Print Page Options
Previous Prev Day Next DayNext

Old/New Testament

Each day includes a passage from both the Old Testament and New Testament.
Duration: 365 days
Punjabi Bible: Easy-to-Read Version (ERV-PA)
Version
1 ਸਮੂਏਲ 19-21

ਯੋਨਾਥਾਨ ਦਾ ਦਾਊਦ ਦੀ ਮਦਦ ਕਰਨਾ

19 ਸ਼ਾਊਲ ਨੇ ਆਪਣੇ ਪੁੱਤਰ ਯੋਨਾਥਾਨ ਅਤੇ ਅਫ਼ਸਰਾਂ ਨੂੰ ਦਾਊਦ ਨੂੰ ਮਾਰ ਮੁਕਾਉਣ ਲਈ ਕਿਹਾ ਪਰ ਯੋਨਾਥਾਨ ਦਾਊਦ ਨੂੰ ਬੜਾ ਪਿਆਰ ਕਰਦਾ ਸੀ। 2-3 ਯੋਨਾਥਾਨ ਨੇ ਦਾਊਦ ਨੂੰ ਖਬਰਦਾਰ ਕੀਤਾ ਕਿ, “ਸਤਰਕ ਰਹੀ! ਸ਼ਾਊਲ ਤੈਨੂੰ ਮਾਰ ਮੁਕਾਉਣ ਦਾ ਮੌਕਾ ਲੱਭ ਰਿਹਾ ਹੈ। ਤੂੰ ਸਵੇਰੇ ਜਾਕੇ ਖੇਤਾਂ ਵਿੱਚ ਲੁਕ ਜਾ। ਮੈਂ ਆਪਣੇ ਪਿਉ ਨਾਲ ਖੇਤਾਂ ਨੂੰ ਜਾਵਾਂਗਾ ਅਤੇ ਖੇਤਾਂ ਵਿੱਚ ਉੱਥੇ ਖਲੋਵਾਂਗੇ ਜਿੱਥੇ ਤੂੰ ਲੁਕਿਆ ਹੋਇਆ ਹੋਵੇਂਗਾ ਫ਼ਿਰ ਮੈਂ ਆਪਣੇ ਪਿਉ ਨਾਲ ਤੇਰੇ ਬਾਰੇ ਗੱਲਾਂ ਕਰਾਂਗਾ ਅਤੇ ਜੋ ਕੁਝ ਮੈਂ ਵੇਖਾਂਗਾ ਤੈਨੂੰ ਦੱਸਾਂਗਾ।”

ਸੋ ਯੋਨਾਥਾਨ ਨੇ ਆਪਣੇ ਪਿਉ ਨਾਲ ਦਾਊਦ ਦੀ ਵਡਿਆਈ ਕੀਤੀ ਅਤੇ ਕਿਹਾ, “ਤੂੰ ਪਾਤਸ਼ਾਹ ਹੈਂ ਅਤੇ ਦਾਊਦ ਤੇਰਾ ਸੇਵਕ ਹੈ ਅਤੇ ਉਸ ਨੇ ਤੇਰਾ ਕੁਝ ਵਿਗਾੜਿਆ ਵੀ ਨਹੀਂ ਇਸ ਲਈ ਤੂੰ ਉਸ ਨਾਲ ਬੁਰਾ ਨਾ ਕਰ। ਦਾਊਦ ਨੇ ਤਾਂ ਸਗੋਂ ਆਪਣੀ ਜਾਨ ਖੱਤਰੇ ਵਿੱਚ ਪਾਕੇ ਉਸ ਫ਼ਲਿਸਤੀ (ਗੋਲਿਆਥ) ਨੂੰ ਵੀ ਜਾਨੋਂ ਮਾਰਿਆ ਸੀ। ਯਹੋਵਾਹ ਨੇ ਇਸਰਾਏਲ ਨੂੰ ਵੱਡੀ ਜਿੱਤ ਦਿੱਤੀ ਸੀ। ਤੂੰ ਇਹ ਸਭ ਵੇਖਿਆ ਅਤੇ ਵੇਖਕੇ ਖੁਸ਼ ਵੀ ਹੋਇਆ। ਤਾਂ ਫ਼ਿਰ ਤੂੰ ਦਾਊਦ ਨੂੰ ਦੁੱਖ ਕਿਉਂ ਦੇਣਾ ਚਾਹੁੰਦਾ ਹੈਂ? ਉਹ ਮਾਸੂਮ ਹੈ। ਮੈਨੂੰ ਤਾਂ ਉਸ ਨੂੰ ਮਾਰਨ ਦੀ ਕੋਈ ਵਜਹ ਨਜ਼ਰ ਨਹੀਂ ਆਉਂਦੀ।”

ਸ਼ਾਊਲ ਨੇ ਯੋਨਾਥਾਨ ਦੀ ਸਾਰੀ ਗੱਲ ਸੁਣੀ ਅਤੇ ਸੌਂਹ ਖਾਕੇ ਆਖਿਆ, “ਜਿਉਂਦੇ ਯਹੋਵਾਹ ਦੀ ਸ਼ੌਂਹ, ਦਾਊਦ ਮਾਰਿਆ ਨਾ ਜਾਵੇਗਾ।”

ਤਾਂ ਯੋਨਾਥਾਨ ਨੇ ਉਹ ਸਭ ਕੁਝ ਜੋ ਗੱਲ-ਬਾਤ ਸ਼ਾਊਲ ਨਾਲ ਹੋਈ ਸਭ ਦਾਊਦ ਨੂੰ ਬੁਲਾਕੇ ਦੱਸੀ। ਫ਼ੇਰ ਯੋਨਾਥਾਨ ਦਾਊਦ ਨੂੰ ਸ਼ਾਊਲ ਕੋਲ ਲਿਆਇਆ ਅਤੇ ਇਹ ਮੁੜ ਤੋਂ ਪਹਿਲਾਂ ਵਾਂਗ ਇਕੱਠੇ ਹੋ ਗਏ।

ਸ਼ਾਊਲ ਦੀ ਦਾਊਦ ਨੂੰ ਮੁੜ ਮਾਰਨ ਦੀ ਕੋਸ਼ਿਸ਼

ਜੰਗ ਦੁਬਾਰਾ ਸ਼ੁਰੂ ਹੋਈ ਅਤੇ ਦਾਊਦ ਫ਼ੇਰ ਫ਼ਲਿਸਤਿਆਂ ਦੇ ਖਿਲਾਫ਼ ਲੜਨ ਗਿਆ। ਫ਼ਲਿਸਤੀ ਉਸ ਕੋਲੋਂ ਹਾਰਕੇ ਭੱਜ ਗਏ। ਪਰ ਇੱਕ ਦੁਸ਼ਟ ਆਤਮਾ ਯਹੋਵਾਹ ਵੱਲੋਂ ਸ਼ਾਊਲ ਕੋਲ ਆਇਆ। ਸ਼ਾਊਲ ਆਪਣੇ ਘਰੀਂ ਬੈਠਾ ਹੋਇਆ ਸੀ, ਉਸ ਦੇ ਹੱਥ ਵਿੱਚ ਇੱਕ ਸਾਂਗ ਫ਼ੜੀ ਹੋਈ ਸੀ ਅਤੇ ਦਾਊਦ ਬਰਬਤ ਵਜਾ ਰਿਹਾ ਸੀ। 10 ਸ਼ਾਊਲ ਨੇ ਆਪਣੀ ਸਾਂਗ ਦਾਊਦ ਦੇ ਸ਼ਰੀਰ ਵਿੱਚ ਖੋਭਕੇ ਉਸ ਨੂੰ ਕੰਧ ਵਿੱਚ ਖੋਭਣਾ ਚਾਹਿਆ ਪਰ ਦਾਊਦ ਇੱਕ ਪਾਸੇ ਨੂੰ ਕੁੱਦ ਗਿਆ ਤਾਂ ਸਾਂਗ ਦਾਊਦ ਨੂੰ ਵੱਜਣ ਦੀ ਬਜਾਇ ਕੰਧ ਵਿੱਚ ਜਾ ਵੱਜੀ। ਉਸੇ ਰਾਤ ਦਾਊਦ ਉੱਥੋਂ ਭੱਜ ਗਿਆ।

11 ਸ਼ਾਊਲ ਨੇ ਉਸ ਉੱਤੇ ਨਜ਼ਰ ਰੱਖਣ ਅਤੇ ਸਵੇਰੇ ਉਸ ਨੂੰ ਮਾਰ ਸੁੱਟਣ ਲਈ ਦਾਊਦ ਦੇ ਘਰ ਹਲਕਾਰੇ ਭੇਜੇ ਅਤੇ ਦਾਊਦ ਦੀ ਪਤਨੀ ਮੀਕਲ ਨੇ ਉਸ ਨੂੰ ਚਿਤਾਵਨੀ ਦਿੰਦੇ ਆਖਿਆ, “ਤੂੰ ਇੱਥੋਂ ਭੱਜ ਜਾ! ਜੇ ਤੂੰ ਆਪਣੀ ਜਾਨ ਬਚਾਉਣਾ ਚਾਹੁੰਦਾ ਹੈ ਤਾਂ ਤੂੰ ਨੱਸ ਜਾ ਨਹੀਂ ਤਾਂ ਕੱਲ ਤੱਕ ਤੂੰ ਮਾਰਿਆ ਜਾਵੇਂਗਾ।” 12 ਤਾਂ ਮੀਕਲ ਨੇ ਦਾਊਦ ਨੂੰ ਬਾਰੀ ਵਾਲੇ ਪਾਸਿਉਂ ਥੱਲੇ ਕੱਢਿਆ ਅਤੇ ਉਹ ਬਚਕੇ ਉੱਥੋਂ ਨੱਸ ਗਿਆ। 13 ਤਦ ਮੀਕਲ ਨੇ ਘਰ ਵਿੱਚ ਪਿਆ ਇੱਕ ਬੁੱਤ ਲੈ ਕੇ ਮੰਜੇ ਉੱਤੇ ਲੰਮਾ ਪਾ ਛੱਡਿਆ ਅਤੇ ਉਸ ਦੇ ਸਿਰਾਹਣੇ ਬੱਕਰੇ ਦੇ ਵਾਲ ਰੱਖ ਦਿੱਤੇ।

14 ਸ਼ਾਊਲ ਨੇ ਹਲਕਾਰੇ ਭੇਜੇ ਕਿ ਦਾਊਦ ਨੂੰ ਬੰਦੀ ਬਣਾਕੇ ਲੈ ਆਉ। ਪਰ ਮੀਕਲ ਨੇ ਕਿਹਾ, “ਦਾਊਦ ਬਿਮਾਰ ਹੈ।”

15 ਆਦਮੀ ਗਏ ਅਤੇ ਉਨ੍ਹਾਂ ਨੇ ਜਾਕੇ ਸ਼ਾਊਲ ਨੂੰ ਇਹ ਸਭ ਕਿਹਾ ਪਰ ਉਸ ਨੇ ਦੁਬਾਰਾ ਉਨ੍ਹਾਂ ਨੂੰ ਦਾਊਦ ਨੂੰ ਆਪ ਵੇਖਕੇ ਆਉਣ ਨੂੰ ਕਿਹਾ ਅਤੇ ਉਨ੍ਹਾਂ ਨੂੰ ਇਹ ਵੀ ਆਖਿਆ, “ਤੁਸੀਂ ਹਰ ਹਾਲਤ ਵਿੱਚ ਉਸ ਨੂੰ ਮੇਰੇ ਕੋਲ ਲੈ ਆਓ। ਜੇਕਰ ਉਹ ਬਿਮਾਰ ਹੈ ਤਾਂ ਉਸ ਨੂੰ ਮੰਜੇ ਉੱਤੇ ਪਏ ਨੂੰ ਹੀ ਲੈ ਆਓ, ਮੈਂ ਉਸ ਨੂੰ ਮਾਰਕੇ ਹੀ ਛੱਡਾਂਗਾ।”

16 ਹਲਕਾਰੇ ਫ਼ਿਰ ਦਾਊਦ ਦੇ ਘਰ ਗਏ। ਉਹ ਘਰ ਦੇ ਅੰਦਰ ਦਾਊਦ ਨੂੰ ਫ਼ੜਨ ਲਈ ਗਏ ਪਰ ਉਨ੍ਹਾਂ ਜਾਕੇ ਵੇਖਿਆ ਕਿ ਉੱਥੇ ਉਸਦੀ ਥਾਵੇਂ ਇੱਕ ਬੁੱਤ ਪਿਆ ਹੈ ਅਤੇ ਇਹ ਵਾਲ ਉਸ ਦੇ ਨਹੀਂ ਸਿਰਹਾਨੇ ਬੱਕਰੇ ਦੇ ਵਾਲ ਹਨ।

17 ਸ਼ਾਊਲ ਨੇ ਮੀਕਲ ਨੂੰ ਕਿਹਾ, “ਤੂੰ ਇਉਂ ਮੈਨੂੰ ਧੋਖਾ ਕਿਉਂ ਦਿੱਤਾ? ਤੂੰ ਮੇਰੇ ਦੁਸ਼ਮਣ ਨੂੰ ਹੱਥੋਂ ਜਾਣ ਦਿੱਤਾ ਅਤੇ ਦਾਊਦ ਭੱਜ ਗਿਆ?”

ਮੀਕਲ ਨੇ ਸ਼ਾਊਲ ਨੂੰ ਜਵਾਬ ’ਚ ਕਿਹਾ, “ਦਾਊਦ ਨੇ ਮੈਨੂੰ ਕਿਹਾ ਕਿ ਉਹ ਮੈਨੂੰ ਜਾਣ ਦੇਵੇ ਨਹੀਂ ਤਾਂ ਉਹ ਮੈਨੂੰ ਮਾਰ ਸੁੱਟੇਗਾ।”

ਦਾਊਦ ਦਾ ਰਾਮਾਹ ਵਿੱਚ ਡੇਰੇ ਨੂੰ ਜਾਣਾ

18 ਦਾਊਦ ਭੱਜਕੇ, ਬਚਕੇ ਰਾਮਾਹ ਵਿੱਚ ਸਮੂਏਲ ਕੋਲ ਪਹੁੰਚ ਗਿਆ। ਦਾਊਦ ਨੇ ਸਭ ਕੁਝ ਜੋ ਸ਼ਾਊਲ ਨੇ ਉਸ ਨਾਲ ਕੀਤਾ ਸਭ ਸਮੂਏਲ ਨੂੰ ਜਾਕੇ ਸੁਣਾਇਆ। ਤਦ ਸਮੂਏਲ ਅਤੇ ਦਾਊਦ ਡੇਰੇ ਵੱਲ ਮੁੜੇ। ਜਿੱਥੇ ਕਿ ਨਬੀਆਂ ਦੀ ਟੋਲੀ ਠਹਿਰੀ ਸੀ ਦਾਊਦ ਵੀ ਉੱਥੇ ਹੀ ਠਹਿਰਿਆ ਸੀ।

19 ਸ਼ਾਊਲ ਨੂੰ ਪਤਾ ਲੱਗਾ ਕਿ ਦਾਊਦ ਰਾਮਾਹ ਦੇ ਨੇੜੇ ਕਿਤੇ ਡੇਰੇ ਵਿੱਚ ਰੁਕਿਆ ਹੋਇਆ ਹੈ। 20 ਉਸ ਨੇ ਕੁਝ ਹਲਕਾਰੇ ਉਸ ਨੂੰ ਫ਼ੜਨ ਲਈ ਭੇਜੇ। ਪਰ ਜਿਸ ਵਕਤ ਉਹ ਆਦਮੀ ਡੇਰੇ ਨੂੰ ਆਏ ਉੱਥੇ ਕੁਝ ਨਬੀ ਅਗੰਮੀ ਵਾਕ ਕਰ ਰਹੇ ਸਨ ਅਤੇ ਸਮੂਏਲ ਉਸ ਟੋਲੇ ਦਾ ਆਗੂ ਉੱਥੇ ਖੜ੍ਹਾ ਸੀ। ਤਦ ਪਰਮੇਸ਼ੁਰ ਦਾ ਆਤਮਾ ਸ਼ਾਊਲ ਦੇ ਹਲਕਾਰਿਆਂ ਉੱਤੇ ਪ੍ਰਗਟ ਹੋਇਆ ਅਤੇ ਉਹ ਵੀ ਅਗੰਮੀ ਵਾਕ ਬੋਲਣ ਲੱਗ ਪਿਆ।

21 ਸ਼ਾਊਲ ਨੇ ਇਸ ਬਾਰੇ ਸੁਣਿਆ, ਇਸ ਲਈ ਉਸ ਨੇ ਹੋਰ ਹਲਕਾਰੇ ਭੇਜੇ। ਪਰ ਉਹ ਵੀ ਭਵਿੱਖਬਾਣੀ ਕਰਨ ਲੱਗ ਪਏ। ਇਸ ਲਈ ਸ਼ਾਊਲ ਨੇ ਤੀਸਰੀ ਵਾਰ ਹਲਕਾਰੇ ਭੇਜੇ। ਅਤੇ ਉਹ ਵੀ ਭਵਿੱਖਬਾਣੀ ਕਰਨ ਲੱਗ ਪਏ। 22 ਅਖੀਰ ਸ਼ਾਊਲ ਆਪ ਰਾਮਾਹ ਨੂੰ ਗਿਆ। ਅਤੇ ਉਹ ਵੱਡੇ ਖੂਹ ਸੇਕੂ ਵਿੱਚ ਹੈ ਕੋਲ ਪਹੁੰਚ ਗਿਆ ਤਾਂ ਉਸ ਨੇ ਪੁੱਛਿਆ, “ਸਮੂਏਲ ਅਤੇ ਦਾਊਦ ਕਿੱਥੇ ਹਨ?”

ਤਾਂ ਲੋਕਾਂ ਨੇ ਕਿਹਾ, “ਰਾਮਾਹ ਦੇ ਲੋਕ ਡੇਰੇ ਵਿੱਚ।”

23 ਤਦ ਸ਼ਾਊਲ ਰਾਮਾਹ ਦੇ ਕੋਲ ਡੇਰੇ ਵੱਲ ਨੂੰ ਗਿਆ। ਪਰਮੇਸ਼ੁਰ ਦਾ ਆਤਮਾ ਸ਼ਾਊਲ ਕੋਲ ਆਇਆ ਅਤੇ ਸ਼ਾਊਲ ਨੇ ਵੀ ਅਗੰਮੀ ਵਾਕ ਬੋਲਣੇ ਸ਼ੁਰੂ ਕੀਤੇ। ਅਤੇ ਉਹ ਤੁਰਦਾ-ਤੁਰਦਾ ਰਾਮਾਹ ਤੋਂ ਅਗੰਮੀ ਵਾਕ ਆਖੀ ਗਿਆ। ਫ਼ਿਰ ਸ਼ਾਊਲ ਨੇ ਆਪਣੇ ਕੱਪੜੇ ਵੀ ਲਾਹ ਸੁੱਟੇ। 24 ਇੱਥੋਂ ਤੱਕ ਕਿ ਉਹ ਸਮੂਏਲ ਦੇ ਅੱਗੇ ਵੀ ਅਗੰਮੀ ਵਾਕ ਆਖਦਾ ਸਾਰਾ ਦਿਨ ਅਤੇ ਰਾਤ ਉੱਥੇ ਨੰਗਾ ਪਿਆ ਰਿਹਾ।

ਤਾਂ ਹੀ ਲੋਕ ਆਖਦੇ ਹਨ ਕਿ, “ਕਿ ਸ਼ਾਊਲ ਵੀ ਨਬੀਆਂ ਵਿੱਚੋਂ ਇੱਕ ਸੀ?”

ਦਾਊਦ ਅਤੇ ਯੋਨਾਥਾਨ ਦਾ ਇਕਰਾਰਨਾਮਾ

20 ਤਦ ਦਾਊਦ ਰਾਮਾਹ ਦੇ ਡੇਰੇ ਤੋਂ ਭੱਜਕੇ ਯੋਨਾਥਾਨ ਕੋਲ ਗਿਆ ਅਤੇ ਉਸ ਨੂੰ ਪੁੱਛਿਆ, “ਮੈਂ ਕੀ ਗੁਨਾਹ ਕੀਤਾ ਹੈ? ਮੇਰਾ ਕੀ ਜ਼ੁਰਮ ਹੈ? ਤੇਰਾ ਪਿਉ ਕਿਉਂ ਮੈਨੂੰ ਮਾਰਨ ਦੇ ਪਿੱਛੇ ਪਿਆ ਹੋਇਆ ਹੈ?”

ਯੋਨਾਥਾਨ ਨੇ ਕਿਹਾ, “ਇਹ ਸੱਚ ਨਹੀਂ ਹੋ ਸੱਕਦਾ। ਮੇਰਾ ਪਿਉ ਤੈਨੂੰ ਮਾਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਕਿਉਂਕਿ ਪਹਿਲਾਂ ਮੈਨੂੰ ਪੁੱਛੇ ਬਗੈਰ ਉਹ ਕੁਝ ਵੀ ਨਹੀਂ ਕਰਦਾ। ਇਹ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਗੱਲ ਛੋਟੀ ਸੀ ਜਾਂ ਵੱਡੀ ਪਰ ਉਹ ਮੈਨੂੰ ਦੱਸੇ ਬਗੈਰ ਕੁਝ ਨਹੀਂ ਕਰਦਾ ਉਹ ਪਹਿਲਾਂ ਮੈਨੂੰ ਦੱਸਦਾ ਹੈ। ਤਾਂ ਇਹ ਕਿਵੇਂ ਹੋ ਸੱਕਦਾ ਹੈ ਕਿ ਉਹ ਤੈਨੂੰ ਮਾਰਨਾ ਚਾਹੁੰਦਾ ਹੋਵੇ ਅਤੇ ਮੈਨੂੰ ਨਾ ਦੱਸੇ। ਨਹੀਂ! ਇਹ ਸੱਚ ਨਹੀਂ ਹੈ।”

ਪਰ ਦਾਊਦ ਨੇ ਆਖਿਆ, “ਤੇਰਾ ਪਿਉ ਚੰਗੀ ਤਰ੍ਹਾਂ ਜਾਣਦਾ ਹੈ ਕਿ ਤੂੰ ਮੈਂ ਗੂੜੇ ਮਿੱਤਰ ਹਾਂ। ਤੇਰੇ ਪਿਉ ਨੇ ਆਪਣੇ-ਆਪ ਨੂੰ ਕਿਹਾ, ‘ਯੋਨਾਥਾਨ ਨੂੰ ਇਸ ਬਾਰੇ ਪਤਾ ਨਹੀਂ ਲੱਗਣਾ ਚਾਹੀਦਾ, ਜੇਕਰ ਉਸ ਨੂੰ ਪਤਾ ਲੱਗ ਗਿਆ ਉਹ ਦਾਊਦ ਨੂੰ ਦੱਸ ਦੇਵੇਗਾ।’ ਪਰ ਜਿਉਂਦੇ ਯਹੋਵਾਹ ਅਤੇ ਤੇਰੀ ਜਾਨ ਦੀ ਸੌਂਹ ਕਿ ਮੇਰੇ ਅਤੇ ਮੌਤ ਦੇ ਵਿੱਚਕਾਰ ਹੁਣ ਇੱਕ ਹੀ ਕਦਮ ਦੀ ਵਿੱਥ ਹੈ।”

ਯੋਨਾਥਾਨ ਨੇ ਦਾਊਦ ਨੂੰ ਕਿਹਾ, “ਤੂੰ ਜੋ ਚਾਹੇ ਮੈਂ ਤੇਰੇ ਲਈ ਕਰਨ ਨੂੰ ਤਿਆਰ ਹਾਂ।”

ਤਦ ਦਾਊਦ ਨੇ ਕਿਹਾ, “ਵੇਖ, ਕੱਲ੍ਹ ਨਵੇਂ ਚੰਨ ਦੀ ਦਾਵਤ ਹੈ, ਅਤੇ ਉਸ ਦਿਨ ਮੈਨੂੰ ਪਾਤਸ਼ਾਹ ਦੇ ਨਾਲ ਖਾਣਾ ਪਵੇਗਾ, ਪਰ ਤੂੰ ਮੈਨੂੰ ਸ਼ਾਮ ਤੱਕ ਖੇਤਾਂ ’ਚ ਲੁਕੇ ਰਹਿਣ ਦੀ ਆਗਿਆ ਦੇ। ਜੇਕਰ ਤੇਰਾ ਪਿਉ ਵੇਖੇ ਕਿ ਮੈਂ ਨਹੀਂ ਤਾਂ ਉਸ ਨੂੰ ਆਖੀਂ, ‘ਦਾਊਦ ਬੈਤਲਹਮ ਆਪਣੇ ਘਰ ਨੂੰ ਜਾਣਾ ਚਾਹੁੰਦਾ ਸੀ। ਉਨ੍ਹਾਂ ਦੇ ਆਪਨੇ ਪਰਿਵਾਰ ਵਿੱਚ ਇਹ ਤਿਉਹਾਰ ਮਨਾਉਣਾ ਸੀ, ਮਹੀਨੇ ਦੀ ਬਲੀ ਦੀ ਦਾਵਤ ਹੋਣੀ ਸੀ। ਤਾਂ ਦਾਊਦ ਨੇ ਬੈਤਲਹਮ ਵਿੱਚ ਆਪਣੇ ਪਰਿਵਾਰ ਕੋਲ ਜਾਕੇ ਇਹ ਦਾਵਤ ਪੂਰੀ ਕਰਨ ਦੀ ਆਗਿਆ ਮੰਗੀ।’ ਜੇਕਰ ਤੇਰਾ ਪਿਉ ਕਹੇ, ‘ਠੀਕ ਹੈ।’ ਤਾਂ ਇਸਦਾ ਮਤਲਬ ਮੈਂ ਬਚ ਗਿਆ। ਪਰ ਜੇਕਰ ਤੇਰੇ ਪਿਉ ਨੂੰ ਕਰੋਧ ਆ ਜਾਵੇ ਤਾਂ ਫ਼ਿਰ ਤੂੰ ਜਾਣ ਜਾਵੇਂਗਾ ਕਿ ਉਹ ਮੈਨੂੰ ਮਾਰਨਾ ਚਾਹੁੰਦਾ ਹੈ। ਇਸ ਲਈ ਯੋਨਾਥਾਨ ਮੇਰੇ ਉੱਤੇ ਰਹਿਮ ਕਰ। ਮੈਂ ਤੇਰਾ ਸੇਵਕ ਹਾਂ। ਤੂੰ ਮੇਰੇ ਨਾਲ ਯਹੋਵਾਹ ਦੇ ਅੱਗੇ ਇਕਰਾਰਨਾਮਾ ਕੀਤਾ ਸੀ। ਜੇਕਰ ਮੈਂ ਦੋਸ਼ੀ ਹਾਂ ਤਾਂ ਭਾਵੇਂ ਤੂੰ ਹੀ ਮੈਨੂੰ ਖੁਦ ਜਾਨੋਂ ਮਾਰ ਦੇ ਪਰ ਮੈਨੂੰ ਆਪਣੇ ਪਿਉਹ ਕੋਲ ਨਾ ਲੈ ਕੇ ਜਾਵੀਂ।”

ਯੋਨਾਥਾਨ ਨੇ ਦਾਊਦ ਨੂੰ ਕਿਹਾ, “ਨਹੀਂ ਇੰਝ ਕਦੇ ਨਾ ਹੋਵੇਗਾ। ਜੇਕਰ ਮੈਨੂੰ ਪਤਾ ਲੱਗਾ ਕਿ ਮੇਰਾ ਪਿਉ ਤੈਨੂੰ ਮਾਰਨ ਦੀ ਸੋਚ ਰਿਹਾ ਹੈ ਤਾਂ ਮੈਂ ਤੈਨੂੰ ਜ਼ਰੂਰ ਖਬਰ ਕਰਾਂਗਾ।”

10 ਦਾਊਦ ਨੇ ਕਿਹਾ, “ਮੈਨੂੰ ਕੌਣ ਖਬਰ ਦੇਵੇਗਾ? ਕੀ ਪਤਾ ਮੇਰੇ ਬਾਰੇ ਤੇਰਾ ਪਿਉ, ਤੇਰੇ ਕੰਨ ਭਰ ਦੇਵੇ, ਮਾੜਾ ਕਹੇ ਮੇਰੇ ਬਾਰੇ?”

11 ਤਦ ਯੋਨਾਥਾਨ ਨੇ ਕਿਹਾ, “ਚੱਲ, ਖੇਤਾਂ ਨੂੰ ਚੱਲੀਏ।” ਤਾਂ ਯੋਨਾਥਾਨ ਅਤੇ ਦਾਊਦ ਖੇਤਾਂ ਵੱਲ ਚੱਲੇ ਗਏ।

12 ਯੋਨਾਥਾਨ ਨੇ ਦਾਊਦ ਨੂੰ ਕਿਹਾ, “ਮੈਂ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਅੱਗੇ ਇਹ ਸੌਂਹ ਚੁੱਕਦਾ ਹਾਂ ਕਿ ਮੈਂ ਖਬਰ ਰੱਖਾਂਗਾ ਕਿ ਮੇਰਾ ਪਿਉ ਤੇਰੇ ਬਾਰੇ ਕਿਹੋ ਜਿਹੇ ਖਿਆਲ ਰੱਖਦਾ ਹੈ, ਇਹ ਵੇਖਾਂ ਕਿ ਉਹ ਤੇਰੇ ਬਾਰੇ ਚੰਗੇ ਵਿੱਚਾਰ ਰੱਖਦਾ ਹੈ ਜਾਂ ਮਾੜੇ। ਫ਼ਿਰ ਤਿੰਨ ਦਿਨਾਂ ਦੇ ਵਿੱਚ ਮੈਂ ਇੱਥੇ ਖੇਤਾਂ ਵਿੱਚ ਤੈਨੂੰ ਸੁਨੇਹਾ ਭੇਜਾਂਗਾ। 13 ਜੇਕਰ ਮੇਰਾ ਪਿਉ ਤੈਨੂੰ ਮਾਰਨਾ ਚਾਹੁੰਦਾ ਹੋਇਆ, ਮੈਂ ਤੈਨੂੰ ਖਬਰ ਕਰ ਦੇਵਾਂਗਾ ਅਤੇ ਤੈਨੂੰ ਇੱਥੋਂ ਸੁੱਖੀ-ਸਾਂਦੀ ਭਜਾ ਦੇਵਾਂਗਾ। ਜੇ ਮੈਂ ਇੰਝ ਨਾ ਕਰ ਸੱਕਾਂ ਯਹੋਵਾਹ ਮੈਨੂੰ ਸਜ਼ਾ ਦੇਵੇ। ਯਹੋਵਾਹ ਕਰੇ ਕਿ ਜਿਵੇਂ ਯਹੋਵਾਹ ਮੇਰੇ ਪਿਉ ਦੇ ਨਾਲ ਰਿਹਾ ਉਵੇਂ ਹੀ ਯਹੋਵਾਹ ਤੇਰੇ ਨਾਲ ਰਹੇ। 14 ਜੇਕਰ ਹਾਲੇ ਵੀ ਮੈਂ ਜਿਉਂਦਾ ਹਾਂ ਤਾਂ ਮੈਨੂੰ ਯਹੋਵਾਹ ਦਾ ਸੱਚਾ ਪਿਆਰ ਦਰਸਾ ਤਾਂ ਜੋ ਮੈਂ ਨਾ ਮਰਾਂ। 15 ਮੇਰੇ ਪਰਿਵਾਰ ਨੂੰ ਆਪਣੇ ਰਹਿਮੋ ਕਰਮ ਵਿੱਚ ਰੱਖੀਂ। ਯਹੋਵਾਹ ਤੇਰੇ ਸਾਰੇ ਵੈਰੀਆਂ ਦਾ ਧਰਤੀ ਤੋਂ ਨਾਸ਼ ਕਰੇ। 16 ਫ਼ੇਰ ਯੋਨਾਥਾਨ ਨੇ ਦਾਊਦ ਦੇ ਪਰਿਵਾਰ ਨਾਲ ਇੱਕ ਇਕਰਾਰਨਾਮਾ ਕੀਤਾ ਅਤੇ ਯਹੋਵਾਹ ਨੇ ਦਾਊਦ ਦੇ ਦੁਸ਼ਮਣਾ ਉੱਤੇ ਸਜ਼ਾ ਲਿਆਂਦੀ।”

17 ਤਦ ਯੋਨਾਥਾਨ ਨੇ ਦਾਊਦ ਨੂੰ ਆਪਣੇ ਪਿਆਰ ਦੀ ਸੌਂਹ ਨੂੰ ਪੂਰੀ ਕਰਨ ਲਈ ਦੁਹਰਾਉਣ ਨੂੰ ਕਿਹਾ। ਯੋਨਾਥਾਨ ਨੇ ਇਹ ਇਸ ਲਈ ਕੀਤਾ ਕਿਉਂਕਿ ਉਹ ਦਾਊਦ ਨੂੰ ਆਪਣੀ ਰੂਹ ਸਮਝ, ਪਿਆਰ ਕਰਦਾ ਸੀ।

18 ਯੋਨਾਥਾਨ ਨੇ ਦਾਊਦ ਨੂੰ ਕਿਹਾ, “ਕੱਲ੍ਹ ਨਵੇਂ ਚੰਨ ਦੀ ਦਾਵਤ ਦੀ ਰਾਤ ਹੋਵੇਗੀ। ਤੇਰੀ ਥਾਂ ਖਾਲੀ ਰਹੇਗਾ ਤਾਂ ਮੇਰਾ ਪਿਉ ਵੇਖੇਗਾ ਕਿ ਤੂੰ ਉੱਥੇ ਨਹੀਂ ਹੈ। 19 ਸੋ ਹੁਣ ਤੂੰ ਜਾਹ ਅਤੇ ਤਿੰਨ ਦਿਨ ਤੱਕ ਉੱਥੇ ਛੁਪਿਆ ਰਹੀਂ ਜਿੱਥੇ ਤੂੰ ਉਸ ਨੇਮ ਦੇ ਦਿਨ ਲੁਕਿਆ ਰਿਹਾ ਸੀ। ਅਤੇ ਇਸ ਮੁਸੀਬਤ ਦੀ ਘੜੀ ਦੀ ਉਸ ਪਹਾੜੀ ਓਹਲੇ ਉਡੀਕ ਕਰੀਂ। 20 ਤੀਜੇ ਦਿਨ ਮੈਂ ਉਸ ਪਹਾੜੀ ਵੱਲ ਜਾਵਾਂਗਾ ਅਤੇ ਇੰਝ ਨਾਟਕ ਕਰਾਂਗਾ ਜਿਵੇਂ ਕੋਈ ਨਿਸ਼ਾਨਾ ਸੇਧ ਰਿਹਾ ਹੋਵਾ। ਮੈਂ ਕੁਝ ਤੀਰ ਛੱਡਾਂਗਾ। 21 ਤਦ ਮੈਂ ਕਿਸੇ ਮੁੰਡੇ ਨੂੰ ਉਹ ਤੀਰ ਲੱਭਕੇ ਲਿਆਉਣ ਨੂੰ ਆਖਾਂਗਾ। ਜੇ ਮੈਂ ਮੁੰਡੇ ਨੂੰ ਆਖਾਂ, ਵੇਖ ਤੀਰ ਤੇਰੇ ਇਸ ਪਾਸੇ ਹਨ ਲੱਭਕੇ ਲਿਆ ਤਾਂ ਤੂੰ ਬਾਹਰ ਨਿਕਲ ਆਵੀਂ ਕਿਉਂ ਜੋ ਫ਼ੇਰ ਤੇਰੇ ਲਈ ਸਮਝੀਂ ਸਭ ਠੀਕ ਹੈ ਅਤੇ ਜਿਉਂਦੇ ਯਹੋਵਾਹ ਦੀ ਸੌਂਹ ਕਿ ਕੋਈ ਮੁਸ਼ਕਿਲ ਨਹੀਂ। 22 ਪਰ ਜੇ ਮੈਂ ਮੁੰਡੇ ਨੂੰ ਇਹ ਆਖਾਂ ਕਿ, ‘ਵੇਖ ਤੀਰ ਤੇਰੇ ਕੋਲੋਂ ਦੂਰ ਹਨ ਤਾਂ ਤੂੰ ਭੱਜ ਜਾਵੀਂ।’ ਇਸ ਦਾ ਮਤਲਬ ਫ਼ਿਰ ਯਹੋਵਾਹ ਨੇ ਤੈਨੂੰ ਨੱਸ ਜਾਣ ਲਈ ਆਖਿਆ ਹੈ। 23 ਇਹ ਇਕਰਾਰਨਾਮਾ ਜੋ ਤੇਰੇ ਮੇਰੇ ਵਿੱਚਕਾਰ ਹੋਇਆ, ਇਸ ਨੂੰ ਯਾਦ ਰੱਖੀਂ। ਯਹੋਵਾਹ ਹਮੇਸ਼ਾ ਸਾਡਾ ਸਾਖੀ ਹੈ।”

24 ਤਦ ਦਾਊਦ ਖੇਤਾਂ ’ਚ ਲੁਕ ਗਿਆ।

ਸ਼ਾਊਲ ਦਾ ਦਾਵਤ ਵਿੱਚ ਵਤੀਰਾ

ਅਗਲੇ ਦਿਨ ਤੋਂ ਬਾਦ ਨਵੇਂ ਚੰਨ ਦੀ ਦਾਵਤ ਦਾ ਵੇਲਾ ਹੋ ਗਿਆ ਅਤੇ ਪਾਤਸ਼ਾਹ ਖਾਣ ਲਈ ਬੈਠ ਗਿਆ। 25 ਪਾਤਸ਼ਾਹ ਕੰਧ ਦੇ ਨਾਲ ਜਿੱਥੇ, ਕਿ ਉਹ ਹਮੇਸ਼ਾ ਬੈਠਦਾ ਸੀ, ਬੈਠ ਗਿਆ। ਯੋਨਾਥਾਨ ਖੜ੍ਹਾ ਹੋ ਗਿਆ [a] ਅਤੇ ਅਬਨੇਰ ਸ਼ਾਊਲ ਤੋਂ ਅਗਾਂਹ ਬੈਠ ਗਿਆ। ਪਰ ਦਾਊਦ ਦੀ ਜਗ਼੍ਹਾ ਖਾਲੀ ਸੀ। 26 ਉਸ ਦਿਨ ਸ਼ਾਊਲ ਨੇ ਕੁਝ ਨਾ ਆਖਿਆ। ਉਸ ਨੇ ਸੋਚਿਆ, “ਹੋ ਸੱਕਦਾ ਹੈ ਉਸ ਨੂੰ ਕੁਝ ਬਣੀ ਹੋਈ ਹੋਵੇ, ਉਹ ਅਪਵਿੱਤਰ ਹੋਣਾ ਹੈ।”

27 ਪਰ ਅਗਲੇ ਹੀ ਦਿਨ ਜੋ ਮਹੀਨੇ ਦਾ ਦੂਜਾ ਦਿਨ ਸੀ ਤਾਂ ਦਾਊਦ ਦੀ ਕੁਰਸੀ ਫ਼ੇਰ ਖਾਲੀ ਸੀ। ਤਦ ਸ਼ਾਊਲ ਨੇ ਆਪਣੇ ਪੁੱਤਰ ਯੋਨਾਥਾਨ ਨੂੰ ਕਿਹਾ, “ਕੀ ਗੱਲ ਹੈ ਯੱਸੀ ਦਾ ਪੁੱਤਰ ਨਵੇਂ ਚੰਨ ਦੀ ਦਾਵਤ ਉੱਤੇ ਕੱਲ੍ਹ ਵੀ ਨਹੀਂ ਅਤੇ ਅੱਜ ਵੀ ਨਹੀਂ ਆਇਆ?”

28 ਯੋਨਾਥਾਨ ਨੇ ਕਿਹਾ, “ਦਾਊਦ ਨੇ ਬੈਤਲਹਮ ਜਾਣ ਲਈ ਮੇਰੇ ਕੋਲੋਂ ਆਗਿਆ ਮੰਗੀ ਸੀ। 29 ਉਸ ਨੇ ਕਿਹਾ ਸੀ, ‘ਮੈਨੂੰ ਜਾਣ ਦੇ ਮੇਰਾ ਪਰਿਵਾਰ ਉੱਥੇ ਬਲੀ ਦੀ ਰਸਮ ਕਰ ਰਿਹਾ ਹੈ ਅਤੇ ਮੇਰੇ ਭਰਾ ਨੇ ਮੈਨੂੰ ਉੱਥੇ ਪਹੁੰਚਣ ਦਾ ਹੁਕਮ ਦਿੱਤਾ ਹੈ। ਅਤੇ ਵੇਖ ਹੁਣ ਜੇਕਰ ਮੈਂ ਤੇਰਾ ਮਿੱਤਰ ਹਾਂ ਤਾਂ ਤੂੰ ਕਿਰਪਾ ਕਰਕੇ ਮੈਨੂੰ ਆਪਣੇ ਭਰਾਵਾਂ ਨੂੰ ਮਿਲਣ ਜਾਣ ਦੇ। ਇਸੇ ਕਾਰਣ ਦਾਊਦ ਪਾਤਸ਼ਾਹ ਦੀ ਖਾਣੇ ਦੀ ਮੇਜ਼ ਉੱਤੇ ਨਹੀਂ ਆ ਸੱਕਿਆ।’”

30 ਸ਼ਾਊਲ ਯੋਨਾਥਾਨ ਨਾਲ ਬੜਾ ਖਫ਼ਾ ਹੋਇਆ ਅਤੇ ਉਸ ਨੇ ਯੋਨਾਥਾਨ ਨੂੰ ਕਿਹਾ, “ਹੇ ਅਵੱਗਿਆਕਾਰੀ ਗੁਲਾਮ ਔਰਤ ਦੇ ਪੁੱਤਰ ਤੂੰ ਵੀ ਆਪਣੀ ਮਾਂ ਵਰਗਾ ਹੀ ਹੈਂ। ਮੈਂ ਜਾਣਦਾ ਹਾਂ ਕਿ ਤੂੰ ਦਾਊਦ ਦਾ ਪੱਖ ਪੂਰਦਾ ਹੈਂ। ਤੂੰ ਆਪਣੇ ਅਤੇ ਆਪਣੀ ਮਾਂ ਦੇ ਨਾਊਂ ਉੱਤੇ ਵੀ ਦਾਗ ਹੈਂ। 31 ਜਦ ਤੱਕ ਇਹ ਯੱਸੀ ਦਾ ਪੁੱਤਰ ਜਿਉਂਦਾ ਹੈ ਤੂੰ ਕਦੇ ਵੀ ਪਾਤਸ਼ਾਹ ਨਾ ਬਣ ਸੱਕੇਂਗਾ ਅਤੇ ਨਾ ਹੀ ਇਹ ਰਾਜ ਤੈਨੂੰ ਕਦੇ ਮਿਲੇਗਾ। ਜਾ, ਹੁਣੇ ਜਾਕੇ ਦਾਊਦ ਨੂੰ ਮੇਰੇ ਸਾਹਮਣੇ ਲਿਆ। ਕਿਉਂਕਿ ਉਹ ਜ਼ਰੂਰ ਮਾਰਿਆ ਹੀ ਜਾਵੇਗਾ।”

32 ਯੋਨਾਥਾਨ ਨੇ ਆਪਣੇ ਪਿਉ ਨੂੰ ਕਿਹਾ, “ਦਾਊਦ ਨੂੰ ਕਿਉਂ ਮਾਰਨਾ ਚਾਹੁੰਦੇ ਹੋ? ਉਸ ਨੇ ਕੀ ਗੁਨਾਹ ਕੀਤਾ ਹੈ?”

33 ਪਰ ਸ਼ਾਊਲ ਨੇ ਉਸ ਵੱਲ ਆਪਣੀ ਸਾਂਗ ਸੁੱਟਕੇ ਯੋਨਾਥਾਨ ਨੂੰ ਮਾਰਨਾ ਚਾਹਿਆ ਤਾਂ ਯੋਨਾਥਾਨ ਸਮਝ ਗਿਆ ਕਿ ਉਹ ਅਵੱਸ਼ ਹੀ ਦਾਊਦ ਨੂੰ ਜਾਨੋਂ ਮਾਰ ਮੁਕਾਉਣਾ ਚਾਹੁੰਦਾ ਹੈ। 34 ਯੋਨਾਥਾਨ ਗੁੱਸੇ ਵਿੱਚ ਆਕੇ ਖਾਣੇ ਤੋਂ ਉੱਠ ਖਲੋਤਾ। ਯੋਨਾਥਾਨ ਆਪਣੇ ਪਿਉ ਦੇ ਵਤੀਰੇ ਤੋਂ ਇੰਨਾ ਬੇਚੈਨ ਸੀ ਕਿ ਉਸ ਨੂੰ ਇੰਨਾ ਗੁੱਸਾ ਚੜ੍ਹਿਆ ਹੋਇਆ ਸੀ ਕਿ ਉਸ ਨੇ ਦੂਜੇ ਦਿਨ ਦਾਵਤ ਉੱਤੇ ਖਾਣਾ-ਖਾਣ ਤੋਂ ਇਨਕਾਰ ਕਰ ਦਿੱਤਾ। ਯੋਨਾਥਾਨ ਇਸ ਲਈ ਵੀ ਗੁੱਸੇ ਸੀ ਇੱਕ ਤਾਂ ਉਸ ਦੇ ਪਿਉ ਨੇ ਉਸਦੀ ਬੇਇੱਜ਼ਤੀ ਕੀਤੀ ਸੀ ਅਤੇ ਦੂਜਾ ਉਹ ਦਾਊਦ ਨੂੰ ਮਾਰਨਾ ਚਾਹੁੰਦਾ ਸੀ।

ਦਾਊਦ ਅਤੇ ਯੋਨਾਥਾਨ ਦਾ ਅਲਵਿਦਾ ਕਹਿਣਾ

35 ਅਗਲੀ ਸਵੇਰ ਯੋਨਾਥਾਨ ਖੇਤਾਂ-ਪੈਲੀਆਂ ਵੱਲ ਗਿਆ। ਜਿਵੇਂ ਉਨ੍ਹਾਂ ਦਾ ਆਪਸ ਵਿੱਚ ਇਕਰਾਰ ਹੋਇਆ ਸੀ ਉਸ ਨੇਮ ਮੁਤਾਬਕ ਉਹ ਦਾਊਦ ਕੋਲ ਗਿਆ ਅਤੇ ਆਪਣੇ ਨਾਲ ਇੱਕ ਛੋਟਾ ਮੁੰਡਾ ਵੀ ਲੈ ਗਿਆ। 36 ਯੋਨਾਥਾਨ ਨੇ ਉਸ ਮੁੰਡੇ ਨੂੰ ਕਿਹਾ, “ਦੌੜ। ਅਤੇ ਜਿਹੜੇ ਤੀਰ ਮੈਂ ਛੱਡੇ ਹਨ ਉਨ੍ਹਾਂ ਨੂੰ ਲੱਭਕੇ ਲਿਆ।” ਮੁੰਡੇ ਨੇ ਦੌੜਨਾ ਸ਼ੁਰੂ ਕੀਤਾ ਅਤੇ ਯੋਨਾਥਾਨ ਨੇ ਉਸ ਦੇ ਸਿਰ ਉੱਪਰੋਂ ਦੀ ਤੀਰ ਛੱਡਿਆ। 37 ਮੁੰਡਾ ਉਸ ਥਾਵੇਂ ਪਹੁੰਚਿਆ ਜਿੱਥੇ ਤੀਰ ਡਿੱਗੇ ਸਨ। ਪਰ ਯੋਨਾਥਾਨ ਨੇ ਕਿਹਾ, “ਤੀਰ ਇੱਥੇ ਨਹੀਂ ਤੇਰੇ ਕੋਲ ਪਰੇ ਡਿੱਗੇ ਹਨ।” 38 ਫ਼ਿਰ ਯੋਨਾਥਾਨ ਜ਼ੋਰ ਦੀ ਗਰਜ਼ਿਆ, “ਜਲਦੀ ਕਰ! ਦੇਰ ਨਾ ਕਰ! ਜਲਦੀ ਫ਼ੜਕੇ ਲਿਆ! ਉੱਥੇ ਖੜ੍ਹਾ ਨਾ ਰਹਿ!” ਮੁੰਡੇ ਨੇ ਤੀਰ ਚੁੱਕੇ ਅਤੇ ਆਪਣੇ ਮਾਲਕ ਕੋਲ ਵਾਪਸ ਲੈ ਆਇਆ। 39 ਮੁੰਡੇ ਨੂੰ ਵਿੱਚਲੀ ਕਹਾਣੀ ਬਾਬਤ ਕੁਝ ਪਤਾ ਨਹੀਂ ਸੀ, ਸਿਰਫ਼ ਯੋਨਾਥਾਨ ਅਤੇ ਦਾਊਦ ਹੀ ਜਾਣਦੇ ਸਨ। 40 ਯੋਨਾਥਾਨ ਨੇ ਆਪਣਾ ਧਨੁਸ਼ ਅਤੇ ਤੀਰ ਉਸ ਮੁੰਡੇ ਨੂੰ ਦਿੱਤੇ ਅਤੇ ਉਸ ਮੁੰਡੇ ਨੂੰ ਕਿਹਾ, “ਜਾ ਹੁਣ ਤੂੰ ਸ਼ਹਿਰ ਵਾਪਸ ਮੁੜ ਜਾ।”

41 ਮੁੰਡਾ ਚੱਲਾ ਗਿਆ ਅਤੇ ਦਾਊਦ ਆਪਣੇ ਲੁਕਣ ਦੇ ਸਥਾਨ ਤੋਂ ਬਾਹਰ ਆ ਗਿਆ। ਜੋ ਕਿ ਪਹਾੜ ਦੇ ਦੂਸਰੇ ਪਾਸੇ ਤੇ ਸੀ। ਦਾਊਦ ਯੋਨਾਥਾਨ ਦੇ ਸਾਹਮਣੇ ਧਰਤੀ ਉੱਤੇ ਤਿੰਨ ਵਾਰੀ ਹੇਠਾਂ ਝੁਕਿਆ। ਫ਼ਿਰ ਉਹ ਦੋਵੇਂ ਇੱਕ ਦੂਜੇ ਨੂੰ ਚੁੰਮਕੇ ਰੋ ਪਏ, ਪਰ ਦਾਊਦ ਵੱਧੇਰੇ ਰੋਇਆ।

42 ਯੋਨਾਥਾਨ ਨੇ ਦਾਊਦ ਨੂੰ ਕਿਹਾ, “ਸੁੱਖੀਸਾਂਦੀ ਜਾ। ਉਸ ਨੇਮ ਦੇ ਕਾਰਣ ਜੋ ਅਸੀਂ ਦੋਨਾਂ ਨੇ ਯਹੋਵਾਹ ਦੇ ਨਾਉਂ ਦੀ ਸੌਂਹ ਚੁੱਕ ਕੇ ਕੀਤਾ ਸੀ ਕਿ ਤੇਰੇ-ਮੇਰੇ ਵਿੱਚ ਅਤੇ ਤੇਰੇ-ਮੇਰੇ ਉੱਤਰਾਧਿਕਾਰੀਆਂ ਦੇ ਵਿੱਚ ਸਦਾ ਯਹੋਵਾਹ ਸਾਖੀ ਨਾਲ ਰਹੇ, ਸੋ ਤੂੰ ਹੁਣ ਸ਼ਾਂਤੀ ਨਾਲ ਜਾ।”

ਦਾਊਦ ਦਾ ਅਹੀਮਲਕ ਜਾਜਕ ਵੱਲ ਜਾਣਾ

21 ਤਦ ਦਾਊਦ ਚੱਲਾ ਗਿਆ ਅਤੇ ਯੋਨਾਥਾਨ ਵਾਪਸ ਸ਼ਹਿਰ ’ਚ ਪਰਤ ਆਇਆ। ਦਾਊਦ ਨੌਬ ਨਾਮ ਦੇ ਸ਼ਹਿਰ ਵਿੱਚ ਅਹੀਮਲਕ ਨਾਮ ਦੇ ਜਾਜਕ ਵੱਲ ਗਿਆ।

ਅਹੀਮਲਕ ਵੀ ਦਾਊਦ ਨੂੰ ਮਿਲਣ ਲਈ ਬਾਹਰ ਨਿਕਲਿਆ ਪਰ ਉਹ ਡਰ ਨਾਲ ਕੰਬ ਰਿਹਾ ਸੀ ਅਤੇ ਉਸ ਨੇ ਡਰਦਿਆਂ ਦਾਊਦ ਕੋਲੋਂ ਪੁੱਛਿਆ, “ਤੂੰ ਇੱਕਲਾ ਕਿਉਂ ਹੈਂ? ਕੀ ਤੇਰੇ ਨਾਲ ਕੋਈ ਨਹੀਂ ਆਇਆ?”

ਦਾਊਦ ਨੇ ਅਹੀਮਲਕ ਨੂੰ ਕਿਹਾ, “ਪਾਤਸ਼ਾਹ ਨੇ ਮੈਨੂੰ ਖਾਸ ਹੁਕਮ ਦੇਕੇ ਭੇਜਿਆ ਹੈ। ਉਸ ਨੇ ਮੈਨੂੰ ਕਿਹਾ ਹੈ, ‘ਕਿਸੇ ਨੂੰ ਵੀ ਇਸ ਕੰਮ ਬਾਰੇ ਜੋ ਮੈਂ ਤੈਨੂੰ ਕਰਨ ਲਈ ਭੇਜਿਆ ਹੈ, ਪਤਾ ਨਾ ਲੱਗੇ।’ ਅਤੇ ਆਪਣੇ ਆਦਮੀਆਂ ਨੂੰ ਮੈਂ ਮਿਲਣ ਲਈ ਥਾਂ ਦੱਸ ਦਿੱਤੀ ਹੈ ਕਿ ਕਿੱਥੇ ਮਿਲਣਾ ਹੈ। ਹੁਣ ਤੇਰੇ ਕੋਲ ਖਾਣ ਨੂੰ ਕੀ ਹੈ? ਮੈਨੂੰ ਪੰਜ ਰੋਟੀਆਂ ਜਾਂ ਕੁਝ ਵੀ ਤੇਰੇ ਕੋਲ ਹੈ, ਮੈਨੂੰ ਖਾਣ ਲਈ ਦੇ।”

ਜਾਜਕ ਨੇ ਦਾਊਦ ਨੂੰ ਕਿਹਾ, “ਮੇਰੇ ਕੋਲ ਇੱਥੇ ਕੋਈ ਆਮ ਰੋਟੀ ਨਹੀਂ ਹੈ, ਪਰ ਮੇਰੇ ਕੋਲ ਇੱਥੇ ਕੁਝ ਪਵਿੱਤਰ ਰੋਟੀਆਂ ਹਨ। ਤੇਰੇ ਬੰਦੇ ਇਹ ਰੋਟੀਆਂ ਖਾ ਸੱਕਦੇ ਹਨ ਜੇਕਰ ਉਨ੍ਹਾਂ ਕਿਸੇ ਔਰਤ ਨਾਲ ਸੰਭੋਗ ਨਹੀਂ ਕੀਤਾ।”

ਦਾਊਦ ਨੇ ਜਾਜਕ ਨੂੰ ਕਿਹਾ, “ਸਾਡੇ ਨਾਲ ਕੋਈ ਇਸਤਰੀ ਨਹੀਂ ਹੈ। ਭਾਵੇਂ ਅਸੀਂ ਲੜਾਈ ਲੜਨ ਲਈ ਜਾਈਏ ਅਤੇ ਭਾਵੇਂ ਕਿਸੇ ਆਮ ਕੰਮ ਲਈ ਪਰ ਮੇਰੇ ਆਦਮੀ ਹਰ ਵਾਰ ਬਾਹਰ ਜਾਣ ਤੋਂ ਪਹਿਲਾਂ ਆਪਣਾ ਸ਼ਰੀਰ ਪਵਿੱਤਰ ਰੱਖਦੇ ਹਨ ਅਤੇ ਅੱਜ ਲਈ ਤਾਂ ਇਹ ਗੱਲ ਬਿਲਕੁਲ ਹੀ ਸੱਚ ਹੈ ਜਦ ਕਿ ਅੱਜ ਦਾ ਸਾਡਾ ਕਾਰਜ ਹੀ ਬੜਾ ਵਿਸ਼ੇਸ਼ ਹੈ।”

ਉੱਥੇ ਪਵਿੱਤਰ ਰੋਟੀਆਂ ਤੋਂ ਸਿਵਾਏ ਕੁਝ ਹੋਰ ਸੀ ਹੀ ਨਹੀਂ, ਇਸ ਲਈ ਜਾਜਕ ਨੇ ਉਹ ਰੋਟੀਆਂ ਦਾਊਦ ਨੂੰ ਦੇ ਦਿੱਤੀਆਂ। ਇਹ ਉਹ ਰੋਟੀ ਸੀ ਜਿਹੜੀ ਜਾਜਕ ਯਹੋਵਾਹ ਦੇ ਅੱਗੇ ਭੋਗ ਲਗਾਉਣ ਲਈ ਖਾਣਾ ਖਾਣ ਤੋਂ ਪਹਿਲਾਂ ਰੱਖਦਾ ਹੈ। ਹਰ ਰੋਜ਼ ਉਹ ਪੁਰਾਣੀ ਰੋਟੀ ਉੱਥੋਂ ਚੁੱਕ ਕੇ ਨਵੀਂ ਤਾਜ਼ੀ ਰੋਟੀ ਉੱਥੇ ਮੇਜ਼ ਉੱਤੇ ਯਹੋਵਾਹ ਅੱਗੇ ਰੱਖਦੇ ਹਨ।

ਉਸ ਦਿਨ ਸ਼ਾਊਲ ਦੇ ਸਿਪਾਹਿਆਂ ਵਿੱਚੋਂ ਇੱਕ ਉੱਥੇ ਹੀ ਸੀ। ਉਸਦਾ ਨਾਮ ਅਦੋਮੀ ਦੋਏਗ ਸੀ। ਦੋਏਗ ਸ਼ਾਊਦ ਦੇ ਅਯਾਲੀਆਂ ਦਾ ਆਗੂ ਸੀ, ਉਸ ਨੂੰ ਉੱਥੇ ਯਹੋਵਾਹ ਦੇ ਅੱਗੇ ਰੱਖਿਆ ਗਿਆ ਸੀ।

ਦਾਊਦ ਨੇ ਅਹੀਮਲਕ ਨੂੰ ਪੁੱਛਿਆ, “ਕੀ ਤੇਰੇ ਕੋਲ ਇੱਥੇ ਨੇਜਾ ਜਾਂ ਤਲਵਾਰ ਹੈ? ਮੈਨੂੰ ਜਲਦੀ ਵਿੱਚ ਤੁਰਨਾ ਪਿਆ ਕਿਉਂਕਿ ਪਾਤਸ਼ਾਹ ਦਾ ਕੰਮ ਬਹੁਤ ਜਲਦੀ ਦਾ ਸੀ ਅਤੇ ਜਲਦੀ ਵਿੱਚ ਮੈਂ ਆਪਣੇ ਨਾਲ ਆਪਣੀ ਤਲਵਾਰ ਜਾਂ ਹੋਰ ਕੋਈ ਹਥਿਆਰ ਨਹੀਂ ਲੈ ਕੇ ਆਇਆ।”

ਜਾਜਕ ਨੇ ਕਿਹਾ, “ਇੱਥੇ ਤਾਂ ਕੇਵਲ ਫ਼ਲਿਸਤੀ ਗੋਲਿਆਥ ਦੀ ਤਲਵਾਰ ਪਈ ਹੈ। ਇਹ ਉਹੀ ਤਲਵਾਰ ਹੈ ਜਿਹੜੀ ਤੂੰ ਉਸ ਕੋਲੋਂ ਲੈ ਕੇ ਏਲਾਹ ਦੀ ਵਾਦੀ ਵਿੱਚ ਉਸ ਨੂੰ ਜਾਨੋਂ ਮਾਰਿਆ ਸੀ। ਇਹ ਤਲਵਾਰ ਕੱਪੜੇ ਵਿੱਚ ਲਪੇਟੀ ਏਫ਼ੋਦ ਦੇ ਪਿੱਛੇ ਪਈ ਹੈ। ਜੇਕਰ ਤੈਨੂੰ ਚਾਹੀਦੀ ਹੈ ਤਾਂ ਤੂੰ ਲੈ ਜਾ ਸੱਕਦਾ ਹੈ।”

ਦਾਊਦ ਨੇ ਕਿਹਾ, “ਇਹ ਮੈਨੂੰ ਦੇ ਦਿਉ। ਗੋਲਿਆਥ ਦੀ ਤਲਵਾਰ ਜਿਹੀ ਹੋਰ ਕੋਈ ਤਲਵਾਰ ਨਹੀਂ ਹੈ।”

ਦਾਊਦ ਦਾ ਗਥ ਵਿੱਚ ਵੈਰੀ ਵੱਲ ਭੱਜਣਾ

10 ਉਸ ਦਿਨ ਦਾਊਦ ਸ਼ਾਊਲ ਤੋਂ ਭੱਜ ਗਿਆ ਅਤੇ ਗਥ ਦੇ ਪਾਤਸ਼ਾਹ ਆਕੀਸ਼ ਕੋਲ ਗਿਆ। 11 ਆਕੀਸ਼ ਦੇ ਅਫ਼ਸਰਾਂ ਨੂੰ ਇਹ ਚੰਗਾ ਨਾ ਲੱਗਾ। ਉਨ੍ਹਾਂ ਕਿਹਾ, “ਇਹ ਦਾਊਦ ਹੈ। ਇਸਰਾਏਲ ਦਾ ਪਾਤਸ਼ਾਹ, ਇਹ ਉਹੀ ਹੈ ਜਿਸਦਾ ਇਸਰਾਏਲੀ ਪ੍ਰਸ਼ੰਸਾ ’ਚ ਗੁਨਗਾਣ ਕਰਦੇ ਹਨ। ਅਤੇ ਉਹ, ਇਸਦੇ ਲਈ ਨੱਚਦੇ ਅਤੇ ਇਹ ਗੀਤ ਗਾਉਂਦੇ ਹਨ:

“ਸ਼ਾਊਲ ਨੇ ਹਜ਼ਾਰਾਂ ਵੈਰੀ ਮਾਰੇ
    ਪਰ ਦਾਊਦ ਨੇ ਲੱਖਾਂ ਵੈਰੀ ਮਾਰ ਮੁਕਾਏ।”

12 ਦਾਊਦ ਨੇ ਉਨ੍ਹਾਂ ਦੀ ਗੱਲ ਵੱਲ ਖਾਸ ਧਿਆਨ ਦੇਕੇ ਸੁਣਿਆ ਕਿ ਉਹ ਕੀ ਕਹਿ ਰਹੇ ਹਨ। ਤਦ ਉਹ ਗਥ ਦੇ ਰਾਜੇ ਆਕੀਸ਼ ਕੋਲੋਂ ਬਹੁਤ ਡਰਿਆ। 13 ਤਾਂ ਦਾਊਦ ਨੇ ਪਾਤਸ਼ਾਹ ਆਕੀਸ਼ ਅਤੇ ਉਸ ਦੇ ਅਫ਼ਸਰਾਂ ਸਾਹਮਣੇ ਝੱਲੇ ਹੋਣ ਦਾ ਦਿਖਾਵਾ ਕੀਤਾ। ਉਸ ਨੇ ਦਰਵਾਜ਼ਿਆਂ ਉੱਤੇ ਥੁੱਕਿਆ ਅਤੇ ਆਪਣਾ ਥੁੱਕ ਆਪਣੀ ਦਾੜ੍ਹੀ ਉੱਤੇ ਡਿੱਗਣ ਦਿੱਤਾ।

14 ਆਕੀਸ਼ ਨੇ ਆਪਣੇ ਅਫ਼ਸਰਾਂ ਨੂੰ ਕਿਹਾ, “ਇਸ ਆਦਮੀ ਵੱਲ ਵੇਖੋ। ਇਹ ਪਾਗਲ ਹੈ। ਇਸ ਨੂੰ ਭਲਾ ਤੁਸੀਂ ਮੇਰੇ ਕੋਲ ਕਿਉਂ ਲਿਆਏ ਹੋ? 15 ਮੇਰੇ ਕੋਲ ਅੱਗੇ ਹੀ ਕਮਲੇ ਮਨੁੱਖਾਂ ਦੀ ਕਮੀ ਨਹੀਂ। ਅਤੇ ਮੈਨੂੰ ਲੋੜ ਨਹੀਂ ਕਿ ਇਸ ਕਮਲੇ ਮਨੁੱਖ ਨੂੰ ਤੁਸੀਂ ਮੇਰੇ ਘਰ ਸਾਹਮਣੇ ਲਿਆਵੋ ਜੋ ਮੇਰੇ ਸਾਹਮਣੇ ਕਮਲਿਆਂ ਵਰਗੇ ਕਰਤਬ ਕਰੇ। ਦੁਬਾਰਾ ਇਸ ਆਦਮੀ ਨੂੰ ਮੇਰੇ ਘਰ ਨਾ ਵੜਨ ਦੇਣਾ।”

ਲੂਕਾ 11:29-54

ਸਾਨੂੰ ਸਬੂਤ ਦੇਵੋ(A)

29 ਜਦੋਂ ਉਸ ਦੇ ਕੋਲ ਬਹੁਤ ਲੋਕੀ ਇਕੱਠੇ ਹੁੰਦੇ ਗਏ ਤਾਂ ਉਸ ਨੇ ਆਖਿਆ, “ਇਹ ਭ੍ਰਿਸ਼ਟ ਪੀੜ੍ਹੀ ਹੈ, ਇਹ ਪਰਮੇਸ਼ੁਰ ਦੇ ਸਬੂਤ ਵਜੋਂ ਕਰਿਸ਼ਮੇ ਜਾਂ ਨਿਸ਼ਾਨ ਚਾਹੰਦੀ ਹੈ। ਪਰ ਉਨ੍ਹਾਂ ਨੂੰ ਸਬੂਤ ਵਜੋਂ ਕੋਈ ਕਰਿਸ਼ਮਾ ਨਹੀਂ ਵਿਖਾਇਆ ਜਾਵੇਗਾ ਸਿਵਾਇ ਯੂਨਾਹ ਦੇ ਕਰਿਸ਼ਮੇ ਤੋਂ। 30 ਜਿਸ ਤਰ੍ਹਾਂ ਯੂਨਾਹ ਨੀਨਵਾਹ ਦੇ ਲੋਕਾਂ ਲਈ ਨਿਸ਼ਾਨ ਹੋਇਆ ਉਸੇ ਤਰ੍ਹਾਂ ਮਨੁੱਖ ਦਾ ਪੁੱਤਰ ਵੀ ਇਸ ਪੀੜ੍ਹੀ ਲਈ ਹੋਵੇਗਾ। 31 ਨਿਆਂ ਦੇ ਦਿਨ ਦੱਖਣ ਦੀ ਰਾਣੀ ਖੜ੍ਹੀ ਹੋਵੇਗੀ ਅਤੇ ਇਸ ਪੀੜ੍ਹੀ ਦੇ ਲੋਕਾਂ ਦੇ ਖਿਲਾਫ਼ ਬੋਲੇਗੀ। ਕਿਉਂ? ਕਿਉਂਕਿ ਉਹ ਧਰਤੀ ਦੇ ਦੂਸਰੇ ਸਿਰੇ ਤੋਂ ਸੁਲੇਮਾਨ ਦਾ ਗਿਆਨ ਸੁਨਣ ਲਈ ਆਈ ਸੀ। ਅਤੇ ਵੇਖੋ ਇੱਥੇ ਕੋਈ ਸੁਲੇਮਾਨ ਨਾਲੋਂ ਵੀ ਵੱਡਾ ਹੈ।

32 “ਨਿਆਂ ਦੇ ਦਿਨ ਨੀਨਵਾਹ ਦੇ ਲੋਕ ਖੜ੍ਹੇ ਹੋਣਗੇ ਅਤੇ ਇਸ ਪੀੜ੍ਹੀ ਦੇ ਲੋਕਾਂ ਦੇ ਖਿਲਾਫ਼ ਬੋਲਣਗੇ। ਕਿਉਂ? ਕਿਉਂਕਿ ਜਦੋਂ ਉਨ੍ਹਾਂ ਨੇ ਯੂਨਾਹ ਦੇ ਪ੍ਰਚਾਰ ਸੁਣੇ ਤਾਂ ਉਨ੍ਹਾਂ ਨੇ ਆਪਣੇ ਹਿਰਦੇ ਬਦਲ ਲਏ ਸਨ। ਅਤੇ ਹੁਣ ਵੇਖੋ ਯੂਨਾਹ ਨਾਲੋਂ ਵੀ ਵੱਧੇਰੇ ਮਹਾਨ ਕੋਈ ਇੱਥੇ ਹੈ।

ਦੁਨੀਆਂ ਲਈ ਰੌਸ਼ਨੀ ਬਣੋ(B)

33 “ਕੋਈ ਵੀ ਦੀਵਾ ਜਗਾਕੇ ਉਸ ਨੂੰ ਛੁਪਾਉਂਦਾ ਨਹੀਂ ਜਾਂ ਭਾਂਡੇ ਥੱਲੇ ਨਹੀਂ ਰੱਖਦਾ, ਸਗੋਂ ਇਸ ਨੂੰ ਸ਼ਮਾਦਾਨ ਉੱਤੇ ਰੱਖਦਾ ਹੈ ਤਾਂ ਕਿ ਇਹ ਆਉਣ ਵਾਲੇ ਲੋਕਾਂ ਦੇ ਰਾਹ ਨੂੰ ਰੌਸ਼ਨ ਕਰੇ। 34 ਤੇਰੀ ਅੱਖ ਤੇਰੇ ਸਰੀਰ ਦਾ ਚਾਨਣ ਹੈ, ਇਸ ਲਈ ਜੇਕਰ ਤੇਰੀਆਂ ਅੱਖਾਂ ਚੰਗੀਆਂ ਹਨ, ਤਾਂ ਤੇਰਾ ਸਾਰਾ ਸਰੀਰ ਵੀ ਚਾਨਣ ਨਾਲ ਭਰਪੂਰ ਹੈ। ਪਰ ਜੇਕਰ ਤੇਰੀਂ ਅੱਖਾਂ ਵਿੱਚ ਖੋਟ ਹੈ ਤਾਂ ਤੇਰਾ ਸਰੀਰ ਵੀ ਹਨੇਰੇ ਨਾਲ ਭਰਪੂਰ ਹੈ। 35 ਇਸ ਲਈ ਸਾਵੱਧਾਨ ਰਹਿਣਾ, ਕਿਤੇ ਤੁਹਾਡੇ ਅੰਦਰ ਦਾ ਚਾਨਣ ਹਨੇਰਾ ਨਾ ਹੋ ਜਾਵੇ। 36 ਜੇਕਰ ਤੁਹਾਡਾ ਸਾਰਾ ਸਰੀਰ ਰੌਸ਼ਨੀ ਨਾਲ ਭਰਪੂਰ ਹੈ ਅਤੇ ਜੇ ਇਸਦਾ ਕੋਈ ਵੀ ਅੰਗ ਹਨੇਰੇ ਵਿੱਚ ਨਹੀਂ ਹੈ, ਫ਼ੇਰ ਸਾਰਾ ਸਰੀਰ ਰੌਸ਼ਨੀ ਨਾਲ ਭਰਪੂਰ ਹੋਵੇਗਾ, ਜਿਵੇਂ ਕਿ ਇੱਕ ਦੀਪਕ ਦੀ ਰੌਸ਼ਨੀ ਸਭ ਉੱਤੇ ਚਮਕਦੀ ਹੈ।”

ਯਿਸੂ ਵੱਲੋਂ ਫ਼ਰੀਸੀਆਂ ਦੀ ਨਿੰਦਿਆ(C)

37 ਜਦੋਂ ਯਿਸੂ ਗੱਲ ਕਰ ਹਟਿਆ, ਇੱਕ ਫ਼ਰੀਸੀ ਨੇ ਉਸ ਨੂੰ ਆਪਣੇ ਨਾਲ ਭੋਜਨ ਕਰਨ ਲਈ ਬੇਨਤੀ ਕੀਤੀ। ਤਾਂ ਯਿਸੂ ਮੇਜ ਤੇ ਬੈਠ ਗਿਆ। 38 ਪਰ ਫ਼ਰੀਸੀ ਹੈਰਾਨ ਸੀ ਜਦੋਂ ਉਸ ਨੇ ਵੇਖਿਆ ਕਿ ਯਿਸੂ ਨੇ ਭੋਜਨ ਖਾਣ ਤੋਂ ਪਹਿਲਾਂ ਆਪਣੇ ਹੱਥ ਨਹੀਂ ਧੋਤੇ ਸਨ। 39 ਪਰ ਪ੍ਰਭੂ ਨੇ ਉਸ ਨੂੰ ਕਿਹਾ, “ਤੁਸੀਂ ਫ਼ਰੀਸੀ ਆਪਣੇ ਪਿਆਲੇ ਅਤੇ ਥਾਲੀਆਂ ਬਾਹਰੋਂ ਹੀ ਸਾਫ਼ ਕਰਦੇ ਹੋ ਪਰ ਤੁਹਾਡਾ ਅੰਦਰ ਲਾਲਚ ਅਤੇ ਬਦੀ ਨਾਲ ਭਰਪੂਰ ਹੈ। 40 ਹੇ ਮੂਰੱਖੋ! ਕੀ ਜਿਸਨੇ ਬਾਹਰ ਨੂੰ ਬਣਾਇਆ, ਉਸ ਨੇ ਹੀ, ਅੰਦਰ ਨੂੰ ਨਹੀਂ ਬਣਾਇਆ? 41 ਇਸ ਲਈ ਜੋ ਕੁਝ ਵੀ ਅੰਦਰ ਹੈ, ਉਹ ਲੋੜਵੰਦ ਨੂੰ ਦਿਉ। ਫ਼ੇਰ ਤੁਹਾਡੇ ਲਈ ਸਭ ਕੁਝ ਸ਼ੁੱਧ ਹੋ ਜਾਵੇਗਾ।

42 “ਫ਼ਰੀਸੀਓ ਤੁਹਾਡੇ ਤੇ ਲਾਹਨਤ ਹੈ ਕਿਉਂਕਿ ਤੁਸੀਂ ਆਪਣੇ ਪੁਦੀਨੇ, ਹਰਮਲ ਪਤੇ ਅਤੇ ਤੁਹਾਡੇ ਬਾਗ ਵਿੱਚ ਉੱਗੇ ਹੋਰ ਸਾਰੇ ਪੌਦਿਆਂ ਦਾ ਦਸਵੰਧ ਤਾਂ ਦਿੰਦੇ ਹੋ, ਪਰ ਤੁਸੀਂ ਨਿਆਂ ਅਤੇ ਪਰਮੇਸ਼ੁਰ ਦੇ ਪਿਆਰ ਨੂੰ ਟਾਲ ਦਿੰਦੇ ਹੋ। ਪਰ ਤੁਹਾਨੂੰ ਚਾਹੀਦਾ ਸੀ ਕਿ ਤੁਸੀਂ ਉਹ ਵੀ ਕਰਦੇ ਅਤੇ ਇਨ੍ਹਾਂ ਨੂੰ ਵੀ ਨਾ ਛੱਡਦੇ।

43 “ਫ਼ਰੀਸੀਓ ਤੁਹਾਡੇ ਉੱਤੇ ਲਾਹਨਤ, ਕਿਉਂਕਿ ਤੁਸੀਂ ਪ੍ਰਾਰਥਨਾ ਸਥਾਨਾਂ ਵਿੱਚ ਮਹੱਤਵਪੂਰਣ ਜਗ੍ਹਾਵਾਂ ਅਤੇ ਬਜਾਰਾਂ ਵਿੱਚ ਸ਼ੁਭਕਾਮਨਾਵਾਂ ਚਾਹੁੰਦੇ ਹੋ। 44 ਤੁਹਾਡੇ ਉੱਤੇ ਲਾਹਨਤ, ਕਿਉਂਕਿ ਤੁਸੀਂ ਉਨ੍ਹਾਂ ਲੁਕੀਆਂ ਕਬਰਾਂ ਵਰਗੇ ਹੋ ਜਿਨ੍ਹਾਂ ਉੱਤੇ ਲੋਕੀ ਅਨਭੋਲ ਚੱਲਦੇ ਹਨ।”

45 ਨੇਮ ਦੇ ਉਪਦੇਸ਼ਕਾਂ ਵਿੱਚੋਂ ਕਿਸੇ ਇੱਕ ਨੇ ਯਿਸੂ ਨੂੰ ਕਿਹਾ, “ਗੁਰੂ! ਜਦੋਂ ਤੁਸੀਂ ਫ਼ਰੀਸੀਆਂ ਬਾਰੇ ਇਹ ਕੁਝ ਆਖ ਰਹੇ ਹੋ, ਤਾਂ ਤੁਸੀਂ ਸਾਡੀ ਸਭਾ ਨੂੰ ਵੀ ਨਿੰਦ ਰਹੇ ਹੋ।”

46 ਯਿਸੂ ਨੇ ਆਖਿਆ, “ਨੇਮ ਦੇ ਪ੍ਰਚਾਰਕੋ! ਤੁਹਾਡੇ ਤੇ ਲਾਹਨਤ। ਕਿਉਂਕਿ ਤੁਸੀਂ ਲੋਕਾਂ ਤੇ ਇੰਨਾ ਭਾਰ ਪਾਉਂਦੇ ਹੋ, ਜਿਸ ਨੂੰ ਚੁੱਕਣਾ ਉਹ ਬਹੁਤ ਮੁਸ਼ਕਿਲ ਮਹਿਸੂਸ ਕਰਦੇ ਹਨ ਪਰ ਤੁਸੀਂ ਖੁਦ ਇਸ ਨੂੰ ਇੱਕ ਉਂਗਲ ਨਾਲ ਵੀ ਨਹੀਂ ਛੂੰਹਦੇ। 47 ਤੁਹਾਡੇ ਤੇ ਲਾਹਨਤ, ਕਿਉਂਕਿ ਤੁਸੀਂ ਨਬੀਆਂ ਦੇ ਮਕਬਰੇ ਬਣਾਉਂਦੇ ਹੋ ਪਰ ਇਹ ਉਹੀ ਨਬੀ ਹਨ ਜਿਨ੍ਹਾਂ ਨੂੰ ਤੁਹਾਡੇ ਪੁਰਖਿਆਂ ਨੇ ਮਾਰ ਦਿੱਤਾ ਸੀ। 48 ਇਸ ਤਰ੍ਹਾਂ ਤੁਸੀਂ ਸਮੂਹ ਲੋਕਾਂ ਨੂੰ ਦਰਸ਼ਾਉਂਦੇ ਹੋ ਕਿ ਤੁਸੀਂ ਆਪਣੇ ਪੁਰਖਿਆਂ ਦੇ ਕਾਰਜਾਂ ਨਾਲ ਸਹਿਮਤ ਹੋ। ਉਨ੍ਹਾਂ ਨੇ ਨਬੀਆਂ ਨੂੰ ਮਾਰਿਆ ਅਤੇ ਤੁਸੀਂ ਉਨ੍ਹਾਂ ਦੇ ਮਕਬਰੇ ਬਣਵਾਉਂਦੇ ਹੋ। 49 ਇਸੇ ਲਈ ਪਰਮੇਸ਼ੁਰ ਦੇ ਗਿਆਨ ਨੇ ਆਖਿਆ, ‘ਮੈਂ ਉਨ੍ਹਾਂ ਨਬੀਆਂ ਅਤੇ ਰਸੂਲਾਂ ਨੂੰ ਭੇਜਾਂਗਾ। ਉਹ ਉਨ੍ਹਾਂ ਵਿੱਚੋਂ ਕੁਝ ਇੱਕ ਨੂੰ ਮਾਰ ਦੇਣਗੇ ਅਤੇ ਦੂਜਿਆਂ ਨੂੰ ਦੰਡ ਦੇਣਗੇ।’

50 “ਇਸ ਵਾਸਤੇ ਇਸ ਪੀੜ੍ਹੀ ਦੇ ਲੋਕਾਂ ਨੂੰ ਦੁਨੀਆਂ ਦੇ ਮੁੱਢ ਤੋਂ ਹੀ ਨਬੀਆਂ ਨੂੰ ਮਾਰਨ ਦਾ ਫ਼ਲ ਭੁਗਤਨਾ ਪਵੇਗਾ। 51 ਤੁਹਾਨੂੰ ਸਾਰੇ ਕਤਲਾਂ ਦੇ ਫ਼ਲ ਦਾ ਸਾਹਮਣਾ ਕਰਨਾ ਪਵੇਗਾ ਹਾਬਲ ਦੇ ਕਤਲ ਤੋਂ ਲੈ ਕੇ ਜ਼ਕਰਯਾਹ ਦੇ ਕਤਲ ਤੱਕ, ਜੋ ਜਗਵੇਦੀ ਅਤੇ ਮੰਦਰ ਦੇ ਵਿੱਚਕਾਰ ਮਾਰਿਆ ਸੀ। ਹਾਂ, ਮੈਂ ਤੁਹਾਨੂੰ ਦੱਸਦਾ ਹਾਂ ਇਸ ਸਭ ਵਾਸਤੇ ਇਸ ਪੀੜ੍ਹੀ ਦੇ ਲੋਕਾਂ ਨੂੰ ਜਿੰਮੇਦਾਰ ਠਹਿਰਾਇਆ ਜਾਵੇਗਾ।

52 “ਨੇਮ ਦੇ ਉਪਦੇਸ਼ਕੋ ਤੁਹਾਡੇ ਤੇ ਲਾਹਨਤ, ਕਿਉਂ ਜੋ ਤੁਸੀਂ ਗਿਆਨ ਦੀ ਕੁੰਜੀ ਚੁੱਕ ਲਈ ਹੈ। ਤੁਸੀਂ ਖੁਦ ਵੀ ਪ੍ਰਵੇਸ਼ ਨਹੀਂ ਕੀਤਾ ਅਤੇ ਤੁਸੀਂ ਉਨ੍ਹਾਂ ਨੂੰ ਵੀ ਅੜਚਨ ਪਾਈ ਜਿਹੜੇ ਪ੍ਰਵੇਸ਼ ਕਰਨਾ ਚਾਹੁੰਦੇ ਸਨ।”

53 ਜਦੋਂ ਯਿਸੂ ਉਹ ਥਾਂ ਛੱਡ ਰਿਹਾ ਸੀ ਤਾਂ ਨੇਮ ਦੇ ਉਪਦੇਸ਼ਕਾਂ ਅਤੇ ਫ਼ਰੀਸੀਆਂ ਨੇ ਬੜੇ ਸਵਾਲ ਕਰਕੇ ਭਿਆਨਕਤਾ ਨਾਲ ਉਸਦੀ ਵਿਰੋਧਤਾ ਕਰਨੀ ਸ਼ੁਰੂ ਕਰ ਦਿੱਤੀ। 54 ਉਹ ਉਸ ਨੂੰ ਅਨੇਕਾਂ ਵਿਛਿਆਂ ਬਾਰੇ ਔਖੇ ਸਵਾਲ ਪੁੱਛਣ ਲੱਗੇ ਤਾਂ ਜੋ ਉਹ ਕੁਝ ਅਜਿਹਾ ਕਹੇ ਜਿਸ ਨੂੰ ਉਹ ਗਲਤ ਸਾਬਿਤ ਕਰ ਸੱਕਣ।

Punjabi Bible: Easy-to-Read Version (ERV-PA)

2010 by World Bible Translation Center