Old/New Testament
7 ਤਦ ਕਿਰਯਥ-ਯਾਰੀਮ ਦੇ ਲੋਕ ਆਏ ਅਤੇ ਯਹੋਵਾਹ ਦੇ ਸੰਦੂਕ ਨੂੰ ਅਬੀਨਾਦਾਬ ਦੇ ਘਰ ਜੋ ਕਿ ਪਹਾੜੀ ਉੱਪਰ ਸੀ ਉੱਥੇ ਛੱਡ ਆਏ। ਉਨ੍ਹਾਂ ਨੇ ਅਬੀਨਾਦਾਬ ਦੇ ਪੁੱਤਰ ਅਲਆਜ਼ਾਰ ਨੂੰ ਖਾਸ ਰਸਮ ਨਾਲ ਪਵਿੱਤਰ ਕੀਤਾ, ਤਾਂ ਜੋ ਉਹ ਯਹੋਵਾਹ ਦੇ ਸੰਦੂਕ ਦੀ ਰਾਖੀ ਕਰ ਸੱਕੇ। 2 ਕਿਰਯਥ-ਯਾਰੀਮ ਵਿੱਚ ਉਹ ਸੰਦੂਕ ਤਕਰੀਬਨ 20 ਵਰ੍ਹੇ ਪਿਆ ਰਿਹਾ।
ਯਹੋਵਾਹ ਦਾ ਇਸਰਾਏਲੀਆਂ ਨੂੰ ਬਚਾਉਣਾ
ਇਸਰਾਏਲ ਦੇ ਲੋਕਾਂ ਨੇ ਮੁੜ ਤੋਂ ਯਹੋਵਾਹ ਨੂੰ ਮੰਨਣਾ ਸ਼ੁਰੂ ਕਰ ਦਿੱਤਾ। 3 ਸਮੂਏਲ ਨੇ ਇਸਰਾਏਲ ਦੇ ਲੋਕਾਂ ਨੂੰ ਕਿਹਾ, “ਜੇਕਰ ਤੁਸੀਂ ਸੱਚੇ ਦਿਲੋਂ ਯਹੋਵਾਹ ਵੱਲ ਵਾਪਸ ਪਰਤੇ ਹੋ ਤਾਂ ਤੁਸੀਂ ਸਾਰੇ ਬਾਹਰਲੇ ਦੇਵਤਿਆਂ ਨੂੰ ਸੁੱਟ ਦੇਵੋ। ਤੁਹਾਨੂੰ ਆਪਣੇ ਅਸ਼ਤਾਰੋਥ ਦੇ ਬੁੱਤ ਨੂੰ ਵੀ ਸੁੱਟਣਾ ਹੋਵੇਗਾ ਅਤੇ ਤੁਹਾਨੂੰ ਪੂਰਨ ਰੂਪ ਵਿੱਚ ਇੱਕ ਮਨ ਯਹੋਵਾਹ ਨੂੰ ਆਪਣਾ-ਆਪ ਸਮਰਪਣ ਕਰਨਾ ਹੋਵੇਗਾ। ਤਾਂ ਹੀ ਯਹੋਵਾਹ ਤੁਹਾਨੂੰ ਫ਼ਲਿਸਤੀਆਂ ਕੋਲੋਂ ਬਚਾਵੇਗਾ।”
4 ਤਾਂ ਫ਼ਿਰ ਇਸਰਾਏਲੀਆਂ ਨੇ ਆਪਣੇ ਬਆਲੀਮ ਅਤੇ ਅਸ਼ਤਾਰੋਥ ਦੇ ਬੁੱਤਾਂ ਨੂੰ ਬਾਹਰ ਕੱਢ ਸੁੱਟਿਆ। ਅਤੇ ਕੇਵਲ ਯਹੋਵਾਹ ਦੀ ਸੇਵਾ ਕਰਨ ਲੱਗ ਪਏ।
5 ਸਮੂਏਲ ਨੇ ਕਿਹਾ, “ਮਿਸਫ਼ਾਹ ਵਿੱਚ ਤੁਸੀਂ ਸਾਰੇ ਇਸਰਾਏਲੀਆਂ ਨੂੰ ਇਕੱਠੇ ਕਰੋ ਤਾਂ ਤੁਹਾਡੇ ਲਈ ਯਹੋਵਾਹ ਅੱਗੇ ਮੈਂ ਬੇਨਤੀ ਕਰਾਂਗਾ।”
6 ਸਾਰੇ ਇਸਰਾਏਲੀ ਮਿਸਫ਼ਾਹ ਵਿੱਚ ਇੱਕਤਰ ਹੋਏ। ਉਨ੍ਹਾਂ ਨੇ ਪਾਣੀ ਭਰਕੇ ਯਹੋਵਾਹ ਦੇ ਅੱਗੇ ਰੋੜ੍ਹਿਆ ਅਤੇ ਉਸ ਦਿਨ ਵਰਤ ਰੱਖਿਆ ਉਸ ਦਿਨ ਉਨ੍ਹਾਂ ਨੇ ਕੁਝ ਵੀ ਨਾ ਖਾਧਾ, ਅਤੇ ਆਪਣੇ ਪਾਪਾਂ ਨੂੰ ਕਬੂਲ ਕੀਤਾ ਅਤੇ ਕਿਹਾ, “ਅਸੀਂ ਯਹੋਵਾਹ ਦੇ ਨਾਲ ਧ੍ਰੋਹ ਕੀਤਾ ਅਤੇ ਪਾਪ ਕੀਤਾ ਹੈ।” ਅਤੇ ਮਿਸਫ਼ਾਹ ਦੇ ਵਿੱਚ ਸਮੂਏਲ ਦੇ ਇਸਰਾਏਲੀਆਂ ਦਾ ਨਿਆਉਂ ਕੀਤਾ।
7 ਜਦੋਂ ਫ਼ਲਿਸਤੀਆਂ ਨੂੰ ਪਤਾ ਲੱਗਾ ਕਿ ਇਸਰਾਏਲੀ ਮਿਸਫ਼ਾਹ ਵਿੱਚ ਇਕੱਠੇ ਹੋਏ ਹਨ ਤਾਂ ਉਨ੍ਹਾਂ ਦੇ ਸ਼ਾਸਕਾਂ ਨੇ ਇਸਰਾਏਲੀਆਂ ਉੱਪਰ ਹਮਲਾ ਕਰ ਦਿੱਤਾ। ਜਦੋਂ ਇਸਰਾਏਲੀਆਂ ਨੂੰ ਫ਼ਲਿਸਤੀਆਂ ਬਾਰੇ ਪਤਾ ਲੱਗਾ ਤਾਂ ਉਹ ਡਰ ਗਏ। 8 ਇਸਰਾਏਲੀਆਂ ਨੇ ਸਮੂਏਲ ਨੂੰ ਕਿਹਾ, “ਚੁੱਪ ਨਾ ਰਹੋ? ਸਾਡੇ ਯਹੋਵਾਹ ਪਰਮੇਸ਼ੁਰ ਅੱਗੇ ਬੇਨਤੀ ਕਰੀ ਜਾਵੋ? ਯਹੋਵਾਹ ਨੂੰ ਆਖੋ ਕਿ ਸਾਨੂੰ ਫ਼ਲਿਸਤੀਆਂ ਕੋਲੋਂ ਬਚਾਵੋ।”
9 ਸਮੂਏਲ ਨੇ ਇੱਕ ਛੋਟਾ ਲੇਲਾ ਲਿਆ ਅਤੇ ਇਸ ਨੂੰ ਹੋਮ ਦੀ ਭੇਟ ਵਜੋਂ ਯਹੋਵਾਹ ਦੇ ਅੱਗੇ ਚੜ੍ਹਾਇਆ। ਉਸ ਨੇ ਇਸਰਾਏਲ ਵਾਸਤੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਅਤੇ ਯਹੋਵਾਹ ਨੇ ਉਸ ਨੂੰ ਉੱਤਰ ਦਿੱਤਾ। 10 ਜਦੋਂ ਸਮੂਏਲ ਹੋਮ ਦੀ ਬਲੀ ਚੜ੍ਹਾ ਰਿਹਾ ਸੀ ਉਸ ਵਕਤ ਫ਼ਲਿਸਤੀ ਇਸਰਾਏਲ ਉੱਪਰ ਹਮਲਾ ਕਰਨ ਵਾਲੇ ਸਨ ਕਿ ਯਹੋਵਾਹ ਫ਼ਲਿਸਤੀਆਂ ਉੱਪਰ ਇੱਕ ਵੱਡੀ ਗਰਜਨ ਦੇ ਨਾਲ ਗਰਜਿਆ। ਫ਼ਲਿਸਤੀ ਇਸ ਨਾਲ ਘਬਰਾ ਗਏ। ਗਰਜਨ ਨੇ ਉਨ੍ਹਾਂ ਨੂੰ ਡਰਾ ਦਿੱਤਾ ਅਤੇ ਉਹ ਬੜੇ ਪਰੇਸ਼ਾਨ ਹੋ ਗਏ। ਉਨ੍ਹਾਂ ਦੇ ਆਗੂ ਆਪਣੇ ਵੱਸ ਵਿੱਚ ਨਾ ਰਹੇ, ਤਾਂ ਇਉਂ ਇਸਰਾਏਲੀਆਂ ਨੇ ਫ਼ਲਿਸਤੀਆਂ ਨੂੰ ਲੜਾਈ ਵਿੱਚ ਹਰਾ ਦਿੱਤਾ। 11 ਅਤੇ ਇਸਰਾਏਲੀਆਂ ਨੇ ਮਿਸਫ਼ਾਹ ਵਿੱਚੋਂ ਨਿਕਲਕੇ ਫ਼ਲਿਸਤੀਆਂ ਦਾ ਪਿੱਛਾ ਕੀਤਾ, ਅਤੇ ਬੈਤ-ਕਰ ਤੱਕ ਉਨ੍ਹਾਂ ਦੇ ਸਿਪਾਹੀਆਂ ਨੂੰ ਮਾਰਦੇ ਚੱਲੇ ਗਏ।
ਇਸਰਾਏਲ ਵਿੱਚ ਅਮਨ ਬਹਾਲ
12 ਇਸਤੋਂ ਬਾਦ, ਸਮੂਏਲ ਨੇ ਇੱਕ ਖਾਸ ਪੱਥਰ ਲੈ ਕੇ ਮਿਸਫ਼ਾਹ ਅਤੇ ਸ਼ੇਨ ਦੇ ਵਿੱਚਕਾਰ ਖੜ੍ਹਾ ਕੀਤਾ। ਇਸਦਾ ਨਾਮ ਉਸ ਨੇ ਅਬਨ-ਅਜ਼ਰ ਮਦਦ ਦਾ ਪੱਥਰ ਰੱਖਿਆ। ਇਹ ਸਭ ਉਸ ਨੇ ਇਸ ਲਈ ਕੀਤਾ ਤਾਂ ਜੋ ਲੋਕ ਪਰਮੇਸ਼ੁਰ ਦੀ ਕਰਨੀ ਨੂੰ ਯਾਦ ਰੱਖਣ। ਅਤੇ ਸਮੂਏਲ ਨੇ ਆਖਿਆ, “ਇੱਥੋਂ ਤੀਕ ਯਹੋਵਾਹ ਨੇ ਸਾਡੀ ਸਹਾਇਤਾ ਕੀਤੀ ਹੈ।”
13 ਫ਼ਲਿਸਤੀਆਂ ਦੀ ਹਾਰ ਹੋਈ ਤਾਂ ਫ਼ਿਰ ਉਹ ਕਦੇ ਇਸਰਾਏਲ ਦੀ ਧਰਤੀ ਤੇ ਨਾ ਵੜੇ। ਸਮੂਏਲ ਦੇ ਜੀਵਨ ਕਾਲ ਤੱਕ ਯਹੋਵਾਹ ਫ਼ਲਿਸਤੀਆਂ ਦੇ ਵਿਰੁੱਧ ਹੀ ਰਿਹਾ। 14 ਫ਼ਲਿਸਤੀਆਂ ਨੇ ਅਕਰੋਨ ਅਤੇ ਗਥ ਵਿੱਚਲੇ ਇਲਾਕੇ ਦੇ ਸਾਰੇ ਇਸਰਾਏਲੀ ਨਗਰ ਲੈ ਲਈ ਸਨ। ਪਰ ਇਸਰਾਏਲੀਆਂ ਨੇ ਇਨ੍ਹਾਂ ਨਗਰਾਂ ਨੂੰ ਇਨ੍ਹਾਂ ਦੇ ਆਲੇ-ਦੁਆਲੇ ਦੀ ਜ਼ਮੀਨ ਸਮੇਤ ਵਾਪਸ ਜਿੱਤ ਲਿਆ।
ਇਸਰਾਏਲ ਅਤੇ ਅਮੋਰੀਆਂ ਵਿੱਚਕਾਰ ਅਮਨ ਹੋ ਗਿਆ।
15 ਜਦੋਂ ਤੀਕ ਸਮੂਏਲ ਜਿਉਂਦਾ ਰਿਹਾ ਇਸਰਾਏਲ ਦਾ ਨਿਆਉਂ ਕਰਦਾ ਰਿਹਾ। 16 ਉਹ ਹਰ ਵਰ੍ਹੇ ਦੇਸ਼ ਦਾ ਦੌਰਾ ਕਰਦਾ। ਅਤੇ ਬੈਤੇਲ, ਗਿਲਗਾਲ ਅਤੇ ਮਿਸਫ਼ਾਹ ਵਿੱਚ ਫ਼ੇਰੀ ਕਰਦਾ। ਇੰਝ ਉਸ ਨੇ ਇਸਰਾਏਲ ਦੀਆਂ ਇਨ੍ਹਾਂ ਸਾਰੀਆਂ ਥਾਵਾਂ ਉੱਪਰ ਨਿਆਉਂ ਅਤੇ ਰਾਜ ਕੀਤਾ। 17 ਪਰ ਸਮੂਏਲ ਦਾ ਘਰ ਰਾਮਾਹ ਵਿੱਚ ਸੀ ਇਸ ਲਈ ਅਖੀਰ ਉਹ ਰਾਮਾਹ ਨੂੰ ਜ਼ਰੂਰ ਪਰਤਦਾ ਅਤੇ ਉਸ ਸ਼ਹਿਰ ਵਿੱਚੋਂ ਸਮੂਏਲ ਇਸਰਾਏਲ ਵਿੱਚ ਰਾਜ ਅਤੇ ਨਿਆਉਂ ਕਰਦਾ ਅਤੇ ਉੱਥੇ ਰਾਮਾਹ ਵਿੱਚ ਉਸ ਨੇ ਯਹੋਵਾਹ ਲਈ ਇੱਕ ਜਗਵੇਦੀ ਬਣਾਈ।
ਇਸਰਾਏਲ ਦੀ ਪਾਤਸ਼ਾਹ ਲਈ ਮੰਗ
8 ਜਦੋਂ ਸਮੂਏਲ ਬੁੱਢਾ ਹੋ ਗਿਆ ਤਾਂ ਉਸ ਨੇ ਇਸਰਾਏਲ ਉੱਪਰ ਨਿਆਉਂ ਕਰਨ ਲਈ ਆਪਣੇ ਪੁੱਤਰਾਂ ਨੂੰ ਠਹਿਰਾਇਆ। 2 ਸਮੂਏਲ ਦੇ ਜੇਠੇ ਪੁੱਤਰ ਦਾ ਨਾਉਂ ਯੋਏਲ ਸੀ ਅਤੇ ਦੂਜੇ ਪੁੱਤਰ ਦਾ ਅੱਬਿਯਾਹ। ਯੋਏਲ ਅਤੇ ਅੱਬਿਯਾਹ ਬਏਰਸ਼ਬਾ ਵਿੱਚ ਨਿਆਉਂ ਕਰਦੇ ਸਨ। 3 ਪਰ ਸਮੂਏਲ ਦੇ ਪੁੱਤਰ ਉਸ ਦੇ ਵਾਂਗ ਨਾ ਰਹੇ। ਯੋਏਲ ਅਤੇ ਅੱਬਿਯਾਹ ਨੇ ਰਿਸ਼ਵਤਾਂ ਲਈਆਂ ਅਤੇ ਅਦਾਲਤ ਵਿੱਚ ਆਪਣੇ ਨਿਆਂ ਬਦਲ ਦਿੰਦੇ ਸਨ। ਉਹ ਅਦਾਲਤ ਵਿੱਚ ਲੋਕਾਂ ਨਾਲ ਧੋਖਾ ਕਰਦੇ ਸਨ। [a] 4 ਤਾਂ ਇਸਰਾਏਲ ਦੇ ਸਾਰੇ ਬਜ਼ੁਰਗਾਂ ਨੇ ਇਕੱਠੇ ਹੋਕੇ ਇੱਕ ਸਭਾ ਕੀਤੀ ਅਤੇ ਉਹ ਸਮੂਏਲ ਨੂੰ ਮਿਲਣ ਲਈ ਰਾਮਾਹ ਵਿੱਚ ਗਏ। 5 ਬਜ਼ੁਰਗਾਂ ਨੇ ਸਮੂਏਲ ਨੂੰ ਕਿਹਾ, “ਤੂੰ ਹੁਣ ਬੁੱਢਾ ਹੋ ਗਿਆ ਹੈਂ ਅਤੇ ਤੇਰੇ ਪੁੱਤਰ ਸਹੀ ਮਾਰਗ ਉੱਤੇ ਨਹੀਂ ਚੱਲ ਰਹੇ, ਉਹ ਤੇਰੇ ਨਕਸ਼ੇ ਕਦਮਾਂ ਉੱਤੇ ਨਹੀਂ ਚੱਲਦੇ ਸੋ ਸਾਨੂੰ ਕੋਈ ਅਜਿਹਾ ਬਾਦਸ਼ਾਹ ਦੇ ਜੋ ਬਾਕੀ ਕੌਮਾਂ ਵਾਂਗ ਸਾਡੇ ਉੱਤੇ ਰਾਜ ਕਰ ਸੱਕੇ।”
6 ਉਨ੍ਹਾਂ ਬਜ਼ੁਰਗਾਂ ਨੇ ਜੋ ਇਹ ਆਖਿਆ ਕਿ ਸਾਨੂੰ ਕੋਈ ਅਜਿਹਾ ਪਾਤਸ਼ਾਹ ਦੇ ਜੋ ਸਾਡਾ ਨਿਆਉਂ ਕਰੇ ਤਾਂ ਸਮੂਏਲ ਨੇ ਇਸ ਨੂੰ ਦੁਰਵਿੱਚਾਰ ਸਮਝਿਆ ਤਾਂ ਸਮੂਏਲ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ। 7 ਯਹੋਵਾਹ ਨੇ ਸਮੂਏਲ ਨੂੰ ਕਿਹਾ, “ਤੂੰ ਉਹੀ ਕਰ ਜੋ ਤੈਨੂੰ ਲੋਕੀ ਆਖਦੇ ਹਨ। ਉਨ੍ਹਾਂ ਨੇ ਤੈਨੂੰ ਰੱਦ ਨਹੀਂ ਕੀਤਾ ਸਗੋਂ ਉਨ੍ਹਾਂ ਨੇ ਮੈਨੂੰ ਰੱਦ ਕੀਤਾ ਹੈ। ਇਸਦਾ ਮਤਲਬ ਉਹ ਮੈਨੂੰ ਆਪਣਾ ਪਾਤਸ਼ਾਹ ਨਹੀਂ ਠਹਿਰਾਉਣਾ ਚਾਹੁੰਦੇ। 8 ਉਹ ਮੇਰੇ ਖਿਲਾਫ਼ ਉਹੀ ਗੱਲਾਂ ਕਰ ਰਹੇ ਹਨ ਜੋ ਉਹ ਮੇਰੇ ਉਨ੍ਹਾਂ ਨੇ ਮਿਸਰ ਤੋਂ ਬਾਹਰ ਕੱਢਣ ਦੇ ਦਿਨ ਤੋਂ ਕਰਦੇ ਆ ਰਹੇ ਹਨ। ਉਨ੍ਹਾਂ ਨੇ ਮੈਨੂੰ ਛੱਡ ਦਿੱਤਾ ਅਤੇ ਹੋਰਨਾਂ ਦੇਵਤਿਆਂ ਦੀ ਸੇਵਾ ਕੀਤੀ ਅਤੇ ਉਨ੍ਹਾਂ ਦੀ ਉਪਾਸਨਾ ਕੀਤੀ। ਹੁਣ ਉਹ ਉਹੀ ਤੇਰੇ ਨਾਲ ਕਰ ਰਹੇ ਹਨ। 9 ਇਸ ਲਈ ਤੂੰ ਉਨ੍ਹਾਂ ਦੀ ਸੁਣ ਅਤੇ ਉਹੀ ਕਰ ਜੋ ਉਹ ਕਹਿੰਦੇ ਹਨ ਪਰ ਤੂੰ ਉਨ੍ਹਾਂ ਨੂੰ ਖਬਰਦਾਰ ਕਰ ਦੇ। ਉਨ੍ਹਾਂ ਨੂੰ ਦੱਸ ਕਿ ਜਿਹੜਾ ਪਾਤਸ਼ਾਹ ਉਨ੍ਹਾਂ ਉੱਪਰ ਰਾਜ ਕਰੇਗਾ ਉਸੀ ਡੌਲ-ਚਾਲ ਕਿਹੋ ਜਿਹੀ ਹੋਵੇਗੀ!”
10 ਉਨ੍ਹਾਂ ਲੋਕਾਂ ਨੇ ਪਾਤਸ਼ਾਹ ਦੀ ਮੰਗ ਕੀਤੀ ਤਾਂ ਸਮੂਏਲ ਨੂੰ ਉਨ੍ਹਾਂ ਨੂੰ ਉਹ ਸਭ ਕੁਝ ਕਿਹਾ ਜੋ ਉਸ ਨੂੰ ਯਹੋਵਾਹ ਨੇ ਆਖਿਆ ਸੀ। 11 ਸਮੂਏਲ ਨੇ ਕਿਹਾ, “ਜੇਕਰ ਤੁਹਾਡੇ ਉੱਪਰ ਜੋ ਹੋਰ ਪਾਤਸ਼ਾਹ ਆਵੇਗਾ ਉਹ ਤੁਹਾਡੇ ਉੱਪਰ ਇੰਝ ਰਾਜ ਕਰੇਗਾ: ਉਹ ਤੁਹਾਡੇ ਕੋਲੋਂ ਤੁਹਾਡੇ ਪੁੱਤਰ ਖੋਹ ਲਵੇਗਾ ਅਤੇ ਉਨ੍ਹਾਂ ਨੂੰ ਆਪਣੀ ਸੇਵਾ ਕਰਨ ਲਈ ਮਜ਼ਬੂਰ ਕਰੇਗਾ। ਉਹ ਉਨ੍ਹਾਂ ਨੂੰ ਸਿਪਾਹੀ ਬਣਨ ਲਈ ਮਜ਼ਬੂਰ ਅਤੇ ਉਨ੍ਹਾਂ ਨੂੰ ਆਪਣੇ ਰੱਥਾਂ ਦੇ ਲਈ ਅਤੇ ਆਪਣੇ ਘੁੜ-ਸਵਾਰ ਬਣਾਕੇ ਲੜਨ ਲਈ ਮਜ਼ਬੂਰ ਕਰੇਗਾ। ਤੁਹਾਡੇ ਪੁੱਤਰ ਪਾਤਸ਼ਾਹ ਦੇ ਰੱਥ ਦੇ ਅੱਗੇ ਉਸ ਦੇ ਰੱਖਵਾਲੇ ਬਣਕੇ ਉਸਦੀ ਰਾਖੀ ਕਰਦੇ ਉਸ ਦੇ ਅੱਗੇ-ਅੱਗੇ ਭੱਜਣਗੇ।
12 “ਪਾਤਸ਼ਾਹ ਉਨ੍ਹਾਂ ਨੂੰ ਸਿਪਾਹੀ ਬਣਨ ਲਈ ਮਜ਼ਬੂਰ ਕਰੇਗਾ। ਉਨ੍ਹਾਂ ਵਿੱਚੋਂ ਕੁਝ 1,000 ਮਨੁੱਖਾਂ ਦੇ ਉੱਪਰ ਅਫ਼ਸਰ ਲੱਗਣਗੇ ਅਤੇ ਕੁਝ 50 ਦੇ ਉੱਪਰ।
“ਤੁਹਾਡੇ ਕੁਝ ਪੁੱਤਰਾਂ ਤੋਂ ਪਾਤਸ਼ਾਹ ਹੱਲ ਚਲਵਾਏਗਾ ਅਤੇ ਵਾਢੀ ਕਰਵਾਏਗਾ। ਕੁਝ ਤੁਹਾਡੇ ਪੁੱਤਰਾਂ ਨੂੰ ਪਾਤਸ਼ਾਹ ਔਜ਼ਾਰ ਬਨਾਉਣ ਦਾ ਹੁਕਮ ਦੇਵੇਗਾ ਤਾਂ ਜੋ ਉਹ ਸ਼ਸਤਰ ਜੰਗ ਵਿੱਚ ਵਰਤੇ ਜਾਣ ਅਤੇ ਉਨ੍ਹਾਂ ਨੂੰ ਉਹ ਆਪਣੇ ਰੱਥ ਲਈ ਕਈ ਕੁਝ ਬਨਾਉਣ ਲਈ ਮਜ਼ਬੂਰ ਕਰੇਗਾ।
13 “ਪਾਤਸ਼ਾਹ ਤੁਹਾਡੀਆਂ ਸਾਰੀਆਂ ਧੀਆਂ ਤੁਹਾਡੇ ਕੋਲੋਂ ਲੈ ਲਵੇਗਾ। ਤੁਹਾਡੀਆਂ ਕੁਝ ਧੀਆਂ ਨੂੰ ਉਹ ਆਪਣੇ ਲਈ ਇਤਰ ਬਨਾਉਣ ਦਾ ਹੁਕਮ ਦੇਵੇਗਾ ਅਤੇ ਕੁਝ ਨੂੰ ਸੇਵਕਾਂ ਦਾਸੀਆਂ ਵਾਲੇ ਕੰਮ ਰੋਟੀ ਬਨਾਉਣ ਤੇ ਦੇਖ-ਰੇਖ ਕਰਨ ਦੇ ਕੰਮ ਕਰਨ ਨੂੰ ਮਜ਼ਬੂਰ ਕਰੇਗਾ।
14 “ਪਾਤਸ਼ਾਹ ਤੁਹਾਡੀਆਂ ਸਭ ਤੋਂ ਵੱਧੀਆਂ ਪੈਲੀਆਂ, ਦਾਖਾਂ ਦੇ ਬਾਗ਼ ਅਤੇ ਜੈਤੂਨ ਦੇ ਬੇਲੇ ਨੂੰ ਤੁਹਾਡੇ ਕੋਲੋਂ ਲੈ ਲਵੇਗਾ। ਉਹ ਤੁਹਾਡੇ ਕੋਲੋਂ ਇਹ ਸਭ ਕੁਝ ਲੈ ਕੇ ਆਪਣੇ ਅਫ਼ਸਰਾਂ ਨੂੰ ਦੇ ਦੇਵੇਗਾ। 15 ਉਹ ਤੁਹਾਡੇ ਅਨਾਜ ਅਤੇ ਅੰਗੂਰਾਂ ਦਾ ਦਸਵੰਧ ਤੁਹਾਡੇ ਕੋਲੋਂ ਲੈ ਲਵੇਗਾ। ਅਤੇ ਇਹ ਵਸਤਾਂ ਉਹ ਆਪਣੇ ਸੇਵਕਾਂ ਅਤੇ ਅਫ਼ਸਰਾਂ ਨੂੰ ਵੰਡ ਦੇਵੇਗਾ।
16 “ਇਹ ਪਾਤਸ਼ਾਹ ਤੁਹਾਡੇ ਮਰਦਾਂ ਅਤੇ ਔਰਤਾਂ ਨੂੰ ਆਪਣੇ ਦਾਸ ਬਣਾਵੇਗਾ। ਉਹ ਤੁਹਾਡੇ ਸਭ ਤੋਂ ਵੱਧੀਆਂ ਨਸਲ ਦੇ ਜਾਨਵਰ ਅਤੇ ਖੋਤੇ ਤੁਹਾਡੇ ਕੋਲੋਂ ਲੈ ਕੇ ਉਨ੍ਹਾਂ ਨੂੰ ਆਪਣੇ ਕੰਮ ਵਿੱਚ ਲਿਆਵੇਗਾ। 17 ਉਹ ਤੁਹਾਡੇ ਇੱਜੜਾਂ ਦੇ ਦਸਵੰਧ ਲੈ ਲਵੇਗਾ।
“ਫ਼ੇਰ ਤੁਸੀਂ ਖੁਦ ਹੀ ਪਾਤਸ਼ਾਹ ਦੇ ਗੁਲਾਮ ਬਣ ਜਾਵੋਂਗੇ। 18 ਅਤੇ ਜਦੋਂ ਉਹ ਵਕਤ ਆਵੇਗਾ ਤਾਂ ਤੁਸੀਂ ਦੁਹਾਈ ਦੇ ਦੇਕੇ ਰੋਵੋਂਗੇ ਕਿ ਅਸੀਂ ਕਿਸ ਨੂੰ ਪਾਤਸ਼ਾਹ ਚੁਣਿਆ ਪਰ ਉਸ ਵਕਤ ਯਹੋਵਾਹ ਤੁਹਾਡੀ ਇੱਕ ਵੀ ਨਹੀਂ ਸੁਣੇਗਾ।”
19 ਪਰ ਲੋਕਾਂ ਨੇ ਸਮੂਏਲ ਦੀ ਇੱਕ ਨਾ ਸੁਣੀ। ਉਨ੍ਹਾਂ ਕਿਹਾ, “ਨਹੀਂ! ਸਾਨੂੰ ਆਪਣੇ ਲਈ ਨਵਾਂ ਸ਼ਾਸਕ ਚਾਹੀਦਾ ਹੈ, ਜੋ ਸਾਡੇ ਉੱਤੇ ਰਾਜ ਕਰ ਸੱਕੇ। 20 ਫ਼ਿਰ ਅਸੀਂ ਵੀ ਸਾਰੀਆਂ ਕੌਮਾਂ ਵਰਗੇ ਹੋ ਜਾਵਾਂਗੇ। ਸਾਡਾ ਪਾਤਸ਼ਾਹ ਸਾਡੇ ਅੱਗੇ-ਅੱਗੇ ਤੁਰੇ, ਜੋ ਸਾਡੇ ਲਈ ਲੜ ਸੱਕੇ।”
21 ਸਮੂਏਲ ਨੇ ਉਨ੍ਹਾਂ ਨੂੰ ਧਿਆਨ ਨਾਲ ਸੁਣਿਆ ਅਤੇ ਫ਼ਿਰ ਉਸ ਨੇ ਉਨ੍ਹਾਂ ਦੇ ਸ਼ਬਦ ਯਹੋਵਾਹ ਅੱਗੇ ਦੁਹਰਾਏ। 22 ਯਹੋਵਾਹ ਨੇ ਆਖਿਆ, “ਤੂੰ ਉਨ੍ਹਾਂ ਦਾ ਕਹਿਣਾ ਮੰਨ ਅਤੇ ਉਨ੍ਹਾਂ ਨੂੰ ਨਵਾਂ ਪਾਤਸ਼ਾਹ ਦੇ।”
ਤਦ ਸਮੂਏਲ ਨੇ ਇਸਰਾਏਲ ਦੇ ਲੋਕਾਂ ਨੂੰ ਆਖਿਆ, “ਠੀਕ ਹੈ ਤੁਹਾਨੂੰ ਨਵਾਂ ਪਾਤਸ਼ਾਹ ਮਿਲੇਗਾ ਹੁਣ, ਤੁਸੀਂ ਸਾਰੇ ਲੋਕ ਆਪੋ-ਆਪਣੇ ਘਰੀਂ ਜਾਵੋ।”
ਸ਼ਾਊਲ ਦਾ ਆਪਣੇ ਪਿਉ ਦੇ ਖੋਤਿਆਂ ਨੂੰ ਲੱਭਣਾ
9 ਕੀਸ਼ ਬਿਨਯਾਮੀਨ ਦੀ ਗੋਤ ਦਾ ਇੱਕ ਮਹੱਤਵਪੂਰਣ ਮਨੁੱਖ ਸੀ। ਕੀਸ਼ ਅਬੀਏਲ ਦਾ ਪੁੱਤਰ ਸੀ ਅਤੇ ਅਬੀਏਲ ਸ਼ਰੂਰ ਦਾ ਪੁੱਤਰ ਸੀ। ਅਤੇ ਬਕੋਰਥ ਦਾ ਪੁੱਤਰ ਸਰੂਰ ਸੀ। ਬਕੋਰਥ ਅਫ਼ਿਆਹ ਦਾ ਪੁੱਤਰ ਸੀ ਜੋ ਕਿ ਬਿਨਯਾਮੀਨ ਤੋਂ ਸੀ। 2 ਕੀਸ਼ ਦਾ ਪੁੱਤਰ ਸੀ ਸ਼ਾਊਲ ਜੋ ਕਿ ਬੜਾ ਸੁੰਦਰ ਨੌਜਵਾਨ ਸੀ। ਉੱਥੇ ਸ਼ਾਊਲ ਤੋਂ ਵੱਧ ਕੋਈ ਵੀ ਖੂਬਸੂਰਤ ਨਹੀਂ ਸੀ। ਉਹ ਇਸਰਾਏਲੀਆਂ ਵਿੱਚ ਸਭ ਤੋਂ ਵੱਧ ਸਿਰ ਕੱਢ ਸੀ।
3 ਇੱਕ ਦਿਨ ਕੀਸ਼ ਦੇ ਖੋਤੇ ਗੁਆਚ ਗਏ ਤਾਂ ਕੀਸ਼ ਨੇ ਆਪਣੇ ਪੁੱਤਰ ਸ਼ਾਊਲ ਨੂੰ ਆਖਿਆ, “ਇੱਕ ਸੇਵਕ ਨੂੰ ਆਪਣੇ ਨਾਲ ਲੈ ਜਾ ਅਤੇ ਜਾਕੇ ਖੋਤਿਆਂ ਦੀ ਭਾਲ ਕਰ ਕਿ ਉਹ ਕਿੱਥੇ ਗੁਆਚੇ ਹਨ?” 4 ਸ਼ਾਊਲ ਉਨ੍ਹਾਂ ਨੂੰ ਲੱਭਣ ਲਈ ਚੱਲਾ ਗਿਆ। ਸੋ ਉਹ ਅਫ਼ਰਾਈਮ ਦੇ ਪਹਾੜ ਵੱਲੋਂ ਵੀ ਲੰਘਿਆ ਉਸਤੋਂ ਬਾਦ ਉਹ ਸ਼ਲੀਸ਼ਾਹ ਦੇ ਦੇਸ਼ ਵਿੱਚੋਂ ਦੀ ਲੰਘਿਆ ਪਰ ਉਸ ਨੂੰ ਅਤੇ ਉਸ ਦੇ ਸੇਵਕ ਨੂੰ ਖੋਤੇ ਉੱਥੇ ਵੀ ਨਾ ਲੱਭੇ, ਤਦ ਉਹ ਸ਼ਲੀਸ਼ਾਹ ਦੇ ਦੇਸ਼ ਵਿੱਚ ਗਏ ਕੀਸ਼ ਦੇ ਖੋਤੇ ਉੱਥੇ ਵੀ ਨਹੀਂ ਸਨ। ਫ਼ਿਰ ਉਹ ਬਿਨਯਾਮੀਨੀਆਂ ਦੇ ਦੇਸ਼ ਵਿੱਚੋਂ ਦੀ ਵੀ ਲੰਘੇ ਪਰ ਉਹ ਕੀਸ਼ ਦੇ ਖੋਤੇ ਉਨ੍ਹਾਂ ਨੂੰ ਉੱਥੇ ਵੀ ਨਾ ਮਿਲੇ।
5 ਅਖੀਰ ਵਿੱਚ ਸ਼ਾਊਲ ਅਤੇ ਸੇਵਕ ਸੂਫ਼ ਦੇ ਦੇਸ਼ ਵਿੱਚ ਆਏ ਅਤੇ ਸ਼ਾਊਲ ਨੇ ਆਪਣੇ ਸੇਵਕ ਨੂੰ ਕਿਹਾ, “ਚੱਲ ਵਾਪਸ ਚੱਲੀਏ। ਕਿਤੇ ਐਸਾ ਨਾ ਹੋਵੇ ਕਿ ਮੇਰਾ ਪਿਉ ਖੋਤਿਆਂ ਦਾ ਫ਼ਿਕਰ ਛੱਡ ਕੇ ਸਾਡਾ ਹੀ ਫ਼ਿਕਰ ਕਰਨ ਲੱਗ ਪਵੇ।”
6 ਪਰ ਨੌਕਰ ਨੇ ਜਵਾਬ ਦਿੱਤਾ, “ਵੇਖ, ਇਸ ਸ਼ਹਿਰ ਦੇ ਵਿੱਚ ਇੱਕ ਪਰਮੇਸ਼ੁਰ ਦਾ ਮਨੁੱਖ ਹੈ। ਲੋਕ ਉਸਦੀ ਬੜੀ ਇੱਜ਼ਤ ਕਰਦੇ ਹਨ। ਉਹ ਜੋ ਕੁਝ ਵੀ ਆਖੇ ਸੱਚ ਹੋ ਜਾਂਦਾ ਹੈ। ਇਸ ਲਈ ਚੱਲੋ ਸ਼ਹਿਰ ਨੂੰ ਚੱਲੀਏ। ਸ਼ਾਇਦ ਪਰਮੇਸ਼ੁਰ ਦਾ ਮਨੁੱਖ ਹੀ ਸਾਨੂੰ ਕੋਈ ਰਾਹ ਦੱਸ ਦੇਵੇ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ।”
7 ਸ਼ਾਊਲ ਨੇ ਆਪਣੇ ਸੇਵਕ ਨੂੰ ਕਿਹਾ, “ਠੀਕ ਹੈ, ਅਸੀਂ ਸ਼ਹਿਰ ਨੂੰ ਚੱਲੇ ਜਾਈਏ ਪਰ ਅਸੀਂ ਉਸ ਵਾਸਤੇ ਲੈ ਕੀ ਜਾਈਏ? ਸਾਡੇ ਕੋਲ ਪਰਮੇਸ਼ੁਰ ਦੇ ਮਨੁੱਖ ਨੂੰ ਭੇਟ ਕਰਨ ਲਈ ਕੋਈ ਤੋਹਫ਼ਾ ਨਹੀਂ ਹੈ? ਹੁਣ ਤਾਂ ਸਾਡੇ ਥੈਲਿਆਂ ਵਿੱਚ ਭੋਜਨ ਵੀ ਮੁੱਕ ਗਿਆ ਹੈ ਤਾਂ ਅਸੀਂ ਉਸ ਨੂੰ ਕੀ ਚੜ੍ਹਾਵਾਂਗੇ”
8 ਸੇਵਕ ਨੇ ਫ਼ਿਰ ਸ਼ਾਊਲ ਨੂੰ ਆਖਿਆ, “ਵੇਖੋ! ਮੇਰੇ ਕੋਲ ਥੋੜਾ ਜਿਹਾ ਧੰਨ ਹੈ। ਚੱਲੋਂ ਅਸੀਂ ਪਰਮੇਸ਼ੁਰ ਦੇ ਮਨੁੱਖ ਨੂੰ ਇਹ ਹੀ ਭੇਟ ਕਰ ਦਿਆਂਗੇ ਤਾਂ ਉਹ ਸਾਨੂੰ ਦੱਸ ਦੇਵੇਗਾ ਕਿ ਸਾਨੂੰ ਅਗਾਂਹ ਕੀ ਕਰਨਾ ਚਾਹੀਦਾ ਹੈ?”
9-11 ਸ਼ਾਊਲ ਨੇ ਆਪਣੇ ਸੇਵਕ ਨੂੰ ਆਖਿਆ “ਇਹ ਇੱਕ ਚੰਗਾ ਵਿੱਚਾਰ ਹੈ। ਚੱਲ ਚੱਲੀਏ!” ਉਹ ਉਸ ਥਾਵੇਂ ਗਏ ਜਿਸ ਸ਼ਹਿਰ ਵਿੱਚ ਪਰਮੇਸ਼ੁਰ ਦਾ ਆਦਮੀ ਰਹਿੰਦਾ ਸੀ।
ਸ਼ਾਊਲ ਅਤੇ ਉਸਦਾ ਨੌਕਰ ਉਤਾਂਹ ਪਹਾੜੀ ਉੱਤੇ ਨਗਰ ਨੂੰ ਜਾ ਰਹੇ ਸਨ। ਰਾਹ ਵਿੱਚ, ਉਹ ਕੁਝ ਮੁਟਿਆਰਾਂ ਨੂੰ ਮਿਲੇ ਜਿਹੜੀਆਂ ਪਾਣੀ ਖਿੱਚਣ ਲਈ ਬਾਹਰ ਜਾ ਰਹੀਆਂ ਸਨ। ਨੌਕਰ ਨੇ ਔਰਤਾਂ ਨੂੰ ਪੁੱਛਿਆ, “ਕੀ ਪੈਗੰਬਰ ਇੱਥੇ ਹੈ?” (ਪਹਿਲਿਆਂ ਦਿਨਾਂ ਵਿੱਚ, ਲੋਕ ਨਬੀ ਨੂੰ “ਪੈਗੰਬਰ” ਆਖਦੇ ਸਨ। ਇਸ ਲਈ ਜਦੋਂ ਉਹ ਪਰਮੇਸ਼ੁਰ ਨੂੰ ਕੁਝ ਪੁੱਛਣਾ ਚਾਹੁੰਦੇ ਸਨ, ਉਹ ਆਖਦੇ ਸਨ, ਆਪਾਂ ਚੱਲ ਕੇ ਪੈਗੰਬਰ ਨੂੰ ਵੇਖੀਏ।)
12 ਔਰਤਾਂ ਨੇ ਜਵਾਬ ਦਿੱਤਾ, “ਹਾਂ, ਪੈਗੰਬਰ ਇੱਥੇ ਹੈ। ਉਹ ਇਸ ਸੜਕ ਦੇ ਹੇਠਾਂ ਰਹਿੰਦਾ ਹੈ। ਉਹ ਅੱਜ ਹੀ ਸ਼ਹਿਰ ਨੂੰ ਪਰਤਿਆ। ਕੁਝ ਲੋਕ ਅੱਜ ਉਪਾਸਨਾ ਦੇ ਸਥਾਨ ਤੇ ਸੁੱਖ-ਸਾਂਦ ਦੀਆਂ ਭੇਟਾਂ ਵਿੱਚ ਹਿੱਸਾ ਲੈਣ ਲਈ ਇਕੱਠੇ ਹੋ ਰਹੇ ਹਨ। 13 ਇਸ ਲਈ ਤੁਸੀਂ ਸ਼ਹਿਰ ਵਿੱਚ ਚੱਲੇ ਜਾਵੋ ਤਾਂ ਤੁਸੀਂ ਉਸ ਨੂੰ ਲੱਭ ਲਵੋਂਗੇ। ਜੇਕਰ ਤੁਸੀਂ ਜਲਦੀ ਚੱਲੇ ਜਾਵੋਂ ਤਾਂ ਤੁਸੀਂ ਉਸ ਨੂੰ ਮਿਲ ਸੱਕੋਂਗੇ ਕਿਤੇ ਅਜਿਹਾ ਨਾ ਹੋਵੇ ਕਿ ਤੁਸੀਂ ਦੇਰ ਕਰ ਦੇਵੋ ਤਾਂ ਉਹ ਉਪਾਸਨਾ ਵਾਲੀ ਥਾਂ ਉੱਤੇ ਭੋਜਨ ਕਰਨ ਚੱਲਾ ਜਾਵੇ, ਇਸ ਲਈ ਕਿਉਂਕਿ ਉਹ ਬਲੀ ਨੂੰ ਅਸੀਸ ਦਿੰਦਾ ਹੈ ਅਤੇ ਜਦ ਤੱਕ ਉਹ ਨਾ ਪਹੁੰਚੇ ਲੋਕ ਖਾਂਦੇ ਨਹੀਂ ਇਸ ਲਈ ਜੇਕਰ ਤੁਸੀਂ ਜਲਦੀ ਚੱਲੇ ਜਾਵੋਂਗੇ ਤਾਂ ਤੁਸੀਂ ਪੈਗੰਬਰ ਨੂੰ ਮਿਲ ਸੱਕੋਂਗੇ।”
14 ਸ਼ਾਊਲ ਅਤੇ ਉਸ ਦੇ ਸੇਵਕ ਨੇ ਸ਼ਹਿਰ ਵੱਲ ਪਹਾੜੀ ਚਢ਼ਨਾ ਸ਼ੁਰੂ ਕੀਤਾ। ਜਦ ਹੀ ਉਨ੍ਹਾਂ ਸ਼ਹਿਰ ਵਿੱਚ ਪੈਰ ਪਾਇਆ ਤਾਂ ਉਨ੍ਹਾਂ ਨੇ ਸਮੂਏਲ ਨੂੰ ਆਪਣੇ ਵੱਲ ਆਉਂਦਾ ਵੇਖਿਆ। ਸਮੂਏਲ ਉੱਚੇ ਥਾਂ ਨੂੰ ਜਾਣ ਲਈ ਉਨ੍ਹਾਂ ਦੇ ਸਾਹਮਣੇ ਉੱਥੋਂ ਬਾਹਰ ਨਿਕਲਿਆ।
15 ਇੱਕ ਦਿਨ ਪਹਿਲਾਂ ਹੀ ਯਹੋਵਾਹ ਨੇ ਸਮੂਏਲ ਨੂੰ ਆਖਿਆ ਸੀ ਕਿ, 16 “ਇਸੇ ਵੇਲੇ ਕੱਲ ਬਿਨਯਾਮੀਨ ਸ਼ਹਿਰ ਤੋਂ ਇੱਕ ਮਨੁੱਖ ਮੈਂ ਤੇਰੇ ਵੱਲ ਭੇਜਾਂਗਾ। ਤੂੰ ਉਸ ਨੂੰ ਮਸਹ ਕਰੀਂ ਤਾਂ ਜੋ ਉਹ ਮੇਰੇ ਇਸਰਾਏਲ ਦੇ ਲੋਕਾਂ ਦਾ ਆਗੂ ਅਤੇ ਪਰਧਾਨ ਬਣੇ। ਇਹ ਮਨੁੱਖ ਮੇਰੇ ਲੋਕਾਂ ਨੂੰ ਫ਼ਲਿਸਤੀਆਂ ਕੋਲੋਂ ਬਚਾਵੇਗਾ। ਮੈਂ ਆਪਣੇ ਲੋਕਾਂ ਨੂੰ ਕਸ਼ਟ ਸਹਿੰਦਿਆਂ ਵੇਖਿਆ ਹੈ ਅਤੇ ਮੈਂ ਲੋਕਾਂ ਵੱਲੋਂ ਚੀਖ ਪੁਕਾਰ ਵੀ ਸੁਣੀ ਹੈ।”
17 ਜਦੋਂ ਸਮੂਏਲ ਨੇ ਸ਼ਾਊਲ ਨੂੰ ਵੇਖਿਆ ਤਾਂ ਯਹੋਵਾਹ ਨੇ ਉਸ ਨੂੰ ਕਿਹਾ, “ਇਹ ਹੀ ਹੈ ਉਹ ਮਨੁੱਖ ਜਿਸ ਬਾਰੇ ਮੈਂ ਤੈਨੂੰ ਆਖਿਆ ਸੀ। ਇਹੀ ਮੇਰੇ ਲੋਕਾਂ ਉੱਪਰ ਰਾਜ ਕਰੇਗਾ।”
18 ਸ਼ਾਊਲ ਸ਼ਹਿਰ ਦੇ ਫ਼ਾਟਕ ਦੇ ਨੇੜੇ ਸਮੂਏਲ ਕੋਲ ਆਇਆ ਅਤੇ ਪੁੱਛਿਆ, “ਕਿਰਪਾ ਕਰਕੇ ਮੈਨੂੰ ਦੱਸ ਕਿ ਪੈਗੰਬਰ ਕਿੱਥੇ ਰਹਿੰਦਾ ਹੈ?”
19 ਸਮੂਏਲ ਨੇ ਆਖਿਆ, “ਮੈਂ ਹੀ ਪੈਗੰਬਰ ਹਾਂ। ਮੇਰੇ ਅੱਗੇ-ਅੱਗੇ ਉਸ ਉੱਚੇ ਥਾਂ ਵੱਲ ਚੱਲੇ ਜਾਓ ਜਿੱਥੇ ਉਪਾਸਨਾ ਹੋਣੀ ਹੈ। ਤੂੰ ਅਤੇ ਤੇਰਾ ਸੇਵਕ ਅੱਜ ਮੇਰੇ ਨਾਲ ਭੋਜਨ ਕਰਨਾ। ਕੱਲ ਸਵੇਰ ਨੂੰ ਮੈਂ ਤੁਹਾਨੂੰ ਤੇਰੇ ਘਰ ਵੱਲ ਵਿਦਾ ਕਰ ਦੇਵਾਂਗਾ ਅਤੇ ਉਸਤੋਂ ਪਹਿਲਾਂ ਮੈਂ ਤੇਰੇ ਸਾਰੇ ਸਵਾਲਾਂ ਦੇ ਜਵਾਬ ਵੀ ਦੇਵਾਂਗਾ। 20 ਅਤੇ ਖੋਤਿਆਂ ਦੀ ਚਿੰਤਾ ਨਾ ਕਰੀਂ ਜਿਹੜੇ ਕਿ ਤਿੰਨ ਦਿਨ ਪਹਿਲਾਂ ਤੁਹਾਡੇ ਤੋਂ ਗੁਆਚ ਗਏ ਸਨ। ਉਹ ਲੱਭ ਗਏ ਹਨ। ਹੁਣ ਸਾਰਾ ਇਸਰਾਏਲ ਜਿਸਦੇ ਮੂੰਹ ਵੱਲ ਜੋ ਦੇਖ ਰਿਹਾ ਹੈ-ਉਹ ਮਨੁੱਖ ਤੂੰ ਹੀ ਹੈਂ। ਉਹ ਸਾਰੇ ਲੋਕ ਤੈਨੂੰ ਅਤੇ ਤੇਰੇ ਪਿਤਾ ਦੇ ਪਰਿਵਾਰ ਨੂੰ ਚਾਹੁੰਦੇ ਹਨ।”
21 ਸ਼ਾਊਲ ਨੇ ਆਖਿਆ, “ਪਰ ਮੈਂ ਤਾਂ ਬਿਨਯਾਮੀਨ ਦੀ ਗੋਤ ਵਿੱਚੋਂ ਹਾਂ ਅਤੇ ਇਹ ਇਸਰਾਏਲ ਦੀਆਂ ਗੋਤਾਂ ਵਿੱਚੋਂ ਸਭ ਤੋਂ ਛੋਟਾ ਪਰਿਵਾਰ ਹੈ। ਅਤੇ ਮੇਰਾ ਪਰਿਵਾਰ ਤਾਂ ਬਿਨਯਾਮੀਨ ਦੇ ਪਰਿਵਾਰਾਂ ਵਿੱਚੋਂ ਸਭ ਤੋਂ ਛੋਟਾ ਅਤੇ ਨਿਮਾਣਾ ਹੈ। ਤੂੰ ਇੰਝ ਕਿਉਂ ਆਖ ਰਿਹਾ ਹੈ ਕਿ ਇਸਰਾਏਲੀ ਮੈਨੂੰ ਚਾਹੁੰਦੇ ਹਨ?”
22 ਤਦ ਸਮੂਏਲ ਨੇ ਸ਼ਾਊਲ ਅਤੇ ਉਸ ਦੇ ਸੇਵਕ ਨੂੰ ਲੰਗਰ ਖਾਣ ਵਾਲੀ ਥਾਂ ਉੱਤੇ ਲੈ ਆਂਦਾ। ਉੱਥੇ ਤੀਹ ਦੇ ਕਰੀਬ ਲੋਕਾਂ ਨੂੰ ਇਕੱਠਿਆਂ ਖਾਣ ਲਈ ਸੱਦਾ ਦਿੱਤਾ ਹੋਇਆ ਸੀ ਅਤੇ ਬਲੀ ਵਿੱਚ ਹਿੱਸਾ ਵੰਡਣ ਲਈ ਸਮੂਏਲ ਨੇ ਸ਼ਾਊਲ ਅਤੇ ਉਸ ਦੇ ਸੇਵਕ ਨੂੰ ਖਾਣ ਵਾਲੀ ਮੇਜ਼ ਦੀ ਸਭ ਤੋਂ ਅਹੁਦੇ ਵਾਲੀ ਥਾਂ ਉੱਤੇ ਬਿਠਾਇਆ। 23 ਸਮੂਏਲ ਨੇ ਲਾਂਗਰੀ ਨੂੰ ਕਿਹਾ, “ਉਹ ਮਾਸ ਦਾ ਟੁਕੜਾ, ਜੋ ਮੈਂ ਤੈਨੂੰ ਕਿਹਾ ਸੀ ਰੱਖ ਛੱਡੀ, ਉਹ ਲੈ ਆ।”
24 ਲਾਂਗਰੀ ਪੱਟ ਦਾ ਵੱਡਾ ਟੁਕੜਾ [b] ਲਿਆਇਆ ਅਤੇ ਮੇਜ਼ ਉੱਪਰ ਸ਼ਾਊਲ ਦੇ ਸਾਹਮਣੇ ਰੱਖ ਦਿੱਤਾ। ਸਮੂਏਲ ਨੇ ਆਖਿਆ, “ਜੋ ਮਾਸ ਦਾ ਟੁਕੜਾ ਤੇਰੇ ਸਾਹਮਣੇ ਧਰਿਆ ਹੈ ਉਹ ਖਾਉ। ਜਦੋਂ ਮੈਂ ਲੋਕਾਂ ਨੂੰ ਇਕੱਠਿਆਂ ਬੁਲਾਇਆ ਸੀ ਉਸ ਵਕਤ ਇਹ ਟੁਕੜਾ ਖਾਸ ਤੇਰੇ ਲਈ ਬਚਾਕੇ ਰੱਖਿਆ ਸੀ।” ਤਾਂ ਸ਼ਾਊਲ ਨੇ ਉਸ ਦਿਨ ਸਮੂਏਲ ਨਾਲ ਖਾਣਾ ਖਾਧਾ।
25 ਜਦੋਂ ਉਹ ਖਾਣਾ ਖਾ ਹਟੇ, ਉਹ ਪਵਿੱਤਰ ਸਥਾਨ ਤੋਂ ਹੇਠਾਂ ਆਏ ਅਤੇ ਵਾਪਸ ਸ਼ਹਿਰ ਨੂੰ ਪਰਤ ਗਏ। ਸਮੂਏਲ ਨੇ ਸ਼ਾਊਲ ਲਈ ਛੱਤ ਉੱਤੇ ਬਿਸਤਰਾ ਤਿਆਰ ਕੀਤਾ ਅਤੇ ਸ਼ਾਊਲ ਸੌਣ ਲਈ ਚੱਲਾ ਗਿਆ।
26 ਅਗਲੀ ਸਵੇਰ ਚੜ੍ਹਦੇ ਹੀ ਸਮੂਏਲ ਨੇ ਸ਼ਾਊਲ ਨੂੰ ਘਰ ਦੀ ਛੱਤ ਉੱਪਰ ਜ਼ੋਰ ਦੀ ਪੁਕਾਰਿਆ, “ਉੱਠੋ! ਤਾਂ ਜੋ ਮੈਂ ਤੈਨੂੰ ਤੇਰੇ ਰਾਹ ਨੂੰ ਤੋਂਰਾਂ।” ਸ਼ਾਊਲ ਉੱਠਿਆ ਅਤੇ ਸਮੂਏਲ ਦੇ ਨਾਲ ਘਰ ਤੋਂ ਬਾਹਰ ਨੂੰ ਤੁਰ ਪਿਆ।
27 ਸ਼ਾਊਲ, ਉਸਦਾ ਸੇਵਕ ਅਤੇ ਸਮੂਏਲ ਤਿੰਨੋ ਸ਼ਹਿਰ ਦੇ ਕੰਢੇ ਵੱਲ ਨੂੰ ਇਕੱਠੇ ਜਾਂਦੇ ਪਏ ਸਨ ਤਾਂ ਸਮੂਏਲ ਨੇ ਸ਼ਾਊਲ ਨੂੰ ਕਿਹਾ, “ਆਪਣੇ ਸੇਵਕ ਨੂੰ ਆਖ ਕਿ ਸਾਡੇ ਤੋਂ ਅੱਗੇ-ਅੱਗੇ ਹੋਕੇ ਤੁਰੇ ਕਿਉਂਕਿ ਮੈਂ ਤੈਨੂੰ ਪਰਮੇਸ਼ੁਰ ਦਾ ਸੰਦੇਸ਼ ਦੇਣਾ ਹੈ।” ਤਾਂ ਸੇਵਕ ਉਨ੍ਹਾਂ ਦੇ ਅੱਗੇ ਹੋ ਤੁਰਿਆ।
ਪਤਰਸ ਆਖਦਾ ਯਿਸੂ ਹੀ ਮਸੀਹ ਹੈ(A)
18 ਇੱਕ ਵਾਰ ਜਦੋਂ ਯਿਸੂ ਇੱਕਲਿਆਂ ਪ੍ਰਾਰਥਨਾ ਕਰ ਰਿਹਾ ਸੀ ਤਾਂ ਉਸ ਦੇ ਚੇਲੇ ਉਸ ਕੋਲ ਆਏ। ਯਿਸੂ ਨੇ ਉਨ੍ਹਾਂ ਨੂੰ ਪੁੱਛਿਆ, “ਲੋਕ ਕੀ ਕਹਿੰਦੇ ਹਨ ਕਿ ਮੈਂ ਕੌਣ ਹਾਂ?”
19 ਚੇਲਿਆਂ ਨੇ ਜਵਾਬ ਦਿੱਤਾ, “ਕੁਝ ਕਹਿੰਦੇ ਹਨ ਕਿ ਤੂੰ ਯੂਹੰਨਾ ਬਪਤਿਸਮਾ ਦੇਣ ਵਾਲਾ ਹੈਂ, ਦੂਜੇ ਕਹਿੰਦੇ ਹਨ ਤੂੰ ਏਲੀਯਾਹ ਹੈ ਅਤੇ ਕੁਝ ਦੂਸਰੇ ਆਖਦੇ ਹਨ ਕਿ ਤੂੰ ਪ੍ਰਾਚੀਨ ਕਾਲ ਵਿੱਚ ਹੋ ਚੁੱਕੇ ਨਬੀਆਂ ਵਿੱਚੋਂ ਹੈ ਜਿਹੜਾ ਦੁਬਾਰਾ ਜੀਵਨ ਵਿੱਚ ਆ ਗਿਆ ਹੈ।”
20 ਤਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਤੁਸੀਂ ਕੀ ਆਖਦੇ ਹੋ ਕਿ ਮੈਂ ਕੌਣ ਹਾਂ?”
ਪਤਰਸ ਨੇ ਜਵਾਬ ਦਿੱਤਾ, “ਮਸੀਹ ਜੋ ਕਿ ਪਰਮੇਸ਼ੁਰ ਵੱਲੋਂ ਹੈ।”
21 ਯਿਸੂ ਨੇ ਉਨ੍ਹਾਂ ਨੂੰ ਚੌਕਸ ਕੀਤਾ ਕਿ ਇਹ ਗੱਲ ਕਿਸੇ ਨੂੰ ਨਹੀਂ ਦੱਸਣੀ।
ਯਿਸੂ ਆਖਦਾ ਹੈ ਕਿ ਉਸ ਨੂੰ ਮਰਨਾ ਪਵੇਗਾ(B)
22 ਉਸ ਨੇ ਆਖਿਆ, “ਮਨੁੱਖ ਦੇ ਪੁੱਤਰ ਲਈ ਇਹ ਜਰੂਰੀ ਹੈ ਕਿ ਉਹ ਬਹੁਤ ਸਾਰੀਆਂ ਤਕਲੀਫ਼ਾਂ ਵਿੱਚੋਂ ਗੁਜਰੇ ਅਤੇ ਬਜ਼ੁਰਗ ਯਹੂਦੀ ਆਗੂਆਂ, ਪ੍ਰਧਾਨ ਜਾਜਕਾਂ ਅਤੇ ਨੇਮ ਦੇ ਉਪਦੇਸ਼ਕਾਂ ਦੁਆਰਾ ਰੱਦਿਆ ਜਾਵੇ ਅਤੇ ਮਾਰਿਆ ਜਾਵੇ ਅਤੇ ਫ਼ੇਰ ਤੀਜੇ ਦਿਨ ਮੌਤ ਤੋਂ ਜੀ ਉੱਠੇਗਾ।”
23 ਉਸ ਨੇ ਸਭਨਾਂ ਨੂੰ ਆਖਿਆ, “ਜੇਕਰ ਕੋਈ ਮੇਰੇ ਪਿੱਛੇ ਚੱਲਣਾ ਚਾਹੁੰਦਾ ਹੈ, ਤਾਂ ਉਸ ਨੂੰ ਆਪਣੇ-ਆਪ ਨੂੰ ਤਿਆਗਣਾ ਚਾਹੀਦਾ ਹੈ ਅਤੇ ਰੋਜ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲਣਾ ਚਾਹੀਦਾ ਹੈ। 24 ਕਿਉਂਕਿ ਜਿਹੜਾ ਵੀ ਆਪਣੀ ਜਾਨ ਬਚਾਉਣੀ ਚਾਹੁੰਦਾ ਹੈ, ਉਹ ਉਸ ਨੂੰ ਗੁਆ ਲਵੇਗਾ ਪਰ ਜੋ ਕੋਈ ਆਪਣਾ ਜੀਵਨ ਮੇਰੇ ਲਈ ਬਲੀਦਾਨ ਕਰੇਗਾ ਉਹ ਉਸ ਨੂੰ ਬਚਾ ਲਵੇਗਾ। 25 ਕੀ ਫ਼ਾਇਦਾ ਜੇਕਰ ਕੋਈ ਮਨੁੱਖ ਪੂਰਾ ਜਗਤ ਕਮਾਵੇ ਪਰ ਆਪਣਾ-ਆਪ ਨਸ਼ਟ ਕਰ ਲਵੇ ਜਾਂ ਆਪਣਾ-ਆਪ ਗੁਆ ਲਵੇ? 26 ਜੇਕਰ ਕੋਈ ਮੈਥੋਂ ਅਤੇ ਮੇਰੇ ਬਚਨਾਂ ਤੋਂ ਸ਼ਰਮਾਵੇਗਾ ਤਾਂ ਮਨੁੱਖ ਦਾ ਪੁੱਤਰ ਵੀ ਉਸ ਤੋਂ ਸ਼ਰਮਾਵੇਗਾ, ਜਦੋਂ ਉਹ ਆਪਣੀ ਮਹਿਮਾ ਅਤੇ ਆਪਣੇ ਪਿਤਾ ਦੀ ਮਹਿਮਾ ਅਤੇ ਪਵਿੱਤਰ ਦੂਤਾਂ ਦੀ ਮਹਿਮਾ ਨਾਲ ਆਵੇਗਾ। 27 ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਿੰਨੇ ਇਸ ਵੇਲੇ ਇੱਥੇ ਮੌਜੂਦ ਹਨ ਉਨ੍ਹਾਂ ਵਿੱਚੋਂ ਕੁਝ ਮੌਤ ਦਾ ਸੁਆਦ ਨਹੀਂ ਚਖਣਗੇ ਜਦ ਤੱਕ ਉਹ ਪਰਮੇਸ਼ੁਰ ਦੇ ਰਾਜ ਨੂੰ ਨਾ ਵੇਖ ਲੈਣ।”
ਮੂਸਾ, ਏਲੀਯਾਹ ਅਤੇ ਯਿਸੂ(C)
28 ਯਿਸੂ ਦੇ ਇਹ ਆਖਣ ਤੋਂ ਅੱਠ ਕੁ ਦਿਨਾਂ ਬਾਦ, ਉਸ ਨੇ ਆਪਣੇ ਨਾਲ ਪਤਰਸ, ਯਾਕੂਬ ਅਤੇ ਯੂਹੰਨਾ ਨੂੰ ਲਿਆ ਅਤੇ ਇੱਕ ਪਹਾੜ ਉੱਤੇ ਪ੍ਰਾਰਥਨਾ ਕਰਨ ਲਈ ਗਿਆ। 29 ਜਦੋਂ ਉਹ ਪ੍ਰਾਰਥਨਾ ਕਰ ਰਿਹਾ ਸੀ ਤਾਂ ਉਸ ਦੇ ਮੂੰਹ ਦਾ ਰੰਗ ਰੂਪ ਬਦਲਣਾ ਸ਼ੁਰੂ ਹੋ ਗਿਆ। ਉਸ ਦੇ ਵਸਤਰ ਚਿੱਟੇ ਚਮਕੀਲੇ ਹੋ ਗਏ। 30 ਉਸ ਵਕਤ ਦੋ ਆਦਮੀ ਯਿਸੂ ਨਾਲ ਗੱਲਾਂ ਕਰ ਰਹੇ ਸਨ ਜੋ ਕਿ ਮੂਸਾ ਅਤੇ ਏਲੀਯਾਹ ਸਨ। 31 ਮੂਸਾ ਅਤੇ ਏਲੀਯਾਹ ਵੀ ਬੜੇ ਚਮਕ ਰਹੇ ਸਨ ਅਤੇ ਉਹ ਯਿਸੂ ਨਾਲ ਉਸਦੀ ਮੌਤ ਬਾਰੇ ਗੱਲ ਕਰ ਰਹੇ ਸਨ ਜਿਹੜੀ ਕਿ ਯਰੂਸ਼ਲਮ ਵਿੱਚ ਵਾਪਰਨ ਵਾਲੀ ਸੀ। 32 ਪਰ ਪਤਰਸ ਅਤੇ ਉਸ ਦੇ ਸਾਥੀ ਗਹਿਰੀ ਨੀਂਦ ਸੁੱਤੇ ਹੋਏ ਸਨ। ਪਰ ਜਦੋਂ ਉਹ ਜਾਗੇ ਉਨ੍ਹਾਂ ਨੇ ਯਿਸੂ ਦੀ ਮਹਿਮਾ ਵੇਖੀ ਅਤੇ ਉਸ ਨਾਲ ਦੋ ਹੋਰ ਆਦਮੀਆਂ ਨੂੰ ਖੜ੍ਹੇ ਵੇਖਿਆ। 33 ਜਦੋਂ ਮੂਸਾ ਅਤੇ ਏਲੀਯਾਹ ਵਾਪਸ ਜਾ ਰਹੇ ਸਨ ਤਾਂ ਪਤਰਸ ਨੇ ਕਿਹਾ, “ਸੁਆਮੀ, ਸਾਡੇ ਲਈ ਇੱਥੇ ਰਹਿਣਾ ਚੰਗਾ ਹੈ। ਅਸੀਂ ਇੱਥੇ ਤਿੰਨ ਤੰਬੂ ਲਾਵਾਂਗੇ ਇੱਕ ਤੁਹਾਡੇ ਲਈ, ਇੱਕ ਮੂਸਾ ਲਈ ਅਤੇ ਇੱਕ ਏਲੀਯਾਹ ਵਾਸਤੇ।” ਪਰ ਪਤਰਸ ਨਹੀਂ ਜਾਣਦਾ ਸੀ ਕਿ ਉਹ ਕੀ ਆਖ ਰਿਹਾ ਹੈ।
34 ਜਦੋਂ ਹਾਲੇ ਪਤਰਸ ਗੱਲਾਂ ਕਰ ਰਿਹਾ ਸੀ ਤਾਂ ਚਾਰ ਚੁਫ਼ੇਰੇ ਇੱਕ ਬੱਦਲ ਛਾਇਆ ਤਾਂ ਉਹ ਡਰ ਗਏ ਜਦੋਂ ਉਹ ਬੱਦਲ ਵਿੱਚ ਘਿਰ ਗਏ। 35 ਤਾਂ ਬੱਦਲ ਵਿੱਚੋਂ ਇੱਕ ਅਵਾਜ਼ ਆਈ ਅਤੇ ਕਿਹਾ, “ਇਹ ਮੇਰਾ ਪੁੱਤਰ ਹੈ! ਇਹ ਉਹ ਹੈ ਜਿਸ ਨੂੰ ਮੈਂ ਚੁਣਿਆ ਹੈ ਅਤੇ ਤੁਸੀਂ ਸਾਰੇ ਇਸਦੀ ਸੁਣੋ।”
36 ਜਦੋਂ ਅਵਾਜ਼ ਅਲੋਪ ਹੋ ਗਈ ਤਾਂ ਉੱਥੇ ਕੇਵਲ ਯਿਸੂ ਹੀ ਸੀ। ਤਾਂ ਪਤਰਸ, ਯਾਕੂਬ ਅਤੇ ਯੂਹੰਨਾ ਚੁੱਪ ਰਹੇ ਉਨ੍ਹਾਂ ਨੇ ਜੋ ਕੁਝ ਵੀ ਵੇਖਿਆ ਸੀ ਉਸ ਬਾਰੇ ਕਿਸੇ ਨੂੰ ਵੀ ਕੁਝ ਵੀ ਸੂਚਿਤ ਨਹੀਂ ਕੀਤਾ।
2010 by World Bible Translation Center