M’Cheyne Bible Reading Plan
22 ਯਹੋਵਾਹ ਨੇ ਮੂਸਾ ਨੂੰ ਆਖਿਆ, 2 “ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਆਖ; ਇਸਰਾਏਲ ਦੇ ਲੋਕ ਮੈਨੂੰ ਸੁਗਾਤਾਂ ਚੜ੍ਹਾਉਣਗੇ। ਉਹ ਚੀਜ਼ਾਂ ਪਵਿੱਤਰ ਹੋ ਜਾਣਗੀਆਂ ਅਤੇ ਮੇਰੀਆਂ ਹੋਣਗੀਆਂ। ਇਸ ਲਈ ਤੁਹਾਨੂੰ, ਜਾਜਕਾਂ ਨੂੰ ਸਾਵੱਧਾਨ ਰਹਿਣਾ ਚਾਹੀਦਾ ਕਿ ਤੁਸੀਂ ਕਿਵੇਂ ਉਨ੍ਹਾਂ ਚੀਜ਼ਾਂ ਨਾਲ ਪੇਸ਼ ਆਉਂਦੇ ਹੋ। ਜੇ ਤੁਸੀਂ ਉਨ੍ਹਾਂ ਚੀਜ਼ਾਂ ਦਾ ਗਲਤ ਇਸਤੇਮਾਲ ਕਰੋਂਗੇ ਤਾਂ ਤੁਸੀਂ ਮੇਰੇ ਪਵਿੱਤਰ ਨਾਂ ਦਾ ਨਿਰਾਦਰ ਕਰੋਂਗੇ। ਮੈਂ ਯਹੋਵਾਹ ਹਾਂ। 3 ਜੇਕਰ ਤੁਹਾਡੇ ਉੱਤਰਾਧਿਕਾਰੀਆਂ ਵਿੱਚੋਂ ਕੋਈ ਇਨ੍ਹਾਂ ਚੀਜ਼ਾਂ ਨੂੰ ਛੂੰਹਦਾ, ਜਦੋਂ ਉਹ ਪਲੀਤ ਹੋਵੇ, ਉਸ ਨੂੰ ਮੈਥੋਂ ਅਲੱਗ ਕਰ ਦਿੱਤਾ ਜਾਵੇ। ਇਸਰਾਏਲ ਦੇ ਲੋਕਾਂ ਨੇ ਉਹ ਚੀਜ਼ਾਂ ਮੈਨੂੰ ਦਿੱਤੀਆਂ ਹਨ। ਮੈਂ ਯਹੋਵਾਹ ਹਾਂ।
4 “ਜੇ ਹਾਰੂਨ ਦੇ ਕਿਸੇ ਉੱਤਰਾਧਿਕਾਰੀ ਨੂੰ ਚਮੜੀ ਦਾ ਭੈੜਾ ਰੋਗ ਜਾਂ ਪ੍ਰਮੇਹ ਹੈ ਉਹ ਜਿੰਨਾ ਚਿਰ ਪਾਕ ਨਹੀਂ ਹੋ ਜਾਂਦਾ ਪਵਿੱਤਰ ਭੋਜਨ ਨਹੀਂ ਖਾ ਸੱਕਦਾ। ਇਹ ਨੇਮ ਹਰ ਉਸ ਜਾਜਕ ਲਈ ਹੈ ਜਿਹੜਾ ਪਲੀਤ ਹੋ ਜਾਂਦਾ ਹੈ। ਉਹ ਜਾਜਕ ਕਿਸੇ ਮੁਰਦਾ ਸ਼ਰੀਰ ਨਾਲ ਵੀ ਪਲੀਤ ਹੋ ਸੱਕਦਾ ਹੈ, ਜਾਂ ਆਪਣੇ ਹੀ ਵੀਰਜ ਨਾਲ ਵੀ। 5 ਜੇ ਉਹ ਕਿਸੇ ਰੀਂਗਣ ਵਾਲੇ ਨਾਪਾਕ ਜਾਨਵਰ ਨੂੰ ਜਾ ਕਿਸੇ ਕਾਰਣ ਹੋਏ ਪਲੀਤ ਵਿਅਕਤੀ ਨੂੰ ਛੂਹ ਲੈਂਦਾ ਹੈ। 6 ਉਹ ਸ਼ਾਮ ਤੀਕ ਪਲੀਤ ਰਹੇਗਾ। ਉਸ ਨੂੰ ਉਨਾ ਚਿਰ ਕੋਈ ਵੀ ਪਵਿੱਤਰ ਭੋਜਨ ਨਹੀਂ ਖਾਣਾ ਚਾਹੀਦਾ ਜਿੰਨਾ ਚਿਰ ਉਹ ਆਪਣੇ-ਆਪ ਨੂੰ ਪਾਣੀ ਨਾਲ ਧੋ ਨਹੀਂ ਲੈਂਦਾ। 7 ਉਹ ਸੂਰਜ ਛੁਪ ਜਾਣ ਤੋਂ ਬਾਦ ਪਾਕ ਹੋ ਜਾਵੇਗਾ। ਫ਼ੇਰ ਉਹ ਪਵਿੱਤਰ ਭੋਜਨ ਖਾ ਸੱਕਦਾ ਹੈ ਕਿਉਂਕਿ ਉਹ ਭੋਜਨ ਉਸਦਾ ਹੈ।
8 “ਜਾਜਕ ਨੂੰ ਕੋਈ ਵੀ ਅਜਿਹਾ ਜਾਨਵਰ ਨਹੀਂ ਖਾਣਾ ਚਾਹੀਦਾ ਜੋ ਆਪਣੇ-ਆਪ ਮਰਿਆ ਸੀ ਜਾਂ ਜੋ ਹੋਰਨਾਂ ਜਾਨਵਰਾਂ ਦੁਆਰਾ ਮਾਰਿਆ ਗਿਆ ਸੀ। ਜੇ ਉਹ ਉਸ ਮੁਰਦਾ ਜਾਨਵਰ ਨੂੰ ਖਾਂਦਾ ਹੈ, ਉਹ ਪਲੀਤ ਹੋ ਜਾਵੇਗਾ। ਮੈਂ ਯਹੋਵਾਹ ਹਾਂ।
9 “ਉਨ੍ਹਾਂ ਨੂੰ ਧਿਆਨ ਨਾਲ ਮੇਰੀਆਂ ਹਿਦਾਇਤਾਂ ਨੂੰ ਮੰਨਣਾ ਚਾਹੀਦਾ ਹੈ ਤਾਂ ਜੋ ਉਹ ਦੋਸ਼ੀ ਨਾ ਹੋ ਜਾਣ ਅਤੇ ਪਵਿੱਤਰ ਚੀਜ਼ਾਂ ਨੂੰ ਅਪਵਿੱਤਰ ਕਰਨ ਕਾਰਣ ਮਾਰੇ ਨਾ ਜਾਣ। ਮੈਂ, ਯਹੋਵਾਹ, ਨੇ ਉਨ੍ਹਾਂ ਨੂੰ ਇਸ ਖਾਸ ਕੰਮ ਲਈ ਵੱਖ ਕੀਤਾ ਹੈ। [a] 10 ਸਿਰਫ਼ ਜਾਜਕ ਦੇ ਪਰਿਵਾਰ ਦੇ ਲੋਕ ਪਵਿੱਤਰ ਭੋਜਨ ਨੂੰ ਖਾ ਸੱਕਦੇ ਹਨ। ਜਾਜਕ ਕੋਲ ਠਹਿਰਿਆ ਹੋਇਆ ਕੋਈ ਪ੍ਰਹੁਣਾ ਜਾਂ ਭਾੜੇ ਦਾ ਨੌਕਰ ਵੀ ਪਵਿੱਤਰ ਭੋਜਨ ਨਹੀਂ ਖਾ ਸੱਕਦਾ। 11 ਪਰ ਜੇ ਕੋਈ ਜਾਜਕ ਆਪਣੇ ਪੈਸੇ ਨਾਲ ਕਿਸੇ ਨੂੰ ਗੁਲਾਮ ਵਜੋਂ ਖਰੀਦੇ, ਉਹ ਗੁਲਾਮ ਪਵਿੱਤਰ ਭੋਜਨ ਖਾ ਸੱਕਦਾ ਹੈ। ਜਾਜਕ ਦੇ ਘਰ ਵਿੱਚ ਪੈਦਾ ਹੋਏ ਗੁਲਾਮ ਵੀ ਉਹ ਭੋਜਨ ਖਾ ਸੱਕਦੇ ਹਨ। 12 ਹੋ ਸੱਕਦਾ ਹੈ ਕਿਸੇ ਜਾਜਕ ਦੀ ਧੀ ਕਿਸੇ ਅਜਿਹੇ ਬੰਦੇ ਨਾਲ ਸ਼ਾਦੀ ਕਰ ਲਵੇ ਜਿਹੜਾ ਜਾਜਕ ਨਹੀਂ ਹੈ। ਜੇ ਉਹ ਅਜਿਹਾ ਕਰਦੀ ਹੈ ਤਾਂ ਪਵਿੱਤਰ ਭੇਟਾਂ ਵਿੱਚੋਂ ਕੁਝ ਨਹੀਂ ਖਾ ਸੱਕਦੀ। 13 ਕਿਸੇ ਜਾਜਕ ਦੀ ਧੀ ਵਿਧਵਾ ਜਾਂ ਤਲਾਕਸ਼ੁਦਾ ਔਰਤ ਹੋ ਸੱਕਦੀ ਹੈ। ਜੇ ਉਸ ਨੂੰ ਸਹਾਰਾ ਦੇਣ ਲਈ ਉਸ ਦੇ ਬੱਚੇ ਨਹੀਂ ਹਨ ਅਤੇ ਉਹ ਆਪਣੇ ਪਿਤਾ ਦੇ ਘਰ ਵਾਪਸ ਚਲੀ ਜਾਂਦੀ ਹੈ ਜਿੱਥੇ ਉਹ ਬਚਪਨ ਤੋਂ ਰਹਿੰਦੀ ਸੀ ਉਹ ਆਪਣੇ ਪਿਉ ਦਾ ਭੋਜਨ ਖਾ ਸੱਕਦੀ ਹੈ। ਪਰ ਜਾਜਕ ਦੇ ਪਰਿਵਾਰ ਤੋਂ ਬਾਹਰਲਾ ਵਿਅਕਤੀ ਇਸ ਭੋਜਨ ਨੂੰ ਨਹੀਂ ਖਾ ਸੱਕਦਾ।
14 “ਹੋ ਸੱਕਦਾ ਹੈ ਕੋਈ ਬੰਦਾ ਗਲਤੀ ਨਾਲ ਪਵਿੱਤਰ ਭੋਜਨ ਵਿੱਚੋਂ ਕੁਝ ਖਾ ਲਵੇ। ਉਸ ਬੰਦੇ ਨੂੰ ਉਨੀ ਮਿਕਦਾਰ ਜਾਜਕ ਨੂੰ ਦੇਣੀ ਚਾਹੀਦੀ ਹੈ, ਅਤੇ ਉਸ ਨੂੰ ਉਸ ਭੋਜਨ ਦਾ ਪੰਜਵਾਂ ਹਿੱਸਾ ਕੀਮਤ ਹੋਰ ਦੇਣੀ ਚਾਹੀਦੀ ਹੈ।
15 “ਇਸ ਲਈ ਉਹ ਲੋਕ (ਜੋ ਜਾਜਕ ਨਾ ਹੋਣ) ਇਸਰਾਏਲ ਦੇ ਲੋਕਾਂ ਦੁਆਰਾ ਯਹੋਵਾਹ ਨੂੰ ਚੜ੍ਹਾਈਆਂ ਗਈਆਂ ਚੀਜ਼ਾਂ ਦਾ ਦੁਰਉਪਯੋਗ ਨਹੀਂ ਕਰਨਾ ਚਾਹੀਦਾ। 16 ਅਤੇ ਉਹ ਦੋਸ਼ੀ ਹੋਣਗੇ ਅਤੇ ਪਵਿੱਤਰ ਭੋਜਨ ਖਾਂਦੇ ਸਮੇਂ ਆਪਣੇ ਪਾਪਾਂ ਦੀ ਜ਼ਿੰਮੇਵਾਰੀ ਸਹਾਰਨਗੇ। ਮੈਂ ਯਹੋਵਾਹ ਹਾਂ ਜੋ, ਉਨ੍ਹਾਂ ਨੂੰ ਪਵਿੱਤਰ ਬਣਾਉਂਦਾ ਹਾਂ।”
17 ਯਹੋਵਾਹ ਪਰਮੇਸ਼ੁਰ ਨੇ ਮੂਸਾ ਨੂੰ ਆਖਿਆ, 18 “ਹਾਰੂਨ, ਉਸ ਦੇ ਪੁੱਤਰਾਂ ਅਤੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਆਖ; ਹੋ ਸੱਕਦਾ ਹੈ ਕਿ ਇਸਰਾਏਲ ਦਾ ਕੋਈ ਨਾਗਰਿਕ ਜਾਂ ਇਸਰਾਏਲ ਵਿੱਚ ਰਹਿੰਦਾ ਕੋਈ ਵੀ ਵਿਦੇਸ਼ੀ ਹੋਮ ਦੀ ਭੇਟ ਲਿਆਉਣਾ ਚਾਹੇ। ਇਹ ਉਸ ਬੰਦੇ ਦੀ ਖਾਸ ਸੁੱਖਣਾ ਜਾਂ ਕੋਈ ਖਾਸ ਭੇਟ ਹੋਵੇ ਜੋ ਉਹ ਲਿਆਉਣ ਚਾਹੁੰਦਾ ਸੀ। 19-20 ਇਹ ਸੁਗਾਤਾਂ ਹਨ ਜਿਹੜੀਆਂ ਤੁਸੀਂ ਲਿਆ ਸੱਕਦੇ ਹੋ; ਇੱਕ ਬਲਦ, ਭੇਡੂ ਜਾਂ ਬੱਕਰਾ। ਤੁਹਾਨੂੰ ਕਿਸੇ ਨੁਕਸ ਵਾਲਾ ਜਾਨਵਰ ਨਹੀਂ ਲਿਆਉਣਾ ਚਾਹੀਦਾ ਕਿਉਂਕਿ ਪਰਮੇਸ਼ੁਰ ਇਸ ਨੂੰ ਪ੍ਰਵਾਨ ਨਹੀਂ ਕਰੇਗਾ।
21 “ਕੋਈ ਬੰਦਾ ਯਹੋਵਾਹ ਲਈ ਸੁੱਖ-ਸਾਂਦ ਦੀ ਭੇਟ ਲਿਆ ਸੱਕਦਾ ਹੈ। ਉਹ ਸੁੱਖ-ਸਾਂਦ ਦੀ ਭੇਟ, ਉਸ ਬੰਦੇ ਦੀ ਖਾਸ ਸੁੱਖਣਾ ਦੀ ਅਦਾਇਗੀ ਹੋ ਸੱਕਦੀ ਹੈ। ਜਾਂ ਇਹ ਉਹ ਖਾਸ ਸੁਗਾਤ ਹੋ ਸੱਕਦੀ ਹੈ ਜਿਹੜੀ ਉਹ ਯਹੋਵਾਹ ਨੂੰ ਚੜ੍ਹਾਉਣੀ ਚਾਹੁੰਦਾ ਹੋਵੇ। ਇਹ ਵੱਗ ਜਾਂ ਇੱਜੜ ਤੋਂ ਹੋ ਸੱਕਦੀ ਹੈ ਪਰ ਇਸ ਨੂੰ ਪ੍ਰਵਾਨ ਹੋਣ ਲਈ ਬੇਨੁਕਸ ਹੋਣਾ ਚਾਹੀਦਾ ਹੈ। 22 ਤੁਹਾਨੂੰ ਅੰਨ੍ਹੇ, ਜ਼ਖਮੀ ਹੋਏ, ਅਪੰਗ, ਜਿਸ ਨੂੰ ਪ੍ਰਮੇਹ ਹੋਵੇ ਜਾਂ ਜਿਸ ਨੂੰ ਕੋਈ ਚਮੜੀ ਦਾ ਰੋਗ ਹੋਵੇ ਅਜਿਹਾ ਜਾਨਵਰ ਨਹੀਂ ਚੜ੍ਹਾਉਣਾ ਚਾਹੀਦਾ। ਤੁਹਾਨੂੰ ਇਨ੍ਹਾਂ ਵਿੱਚੋਂ ਕਿਸੇ ਨੂੰ ਵੀ ਯਹੋਵਾਹ ਦੀ ਜਗਵੇਦੀ ਦੀ ਅੱਗੇ ਤੇ ਨਹੀਂ ਸਾੜਨਾ ਚਾਹੀਦਾ।
23 “ਤੁਸੀਂ ਕੋਈ ਅਜਿਹਾ ਬਲਦ ਜਾਂ ਭੇਡ ਨਹੀਂ ਚੜ੍ਹਾਵੋਂਗੇ ਜੋ ਵਿਕਲਾਂਗ ਹੋਵੇ ਜਾਂ ਜੋ ਸਾਧਾਰਨ ਹੋਣ ਤੋਂ ਛੋਟੇ ਹੋਣ। ਤੁਸੀਂ ਇਨ੍ਹਾਂ ਨੂੰ ਖਾਸ ਸੁਗਾਤ ਵਜੋਂ ਯਹੋਵਾਹ ਨੂੰ ਚੜ੍ਹਾ ਸੱਕਦੇ ਹੋਂ, ਪਰ ਇਸ ਨੂੰ ਕਿਸੇ ਖਾਸ ਸੁੱਖਣਾ ਦੀ ਅਦਾਇਗੀ ਵਜੋਂ ਪ੍ਰਵਾਨ ਨਹੀਂ ਕੀਤਾ ਜਾਵੇਗਾ।
24 “ਜੇ ਕਿਸੇ ਜਾਨਵਰ ਦੇ ਅੰਡਕੋਸ਼ ਉੱਤੇ ਝਰੀਟ ਹੈ, ਕੁਚੱਲਿਆ ਹੋਇਆ, ਪਾਟਿਆ ਹੋਇਆ ਜਾਂ ਵੱਢਿਆ ਹੋਇਆ ਤਾਂ ਤੁਹਾਨੂੰ ਉਹ ਜਾਨਵਰ ਯਹੋਵਾਹ ਨੂੰ ਭੇਟ ਨਹੀਂ ਕਰਨਾ ਚਾਹੀਦਾ। ਤੁਹਾਨੂੰ ਆਪਣੀ ਧਰਤੀ ਤੇ ਇਹ ਨਹੀਂ ਕਰਨਾ ਚਾਹੀਦਾ।
25 “ਤੁਹਾਨੂੰ ਆਪਣੇ ਪਰਮੇਸ਼ੁਰ ਨੂੰ ਬਲੀ ਚੜ੍ਹਾਉਣ ਲਈ ਵਿਦੇਸ਼ੀਆਂ ਕੋਲੋਂ ਅਜਿਹੇ ਜਾਨਵਰ ਨਹੀਂ ਲੈਣੇ ਚਾਹੀਦੇ। ਕਿਉਂਕਿ ਉਨ੍ਹਾਂ ਵਿੱਚ ਸ਼ਰੀਰਕ ਖਰਾਬੀ ਹੈ ਅਤੇ ਪਰਮੇਸ਼ੁਰ ਦੁਆਰਾ ਪ੍ਰਵਾਨ ਨਹੀਂ ਕੀਤੇ ਜਾਣਗੇ।”
26 ਯਹੋਵਾਹ ਨੇ ਮੂਸਾ ਨੂੰ ਆਖਿਆ, 27 “ਜਦੋਂ ਕੋਈ ਵੱਛਾ, ਭੇਡ ਜਾਂ ਬੱਕਰੀ ਪੈਦਾ ਹੁੰਦੀ ਹੈ, ਇਸ ਨੂੰ ਸੱਤਾਂ ਦਿਨਾਂ ਤੱਕ ਇਸਦੀ ਮਾਂ ਦੇ ਕੋਲ ਰਹਿਣ ਦੇਣਾ ਚਾਹੀਦਾ ਹੈ। ਫ਼ੇਰ ਅੱਠਵੇਂ ਦਿਨ ਜਾਂ ਉਸਤੋਂ ਮਗਰੋਂ, ਇਸ ਨੂੰ ਯਹੋਵਾਹ ਨੂੰ ਅੱਗ ਦੁਆਰਾ ਦਿੱਤੀ ਬਲੀ ਵਜੋਂ ਪ੍ਰਵਾਨ ਕੀਤਾ ਜਾ ਸੱਕਦਾ ਹੈ। 28 ਪਰ ਤੁਹਾਨੂੰ ਉਸੇ ਦਿਨ ਉਸ ਜਾਨਵਰ ਨੂੰ ਅਤੇ ਉਸਦੀ ਮਾਂ ਨੂੰ ਨਹੀਂ ਮਾਰਨਾ ਚਾਹੀਦਾ। ਇਹ ਨੇਮ ਗਾਵਾਂ ਅਤੇ ਭੇਡਾਂ ਲਈ ਇੱਕੋ ਜਿਹਾ ਹੈ।
29 “ਜੇ ਤੁਸੀਂ ਯਹੋਵਾਹ ਨੂੰ ਧੰਨਵਾਦ ਦੀ ਕੋਈ ਖਾਸ ਭੇਟ ਚੜ੍ਹਾਉਣੀ ਚਾਹੁੰਦੇ ਹੋ, ਤੁਹਾਨੂੰ ਇਸ ਨੂੰ ਪ੍ਰਵਾਨ ਕੀਤੇ ਜਾਣ ਲਈ ਇੰਝ ਕਰਨਾ ਚਾਹੀਦਾ। 30 ਤੁਹਾਨੂੰ ਇਸ ਨੂੰ ਉਸੇ ਦਿਨ ਹੀ ਖਾਣਾ ਚਾਹੀਦਾ ਹੈ। ਤੁਹਾਨੂੰ ਅਗਲੀ ਸਵੇਰ ਲਈ ਕੋਈ ਮਾਸ ਨਹੀਂ ਛੱਡਣਾ ਚਾਹੀਦਾ। ਮੈਂ ਯਹੋਵਾਹ ਹਾਂ।
31 “ਮੇਰੇ ਹੁਕਮਾਂ ਨੂੰ ਚੇਤੇ ਰੱਖੋ, ਅਤੇ ਉਨ੍ਹਾਂ ਨੂੰ ਮੰਨੋ। ਮੈਂ ਯਹੋਵਾਹ ਹਾਂ। 32 ਮੇਰੇ ਪਵਿੱਤਰ ਨਾਮ ਦਾ ਨਿਰਾਦਰ ਨਾ ਕਰੋ। ਇਸਰਾਏਲ ਦੇ ਲੋਕਾਂ ਦਰਮਿਆਨ, ਮੇਰੇ ਨਾਲ ਪਵਿੱਤਰਤਾ ਦਾ ਵਿਹਾਰ ਕੀਤਾ ਜਾਣਾ ਚਾਹੀਦਾ ਹੈ। ਮੈਂ, ਯਹੋਵਾਹ ਤੁਹਾਨੂੰ ਪਵਿੱਤਰ ਬਣਾਉਂਦਾ ਹਾਂ। 33 ਮੈਂ ਤੁਹਾਡਾ ਪਰਮੇਸ਼ੁਰ ਬਣਨ ਲਈ ਤੁਹਾਨੂੰ ਮਿਸਰ ਤੋਂ ਬਾਹਰ ਲਿਆਂਦਾ ਹੈ। ਮੈਂ ਯਹੋਵਾਹ ਹਾਂ।”
ਦਾਊਦ ਦਾ ਇੱਕ ਗੀਤ।
28 ਹੇ ਯਹੋਵਾਹ, ਤੁਸੀਂ ਮੇਰੀ ਚੱਟਾਨ ਹੋ।
ਮੈਂ ਮਦਦ ਲਈ ਤੈਨੂੰ ਪੁਕਾਰ ਰਿਹਾ ਹਾਂ।
ਮੇਰੀਆਂ ਪ੍ਰਾਰਥਨਾ ਲਈ ਆਪਣੇ ਕੰਨ ਬੰਦ ਨਾ ਕਰੋ।
ਜੇਕਰ ਤੁਸਾਂ ਮਦਦ ਲਈ ਮੇਰੀ ਪੁਕਾਰ ਨਾ ਸੁਣੀ
ਤਦ ਲੋਕੀਂ ਸੋਚਣਗੇ ਕਿ ਮੈਂ ਕਬਰੀ ਪਏ ਮੁਰਦਾ ਲੋਕਾਂ ਨਾਲੋਂ ਬਿਹਤਰ ਨਹੀਂ ਹਾਂ।
2 ਯਹੋਵਾਹ, ਮੈਂ ਆਪਣੇ ਹੱਥ ਚੁੱਕਦਾ ਹਾਂ ਅਤੇ ਤੁਹਾਡੇ ਸਭ ਤੋਂ ਪਵਿੱਤਰ ਸਥਾਨ ਵੱਲ ਪ੍ਰਾਰਥਨਾ ਕਰਦਾ ਹਾਂ।
ਮੈਂ ਜਦ ਵੀ ਬੁਲਾਵਾਂ ਮੈਨੂੰ ਸੁਣੋ।
ਮੇਰੇ ਉੱਤੇ ਮਿਹਰ ਕਰੋ।
3 ਯਹੋਵਾਹ, ਮੇਰੇ ਬਾਰੇ ਇਵੇਂ ਨਾ ਸੋਚੋ ਜਿਵੇਂ ਮੈਂ ਮੰਦੇ ਲੋਕਾਂ ਵਿੱਚੋਂ ਇੱਕ ਹੋਵਾਂ।
ਉਹ ਲੋਕ ਆਪਣੇ ਗੁਆਂਢੀਆਂ ਦਾ ਸਵਾਗਤ “ਸ਼ਾਲੋਮ” ਸ਼ਬਦ ਨਾਲ ਕਰਦੇ ਹਨ।
ਪਰ ਆਪਣੇ ਦਿਲਾਂ ਵਿੱਚ ਆਪਣੇ ਗੁਆਂਢੀਆਂ ਦੇ ਖਿਲਾਫ਼ ਮੰਦੀਆਂ ਗੱਲਾਂ ਦੀਆਂ ਵਿਉਂਤਾ ਘੜਦੇ ਹਨ।
4 ਯਹੋਵਾਹ, ਉਹ ਲੋਕ ਹੋਰਾਂ ਲੋਕਾਂ ਨਾਲ ਮੰਦਾ ਕਰਦੇ ਹਨ।
ਇਸ ਲਈ ਉਨ੍ਹਾਂ ਨਾਲ ਮੰਦੀਆਂ ਗੱਲਾਂ ਵਾਪਰਨ ਦਿਉ।
ਉਨ੍ਹਾਂ ਨੂੰ ਦੰਡ ਦਿਉ ਜਿਸਦੇ ਉਹ ਅਧਿਕਾਰੀ ਹਨ।
5 ਕਿਉਂਕਿ ਉਹ ਲੋਕ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ
ਕਿ ਯਹੋਵਾਹ ਨੇ ਆਪਣੇ ਹੱਥੀਂ ਕੀ ਕੀਤਾ ਹੈ।
ਯਹੋਵਾਹ ਉਨ੍ਹਾਂ ਦੀ ਉਸਾਰੀ ਕਰਨ ਦੀ ਬਜਾਇ ਉਨ੍ਹਾਂ ਨੂੰ ਨਸ਼ਟ ਕਰ ਦੇਵੇ।
6 ਯਹੋਵਾਹ ਦੀ ਉਸਤਤਿ ਕਰੋ।
ਉਸ ਨੇ ਮਿਹਰ ਲਈ ਪ੍ਰਾਰਥਨਾ ਸੁਣ ਲਈ।
7 ਯਹੋਵਾਹ ਹੀ ਮੇਰੀ ਤਾਕਤ ਹੈ।
ਉਹੀ ਮੇਰੀ ਢਾਲ ਹੈ।
ਮੈਂ ਉਸ ਵਿੱਚ ਯਕੀਨ ਰੱਖਿਆ ਅਤੇ ਉਸ ਨੇ ਮੇਰੀ ਮਦਦ ਕੀਤੀ।
ਮੈਂ ਬਹੁਤ ਪ੍ਰਸੰਨ ਹਾਂ,
ਅਤੇ ਮੈਂ ਉਸ ਨੂੰ ਉਸਤਤਿ ਦੇ ਗੀਤ ਗਾਉਂਦਾ ਹਾਂ।
8 ਯਹੋਵਾਹ ਆਪਣੇ ਚੁਣੇ ਹੋਏ ਬੰਦੇ ਦੀ ਰੱਖਿਆ ਕਰਦਾ ਹੈ।
ਯਹੋਵਾਹ ਉਸ ਨੂੰ ਬਚਾਉਂਦਾ ਹੈ।
ਯਹੋਵਾਹ ਉਸਦੀ ਸ਼ਕਤੀ ਹੈ।
9 ਹੇ ਪਰਮੇਸ਼ੁਰ, ਆਪਣੇ ਲੋਕਾਂ ਨੂੰ ਬਚਾਉ।
ਉਨ੍ਹਾਂ ਨੂੰ ਓਨੀ ਅਸੀਸ ਦਿਉ ਜਿੰਨੀ ਦੇ ਤੁਸੀਂ ਮਾਲਕ ਹੋਂ।
ਉਨ੍ਹਾਂ ਦੀ ਅਗਵਾਈ ਕਰੋ ਅਤੇ ਉਨ੍ਹਾਂ ਨੂੰ ਸਦਾ ਲਈ ਇੱਜ਼ਤ ਬਖਸ਼ੋ।
ਦਾਊਦ ਦਾ ਇੱਕ ਗੀਤ।
29 ਪਰਮੇਸ਼ੁਰ ਦੇ ਪੁੱਤਰੋ, ਯਹੋਵਾਹ ਦੀ ਉਸਤਤਿ ਕਰੋ।
ਉਸਦੀ ਮਹਿਮਾ ਦੀ, ਉਸਦੀ ਸ਼ਕਤੀ ਦੀ ਉਸਤਤਿ ਕਰੋ।
2 ਯਹੋਵਾਹ ਦੀ ਉਸਤਤਿ ਕਰੋ ਅਤੇ ਉਸ ਦੇ ਨਾਂ ਦੀ ਇੱਜ਼ਤ ਕਰੋ।
ਆਪਣੀ ਖਾਸ ਪੁਸ਼ਾਕ ਵਿੱਚ ਉਸਦੀ ਉਪਾਸਨਾ ਕਰੋ।
3 ਯਹੋਵਾਹ ਸਮੁੰਦਰ ਉੱਤੇ ਆਪਣੀ ਅਵਾਜ਼ ਬੁਲਦ ਕਰਦਾ ਹੈ,
ਇਹ ਅਵਾਜ਼ ਮਹਾਨ ਪਰਮੇਸ਼ੁਰ ਦੀ ਹੈ ਜਿਹੜੀ ਮਹਾਂ ਸਾਗਰ ਉੱਤੇ ਗਰਜ ਵਾਂਗ ਫ਼ੈਲਦੀ ਹੈ।
4 ਯਹੋਵਾਹ ਦੀ ਕੜਕਦਾਰ ਅਵਾਜ਼ ਉਸਦੀ ਸ਼ਕਤੀ
ਅਤੇ ਤੇਜ ਨੂੰ ਦਰਸ਼ਾਉਂਦਾ ਹੈ।
5 ਯਹੋਵਾਹ ਦੀ ਅਵਾਜ਼ ਦਿਉਦਾਰਾਂ ਦੇ ਰੁੱਖਾਂ ਨੂੰ ਟੁਕੜੇ-ਟੁਕੜੇ ਕਰ ਦਿੰਦੀ ਹੈ।
ਯਹੋਵਾਹ ਦੀ ਅਵਾਜ਼ ਲਬਾਨੋਨ ਦੇ ਦਿਉਦਾਰਾਂ ਦੇ ਰੁੱਖਾਂ ਨੂੰ ਵੱਢਦੀ ਹੈ।
6 ਯਹੋਵਾਹ ਲਬਾਨੋਨ ਨੂੰ ਹਿਲਾ ਦਿੰਦਾ ਹੈ।
ਇਹ ਛੋਟੇ ਵੱਛੇ ਦੇ ਨੱਚਣ ਵਰਗਾ ਲੱਗਦਾ ਹੈ।
ਸਿਰਯੋਨ ਹਿਲਦਾ ਹੈ।
ਇਹ ਬੱਕਰੀ ਦੇ ਬੱਚੇ ਦੇ ਕੁੱਦਣ ਵਾਂਗ ਲੱਗਦਾ ਹੈ।
7 ਯਹੋਵਾਹ ਦੀ ਅਵਾਜ਼ ਬਿਜਲੀ ਦੀ ਲਸ਼ਕੋਰ ਨਾਲ ਹਵਾ ਨੂੰ ਚੀਰਦੀ ਹੈ।
8 ਯਹੋਵਾਹ ਦੀ ਅਵਾਜ਼ ਮਾਰੂਥਲ ਨੂੰ ਹਿਲਾ ਦਿੰਦੀ ਹੈ।
ਯਹੋਵਾਹ ਦੀ ਅਵਾਜ਼ ਨਾਲ ਕਾਦੇਸ਼ ਮਾਰੂਥਲ ਕੰਬਦਾ ਹੈ।
9 ਯਹੋਵਾਹ ਦੀ ਆਵਾਜ਼ ਹਿਰਨ ਨੂੰ ਹਿਲਾ ਦਿੰਦੀ ਹੈ।
ਯਹੋਵਾਹ ਜੰਗਲਾਂ ਨੂੰ ਤਬਾਹ ਕਰਦਾ ਹੈ।
ਪਰ ਉਸ ਦੇ ਮਹਿਲ ਅੰਦਰ ਲੋਕੀਂ ਉਸਦੀ ਮਹਿਮਾ ਦੇ ਗੀਤ ਗਾਉਂਦੇ ਹਨ।
10 ਹੜ੍ਹ ਵੇਲੇ ਯਹੋਵਾਹ ਰਾਜਾ ਸੀ।
ਅਤੇ ਪਰਮੇਸ਼ੁਰ ਸਦਾ ਲਈ ਰਾਜੇ ਵਾਂਗ ਰਹੇਗਾ।
11 ਯਹੋਵਾਹ ਨੂੰ ਆਪਣੇ ਲੋਕਾਂ ਦੀ ਰੱਖਿਆ ਕਰਨ ਦਿਉ।
ਯਹੋਵਾਹ ਨੂੰ ਆਪਣੇ ਲੋਕਾਂ ਨੂੰ ਸ਼ਾਂਤੀ ਦੀ ਅਸੀਸ ਦੇਣ ਦੇਵੋ।
ਇਕਰਾਰ ਕਰਨ ਬਾਰੇ ਹੋਸ਼ਿਆਰ ਰਹੋ
5 ਜਦੋ ਤੁਸੀਂ ਪਰਮੇਸ਼ੁਰ ਦੇ ਮੰਦਰ ਵਿੱਚ ਜਾਵੋ ਤਾਂ ਹੋਸ਼ਿਆਰ ਰਹੋ। ਮੂਰੱਖਾਂ ਵਾਂਗ ਬਲੀਆਂ ਚੜ੍ਹਾਉਣ ਨਾਲੋਂ ਪਰਮੇਸ਼ੁਰ ਨੂੰ ਮੰਨਣਾ ਬਿਹਤਰ ਹੈ। ਕਿਉਂ ਕਿ ਉਹ ਬਦੀ ਕਰਦੇ ਹਨ, ਪਰ ਉਹ ਇਸ ਨੂੰ ਮਹਿਸੂਸ ਨਹੀਂ ਕਰਦੇ। 2 ਆਪਣੇ ਮੂੰਹ ਨਾਲ ਰੁੱਖ੍ਖੇ ਨਾ ਹੋਵੋ, ਅਤੇ ਪਰਮੇਸ਼ੁਰ ਅੱਗੇ ਆਪਣੇ ਦਿਲ ਨੂੰ ਰੁੱਖਾ ਨਾ ਬੋਲਣ ਦੇਵੋ। ਕਿਉਂ ਕਿ ਪਰਮੇਸ਼ੁਰ ਸਵਰਗ ਵਿੱਚ ਹੈ ਅਤੇ ਤੁਸੀਂ ਧਰਤੀ ਉੱਤੇ ਹੋ। ਇਸੇ ਲਈ, ਆਪਣੇ ਸ਼ਬਦਾਂ ਨੂੰ ਘਟਾਵੋ।
3 ਕਿਉਂ ਕਿ ਬਹੁਤੀ ਚਿੰਤਾ ਬੁਰੇ ਸੁਪਨੇ ਲਿਆਉਂਦੀ ਹੈ ਅਤੇ ਮੂਰਖ,
ਅਨੇਕ ਸ਼ਬਦ ਲਿਆਉਂਦੇ ਹਨ।
4 ਜੇ ਤੁਸੀਂ ਪਰਮੇਸ਼ੁਰ ਨਾਲ ਕੋਈ ਇਕਰਾਰ ਕਰੋ। ਤਾਂ ਆਪਣੇ ਕੀਤੇ ਹੋਏ ਇਕਰਾਰ ਨੂੰ ਕਰਨ ਵਿੱਚ ਢਿੱਲ ਨਾ ਲਾਉ। ਪਰਮੇਸ਼ੁਰ ਮੂਰੱਖਾਂ ਨਾਲ ਪ੍ਰਸੰਨ ਨਹੀਂ ਹੁੰਦਾ। ਪਰਮੇਸ਼ੁਰ ਨੂੰ ਉਹੀ ਦਿਓ ਜਿਸ ਨੂੰ ਦੇਣ ਦਾ ਤੁਸੀਂ ਇਕਰਾਰ ਕੀਤਾ ਸੀ। 5 ਕਿਸੇ ਚੀਜ਼ ਨੂੰ ਦੇਣ ਦਾ ਇਕਰਾਰ ਕਰਨ ਅਤੇ ਫੇਰ ਉਸ ਨੂੰ ਪੂਰਾ ਕਰਨ ਦੇ ਯੋਗ ਨ ਹੋਣ ਨਾਲੋਂ ਕਿਸੇ ਵੀ ਚੀਜ਼ ਦਾ ਇਕਰਾਰ ਨਾ ਕਰਨਾ ਬਿਹਤਰ ਹੈ। 6 ਇਸ ਲਈ, ਆਪਣੇ ਸ਼ਬਦਾਂ ਨਾਲ ਆਪਣੇ-ਆਪ ਨੂੰ ਦੋਸ਼ੀ ਨਾ ਬਣਾਓ। ਜਾਜਕ ਨੂੰ ਇਹ ਨਾ ਆਖੋ, “ਜੋ ਮੈਂ ਆਖਿਆ ਸੀ ਮੇਰਾ ਮਤਲਬ ਉਹ ਨਹੀਂ ਸੀ!” ਪਰਮੇਸ਼ੁਰ ਨੂੰ ਗੁੱਸਾ ਕਿਉਂ ਆਵੇ ਜਦੋਂ ਉਹ ਤੁਹਾਨੂੰ ਸੁਣਦਾ, ਅਤੇ ਉਸ ਸਾਰੇ ਕੁਝ ਨੂੰ ਤਬਾਹ ਕਰ ਦੇਵੇ ਜਿਸ ਲਈ ਤੁਸੀਂ ਕੰਮ ਕਰ ਰਹੇ ਸੀ। 7 ਤੁਹਾਨੂੰ ਦਿਨ ਵੇਲੇ ਸੁਪਨੇ ਵੇਖਕੇ ਅਤੇ ਜ਼ਿਆਦਾ ਬੋਲਕੇ ਆਪਣੇ-ਆਪ ਨੂੰ ਖਤਰੇ ’ਚ ਨਹੀਂ ਪਾਉਣਾ ਚਾਹੀਦਾ। ਬਲਕਿ, ਪਰਮੇਸ਼ੁਰ ਦੀ ਇੱਜ਼ਤ ਕਰੋ!
ਹਰ ਹਾਕਮ ਉੱਤੇ ਹੋਰ ਹਾਕਮ ਹੈ
8 ਜੇਕਰ ਤੁਸੀਂ ਗਰੀਬ ਤੇ ਅਤਿਆਚ੍ਚਾਰ ਹੁੰਦਿਆਂ ਅਤੇ ਨਿਆਂ ਨੂੰ ਅਸ੍ਵੀਕਾਰ ਹੁੰਦਿਆਂ ਵੇਖੋਁ, ਅਚਂਭਿਤ ਨਾ ਹੋਵੋ। ਹਰ ਅਧਿਕਾਰੀ ਉੱਪਰ ਅਧਿਕਾਰੀ ਹੈ, ਅਤੇ ਅਗਾਂਹ ਇਨ੍ਹਾਂ ਅਧਿਕਾਰੀਆਂ ਉੱਤੇ ਅਧਿਕਾਰੀ ਹਨ। 9 ਅਤੇ ਇਹ ਸਭ ਕੁਝ ਜ਼ਮੀਨ ਤੋਂ ਨਫ਼ਾ ਪ੍ਰਾਪਤ ਕਰਨ ਲਈ ਕੀਤਾ ਗਿਆ ਸੀ, ਕਿਉਂ ਕਿ ਰਾਜਾ ਖੇਤਾਂ ਤੇ ਨਿਰਭਰ ਕਰਦਾ ਹੈ।
ਦੌਲਤ ਖੁਸ਼ੀ ਨਹੀਂ ਖਰੀਦ ਸੱਕਦੀ
10 ਜਿਹੜਾ ਬੰਦਾ ਪੈਸੇ ਨੂੰ ਪਿਆਰ ਕਰਦਾ ਹੈ, ਕਦੇ ਵੀ ਪੈਸੇ ਨਾਲ ਸੰਤੁਸ਼ਟ ਨਹੀਂ ਹੋਵੇਗਾ ਜੋ ਉਸ ਦੇ ਪਾਸ ਹੈ। ਅਤੇ ਜਿਹੜਾ ਬੰਦਾ ਦੌਲਤ ਨੂੰ ਪਿਆਰ ਕਰਦਾ, ਕਦੇ ਵੀ ਫ਼ਸਲ ਨਾਲ ਸੰਤੁਸ਼ਟ ਨਹੀਂ ਹੋਵੇਗਾ। ਇਹ ਵੀ ਅਰਬਹੀਣ ਹੈ।
11 ਜਿਂਨੀ ਵੀ ਬਹੁਤੀ ਦੌਲਤ ਕਿਸੇ ਬੰਦੇ ਕੋਲ ਹੁੰਦੀ ਹੈ ਉਤਨੇ ਹੀ ਬਹੁਤੇ ਉਸ ਦੇ “ਦੋਸਤ” ਹੁੰਦੇ ਹਨ ਜੋ ਇਸ ਨੂੰ ਖਰਚਣ ਵਿੱਚ ਸਹਾਈ ਹੁੰਦੇ ਹਨ। ਇਸ ਤਰ੍ਹਾਂ ਅਮੀਰ ਆਦਮੀ ਅਸਲ ਵਿੱਚ ਕੋਈ ਲਾਭ ਪ੍ਰਾਪਤ ਨਹੀਂ ਕਰਦਾ। ਉਹ ਸਿਰਫ ਆਪਣੀ ਦੌਲਤ ਨੂੰ ਦੇਖ ਸੱਕਦਾ ਹੈ।
12 ਜਿਹੜਾ ਬੰਦਾ ਸਾਰਾ ਦਿਨ ਸਖਤ ਮਿਹਨਤ ਕਰਦਾ ਹੈ, ਘਰ ਆ ਕੇ ਸ਼ਾਂਤੀ ਨਾਲ ਸੌਁਦਾ ਹੈ। ਬਿਨਾ ਚਿੰਤਾ ਕੀਤਿਆਂ ਕਿ ਉਸ ਨੇ ਬਹੁਤਾ ਖਾਧਾ ਜਾਂ ਥੋੜਾ। ਪਰ ਅਮੀਰ ਆਦਮੀ ਆਪਣੇ ਧੰਨ ਦਾ ਫਿਕਰ ਕਰਦਾ ਰਹਿੰਦਾ ਹੈ ਅਤੇ ਉਹ ਸੌਂ ਨਹੀਂ ਸੱਕਦਾ।
13 ਇੱਕ ਘਿਨਾਉਣੀ ਬਦੀ ਹੈ ਜਿਸ ਨੂੰ ਮੈਂ ਇਸ ਦੁਨੀਆਂ ਵਿੱਚ ਵਾਪਰਦਿਆਂ ਦੇਖਿਆ। ਦੌਲਤ ਇਸ ਦੇ ਮਾਲਕ ਦੁਆਰਾ ਰੱਖੀ ਜਾਂਦੀ ਹੈ ਜੋ ਉਸ ਨੂੰ ਨੁਕਸਾਨ ਪਹੁੰਚਾਉਣ ਦਾ ਕਾਰਣ ਬਣਦੀ ਹੈ 14 ਅਤੇ ਫੇਰ ਕੁਝ ਬੁਰਾ ਵਾਪਰਦਾ ਹੈ ਅਤੇ ਉਹ ਹਰ ਚੀਜ਼ ਗੁਆ ਬੈਠਦਾ ਹੈ। ਇਸ ਤਰ੍ਹਾਂ ਉਸ ਬੰਦੇ ਕੋਲ ਆਪਣੇ ਪੁੱਤਰ ਨੂੰ ਦੇਣ ਲਈ ਕੁਝ ਨਹੀਂ ਬਚਦਾ।
15 ਬਿਲਕੁਲ ਜਿਵੇਂ ਉਹ ਆਪਣੀ ਮਾਤਾ ਦੇ ਗਰਭ ਵਿੱਚੋਂ ਨੰਗਾ ਬਾਹਰ ਆਇਆ, ਉਹ ਫ਼ਿਰ ਤੋਂ ਨੰਗਾ ਹੀ ਜਾਵੇਗਾ ਅਤੇ ਜਦੋਂ ਉਹ ਜਾਵੇਗਾ ਉਸ ਵਿੱਚੋਂ ਕੁਝ ਵੀ ਆਪਣੇ ਨਾਲ ਨਹੀਂ ਲੈ ਕੇ ਜਾਵੇਗਾ ਜਿਸ ਲਈ ਉਸ ਨੇ ਕੰਮ ਕੀਤਾ ਸੀ। 16 ਇਹ ਘਿਨਾਉਣੀ ਬਦੀ ਹੈ। ਉਹ ਦੁਨੀਆਂ ਨੂੰ ਓਸੇ ਤਰ੍ਹਾਂ ਛੱਡ ਦੇਵੇਗਾ ਜਿਵੇਂ ਉਹ ਆਇਆ ਸੀ। ਤਾਂ ਫ਼ਿਰ ਉਸ ਨੂੰ ਕੀ ਲਾਭ ਮਿਲੇਗਾ, “ਕਿ ਉਸ ਨੂੰ ਹਵਾ ਲਈ ਮਜਦੂਰੀ ਕਰਨੀ ਪੈਂਦੀ ਹੈ।” 17 ਉਸ ਨੂੰ ਕੇਵਲ ਉਦਾਸੀ ਅਤੇ ਗਮ ਨਾਲ ਭਰੇ ਹੋਏ ਦਿਨ ਹੀ ਮਿਲਦੇ ਹਨ। ਅਖੀਰ ਵਿੱਚ ਉਸ ਨੂੰ ਨਾਕਾਮੀ ਬਿਮਾਰੀ ਅਤੇ ਗੁੱਸਾ ਹੀ ਮਿਲਦਾ ਹੈ।
ਆਪਣੇ ਜੀਵਨ ਦੇ ਕੰਮ ਦਾ ਆਨੰਦ ਮਾਣੋ
18 ਮੈਂ ਦੇਖਿਆ ਹੈ ਕਿ ਸਭ ਤੋਂ ਚੰਗਾ ਕੰਮ ਜਿਹੜਾ ਕੋਈ ਬੰਦਾ ਕਰ ਸੱਕਦਾ ਖਾਣਾ ਅਤੇ ਪੀਣਾ ਹੈ ਅਤੇ ਆਪਣੇ ਕੰਮ ਦੇ ਫ਼ਲ ਦਾ ਆਨੰਦ ਮਾਨਣਾ, ਜੋ ਉਹ ਇਸ ਦੁਨੀਆਂ ਵਿੱਚ ਕਰਦਾ, ਪਰਮੇਸ਼ੁਰ ਦੁਆਰਾ ਦਿੱਤੇ ਗਏ ਉਸ ਦੀ ਜ਼ਿੰਦਗੀ ਦੇ ਗਿਣਤੀ ਦੇ ਦਿਨਾਂ ਦੌਰਾਨ ਕਰਦਾ ਹੈ ਕਿਉਂ ਕਿ ਇਹੀ ਉਸਦਾ ਹਿੱਸਾ ਹੈ।
19 ਜੇ ਪਰਮੇਸ਼ੁਰ ਧੰਨ, ਜਾਇਦਾਦ ਅਤੇ ਇਨ੍ਹਾਂ ਚੀਜ਼ਾਂ ਨੂੰ ਭੋਗਣ, ਦੀ ਸ਼ਕਤੀ ਦਿੰਦਾ ਹੈ। ਇਹ ਪਰਮੇਸ਼ੁਰ ਵੱਲੋਂ ਦਾਤ ਹੈ। 20 ਅਜਿਹਾ ਬੰਦਾ ਆਪਣੇ ਜੀਵਨ ਬਾਰੇ ਜ਼ਿਆਦਾ ਨਹੀਂ ਸੋਚਦਾ, ਕਿਉਂ ਜੋ ਪਰਮੇਸ਼ੁਰ ਉਸ ਨੂੰ ਉਸ ਦੇ ਦਿਲ ਦੀ ਖੁਸ਼ੀ ਵਿੱਚ ਵਿਅਸਤ ਰੱਖਦਾ। ਖਦਾ।
1 ਮਸੀਹ ਯਿਸੂ ਦੇ ਰਸੂਲ, ਪੌਲੁਸ, ਵੱਲੋਂ ਸ਼ੁਭਕਾਮਨਾਵਾਂ। ਮੈਂ ਰਸੂਲ ਇਸ ਲਈ ਹਾਂ ਕਿਉਂਕਿ ਇਹ ਪਰਮੇਸ਼ੁਰ ਦੀ ਰਜ਼ਾ ਹੈ। ਪਰਮੇਸ਼ੁਰ ਨੇ ਮੈਨੂੰ ਲੋਕਾਂ ਨੂੰ ਜੀਵਨ ਦੇ ਉਸ ਵਾਅਦੇ ਬਾਰੇ ਦੱਸਣ ਲਈ ਭੇਜਿਆ ਹੈ ਜਿਹੜਾ ਮਸੀਹ ਯਿਸੂ ਵਿੱਚ ਹੈ।
2 ਤਿਮੋਥਿਉਸ ਨੂੰ, ਤੁਸੀਂ ਮੇਰੇ ਲਈ ਪਿਆਰੇ ਪੁੱਤਰ ਵਰਗੇ ਹੋ।
ਪਰਮੇਸ਼ੁਰ ਪਿਤਾ ਅਤੇ ਮਸੀਹ ਯਿਸੂ ਸਾਡੇ ਪ੍ਰਭੂ, ਵੱਲੋਂ ਤੁਹਾਨੂੰ ਕਿਰਪਾ, ਮਿਹਰ ਅਤੇ ਸ਼ਾਂਤੀ ਹੋਵੇ।
ਧੰਨਵਾਦ ਅਤੇ ਹੌਂਸਲਾ ਅਫ਼ਜ਼ਾਈ
3 ਮੈਂ ਹਮੇਸ਼ਾ ਦਿਨ ਰਾਤ ਤੁਹਾਨੂੰ ਆਪਣੀਆਂ ਪ੍ਰਾਰਥਨਾ ਵਿੱਚ ਚੇਤੇ ਕਰਦਾ ਹਾਂ। ਇਨ੍ਹਾਂ ਪ੍ਰਾਰਥਨਾ ਵਿੱਚ ਮੈਂ ਤੁਹਾਡੇ ਲਈ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ। ਉਹੀ ਪਰਮੇਸ਼ੁਰ ਹੈ ਜਿਸਦੀ ਮੇਰੇ ਪੁਰਖਿਆਂ ਨੇ ਸੇਵਾ ਕੀਤੀ ਸੀ। ਮੈਂ ਵੀ ਹਮੇਸ਼ਾ ਉਸਦੀ ਅਜਿਹੇ ਕੰਮ ਕਰਦਿਆਂ ਸੇਵਾ ਕੀਤੀ ਹੈ ਜਿਨ੍ਹਾਂ ਨੂੰ ਮੈਂ ਸਹੀ ਸਮਝਿਆ ਹੈ। 4 ਜਿਹੜੇ ਅੱਥਰੂ ਤੁਸੀਂ ਮੇਰੇ ਲਈ ਵਹਾਏ ਨੇ ਮੈਨੂੰ ਯਾਦ ਆਉਂਦੇ ਹਨ। ਮੈਂ ਤੁਹਾਨੂੰ ਮਿਲਣ ਲਈ ਬੇਤਾਬ ਹਾਂ ਤਾਂ ਜੋ ਮੈਂ ਭਰਪੂਰ ਖੁਸ਼ੀ ਹਾਸਿਲ ਕਰ ਸੱਕਾਂ। 5 ਮੈਂ ਤੁਹਾਡੇ ਸੱਚੇ ਵਿਸ਼ਵਾਸ ਨੂੰ ਯਾਦ ਕਰਦਾ ਹਾਂ। ਇਹ ਉਹੀ ਵਿਸ਼ਵਾਸ ਹੈ ਜਿਹੜੀ ਤੁਹਾਡੀ ਨਾਨੀ ਲੋਇਸ ਅਤੇ ਤੁਹਾਡੀ ਮਾਤਾ ਯੂਨੀਕਾ ਨੂੰ ਸੀ। ਮੈਨੂੰ ਯਕੀਨ ਹੈ ਕਿ ਤੁਹਾਨੂੰ ਵੀ ਉਹੀ ਵਿਸ਼ਵਾਸ ਹੈ। 6 ਇਸੇ ਲਈ ਮੈਂ ਚਾਹੁੰਨਾ ਕਿ ਤੁਸੀਂ ਉਸ ਦਾਤ ਨੂੰ ਚੇਤੇ ਕਰੋ ਜਿਹੜੀ ਤੁਹਾਨੂੰ ਪਰਮੇਸ਼ੁਰ ਨੇ ਬਖਸ਼ੀ ਸੀ। ਪਰਮੇਸ਼ੁਰ ਨੇ ਇਹ ਦਾਤ ਤੁਹਾਨੂੰ ਉਦੋਂ ਬਖਸ਼ੀ ਸੀ ਜਦੋਂ ਮੈਂ ਤੁਹਾਡੇ ਤੇ ਆਪਣੇ ਹੱਥ ਰੱਖੇ ਸਨ। ਹੁਣ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਦਾਤ ਦੀ ਵਰਤੋਂ ਕਰੋ ਅਤੇ ਇਸ ਨੂੰ ਉਸੇ ਤਰ੍ਹਾਂ ਪ੍ਰਫ਼ੁੱਲਤ ਹੋਣ ਦਿਉ ਜਿਵੇਂ ਅੱਗ ਦੀ ਚੰਗਿਆੜੀ ਲਾਟ ਬਣ ਜਾਂਦੀ ਹੈ। 7 ਪਰਮੇਸ਼ੁਰ ਨੇ ਸਾਨੂੰ ਅਜਿਹਾ ਆਤਮਾ ਨਹੀਂ ਦਿੱਤਾ ਜਿਹੜਾ ਸਾਨੂੰ ਡਰਪੋਕ ਬਣਾਉਂਦਾ ਹੋਵੇ। ਪਰਮੇਸ਼ੁਰ ਨੇ ਸਾਨੂੰ ਸ਼ਕਤੀ, ਪ੍ਰੇਮ ਅਤੇ ਸ੍ਵੈਂ-ਸੰਜ਼ਮ ਦਾ ਆਤਮਾ ਪ੍ਰਦਾਨ ਕੀਤਾ ਹੈ।
8 ਇਸ ਲਈ ਲੋਕਾਂ ਨੂੰ ਸਾਡੇ ਪ੍ਰਭੂ ਯਿਸੂ ਬਾਰੇ ਦੱਸੱਦਿਆਂ ਸੰਗੋ ਨਾ। ਅਤੇ ਮੇਰੇ ਲਈ ਵੀ ਸ਼ਰਮਸਾਰ ਨਾ ਹੋਵੋ। ਕਿਉਂਕਿ ਮੈਂ ਪ੍ਰਭੂ ਦੇ ਨਮਿੱਤ ਕੈਦ ਵਿੱਚ ਹਾਂ। ਪਰ ਮੇਰੇ ਨਾਲ ਖੁਸ਼ਖਬਰੀ ਲਈ ਕਸ਼ਟ ਸਹਾਰੋ। ਪਰਮੇਸ਼ੁਰ ਸਾਨੂੰ ਅਜਿਹਾ ਕਰਨ ਲਈ ਬਲ ਬਖਸ਼ਦਾ ਹੈ।
9 ਪਰਮੇਸ਼ੁਰ ਨੇ ਸਾਨੂੰ ਬਚਾਇਆ ਅਤੇ ਸਾਨੂੰ ਆਪਣੇ ਪਵਿੱਤਰ ਲੋਕ ਬਣਾਇਆ। ਇਹ ਇਸ ਲਈ ਨਹੀਂ ਕਿ ਅਸੀਂ ਕੁਝ ਕੀਤਾ ਹੈ ਬਲਕਿ ਇਹ ਉਸ ਦੇ ਆਪਣੇ ਇਰਾਦੇ ਅਤੇ ਕਿਰਪਾ ਕਾਰਣ ਹੋਇਆ ਹੈ। ਇਹ ਕਿਰਪਾ ਸਾਨੂੰ ਦੁਨੀਆਂ ਦੇ ਮੁੱਢੋਂ ਮਸੀਹ ਯਿਸੂ ਰਾਹੀਂ ਪ੍ਰਦਾਨ ਕੀਤੀ ਗਈ ਹੈ। 10 ਇਹ ਕਿਰਪਾ ਹੁਣ ਤੱਕ ਸਾਨੂੰ ਨਹੀਂ ਦਰਸਾਈ ਗਈ ਸੀ। ਇਹ ਉਦੋਂ ਵਿਖਾਈ ਗਈ ਸੀ ਜਦੋਂ ਸਾਡਾ ਮੁਕਤੀਦਾਤਾ ਮਸੀਹ ਯਿਸੂ ਆਇਆ ਸੀ। ਯਿਸੂ ਦੇ ਕਾਲ ਦਾ ਵਿਨਾਸ਼ ਕੀਤਾ ਅਤੇ ਸਾਨੂੰ ਜੀਵਨ ਦਾ ਰਾਹ ਦਿਖਾਇਆ। ਹਾਂ। ਖੁਸ਼ਖਬਰੀ ਦੇ ਰਾਹੀਂ ਯਿਸੂ ਨੇ ਸਾਨੂੰ ਅਜਿਹੇ ਜੀਵਨ ਨੂੰ ਪ੍ਰਾਪਤ ਕਰਨ ਦਾ ਰਾਹ ਦਿਖਾਇਆ ਜਿਹੜਾ ਤਬਾਹ ਨਹੀਂ ਹੋ ਸੱਕਦਾ।
11 ਮੈਨੂੰ ਇਹ ਖੁਸ਼ਖਬਰੀ ਦੇਣ ਲਈ ਚੁਣਿਆ ਗਿਆ। ਮੈਨੂੰ ਰਸੂਲ ਦੇ ਤੌਰ ਤੇ ਅਤੇ ਖੁਸ਼ਖਬਰੀ ਦਾ ਗੁਰੂ ਚੁਣਿਆ ਗਿਆ ਹੈ। 12 ਹੁਣ ਮੈਂ ਇਹ ਕਸ਼ਟ ਇਸ ਲਈ ਸਹਾਰ ਰਿਹਾ ਹਾਂ ਕਿਉਂਕਿ ਮੈਂ ਇਹ ਖੁਸ਼ਖਬਰੀ ਦੱਸ ਰਿਹਾ ਹਾਂ। ਪਰ ਮੈਂ ਸ਼ਰਮਸਾਰ ਨਹੀਂ ਹਾਂ। ਮੈਂ ਜਾਣਦਾ ਹਾਂ ਕਿ ਮੈਂ ਕਿਸ ਉੱਤੇ ਵਿਸ਼ਵਾਸ ਕੀਤਾ ਹੈ। ਮੈਨੂੰ ਪਤਾ ਹੈ ਕਿ ਉਹ ਉਸਦੀ ਰਾਖੀ ਕਰਨ ਦੇ ਸਮਰਥ ਹੈ ਜੋ ਉਸ ਨੇ ਮੈਨੂੰ ਅੰਤਲੇ ਦਿਹਾੜੇ ਤੱਕ ਸੌਂਪਿਆ ਹੈ।
13 ਉਨ੍ਹਾਂ ਸੱਚੇ ਉਪਦੇਸ਼ਾਂ ਉੱਤੇ ਚੱਲੋਂ ਜਿਹੜੇ ਤੁਸੀਂ ਮੇਰੇ ਕੋਲੋਂ ਸੁਣੇ ਹਨ। ਉਨ੍ਹਾਂ ਉਪਦੇਸ਼ਾਂ ਦਾ ਅਨੁਸਰਣ ਕਰੋ ਜਿਹੜੇ ਸਾਡੇ ਮਸੀਹ ਯਿਸੂ ਵਿੱਚ ਵਿਸ਼ਵਾਸ ਅਤੇ ਪ੍ਰੇਮ ਨਾਲ ਹਨ। 14 ਜਿਹੜਾ ਸੱਚ ਤੁਹਾਨੂੰ ਦਿੱਤਾ ਗਿਆ ਹੈ ਉਸਦੀ ਰੱਖਿਆ ਕਰੋ। ਉਨ੍ਹਾਂ ਚੀਜ਼ਾਂ ਦੀ ਰਾਖੀ ਪਵਿੱਤਰ ਆਤਮਾ ਦੀ ਸਹਾਇਤਾ ਨਾਲ ਕਰੋ। ਉਹ ਪਵਿੱਤਰ ਆਤਮਾ ਸਾਡੇ ਅੰਦਰ ਵੱਸਦਾ ਹੈ।
15 ਤੁਸੀਂ ਜਾਣਦੇ ਹੋ ਕਿ ਅਸਿਯਾ ਦੇ ਦੇਸ਼ ਵਿੱਚ ਹਰ ਵਿਅਕਤੀ ਨੇ ਮੈਨੂੰ ਛੱਡ ਦਿੱਤਾ ਹੈ। ਇੱਥੋਂ ਤੱਕ ਕਿ ਫ਼ੁਗਿਲੁਸ ਅਤੇ ਹਰਮੁਗਨੇਸ ਨੇ ਵੀ ਮੈਨੂੰ ਛੱਡ ਦਿੱਤਾ ਹੈ। 16 ਮੈਂ ਪ੍ਰਾਰਥਨਾ ਕਰਦਾ ਹਾਂ ਕਿ ਪ੍ਰਭੂ ਉਨਸਿਫ਼ੁਰੁਸ ਦੇ ਪਰਿਵਾਰ ਉੱਤੇ ਮਿਹਰ ਦਰਸ਼ਾਵੇਗਾ। ਉਨਸਿਫ਼ੁਰੁਸ ਨੇ ਕਈ ਵਾਰੀ ਮੇਰੀ ਸਹਾਇਤਾ ਕੀਤੀ ਹੈ। ਉਹ ਇਸ ਗੱਲੋਂ ਸ਼ਰਮਸਾਰ ਨਹੀਂ ਕਿ ਮੈਂ ਕੈਦ ਵਿੱਚ ਹਾਂ। 17 ਨਹੀਂ। ਉਹ ਸ਼ਰਮਸਾਰ ਨਹੀਂ ਸੀ ਜਦੋਂ ਉਹ ਰੋਮ ਵਿੱਚ ਆਇਆ ਉਸ ਨੇ ਮੇਰੀ ਹਰ ਥਾਂ ਭਾਲ ਕੀਤੀ ਤੇ ਮੈਨੂੰ ਆਖਿਰਕਾਰ ਲੱਭ ਲਿਆ। 18 ਮੈਂ ਪ੍ਰਾਰਥਨਾ ਕਰਦਾ ਹਾਂ ਕਿ ਪ੍ਰਭੂ ਉਨਿਸਫ਼ੁਰੁਸ ਤੇ ਨਿਆਂ ਦੇ ਦਿਹਾੜੇ ਮਿਹਰ ਦਰਸ਼ਾਵੇਗਾ। ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਉਨਿਸਫ਼ੁਰੁਸ ਨੇ ਅਫ਼ਸੁਸ ਵਿੱਚ ਕਿੰਨੇ ਢੰਗਾਂ ਰਾਹੀਂ ਮੇਰੀ ਤਰ੍ਹਾਂ ਸਹਾਇਤਾ ਕੀਤੀ ਸੀ।
2010 by World Bible Translation Center