਾੜ ਵੱਲ ਗਿਆ। ਉਸ ਨੇ ਸਾਰੇ ਇਸਰਾਏਲ ਵਿੱਚੋਂ ਜੋ 3,000 ਸਿਪਾਹੀ ਚੁਣੇ ਹੋਏ ਸਨ ਉਨ੍ਹਾਂ ਨੂੰ ਆਪਣੇ ਨਾਲ ਲੈ ਗਿਆ। ਸ਼ਾਊਲ ਅਤੇ ਉਸ ਦੇ ਆਦਮੀ ਇਸ ਉਜਾੜ ਵਿੱਚ ਦਾਊਦ ਨੂੰ ਲੱਭਣ ਗਏ। 3 ਸ਼ਾਊਲ ਨੇ ਹਕੀਲਾਹ ਦੇ ਪਹਾੜ ਉੱਤੇ ਆਪਣਾ ਡੇਰਾ ਲਾ ਲਿਆ ਜੋ ਯਸ਼ੀਮੋਨ ਦੇ ਸਾਹਮਣੇ ਰਾਹ ਉੱਪਰ ਹੀ ਸੀ।
ਦਾਊਦ ਉਜਾੜ ਵਿੱਚ ਠਹਿਰਿਆ ਸੀ ਪਰ ਉਸ ਨੂੰ ਪਤਾ ਲੱਗ ਗਿਆ ਕਿ ਸ਼ਾਊਲ ਉਸ ਦੇ ਪਿੱਛੇ-ਪਿੱਛੇ ਤੁਰਦਾ ਆਉਂਦਾ ਹੈ। 4 ਤਾਂ ਦਾਊਦ ਨੇ ਆਪਣੇ ਖੁਫ਼ੀਆਂ ਨੂੰ ਭੇਜਿਆ ਤਾਂ ਪਤਾ ਲੱਗਾ ਕਿ ਸ਼ਾਊਲ ਸੱਚ ਮੁੱਚ ਉਸ ਦੇ ਪਿੱਛੇ-ਪਿੱਛੇ ਆ ਰਿਹਾ ਹੈ। 5 ਤਦ ਦਾਊਦ ਉੱਠ ਕੇ ਸ਼ਾਊਲ ਦੇ ਡੇਰੇ ਕੋਲ ਆਇਆ ਅਤੇ ਦਾਊਦ ਨੇ ਉਸ ਥਾਂ ਨੂੰ ਜਿੱਥੇ ਸ਼ਾਊਲ ਲੰਮਾ ਪਿਆ ਹੋਇਆ ਸੀ ਅਤੇ ਉਸ ਦੇ ਨਾਲ ਨੇਰ ਦੇ ਪੁੱਤਰ ਅਬਨੇਰ ਨੂੰ ਵੀ ਜੋ ਉਸਦਾ ਸੇਨਾਪਤੀ ਸੀ, ਉਨ੍ਹਾਂ ਨੂੰ ਵੇਖਿਆ ਕਿ ਉਹ ਸੁੱਤੇ ਪਏ ਸਨ। ਸ਼ਾਊਲ ਡੇਰੇ ਦੇ ਬਿਲਕੁਲ ਵਿੱਚਕਾਰ ਸੁੱਤਾ ਹੋਇਆ ਸੀ ਅਤੇ ਉਸ ਦੇ ਚਾਰੋਂ ਪਾਸੇ ਸਿਪਾਹੀ ਸਨ।
6 ਦਾਊਦ ਨੇ ਤਦ ਹਿੱਤੀ ਅਹੀਮਲਕ ਅਤੇ ਸਰੂਯਾਹ ਦੇ ਪੁੱਤਰ ਅਬੀਸ਼ਈ ਨੂੰ ਜੋ ਕਿ ਯੋਆਬ ਦਾ ਭਰਾ ਸੀ, ਉੱਤਰ ਦੇਕੇ ਆਖਿਆ, “ਸ਼ਾਊਲ ਦੇ ਡੇਰਿਆ ਵੱਲ ਮੇਰੇ ਨਾਲ ਕੌਣ ਚੱਲੇਗਾ?”
ਅਬੀਸ਼ਈ ਨੇ ਕਿਹਾ, “ਮੈਂ ਤੇਰੇ ਨਾਲ ਚੱਲਾਂਗਾ।”
7 ਜਦੋਂ ਰਾਤ ਪਈ ਤਾਂ ਦਾਊਦ ਅਤੇ ਅਬੀਸ਼ਈ ਸ਼ਾਊਲ ਦੇ ਡੇਰੇ ਵਿੱਚ ਚੱਲੇ ਗਏ। ਸ਼ਾਊਲ ਡੇਰੇ ਦੇ ਵਿੱਚਕਾਰ ਸੁੱਤਾ ਪਿਆ ਸੀ। ਉਸਦੀ ਬਰਛੀ ਉਸ ਦੇ ਸਿਰਹਾਨੇ ਜ਼ਮੀਨ ਉੱਪਰ ਗੱਡੀ ਪਈ ਸੀ। ਅਬੀਨੇਰ ਅਤੇ ਸਿਪਾਹੀ ਉਸ ਦੇ ਦੁਆਲੇ ਸੁੱਤੇ ਪਏ ਸਨ। 8 ਤਦ ਅਬੀਸ਼ਈ ਨੇ ਦਾਊਦ ਨੂੰ ਆਖਿਆ, “ਪਰਮੇਸ਼ੁਰ ਨੇ ਅੱਜ ਤੁਹਾਡੇ ਵੈਰੀ ਨੂੰ ਤੁਹਾਡੇ ਹੱਥ ਵਿੱਚ ਕਰ ਦਿੱਤਾ ਹੈ। ਜੋ ਤੁਸੀਂ ਹੁਣ ਆਗਿਆ ਕਰੋ ਤਾਂ ਮੈਂ ਉਸ ਨੂੰ ਬਰਛੀ ਦਾ ਇੱਕੋ ਵਾਰ ਮਾਰਕੇ ਧਰਤੀ ਨਾਲ ਵਿੰਨ੍ਹਾਂ। ਮੈਂ ਇੱਕੋ ਵਾਰ ਵਿੱਚ ਉਸ ਨੂੰ ਚਿੱਤ ਕਰ ਦੇਵਾਂਗਾ।”
9 ਪਰ ਦਾਊਦ ਨੇ ਅਬੀਸ਼ਈ ਨੂੰ ਕਿਹਾ, “ਉਸ ਨੂੰ ਨਾ ਮਾਰ ਕਿਉਂਕਿ ਯਹੋਵਾਹ ਦੇ ਮਸਹ ਹੋਏ ਉੱਪਰ ਕਿਹੜਾ ਹੈ ਜੋ ਹੱਥ ਚੁੱਕ ਕੇ ਖੁਦ ਬੇਦੋਸ਼ਾ ਠਹਿਰੇ? 10 ਮੈਂ ਯਹੋਵਾਹ ਦੀ ਜ਼ਿੰਦਗੀ ਦੀ ਸੌਂਹ ਖਾਂਦਾ ਹਾਂ ਕਿ ਯਹੋਵਾਹ ਸ਼ਾਊਲ ਨੂੰ ਆਪਣੇ ਤਰੀਕੇ ਨਾਲ ਸਜ਼ਾ ਦੇਵੇਗਾ। ਉਸ ਦਿਨ, ਜਿਸਦਾ ਯਹੋਵਾਹ ਫ਼ੈਸਲਾ ਕਰੇਗਾ ਸ਼ਾਊਲ ਸੁਭਾਵਿਕ ਮੌਤ ਜਾਂ ਯੁੱਧ ਵਿੱਚ ਮਰ ਜਾਵੇਗਾ। 11 ਪਰ ਮੈਂ ਪ੍ਰਾਰਥਨਾ ਕਰਦਾ ਹਾਂ ਜੋ ਯਹੋਵਾਹ ਦੇ ਮਸਹ ਹੋਏ ਉੱਪਰ ਕਿਤੇ ਮੈਂ ਹੱਥ ਨਾ ਚਲਾਵਾਂ। ਸੋ ਹੁਣ ਸ਼ਾਊਲ ਦੇ ਸਿਰਾਹਣਿਓ ਪਾਣੀ ਦਾ ਭਾਂਡਾ ਅਤੇ ਬਰਛੀ ਚੁਕੀਏ ਅਤੇ ਚੱਲ ਇੱਥੋਂ ਵਾਪਸ ਚੱਲੀਏ।”
12 ਤਾਂ ਦਾਊਦ ਨੇ ਉਸ ਦੇ ਸਿਰਾਹਣਿਓ ਪਾਣੀ ਦਾ ਭਾਂਡਾ ਅਤੇ ਬਰਛੀ ਚੁੱਕੀ ਅਤੇ ਉਸ ਡੇਰੇ ਵਿੱਚੋਂ ਬਾਹਰ ਨਿਕਲ ਆਏ। ਕਿਸੇ ਨੂੰ ਵੀ ਪਤਾ ਨਾ ਲੱਗਿਆ ਕਿ ਕੀ ਹੋ ਚੁੱਕਾ ਹੈ। ਕਿਸੇ ਨੇ ਉਨ੍ਹਾਂ ਨੂੰ ਵੇਖਿਆ ਵੀ ਨਾ। ਸ਼ਾਊਲ ਅਤੇ ਉਸ ਦੇ ਸਾਰੇ ਸਿਪਾਹੀ ਗੂੜ੍ਹੀ ਨੀਂਦ ਸੁੱਤੇ ਰਹੇ ਕਿਉਂਕਿ ਯਹੋਵਾਹ ਨੇ ਉਨ੍ਹਾਂ ਨੂੰ ਖੁਦ ਗੂੜ੍ਹੀ ਨੀਂਦਰ ਸਵਾਇਆ ਸੀ।
ਦਾਊਦ ਦਾ ਦੁਬਾਰਾ ਸ਼ਾਊਲ ਨੂੰ ਸ਼ਰਮਸਾਰ ਕਰਨਾ
13 ਦਾਊਦ ਵਾਦੀਓਁ ਪਾਰ ਚੱਲਾ ਗਿਆ ਅਤੇ ਸ਼ਾਊਲ ਦੇ ਡੇਰੇ ਤੋਂ ਵਾਦੀ ਦੇ ਪਾਰ ਦੀ ਪਹਾੜੀ ਉੱਤੇ ਚੜ੍ਹਕੇ ਖੜ੍ਹਾ ਹੋ ਗਿਆ। ਦਾਊਦ ਅਤੇ ਸ਼ਾਊਲ ਦੇ ਡੇਰੇ ਦੂਰ-ਦੂਰ ਸਨ ਤਾਂ 14 ਦਾਊਦ ਨੇ ਜ਼ੋਰ ਦੀ ਲਲਕਾਰ ਕੇ ਨੇਰ ਦੇ ਪੁੱਤਰ ਅਬੀਨੇਰ ਨੂੰ ਅਤੇ ਉਸ ਦੇ ਸਿਪਾਹੀਆਂ ਨੂੰ ਕਿਹਾ, “ਅਬੀਨੇਰ! ਮੈਨੂੰ ਜਵਾਬ ਦੇ, ਤੂੰ ਜਵਾਬ ਕਿਉਂ ਨਹੀਂ ਦਿੰਦਾ?”
ਤਦ ਅਬੀਨੇਰ ਨੇ ਉੱਤਰ ਦੇਕੇ ਆਖਿਆ, “ਤੂੰ ਕੌਣ ਹੈਂ, ਜੋ ਪਾਤਸ਼ਾਹ ਨੂੰ ਲਲਕਾਰ ਰਿਹਾ ਹੈ?”
15 ਤਦ ਦਾਊਦ ਨੇ ਅਬੀਨੇਰ ਨੂੰ ਆਖਿਆ, “ਭਲਾ ਤੂੰ ਮਰਦ ਸੂਰਮਾ ਨਹੀਂ? ਅਤੇ ਤੂੰ ਸਾਡੇ ਇਸਰਾਏਲ ਵਿੱਚ ਸਭ ਤੋਂ ਬਹਾਦੁਰ ਮਨੁੱਖ ਹੈਂ, ਕੀ ਇਹ ਝੂਠ ਹੈ? ਤਾਂ ਫ਼ਿਰ ਤੂੰ ਆਪਣੇ ਮਾਲਕ ਪਾਤਸ਼ਾਹ ਦੀ ਰੱਖਵਾਲੀ ਕਿਵੇਂ ਕਰਦਾ ਹੈਂ? ਕੀ ਇੱਕ ਸਾਧਾਰਣ ਆਦਮੀ ਤੁਹਾਡੇ ਡੇਰੇ ਵਿੱਚ ਤੇਰੇ ਮਾਲਕ ਪਾਤਸ਼ਾਹ ਨੂੰ ਮਾਰਨ ਲਈ ਵੜ ਆਇਆ। 16 ਤੂੰ ਵੱਡੀ ਭੁੱਲ ਕੀਤੀ ਹੈ। ਜਦ ਤੱਕ ਯਹੋਵਾਹ ਜਿਉਂਦਾ ਹੈ ਤਾਂ ਤੈਨੂੰ ਅਤੇ ਤੇਰੇ ਆਦਮੀਆਂ ਨੂੰ ਮਰਨਾ ਹੀ ਪਵੇਗਾ, ਕਿਉਂ ਕਿ ਤੁਸੀਂ ਆਪਣੇ ਪਾਤਸ਼ਾਹ ਦੀ ਵੀ ਰਾਖੀ ਨਾ ਕਰ ਸੱਕੇ, ਆਪਣੇ ਸੁਆਮੀ ਦੀ ਜੋ ਯਹੋਵਾਹ ਦਾ ਚੁਣਿਆ ਹੋਇਆ ਪਾਤਸ਼ਾਹ ਹੈ। ਵੇਖ ਅਤੇ ਵੇਖਕੇ ਦੱਸ ਕਿ ਜਿਹੜਾ ਪਾਣੀ ਵਾਲਾ ਭਾਂਡਾ ਅਤੇ ਬਰਛੀ ਸ਼ਾਊਲ ਦੇ ਸਿਰਹਾਨੇ ਵੱਲ ਸੀ, ਉਹ ਕਿੱਥੇ ਹੈ?”
17 ਸ਼ਾਊਲ ਦਾਊਦ ਦੀ ਆਵਾਜ਼ ਨੂੰ ਪਛਾਣਦਾ ਸੀ ਤਾਂ ਸ਼ਾਊਲ ਨੇ ਆਖਿਆ, “ਦਾਊਦ, ਮੇਰੇ ਪੁੱਤਰ! ਕੀ ਇਹ ਤੂੰ ਬੋਲ ਰਿਹਾ ਹੈਂ?”
ਦਾਊਦ ਨੇ ਕਿਹਾ, “ਹਾਂ ਮਾਲਕ ਮੇਰੇ ਪਾਤਸ਼ਾਹ! ਇਹ ਮੇਰੀ ਹੀ ਆਵਾਜ਼ ਹੈ। 18 ਦਾਊਦ ਨੇ ਇਹ ਵੀ ਆਖਿਆ, ਹੇ ਸੁਆਮੀ! ਤੂੰ ਮੇਰੇ ਪਿੱਛੇ ਕਿਉਂ ਪਿਆ ਹੋਇਆ ਹੈਂ? ਮੈਂ ਕੀ ਗੁਨਾਹ ਕੀਤਾ ਹੈ, ਤੂੰ ਮੈਨੂੰ ਕਿਸ ਗੱਲੋਂ ਦੋਸ਼ੀ ਠਹਿਰਾਉਂਦਾ ਹੈ? 19 ਮੇਰੇ ਸੁਆਮੀ ਅਤੇ ਪਾਤਸ਼ਾਹ! ਮੇਰੀ ਗੱਲ ਧਿਆਨ ਨਾਲ ਸੁਣੋ। ਜੇਕਰ ਯਹੋਵਾਹ ਤੈਨੂੰ ਮੇਰੇ ਖਿਲਾਫ਼ ਉਕਸਾਇਆ ਹੋਵੇ ਤਾਂ ਉਹ ਇਸ ਨੂੰ ਭੇਟ ਮੰਨ ਲਵੇ ਅਤੇ ਜੇਕਰ ਆਦਮ ਜਾਇਆ ਨੇ ਅਜਿਹਾ ਕੀਤਾ ਹੋਵੇ ਤਾਂ ਉਨ੍ਹਾਂ ਨੂੰ ਯਹੋਵਾਹ ਦਾ ਸਰਾਪ ਲੱਗੇ। ਜਿਹੜੀ ਜਗ਼੍ਹਾ ਮੈਨੂੰ ਯਹੋਵਾਹ ਨੇ ਦਿੱਤੀ ਆਦਮੀਆਂ ਨੇ ਉਸ ਨੂੰ ਛੱਡਣ ਲਈ ਮੈਨੂੰ ਮਜ਼ਬੂਰ ਕੀਤਾ ਉਨ੍ਹਾਂ ਮੈਨੂੰ ਆਖਿਆ, ‘ਜਾ, ਜਾਕੇ ਦੂਜੇ ਦੇਵਤਿਆਂ ਨੂੰ ਪੂਜ।’ 20 ਸੋ ਹੁਣ ਮੈਨੂੰ ਯਹੋਵਾਹ ਦੀ ਹਾਜ਼ਰੀ ਤੋਂ ਦੂਰ ਕਰਕੇ ਨਾ ਮਾਰ। ਹੁਣ ਉਸ ਦੇ ਸਾਹਮਣੇ ਮੇਰਾ ਲਹੂ ਧਰਤੀ ਉੱਪਰ ਨਾ ਵਹੇ ਕਿਉਂ ਜੋ ਇਸਰਾਏਲ ਦਾ ਪਾਤਸ਼ਾਹ ਇੱਕ ਪਿੱਸੂ ਲੱਭਣ ਨੂੰ ਨਿਕਲਿਆ ਹੈ ਜਿਵੇਂ ਕੋਈ ਪਹਾੜਾਂ ਉੱਪਰ ਤਿਤ੍ਤਰ ਦਾ ਸ਼ਿਕਾਰ ਲੱਭਣ ਲਈ ਨਿਕਲਦਾ ਹੈ।”
21 ਤਦ ਸ਼ਾਊਲ ਨੇ ਕਿਹਾ, “ਮੈਥੋਂ ਪਾਪ ਹੋ ਗਿਆ, ਦਾਊਦ ਮੇਰੇ ਪੁੱਤਰ ਤੂੰ ਮੇਰੇ ਕੋਲ ਵਾਪਸ ਆ ਜਾ। ਅੱਜ ਤੂੰ ਮੈਨੂੰ ਇਹ ਦਰਸਾਇਆ ਹੈ ਕਿ ਮੇਰੀ ਜਿੰਦ ਤੇਰੀ ਨਿਗਾਹ ਵਿੱਚ ਦੁਰਲੱਭ ਹੈ। ਮੈਂ ਹੁਣ ਹੋਰ ਤੈਨੂੰ ਦੁੱਖ ਨਾ ਦੇਵਾਂਗਾ। ਮੈਂ ਬਹੁਤ ਵੱਡੀ ਮੂਰੱਖਤਾਈ ਅਤੇ ਭੁੱਲ ਕੀਤੀ ਹੈ।”
22 ਦਾਊਦ ਨੇ ਆਖਿਆ, “ਇਹ ਰਹੀ ਬਾਦਸ਼ਾਹ ਦੀ ਬਰਛੀ। ਤੂੰ ਆਪਣੇ ਇੱਕ ਆਦਮੀ ਨੂੰ ਭੇਜ ਕਿ ਉਹ ਇੱਥੋਂ ਆਕੇ ਲੈ ਜਾਵੇ। 23 ਯਹੋਵਾਹ ਸਭ ਮਨੁੱਖਾਂ ਨੂੰ ਆਪੋ-ਆਪਣੀ ਨੀਤ ਅਤੇ ਭਲਮਾਣਸੀ ਦਾ ਫ਼ਲ ਦੇਵੇ ਕਿਉਂ ਕਿ ਯਹੋਵਾਹ ਨੇ ਅੱਜ ਤੈਨੂੰ ਮੇਰੇ ਹੱਥ ਸੌਂਪ ਦਿੱਤਾ ਪਰ ਮੈਂ ਨਾ ਚਾਹਿਆ ਕਿ ਯਹੋਵਾਹ ਦੇ ਮਸਹ ਹੋਏ ਉੱਪਰ ਹੱਥ ਚਲਾਵਾਂ। 24 ਵੇਖ! ਜਿਵੇਂ ਤੇਰੀ ਜਾਨ ਅੱਜ ਮੇਰੀਆਂ ਅੱਖਾਂ ਨੂੰ ਦੁਰਲੱਭ ਦਿਸੀ ਹੈ ਤਿਵੇਂ ਹੀ ਮੇਰੀ ਜਾਨ ਵੀ ਯਹੋਵਾਹ ਦੀ ਨਿਗਾਹ ਵਿੱਚ ਦੁਰਲੱਭ ਹੋਵੇ ਅਤੇ ਉਹ ਮੈਨੂੰ ਸਾਰਿਆਂ ਦੁੱਖਾਂ ਵਿੱਚੋਂ ਛੁਟਕਾਰਾ ਦੇਵੇ।”
25 ਤਦ ਸ਼ਾਊਲ ਨੇ ਦਾਊਦ ਨੂੰ ਆਖਿਆ, “ਪਰਮੇਸ਼ੁਰ ਤੈਨੂੰ ਅਸੀਸ ਦੇਵੇ, ਦਾਊਦ ਮੇਰੇ ਪੁੱਤਰ। ਤੂੰ ਵੱਡੇ-ਵੱਡੇ ਕੰਮ ਕਰੇਂਗਾ ਅਤੇ ਤੂੰ ਕਿਸਮਤ ਵਾਲਾ ਹੀ ਹੋਵੇਂਗਾ।”
ਤਾਂ ਦਾਊਦ ਆਪਣੇ ਰਾਹ ਨੂੰ ਮੁੜ ਪਿਆ ਅਤੇ ਸ਼ਾਊਲ ਆਪਣੇ ਘਰ ਨੂੰ ਵਾਪਸ ਚੱਲਾ ਗਿਆ।
ਧਨ ਉੱਤੇ ਨਿਰਭਰ ਨਾ ਹੋਵੋ
32 “ਛੋਟੇ ਇੱਜੜ, ਡਰ ਨਾ! ਕਿਉਂਕਿ ਤੇਰਾ ਪਿਤਾ ਤਾਂ ਤੈਨੂੰ ਰਾਜ ਦੇਣਾ ਚਾਹੁੰਦਾ ਹੈ। 33 ਇਸ ਲਈ ਆਪਣੀ ਸਾਰੀ ਸੰਪੰਤੀ ਵੇਚ ਦੇ ਅਤੇ ਧਨ ਗਰੀਬਾਂ ਵਿੱਚ ਵੰਡ ਦੇ। ਇਸ ਸੰਸਾਰ ਦੀ ਅਮੀਰੀ ਬਹੁਤੇ ਲੰਬੇ ਸਮੇਂ ਤੱਕ ਨਹੀਂ ਰਹਿੰਦੀ। ਇਸ ਲਈ ਆਪਣੇ ਖਜਾਨੇ ਸੁਰਗ ਵਿੱਚ ਰੱਖੋ। ਇਹ ਹਮੇਸ਼ਾ ਲਈ ਰਹਿੰਦਾ ਹੈ ਕਿਉਂਕਿ ਸੁਰਗ ਵਿੱਚ ਨਾ ਤਾਂ ਇਸ ਨੂੰ ਚੋਰ ਚੁਰਾ ਸੱਕਦਾ ਹੈ ਅਤੇ ਨਾ ਹੀ ਇਸ ਨੂੰ ਕੀੜੇ ਨਸ਼ਟ ਕਰ ਸੱਕਦੇ ਹਨ। 34 ਕਿਉਂਕਿ ਜਿੱਥੇ ਤੁਹਾਡਾ ਖਜਾਨਾ ਹੋਵੇਗਾ ਤੁਹਾਡਾ ਦਿਲ ਵੀ ਉੱਥੇ ਹੀ ਹੋਵੇਗਾ।
ਹਮੇਸ਼ਾ ਤਿਆਰ ਰਹੋ(A)
35 “ਹਮੇਸ਼ਾ ਸੇਵਾ ਕਰਨ ਲਈ ਤਿਆਰ ਰਹੋ ਅਤੇ ਆਪਣੀ ਰੋਸ਼ਨੀ ਚਮਕਦੀ ਰੱਖੋ। 36 ਤੁਸੀਂ ਉਨ੍ਹਾਂ ਮਨੁੱਖਾਂ ਵਰਗੇ ਹੋਵੋ ਜਿਹੜੇ ਆਪਣੇ ਮਾਲਕ ਦੀ ਕਿਸੇ ਵਿਆਹ ਦੀ ਦਾਅਵਤ ਤੋਂ ਵਾਪਸ ਆਉਣ ਦੀ ਉਡੀਕ ਵਿੱਚ ਹੁੰਦੇ ਹਨ। ਜਦੋਂ ਮਾਲਕ ਆਉਂਦਾ ਹੈ ਤਾਂ ਬੂਹਾ ਖੜਕਾਉਂਦਾ ਹੈ ਅਤੇ ਨੌਕਰ ਝੱਟ ਆਪਣੇ ਮਾਲਕ ਨੂੰ ਬੂਹਾ ਖੋਲ ਦਿੰਦਾ ਹੈ। 37 ਧੰਨ ਹਨ ਅਜਿਹੇ ਨੌਕਰ ਜਿਨ੍ਹਾਂ ਨੂੰ ਜਦੋਂ ਉਨ੍ਹਾਂ ਦਾ ਮਾਲਕ ਆਉਂਦਾ ਤਿਆਰ ਅਤੇ ਉਸਦਾ ਇੰਤਜਾਰ ਕਰਦੇ ਹੋਏ ਪਾਉਂਦਾ ਹੈ। ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਮਾਲਕ ਖੁਦ ਲੱਕ ਬੰਨ੍ਹਕੇ ਉਨ੍ਹਾਂ ਨੂੰ ਖਾਣ ਲਈ ਬਿਠਾਵੇਗਾ ਅਤੇ ਖੁਦ ਉਨ੍ਹਾਂ ਦੀ ਟਹਿਲ ਕਰੇਗਾ। 38 ਇਨ੍ਹਾਂ ਨੌਕਰਾਂ ਨੂੰ ਭਾਵੇਂ ਅੱਧੀ ਰਾਤ ਤੱਕ ਜਾਂ ਉਸਤੋਂ ਦੇਰ ਤੱਕ ਵੀ ਆਪਣੇ ਮਾਲਕ ਦੇ ਆਉਣ ਦੀ ਉਡੀਕ ਕਰਨੀ ਪਵੇ। ਪਰ ਉਹ ਬੜੇ ਖੁਸ਼ ਹੋਣਗੇ ਜੇਕਰ ਉਨ੍ਹਾਂ ਦਾ ਮਾਲਕ ਆਉਂਦਾ ਹੈ ਅਤੇ ਉਨ੍ਹਾਂ ਨੂੰ ਆਪਣੀ ਉਡੀਕ ਵਿੱਚ ਪਾਉਂਦਾ ਹੈ।
39 “ਹਮੇਸ਼ਾ ਇਹ ਗੱਲ ਯਾਦ ਰੱਖਣਾ: ਜੇਕਰ ਘਰ ਦਾ ਮਾਲਕ ਜਾਣਦਾ ਹੁੰਦਾ ਕਿ ਕਿਸ ਵਕਤ ਚੋਰ ਨੇ ਘਰ ਵਿੱਚ ਆਉਣਾ ਹੈ, ਤਾਂ ਉਹ ਉਸ ਚੋਰ ਨੂੰ ਆਪਣੇ ਘਰ ਅੰਦਰ ਵੜਨ ਹੀ ਨਾ ਦਿੰਦਾ। 40 ਇਸੇ ਲਈ ਤੁਹਾਨੂੰ ਵੀ ਤਿਆਰ ਰਹਿਣਾ ਚਾਹੀਦਾ ਹੈ। ਮਨੁੱਖ ਦਾ ਪੁੱਤਰ ਉਸ ਵੇਲੇ ਆ ਜਾਵੇਗਾ ਜਿਸ ਵਕਤ ਤੁਹਾਨੂੰ ਉਸ ਦੇ ਆਉਣ ਦੀ ਕੋਈ ਆਸ ਵੀ ਨਹੀਂ ਹੋਵੇਗੀ।”
ਵਫਾਦਾਰ ਸੇਵਕ ਕੌਣ ਹੈ?(B)
41 ਪਤਰਸ ਨੇ ਕਿਹਾ, “ਪ੍ਰਭੂ! ਕੀ ਇਹ ਸਿਰਫ਼ ਸਾਡੇ ਲਈ ਆਖ ਰਿਹਾ ਹੈਂ ਜਾਂ ਸਭਨਾ ਲਈ।”
42 ਤਾਂ ਪ੍ਰਭੂ ਨੇ ਆਖਿਆ, “ਉਹ ਕਿਹੜਾ ਸਿਆਣਾ ਅਤੇ ਵਿਸ਼ਵਾਸਯੋਗ ਨੌਕਰ ਹੈ ਜਿਸ ਨੂੰ ਮਾਲਕ ਦੂਜੇ ਨੌਕਰਾਂ ਉੱਤੇ ਉਨ੍ਹਾਂ ਨੂੰ ਠੀਕ ਸਮੇਂ ਤੇ ਭੋਜਨ ਸਮਗਰੀ ਦੀ ਪੂਰਤੀ ਲਈ ਨਿਯੁਕਤ ਕਰੇਗ਼ਾ? 43 ਧੰਨ ਹੈ ਉਹ ਨੌਕਰ ਜਿਸ ਨੂੰ ਜਦੋਂ ਉਸਦਾ ਮਾਲਕ ਆਵੇ ਤਾਂ ਦਿੱਤਾ ਹੋਇਆ ਕੰਮ ਕਰਦਾ ਪਾਵੇ। 44 ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਉਹ ਉਸ ਨੂੰ ਆਪਣੀ ਸਾਰੀ ਸੰਪਤੀ ਦਾ ਨਿਗਰਾਨ ਨਿਯੁਕਤ ਕਰੇਗ਼ਾ।
45 “ਪਰ ਉਸ ਨੌਕਰ ਦਾ ਕੀ ਹੋਵੇਗ਼ਾ ਜਿਹੜਾ ਇਹ ਸੋਚਦਾ ਹੈ ਕਿ ਨਿਕਟ ਭੱਵਿਖ ਵਿੱਚ ਉਸਦਾ ਮਾਲਕ ਨਹੀਂ ਪਰਤੇਗਾ। ਅਤੇ ਦੂਸਰੇ ਨੌਕਰ ਨੌਕਰਾਣੀਆਂ ਨੂੰ ਕੁੱਟਣਾ ਸ਼ੁਰੂ ਕਰ ਦੇਵੇ ਅਤੇ ਖਾਣ ਪੀਣ ਵਿੱਚ ਮਦਮਸਤ ਹੋ ਜਾਵੇ? 46 ਅਤੇ ਫ਼ੇਰ ਉਸਦਾ ਮਾਲਕ ਉਦੋਂ ਵਾਪਸ ਆਵੇਗਾ ਜਦੋਂ ਉਸ ਨੂੰ ਉਸਦੀ ਉਡੀਕ ਵੀ ਨਹੀਂ ਹੋਵੇਗੀ ਅਤੇ ਵਕਤ ਤੋਂ ਅਵੇਸਲਾ ਹੋਵੇਗਾ। ਫ਼ਿਰ ਮਾਲਕ ਉਸ ਨੌਕਰ ਨੂੰ ਸਖਤ ਸਜ਼ਾ ਦੇਵੇਗਾ ਅਤੇ ਉਸ ਨੂੰ ਦੂਜੇ ਵਿਸ਼ਵਾਸ ਘਾਤੀ ਨੌਕਰਾਂ ਨਾਲ ਰਹਿਣ ਲਈ ਭੇਜ ਦੇਵੇਗਾ।
47 “ਜਿਹੜਾ ਨੌਕਰ ਇਹ ਜਾਣਦਾ ਸੀ ਕਿ ਉਸਦਾ ਮਾਲਕ ਉਸਤੋਂ ਕੀ ਕਰਾਉਣਾ ਚਾਹੁੰਦਾ ਹੈ ਅਤੇ ਫ਼ੇਰ ਵੀ ਉਹ ਆਪਣੇ-ਆਪ ਨੂੰ ਤਿਆਰ ਨਹੀਂ ਕਰਦਾ ਅਤੇ ਜੋ, ਉਸਦਾ ਮਾਲਕ ਚਾਹੁੰਦਾ ਸੀ ਉਹ ਨਹੀਂ ਕਰਦਾ, ਤਾਂ ਉਸ ਨੌਕਰ ਨੂੰ ਸਖਤ ਸਜ਼ਾ ਦਿੱਤੀ ਜਾਵੇਗੀ। 48 ਪਰ ਜਿਹੜਾ ਨੌਕਰ ਇਹ ਨਹੀਂ ਜਾਣਦਾ ਸੀ ਕਿ ਉਸਦਾ ਮਾਲਕ ਉਸਤੋਂ ਕੀ ਕਰਾਉਣਾ ਚਾਹੁੰਦਾ ਹੈ ਅਤੇ ਫ਼ਿਰ ਵੀ ਉਸ ਨੇ ਕੁਝ ਅਜਿਹਾ ਕੀਤਾ ਜੋ ਸਜ਼ਾ ਦੇ ਯੋਗ ਹੈ ਤਾਂ ਉਸ ਨੂੰ ਘੱਟ ਸਜ਼ਾ ਮਿਲੇਗੀ। ਇਸ ਲਈ ਜਿਸ ਕਿਸੇ ਨੂੰ ਬਹੁਤਾ ਦਿੱਤਾ ਗਿਆ ਹੈ ਉਸ ਨੂੰ ਬਹੁਤੇ ਦਾ ਲੇਖਾ ਦੇਣਾ ਪਵੇਗਾ। ਅਤੇ ਜਿਸ ਨੂੰ ਵੱਧੇਰੇ ਸੌਂਪਿਆ ਗਿਆ ਹੈ ਉਸਤੋਂ ਹੋਰ ਵੀ ਵੱਧੇਰੇ ਮੰਗਿਆ ਜਾਵੇਗਾ।”
ਲੋਕ ਯਿਸੂ ਬਾਰੇ ਅਸਹਿਮਤ ਹੋਣਗੇ(C)
49 ਯਿਸੂ ਲਗਾਤਾਰ ਕਹਿੰਦਾ ਰਿਹਾ, “ਮੈਂ ਇਸ ਧਰਤੀ ਉੱਤੇ ਅੱਗ ਲਾਉਣ ਆਇਆ ਹਾਂ ਅਤੇ ਕਾਸ਼ ਕਿ ਹੁਣ ਤੱਕ ਇਹ ਜਲ ਰਹੀ ਹੁੰਦੀ। 50 ਮੈਨੂੰ ਇੱਕ ਅਜਿਹਾ ਬਪਤਿਸਮਾ ਲੈਣਾ ਪਵੇਗਾ, ਜੋ ਵੱਖਰੀ ਤਰ੍ਹਾਂ ਦਾ ਹੈ ਅਤੇ ਜਦੋਂ ਤੱਕ ਇਹ ਪੂਰਨ ਨਹੀਂ ਹੁੰਦਾ ਮੈਨੂੰ ਕਸ਼ਟ ਹੋਵੇਗਾ। 51 ਤੁਸੀਂ ਕੀ ਸੋਚਦੇ ਹੋ ਕਿ ਮੈਂ ਧਰਤੀ ਉੱਤੇ ਸ਼ਾਂਤੀ ਦੇਣ ਆਇਆ ਹਾਂ? ਨਹੀਂ! ਮੈਂ ਦੁਨੀਆਂ ਨੂੰ ਵੰਡਣ ਆਇਆ ਹਾਂ। 52 ਹੁਣ ਤੋਂ ਬਾਦ ਪੰਜਾਂ ਜਾਣਿਆਂ ਦੇ ਘਰ ਨੂੰ ਇੱਕ-ਦੂਸਰੇ ਦੇ ਵਿਰੁੱਧ ਵੰਡਿਆ ਜਾਵੇਗਾ। ਤਿੰਨ ਦੋਹਾਂ ਦੇ ਵਿਰੁੱਧ ਹੋਣਗੇ ਅਤੇ ਦੋ ਤਿੰਨਾ ਦੇ ਵਿਰੁੱਧ।
53 ਪਿਤਾ ਅਤੇ ਪੁੱਤਰ ਵਿੱਚ ਵੰਡ ਪੈ ਜਾਵੇਗੀ
ਪੁੱਤਰ ਪਿਉ ਦੇ ਵਿਰੁੱਧ ਹੋ
ਜਾਵੇਗਾ ਅਤੇ ਪਿਉ ਪੁੱਤਰ ਦੇ।
ਮਾਂ ਅਤੇ ਧੀ ਵਿੱਚ ਵੀ ਵੰਡ ਪੈ ਜਾਵੇਗੀ
ਮਾਂ ਧੀ ਦੇ ਅਤੇ ਧੀ
ਮਾਂ ਦੇ ਵਿਰੁੱਧ ਹੋ ਜਾਵੇਗੀ।
ਸੱਸ ਅਤੇ ਨੂੰਹ ਵਿੱਚ ਵੀ ਵੰਡ ਪੈ ਜਾਵੇਗੀ।
ਸੱਸ ਆਪਣੀ ਨੂੰਹ ਦੇ ਅਤੇ ਨੂੰਹ ਆਪਣੀ
ਸੱਸ ਦੇ ਵਿਰੁੱਧ ਹੋ ਜਾਵੇਗੀ।”
ਵਕਤ ਨੂੰ ਸਮਝਣਾ(D)
54 ਤਦ ਯਿਸੂ ਨੇ ਲੋਕਾਂ ਨੂੰ ਕਿਹਾ, “ਜਦੋਂ ਤੁਸੀਂ ਲਹਿੰਦੇ ਪਾਸਿਓ ਬੱਦਲ ਉੱਠਦਾ ਵੇਖਦੇ ਹੋ ਤਾਂ ਆਖਦੇ ਹੋ, ‘ਮੀਂਹ ਪੈਣ ਵਾਲਾ ਹੈ’ ਅਤੇ ਨਿਸ਼ਚਿਤ ਹੀ ਮੀਂਹ ਪੈਂਦਾ ਹੈ। 55 ਜਦੋਂ ਤੁਸੀਂ ਦੱਖਣ ਵੱਲੋਂ ਹਵਾ ਵਗਦੀ ਮਹਿਸੂਸ ਕਰਦੇ ਹੋ ਤਾਂ ਆਖਦੇ ਹੋ, ‘ਅੱਜ ਗਰਮੀ ਹੋਵੇਗੀ’, ਅਤੇ ਹਾਂ, ਤੁਸੀਂ ਠੀਕ ਆਖਦੇ ਹੋ। 56 ਕਪਟੀਓ! ਜੇਕਰ ਤੁਸੀਂ ਮੌਸਮ ਦੇ ਸੰਕੇਤ ਸਮਝ ਸੱਕਦੇ ਹੋ ਤਾਂ ਤੁਸੀਂ ਉਸ ਨੂੰ ਕਿਉਂ ਨਹੀਂ ਸਮਝ ਸੱਕਦੇ ਜੋ ਹੁਣ ਵਾਪਰ ਰਿਹਾ ਹੈ?
ਆਪਣੀਆਂ ਮੁਸੀਬਤਾਂ ਹੱਲ ਕਰੋ(E)
57 “ਤੁਸੀਂ ਆਪਣੇ-ਆਪ ਲਈ ਜੋ ਠੀਕ ਹੈ ਉਸਦਾ ਫ਼ੈਸਲਾ ਕਿਉਂ ਨਹੀਂ ਕਰਦੇ? 58 ਮੰਨ ਲਵੋ ਕਿ ਇੱਕ ਆਦਮੀ ਤੁਹਾਨੂੰ ਕਚਿਹਰੀ ਲੈ ਜਾ ਰਿਹਾ ਹੈ ਤਾਂ ਰਸਤੇ ਵਿੱਚ ਹੀ ਉਸ ਨਾਲ ਝਗੜ੍ਹੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰੋ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਉਹ ਤੁਹਾਨੂੰ ਮੁਨਸਫ਼ ਦੇ ਕੋਲ ਲੈ ਜਾਵੇਗਾ ਅਤੇ ਮੁਨਸਫ਼ ਤੁਹਾਨੂੰ ਕੈਦ ਵਿੱਚ ਪਾ ਸੱਕਦਾ ਹੈ। 59 ਮੈਂ ਤੁਹਾਨੂੰ ਦੱਸਦਾ ਹਾਂ ਕਿ ਤੁਸੀਂ ਉੱਥੋਂ ਉਦੋਂ ਤੱਕ ਬਾਹਰ ਨਹੀਂ ਜਾਵੋਂਗੇ ਜਦੋਂ ਤੱਕ ਕਿ ਤੁਸੀਂ ਉਹ ਆਖਰੀ ਪੈਸਾ ਵੀ ਨਹੀਂ ਦੇ ਦਿੰਦੇ ਜਿਸਦੇ ਤੁਸੀਂ ਦੇਣਦਾਰ ਹੋ।”
2010 by World Bible Translation Center