Old/New Testament
ਸ਼ਾਊਲ ਦਾ ਅਮਾਲੇਕੀਆਂ ਨੂੰ ਨਾਸ਼ ਕਰਨਾ
15 ਇੱਕ ਦਿਨ ਸਮੂਏਲ ਨੇ ਸ਼ਾਊਲ ਨੂੰ ਆਖਿਆ, “ਮੈਨੂੰ ਯਹੋਵਾਹ ਨੇ ਭੇਜਿਆ ਕਿ ਮੈਂ ਤੈਨੂੰ ਮਸਹ ਕਰਾਂ, ਉਹ ਇਸ ਲਈ ਕਿ ਤੂੰ ਉਸ ਦੇ ਲੋਕਾਂ ਦਾ ਪਾਤਸ਼ਾਹ ਬਣੇ। ਸੋ ਹੁਣ ਯਹੋਵਾਹ ਦਾ ਬਚਨ ਸੁਣ। 2 ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ: ਜਦੋਂ ਇਸਰਾਏਲੀ ਮਿਸਰ ਵਿੱਚੋਂ ਨਿਕਲ ਆਏ ਤਾਂ ਅਮਾਲੇਕੀਆਂ ਨੇ ਕਿਵੇਂ ਉਨ੍ਹਾਂ ਨੂੰ ਕਨਾਨ ਜਾਣ ਵਿੱਚ ਰੁਕਾਵਟ ਪਾਈ। ਮੈਨੂੰ ਚੇਤਾ ਹੈ ਅਤੇ ਮੈਂ ਵੇਖਿਆ ਹੈ ਕਿ ਕਿਵੇਂ ਅਮਾਲੇਕੀਆਂ ਨੇ ਸਲੂਕ ਕੀਤਾ। 3 ਹੁਣ, ਤੂੰ ਜਾ ਅਤੇ ਅਮਾਲੇਕੀਆਂ ਦੇ ਵਿਰੁੱਧ ਲੜ। ਤੂੰ ਜੋ ਕੁਝ ਵੀ ਅਮਾਲੇਕੀਆਂ ਦਾ ਹੈ ਸਣੇ ਅਮਾਲੇਕ ਦੇ ਸਭ ਕੁਝ ਤਬਾਹ ਕਰ ਦੇ। ਕੁਝ ਵੀ ਨਾ ਬਚੇ। ਤੂੰ ਉਨ੍ਹਾਂ ਦੇ ਸਾਰੇ ਮਰਦ-ਔਰਤਾਂ, ਬੱਚੇ ਅਤੇ ਨਵਜਾਤ ਬੱਚੇ ਸਭ ਨੂੰ ਮਾਰਕੇ ਖਤਮ ਕਰ ਦੇ। ਤੂੰ ਉਨ੍ਹਾਂ ਦੇ ਜਾਨਵਰ ਗਊਆਂ, ਭੇਡਾਂ, ਊਂਠ ਅਤੇ ਖੋਤੇ ਸਭ ਵੱਢ ਸੁੱਟ।”
4 ਸ਼ਾਊਲ ਨੇ ਤਲਾਇਮ ਵਿੱਚ ਆਪਣੀ ਸੈਨਾ ਇਕੱਠੀ ਕੀਤੀ। ਉੱਥੇ 2,00,000 ਪੈਦਲ ਸਿਪਾਹੀ ਅਤੇ 10,000 ਹੋਰ ਆਦਮੀ ਸਨ। ਉਨ੍ਹਾਂ ਦਰਮਿਆਨ ਯਹੂਦਾਹ ਤੋਂ ਵੀ ਆਦਮੀ ਸਨ। 5 ਤਦ ਸ਼ਾਊਲ ਅਮਾਲੇਕ ਦੇ ਇੱਕ ਸ਼ਹਿਰ ਪਹੁੰਚਕੇ ਵਾਦੀ ਵਿੱਚ ਉਡੀਕ ਕਰਨ ਲੱਗਾ। 6 ਸ਼ਾਊਲ ਨੇ ਕੇਨੀਆਂ ਦੇ ਲੋਕਾਂ ਨੂੰ ਕਿਹਾ, “ਅਮਾਲੇਕ ਨੂੰ ਛੱਡ ਕੇ ਇੱਥੋਂ ਭੱਜ ਜਾਵੋ। ਤਦ ਮੈਂ ਤੁਹਾਨੂੰ ਅਮਾਲੇਕੀਆਂ ਦੇ ਨਾਲ ਨਸ਼ਟ ਨਹੀਂ ਕਰਾਂਗਾ। ਜਦੋਂ ਇਸਰਾਲੀ ਮਿਸਰ ਵਿੱਚੋਂ ਨਿਕਲਕੇ ਆਏ ਸਨ ਤਾਂ ਤੁਸੀਂ ਉਨ੍ਹਾਂ ਉੱਪਰ ਕਿਰਪਾ ਵਿਖਾਈ ਸੀ।” ਇਸ ਲਈ ਕੇਨੀਆਂ ਦੇ ਲੋਕ ਅਮਾਲੇਕ ਨੂੰ ਛੱਡ ਕੇ ਚੱਲੇ ਗਏ।
7 ਸ਼ਾਊਲ ਨੇ ਅਮਾਲੇਕੀਆਂ ਨੂੰ ਹਰਾਇਆ। ਉਸ ਨੇ ਹਵੀਲਾਹ ਤੋਂ ਲੈ ਕੇ ਸ਼ੂਰ ਦੇ ਲਾਂਘੇ ਤੀਕ ਜੋ ਮਿਸਰ ਦੇ ਅੱਗੇ ਹੈ, ਉਨ੍ਹਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਨੂੰ ਮਾਰਿਆ। 8 ਅਮਾਲੇਕੀਆਂ ਦਾ ਰਾਜਾ ਅਗਾਗ ਸੀ। ਸ਼ਾਊਲ ਨੇ ਉਸ ਨੂੰ ਜਿਉਂਦਾ ਫ਼ੜ ਲਿਆ। ਸ਼ਾਊਲ ਨੇ ਅਗਾਗ ਨੂੰ ਤਾਂ ਜਿਉਂਦੇ ਰਹਿਣ ਦਿੱਤਾ ਪਰ ਉਸ ਨੇ ਉਸਦੀ ਸੈਨਾ ਦੇ ਸਾਰੇ ਸਿਪਾਹੀ ਮਾਰ ਸੁੱਟੇ। 9 ਪਰ ਸ਼ਾਊਲ ਅਤੇ ਲੋਕਾਂ ਨੇ ਅਗਾਗ ਨੂੰ ਅਤੇ ਹੋਰ ਚੰਗੀਆਂ ਵਸਤਾਂ ਨੂੰ ਖਤਮ ਕਰਨਾ ਚੰਗਾ ਨਾ ਸਮਝਿਆ, ਸੋ ਉਨ੍ਹਾਂ ਨੇ ਅਗਾਗ ਨੂੰ ਅਤੇ ਮੋਟੀਆਂ-ਮੋਟੀਆਂ ਗਊਆਂ ਵੱਧੀਆਂ ਭੇਡਾਂ ਅਤੇ ਮੇਮਨਿਆਂ ਨੂੰ ਨਾ ਮਾਰਿਆ। ਉਨ੍ਹਾਂ ਨੇ ਹਰ ਰੱਖਣ ਯੋਗ ਚੀਜ਼ ਨੂੰ ਰੱਖ ਲਿਆ ਕਿਉਂਕਿ ਉਹ ਉਨ੍ਹਾਂ ਨੂੰ ਨਸ਼ਟ ਨਹੀਂ ਸੀ ਕਰਨਾ ਚਾਹੁੰਦੇ। ਉਨ੍ਹਾਂ ਨੇ ਸਿਰਫ਼ ਖਤਮ ਕਰਨ ਯੋਗ ਚੀਜ਼ਾਂ ਨੂੰ ਹੀ ਖਤਮ ਕੀਤਾ।
ਸਮੂਏਲ ਨੇ ਸ਼ਾਊਲ ਨੂੰ ਉਸ ਦੇ ਪਾਪ ਬਾਰੇ ਦੱਸਿਆ
10 ਤਦ ਸਮੂਏਲ ਨੂੰ ਯਹੋਵਾਹ ਵੱਲੋਂ ਬਚਨ ਸੁਨਣ ਦਾ ਹੁਕਮ ਹੋਇਆ। 11 ਯਹੋਵਾਹ ਨੇ ਕਿਹਾ, “ਸ਼ਾਊਲ ਨੇ ਮੈਨੂੰ ਮੰਨਣਾ ਛੱਡ ਦਿੱਤਾ ਹੈ, ਸੋ ਮੇਰੇ ਕੋਲੋਂ ਗਲਤੀ ਹੋ ਗਈ ਕਿ ਮੈਂ ਉਸ ਨੂੰ ਪਾਤਸ਼ਾਹ ਠਹਿਰਾਇਆ। ਉਹ ਆਪਣੀ ਮਨ-ਮਰਜ਼ੀ ਕਰਦਾ ਹੈ ਉਹ ਨਹੀਂ ਕਰਦਾ ਜੋ ਮੈਂ ਕਹਿੰਦਾ ਹਾਂ।” ਸਮੂਏਲ ਗੁੱਸੇ ਹੋਇਆ ਅਤੇ ਸਾਰੀ ਰਾਤ ਯਹੋਵਾਹ ਅੱਗੇ ਰੋਂਦਾ ਤਰਲੇ ਲੈਂਦਾ ਰਿਹਾ।
12 ਸਮੂਏਲ ਅਗਲੀ ਸਵੇਰ ਜਲਦੀ-ਜਲਦੀ ਉੱਠਿਆ ਅਤੇ ਸ਼ਾਊਲ ਨੂੰ ਮਿਲਣ ਲਈ ਗਿਆ। ਪਰ ਲੋਕਾਂ ਨੇ ਸਮੂਏਲ ਨੂੰ ਕਹਿ ਦਿੱਤਾ ਕਿ, “ਸ਼ਾਊਲ ਕਰਮਲ ਨੂੰ ਗਿਆ ਹੈ ਜੋ ਯਹੂਦਾਹ ਵਿੱਚ ਹੈ। ਸ਼ਾਊਲ ਆਪਣੇ ਸਨਮਾਨ ਲਈ ਉੱਥੇ ਯਾਦਗਾਰੀ ਪੱਥਰ ਰੱਖਵਾਉਣ ਲਈ ਗਿਆ। ਉਹ ਕਈ ਜਗ਼੍ਹਾ ਉੱਤੇ ਘੁੰਮਦਾ ਗਿਆ ਅਤੇ ਅਖੀਰ ਵਿੱਚ ਗਿਲਗਾਲ ਵੱਲ ਚੱਲਾ ਗਿਆ।”
ਤਾਂ ਸਮੂਏਲ ਅਖੀਰ ਉੱਥੇ ਗਿਆ ਜਿੱਥੇ ਸ਼ਾਊਲ ਉਸ ਵਕਤ ਸੀ। ਸ਼ਾਊਲ ਨੇ ਅਮਾਲੇਕ ਵਿੱਚੋਂ ਜੋ ਕੁਝ ਲਿਆਂਦਾ ਸੀ ਉਸਦਾ ਅਜੇ ਇੱਕ ਹਿੱਸਾ ਹੀ ਚੁੱਕ ਕੇ ਭੇਂਟ ਕੀਤਾ ਸੀ, ਉਹ ਯਹੋਵਾਹ ਅੱਗੇ ਹੋਮ ਦੀ ਭੇਟ ਚੜ੍ਹਾ ਰਿਹਾ ਸੀ ਕਿ, 13 ਸਮੂਏਲ ਸ਼ਾਊਲ ਕੋਲ ਪਹੁੰਚ ਗਿਆ ਅਤੇ ਸ਼ਾਊਲ ਨੇ ਉਸ ਨੂੰ ਸੁੱਖ-ਸਾਂਦ ਪੁੱਛੀ। ਸ਼ਾਊਲ ਨੇ ਕਿਹਾ, “ਯਹੋਵਾਹ ਤੇਰੇ ਉੱਤੇ ਕਿਰਪਾ ਕਰੇ। ਮੈਂ ਯਹੋਵਾਹ ਦੇ ਹੁਕਮ ਦੀ ਪਾਲਣਾ ਕੀਤੀ ਹੈ।”
14 ਪਰ ਸਮੂਏਲ ਨੇ ਕਿਹਾ, “ਅਤੇ ਫ਼ਿਰ ਉਹ ਕੀ ਹੈ ਜੋ ਮੈਂ ਸੁਣਿਆ ਹੈ? ਤਾਂ ਫ਼ਿਰ ਭੇਡਾਂ ਦੀ ਮੈਂ-ਮੈਂ ਅਤੇ ਪਸ਼ੂਆਂ ਦਾ ਅੜਾਉਣਾ ਕੀ ਹੈ ਜੋ ਮੈਂ ਸੁਣ ਰਿਹਾ ਹਾਂ?”
15 ਸ਼ਾਊਲ ਨੇ ਕਿਹਾ, “ਸਿਪਾਹੀ ਉਨ੍ਹਾਂ ਨੂੰ ਅਮਾਲੇਕ ਤੋਂ ਫ਼ੜਕੇ ਲਿਆਏ ਸਨ। ਸਿਪਾਹੀਆਂ ਨੇ ਚੰਗੀਆਂ ਭੇਡਾਂ ਅਤੇ ਪਸ਼ੂ ਹੋਮ ਦੀਆਂ ਬਲੀਆਂ ਲਏ ਰੱਖ ਲਈ ਤਾਂ ਜੋ ਯਹੋਵਾਹ ਤੇਰੇ ਪਰਮੇਸ਼ੁਰ ਨੂੰ ਭੇਟ ਕਰ ਸੱਕਣ। ਪਰ ਅਸੀਂ ਬਾਕੀ ਸਭ ਕੁਝ ਨਸ਼ਟ ਕਰ ਦਿੱਤਾ।”
16 ਸਮੂਏਲ ਨੇ ਸ਼ਾਊਲ ਨੂੰ ਆਖਿਆ, “ਰੁਕ ਜਾ! ਹੁਣ ਮੈਨੂੰ ਆਖ ਲੈਣ ਦੇ ਕਿ ਮੈਨੂੰ ਕੱਲ੍ਹ ਰਾਤ ਯਹੋਵਾਹ ਨੇ ਕੀ ਆਖਿਆ ਹੈ।” ਸ਼ਾਊਲ ਨੇ ਕਿਹਾ, “ਠੀਕ ਹੈ! ਪਹਿਲਾਂ ਦੱਸ ਕਿ ਉਸ ਨੇ ਤੈਨੂੰ ਕੀ ਕਿਹਾ।”
17 ਸਮੂਏਲ ਨੇ ਕਿਹਾ, “ਜਿਸ ਵੇਲੇ ਪਹਿਲਾਂ ਤੂੰ ਆਪਣੀ ਨਜ਼ਰ ਵਿੱਚ ਤੁੱਛ ਸੀ, ਉਸ ਵਕਤ ਤੂੰ ਇਸਰਾਏਲ ਦੇ ਗੋਤ ਦੇ ਲੋਕਾਂ ਉੱਪਰ ਆਗੂ ਠਹਿਰਾਇਆ ਗਿਆ। ਯਹੋਵਾਹ ਨੇ ਇਸਰਾਏਲ ਉੱਪਰ ਤੈਨੂੰ ਪਾਤਸ਼ਾਹ ਠਹਿਰਾਇਆ। 18 ਯਹੋਵਾਹ ਨੇ ਤੈਨੂੰ ਖਾਸ ਕੰਮ ਲਈ ਭੇਜਿਆ ਅਤੇ ਕਿਹਾ, ‘ਜਾ ਅਤੇ ਜਾਕੇ ਅਮਾਲੇਕੀਆਂ ਨੂੰ ਨਸ਼ਟ ਕਰਦੇ, ਉਹ ਸਭ ਪਾਪੀ ਜੀਵ ਹਨ। ਉਨ੍ਹਾਂ ਸਭਨਾ ਨੂੰ ਖਤਮ ਕਰਦੇ। ਜਦ ਤੱਕ ਉਹ ਪੂਰੇ ਨਾ ਖਤਮ ਹੋ ਜਾਣ ਉਨ੍ਹਾਂ ਨਾਲ ਲੜਦਾ ਰਹਿ।’ 19 ਤੂੰ ਯਹੋਵਾਹ ਦੀ ਗੱਲ ਕਿਉਂ ਨਹੀਂ ਮੰਨੀ? ਤੂੰ ਲੁੱਟ ਲੈਣ ਦੀ ਜਲਦੀ ਕਿਉਂ ਕੀਤੀ, ਜਿਸ ਨੂੰ ਕਰਨਾ ਪਰਮੇਸ਼ੁਰ ਬਦੀ ਸਮਝਦਾ ਹੈ।”
20 ਸ਼ਾਊਲ ਨੇ ਕਿਹਾ, “ਪਰ ਮੈਂ ਤਾਂ ਯਹੋਵਾਹ ਦਾ ਹੁਕਮ ਮੰਨਿਆ ਹੈ। ਮੈਂ ਤਾਂ ਉੱਥੇ-ਉੱਥੇ ਗਿਆ ਹਾਂ ਜਿੱਥੇ ਯਹੋਵਾਹ ਨੇ ਮੈਨੂੰ ਭੇਜਿਆ। ਮੈਂ ਸਾਰੇ ਅਮਾਲੇਕੀਆਂ ਨੂੰ ਖਤਮ ਕੀਤਾ। ਮੈਂ ਸਿਰਫ਼ ਇੱਕ ਆਦਮੀ ਅਗਾਗ ਜੋ ਕਿ ਉਨ੍ਹਾਂ ਦਾ ਪਾਤਸ਼ਾਹ ਸੀ, ਉਸ ਨੂੰ ਵਾਪਸ ਜਿਉਂਦਾ ਲਿਆਇਆ ਹਾਂ। 21 ਸਿਪਾਹੀ ਲੁੱਟ ਦੇ ਵਿੱਚੋਂ ਭੇਡਾਂ ਅਤੇ ਚੰਗੇ ਪਸ਼ੂ ਜੋ ਚੰਗੀਆਂ ਚੀਜ਼ਾਂ ਸਨ ਉਨ੍ਹਾਂ ਨੂੰ ਲਿਆਏ ਹਨ ਅਤੇ ਯਹੋਵਾਹ ਤੇਰੇ ਪਰਮੇਸ਼ੁਰ ਨੂੰ ਗਿਲਗਾਲ ਵਿੱਚ ਚੜ੍ਹਾਉਣ ਲਈ ਲਿਆਏ ਹਨ।”
22 ਪਰ ਸਮੂਏਲ ਨੇ ਆਖਿਆ, “ਭਲਾ ਇਹ ਦੱਸ ਕਿ ਯਹੋਵਾਹ ਹੋਮ ਦੀਆਂ ਭੇਟਾਂ ਦੀਆਂ ਬਲਿਆਂ ਨਾਲ ਪ੍ਰਸੰਨ ਹੁੰਦਾ ਹੈ ਜਾਂ ਇਸ ਗੱਲ ਉੱਪਰ ਕਿ ਉਸਦਾ ਹੁਕਮ ਮੰਨਿਆ ਜਾਵੇ? ਵੇਖ! ਮੰਨਣਾ ਭੇਟਾ ਚੜ੍ਹਾਉਣ ਨਾਲੋਂ ਅਤੇ ਸਰੋਤਾ ਬਨਣਾ ਭੇਡੇ ਦੀ ਚਰਬੀ ਚੜ੍ਹਾਉਣ ਨਾਲੋਂ ਕਿਤੇ ਵੱਧ ਚੰਗਾ ਹੈ। 23 ਹੁਕਮ ਨਾ ਮੰਨਣਾ ਮਾਂਦਰੀ ਦੇ ਪਾਪ ਜਿੰਨਾ ਹੀ ਬੁਰਾ ਹੈ। ਢੀਠ ਹੋਣਾ ਅਤੇ ਮਨ-ਮਰਜ਼ੀ ਕਰਨਾ ਬੁੱਤ ਉਪਾਸਨਾ ਕਰਨ ਜਿੰਨਾ ਹੀ ਬੁਰਾ ਹੈ। ਤੂੰ ਯਹੋਵਾਹ ਦੇ ਹੁਕਮ ਨੂੰ ਮੰਨਣ ਤੋਂ ਇਨਕਾਰ ਕੀਤਾ ਇਸ ਲਈ ਯਹੋਵਾਹ ਨੇ ਤੈਨੂੰ ਪਾਤਸ਼ਾਹ ਮੰਨਣ ਤੋਂ ਇਨਕਾਰ ਕੀਤਾ ਹੈ।”
24 ਤਦ ਸ਼ਾਊਲ ਨੇ ਸਮੂਏਲ ਨੂੰ ਕਿਹਾ, “ਮੈਂ ਪਾਪੀ ਹਾਂ ਕਿਉਂ ਜੋ ਮੈਂ ਯਹੋਵਾਹ ਦੀ ਆਗਿਆ ਨੂੰ ਅਤੇ ਤੇਰੀਆਂ ਗੱਲਾਂ ਨੂੰ ਮੋੜ ਦਿੱਤਾ। ਮੈਂ ਲੋਕਾਂ ਕੋਲੋਂ ਡਰਕੇ ਉਹ ਕੁਝ ਕੀਤਾ ਜੋ ਉਨ੍ਹਾਂ ਨੇ ਕਿਹਾ। 25 ਹੁਣ ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ, ਮਿੰਨਤ ਕਰਦਾ ਹਾਂ ਮੈਨੂੰ ਇਸ ਪਾਪ ਲਈ ਖਿਮਾ ਕਰ। ਤੂੰ ਮੇਰੇ ਨਾਲ ਮੁੜ ਚੱਲ ਤਾਂ ਜੋ ਮੈਂ ਯਹੋਵਾਹ ਦੀ ਉਪਾਸਨਾ ਕਰਾਂ।”
26 ਪਰ ਸਮੂਏਲ ਨੇ ਸ਼ਾਊਲ ਨੂੰ ਕਿਹਾ, “ਹੁਣ ਮੈਂ ਤੇਰੇ ਨਾਲ ਵਾਪਸ ਨਹੀਂ ਜਾਵਾਂਗਾ। ਤੂੰ ਯਹੋਵਾਹ ਦੇ ਹੁਕਮ ਦੀ ਉਲੰਘਣਾ ਕੀਤੀ ਅਤੇ ਇਨਕਾਰ ਕੀਤਾ ਹੁਣ ਯਹੋਵਾਹ ਤੈਨੂੰ ਇਸਰਾਏਲ ਦਾ ਪਾਤਸ਼ਾਹ ਬਨਾਉਣ ਤੋਂ ਇਨਕਾਰੀ ਹੈ।”
27 ਜਦੋਂ ਸਮੂਏਲ ਜਾਣ ਲਈ ਵਾਪਸ ਮੁੜਿਆ, ਸ਼ਾਊਲ ਨੇ ਸਮੂਏਲ ਦਾ ਚੋਗਾ ਫ਼ੜ ਲਿਆ। ਅਤੇ ਉਹ ਪਾਟ ਗਿਆ। 28 ਸਮੂਏਲ ਨੇ ਸ਼ਾਊਲ ਨੂੰ ਕਿਹਾ, “ਤੂੰ ਮੇਰਾ ਚੋਲਾ ਪਾੜ ਦਿੱਤਾ, ਤਾਂ ਇੰਝ ਹੀ, ਅੱਜ ਯਹੋਵਾਹ ਨੇ ਇਸਰਾਏਲ ਦਾ ਰਾਜ ਤੈਥੋਂ ਪਾੜ ਦਿੱਤਾ ਹੈ। ਉਸ ਨੇ ਇਹ ਰਾਜ ਤੇਰੇ ਦੋਸਤਾਂ ਵਿੱਚੋਂ ਇੱਕ ਨੂੰ ਸੌਂਪ ਦਿੱਤਾ ਹੈ ਜਿਹੜਾ ਤੈਥੋਂ ਜ਼ਿਆਦੇ ਬਿਹਤਰ ਹੈ। 29 ਯਹੋਵਾਹ ਹੀ ਇਸਰਾਏਲ ਦਾ ਪਰਮੇਸ਼ੁਰ ਹੈ। ਉਹ ਸਦੀਪਕ ਹੈ। ਉਹ ਨਾ ਤਾਂ ਰੋਜ਼ ਆਪਣਾ ਮਨ ਬਦਲਦਾ ਹੈ ਨਾ ਝੂਠ ਬੋਲਦਾ ਹੈ। ਉਹ ਮਨੁੱਖਾਂ ਵਾਂਗ ਰੋਜ਼ ਆਪਣੀ ਜ਼ੁਬਾਣ ਤੋਂ ਨਹੀਂ ਫ਼ਿਰਦਾ ਅਤੇ ਨਾ ਹੀ ਮਨ ਬਦਲਦਾ ਫ਼ਿਰਦਾ ਹੈ।”
30 ਸ਼ਾਊਲ ਨੇ ਜਵਾਬ ’ਚ ਕਿਹਾ, “ਠੀਕ ਹੈ! ਮੈਂ ਪਾਪ ਕੀਤੇ! ਪਰ ਕਿਰਪਾ ਕਰਕੇ ਤੂੰ ਮੇਰੇ ਕੋਲ ਪਰਤ ਆ ਅਤੇ ਮੇਰੇ ਲੋਕਾਂ ਦੇ ਬਜ਼ੁਰਗਾਂ ਅਤੇ ਇਸਰਾਏਲ ਦੇ ਅੱਗੇ ਮੇਰਾ ਆਦਰ ਕਰ। ਮੇਰੇ ਨਾਲ ਮੁੜ ਚੱਲ ਤਾਂ ਜੋ ਮੈਂ ਯਹੋਵਾਹ ਤੇਰੇ ਪਰਮੇਸ਼ੁਰ ਦੀ ਉਪਾਸਨਾ ਕਰਾਂ।” 31 ਸਮੂਏਲ ਸ਼ਾਊਲ ਦੇ ਨਾਲ ਤੁਰ ਪਿਆ ਅਤੇ ਸ਼ਾਊਲ ਨੇ ਯਹੋਵਾਹ ਦੀ ਉਪਾਸਨਾ ਕੀਤੀ।
32 ਸਮੂਏਲ ਨੇ ਕਿਹਾ, “ਅਮਾਲੇਕੀਆਂ ਦੇ ਪਾਤਸ਼ਾਹ ਅਗਾਗ ਨੂੰ ਇੱਥੇ ਮੇਰੇ ਕੋਲ ਲੈ ਆਉ।”
ਅਗਾਗ ਸਮੂਏਲ ਕੋਲ ਆਇਆ। ਉਸ ਨੂੰ ਜ਼ੰਜ਼ੀਰਾਂ ਨਾਲ ਬੰਨ੍ਹਿਆ ਹੋਇਆ ਸੀ। ਅਗਾਗ ਨੇ ਸੋਚਿਆ, “ਹੁਣ ਤੱਕ ਜ਼ਰੂਰ ਮੌਤ ਦੀ ਕੁੜੱਤਣ ਲੰਘ ਗਈ ਹੋਵੇਗੀ।”
33 ਪਰ ਸਮੂਏਲ ਨੇ ਅਗਾਗ ਨੂੰ ਆਖਿਆ, “ਤੇਰੀ ਤਲਵਾਰ ਨੇ ਮਾਵਾਂ ਦੇ ਲਾਲ ਖੋਹ ਲਏ। ਇਸ ਲਈ ਹੁਣ ਤੇਰੀ ਮਾਂ ਦੇ ਵੀ ਕੋਈ ਔਲਾਦ ਨਾ ਹੋਵੇਗੀ।” ਸਮੂਏਲ ਨੇ ਗਿਲਗਾਲ ਦੇ ਯਹੋਵਾਹ ਦੇ ਅੱਗੇ ਅਗਾਗ ਦੇ ਟੁਕੜੇ-ਟੁਕੜੇ ਕਰਕੇ ਰੱਖ ਦਿੱਤੇ।
34 ਤਦ ਸਮੂਏਲ ਉੱਥੋਂ ਰਾਮਾਹ ਵੱਲ ਗਿਆ ਅਤੇ ਸ਼ਾਊਲ ਆਪਣੇ ਘਰ ਗਿਬਆਹ ਵੱਲ ਮੁੜ ਗਿਆ। 35 ਉਸਤੋਂ ਬਾਦ ਸਮੂਏਲ ਆਪਣੀ ਸਾਰੀ ਜ਼ਿੰਦਗੀ ਸ਼ਾਊਲ ਨੂੰ ਮੁੜ ਨਹੀਂ ਮਿਲਿਆ। ਸਮੂਏਲ ਨੂੰ ਸ਼ਾਊਲ ਲਈ ਬੜਾ ਦੁੱਖ ਸੀ ਅਤੇ ਯਹੋਵਾਹ ਨੂੰ ਬੜਾ ਅਫ਼ਸੋਸ ਸੀ ਕਿ ਉਸ ਨੇ ਸ਼ਾਊਲ ਨੂੰ ਇਸਰਾਏਲ ਦਾ ਪਾਤਸ਼ਾਹ ਠਹਿਰਾਇਆ।
ਸਮੂਏਲ ਦਾ ਬੈਤਲਹਮ ਨੂੰ ਜਾਣਾ
16 ਯਹੋਵਾਹ ਨੇ ਸਮੂਏਲ ਨੂੰ ਆਖਿਆ, “ਤੂੰ ਸ਼ਾਊਲ ਲਈ ਭਲਾ ਇੰਨੀ ਦੇਰ ਦੁੱਖ ਮਨਾਵੇਂਗਾ? ਤੂੰ ਅਜੇ ਤੀਕ ਉਸ ਲਈ ਉਦਾਸ ਹੋ ਰਿਹਾ ਹੈ ਜਦ ਕਿ ਮੈਂ ਤੈਨੂੰ ਦੱਸਿਆ ਹੈ ਕਿ ਮੈਂ ਉਸ ਨੂੰ ਇਸਰਾਏਲ ਦਾ ਪਾਤਸ਼ਾਹ ਹੋਣ ਤੋਂ ਹਟਕਿਆ ਹੈ। ਤੂੰ ਸਿੰਗ ਵਿੱਚ ਤੇਲ ਭਰ ਅਤੇ ਬੈਤਲਹਮ ਨੂੰ ਜਾ। ਉੱਥੇ ਮੈਂ ਤੈਨੂੰ ਯੱਸੀ ਨਾਮ ਦੇ ਇੱਕ ਮਨੁੱਖ ਕੋਲ ਭੇਜ ਰਿਹਾ ਹਾਂ ਜੋ ਕਿ ਬੈਤਲਹਮ ਵਿੱਚ ਰਹਿੰਦਾ ਹੈ ਮੈਂ ਉਸ ਦੇ ਪੁੱਤਰਾਂ ਵਿੱਚੋਂ ਇੱਕ ਨੂੰ ਨਵਾਂ ਪਾਤਸ਼ਾਹ ਚੁਣਿਆ ਹੈ।”
2 ਪਰ ਸਮੂਏਲ ਨੇ ਕਿਹਾ, “ਮੈਂ ਕਿਵੇਂ ਜਾਵਾਂ? ਜੇਕਰ ਮੈਂ ਜਾਵਾਂਗਾ ਅਤੇ ਕਦੇ ਸ਼ਾਊਲ ਨੂੰ ਪਤਾ ਚੱਲੇਗਾ ਤਾਂ ਉਹ ਮੈਨੂੰ ਮਾਰ ਸੁੱਟੇਗਾ।”
ਯਹੋਵਾਹ ਨੇ ਕਿਹਾ, “ਜਦ ਤੂੰ ਬੈਤਲਹਮ ਵਿੱਚ ਜਾਵੇਂ ਇੱਕ ਵਛੜਾ ਆਪਣੇ ਨਾਲ ਲੈਂਦਾ ਜਾ ਅਤੇ ਆਖੀਂ ‘ਮੈਂ ਯਹੋਵਾਹ ਅੱਗੇ ਬਲੀ ਚੜ੍ਹਾਉਣ ਆਇਆ ਹਾਂ।’ 3 ਬਲੀ ਲਈ ਯੱਸੀ ਨੂੰ ਨਿਉਂਤਾ ਦੇ ਦੇਵੀਂ। ਫ਼ਿਰ ਅਗਾਂਹ ਮੈਂ ਤੈਨੂੰ ਦੱਸਾਂਗਾ ਕਿ ਕੀ ਕਰਨਾ ਹੈ। ਜਿਹੜੇ ਮਨੁੱਖ ਬਾਰੇ ਮੈਂ ਤੈਨੂੰ ਦੱਸਾਂ ਅਤੇ ਦਿਖਾਵਾਂ ਉਸ ਨੂੰ ਮਸਹ ਜ਼ਰੂਰ ਕਰੀਂ।”
4 ਸਮੂਏਲ ਨੇ ਉਵੇਂ ਹੀ ਕੀਤਾ ਜਿਵੇਂ ਯਹੋਵਾਹ ਨੇ ਉਸ ਨੂੰ ਕਰਨ ਲਈ ਕਿਹਾ। ਸਮੂਏਲ ਬੈਤਲਹਮ ਨੂੰ ਗਿਆ। ਬੈਤਲਹਮ ਦੇ ਬਜ਼ੁਰਗ ਡਰ ਨਾਲ ਕੰਬਣ ਲੱਗੇ। ਉਹ ਸਮੂਏਲ ਨੂੰ ਮਿਲੇ ਅਤੇ ਪੁੱਛਣ ਲੱਗੇ, “ਕੀ ਤੂੰ ਸ਼ਾਂਤੀ ’ਚ ਆਇਆ ਹੈਂ?”
5 ਸਮੂਏਲ ਨੇ ਆਖਿਆ, “ਹਾਂ ਮੈਂ ਸ਼ਾਂਤੀ ’ਚ ਆਇਆ ਹਾਂ। ਮੈਂ ਤਾਂ ਯਹੋਵਾਹ ਅੱਗੇ ਬਲੀ ਚੜ੍ਹਾਉਣ ਲਈ ਆਇਆ ਹਾਂ। ਤੁਸੀਂ ਵੀ ਤਿਆਰ ਹੋ ਜਾਵੇ ਅਤੇ ਮੇਰੇ ਨਾਲ ਬਲੀ ਲਈ ਚੱਲੋ।” ਸਮੂਏਲ ਨੇ ਯੱਸੀ ਅਤੇ ਉਸ ਦੇ ਪੁੱਤਰਾਂ ਨੂੰ ਵੀ ਤਿਆਰ ਕੀਤਾ ਅਤੇ ਉਨ੍ਹਾਂ ਨੂੰ ਬਲੀ ਵਿੱਚ ਹਿੱਸਾ ਲੈਣ ਲਈ ਨਿਉਤਾ ਦਿੱਤਾ।
6 ਜਦੋਂ ਯੱਸੀ ਅਤੇ ਉਸ ਦੇ ਪੁੱਤਰ ਆਏ ਤਾਂ ਸਮੂਏਲ ਨੇ ਉੱਥੇ ਅਲੀਆਬ ਨੂੰ ਵੇਖਿਆ। ਸਮੂਏਲ ਨੇ ਸੋਚਿਆ, “ਜ਼ਰੂਰੀ ਹੈ ਕਿ ਇਹੀ ਮਨੁੱਖ ਹੋਵੇਗਾ ਜਿਸ ਨੂੰ ਯਹੋਵਾਹ ਨੇ ਚੁਣਿਆ।”
7 ਪਰ ਯਹੋਵਾਹ ਨੇ ਸਮੂਏਲ ਨੂੰ ਆਖਿਆ, “ਅਲੀਆਬ ਸੋਹਣਾ ਅਤੇ ਨੌਜੁਆਨ ਹੈ, ਲੰਬਾ ਹੈ। ਪਰ ਤੂੰ ਇਵੇਂ ਨਾ ਸੋਚ ਜਿਵੇਂ ਤੂੰ ਸੋਚ ਰਿਹਾ ਹੈਂ। ਪਰਮੇਸ਼ੁਰ ਚੀਜ਼ਾਂ ਵੱਲ ਉਵੇਂ ਨਹੀਂ ਵੇਖਦਾ ਜਿਵੇਂ ਕਿ ਮਨੁੱਖ ਵੇਖਦੇ ਹਨ। ਲੋਕੀਂ ਦੂਜਿਆਂ ਦਾ ਸਿਰਫ਼ ਬਾਹਰੀ ਰੂਪ ਵੇਖਦੇ ਹਨ ਜਿਵੇਂ ਦੇ ਕਿ ਉਹ ਬਾਹਰੋਂ ਨਜ਼ਰ ਆਉਂਦੇ ਹਨ ਪਰ ਯਹੋਵਾਹ ਉਨ੍ਹਾਂ ਦੇ ਦਿਲਾਂ ਅੰਦਰ ਝਾਤ ਪਾਉਂਦਾ ਹੈ। ਅਲੀਆਬ ਸਹੀ ਮਨੁੱਖ ਨਹੀਂ ਹੈ।”
8 ਤਦ ਯੱਸੀ ਨੇ ਆਪਨੇ ਦੂਜੇ ਪੁੱਤਰ ਨੂੰ ਬੁਲਾਇਆ ਜਿਸਦਾ ਨਾਉਂ ਅਬੀਨਾਦਾਬ। ਫ਼ਿਰ ਅਬੀਨਾਦਾਬ ਨੂੰ ਯੱਸੀ ਨੇ ਸਮੂਏਲ ਦੇ ਅੱਗੇ ਕੀਤਾ ਤਾਂ ਸਮੂਏਲ ਨੇ ਕਿਹਾ, “ਨਹੀਂ, ਇਸ ਨੂੰ ਵੀ ਯਹੋਵਾਹ ਨੇ ਨਹੀਂ ਚੁਣਿਆ।”
9 ਤਦ ਯੱਸੀ ਨੇ ਸ਼ੰਮਾਹ ਨੂੰ ਅੱਗੇ ਕੀਤਾ ਪਰ ਸਮੂਏਲ ਬੋਲਿਆ, “ਨਹੀਂ, ਯਹੋਵਾਹ ਨੇ ਇਸ ਆਦਮੀ ਨੂੰ ਵੀ ਨਹੀਂ ਚੁਣਿਆ।”
10 ਯੱਸੀ ਨੇ ਆਪਨੇ ਸੱਤ ਪੁੱਤਰ ਸਮੂਏਲ ਨੂੰ ਵਿਖਾਏ ਪਰ ਉਸ ਨੇ ਯੱਸੀ ਨੂੰ ਕਿਹਾ, “ਯਹੋਵਾਹ ਨੇ ਇਨ੍ਹਾਂ ਵਿੱਚੋਂ ਕਿਸੇ ਨੂੰ ਵੀ ਨਹੀਂ ਚੁਣਿਆ।”
11 ਤਦ ਸਮੂਏਲ ਨੇ ਯੱਸੀ ਨੂੰ ਕਿਹਾ, “ਕੀ ਇਹੀ ਤੇਰੇ ਪੁੱਤਰ ਸਨ?”
ਯੱਸੀ ਨੇ ਆਖਿਆ, “ਨਹੀਂ! ਮੇਰਾ ਇੱਕ ਹੋਰ ਪੁੱਤਰ ਵੀ ਹੈ ਜੋ ਇਨ੍ਹਾਂ ਸਭਨਾ ਤੋਂ ਛੋਟਾ ਹੈ, ਪਰ ਉਹ ਇਸ ਵਖਤ ਇੱਜੜ ਨੂੰ ਅਜੇ ਚਰਾਉਂਦਾ ਹੈ।”
ਸਮੂਏਲ ਨੇ ਕਿਹਾ, “ਉਸ ਨੂੰ ਨੂੰ ਵੀ ਬੁਲਾ ਉਸ ਨੂੰ ਇੱਥੇ ਲੈ ਕੇ ਆ। ਅਸੀਂ ਉਸ ਵਕਤ ਤੱਕ ਭੋਜਨ ਨਹੀਂ ਛਕਾਂਗੇ ਜਦ ਤੀਕ ਉਹ ਇੱਥੇ ਨਹੀਂ ਆਉਂਦਾ।”
12 ਯੱਸੀ ਨੇ ਕਿਸੇ ਨੂੰ ਆਪਣੇ ਸਭ ਤੋਂ ਛੋਟੇ ਪੁੱਤਰ ਨੂੰ ਇੱਥੇ ਬੁਲਾਉਣ ਲਈ ਭੇਜਿਆ। ਇਹ ਉਸਦਾ ਪੁੱਤਰ ਵੇਖਣ ਵਿੱਚ ਸੋਹਣਾ ਲਾਲ ਰੰਗ ਅਤੇ ਸੁੰਦਰ ਦਿਖਣ ਵਾਲਾ ਨੌਜੁਵਾਨ ਸੀ।
ਯਹੋਵਾਹ ਨੇ ਸਮੂਏਲ ਨੂੰ ਕਿਹਾ, “ਉੱਠ ਅਤੇ ਇਸਦਾ ਮਸਹ ਕਰ। ਇਹੀ ਹੈ ਉਹ।”
13 ਸਮੂਏਲ ਨੇ ਉਹ ਸਿੰਗ ਜਿਸ ਵਿੱਚ ਤੇਲ ਭਰਿਆ ਹੋਇਆ ਸੀ ਚੁੱਕਿਆ ਅਤੇ ਯੱਸੀ ਦੇ ਸਭ ਤੋਂ ਛੋਟੇ ਪੁੱਤਰ ਨੂੰ ਉਸ ਦੇ ਸਾਰੇ ਭਰਾਵਾਂ ਦੇ ਸਾਹਮਣੇ ਉਸ ਦੇ ਸਿਰ ਵਿੱਚ ਉਹ ਤੇਲ ਰੋੜਕੇ ਉਸ ਨੂੰ ਮਸਹ ਕੀਤਾ। ਉਸ ਦਿਨ ਤੋਂ ਯਹੋਵਾਹ ਦਾ ਆਤਮਾ ਸਦਾ ਬੜੀ ਜ਼ੋਰ ਦੀ ਦਾਊਦ ਉੱਪਰ ਆਉਂਦਾ ਰਿਹਾ। ਉਸਤੋਂ ਬਾਦ ਸਮੂਏਲ ਰਾਮਾਹ ਨੂੰ ਵਿਦਾ ਹੋਇਆ।
ਇੱਕ ਬੁਰਾ ਆਤਮਾ ਸ਼ਾਊਲ ਨੂੰ ਸਤਾਉਂਦਾ ਰਿਹਾ
14 ਯਹੋਵਾਹ ਦੇ ਆਤਮੇ ਨੇ ਸ਼ਾਊਲ ਨੂੰ ਤਿਆਗ ਦਿੱਤਾ ਅਤੇ ਫ਼ਿਰ ਉਸ ਨੇ ਇੱਕ ਬੁਰਾ ਆਤਮਾ ਸ਼ਾਊਲ ਅੰਦਰ ਦਾਖਲ ਕਰ ਦਿੱਤਾ। ਇਸਨੇ ਸ਼ਾਊਲ ਨੂੰ ਬਹੁਤ ਕਸ਼ਟ ਦਿੱਤੇ। 15 ਸ਼ਾਊਲ ਦੇ ਨੌਕਰਾਂ ਨੇ ਉਸ ਨੂੰ ਕਿਹਾ, “ਪਰਮੇਸ਼ੁਰ ਵੱਲੋਂ ਇੱਕ ਭੈੜਾ ਆਤਮਾ ਤੈਨੂੰ ਸਤਾ ਰਿਹਾ ਹੈ। 16 ਸਾਨੂੰ ਆਗਿਆ ਦੇ ਕਿ ਅਸੀਂ ਇੱਕ ਅਜਿਹਾ ਮਨੁੱਖ ਲੱਭਕੇ ਲਿਆਈਏ ਜਿਹੜਾ ਬਰਬਤ ਵਜਾਉਣ ਵਿੱਚ ਹੁਸ਼ਿਆਰ ਹੋਵੇ ਤਾਂ ਫ਼ਿਰ ਅਜਿਹਾ ਹੋਵੇਗਾ ਕਿ ਜਿਸ ਵਕਤ ਪਰਮੇਸ਼ੁਰ ਵੱਲੋਂ ਇਹ ਦੁਸ਼ਟ ਆਤਮਾ ਤੇਰੇ ਉੱਪਰ ਚੜ੍ਹੇ ਤਾਂ ਉਹ ਬਰਬਤ ਆਪਣੇ ਹੱਥ ਨਾਲ ਵਜਾਵੇਗਾ ਤਾਂ ਤੂੰ ਚੰਗਾ ਹੋ ਜਾਵੇਂਗਾ।”
17 ਤਾਂ ਸ਼ਾਊਲ ਨੇ ਆਪਨੇ ਸੇਵਕਾਂ ਨੂੰ ਆਖਿਆ, “ਜਾਓ ਅਤੇ ਅਜਿਹਾ ਕੋਈ ਮਨੁੱਖ ਲੱਭੋ ਜਿਹੜਾ ਧੁਨ ਵਜਾਉਣ ਵਿੱਚ ਹੁਸ਼ਿਆਰ ਹੋਵੇ। ਉਸ ਨੂੰ ਮੇਰੇ ਕੋਲ ਲੈ ਕੇ ਆਵੋ।”
18 ਉਨ੍ਹਾਂ ਵਿੱਚੋਂ ਇੱਕ ਸੇਵਕ ਨੇ ਕਿਹਾ, “ਬੈਤਲਹਮ ਵਿੱਚ ਇੱਕ ਮਨੁੱਖ ਹੈ ਜਿਸਦਾ ਨਾਉਂ ਯੱਸੀ ਹੈ। ਮੈਂ ਉਸ ਦੇ ਪੁੱਤਰ ਨੂੰ ਵੇਖਿਆ ਹੋਇਆ ਹੈ। ਉਹ ਬਰਬਤ ਵਜਾਉਣੀ ਜਾਣਦਾ ਹੈ। ਉਹ ਇੱਕ ਬਹਾਦੁਰ ਆਦਮੀ ਅਤੇ ਵੀਰ ਯੋਧਾ ਵੀ ਹੈ। ਉਹ ਸੋਹਣਾ ਅਤੇ ਸੁਨੱਖਾ ਵੀ ਹੈ ਅਤੇ ਯਹੋਵਾਹ ਵੀ ਉਸ ਦੇ ਵੱਲ ਹੈ।”
19 ਤਾਂ ਸ਼ਾਊਲ ਨੇ ਯੱਸੀ ਵੱਲ ਆਪਣੇ ਹਲਕਾਰੇ ਭੇਜੇ। ਉਨ੍ਹਾਂ ਨੇ ਯੱਸੀ ਨੂੰ ਕਿਹਾ, “ਤੇਰਾ ਦਾਊਦ ਨਾਮ ਦਾ ਜੋ ਪੁੱਤਰ ਹੈ, ਜੋ ਇੱਜੜ ਚਰਾਉਂਦਾ ਹੈ ਉਸ ਨੂੰ ਮੇਰੇ ਨਾਲ ਭੇਜ।”
20 ਉਪਰੰਤ ਯੱਸੀ ਨੇ ਇੱਕ ਖੋਤਾ ਜਿਸ ਉੱਪਰ ਰੋਟੀਆਂ ਲੱਦੀਆਂ ਸਨ, ਇੱਕ ਮੈਅ ਦੀ ਬੋਤਲ ਅਤੇ ਇੱਕ ਪਠੋਰਾ ਲੈ ਕੇ ਆਪਣੇ ਪੁੱਤਰ ਦਾਊਦ ਦੇ ਹੱਥੀਂ ਸ਼ਾਊਲ ਕੋਲ ਭੇਜਿਆ। 21 ਇੰਝ ਦਾਊਦ ਸ਼ਾਊਲ ਕੋਲ ਜਾਕੇ ਉਸ ਦੇ ਸਾਹਮਣੇ ਖੜ੍ਹਾ ਹੋਇਆ। ਸ਼ਾਊਲ ਨੇ ਦਾਊਦ ਨੂੰ ਬਹੁਤ ਪਿਆਰ ਕੀਤਾ। ਦਾਊਦ ਉਸਦਾ ਸਹਾਇਕ ਬਣਿਆ ਜੋ ਉਸ ਦੇ ਸ਼ਸਤਰ ਚੁੱਕਦਾ ਸੀ। 22 ਸ਼ਾਊਲ ਨੇ ਯੱਸੀ ਨੂੰ ਇੱਕ ਸੁਨੇਹਾ ਭੇਜਿਆ, “ਤੂੰ ਦਾਊਦ ਨੂੰ ਮੇਰੇ ਕੋਲ ਮੇਰੀ ਸੇਵਾ ਲਈ ਛੱਡਦੇ। ਮੈਨੂੰ ਉਹ ਬੜਾ ਚੰਗਾ ਲੱਗਾ ਹੈ।”
23 ਤਾਂ ਇਉਂ ਹੋਇਆ ਕਿ ਜਿਸ ਵੇਲੇ ਵੀ ਦੁਸ਼ਟ ਆਤਮਾ ਪਰਮੇਸ਼ੁਰ ਵੱਲੋਂ ਸ਼ਾਊਲ ਉੱਪਰ ਚੜ੍ਹਦਾ ਤਾਂ ਦਾਊਦ ਬਰਬਤ ਸਾਜ਼ ਲੈ ਕੇ ਆਪਣੇ ਹੱਥ ਨਾਲ ਵਜਾਉਂਦਾ ਸੀ ਅਤੇ ਫ਼ੇਰ ਸ਼ਾਊਲ ਨੂੰ ਤਾਜ਼ਗੀ ਆਉਂਦੀ ਸੀ ਅਤੇ ਉਹ ਠੀਕ ਹੋ ਜਾਂਦਾ ਸੀ ਅਤੇ ਦੁਸ਼ਟ ਆਤਮਾ ਉਸਤੋਂ ਹਟ ਜਾਂਦਾ ਸੀ।
ਨੇਕ ਸਾਮਰੀਆਂ ਬਾਰੇ ਦ੍ਰਿਸ਼ਟਾਂਤ
25 ਤਦ ਇੱਕ ਨੇਮ ਦਾ ਉਪਦੇਸ਼ਕ ਉੱਠ ਖਲੋਇਆ। ਉਹ ਯਿਸੂ ਨੂੰ ਪਰੱਖਣਾ ਚਾਹੁੰਦਾ ਸੀ ਤਾਂ ਉਸ ਨੇ ਕਿਹਾ, “ਗੁਰੂ ਜੀ! ਸਦੀਪਕ ਜੀਵਨ ਪਾਉਣ ਲਈ ਮੈਨੂੰ ਕੀ ਕਰਨਾ ਚਾਹੀਦਾ ਹੈ।”
26 ਯਿਸੂ ਨੇ ਆਖਿਆ, “ਨੇਮ ਵਿੱਚ ਕੀ ਲਿਖਿਆ ਹੋਇਆ ਹੈ? ਤੂੰ ਉਸ ਵਿੱਚ ਕੀ ਪੜ੍ਹਿਆ ਹੈ?”
27 ਉਸ ਨੇ ਜਵਾਬ ਦਿੱਤਾ, “‘ਪ੍ਰਭੂ ਆਪਣੇ ਪਰਮੇਸ਼ੁਰ ਨੂੰ ਪੂਰੇ ਦਿਲ ਨਾਲ, ਪੂਰੇ ਆਤਮਾ ਨਾਲ, ਆਪਣੀ ਪੂਰੀ ਤਾਕਤ ਨਾਲ ਅਤੇ ਆਪਣੇ ਪੂਰੇ ਦਿਮਾਗ ਨਾਲ ਪਿਆਰ ਕਰੋ।’ [a] ਅਤੇ, ‘ਆਪਣੇ ਗੁਆਂਢੀ ਨਾਲ ਵੀ ਇੰਝ ਪਿਆਰ ਕਰੋ ਜਿਵੇਂ ਤੁਸੀਂ ਆਪਣੇ-ਆਪ ਨੂੰ ਕਰਦੇ ਹੋ।’” [b]
28 ਯਿਸੂ ਨੇ ਉਸ ਨੂੰ ਆਖਿਆ, “ਤੂੰ ਬਿਲਕੁਲ ਦਰੁਸਤ ਜਵਾਬ ਦਿੱਤਾ ਹੈ, ਇਸ ਤੇ ਅਮਲ ਕਰੇਂ ਤਾਂ ਤੂੰ ਜਿਉਂਦਾ ਰਹੇਂਗਾ।”
29 ਉਹ ਆਦਮੀ ਦਰਸ਼ਾਉਣਾ ਚਾਹੁੰਦਾ ਸੀ ਕਿ ਉਹ ਸਵਾਲ ਪੁੱਛਣ ਵਿੱਚ ਸਹੀ ਸੀ, ਇਸ ਲਈ ਉਸ ਨੇ ਯਿਸੂ ਨੂੰ ਆਖਿਆ, “ਮੇਰਾ ਗੁਆਂਢੀ ਕੌਣ ਹੈ?”
30 ਇਸ ਗੱਲ ਦਾ ਜਵਾਬ ਦਿੰਦਿਆਂ ਯਿਸੂ ਨੇ ਕਿਹਾ, “ਇੱਕ ਆਦਮੀ ਯਰੂਸ਼ਲਮ ਤੋਂ ਯਰੀਹੋ ਵੱਲ ਨੂੰ ਜਾ ਰਿਹਾ ਸੀ। ਕੁਝ ਡਾਕੂਆਂ ਨੇ ਉਸ ਨੂੰ ਘੇਰ ਲਿਆ। ਉਨ੍ਹਾਂ ਨੇ ਉਸ ਦੇ ਕੱਪੜੇ ਪਾੜ ਦਿੱਤੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਉਸ ਨੂੰ ਅੱਧ ਮੋਇਆ ਛੱਡ ਕੇ ਚੱਲੇ ਗਏ।
31 “ਸੱਬਬ ਨਾਲ ਇੱਕ ਯਹੂਦੀ ਜਾਜਕ ਉਸ ਸੜਕ ਤੋਂ ਲੰਘ ਰਿਹਾ ਸੀ, ਜਿਸ ਵਕਤ ਉਸ ਜਾਜਕ ਨੇ ਉਸ ਅਧਮਰੇ ਮਨੁੱਖ ਨੂੰ ਸੜਕ ਤੇ ਪਿਆ ਵੇਖਿਆ ਤਾਂ ਉਹ ਉਸਦੀ ਮਦਦ ਕਰਨ ਲਈ ਰੁਕਿਆ ਨਹੀਂ ਸਗੋਂ ਅਗ੍ਹਾਂ, ਲੰਘ ਗਿਆ। 32 ਇੱਕ ਲੇਵੀ ਵੀ ਉਸ ਰਾਹ ਤੋਂ ਲੰਘ ਰਿਹਾ ਸੀ ਅਤੇ ਉਹ ਵੀ ਉਸ ਆਦਮੀ ਨੂੰ ਵੇਖਕੇ ਇੱਕ ਪਾਸੇ ਹੋਕੇ ਲੰਘ ਗਿਆ, ਉਹ ਵੀ ਉਸਦੀ ਮਦਦ ਲਈ ਨਹੀਂ ਰੁਕਿਆ।
33 “ਉਸ ਰਾਹ ਫ਼ਿਰ ਇੱਕ ਸਾਮਰੀ ਆਇਆ। ਉਹ ਉਸ ਜਗ੍ਹਾ ਪਹੁੰਚਿਆ ਜਿੱਥੇ ਉਹ ਅੱਧ ਮੋਇਆ ਮਨੁੱਖ ਬੇਹਾਲ ਪਿਆ ਸੀ। ਜਦੋਂ ਉਹ ਨੇੜੇ ਆਇਆ ਅਤੇ ਬੰਦੇ ਨੂੰ ਵੇਖਿਆ, ਅਤੇ ਉਸ ਉੱਤੇ ਤਰਸ ਖਾਧਾ। 34 ਉਹ ਉਸ ਦੇ ਨੇੜੇ ਆਇਆ ਅਤੇ ਜੈਤੂਨ ਦੇ ਤੇਲ ਅਤੇ ਮੈਅ ਨਾਲ ਉਸ ਦੇ ਜਖਮਾਂ ਤੇ ਪੱਟੀ ਕੀਤੀ। ਉਸ ਸਾਮਰੀ ਕੋਲ ਇੱਕ ਗਧਾ ਸੀ ਉਸ ਨੇ ਜਖਮੀ ਮਨੁੱਖ ਨੂੰ ਉਸ ਉੱਪਰ ਬਿਠਾਇਆ ਅਤੇ ਉਸ ਨੂੰ ਇੱਕ ਸਰ੍ਹਾਂ ਵਿੱਚ ਲੈ ਗਿਆ ਅਤੇ ਉੱਥੇ ਜਾਕੇ ਉਸਦੀ ਟਹਿਲ ਕੀਤੀ। 35 ਅਗਲੇ ਦਿਨ ਉਸ ਨੇ ਦੋ ਚਾਂਦੀ ਦੇ ਸਿੱਕੇ ਕੱਢੇ ਅਤੇ ਸਰ੍ਹਾਂ ਵਾਲੇ ਨੂੰ ਦਿੱਤੇ ਅਤੇ ਉਸ ਨੂੰ ਆਖਿਆ, ‘ਇਸ ਘਾਇਲ ਮਨੁੱਖ ਦੀ ਦੇਖਭਾਲ ਕਰੀ। ਜੇਕਰ ਤੂੰ ਇਸਤੋਂ ਵੱਧ ਪੈਸਾ ਇਸ ਮਨੁੱਖ ਉੱਪਰ ਖਰਚ ਕਰੇ ਤਾਂ ਜਦੋਂ ਮੈਂ ਇੱਥੇ ਦੋਬਾਰਾ ਵਾਪਸ ਆਵਾਂਗਾ ਤਾਂ ਤੈਨੂੰ ਮੋੜ ਦੇਵਾਂਗਾ।’”
36 ਮੈਨੂੰ ਦੱਸੋ, “ਇਨ੍ਹਾਂ ਤਿੰਨਾਂ ਆਦਮੀਆਂ ਵਿੱਚੋਂ ਕਿਸ ਆਦਮੀ ਨੇ ਉਸ ਬੰਦੇ ਨਾਲ ਗੁਆਂਢੀ ਹੋਣ ਦਾ ਸਬੂਤ ਦਿੱਤਾ ਜਿਸ ਉੱਤੇ ਡਾਕੂਆਂ ਨੇ ਹਮਲਾ ਕੀਤਾ ਸੀ?”
37 ਨੇਮ ਦੇ ਉਪਦੇਸ਼ਕ ਨੇ ਆਖਿਆ, “ਉਸ ਆਦਮੀ ਨੇ, ਜਿਸਨੇ ਉਸ ਉੱਪਰ ਰਹਿਮ ਦਰਸਾਇਆ।”
ਤਾਂ ਯਿਸੂ ਨੇ ਉਸ ਨੂੰ ਕਿਹਾ, “ਤਾਂ ਜਾ, ਤੂੰ ਵੀ ਜਾਕੇ ਇਵੇਂ ਹੀ ਕਰ।”
ਮਰਿਯਮ ਅਤੇ ਮਾਰਥਾ
38 ਜਦੋਂ ਯਿਸੂ ਅਤੇ ਉਸ ਦੇ ਚੇਲੇ ਸਫ਼ਰ ਤੇ ਸਨ ਤਾਂ ਉਹ ਇੱਕ ਨਗਰ ਵਿੱਚ ਪਹੁੰਚੇ। ਮਾਰਥਾ ਨਾਉਂ ਦੀ ਇੱਕ ਔਰਤ ਨੇ ਉਸ ਨੂੰ ਆਪਣੇ ਘਰ ਨਿਉਂਤਾ ਦਿੱਤਾ। 39 ਮਾਰਥਾ ਦੀ ਇੱਕ ਭੈਣ ਸੀ ਜਿਸਦਾ ਨਾਉਂ ਮਰਿਯਮ ਸੀ। ਮਰਿਯਮ ਯਿਸੂ ਦੇ ਚਰਨਾਂ ਵਿੱਚ ਬੈਠਕੇ ਉਸ ਦੇ ਬਚਨ ਸੁਣ ਰਹੀ ਸੀ। 40 ਪਰ ਮਾਰਥਾ ਨੂੰ ਸਭ ਕੁਝ ਤਿਆਰ ਕਰਨ ਲਈ ਇੰਨਾ ਕੰਮ ਸੀ। ਇਸ ਲਈ ਉਹ ਸਿੱਧੀ ਯਿਸੂ ਕੋਲ ਗਈ ਅਤੇ ਉਸ ਨੂੰ ਪੁੱਛਿਆ, “ਪ੍ਰਭੂ, ਕੀ ਤੁਹਾਨੂੰ ਚਿੰਤਾ ਨਹੀਂ ਕਿ ਮੇਰੀ ਭੈਣ ਇੰਨਾ ਸਾਰਾ ਕੰਮ ਮੇਰੇ ਇੱਕਲਿਆਂ ਕਰਨ ਲਈ ਛੱਡ ਗਈ ਹੈ। ਉਸ ਨੂੰ ਆਖੋ ਕਿ ਮੇਰੀ ਮਦਦ ਕਰੇ।”
41 ਪਰ ਪ੍ਰਭੂ ਨੇ ਆਖਿਆ, “ਮਾਰਥਾ! ਓ ਮਾਰਥਾ! ਤੂੰ ਬਹੁਤ ਸਾਰੀਆਂ ਗੱਲਾਂ ਬਾਰੇ ਚਿੰਤਿਤ ਅਤੇ ਘਬਰਾਈ ਹੋਈ ਹੈਂ। 42 ਪਰ ਸਿਰਫ਼ ਇੱਕ ਹੀ ਗੱਲ ਜਰੂਰੀ ਹੈ। ਮਰਿਯਮ ਨੇ ਆਪਣੇ ਲਈ ਇਸ ਨੇਕ ਕੰਮ ਦੀ ਚੋਣ ਕੀਤੀ ਹੈ। ਅਤੇ ਇਹ ਉਸਤੋਂ ਨਹੀਂ ਖੋਹਿਆ ਜਾਵੇਗਾ।”
2010 by World Bible Translation Center