Old/New Testament
ਦਾਊਦ ਨੂੰ ਸ਼ਾਊਲ ਦੀ ਮੌਤ ਬਾਰੇ ਪਤਾ ਲੱਗਣਾ
1 ਦਾਊਦ ਅਮਾਲੇਕੀਆਂ ਨੂੰ ਹਰਾਉਣ ਤੋਂ ਬਾਅਦ ਸਿਕਲਗ ਨੂੰ ਮੁੜਿਆ। ਇਹ ਸਭ ਸ਼ਾਊਲ ਦੇ ਇੱਕਦਮ ਮਰਨ ਉਪਰੰਤ ਹੋਇਆ। ਤਦ ਦਾਊਦ ਉੱਥੇ ਦੋ ਦਿਨ ਰਿਹਾ। 2 ਤੀਜੇ ਦਿਨ ਇੱਕ ਨੌਜੁਆਨ ਸਿਪਾਹੀ ਸਿਕਲਗ ਨੂੰ ਆਇਆ। ਇਹ ਆਦਮੀ ਸ਼ਾਊਲ ਦੇ ਡੇਰੇ ਤੋਂ ਸੀ, ਉਸ ਦੇ ਕੱਪੜੇ ਲੀਰੋ-ਲੀਰ ਸਨ ਅਤੇ ਉਸ ਦੇ ਸਿਰ ਉੱਤੇ ਖੇਹ [a] ਪਾਈ ਗਈ ਸੀ। ਉਹ ਮਨੁੱਖ ਦਾਊਦ ਕੋਲ ਆਇਆ ਤਾਂ ਧਰਤੀ ਵੱਲ ਮੂੰਹ ਕਰਕੇ ਉਸ ਅੱਗੇ ਝੁਕਗਿਆ।
3 ਦਾਊਦ ਨੇ ਉਸ ਆਦਮੀ ਨੂੰ ਪੁੱਛਿਆ, “ਤੂੰ ਕਿੱਥੋਂ ਆਇਆ ਹੈਂ?”
ਉਸ ਮਨੁੱਖ ਨੇ ਦਾਊਦ ਨੂੰ ਕਿਹਾ, “ਮੈਂ ਹੁਣੇ-ਹੁਣੇ ਇਸਰਾਏਲ ਦੇ ਡੇਰੇ ਚੋ ਬਚ ਕੇ ਆਇਆ ਹਾਂ।”
4 ਦਾਊਦ ਨੇ ਉਸ ਨੂੰ ਕਿਹਾ, “ਕਿਰਪਾ ਕਰਕੇ ਮੈਨੂੰ ਦੱਸ ਕਿ ਲੜਾਈ ਵਿੱਚ ਕੌਣ ਜਿੱਤਿਆ ਹੈ?”
ਉਸ ਮਨੁੱਖ ਨੇ ਕਿਹਾ, “ਸਾਡੇ ਲੋਕ ਲੜਾਈ ਵਿੱਚੋਂ ਭੱਜ ਗਏ। ਬਹੁਤ ਸਾਰੇ ਤਾਂ ਲੜਾਈ ਵਿੱਚ ਹੀ ਮਾਰੇ ਗਏ। ਸ਼ਾਊਲ ਅਤੇ ਉਸਦਾ ਪੁੱਤਰ ਯੋਨਾਥਾਨ ਵੀ ਜੰਗ ਵਿੱਚ ਮਾਰੇ ਗਏ ਹਨ।”
5 ਦਾਊਦ ਨੇ ਨੌਜੁਆਨ ਸਿਪਾਹੀ ਨੂੰ ਕਿਹਾ, “ਤੈਨੂੰ ਕਿਵੇਂ ਪਤਾ ਹੈ ਕਿ ਸ਼ਾਊਲ ਅਤੇ ਉਸਦਾ ਪੁੱਤਰ ਯੋਨਾਥਾਨ ਵੀ ਮਰ ਗਏ ਹਨ।”
6 ਨੌਜਵਾਨ ਸਿਪਾਹੀ ਨੇ ਜਵਾਬ ਦਿੱਤਾ, “ਮੈਂ ਗਿਲਬੋਆ ਪਰਬਤ ਦੇ ਉੱਪਰ ਸੀ। ਉੱਥੇ ਮੈਂ ਸ਼ਾਊਲ ਨੂੰ ਆਪਣੇ ਨੇਜੇ ਉੱਪਰ ਝੁਕੇ ਹੋਏ ਨੂੰ ਵੇਖਿਆ ਹੈ। ਰੱਥ ਅਤੇ ਘੁੜਸਵਾਰ ਉਸ ਦੇ ਨਜ਼ਦੀਕ ਆਉਂਦੇ ਜਾ ਰਹੇ ਸਨ। 7 ਉਸ ਵਕਤ ਸ਼ਾਊਲ ਨੇ ਮੁੜ ਕੇ ਮੇਰੇ ਵੱਲ ਵੇਖਿਆ ਅਤੇ ਮੈਨੂੰ ਬੁਲਾਇਆ ਤਾਂ ਮੈਂ ਉਸ ਨੂੰ ਜੁਆਬ ਦਿੱਤਾ। 8 ਸ਼ਾਊਲ ਨੇ ਮੇਰੇ ਤੋਂ ਪੁੱਛਿਆ ਕਿ ਮੈਂ ਕੌਣ ਹਾਂ। ਮੈਂ ਉਸ ਨੂੰ ਦੱਸਿਆ ਕਿ ਮੈਂ ਅਮਾਲੇਕੀ ਹਾਂ। 9 ਤਦ ਸ਼ਾਊਲ ਨੇ ਕਿਹਾ, ‘ਕਿਰਪਾ ਕਰਕੇ ਮੈਨੂੰ ਵੱਢ ਸੁੱਟ ਕਿਉਂ ਜੋ ਮੈਂ ਬੁਰੀ ਤਰ੍ਹਾਂ ਜ਼ਖਮੀ ਹਾਂ ਪਰ ਅਜੇ ਤੀਕ ਮੇਰੇ ਪ੍ਰਾਣ ਮੈਨੂੰ ਤਿਆਗ ਨਹੀਂ ਰਹੇ।’ 10 ਇਸ ਲਈ ਮੈਂ ਉੱਥੇ ਰੁਕ ਗਿਆ ਅਤੇ ਉਸ ਨੂੰ ਮਾਰ ਦਿੱਤਾ ਉਹ ਇੰਨੀ ਬੁਰੀ ਤਰ੍ਹਾਂ ਜ਼ਖਮੀ ਸੀ ਕਿ ਮੈਂ ਜਾਣਦਾ ਸੀ ਕਿ ਉਹ ਹੁਣ ਨਹੀਂ ਬਚੇਗਾ। ਮੇਰੇ ਮਹਾਰਾਜ, ਫ਼ਿਰ ਮੈਂ ਉਸ ਦੇ ਸਿਰ ਤੋਂ ਤਾਜ ਅਤੇ ਉਸਦੀ ਬਾਂਹ ਵਿੱਚੋਂ ਕੰਗਣ ਉਤਾਰਿਆ ਅਤੇ ਇਹ ਵਸਤਾਂ ਤੇਰੇ ਕੋਲ ਲੈ ਅਇਆ।”
11 ਤਦ ਦਾਊਦ ਨੇ ਇਹ ਦਰਸਾਉਣ ਲਈ ਕਿ ਉਹ ਵੀ ਬੜਾ ਦੁੱਖੀ ਹੋਇਆ ਹੈ ਆਪਣੇ ਕੱਪੜੇ ਫ਼ਾੜੇ ਅਤੇ ਲੀਰੋ-ਲੀਰ ਕੀਤੇ ਅਤੇ ਦਾਊਦ ਨਾਲ ਜਿੰਨੇ ਵੀ ਹੋਰ ਆਦਮੀ ਸਨ, ਉਨ੍ਹਾਂ ਨੇ ਵੀ ਇਉਂ ਹੀ ਕੀਤਾ। 12 ਉਹ ਸਭ ਬੜੇ ਉਦਾਸ ਹੋਏ, ਰੋਏ-ਪਿੱਟੇ ਅਤੇ ਸ਼ਾਮ ਤੀਕ ਕੁਝ ਨਾ ਖਾਧਾ। ਉਹ ਸ਼ਾਊਲ ਅਤੇ ਉਸ ਦੇ ਪੁੱਤਰ ਯੋਨਾਥਾਨ ਦਾ ਸੋਗ ਮਨਾਉਂਦੇ ਰੋਦੇ-ਪਿੱਟਦੇ ਰਹੇ। ਦਾਊਦ ਅਤੇ ਉਸ ਦੇ ਆਦਮੀ ਇਸ ਲਈ ਵੀ ਰੋਦੇ ਰਹੇ ਕਿਉਂ ਜੋ ਯਹੋਵਾਹ ਦੇ ਲੋਕ ਕਿੰਨੇ ਹੀ ਜੰਗ ਵਿੱਚ ਮਾਰੇ ਗਏ ਸਨ ਅਤੇ ਉਹ ਇਸਰਾਏਲ ਦੇ ਦੁੱਖ ਵਿੱਚ ਰੋਦੇ ਰਹੇ। ਉਹ ਸ਼ਾਊਲ, ਉਸ ਦੇ ਪੁੱਤਰ, ਜੰਗ ਵਿੱਚ ਮਰੇ ਆਦਮੀਆਂ ਅਤੇ ਇਸਰਾਏਲ ਲਈ ਰੋਦੇ ਅਤੇ ਦੁੱਖੀ ਹੁੰਦੇ ਰਹੇ।
ਦਾਊਦ ਨੇ ਅਮਾਲੇਕੀ ਨੂੰ ਮਾਰ ਮੁਕਾਉਣ ਦਾ ਹੁਕਮ ਦਿੱਤਾ
13 ਉਸ ਉਪਰੰਤ ਦਾਊਦ ਨੇ ਉਸ ਨੌਜੁਆਨ ਸਿਪਾਹੀ ਜਿਹੜਾ ਸ਼ਾਊਲ ਦੀ ਮੌਤ ਦੀ ਖਬਰ ਲੈ ਕੇ ਆਇਆ ਸੀ, ਉਸ ਨੂੰ ਪੁੱਛਿਆ, “ਭਲਾ ਤੂੰ ਕਿੱਥੋਂ ਦਾ ਹੈਂ?”
ਨੌਜੁਆਨ ਸਿਪਾਹੀ ਨੇ ਕਿਹਾ, “ਮੈਂ ਪਰਦੇਸੀ ਦਾ ਪੁੱਤਰ ਅਮਾਲੇਕੀ ਹਾਂ।”
14 ਦਾਊਦ ਨੇ ਉਸ ਨੂੰ ਆਖਿਆ, “ਕੀ ਯਹੋਵਾਹ ਦੇ ਚੁਣੇ ਹੋਏ ਪਾਤਸ਼ਾਹ ਨੂੰ ਮਾਰਨ ਵਾਸਤੇ ਜਦੋਂ ਤੇਰੇ ਹੱਥ ਉੱਠੇ ਤਾਂ ਤੈਨੂੰ ਖੌਫ਼ ਨਾ ਆਇਆ?”
15-16 ਤਦ ਦਾਊਦ ਨੇ ਅਮਾਲੇਕੀ ਨੂੰ ਕਿਹਾ, “ਤੂੰ ਆਪਣੀ ਮੌਤ ਦਾ ਆਪ ਜ਼ਿੰਮੇਵਾਰ ਹੈਂ। ਤੂੰ ਆਖਿਆ ਕਿ ਤੂੰ ਆਪ ਯਹੋਵਾਹ ਦੇ ਚੁਣੇ ਪਾਤਸ਼ਾਹ ਨੂੰ ਜਾਨੋ ਮਾਰਿਆ, ਇਸ ਲਈ ਤੇਰੇ ਆਪਣੇ ਕਹੇ ਅਨੁਸਾਰ ਇਹ ਸਿੱਧ ਹੁੰਦਾ ਹੈ ਕਿ ਤੂੰ ਉਸਦਾ ਕਾਤਲ ਹੈਂ।” ਤਦ ਦਾਊਦ ਨੇ ਆਪਣੇ ਇੱਕ ਜੁਆਨ ਸੇਵਕ ਨੂੰ ਬੁਲਾ ਕੇ ਅਮਾਲੇਕੀ ਨੂੰ ਮਾਰ ਸੁੱਟਣ ਦਾ ਹੁਕਮ ਦਿੱਤਾ ਤਾਂ ਉਸ ਨੇ ਉਸ ਅਮਾਲੇਕੀ ਨੂੰ ਵੱਢ ਸੁੱਟਿਆ।
ਦਾਊਦ ਦਾ ਸ਼ਾਊਲ ਅਤੇ ਯੋਨਾਥਾਨ ਲਈ ਸ਼ੋਕ ਗੀਤ
17 ਤਦ ਦਾਊਦ ਨੇ ਸ਼ਾਊਲ ਅਤੇ ਯੋਨਾਥਾਨ ਲਈ ਇੱਕ ਸ਼ੋਕ ਗੀਤ ਗਾਇਆ। 18 ਦਾਊਦ ਨੇ ਉਹ ਗੀਤ ਉਨ੍ਹਾਂ ਯਹੂਦੀਆਂ ਨੂੰ ਸਿੱਖਾਉਣ ਦੀ ਆਗਿਆ ਦਿੱਤੀ। ਉਸ ਸ਼ੋਕ ਗੀਤ ਨੂੰ ਕਮਾਣ ਦਾ ਗੀਤ ਆਖਿਆ ਜਾਂਦਾ ਹੈ। ਇਹ ਗੀਤ ਯਾਸ਼ਰ ਦੀ ਪੋਥੀ [b] ਵਿੱਚ ਲਿਖਿਆ ਹੋਇਆ ਹੈ।
19 “ਹੇ ਇਸਰਾਏਲ, ਤੇਰਾ ਸੁਹੱਪਣ ਤੇਰਿਆਂ ਪਰਬਤਾਂ ਤੇ ਨਸ਼ਟ ਹੋ ਗਿਆ।
ਹਾਏ! ਉਹ ਸੂਰਮੇ ਕਿਵੇਂ ਡਿੱਗੇ!
20 ਗਬ ਵਿੱਚ ਖਬਰ ਨਾ ਦੱਸੋ!
ਅਸ਼ਕਲੋਨ ਦੀਆਂ ਗਲੀਆਂ ਵਿੱਚ ਵੀ ਇਹ ਡੌਁਡੀ ਨਾ ਪਿੱਟੋ।
ਨਹੀਂ ਤਾਂ ਫ਼ਲਿਸਤੀ ਸ਼ਹਿਰ ਖੁਸ਼ ਹੋਣਗੇ
ਅਸੁੰਨਤੀ ਜਸ਼ਨ ਮਨਾਉਣਗੇ!
21 “ਹੇ ਗਿਲਬੋਆ ਦੇ ਪਰਬਤੋਂ ਤੁਹਾਡੇ ਤੇ ਨਾ ਤ੍ਰੇਲ ਪਵੇ ਨਾ ਬਾਰਿਸ਼।
ਨਾ ਉਨ੍ਹਾਂ ਖੇਤਾਂ ਵੱਲੋਂ ਕੋਈ ਅਨਾਜ ਦੀ ਭੇਟ ਤੁਹਾਡੇ ਤੱਕ ਆਵੇ।
ਕਿਉਂ ਜੋ ਉੱਥੇ ਸੂਰਮਿਆਂ ਦੀ ਢਾਲ ਪਲੀਤ ਹੋ ਗਈ।
ਅਤੇ ਸ਼ਾਊਲ ਦੀ ਢਾਲ ਤੇਲ ਨਾਲ ਮਸਹ ਵੀ ਨਾ ਕੀਤੀ ਗਈ।
22 ਵੱਢਿਆਂ ਹੋਇਆਂ ਦੇ ਲਹੂ ਤੋਂ
ਅਤੇ ਸੂਰਮਿਆਂ ਦੀ ਚਰਬੀ ਤੋਂ ਨਾ ਹੀ
ਯੋਨਾਥਾਨ ਦੀ ਕਮਾਣ ਭੋਂਈ ਗਈ ਨਾ ਹੀ
ਸ਼ਾਊਲ ਦੀ ਤਲਵਾਰ ਸੱਖਣੀ ਮੁੜੀ।
23 “ਸ਼ਾਊਲ ਅਤੇ ਯੋਨਾਥਾਨ ਆਪਣੇ ਜੀਵਨ ਵਿੱਚ ਇੱਕ ਦੂਜੇ ਨੂੰ ਪਿਆਰਦੇ ਰਹੇ ਆਨੰਦ ਮਾਣਦੇ ਰਹੇ,
ਅਤੇ ਵੇਖੋ! ਮੌਤ ਵੀ ਉਨ੍ਹਾਂ ਨੂੰ ਜੁਦਾ ਨਾ ਕਰ ਸੱਕੀ
ਉਹ ਉਕਾਬਾਂ ਨਾਲੋਂ ਵੀ ਤੇਜ਼ ਰਫ਼ਤਾਰ
ਅਤੇ ਬੱਬਰ ਸ਼ੇਰਾਂ ਨਾਲੋਂ ਵੀ ਵੱਧੇਰੇ ਤਕੜੇ ਸਨ।
24 ਹੇ ਇਸਰਾਏਲ ਦੀ ਧੀਓ, ਸ਼ਾਊਲ ਲਈ ਰੋਵੋ
ਜਿਸਨੇ ਤੁਹਾਨੂੰ ਕਿਰਮਚੀ ਵਸਤਰ ਸੋਨੇ ਦੇ ਜੜੇ ਗਹਿਣੇ ਦਿੱਤੇ।
25 “ਹਾਏ ਉਹ ਸੂਰਮੇ ਕਿਵੇਂ ਲੜਾਈ ਵਿੱਚ ਡਿੱਗ ਪਏ?
ਹੇ ਯੋਨਾਥਾਨ! ਤੂੰ ਆਪਣੇ ਉੱਚੇ ਪਰਬਤਾਂ ਵਿੱਚ ਮਾਰਿਆ ਗਿਆ।
26 ਹੇ ਮੇਰੇ ਵੀਰ ਯੋਨਾਥਾਨ, ਮੈਂ ਤੈਥੋਂ ਬਿਨਾ ਬੜਾ ਦੁੱਖੀ ਹਾਂ
ਮੈਨੂੰ ਤੇਰਾ ਸਾਥ ਅਤਿ ਪਿਆਰਾ ਸੀ ਤੇਰਾ
ਮੇਰੇ ਲਈ ਪਿਆਰ ਕਿਸੀ ਔਰਤ ਦੇ ਪਿਆਰ
ਤੋਂ ਵੀ ਕਿਤੇ ਵੱਧੀਕ ਸੀ।
27 ਕਿਵੇਂ ਤਾਕਤਵਰ ਆਦਮੀ ਯੁੱਧ ਵਿੱਚ ਡਿੱਗ ਪਏ ਹਨ
ਅਤੇ ਉਨ੍ਹਾਂ ਦੇ ਯੁੱਧ ਦੇ ਸਾਰੇ ਸ਼ਸਤਰ ਚੱਲੇ ਗਏ ਹਨ।”
ਦਾਊਦ ਅਤੇ ਉਸ ਦੇ ਸਾਥੀਆਂ ਦਾ ਹਬਰੋਨ ਨੂੰ ਜਾਣਾ
2 ਉਪਰੰਤ ਦਾਊਦ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਅਤੇ ਪੁੱਛਿਆ, “ਕੀ ਮੈਨੂੰ ਯਹੂਦਾਹ ਦੇ ਕਿਸੇ ਵੀ ਨਗਰ ਤਾਈਂ ਜਾਣਾ ਚਾਹੀਦਾ?”
ਯਹੋਵਾਹ ਨੇ ਦਾਊਦ ਨੂੰ ਕਿਹਾ, “ਚਲਾ ਜਾ।”
ਦਾਊਦ ਨੇ ਪੁੱਛਿਆ, “ਮੈਂ ਕਿੱਥੋ ਜਾਵਾਂ?”
ਯਹੋਵਾਹ ਨੇ ਆਖਿਆ, “ਹਬਰੋਨ ਨੂੰ ਚੱਲਿਆਂ ਜਾ।”
2 ਤਾਂ ਦਾਊਦ ਆਪਣੀਆਂ ਦੋਨੋ ਬੀਵੀਆਂ ਨਾਲ ਹਬਰੋਨ ਨੂੰ ਚੱਲਾ ਗਿਆ। ਉਹ ਸਨ ਯਿਜ਼ਰੇਲ ਤੋਂ ਅਹੀਨੋਅਮ ਅਤੇ ਕਰਮਲ ਤੋਂ ਨਾਬਾਲ ਦੀ ਵਿਧਵਾ ਅਬੀਗੈਲ। 3 ਦਾਊਦ ਆਪਣੇ ਨਾਲ ਆਪਣੇ ਸਾਬੀ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਲੈ ਗਿਆ। ਉਨ੍ਹਾਂ ਸਾਰਿਆਂ ਨੇ ਆਪਣੇ ਘਰ ਹਬਰੋਨ ਦੇ ਪਿੰਡਾਂ ਵਿੱਚ ਵਸਾ ਲਏ।
ਦਾਊਦ ਦਾ ਯਾਬੇਸ਼ ਦੇ ਲੋਕਾਂ ਦਾ ਧੰਨਵਾਦ ਕਰਨਾ
4 ਤਦ ਯਹੂਦਾਹ ਦੇ ਲੋਕ ਹਬਰੋਨ ਨੂੰ ਆਏ ਅਤੇ ਉਨ੍ਹਾਂ ਨੇ ਦਾਊਦ ਨੂੰ ਯਹੂਦਾਹ ਦੇ ਪਾਤਸ਼ਾਹ ਵਜੋਂ ਮਸਹ ਕੀਤਾ ਉਨ੍ਹਾਂ ਨੇ ਦਾਊਦ ਨੂੰ ਕਿਹਾ, “ਯਾਬੇਸ਼ ਗਿਲਆਦ ਦੇ ਲੋਕਾਂ ਨੇ ਸ਼ਾਊਲ ਨੂੰ ਦੱਬਿਆ।”
5 ਸੋ ਦਾਊਦ ਨੇ ਯਾਬੇਸ਼ ਗਿਲਆਦ ਦੇ ਲੋਕਾਂ ਕੋਲ ਸੰਦੇਸ਼ਵਾਹਕ ਭੇਜੇ। ਇਨ੍ਹਾਂ ਸੰਦੇਸ਼ਵਾਹਕਾਂ ਨੇ ਯਾਬੇਸ਼ ਗਿਲਆਦ ਦੇ ਲੋਕਾਂ ਨੂੰ ਆਖਿਆ, “ਯਹੋਵਾਹ ਤੁਹਾਨੂੰ ਅਸੀਸ ਦੇਵੇ ਕਿਉਂ ਜੋ ਤੁਸੀਂ ਆਪਣੇ ਮਹਾਰਾਜ ਸ਼ਾਊਲ ਉੱਪਰ ਇੰਨੀ ਦਯਾ ਕੀਤੀ ਜੋ ਤੁਸੀਂ ਉਸ ਦੀਆਂ ਹੱਡੀਆਂ [c] ਨੂੰ ਦੱਬ ਦਿੱਤਾ। 6 ਹੁਣ ਯਹੋਵਾਹ ਤੁਹਾਡੇ ਉੱਪਰ ਕਿਰਪਾ ਅਤੇ ਨੇਕੀ ਕਰੇ। ਮੈਂ ਤੁਹਾਡੇ ਤੇ ਦਯਾਲੂ ਹੋਵਾਂਗਾ ਕਿਉਂ ਕਿ ਤੁਸੀਂ ਸ਼ਾਊਲ ਦੀਆਂ ਹੱਡੀਆਂ ਦੱਬ ਦਿੱਤੀਆਂ। 7 ਹੁਣ ਤਕੜੇ ਹੋਵੋ ਅਤੇ ਬਹਾਦੁਰ ਬਣੋ। ਤੁਹਾਡਾ ਮਹਾਰਾਜ ਸ਼ਾਊਲ ਮਰ ਗਿਆ ਹੈ। ਪਰ ਯਹੂਦਾਹ ਦੇ ਪਰਿਵਾਰ-ਸਮੂਹ ਨੇ ਮੈਨੂੰ ਮਸਹ ਕੀਤਾ ਹੈ ਕਿ ਮੈਂ ਉਨ੍ਹਾਂ ਦਾ ਪਾਤਸ਼ਾਹ ਬਣਾਂ।”
ਈਸ਼ਬੋਸ਼ਥ ਪਾਤਸ਼ਾਹ ਬਣਿਆ
8 ਪਰ ਨੇਰ ਦੇ ਪੁੱਤਰ ਅਬਨੇਰ ਨੇ ਜਿਹੜਾ ਕਿ ਸ਼ਾਊਲ ਦਾ ਸੈਨਾਪਤੀ ਸੀ ਉਸ ਨੇ ਸ਼ਾਊਲ ਦੇ ਪੁੱਤਰ ਈਸ਼ਬੋਸ਼ਥ ਨੂੰ ਲੈ ਕੇ ਮਹਨਾਇਮ ਵਿੱਚ ਪਹੁੰਚਾ ਦਿੱਤਾ ਅਤੇ 9 ਉਸ ਨੂੰ ਗਿੱਲਆਦ, ਅਸ਼ੂਰੀਆਂ, ਯਿਜ਼ਰਾਏਲ, ਅਫ਼ਰਾਈਮ, ਬਿਨਯਾਮਿਨ ਅਤੇ ਸਾਰੇ ਇਸਰਾਏਲ ਦਾ ਪਾਤਸ਼ਾਹ ਬਣਾ ਦਿੱਤਾ।
10 ਈਸ਼ਬੋਸ਼ਥ ਸ਼ਾਊਲ ਦਾ ਪੁੱਤਰ ਸੀ ਅਤੇ ਜਦ ਉਹ ਇਸਰਾਏਲ ਉੱਪਰ ਰਾਜ ਕਰਨ ਲੱਗਾ ਤਦ ਉਸਦੀ ਉਮਰ 40 ਵਰ੍ਹਿਆਂ ਦੀ ਸੀ। ਉਸ ਨੇ ਦੋ ਸਾਲਾਂ ਤੀਕ ਰਾਜ ਕੀਤਾ, ਪਰ ਉਹ ਜੋ ਯਹੂਦਾਹ ਦੇ ਪਰਿਵਾਰ ਸਮੂਹ ਤੋਂ ਸਨ ਉਨ੍ਹਾਂ ਨੇ ਦਾਊਦ ਦਾ ਪਿੱਛਾ ਕੀਤਾ। 11 ਹਬਰੋਨ ਵਿੱਚ ਦਾਊਦ ਨੇ ਯਹੂਦਾਹ ਦੇ ਘਰਾਣੇ ਉੱਪਰ ਸੱਤ ਸਾਲ ਅਤੇ ਛੇ ਮਹੀਨੇ ਰਾਜ ਕੀਤਾ।
ਭਿਅੰਕਰ ਮੁਕਾਬਲਾ
12 ਨੇਰ ਦੇ ਪੁੱਤਰ ਅਬਨੇਰ ਅਤੇ ਸ਼ਾਊਲ ਦੇ ਪੁੱਤਰ ਈਸ਼ਬੋਸ਼ਥ ਦੇ ਸੇਵਕ ਮਹਨਾਇਮ ਵਿੱਚੋਂ ਤੁਰਕੇ ਗਿਬਓਨ ਵਿੱਚ ਆਏ। 13 ਸਰੂਯਾਹ ਦਾ ਪੁੱਤਰ ਯੋਆਬ ਅਤੇ ਦਾਊਦ ਦੇ ਸੇਵਕ ਨਿਕਲੇ ਅਤੇ ਗਿਬਓਨ ਦੇ ਤਲਾਬ ਕੋਲ ਉਨ੍ਹਾਂ ਨੂੰ ਮਿਲੇ ਅਤੇ ਦੋਵੇਂ ਉੱਥੇ ਬੈਠ ਗਏ। ਇੱਕ ਟੋਲੀ ਤਲਾਬ ਦੇ ਉਰਲੇ ਬੰਨੇ ਅਤੇ ਦੂਜੀ ਤਲਾਬ ਦੇ ਦੂਜੇ ਬੰਨੇ ਜਾਕੇ ਬੈਠ ਗਈ।
14 ਅਬਨੇਰ ਨੇ ਯੋਆਬ ਨੂੰ ਕਿਹਾ, “ਇਨ੍ਹਾਂ ਨੌਜੁਆਨਾਂ ਨੂੰ ਆਖੋ ਕਿ ਸਾਡੇ ਅੱਗੇ ਕੋਈ ਮੁਕਾਬਲਾ ਆਪਸ ਵਿੱਚ ਕਰਕੇ ਵਿਖਾਉਣ।”
ਯੋਆਬ ਨੇ ਕਿਹਾ, “ਹਾਂ, ਇਨ੍ਹਾਂ ਨੂੰ ਮੁਕਾਬਲਾ ਵਿਖਾਉਣਾ ਚਾਹੀਦਾ ਹੈ।”
15 ਤਦ ਆਦਮੀ ਉੱਠੇ। ਦੋਨਾਂ ਟੋਲਿਆਂ ਨੇ ਮੁਕਾਬਲੇ ਲਈ ਆਪੋ-ਆਪਣੇ ਬੰਦੇ ਗਿਣੇ। ਦਾਊਦ ਦੀ ਫ਼ੌਜ ਵਿੱਚੋਂ 12 ਆਦਮੀ ਚੁਣੇ ਗਏ ਸਨ ਅਤੇ 12 ਆਦਮੀ ਸ਼ਾਊਲ ਦੇ ਪੁੱਤਰ ਈਸ਼ਬੋਸ਼ਥ ਲਈ ਲੜਨ ਖਾਤਰ ਬਿਨਯਾਮੀਨ ਦੇ ਪਰਿਵਾਰ-ਸਮੂਹ ਵਿੱਚੋਂ ਚੁਣੇ ਗਏ ਸਨ। 16 ਹਰ ਆਦਮੀ ਨੇ ਆਪਣੇ ਵਿਰੋਧੀ ਦਾ ਸਿਰ ਫ਼ੜਿਆ ਅਤੇ ਆਪਣੀ ਤਲਵਾਰ ਧਸਾ ਦਿੱਤੀ ਅਤੇ ਉਸ ਨੂੰ ਵੱਖੀ ਤੇ ਜ਼ਖਮੀ ਕਰ ਦਿੱਤਾ ਅਤੇ ਫ਼ੇਰ ਉਹ ਇਕੱਠੇ ਡਿੱਗ ਪਏ। ਇਹੀ ਕਾਰਣ ਹੈ ਕਿ ਗਿਬਉਨ ਵਿੱਚਲੀ ਇਹ ਥਾਂ “ਤਿੱਖੀ ਤਲਵਾਰ ਦਾ ਖੇਤ ਕਹਾਊਂਦੀ ਹੈ।” 17 ਉਹ ਮੁਕਾਬਲਾ ਇੱਕ ਭਿਅੰਕਰ ਲੜਾਈ ਦਾ ਰੂਪ ਧਾਰ ਗਿਆ ਅਤੇ ਦਾਊਦ ਦੇ ਅਫ਼ਸਰਾਂ ਨੇ ਉਸ ਦਿਨ ਅਬਨੇਰ ਅਤੇ ਇਸਰਾਏਲ ਦੇ ਲੋਕਾਂ ਨੂੰ ਹਰਾਇਆ।
ਅਬਨੇਰ ਦਾ ਅਸਾਹੇਲ ਨੂੰ ਮਾਰ ਦੇਣਾ
18 ਉੱਥੇ ਸਰੂਯਾਹ ਦੇ ਤਿੰਨ ਪੁੱਤਰ ਯੋਆਬ, ਅਬੀਸ਼ਈ ਅਤੇ ਅਸਾਹੇਲ ਵੀ ਸਨ। ਅਸਾਹੇਲ ਬਹੁਤ ਵੱਧੀਆ ਜੰਗਲੀ ਹਿਰਨ ਤੋਂ ਵੀ ਤੇਜ਼ ਦੌੜਾਕ ਸੀ। 19 ਉਸ ਨੇ ਸਿੱਧਾ ਬਿਨਾ ਖੱਬੇ-ਸੱਜੇ ਤੱਕਿਆਂ ਅੱਬਨੇਰ ਦਾ ਪਿੱਛਾ ਕੀਤਾ। 20 ਤਦ ਅਬਨੇਰ ਨੇ ਉਸ ਨੂੰ ਆਪਣੇ ਮਗਰ ਵੇਖਕੇ ਕਿਹਾ, “ਤੂੰ ਹੀ ਅਸਾਹੇਲ ਹੈਂ?”
ਅਸਾਹੇਲ ਨੇ ਕਿਹਾ, “ਹਾਂ, ਮੈਂ ਹੀ ਹਾਂ।”
21 ਅਬਨੇਰ ਅਸਾਹੇਲ ਨੂੰ ਦੁੱਖ ਨਹੀਂ ਸੀ ਪਹੁੰਚਾਣਾ ਚਾਹੁੰਦਾ। ਇਸ ਲਈ ਉਸ ਨੇ ਅਸਾਹੇਲ ਨੂੰ ਕਿਹਾ, “ਮੇਰਾ ਪਿੱਛਾ ਛੱਡਦੇ, ਜੇ ਕਿਸੇ ਜੁਆਨ ਸਿਪਾਹੀ ਦੇ ਪਿੱਛੇ ਭੱਜੇ ਤਾਂ ਤੂੰ ਸੌਖੀ ਤਰ੍ਹਾਂ ਉਸ ਦੇ ਸ਼ਸਤ੍ਰ ਆਪਣੇ ਲਈ ਖੋਹ ਸੱਕਦਾ ਹੈਂ।” ਪਰ ਅਸਾਹੇਲ ਨੇ ਅਬਨੇਰ ਦਾ ਪਿੱਛਾ ਨਾ ਕਰਨ ਤੋਂ ਇਨਕਾਰ ਕੀਤਾ।
22 ਅਬਨੇਰ ਨੇ ਮੁੜ ਅਸਾਹੇਲ ਨੂੰ ਕਿਹਾ, “ਮੇਰਾ ਪਿੱਛਾ ਕਰਨਾ ਛੱਡ ਦੇ ਨਹੀਂ ਤਾਂ ਮੈਂ ਤੈਨੂੰ ਵੱਢ ਸੁੱਟਾਂਗਾ। ਤਾਂ ਫ਼ਿਰ ਮੈਂ ਤੇਰੇ ਭਰਾ ਯੋਆਬ ਨੂੰ ਕੀ ਮੂੰਹ ਵਿਖਾਵਾਂਗਾ?”
23 ਪਰ ਅਸਾਹੇਲ ਤਦ ਵੀ ਨਾ ਮੰਨਿਆ। ਤਦ ਅਬਨੇਰ ਨੇ ਬਰਛੀ ਦੇ ਪੁੱਟੇ ਸਿਰੇ ਨਾਲ ਉਸਦੀ ਪੰਜਵੀਂ ਪੱਸਲੀ ਹੇਠਾਂ ਉਸ ਨੂੰ ਅਜਿਹਾ ਮਾਰਿਆ ਜੋ ਬਰਛੀ ਉਸ ਦੀ ਪਿੱਠ ਵਿੱਚੋਂ ਦੀ ਪਾਰ ਨਿਕਲ ਗਈ। ਸੋ ਉਹ ਉੱਥੇ ਹੀ ਡਿੱਗ ਪਿਆ ਅਤੇ ਉਸੇ ਥਾਂ ਹੀ ਮਰ ਗਿਆ।
ਯੋਆਬ ਅਤੇ ਅਬੀਸ਼ਈ ਨੇ ਅਬਨੇਰ ਦਾ ਪਿੱਛਾ ਕੀਤਾ
ਅਸਾਹੇਲ ਦੀ ਲੋਬ ਜ਼ਮੀਨ ਤੇ ਪਈ ਰਹੀ। ਜਿਹੜਾ ਵੀ ਮਨੁੱਖ ਦੌੜਦਾ ਉੱਥੇ ਪਹੁੰਚਦਾ ਤਾਂ ਉਹ ਅਸਾਹੇਲ ਨੂੰ ਮੋਇਆ ਪਿਆ ਵੇਖ ਕਿ ਉੱਥੇ ਰੁਕ ਜਾਂਦਾ। 24 ਪਰ ਯੋਆਬ ਅਤੇ ਅਬੀਸ਼ਈ ਨਿਰੰਤਰ ਅਬਨੇਰ ਦੇ ਪਿੱਛੇ ਭੱਜਦੇ ਰਹੇ। ਸੂਰਜ ਉਸ ਵਕਤ ਡੁੱਬਣ ਵਾਲਾ ਸੀ ਜਦੋਂ ਉਹ ਦੋਨੋ ਅੰਮਾਹ ਦੀ ਪਹਾੜੀ ਤੀਕ ਪਹੁੰਚੇ (ਅੰਮਾਹ ਦਾ ਪਹਾੜ ਗਿਬਓਨ ਦੀ ਉਜਾੜ ਦੇ ਰਾਹ ਵਿੱਚ ਗਿਯਹ ਦੇ ਸਾਹਮਣੇ ਹੈ।) 25 ਅਤੇ ਬਿਨਯਾਮੀਨ ਪਰਿਵਾਰ-ਸਮੂਹ ਦੇ ਆਦਮੀ ਅਬਨੇਰ ਦੇ ਮਗਰ ਹੋਕੇ ਇਕੱਠੇ ਹੋਏ ਅਤੇ ਇੱਕ ਟੋਲੀ ਬਣਾਕੇ ਪਹਾੜ ਦੀ ਟੀਸੀ ਉੱਪਰ ਖਲੋ ਗਏ।
26 ਅਬਨੇਰ ਨੇ ਯੋਆਬ ਨੂੰ ਲਲਕਾਰਿਆ ਅਤੇ ਕਿਹਾ, “ਕੀ ਸਾਨੂੰ ਲੜਨਾ ਚਾਹੀਦਾ ਹੈ? ਤੇ ਇੱਕ ਦੂਜੇ ਨੂੰ ਹਮੇਸ਼ਾ-ਹਮੇਸ਼ਾ ਲਈ ਖਤਮ ਕਰਨਾ ਹੋਵੇਗਾ? ਤੂੰ ਚੰਗੀ ਤਰ੍ਹਾਂ ਜਾਣਦਾ ਹੈਂ ਇਹ ਗੱਲ ਕਿ ਇਸਦਾ ਅੰਤ ਦੁੱਖਦਾਈ ਹੋਵੇਗਾ। ਜਾ ਅਤੇ ਜਾਕੇ ਲੋਕਾਂ ਨੂੰ ਸਮਝਾ ਕਿ ਆਪਣੇ ਭਰਾਵਾਂ ਦਾ ਪਿੱਛਾ ਕਰਨਾ ਬੰਦ ਕਰਨ।”
27 ਤਦ ਯੋਆਬ ਨੇ ਕਿਹਾ, “ਜੋ ਤੂੰ ਆਖਿਆ ਹੈ ਬਹੁਤ ਚੰਗੀ ਗੱਲ ਹੈ। ਜਿਉਂਦੇ ਪਰਮੇਸ਼ੁਰ ਦੀ ਸੌਂਹ, ਜੇ ਕਦੀ ਤੂੰ ਇਹ ਗੱਲ ਨਾ ਆਖਦਾ ਤਾਂ ਲੋਕਾਂ ਵਿੱਚੋਂ ਸਭ ਆਪੋ-ਆਪਣੇ ਭਰਾਵਾਂ ਦਾ ਪਿੱਛਾ ਛੱਡ ਕੇ ਸਵੇਰੇ ਹੀ ਮੁੜ ਜਾਂਦੇ।” 28 ਸੋ ਯੋਆਬ ਨੇ ਤੁਰ੍ਹੀ ਵਜਾਈ ਅਤੇ ਸਭ ਲੋਕ ਖਲੋ ਗਏ ਅਤੇ ਫ਼ਿਰ ਉਹ ਇਸਰਾਏਲ ਦੇ ਮਗਰ ਨਾ ਲੱਗੇ ਅਤੇ ਹੋਰ ਲੜਾਈ ਵੀ ਨਾ ਕੀਤੀ।
29 ਅਬਨੇਰ ਅਤੇ ਉਸ ਦੇ ਸਾਬੀ ਸਾਰੀ ਰਾਤ ਯਰਦਨ ਘਾਟੀ ਦੇ ਪਾਰ ਪੈਦਲ ਤੁਰਦੇ ਗਏ। ਉਨ੍ਹਾਂ ਯਰਦਨ ਦਰਿਆ ਪਾਰ ਕੀਤਾ ਅਤੇ ਮਹਨਾਇਮ ਪਹੁੰਚਣ ਤੀਕ ਸਾਰਾ ਦਿਨ ਪੈਦਲ ਤੁਰਦੇ ਆਏ।
30 ਯੋਆਬ ਨੇ ਅਬਨੇਰ ਦਾ ਪਿੱਛਾ ਛੱਡ ਦਿੱਤਾ ਅਤੇ ਵਾਪਸ ਮੁੜ ਗਿਆ। ਜਦੋਂ ਉਸ ਨੇ ਸਾਰੇ ਆਦਮੀਆਂ ਨੂੰ ਇਕੱਠਾ ਕੀਤਾ ਤਾਂ ਦਾਊਦ ਦੇ ਸੇਵਕਾਂ ਵਿੱਚੋਂ 19 ਅਫ਼ਸਰ ਗਾਇਬ ਸਨ, ਜਿਨ੍ਹਾਂ ਵਿੱਚੋਂ ਅਸਾਹੇਲ ਵੀ ਇੱਕ ਸੀ। 31 ਪਰ ਦਾਊਦ ਦੇ ਅਫ਼ਸਰਾਂ ਨੇ ਬਿਨਯਾਮੀਨ ਵਿੱਚੋਂ ਉਨ੍ਹਾਂ ਦੇ ਘਰਾਣੇ ਦੇ ਅਬਨੇਰ ਦੇ 360 ਆਦਮੀਆਂ ਨੂੰ ਮਾਰ ਸੁੱਟਿਆ। 32 ਦਾਊਦ ਦੇ ਅਫ਼ਸਰਾਂ ਨੇ ਅਸਾਹੇਲ ਨੂੰ ਚੁੱਕ ਲਿਆ ਅਤੇ ਉਸ ਦੇ ਪਿਉ ਦੀ ਸਮਾਧ ਵਿੱਚ ਜੋ ਬੈਤਲਹਮ ਵਿੱਚ ਸੀ, ਉਸ ਨੂੰ ਦੱਬ ਦਿੱਤਾ ਅਤੇ ਯੋਆਬ ਅਤੇ ਉਸ ਦੇ ਆਦਮੀ ਸਾਰੀ ਰਾਤ ਤੁਰਕੇ ਤੜਕਸਾਰ ਪਹੁ ਫ਼ੁੱਟਣ ਤੋਂ ਪਹਿਲਾਂ ਹਬਰੋਨ ਵਿੱਚ ਆ ਗਏ।
ਕੀ ਸਬਤ ਦੇ ਦਿਨ ਕਿਸੇ ਨੂੰ ਰਾਜੀ ਕਰਨਾ ਯੋਗ ਹੈ?
14 ਇੱਕ ਸਬਤ ਦੇ ਦਿਨ ਯਿਸੂ ਇੱਕ ਪ੍ਰਧਾਨ ਫ਼ਰੀਸੀ ਦੇ ਘਰ ਉਸ ਨਾਲ ਭੋਜਨ ਕਰਨ ਲਈ ਗਿਆ। ਉੱਥੇ ਸਭ ਲੋਕ ਬੜੇ ਧਿਆਨ ਨਾਲ ਯਿਸੂ ਨੂੰ ਵੇਖ ਰਹੇ ਸਨ। 2 ਇੱਕ ਆਦਮੀ ਜਿਸ ਨੂੰ ਜਲੋਧਰੀ ਸੀ ਉਸ ਦੇ ਸਾਹਮਣੇ ਕੀਤਾ ਗਿਆ। 3 ਯਿਸੂ ਨੇ ਫ਼ਰੀਸੀਆਂ ਅਤੇ ਨੇਮ ਦੇ ਉਪਦੇਸ਼ਕਾਂ ਨੂੰ ਪੁੱਛਿਆ, “ਸਬਤ ਦੇ ਦਿਨ ਕਿਸੇ ਨੂੰ ਰਾਜੀ ਕਰਨਾ ਠੀਕ ਹੈ ਜਾਂ ਗਲਤ?” 4 ਪਰ ਉਹ ਚੁੱਪ ਵੱਟੀ ਰਹੇ। ਤਾਂ ਯਿਸੂ ਨੇ ਉਸ ਆਦਮੀ ਨੂੰ ਫ਼ੜਕੇ, ਰਾਜੀ ਕੀਤਾ ਅਤੇ ਉਸ ਨੂੰ ਭੇਜ ਦਿਤਾ। 5 ਯਿਸੂ ਨੇ ਫ਼ਰੀਸੀਆਂ ਅਤੇ ਨੇਮ ਦੇ ਉਪਦੇਸ਼ਕਾਂ ਨੂੰ ਕਿਹਾ, “ਜੇਕਰ ਤੁਹਾਡਾ ਪੁੱਤਰ ਜਾਂ ਕੋਈ ਕੰਮ ਕਰਦਾ ਜਾਨਵਰ, ਖੂਹ ਵਿੱਚ ਸਬਤ ਦੇ ਦਿਨ ਡਿੱਗ ਪਵੇ, ਤਾਂ ਤੁਸੀਂ ਜਾਣਦੇ ਹੋ ਕਿ ਤੁਸੀਂ ਝੱਟ ਉਸ ਨੂੰ ਖੂਹ ਵਿੱਚੋਂ ਕੱਢ ਲਵੋਂਗੇ।” 6 ਫ਼ਰੀਸੀ ਅਤੇ ਨੇਮ ਦੇ ਉਪਦੇਸ਼ਕ ਉਸਦਾ ਜਵਾਬ ਨਾ ਦੇ ਸੱਕੇ, ਜੋ ਯਿਸੂ ਨੇ ਕਿਹਾ ਸੀ।
ਆਪਣੇ-ਆਪ ਨੂੰ ਬਹੁਤਾ ਮਹੱਤਵਪੂਰਣ ਨਾ ਸਮਝੋ
7 ਉਸ ਸਮੇਂ ਯਿਸੂ ਨੇ ਵੇਖਿਆ ਕਿ ਉਨ੍ਹਾਂ ਵਿੱਚੋਂ ਕੁਝ ਮਹਿਮਾਨ, ਆਪਣੇ ਵਾਸਤੇ, ਉਸ ਖਾਣੇ ਦੀ ਮੇਜ ਤੇ ਮਹੱਤਵਪੂਰਣ ਥਾਵਾਂ ਚੁਣ ਰਹੇ ਸਨ ਤਾਂ ਉਸ ਨੇ ਇਹ ਦ੍ਰਿਸ਼ਟਾਂਤ ਦਿੱਤਾ, 8 “ਜੇਕਰ ਕੋਈ ਵਿਅਕਤੀ ਤੁਹਾਨੂੰ ਵਿਆਹ ਤੇ ਨਿਉਂਤਾ ਦਿੰਦਾ ਹੈ ਤਾਂ ਸਭ ਤੋਂ ਵੱਧੀਆ ਜਗ੍ਹਾ ਤੇ ਨਾ ਬੈਠੇ ਕਿਉਂਕਿ ਹੋ ਸੱਕਦਾ ਹੈ ਕਿ ਮੇਜਬਾਨ ਨੇ ਤੁਹਾਡੇ ਤੋਂ ਵੀ ਵੱਧ ਮਹੱਤਵਪੂਰਣ ਵਿਅਕਤੀ ਨੂੰ ਨਿਉਂਤਾ ਦਿੱਤਾ ਹੋਵੇ। 9 ਜਦੋਂ ਤੁਸੀਂ ਸਭ ਤੋਂ ਵੱਧੀਆ ਜਗ੍ਹਾ ਤੇ ਬੈਠੋ ਹੋ, ਤਾਂ ਹੋ ਸੱਕਦਾ ਕਿ ਮੇਜਬਾਨ ਤੁਹਾਡੇ ਕੋਲ ਆਣਕੇ ਤੁਹਾਨੂੰ ਆਖੇ, ‘ਆਪਣੀ ਜਗ੍ਹਾ ਇਸ ਆਦਮੀ ਨੂੰ ਦਿਉ!’ ਫ਼ੇਰ ਤੁਹਾਨੂੰ ਅਪਮਾਣਿਤਾਂ ਵਾਂਗ ਸਭ ਤੋਂ ਪਿੱਛਲੀ ਥਾਂ ਤੇ ਜਾਕੇ ਬੈਠਣਾ ਪਵੇਗਾ।
10 “ਇਸ ਲਈ ਜਦੋਂ ਤੁਹਾਨੂੰ ਕੋਈ ਬੁਲਾਵਾ ਦਿੰਦਾ ਹੈ ਤਾਂ ਜਾਵੋ ਤੇ ਅਜਿਹੀ ਥਾਂ ਤੇ ਬੈਠੋ ਜਿਹੜੀ ਆਮ ਹੋਵੇ ਖਾਸ ਨਹੀਂ। ਤਾਂ ਉਹ ਮਨੁੱਖ ਜਿਸਨੇ ਤੁਹਾਨੂੰ ਸੱਦਾ ਦਿੱਤਾ ਸੀ ਤੁਹਾਡੇ ਕੋਲ ਆਕੇ ਤੁਹਾਨੂੰ ਆਖੇਗਾ, ‘ਮਿੱਤਰ, ਆ ਅਤੇ ਇਸ ਵੱਧ ਮਹੱਤਵਪੂਰਣ ਜਗ੍ਹਾ ਤੇ ਬੈਠ।’ ਤਾਂ ਫ਼ਿਰ ਬਾਕੀ ਸਾਰੇ ਮਹਿਮਾਨਾਂ ਦੇ ਸਾਹਮਣੇ ਤੇਰੀ ਇੱਜ਼ਤ ਹੋਵੇਗੀ। 11 ਹਰ ਕੋਈ ਜੋ ਆਪਣੇ-ਆਪ ਨੂੰ ਮਹਾਨ ਬਣਾਉਂਦਾ ਹੈ ਉਹ ਨਿਮ੍ਰ ਬਣਾਇਆ ਜਾਵੇਗਾ। ਪਰ ਜੋ ਆਪਣੇ-ਆਪ ਨੂੰ ਨਿਮ੍ਰ ਬਣਾਉਂਦਾ ਹੈ ਉਸ ਨੂੰ ਮਹਾਨ ਬਣਾਇਆ ਜਾਵੇਗਾ।”
ਤੁਹਾਨੂੰ ਇਨਾਮ ਦਿੱਤਾ ਜਾਵੇਗਾ
12 ਤਾਂ ਯਿਸੂ ਨੇ ਉਸ ਫ਼ਰੀਸੀ ਨੂੰ ਕਿਹਾ, ਜਿਸਨੇ ਉਸ ਨੂੰ ਸੱਦਾ ਦਿੱਤਾ ਸੀ, “ਜਦੋਂ ਤੂੰ ਦੁਪਿਹਰ ਜਾਂ ਰਾਤ ਦੇ ਭੋਜਨ ਲਈ ਲੋਕਾਂ ਨੂੰ ਨਿਉਂਤਾ ਦੇਵੇ ਤਾਂ ਸਿਰਫ਼ ਆਪਣੇ ਮਿੱਤਰਾਂ, ਭਰਾਵਾਂ, ਰਿਸ਼ਤੇਦਾਰਾਂ ਅਤੇ ਧਨਵਾਨ ਗੁਆਂਢੀਆਂ ਨੂੰ ਹੀ ਸੱਦਾ ਨਾ ਦੇਵੀ। ਜੇ ਤੂੰ ਉਨ੍ਹਾਂ ਨੂੰ ਨਿਉਂਤਾ ਦਿੰਦਾ ਹੈਂ ਤਾਂ, ਉਹ ਵੀ ਤੈਨੂੰ ਸੱਦਾ ਦੇਣਗੇ ਅਤੇ ਤੂੰ ਆਪਣਾ ਇਨਾਮ ਪ੍ਰਾਪਤ ਕਰ ਲਵੇਂਗਾ। 13 ਇਸ ਦੀ ਬਜਾਇ, ਜਦੋਂ ਵੀ ਤੂੰ ਦਾਵਤ ਦੇਵੇਂ ਤਾਂ ਗਰੀਬਾਂ, ਲੰਗੜਿਆਂ, ਟੁੰਡਿਆਂ, ਅਤੇ ਅੰਨ੍ਹਿਆਂ ਲੋਕਾਂ ਨੂੰ ਨਿਉਂਤਾ ਦੇ। 14 ਤਾਂ ਤੇਰੇ ਤੇ ਕਿਰਪਾ ਹੋਵੇਗੀ, ਕਿਉਂਕਿ ਇਨ੍ਹਾਂ ਲੋਕਾਂ ਕੋਲ ਤੈਨੂੰ ਬਦਲੇ ਵਿੱਚ ਵਾਪਸ ਦੇਣ ਲਈ ਕੁਝ ਨਹੀਂ ਹੋਵੇਗਾ। ਤਾਂ ਜਦੋਂ ਧਰਮੀ ਲੋਕ ਮੁਰਦਿਆਂ ਵਿੱਚੋਂ ਜੀਅ ਉੱਠਣਗੇ ਤਦ, ਤੈਨੂੰ ਤੇਰਾ ਫ਼ਲ ਦਿੱਤਾ ਜਾਵੇਗਾ।”
ਵੱਡੇ ਭੋਜਨ ਬਾਰੇ ਇੱਕ ਦ੍ਰਿਸ਼ਟਾਂਤ(A)
15 ਯਿਸੂ ਨਾਲ ਮੇਜ ਤੇ ਬੈਠਾ ਇੱਕ ਆਦਮੀ ਇਹ ਸਾਰੀਆਂ ਗੱਲਾਂ ਸੁਣ ਰਿਹਾ ਸੀ। ਤਾਂ ਉਸ ਆਦਮੀ ਨੇ ਯਿਸੂ ਨੂੰ ਕਿਹਾ, “ਧੰਨ ਹੋਵੇਗਾ ਉਹ ਮਨੁੱਖ ਜਿਹੜਾ ਪਰਮੇਸ਼ੁਰ ਦੇ ਰਾਜ ਵਿੱਚ ਰੋਟੀ ਖਾਵੇਗਾ।”
16 ਯਿਸੂ ਨੇ ਉਸ ਨੂੰ ਆਖਿਆ, “ਇੱਕ ਵਾਰ ਇੱਕ ਆਦਮੀ ਨੇ ਇੱਕ ਬਹੁਤ ਵੱਡੀ ਦਾਅਵਤ ਦਿੱਤੀ ਅਤੇ ਉਸ ਨੇ ਬਹੁਤ ਸਾਰੇ ਲੋਕਾਂ ਨੂੰ ਨਿਉਂਤਾ ਦਿੱਤਾ। 17 ਜਦੋਂ ਖਾਣ ਦਾ ਵੇਲਾ ਹੋਇਆ ਉਸ ਆਦਮੀ ਨੇ ਆਪਣੇ ਨੌਕਰ ਨੂੰ ਮਹਿਮਾਨਾਂ ਨੂੰ ਬੁਲਾਉਣ ਲਈ ਅਤੇ ਇਹ ਆਖਣ ਲਈ ਭੇਜਿਆ, ‘ਆ ਜਾਵੋ! ਖਾਣਾ ਤਿਆਰ ਹੈ।’ 18 ਪਰ ਸਾਰੇ ਮਹਿਮਾਨਾਂ ਨੇ ਆਖਿਆ ਕਿ ਉਹ ਨਹੀਂ ਆ ਸੱਕਦੇ। ਹਰ ਇੱਕ ਆਦਮੀ ਨੇ ਕੋਈ ਨਾ ਕੋਈ ਬਹਾਨਾ ਲਗਾ ਦਿੱਤਾ। ਪਹਿਲੇ ਆਦਮੀ ਨੇ ਕਿਹਾ, ‘ਮੈਂ ਹੁਣੇ-ਹੁਣੇ ਜ਼ਮੀਨ ਖਰੀਦੀ ਹੈ ਤੇ ਮੈਂ ਉਹ ਜਾਕੇ ਵੇਖਣੀ ਹੈ। ਇਸ ਲਈ ਕਿਰਪਾ ਕਰਕੇ ਮੈਨੂੰ ਖਿਮਾ ਕਰਨਾ।’ 19 ਦੂਜੇ ਮਨੁੱਖ ਨੇ ਕਿਹਾ, ‘ਮੈਂ ਬਲਦਾਂ ਦੀਆਂ ਪੰਜ ਜੋੜੀਆਂ ਹੁਣੇ-ਹੁਣੇ ਖਰੀਦੀਆਂ ਹਨ, ਅਤੇ ਮੈਂ ਹੁਣ ਉਨ੍ਹਾਂ ਨੂੰ ਦੇਖਣ ਜਾ ਰਿਹਾ ਹਾਂ ਕਿ ਉਹ ਕਿਵੇ ਕੰਮ ਕਰਦੇ ਹਨ, ਇਸ ਲਈ ਮੈਨੂੰ ਖਿਮਾ ਕਰੋ।’ 20 ਤੀਜੇ ਮਨੁੱਖ ਨੇ ਕਿਹਾ, ‘ਮੇਰਾ ਹੁਣੇ-ਹੁਣੇ ਵਿਆਹ ਹੋਇਆ ਹੈ, ਮੈਂ ਨਹੀਂ ਆ ਸੱਕਦਾ।’
21 “ਇਉਂ ਨੌਕਰ ਇਹ ਸਭ ਸੁਣਦਾ ਮਾਲਕ ਕੋਲ ਵਾਪਸ ਪਰਤਿਆ ਤੇ ਸਾਰਾ ਹਾਲ ਜਾ ਸੁਣਾਇਆ। ਤਾਂ ਮਾਲਕ ਬੜਾ ਗੁੱਸੇ ਵਿੱਚ ਆ ਗਿਆ ਅਤੇ ਕਹਿਣ ਲੱਗਾ, ‘ਜਲਦੀ ਕਰੋ! ਸ਼ਹਿਰ ਦੀਆਂ ਗਲੀਆਂ ਵਿੱਚ, ਅਤੇ ਰਾਹਾਂ ਤੇ ਜਾਓ ਅਤੇ ਗਰੀਬਾਂ, ਟੁੰਡਿਆਂ, ਲੰਗਿਆਂ ਅਤੇ ਅੰਨ੍ਹਿਆਂ ਨੂੰ ਇੱਥੇ ਦਾਵਤ ਵਾਲੇ ਕਮਰੇ ਅੰਦਰ ਲੈ ਆਓ।’
22 “ਬਾਦ ਵਿੱਚ ਨੌਕਰ ਨੇ ਆਕੇ ਕਿਹਾ, ‘ਮਾਲਕ ਤੂੰ ਮੈਨੂੰ ਜੋ ਕਰਨ ਲਈ ਕਿਹਾ ਮੈਂ ਓਹੀ ਕੀਤਾ, ਹੋਰ ਲੋਕਾਂ ਲਈ ਹਾਲੇ ਵੀ ਬਹੁਤ ਥਾਂ ਖਾਲੀ ਪਈ ਹੈ।’ 23 ਮਾਲਕ ਨੇ ਨੌਕਰ ਨੂੰ ਕਿਹਾ, ‘ਵੱਡੀਆਂ ਸੜਕਾਂ ਅਤੇ ਨਗਰਾਂ ਵੱਲ ਜਾ ਅਤੇ ਉਨ੍ਹਾਂ ਲੋਕਾਂ ਨੂੰ ਆਉਣ ਲਈ ਮਜਬੂਰ ਕਰ। ਮੈਂ ਆਪਣੇ ਘਰ ਨੂੰ ਲੋਕਾਂ ਨਾਲ ਭਰਿਆ ਵੇਖਣਾ ਚਾਹੁੰਦਾ ਹਾਂ। 24 ਮੈਂ ਤੁਹਾਨੂੰ ਦੱਸਦਾ ਹਾਂ ਕਿ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਵੀ ਨਿਉਂਤਾ ਦਿੱਤਾ ਗਿਆ ਸੀ। ਉਹ ਮੇਰਾ ਰਾਤ ਦਾ ਭੋਜਨ ਕਦੇ ਨਹੀਂ ਕਰਨਗੇ।’”
2010 by World Bible Translation Center