Old/New Testament
ਇਸਰਾਏਲ ਅਤੇ ਯਹੂਦਾਹ ਵਿੱਚਕਾਰ ਜੰਗ
3 ਸ਼ਾਊਲ ਅਤੇ ਦਾਊਦ ਦੇ ਪਰਿਵਾਰ ਦਰਮਿਆਨ ਕਾਫ਼ੀ ਲੰਬਾ ਅਰਸਾ ਜੰਗ ਚਲਦੀ ਰਹੀ। ਦਾਊਦ ਦਿਨ ਭਰ ਦਿਨ ਤਾਕਤਵਰ ਹੁੰਦਾ ਗਿਆ ਅਤੇ ਸ਼ਾਊਲ ਦਾ ਘਰਾਣਾ ਦਿਨ ਭਰ ਦਿਨ ਕਮਜ਼ੋਰ।
ਹਬਰੋਨ ਵਿੱਚ ਦਾਊਦ ਦੇ ਛੇ ਬੱਚੇ ਪੈਦਾ ਹੋਏ
2 ਦਾਊਦ ਨੇ ਫ਼ਿਰ ਹਬਰੋਨ ਵਿੱਚ ਪੁੱਤਰ ਜਨਮੇ:
ਜਿਨ੍ਹਾਂ ਵਿੱਚੋਂ ਪਹਿਲੋਠੇ ਪੁੱਤਰ ਦਾ ਨਾਉਂ ਅਮਨੋਨ ਸੀ ਜਿਸ ਦੀ ਮਾਂ ਦਾ ਨਾਉਂ ਯਿਜ਼ਰੇਲਣ ਅਹੀਨੋਅਮ ਸੀ।
3 ਅਤੇ ਦੂਜਾ ਪੁੱਤਰ ਕਰਮਲੀ ਨਾਬਾਲ ਦੀ ਬੇਵਾ ਬੀਬੀ ਅਬੀਗੈਲ ਦੇ ਕੁੱਖੋਂ ਹੋਇਆ, ਜਿਸ ਦਾ ਨਾਉਂ ਕਿਲਆਬ ਸੀ।
ਤੀਜੇ ਪੁੱਤਰ ਦਾ ਨਾਉਂ ਅਬਸ਼ਾਲੋਮ ਸੀ। ਅਬਸ਼ਾਲੋਮ ਦੀ ਮਾਂ ਗਸ਼ੂਰ ਦੇ ਰਾਜੇ ਤਲਮਈ ਦੀ ਧੀ ਮਆਕਾਹ ਦੇ ਕੁੱਖੋਂ ਸੀ।
4 ਦਾਊਦ ਦੇ ਚੌਥੇ ਪੁੱਤਰ ਦਾ ਨਾਉਂ ਅਦੋਨਿੱਯਾਹ ਸੀ ਅਤੇ ਉਹ ਹੱਗੀਥ ਦਾ ਪੁੱਤਰ ਸੀ।
ਉਸ ਦੇ ਪੰਜਵੇਂ ਪੁੱਤਰ ਦਾ ਨਾਉਂ ਸੀ ਸਫ਼ਟਯਾਹ ਜੋ ਕਿ ਅਬੀਟਾਲ ਦੇ ਕੁੱਖੋਂ ਸੀ।
5 ਛੇਵੇਂ ਪੁੱਤਰ ਦਾ ਨਾਉਂ ਸੀ ਯਿਥਰਆਮ। ਯਿਥਰਆਮ ਅਗਲਾਹ ਦੇ ਕੁੱਖੋਂ ਸੀ ਜੋ ਕਿ ਦਾਊਦ ਦੀ ਪਤਨੀ ਸੀ।
ਦਾਊਦ ਦੇ ਇਹ ਛੇ ਪੁੱਤਰ ਹਬਰੋਨ ਵਿੱਚ ਜੰਮੇ।
ਅਬਨੇਰ ਦਾਊਦ ਦਾ ਸਾਬ ਦੇਣ ਦਾ ਫ਼ੈਸਲਾ ਕਰਦਾ ਹੈ
6 ਸ਼ਾਊਲ ਦੀ ਸੈਨਾ ਵਿੱਚ ਅਬਨੇਰ ਦਿਨੋ-ਦਿਨ ਤਾਕਤਵਰ ਹੁੰਦਾ ਗਿਆ ਜਦ ਕਿ ਸ਼ਾਊਲ ਅਤੇ ਦਾਊਦ ਦੇ ਘਰਾਣੇ ਆਪਸ ਵਿੱਚ ਲੜਦੇ ਰਹੇ। 7 ਸ਼ਾਊਲ ਦੀ ਇੱਕ ਦਾਸੀ ਸੀ ਰਿਜ਼ਪਾਹ ਜੋ ਕਿ ਅੱਯਾਹ ਦੀ ਧੀ ਸੀ। ਈਸ਼ਬੋਸ਼ਥ ਨੇ ਅਬਨੇਰ ਨੂੰ ਆਖਿਆ, “ਤੂੰ ਮੇਰੇ ਪਿਉ ਦੀ ਨੌਕਰਾਣੀ ਨਾਲ ਸੰਭੋਗ ਕਿਉਂ ਕੀਤਾ?”
8 ਅਬਨੇਰ ਨੇ ਈਸ਼ਬੋਸ਼ਥ ਦੀ ਇਸ ਗੱਲ ਤੇ ਗੁੱਸੇ ’ਚ ਆਕੇ ਆਖਿਆ, “ਮੈਂ ਸ਼ਾਊਲ ਅਤੇ ਉਸ ਦੇ ਪਰਿਵਾਰ ਦਾ ਵਫ਼ਾਦਾਰ ਰਿਹਾ ਹਾਂ। ਮੈਂ ਤੁਹਾਨੂੰ ਦਾਊਦ ਦੇ ਹਵਾਲੇ ਨਾ ਕੀਤਾ ਤੇ ਨਾ ਹੀ ਮੈਂ ਉਸ ਨੂੰ ਤੁਹਾਨੂੰ ਹਰਾਉਣ ਦਿੱਤਾ। ਮੈਂ ਯਹੂਦਾਹ ਲਈ ਕੰਮ ਕਰ ਰਿਹਾ ਕੋਈ ਗੱਦਾਰ ਨਹੀਂ ਹਾਂ। ਪਰ ਹੁਣ ਤੂੰ ਮੇਰੇ ਤੇ ਇਲਜਾਮ ਲੱਗਾ ਰਿਹਾ ਹੈਂ ਕਿ ਅਜਿਹੀ ਮੰਦੀ ਗੱਲ ਕੀਤੀ। 9-10 ਪਰਮੇਸ਼ੁਰ ਅਬਨੇਰ ਨਾਲ ਅਜਿਹਾ ਹੀ ਕਰੇ, ਸਗੋਂ ਇਸ ਨਾਲੋਂ ਵੀ ਵੱਧੀਕ ਕਰੇ ਜੇ ਮੈਂ ਜਿਕਰ ਯਹੋਵਾਹ ਨੇ ਦਾਊਦ ਨਾਲ ਸੌਂਹ ਖਾਧੀ ਹੈ, ਉਸੇ ਤਰ੍ਹਾਂ ਕੰਮ ਨਾ ਕਰਾਂ। ਰਾਜ ਨੂੰ ਸ਼ਾਊਲ ਦੇ ਘਰਾਣੇ ਤੋਂ ਵੱਖਰਾ ਕਰ ਦੇਵਾਂ ਅਤੇ ਦਾਊਦ ਦੀ ਗੱਦੀ ਨੂੰ ਇਸਰਾਏਲ ਉੱਪਰ ਅਤੇ ਯਹੂਦਾਹ ਉੱਤੇ ਦਾਨ ਤੋਂ ਲੈ ਕੇ ਬਏਰਸ਼ਬਾ [a] ਤੀਕ ਟਿਕਾ ਦੇਵਾਂ।” 11 ਫ਼ਿਰ ਈਸ਼ਬੋਸ਼ਥ ਉਹਦੇ ਸਾਹਮਣੇ ਕੋਈ ਉੱਤਰ ਨਾ ਦੇ ਸੱਕਿਆ, ਅਤੇ ਉਸਤੋਂ ਬਹੁਤ ਭੈਅ ਖਾਣ ਲੱਗਾ।
12 ਅਬਨੇਰ ਨੇ ਦਾਊਦ ਵੱਲ ਸੰਦੇਸ਼ਵਾਹਕ ਭੇਜੇ ਅਤੇ ਕਿਹਾ, “ਤੂੰ ਕੀ ਸੋਚਦਾ ਹੈਂ ਕਿ ਇਸ ਦੇਸ਼ ਉੱਪਰ ਕਿਸਨੂੰ ਰਾਜ ਕਰਨਾ ਚਾਹੀਦਾ ਹੈ? ਮੇਰੇ ਨਾਲ ਆਪਣਾ ਇੱਕ ਇਕਰਾਰਨਾਮਾ ਕਰ ਤਾਂ ਮੈਂ ਤੈਨੂੰ ਸਾਰੇ ਇਸਰਾਏਲ ਉੱਪਰ ਸ਼ਾਸਨ ਕਰਨ ਵਿੱਚ ਮਦਦ ਕਰਾਂਗਾ।”
13 ਦਾਊਦ ਨੇ ਆਖਿਆ, “ਸੱਤ ਬਚਨ! ਮੈਂ ਤੇਰੇ ਨਾਲ ਇਕਰਾਰਨਾਮਾ ਕਰਾਂਗਾ ਪਰ ਤੇਰੇ ਕੋਲੋਂ ਮੈਂ ਇੱਕ ਗੱਲ ਮੰਗਦਾ ਹਾਂ ਕਿ ਜਦ ਤੱਕ ਤੂੰ ਸ਼ਾਊਲ ਦੀ ਧੀ ਮੀਕਲ ਨੂੰ ਮੇਰੇ ਕੋਲ ਨਾ ਲੈ ਆਵੇਂ ਆਪਣਾ ਮੂੰਹ ਨਾ ਵਿਖਾਵੀਂ।”
14 ਦਾਊਦ ਨੇ ਸ਼ਾਊਲ ਦੇ ਪੁੱਤਰ ਈਸ਼ਬੋਸ਼ਥ ਵੱਲ ਸੰਦੇਸ਼ਵਾਹਕ ਭੇਜੇ। ਦਾਊਦ ਨੇ ਕਿਹਾ, “ਮੇਰੀ ਪਤਨੀ ਮੀਕਲ ਨੂੰ, ਜੋ ਮੈਂ ਫ਼ਲਿਸਤੀਆਂ ਦੀਆਂ ਸੌ ਜਾਨਾਂ ਦੇਕੇ ਵਿਆਹੀ ਸੀ, ਮੇਰੇ ਹੱਥ ਸੌਂਪ ਦੇ।”
15 ਤਦ ਈਸ਼ਬੋਸ਼ਥ ਨੇ ਉਨ੍ਹਾਂ ਆਦਮੀਆਂ ਨੂੰ ਕਿਹਾ ਕਿ ਜਾਵੋ ਅਤੇ ਲਾਵਿਸ਼ ਦੇ ਪੁੱਤਰ ਫ਼ਲਟੀਏਲ ਜੋ ਮੀਕਲ ਦਾ ਪਤੀ ਹੈ, ਉਸ ਕੋਲੋਂ ਖੋਹ ਲਿਆਵੋ। 16 ਮੀਕਲ ਦਾ ਪਤੀ ਫ਼ਲਟੀਏਲ ਉਸ ਨੇ ਨਾਲ ਹੀ ਗਿਆ। ਉਹ ਮੀਕਲ ਦੇ ਨਾਲ ਬਹੁਰੀਮ ਤੀਕ ਰੋਂਦਾ ਹੋਇਆ ਨਾਲ-ਨਾਲ ਤੁਰਿਆ। ਪਰ ਅਬਨੇਰ ਨੇ ਫ਼ਲਟੀਏਲ ਨੂੰ ਕਿਹਾ, “ਜਾ, ਹੁਣ ਤੂੰ ਵਾਪਸ ਪਰਤ ਜਾ।” ਤਾਂ ਉਹ ਵਾਪਸ ਘਰ ਨੂੰ ਮੁੜ ਗਿਆ।
17 ਅਬਨੇਰ ਨੇ ਇਸਰਾਏਲ ਦੇ ਆਗੂਆਂ ਨੂੰ ਸੰਦੇਸ਼ਾ ਭੇਜਿਆ ਅਤੇ ਕਿਹਾ, “ਤੁਸੀਂ ਦਾਊਦ ਨੂੰ ਆਪਣਾ ਪਾਤਸ਼ਾਹ ਬਨਾਉਣਾ ਚਾਹੁੰਦੇ ਸੀ। 18 ਹੁਣ ਇਹ ਕਰ ਲਵੋ। ਯਹੋਵਾਹ ਦਾਊਦ ਬਾਰੇ ਗੱਲ ਕਰ ਰਿਹਾ ਸੀ ਜਦੋਂ ਉਸ ਨੇ ਆਖਿਆ ਸੀ, ‘ਮੈਂ ਸਾਰੇ ਇਸਰਾਏਲੀਆਂ ਨੂੰ ਫ਼ਲਿਸਤੀਆਂ ਅਤੇ ਹੋਰਨਾਂ ਦੁਸ਼ਮਣਾਂ ਤੋਂ ਬਚਾਵਾਂਗਾ। ਮੈਂ ਅਜਿਹਾ ਆਪਣੇ ਸੇਵਕ, ਮੂਸਾ ਰਾਹੀਂ ਕਰਾਂਗਾ।’”
19 ਅਬਨੇਰ ਨੇ ਬਿਨਯਾਮੀਨ ਦੇ ਪਰਿਵਾਰ-ਸਮੂਹ ਅਤੇ ਦਾਊਦ ਨਾਲ ਗੱਲ ਕੀਤੀ ਜੋ ਕਿ ਹਬਰੋਨ ਵਿਖੇ ਸੀ। ਅਬਨੇਰ ਨੇ ਜੋ ਵੀ ਗੱਲਾਂ ਇਨ੍ਹਾਂ ਲੋਕਾਂ ਨਾਲ ਕੀਤੀਆਂ ਉਹ ਇਸਰਾਏਲ ਦੇ ਲੋਕਾਂ ਨੂੰ ਚੰਗੀਆਂ ਲੱਗੀਆਂ।
20 ਤਦ ਅਬਨੇਰ ਹਬਰੋਨ ਵਿੱਚ ਦਾਊਦ ਕੋਲ ਆਇਆ ਅਤੇ ਆਪਣੇ ਨਾਲ 20 ਆਦਮੀਆਂ ਨੂੰ ਵੀ ਲੈ ਕੇ ਆਇਆ। ਤਾਂ ਦਾਊਦ ਨੇ ਅਬਨੇਰ ਅਤੇ ਉਸ ਦੇ ਨਾਲ ਆਏ ਬਾਕੀ ਆਦਮੀਆਂ ਨੂੰ ਦਾਅਵਤ ਦਿੱਤੀ।
21 ਅਬਨੇਰ ਨੇ ਦਾਊਦ ਨੂੰ ਕਿਹਾ, “ਮੇਰੇ ਯਹੋਵਾਹ ਅਤੇ ਪਾਤਸ਼ਾਹ, ਮੈਨੂੰ ਹੁਣ ਜਾਣ ਦੀ ਇਜਾਜ਼ਤ ਦੇ ਤਾਂ ਜੋ ਮੈਂ ਸਾਰੇ ਇਸਰਾਏਲੀਆਂ ਨੂੰ ਲੈ ਕੇ ਆਵਾਂ ਤਾਂ ਜੋ ਉਹ ਤੇਰੇ ਨਾਲ ਇਕਰਾਰਨਾਮਾ ਪੂਰਾ ਕਰਨ ਅਤੇ ਜਿਵੇਂ ਤੂੰ ਚਾਹੁੰਦਾ ਹੈਂ, ਉਸੇ ਤਰ੍ਹਾਂ ਤੂੰ ਸਾਰੇ ਇਸਰਾਏਲੀਆਂ ਉੱਪਰ ਰਾਜ ਕਰੇਁ।”
ਤਾਂ ਦਾਊਦ ਨੇ ਅਬਨੇਰ ਨੂੰ ਜਾਣ ਦਿੱਤਾ ਅਤੇ ਉਹ ਸ਼ਾਂਤੀ ਨਾਲ ਉੱਥੋਂ ਪਰਤ ਆਇਆ।
ਅਬਨੇਰ ਦੀ ਮੌਤ
22 ਉਸ ਵਕਤ ਦਾਊਦ ਦੇ ਸੇਵਕ ਅਤੇ ਯੋਆਬ ਲੜਾਈ ਤੋਂ ਵਾਪਸ ਮੁੜੇ। ਉਨ੍ਹਾਂ ਕੋਲ ਬਹੁਤ ਕੀਮਤੀ ਪਦਾਰਥ ਸਨ ਜਿਹੜੇ ਕਿ ਉਹ ਵੈਰੀਆਂ ਤੋਂ ਲੁੱਟ ਕੇ ਲਿਆਏ ਸਨ। ਅਬਨੇਰ ਨੂੰ ਉਸ ਵਕਤ ਦਾਊਦ ਨੇ ਸ਼ਾਂਤੀ ਨਾਲ ਤੋਂਰ ਦਿੱਤਾ ਸੀ। ਇਸ ਲਈ ਉਦੋਂ ਹਬਰੋਨ ਵਿੱਚ, ਦਾਊਦ ਕੋਲ, ਅਬਨੇਰ ਨਹੀਂ ਸੀ। 23 ਯੋਆਬ ਅਤੇ ਉਸਦੀ ਸਾਰੀ ਸੈਨਾ ਉਸ ਵਕਤ ਹਬਰੋਨ ਪਹੁੰਚੀ। ਸੈਨਾ ਨੇ ਯੋਆਬ ਨੂੰ ਕਿਹਾ, “ਨੇਰ ਦਾ ਪੁੱਤਰ ਅਬਨੇਰ ਪਾਤਸ਼ਾਹ ਕੋਲ ਆਇਆ ਸੀ ਅਤੇ ਦਾਊਦ ਨੇ ਉਸ ਨੂੰ ਸ਼ਾਂਤੀ ਨਾਲ ਵਾਪਸ ਤੋਂਰ ਦਿੱਤਾ ਹੈ।”
24 ਯੋਆਬ ਨੇ ਪਾਤਸ਼ਾਹ ਕੋਲ ਆਕੇ ਆਖਿਆ, “ਇਹ ਤੂੰ ਕੀ ਕੀਤਾ? ਅਬਨੇਰ ਤੇਰੇ ਕੋਲ ਆਇਆ ਅਤੇ ਤੂੰ ਉਸ ਨੂੰ ਬਿਨਾ ਕੋਈ ਕਸ਼ਟ ਪਹੁੰਚਾਏ ਵਾਪਸ ਜਾਣ ਦਿੱਤਾ? ਭਲਾ ਕਿਉਂ? 25 ਤੂੰ ਨੇਰ ਦੇ ਪੁੱਤਰ ਅਬਨੇਰ ਨੂੰ ਜਾਣਦਾ ਹੈਂ, ਜੋ ਤੇਰੇ ਨਾਲ ਧੋਖਾ ਕਰਨ ਅਤੇ ਤੂੰ ਕੀ ਕੁਝ ਕਰਦਾ ਹੈਂ, ਇਸ ਸਭ ਦੀ ਸੂਹ ਲੈਣ ਲਈ, ਉਹ ਤੇਰੇ ਕੋਲ ਆਇਆ ਸੀ?”
26 ਫ਼ਿਰ ਜਦ ਯੋਆਬ ਦਾਊਦ ਕੋਲੋਂ ਨਿਕਲ ਆਇਆ ਤਾਂ ਉਸ ਨੇ ਅਬਨੇਰ ਦੇ ਮਗਰ ਸੰਦੇਸ਼ਵਾਹਕ ਭੇਜੇ ਅਤੇ ਉਨ੍ਹਾਂ ਨੇ ਉਸ ਨੂੰ ਸਿਰਾਹ ਦੇ ਖੂਹ ਕੋਲ ਪਕੜ ਲਿਆ ਅਤੇ ਉੱਥੋਂ ਮੋੜ ਲਿਆਏ। ਪਰ ਦਾਊਦ ਨੂੰ ਇਸ ਦੀ ਖਬਰ ਨਹੀਂ ਸੀ। ਉਹ ਇਸ ਗੱਲ ਤੋਂ ਨਾਵਾਕਿਫ਼ ਸੀ। 27 ਜਦੋਂ ਅਬਨੇਰ ਹਬਰੋਨ ਵਿੱਚ ਮੁੜ ਆਇਆ ਤਾਂ ਯੋਆਬ ਉਸ ਦੇ ਨਾਲ ਹੌਲੀ ਜਿਹੀ ਇੱਕ ਗੱਲ ਕਰਨ ਲਈ ਉਸ ਨੂੰ ਡਿਓੜੀ ਦੀ ਇੱਕ ਨੁਕਰ ਵਿੱਚ ਇੱਕ ਪਾਸੇ ਵੱਲ ਲੈ ਗਿਆ ਅਤੇ ਉੱਥੇ ਉਸਦੀ ਪੰਜਵੀਂ ਪਸਲੀ ਦੇ ਹੇਠ, ਆਪਣੇ ਭਰਾ ਅਸਾਹੇਲ ਦੇ ਖੂਨ ਦੇ ਬਦਲੇ ਅਜਿਹਾ ਮਾਰਿਆ ਕਿ ਉਹ ਉੱਥੇ ਹੀ ਮਰ ਗਿਆ। ਇਉਂ ਯੋਆਬ ਨੇ ਅਬਨੇਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਦਾਊਦ ਦਾ ਅਬਨੇਰ ਲਈ ਰੋਣਾ
28 ਬਾਅਦ ਵਿੱਚ ਜਦੋਂ ਦਾਊਦ ਨੂੰ ਖਬਰ ਹੋਈ ਤਾਂ ਉਸ ਕਿਹਾ, “ਮੇਰਾ ਰਾਜ ਅਤੇ ਮੈਂ, ਨੇਰ ਦੇ ਪੁੱਤਰ ਅਬਨੇਰ ਦੀ ਮੌਤ ਬਾਰੇ ਅਣਜਾਣ ਅਤੇ ਮਾਸੂਮ ਹਾਂ, ਇਹ ਗੱਲ ਯਹੋਵਾਹ ਜਾਣਦਾ ਹੈ ਕਿ 29 ਇਸ ਮੌਤ ਦੇ ਕਾਰਣ ਤੇ ਦੋਸ਼ੀ ਯੋਆਬ ਅਤੇ ਉਸਦਾ ਪਰਿਵਾਰ ਹੈ। ਇਸ ਕਾਰਣ ਯੋਆਬ ਅਤੇ ਉਸ ਦੇ ਪਰਿਵਾਰ ਦੇ ਸਿਰ ਮੁਸੀਬਤਾਂ ਆਉਣਗੀਆਂ ਅਤੇ ਉਸ ਦੇ ਸਾਰੇ ਘਰਾਣੇ ਉੱਪਰ ਬੀਮਾਰੀ ਅਤੇ ਕੋਈ ਅਜਿਹਾ ਲਹੂ ਵਗੇਗਾ ਤੇ ਕੋੜ੍ਹ ਹੋਵੇਗਾ ਕੋਈ ਸੋਟੀ ਫ਼ੜਕੇ ਤੁਰੇਗਾ ਅਤੇ ਕੋਈ ਤਲਵਾਰ ਨਾਲ ਵੱਢਿਆ ਜਾਵੇਗਾ। ਤੇ ਕੋਈ ਭੁੱਖ ਮਰੀ ਨਾਲ ਰੋਟੀ ਦੇ ਅਧੀਨ ਹੋਵੇਗਾ।”
30 ਸੋ ਯੋਆਬ ਅਤੇ ਉਸ ਦੇ ਭਰਾ ਅਬੀਸ਼ਈ ਨੇ ਅਬਨੇਰ ਨੂੰ ਮਾਰ ਸੁੱਟਿਆ ਇਸ ਲਈ ਕਿਉਂ ਕਿ ਉਸ ਨੇ ਉਨ੍ਹਾਂ ਦੇ ਭਰਾ ਅਸਾਹੇਲ ਨੂੰ ਗਿਬਓਨ ਵਿੱਚ ਲੜਾਈ ਦੇ ਵਿੱਚ ਵੱਢ ਸੁੱਟਿਆ ਸੀ।
31-32 ਦਾਊਦ ਨੇ ਯੋਆਬ ਅਤੇ ਉਸ ਦੇ ਸਾਰੇ ਸਾਥੀਆਂ ਨੂੰ ਕਿਹਾ, “ਆਪਣੇ ਵਸਤਰ ਫ਼ਾੜ ਸੁੱਟੋ ਅਤੇ ਉਦਾਸੀ ਦੇ ਵਸਤਰ ਧਾਰਨ ਕਰੋ। ਅਬਨੇਰ ਲਈ ਸ਼ੋਕ ਪ੍ਰਗਟ ਕਰੋ।” ਉਨ੍ਹਾਂ ਨੇ ਅਬਨੇਰ ਨੂੰ ਹਬਰੋਨ ਵਿੱਚ ਦਫ਼ਨਾਇਆ। ਪਾਤਸ਼ਾਹ ਉੱਚੀ ਆਵਾਜ਼ ਵਿੱਚ ਅਬਨੇਰ ਦੀ ਕਬਰ ਉੱਪਰ ਰੋਇਆ ਅਤੇ ਸਾਰੇ ਲੋਕ ਵੀ ਰੋਏ।
33 ਪਾਤਸ਼ਾਹ ਨੇ ਅਬਨੇਰ ਦੀ ਮੌਤ ਤੇ ਸ਼ੋਕ ਗੀਤ ਨਾਲ ਉਸ ਲਈ ਅਲ੍ਹਾਹੁਣੀ ਗਾਈ ਅਤੇ ਆਖਿਆ:
“ਹਾਏ ਅਬਨੇਰ! ਕੀ ਤੂੰ ਇੱਕ ਮੂਰਖ ਦੋਸ਼ੀ ਦੀ ਮੌਤ ਮਰਿਓਂ?
34 ਅਬਨੇਰ! ਤੇਰੇ ਹੱਥ ਬੰਨ੍ਹੇ ਹੋਏ ਨਹੀਂ ਸਨ ਨਾ ਹੀ
ਤੇਰੇ ਪੈਰੀਂ ਬੇੜੀਆਂ ਸਨ ਸਗੋਂ ਤੂੰ ਤਾਂ
ਇਉਂ ਮਰਿਆ ਕਿ ਦੁਸ਼ਟਾਂ ਨੇ ਤੈਨੂੰ ਵੱਢ ਸੁੱਟਿਆ।”
ਤਾਂ ਫ਼ਿਰ ਸਾਰੇ ਲੋਕ ਅਬਨੇਰ ਲਈ ਦੁੱਖ ਵਿੱਚ ਰੋਏ। 35 ਸਾਰਾ ਦਿਨ ਲੋਕ ਦਾਊਦ ਨੂੰ ਕੁਝ ਖੁਆਉਣ ਦਾ ਯਤਨ ਕਰਦੇ, ਉਸ ਨੂੰ ਹੌਂਸਲਾ ਦਿੰਦੇ ਰਹੇ ਤਾਂ ਦਾਊਦ ਨੇ ਸੌਂਹ ਖਾਕੇ ਆਖਿਆ, “ਜੇ ਕਦੇ ਮੈਂ ਸੂਰਜ ਡੁੱਬਣ ਤੋਂ ਪਹਿਲਾਂ ਰੋਟੀ ਜਾਂ ਹੋਰ ਕੁਝ ਮੂੰਹ ਲਗਾਵਾਂ ਤਾਂ ਪਰਮੇਸ਼ੁਰ ਮੇਰੇ ਨਾਲ ਵੀ ਅਜਿਹਾ ਹੀ ਕਰੇ, ਸਗੋਂ ਇਸ ਨਾਲੋਂ ਵੀ ਵੱਧੀਕ ਕਰੇ।” 36 ਸਭਨਾਂ ਲੋਕਾਂ ਨੇ ਇਸ ਗੱਲ ਵੱਲ ਧਿਆਨ ਦਿੱਤਾ ਅਤੇ ਉਨ੍ਹਾਂ ਨੂੰ ਇਹ ਗੱਲ ਚੰਗੀ ਲਗੀ ਕਿਉਂ ਕਿ ਜੋ ਕੁਝ ਪਾਤਸ਼ਾਹ ਕਰਦਾ ਸੀ, ਸਭ ਲੋਕ ਉਸ ਉੱਪਰ ਰਾਜ਼ੀ ਹੁੰਦੇ ਸਨ। 37 ਸਾਰੇ ਲੋਕਾਂ ਨੇ ਅਤੇ ਸਾਰੇ ਇਸਰਾਏਲ ਨੇ ਉਸ ਦਿਨ ਠੀਕ ਜਾਣ ਲਿਆ ਕਿ ਨੇਰ ਦਾ ਪੁੱਤਰ ਅਬਨੇਰ ਪਾਤਸ਼ਾਹ ਦੀ ਮਰਜ਼ੀ ਵਿੱਚ ਨਹੀਂ ਸੀ ਮਰਿਆ।
38 ਪਾਤਸ਼ਾਹ ਦਾਊਦ ਨੇ ਆਪਣੇ ਸੰਦੇਸ਼ਵਾਹਕਾਂ ਨੂੰ ਕਿਹਾ, “ਕੀ ਤੁਹਾਨੂੰ ਪਤਾ ਹੈ ਕਿ ਅੱਜ ਇਸਰਾਏਲ ਵਿੱਚੋਂ ਇੱਕ ਮਹਾਨ ਆਗੂ ਮਰ ਗਿਆ ਹੈ। 39 ਅਤੇ ਅੱਜ ਦੇ ਦਿਨ ਮੈਂ ਸ਼ਰਮਿੰਦਾ ਹਾਂ ਭਾਵੇਂ ਮੈਂ ਮਸਹ ਕੀਤਾ ਹੋਇਆ ਪਾਤਸ਼ਾਹ ਹੀ ਹਾਂ ਅਤੇ ਇਹ ਲੋਕ ਸਰੂਯਾਹ ਦੇ ਪੁੱਤਰ ਮੇਰੇ ਨਾਲ ਜ਼ਬਰਦਸਤੀ ਕਰਦੇ ਹਨ, ਪਰ ਯਹੋਵਾਹ ਬੁਰਿਆਂ ਨੂੰ ਉਨ੍ਹਾਂ ਦੀ ਬੁਰਿਆਈ ਦੀ ਪੂਰੀ ਸਜ਼ਾ ਦੇਵੇਗਾ।”
ਸ਼ਾਊਲ ਦੇ ਪਰਿਵਾਰ ਤੇ ਮੁਸੀਬਤਾਂ
4 ਜਦੋਂ ਸ਼ਾਊਲ ਦੇ ਪੁੱਤਰ ਈਸ਼ਬੋਸ਼ਥ ਨੇ ਇਹ ਸੁਣਿਆ ਕਿ ਅਬਨੇਰ ਹਬਰੋਨ ਵਿੱਚ ਮਰ ਗਿਆ ਤਾਂ ਈਸ਼ਬੋਸ਼ਥ ਅਤੇ ਉਸ ਦੇ ਸਾਬੀ ਬਹੁਤ ਘਬਰਾ ਗਏ। 2 ਦੋ ਆਦਮੀ ਸ਼ਾਊਲ ਦੇ ਪੁੱਤਰ ਈਸ਼ਬੋਸ਼ਥ ਨੂੰ ਵੇਖਣ ਲਈ ਆਏ। ਇਹ ਦੋਨੋ ਆਦਮੀ ਸੈਨਾ ਵਿੱਚ ਕਪਤਾਨ ਸਨ ਜਿਨ੍ਹਾਂ ਦੇ ਨਾਉਂ ਬਆਨਾਹ ਅਤੇ ਰੇਕਾਬ ਸੀ। ਇਹ ਦੋਨੋ ਬਿਨਯਾਮੀਨ ਦੇ ਵੰਸ਼ ਵਿੱਚੋਂ ਬੇਰੋਥੀ ਰਿੰਮੋਨ ਦੇ ਪੁੱਤਰ ਸਨ। (ਕਿਉਂ ਕਿ ਬੇਰੋਥੀ ਦਾ ਨਗਰ ਵੀ ਬਿਨਯਾਮੀਨ ਪਰਿਵਾਰ-ਸਮੂਹ ਵਿੱਚ ਹੀ ਗਿਣਿਆ ਜਾਂਦਾ ਸੀ। 3 ਪਰ ਸਾਰੇ ਬੇਰੋਥੀ ਲੋਕ ਗਿੱਤਾਯਮ ਨੂੰ ਭੱਜ ਗਏ ਸਨ। ਅਤੇ ਉਹ ਅੱਜ ਤੀਕ ਉੱਥੋਂ ਦੇ ਪਰਦੇਸੀ ਹੀ ਰਹਿੰਦੇ ਹਨ।)
4 ਸ਼ਾਊਲ ਦੇ ਪੁੱਤਰ, ਯੋਨਾਥਾਨ ਦਾ ਇੱਕ ਪੁੱਤਰ ਮਫ਼ੀਬੋਸ਼ਥ ਸੀ। ਮਫ਼ੀਬੋਸ਼ਥ ਉਦੋਂ ਪੰਜਾਂ ਵਰ੍ਹਿਆਂ ਦਾ ਸੀ ਜਦੋਂ ਕਿ ਯਿਜ਼ਰਾਏਲ ਤੋਂ ਇਹ ਖਬਰ ਆਈ ਕਿ ਸ਼ਾਊਲ ਅਤੇ ਯੋਨਾਥਾਨ ਮਾਰੇ ਗਏ ਹਨ। ਉਹ ਔਰਤ ਜੋ ਮਫ਼ੀਬੋਸ਼ਥ ਦੀ ਦੇਖਭਾਲ ਕਰਦੀ ਸੀ ਉਹ ਇੰਨੀ ਡਰੀ ਹੋਈ ਸੀ ਕਿ ਕਿਤੇ ਦੁਸ਼ਮਣ ਇੱਥੇ ਨਾ ਚੜ੍ਹ ਆਉਣ ਕਿ ਉਸ ਨੇ ਮਫ਼ੀਬੋਸ਼ਥ ਨੂੰ ਕੁੱਛੜ ਚੁੱਕਿਆ ਤੇ ਉੱਥੋਂ ਨੱਸ ਗਈ। ਜਦੋਂ ਉਹ ਨੱਸ ਰਹੀ ਸੀ ਤਾਂ ਉਹ ਉਸ ਦੇ ਹੱਥੋਂ ਡਿੱਗਿਆ ਤਾਂ ਉਹ ਦੋਨਾਂ ਲੱਤਾਂ ਤੋਂ ਲੰਗੜਾ ਹੋ ਗਿਆ।
5 ਰਿੰਮੋਨ, ਬੇਰੋਥੀ ਦੇ ਪੁੱਤਰ ਰੇਕਾਬ ਅਤੇ ਬਾਆਨਾਹ ਦੁਪਿਹਰ ਵੇਲੇ ਈਸ਼ਬੋਸ਼ਥ ਦੇ ਘਰ ਵੜੇ। ਕਿਉਂ ਕਿ ਗਰਮੀ ਬਹੁਤ ਸੀ ਇਸ ਲਈ ਈਸ਼ਬੋਸ਼ਥ ਅਰਾਮ ਕਰ ਰਿਹਾ ਸੀ। 6-7 ਰੇਕਾਬ ਅਤੇ ਬਆਨਾਹ ਉਸ ਵਕਤ ਘਰ ਵਿੱਚ ਇੰਝ ਵੜੇ ਜਿਵੇਂ ਕਿ ਕਣਕ ਕੱਢਣ ਆਏ ਹੋਣ। ਉਸ ਵਕਤ ਈਸ਼ਬੋਸ਼ਥ ਅਪਣੇ ਸੌਣ ਵਾਲੇ ਕਮਰੇ ਵਿੱਚ ਲੇਟਿਆ ਹੋਇਆ ਸੀ, ਤਾਂ ਉਨ੍ਹਾਂ ਨੇ ਉਸ ਨੂੰ ਮਾਰ ਕੇ ਵੱਢ ਸੁੱਟਿਆ। ਫ਼ਿਰ ਉਨ੍ਹਾਂ ਨੇ ਉਸਦਾ ਸਿਰ ਵੱਢਿਆ ਅਤੇ ਉਸਦਾ ਸਿਰ ਵੱਢਕੇ ਆਪਣੇ ਨਾਲ ਲੈ ਗਏ। ਅਤੇ ਸਾਰੀ ਰਾਤ ਯਰਦਨ ਘਾਟੀ ਵੱਲੋਂ ਦੀ ਸਫ਼ਰ ਤੈਅ ਕੀਤਾ ਤੇ 8 ਫ਼ਿਰ ਉਹ ਹਬਰੋਨ ਪਹੁੰਚੇ ਅਤੇ ਉੱਥੇ ਆਕੇ ਈਸ਼ਬੋਸ਼ਥ ਦਾ ਸਿਰ ਦਾਊਦ ਦੇ ਅੱਗੇ ਰੱਖਿਆ।
ਰੇਕਾਬ ਅਤੇ ਬਆਨਾਹ ਨੇ ਪਾਤਸ਼ਾਹ ਨੂੰ ਆਖਿਆ, “ਇਹ ਤੁਹਾਡਾ ਵੈਰੀ ਸ਼ਾਊਲ, ਜੋ ਤੁਹਾਡੀ ਜਾਨ ਨੂੰ ਭਾਲਦਾ ਸੀ, ਉਸ ਦੇ ਪੁੱਤਰ ਈਸ਼ਬੋਸ਼ਥ ਦਾ ਸਿਰ ਹੈ। ਅੱਜ ਯਹੋਵਾਹ ਨੇ ਸਾਡੇ ਪਾਤਸ਼ਾਹ ਦਾ ਬਦਲਾ ਸ਼ਾਊਲ, ਅਤੇ ਉਸਦੀ ਅੰਸ਼ ਤੋਂ ਲੈ ਲਿਆ ਹੈ।”
9 ਪਰ ਦਾਊਦ ਨੇ ਰੇਕਾਬ ਅਤੇ ਉਸ ਦੇ ਭਰਾ ਬਆਨਾਹ ਨੂੰ ਆਖਿਆ, “ਜਿਉਂਦੇ ਜੀਅ ਯਹੋਵਾਹ ਦੀ ਸੌਂਹ, ਜਿਸਨੇ ਮੇਰੀ ਜਾਨ ਨੂੰ ਸਭਨਾਂ ਦੁੱਖਾਂ ਤੋਂ ਛੁਟਕਾਰਾ ਦਿੱਤਾ। 10 ਜਿਸ ਵੇਲੇ ਇੱਕ ਬੰਦੇ ਨੇ ਮੈਨੂੰ ਆਖਿਆ ਕਿ ਵੇਖ, ਸ਼ਾਊਲ ਮਰ ਗਿਆ ਹੈ ਅਤੇ ਉਸ ਨੇ ਇਹ ਸਮਝਿਆ ਕਿ ਉਹ ਮੈਨੂੰ ਚੰਗੀ ਖਬਰ ਦੇ ਰਿਹਾ ਹੈ ਤਾਂ ਮੈਂ ਉਸ ਨੂੰ ਫ਼ੜਿਆ ਅਤੇ ਸਿਕਲਗ ਵਿੱਚ ਹੀ ਉਸ ਨੂੰ ਵੱਢ ਸੁੱਟਿਆ। ਇਹ੍ਹੋ ਇਨਾਮ ਉਸ ਨੂੰ ਮੈਂ ਇਸ ਖਬਰ ਦੇ ਬਦਲੇ ਦਿੱਤਾ। 11 ਇੰਝ ਹੀ ਮੈਂ ਤੁਹਾਨੂੰ ਵੱਢ ਸੁੱਟਾਂਗਾ ਅਤੇ ਇਸ ਧਰਤੀ ਤੋਂ ਨਾਸ ਕਰਾਂਗਾ। ਕਿਉਂ ਕਿ ਤੁਸੀਂ ਇੱਕ ਭਲੇ ਆਦਮੀ ਨੂੰ ਉਸ ਦੇ ਆਪਣੇ ਹੀ ਘਰ ਵਿੱਚ, ਉਹ ਵੀ ਸੁੱਤੇ ਪਏ ਨੂੰ ਜੋ ਕਿ ਆਪਣੇ ਹੀ ਘਰ ਵਿੱਚ ਆਪਣੇ ਹੀ ਬਿਸਤਰ ਤੇ ਸੁੱਤਾ ਪਿਆ ਹੈ, ਉਸ ਨੂੰ ਕਤਲ ਕੀਤਾ ਹੈ।”
12 ਤਾਂ ਦਾਊਦ ਨੇ ਨੌਜੁਆਨ ਸਿਪਾਹੀਆਂ ਨੂੰ ਰੇਕਾਬ ਅਤੇ ਬਆਨਾਹ ਨੂੰ ਵੱਢ ਦੇਣ ਦਾ ਹੁਕਮ ਦਿੱਤਾ। ਤਾਂ ਉਨ੍ਹਾਂ ਨੇ ਰੇਕਾਬ ਅਤੇ ਬਆਨਾਹ ਦੇ ਹੱਥ-ਪੈਰ ਵੱਢਕੇ ਹਬਰੋਨ ਦੇ ਤਲਾਬ ਉੱਤੇ ਲਮਕਾ ਦਿੱਤਾ ਅਤੇ ਈਸ਼ਬੋਸ਼ਥ ਦੇ ਸਿਰ ਨੂੰ ਲੈ ਕੇ ਉਨ੍ਹਾਂ ਨੇ ਹਬਰੋਨ ਦੇ ਵਿੱਚਕਾਰ ਅਬਨੇਰ ਦੀ ਕਬਰ ਵਿੱਚ ਉਸ ਨੂੰ ਦਫ਼ਨਾ ਦਿੱਤਾ।
ਇਸਰਾਏਲੀ ਦਾਊਦ ਨੂੰ ਪਾਤਸ਼ਾਹ ਬਣਾਉਂਦੇ ਹਨ
5 ਫ਼ਿਰ ਇਸਰਾਏਲ ਦੇ ਸਾਰੇ ਪਰਿਵਾਰ-ਸਮੂਹ ਹਬਰੋਨ ਵਿੱਚ ਦਾਊਦ ਕੋਲ ਆਏ ਅਤੇ ਉਸ ਨੂੰ ਕਹਿਣ ਲੱਗੇ, “ਵੇਖੋ! ਅਸੀਂ ਸਾਰੇ ਇੱਕ ਹੀ ਪਰਿਵਾਰ, [b] ਇੱਕੋ ਹੀ ਮਾਸ ਅਤੇ ਖੂਨ ਦੇ ਹਾਂ! 2 ਇੱਥੋਂ ਤੱਕ ਕਿ ਜਦੋਂ ਸ਼ਾਊਲ ਵੀ ਸਾਡਾ ਪਾਤਸ਼ਾਹ ਸੀ, ਉਦੋਂ ਵੀ ਤੁਸੀਂ ਹੀ ਲੜਾਈ ਵਿੱਚ ਸਾਡੇ ਆਗੂ ਸੀ ਅਤੇ ਉਹ ਤੁਸੀਂ ਹੀ ਸੀ ਜਿਨ੍ਹਾਂ ਨੇ ਇਸਰਾਏਲੀਆਂ ਨੂੰ ਲੜਾਈ ਵਿੱਚੋਂ ਬਾਹਰ ਲੈ ਆਂਦਾ। ਅਤੇ ਯਹੋਵਾਹ ਨੇ ਤੈਨੂੰ ਆਖਿਆ ਹੈ ਕਿ ਤੂੰ ਮੇਰੇ ਲੋਕਾਂ, ਇਸਰਾਏਲੀਆਂ ਦਾ ਅਯਾਲੀ ਹੋਵੇਂਗਾ। ਅਤੇ ਤੂੰ ਹੀ ਇਸਰਾਏਲ ਉੱਪਰ ਸ਼ਾਸਕ ਹੋਵੇਂਗਾ।”
3 ਇਸਰਾਏਲ ਦੇ ਸਾਰੇ ਆਗੂ ਹਬਰੋਨ ਵਿੱਚ ਪਾਤਸ਼ਾਹ ਦਾਊਦ ਨੂੰ ਮਿਲਣ ਲਈ ਆਏ। ਦਾਊਦ ਨੇ ਇਨ੍ਹਾਂ ਬਜ਼ੁਰਗਾਂ ਨਾਲ ਯਹੋਵਾਹ ਦੇ ਸਾਹਮਣੇ ਇੱਕ ਇਕਰਾਰਨਾਮਾ ਕੀਤਾ। ਫ਼ੇਰ ਇਨ੍ਹਾਂ ਸਾਰੇ ਪਰਿਵਾਰਾਂ ਦੇ ਬਜ਼ੁਰਗਾਂ ਨੇ ਦਾਊਦ ਨੂੰ ਇਸਰਾਏਲ ਦਾ ਰਾਜਾ ਹੋਣ ਵਜੋਂ ਮਸਹ ਕੀਤਾ।
4 ਦਾਊਦ ਨੇ ਜਦੋਂ ਰਾਜ ਕਰਨਾ ਸ਼ੁਰੂ ਕੀਤਾ ਉਦੋਂ ਉਹ 30 ਵਰ੍ਹਿਆਂ ਦਾ ਸੀ ਅਤੇ ਉਸ ਨੇ 40 ਵਰ੍ਹੇ ਰਾਜ ਕੀਤਾ। 5 ਉਸ ਨੇ ਸੱਤ ਵਰ੍ਹੇ ਛੇ ਮਹੀਨੇ ਯਹੂਦਾਹ ਉੱਤੇ ਹਬਰੋਨ ਵਿੱਚ, ਅਤੇ ਯਰੂਸ਼ਲਮ ਵਿੱਚ 33 ਵਰ੍ਹੇ ਰਾਜ ਕੀਤਾ।
ਦਾਊਦ ਦਾ ਯਰੂਸ਼ਲਮ ਸ਼ਹਿਰ ਨੂੰ ਜਿੱਤਣਾ
6 ਫ਼ਿਰ ਪਾਤਸ਼ਾਹ ਅਤੇ ਉਸ ਦੇ ਆਦਮੀ ਯਾਰੁਸ਼ਲਮ ਵਿੱਚ ਰਹਿੰਦੇ ਯਬੂਸੀਆਂ ਦੇ ਵਿਰੁੱਧ ਗਏ। ਯਬੂਸੀਆਂ ਨੇ ਦਾਊਦ ਨੂੰ ਕਿਹਾ, “ਤੂੰ ਸਾਡੇ ਸ਼ਹਿਰ ਵਿੱਚ ਪ੍ਰਵੇਸ਼ ਨਾ ਕਰ ਸੱਕੇਂਗਾ। [c] ਸਾਡੇ ਅੰਨ੍ਹੇ ਤੇ ਲੰਗੜ੍ਹੇ ਲੋਕ ਵੀ ਤੈਨੂੰ ਅੰਦਰ ਆਉਣ ਤੋਂ ਰੋਕ ਸੱਕਦੇ ਹਨ।” (ਇਹ ਉਨ੍ਹਾਂ ਇਸ ਲਈ ਆਖਿਆ ਕਿਉਂ ਕਿ ਉਹ ਸੋਚਦੇ ਸਨ ਕਿ ਉਨ੍ਹਾਂ ਦੇ ਸ਼ਹਿਰਾਂ ਵਿੱਚ ਵੜਨਾ ਇੰਨਾ ਔਖਾ ਸੀ ਕਿ ਦਾਊਦ ਵੀ ਸਫ਼ਲ ਨਹੀਂ ਹੋ ਸੱਕੇਗਾ। 7 ਪਰ ਦਾਊਦ ਨੇ ਸੀਯੋਨ ਦਾ ਕਿਲਾ ਲੈ ਲਿਆ। ਫ਼ਿਰ ਇਹ ਕਿਲਾ ਦਾਊਦ ਦਾ ਨਗਰ ਬਣ ਗਿਆ।)
8 ਉਸ ਦਿਨ ਦਾਊਦ ਨੇ ਆਪਣੇ ਆਦਮੀਆਂ ਨੂੰ ਕਿਹਾ, “ਜੇਕਰ ਤੁਸੀਂ ਯਬੂਸੀਆਂ ਨੂੰ ਹਰਾਉਣਾ ਚਾਹੁੰਦੇ ਹੋ ਤਾਂ ਉਸ ਪਰਨਾਲੇ ਵੱਲੋਂ ਦੀ ਲੰਘੋ ਅਤੇ ਉਨ੍ਹਾਂ ਅੰਨ੍ਹੇ ਅਤੇ ਲੰਗੜ੍ਹੇ ਦੁਸ਼ਮਣਾਂ ਤੀਕ ਪਹੁੰਚੋ। ਇਸੇ ਲਈ ਲੋਕ ਕਹਿੰਦੇ ਹਨ ਕਿ ਅੰਨਿਆਂ ਅਤੇ ਲੰਗੜਿਆਂ ਦੇ ਹੁੰਦਿਆਂ ਉਹ ਭਵਨ ਵਿੱਚ ਨਹੀਂ ਵੜੇਗਾ।”
9 ਦਾਊਦ ਉਸ ਕਿਲ੍ਹੇ ਵਿੱਚ ਰਿਹਾ ਅਤੇ ਇਸ ਨੂੰ “ਦਾਊਦ ਦਾ ਸ਼ਹਿਰ” ਆਖਿਆ। ਉਸ ਨੇ ਮਿਲੋ [d] ਤੋਂ ਲੈ ਕੇ ਸ਼ਹਿਰ ਦਾ ਵਿਕਾਸ ਕੀਤਾ ਅਤੇ ਇਸ ਸ਼ਹਿਰ ਅੰਦਰ ਹੋਰ ਵੀ ਘਰਾਂ ਦਾ ਨਿਰਮਾਣ ਕੀਤਾ। 10 ਦਾਊਦ ਦਿਨੋ-ਦਿਨ ਤਾਕਤਵਰ ਹੁੰਦਾ ਗਿਆ ਕਿਉਂ ਕਿ ਸਰਬਸ਼ਕਤੀਮਾਨ ਯਹੋਵਾਹ ਉਸ ਦੇ ਨਾਲ ਸੀ।
11 ਤਦ ਸੋਰ ਦੇ ਪਾਤਸ਼ਾਹ ਹੀਰਾਮ ਨੇ ਸੰਦੇਸ਼ਵਾਹਕ, ਦਿਆਰ ਦੀ ਲੱਕੜ ਅਤੇ ਤਰੱਖਾਣ ਅਤੇ ਪੱਥਰ ਘੜਣ ਵਾਲਿਆਂ ਨੂੰ ਦਾਊਦ ਕੋਲ ਭੇਜਿਆ ਅਤੇ ਉਨ੍ਹਾਂ ਨੇ ਦਾਊਦ ਦੇ ਲਈ ਮਹਿਲ ਤਿਆਰ ਕੀਤਾ। 12 ਤਾਂ ਦਾਊਦ ਜਾਣ ਗਿਆ ਕਿ ਯਹੋਵਾਹ ਨੇ ਉਸ ਨੂੰ ਇਸਰਾਏਲ ਦਾ ਪਾਤਸ਼ਾਹ ਬਣਾ ਦਿੱਤਾ ਹੈ। ਅਤੇ ਦਾਊਦ ਜਾਣ ਗਿਆ ਕਿ ਯਹੋਵਾਹ ਨੇ ਉਸ ਦੇ ਰਾਜ ਨੂੰ ਪਰਮੇਸ਼ੁਰ ਦੇ ਲੋਕਾਂ, ਇਸਰਾਏਲ ਦੇ ਲੋਕਾਂ ਲਈ ਹੀ ਵੱਧਾਇਆ ਸੀ।
13 ਦਾਊਦ ਹਬਰੋਨ ਤੋਂ ਯਰੂਸ਼ਲਮ ਨੂੰ ਚੱਲਿਆ ਗਿਆ। ਯਰੂਸ਼ਲਮ ਵਿੱਚ ਉਸ ਕੋਲ ਹੋਰ ਵੱਧੇਰੇ ਦਾਸੀਆਂ ਅਤੇ ਪਤਨੀਆਂ ਦੀ ਗਿਣਤੀ ਵੱਧ ਗਈ ਅਤੇ ਉਨ੍ਹਾਂ ਤੋਂ ਹੋਰ ਵੱਧੇਰੇ ਔਲਾਦ ਵੀ ਪੈਦਾ ਹੋਈ। ਇਉਂ ਦਾਊਦ ਦਾ ਵੱਡਾ ਪਰਿਵਾਰ ਹੋਇਆ। 14 ਯਰੂਸ਼ਲਮ ਵਿੱਚ ਦਾਊਦ ਦੇ ਜਿਹੜੇ ਪੁੱਤਰ ਪੈਦਾ ਹੋਏ ਉਨ੍ਹਾਂ ਦੇ ਨਾਉਂ ਸਨ: ਸ਼ਮੂਆਹ, ਸ਼ੋਬਾਬ, ਨਾਥਾਨ ਅਤੇ ਸੁਲੇਮਾਨ। 15 ਯਿਬਹਾਰ, ਅਲੀਸ਼ੂਆ, ਨਫ਼ਗ ਅਤੇ ਯਾਫ਼ੀਆ, 16 ਅਲੀਸ਼ਾਮਾ, ਅਲਯਾਦਾ ਅਤੇ ਅਲੀਫ਼ਾਲਟ।
ਦਾਊਦ ਦੀ ਫ਼ਲਿਸਤੀਆਂ ਦੇ ਵਿਰੁੱਧ ਲੜਾਈ
17 ਜਦੋਂ ਫ਼ਲਿਸਤੀਆਂ ਨੇ ਸੁਣਿਆ ਕਿ ਉਨ੍ਹਾਂ ਦਾਊਦ ਨੂੰ ਮਸਹ ਕਰਕੇ ਇਸਰਾਏਲ ਦਾ ਪਾਤਸ਼ਾਹ ਬਣਾਇਆ ਹੈ ਤਦ ਸਾਰੇ ਫ਼ਲਿਸਤੀਆਂ ਨੇ ਦਾਊਦ ਦੇ ਲੱਭਣ ਲਈ ਚੜ੍ਹਾਈ ਕੀਤੀ ਤਾਂ ਜੋ ਉਸ ਨੂੰ ਜਾਨੋਂ ਮਾਰ ਸੁੱਟਣ ਪਰ ਜਦ ਦਾਊਦ ਨੂੰ ਖਬਰ ਲਗੀ ਤਾਂ ਉਹ ਯਰੂਸ਼ਲਮ ਦੇ ਕਿਲੇ ਵਿੱਚ ਚੱਲਾ ਗਿਆ। 18 ਅਤੇ ਫ਼ਲਿਸਤੀ ਆਏ ਅਤੇ ਰਫ਼ਾਈਆਂ ਦੀ ਵਾਦੀ ਵਿੱਚ ਡੇਰੇ ਲਾ ਲਏ।
19 ਦਾਊਦ ਨੇ ਯਹੋਵਾਹ ਨੂੰ ਇਹ ਆਖਦੇ ਹੋਏ ਪੁੱਛਿਆ, “ਕੀ ਮੈਂ ਫ਼ਲਿਸਤੀਆਂ ਦੇ ਵਿਰੁੱਧ ਲੜਾਈ ਕਰਾਂ? ਕੀ ਯਹੋਵਾਹ ਤੂੰ ਫ਼ਲਿਸਤੀਆਂ ਨੂੰ ਹਰਾਉਣ ’ਚ ਮੇਰੀ ਮਦਦ ਕਰੇਂਗਾ?”
ਯਹੋਵਾਹ ਨੇ ਦਾਊਦ ਨੂੰ ਕਿਹਾ, “ਹਾਂ, ਮੈਂ ਫ਼ਲਿਸਤੀਆਂ ਨੂੰ ਹਰਾਉਣ ਵਿੱਚ ਜ਼ਰੂਰ ਤੇਰੀ ਮਦਦ ਕਰਾਂਗਾ।”
20 ਤਦ ਦਾਊਦ ਬਆਲ ਪਰਾਸੀਮ ਵਿੱਚ ਆਇਆ, ਉੱਥੇ ਦਾਊਦ ਨੇ ਉਨ੍ਹਾਂ ਨੂੰ ਮਾਰਿਆ ਅਤੇ ਆਖਿਆ, “ਯਹੋਵਾਹ ਨੇ ਮੇਰੇ ਵੈਰੀਆਂ ਨੂੰ ਇੰਝ ਨਾਸ ਕੀਤਾ ਹੈ ਜਿਵੇਂ ਬੰਧ ਟੁੱਟਣ ਨਾਲ ਪਾਣੀ ਸਭ ਕੁਝ ਵਹਾਅ ਕੇ ਲੈ ਜਾਂਦਾ ਹੈ।” ਇਸੇ ਲਈ ਦਾਊਦ ਨੇ ਉਸ ਜਗ੍ਹਾ ਦਾ ਨਾਂ “ਬਆਲ ਪਰਾਸੀਮ” ਰੱਖਿਆ। 21 ਫ਼ਲਿਸਤੀਆਂ ਨੇ ਆਪਣੇ ਦੇਵਤਿਆਂ ਦੀਆਂ ਮੂਰਤਾਂ ਨੂੰ ਬਆਲ ਪਰਾਸੀਮ ਵਿੱਚ ਹੀ ਛੱਡਿਆ ਤ੍ਤੇ ਉੱਥੋਂ ਚੱਲੇ ਗਏ ਤਾਂ ਦਾਊਦ ਅਤੇ ਉਸ ਦੇ ਲੋਕਾਂ ਨੇ ਉਨ੍ਹਾਂ ਮੂਰਤਾਂ ਨੂੰ ਉੱਥੋਂ ਚੁੱਕ ਲਿਆ।
22 ਫ਼ਲਿਸਤੀ ਫ਼ਿਰ ਆਏ ਅਤੇ ਰਫ਼ਾਈਆਂ ਦੀ ਵਾਦੀ ਵਿੱਚ ਫ਼ਿਰ ਤੰਬੂ ਲਾਏ।
23 ਦਾਊਦ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ। ਇਸ ਵਾਰ ਯਹੋਵਾਹ ਨੇ ਦਾਊਦ ਨੂੰ ਕਿਹਾ, “ਉੱਥੇ ਇਸ ਵਾਰ ਨਾ ਜਾਵੀਂ। ਪਰ ਪਿੱਛੇ ਹੋਕੇ ਪਿੱਛੋਂ ਦੀ ਉਨ੍ਹਾਂ ਨੂੰ ਘੇਰਾ ਪਾ ਅਤੇ ਤੂਤਾਂ ਦੇ ਬਿਰੱਖਾਂ ਦੇ ਸਾਹਮਣੇ ਹੋਕੇ ਉਨ੍ਹਾਂ ਉੱਤੇ ਹਮਲਾ ਕਰ। 24 ਅਤੇ ਇੰਝ ਹੋਵੇ ਕਿ ਜਿਸ ਵਕਤ ਤੂੰ ਤੂਤਾਂ ਦੇ ਬਿਰੱਖਾਂ ਦੀਆਂ ਉੱਪਰਲੀਆਂ ਟਾਹਣੀਆਂ ਵਿੱਚ ਤੁਰਨ ਦਾ ਖੜਕਾ ਸੁਣੇਂ ਤਾਂ ਸੁਚੇਤ ਹੋ ਕਿਉਂ ਕਿ ਉਸ ਵੇਲੇ ਯਹੋਵਾਹ ਤੇਰੇ ਅੱਗੇ-ਅੱਗੇ ਤੁਰਕੇ ਫ਼ਲਿਸਤੀਆਂ ਦੇ ਦਲ ਨੂੰ ਮਾਰੇਗਾ।”
25 ਤਾਂ ਦਾਊਦ ਨੇ ਉਵੇਂ ਹੀ ਕੀਤਾ ਜਿਵੇਂ ਯਹੋਵਾਹ ਦਾ ਹੁਕਮ ਹੋਇਆ। ਤਾਂ ਫ਼ਿਰ ਫ਼ਲਿਸਤੀਆਂ ਨੂੰ ਉਸ ਨੇ ਹਾਰ ਦਿੱਤੀ। ਉਸ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਗੱਬਾਹ ਤੋਂ ਲੈ ਕੇ ਗਹਰ ਤੱਕ ਪਹੁੰਚਦੇ ਉਨ੍ਹਾਂ ਨੂੰ ਵੱਢ-ਵੱਢ ਕੇ ਮਾਰ ਸੁੱਟਿਆ।
ਤੁਹਾਨੂੰ ਅਵਸ਼ ਪਹਿਲਾਂ ਵਿਉਂਤ ਬਨਾਉਣੀ ਚਾਹੀਦੀ ਹੈ(A)
25 ਯਿਸੂ ਨਾਲ ਵੱਡੀ ਭੀੜ ਚੱਲ ਰਹੀ ਸੀ, ਅਤੇ ਯਿਸੂ ਉਨ੍ਹਾਂ ਵੱਲ ਮੁੜਿਆ ਅਤੇ ਆਖਿਆ। 26 “ਜੇਕਰ ਕੋਈ ਮਨੁੱਖ ਮੇਰੇ ਕੋਲ ਆਉਂਦਾ ਹੈ ਪਰ ਉਹ ਆਪਣੇ ਪਿਤਾ, ਮਾਤਾ, ਪਤਨੀ, ਬੱਚਿਆਂ ਭਰਾਵਾਂ ਜਾਂ ਭੈਣਾਂ ਨੂੰ ਮੇਰੇ ਨਾਲੋਂ ਵੱਧ ਪਿਆਰ ਕਰਦਾ ਹੈ ਤਾਂ ਉਹ ਮਨੁੱਖ ਮੇਰਾ ਚੇਲਾ ਨਹੀਂ ਹੋ ਸੱਕਦਾ। ਬੰਦੇ ਨੂੰ ਹੋਰ ਕਿਸੇ ਵੀ ਚੀਜ਼ ਨਾਲੋਂ ਵੱਧ ਆਪਣੀ ਜ਼ਿੰਦਗੀ ਨਾਲੋਂ ਵੀ ਵੱਧ, ਮੈਨੂੰ ਪਿਆਰ ਕਰਨਾ ਚਾਹੀਦਾ ਹੈ। 27 ਕੋਈ ਵੀ ਮਨੁੱਖ ਜਿਹੜਾ ਆਪਣੀ ਸਲੀਬ ਚੁੱਕ ਕੇ ਮੇਰੇ ਮਗਰ ਨਹੀਂ ਆ ਸੱਕਦਾ ਉਹ ਮੇਰਾ ਚੇਲਾ ਨਹੀਂ ਹੋ ਸੱਕਦਾ।
28 “ਜੇਕਰ ਤੁਸੀਂ ਕੋਈ ਇਮਾਰਤ ਬਨਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਪਹਿਲਾਂ ਬੈਠਕੇ ਸੋਚਣਾ ਚਾਹੀਦਾ ਹੈ ਕਿ ਇਸ ਉੱਤੇ ਕਿੰਨਾ ਖਰਚਾ ਹੋਵੇਗਾ। ਤੇ ਤੁਹਾਨੂੰ ਇਹ ਵੀ ਹਿਸਾਬ ਲਗਾਉਣਾ ਪਵੇਗਾ ਕਿ ਇਸ ਕਾਰਜ ਦੇ ਪੂਰਾ ਕਰਨ ਲਈ ਕੀ ਤੁਹਾਡੇ ਪਾਸ ਕਾਫ਼ੀ ਧਨ ਹੈ। 29 ਜੇਕਰ ਤੁਸੀਂ ਇੰਝ ਨਹੀਂ ਕਰਦੇ ਹੋ ਤਾਂ ਹੋ ਸੱਕਦਾ ਹੈ ਕਿ ਤੁਸੀਂ ਕੰਮ ਸ਼ੁਰੂ ਤਾਂ ਕਰਵਾ ਲਵੋ ਪਰ ਪੂਰਾ ਕਰਨ ਦੇ ਸਮਰੱਥ ਨਾ ਹੋਵੋ। ਜੇਕਰ ਤੁਸੀਂ ਇਸ ਨੂੰ ਪੂਰਾ ਨਹੀਂ ਕਰ ਸੱਕਦੇ, ਤਾਂ ਜੋ ਕੋਈ ਇਸ ਨੂੰ ਵੇਖੇਗਾ ਤੁਹਾਡੇ ਉੱਤੇ ਹੱਸਣਾ ਸ਼ੁਰੂ ਕਰ ਦੇਵੇਗਾ। 30 ਉਹ ਆਖਣਗੇ ‘ਇਸ ਆਦਮੀ ਨੇ ਬਨਾਉਣਾ ਤਾਂ ਸ਼ੁਰੂ ਕਰ ਲਿਆ ਪਰ ਉਹ ਇਸ ਨੂੰ ਮੁਕੰਮਲ ਨਹੀਂ ਕਰ ਸੱਕਾ।’
31 “ਜੇਕਰ ਕੋਈ ਬਾਦਸ਼ਾਹ ਕਿਸੇ ਦੂਸਰੇ ਬਾਦਸ਼ਾਹ ਦੇ ਵਿਰੁੱਧ ਜੰਗ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਬੈਠਕੇ ਸੋਚਣਾ ਚਾਹੀਦਾ ਹੈ ਕਿ ਕੀ ਉਹ ਆਪਣੀ ਦਸ ਹਜ਼ਾਰ ਸੈਨਕਾਂ ਦੀ ਸੈਨਾ ਨਾਲ ਉਸ ਰਾਜੇ ਨੂੰ ਹਰਾ ਸੱਕਦਾ ਹੈ ਜੋ ਉਸ ਦੇ ਵਿਰੁੱਧ ਵੀਹ ਹਜ਼ਾਰ ਸੈਨਕਾਂ ਦੀ ਸੈਨਾ ਲੈ ਕੇ ਆਉਂਦਾ ਹੈ? 32 ਜੇਕਰ ਉਹ ਸੋਚਦਾ ਹੈ ਕਿ ਉਹ ਉਸ ਦੂਜੇ ਰਾਜੇ ਨੂੰ ਹਰਾਉਣ ਦੇ ਯੋਗ ਨਹੀਂ ਹੈ, ਤਾਂ ਉਹ ਸ਼ਾਂਤੀ ਦੇ ਕਰਾਰ ਨਾਲ ਆਪਣੇ ਕੁਝ ਆਦਮੀਆਂ ਨੂੰ ਉਸ ਕੋਲ ਭੇਜੇਗਾ।
33 “ਇਸੇ ਤਰ੍ਹਾਂ ਤੁਹਾਡੇ ਵਿੱਚੋਂ ਹਰ ਇੱਕ ਨੂੰ ਮੇਰੇ ਪਿੱਛੇ ਲੱਗਣ ਤੋਂ ਪਹਿਲਾਂ ਵਿਉਂਤ ਬਨਾਉਣੀ ਚਾਹੀਦੀ ਹੈ। ਮੇਰੇ ਪਿੱਛੇ ਲੱਗਣ ਲਈ ਤੁਹਾਨੂੰ ਆਪਣੀ ਹਰ ਚੀਜ਼ ਛੱਡਣੀ ਪਵੇਗੀ। ਜੇਕਰ ਤੁਸੀਂ ਅਜਿਹਾ ਨਹੀਂ ਕਰੋਂਗੇ, ਤਾਂ ਤੁਸੀਂ ਮੇਰੇ ਚੇਲੇ ਨਹੀਂ ਹੋ ਸੱਕਦੇ।
ਆਪਣਾ ਪ੍ਰਭਾਵ ਨਾ ਛੱਡੋ(B)
34 “ਲੂਣ ਚੰਗਾ ਹੈ, ਪਰ ਜੇਕਰ ਇਹ ਆਪਣਾ ਲੂਣਾਪਣ ਗੁਆ ਲਵੇ ਤਾਂ ਫ਼ਿਰ ਇਹ ਵਿਅਰਥ ਹੈ। ਤੁਸੀਂ ਫ਼ਿਰ ਇਸ ਨੂੰ ਸਲੂਣਾ ਨਹੀਂ ਕਰ ਸੱਕਦੇ। 35 ਨਾ ਤਾਂ ਇਹ ਮਿੱਟੀ ਲਈ ਇਸਤੇਮਾਲ ਹੁੰਦਾ ਹੈ ਅਤੇ ਨਾ ਹੀ ਇਸ ਨੂੰ ਖਾਦ ਵਾਂਗ ਇਸਤੇਮਾਲ ਕੀਤਾ ਜਾ ਸੱਕਦਾ ਹੈ। ਲੋਕ ਇਸ ਨੂੰ ਇਵੇਂ ਹੀ ਸੁੱਟ ਦਿੰਦੇ ਹਨ।
“ਕੰਨਾਂ ਵਾਲੇ ਵਿਅਕਤੀ ਨੂੰ ਸੁਨਣ ਦਿਉ।”
2010 by World Bible Translation Center