M’Cheyne Bible Reading Plan
ਨਜ਼ੀਰ
6 ਯਹੋਵਾਹ ਨੇ ਮੂਸਾ ਨੂੰ ਆਖਿਆ, 2 “ਇਸਰਾਏਲ ਦੇ ਲੋਕਾਂ ਨੂੰ ਇਹ ਗੱਲਾਂ ਆਖ: ਕੋਈ ਆਦਮੀ ਜਾਂ ਔਰਤ ਸ਼ਾਇਦ ਕੁਝ ਸਮੇਂ ਲਈ ਹੋਰਨਾਂ ਲੋਕਾਂ ਤੋਂ ਵੱਖ ਹੋਣਾ ਚਾਹੇ। ਵੱਖ ਹੋਣ ਦਾ ਇਹ ਖਾਸ ਸਮਾਂ ਉਸ ਬੰਦੇ ਨੂੰ ਕੁਝ ਸਮੇਂ ਲਈ ਪੂਰੀ ਤਰ੍ਹਾਂ ਯਹੋਵਾਹ ਦੇ ਲਈ ਸਮਰਪਿਤ ਹੋਣ ਦੀ ਇਜਾਜ਼ਤ ਦਿੰਦਾ ਹੈ। ਉਹ ਬੰਦਾ ਨਜ਼ੀਰ ਸੱਦਿਆ ਜਾਵੇਗਾ। 3 ਉਸ ਸਮੇਂ ਦੌਰਾਨ, ਉਸ ਬੰਦੇ ਨੂੰ ਮੈਅ ਜਾਂ ਇਹੋ ਜਿਹੀ ਹੋਰ ਮੈਅ ਨਹੀਂ ਪੀਣੀ ਚਾਹੀਦੀ ਉਸ ਬੰਦੇ ਨੂੰ ਸਿਰਕਾ ਵੀ ਨਹੀਂ ਪੀਣਾ ਚਾਹੀਦਾ ਜਿਹੜਾ ਮੈਅ ਜਾਂ ਕਿਸੇ ਇਹੋ ਜਿਹੀ ਹੋਰ ਚੀਜ਼ ਤੋਂ ਤਿਆਰ ਕੀਤਾ ਜਾਂਦਾ ਹੈ। ਉਸ ਬੰਦੇ ਨੂੰ ਅੰਗੂਰਾ ਦਾ ਰਸ ਨਹੀਂ ਪੀਣਾ ਚਾਹੀਦਾ। ਅੰਗੂਰ ਜਾਂ ਸੌਗੀ ਨਹੀਂ ਖਾਣੀ ਚਾਹੀਦੀ। 4 ਉਸ ਬੰਦੇ ਨੂੰ ਵੱਖ ਹੋਣ ਦੇ ਇਸ ਖਾਸ ਸਮੇਂ ਦੌਰਾਨ ਕੋਈ ਵੀ ਅਜਿਹੀ ਚੀਜ਼ ਨਹੀਂ ਖਾਣੀ ਚਾਹੀਦੀ ਜਿਹੜੀ ਅੰਗੂਰਾ ਤੋਂ ਤਿਆਰ ਹੁੰਦੀ ਹੈ। ਉਸ ਬੰਦੇ ਨੂੰ ਅੰਗੂਰਾ ਦੇ ਬੀਜ ਜਾਂ ਉਨ੍ਹਾਂ ਦਾ ਛਿਲਕਾ ਵੀ ਨਹੀਂ ਖਾਣਾ ਚਾਹੀਦਾ।
5 “ਵੱਖ ਹੋਣ ਦੇ ਇਸ ਸਮੇਂ ਦੌਰਾਨ, ਉਸ ਬੰਦੇ ਦੇ ਸਿਰ ਨੂੰ ਉਸਤਰਾ ਨਹੀਂ ਲੱਗਣਾ ਚਾਹੀਦਾ। ਵੱਖ ਹੋਣ ਦਾ ਇਹ ਸਮਾਂ ਖਤਮ ਹੋਣ ਤੀਕ ਉਸ ਨੂੰ ਆਪਣੇ ਇਕਰਾਰ ਨੂੰ ਸਮਰਪਿਤ ਰਹਿਣਾ ਚਾਹੀਦਾ ਹੈ। ਉਸ ਨੂੰ ਆਪਣੇ ਵਾਲ ਵੱਧਾਉਣੇ ਚਾਹੀਦੇ ਹਨ। ਉਸ ਦੇ ਵਾਲ ਪਰਮੇਸ਼ੁਰ ਨਾਲ ਉਸ ਦੇ ਇਕਰਾਰ ਦਾ ਖਾਸ ਹਿੱਸਾ ਹਨ। ਉਸ ਨੂੰ ਆਪਣੇ ਵਾਲਾਂ ਨੂੰ ਪਰਮੇਸ਼ੁਰ ਅੱਗੇ ਸੁਗਾਤ ਵਜੋਂ ਭੇਟ ਕਰਨਾ ਚਾਹੀਦਾ।
6 “ਇੱਕ ਨਜ਼ੀਰ ਨੂੰ ਵੱਖ ਹੋਣ ਦੇ ਖਾਸ ਸਮੇਂ ਦੌਰਾਨ ਕਦੇ ਵੀ ਮੁਰਦਾ ਜਿਸਮ ਦੇ ਨੇੜੇ ਨਹੀਂ ਜਾਣਾ ਚਾਹੀਦਾ। ਕਿਉਂਕਿ ਉਸ ਬੰਦੇ ਨੇ ਆਪਣੇ-ਆਪ ਨੂੰ ਪੂਰੀ ਤਰ੍ਹਾਂ ਯਹੋਵਾਹ ਨੂੰ ਸੌਂਪਿਆ ਹੋਇਆ ਹੈ। 7 ਜੇ ਭਾਵੇਂ ਉਸਦਾ ਆਪਣਾ ਪਿਤਾ, ਮਾਂ ਭਰਾ ਜਾਂ ਭੈਣ ਵੀ ਮਰ ਜਾਵੇ, ਉਸ ਨੂੰ ਉਨ੍ਹਾਂ ਨੂੰ ਨਹੀਂ ਛੂਹਣਾ ਚਾਹੀਦਾ। ਇਸ ਨਾਲ ਉਹ ਅਪਵਿੱਤਰ ਹੋ ਜਾਵੇਗਾ। ਉਸ ਨੂੰ ਇਹ ਜ਼ਰੂਰ ਦਰਸਾਉਣਾ ਚਾਹੀਦਾ ਹੈ ਕਿ ਉਹ ਵੱਖ ਹੋ ਗਿਆ ਹੈ ਅਤੇ ਉਸ ਨੇ ਆਪਣੇ-ਆਪ ਨੂੰ ਪੂਰੀ ਤਰ੍ਹਾਂ ਪਰਮੇਸ਼ੁਰ ਨੂੰ ਸੌਂਪ ਦਿੱਤਾ ਹੈ। 8 ਉਸ ਦੇ ਵੱਖ ਹੋਣ ਦੇ ਪੂਰੇ ਸਮੇਂ ਦੌਰਾਨ ਉਹ ਆਪਣੇ-ਆਪ ਨੂੰ ਪੂਰੀ ਤਰ੍ਹਾਂ ਯਹੋਵਾਹ ਨੂੰ ਸੌਂਪ ਰਿਹਾ ਹੁੰਦਾ ਹੈ। 9 ਹੋ ਸੱਕਦਾ ਹੈ ਕਿ ਨਜ਼ੀਰ ਕਿਸੇ ਅਜਿਹੇ ਬੰਦੇ ਦੇ ਨਾਲ ਹੈ ਜਿਹੜਾ ਅਚਾਨਕ ਮਰ ਜਾਂਦਾ ਹੈ। ਜੇ ਉਹ ਨਜ਼ੀਰ ਉਸ ਮੁਰਦਾ ਬੰਦੇ ਨੂੰ ਛੂੰਹਦਾ ਹੈ ਤਾਂ ਉਹ ਅਪਵਿੱਤਰ ਹੋ ਜਾਵੇਗਾ। ਜੇ ਅਜਿਹਾ ਹੁੰਦਾ ਹੈ ਤਾਂ ਨਜ਼ੀਰ ਨੂੰ ਆਪਣਾ ਸਿਰ ਮੁਨਾ ਲੈਣਾ ਚਾਹੀਦਾ ਹੈ। (ਉਹ ਵਾਲ ਉਸ ਦੇ ਖਾਸ ਇਕਰਾਰ ਦਾ ਹਿੱਸਾ ਸਨ।) ਉਸ ਨੂੰ ਆਪਣੇ ਵਾਲ ਸੱਤਵੇਂ ਦਿਨ ਮੁਨਾ ਲੈਣੇ ਚਾਹੀਦੇ ਹਨ, ਕਿਉਂਕਿ ਉਸ ਦਿਨ ਉਹ ਪਵਿੱਤਰ ਬਣਾਇਆ ਜਾਵੇਗਾ। 10 ਫ਼ੇਰ 8ਵੇਂ ਦਿਨ ਉਸ ਨਜ਼ੀਰ ਨੂੰ ਦੋ ਕਬੂਤਰੀਆ ਅਤੇ ਦੋ ਜਵਾਨ ਕਬੂਤਰ ਜਾਜਕ ਕੋਲ ਲੈ ਕੇ ਆਉਣਾ ਚਾਹੀਦਾ ਹੈ। ਉਸ ਨੂੰ ਇਹ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਉੱਤੇ ਜਾਜਕ ਨੂੰ ਦੇ ਦੇਣੇ ਚਾਹੀਦੇ ਹਨ। 11 ਫ਼ੇਰ ਜਾਜਕ ਇੱਕ ਨੂੰ ਪਾਪ ਦੀ ਭੇਟ ਵਜੋਂ ਭੇਟ ਕਰੇਗਾ। ਉਹ ਦੂਸਰੇ ਨੂੰ ਹੋਮ ਦੀ ਭਟ ਵਜੋਂ ਭੇਟ ਕਰੇਗਾ। ਹੋਮ ਦੀ ਭੇਟ ਨਜ਼ੀਰ ਦੇ ਪਾਪ ਦਾ ਇਵਜ਼ਾਨਾ ਹੋਵੇਗਾ। (ਉਸ ਨੇ ਪਾਪ ਕੀਤਾ ਸੀ ਕਿਉਂਕਿ ਉਹ ਇੱਕ ਮੁਰਦਾ ਬੰਦੇ ਦੇ ਨੇੜੇ ਸੀ।) ਉਸ ਸਮੇਂ, ਉਹ ਵਿਅਕਤੀ ਇੱਕ ਵਾਰ ਫ਼ੇਰ ਆਪਣੇ ਸਿਰ ਦੇ ਵਾਲਾ ਨੂੰ ਪਰਮੇਸ਼ੁਰ ਅੱਗੇ ਸੁਗਾਤ ਵਜੋਂ ਭੇਟ ਕਰਨ ਦਾ ਇਕਰਾਰ ਕਰੇਗਾ। 12 ਇਸਦਾ ਮਤਲਬ ਇਹ ਹੈ ਕਿ ਉਹ ਬੰਦਾ ਯਹੋਵਾਹ ਦੀ ਸੇਵਾ ਵਿੱਚ ਇੱਕ ਵਾਰ ਲਈ ਫ਼ੇਰ ਆਪਣੇ ਵੱਖ ਹੋਣ ਦੇ ਸਮੇਂ ਦਾ ਪਾਲਣ ਕਰੇਗਾ। ਉਸ ਨੂੰ ਇੱਕ ਸਾਲ ਦਾ ਲੇਲਾ ਲਿਆਕੇ ਇਸ ਨੂੰ ਆਪਣੇ ਪਾਪ ਲਈ ਬਲੀ ਵਜੋਂ ਚੜ੍ਹਾਉਣਾ ਚਾਹੀਦਾ। ਉਹ ਸਾਰੇ ਦਿਨ ਜਦੋਂ ਉਹ ਵੱਖ ਕੀਤਾ ਗਿਆ ਸੀ ਭੁਲਾ ਦਿੱਤੇ ਜਾਣਗੇ। ਉਸ ਨੂੰ ਆਪਣਾ ਵੱਖ ਹੋਣ ਦਾ ਸਮਾਂ ਇੱਕ ਵਾਰੇ ਫ਼ੇਰ ਸ਼ੁਰੂ ਕਰਨਾ ਚਾਹੀਦਾ ਹੈ।
13 “ਜਦੋਂ ਵੱਖ ਹੋਣ ਦਾ ਇਹ ਸਮਾਂ ਖਤਮ ਹੋਵੇ, ਨਜ਼ੀਰ ਨੂੰ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਉੱਤੇ ਇੱਕ ਭੇਟ ਲਿਆਉਣੀ ਚਾਹੀਦੀ ਹੈ। 14 ਉਸ ਨੂੰ ਆਪਣੀਆਂ ਸੁਗਾਤਾ ਯਹੋਵਾਹ ਨੂੰ ਭੇਟ ਕਰਨੀਆਂ ਚਾਹੀਦੀਆਂ ਹਨ:
ਹੋਮ ਦੀ ਭੇਟ ਵਜੋਂ ਨੁਕਸ ਰਹਿਤ ਇੱਕ ਸਾਲ ਦਾ ਲੇਲਾ;
ਪਾਪ ਦੀ ਭੇਟ ਵਜੋਂ ਨੁਕਸ ਰਹਿਤ ਇੱਕ ਸਾਲ ਦੀ ਲੇਵੀ
ਅਤੇ ਸੁੱਖ-ਸਾਂਦ ਦੀ ਭੇਟ ਲਈ ਨੁਕਸ ਰਹਿਤ ਇੱਕ ਭੇਡੂ।
15 ਪਤੀਰੀ ਰੋਟੀ ਦੀ ਇੱਕ ਟੋਕਰੀ (ਤੇਲ ਮਿਲੇ ਬਰੀਕ ਆਟੇ ਦੀਆਂ ਰੋਟੀਆਂ।) ਇਨ੍ਹਾਂ ਰੋਟੀਆਂ ਉੱਤੇ ਤੇਲ ਜ਼ਰੂਰ ਲਾਇਆ ਜਾਵੇਗਾ।
ਅਨਾਜ ਦੀਆਂ ਭੇਟਾ ਅਤੇ ਪੀਣ ਦੀਆਂ ਭੇਟਾਂ ਜਿਹੜੀਆਂ ਇਨ੍ਹਾਂ ਸੁਗਾਤਾ ਦਾ ਹਿੱਸਾ ਹਨ।
16 “ਜਾਜਕ ਇਹ ਚੀਜ਼ਾ ਯਹੋਵਾਹ ਨੂੰ ਅਰਪਨ ਕਰੇਗਾ। ਅਤੇ ਫ਼ੇਰ ਜਾਜਕ ਪਾਪ ਦੀ ਭੇਟ ਅਤੇ ਹੋਮ ਦੀ ਭੇਟ ਤਿਆਰ ਕਰੇਗਾ। 17 ਜਾਜਕ ਪਤੀਰੀ ਰੋਟੀ ਦੀ ਟੋਕਰੀ ਯਹੋਵਾਹ ਨੂੰ ਭੇਟ ਕਰੇਗਾ। ਫ਼ੇਰ ਉਹ ਸੁੱਖ-ਸਾਂਦ ਦੀ ਭੇਟ ਵਜੋਂ ਭੇਡੂ ਨੂੰ ਜ਼ਿਬਾਹ ਕਰੇਗਾ ਅਤੇ ਇਸ ਨੂੰ ਅਨਾਜ ਦੀ ਭੇਟ ਅਤੇ ਪੀਣ ਦੀ ਭੇਟ ਸਮੇਤ ਚੜ੍ਹਾਵੇਗਾ।
18 “ਨਜ਼ੀਰ ਨੂੰ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਵੱਲ ਜਾਣਾ ਚਾਹੀਦਾ ਹੈ। ਉੱਥੇ ਉਸ ਨੂੰ ਆਪਣੇ ਵਾਲ ਜ਼ਰੂਰ ਮਨਾਉਣੇ ਚਾਹੀਦੇ ਹਨ ਜਿਹੜੇ ਉਸ ਨੇ ਯਹੋਵਾਹ ਲਈ ਵੱਧਾਏ ਸਨ। ਉਹ ਵਾਲ ਉਸ ਅੱਗ ਵਿੱਚ ਸੁੱਟੇ ਜਾਣਗੇ ਜਿਹੜੀ ਸੁੱਖ-ਸਾਂਦ ਦੀ ਭੇਟ ਦੇ ਹੇਠਾ ਬਲ ਰਹੀ ਹੋਵੇਗੀ।
19 “ਜਦੋਂ ਨਜ਼ੀਰ ਆਪਣੇ ਵਾਲ ਮੁਨਾ ਲਵੇ, ਤਾਂ ਜਾਜਕ ਉਸ ਨੂੰ ਭੇਡੂ ਦਾ ਉਬਾਲਿਆ ਹੋਇਆ ਕੰਧਾ ਦੇਵੇਗਾ ਅਤੇ ਟੋਕਰੀ ਵਿੱਚੋਂ ਇੱਕ ਛੋਟਾ ਅਤੇ ਵੱਡਾ ਟੁਕੜਾ ਦੇਵੇਗਾ। ਇਹ ਦੋਵੇਂ ਟੁਕੜੇ ਖਮੀਰ ਤੋਂ ਬਿਨਾ ਬਣੇ ਹਨ। 20 ਫ਼ੇਰ ਜਾਜਕ ਇਨ੍ਹਾਂ ਚੀਜ਼ਾਂ ਨੂੰ ਯਹੋਵਾਹ ਅੱਗੇ ਹਿਲਾਵੇਗਾ ਇਹ ਹਿਲਾਉਣ ਦੀ ਭੇਟ ਹੈ ਇਹ ਚੀਜ਼ਾਂ ਪਵਿੱਤਰ ਹਨ ਅਤੇ ਜਾਜਕ ਦੀਆਂ ਹਨ। ਅਤੇ ਭੇਡੂ ਦਾ ਸੀਨਾ ਅਤੇ ਪੱਟ ਯਹੋਵਾਹ ਅੱਗੇ ਹਿਲਾਏ ਜਾਣਗੇ। ਇਹ ਚੀਜ਼ਾਂ ਯਾਜਕ ਦੀਆਂ ਹਨ। ਇਸਤੋਂ ਬਾਦ ਨਜ਼ੀਰ ਮੈਅ ਪੀ ਸੱਕਦਾ ਹੈ।
21 “ਇਹ ਬਿਧੀਆਂ ਉਸ ਬੰਦੇ ਲਈ ਹਨ ਜਿਹੜਾ ਨਜ਼ੀਰ ਦਾ ਇਕਰਾਰ ਕਰਨ ਦਾ ਨਿਆਂ ਕਰਦਾ ਹੈ ਉਸ ਬੰਦੇ ਨੂੰ ਯਹੋਵਾਹ ਨੂੰ ਉਹ ਸਾਰੀਆਂ ਸੁਗਾਤਾ ਦੇਣੀਆਂ ਚਾਹੀਦੀਆਂ ਹਨ। ਪਰ ਹੋ ਸੱਕਦਾ ਹੈ ਕਿ ਕੋਈ ਬੰਦਾ ਇਸ ਨਾਲੋਂ ਬਹੁਤ ਵੱਧ ਯਹੋਵਾਹ ਨੂੰ ਦੇ ਸੱਕਦਾ ਹੋਵੇ। ਜੇ ਕੋਈ ਬੰਦਾ ਵੱਧੇਰੇ ਕਰਨ ਦਾ ਇਕਰਾਰ ਕਰਦਾ ਹੈ ਤਾਂ ਉਸ ਨੂੰ ਆਪਣਾ ਇਕਰਾਰ ਪੂਰਾ ਕਰਨਾ ਚਾਹੀਦਾ ਹੈ। ਪਰ ਉਸ ਨੂੰ ਚਾਹੀਦਾ ਹੈ ਕਿ ਘੱਟੋ-ਘੱਟ ਉਹ ਚੀਜ਼ਾਂ ਜ਼ਰੂਰ ਦੇਵੇ ਜਿਹੜੀਆਂ ਨਜ਼ੀਰ ਦੇ ਇਕਰਾਰ ਦੀਆਂ ਬਿਧੀਆਂ ਦੀ ਸੂਚੀ ਵਿੱਚ ਦਰਜ ਹਨ।”
ਜਾਜਕਾਂ ਦੀਆਂ ਅਸੀਸਾਂ
22 ਯਹੋਵਾਹ ਨੇ ਮੂਸਾ ਨੂੰ ਆਖਿਆ, 23 “ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਆਖ ਕਿ ਇਹ ਤਰੀਕਾ ਹੈ ਜਿਸਦੇ ਅਨੁਸਾਰ ਉਨ੍ਹਾਂ ਨੂੰ ਇਸਰਾਏਲ ਦੇ ਲੋਕਾਂ ਨੂੰ ਅਸੀਸ ਦੇਣੀ ਚਾਹੀਦੀ ਹੈ। ਉਨ੍ਹਾਂ ਨੂੰ ਆਖਣਾ ਚਾਹੀਦਾ ਹੈ:
24 ‘ਯਹੋਵਾਹ ਤੁਹਾਨੂੰ ਅਸੀਸ,
ਦੇਵੇ ਅਤੇ ਤੁਹਾਨੂੰ ਰੱਖੇ।
25 ਯਹੋਵਾਹ ਤੁਹਾਡੇ ਉੱਪਰ ਮਿਹਰਬਾਨ ਹੋਵੇ
ਅਤੇ ਆਪਣੀ ਮਿਹਰ ਦਰਸਾਵੇ।
26 ਯਹੋਵਾਹ ਤੁਹਾਡੇ ਉੱਤੇ ਕਿਰਪਾ ਦ੍ਰਿਸ਼ਟੀ ਨਾਲ ਵੇਖੇ
ਅਤੇ ਤੁਹਾਨੂੰ ਸ਼ਾਂਤੀ ਦੇਵੇ।’”
27 ਫ਼ੇਰ ਯਹੋਵਾਹ ਨੇ ਆਖਿਆ, “ਇਸ ਤਰ੍ਹਾਂ, ਹਾਰੂਨ ਅਤੇ ਉਸ ਦੇ ਪੁੱਤਰ ਇਸਰਾਏਲ ਦੇ ਲੋਕਾਂ ਨੂੰ ਅਸੀਸਾਂ ਦੇਣ ਲਈ ਮੇਰੇ ਨਾਮ ਦੀ ਵਰਤੋਂ ਕਰਨਗੇ। ਅਤੇ ਮੈਂ ਉਨ੍ਹਾਂ ਨੂੰ ਅਸੀਸ ਦੇਵਾਂਗਾ।”
ਨਿਰਦੇਸ਼ਕ ਲਈ : ਦਾਊਦ ਦਾ ਇੱਕ ਗੀਤ।
40 ਮੈਂ ਯਹੋਵਾਹ ਨੂੰ ਪੁਕਾਰਿਆ ਅਤੇ ਉਸ ਨੇ ਮੇਰੀ ਪੁਕਾਰ ਸੁਣੀ।
ਉਸ ਨੇ ਮੇਰੀਆਂ ਚੀਕਾਂ ਸੁਣੀਆਂ।
2 ਯਹੋਵਾਹ ਨੇ ਮੈਨੂੰ ਕਬਰ ਤੋਂ ਬਚਾ ਲਿਆ।
ਉਸ ਨੇ ਮੈਨੂੰ ਚਿੱਕੜ ਵਿੱਚੋਂ ਉਤਾਹਾਂ ਚੁੱਕਿਆ।
ਉਸ ਨੇ ਮੈਨੂੰ ਚੁੱਕਿਆ ਅਤੇ ਠੋਸ ਧਰਤੀ ਉੱਤੇ ਸਥਾਪਿਤ ਕੀਤਾ
ਅਤੇ ਮੇਰੇ ਪੈਰ ਨੂੰ ਤਿਲਕਣ ਤੋਂ ਬਚਾਇਆ।
3 ਪਰਮੇਸ਼ੁਰ ਨੇ ਮੇਰੇ ਮੂੰਹ ਵਿੱਚ ਇੱਕ ਨਵਾਂ ਗੀਤ ਪਾਇਆ।
ਮੇਰੇ ਪਰਮੇਸ਼ੁਰ ਦੀ ਉਸਤਤਿ ਦਾ ਗੀਤ।
ਬਹੁਤ ਸਾਰੇ ਲੋਕ ਗਵਾਹੀ ਦੇਣਗੇ ਕਿ ਮੇਰੇ ਨਾਲ ਕੀ ਵਾਪਰਿਆ ਅਤੇ ਉਹ ਪਰਮੇਸ਼ੁਰ ਦੀ ਉਪਾਸਨਾ ਕਰਨਗੇ।
ਉਨ੍ਹਾਂ ਨੂੰ ਯਹੋਵਾਹ ਵਿੱਚ ਭਰੋਸਾ ਹੋਵੇਗਾ।
4 ਜੇ ਕੋਈ ਵਿਅਕਤੀ ਯਹੋਵਾਹ ਵਿੱਚ ਆਪਣੀ ਆਸਥਾ ਰੱਖਦਾ ਹੈ, ਉਹ ਸੱਚਮੁੱਚ ਖੁਸ਼ ਹੋਵੇਗਾ।
ਉਹ ਵਿਅਕਤੀ ਸੱਚਮੁੱਚ ਖੁਸ਼ ਹੋਵੇਗਾ ਜੋ ਮਦਦ ਲਈ ਭੂਤਾਂ ਅਤੇ ਝੂਠੇ ਦੇਵਤਿਆਂ ਵੱਲ ਨਹੀਂ ਤੱਕਦਾ।
5 ਯਹੋਵਾਹ, ਸਾਡੇ ਪਰਮੇਸ਼ੁਰ ਤੁਸੀਂ ਬਹੁਤ ਅਦਭੁਤ ਗੱਲਾਂ ਕੀਤੀਆਂ ਹਨ।
ਸਾਡੇ ਲਈ ਤੁਹਾਡੀਆਂ ਅਦਭੁਤ ਯੋਜਨਾਵਾਂ ਹਨ।
ਜਿਨ੍ਹਾਂ ਸਾਰੀਆਂ ਦੀ ਕੋਈ ਵੀ ਗਿਣਤੀ ਨਹੀਂ ਕਰ ਸੱਕਦਾ।
ਮੈਂ ਇਨ੍ਹਾਂ ਗੱਲਾਂ ਬਾਰੇ ਬਾਰ-ਬਾਰ ਦੱਸਾਂਗਾ ਜਿਹੜੀਆਂ ਗਿਣਤੀ ਬਾਹਰੀਆਂ ਹਨ।
6 ਯਹੋਵਾਹ, ਤੁਸੀਂ ਮੈਨੂੰ ਇਹੀ ਸਮਝਾਇਆ;
ਅਸਲ ਵਿੱਚ, ਤੁਹਾਨੂੰ ਬਲੀਆਂ ਅਤੇ ਅੰਨ੍ਹ ਦੇ ਚੜ੍ਹਾਵੇ ਨਹੀਂ ਚਾਹੀਦੇ।
ਤੁਹਾਨੂੰ ਸੱਚਮੁੱਚ ਹੋਮ ਚੜ੍ਹਾਵੇ ਅਤੇ ਪਾਪ ਦੇ ਚੜ੍ਹਾਵੇ ਨਹੀਂ ਚਾਹੀਦੇ।
7 ਇਸ ਲਈ ਮੈਂ ਆਖਿਆ, “ਮੈਂ ਇੱਥੇ ਹਾਂ।
ਮੈਨੂੰ ਲੈ ਜਾਉ। ਮੈਂ ਆ ਰਿਹਾ।
ਮੇਰੇ ਬਾਰੇ ਪੁਸਤਕ ਵਿੱਚ ਇਹ ਲਿਖਿਆ ਗਿਆ ਹੈ।
8 ਮੇਰੇ ਪਰਮੇਸ਼ੁਰ ਮੈਂ ਉਹੀ ਕਰਨਾ ਚਾਹੁੰਦਾ ਹਾਂ ਜੋ ਤੁਸੀਂ ਚਾਹੁੰਦੇ ਹੋ।
ਮੈਂ ਤੁਹਾਡੀਆਂ ਸਿੱਖਿਆਵਾਂ ਤੋਂ ਵਾਕਿਫ਼ ਹਾਂ।”
9 ਮੈਂ ਲੋਕਾਂ ਨੂੰ ਮਹਾਂ ਸਭਾ ਵਿੱਚ ਤੇਰੀ ਜਿੱਤ ਬਾਰੇ ਖੁਸ਼ਖਬਰੀ ਦੱਸੀ।
ਅਤੇ ਯਹੋਵਾਹ, ਤੁਸੀਂ ਜਾਣਦੇ ਹੋ, ਮੈਂ ਕਦੇ ਵੀ ਉਹ ਖੁਸ਼ਖਬਰੀ ਦੇਣ ਤੋਂ ਨਹੀਂ ਰੁਕਾਂਗਾ।
10 ਹੇ ਯਹੋਵਾਹ, ਮੈਂ ਤੇਰੀਆਂ ਕੀਤੀਆਂ ਚੰਗੀਆਂ ਗੱਲਾਂ ਬਾਰੇ ਦੱਸਿਆ।
ਮੈਂ ਉਨ੍ਹਾਂ ਗੱਲਾਂ ਨੂੰ ਦਿਲ ਅੰਦਰ ਨਹੀਂ ਛੁਪਾਇਆ।
ਯਹੋਵਾਹ, ਮੈਂ ਲੋਕਾਂ ਨੂੰ ਦੱਸਿਆ ਕਿ ਉਹ ਆਪਣੇ ਬਚਾਉ ਲਈ ਤੁਹਾਡੇ ਉੱਪਰ ਨਿਰਭਰ ਕਰ ਸੱਕਦੇ ਹਨ।
ਮੈਂ ਸਭਾ ਵਿੱਚ ਲੋਕਾਂ ਕੋਲੋਂ ਤੁਹਾਡੀ ਨਿਸ਼ਠਾ ਅਤੇ ਤੁਹਾਡਾ ਸੱਚਾ ਪਿਆਰ ਨਹੀਂ ਲੁਕੋਇਆ।
11 ਇਸ ਲਈ ਯਹੋਵਾਹ, ਮੇਰੇ ਪਾਸੋਂ ਆਪਣਾ ਰਹਮ ਨਾ ਛੁਪਾਉ।
ਤੁਹਾਡੀ ਦਯਾ ਅਤੇ ਵਫ਼ਾਦਾਰੀ ਨੂੰ ਮੇਰੀ ਰੱਖਿਆ ਕਰਨ ਦਿਉ।
12 ਬੁਰੇ ਲੋਕੀਂ ਮੈਨੂੰ ਘੇਰੀ ਬੈਠੇ ਹਨ।
ਉਨ੍ਹਾਂ ਦੀ ਗਿਣਤੀ ਬੇਸ਼ੁਮਾਰ ਹੈ।
ਮੈਨੂੰ ਮੇਰੇ ਗੁਨਾਹਾਂ ਨੇ ਫ਼ੜ ਲਿਆ ਹੈ
ਅਤੇ ਮੈਂ ਉਨ੍ਹਾਂ ਤੋਂ ਨਹੀਂ ਬਚ ਸੱਕਦਾ।
ਉਹ ਗਿਣਤੀ ਵਿੱਚ ਮੇਰੇ ਸਿਰ ਦੇ ਵਾਲਾਂ ਨਾਲੋਂ ਵੀ ਵੱਧ ਹਨ,
ਇਸ ਲਈ ਮੈਂ ਆਪਣਾ ਹੌਂਸਲਾ ਹਾਰ ਗਿਆ ਹਾਂ।
13 ਯਹੋਵਾਹ, ਮੇਰੇ ਕੋਲ ਨੱਸੱਕੇ ਆਉ ਅਤੇ ਮੈਨੂੰ ਬਚਾ ਲਵੋ।
ਯਹੋਵਾਹ ਛੇਤੀ ਆਉ ਅਤੇ ਮੇਰੀ ਸਹਾਇਤਾ ਕਰੋ।
14 ਉਹ ਮੰਦੇ ਲੋਕ ਮੈਨੂੰ ਮਾਰਨ ਦੀ ਕੋਸ਼ਿਸ਼ ਵਿੱਚ ਹਨ।
ਯਹੋਵਾਹ, ਉਨ੍ਹਾਂ ਲੋਕਾਂ ਨੂੰ ਸ਼ਰਮਸਾਰ ਅਤੇ ਨਾ ਉੱਮੀਦ ਕਰੋ।
ਉਹ ਲੋਕ ਮੈਨੂੰ ਦੁੱਖ ਦੇਣਾ ਚਾਹੁੰਦੇ ਹਨ।
ਉਨ੍ਹਾਂ ਨੂੰ ਸ਼ਰਮਸਾਰ ਹੋਕੇ ਭੱਜ ਜਾਣ ਦਿਉ।
15 ਉਹ ਮੰਦੇ ਲੋਕ ਮੇਰਾ ਮਜ਼ਾਕ ਉਡਾ ਰਹੇ ਹਨ।
ਉਨ੍ਹਾਂ ਨੂੰ ਬੋਲਣ ਤੋਂ ਵੀ ਸੰਗਾਉ।
16 ਉਨ੍ਹਾਂ ਲੋਕਾਂ ਨੂੰ, ਜਿਹੜੇ ਤੁਹਾਡੇ ਕੋਲ ਆਉਂਦੇ ਹਨ ਉਨ੍ਹਾਂ ਨੂੰ ਖੁਸ਼ੀ ਅਤੇ ਆਨੰਦ ਮਨਾਉਣ ਦਿਉ।
ਉਹ ਤੁਹਾਡੇ ਦੁਆਰਾ ਬਚਾਏ ਜਾਣ ਨੂੰ ਪਸੰਦ ਕਰਦੇ ਹਨ।
ਇਸ ਲਈ ਉਨ੍ਹਾਂ ਨੂੰ ਹਮੇਸ਼ਾ ਆਖਣ ਦਿਉ, “ਯਹੋਵਾਹ ਦੀ ਉਸਤਤਿ ਕਰੋ।”
17 ਮਾਲਕ, ਮੈਂ ਸਿਰਫ਼ ਇੱਕ ਕੰਗਾਲ ਅਤੇ ਬੇਸਹਾਰਾ ਬੰਦਾ ਹਾਂ।
ਮੇਰੀ ਸਹਾਇਤਾ ਕਰੋ।
ਮੈਨੂੰ ਬਚਾਉ।
ਮੇਰੇ ਪਰਮੇਸ਼ੁਰ ਬਹੁਤ ਦੇਰੀ ਨਾ ਲਾਵੋ।
ਨਿਰਦੇਸ਼ਕ ਲਈ: ਦਾਊਦ ਦਾ ਇੱਕ ਗੀਤ।
41 ਜੋ ਬੰਦਾ ਗਰੀਬਾਂ ਦੀ ਸਹਾਇਤਾ ਕਰਦਾ ਹੈ ਉਹ ਸਫ਼ਲਤਾ ਲਈ ਬਹੁਤ ਅਸੀਸਾਂ ਪ੍ਰਾਪਤ ਕਰੇਗਾ।
ਜਦੋਂ ਮੁਸੀਬਤਾਂ ਆਉਣਗੀਆਂ, ਯਹੋਵਾਹ ਉਸ ਬੰਦੇ ਨੂੰ ਬਚਾਵੇਗਾ।
2 ਯਹੋਵਾਹ ਉਸ ਬੰਦੇ ਦੀ ਰੱਖਿਆ ਕਰੇਗਾ ਅਤੇ ਉਸਦੀ ਜ਼ਿੰਦਗੀ ਬਚਾਵੇਗਾ।
ਉਹ ਬੰਦਾ ਧਰਤੀ ਉੱਤੇ ਸੁਭਾਗਾ ਹੋਵੇਗਾ।
ਪਰਮੇਸ਼ੁਰ ਉਸ ਬੰਦੇ ਨੂੰ ਆਪਣੇ ਦੁਸ਼ਮਣਾਂ ਹੱਥੋਂ ਤਬਾਹ ਨਹੀਂ ਹੋਣ ਦੇਵੇਗਾ।
3 ਜਦੋਂ ਉਹ ਬੰਦਾ ਬਿਮਾਰ ਅਤੇ ਲਾਚਾਰ ਹੋਵੇਗਾ, ਯਹੋਵਾਹ ਉਸ ਨੂੰ ਤਾਕਤ ਦੇਵੇਗਾ।
ਉਹ ਬੰਦਾ ਬਿਮਾਰੀ ਵਿੱਚ ਮੰਜੇ ਉੱਤੇ ਪਿਆ ਹੋ ਸੱਕਦਾ, ਪਰ ਪਰਮੇਸ਼ੁਰ ਉਸ ਨੂੰ ਨਿਰੋਗ ਕਰੇਗਾ।
4 ਮੈਂ ਆਖਿਆ, “ਯਹੋਵਾਹ, ਮੇਰੇ ਉੱਤੇ ਮਿਹਰ ਕਰੋ।
ਮੈਂ ਤੁਹਾਡੇ ਵਿਰੁੱਧ ਗੁਨਾਹ ਕੀਤਾ, ਮੇਰਾ ਪਾਪ ਮੁਆਫ਼ ਕਰ ਦਿਉ ਅਤੇ ਮੈਨੂੰ ਨਿਰੋਗ ਕਰ ਦਿਉ।”
5 ਮੇਰੇ ਦੁਸ਼ਮਣ ਮੇਰੇ ਬਾਰੇ ਮੰਦੀਆਂ ਗੱਲਾਂ ਆਖਦੇ ਹਨ।
ਉਹ ਆਖ ਰਹੇ ਹਨ, “ਉਹ ਕਦੋਂ ਮਰੇਗਾ ਅਤੇ ਭੁਲਾਇਆ ਜਾਵੇਗਾ।”
6 ਲੋਕ ਮੈਨੂੰ ਮਿਲਣ ਆਉਂਦੇ ਹਨ ਪਰ ਉਸ ਬਾਰੇ ਨਹੀਂ ਦੱਸਦੇ ਜੋ ਉਹ ਅਸਲ ਵਿੱਚ ਸੋਚ ਰਹੇ ਹਨ।
ਉਹ ਬਸ ਮੇਰੀ ਖਬਰ ਲੈਣ ਖਾਤਿਰ ਆਉਂਦੇ ਹਨ।
ਫ਼ੇਰ ਉਹ ਚੱਲੇ ਜਾਂਦੇ ਹਨ
ਅਤੇ ਆਪਣੀ ਅਫ਼ਵਾਹਾਂ ਫ਼ੈਲਾਉਂਦੇ ਹਨ।
7 ਮੇਰੇ ਦੁਸ਼ਮਣ ਮੇਰੇ ਬਾਰੇ ਬੁਰੀ ਖੁਸਰ-ਫ਼ੁਸਰ ਕਰਦੇ ਹਨ।
ਉਹ ਮੇਰੇ ਬਾਰੇ ਛੜਯੰਤਰ ਰਚ ਰਹੇ ਹਨ।
8 ਉਹ ਆਖਦੇ ਹਨ, “ਉਸਨੇ ਕੋਈ ਗਲਤ ਗੱਲ ਕੀਤੀ ਹੈ।
ਇਸੇ ਕਾਰਣ ਉਹ ਬਿਮਾਰ ਹੈ।
ਮੈਨੂੰ ਉਮੀਦ ਹੈ ਉਹ ਕਦੇ ਵੀ ਚੰਗਾ ਨਹੀਂ ਹੋਵੇਗਾ।”
9 ਮੇਰੇ ਸਭ ਤੋਂ ਚੰਗੇ ਦੋਸਤ ਨੇ ਮੇਰੇ ਨਾਲ ਭੋਜਨ ਕੀਤਾ।
ਮੈਂ ਉਸ ਉੱਤੇ ਭਰੋਸਾ ਕੀਤਾ। ਪਰ ਹੁਣ ਉਹ ਵੀ ਮੇਰੇ ਖਿਲਾਫ਼ ਹੋ ਗਿਆ ਹੈ।
10 ਇਸ ਲਈ ਯਹੋਵਾਹ, ਮੇਰੇ ਉੱਤੇ ਮਿਹਰ ਕਰੋ।
ਮੈਨੂੰ ਉੱਠ ਖਲੋਣ ਦਿਉ ਅਤੇ ਮੈਂ ਉਨ੍ਹਾਂ ਨੂੰ ਭਾਜੀ ਮੋੜਾਂਗਾ।
11 ਯਹੋਵਾਹ, ਅਜਿਹਾ ਕਰੋ ਕਿ ਮੇਰੇ ਦੁਸ਼ਮਣ ਮੈਨੂੰ ਦੁੱਖ ਨਾ ਦੇ ਸੱਕਣ।
ਫ਼ੇਰ ਮੈਂ ਜਾਣ ਜਾਵਾਂਗਾ ਕਿ ਤੁਸਾਂ ਉਨ੍ਹਾਂ ਨੂੰ ਮੈਨੂੰ ਸੱਟ ਮਾਰਨ ਲਈ ਨਹੀਂ ਭੇਜਿਆ।
12 ਮੈਂ ਬੇਕਸੂਰ ਸਾਂ ਅਤੇ ਤੁਸੀਂ ਮੈਨੂੰ ਸਹਾਰਾ ਦਿੱਤਾ।
ਤੁਸਾਂ ਮੈਨੂੰ ਖਲੋ ਜਾਣ ਦਿੱਤਾ ਅਤੇ ਤੁਸੀਂ ਸਦਾ ਲਈ ਮੇਰੀ ਸੇਵਾ ਕਰਨ ਦਿੱਤੀ।
13 ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਦੀ ਉਸਤਤਿ ਕਰੋ।
ਉਹ ਸਦਾ ਸੀ, ਅਤੇ ਸਦਾ ਵਾਸਤੇ ਹੀ ਰਹੇਗਾ।
ਆਮੀਨ ਫੇਰ ਆਮੀਨ।।
ਉਹ ਉਸ ਨਾਲ ਬੋਲਦਾ ਹੈ
4 ਮੇਰੀ ਪ੍ਰੀਤਮਾ ਕਿੰਨੀ ਖੁਬਸੂਰਤ ਹੈ ਤੂੰ!
ਹਾਂ ਤੂੰ ਖੂਬਸੂਰਤ ਹੈਂ।
ਅੱਖਾਂ ਤੇਰੀਆਂ ਨੇ ਘੁੱਗੀ ਵਰਗੀਆਂ
ਤੇਰੀ ਨਕਾਬ ਅੰਦਰ।
ਵਾਲ ਤੇਰੇ ਲੰਮੇ ਤੇ ਲਹਿਰਾਂਦੇ ਹੋਏ ਗਿਲਆਦ ਪਰਬਤ
ਤੋਂ ਬੱਕਰੀਆਂ ਦੇ ਇੱਜੜ ਦੇ ਨੱਚਣ ਵਾਂਗ।
2 ਤੇਰੇ ਦੰਦ ਮੁੰਨੀਆਂ ਹੋਈਆਂ ਸਫ਼ੇਦ ਬੱਕਰੀਆਂ ਵਰਗੇ ਹਨ।
ਉਨ੍ਹਾਂ ਵਿੱਚੋਂ ਹਰ ਕੋਈ ਜੌੜਿਆਂ ਨੂੰ ਜਨਮ ਦਿੰਦੀ ਹੈ
ਅਤੇ ਉਨ੍ਹਾਂ ਵਿੱਚੋਂ ਕਿਸੇ ਨੇ ਵੀ ਕੋਈ ਜੁਆਕ ਨਹੀਂ ਗੁਆਇਆ।
3 ਹੋਂਠ ਤੇਰੇ ਨੇ ਸੰਧੂਰੀ ਧਾਗੇ ਵਰਗੇ।
ਤੇਰਾ ਮੂੰਹ ਖੂਬਸੂਰਤ ਹੈ।
ਪੁੜਪੜੀਆਂ ਤੇਰੀਆਂ ਨਕਾਬ ਅੰਦਰ ਹਨ
ਇਸ ਤਰ੍ਹਾਂ ਦੋ ਫਾੜੀਆਂ ਹੋਣ ਜਿਵੇਂ ਅਨਾਰ ਦੀਆਂ।
4 ਤੇਰੀ ਗਰਦਨ ਦਾਊਦ ਦੇ ਮੁਨਾਰੇ ਵਰਗੀ ਹੈ ਜੋ ਲੰਮੀ ਹੈ
ਅਤੇ ਸੋਭਾ ਨਾਲ ਬਣਾਈ ਹੋਈ
ਅਤੇ ਸਜਾਇਆ ਸੀ ਇਸ ਦੀਆਂ ਦੀਵਾਰਾਂ ਨੂੰ ਲਟਕਦੀਆਂ ਹਜ਼ਾਰਾਂ ਢਾਲਾਂ ਨਾਲ,
ਉਹ ਸਾਰੀਆਂ ਤਾਕਤਵਰ ਸੈਨਿਕਾਂ ਦੀਆਂ ਢਾਲਾਂ ਹਨ।
5 ਛਾਤੀਆਂ ਤੇਰੀਆਂ ਹਨ ਜੌੜੇ ਹਰਨੋਟਿਆਂ ਵਾਂਗ।
ਗਜੇਲਾਂ ਦੇ ਜੌੜਿਆਂ ਵਾਂਗ
ਜੋ ਚੰਬੇਲੀਆਂ ਵਿੱਚ ਚਰ ਰਹੇ ਹਨ।
6 ਜਿਨ੍ਹਾਂ ਚਿਰ ਦਿਨ ਢਲ ਨਾ ਜਾਵੇ
ਅਤੇ ਪ੍ਰਛਾਵੇ ਉੱਡ ਨਾ ਜਾਣ ਮੈਂ ਗੰਧਰਸ ਦੇ ਪਰਬਤ ਨੂੰ
ਅਤੇ ਲੁਬਾਨ ਦੀ ਪਹਾੜੀ ਵੱਲ ਨੂੰ ਚੱਲਾ ਜਾਵਾਂਗਾ।
7 ਮੇਰੀ ਪ੍ਰੀਤਮਾ ਖੂਬਸੂਰਤ ਹੈ
ਤੂੰ ਸਾਰੀ ਦੀ ਸਾਰੀ ਦਾਗ ਨਹੀਂ ਕਿਧਰੇ ਵੀ ਤੇਰੇ ਜਿਸਮ ਉੱਤੇ!
8 ਆ ਮੇਰੇ ਨਾਲ ਲਬਾਨੋਨ ਤੋਂ, ਮੇਰੀ ਲਾੜੀਏ।
ਲਬਾਨੋਨ ਤੋਂ ਆ ਮੇਰੇ ਨਾਲ।
ਵੇਖੇਂਗੀ ਤੂੰ ਆਮੰਨਾ ਦੀ ਟੀਸੀ ਤੋਂ, ਸ਼ਨੀਰ
ਅਤੇ ਹਰਮੋਨ ਦੀ ਸਿਖਰ
ਤੋਂ ਸ਼ੇਰਾ ਦੀਆਂ ਗੁਫਾਵਾਂ ਤੋਂ ਚੀਤਿਆਂ ਦੇ ਪਹਾੜਾਂ ਤੋਂ।
9 ਤੂੰ ਮੇਰਾ ਦਿਲ ਚੁਰਾ ਲਿਆ ਹੈ, ਮੇਰੀ ਪ੍ਰੀਤਮੇ,
ਮੇਰੀ ਲਾੜੀਏ। ਚੁਰਾ ਲਿਆ ਹੈ ਤੂੰ ਦਿਲ ਮੇਰਾ ਆਪਣੀ ਸਿਰਫ ਇੱਕੋ ਅੱਖ ਨਾਲ ਆਪਣੇ ਹਾਰ ਦੇ ਸਿਰਫ ਇੱਕੋ ਮੋਤੀ ਨਾਲ।
10 ਕਿੰਨਾ ਆਨੰਦ-ਦਾਇੱਕ ਹੈ ਪਿਆਰ ਤੇਰਾ ਮੇਰੀਏ ਸੋਹਣੀਏ, ਮੇਰੀ ਲਾੜੀਏ।
ਤੇਰਾ ਪਿਆਰ ਕਿੰਨਾ ਖੂਬਸੂਰਤ ਮੇਰੀਏ ਭੈਣੇ, ਮੇਰੀ ਲਾੜੀਏ।
ਤੇਰਾ ਅਤਰ ਦੁਨੀਆਂ ਵਿੱਚ ਕਿਸੇ ਵੀ
ਅਤਰ ਨਾਲੋਂ ਚੰਗਾ ਹੈ।
11 ਇਹ ਸ਼ਹਿਦ ਹੈ ਜੋ ਤੇਰੇ ਬੁਲ੍ਹਾਂ ਚੋਂ ਚੋਂਦਾ,
ਮੇਰੀ ਲਾੜੀਏ ਸ਼ਹਿਦ ਅਤੇ ਦੁੱਧ ਹਨ ਤੇਰੀ ਜ਼ੁਬਾਨ ਹੇਠਾਂ।
ਕੱਪੜੇ ਤੇਰੇ ਛੱਡਦੇ ਹਨ ਸੁਗੰਧਾਂ ਲਬਾਨੋਨ ਦੀਆਂ।
12 ਇੱਕ ਤਾਲੇ ਬੰਦ ਬਾਗ ਵਾਂਗ ਹੈ ਤੂੰ,
ਮੇਰੀਏ ਭੈਣੇ,
ਮੇਰੀਏ ਲਾੜੀਏ, ਇੱਕ ਤਾਲੇ ਬੰਦ ਝਰਨੇ ਵਾਂਗ,
ਇੱਕ ਮੋਹਰ ਬੰਦ ਫੁਹਾਰੇ ਵਾਂਗ।
13 ਅੰਗ ਤੇਰੇ ਨੇ ਓਸ ਬਾਗ਼ ਵਰਗੇ,
ਭਰਿਆ ਹੋਵੇ ਜਿਹੜਾ ਅਨਾਰਾਂ ਨਾਲ ਤੇ ਹੋਰ ਪਿਆਰੇ ਫ਼ਲਾਂ ਨਾਲ,
ਸਭ ਤੋਂ ਉੱਤਮ ਮਸਾਲਿਆਂ ਨਾਲ:
ਜਿਵੇਂ ਹਿਨਾ, ਅਤੇ ਜਟਾ ਮਾਸੀ,
14 ਕੇਸਰ, ਕਾਲਮਸ
ਅਤੇ ਲੁਬਾਨ ਦੇ ਸਾਰੇ ਦ੍ਰੱਖਤਾਂ ਨਾਲ
ਦਾਲਚੀਨੀ, ਮੁਰ ਅਤੇ ਕੇਵੜਾ।
15 ਤੂੰ ਹੈਂ ਕਿਸੇ ਬਾਗ਼ ਦੇ ਫੁਹਾਰੇ ਵਾਂਗ ਤਾਜ਼ੇ
ਪਾਣੀ ਦੇ ਖੂਹ ਵਾਂਗ,
ਅਤੇ ਲਬਾਨੋਨ ਤੋਂ ਵਹਿੰਦੀ ਨਹਿਰ ਵਾਂਗ।
ਉਹ ਬੋਲਦੀ ਹੈ
16 ਉੱਠ, ਉੱਤਰ ਦੀਏ ਹਵਾਏ।
ਅਤੇ ਦੱਖਣ ਵੱਲ ਨੂੰ ਆਓ।
ਵਗ ਮੇਰੇ ਬਾਗ਼ ਉੱਤੇ।
ਆ ਅਤੇ ਮੇਰੇ ਬਾਗ਼ ਦੀ ਮਿੱਠੀ ਸੁਗੰਧ ਬਿਖੇਰ।
ਮੇਰੇ ਪ੍ਰੀਤਮ ਨੂੰ ਇਸ ਬਾਗ਼ ਅੰਦਰ ਆਉਣ ਦੇ
ਅਤੇ ਖਾਣ ਦੇ ਉਸ ਨੂੰ ਮਿੱਠੇ ਫ਼ਲ ਜੋ ਉਸ ਦੇ ਹਨ।
4 ਸਾਡੇ ਕੋਲ ਹਾਲੇ ਵੀ ਉਹ ਵਾਅਦਾ ਹੈ ਜਿਹੜਾ ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਨਾਲ ਕੀਤਾ ਸੀ ਉਹ ਵਾਅਦਾ ਕੀਤਾ ਸੀ ਕਿ ਅਸੀਂ ਪਰਮੇਸ਼ੁਰ ਦੇ ਵਿਸ਼ਰਾਮ ਵਿੱਚ ਪ੍ਰਵੇਸ਼ ਕਰ ਸੱਕੀਏ। ਇਸ ਲਈ ਸਾਨੂੰ ਬਹੁਤ ਸੁਚੇਤ ਰਹਿਣਾ ਚਾਹੀਦਾ ਹੈ, ਤਾਂ ਜੋ ਤੁਹਾਡੇ ਵਿੱਚੋਂ ਕੋਈ ਵੀ ਉਸ ਵਾਅਦੇ ਤੋਂ ਵਾਂਝਾ ਨਾ ਰਹੇ। 2 ਮੁਕਤੀ ਦਾ ਮਾਰਗ ਸਾਨੂੰ ਦੱਸਿਆ ਗਿਆ ਸੀ ਜਿਵੇਂ ਉਨ੍ਹਾਂ ਲੋਕਾਂ ਨੂੰ ਦੱਸਿਆ ਗਿਆ ਸੀ। ਪਰ ਜਿਹੜੇ ਉਪਦੇਸ਼ ਉਨ੍ਹਾਂ ਲੋਕਾਂ ਨੇ ਸੁਣੇ ਉਸਦੀ ਉਨ੍ਹਾਂ ਨੂੰ ਕੋਈ ਸਹਾਇਤਾ ਨਹੀਂ ਹੋਈ। ਲੋਕਾਂ ਨੇ ਉਹ ਉਪਦੇਸ਼ਾਂ ਨੂੰ ਸੁਣਿਆਂ ਪਰ ਉਸ ਨੂੰ ਵਿਸ਼ਵਾਸ ਨਾਲ ਪ੍ਰਾਪਤ ਨਹੀਂ ਕੀਤਾ। 3 ਅਸੀਂ ਲੋਕ, ਜਿਹੜੇ ਨਿਹਚਾ ਰੱਖਦੇ ਹਾਂ, ਪ੍ਰਵੇਸ਼ ਕਰਨ ਅਤੇ ਰੱਬੀ ਵਿਸ਼ਰਾਮ ਕਰਨ ਦੇ ਯੋਗ ਹਾਂ। ਉਵੇਂ ਹੀ ਜਿਵੇਂ ਪਰਮੇਸ਼ੁਰ ਨੇ ਆਖਿਆ,
“ਕ੍ਰੋਧ ਵਿੱਚ ਮੈਂ ਸੌਂਹ ਖਾਧੀ:
‘ਉਹ ਕਦੇ ਵੀ ਮੇਰੇ ਵਿਸ਼ਰਾਮ ਵਿੱਚ ਪ੍ਰਵੇਸ਼ ਨਹੀਂ ਕਰਨਗੇ।’” (A)
ਹਾਲਾਂ ਕਿ ਪਰਮੇਸ਼ੁਰ ਦਾ ਕਾਰਜ ਉਦੋਂ ਹੀ ਸੰਪੂਰਣ ਹੋ ਚੁੱਕਿਆ ਸੀ, ਜਿਸ ਸਮੇਂ ਤੋਂ ਉਸ ਨੇ ਇਹ ਦੁਨੀਆਂ ਸਾਜੀ ਸੀ, ਉਸ ਨੇ ਇੰਝ ਆਖਿਆ। 4 ਪੋਥੀਆਂ ਵਿੱਚ ਇੱਕ ਜਗ਼੍ਹਾ, ਪਰਮੇਸ਼ੁਰ ਨੇ ਹਫ਼ਤੇ ਦੇ ਸੱਤਵੇਂ ਦਿਨ ਬਾਰੇ ਇਹ ਬੋਲਿਆ ਸੀ; “ਪਰਮੇਸ਼ੁਰ ਨੇ ਆਪਣੇ ਸਾਰੇ ਕਾਰਜ ਪੂਰਨ ਕਰ ਦਿੱਤੇ ਅਤੇ ਸੱਤਵੇਂ ਦਿਨ ਉਸ ਨੇ ਅਰਾਮ ਕੀਤਾ।” [a] 5 ਅਤੇ ਪੋਥੀਆਂ ਵਿੱਚ ਇੱਕ ਹੋਰ ਜਗ਼੍ਹਾ, ਪਰਮੇਸ਼ੁਰ ਨੇ ਇਹ ਵੀ ਆਖਿਆ, “ਉਹ ਲੋਕ ਕਦੇ ਵੀ ਮੇਰੇ ਵਿਸ਼ਰਾਮ ਵਿੱਚ ਨਹੀਂ ਵੜਨਗੇ।”
6 ਇਹ ਸੱਚ ਹੈ ਕਿ ਕੁਝ ਲੋਕ ਪਰਮੇਸ਼ੁਰ ਦੇ ਵਿਸ਼ਰਾਮ ਵਿੱਚ ਪ੍ਰਵੇਸ਼ ਕਰਨਗੇ। ਪਰ ਉਹ ਲੋਕ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਮੁਕਤੀ ਦੇ ਮਾਰਗ ਬਾਰੇ ਸੁਣਿਆ ਪ੍ਰਵੇਸ਼ ਨਹੀਂ ਕੀਤਾ। ਉਨ੍ਹਾਂ ਨੇ ਇਸ ਲਈ ਪ੍ਰਵੇਸ਼ ਨਹੀਂ ਕੀਤਾ ਕਿਉਂ ਕਿ ਉਹ ਆਗਿਆਕਾਰੀ ਨਹੀਂ ਸਨ। 7 ਇਸ ਲਈ ਪਰਮੇਸ਼ੁਰ ਨੇ ਇੱਕ ਹੋਰ ਖਾਸ ਦਿਨ ਦੀ ਵਿਉਂਤ ਬਣਾਈ। ਇਸ ਨੂੰ “ਅੱਜ ਦਾ ਦਿਨ” ਆਖਿਆ ਜਾਂਦਾ ਹੈ। ਪਰਮੇਸ਼ੁਰ ਨੇ ਇਸ ਦਿਨ ਬਾਰੇ ਲੰਬੇ ਸਮੇਂ ਬਾਅਦ, ਦਾਊਦ ਰਾਹੀਂ ਗੱਲ ਕੀਤੀ। ਪੋਥੀ ਦੇ ਇਸੇ ਹਿੱਸੇ ਵਿੱਚ ਜਿਸ ਨੂੰ ਅਸੀਂ ਪਹਿਲਾਂ ਵੀ ਵਰਤਿਆ ਹੈ:
“ਅੱਜ ਜੇਕਰ ਤੁਸੀਂ ਪਰਮੇਸ਼ੁਰ ਦੀ ਅਵਾਜ਼ ਨੂੰ ਸੁਣੋ,
ਤਾਂ ਅਤੀਤ ਦੀ ਤਰ੍ਹਾਂ ਜ਼ਿੱਦੀ ਨਾ ਬਣੋ।” (B)
8 ਅਸੀਂ ਜਾਣਦੇ ਹਾਂ ਕੀ ਯਹੋਸ਼ੂਆ ਨੇ ਪਰਮੇਸ਼ੁਰ ਦੇ ਵਾਇਦੇ ਅਨੁਸਾਰ ਲੋਕਾਂ ਦੀ ਵਿਸ਼ਰਾਮ ਵਿੱਚ ਅਗਵਾਈ ਨਹੀਂ ਸੀ ਕੀਤੀ। ਅਸੀਂ ਇਸ ਬਾਰੇ ਜਾਣਦੇ ਹਾਂ ਕਿਉਂਕਿ ਬਾਦ ਵਿੱਚ ਪਰਮੇਸ਼ੁਰ ਨੇ ਵਿਸ਼ਰਾਮ ਦੇ ਇੱਕ ਹੋਰ ਦਿਨ “ਅੱਜ ਦੇ ਦਿਨ” ਬਾਰੇ ਗੱਲ ਕੀਤੀ ਹੈ। 9 ਇਸਤੋਂ ਪਤਾ ਚਲਦਾ ਕਿ ਪਰਮੇਸ਼ੁਰ ਦੇ ਲੋਕਾਂ ਲਈ ਵਿਸ਼ਰਾਮ ਦਾ ਸੱਤਵਾਂ ਦਿਨ ਹਾਲੇ ਵੀ ਆ ਰਿਹਾ ਹੈ। 10 ਪਰਮੇਸ਼ੁਰ ਨੇ ਆਪਣੇ ਕਾਰਜ ਮੁਕਾ ਲੈਣ ਤੋਂ ਬਾਦ ਵਿਸ਼ਰਾਮ ਕੀਤਾ। ਇਸ ਲਈ ਉਹ ਵਿਅਕਤੀ ਜਿਹੜਾ ਪ੍ਰਵੇਸ਼ ਕਰਦਾ ਅਤੇ ਰੱਬੀ ਵਿਸ਼ਰਾਮ ਪਾਉਂਦਾ ਹੈ, ਉਹ ਵਿਅਕਤੀ ਹੈ ਜਿਸਨੇ ਪਰਮੇਸ਼ੁਰ ਦੀ ਤਰ੍ਹਾਂ ਆਪਣਾ ਕਾਰਜ ਮੁਕਾ ਲਿਆ ਹੈ। 11 ਇਸ ਲਈ ਅਸੀਂ ਉਸ ਵਿਸ਼ਰਾਮ ਵਿੱਚ ਵੜਨ ਲਈ ਸਖਤ ਕੋਸ਼ਿਸ਼ ਕਰੀਏ। ਸਾਨੂੰ ਅਜਿਹੇ ਢੰਗ ਵਿੱਚ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਡੇ ਵਿੱਚੋਂ ਕੋਈ ਵੀ ਉਨ੍ਹਾਂ ਦੇ ਉਦਾਹਰਣ ਦਾ ਅਨੁਸਰਣ ਕਰਕੇ ਉਨ੍ਹਾਂ ਵਾਂਗ ਵਿਸ਼ਰਾਮ ਨਾ ਗੁਆ ਲਵੇ, ਜੋ ਆਗਿਆਕਾਰੀ ਨਹੀਂ ਸਨ।
12 ਪਰਮੇਸ਼ੁਰ ਦਾ ਵਚਨ ਸਜੀਵ ਹੈ ਅਤੇ ਕਾਰਜ ਕਰ ਰਿਹਾ ਹੈ। ਉਸ ਦਾ ਵਚਨ ਤੇਜ਼ ਤੋਂ ਤੇਜ਼ ਧਾਰ ਵਾਲੀ ਤਲਵਾਰ ਨਾਲੋਂ ਤਿੱਖਾ ਹੈ। ਪਰਮੇਸ਼ੁਰ ਦਾ ਵਚਨ ਸਾਡੇ ਅੰਦਰ ਡੂੰਘਿਆਂ ਕੱਟਦਾ ਹੈ, ਉਸ ਜਗ਼੍ਹਾ ਵੀ ਜਿੱਥੇ ਰੂਹ ਅਤੇ ਆਤਮਾ ਜੁੜਦੇ ਹਨ। ਪਰਮੇਸ਼ੁਰ ਦਾ ਵਚਨ ਸਾਡੇ ਜੋੜਾਂ ਅਤੇ ਹੱਡੀਆਂ ਅੰਦਰ ਵੀ ਮਾਰ ਕਰਦਾ ਹੈ। ਇਹ ਸਾਡੇ ਦਿਲ ਦੀਆਂ ਸੋਚਾਂ ਅਤੇ ਇਰਾਦਿਆਂ ਨੂੰ ਪਰੱਖਦਾ ਹੈ। 13 ਦੁਨੀਆਂ ਵਿੱਚ ਕੁਝ ਵੀ ਪਰਮੇਸ਼ੁਰ ਤੋਂ ਛੁਪਿਆ ਨਹੀਂ ਰਹਿ ਸੱਕਦਾ। ਉਹ ਸਭ ਚੀਜ਼ਾਂ ਨੂੰ ਸਾਫ਼ ਦੇਖ ਸੱਕਦਾ ਹੈ। ਹਰ ਚੀਜ਼ ਉਸ ਦੇ ਸਾਹਮਣੇ ਖੁੱਲ੍ਹੀ ਹੈ। ਅਤੇ ਉਸੇ ਨੂੰ ਸਾਨੂੰ ਆਪਣੇ ਜੀਵਨ ਢੰਗ ਦਾ ਲੇਖਾ ਦੇਣਾ ਪਵੇਗਾ।
ਯਿਸੂ ਸਾਡੀ ਪਰਮੇਸ਼ੁਰ ਦੇ ਸਨਮੁੱਖ ਆਉਣ ਵਿੱਚ ਸਹਾਇਤਾ ਕਰਦਾ ਹੈ
14 ਸਾਡੇ ਕੋਲ ਇੱਕ ਮਹਾਨ ਸਰਦਾਰ ਜਾਜਕ ਹੈ ਜਿਹੜਾ ਪਰਮੇਸ਼ੁਰ ਨਾਲ ਸਵਰਗ ਵਿੱਚ ਰਹਿਣ ਲਈ ਗਿਆ ਹੈ। ਉਹ ਪਰਮੇਸ਼ੁਰ ਦਾ ਪੁੱਤਰ ਯਿਸੂ ਹੈ। ਇਸ ਲਈ ਅਸੀਂ ਵਿਸ਼ਵਾਸ ਵਿੱਚ, ਜਿਹੜਾ ਸਾਡੇ ਕੋਲ ਹੈ, ਦ੍ਰਿੜ ਰਹਿਣਾ ਜਾਰੀ ਰੱਖੀਏ। 15 ਯਿਸੂ, ਜਿਹੜਾ ਸਰਦਾਰ ਜਾਜਕ ਸਾਡੇ ਕੋਲ ਹੈ, ਸਾਡੀਆਂ ਕਮਜ਼ੋਰੀਆਂ ਨੂੰ ਸਮਝਣ ਦੇ ਸਮਰੱਥ ਹੈ। ਜਦੋਂ ਯਿਸੂ ਧਰਤੀ ਤੇ ਜਿਉਂਇਆ ਉਹ ਸਾਡੀ ਤਰ੍ਹਾਂ ਹਰੇਕ ਢੰਗ ਨਾਲ ਪਰਤਾਇਆ ਗਿਆ ਸੀ। ਪਰ ਉਸ ਨੇ ਕਦੇ ਪਾਪ ਨਹੀਂ ਕੀਤਾ ਸੀ। 16 ਯਿਸੂ ਦੇ ਸਾਡੇ ਸਰਦਾਰ ਜਾਜਕ ਹੁੰਦਿਆਂ ਅਸੀਂ ਕਿਰਪਾ ਦੇ ਸਿੰਘਾਸਣ ਦੇ ਸਾਹਮਣੇ ਆਉਣ ਲਈ ਸੁਤੰਤਰ ਹਾਂ। ਉੱਥੇ ਸਾਡੇ ਕੋਲ ਜਦੋਂ ਵੀ ਸਾਨੂੰ ਲੋੜ ਹੋਵੇਗੀ ਮਦਦ ਕਰਨ ਲਈ ਮਿਹਰ ਅਤੇ ਦਯਾ ਹੋਵੇਗੀ।
2010 by World Bible Translation Center