Print Page Options
Previous Prev Day Next DayNext

Old/New Testament

Each day includes a passage from both the Old Testament and New Testament.
Duration: 365 days
Punjabi Bible: Easy-to-Read Version (ERV-PA)
Version
2 ਸਮੂਏਲ 21-22

ਸ਼ਾਊਲ ਦੇ ਪਰਿਵਾਰ ਨੂੰ ਸਜ਼ਾ

21 ਜਦੋਂ ਦਾਊਦ ਪਾਤਸ਼ਾਹ ਸੀ ਉਸ ਸਮੇਂ ਵਿੱਚ ਤਿੰਨ ਸਾਲ ਭੁੱਖਮਰੀ ਪਈ ਰਹੀ ਕਿਉਂ ਕਿ ਕਾਲ ਤਿੰਨ ਵਰ੍ਹੇ ਚੱਲਦਾ ਰਿਹਾ। ਦਾਊਦ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਤਾਂ ਯਹੋਵਾਹ ਨੇ ਆਖਿਆ, “ਸ਼ਾਊਲ ਅਤੇ ਉਸ ਦੇ ਹਤਿਆਰੇ ਘਰਾਣੇ ਦੇ ਕਾਰਣ ਇਹ ਕਾਲ ਪਿਆ ਹੈ ਕਿਉਂ ਕਿ ਉਸ ਨੇ ਗਿਬਓਨੀਆਂ ਨੂੰ ਵੱਢ ਸੁੱਟਿਆ।” ਇਹ ਗਿਬਓਨੀ ਇਸਰਾਏਲ ਦੀ ਸੰਤਾਨ ਵਿੱਚੋਂ ਨਹੀਂ ਸਨ ਸਗੋਂ ਇਹ ਅਮੋਰੀਆਂ ਦਾ ਟੋਲਾ ਸੀ ਅਤੇ ਇਸਰਾਏਲੀਆਂ ਨੇ ਉਨ੍ਹਾਂ ਨਾਲ ਵਚਨ ਕੀਤਾ ਸੀ ਕਿ ਉਹ ਗਿਬਓਨੀਆਂ ਨੂੰ ਚੋਟ ਨਹੀਂ ਪਹੁੰਚਾਣਗੇ। ਪਰ ਸ਼ਾਊਲ ਨੇ ਗਿਬਓਨੀਆਂ ਨੂੰ ਨੁਕਸਾਨ ਪਹੁੰਚਾਣ ਦੀ ਕੋਸ਼ਿਸ਼ ਕੀਤੀ। ਸ਼ਾਊਲ ਨੇ ਇਉਂ ਇਸਰਾਏਲ ਅਤੇ ਯਹੂਦੀਆਂ ਲਈ ਆਪਣੀ ਗਹਿਰੀ ਭਾਵਨਾ ਕਰਕੇ ਕੀਤਾ।

ਤਾਂ ਦਾਊਦ ਪਾਤਸ਼ਾਹ ਨੇ ਸਾਰੇ ਗਿਬਓਨੀਆਂ ਨੂੰ ਇਕੱਠੇ ਬੁਲਾਕੇ ਉਨ੍ਹਾਂ ਨਾਲ ਗੱਲ ਬਾਤ ਕੀਤੀ। ਅਤੇ ਉਨ੍ਹਾਂ ਨੂੰ ਆਖਿਆ, “ਮੈਂ ਤੁਹਾਡੇ ਲਈ ਕੀ ਕਰ ਸੱਕਦਾ ਹਾਂ? ਅਤੇ ਕਿਸ ਤਰ੍ਹਾਂ ਨਾਲ ਮੈਂ ਪਰਾਸ਼ਚਿਤ ਕਰਾਂ ਕਿ ਤੁਸੀਂ ਯਹੋਵਾਹ ਦੇ ਲੋਕਾਂ ਨੂੰ ਅਸੀਸ ਦੇਵੋਁ ਜੋ ਉਨ੍ਹਾਂ ਦੇ ਪਾਪ ਬਖਸ਼ੇ ਜਾਣ।”

ਗਿਬਓਨੀਆਂ ਨੇ ਦਾਊਦ ਨੂੰ ਕਿਹਾ, “ਸਾਨੂੰ ਸ਼ਾਊਲ ਅਤੇ ਉਸ ਦੇ ਘਰਾਣੇ ਤੋਂ ਬਦਲੇ ’ਚ ਚਾਂਦੀ ਸੋਨੇ ਦੀ ਤਾਂ ਕੋਈ ਗੱਲ ਨਹੀਂ, ਅਤੇ ਨਾ ਤੁਸੀਂ ਸਾਡੇ ਲਈ ਇਸਰਾਏਲ ਦੇ ਕਿਸੇ ਮਨੁੱਖ ਨੂੰ ਮਾਰੋ-ਇਸ ਦਾ ਸਾਨੂੰ ਕੋਈ ਹੱਕ ਨਹੀਂ ਹੈ।”

ਦਾਊਦ ਨੇ ਆਖਿਆ, “ਠੀਕ ਹੈ, ਦੱਸੋ ਮੈਂ ਤਹਾਡੀ ਕੀ ਸੇਵਾ ਕਰਾਂ?”

ਗਿਬਓਨੀਆਂ ਨੇ ਦਾਊਦ ਪਾਤਸ਼ਾਹ ਨੂੰ ਕਿਹਾ, “ਸ਼ਾਊਲ ਨੇ ਸਾਡੇ ਵਿਰੋਧ ਵਿੱਚ ਵਿਉਂਤ ਬਣਾਈ ਉਸ ਨੇ ਸਾਡੇ ਇਸਰਾਏਲ ਦੀ ਧਰਤੀ ਤੇ ਰਹਿੰਦੇ ਸਾਰੇ ਲੋਕਾਂ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ। ਸ਼ਾਊਲ ਯਹੋਵਾਹ ਦਾ ਚੁਣਿਆ ਹੋਇਆ ਪਾਤਸ਼ਾਹ ਸੀ। ਇਸ ਲਈ ਘੱਟ ਤੋਂ ਘੱਟ ਸਾਨੂੰ ਉਸ ਦੇ ਪਰਿਵਾਰ ਵਿੱਚੋਂ ਸੱਤ ਆਦਮੀ ਦੇ ਦੇਵੋ। ਫੇਰ ਅਸੀਂ ਉਨ੍ਹਾਂ ਨੂੰ ਸ਼ਾਊਲ ਦੇ ਪਰਬਤ, ਗਿਬਆਹ ਤੇ ਫਾਂਸੀ ਦੇ ਦੇਵਾਂਗੇ।”

ਦਾਊਦ ਪਾਤਸ਼ਾਹ ਨੇ ਆਖਿਆ, “ਮੈਂ ਉਨ੍ਹਾਂ ਨੂੰ ਤੁਹਾਡੇ ਹਵਾਲੇ ਕਰ ਦੇਵਾਂਗਾ।” ਪਰ ਪਾਤਸ਼ਾਹ ਨੇ ਯੋਨਾਥਾਨ ਦੇ ਪੁੱਤਰ ਨੂੰ ਬਚਾਅ ਲਿਆ ਜਿਸ ਦਾ ਨਾਂ ਮਫ਼ੀਬੋਸ਼ਥ ਸੀ। ਯੋਨਾਥਾਨ ਸਾਊਲ ਦਾ ਪੁੱਤਰ ਸੀ ਪਰ ਦਾਊਦ ਨੇ ਯੋਨਾਥਾਨ ਅੱਗੇ ਯਹੋਵਾਹ ਦਾ ਨਾਂ ਲੈ ਕੇ ਸੌਂਹ ਖਾਧੀ ਸੀ, ਇਸ ਲਈ ਪਾਤਸ਼ਾਹ ਉਸ ਨੂੰ ਚੋਟ ਪਹੁੰਚਾਣਾ ਨਹੀਂ ਚਾਹੁੰਦਾ ਸੀ। ਪਾਤਸ਼ਾਹ ਨੇ ਅੱਯਾਹ ਦੀ ਧੀ ਰਿਸਫ਼ਾਹ ਦੇ ਦੋ ਪੁੱਤਰ ਜੋ ਕਿ ਰਿਸਫ਼ਾਹ ਅਤੇ ਸ਼ਾਊਲ ਤੋਂ ਸੀ, ਤੇ ਜਿਨ੍ਹਾਂ ਦਾ ਨਾਂ ਅਰਮੋਨੀ ਅਤੇ ਮਫ਼ੀਬੋਸ਼ਥ ਸੀ, ਉਨ੍ਹਾਂ ਨੂੰ ਦੇ ਦਿੱਤੇ। ਸ਼ਾਊਲ ਦੀ ਇੱਕ ਧੀ ਵੀ ਸੀ ਜਿਸ ਦਾ ਨਾਂ ਮੀਕਲ ਸੀ। ਉਹ ਬਰਜ਼ਿੱਲਈ ਮਹੋਲਾਬੀ ਦੇ ਪੁੱਤਰ ਅੰਦਰੀਏਲ ਨਾਲ ਵਿਆਹੀ ਹੋਈ ਸੀ, ਇਉਂ ਦਾਊਦ ਨੇ ਮੀਕਲ ਅਤੇ ਅੰਦਰੀਏਲ ਦੇ ਵੀ ਪੰਜ ਪੁੱਤਰ ਲੈ ਲਏ। ਦਾਊਦ ਨੇ ਇਉਂ ਇਹ ਸੱਤ ਪੁੱਤਰ ਗਿਬਓਨੀਆਂ ਦੇ ਹੱਥ ਸੌਂਪ ਦਿੱਤੇ ਅਤੇ ਗਿਬਓਨੀਆਂ ਨੇ ਇਨ੍ਹਾਂ ਸੱਤਾਂ ਪੁੱਤਰਾਂ ਨੂੰ ਗਿਬਆਹ ਦੇ ਟਿੱਬੇ ਉੱਤੇ ਯਹੋਵਾਹ ਦੇ ਸਾਹਮਣੇ ਫ਼ਾਹਾ ਦੇ ਦਿੱਤਾ। ਉਹ ਸੱਤੋਂ ਪੁੱਤਰ ਇਕੱਠੇ ਹੀ ਦਮ ਤੋੜ ਗਏ। ਇਨ੍ਹਾਂ ਨੂੰ ਵਾਢੀ ਦੇ ਪਹਿਲੇ ਦਿਨਾਂ ਵਿੱਚ ਮੌਤ ਦੇ ਘਾਟ ਉਤਾਰਿਆ ਗਿਆ। ਇਹ ਮੌਸਮ ਜੌਂ ਦੀ ਵਾਢੀ ਦੇ ਦਿਨਾਂ, ਬਸੰਤ ਦੇ ਦਿਨਾਂ ਦੇ ਸ਼ੁਰੂ ਦਾ, ਸੀ ਵਿੱਚ ਉਨ੍ਹਾਂ ਸੱਤਾਂ ਪੁੱਤਰਾਂ ਦੀ ਮੌਤ ਹੋਈ।

ਦਾਊਦ ਅਤੇ ਰਿਸਫ਼ਾਹ

10 ਤਦ ਅੱਯਾਹ ਦੀ ਧੀ ਰਿਸਫ਼ਾਹ ਨੇ ਉਦਾਸੀ ਦਾ ਤੱਪੜ ਲੈ ਕੇ ਉਸ ਪੱਥਰ ਦੇ ਉੱਤੇ ਵਿਛਾ ਦਿੱਤਾ ਅਤੇ ਉਹ ਤੱਪੜ ਉਸ ਪੱਥਰ ਉੱਪਰ ਵਾਢੀਆਂ ਦੇ ਮੌਸਮ ਤੋਂ ਲੈ ਕੇ ਬਾਰਸ਼ਾਂ ਦੇ ਮੌਸਮ ਤੱਕ ਵਿਛਿਆ ਰਿਹਾ। ਰਿਸਫ਼ਾਹ ਦਿਨ ਰਾਤ ਉੱਥੇ ਉਨ੍ਹਾਂ ਲੋਥਾਂ ਨੂੰ ਵੇਖਦੀ ਰਹੀ ਅਤੇ ਉਨ੍ਹਾਂ ਦੀ ਰੱਖਵਾਲੀ ਕਰਦੀ ਰਹੀ ਤਾਂ ਜੋ ਕਿਤੇ ਦਿਨ ਦੇ ਵੇਲੇ ਕੋਈ ਜੰਗਲੀ ਪਰਿੰਦਾ ਉਨ੍ਹਾਂ ਦੀ ਲੋਥ ਨੂੰ ਨਾ ਪੈ ਜਾਵੇ ਅਤੇ ਨਾ ਹੀ ਕਿਤੇ ਰਾਤ ਵਕਤ ਕੋਈ ਦਰਿੰਦਾ ਉਨ੍ਹਾਂ ਦੀ ਲੋਥ ਨੂੰ ਚੁੱਕ ਲੈ ਜਾਵੇ।

11 ਲੋਕਾਂ ਨੇ ਜਾਕੇ ਦਾਊਦ ਨੂੰ ਦੱਸਿਆ ਕਿ ਸ਼ਾਊਲ ਦੀ ਦਾਸੀ ਅੱਯਾਹ ਦੀ ਧੀ ਰਿਸਫ਼ਾਹ ਉੱਥੇ ਕੀ ਕਰ ਰਹੀ ਹੈ। 12 ਤਦ ਦਾਊਦ ਨੇ ਸ਼ਾਊਲ ਅਤੇ ਯੋਨਾਥਾਨ ਦੀਆਂ ਹੱਡੀਆਂ ਯਾਬੇਸ਼ ਗਿਲਆਦ ਦੇ ਲੋਕਾਂ ਤੋਂ ਲਈਆਂ ਯਾਬੇਸ਼ ਗਿਲਆਦ ਦੇ ਲੋਕਾਂ ਨੇ ਇਹ ਹੱਡੀਆਂ ਬੈਤ-ਸਾਨ ਵਿਖੇ ਖੁਲ੍ਹੇ-ਆਮ ਚੁਰਾ ਲਈਆਂ ਸਨ। ਇਹ ਉਹੀ ਜਗ੍ਹਾ ਹੈ ਜਿੱਥੇ ਫ਼ਲਿਸਤੀਆਂ ਨੇ ਸ਼ਾਊਲ ਨੂੰ ਗਿਲਬੋਆ ਪਰਬਤ ਤੇ ਮਾਰਨ ਤੋਂ ਬਾਅਦ, ਇਹ ਮੁਰਦਾ ਸ਼ਰੀਰ ਟੰਗ ਦਿੱਤੇ ਸਨ। 13 ਸੋ ਦਾਊਦ ਨੇ ਸ਼ਾਊਲ ਦੀਆਂ ਹੱਡੀਆਂ ਅਤੇ ਉਸ ਦੇ ਪੁੱਤਰ ਯੋਨਾਥਾਨ ਦੀਆਂ ਹੱਡੀਆਂ ਨੂੰ ਉੱਥੋਂ ਲੈ ਆਂਦਾ ਅਤੇ ਇਨ੍ਹਾਂ ਸਭਨਾਂ ਦੀਆਂ ਹੱਡੀਆਂ ਨੂੰ ਜੋ ਟਂਗੇ ਗਏ ਸਨ ਇੱਕ ਬਾਵੇਂ ਇਕੱਠਾ ਕੀਤਾ। 14 ਤਾਂ ਉਨ੍ਹਾਂ ਨੇ ਸ਼ਾਊਲ ਅਤੇ ਉਸ ਦੇ ਪੁੱਤਰ ਯੋਨਾਥਾਨ ਦੀਆਂ ਹੱਡੀਆਂ ਨੂੰ ਬਿਨਯਾਮੀਨ ਦੇਸ ਦੇ ਸੇਲਾ ਵਿੱਚ ਉਸ ਦੇ ਪਿਤਾ ਕੀਸ਼ ਦੀ ਸਮਾਧ ਵਿੱਚ ਦੱਬ ਦਿੱਤਾ ਅਤੇ ਜੋ ਕੁਝ ਪਾਤਸ਼ਾਹ ਨੇ ਹੁਕਮ ਦਿੱਤਾ ਸੀ, ਉਹ ਸਭ ਕੁਝ ਉਨ੍ਹਾਂ ਨੇ ਮੰਨਿਆ ਅਤੇ ਉਸ ਤੋਂ ਬਾਅਦ ਉਸ ਦੇਸ਼ ਵਾਸਤੇ ਪਰਮੇਸ਼ੁਰ ਨੇ ਬੇਨਤੀਆਂ ਸੁਣ ਲਈਆਂ।

ਫ਼ਲਿਸਤੀਆਂ ਨਾਲ ਲੜਾਈ

15 ਫ਼ਲਿਸਤੀਆਂ ਨੇ ਇਸਰਾਏਲ ਦੇ ਖਿਲਾਫ਼ ਇੱਕ ਹੋਰ ਯੁੱਧ ਸ਼ੁਰੂ ਕਰ ਦਿੱਤਾ। ਦਾਊਦ ਅਤੇ ਉਸ ਦੇ ਸਾਰੇ ਆਦਮੀ ਫਲਿਸਤੀਆਂ ਦੇ ਵਿਰੁੱਧ ਲੜਨ ਲਈ ਗਏ, ਪਰ ਉਹ ਥੱਕਿਆਂ ਹੋਇਆਂ ਅਤੇ ਕਮਜ਼ੋਰ ਹੋ ਗਿਆ ਸੀ। 16 ਇਸ਼ਬੀ-ਬਨੋਬ ਦੈਁਤਾ ਵਿੱਚੋਂ ਇੱਕ ਸੀ। ਉਸ ਦੇ ਬਰਛੇ ਦਾ ਤੋਂਲ ਸਾਢੇ ਸੱਤ ਪੋਁਡ ਸੀ ਅਤੇ ਉਸ ਕੋਲ ਇੱਕ ਨਵੀਂ ਤਲਵਾਰ ਸੀ ਅਤੇ ਉਸ ਨੇ ਦਾਊਦ ਨੂੰ ਜਾਨੋਁ ਮਾਰਨ ਦੀ ਵਿਉਂਤ ਬਣਾਈ ਹੋਈ ਸੀ। 17 ਪਰ ਸਰੂਯਾਹ ਦੇ ਪੁੱਤਰ ਅਬੀਸ਼ਈ ਨੇ ਉਸ ਫ਼ਲਿਸਤੀ ਨੂੰ ਵੱਢ ਕੇ ਪਾਤਸ਼ਾਹ ਦਾਊਦ ਦੀ ਜਾਨ ਬਚਾਅ ਲਈ।

ਤਦ ਦਾਊਦ ਦੇ ਆਦਮੀਆਂ ਨੇ ਦਾਊਦ ਨਾਲ ਇੱਕ ਵਿਸ਼ੇਸ਼ ਵਚਨ ਕੀਤਾ ਅਤੇ ਉਸ ਨੂੰ ਆਖਿਆ, “ਹੁਣ ਤੁਸੀਂ ਸਾਡੇ ਨਾਲ ਜੰਗ ਵਿੱਚ ਹੋਰ ਨਹੀਂ ਜਾ ਸੱਕਦੇ, ਜੇਕਰ ਤੁਸੀਂ ਇਉਂ ਕੀਤਾ ਤਾਂ ਇਸਰਾਏਲ ਦੇ ਲੋਕ ਆਪਣੇ ਹੱਥੋਂ ਇੱਕ ਮਹਾਨ ਆਗੂ ਗੁਆ ਬੈਠਣਗੇ।”

18 ਉਸਤੋਂ ਬਾਅਦ ਗੋਬ ਵਿੱਚ ਫ਼ਲਿਸਤੀਆਂ ਦੇ ਨਾਲ ਫ਼ੇਰ ਜੰਗ ਹੋਈ। ਸਿਬਕੀ ਹੁਸ਼ਾਤੀ ਨੇ ਸਫ਼ ਨੂੰ ਮਾਰਿਆ ਜੋ ਕਿ ਦੈਤਾਂ ਦੇ ਉੱਤਰਾਧਿਕਾਰੀਆਂ ਵਿੱਚੋਂ ਇੱਕ ਸੀ।

19 ਅਤੇ ਫ਼ੇਰ ਗਬੋ ਵਿੱਚ ਫ਼ਲਿਸਤੀਆਂ ਦੇ ਖਿਲਾਫ਼ ਇੱਕ ਹੋਰ ਜੰਗ ਹੋਈ ਬੈਤਲਹਮ ਤੋਂ ਯਆਰੇ ਓਰਗੀਮ ਦੇ ਪੁੱਤਰ ਅਲਹਾਨਾਨ ਨੇ ਗੋਲਿਆਬ ਗਿੱਤੀ ਨੂੰ ਮਾਰ ਦਿੱਤਾ। ਗੋਲਿਆਬ ਦਾ ਬਰਛਾ ਜੁਲਾਹੇ ਦੀ ਛੜ ਜਿੰਨਾ ਲੰਬਾ ਸੀ।

20 ਫ਼ਿਰ ਗਬ ਵਿੱਚ ਇੱਕ ਹੋਰ ਲੜਾਈ ਹੋਈ, ਉੱਥੇ ਇੱਕ ਵੱਡਾ ਲੰਮਾ ਸਾਰਾ ਮਨੁੱਖ ਸੀ। ਉਸ ਦੇ ਹੱਥਾਂ ਅਤੇ ਪੈਰਾਂ ਵਿੱਚ ਛੇ-ਛੇ ਉਂਗਲੀਆਂ ਸਨ। ਉਸ ਦੀਆਂ ਕੁੱਲ ਚੌਵੀ ਉਂਗਲਾਂ ਸਨ। ਇਹ ਮਨੁੱਖ ਵੀ ਦੈਁਤਾਂ ਦੀ ਵੰਸ਼ ਵਿੱਚੋਂ ਸੀ। 21 ਇਸ ਆਦਮੀ ਨੇ ਇਸਰਾਏਲ ਨੂੰ ਵੰਗਾਰਿਆ ਤੇ ਉਸਦਾ ਮਖੌਲ ਉਡਾਇਆ ਪਰ ਯੋਨਾਥਾਨ ਨੇ ਇਸ ਆਦਮੀ ਨੂੰ ਵੱਢ ਸੁੱਟਿਆ। (ਇਹ ਯੋਨਾਥਾਨ ਦਾਊਦ ਦੇ ਭਰਾ ਸ਼ਿਮਈ ਦਾ ਪੁੱਤਰ ਸੀ।)

22 ਇਹ ਚਾਰੇ ਆਦਮੀ ਗਬ ਵਿੱਚ ਦੈਁਤਾਂ ਦੀ ਵੰਸ਼ ਵਿੱਚੋਂ ਸਨ ਅਤੇ ਦੈਁਤ ਹੀ ਸਨ ਜੋ ਕਿ ਦਾਊਦ ਅਤੇ ਉਸ ਦੇ ਆਦਮੀਆਂ ਵੱਲੋਂ ਮਾਰ ਦਿੱਤੇ ਗਏ।

ਦਾਊਦ ਵੱਲੋਂ ਯਹੋਵਾਹ ਦੀ ਉਸਤਤ ਵਿੱਚ ਗੀਤ

22 ਜਿਸ ਦਿਨ ਯਹੋਵਾਹ ਨੇ ਦਾਊਦ ਨੂੰ ਸ਼ਾਊਲ ਅਤੇ ਉਸ ਦੇ ਹੋਰ ਦੁਸ਼ਮਣਾਂ ਤੋਂ ਬਚਾਇਆ ਉਸ ਨੇ ਇਹ ਗੀਤ ਲਿਖਿਆ:

ਯਹੋਵਾਹ ਮੇਰੀ ਚੱਟਾਨ, ਮੇਰਾ ਕਿਲ੍ਹਾ, ਮੇਰੀ ਸੁਰੱਖਿਆ ਦਾ ਸਥਾਨ ਹੈ।
    ਉਹ ਮੇਰਾ ਪਰਮੇਸ਼ੁਰ ਹੈ,
ਉਹ ਮੇਰਾ ਟਿੱਲਾ ਹੈ, ਜਿਸ ਦੀ ਸ਼ਰਨੀਁ ਮੈਂ ਆਇਆ ਹਾਂ।
    ਪਰਮੇਸ਼ੁਰ ਮੇਰੀ ਢਾਲ, ਮੇਰੇ ਬਚਾਓ ਦਾ ਸਿੰਗ,
ਮੇਰਾ ਉੱਚਾ ਗੜ੍ਹ, ਮੇਰੀ ਓਟ ਹੈ।
    ਜੋ ਮੈਨੂੰ ਵੈਰੀਆਂ ਤੋਂ ਬਚਾਉਂਦਾ ਹੈ।
ਉਹ ਮੇਰਾ ਮਖੌਲ ਉਡਾਉਂਦੇ
    ਪਰ ਮੈਂ ਯਹੋਵਾਹ ਨੂੰ ਮਦਦ ਲਈ ਪੁਕਾਰਦਾ ਤੇ
    ਮੈਂ ਆਪਣੇ ਵੈਰੀਆਂ ਤੋਂ ਬਚ ਜਾਂਦਾ।

ਮੇਰੇ ਵੈਰੀਆਂ, ਮੈਨੂੰ ਵੱਢਣ ਦੀ ਕੋਸ਼ਿਸ਼ ਕੀਤੀ ਮੌਤ ਦੀਆਂ ਲਹਿਰਾਂ ਨੇ ਮੈਨੂੰ ਘੇਰ ਲਿਆ ਬੇਧਰਮੀ ਹੜਾਂ ’ਚ
    ਮੈਂ ਘਿਰਿਆ ਜਿਨ੍ਹਾਂ ਮੈਨੂੰ ਮੌਤ ਦੇ ਘਾਟ ਉਤਾਰਨਾ ਚਾਹਿਆ।
ਪਾਤਾਲ ਦੀਆਂ ਡੋਰੀਆਂ ਨੇ ਮੈਨੂੰ ਘੇਰ ਲਿਆ,
    ਮੌਤ ਦੇ ਫ਼ੰਧੇ ਮੇਰੇ ਸਾਹਮਣੇ ਸੀ,
ਉਨ੍ਹਾਂ ’ਚ ਘਿਰਿਆ, ਮੈਂ ਯਹੋਵਾਹ ਨੂੰ ਮਦਦ ਲਈ ਪੁਕਾਰਿਆ,
    ਹਾਂ, ਮੈਂ ਆਪਣੇ ਪਰਮੇਸ਼ੁਰ ਨੂੰ ਪੁਕਾਰਿਆ।
ਪਰਮੇਸ਼ੁਰ, ਆਪਣੇ ਮੰਦਰ ’ਚ ਵਿਰਾਜਮਾਨ, ਨੇ ਮੇਰੀ ਪੁਕਾਰ ਸੁਣੀ
    ਉਸ ਨੇ ਮੇਰੇ ਕੁਰਲਾਉਂਦੇ ਦੀ ਚੀਖ ਸੁਣੀ।
ਤਦ ਧਰਤੀ ਕੰਬੀ ਤੇ ਥਰਥਰਾਈ ਅਕਾਸ਼ ਦੀਆਂ ਨੀਹਾਂ ਹਿੱਲੀਆਂ।
    ਕਿਉਂ ਕਿ ਯਹੋਵਾਹ ਨੂੰ ਕਰੋਧ ਚੜ੍ਹਿਆ।
ਪਰਮੇਸ਼ੁਰ ਦੀਆਂ ਨਾਸਾਂ ਚੋ ਧੂੰਆਂ ਨਿਕਲਿਆ ਮੂੰਹ ਚੋ ਅੱਗ ਦੀਆਂ ਲਾਟਾਂ ਚੱਲੀਆਂ
    ਉਸਦੀ ਦੇਹ ਚੋ ਅੱਗ ਦੇ ਚਿੰਗਾੜੇ ਉੱਡੇ।
10 ਯਹੋਵਾਹ ਨੇ ਅਸਮਾਨਾਂ ਨੂੰ ਨਿਵਾਇਆ ਅਤੇ ਹੇਠਾਂ ਉਤਰਿਆ
    ਯਹੋਵਾਹ ਭਾਰੇ ਘਣੇ ਕਾਲੇ ਬੱਦਲ ’ਚ ਖੜੋਤਾ।
11 ਉਹ ਉੱਡ ਰਿਹਾ ਸੀ ਯਹੋਵਾਹ ਕਰੂਬੀ ਫ਼ਰਿਸ਼ਤਿਆਂ ਉੱਪਰ ਚੜ੍ਹ ਕੇ
    ਉਡਿਆ ਉਸਨੂੰ ਪੌਣ ਦੇ ਖੰਭਾਂ ਤੇ ਸਵਾਰ ਵੇਖਿਆ ਗਿਆ।
12 ਯਹੋਵਾਹ ਨੇ ਕਾਲੇ ਬੱਦਲਾਂ ਨੂੰ ਤੰਬੂ ਵਾਂਗ ਆਪਣੇ ਦੁਆਲੇ ਲਪੇਟ ਲਿਆ।
    ਉਸ ਨੇ ਪਾਣੀ ਨੂੰ, ਭਾਰੇ ਘਟੇ ਬੱਦਲ ਦਾ ਰੂਪ ਦੇਣ ਲਈ ਇਕੱਠਾ ਕੀਤਾ।
13 ਉਸ ਦੇ ਅੱਗੇ ਦੀ ਦਮਕ
    ਤੋਂ ਅੰਗਿਆਰ ਦਗ-ਦਗ ਕਰਨ ਲੱਗੇ।
14 ਯਹੋਵਾਹ ਅਕਾਸ਼ ਤੋਂ ਗਰਜਿਆ ਅੱਤ
    ਉੱਚ ਪਰਮੇਸ਼ੁਰ ਨੇ ਆਪਣੀ ਵਾਣੀ ਸੁਣਾਈ।
15 ਫ਼ਿਰ ਯਹੋਵਾਹ ਨੇ ਆਪਣੇ ਤੀਰ ਚਲਾਏ
    ਅਤੇ ਆਪਣੇ ਵੈਰੀਆਂ ਨੂੰ ਵਿੰਨ੍ਹ ਦਿੱਤਾ ਬਿਜਲੀਆਂ ਦੀ ਚਮਕ ਨਾਲ ਲੋਕਾਂ ਨੂੰ ਡਰਾ ਦਿੱਤਾ।

16 ਯਹੋਵਾਹ ਦੇ ਘੁਰਕਣੇ ਕਾਰਣ
    ਉਸ ਦੀਆਂ ਨਾਸਾਂ ਦੇ ਸਾਹ ਦੇ
ਝੋਕੇ ਕਾਰਣ ਸਮੁੰਦਰ ਦੀਆਂ ਨਿਚਲੀਆਂ ਦਿਸ ਪਈਆਂ
    ਅਤੇ ਜਗਤ ਦੀਆਂ ਨੀਹਾਂ ਖੁਲ੍ਹ ਗਈਆਂ।

17 ਯਹੋਵਾਹ ਨੇ ਉਵੇਂ ਹੀ ਮੇਰੀ ਰੱਖਿਆ ਕੀਤੀ।
    ਯਹੋਵਾਹ ਅਰਸੋਁ ਫ਼ਰਸ਼ੇ ਉੱਤਰਿਆ ਯਹੋਵਾਹ ਨੇ ਮੈਨੂੰ ਜਕੜਿਆ ਤੇ ਮੁਸੀਬਤਾਂ ਦੇ ਸਮੁੰਦਰਾਂ ਚੋ ਮੈਨੂੰ ਆਪਣੇ ਵੱਲ ਖਿਚਿਆ।
18 ਮੇਰੇ ਵੈਰੀ ਮੈਥੋਂ ਵੱਧ ਬਲਵਾਨ ਸਨ ਉਨ੍ਹਾਂ ਮੇਰੇ ਨਾਲ ਬੜੀ ਨਫ਼ਰਤ ਕੀਤੀ
    ਮੇਰੇ ਵੈਰੀ ਮੇਰੇ ਲਈ ਬਹੁਤ ਤਾਕਤਵਰ ਹਨ ਪਰ ਪਰਮੇਸ਼ੁਰ ਨੇ ਮੈਨੂੰ ਉਨ੍ਹਾਂ ਤੋਂ ਬਚਾਇਆ।
19 ਮੇਰੀ ਬਿਪਤਾ ਵਿੱਚ ਮੇਰੇ ਵੈਰੀਆਂ ਨੇ ਮੇਰੇ ਤੇ ਹਮਲਾ ਕੀਤਾ
    ਪਰ ਯਹੋਵਾਹ ਮੇਰੀ ਟੇਕ ਸੀ।
20 ਮੈਂ ਯਹੋਵਾਹ ਦਾ ਪਿਆਰਾ ਸੀ ਸੋ ਉਸ ਮੈਨੂੰ ਬਚਾਇਆ
    ਤੇ ਮੈਨੂੰ ਖੁਲ੍ਹੇ ਅਸਮਾਨੀ ਕੱਢ ਲਿਆਇਆ।
21 ਯਹੋਵਾਹ ਨੇ ਮੇਰੇ ਧਰਮ ਅਨੁਸਾਰ ਮੈਨੂੰ ਇਨਾਮ ਦਿੱਤਾ
    ਮੇਰੇ ਹੱਥਾਂ ਦੀ ਸੁੱਚਮਤਾ ਅਨੁਸਾਰ ਮੈਨੂੰ ਮਿਲਾਅ ਦਿੱਤਾ।
22 ਕਿਉਂ ਕਿ ਮੈਂ ਯਹੋਵਾਹ ਨੂੰ ਮੰਨਿਆ!
    ਮੈਂ ਆਪਣੇ ਪਰਮੇਸ਼ੁਰ ਦੇ ਵਿਰੁੱਧ ਪਾਪ ਨਹੀਂ ਕੀਤਾ।
23 ਮੈਂ ਹਮੇਸ਼ਾ ਯਹੋਵਾਹ ਦੇ ਫ਼ੈਸਲਿਆਂ ਨੂੰ ਚੇਤੇ ਰੱਖਦਾ।
    ਮੈਂ ਉਸ ਦੇ ਕਨੂੰਨਾਂ ਦਾ ਪਾਲਣ ਕਰਦਾ ਹਾਂ।
24 ਉਸ ਦੇ ਸਾਹਮਣੇ ਮੈਂ ਖੁਦ ਨੂੰ ਪਾਕ ਤੇ ਮਾਸੂਮ ਰੱਖਿਆ।
25 ਸੋ ਯਹੋਵਾਹ ਨੇ ਨਿਗਾਹ ਕਰਕੇ ਮੇਰੇ ਧਰਮ ਅਨੁਸਾਰ ਤੇ
    ਸੁੱਚਮਤਾ ਕਾਰਨ ਮੈਨੂੰ ਨਜ਼ਰਾਨਾ ਦਿੱਤਾ।

26 ਪਿਆਰੇ ਲਈ ਤੂੰ ਆਪਣਾ ਪਿਆਰ ਦਰਸਾਉਂਦਾ ਹੈਂ
    ਸੱਚੇ ਮਨੁੱਖ ਲਈ ਆਪਣਾ ਸੱਚ ਪ੍ਰਗਟਾਉਂਦਾ ਹੈਂ।
27 ਸ਼ੁੱਧ ਲਈ ਤੂੰ ਆਪੇ ਨੂੰ ਸ਼ੁੱਧ ਵਿਖਾਵੇਂਗਾ।
    ਹਾਠੇ ਲਈ ਆਪਾ ਹਾਠਾ ਬਣ ਜਾਵੇਂਗਾ।
28 ਤੂੰ ਦੁੱਖੀ ਲੋਕਾਂ ਲਈ ਮਿਹਰ ਹੈਂ
    ਹੰਕਾਰੀਆਂ ਲਈ ਕਹਿਰ ਹੈਂ।
29 ਤੂੰ ਮੇਰਾ ਦੀਵਾ ਹੈਂ ਯਹੋਵਾਹ!
    ਜਿਸ ਨੇ ਮੇਰੇ ਹਨੇਰਿਆਂ ਨੂੰ ਉਜਿਆਲਾ ਕੀਤਾ।
30 ਤੇਰੀ ਮਿਹਰ ਸਦਕਾ ਯਹੋਵਾਹ ਮੈਂ ਸੂਰਮਿਆਂ ਨਾਲ ਭੱਜਿਆ
    ਤੇ ਤੇਰੀ ਕਿਰਪਾ ਨਾਲ ਮੈਂ ਵੈਰੀਆਂ ਦੀਆਂ ਦੀਵਾਰਾਂ ਟੱਪੀਆਂ।

31 ਪਰਮੇਸ਼ੁਰ ਦਾ ਰਾਹ ਪੂਰਾ ਹੈ
    ਯਹੋਵਾਹ ਦਾ ਬਚਨ ਪਰਤਾਇਆ ਹੋਇਆ ਹੈ
    ਉਹ ਆਪਣੇ ਸ਼ਰਧਾਲੂਆਂ ਦਾ ਰੱਖਵਾਲਾ ਹੈ।
32 ਯਹੋਵਾਹ ਤੋਂ ਬਿਨਾ ਹੋਰ ਕੌਣ ਪਰਮੇਸ਼ੁਰ ਹੈ?
    ਅਤੇ ਸਾਡੇ ਪਰਮੇਸ਼ੁਰ ਤੋਂ ਛੁੱਟ ਹੋਰ ਕਿਹੜੀ ਚੱਟਾਨ ਹੈ?
33 ਪਰਮੇਸ਼ੁਰ ਮੇਰਾ ਪੱਕਾ ਗੜ੍ਹ ਹੈ
    ਉਹ ਨਿਰਦੋਸ਼ ਲੋਕਾਂ ਨੂੰ ਆਪਣੇ ਰਾਹ ਤੇ ਲਾਉਂਦਾ ਹੈ।
34 ਪਰਮੇਸ਼ੁਰ ਸਦਕਾ ਮੈਂ ਹਿਰਨੀਆਂ ਵਾਂਗ ਚੁੰਗੀਆਂ ਭਰਦਾਂ
    ਤੇ ਮੈਨੂੰ ਮੇਰੇ ਉੱਚਿਆਂ ਥਾਵਾਂ ਤੇ ਉਹ ਖੜ੍ਹਾ ਕਰਦਾ ਹੈ।
35 ਪਰਮੇਸ਼ੁਰ ਮੇਰੇ ਹੱਥਾਂ ਨੂੰ ਯੁੱਧ ਕਰਨਾ ਸਿੱਖਾਉਂਦਾ ਹੈ
    ਜਿਸ ਸਦਕਾ ਮੇਰੀਆਂ ਬਾਹਾਂ ਪਿੱਤਲ ਦਾ ਧਨੁੱਖ ਵੀ ਝੁਕਾਅ ਸੱਕਦੀਆਂ ਹਨ।

36 ਪਰਮੇਸ਼ੁਰ, ਤੂੰ ਆਪਣੀ ਸੁਰੱਖਿਆ ਦੀ ਢਾਲ ਮੈਨੂੰ ਬਖਸ਼ੀ ਹੈਅਤੇ ਜਿੱਤਣ ਲਈ ਸਹਾਇਤਾ ਕੀਤੀ ਹੈ।
    ਹਾਂ ਤੂੰ ਮੇਰੀ ਸਹਾਇਤਾ ਕੀਤੀ ਹੈ ਦੁਸ਼ਮਣਾਂ ਤੋਂ ਜਿੱਤਣ ਵਿੱਚ।
37 ਤੂੰ ਮੇਰੇ ਹੇਠਾਂ ਮੇਰੇ ਕਦਮਾਂ ਨੂੰ ਵੱਧਾਇਆ ਹੈ
    ਤੇ ਮੇਰੇ ਪੈਰ ਤਾਂ ਹੀ ਨਹੀਂ ਤਿਲਕੇ, ਨਾ ਹੀ ਥਿੜਕੇ।
38 ਮੈਂ ਆਪਣੇ ਵੈਰੀਆਂ ਦਾ ਪਿੱਛਾ ਕੀਤਾ ਪਿੱਛਾ ਕਰ ਉਨ੍ਹਾਂ ਦਾ ਨਾਸ ਕੀਤਾ ਤਦ
    ਤੀਕ ਨਾ ਵਾਪਸ ਮੁੜਿਆ ਜਦ ਤੀਕ ਉਹ ਬਰਬਾਦ ਨਾ ਹੋਏ।
39 ਮੈਂ ਵੈਰੀਆਂ ਦਾ ਨਾਸ ਕੀਤਾ
    ਮੈਂ ਉਨ੍ਹਾਂ ਨੂੰ ਹਰਾਇਆਂ
ਉਹ ਮੇਰੇ ਪੈਰੀ ਪਏ ਮੁੜੇ
    ਅਤੇ ਕਦੇ ਨਾ ਉੱਠ ਸੱਕੇ।

40 ਪਰਮੇਸ਼ੁਰ, ਤੂੰ ਯੁੱਧ ਲਈ ਆਪਣੇ ਬਲ ਨਾਲ ਮੇਰੀ ਕਮਰ ਕੱਸੀ
    ਤੂੰ ਮੇਰੇ ਵੈਰੀਆਂ ਨੂੰ ਮੇਰੇ ਹੇਠ ਝੁਕਾਅ ਦਿੱਤਾ।
41 ਤੂੰ ਮੇਰੇ ਵੈਰੀਆਂ ਦੀ ਪਿੱਠ ਮੈਨੂੰ ਵਿਖਾਈ ਤੇ
    ਮੈਂ ਆਪਣੇ ਨਫ਼ਰਤ ਕਰਨ ਵਾਲਿਆਂ ਦਾ ਸਰਬਨਾਸ਼ ਕੀਤਾ।
42 ਉਨ੍ਹਾਂ ਨੇ ਵੇਖਿਆ ਕੋਈ ਬਚਾਉਣ
    ਵਾਲਾ ਨਾ ਵਿਖਾਈ ਦਿੱਤਾ ਵੇਖਿਆ
ਉਨ੍ਹਾਂ ਵੱਲ ਯਹੋਵਾਹ ਦੇ ਵੀ
    ਪਰ ਉਸ ਨੇ ਵੀ ਕੋਈ ਨਾ ਜਵਾਬ ਦਿੱਤਾ।
43 ਫ਼ਿਰ ਮੈਂ ਉਨ੍ਹਾਂ ਨੂੰ ਧਰਤੀ ਦੀ ਧੂਲ ਵਾਂਗ ਉਨ੍ਹਾਂ ਦਾ ਸੁਰਮਾ ਕੀਤਾ
    ਰਸਤੇ ਦੇ ਚਿਕੱੜ ਵਾਂਗ ਉਨ੍ਹਾਂ ਨੂੰ ਮਿੱਧਿਆ ਤ੍ਤੇ ਉਨ੍ਹਾਂ ਨੂੰ ਖਲਾਰ ਦਿੱਤਾ।

44 ਤੂੰ ਮੈਨੂੰ ਲੋਕਾਂ ਦੇ ਝਗੜਿਆਂ ਤੋਂ ਛੁਡਾਇਆ,
    ਤੂੰ ਮੈਨੂੰ ਕੌਮਾ ਦਾ ਮੁਖੀਆ ਬਣਾਇਆ,
    ਜਿਨ੍ਹਾਂ ਲੋਕਾਂ ਨੂੰ ਮੈਂ ਜਾਣਦਾ ਵੀ ਨਹੀਂ ਉਨ੍ਹਾਂ ਵੀ ਆਨ ਮੇਰੀ ਸੇਵਾ ਕੀਤੀ।
45 ਪਰਦੇਸੀਆਂ ਮੇਰਾ ਹੁਕਮ ਮੰਨਿਆ, ਜਦ ਵੀ ਕਦੇ ਮੈਂ ਫ਼ੁਰਮਾਨ ਕੀਤਾ ਉਨ੍ਹਾਂ ਝਟ ਹੁਕਮ ਪਰਵਾਨ ਕੀਤਾ।
    ਪਰਦੇਸੀ ਹਮੇਸ਼ਾ ਮੈਥੋਂ ਘਬਰਾਏ।
46 ਪਰਦੇਸੀ ਡਰ ਨਾਲ ਕੁਮਲਾਅ ਗਏ
    ਉਹ ਆਪਣੀਆਂ ਖੁੱਡਾਂ ਵਿੱਚੋਂ ਡਰ ਨਾਲ ਕੰਬੰਦੇ ਨਿਕਲੇ।

47 ਯਹੋਵਾਹ ਜਿਉਂਦਾ ਹੈ ਤੇ ਉਹ ਮੇਰੀ ਚੱਟਾਨ ਹੈ।
    ਮੈਂ ਪਰਮੇਸ਼ੁਰ ਦੀ ਉਸਤਤ ਕਰਦਾ ਹਾਂ।
    ਉਹ ਚੱਟਾਨ ਹੈ ਜੋ ਮੈਨੂੰ ਬਚਾਉਂਦੀ ਹੈ।
48 ਉਸ ਮੇਰੇ ਵੈਰੀਆਂ ਨੂੰ ਮੇਰੀ ਖਾਤਿਰ ਸਜ਼ਾ
    ਦਿੱਤੀ ਤੇ ਲੋਕਾਂ ਨੂੰ ਮੇਰੇ ਹੁਕਮ ਹੇਠ ਰੱਖਿਆ।
49 ਪਰਮੇਸ਼ੁਰ ਨੇ ਮੈਨੂੰ ਵੈਰੀਆਂ ਤੋਂ ਬਚਾਇਆ,

ਹਾਂ ਤੂੰ ਮੈਨੂੰ ਮੇਰੇ ਵਿਰੋਧੀਆਂ ਵਿੱਚ ਮੈਨੂੰ ਉੱਚਾ ਕੀਤਾ
    ਮੈਨੂੰ ਜ਼ਾਲਮਾਂ ਤੋਂ ਬਚਾਇਆ।
50 ਸੇ ਕਾਰਣ ਹੇ ਯੋਹਵਾਹ, ਮੈਂ ਕੌਮਾਂ ਵਿੱਚ ਤੇਰੀ ਉਸਤਤ ਕਰਾਂਗਾ
    ਅਤੇ ਤੇ ਤੇਰੇ ਨਾਂ ਦਾ ਜੱਸ ਗਾਵਾਂਗਾ।

51 ਯਹੋਵਾਹ ਆਪਣੇ ਪਾਤਸ਼ਾਹ ਲਈ ਸੁਰੱਖਿਆ ਦਾ ਬੁਰਜ ਹੈ
    ਅਤੇ ਆਪਣੇ ਮਸਹ ਕੀਤੇ ਹੋਏ ਉੱਪਰ ਭਾਵ
    ਦਾਊਦ ਅਤੇ ਉਸ ਦੇ ਉਤਰਾਧਿਕਾਰੀਆਂ ਉੱਪਰ ਹਮੇਸ਼ਾ ਦਯਾ ਕਰਦਾ ਹੈ।

ਲੂਕਾ 18:24-43

24 ਜਦੋਂ ਯਿਸੂ ਨੇ ਵੇਖਿਆ ਕਿ ਉਹ ਮਨੁੱਖ ਬੜਾ ਉਦਾਸ ਹੋ ਗਿਆ ਹੈ ਤਾਂ ਉਸ ਨੇ ਆਖਿਆ “ਧਨਵਾਨ ਵਾਸਤੇ ਪਰਮੇਸ਼ੁਰ ਦੇ ਰਾਜ ਵਿੱਚ ਜਾਣਾ ਬੜਾ ਔਖਾ ਹੈ। 25 ਅਮੀਰ ਆਦਮੀ ਲਈ ਪਰਮੇਸ਼ੁਰ ਦੇ ਰਾਜ ਵਿੱਚ ਵੜਨ ਨਾਲੋਂ ਇੱਕ ਊਠ ਦਾ ਸੂਈ ਦੇ ਨੱਕੇ ਵਿੱਚੋਂ ਲੰਘਣਾ ਸੌਖਾ ਹੈ।”

ਕੌਣ ਬਚਾਇਆ ਜਾ ਸੱਕਦਾ ਹੈ

26 ਜਦੋਂ ਲੋਕਾਂ ਨੇ ਇਹ ਸੁਣਿਆ ਤਾਂ ਆਖਣ ਲੱਗੇ, “ਫਿਰ ਕੌਣ ਬਚਾਇਆ ਜਾ ਸੱਕਦਾ ਹੈ?”

27 ਯਿਸੂ ਨੇ ਆਖਿਆ, “ਜਿਹੜੀਆਂ ਗੱਲਾਂ ਮਨੁੱਖਾਂ ਲਈ ਅਣਹੋਣੀਆਂ ਹਨ, ਉਹ ਪਰਮੇਸ਼ੁਰ ਤੋਂ ਹੋ ਸੱਕਦੀਆਂ ਹਨ।”

28 ਪਤਰਸ ਨੇ ਕਿਹਾ, “ਵੇਖ, ਅਸੀਂ ਆਪਣਾ ਸਭ ਕੁਝ ਛੱਡ ਕੇ ਤੇਰੇ ਮਗਰ ਹੋ ਤੁਰੇ ਹਾਂ।”

29 ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਉਹ ਹਰ ਕੋਈ, ਜਿਸਨੇ ਆਪਣੇ ਘਰ, ਪਤਨੀ, ਭਰਾਵਾਂ, ਮਾਪਿਆਂ, ਅਤੇ ਬੱਚਿਆਂ ਨੂੰ ਪਰਮੇਸ਼ੁਰ ਦੇ ਰਾਜ ਵਾਸਤੇ ਛੱਡਿਆ ਹੈ, 30 ਉਹ ਆਪਣੇ ਛੱਡੇ ਤੋਂ ਕਿਤੇ ਵੱਧ ਪਾਵੇਗਾ। ਉਹ ਆਪਣੀ ਜ਼ਿੰਦਗੀ ਵਿੱਚ ਛੱਡੇ ਹੋਏ ਤੋਂ ਕਿਤੇ ਵੱਧੇਰੇ ਪ੍ਰਾਪਤ ਕਰੇਗਾ ਅਤੇ ਜਦੋਂ ਉਹ ਮਰੇਗਾ, ਉਸਦਾ ਵਾਸਾ ਹਮੇਸ਼ਾ ਪਰਮੇਸ਼ੁਰ ਦੇ ਨਾਲ ਹੋਵੇਗਾ।”

ਯਿਸੂ ਮੌਤ ਤੋਂ ਜੀਅ ਉੱਠੇਗਾ(A)

31 ਫਿਰ ਯਿਸੂ ਬਾਰ੍ਹਾਂ ਰਸੂਲਾਂ ਨੂੰ ਇੱਕ ਪਾਸੇ ਲਿਆਇਆ ਅਤੇ ਉਨ੍ਹਾਂ ਨੂੰ ਆਖਿਆ, “ਸੁਣੋ! ਅਸੀਂ ਯਰੂਸ਼ਲਮ ਨੂੰ ਜਾ ਰਹੇ ਹਾਂ। ਉਹ ਸਾਰੀਆਂ ਗੱਲਾਂ ਜੋ ਨਬੀਆਂ ਨੇ ਮਨੁੱਖ ਦੇ ਪੁੱਤਰ ਬਾਰੇ ਲਿਖੀਆਂ ਹਨ, ਪੂਰਨ ਹੋ ਜਾਣਗੀਆਂ। 32 ਉਸ ਨੂੰ ਗੈਰ-ਯਹੂਦੀ ਲੋਕਾਂ ਦੇ ਹੱਥਾਂ ਵਿੱਚ ਦੇ ਦਿੱਤਾ ਜਾਵੇਗਾ। ਉਹ ਉਸਦਾ ਮਜ਼ਾਕ ਉਡਾਉਣਗੇ, ਉਸਦੀ ਬੇਇੱਜ਼ਤੀ ਕਰਨਗੇ ਅਤੇ ਉਸ ਉੱਪਰ ਥੁੱਕਣਗੇ। 33 ਉਸ ਨੂੰ ਕੁੱਟਣਗੇ ਅਤੇ ਫੇਰ ਉਸ ਨੂੰ ਮਾਰ ਦੇਣਗੇ। ਪਰ ਉਹ ਤੀਜੇ ਦਿਨ ਮੁਰਦਿਆਂ ਵਿੱਚੋਂ ਜੀਅ ਉੱਠੇਗਾ।” 34 ਰਸੂਲਾਂ ਨੇ ਉਸਦੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਮਝ ਨਾ ਸੱਕੇ, ਉਨ੍ਹਾਂ ਲਈ ਅਰਥ ਗੁਪਤ ਰੱਖਿਆ ਗਿਆ ਸੀ।

ਯਿਸੂ ਦਾ ਇੱਕ ਅੰਨ੍ਹੇ ਆਦਮੀ ਨੂੰ ਠੀਕ ਕਰਨਾ(B)

35 ਜਦੋਂ ਯਿਸੂ ਯਰੀਹੋ ਦੇ ਨੇੜੇ ਆਇਆ ਉੱਥੇ, ਪੈਸੇ ਮੰਗਦਾ ਹੋਇਆ ਇੱਕ ਅੰਨ੍ਹਾ ਸੜਕ ਦੇ ਕਿਨਾਰੇ ਬੈਠਾ ਸੀ। 36 ਜਦੋਂ ਉਸ ਨੇ ਭੀੜ ਲੰਘਦੀ ਨੂੰ ਸੁਣਿਆ ਤਾਂ ਉਸ ਨੇ ਪੁੱਛਿਆ, “ਇਹ ਕੀ ਹੋ ਰਿਹਾ ਹੈ?”

37 ਲੋਕਾਂ ਨੇ ਉਸ ਨੂੰ ਦੱਸਿਆ, “ਯਿਸੂ ਨਾਸਰੀ, ਇੱਥੇ ਆ ਰਿਹਾ ਹੈ।”

38 ਅੰਨ੍ਹਾ ਆਦਮੀ ਬੜਾ ਉਤਸਾਹਤ ਹੋਇਆ ਅਤੇ ਆਖਣ ਲੱਗਾ, “ਯਿਸੂ, ਦਾਊਦ ਦੇ ਪੁੱਤਰ ਮੇਰੇ ਤੇ ਦਯਾ ਕਰ!”

39 ਜਿਹੜੇ ਲੋਕ ਅੱਗੇ ਆਗੂ ਬਣਕੇ ਚਲ ਰਹੇ ਸਨ ਉਨ੍ਹਾਂ ਨੇ ਅੰਨ੍ਹੇ ਆਦਮੀ ਨੂੰ ਇਉਂ ਬੋਲਣ ਤੋਂ ਵਰਜਿਆ। ਪਰ ਅੰਨ੍ਹਾ ਆਦਮੀ ਹੋਰ ਵੀ ਜੋਰ ਦੀ ਰੌਲਾ ਪਾਉਣ ਲੱਗਾ, “ਯਿਸੂ, ਦਾਊਦ ਦੇ ਪੁੱਤਰ, ਮੇਰੇ ਤੇ ਮਿਹਰ ਕਰ!”

40 ਯਿਸੂ ਉੱਥੇ ਰੁਕਿਆ ਅਤੇ ਆਖਿਆ, “ਉਸ ਅੰਨ੍ਹੇ ਆਦਮੀ ਨੂੰ ਮੇਰੇ ਕੋਲ ਲਿਆਵੋ।” ਜਦੋਂ ਅੰਨ੍ਹਾ ਆਦਮੀ ਨੇੜੇ ਆਇਆ ਤਾਂ ਉਸ ਨੇ ਉਸ ਨੂੰ ਪੁੱਛਿਆ, 41 “ਤੂੰ ਮੈਥੋਂ ਆਪਣੇ ਵਾਸਤੇ ਕੀ ਕਰਾਉਣਾ ਚਾਹੁੰਦਾ ਹੈ?”

ਉਸ ਨੇ ਆਖਿਆ, “ਪ੍ਰਭੂ! ਮੈਂ ਵੇਖਣਾ ਚਾਹੁੰਦਾ ਹਾਂ।”

42 ਯਿਸੂ ਨੇ ਉਸ ਨੂੰ ਕਿਹਾ, “ਆਪਣੀ ਦ੍ਰਿਸ਼ਟੀ ਪ੍ਰਾਪਤ ਕਰ! ਤੇਰੇ ਵਿਸ਼ਵਾਸ ਨੇ ਤੈਨੂੰ ਰਾਜੀ ਕੀਤਾ ਹੈ।”

43 ਤਦ ਉਹ ਮਨੁੱਖ ਵੇਖਣ ਦੇ ਸਮਰਥ ਸੀ। ਉਹ ਪਰਮੇਸ਼ੁਰ ਦੀ ਉਸਤਤਿ ਕਰਦਾ ਹੋਇਆ ਯਿਸੂ ਦਾ ਅਨੁਸਰਣ ਕਰਨ ਲੱਗਾ। ਜਿਨ੍ਹਾ ਸਾਰੇ ਲੋਕਾਂ ਨੇ ਇਹ ਵੇਖਿਆ ਉਨ੍ਹਾਂ ਨੇ ਵੀ ਪਰਮੇਸ਼ੁਰ ਦੀ ਉਸਤਤਿ ਕੀਤੀ।

Punjabi Bible: Easy-to-Read Version (ERV-PA)

2010 by World Bible Translation Center