Print Page Options
Previous Prev Day Next DayNext

Old/New Testament

Each day includes a passage from both the Old Testament and New Testament.
Duration: 365 days
Punjabi Bible: Easy-to-Read Version (ERV-PA)
Version
2 ਸਮੂਏਲ 6-8

ਯਹੋਵਾਹ ਦਾ ਪਵਿੱਤਰ ਸੰਦੂਕ ਯਰੂਸ਼ਲਮ ਵਿੱਚ ਲਿਆਂਦਾ ਗਿਆ

ਫ਼ਿਰ ਦਾਊਦ ਨੇ ਇਸਰਾਏਲ ਦੇ ਸਭ ਤੋਂ ਵੱਧੀਆ ਚੁਣੇ ਹੋਏ 30,000 ਸਿਪਾਹੀ ਇਕੱਠੇ ਕੀਤੇ। ਤਦ ਦਾਊਦ ਅਤੇ ਉਸ ਦੇ ਸਾਰੇ ਆਦਮੀ, ਯਹੂਦਾਹ ਵਿੱਚ ਬਆਲੇ ਨੂੰ ਗਏ ਅਤੇ ਉੱਥੋਂ ਪਰਮੇਸ਼ੁਰ ਦੇ ਪਵਿੱਤਰ ਸੰਦੂਕ ਨੂੰ ਯਰੂਸ਼ਲਮ ਨੂੰ ਲੈ ਗਏ। ਲੋਕ ਯਹੋਵਾਹ ਦੀ ਉਪਾਸਨਾ ਕਰਨ ਲਈ ਪਵਿੱਤਰ ਸੰਦੂਕ ਵੱਲ ਆਏ। ਉਹ ਪਵਿੱਤਰ ਸੰਦੂਕ ਯਹੋਵਾਹ ਦੇ ਸਿੰਘਾਸਣ ਦੇ ਬਰਾਬਰ ਹੈ। ਉਸੇ ਉੱਪਰ ਕਰੂਬੀ ਫ਼ਰਿਸ਼ਤਿਆਂ ਦੀਆਂ ਮੂਰਤਾਂ ਉਕਰੀਆਂ ਹੋਈਆਂ ਹਨ ਅਤੇ ਯਹੋਵਾਹ ਸਰਬ ਸ਼ਕਤੀਮਾਨ ਇਨ੍ਹਾਂ ਦੂਤਾਂ ਉੱਤੇ, ਪਾਤਸ਼ਾਹ ਬਣਕੇ ਬੈਠਾ ਹੈ। ਸੋ ਉਨ੍ਹਾਂ ਨੇ ਪਵਿੱਤਰ ਸੰਦੂਕ ਨੂੰ ਨਵੀਂ ਗੱਡੀ ਦੇ ਉੱਤੇ ਰੱਖਿਆ ਅਤੇ ਉਸ ਨੂੰ ਅਬੀਨਾਦਾਬ ਦੇ ਘਰੋ ਜੋ ਕਿ ਇੱਕ ਪਹਾੜੀ ਉੱਤੇ ਸੀ, ਲਿਜਾ ਰਹੇ ਸਨ। ਅਬੀਨਾਦਾਬ ਦੇ ਪੁੱਤਰ ਊਜਾਹ ਅਤੇ ਅਹਯੋ ਉਸ ਨਵੀਂ ਗੱਡੀ ਨੂੰ ਚੱਲਾ ਰਹੇ ਸਨ।

ਅਤੇ ਉਨ੍ਹਾਂ ਨੇ ਉਸ ਨੂੰ ਅਬੀਨਾਦਾਬ ਦੇ ਘਰ ਤੋਂ ਜੋ ਗਿਬਆਹ ਵਿੱਚ ਸੀ, ਚੁੱਕ ਲਿਆਏ ਅਤੇ ਪਰਮੇਸ਼ੁਰ ਦੇ ਪਵਿੱਤਰ ਸੰਦੂਕ ਦੇ ਨਾਲ-ਨਾਲ ਗਏ ਅਤੇ ਅਹਯੋ ਸੰਦੂਕ ਦੇ ਅੱਗੇ-ਅੱਗੇ ਤੁਰਿਆ। ਦਾਊਦ ਅਤੇ ਇਸਰਾਏਲ ਦਾ ਸਾਰਾ ਘਰਾਣਾ ਚੀਲ ਦੀ ਲੱਕੜ ਦੇ ਸਭ ਤਰ੍ਹਾਂ ਦੇ ਸਾਜ਼ ਜਿਵੇਂ ਕਿ ਬੀਨ, ਮੱਧਮ, ਖੰਜਰੀਆਂ, ਚਿਮਟਾ ਅਤੇ ਛੈਣੇ ਲੈ ਕੇ ਯਹੋਵਾਹ ਦੇ ਅੱਗੇ-ਅੱਗੇ ਵਜਾਉਂਦੇ ਹੋਏ ਤੁਰੇ। ਜਦੋਂ ਦਾਊਦ ਦੇ ਆਦਮੀ ਨਾਕੋਨ ਦੇ ਪਿੜ ਕੋਲ ਪਹੁੰਚੇ ਤਾਂ ਊਜ਼ਾਹ ਨੇ ਹੱਥ ਲੰਮਾ ਕਰਕੇ ਪਰਮੇਸ਼ੁਰ ਦੇ ਪਵਿੱਤਰ ਸੰਦੂਕ ਨੂੰ ਫ਼ੜ ਕੇ ਸੰਭਾਲਿਆ ਕਿਉਂ ਕਿ ਗਊਆਂ ਠੋਕਰ ਖਾ ਰਹੀਆਂ ਸਨ। ਪਰ ਯਹੋਵਾਹ ਊਜ਼ਾਹ ਤੇ ਕਰੋਧ ਵਿੱਚ ਆਇਆ ਅਤੇ ਉਸ ਨੂੰ ਮਾਰ ਸੁੱਟਿਆ। [a] ਊਜ਼ਾਹ ਨੇ ਜਦੋਂ ਪਵਿੱਤਰ ਸੰਦੂਕ ਨੂੰ ਛੁਹਿਆ ਤਾਂ ਯਹੋਵਾਹ ਨੂੰ ਕੋਈ ਸੰਮਾਨ ਨਾ ਦਰਸਾਇਆ ਤਾਂ ਉਹ ਯਹੋਵਾਹ ਦੇ ਪਵਿੱਤਰ ਸੰਦੂਕ ਦੇ ਕੋਲ ਹੀ ਡਿੱਗ ਪਿਆ ਅਤੇ ਮਰ ਗਿਆ। ਦਾਊਦ ਉਦਾਸ ਹੋ ਗਿਆ ਕਿਉਂ ਕਿ ਯਹੋਵਾਹ ਨੇ ਊਜ਼ਾਹ ਨੂੰ ਮਾਰ ਸੁੱਟਿਆ ਸੀ। ਉਸ ਨੇ ਉਸ ਥਾਂ ਦਾ ਨਾਂ “ਪਰਸ-ਊਜ਼ਾਹ” ਰੱਖਿਆ।

ਦਾਊਦ ਉਸ ਦਿਨ ਯਹੋਵਾਹ ਕੋਲੋਂ ਡਰਿਆ ਅਤੇ ਕਹਿਣ ਲੱਗਾ, “ਹੁਣ ਇੱਥੇ ਮੈਂ ਪਰਮੇਸ਼ੁਰ ਦਾ ਪਵਿੱਤਰ ਸੰਦੂਕ ਕਿਵੇਂ ਲਿਆ ਸੱਕਦਾ ਹਾਂ?” 10 ਸੋ ਦਾਊਦ ਯਹੋਵਾਹ ਦੇ ਪਵਿੱਤਰ ਸੰਦੂਕ ਨੂੰ ਆਪਣੇ ਸ਼ਹਿਰ ਵਿੱਚ ਲੈਜਾਕੇ ਆਪਣੇ ਕੋਲ ਨਾ ਰੱਖ ਸੱਕਿਆ ਤਾਂ ਦਾਊਦ ਪਵਿੱਤਰ ਸੰਦੂਕ ਨੂੰ ਇੱਕ ਪਾਸੇ ਓਬੇਦ-ਅਦੋਮ ਗਿੱਤੀ ਦੇ ਘਰ ਵਿੱਚ ਲੈ ਗਿਆ। 11 ਯਹੋਵਾਹ ਦਾ ਸੰਦੂਕ ਓਬੇਦ-ਅਦੋਮ ਗਿੱਤੀ ਦੇ ਘਰ ਵਿੱਚ ਤਿੰਨ ਮਹੀਨੇ ਰਿਹਾ ਅਤੇ ਯਹੋਵਾਹ ਨੇ ਓਬੇਦ-ਅਦੋਮ ਨੂੰ ਅਤੇ ਉਸ ਦੇ ਸਾਰੇ ਘਰਾਣੇ ਨੂੰ ਬਰਕਤ ਦਿੱਤੀ।

12 ਉਪਰੰਤ, ਲੋਕਾਂ ਨੇ ਦਾਊਦ ਨੂੰ ਕਿਹਾ, “ਓਬੇਦ-ਅਦੋਮ ਦੇ ਘਰ ਨੂੰ ਅਤੇ ਉਸ ਦੀਆਂ ਸਾਰੀਆਂ ਵਸਤਾਂ ਨੂੰ ਪਰਮੇਸ਼ੁਰ ਦੇ ਪਵਿੱਤਰ ਸੰਦੂਕ ਦੇ ਕਾਰਣ ਯਹੋਵਾਹ ਨੇ ਬਰਕਤ ਦਿੱਤੀ ਹੈ।” ਤਦ ਦਾਊਦ ਗਿਆ ਅਤੇ ਪਰਮੇਸ਼ੁਰ ਦੇ ਪਵਿੱਤਰ ਸੰਦੂਕ ਨੂੰ ਓਬੇਦ-ਅਦੋਮ ਦੇ ਘਰੋ ਦਾਊਦ ਦੇ ਸ਼ਹਿਰ ਵਿੱਚ ਨਿਹਾਲ ਹੋਕੇ ਚੜ੍ਹਾ ਲਿਆਇਆ। 13 ਜਦੋਂ ਯਹੋਵਾਹ ਦੇ ਪਵਿੱਤਰ ਸੰਦੂਕ ਨੂੰ ਚੁੱਕਣ ਵਾਲੇ ਛੇ ਕਦਮ ਹੀ ਤੁਰੇ ਤਾਂ ਉਸ ਨੇ ਬਲਦ ਅਤੇ ਇੱਕ ਮੋਟੇ ਵੱਛੇ ਦੀ ਬਲੀ ਦਿੱਤੀ। 14 ਯਹੋਵਾਹ ਦੇ ਅੱਗੇ ਫ਼ਿਰ ਦਾਊਦ ਆਪਣੇ ਸਾਰੇ ਜ਼ੋਰ ਨਾਲ ਨੱਚ ਰਿਹਾ ਸੀ ਅਤੇ ਦਾਊਦ ਨੇ ਲਿਨਨ ਦਾ ਏਫ਼ੋਦ ਪਾਇਆ ਹੋਇਆ ਸੀ।

15 ਦਾਊਦ ਅਤੇ ਇਸਰਾਏਲ ਦਾ ਸਾਰਾ ਘਰਾਣਾ ਯਹੋਵਾਹ ਦੇ ਪਵਿੱਤਰ ਸੰਦੂਕ ਨੂੰ ਜ਼ੈਕਾਰਾ ਬੁਲਾਉਂਦੇ ਅਤੇ ਤੂਰੀਆਂ ਵਜਾਉਂਦੇ ਚੁੱਕ ਕੇ ਲੈ ਆਏ। ਜਦੋਂ ਉਹ ਯਹੋਵਾਹ ਦੇ ਪਵਿੱਤਰ ਸੰਦੂਕ ਨੂੰ ਸ਼ਹਿਰ ਵਿੱਚ ਲੈ ਆਏ। 16 ਉਸ ਵਕਤ ਸ਼ਾਊਲ ਦੀ ਧੀ ਮੀਕਲ ਬਾਰੀ ਵਿੱਚੋਂ ਇਹ ਸਭ ਵੇਖ ਰਹੀ ਸੀ, ਜਦ ਉਸ ਨੇ ਵੇਖਿਆ ਕਿ ਦਾਊਦ ਪਾਤਸ਼ਾਹ ਯਹੋਵਾਹ ਦੇ ਅੱਗੇ ਨੱਚਦਾ-ਟੱਪਦਾ ਆ ਰਿਹਾ ਹੈ ਤਾਂ ਉਹ ਦਾਊਦ ਦੀ ਅਜਿਹੀ ਹਰਕਤ ਤੇ ਬੜੀ ਦੁੱਖੀ ਹੋਈ ਉਸ ਨੂੰ ਜਾਪਿਆ ਕਿ ਉਹ ਆਪਣਾ ਮਜ਼ਾਕ ਆਪ ਬਣਾ ਰਿਹਾ ਹੈ।

17 ਦਾਊਦ ਨੇ ਪਵਿੱਤਰ ਸੰਦੂਕ ਲਈ ਤੰਬੂ ਲਾਇਆ ਅਤੇ ਇਸਰਾਏਲੀਆਂ ਨੇ ਯਹੋਵਾਹ ਦੇ ਪਵਿੱਤਰ ਸੰਦੂਕ ਨੂੰ ਉਸ ਤੰਬੂ ਦੇ ਹੇਠਾਂ ਜਾ ਟਿਕਾਇਆ। ਉਪਰੰਤ ਦਾਊਦ ਨੇ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਯਹੋਵਾਹ ਦੇ ਅੱਗੇ ਚੜ੍ਹਾਈਆਂ।

18 ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਯਹੋਵਾਹ ਦੇ ਅੱਗੇ ਚੜ੍ਹਾਉਣ ਤੋਂ ਬਾਅਦ ਦਾਊਦ ਨੇ ਸਰਬ ਸ਼ਕਤੀਮਾਨ ਯਹੋਵਾਹ ਦੇ ਨਾਉਂ ਤੇ ਲੋਕਾਂ ਨੂੰ ਅਸੀਸ ਦਿੱਤੀ। 19 ਦਾਊਦ ਨੇ ਲੋਕਾਂ ਨੂੰ ਪ੍ਰਸਾਦ ਵਜੋਂ ਭਾਵੇਂ ਉਹ ਮਰਦ ਸਨ ਭਾਵੇਂ ਔਰਤਾਂ ਸਭਨਾਂ ਨੂੰ ਰੋਟੀ, ਸੌਗੀ ਵਾਲਾ ਕੇਕ ਅਤੇ ਖਜੂਰੀ ਰੋਟੀ ਦਿੱਤੀ। ਉਪਰੰਤ ਸਭ ਇਸਰਾਏਲੀ ਘਰਾਂ ਨੂੰ ਪਰਤ ਗਏ।

ਮੀਕਲ ਨੇ ਦਾਊਦ ਨੂੰ ਫ਼ਟਕਾਰਿਆ

20 ਤਦ ਦਾਊਦ ਆਪਣੇ ਘਰਾਣੇ ਨੂੰ ਅਸੀਸ ਦੇਣ ਲਈ ਮੁੜਿਆ ਤਾਂ ਪਰ ਸ਼ਾਊਲ ਦੀ ਧੀ ਮੀਕਲ ਦਾਊਦ ਨੂੰ ਮਿਲਣ ਲਈ ਨਿਕਲੀ ਅਤੇ ਬੋਲੀ, “ਇਸਰਾਏਲ ਦੇ ਪਾਤਸ਼ਾਹ ਨੇ ਅੱਜ ਆਪਣਾ ਸਨਮਾਨ ਗਵਾ ਲਿਆ ਕਿਉਂ ਕਿ ਉਸ ਨੇ ਅੱਜ ਆਪਣੇ ਨੌਕਰਾਂ ਦੀਆਂ ਕੁੜੀਆਂ ਦੀਆਂ ਅੱਖਾਂ ਦੇ ਸਾਹਮਣੇ ਆਪਣੇ-ਆਪ ਨੂੰ ਨੰਗਾ ਕੀਤਾ ਜਿਵੇਂ ਕੋਈ ਬੇਸ਼ਰਮ ਆਪਣੇ-ਆਪ ਨੂੰ ਲੋਕਾਂ ਸਾਹਮਣੇ ਨੰਗਾ ਕਰਦਾ ਹੈ।”

21 ਤਦ ਦਾਊਦ ਨੇ ਮੀਕਲ ਨੂੰ ਕਿਹਾ, “ਯਹੋਵਾਹ ਨੇ ਮੈਨੂੰ ਤੇਰੇ ਪਿਉ ਅਤੇ ਉਸ ਦੇ ਸਾਰੇ ਘਰਾਣੇ ਦੇ ਅੱਗੇ ਚੁਣਿਆ ਹੈ। ਯਹੋਵਾਹ ਨੇ ਮੈਨੂੰ ਆਪਣੇ ਲੋਕਾਂ, ਇਸਰਾਏਲੀਆਂ ਦਾ ਆਗੂ ਬਣਾਇਆ ਹੈ ਸੋ ਮੈਂ ਤਾਂ ਯਹੋਵਾਹ ਦੇ ਅੱਗੇ ਇੰਝ ਹੀ ਨੱਚਾਂਗਾ ਅਤੇ ਜਸ਼ਨ ਮਨਾਵਾਂਗਾ। 22 ਸਗੋਁ ਮੈਂ ਤਾਂ ਇਸ ਨਾਲੋਂ ਵੀ ਵੱਧੇਰੇ ਸ਼ਰਮਨਾਕ ਹਰਕਤਾਂ ਕਰਾਂਗਾ। ਤੂੰ ਭਾਵੇਂ ਮੇਰੀ ਇੱਜ਼ਤ ਨਾ ਕਰ ਪਰ ਜਿਨ੍ਹਾਂ ਕੁੜੀਆਂ ਬਾਰੇ ਤੂੰ ਗੱਲ ਕਰ ਰਹੀ ਹੈ ਉਨ੍ਹਾਂ ਨੂੰ ਮੇਰੇ ਉੱਪਰ ਮਾਨ ਹੈ।”

23 ਸ਼ਾਊਲ ਦੀ ਧੀ ਮੀਕਲ ਨੂੰ ਕਦੇ ਵੀ ਕੋਈ ਬੱਚਾ ਨਾ ਹੋਇਆ, ਉਹ ਬੇਔਲਾਦ ਹੀ ਮਰ ਗਈ।

ਦਾਊਦ ਨੇ ਮੰਦਰ ਉਸਾਰਣਾ ਚਾਹਿਆ

ਜਦੋਂ ਦਾਊਦ ਪਾਤਸ਼ਾਹ ਆਪਣੇ ਨਵੇਂ ਘਰ ਵਿੱਚ ਬਿਰਾਜਮਾਨ ਹੋਇਆ ਤਾਂ ਯਹੋਵਾਹ ਨੇ ਉਸ ਦੇ ਦੁਸ਼ਮਣਾਂ ਵੱਲੋਂ ਹਰ ਪਾਸਿਓ ਅਮਨ-ਸ਼ਾਂਤੀ ਨੂੰ ਬਹਾਲ ਕੀਤਾ। ਪਾਤਸ਼ਾਹ ਦਾਊਦ ਨੇ ਨਾਥਾਨ ਨਬੀ ਨੂੰ ਆਖਿਆ, “ਵੇਖ, ਮੈਂ ਜੋ ਦਿਆਰ ਦੀ ਲੱਕੜ ਤੋਂ ਤਿਆਰ ਹੋਏ ਵੱਧੀਆ ਮਹਿਲ ਵਿੱਚ ਰਹਿੰਦਾ ਹਾਂ ਪਰ ਪਰਮੇਸ਼ੁਰ ਦਾ ਪਵਿੱਤਰ ਸੰਦੂਕ ਤੰਬੂ ਵਿੱਚ ਹੀ ਅਜੇ ਪਿਆ ਹੈ। ਸਾਨੂੰ ਉਸ ਪਵਿੱਤਰ ਸੰਦੂਕ ਲਈ ਵੱਧੀਆ ਇਮਾਰਤ ਤਿਆਰ ਕਰਵਾਉਣੀ ਚਾਹੀਦੀ ਹੈ।”

ਨਾਥਾਨ ਨੇ ਦਾਊਦ ਪਾਤਸ਼ਾਹ ਨੂੰ ਕਿਹਾ, “ਜੋ ਕੁਝ ਤੇਰੇ ਮਨ ਵਿੱਚ ਹੈ ਤੂੰ ਕਰ ਸੱਕਦਾ ਹੈ ਕਿਉਂ ਕਿ ਯਹੋਵਾਹ ਤੇਰੇ ਨਾਲ ਹੈ।”

ਪਰ ਉਸੇ ਰਾਤ ਯਹੋਵਾਹ ਦੇ ਬਚਨ ਨਾਥਾਨ ਨੂੰ ਹੋਏ ਅਤੇ ਯਹੋਵਾਹ ਨੇ ਆਖਿਆ,

“ਜਾ, ਅਤੇ ਜਾਕੇ ਮੇਰੇ ਦਾਸ ਦਾਊਦ ਨੂੰ ਆਖ, ‘ਯਹੋਵਾਹ ਇੰਝ ਆਖਦਾ ਹੈ, ਕੀ ਭਲਾ ਤੂੰ ਮੇਰੇ ਰਹਿਣ ਲਈ ਇੱਕ ਭਵਨ ਬਣਾਵੇਂਗਾ? ਜਦੋਂ ਦਾ ਮੈਂ ਇਸਰਾਏਲ ਨੂੰ ਮਿਸਰ ਵਿੱਚੋਂ ਕੱਢ ਲਿਆਇਆ ਹਾਂ ਤਦ ਦਾ ਮੈਂ ਕਿਸੇ ਭਵਨ ਵਿੱਚ ਨਹੀਂ ਰਿਹਾ ਸਗੋਂ ਤੰਬੂ ਵਿੱਚ ਰਿਹਾ ਹਾਂ ਜਾਂ ਸਫ਼ਰ ਕਰਦਾ ਰਿਹਾ ਹਾਂ। ਮੈਂ ਤੰਬੂ ਨੂੰ ਹੀ ਆਪਣਾ ਡੇਰਾ ਅਤੇ ਘਰ ਠਹਿਰਾਈਆ ਹੈ। ਮੈਂ ਇਸਰਾਏਲ ਦੇ ਕਿਸੇ ਵੀ ਪਰਿਵਾਰ-ਸਮੂਹ ਦੇ ਮਨੁੱਖ ਨੂੰ ਦਿਆਰ ਦੀ ਲੱਕੜ ਦਾ ਵੱਧੀਆ ਮਹਿਲ ਆਪਣੇ ਲਈ ਬਨਾਉਣ ਨੂੰ ਨਹੀਂ ਆਖਿਆ।’

“ਤੂੰ ਇਹ ਮੇਰੇ ਦਾਸ ਦਾਊਦ ਨੂੰ ਜਾਕੇ ਆਖ ਦੇਵੀਂ ਕਿ ‘ਸਰਬਸ਼ਕਤੀਮਾਨ ਯਹੋਵਾਹ ਇੰਝ ਆਖਦਾ ਹੈ ਕਿ ਮੈਂ ਤੈਨੂੰ ਚਰਾਦਾਂ ਵਿੱਚੋਂ, ਜਿੱਥੇ ਤੂੰ ਭੇਡਾਂ ਚਰਾਉਂਦਾ ਹੁੰਦਾ ਸੀ ਕੱਢ ਕੇ ਆਪਣੇ ਲੋਕਾਂ, ਇਸਰਾਏਲੀਆਂ ਦਾ ਪਰਧਾਨ ਬਣਾ ਦਿੱਤਾ। ਅਤੇ ਜਿੱਥੇ ਕਿਤੇ ਨੂੰ ਗਿਆ, ਮੈਂ ਤੇਰੇ ਨਾਲ ਰਿਹਾ, ਅਤੇ ਤੇਰੇ ਸਾਰੇ ਵੈਰੀਆਂ ਨੂੰ ਤੇਰੇ ਅੱਗੇ ਹਾਰ ਦਿੱਤੀ, ਮੈਂ ਤੈਨੂੰ ਇਸ ਜਗਤ ਦਾ ਸਭ ਤੋਂ ਪ੍ਰਸਿੱਧ ਮਨੁੱਖ ਬਣਾਇਆ ਅਤੇ ਧਰਤੀ ਦਾ ਸਭ ਤੋਂ ਨਾਮਵਰ ਮਨੁੱਖ ਤੈਨੂੰ ਬਣਾਵਾਂਗਾ। 10-11 ਅਤੇ ਮੈਂ ਆਪਣੇ ਲੋਕਾਂ, ਇਸਰਾਏਲੀਆਂ ਵਾਸਤੇ ਇੱਕ ਥਾਂ ਠਹਿਰਾ ਦੇਵਾਂਗਾ ਅਤੇ ਉੱਥੇ ਉਨ੍ਹਾਂ ਨੂੰ ਲਗਾਵਾਂਗਾ ਜਿੱਥੇ ਉਹ ਆਪਣੇ ਠੀਕ ਥਾਂ ਉੱਤੇ ਵਸਣ। ਪਹਿਲਾਂ ਮੈਂ ਆਪਣੇ ਲੋਕਾਂ ਇਸਰਾਏਲੀਆਂ ਨੂੰ ਚਲਾਉਣ ਲਈ ਨਿਆਂਕਾਰ ਭੇਜੇ ਪਰ ਦੁਸ਼ਟ ਲੋਕਾਂ ਨੇ ਉਨ੍ਹਾਂ ਨੂੰ ਬੜੇ ਦੁੱਖ ਦਿੱਤੇ। ਹੁਣ ਮੈਂ ਫ਼ਿਰ ਤੋਂ ਇੰਝ ਨਾ ਹੋਣ ਦੇਵਾਂਗਾ। ਹੁਣ ਮੈਂ ਤੈਨੂੰ ਤੇਰੇ ਸਾਰੇ ਦੁਸ਼ਮਣਾਂ ਵੱਲੋਂ ਸੁੱਖ-ਸ਼ਾਂਤੀ ਦਿੱਤੀ ਹੈ। ਮੈਂ ਬਚਨ ਦਿੰਦਾ ਹਾਂ ਕਿ ਮੈਂ ਤੇਰੇ ਘਰਾਣੇ ਨੂੰ ਪਾਤਸ਼ਾਹੀ ਘਰਾਣਾ ਤੇਰੇ ਲਈ ਘਰ ਬਣਾਵਾਂਗਾ।

12 “‘ਜਦੋਂ ਤੂੰ ਮਰੇਂਗਾ ਅਤੇ ਆਪਣੇ ਪੁਰਖਿਆਂ ਦੇ ਨਾਲ ਦਫ਼ਨਾਇਆ ਜਾਵੇਂਗਾ ਤਦ ਮੈਂ ਤੇਰੇ ਪੁੱਤਰਾਂ ਵਿੱਚੋਂ ਕਿਸੇ ਇੱਕ ਨੂੰ ਰਾਜਾ ਬਣਾਵਾਂਗਾ ਅਤੇ ਮੈਂ ਉਸਦਾ ਰਾਜ ਸਥਾਪਿਤ ਕਰਾਂਗਾ। 13 ਉਹ ਮੇਰੇ ਨਾਂ ਦਾ ਇੱਕ ਘਰ (ਮੰਦਰ) ਬਣਾਵੇਗਾ ਅਤੇ ਮੈਂ ਉਸ ਦੇ ਰਾਜ ਨੂੰ ਪੱਕਾ ਕਰਾਂਗਾ। 14 ਮੈਂ ਉਸਦਾ ਪਿਤਾ ਹੋਵਾਂਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ। ਸੋ ਜੇ ਕਦੇ ਉਹ ਪਾਪ ਕਰੇਗਾ ਤਾਂ ਮੈਂ ਦੂਜੇ ਲੋਕਾਂ ਕੋਲੋਂ ਉਸ ਨੂੰ ਸਜ਼ਾ ਦਵਾਵਾਂਗਾ। ਉਹ ਮੇਰੇ ਬੈਂਤ ਹੋਣਗੇ। 15 ਪਰ ਮੈਂ ਉਸ ਨੂੰ ਕਦੇ ਵੀ ਪਿਆਰ ਕਰਨੋ ਨਹੀਂ ਹਟਾਂਗਾ। ਮੈਂ ਹਮੇਸ਼ਾ ਉਸ ਉੱਪਰ ਦਯਾਲੂ ਅਤੇ ਵਫ਼ਾਦਾਰ ਰਹਾਂਗਾ। ਮੈਂ ਉਸ ਵੱਲੋਂ ਆਪਣਾ ਪਿਆਰ ਨਹੀਂ ਲਵਾਂਗਾ ਜਿਵੇਂ ਕਿ ਮੈਂ ਸ਼ਾਊਲ ਤੋਂ ਕੀਤਾ। ਮੈਂ ਸ਼ਾਊਲ ਨੂੰ (ਤਖਤ ਤੋਂ) ਹਟਾ ਦਿੱਤਾ ਜਦੋਂ ਮੈਂ ਤੈਨੂੰ ਚੁਣਿਆ ਸੀ। ਪਰ ਇੰਝ ਮੈਂ ਤੇਰੇ ਪੁੱਤਰ ਨਾਲ ਨਹੀਂ ਕਰਾਂਗਾ। 16 ਤੇਰਾ ਪਰਿਵਾਰ ਹਮੇਸ਼ਾ ਸ਼ਾਹੀ ਖਾਨਦਾਨ ਵਾਂਗ ਸਥਾਪਿਤ ਰਹੇਗਾ। ਤੇਰੇ ਪਰਿਵਾਰ ਦਾ ਰਾਜ ਕਦੇ ਵੀ ਖਤਮ ਹੋਣ ਤੇ ਨਹੀਂ ਆਵੇਗਾ। ਤੇਰਾ ਸਿੰਘਾਸਣ ਸਦੀਵ ਉੱਥੇ ਹੀ ਰਹੇਗਾ।’”

17 ਸੋ ਨਾਥਾਨ ਨੇ ਇਹ ਸਾਰੀਆਂ ਗੱਲਾਂ ਅਤੇ ਇੱਕ ਦਰਸ਼ਨ ਬਾਰੇ, ਜੋ ਉਸ ਨੂੰ ਪਰਮੇਸ਼ੁਰ ਵੱਲੋਂ ਫ਼ਰਮਾਨ ਹੋਇਆ ਸੀ, ਸਭ ਦਾਊਦ ਨੂੰ ਜਾ ਆਖਿਆ।

ਦਾਊਦ ਦਾ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਨਾ

18 ਤਦ ਦਾਊਦ ਪਾਤਸ਼ਾਹ ਅੰਦਰ ਗਿਆ ਅਤੇ ਯਹੋਵਾਹ ਦੇ ਸਾਹਮਣੇ ਜਾਕੇ ਬੈਠ ਗਿਆ। ਦਾਊਦ ਨੇ ਕਿਹਾ,

“ਹੇ ਯਹੋਵਾਹ ਮੇਰੇ ਪ੍ਰਭੂ, ਤੂੰ ਮੇਰੇ ਤੇ ਇੰਨਾ ਮਿਹਰਬਾਨ ਕਿਉਂ ਹੈਂ? ਅਤੇ ਮੇਰਾ ਪਰਿਵਾਰ ਤੇਰੇ ਲਈ ਇੰਨਾ ਅਹਮ ਕਿਉਂ ਹੈ? ਤੂੰ ਮੇਰੇ ਤੇ ਇੰਨੀ ਕਿਰਪਾ ਕਿਉਂ ਕਰਦਾ ਹੈਂ? 19 ਮੈਂ ਤਾਂ ਕੁਝ ਵੀ ਨਹੀਂ ਹਾਂ ਸਿਵਾਏ ਤੇਰੇ ਇੱਕ ਦਾਸ ਤੋਂ। ਪਰ ਤੂੰ ਮੇਰੇ ਤੇ ਇੰਨਾ ਦਯਾਲੂ ਹੈਂ। ਪਰ ਤੂੰ ਤਾਂ ਆਪਣੇ ਦਾਸ ਦੇ ਘਰ ਦੇ ਲਈ ਬਹੁਤ ਦੂਰ ਦੀ ਖਬਰ ਅਗੇਤਰੀ ਹੀ ਦੱਸ ਦਿੱਤੀ ਹੈ। ਯਹੋਵਾਹ ਮੇਰੇ ਪ੍ਰਭੂ, ਕੀ ਇਹ ਮਨੁੱਖ ਦਾ ਅਧਿਕਾਰ ਹੈ! ਤੂੰ ਮਨੁੱਖਾਂ ਨਾਲ ਇਵੇਂ ਤਾਂ ਗੱਲਾਂ ਨਹੀਂ ਕਰਦਾ ਜਿਵੇਂ ਤੂੰ ਮੇਰੇ ਨਾਲ ਕੀਤੀਆਂ ਹਨ। 20 ਅਤੇ ਮੇਰੀ ਕੀ ਮਜਾਲ ਹੈ ਜੋ ਤੈਨੂੰ ਕੁਝ ਆਖਾਂ? ਹੇ ਯਹੋਵਾਹ ਮੇਰੇ ਪ੍ਰਭੂ ਤੂੰ ਤਾਂ ਆਪਣੇ ਸੇਵਕ ਨੂੰ ਜਾਣਦਾ ਹੈਂ ਕਿ ਮੈਂ ਤਾਂ ਖਾਲੀ ਤੇਰਾ ਸੇਵਕ ਹੀ ਹਾਂ। 21 ਆਪਣੇ ਬਚਨ ਦੇ ਲਈ ਅਤੇ ਆਪਣੇ ਮਨ ਮੁਤਾਬਕ ਇਹ ਸਾਰੇ ਵੱਡੇ ਕੰਮ ਆਪਣੇ ਸੇਵਕ ਨੂੰ ਜਤਾਉਣ ਲਈ ਤੁਸੀਂ ਕੀਤੇ। 22 ਹੇ ਯਹੋਵਾਹ, ਮੇਰੇ ਪ੍ਰਭੂ, ਇਸੇ ਕਾਰਣ ਤੂੰ ਇੰਨਾ ਮਹਾਨ ਹੈਂ। ਤੇਰੇ ਜਿਹਾ ਹੋਰ ਕੋਈ ਨਹੀਂ ਅਤੇ ਤੇਰੇ ਤੋਂ ਸਿਵਾ ਹੋਰ ਕੋਈ ਦੇਵਤੇ ਨਹੀਂ। ਅਸੀਂ ਇਹ ਜਾਣਦੇ ਹਾਂ ਕਿਉਂ ਕਿ ਅਸੀਂ ਸਭ ਕੁਝ ਕੰਨੀ ਸੁਣਿਆਂ, ਜੋ ਤੂੰ ਕੀਤਾ ਹੈ।

23 “ਇਸਰਾਏਲ ਵਰਗੇ ਲੋਕੀਂ ਸਾਰੀ ਕਾਇਨਾਤ ਵਿੱਚ ਨਹੀਂ ਹਨ। ਇਹ ਉਹ ਖਾਸ ਲੋਕ ਹਨ ਜਿਨ੍ਹਾਂ ਨੂੰ ਪਰਮੇਸ਼ੁਰ ਖੁਦ ਮਿਸਰ ਤੋਂ ਆਜ਼ਾਦ ਕਰਾਉਣ ਲਈ ਗਿਆ ਸੀ ਇਸਰਾਏਲ ਨੂੰ ਬਚਾਉਣ ਵਿੱਚ, ਯਹੋਵਾਹ ਨੇ ਮਹਾਨ ਅਤੇ ਭਿਆਨਕ ਗੱਲਾਂ ਕਰਕੇ ਆਪਣੇ ਆਪ ਨੂੰ ਇੱਕ ਨਾਂ ਦਿੱਤਾ। ਹੇ ਯਹੋਵਾਹ, ਤੂੰ ਆਪਣੀ ਧਰਤੀ ਅਤੇ ਆਪਣੇ ਲੋਕਾਂ ਖਾਤਰ ਜਿਨ੍ਹਾਂ ਨੂੰ ਤੂੰ ਮਿਸਰ ਤੋਂ ਆਜ਼ਾਦ ਕਰਵਾਇਆ ਸੀ ਅਤੇ ਉਨ੍ਹਾਂ ਦੇ ਦੇਵਤਿਆਂ ਸਾਹਮਣੇ ਭੈ-ਦਾਇੱਕ ਗੱਲਾਂ ਕੀਤੀਆਂ। 24 ਤੂੰ ਇਸਰਾਏਲ ਦੇ ਲੋਕਾਂ ਨੂੰ ਹਮੇਸ਼ਾ ਵਾਸਤੇ ਆਪਣਾ ਬਣਾ ਲਿਆ ਅਤੇ ਤੂੰ ਉਨ੍ਹਾਂ ਦਾ ਪਰਮੇਸ਼ੁਰ ਬਣ ਗਿਆ।

25 “ਹੁਣ, ਹੇ ਯਹੋਵਾਹ ਪਰਮੇਸ਼ੁਰ, ਉਸ ਗੱਲ ਨੂੰ ਜੋ ਤੂੰ ਆਪਣੇ ਦਾਸ ਲਈ ਅਤੇ ਉਸ ਦੇ ਪਰਿਵਾਰ ਲਈ ਬੋਲਿਆ ਹੈ ਸਦੈਵ ਲਈ ਅਟੱਲ ਕਰ ਅਤੇ ਜਿਵੇਂ ਤੂੰ ਬੋਲਿਆ ਹੈ ਤਿਵੇਂ ਹੀ ਕਰ। 26 ਅਤੇ ਇਹ ਆਖ ਕਿ ਤੇਰੇ ਨਾਮ ਦੀ ਹਮੇਸ਼ਾ ਵਡਿਆਈ ਹੋਵੇ ਕਿ ਸਰਬ ਸ਼ਕਤੀਮਾਨ ਯਹੋਵਾਹ ਪਰਮੇਸ਼ੁਰ ਇਸਰਾਏਲ ਉੱਪਰ ਹਕੂਮਤ ਕਰਦਾ ਹੈ ਅਤੇ ਤੇਰੇ ਦਾਸ ਦਾਊਦ ਦਾ ਘਰਾਣਾ ਤੇਰੇ ਸਾਹਮਣੇ ਅਟੱਲ ਰਹੇ।

27 “ਯਹੋਵਾਹ ਸਰਬਸ਼ਕਤੀਮਾਨ, ਇਸਰਾਏਲ ਦੇ ਪਰਮੇਸ਼ੁਰ, ਤੂੰ ਮੈਨੂੰ ਅਨੇਕਾਂ ਗੱਲਾਂ ਪ੍ਰਗਟ ਕੀਤੀਆਂ ਅਤੇ ਆਖਿਆ, ‘ਮੈਂ ਤੇਰੇ ਪਰਿਵਾਰ ਨੂੰ ਮਹਾਨ ਬਣਾਵਾਂਗਾ।’ ਇਸੇ ਕਾਰਣ, ਤੇਰੇ ਸੇਵਕ ਵਿੱਚ ਤੇਰੇ ਅੱਗੇ ਇਹ ਪ੍ਰਾਰਥਨਾ ਕਰਨ ਦਾ ਹੌਂਸਲਾ ਹੋਇਆ। 28 ਹੇ ਯਹੋਵਾਹ ਮੇਰੇ ਪ੍ਰਭੂ, ਤੂੰ ਹੀ ਪਰਮੇਸ਼ੁਰ ਹੈ! ਅਤੇ ਜੋ ਤੂੰ ਆਖੇ ਮੈਂ ਉਸ ਤੇ ਭਰੋਸਾ ਰੱਖਦਾ ਹਾਂ ਅਤੇ ਤੂੰ ਆਖਿਆ ਕਿ ਇਹ ਬਰਕਤ ਤੇਰੇ ਦਾਸ ਤੇ ਹੋਵੇਗੀ। 29 ਹੁਣ, ਕਿਰਪਾ ਕਰਕੇ, ਮੇਰੇ ਪਰਿਵਾਰ ਨੂੰ ਵਰਦਾਨ ਦੇ। ਹੁਣ ਤੂੰ ਆਪਣੇ ਦਾਸ ਦੇ ਘਰ ਨੂੰ ਬਰਕਤ ਦੇਣੀ ਮੰਨ ਲੈ ਤਾਂ ਜੋ ਉਹ ਹਮੇਸ਼ਾ ਤੇਰੇ ਅੱਗੇ ਸਦੀਵ ਅਟੱਲ ਰਹੇ, ਕਿਉਂ ਕਿ ਤੂੰ ਹੀ ਹੇ, ਯਹੋਵਾਹ ਮੇਰੇ ਪ੍ਰਭੂ ਇਹ ਆਖਿਆ ਹੈ। ਅਤੇ ਤੇਰੀ ਹੀ ਕਿਰਪਾ ਅਸੀਸ ਨਾਲ ਤੇਰੇ ਸੇਵਕ ਦਾ ਘਰਾਣਾ ਹਮੇਸ਼ਾ ਲਈ ਮੁਬਾਰਕ ਹੋਵੇ।”

ਦਾਊਦ ਦਾ ਬਹੁਤ ਸਾਰੀਆਂ ਲੜਾਈਆਂ ਜਿੱਤਣਾ

ਬਾਅਦ ਵਿੱਚ, ਪਿੱਛੋਂ ਦਾਊਦ ਨੇ ਫ਼ਲਿਸਤੀਆਂ ਨੂੰ ਹਰਾਇਆ ਉਸ ਨੇ ਮੇਥੇਗ-ਹਾ ਅੱਮਾਹ ਤੇ ਕਬਜ਼ਾ ਕਰ ਲਿਆ। ਦਾਊਦ ਨੇ ਮੋਆਬ ਦੇ ਲੋਕਾਂ ਨੂੰ ਵੀ ਹਰਾਇਆ। ਉਸ ਨੇ ਉਨ੍ਹਾਂ ਨੂੰ ਧਰਤੀ ਉੱਤੇ ਜਬਰਦਸਤੀ ਲੰਮੇ ਪਾ ਦਿੱਤਾ ਅਤੇ, ਫ਼ਿਰ ਉਨ੍ਹਾਂ ਨੂੰ ਅਲੱਗ ਅਲੱਗ ਪੰਗਤਾਂ ਵਿੱਚ ਵੱਖਰੇ ਕਰਨ ਲਈ ਰੱਸੇ ਦੀ ਵਰਤੋਂ ਕੀਤੀ। ਲੋਕਾਂ ਦੀਆਂ ਦੋ ਪੰਗਤਾਂ ਮਾਰੀਆਂ ਗਈਆਂ ਸਨ ਪਰ ਉਸ ਨੇ ਲੋਕਾਂ ਦੀ ਤੀਜੀ ਪੰਗਤ ਨੂੰ ਜਿਉਂਦਿਆਂ ਰਹਿਣ ਦਿੱਤਾ। ਇੰਝ ਮੋਆਬ ਦੇ ਲੋਕ ਦਾਊਦ ਦੇ ਦਾਸ ਬਣ ਗਏ ਅਤੇ ਉਸ ਲਈ ਨਜ਼ਰਾਨਾ ਲਿਆਏ।

ਹਦਦਅਜ਼ਰ ਜੋ ਕਿ ਸੋਬਾਹ ਦੇ ਰਾਜਾ ਰਹੋਬ ਦਾ ਪੁੱਤਰ ਸੀ। ਜਦੋਂ ਹਦਦਅਜ਼ਰ ਉਹ ਦਰਿਆ ਫ਼ਰਾਤ ਦੇ ਪਾਸੇ ਦੇ ਖੇਤਰ ਤੇ ਕਬਜ਼ਾ ਕਰਕੇ ਆਪਣੇ ਦੇਸ਼ ਨੂੰ ਛੁਡਾਉਣ ਨਿਕਲਿਆ ਤਾਂ ਉਸ ਨੇ ਹਦਦਅਜ਼ਰ ਨੂੰ ਵੀ ਹਰਾਇਆ। ਅਤੇ ਦਾਊਦ ਨੇ ਉਸ ਦੇ 1,700 ਘੁੜ ਸਵਾਰ ਸਿਪਾਹੀ ਅਤੇ 20,000 ਪੈਦਲ ਸਿਪਾਹੀਆਂ ਨੂੰ ਵੀ ਆਪਣੇ ਕਬਜ਼ੇ ’ਚ ਕਰ ਲਇਆਂ। ਦਾਊਦ ਨੇ ਰੱਥਾਂ ਦੇ ਸਭਨਾਂ ਘੋੜਿਆਂ ਦੀਆਂ ਸੜ੍ਹਾਂ ਵੱਢ ਸੁੱਟੀਆਂ ਪਰ ਉਨ੍ਹਾਂ ਵਿੱਚੋਂ 100 ਰੱਥਾਂ ਲਈ ਘੋੜੇ ਰੱਖ ਲਏ।

ਅਰਾਮੀ ਲੋਕ ਦੰਮਿਸਕ ਤੋਂ ਸੋਬਾਹ ਦੇ ਰਾਜਾ ਹਦਦਅਜ਼ਰ ਦੀ ਮਦਦ ਕਰਨ ਲਈ ਆਏ ਪਰ ਦਾਊਦ ਨੇ 22,000 ਆਦਮੀਆਂ ਦੀ ਇਸ ਸੈਨਾ ਨੂੰ ਹਰਾ ਦਿੱਤਾ। ਤਾਂ ਦਾਊਦ ਨੇ ਅਰਾਮ ਦੇ ਦੰਮਿਸਕ ਵਿੱਚਕਾਰ ਚੌਕੀਆਂ ਬਿਠਾ ਦਿੱਤੀਆਂ ਅਰਾਮੀ ਦਾਊਦ ਦੇ ਦਾਸ ਬਣ ਗਏ ਅਤੇ ਉਸ ਲਈ ਨਜ਼ਰਾਨਾ ਲਿਆਏ। ਜਿੱਥੇ ਕਿਤੇ ਵੀ ਦਾਊਦ ਜਾਂਦਾ ਸੀ ਯਹੋਵਾਹ ਉਸ ਨੂੰ ਫ਼ਤਹਿ ਬਖਸ਼ਦਾ ਸੀ।

ਦਾਊਦ ਨੇ ਹਦਦਅਜ਼ਰ ਦੇ ਸਿਪਾਹੀਆਂ ਦੀਆਂ ਸੋਨੇ ਦੀਆਂ ਢਾਲਾਂ ਵੀ ਖੋਹ ਲਈਆਂ ਅਤੇ ਉਨ੍ਹਾਂ ਢਾਲਾਂ ਨੂੰ ਯਰੂਸ਼ਲਮ ਵਿੱਚ ਲੈ ਆਇਆ। ਦਾਊਦ ਨੇ ਹੋਰ ਵੀ ਬਹੁਤ ਸਾਰੀਆਂ ਵਸਤਾਂ ਬਟਹ ਅਤੇ ਬੇਰੋਤਈ ਸ਼ਹਿਰਾਂ ਵਿੱਚੋਂ ਲੈ ਆਇਆ ਜੋ ਕਿ ਪਿੱਤਲ ਦੀਆਂ ਬਣੀਆਂ ਹੋਈਆਂ ਸਨ।

ਜਦੋਂ ਹਮਾਥ ਦੇ ਰਾਜਾ ਤੋਂਈ ਨੇ ਸੁਣਿਆ ਕਿ ਦਾਊਦ ਨੇ ਹਦਦਅਜ਼ਰ ਦੀ ਸਾਰੀ ਫ਼ੌਜ ਨੂੰ ਹਰਾ ਦਿੱਤਾ ਹੈ। 10 ਤਾਂ ਤੋਂਈ ਨੇ ਆਪਣੇ ਪੁੱਤਰ ਯੋਰਾਮ ਨੂੰ ਪਾਤਸ਼ਾਹ ਦਾਊਦ ਕੋਲ ਭੇਜਿਆ, ਤਾਂ ਜੋ ਉਹ ਦਾਊਦ ਦੀ ਸੁੱਖ-ਸਾਂਦ ਪੁੱਛੇ ਅਤੇ ਉਸ ਨੂੰ ਵੱਧਾਈ ਦੇਵੇ, ਕਿਉਂ ਕਿ ਉਸ ਨੇ ਹਦਦਅਜ਼ਰ ਨਾਲ ਲੜਾਈ ਕਰਕੇ ਉਸ ਨੂੰ ਮਾਰ ਲਿਆ ਅਤੇ ਇਸ ਕਾਰਣ ਵੀ (ਕਿਉਂ ਕਿ ਹਦਦਅਜ਼ਰ ਤੋਂਈ ਨਾਲ ਲੜਾਈ ਕਰਦਾ ਰਹਿੰਦਾ ਸੀ।) ਯੋਰਾਮ ਦਾਊਦ ਲਈ ਚਾਂਦੀ, ਸੋਨੇ ਅਤੇ ਪਿੱਤਲ ਦੀਆਂ ਬਣੀਆਂ ਵਸਤਾਂ ਆਪਣੇ ਨਾਲ ਲੈ ਕੇ ਆਇਆ। 11 ਦਾਊਦ ਨੇ ਇਨ੍ਹਾਂ ਸਾਰੀਆਂ ਵਸਤਾਂ ਨੂੰ ਅਤੇ ਦਾਊਦ ਨੇ ਹੋਰ ਸਭਨਾਂ ਜਿੱਤੀਆਂ ਹੋਈਆਂ ਕੌਮਾਂ ਦੀ ਚਾਂਦੀ, ਸੋਨੇ ਅਤੇ ਪਿੱਤਲ ਦੀਆਂ ਵਸਤਾਂ ਨੂੰ ਵੀ ਯਹੋਵਾਹ ਲਈ ਪਵਿੱਤਰ ਠਹਿਰਾਇਆ ਅਤੇ ਅਰਪਣ ਕੀਤਾ। 12 ਦਾਊਦ ਨੇ ਅਰਾਮੀਆਂ, ਮੋਆਬੀਆਂ, ਅੰਮੋਨੀਆਂ, ਫ਼ਲਿਸਤੀਆਂ, ਅਮਾਲੇਕੀਆਂ ਅਤੇ ਸੋਬਾਹ ਦੇ ਰਾਜਾ ਰਹੋਬ ਦੇ ਪੁੱਤਰ ਹਦਦਅਜ਼ਰ ਨੂੰ ਹਾਰ ਦਿੱਤੀ ਸੀ। 13 ਦਾਊਦ 18,000 ਅਰਾਮੀਆਂ ਨੂੰ ਲੂਣ ਦੀ ਵਾਦੀ ਵਿੱਚ ਹਰਾਊਣ ਤੋਂ ਬਾਅਦ, ਜਦ ਵਾਪਸ ਘਰ ਨੂੰ ਮੁੜਿਆ ਤਾਂ ਉਹ ਬਹੁਤ ਪ੍ਰਸਿੱਧ ਹੋ ਗਿਆ। 14 ਦਾਊਦ ਨੇ ਅਦੋਮ ਦੀ ਸਾਰੀ ਜਗ੍ਹਾ ਵਿੱਚ ਸਿਪਾਹੀਆਂ ਦੀਆਂ ਚੌਁਕੀਆਂ ਬਿਠਾਈਆਂ। ਅਤੇ ਅਦੋਮ ਦੇ ਸਾਰੇ ਲੋਕ ਦਾਊਦ ਦੇ ਦਾਸ ਹੋ ਗਏ। ਦਾਊਦ ਜਿੱਥੇ ਕਿਤੇ ਵੀ ਜਾਂਦਾ ਰਿਹਾ, ਯਹੋਵਾਹ ਹਰ ਜਗ੍ਹਾ ਉਸ ਦੀ ਜਿੱਤ ਕਰਵਾਉਂਦਾ ਰਿਹਾ।

ਦਾਊਦ ਦਾ ਰਾਜ

15 ਦਾਊਦ ਨੇ ਸਾਰੇ ਇਸਰਾਏਲ ਉੱਪਰ ਰਾਜ ਕੀਤਾ ਅਤੇ ਉਸ ਦੇ ਫ਼ੈਸਲੇ ਹਰ ਇੱਕ ਲਈ ਸਹੀ ਅਤੇ ਨਿਆਂ ਪੂਰਵਕ ਸਨ। 16 ਸਰੂਯਾਹ ਦਾ ਪੁੱਤਰ ਯੋਆਬ ਉਸਦੀ ਸੈਨਾ ਦਾ ਕਪਤਾਨ ਬਣਿਆ। ਅਤੇ ਅਹੀਲੂਦ ਦਾ ਪੁੱਤਰ ਯਹੋਸਾਫ਼ਾਟ ਇਤਿਹਾਸਕਾਰ ਸੀ। 17 ਅਹੀਟੂਬ ਦਾ ਪੁੱਤਰ ਸਾਦੋਕ ਅਤੇ ਅਬਯਾਥਾਰ ਦਾ ਪੁੱਤਰ ਅਹੀਮਲਕ ਜਾਜਕ ਬਣੇ। ਸਰਾਯਾਹ, ਸਕੱਤਰ ਸੀ ਅਤੇ। 18 ਯਹੋਯਾਦਾ ਦਾ ਪੁੱਤਰ ਬਨਾਯਾਹ, ਕਰੇਤੀਆਂ ਅਤੇ ਫ਼ਲੇਤੀਆਂ ਦਾ ਅਧਿਕਾਰੀ ਸੀ ਅਤੇ ਦਾਊਦ ਦੇ ਪੁੱਤਰ ਜਾਜਕ [b] ਸਨ।

ਲੂਕਾ 15:1-10

ਸੁਰਗ ਵਿੱਚ ਮੌਜ(A)

15 ਬਹੁਤ ਸਾਰੇ ਮਸੂਲੀਏ ਅਤੇ ਪਾਪੀ ਲੋਕ ਯਿਸੂ ਕੋਲ ਉਸ ਨੂੰ ਸੁਨਣ ਲਈ ਆਏ। ਤਦ ਫ਼ਰੀਸੀ ਅਤੇ ਨੇਮ ਦੇ ਉਪਦੇਸ਼ਕ ਸ਼ਿਕਾਇਤ ਕਰਨ ਲੱਗੇ, “ਵੇਖੋ! ਇਹ ਆਦਮੀ ਪਾਪੀ ਲੋਕਾਂ ਨੂੰ ਕਬੂਲਦਾ ਹੈ ਅਤੇ ਉਨ੍ਹਾਂ ਨਾਲ ਖਾਂਦਾ ਪੀਂਦਾ ਵੀ ਹੈ।”

ਫ਼ਿਰ ਯਿਸੂ ਨੇ ਉਨ੍ਹਾਂ ਨੂੰ ਇਹ ਦ੍ਰਿਸ਼ਟਾਂਤ ਬਿਆਨ ਕੀਤਾ: “ਮੰਨ ਲਵੋ ਤੁਹਾਡੇ ਵਿੱਚੋਂ ਕਿਸੇ ਕੋਲ ਸੌ ਭੇਡਾਂ ਹੋਣ, ਪਰ ਉਹ ਉਨ੍ਹਾਂ ਵਿੱਚੋਂ ਇੱਕ ਗੁਆਚ ਜਾਵੇ। ਤਾਂ ਕੀ ਉਹ ਬਾਕੀ ਦੀਆਂ ਨੜਿੰਨਵੇ ਭੇਡਾਂ ਨੂੰ ਇੱਕਲੀਆਂ ਛੱਡ ਕੇ ਉਸ ਇੱਕ ਗੁਆਚੀ ਹੋਈ ਭੇਡ ਦੀ ਭਾਲ ਵਿੱਚ ਨਹੀਂ ਜਾਵੇਗਾ? ਜਦ ਤੱਕ ਕਿ ਆਦਮੀ ਉਸ ਨੂੰ ਲੱਭ ਨਾ ਲਵੇ। ਤੇ ਜਦੋਂ ਉਸ ਨੂੰ ਉਹ ਗੁਆਚੀ ਹੋਈ ਭੇਡ ਲੱਭ ਜਾਂਦੀ ਹੈ, ਤਾਂ ਉਹ ਮਨੁੱਖ ਬੜਾ ਖੁਸ਼ ਹੁੰਦਾ ਹੈ ਅਤੇ ਖੁਸ਼ੀ ਨਾਲ ਉਸ ਨੂੰ ਆਪਣੇ ਮੋਢਿਆ ਉੱਤੇ ਚੁੱਕ ਲੈਂਦਾ ਹੈ। ਉਹ ਘਰ ਜਾਂਦਾ ਹੈ। ਉਹ ਆਪਣੇ ਮਿੱਤਰਾਂ ਅਤੇ ਗੁਆਂਢੀਆਂ ਨੂੰ ਇਕੱਠਿਆਂ ਕਰਦਾ ਹੈ ਅਤੇ ਉਨ੍ਹਾਂ ਨੂੰ ਆਖਦਾ ਹੈ, ‘ਮੇਰੇ ਨਾਲ ਖੁਸ਼ੀ ਮਨਾਓ ਕਿਉਂਕਿ ਮੈਨੂੰ ਆਪਣੀ ਗੁਆਚੀ ਹੋਈ ਭੇਡ ਮਿਲ ਗਈ ਹੈ।’ ਇਸੇ ਤਰ੍ਹਾਂ ਹੀ, ਮੈਂ ਤੁਹਾਨੂੰ ਦੱਸਦਾ ਹਾਂ ਕਿ ਉਨ੍ਹਾਂ ਨੜਿੰਨਵਿਆਂ ਚੰਗਿਆਂ ਬੰਦਿਆਂ ਨਾਲੋਂ, ਜਿਨ੍ਹਾਂ ਨੂੰ ਆਪਣੇ ਦਿਲ ਬਦਲਣ ਦੀ ਜ਼ਰੂਰਤ ਨਹੀਂ, ਇੱਕ ਪਾਪੀ ਬੰਦੇ ਲਈ ਸਵਰਗ ਵਿੱਚ ਵੱਧੇਰੇ ਖੁਸ਼ੀ ਹੁਦੀ ਹੈ ਜੋ ਆਪਣੇ ਦਿਲ ਨੂੰ ਬਦਲ ਲੈਂਦਾ ਹੈ।

“ਫ਼ਰਜ ਕਰੋ ਇੱਕ ਔਰਤ ਕੋਲ ਦਸ ਚਾਂਦੀ ਦੇ ਸਿੱਕੇ ਹਨ। ਉਨ੍ਹਾਂ ਵਿੱਚੋਂ ਇੱਕ ਗੁਆਚ ਜਾਂਦਾ ਹੈ, ਉਹ ਦੀਵਾ ਜਗਾਉਂਦੀ ਹੈ ਅਤੇ ਧਿਆਨ ਨਾਲ ਉਸ ਗੁਆਚੇ ਹੋਏ ਸਿੱਕੇ ਨੂੰ ਲੱਭਦੀ ਹੋਈ ਸੰਭਰਦੀ ਹੈ, ਜਦੋਂ ਤੱਕ ਕਿ ਉਹ ਉਸ ਨੂੰ ਲੱਭ ਨਹੀਂ ਲੈਂਦੀ। ਜਦੋਂ ਉਹ ਆਪਣਾ ਗੁਆਚਿਆ ਹੋਇਆ ਸਿੱਕਾ ਲੱਭ ਲੈਂਦੀ ਹੈ ਤਾਂ ਉਹ ਆਪਣੇ ਮਿੱਤਰਾਂ ਤੇ ਗਆਂਢੀਆਂ ਨੂੰ ਇਕੱਠਿਆ ਕਰਦੀ ਹੈ ਤੇ ਆਖਦੀ ਹੈ, ‘ਮੇਰੇ ਨਾਲ ਰਲ ਕੇ ਖੁਸ਼ੀ ਮਨਾਓ ਕਿਉਂਕਿ ਮੈਨੂੰ ਮੇਰਾ ਗੁਆਚਾ ਹੋਇਆ ਸਿੱਕਾ ਲੱਭ ਪਿਆ ਹੈ।’ 10 ਇਸੇ ਤਰ੍ਹਾਂ ਹੀ ਪਰਮੇਸ਼ੁਰ ਦੇ ਦੂਤਾਂ ਦੇ ਅੱਗੇ ਉਦੋਂ ਪ੍ਰਸੰਨਤਾ ਹੁੰਦੀ ਹੈ ਜਦੋਂ ਇੱਕ ਪਾਪੀ ਆਪਣਾ ਦਿਲ ਬਦਲਦਾ ਹੈ।”

Punjabi Bible: Easy-to-Read Version (ERV-PA)

2010 by World Bible Translation Center