Print Page Options
Previous Prev Day Next DayNext

Old/New Testament

Each day includes a passage from both the Old Testament and New Testament.
Duration: 365 days
Punjabi Bible: Easy-to-Read Version (ERV-PA)
Version
1 ਸਮੂਏਲ 22-24

ਦਾਊਦ ਦਾ ਵੱਖੋ-ਵੱਖ ਥਾਵਾਂ ਉੱਤੇ ਜਾਣਾ

22 ਦਾਊਦ ਗਥ ਤੋਂ ਵੀ ਨਿਕਲ ਕੇ ਅਦੁੱਲਾਮ ਦੀ ਗੁਫ਼ਾ ਵਿੱਚ ਭੱਜ ਆਇਆ। ਜਦੋਂ ਦਾਊਦ ਦੇ ਭਰਾਵਾਂ ਅਤੇ ਸੰਬੰਧੀਆਂ ਨੂੰ ਪਤਾ ਲੱਗਾ ਕਿ ਦਾਊਦ ਅਦੁੱਲਾਮ ਵਿੱਚ ਹੈ ਤਾਂ ਉਹ ਦਾਊਦ ਨੂੰ ਮਿਲਣ ਉੱਥੇ ਆਏ। ਬਹੁਤ ਸਾਰੇ ਲੋਕ ਦਾਊਦ ਦੇ ਮਗਰ ਹੋ ਪਏ। ਉੱਥੇ ਦੁੱਖਾਂ ਦੇ ਮਾਰੇ ਹੋਏ ਲੋਕ ਸਨ, ਕੁਝ ਕਰਜਾਈ ਕਿਸਮ ਦੇ ਗਰੀਬ ਲੋਕ, ਦੁੱਖੀ ਲੋਕ ਅਤੇ ਕੁਝ ਜ਼ਿੰਦਗੀ ਤੋਂ ਉਪਰਾਮ ਹੋਏ ਲੋਕ ਸਨ। ਇਨ੍ਹਾਂ ਸਭ ਤਰ੍ਹਾਂ ਦੇ ਲੋਕਾਂ ਨੇ ਦਾਊਦ ਨੂੰ ਆਪਣਾ ਆਗੂ ਮੰਨਿਆ। ਹੁਣ ਦਾਊਦ ਦੇ ਨਾਲ ਕਰੀਬ 400 ਮਨੁੱਖ ਸਨ।

ਦਾਊਦ ਅਦੁੱਲਾਮ ਤੋਂ ਚੱਲਾ ਗਿਆ ਅਤੇ ਮੋਆਬ ਵਿੱਚ ਮਿਸਫ਼ੇਹ ਨੂੰ ਆਇਆ। ਦਾਊਦ ਨੇ ਮੋਆਬ ਦੇ ਪਾਤਸ਼ਾਹ ਨੂੰ ਆਖਿਆ, “ਹੇ ਪਾਤਸ਼ਾਹ ਮੈਨੂੰ ਪਰਵਾਨਗੀ ਦੇ ਜੋ ਮੈਂ ਮੇਰੀ ਮਾਂ ਅਤੇ ਪਿਉ ਉੱਥੋਂ ਨਿਕਲਕੇ ਤੁਹਾਡੇ ਕੋਲ ਰਹਿਣ, ਜਦ ਤੱਕ ਮੈਂ ਇਹ ਨਾ ਜਾਣ ਲਵਾ ਕਿ ਪਰਮੇਸ਼ੁਰ ਮੇਰੇ ਨਾਲ ਕੀ ਕਰੇਗਾ।” ਇੰਝ ਦਾਊਦ ਨੇ ਆਪਣੇ ਮਾਪਿਆਂ ਨੂੰ ਮੋਆਬ ਦੇ ਪਾਤਸ਼ਾਹ ਕੋਲ ਛੱਡਿਆ। ਜਦ ਤੀਕ ਦਾਊਦ ਕਿਲ੍ਹੇ ਵਿੱਚ ਸੀ ਦਾਊਦ ਦੇ ਮਾਪੇ ਮੋਆਬ ਦੇ ਪਾਤਸ਼ਾਹ ਕੋਲ ਹੀ ਠਹਿਰੇ।

ਪਰ ਗਾਦ ਨਬੀ ਨੇ ਦਾਊਦ ਨੂੰ ਆਖਿਆ, “ਕਿਲ੍ਹੇ ਵਿੱਚ ਨਾ ਰਹੀਂ। ਯਹੂਦਾਹ ਦੇ ਦੇਸ਼ ਨੂੰ ਚੱਲਿਆ ਜਾਹ।” ਤਾਂ ਫ਼ੇਰ ਦਾਊਦ ਉਸ ਜਗ਼੍ਹਾ ਤੋਂ ਤੁਰਕੇ ਹਾਰਥ ਦੇ ਜੰਗਲ ਨੂੰ ਚੱਲਾ ਗਿਆ।

ਸ਼ਾਊਲ ਦਾ ਅਹੀਮਲਕ ਦੇ ਪਰਿਵਾਰ ਦਾ ਨਾਸ਼ ਕਰਨਾ

ਤਦ ਸ਼ਾਊਲ ਨੇ ਸੁਣਿਆ ਕਿ ਦਾਊਦ ਪਰਗਟ ਹੋਇਆ ਹੈ ਅਤੇ ਉਹ ਲੋਕ ਵੀ ਜੋ ਉਸ ਦੇ ਨਾਲ ਸਨ। ਉਸ ਵਕਤ ਸ਼ਾਊਲ ਰਾਮਾਹ ਦੇ ਗਿਬਆਹ ਵਿੱਚ ਇੱਕ ਝਾਊ ਦੇ ਬਿਰੱਖ ਹੇਠਾਂ ਆਪਣੀ ਬਰਛੀ ਹੱਥ ’ਚ ਫ਼ੜੀ ਬੈਠਾ ਸੀ। ਉਸ ਦੇ ਸਾਰੇ ਅਫ਼ਸਰ ਉਸ ਦੇ ਆਲੇ-ਦੁਆਲੇ ਖੜ੍ਹੇ ਸਨ। ਉਸ ਨੇ ਆਪਣੇ ਆਸ-ਪਾਸ ਖੜ੍ਹੇ ਅਫ਼ਸਰਾਂ ਨੂੰ ਕਿਹਾ, “ਹੇ ਬਿਨਯਾਮੀਨਿਓ ਸੁਣੋ! ਤੁਸੀਂ ਕੀ ਸੋਚਦੇ ਹੋ ਕਿ ਯੱਸੀ ਦਾ ਪੁੱਤਰ (ਦਾਊਦ) ਤੁਹਾਡੇ ਵਿੱਚੋਂ ਹਰ ਇੱਕ ਨੂੰ ਪੈਲੀ ਅਤੇ ਦਾਖਾਂ ਦੇ ਬਾਗ ਦੇਵੇਗਾ? ਤੁਸੀਂ ਕੀ ਸੋਚਦੇ ਹੋ ਕਿ ਉਹ ਤੁਹਾਨੂੰ 100 ਅਤੇ 1,000 ਆਦਮੀਆਂ ਦੇ ਉੱਪਰ ਅਫ਼ਸਰ ਬਣਾਵੇਗਾ। ਜੇ ਤੁਸੀਂ ਸਾਰਿਆਂ ਨੇ ਮਿਲਕੇ ਮੇਰੇ ਖਿਲਾਫ਼ ਹੋਣ ਦਾ ਏਕਾ ਕੀਤਾ ਹੈ? ਤੁਸੀਂ ਸਭ ਮਿਲਕੇ ਮੇਰੇ ਵਿਰੁੱਧ ਗੁਪਤ ਵਿਉਂਤਾ ਬਣਾਉਂਦੇ ਰਹਿੰਦੇ ਹੋ। ਤੁਹਾਡੇ ਵਿੱਚੋਂ ਕਿਸੇ ਨੇ ਵੀ ਮੈਨੂੰ ਮੇਰੇ ਪੁੱਤਰ ਯੋਨਾਥਾਨ ਦੇ ਬਾਰੇ ਨਹੀਂ ਦੱਸਿਆ। ਤੁਹਾਡੇ ਵਿੱਚੋਂ ਕਿਸੇ ਨੇ ਨਾ ਮੈਨੂੰ ਦੱਸਿਆ ਕਿ ਉਸ ਨੇ ਯੱਸੀ ਦੇ ਪੁੱਤਰ ਦਾਊਦ ਨਾਲ ਚੁੱਪ ਕਰਕੇ ਹੀ ਇੱਕ ਇਕਰਾਰਨਾਮਾ ਬਣਾਇਆ ਹੈ। ਤੁਹਾਡੇ ਵਿੱਚੋਂ ਕਿਸੇ ਨੂੰ ਵੀ ਮੇਰੀ ਪਰਵਾਹ ਨਹੀਂ ਹੈ। ਤੁਹਾਡੇ ਵਿੱਚੋਂ ਕਿਸੇ ਨੇ ਵੀ ਮੈਨੂੰ ਇਹ ਨਾ ਦੱਸਿਆ ਕਿ ਮੇਰੇ ਆਪਣੇ ਪੁੱਤਰ ਯੋਨਾਥਾਨ ਨੇ ਹੀ ਦਾਊਦ ਨੂੰ ਉਕਸਾਇਆ ਜਦ ਕਿ ਯੋਨਾਥਾਨ ਨੇ ਮੇਰੇ ਹੀ ਸੇਵਕ ਦਾਊਦ ਨੂੰ ਲੁਕਣ ਅਤੇ ਮੇਰੇ ਉੱਤੇ ਹਮਲਾ ਕਰਨ ਦੀ ਸ਼ੇਹ ਦਿੱਤੀ। ਤਾਂ ਹੀ ਹੁਣ ਉਹ ਇਹ ਕੁਝ ਕਰ ਰਿਹਾ ਹੈ।”

ਤਦ ਦੋਏਗਾ ਅਦੋਮੀ ਨੇ ਜੋ ਸ਼ਾਊਲ ਦੇ ਟਹਿਲੂਆਂ ਕੋਲ ਖੜ੍ਹਾ ਸੀ ਉੱਤਰ ਦਿੱਤਾ, “ਮੈਂ ਯੱਸੀ ਦੇ ਪੁੱਤਰ ਨੂੰ ਨੋਬ ਵਿੱਚ ਵੇਖਿਆ ਸੀ। ਦਾਊਦ ਅਹੀਟੂਬ ਦੇ ਪੁੱਤਰ ਅਹੀਮਲਕ ਨੂੰ ਮਿਲਣ ਆਇਆ ਸੀ। 10 ਅਹੀਮਲਕ ਨੇ ਦਾਊਦ ਲਈ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਅਤੇ ਉਸ ਨੂੰ ਖਾਣ ਲਈ ਭੋਜਨ ਵੀ ਦਿੱਤਾ ਅਤੇ ਉਸ ਨੂੰ ਫ਼ਲਿਸਤੀ ਗੋਲਿਆਥ ਦੀ ਤਲਵਾਰ ਵੀ ਦਿੱਤੀ।”

11 ਤਦ ਸ਼ਾਊਲ ਪਾਤਸ਼ਾਹ ਨੇ ਕੁਝ ਆਦਮੀਆਂ ਨੂੰ ਜਾਜਕ ਫ਼ੜਕੇ ਲਿਆਉਣ ਦਾ ਹੁਕਮ ਦਿੱਤਾ। ਸ਼ਾਊਲ ਨੇ ਅਹੀਟੂਬ ਦੇ ਪੁੱਤਰ ਅਹੀਮਲਕ ਅਤੇ ਉਸ ਦੇ ਸਾਰੇ ਪਰਿਵਾਰ ਨੂੰ ਅਤੇ ਸੰਬੰਧੀਆਂ ਨੂੰ ਨੋਬ ਤੋਂ ਫ਼ੜਕੇ ਲਿਆਉਣ ਲਈ ਆਖਿਆ। ਸਾਰੇ ਪਾਤਸ਼ਾਹ ਸਾਹਮਣੇ ਪੇਸ਼ ਕੀਤੇ ਗਏ। 12 ਸ਼ਾਊਲ ਨੇ ਅਹੀਮਲਕ ਨੂੰ ਕਿਹਾ, “ਤੂੰ ਅਹੀਟੂਬ ਦੇ ਪੁੱਤਰ, ਜ਼ਰਾ ਧਿਆਨ ਨਾਲ ਸੁਣ!”

ਅਹੀਮਲਕ ਨੇ ਕਿਹਾ, “ਜੀ, ਮਾਲਿਕ!”

13 ਸ਼ਾਊਲ ਨੇ ਅਹੀਮਲਕ ਨੂੰ ਆਖਿਆ, “ਤੂੰ ਅਤੇ ਯੱਸੀ ਦੇ ਪੁੱਤਰ ਨੇ ਮੇਰੇ ਵਿਰੁੱਧ ਗੋਂਦਾ ਕਿਉਂ ਗੁੰਦੀਆਂ? ਤੂੰ ਦਾਊਦ ਨੂੰ ਰੋਟੀ ਅਤੇ ਤਲਵਾਰ ਵੀ ਦਿੱਤੀ। ਤੂੰ ਉਸ ਲਈ ਪਰਮੇਸ਼ੁਰ ਅੱਗੇ ਪ੍ਰਾਰਥਨਾ ਵੀ ਕੀਤੀ ਅਤੇ ਹੁਣ ਉਹ ਦਾਊਦ ਠੀਕ ਮੇਰੇ ਉੱਪਰ ਹਮਲਾ ਕਰਨ ਦੀ ਉਡੀਕ ਕਰ ਰਿਹਾ ਹੈ।”

14 ਅਹੀਮਲਕ ਨੇ ਜਵਾਬ ਦਿੱਤਾ, “ਦਾਊਦ ਤੇਰੇ ਨਾਲ ਵਫ਼ਾਦਾਰ ਹੈ। ਤੇਰੇ ਕਿਸੇ ਵੀ ਹੋਰ ਅਫ਼ਸਰਾਂ ਵਿੱਚੋਂ ਕੋਈ ਇੰਨਾ ਭਰੋਸੇਮਂਦ ਨਹੀਂ ਜਿੰਨਾ ਕਿ ਦਾਊਦ। ਉਹ ਤੇਰਾ ਆਪਣਾ ਜੁਆਈ ਹੈ ਅਤੇ ਦਾਊਦ ਤੇਰੇ ਦਰਬਾਨਾਂ ਦਾ ਵੀ ਕਪਤਾਨ ਹੈ ਅਤੇ ਤੇਰਾ ਆਪਣਾ ਸਾਰਾ ਪਰਿਵਾਰ ਵੀ ਉਸਦੀ ਬੜੀ ਇੱਜ਼ਤ ਕਰਦਾ ਹੈ। 15 ਇਹ ਕੋਈ ਪਹਿਲੀ ਵਾਰ ਮੈਂ ਪਰੇਮਸ਼ੁਰ ਅੱਗੇ ਦਾਊਦ ਲਈ ਪ੍ਰਾਰਥਨਾ ਨਹੀਂ ਕੀਤੀ। ਬਿਲਕੁਲ ਵੀ ਨਹੀਂ। ਇਸ ਲਈ ਮੇਰੇ ਉੱਤੇ ਜਾਂ ਮੇਰੇ ਸੰਬੰਧੀਆਂ ਉੱਤੇ ਤੁਹਮਤ ਨਾ ਲਗਾ। ਅਸੀਂ ਤਾਂ ਤੇਰੇ ਸੇਵਕ ਹਾਂ। ਮੈਨੂੰ ਬਿਲਕੁਲ ਕੁਝ ਨਹੀਂ ਪਤਾ ਕਿ ਅਸਲ ਵਿੱਚ ਕੀ ਹੋ ਰਿਹਾ ਹੈ?”

16 ਪਰ ਪਾਤਸ਼ਾਹ ਨੇ ਕਿਹਾ, “ਅਹੀਮਲਕ! ਤੇਰੀ ਅਤੇ ਤੇਰੇ ਸੰਬੰਧੀਆਂ ਦੀ ਮੌਤ ਅਵੱਸ਼ ਹੈ।” 17 ਤਾਂ ਪਾਤਸ਼ਾਹ ਨੇ ਆਪਣੇ ਕੋਲ ਖੜ੍ਹੇ ਦਰਬਾਨਾਂ ਨੂੰ ਕਿਹਾ, “ਜਾਉ ਅਤੇ ਯਹੋਵਾਹ ਦੇ ਜਾਜਕਾਂ ਨੂੰ ਮਾਰ ਦਿਉ ਕਿਉਂਕਿ ਉਹ ਵੀ ਦਾਊਦ ਦੇ ਪੱਖ ਵਿੱਚ ਸਨ। ਉਹ ਜਾਣਦੇ ਸਨ ਕਿ ਦਾਊਦ ਬਚ ਰਿਹਾ ਹੈ ਪਰ ਉਨ੍ਹਾਂ ਨੇ ਮੈਨੂੰ ਨਹੀਂ ਦੱਸਿਆ।”

ਪਰ ਪਾਤਸ਼ਾਹ ਦੇ ਅਫ਼ਸਰਾਂ ਨੇ ਯਹੋਵਾਹ ਦੇ ਜਾਜਕਾਂ ਨੂੰ ਮਾਰਨ ਤੋਂ ਇਨਕਾਰ ਕਰ ਦਿੱਤਾ। 18 ਤਾਂ ਪਾਤਸ਼ਾਹ ਨੇ ਦੋਏਗ ਨੂੰ ਇਸ ਲਈ ਆਖਿਆ, ਸ਼ਾਊਲ ਨੇ ਕਿਹਾ, “ਦੋਏਗ! ਤੂੰ ਜਾ ਅਤੇ ਜਾਕੇ ਜਾਜਕ ਨੂੰ ਮਾਰ ਸੁੱਟ।” ਤਾਂ ਉਸ ਦਿਨ ਦੋਏਗ ਗਿਆ ਅਤੇ ਜਾਕੇ ਜਾਜਕ ਅਤੇ ਉਸ ਦੇ ਸੰਬੰਧੀਆਂ ਸਮੇਤ 85 ਲੋਕਾਂ ਨੂੰ ਜਾਨੋਂ ਮਾਰ ਸੁੱਟਿਆ। 19 ਜਾਜਕਾਂ ਦੇ ਸ਼ਹਿਰ ਨੋਬ ਵਿੱਚ ਉਸ ਨੇ ਸਾਰੇ ਲੋਕਾਂ ਨੂੰ ਵੱਢ ਸੁੱਟਿਆ। ਦੋਏਗ ਨੇ ਆਪਣੀ ਤਲਵਾਰ ਕੱਢੀ ਅਤੇ ਸਾਰੇ ਆਦਮੀਆਂ, ਔਰਤਾਂ, ਬੱਚਿਆਂ ਅਤੇ ਦੁੱਧ ਪੀਂਦੇ ਮਾਸੂਮ ਬੱਚਿਆਂ ਸਮੇਤ ਸਭ ਨੂੰ ਅਤੇ ਉਨ੍ਹਾਂ ਦੀਆਂ ਸਭ ਗਊਆਂ, ਖੋਤਿਆ, ਭੇਡਾਂ ਸਭ ਨੂੰ ਵੱਢ ਸੁੱਟਿਆ।

20 ਪਰ ਉਨ੍ਹਾਂ ਵਿੱਚੋਂ ਇੱਕ ਆਦਮੀ ਜਿਸ ਦਾ ਨਾਉਂ ਅਬਯਾਥਾਰ ਸੀ ਬਚ ਗਿਆ। ਅਬਯਾਥਾਰ ਅਹੀਟੂਬ ਦਾ ਪੁੱਤਰ ਸੀ ਜੋ ਉੱਥੋਂ ਭੱਜਕੇ ਦਾਊਦ ਦੇ ਮਗਰ ਲੱਗ ਗਿਆ ਸੀ। 21 ਅਬਯਾਥਾਰ ਨੇ ਦਾਊਦ ਨੂੰ ਖਬਰ ਕੀਤੀ ਕਿ ਸ਼ਾਊਲ ਨੇ ਯਹੋਵਾਹ ਦੇ ਜਾਜਕਾਂ ਨੂੰ ਮਰਵਾ ਸੁੱਟਿਆ ਹੈ। 22 ਦਾਊਦ ਨੇ ਅਬਯਾਥਾਰ ਨੂੰ ਆਖਿਆ, “ਮੈਂ ਤਾਂ ਉਸੇ ਦਿਨ ਸਮਝ ਗਿਆ ਸੀ ਕਿ ਅਦੋਮੀ ਦੋਏਗ ਜੋ ਉੱਥੇ ਸੀ ਤਾਂ ਇਹ ਸ਼ਾਊਲ ਨੂੰ ਜ਼ਰੂਰ ਖਬਰ ਦੇਵੇਗਾ। ਤੇਰੇ ਪਿਉ ਦੇ ਸਾਰੇ ਪਰਿਵਾਰ ਦੀ ਮੌਤ ਦਾ ਕਾਰਣ ਮੈਂ ਹੀ ਹਾਂ। 23 ਸ਼ਾਊਲ ਜੋ ਕਿ ਤੈਨੂੰ ਮਾਰਨਾ ਚਾਹੁੰਦਾ ਹੈ, ਉਹ ਮੈਨੂੰ ਵੀ ਮਾਰਨਾ ਚਾਹੁੰਦਾ ਹੈ। ਤੂੰ ਮੇਰੇ ਕੋਲ ਰਹਿ। ਡਰ ਨਾ। ਤੂੰ ਮੇਰੇ ਕੋਲ ਸੁਰੱਖਿਅਤ ਰਹੇਂਗਾ।”

ਕਈਲਾਹ ਵਿੱਚ ਦਾਊਦ

23 ਲੋਕਾਂ ਨੇ ਦਾਊਦ ਨੂੰ ਕਿਹਾ, “ਵੇਖ! ਫ਼ਲਿਸਤੀ ਕਈਲਾਹ ਦੇ ਵਿਰੁੱਧ ਲੜਾਈ ਕਰ ਰਹੇ ਹਨ। ਉਹ ਖਲਵਾੜਿਆਂ ਵਿੱਚੋਂ ਫ਼ਸਲਾਂ ਚੋਰੀ ਕਰ ਰਹੇ ਹਨ।”

ਦਾਊਦ ਨੇ ਯਹੋਵਾਹ ਨੂੰ ਕਿਹਾ, “ਯਹੋਵਾਹ! ਕੀ ਮੈਂ ਜਾਕੇ ਇਨ੍ਹਾਂ ਫ਼ਲਿਸਤੀਆਂ ਵਿਰੁੱਧ ਲੜਾਂ?”

ਯਹੋਵਾਹ ਨੇ ਦਾਊਦ ਨੂੰ ਕਿਹਾ, “ਜਾ ਅਤੇ ਜਾਕੇ ਫ਼ਲਿਸਤੀਆਂ ਦੇ ਖਿਲਾਫ਼ ਲੜਕੇ ਕਈਲਾਹ ਨੂੰ ਬਚਾਅ।”

ਪਰ ਦਾਊਦ ਦੇ ਆਦਮੀਆਂ ਨੇ ਉਸ ਨੂੰ ਕਿਹਾ, “ਵੇਖ ਇਸ ਵਕਤ ਅਸੀਂ ਯਹੂਦਾਹ ਦੇ ਵਿੱਚ ਹਾਂ ਅਤੇ ਅਸੀਂ ਡਰੇ ਹੋਏ ਹਾਂ। ਤਾਂ ਸੋਚਕੇ ਵੇਖ ਕਿ ਅਸੀਂ ਜੇਕਰ ਉੱਥੇ ਜਾਵਾਂਗੇ ਜਿੱਥੇ ਫ਼ਲਿਸਤੀਆਂ ਦੀ ਸੈਨਾ ਹੈ ਤਾਂ ਕਿੰਨਾ ਡਰ ਲੱਗੇਗਾ।”

ਦਾਊਦ ਨੇ ਫ਼ਿਰ ਯਹੋਵਾਹ ਨੂੰ ਪੁੱਛਿਆ ਅਤੇ ਯਹੋਵਾਹ ਨੇ ਜਵਾਬ ਦਿੱਤਾ, “ਤੂੰ ਕਈਲਾਹ ਵਿੱਚ ਜਾ। ਮੈਂ ਫ਼ਲਿਸਤੀਆਂ ਨੂੰ ਹਰਾਉਣ ਵਿੱਚ ਤੇਰੀ ਮਦਦ ਕਰਾਂਗਾ।” ਤਾਂ ਦਾਊਦ ਅਤੇ ਉਸ ਦੇ ਆਦਮੀ ਕਈਲਾਹ ਵਿੱਚ ਗਏ ਅਤੇ ਉਹ ਫ਼ਲਿਸਤੀਆਂ ਦੇ ਵਿਰੁੱਧ ਲੜੇ ਅਤੇ ਉਨ੍ਹਾਂ ਨੂੰ ਹਰਾਕੇ ਉਨ੍ਹਾਂ ਦੇ ਸਾਰੇ ਪਸ਼ੂ ਲੁੱਟ ਲਿਆਏ। ਇਉਂ ਦਾਊਦ ਨੇ ਕਈਲਾਹ ਦੇ ਲੋਕਾਂ ਨੂੰ ਬਚਾਇਆ। (ਜਦੋਂ ਅਬਯਾਥਾਰ ਭੱਜਕੇ ਦਾਊਦ ਕੋਲ ਆਇਆ ਤਾਂ ਉਸ ਦੇ ਹੱਥ ਵਿੱਚ ਇੱਕ ਏਫ਼ੋਦ ਵੀ ਸੀ।)

ਲੋਕਾਂ ਨੇ ਸ਼ਾਊਲ ਨੂੰ ਦੱਸਿਆ ਕਿ ਦਾਊਦ ਇਸ ਵਕਤ ਕਈਲਾਹ ਵਿੱਚ ਹੈ। ਤਾਂ ਸ਼ਾਊਲ ਬੋਲਿਆ, “ਪਰਮੇਸ਼ੁਰ ਨੇ ਉਸ ਨੂੰ ਹੁਣ ਮੇਰੇ ਹੱਥ ਵਿੱਚ ਕਰ ਦਿੱਤਾ ਹੈ! ਉਸ ਨੇ ਆਪੇ ਹੀ ਆਪਣੇ-ਆਪ ਨੂੰ ਜਾਲ ਵਿੱਚ ਫ਼ਸਾ ਲਿਆ ਹੈ। ਕਿਉਂਕਿ ਉਹ ਅਜਿਹੇ ਸ਼ਹਿਰ ਵਿੱਚ ਜਿਸਦੇ ਬੂਹੇ ਅਤੇ ਸਲਾਖਾਂ ਹਨ, ਉਸ ਵਿੱਚ ਆਪੇ ਹੀ ਬੰਦ ਹੋ ਗਿਆ ਹੈ।” ਸ਼ਾਊਲ ਨੇ ਆਪਣੀ ਸਾਰੀ ਫ਼ੌਜ ਲੜਾਈ ਲਈ ਤਿਆਰ ਕੀਤੀ ਅਤੇ ਉਹ ਕਈਲਾਹ ਵਿੱਚ ਦਾਊਦ ਅਤੇ ਉਸ ਦੇ ਆਦਮੀਆਂ ਉੱਤੇ ਕੂਚ ਕਰਨ ਲਈ ਤਿਆਰ ਹੋ ਗਏ।

ਦਾਊਦ ਨੂੰ ਪਤਾ ਲੱਗਾ ਕਿ ਸ਼ਾਊਲ ਉਸ ਦੇ ਵਿਰੁੱਧ ਲੜਨ ਦੀ ਸਾਜਿਸ਼ ਕਰ ਰਿਹਾ ਹੈ ਤਾਂ ਦਾਊਦ ਨੇ ਅਬਯਾਥਾਰ ਜਾਜਕ ਨੂੰ ਕਿਹਾ, “ਉਹ ਏਫ਼ੋਦ ਲੈ ਆ।”

10 ਦਾਊਦ ਨੇ ਪ੍ਰਾਰਥਨਾ ਕੀਤੀ, “ਹੇ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ। ਮੈਂ ਸੁਣਿਆ ਹੈ ਕਿ ਸ਼ਾਊਲ ਮੇਰੇ ਕਾਰਣ ਕਈਲਾਹ ਉੱਤੇ ਚੜ੍ਹਾਈ ਕਰਨ ਅਤੇ ਉਸ ਨੂੰ ਨਾਸ਼ ਕਰਨ ਆ ਰਿਹਾ ਹੈ। 11 ਕੀ ਸ਼ਾਊਲ ਕਈਲਾਹ ਵਿੱਚ ਆਵੇਗਾ? ਕੀ ਕਾਈਲਾਹ ਦੇ ਲੋਕ ਮੈਨੂੰ ਸ਼ਾਊਲ ਦੇ ਹਵਾਲੇ ਕਰ ਦੇਣਗੇ? ਹੇ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ! ਮੈਂ ਤੇਰਾ ਸੇਵਕ ਹਾਂ ਕਿਰਪਾ ਕਰਕੇ ਮੈਨੂੰ ਦੱਸੋ ਕਿ ਕੀ ਹੋਵੇਗਾ?”

ਯਹੋਵਾਹ ਨੇ ਕਿਹਾ, “ਸ਼ਾਊਲ ਜ਼ਰੂਰ ਆਵੇਗਾ।”

12 ਦਾਊਦ ਨੇ ਫ਼ਿਰ ਪੁੱਛਿਆ, “ਕੀ ਕਈਲਾਹ ਦੇ ਲੋਕ ਮੈਨੂੰ ਅਤੇ ਮੇਰੇ ਆਦਮੀਆਂ ਨੂੰ ਸ਼ਾਊਲ ਦੇ ਸਪੁਰਦ ਕਰ ਦੇਣਗੇ?”

ਯਹੋਵਾਹ ਨੇ ਕਿਹਾ, “ਹਾਂ ਉਹ ਅਜਿਹਾ ਕਰਨਗੇ।”

13 ਤਾਂ ਦਾਊਦ ਅਤੇ ਉਸ ਦੇ ਆਦਮੀ ਕਈਲਾਹ ਤੋਂ ਭੱਜ ਗਏ। ਕੋਈ 600 ਦੇ ਕਰੀਬ ਆਦਮੀ ਦਾਊਦ ਦੇ ਨਾਲ ਗਏ। ਇਉਂ ਦਾਊਦ ਅਤੇ ਉਸ ਦੇ ਆਦਮੀ ਥਾਂ ਤੋਂ ਥਾਂ ਭੱਜਦੇ ਰਹੇ। ਸ਼ਾਊਲ ਨੂੰ ਪਤਾ ਲੱਗਾ ਕਿ ਦਾਊਦ ਕਈਲਾਹ ਤੋਂ ਬਚਕੇ ਭੱਜ ਗਿਆ ਹੈ ਤਾਂ ਉਹ ਫ਼ਿਰ ਉਸ ਸ਼ਹਿਰ ਵਿੱਚ ਨਾ ਗਿਆ।

ਸ਼ਾਊਲ ਨੇ ਦਾਊਦ ਦਾ ਪਿੱਛਾ ਕੀਤਾ

14 ਦਾਊਦ ਉਜਾੜ ਵੱਲ ਗਿਆ ਅਤੇ ਉੱਥੇ ਪਕਿਆ ਕਿਲ੍ਹਿਆਂ ਵਿੱਚ ਜਾਕੇ ਰਿਹਾ। ਦਾਊਦ ਉਜਾੜ ਦੇ ਪਹਾੜੀ ਇਲਾਕੇ ਜ਼ੀਫ਼ ਵਿੱਚ ਵੀ ਜਾਕੇ ਰਿਹਾ। ਹਰ ਰੋਜ਼ ਸ਼ਾਊਲ ਉਸ ਨੂੰ ਭਾਲਦਾ ਪਰ ਯਹੋਵਾਹ ਨੇ ਦਾਊਦ ਨੂੰ ਸ਼ਾਊਲ ਦੇ ਹੱਥ ਨਾ ਲੱਗਣ ਦਿੱਤਾ।

15 ਇੱਕ ਦਿਨ ਜਦ ਦਾਊਦ ਜ਼ੀਫ਼ ਦੀ ਉਜਾੜ ਵਿੱਚ ਹੋਰੇਸ਼ ਵਿੱਚ ਸੀ ਤਾਂ ਉਹ ਡਰ ਗਿਆ ਕਿਉਂਕਿ ਉਹ ਜਾਣਦਾ ਸੀ ਕਿ ਸ਼ਾਊਲ ਉਸਦੀ ਜਾਨ ਦੇ ਮਗਰ ਪਿਆ ਹੋਇਆ ਹੈ। 16 ਪਰ ਸ਼ਾਊਲ ਦਾ ਪੁੱਤਰ ਯੋਨਾਥਾਨ ਹੋਰੇਸ਼ ਵਿੱਚ ਦਾਊਦ ਨੂੰ ਮਿਲਣ ਲਈ ਗਿਆ ਤਾਂ ਯੋਨਾਥਾਨ ਨੇ ਦਾਊਦ ਨੂੰ ਪਰਮੇਸ਼ੁਰ ਵਿੱਚ ਪੱਕਾ ਨਿਸ਼ਚਾ ਰੱਖਣ ਲਈ ਕਿਹਾ ਅਤੇ ਇਸ ਵਿੱਚ ਉਸਦੀ ਮਦਦ ਕੀਤੀ। 17 ਯੋਨਾਠਾਨ ਨੇ ਦਾਊਦ ਨੂੰ ਦੱਸਿਆ, “ਡਰ ਨਾ, ਮੇਰਾ ਪਿਤਾ ਸ਼ਾਊਲ ਤੇਰਾ ਕੁਝ ਨਹੀ ਵਿਗਾੜ ਸੱਕਦਾ। ਤੂੰ ਹੀ ਇਸਰਾਏਲ ਦਾ ਰਾਜਾ ਬਣੇਂਗਾ ਅਤੇ ਮੈਂ ਦੂਜੇ ਦਰਜੇ ਉੱਤੇ ਹੋਵਾਂਗਾ। ਇਹ ਗੱਲ ਮੇਰਾ ਪਿਉ ਵੀ ਜਾਣਦਾ ਹੈ।”

18 ਯੋਨਾਥਾਨ ਅਤੇ ਦਾਊਦ ਨੇ ਯਹੋਵਾਹ ਦੇ ਅੱਗੇ ਇਕਰਾਰਨਾਮਾ ਕੀਤਾ ਅਤੇ ਫ਼ਿਰ ਯੋਨਾਥਾਨ ਘਰ ਨੂੰ ਮੁੜ ਗਿਆ ਅਤੇ ਦਾਊਦ ਹੋਰੇਸ਼ ਵਿੱਚ ਹੀ ਰਿਹਾ।

ਜ਼ੀਫ਼ ਦੇ ਲੋਕਾਂ ਨੇ ਦਾਊਦ ਬਾਰੇ ਸ਼ਾਊਲ ਨੂੰ ਦੱਸਿਆ

19 ਤਦ ਜ਼ੀਫ਼ ਦੇ ਲੋਕ ਗਿਬਆਹ ਵਿੱਚ ਸ਼ਾਊਲ ਕੋਲ ਆਏ ਅਤੇ ਆਕੇ ਉਸ ਨੂੰ ਕਹਿਣ ਲੱਗੇ, “ਦਾਊਦ ਸਾਡੇ ਹੀ ਇਲਾਕੇ ਵਿੱਚ ਲੁਕਦਾ ਫ਼ਿਰਦਾ ਹੈ। ਇਸ ਵਕਤ ਉਹ ਹੋਰੇਸ਼ ਦੀਆਂ ਪੱਕੀਆਂ ਥਾਵਾਂ ਵਿੱਚ ਹਨੀਲਾਹ ਦੇ ਪਹਾੜ ਉੱਪਰ ਜੋ ਯਸੀਮੋਨ ਦੀ ਦੱਖਣ ਵੱਲ ਹੈ, ਉੱਥੇ ਲੁਕਿਆ ਹੋਇਆ ਹੈ। 20 ਸੋ ਹੇ ਪਾਤਸ਼ਾਹ, ਤੂੰ ਜਦ ਚਾਹੇਂ ਉੱਧਰ ਆ ਜਾਵੀਂ, ਇਹ ਸਾਡਾ ਫ਼ਰਜ ਹੈ ਕਿ ਤੂੰ ਜਦ ਆਵੇਂ ਅਸੀਂ ਦਾਊਦ ਨੂੰ ਤੇਰੇ ਹਵਾਲੇ ਕਰੀਏ।”

21 ਸ਼ਾਊਲ ਨੇ ਕਿਹਾ, “ਮੇਰੀ ਮਦਦ ਲਈ ਯਹੋਵਾਹ ਤੁਹਾਡੇ ਉੱਤੇ ਕਿਰਪਾ ਕਰੇ। 22 ਜਾਓ ਅਤੇ ਉਸ ਦੇ ਬਾਰੇ ਹੋਰ ਖਬਰ ਲਿਆਵੋ। ਵੇਖੋ, ਪਤਾ ਲਗਾਓ ਕਿ ਉਹ ਕਿੱਥੇ ਠਹਿਰਿਆ ਹੈ। ਅਤੇ ਇਹ ਵੀ ਪਤਾ ਲਗਾਓ ਕਿ ਉੱਥੇ ਦਾਊਦ ਨੂੰ ਕਿਸਨੇ ਵੇਖਿਆ ਹੈ? ਸ਼ਾਊਲ ਨੇ ਸੋਚਿਆ, ਉਹ ਬੜਾ ਚੁਸਤ ਹੈ ਕਿਤੇ ਉਹ ਮੈਨੂੰ ਮੁਰੱਖ ਹੀ ਨਾ ਬਣਾਉਂਦਾ ਹੋਵੇ। 23 ਉਸ ਦੇ ਸਾਰੇ ਲੁਕਣ ਦੇ ਟਿਕਾਣਿਆਂ ਬਾਰੇ ਪਤਾ ਲਗਾਕੇ ਲਿਆਵੋ। ਫ਼ਿਰ ਆਕੇ ਉਸ ਬਾਰੇ ਮੈਨੂੰ ਸਭ ਖਬਰ ਕਰਨਾ। ਫ਼ਿਰ ਮੈਂ ਤੁਹਾਡੇ ਨਾਲ ਚੱਲਾਂਗਾ ਜੇਕਰ ਦਾਊਦ ਉਸ ਇਲਾਕੇ ਵਿੱਚ ਹੋਇਆ ਤਾਂ ਮੈਂ ਉਸ ਨੂੰ ਲੱਭ ਲਵਾਂਗਾ। ਫ਼ਿਰ ਤਾਂ ਮੈਂ ਉਸ ਨੂੰ ਯਹੂਦਾਹ ਦੇ ਹਜ਼ਾਰਾਂ ਲੋਕਾਂ ਵਿੱਚੋਂ ਵੀ ਲੱਭ ਲਵਾਂਗਾ।”

24 ਤਾਂ ਉਹ ਲੋਕ ਉੱਥੋਂ ਉੱਠ ਕੇ ਜ਼ੀਫ਼ ਨੂੰ ਵਾਪਸ ਗਏ। ਸ਼ਾਊਲ ਵੀ ਉਨ੍ਹਾਂ ਤੋਂ ਬਾਦ ਉੱਠ ਗਿਆ।

ਦਾਊਦ ਅਤੇ ਉਸ ਦੇ ਸਾਥੀ ਹੁਣ ਮਾਓਨ ਦੀ ਉਜਾੜ ਵਿੱਚ ਗਏ। ਇਸ ਵਕਤ ਉਹ ਯਸ਼ੀਮੋਨ ਦੇ ਦੱਖਣ ਵੱਲ ਇੱਕ ਉਜਾੜ ਵਿੱਚ ਸਨ। 25 ਸ਼ਾਊਲ ਅਤੇ ਉਸ ਦੇ ਸਾਥੀ ਦਾਊਦ ਨੂੰ ਲੱਭਣ ਲਈ ਨਿਕਲੇ ਪਰ ਲੋਕਾਂ ਨੇ ਦਾਊਦ ਨੂੰ ਸਤਰਕ ਕਰ ਦਿੱਤਾ। ਉਨ੍ਹਾਂ ਨੇ ਉਸ ਨੂੰ ਦੱਸ ਦਿੱਤਾ ਕਿ ਸ਼ਾਊਲ ਤੈਨੂੰ ਭਾਲ ਰਿਹਾ ਹੈ। ਤਦ ਦਾਊਦ ਮਾਓਨ ਦੀ ਉਜਾੜ ਵਿੱਚ “ਇੱਕ ਚੱਟਾਨ” ਵੱਲ ਉਤਰ ਗਿਆ। ਜਦ ਸ਼ਾਊਲ ਨੂੰ ਪਤਾ ਲੱਗਾ ਕਿ ਦਾਊਦ ਮਾਓਨ ਦੀ ਉਜਾੜ ਵੱਲ ਗਿਆ ਹੈ ਤਾਂ ਉਹ ਉਸ ਨੂੰ ਲੱਭਣ ਲਈ ਉਸੇ ਥਾਂ ਵੱਲ ਗਿਆ ਜਿੱਥੇ ਦਾਊਦ ਸੀ।

26 ਸ਼ਾਊਲ ਅਤੇ ਉਸ ਦੇ ਆਦਮੀ ਪਹਾੜ ਦੇ ਇੱਕ ਪਾਸੇ ਵੱਲ ਸਨ ਅਤੇ ਉਸੇ ਪਹਾੜੀ ਦੇ ਦੂਜੇ ਪਾਸੇ ਦਾਊਦ ਅਤੇ ਉਸ ਦੇ ਸਾਥੀ ਖੜ੍ਹੇ ਸਨ। ਦਾਊਦ ਉੱਥੋਂ ਸ਼ਾਊਲ ਕੋਲੋਂ ਦੂਰ ਭੱਜਣ ਦੀ ਕਾਹਲ ਕਰ ਰਿਹਾ ਸੀ ਕਿਉਂਕਿ ਸ਼ਾਊਲ ਅਤੇ ਉਸ ਦੇ ਸਿਪਾਹੀ ਪਹਾੜੀ ਦੇ ਵੱਲੋਂ ਦਾਊਦ ਅਤੇ ਉਸ ਦੇ ਸਾਥੀਆਂ ਨੂੰ ਘੇਰਾ ਪਾਉਣ ਦੀ ਕੋਸ਼ਿਸ਼ ਵਿੱਚ ਸਨ।

27 ਤਦ ਇੱਕ ਸੰਦੇਸ਼ਵਾਹਕ ਸ਼ਾਊਲ ਕੋਲ ਆਇਆ ਅਤੇ ਕਿਹਾ, “ਜਲਦੀ ਕਰ! ਫ਼ਲਿਸਤੀਆਂ ਨੇ ਪਹਿਲਾਂ ਹੀ ਸਾਡੀ ਧਰਤੀ ਉੱਤੇ ਹਮਲਾ ਕਰ ਦਿੱਤਾ ਹੈ।”

28 ਤਦ ਸ਼ਾਊਲ ਨੇ ਦਾਊਦ ਦਾ ਪਿੱਛਾ ਕਰਨਾ ਛੱਡ ਕੇ ਫ਼ਲਿਸਤੀਆਂ ਨਾਲ ਲੜਨ ਲਈ ਤਿਆਰ ਹੋਣ ਲੱਗਾ। ਇਸ ਲਈ ਲੋਕ ਇਸ ਚੱਟਾਨ ਨੂੰ “ਤਿਲਕਵੀਂ ਚੱਟਾਨ” ਆਖਦੇ ਹਨ। ਭਾਵ ਕਿ “ਰਿਹਾਈ ਦੀ ਚੱਟਾਨ।” 29 ਦਾਊਦ ਉੱਥੋਂ ਨਿਕਲਕੇ ਏਨ-ਗਦੀ ਦੇ ਵਿੱਚ ਪੱਕੀਆਂ ਥਾਵਾਂ ਦੇ ਵਿੱਚਕਾਰ ਚੱਲਿਆ ਗਿਆ।

ਦਾਊਦ ਦਾ ਸ਼ਾਊਲ ਨੂੰ ਸ਼ਰਮਿੰਦਾ ਕਰਨਾ

24 ਜਦੋਂ ਸ਼ਾਊਲ ਫ਼ਲਿਸਤਿਆਂ ਦਾ ਪਿੱਛਾ ਕਰਕੇ ਮੁੜ ਪਿਆ ਤਾਂ ਲੋਕਾਂ ਨੇ ਸ਼ਾਊਲ ਨੂੰ ਕਿਹਾ, “ਦਾਊਦ ਹੁਣ ਏਨ-ਗਦੀ ਦੀ ਉਜਾੜ ਵਿੱਚ ਹੈ।”

ਤਾਂ ਸ਼ਾਊਲ ਨੇ ਸਾਰੇ ਇਸਰਾਏਲ ਵਿੱਚੋਂ 3,000 ਆਦਮੀ ਚੁਣੇ ਅਤੇ ਉਨ੍ਹਾਂ ਨੂੰ ਨਾਲ ਲੈ ਕੇ ਦਾਊਦ ਅਤੇ ਉਸ ਦੇ ਸਾਥੀਆਂ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਦਾਊਦ ਨੂੰ ਜੰਗਲੀ ਬੱਕਰੀਆਂ ਦੀ ਚੱਟਾਨ ਵੱਲ ਲੱਭਿਆ। ਸ਼ਾਊਲ ਦਾਊਦ ਨੂੰ ਲੱਭਦਿਆਂ ਹੋਇਆਂ, ਰਾਹ ਦੇ ਪਾਸੇ ਤੇ ਭੇਡਾਂ ਦੇ ਵਾੜੇ ਕੋਲ ਪਹੁੰਚ ਗਿਆ। ਉੱਥੇ ਕੋਲ ਹੀ ਇੱਕ ਗੁਫ਼ਾ ਸੀ, ਇਸ ਲਈ ਉਹ ਆਰਾਮ ਕਰਨ ਲਈ ਗੁਫ਼ਾ ਅੰਦਰ ਚੱਲਾ ਗਿਆ। ਉੱਥੇ ਉਸੇ ਗੁਫ਼ਾ ਵਿੱਚ ਦਾਊਦ ਅਤੇ ਉਸ ਦੇ ਸਾਥੀ ਲੁਕੇ ਹੋਏ ਸਨ। ਦਾਊਦ ਦੇ ਸਾਥੀਆਂ ਨੇ ਆਖਿਆ, “ਅੱਜ ਹੀ ਉਹ ਦਿਨ ਹੈ ਜਿਸਦੇ ਬਾਰੇ ਯਹੋਵਾਹ ਨੇ ਆਖਿਆ ਸੀ। ਯਹੋਵਾਹ ਨੇ ਤੈਨੂੰ ਕਿਹਾ ਸੀ, ‘ਮੈਂ ਤੇਰੇ ਦੁਸ਼ਮਣ ਤੇਰੇ ਹੱਥ ਦੇਵੇਆਂਗਾ ਫ਼ਿਰ ਤੂੰ ਜੋ ਚਾਹੇਂ ਆਪਣੇ ਦੁਸ਼ਮਣ ਨਾਲ ਕਰੀਂ।’”

ਤਦ ਦਾਊਦ ਰੀਂਗਦਾ-ਰੀਂਗਦਾ ਸ਼ਾਊਲ ਦੇ ਬਹੁਤ ਨੇੜੇ ਆ ਗਿਆ। ਤਦ ਦਾਊਦ ਨੇ ਸ਼ਾਊਲ ਦੇ ਚੋਗੇ ਦੀ ਨੁੱਕਰ ਪਾੜੀ। ਸ਼ਾਊਲ ਨੂੰ ਦਾਊਦ ਨਜ਼ਰ ਨਾ ਆਇਆ। ਬਾਦ ਵਿੱਚ ਦਾਊਦ ਨੂੰ ਸ਼ਾਊਲ ਦੇ ਚੋਗੇ ਦੀ ਨੁੱਕਰ ਕੱਟਣ ਦਾ ਅਫ਼ਸੋਸ ਲੱਗਾ। ਦਾਊਦ ਨੇ ਆਪਣੇ ਸਾਥੀਆਂ ਨੂੰ ਆਖਿਆ, “ਮੈਂ ਯਹੋਵਾਹ ਦੀ ਸੌਂਹ ਖਾਂਦਾ ਹਾਂ ਕਿ ਮੈਂ ਫ਼ਿਰ ਅਜਿਹਾ ਆਪਣੇ ਰਾਜੇ ਨਾਲ ਨਹੀਂ ਕਰਾਂਗਾ। ਉਹ ਯਹੋਵਾਹ ਦੁਆਰਾ ਚੁਣਿਆ ਗਿਆ ਹੈ। ਕਿਉਂ ਕਿ ਉਹ ਚੁਣਿਆ ਹੋਇਆ ਹੈ, ਮੈਂ ਕਦੇ ਵੀ ਉਸ ਨੂੰ ਮਾਰਨ ਦੀ ਕੋਸ਼ਿਸ਼ ਨਹੀਂ ਕਰਾਂਗਾ।” ਦਾਊਦ ਨੇ ਇਹ ਸਭ ਗੱਲਾਂ ਆਪਣੇ ਸਾਥੀਆਂ ਨੂੰ ਝਿੜਕਣ ਲਈ ਕਹੀਆਂ। ਦਾਊਦ ਨਹੀਂ ਸੀ ਚਾਹੁੰਦਾ ਕਿ ਉਸ ਦੇ ਆਦਮੀ ਸ਼ਾਊਲ ਨੂੰ ਮਾਰਨ।

ਸ਼ਾਊਲ ਗੁਫ਼ਾ ਛੱਡ ਕੇ ਆਪਣੇ ਰਾਹ ਨੂੰ ਹੋਇਆ। ਦਾਊਦ ਗੁਫ਼ਾ ਵਿੱਚੋਂ ਬਾਹਰ ਨਿਕਲਿਆ ਅਤੇ ਸ਼ਾਊਲ ਨੂੰ ਲਲਕਾਰਿਆ, “ਹੇ ਮੇਰੇ ਮਹਾਰਾਜ ਪਾਤਸ਼ਾਹ!”

ਸ਼ਾਊਲ ਵੇਖਣ ਲਈ ਪਿੱਛੇ ਮੁੜਿਆ। ਦਾਊਦ ਉਸ ਨੂੰ ਇੱਜ਼ਤ ਦੇਣ ਲਈ ਧਰਤੀ ਉੱਤੇ ਝੁਕ ਗਿਆ। ਦਾਊਦ ਨੇ ਸ਼ਾਊਲ ਨੂੰ ਕਿਹਾ, “ਤੂੰ ਲੋਕਾਂ ਦੀ ਕਿਉਂ ਸੁਣਦਾ ਹੈਂ ਜਦੋਂ ਉਹ ਤੈਨੂੰ ਇਹ ਆਖਦੇ ਹਨ ਕਿ, ‘ਦਾਊਦ ਤੈਨੂੰ ਮਾਰਨ ਦੀ ਵਿਉਂਤ ਕਰਦਾ ਪਿਆ ਹੈ?’ 10 ਮੈਂ ਤੈਨੂੰ ਦੁੱਖ ਦੇਣਾ ਨਹੀਂ ਚਾਹੁੰਦਾ! ਇਹ ਤੂੰ ਆਪਣੀਆਂ ਅੱਖਾਂ ਨਾਲ ਖੁਦ ਦੇਖ ਸੱਕਦਾ ਹੈ। ਯਹੋਵਾਹ ਨੇ ਤੈਨੂੰ ਅੱਜ ਮੈਨੂੰ ਮਿਲਣ ਦਾ ਮੌਕਾ ਦਿੱਤਾ, ਪਰ ਮੈਂ ਤੈਨੂੰ ਮਾਰਨ ਤੋਂ ਇਨਕਾਰ ਕੀਤਾ। ਮੈਨੂੰ ਤੇਰੇ ਉੱਤੇ ਤਰਸ ਆਇਆ। ਮੈਂ ਕਿਹਾ, ‘ਮੈਂ ਆਪਣੇ ਸੁਆਮੀ ਉੱਤੇ ਘਾਤ ਨਹੀਂ ਕਰਾਂਗਾ। ਸ਼ਾਊਲ ਯਹੋਵਾਹ ਦਾ ਚੁਣਿਆ ਹੋਇਆ ਪਾਤਸ਼ਾਹ ਹੈ।’ 11 ਇਹ ਵੇਖ ਜੋ ਮੇਰੇ ਹੱਥ ਵਿੱਚ ਤੇਰੇ ਚੋਗੇ ਦੀ ਕੰਤਰ ਹੈ, ਮੈਂ ਤੈਨੂੰ ਮਾਰ ਸੱਕਦਾ ਸੀ, ਪਰ ਮੈਂ ਅਜਿਹਾ ਨਾ ਕੀਤਾ। ਹੁਣ ਮੈਂ ਤੈਨੂੰ ਇਹ ਸਮਝਾਉਣਾ ਚਾਹੁੰਦਾ ਹਾਂ ਅਤੇ ਤੈਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਮੇਰਾ ਤੇਰੇ ਵਿਰੁੱਧ ਕੋਈ ਚਾਲ ਚੱਲਣ ਦਾ ਵਿੱਚਾਰ ਨਹੀਂ। ਮੈਂ ਤੇਰੇ ਨਾਲ ਕੋਈ ਵੀ ਗਲਤ ਕੰਮ ਨਹੀਂ ਕੀਤਾ ਤੈਨੂੰ ਨੁਕਸਾਨ ਨਹੀਂ ਪਹੁੰਚਾਇਆ। ਪਰ ਤੂੰ ਸ਼ਿਕਾਰੀਆਂ ਵਾਂਗ ਮੇਰਾ ਸ਼ਿਕਾਰ ਕਰਕੇ ਮੈਨੂੰ ਮਾਰਨ ਉੱਤੇ ਤੁਲਿਆ ਹੋਇਆ ਹੈ। 12 ਚੱਲ ਯਹੋਵਾਹ ਨੂੰ ਇਸਦਾ ਨਿਆਂ ਕਰਨ ਦੇ। ਹੋ ਸੱਕਦਾ ਹੈ ਜੋ ਤੂੰ ਮੇਰੇ ਨਾਲ ਮਾੜਾ ਕੀਤਾ ਯਹੋਵਾਹ ਤੈਨੂੰ ਉਸਦਾ ਦੰਡ ਦੇਵੇ ਪਰ ਮੈਂ ਖੁਦ ਤੇਰੇ ਨਾਲ ਨਹੀਂ ਲੜਾਂਗਾ। 13 ਇੱਕ ਪੁਰਾਨੀ ਕਹਾਵਤ ਹੈ ਕਿ,

‘ਬੁਰਿਆਂ ਤੋਂ ਬੁਰਾਈ ਹੀ ਹੁੰਦੀ ਹੈ।’

“ਮੈਂ ਕੁਝ ਵੀ ਤੇਰੇ ਨਾਲ ਮਾੜਾ ਨਹੀਂ ਕੀਤਾ, ਮੈਂ ਬੁਰਾ ਆਦਮੀ ਨਹੀਂ ਹਾਂ। ਮੈਂ ਤੈਨੂੰ ਦੁੱਖ ਨਹੀਂ ਦੇਵਾਂਗਾ। 14 ਇਸਰਾਏਲ ਦਾ ਪਾਤਸ਼ਾਹ ਕਿਸ ਦੇ ਮਗਰ ਲੱਗਾ ਹੋਇਆ ਹੈ ਕਿਸੇ ਦੇ ਖਿਲਾਫ਼ ਲੜ ਰਿਹਾ ਹੈ? ਕੀ ਤੂੰ ਭਲਾ ਇੱਕ ਮੋਏ ਹੋਏ ਕੁੱਤੇ ਜਾਂ ਪਿੱਸੂ ਦਾ ਪਿੱਛਾ ਕਰ ਰਿਹਾ ਹੈ? 15 ਇਸ ਦਾ ਨਿਆਂ ਯਹੋਵਾਹ ਨੂੰ ਹੀ ਕਰਨ ਦੇ। ਉਸ ਨੂੰ ਹੀ ਤੇਰੇ ਅਤੇ ਮੇਰੇ ਵਿੱਚਕਾਰ ਫ਼ੈਸਲਾ ਕਰਨ ਦੇ। ਯਹੋਵਾਹ ਮੇਰੀ ਮਦਦ ਕਰੇਗਾ ਅਤੇ ਇਹ ਸਾਬਿਤ ਕਰੇਗਾ ਕਿ ਮੈਂ ਠੀਕ ਹਾਂ। ਯਹੋਵਾਹ ਤੇਰੇ ਤੋਂ ਮੈਨੂੰ ਬਚਾਵੇਗਾ।”

16 ਜਦੋਂ ਦਾਊਦ ਬੋਲ ਹਟਿਆ ਤਾਂ ਸ਼ਾਊਲ ਨੇ ਕਿਹਾ, “ਦਾਊਦ! ਮੇਰੇ ਪੁੱਤਰ! ਕੀ ਇਹ ਤੂੰ ਆਪਣੀ ਆਵਾਜ਼ ’ਚ ਬੋਲ ਰਿਹਾ ਸੀ?” ਤਦ ਸ਼ਾਊਲ ਨੇ ਰੋਣਾ ਸ਼ੁਰੂ ਕਰ ਦਿੱਤਾ। 17 ਉਹ ਬਹੁਤ ਰੋਇਆ ਅਤੇ ਕਹਿਣ ਲੱਗਾ, “ਹਾਂ ਤੂੰ ਸਹੀ ਸੀ ਅਤੇ ਮੈਂ ਗਲਤ। ਤੂੰ ਤਾਂ ਹਮੇਸ਼ਾ ਮੇਰੇ ਨਾਲ ਭਲਾਈ ਕੀਤੀ ਹੈ ਪਰ ਮੈਂ ਹੀ ਤੇਰੇ ਨਾਲ ਬੁਰਾ ਕਰਦਾ ਰਿਹਾ ਹਾਂ। 18 ਅੱਜ ਤੂੰ ਮੈਨੂੰ ਦੱਸਿਆ ਜੋ ਨੇਕਨਾਮੀਆਂ ਤੂੰ ਮੇਰੇ ਨਾਲ ਕੀਤੀਆਂ। ਯਹੋਵਾਹ ਨੇ ਤੈਨੂੰ ਮੇਰੇ ਸਾਹਮਣੇ ਕਰਕੇ ਮੈਨੂੰ ਤੇਰੇ ਹਵਾਲੇ ਕੀਤਾ, ਪਰ ਤੂੰ ਮੈਨੂੰ ਨਾ ਮਾਰਿਆ। 19 ਇੱਥੋਂ ਪਤਾ ਚੱਲਿਆ ਕਿ ਤੂੰ ਮੇਰਾ ਵੈਰੀ ਨਹੀਂ ਹੈ। ਕੋਈ ਵੀ ਮਨੁੱਖ ਆਪਣੇ ਦੁਸ਼ਮਣ ਨੂੰ ਫ਼ੜਕੇ ਛੱਡਦਾ ਨਹੀਂ। ਉਹ ਆਪਣੇ ਦੁਸ਼ਮਣ ਨਾਲ ਭਲਾਈ ਨਹੀਂ ਕਰਦਾ। ਮੈਂ ਆਸ ਕਰਦਾ ਹਾਂ ਕਿ ਯਹੋਵਾਹ ਤੇਰੀ ਅੱਜ ਦੀ ਇਸ ਭਲਾਈ ਦਾ ਤੈਨੂੰ ਜ਼ਰੂਰ ਇਨਾਮ ਦੇਵੇਗਾ। 20 ਮੈਂ ਜਾਣਦਾ ਹਾਂ ਕਿ ਇਸਰਾਏਲ ਦਾ ਤੂੰ ਨਵਾਂ ਪਾਤਸ਼ਾਹ ਬਣ ਕੇ ਇਸਰਾਏਲ ਉੱਤੇ ਰਾਜ ਕਰੇਂਗਾ। 21 ਹੁਣ ਮੇਰੇ ਨਾਲ ਸੌਂਹ ਚੁੱਕ। ਯਹੋਵਾਹ ਦੇ ਨਾਉਂ ਦੀ ਸੌਂਹ ਚੁੱਕ ਕਿ ਤੂੰ ਮੇਰੇ ਪਿੱਛੇ ਮੇਰੇ ਉੱਤਰਾਧਿਕਾਰੀਆਂ ਦਾ ਨਾਸ਼ ਨਹੀਂ ਕਰੇਂਗਾ ਅਤੇ ਮੇਰੇ ਨਾਮ ਅਤੇ ਮੇਰੇ ਪਿਉ ਦੀ ਅੰਸ਼ ਨੂੰ ਖਤਮ ਨਹੀਂ ਕਰੇਂਗਾ।”

22 ਤਦ ਦਾਊਦ ਨੇ ਸ਼ਾਊਲ ਨੂੰ ਵਚਨ ਕੀਤਾ। ਉਸ ਨੇ ਸੌਂਹ ਚੁੱਕੀ ਕਿ ਉਹ ਸ਼ਾਊਲ ਦੇ ਪਰਿਵਾਰ ਦਾ ਨਾਸ਼ ਨਹੀਂ ਕਰੇਂਗਾ। ਤਦ ਸ਼ਾਊਲ ਘਰ ਨੂੰ ਵਾਪਸ ਪਰਤ ਗਿਆ। ਦਾਊਦ ਅਤੇ ਉਸ ਦੇ ਸਾਥੀ ਕਿਲੇ ਨੂੰ ਪਰਤ ਗਏ।

ਲੂਕਾ 12:1-31

ਫ਼ਰੀਸੀਆਂ ਵਰਗੇ ਨਾ ਬਣੋ

12 ਇਸੇ ਵਿੱਚਕਾਰ ਕਈ ਹਜ਼ਾਰ ਲੋਕ ਇਕੱਠੇ ਹੋ ਗਏ ਅਤੇ ਇੱਕ ਦੂਜੇ ਉੱਤੇ ਡਿੱਗਣ ਲੱਗੇ। ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਫ਼ਰੀਸੀਆਂ ਦੇ ਖਮੀਰ ਤੋਂ ਹੁਸ਼ਿਆਰ ਰਹਿਣਾ ਜੋ ਉਨ੍ਹਾਂ ਦਾ ਕਪਟ ਹੈ। ਅਜਿਹੀ ਕੋਈ ਚੀਜ਼ ਛੁਪੀ ਹੋਈ ਨਹੀਂ ਹੈ ਜੋ ਜਾਹਿਰ ਨਹੀਂ ਕੀਤੀ ਜਾਵੇਗੀ। ਅਜਿਹਾ ਕੁਝ ਵੀ ਗੁਪਤ ਨਹੀਂ ਹੈ ਜੋ ਦੱਸਿਆ ਨਹੀਂ ਜਾਵੇਗਾ। ਜੋ ਕੁਝ ਤੁਸੀਂ ਹਨੇਰੇ ਵਿੱਚ ਆਖਿਆ ਉਹ ਚਾਨਣ ਵਿੱਚ ਸੁਣਿਆ ਜਾਵੇਗ਼ਾ। ਅਤੇ ਜੋ ਕੁਝ ਗੱਲਾਂ ਤੁਸੀਂ ਬੰਦ ਕਮਰਿਆਂ ਵਿੱਚ ਖੁਸਰ-ਫੁਸਰ ਕਰਦੇ ਹੋ, ਘਰ ਦੇ ਕੋਠਿਆਂ ਉੱਪਰੋਂ ਪੁਕਾਰ ਕੇ ਸੁਣਾਈਆਂ ਜਾਣਗੀਆਂ।”

ਸਿਰਫ਼ ਪਰਮੇਸ਼ੁਰ ਤੋਂ ਡਰੋ(A)

ਤਾਂ ਯਿਸੂ ਨੇ ਲੋਕਾਂ ਨੂੰ ਕਿਹਾ, “ਮੇਰੇ ਮਿੱਤਰੋ, ਮੈਂ ਤੁਹਾਨੂੰ ਦੱਸਦਾ ਹਾਂ ਕਿ ਉਨ੍ਹਾਂ ਤੋਂ ਨਾ ਡਰੋ ਜੋ ਸਰੀਰ ਨੂੰ ਮਾਰ ਸੱਕਦੇ ਹਨ, ਪਰ ਇਸਤੋਂ ਵੱਧ ਉਹ ਕੁਝ ਨਹੀਂ ਕਰ ਸੱਕਦੇ। ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਤੁਹਾਨੂੰ ਕਿਸ ਕੋਲੋਂ ਡਰਨਾ ਚਾਹੀਦਾ ਹੈ? ਤੁਹਾਨੂੰ ਉਸ ਕੋਲੋਂ ਡਰਨਾ ਚਾਹੀਦਾ ਹੈ ਜੋ ਤੁਹਾਨੂੰ ਮਾਰਨ ਤੋਂ ਬਾਦ ਨਰਕਾਂ ਵਿੱਚ ਸੁੱਟਣ ਦਾ ਇਖਤਿਆਰ ਰੱਖਦਾ ਹੈ। ਹਾਂ, ਉਹੀ ਹੈ ਜਿਸ ਕੋਲੋਂ ਤੁਹਾਨੂੰ ਡਰਨਾ ਚਾਹੀਦਾ ਹੈ।

“ਕੀ ਪੰਜ ਚਿੱੜੀਆਂ ਦੋ ਪੈਸਿਆਂ ਲਈ ਨਹੀਂ ਵਿੱਕਦੀਆਂ? ਪਰ ਪਰਮੇਸ਼ੁਰ ਉਨ੍ਹਾਂ ਵਿੱਚੋਂ ਕਿਸੇ ਇੱਕ ਨੂੰ ਵੀ ਨਹੀਂ ਭੁੱਲਦਾ। ਹਾਂ ਪਰਮੇਸ਼ੁਰ ਜਾਣਦਾ ਹੈ ਕਿ ਤੁਹਾਡੇ ਸਿਰ ਉੱਪਰ ਕਿੰਨੇ ਵਾਲ ਹਨ। ਡਰੋ ਨਹੀਂ, ਤੁਸੀਂ ਬਹੁਤ ਸਾਰੇ ਪੰਛੀਆਂ ਨਾਲੋਂ ਕਿਤੇ ਉੱਤਮ ਹੋ।

ਯਿਸੂ ਤੋਂ ਸ਼ਰਮਿੰਦਾ ਨਾ ਹੋਵੇ(B)

“ਮੈਂ ਤੁਹਾਨੂੰ ਆਖਦਾ ਹਾਂ ਕਿ ਜੇਕਰ ਕੋਈ ਲੋਕਾਂ ਅੱਗੇ ਇਹ ਇਕਰਾਰ ਕਰੇ ਕਿ ਉਹ ਮੇਰੇ ਨਾਲ ਸੰਬੰਧਿਤ ਹੈ ਤਾਂ ਮਨੁੱਖ ਦਾ ਪੁੱਤਰ ਵੀ ਉਸਦਾ ਇਕਰਾਰ ਪਰਮੇਸ਼ੁਰ ਦੇ ਦੂਤਾਂ ਅੱਗੇ ਕਰੇਗਾ ਕਿ ਉਹ ਵਿਅਕਤੀ ਉਸ ਨਾਲ ਸੰਬੰਧਿਤ ਹੈ। ਪਰ ਜੇਕਰ ਕੋਈ ਲੋਕਾਂ ਅੱਗੇ ਮੇਰਾ ਇਨਕਾਰ ਕਰੇ ਤਾਂ ਪਰਮੇਸ਼ੁਰ ਦੇ ਦੂਤਾਂ ਅੱਗੇ ਉਸਦਾ ਵੀ ਇਨਕਾਰ ਕੀਤਾ ਜਾਵੇਗਾ।

10 “ਜੇਕਰ ਕੋਈ ਮਨੁੱਖ ਦੇ ਪੁੱਤਰ ਦੇ ਵਿਰੁੱਧ ਕੁਝ ਕਹਿੰਦਾ ਹੈ ਤਾਂ ਮਾਫ਼ ਕੀਤਾ ਜਾ ਸੱਕਦਾ ਹੈ ਪਰ ਜੇ ਕੋਈ ਪਵਿੱਤਰ ਆਤਮਾ ਦੇ ਖਿਲਾਫ਼ ਮੰਦੀਆਂ ਗੱਲਾਂ ਕਹਿੰਦਾ ਹੈ ਤਾਂ ਉਸ ਨੂੰ ਮਾਫ਼ ਨਹੀਂ ਕੀਤਾ ਜਾਵੇਗਾ।

11 “ਇਸ ਲਈ ਜੇਕਰ ਲੋਕ ਤੁਹਾਨੂੰ ਪ੍ਰਾਰਥਨਾ ਸਥਾਨਾ ਅੱਗੇ, ਹਾਕਮਾਂ ਅਤੇ ਅਧਿਕਾਰੀਆਂ ਅੱਗੇ ਲਿਆਉਂਦੇ ਹਨ ਤਾਂ ਇਹ ਚਿੰਤਾ ਨਾ ਕਰੋ ਕਿ ਤੁਸੀਂ ਆਪਣੇ ਆਪ ਨੂੰ ਕਿਵੇਂ ਬਚਾਵੋਂਗੇ ਜਾਂ ਤੁਹਾਨੂੰ ਕੀ ਆਖਣਾ ਚਾਹੀਦਾ ਹੈ। 12 ਘਬਰਾਓ ਨਹੀਂ ਕਿਉਂਕਿ ਉਸ ਸਮੇਂ ਪਵਿੱਤਰ ਆਤਮਾ ਤੁਹਾਨੂੰ ਸੂਝ ਦੇਵੇਗਾ ਕਿ ਤੁਹਾਨੂੰ ਕੀ ਆਖਣਾ ਚਾਹੀਦਾ ਹੈ।”

ਯਿਸੂ ਦਾ ਸੁਆਰਥ ਬਾਰੇ ਖਬਰਦਾਰ ਕਰਨਾ

13 ਭੀੜ ਵਿੱਚੋਂ ਇੱਕ ਮਨੁੱਖ ਨੇ ਯਿਸੂ ਨੂੰ ਕਿਹਾ, “ਗੁਰੂ ਜੀ, ਮੇਰੇ ਭਰਾ ਨੂੰ ਸਾਡੇ ਪਿਤਾ ਦੀ ਸੰਪਤੀ ਮੇਰੇ ਨਾਲ ਵੰਡਣ ਲਈ ਕਹੋ।”

14 ਪਰ ਯਿਸੂ ਨੇ ਉਸ ਨੂੰ ਕਿਹਾ, “ਹੇ ਆਦਮੀ, ਮੈਨੂੰ ਤੁਹਾਡਾ ਮੁਨਸਫ਼ ਜਾਂ ਫ਼ੈਸਲਾ ਕਰਨ ਵਾਲਾ ਕਿਸਨੇ ਬਣਾਇਆ ਹੈ?” 15 ਤਾਂ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਸਾਵੱਧਾਨ ਰਹੋ! ਅਤੇ ਹਰ ਲੋਭ-ਲਾਲਚ ਤੋਂ ਆਪਣੇ ਆਪ ਨੂੰ ਦੂਰ ਰੱਖੋ ਕਿਉਂਕਿ ਕੋਈ ਬੰਦਾ ਆਪਣੀ ਵੱਡੀ ਦੌਲਤ ਤੋਂ ਜੀਵਨ ਪ੍ਰਾਪਤ ਨਹੀਂ ਕਰ ਸੱਕਦਾ।”

16 ਤਾਂ ਯਿਸੂ ਨੇ ਉਨ੍ਹਾਂ ਨੂੰ ਇੱਕ ਦ੍ਰਿਸ਼ਟਾਂਤ ਦਿੱਤਾ, “ਕਿਸੇ ਆਦਮੀ ਦੀ ਜ਼ਮੀਨ ਤੇ ਬਹੁਤ ਅਧਿਕ ਅਨਾਜ ਹੁੰਦਾ ਸੀ। 17 ਤਾਂ ਉਸ ਨੇ ਆਪਣੇ ਮਨ ਵਿੱਚ ਸੋਚਿਆ, ‘ਮੈਂ ਕੀ ਕਰਾਂ? ਮੇਰੇ ਕੋਲ ਫ਼ਸਲ ਸਾਂਭਣ ਲਈ ਕੋਈ ਥਾਂ ਨਹੀਂ।’

18 “ਤਦ ਅਮੀਰ ਆਦਮੀ ਨੇ ਕਿਹਾ, ‘ਮੈਂ ਜਾਣਦਾ ਹਾਂ ਮੈਂ ਕੀ ਕਰਾਂਗਾ? ਮੈਂ ਆਪਣੇ ਗੁਦਾਮਾਂ ਨੂੰ ਢਾਹ ਕੇ ਵੱਡੇ ਗੁਦਾਮ ਬਣਾਵਾਂਗਾ ਅਤੇ ਮੈਂ ਆਪਣੀ ਕਣਕ ਤੇ ਹੋਰ ਚੰਗੀਆਂ ਵਸਤਾਂ ਨੂੰ ਉਨ੍ਹਾਂ ਵਿੱਚ ਰੱਖਾਂਗਾ। 19 ਤਾਂ ਮੈਂ ਆਪਣੇ-ਆਪ ਨੂੰ ਕਹਾਂਗਾ ਕਿ ਮੇਰੇ ਕੋਲ ਕਾਫੀ ਵੱਧੀਆਂ ਚੀਜ਼ਾਂ ਹਨ ਜਿਹੜੀਆਂ ਬਹੁਤ ਸਾਲਾਂ ਲਈ ਕਾਫੀ ਹਨ। ਇਸ ਲਈ ਅਰਾਮ ਕਰੋ ਖਾਵੋ-ਪੀਵੋ ਅਤੇ ਮੌਜ ਕਰੋ!’

20 “ਪਰ ਪਰਮੇਸ਼ੁਰ ਨੇ ਉਸ ਮਨੁੱਖ ਨੂੰ ਕਿਹਾ, ‘ਹੇ ਮੂਰਖ! ਅੱਜ ਰਾਤ ਹੀ ਤੂੰ ਮਰ ਜਾਵੇਂਗਾ! ਫ਼ਿਰ ਜਿਹੜੀਆਂ ਵਸਤਾਂ ਤੂੰ ਤਿਆਰ ਕੀਤੀਆਂ ਹਨ ਕਿਸ ਦੀਆਂ ਹੋਣਗੀਆਂ?’

21 “ਹਰ ਉਸ ਬੰਦੇ ਨਾਲ ਵੀ ਇਵੇਂ ਹੀ ਹੋਵੇਗਾ ਜੋ ਪਰਮੇਸ਼ੁਰ ਦੀ ਦ੍ਰਿਸ਼ਟੀ ਵਿੱਚ ਅਮੀਰ ਨਹੀਂ ਹੈ ਅਤੇ ਆਪਣੇ ਲਈ ਅਮੀਰੀ ਜਮ੍ਹਾਂ ਕਰਦਾ ਹੈ।”

ਪਰਮੇਸ਼ੁਰ ਦਾ ਰਾਜ ਪਹਿਲਾਂ(C)

22 ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਮੈਂ ਤੁਹਾਨੂੰ ਆਖਦਾ ਹਾਂ ਕਿ ਤੁਹਾਨੂੰ ਜਿਉਂਣ ਲਈ ਜੋ ਖਾਣ ਦੀ ਲੋੜ ਹੈ ਤੁਸੀਂ ਉਸਦੀ ਚਿੰਤਾ ਨਾ ਕਰੋ ਅਤੇ ਨਾ ਹੀ ਸਰੀਰ ਢੱਕਣ ਲਈ ਕੱਪੜਿਆਂ ਦੀ ਫ਼ਿਕਰ ਕਰੋ। 23 ਕਿਉਂਕਿ ਜ਼ਿੰਦਗੀ ਖਾਣ ਤੋਂ ਕਿਤੇ ਵੱਧ ਮਹੱਤਵਯੋਗ ਹੈ ਅਤੇ ਸਰੀਰ ਕੱਪੜਿਆਂ ਨਾਲੋਂ। 24 ਪੰਛੀਆਂ ਵੱਲ ਵੇਖੋ ਉਹ ਬੀਜਦੇ ਜਾਂ ਵਢਦੇ ਨਹੀਂ ਨਾ ਹੀ ਉਹ ਘਰਾਂ ਜਾਂ ਕੋਠਿਆਂ ਵਿੱਚ ਅਨਾਜ ਜਮ੍ਹਾਂ ਕਰਦੇ ਹਨ, ਪਰ ਫ਼ੇਰ ਵੀ ਪਰਮੇਸ਼ੁਰ ਉਨ੍ਹਾਂ ਨੂੰ ਭੋਜਨ ਦਿੰਦਾ ਹੈ। ਤੁਸੀਂ ਪੰਛੀਆਂ ਨਾਲੋਂ ਵੀ ਬਹੁਤ ਵੱਧ ਮੁੱਲਵਾਨ ਹੋ। 25 ਤੁਹਾਡੇ ਵਿੱਚੋਂ ਕੌਣ ਹੈ ਜਿਹੜਾ ਚਿੰਤਾ ਕਰਕੇ ਆਪਣੀ ਜ਼ਿੰਦਗੀ ਦਾ ਇੱਕ ਵੀ ਪਲ ਵੱਧਾ ਸੱਕਦਾ ਹੈ। 26 ਇਸ ਲਈ ਜੇਕਰ ਤੁਸੀਂ ਇੰਨੀ ਛੋਟੀ ਗੱਲ ਵੀ ਨਹੀਂ ਕਰ ਸੱਕਦੇ ਤਾਂ ਫ਼ਿਰ ਤੁਸੀਂ ਬਾਕੀ ਗੱਲਾਂ ਬਾਰੇ ਚਿੰਤਾ ਕਿਉਂ ਕਰਦੇ ਹੋ?

27 “ਜੰਗਲੀ ਫ਼ੁੱਲਾਂ ਵੱਲ ਵੇਖੋ! ਦੇਖੋ ਉਹ ਕਿਵੇਂ ਵੱਧਦੇ ਹਨ! ਉਹ ਨਾ ਹੀ ਸਖਤ ਮਿਹਨਤ ਕਰਦੇ ਹਨ ਅਤੇ ਨਾ ਹੀ ਕੱਤਦੇ ਹਨ, ਤਾਂ ਵੀ ਉਹ ਇੰਨੇ ਵੱਧੀਆ ਦਿਸਦੇ ਹਨ ਕਿ ਸੁਲੇਮਾਨ ਵੀ ਆਪਣੇ ਪੂਰੇ ਤੇਜ ਵਿੱਚ ਇੰਨ੍ਹਾਂ ਵਿੱਚੋਂ ਇੱਕ ਜਿੰਨਾ ਵੀ ਸਜਿਆ ਨਹੀਂ ਹੋਇਆ ਸੀ। 28 ਪਰਮੇਸ਼ੁਰ ਤਾਂ ਖੇਤ ਵਿੱਚਲੇ ਘਾਹ ਨੂੰ ਵੀ ਇਉਂ ਪਹਿਰਾਵਾ ਦਿੰਦਾ ਹੈ, ਉਹ ਘਾਹ ਜਿਹੜਾ ਅੱਜ ਜਿਉਂਦਾ ਹੈ ਅਤੇ ਕੱਲ ਭਠੀ ਵਿੱਚ ਮੱਚ ਜਾਣਾ ਹੈ। ਤਾਂ ਹੇ ਥੋੜੀ ਪਰਤੀਤ ਵਾਲੇ ਲੋਕੋ, ਕੀ ਉਹ ਤੁਹਾਨੂੰ ਉਨ੍ਹਾਂ ਨਾਲੋਂ ਵੱਧੇਰੇ ਨਹੀਂ ਸਜਾਵੇਗਾ।

29 “ਇਸ ਬਾਰੇ ਨਾ ਸੋਚਦੇ ਰਹੋ ਕਿ ਤੁਸੀਂ ਕੀ ਖਾਵੋਂਗੇ ਅਤੇ ਕੀ ਪੀਵੋਂਗੇ? ਚਿੰਤਾ ਨਾ ਕਰੋ। 30 ਕਿਉਂਕਿ ਇਸ ਦੁਨੀਆਂ ਦੀਆਂ ਸਾਰੀਂ ਕੌਮਾਂ ਇਨ੍ਹਾਂ ਚੀਜ਼ਾਂ ਭਾਲਦੀਆਂ ਹਨ ਪਰ ਤੁਹਾਡਾ ਪਿਤਾ ਜਾਣਦਾ ਹੈ ਕਿ ਤੁਹਾਨੂੰ ਕਿਨ੍ਹਾਂ ਚੀਜ਼ਾਂ ਦੀ ਲੋੜ ਹੈ। 31 ਪਰ ਪਹਿਲਾਂ ਤੁਸੀਂ ਪਰਮੇਸ਼ੁਰ ਦੇ ਰਾਜ ਲਈ ਚਾਹਨਾ ਕਰੋ। ਤਾਂ ਫ਼ੇਰ ਇਹ ਬਾਕੀ ਦੀਆਂ ਵਸਤਾਂ ਵੀ ਤੁਹਾਨੂੰ ਦਿੱਤੀਆਂ ਜਾਣਗੀਆਂ।

Punjabi Bible: Easy-to-Read Version (ERV-PA)

2010 by World Bible Translation Center