Print Page Options
Previous Prev Day Next DayNext

M’Cheyne Bible Reading Plan

The classic M'Cheyne plan--read the Old Testament, New Testament, and Psalms or Gospels every day.
Duration: 365 days
Punjabi Bible: Easy-to-Read Version (ERV-PA)
Version
ਲੇਵੀਆਂ ਦੀ ਪੋਥੀ 6

ਬਾਕੀ ਪਾਪਾਂ ਲਈ ਦੋਸ਼ ਦੀਆਂ ਭੇਟਾਂ

ਯਹੋਵਾਹ ਨੇ ਮੂਸਾ ਨੂੰ ਆਖਿਆ, “ਹੋ ਸੱਕਦਾ ਹੈ ਕੋਈ ਬੰਦਾ ਇਨ੍ਹਾਂ ਵਿੱਚੋਂ ਕੋਈ ਇੱਕ ਪਾਪ ਕਰਕੇ ਯਹੋਵਾਹ ਦੇ ਖਿਲਾਫ਼ ਕੁਝ ਗਲਤ ਕਰੇ: ਕੋਈ ਬੰਦਾ ਕਿਸੇ ਜਮ੍ਹਾਂ ਕਰਾਈ ਹੋਈ ਰਕਮ [a] ਬਾਰੇ ਝੂਠ ਬੋਲ ਸੱਕਦਾ ਜੋ ਉਸ ਨੂੰ ਮਿਲੀ ਹੋਵੇ। ਜਾਂ ਕੋਈ ਬੰਦਾ ਕਿਸੇ ਚੀਜ਼ ਨੂੰ ਚੁਰਾ ਲਵੇ। ਜਾਂ ਕੋਈ ਬੰਦਾ ਕਿਸੇ ਨੂੰ ਧੋਖਾ ਦੇਵੇ। ਜਾਂ ਹੋ ਸੱਕਦਾ ਕਿ ਕੋਈ ਬੰਦਾ ਗੁਆਂਢੀ ਦੀ ਗੁਆਚੀ ਹੋਈ ਕਿਸੇ ਚੀਜ਼ ਨੂੰ ਲੱਭ ਲਵੇ ਅਤੇ ਇਸ ਬਾਰੇ ਝੂਠ ਬੋਲੇ। ਜਾਂ ਹੋ ਸੱਕਦਾ ਕੋਈ ਬੰਦਾ ਕਾਸੇ ਬਾਰੇ ਝੂਠੀ ਸੌਂਹ ਖਾਵੇ ਜਾਂ ਉਹ ਕੋਈ ਹੋਰ ਪਾਪ ਕਰੋ। ਜੇ ਕੋਈ ਬੰਦਾ ਇਨ੍ਹਾਂ ਵਿੱਚੋਂ ਕੋਈ ਗੱਲ ਕਰੇ, ਤਾਂ ਉਹ ਬੰਦਾ ਪਾਪ ਦਾ ਦੋਸ਼ੀ ਹੈ। ਉਸ ਬੰਦੇ ਨੂੰ ਉਹ ਚੀਜ਼ ਵਾਪਸ ਲਿਆਉਣੀ ਚਾਹੀਦੀ ਹੈ ਜੋ ਉਸ ਨੇ ਚੋਰੀ ਕੀਤੀ, ਜਾਂ ਜਿਸ ਨੂੰ ਉਸ ਨੇ ਧੋਖੇ ਨਾਲ ਲਿਆ, ਜਾਂ ਉਸ ਨੇ ਜੋ ਕੁਝ ਵੀ ਲਿਆ ਜਿਸ ਨੂੰ ਕਿਸੇ ਹੋਰ ਨੇ ਅਮਾਨਤ ਦੇ ਤੌਰ ਤੇ ਰੱਖਣ ਲਈ ਦਿੱਤਾ ਸੀ। ਜਾਂ ਜੋ ਕੁਝ ਵੀ ਉਸ ਨੂੰ ਲੱਭਿਆ ਅਤੇ ਉਸ ਬਾਰੇ ਝੂਠ ਬੋਲਿਆ, ਜਾਂ ਉਸ ਨੇ ਜੋ ਵੀ ਝੂਠੀ ਸੌਂਹ ਖਾਧੀ, ਉਸ ਨੂੰ ਇਸਦੀ ਪੂਰੀ ਕੀਮਤ ਵਿੱਚ ਚੀਜ਼ ਦੇ ਮੁੱਲ ਦਾ ਪੰਜਵਾਂ ਹਿੱਸਾ ਵੱਧ ਜਮ੍ਹਾਂ ਕਰਕੇ ਅਦਾ ਕਰਨਾ ਚਾਹੀਦਾ ਹੈ। ਉਸ ਨੂੰ ਇਹ ਪੈਸਾ ਜਦੋਂ ਉਹ ਆਪਣਾ ਦੋਸ਼ ਦੀ ਭੇਟ ਲੈ ਕੇ ਆਉਂਦਾ, ਉਸ ਦੇ ਅਸਲੀ ਮਾਲਕ ਨੂੰ ਦੇਣਾ ਚਾਹੀਦਾ ਹੈ। ਉਸ ਬੰਦੇ ਨੂੰ ਜਾਜਕ ਕੋਲ ਆਪਣੀ ਦੋਸ਼ ਦੀ ਭੇਟ ਲੈ ਕੇ ਆਉਣੀ ਚਾਹੀਦੀ ਹੈ। ਇਹ ਉਸ ਦੇ ਇੱਜੜ ਵਿੱਚੋਂ ਇੱਕ ਬੇਨੁਕਸ ਭੇਡੂ ਹੋਣਾ ਚਾਹੀਦਾ ਹੈ। ਇਹ ਉਨੇ ਹੀ ਮੁੱਲ ਦਾ ਹੋਣਾ ਚਾਹੀਦਾ ਜਿੰਨਾ ਜਾਜਕ ਆਖੇ। ਇਹ ਯਹੋਵਾਹ ਨੂੰ ਦੋਸ਼ ਦੀ ਭੇਟ ਹੋਵੇਗੀ। ਫ਼ੇਰ ਜਾਜਕ ਦੇ ਅੱਗੇ ਜਾਵੇਗਾ ਅਤੇ ਉਸ ਵਿਅਕਤੀ ਲਈ ਪਰਾਸਚਿਤ ਕਰੇਗਾ ਅਤੇ ਉਹ ਗੱਲਾਂ ਜਿਨ੍ਹਾਂ ਨੂੰ ਕਰਕੇ ਉਹ ਦੋਸ਼ੀ ਬਣਿਆ ਸੀ ਮਾਫ਼ ਕਰ ਦਿੱਤੀਆਂ ਜਾਣਗੀਆਂ।”

ਹੋਮ ਦੀਆਂ ਭੇਟਾਂ

ਯਹੋਵਾਹ ਨੇ ਮੂਸਾ ਨੂੰ ਆਖਿਆ, “ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਇਹ ਹੁਕਮ ਦਿਉ; ਇਹ ਹੋਮ ਦੀ ਭੇਟ ਦੀ ਬਿਧੀ ਹੈ। ਹੋਮ ਦੀ ਭੇਟ ਸਾਰੀ ਰਾਤ, ਸਵੇਰ ਹੋਣ ਤੀਕ ਜਗਵੇਦੀ ਉੱਤੇ ਰਹਿਣੀ ਚਾਹੀਦੀ ਹੈ। ਜਗਵੇਦੀ ਦੀ ਅੱਗ ਬਲਦੀ ਰਹਿਣੀ ਚਾਹੀਦੀ ਹੈ। 10 ਜਾਜਕ ਨੂੰ ਆਪਣਾ ਲਿਨਨ ਦਾ ਕੱਛਾ ਅਤੇ ਲਿਨਨ ਦਾ ਚੋਲਾ ਪਹਿਨਣਾ ਚਾਹੀਦਾ ਹੈ। ਫ਼ੇਰ ਉਸ ਨੂੰ ਹੋਮ ਦੀ ਭੇਟ ਸੜਨ ਤੋਂ ਬਾਦ ਜਗਵੇਦੀ ਉੱਤੇ ਬਚੀ ਹੋਈ ਰਾਖ ਚੁੱਕ ਦੇਣੀ ਚਾਹੀਦੀ ਹੈ। ਉਸ ਨੂੰ ਇਹ ਰਾਖ ਜਗਵੇਦੀ ਦੇ ਪਾਸੇ ਤੇ ਪਾ ਦੇਣੀ ਚਾਹੀਦੀ ਹੈ। 11 ਫ਼ੇਰ ਉਸ ਨੂੰ ਆਪਣੇ ਉਸ ਵਸਤਰ ਉਤਾਰ ਦੇਣੇ ਚਾਹੀਦੇ ਹਨ ਅਤੇ ਹੋਰ ਵਸਤਰ ਪਾਕੇ ਉਹ ਰਾਖ ਚੁੱਕੇ ਡੇਰੇ ਤੋਂ ਬਾਹਰ ਸ਼ੁੱਧ ਥਾਂ ਤੇ ਲੈ ਜਾਣੀ ਚਾਹੀਦੀ ਹੈ। 12 ਪਰ ਜਗਵੇਦੀ ਦੀ ਅੱਗ ਬਲਦੀ ਰੱਖਣੀ ਚਾਹੀਦੀ ਹੈ। ਇਸ ਨੂੰ ਬੁਝਣ ਨਹੀਂ ਦਿੱਤਾ ਜਾਣਾ ਚਾਹੀਦਾ ਹਰ ਸਵੇਰ ਜਾਜਕ ਨੂੰ ਅੱਗ ਵਿੱਚ ਲੱਕੜਾਂ ਪਾਉਣੀਆਂ ਚਾਹੀਦੀਆਂ ਹਨ। ਉਸ ਨੂੰ ਹੋਮ ਦੀ ਭੇਟ ਨੂੰ ਜਗਵੇਦੀ ਉੱਤੇ ਰੱਖਣਾ ਚਾਹੀਦਾ ਹੈ ਅਤੇ ਸੁੱਖ-ਸਾਂਦ ਦੀ ਭੇਟ ਦੀ ਚਰਬੀ ਸਾੜ ਦੇਣੀ ਚਾਹੀਦੀ ਹੈ। 13 ਜਗਵੇਦੀ ਉੱਤੇ ਅੱਗ ਬਿਨਾ ਰੁਕੇ ਬਲਦੀ ਰੱਖਣੀ ਚਾਹੀਦੀ ਹੈ। ਇਹ ਕਦੇ ਵੀ ਬੁਝਣ ਨਹੀਂ ਦੇਣੀ ਚਾਹੀਦੀ।

ਅਨਾਜ ਦੀਆਂ ਭੇਟਾਂ

14 “ਅਨਾਜ ਦੀਆਂ ਭੇਟਾਂ ਦਾ ਨੇਮ ਇਹ ਹੈ; ਹਾਰੂਨ ਦੇ ਪੁੱਤਰ ਇਸ ਨੂੰ ਜਗਵੇਦੀ ਦੇ ਸਾਹਮਣੇ ਯਹੋਵਾਹ ਕੋਲ ਲੈ ਕੇ ਆਉਣ। 15 ਜਾਜਕ ਨੂੰ ਅਨਾਜ ਦੀ ਭੇਟ ਵਿੱਚੋਂ ਮੈਦੇ ਦੀ ਇੱਕ ਮੁੱਠੀ ਭਰਨੀ ਚਾਹੀਦੀ ਹੈ। ਉਸ ਨੂੰ ਕੁਝ ਤੇਲ ਅਤੇ ਸਾਰਾ ਲੋਬਾਨ ਲੈਣਾ ਚਾਹੀਦਾ ਜੋ ਅਨਾਜ ਦੀ ਭੇਟ ਉੱਤੇ ਹੈ। ਉਸ ਨੂੰ ਅਨਾਜ ਦੀ ਭੇਟ ਨੂੰ ਜਗਵੇਦੀ ਉੱਤੇ ਸਾੜਨਾ ਚਾਹੀਦਾ ਹੈ। ਇਹ ਯਹੋਵਾਹ ਲਈ ਯਾਦਗਾਰ ਭੇਟ ਹੋਵੇਗੀ ਅਤੇ ਇਸਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰੇਗੀ।

16 “ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਬਚੀ ਹੋਈ ਅਨਾਜ ਦੀ ਭੇਟ ਖਾਣੀ ਚਾਹੀਦੀ ਹੈ। ਅਨਾਜ ਦੀ ਭੇਟ ਇੱਕ ਤਰ੍ਹਾਂ ਦੀ ਪਤੀਰੀ ਰੋਟੀ ਹੈ। ਜਾਜਕਾਂ ਨੂੰ ਪਵਿੱਤਰ ਸਥਾਨ ਉੱਤੇ ਇਹ ਰੋਟੀ ਖਾਣੀ ਚਾਹੀਦੀ ਹੈ। ਉਨ੍ਹਾਂ ਨੂੰ ਇਹ ਮੰਡਲੀ ਵਾਲੇ ਤੰਬੂ ਦੇ ਆਲੇ-ਦੁਆਲੇ ਵਿਹੜੇ ਵਿੱਚ ਖਾਣੀ ਚਾਹੀਦੀ ਹੈ। 17 ਅਨਾਜ ਦੀ ਭੇਟ ਨੂੰ ਖਮੀਰ ਨਾਲ ਨਹੀਂ ਪਕਾਉਣਾ ਚਾਹੀਦਾ। ਮੈਂ ਇਸ ਹਿੱਸੇ ਨੂੰ, ਮੈਨੂੰ ਅੱਗ ਦੁਆਰਾ ਦਿੱਤੇ ਗਏ ਚੜ੍ਹਾਵੇ ਵਿੱਚੋਂ ਜਾਜਕਾਂ ਨੂੰ ਦਿੱਤਾ ਹੈ। ਇਹ ਪਾਪ ਦੀ ਭੇਟ ਅਤੇ ਦੋਸ਼ ਦੀ ਭੇਟ ਵਾਂਗ ਅੱਤ ਪਵਿੱਤਰ ਹੈ। 18 ਹਾਰੂਨ ਦੇ ਉੱਤਰਾਧਿਕਾਰੀਆਂ ਵਿੱਚੋਂ ਹਰ ਨਰ, ਯਹੋਵਾਹ ਨੂੰ ਅੱਗ ਦੁਆਰਾ ਦਿੱਤੀ ਗਈ ਅਨਾਜ ਦੀ ਭੇਟ ਵਿੱਚੋਂ ਖਾ ਸੱਕਦਾ ਹੈ। ਇਹ ਤੁਹਾਡੀਆਂ ਪੀੜੀਆਂ ਲਈ ਸਦਾ ਵਾਸਤੇ ਇੱਕ ਨੇਮ ਹੈ। ਇਨ੍ਹਾਂ ਭੇਟਾਂ ਨੂੰ ਛੂਹਣਾ ਉਨ੍ਹਾਂ ਆਦਮੀਆਂ ਨੂੰ ਪਵਿੱਤਰ ਬਣਾਉਂਦਾ ਹੈ।”

ਜਾਜਕਾਂ ਦੀਆਂ ਅਨਾਜ ਦੀਆਂ ਭੇਟਾਂ

19 ਯਹੋਵਾਹ ਨੇ ਮੂਸਾ ਨੂੰ ਆਖਿਆ, 20 “ਇਹ ਉਹ ਭੇਟ ਹੈ ਜਿਹੜੀ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਯਹੋਵਾਹ ਲਈ ਲੈ ਕੇ ਆਉਣੀ ਚਾਹੀਦੀ ਹੈ। ਉਨ੍ਹਾਂ ਨੂੰ ਇਹ ਉਸ ਦਿਨ ਕਰਨਾ ਚਾਹੀਦਾ ਜਦੋਂ ਹਾਰੂਨ ਨੂੰ ਪਰਧਾਨ ਜਾਜਕ ਵਜੋਂ ਮਸਹ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਅਨਾਜ ਦੀ ਭੇਟ ਵਜੋਂ 8 ਕੱਪ ਮੈਦੇ ਦੇ ਲੈ ਕੇ ਆਉਣੇ ਚਾਹੀਦੇ ਹਨ। (ਇਹ ਨਿਯਮਿਤ ਅਨਾਜ ਦੀ ਭੇਟ ਹੈ।) ਉਨ੍ਹਾਂ ਨੂੰ ਇਸਦਾ ਅੱਧਾ ਹਿੱਸਾ ਸਵੇਰੇ ਲੈ ਕੇ ਆਉਣਾ ਚਾਹੀਦਾ ਹੈ ਅਤੇ ਅੱਧਾ ਸ਼ਾਮ ਨੂੰ। 21 ਮੈਦੇ ਵਿੱਚ ਤੇਲ ਮਿਲਾਉਣਾ ਚਾਹੀਦਾ ਹੈ ਅਤੇ ਇਸ ਨੂੰ ਤਵੇ ਉੱਤੇ ਪਕਾਉਣਾ ਚਾਹੀਦਾ ਹੈ। ਜਦੋਂ ਇੱਕ ਪੱਕ ਜਾਵੇ ਤਾਂ ਤੁਹਾਨੂੰ ਇਹ ਅੰਦਰ ਲਿਆਉਣਾ ਚਾਹੀਦਾ ਹੈ। ਤੁਹਾਨੂੰ ਇਸ ਚੜ੍ਹਾਵੇ ਦੇ ਟੁਕੜੇ ਕਰ ਲੈਣੇ ਚਾਹੀਦੇ ਹਨ। ਇਸਦੀ ਸੁਗੰਧ ਯਹੋਵਾਹ ਨੂੰ ਪ੍ਰਸੰਨ ਕਰਦੀ ਹੈ।

22-23 “ਉਸ ਜਾਜਕ ਨੂੰ ਜਿਹੜਾ ਹਾਰੂਨ ਦੇ ਉੱਤਰਾਧਿਕਾਰੀਆਂ ਵਿੱਚੋਂ ਹਾਰੂਨ ਦੀ ਥਾਂ ਲੈਣ ਲਈ ਚੁਣਿਆ ਜਾਂਦਾ, ਯਹੋਵਾਹ ਨੂੰ ਇਹ ਭੇਟ ਦੇਣੀ ਚਾਹੀਦੀ ਹੈ। ਇਹ ਨੇਮ ਸਦਾ ਲਈ ਜਾਰੀ ਰਹੇਗਾ। ਜਾਜਕ ਦੀ ਅਨਾਜ ਦੀ ਭੇਟ ਨੂੰ ਪੂਰੀ ਤਰ੍ਹਾਂ ਸਾੜਨਾ ਚਾਹੀਦਾ ਅਤੇ ਇਸ ਨੂੰ ਖਾਣਾ ਨਹੀਂ ਚਾਹੀਦਾ।”

ਪਾਪ ਦੀ ਭੇਟ ਦੀ ਬਿਧੀ

24 ਯਹੋਵਾਹ ਨੇ ਮੂਸਾ ਨੂੰ ਆਖਿਆ, 25 “ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਆਖ; ਇਹ ਪਾਪ ਦੀ ਭੇਟ ਦੀ ਬਿਧੀ ਹੈ। ਪਾਪ ਦੀ ਭੇਟ ਨੂੰ ਉਸੇ ਸਥਾਨ ਉੱਤੇ ਮਾਰਿਆ ਜਾਣਾ ਚਾਹੀਦਾ ਜਿੱਥੇ ਯਹੋਵਾਹ ਦੇ ਸਾਹਮਣੇ ਹੋਮ ਦੀ ਭੇਟ ਨੂੰ ਮਾਰਿਆ ਜਾਂਦਾ ਹੈ। ਇਹ ਅੱਤ ਪਵਿੱਤਰ ਹੈ। 26 ਜਿਹੜਾ ਜਾਜਕ ਪਾਪ ਦੀ ਭੇਟ ਨੂੰ ਭੇਟ ਕਰਦਾ ਹੈ ਉਸ ਨੂੰ ਇਸ ਨੂੰ ਖਾਣਾ ਚਾਹੀਦਾ ਹੈ। ਪਰ ਉਸ ਨੂੰ ਇਸ ਮੰਡਲੀ ਵਾਲੇ ਤੰਬੂ ਦੇ ਆਲੇ-ਦੁਆਲੇ ਦੇ ਵਿਹੜੇ ਵਿੱਚ ਪਵਿੱਤਰ ਸਥਾਨ ਉੱਤੇ ਖਾਣਾ ਚਾਹੀਦਾ ਹੈ। 27-28 ਪਾਪ ਦੀ ਭੇਟ ਦੇ ਮਾਸ ਨੂੰ ਛੂਹਣਾ ਕਿਸੇ ਬੰਦੇ ਜਾਂ ਚੀਜ਼ ਨੂੰ ਪਵਿੱਤਰ ਬਣਾਉਂਦਾ ਹੈ।

“ਜੇਕਰ ਥੋੜਾ ਜਿਹਾ ਖੂਨ ਵੀ ਕਿਸੇ ਬੰਦੇ ਦੇ ਕੱਪੜਿਆਂ ਉੱਤੇ ਪੈ ਜਾਵੇ, ਉਸ ਨੂੰ ਆਪਣੇ ਕੱਪੜੇ ਪਵਿੱਤਰ ਸਥਾਨ ਵਿੱਚ ਧੋ ਲੈਣੇ ਚਾਹੀਦੇ ਹਨ। ਜੇ ਪਾਪ ਦੀ ਭੇਟ ਨੂੰ ਮਿੱਟੀ ਦੇ ਬਰਤਨ ਵਿੱਚ ਉਬਾਲਿਆ ਗਿਆ ਹੋਵੇ, ਤਾਂ ਉਸ ਬਰਤਨ ਨੂੰ ਭੰਨ ਦੇਣਾ ਚਾਹੀਦਾ ਹੈ। ਜੇ ਪਾਪ ਦੀ ਭੇਟ ਨੂੰ ਪਿੱਤਲ ਦੇ ਭਾਂਡੇ ਵਿੱਚ ਉਬਾਲਿਆ ਗਿਆ ਹੋਵੇ, ਉਸ ਭਾਂਡੇ ਨੂੰ ਪਾਣੀ ਨਾਲ ਹੰਘਾਲ ਕੇ ਧੋ ਲੈਣਾ ਚਾਹੀਦਾ ਹੈ।

29 “ਜਾਜਕ ਦੇ ਘਰ ਦਾ ਕੋਈ ਵੀ ਆਦਮੀ ਪਾਪ ਦੀ ਭੇਟ ਖਾ ਸੱਕਦਾ ਹੈ। ਇਹ ਬਹੁਤ ਪਵਿੱਤਰ ਹੈ। 30 ਪਰ ਜੇ ਪਾਪ ਦੀ ਭੇਟ ਦਾ ਖੂਨ ਮੰਡਲੀ ਵਾਲੇ ਤੰਬੂ ਵਿੱਚ ਲਿਜਾਇਆ ਗਿਆ ਸੀ ਅਤੇ ਪਵਿੱਤਰ ਸਥਾਨ ਵਿੱਚ ਪਰਾਸਚਿਤ ਕਰਨ ਲਈ ਵਰਤਿਆ ਗਿਆ ਸੀ, ਤਾਂ ਇਸ ਪਾਪ ਦੀ ਭੇਟ ਨੂੰ ਨਹੀਂ ਖਾਣਾ ਚਾਹੀਦਾ ਅਤੇ ਅੱਗ ਵਿੱਚ ਸਾੜ ਦੇਣਾ ਚਾਹੀਦਾ ਹੈ।

ਜ਼ਬੂਰ 5-6

ਨਿਰਦੇਸ਼ਕ ਲਈ। ਬੰਸਰੀਆਂ ਦੇ ਨਾਲ ਗਾਉਣ ਵਾਲਾ। ਦਾਊਦ ਦਾ ਇੱਕ ਗੀਤ।

ਹੇ ਯਹੋਵਾਹ, ਮੇਰੇ ਸ਼ਬਦਾਂ ਨੂੰ ਸੁਣੋ।
    ਸਮਝੋ, ਮੈਂ ਕੀ ਆਖਣਾ ਚਾਹ ਰਿਹਾ ਹਾਂ।
ਮੇਰੇ ਪਰਮੇਸ਼ੁਰ ਅਤੇ ਮੇਰੇ ਰਾਜੇ,
    ਮੇਰੀ ਪ੍ਰਾਰਥਨਾ ਨੂੰ ਸੁਣ।
ਹੇ ਯਹੋਵਾਹ, ਹਰ ਰੋਜ਼ ਅਮ੍ਰਿਤ ਵੇਲੇ ਮੈਂ ਤੈਨੂੰ ਇੱਕ ਸੁਗਾਤ ਅਰਪਣ ਕਰਦਾ ਹਾਂ
    ਅਤੇ ਤੇਰੇ ਵੱਲ ਸਹਾਇਤਾ ਲਈ ਤੱਕਦਾ ਹਾਂ।
ਅਤੇ ਹਰ ਰੋਜ਼ ਅਮ੍ਰਿਤ ਵੇਲੇ ਤੂੰ ਮੇਰੀਆਂ ਪ੍ਰਾਰਥਨਾ ਨੂੰ ਸੁਣਦਾ ਹੈਂ।

ਹੇ ਪਰਮੇਸ਼ੁਰ, ਤੁਸੀਂ ਮੰਦੇ ਲੋਕਾਂ ਨੂੰ ਆਪਣੇ ਨੇੜੇ ਪਸੰਦ ਨਹੀਂ ਕਰਦੇ।
    ਮੰਦੇ ਲੋਕ ਤੇਰੀ ਉਪਾਸਨਾ ਨਹੀਂ ਕਰ ਸੱਕਦੇ।
ਮੂਰਖ ਤੇਰੇ ਨਜ਼ਦੀਕ ਨਹੀਂ ਆ ਸੱਕਦੇ।
    ਤੁਸੀਂ ਉਨ੍ਹਾਂ ਨੂੰ ਨਫ਼ਰਤ ਕਰਦੇ ਹੋਂ ਜਿਹੜੇ ਬਦੀ ਕਰਦੇ ਹਨ।
ਤੁਸੀਂ ਉਨ੍ਹਾਂ ਲੋਕਾਂ ਨੂੰ ਮਾਰ ਦਿੰਦੇ ਹੋ ਜਿਹੜੇ ਝੂਠ ਬੋਲਦੇ ਹਨ।
    ਤੁਸੀਂ ਉਨ੍ਹਾਂ ਲੋਕਾਂ ਨੂੰ ਨਫ਼ਰਤ ਕਰਦੇ ਹੋ ਜਿਹੜੇ ਦੂਸਰਿਆਂ ਨੂੰ ਨੁਕਸਾਨ ਪਹੁੰਚਾਉਣ ਲਈ ਗੁਪਤ ਯੋਜਨਾਵਾਂ ਬਨਾਉਂਦੇ ਹਨ।

ਪਰ ਯਹੋਵਾਹ, ਤੇਰੀ ਵੱਡੀ ਮਿਹਰ ਕਾਰਣ, ਮੈਂ ਤੇਰੇ ਅੰਦਰ ਆਵਾਂਗਾ।
    ਮੈਂ ਤੇਰੇ ਪਵਿੱਤਰ ਮੰਦਰ ਨੂੰ ਡਰ ਅਤੇ ਸ਼ਰਧਾ ਨਾਲ ਆਪਣਾ ਸੀਸ ਝੁਕਾਵਾਂਗਾ। ਯਹੋਵਾਹ।
ਹੇ ਯਹੋਵਾਹ, ਲੋਕੀ ਸਿਰਫ਼ ਮੇਰੀਆਂ ਕਮਜ਼ੋਰੀਆਂ ਨੂੰ ਹੀ ਲੱਭਦੇ ਹਨ।
    ਇਸ ਲਈ ਮੈਨੂੰ ਆਪਣੇ ਜੀਵਨ ਦੀ ਸਹੀ ਜਾਂਚ ਸਿੱਖਾ
ਤਾਂ ਕਿ ਉਸਦਾ ਅਨੁਸਰਣ ਕਰਨਾ ਮੇਰੇ ਲਈ ਸੁਖਾਲਾ ਹੋਵੇ।
ਉਹ ਲੋਕ ਸੱਚ ਨਹੀਂ ਆਖਦੇ।
    ਉਹ ਲੋਕ ਝੂਠੇ ਹਨ ਜਿਹੜੇ ਸੱਚ ਨੂੰ ਮਰੋੜਦੇ ਹਨ।
ਉਨ੍ਹਾਂ ਦੇ ਮੂੰਹ ਖਾਲੀ ਕਬਰਾਂ ਵਰਗੇ ਹਨ।
ਭਾਵੇਂ ਉਹ ਹੋਰਨਾਂ ਨੂੰ ਮਿੱਠੇ ਸ਼ਬਦ ਬੋਲਦੇ ਹਨ,
    ਉਹ ਸਿਰਫ਼ ਉਨ੍ਹਾਂ ਨੂੰ ਫ਼ਸਾਉਣ ਅਤੇ ਨੁਕਸਾਨ ਪਹੁੰਚਾਉਣ ਦੀਆਂ ਹੀ ਵਿਉਂਤਾ ਬਣਾਉਂਦੇ ਹਨ।
10 ਉਨ੍ਹਾਂ ਨੂੰ ਸਜ਼ਾ ਦਿਉ, ਪਰਮੇਸ਼ੁਰ!
    ਉਨ੍ਹਾਂ ਨੂੰ ਖੁਦ ਆਪਣੇ ਹੀ ਜਾਲ ਵਿੱਚ ਫ਼ਸ ਜਾਣ ਦਿਉ।
ਉਹ ਲੋਕ ਤੁਹਾਡੇ ਵਿਰੁੱਧ ਖੜ੍ਹੇ ਹੋ ਗਏ ਹਨ।
    ਉਨ੍ਹਾਂ ਨੂੰ ਉਨ੍ਹਾਂ ਦੇ ਅਨੇਕਾਂ ਪਾਪਾਂ ਲਈ ਸਜ਼ਾ ਦਿਉ।
11 ਪਰ ਜਿਹੜੇ ਲੋਕ ਪਰਮੇਸ਼ੁਰ ਵਿੱਚ ਯਕੀਨ ਰੱਖਦੇ ਹਨ, ਉਨ੍ਹਾਂ ਨੂੰ ਪ੍ਰਸੰਨ ਹੋਣ ਦਿਉ।
ਉਨ੍ਹਾਂ ਨੂੰ ਸਦਾ ਲਈ ਖੁਸ਼ ਹੋਣ ਦਿਉ।
    ਹੇ ਪਰਮੇਸ਼ੁਰ, ਸਾਨੂੰ ਬਚਾਉ ਅਤੇ ਉਨ੍ਹਾਂ ਨੂੰ ਬਲ ਦਿਉ ਜਿਹੜੇ ਤੇਰੇ ਨਾਮ ਨੂੰ ਪਿਆਰ ਕਰਦੇ ਹਨ!
12 ਹੇ ਯਹੋਵਾਹ, ਜਦੋਂ ਤੁਸੀਂ ਚੰਗੇ ਲੋਕਾਂ ਦਾ ਭਲਾ ਕਰਦੇ ਹੋਂ।
    ਤੁਸੀਂ ਇੱਕ ਢਾਲ ਦੀ ਤਰ੍ਹਾਂ ਉਨ੍ਹਾਂ ਦੀ ਰੱਖਿਆ ਕਰਦੇ ਹੋ।

ਨਿਰਦੇਸ਼ਕ ਲਈ। ਸੇਮਿਨਿਥ [a] ਨਾਲ ਵਜਾਏ ਜਾਣ ਵਾਲੇ ਤਾਰਾਂ ਵਾਲੇ ਸਾਜ਼ਾਂ ਨਾਲ। ਦਾਊਦ ਦਾ ਇੱਕ ਗੀਤ।

ਯਹੋਵਾਹ, ਮੈਨੂੰ ਗੁੱਸੇ ਨਾਲ ਠੀਕ ਨਾ ਕਰੋ।
    ਗੁਸੇ ਨਾ ਹੋਵੋ, ਮੈਨੂੰ ਸਜ਼ਾ ਨਾ ਦੇਵੋ ਅਤੇ ਮੈਨੂੰ ਧੀਰਜ ਨਾਲ ਠੀਕ ਕਰੋ।
ਯਹੋਵਾਹ, ਮੇਰੇ ਉੱਤੇ ਦਯਾ ਕਰੋ,
    ਮੈਂ ਬਿਮਾਰ ਤੇ ਕਮਜ਼ੋਰ ਹਾਂ।
ਮੈਨੂੰ ਤੰਦਰੁਸਤੀ ਬਖਸ਼ੋ!
    ਮੇਰੀ ਹੱਡੀਆਂ ਬਲਹੀਣ ਹੋ ਗਈਆਂ ਹਨ।
    ਮੇਰਾ ਸਾਰਾ ਸ਼ਰੀਰ ਕੰਬ ਰਿਹਾ ਹੈ।
ਯਹੋਵਾਹ, ਮੈਨੂੰ ਚੰਗਾ ਕਰਨ ਲਈ ਤੁਸੀਂ ਕਿੰਨਾ ਸਮਾਂ ਲਵੋਂਗੇ?
ਯਹੋਵਾਹ ਕਿਰਪਾ ਕਰਕੇ ਜਾਉ, ਅਤੇ ਮੈਨੂੰ ਸਵਸਥ ਬਣਾਉ!
    ਤੁਸੀਂ ਬਹੁਤ ਕ੍ਰਿਪਾਲੂ ਹੋ, ਇਸ ਲਈ ਮੇਰੀ ਰੱਖਿਆ ਕਰੋ।
ਮੁਰਦੇ ਆਪਣੀਆਂ ਕਬਰਾਂ ਵਿੱਚ ਤੁਹਾਨੂੰ ਯਾਦ ਨਹੀਂ ਕਰਦੇ।
    ਅਤੇ ਜਿਹੜੇ ਲੋਕ ਮ੍ਰਿਤੂ ਲੋਕ ਵਿੱਚ ਹਨ, ਤੇਰੀ ਉਸਤਤਿ ਨਹੀਂ ਕਰਦੇ।

ਯਹੋਵਾਹ, ਮੈਂ ਸਾਰੀ ਰਾਤ ਤੁਹਾਨੂੰ ਪ੍ਰਾਰਥਨਾ ਕੀਤੀ
    ਅਤੇ ਮੇਰੇ ਹੰਝੂਆਂ ਨਾਲ ਮੇਰਾ ਬਿਸਤਰਾ ਭਿੱਜ ਗਿਆ ਹੈ।
ਮੇਰੇ ਹੰਝੂ ਬਿਸਤਰੇ ਵਿੱਚੋਂ ਚੋਅ ਰਹੇ ਹਨ।
    ਮੈਂ ਤੇਰੇ ਅੱਗੇ ਰੋ ਰਿਹਾ ਸਾਂ ਅਤੇ ਇਸ ਲਈ ਮੈਂ ਕਮਜ਼ੋਰ ਹੋ ਗਿਆ।
ਮੇਰੇ ਦੁਸ਼ਮਣਾਂ ਨੇ ਮੈਨੂੰ ਬਹੁਤ ਦੁੱਖ ਦਿੱਤੇ ਹਨ।
ਇਸੇ ਗੱਲੋਂ ਮੈਂ ਬਹੁਤ ਦੁੱਖੀ ਤੇ ਉਦਾਸ ਹਾਂ।
    ਕਿਉਂਕਿ ਮੈਂ ਆਪਣੇ ਦੁੱਖਾਂ ਕਾਰਣ ਰੋ ਰਿਹਾ ਸੀ ਮੇਰੀਆਂ ਅੱਖਾਂ ਧੁੰਦਲੀਆਂ ਤੇ ਕਮਜ਼ੋਰ ਹੋ ਗਈਆਂ ਹਨ।

ਤੁਸੀਂ ਬਦ ਲੋਕੋ, ਦੂਰ ਚੱਲੇ ਜਾਉ।
    ਕਿਉਂਕਿ ਯਹੋਵਾਹ ਨੇ ਮੇਰੀਆਂ ਚੀਕਾਂ ਸੁਣ ਲਈਆਂ ਹਨ।
ਯਹੋਵਾਹ ਨੇ ਮੇਰੀ ਪ੍ਰਾਰਥਨਾ ਸੁਣ ਲਈ ਹੈ
ਅਤੇ ਸੁਣਨ ਤੋਂ ਬਾਅਦ ਯਹੋਵਾਹ ਨੇ ਸੁਣਕੇ ਮੇਰੀ ਪ੍ਰਾਰਥਨਾ ਕਬੂਲ ਕਰ ਲਈ ਹੈ।

10 ਮੇਰੇ ਸਾਰੇ ਦੁਸ਼ਮਣ ਦੁੱਖੀ ਤੇ ਨਾਉੱਮੀਦ ਹੋਣਗੇ।
    ਨਿਸ਼ਚਿਤ ਹੀ ਅਚਾਨਕ ਕੁਝ ਵਾਪਰੇਗਾ, ਅਤੇ ਉਹ ਸਾਰੇ ਲੋਕ ਸ਼ਰਮਸਾਰ ਹੋਕੇ ਮੁੜ ਜਾਣਗੇ।

ਕਹਾਉਤਾਂ 21

21 ਕਿਸਾਨ ਆਪਣੇ ਖੇਤਾਂ ਨੂੰ ਸਿੰਜਣ ਲਈ ਛੋਟੇ ਖਾਲ ਬਣਾਉਂਦੇ ਹਨ। ਉਹ ਵੱਖ-ਵੱਖ ਖਾਲਾਂ ਨੂੰ ਬੰਦ ਕਰਕੇ ਪਾਣੀ ਦਾ ਰਾਹ ਬਦਲਦੇ ਹਨ। ਯਹੋਵਾਹ ਵੀ ਰਾਜੇ ਦੇ ਮਨ ਨੂੰ ਸੰਚਾਲਿਤ ਕਰਨ ਲਈ ਇਹੋ ਕਰਦਾ ਹੈ। ਯਹੋਵਾਹ ਜਿਵੇਂ ਚਾਹੁੰਦਾ ਹੈ ਰਾਜੇ ਦੀ ਅਗਵਾਈ ਕਰਦਾ ਹੈ ਜਿਧਰ ਉਹ ਉਸ ਨੂੰ ਲਿਜਾਣਾ ਚਾਹੇ, ਲੈ ਜਾਦਾ ਹੈ।

ਬੰਦਾ ਸੋਚਦਾ ਹੈ ਕਿ ਜੋ ਕੁਝ ਵੀ ਉਹ ਕਰਦਾ ਹੈ ਸਹੀ ਹੈ। ਪਰ ਯਹੋਵਾਹ ਬੰਦਿਆਂ ਦੇ ਕੰਮਾਂ ਦੇ ਅਸਲੀ ਕਾਰਣਾਂ ਦਾ ਨਿਆਂ ਕਰਦਾ ਹੈ।

ਜੋ ਧਰਮੀ ਅਤੇ ਨਿਆਂਈ ਹੈ, ਕਰਨਾ, ਪਰਮੇਸ਼ੁਰ ਨੂੰ ਬਲੀਆਂ ਚੜ੍ਹਾਉਣ ਨਾਲੋਂ ਬਿਹਤਰ ਹੈ।

ਘਮੰਡੀ ਅੱਖਾਂ ਅਤੇ ਗੁਮਾਨੀ ਦਿਲ ਅਤੇ ਦੁਸ਼ਟ ਲੋਕਾਂ ਦੇ ਦੀਵੇ ਪਾਪੀ ਹੁੰਦੇ ਹਨ।

ਮਿਹਨਤੀ ਆਦਮੀ ਦੀਆਂ ਯੋਜਨਾਵਾਂ ਲਾਭ ਲਿਆਉਂਦੀਆਂ ਹਨ, ਪਰ ਜੋ ਕੋਈ ਵੀ ਕਾਹਲੀ ਵਿੱਚ ਹੋਵੇਗਾ ਗਰੀਬ ਬਣ ਜਾਵੇਗਾ।

ਜੇ ਤੁਸੀਂ ਅਮੀਰ ਹੋਣ ਲਈ ਧੋਖਾ ਕਰਦੇ ਹੋ, ਤਾਂ ਤੁਹਾਡੀ ਦੌਲਤ ਛੇਤੀ ਹੀ ਚਲੀ ਜਾਵੇਗੀ। ਅਤੇ ਤੁਹਾਡੀ ਅਮੀਰੀ ਤੁਹਾਨੂੰ ਮੌਤ ਵੱਲ ਲੈ ਜਾਵੇਗੀ।

ਦੁਸ਼ਟ ਬੰਦੇ ਦੀ ਹਿੰਸਾ ਉਸ ਨੂੰ ਤਬਾਹ ਕਰ ਦੇਵੇਗੀ। ਕਿਉਂ ਕਿ ਉਹ ਨਿਆਂ ਕਰਨ ਤੋਂ ਇਨਕਾਰ ਕਰਦੇ ਹਨ।

ਇੱਕ ਅਪਰਾਧੀ ਦਾ ਰਾਹ ਪੇਚਦਾਰ ਹੁੰਦਾ ਹੈ, ਪਰ ਇੱਕ ਬੇਗੁਨਾਹ ਆਦਮੀ ਉਹੀ ਕਰਦਾ ਜੋ ਧਰਮੀ ਹੁੰਦਾ।

ਝਗੜਾਲੂ ਪਤਨੀ ਨਾਲ ਘਰ ਦੇ ਅੰਦਰ ਰਹਿਣ ਨਾਲੋਂ ਛੱਤ ਉੱਤੇ ਨੁਕਰ ਤੇ ਸੌਣਾ ਬਿਹਤਰ ਹੈ।

10 ਬੁਰੇ ਬੰਦੇ ਹਮੇਸ਼ਾ ਹੋਰ ਬਦੀ ਕਰਨਾ ਲੋਚਦੇ ਹਨ। ਅਤੇ ਉਹ ਲੋਕ ਆਪਣੇ ਆਸ-ਪਾਸ ਦੇ ਲੋਕਾਂ ਲਈ ਰਹਿਮ ਨਹੀਂ ਪ੍ਰਗਟਾਉਂਦੇ।

11 ਜਦੋਂ ਇੱਕ ਮਖੌਲੀਏ ਨੂੰ ਸਜ਼ਾ ਮਿਲਦੀ ਹੈ, ਇੱਕ ਸਾਧਾਰਨ ਵਿਅਕਤੀ ਸਿਆਣਾ ਬਣ ਜਾਂਦਾ, ਅਤੇ ਜਦੋਂ ਤੁਸੀਂ ਕਿਸੇ ਸਿਆਣੇ ਬੰਦੇ ਨੂੰ ਹਿਦਾਇਤ ਦਿੰਦੇ ਹੋ, ਉਹ ਆਪਣਾ ਸਬਕ ਸਿਖਦਾ।

12 ਪਰਮੇਸ਼ੁਰ ਜੋ ਕਿ ਨਿਆਂਈ ਹੈ ਦੁਸ਼ਟ ਆਦਮੀ ਦੇ ਟੱਬਰ ਤੇ ਅੱਖ ਰੱਖਦਾ ਅਤੇ ਦੁਸ਼ਟ ਆਦਮੀ ਨੂੰ ਬਰਬਾਦ ਕਰ ਦਿੰਦਾ ਹੈ।

13 ਜੇ ਕੋਈ ਬੰਦਾ ਗਰੀਬ ਲੋਕਾਂ ਦੀ ਸਹਾਇਤਾ ਕਰਨ ਤੋਂ ਇਨਕਾਰ ਕਰਦਾ ਹੈ ਤਾਂ ਲੋੜ ਪੈਣ ਤੇ ਉਸ ਦੀ ਵੀ ਕੋਈ ਸਹਾਇਤਾ ਨਹੀਂ ਕਰੇਗਾ।

14 ਗੁਪਤ ਤੌਰ ਤੇ ਦਿੱਤੀ ਸੁਗਾਤ ਗੁੱਸੇ ਨੂੰ ਸ਼ਾਂਤ ਕਰ ਦਿੰਦੀ ਹੈ, ਅਤੇ ਲੋਕਾਂ ਦੀ ਦਿੱਤੀ ਹੋਈ ਰਿਸ਼ਵਤ ਖਤਰੇ ਨੂੰ ਰੋਕਣ ’ਚ ਸਹਾਈ ਹੋ ਸੱਕਦੀ ਹੈ।

15 ਇੱਕ ਧਰਮੀ ਵਿਅਕਤੀ ਜੋ ਸਹੀ ਹੈ ਕਰਨ ਵਿੱਚ ਆਨੰਦ ਮਾਣਦਾ ਹੈ, ਪਰ ਇਹ ਉਨ੍ਹਾਂ ਨੂੰ ਡਰਾਉਂਦਾ ਹੈ, ਜੋ ਉਹੀ ਕਰਦੇ ਹਨ ਜੋ ਗ਼ਲਤ ਹੈ।

16 ਜੇ ਕੋਈ ਬੰਦਾ ਸਿਆਣਪ ਦਾ ਰਸਤਾ ਛੱਡ ਦਿੰਦਾ ਹੈ ਤਾਂ ਉਹ ਤਬਾਹੀ ਵੱਲ ਜਾ ਰਿਹਾ ਹੈ।

17 ਜੇ ਖੁਸ਼ੀ ਮਨਾਉਣਾ ਹੀ ਕਿਸੇ ਬੰਦੇ ਲਈ ਸਭ ਤੋਂ ਮਹੱਤਵਪੂਰਣ ਗੱਲ ਹੈ ਤਾਂ ਉਹ ਬੰਦਾ ਗਰੀਬ ਹੋ ਜਾਵੇਗਾ। ਜੇ ਉਹ ਬੰਦਾ ਮੈਅ ਅਤੇ ਭੋਜਨ ਨੂੰ ਹੀ ਪਿਆਰ ਕਰਦਾ ਹੈ ਤਾਂ ਉਹ ਕਦੇ ਅਮੀਰ ਨਹੀਂ ਹੋ ਸੱਕੇਗਾ।

18 ਇੱਕ ਦੁਸ਼ਟ ਵਿਅਕਤੀ ਨੇਕ ਆਦਮੀ ਲਈ ਫਿਰੌਤੀ ਹੁੰਦਾ ਹੈ। ਅਤੇ ਇੰਝ ਹੀ ਕਪਟੀ ਨੂੰ ਇਮਾਨਦਾਰ ਆਦਮੀ ਲਈ ਹੁੰਦਾ ਹੈ।

19 ਉਸ ਪਤਨੀ ਨਾਲ ਰਹਿਣ ਨਾਲੋਂ, ਜਿਹੜੀ ਗੁਸੈਲੇ ਸੁਭਾ ਦੀ ਅਤੇ ਝਗੜਾਲੂ ਹੈ, ਮਾਰੂਥਲ ਵਿੱਚ ਰਹਿਣਾ ਬਿਹਤਰ ਹੈ।

20 ਸਿਆਣੇ ਬੰਦੇ ਦਾ ਘਰ ਅਨਾਜ ਅਤੇ ਤੇਲ ਨਾਲ ਭਰਪੂਰ ਹੁੰਦਾ, ਪਰ ਮੂਰਖ ਬੰਦੇ ਕੋਲ ਜੋ ਵੀ ਹੈ ਉਹ ਉਸ ਨੂੰ ਖਤਮ ਕਰ ਲੈਂਦਾ ਹੈ।

21 ਜਿਹੜਾ ਵਿਅਕਤੀ ਨੇਕੀ ਅਤੇ ਵਫ਼ਾਦਾਰੀ ਤੇ ਚੱਲਦਾ ਹੈ ਜੀਵਨ, ਨੇਕੀ ਅਤੇ ਇੱਜ਼ਤ ਪ੍ਰਾਪਤ ਕਰਦਾ ਹੈ।

22 ਇੱਕ ਸਿਆਣਾ ਵਿਅਕਤੀ ਬਹਾਦੁਰ ਆਦਮੀਆਂ ਦੁਆਰਾ ਰੱਖਵਾਲੀ ਕੀਤੇ ਜਾ ਰਹੇ ਸ਼ਹਿਰ ਤੇ ਵੀ ਕਬਜ਼ਾ ਕਰ ਸੱਕਦਾ ਹੈ ਅਤੇ ਉਨ੍ਹਾਂ ਕੰਧਾਂ ਨੂੰ ਢਾਹ ਸੱਕਦਾ ਜਿਨ੍ਹਾਂ ਤੇ ਉਨ੍ਹਾਂ ਨੂੰ ਭਰੋਸਾ ਹੁੰਦਾ ਹੈ।

23 ਜਿਸ ਬੰਦੇ ਦਾ ਆਪਣੀ ਕਥਨੀ ਅਤੇ ਜੁਬਾਨ ਤੇ ਕਾਬੂ ਹੁੰਦਾ, ਉਹ ਆਪਣੇ ਆਪ ਨੂੰ ਕਿਸੇ ਵੀ ਖਤਰੇ ਤੋਂ ਬਚਾ ਲੈਂਦਾ ਹੈ।

24 ਇੱਕ ਵਿਅਕਤੀ ਜਿਹੜਾ ਹੰਕਾਰੀ ਅਤੇ ਮਗਰੂਰ ਹੈ, ਅਜਿਹਾ ਆਦਮੀ ਜੋ ਮਖੌਲੀ ਕਹਿਲਾਉਂਦਾ ਹੈ, ਅਤਿਆਧਿੱਕ ਮਗਰੂਰਤਾ ਦਾ ਵਿਖਾਵਾ ਕਰਦਾ ਹੈ।

25 ਆਲਸੀ ਬੰਦੇ ਦੇ ਸਪਨੇ ਉਸਦੀ ਮੌਤ ਹੋਣਗੇ, ਕਿਉਂ ਜੋ ਉਸ ਦੇ ਹੱਥ ਕੰਮ ਕਰਨੋ ਇਨਕਾਰੀ ਹੁੰਦੇ ਹਨ।

26 ਅਜਿਹੇ ਲੋਕ ਹੁੰਦੇ ਹਨ ਜੋ ਹਰ ਵਕਤ, ਹੋਰ ਪਾਉਣ ਦੀ ਇੱਛਾ ਰੱਖਦੇ ਹਨ, ਪਰ ਇੱਕ ਧਰਮੀ ਵਿਅਕਤੀ ਖੁਲੇ ਦਿਲ ਨਾਲ ਦਿੰਦਾ ਹੈ।

27 ਇੱਕ ਦੁਸ਼ਟ ਵਿਅਕਤੀ ਦੀਆਂ ਬਲੀਆਂ ਆਪਣੇ-ਆਪ ’ਚ ਹੀ ਬੁਰੀਆਂ ਹਨ, ਇਹ ਹੋਰ ਵੀ ਭਿਆਨਕ ਹੋਵੇਗਾ ਜਦੋਂ ਉਹ ਇਨ੍ਹਾਂ ਨੂੰ ਬੁਰੇ ਖਿਆਲ ਨਾਲ ਚੜ੍ਹਾਉਂਦਾ ਹੈ।

28 ਜਿਹੜਾ ਬੰਦਾ ਝੂਠ ਬੋਲਦਾ ਹੈ ਉਹ ਤਬਾਹ ਹੋ ਜਾਵੇਗਾ। ਜਿਹੜਾ ਵੀ ਉਸ ਝੂਠ ਨੂੰ ਧਿਆਨ ਨਾਲ ਸੁਣਦਾ ਹੈ ਉਹ ਵੀ ਉਸ ਦੇ ਨਾਲ ਹੀ ਤਬਾਹ ਹੋ ਜਾਵੇਗਾ।

29 ਇੱਕ ਦੁਸ਼ਟ ਵਿਅਕਤੀ ਆਪਣਾ ਮੂੰਹ ਫੁਲਾ ਲੈਂਦਾ ਹੈ, ਪਰ ਇੱਕ ਇਮਾਨਦਾਰ ਆਦਮੀ ਯਕੀਨੀ ਬਣਾਉਂਦਾ ਕਿ ਉਹ ਉਹੀ ਕਰਦਾ ਜੋ ਸਹੀ ਹੈ।

30 ਕੋਈ ਅਜਿਹੀ ਸਿਆਣਪ, ਅੰਤਰ-ਦ੍ਰਿਸ਼ਟੀ, ਜਾਂ ਸਲਾਹ ਨਹੀਂ ਹੈ ਜੋ ਯਹੋਵਾਹ ਦੇ ਵਿਰੁੱਧ ਕਾਮਯਾਬ ਹੋ ਸੱਕੇ।

31 ਲੋਕ ਲੜਾਈ ਲਈ ਘੋੜਿਆਂ ਸਮੇਤ ਹਰ ਚੀਜ਼ ਤਿਆਰ ਕਰ ਸੱਕਦੇ ਹਨ। ਪਰ ਜਿੰਨਾ ਚਿਰ ਤੱਕ ਯਹੋਵਾਹ ਉਨ੍ਹਾਂ ਨੂੰ ਜਿੱਤ ਨਹੀਂ ਦਿੰਦਾ ਉਹ ਜਿੱਤ ਨਹੀਂ ਸੱਕਦੇ।

ਕੁਲੁੱਸੀਆਂ ਨੂੰ 4

ਮਾਲਕੋ, ਆਪਣੇ ਨੌਕਰਾਂ ਨਾਲ ਨਰਮ ਰਹੋ ਅਤੇ ਜੋ ਜਾਇਜ਼ ਤੌਰ ਤੇ ਉਨ੍ਹਾਂ ਦਾ ਹੈ, ਉਨ੍ਹਾਂ ਨੂੰ ਦਿਉ। ਯਾਦ ਰੱਖੋ ਕਿ ਸਵਰਗ ਵਿੱਚ ਤੁਹਾਡਾ ਵੀ ਕੋਈ ਮਾਲਕ ਹੈ।

ਪੌਲੁਸ ਮਸੀਹੀਆਂ ਨੂੰ ਕੁਝ ਚੀਜ਼ਾਂ ਕਰਨ ਲਈ ਆਖਦਾ

ਅੱਡੋਲ ਪ੍ਰਾਰਥਨਾ ਕਰੋ ਅਤੇ ਜਦੋਂ ਤੁਸੀਂ ਪ੍ਰਾਰਥਨਾ ਕਰੋ, ਹਮੇਸ਼ਾ ਚੌਕਸ ਰਹੋ ਅਤੇ ਪਰਮੇਸ਼ੁਰ ਦਾ ਸ਼ੁਕਰ ਕਰੋ। ਸਾਡੇ ਲਈ ਵੀ ਪ੍ਰਾਰਥਨਾ ਕਰੋ। ਪ੍ਰਾਰਥਨਾ ਕਰੋ ਕਿ ਅਸੀਂ ਮਸੀਹ ਬਾਰੇ ਉਸ ਗੁਪਤ ਸੱਚ ਦਾ ਪ੍ਰਚਾਰ ਲੋਕਾਂ ਨੂੰ ਕਰਨ ਯੋਗ ਹੋਈਏ ਜੋ ਪਰਮੇਸ਼ੁਰ ਨੇ ਸਾਡੇ ਤੇ ਪਰਗਟ ਕੀਤਾ ਹੈ। ਮੈਂ ਇਸ ਲਈ ਕੈਦ ਵਿੱਚ ਹਾਂ ਕਿਉਂਕਿ ਮੈਂ ਇਸ ਸੱਚ ਦਾ ਪ੍ਰਚਾਰ ਕਰਦਾ ਹਾਂ। ਪ੍ਰਾਰਥਨਾ ਕਰੋ ਕਿ ਮੈਂ ਇਸ ਬਾਰੇ ਸਪੱਸ਼ਟ ਤੌਰ ਤੇ ਬੋਲ ਸੱਕਾਂ ਜਿਵੇਂ ਮੈਨੂੰ ਬੋਲਣਾ ਚਾਹੀਦਾ ਹੈ।

ਗੈਰ ਯਹੂਦੀਆਂ ਨਾਲ ਸਿਆਣਪ ਨਾਲ ਵਰਤਾਓ ਕਰੋ। ਆਪਣੇ ਸਮੇਂ ਨੂੰ ਵੱਧ ਤੋਂ ਵੱਧ ਚੰਗੀ ਤਰ੍ਹਾਂ ਵਰਤੋ। ਜਦੋਂ ਤੁਸੀਂ ਗੱਲ ਬਾਤ ਕਰੋ, ਤੁਹਾਨੂੰ ਹਰ ਸਮੇਂ ਮਿਹਰਬਾਨ ਅਤੇ ਸਿਆਣਾ ਹੋਣਾ ਚਾਹੀਦਾ ਹੈ। ਫ਼ੇਰ ਤੁਸੀਂ ਹਰ ਵਿਅਕਤੀ ਨੂੰ ਉਸੇ ਤਰ੍ਹਾਂ ਜਵਾਬ ਦੇ ਸੱਕੋਂਗੇ ਜਿਸ ਤਰ੍ਹਾਂ ਤੁਹਾਨੂੰ ਦੇਣਾ ਚਾਹੀਦਾ ਹੈ।

ਪੌਲੁਸ ਦੇ ਸੰਗੀ ਲੋਕਾਂ ਬਾਰੇ ਖਬਰ

ਮਸੀਹ ਵਿੱਚ ਇੱਕ ਪਿਆਰਾ ਭਰਾ, ਤੁਖਿਕੁਸ। ਉਹ ਮੇਰੇ ਨਾਲ ਪ੍ਰਭੂ ਲਈ ਕੰਮ ਕਰਦਿਆਂ ਭਰੋਸੇਯੋਗ ਸੇਵਕ ਹੈ। ਉਹ ਤੁਹਾਨੂੰ ਮੇਰੇ ਬਾਰੇ ਸਾਰੀਆਂ ਖਬਰਾਂ ਦੇਵੇਗਾ। ਜਿਹੜੀਆਂ ਮੇਰੇ ਨਾਲ ਵਾਪਰ ਰਹੀਆਂ ਹਨ। ਇਹੀ ਕਾਰਣ ਹੈ ਕਿ ਮੈਂ ਉਸ ਨੂੰ ਤੁਹਾਡੇ ਵੱਲ ਭੇਜ ਰਿਹਾ ਹਾਂ। ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਡੀਆਂ ਗੱਲਾਂ ਤੋਂ ਜਾਣੂ ਹੋਵੋ। ਅਤੇ ਮੈਂ ਉਸ ਨੂੰ ਇਸ ਲਈ ਭੇਜ ਰਿਹਾ ਹਾਂ ਕਿ ਤੁਸੀਂ ਹੌਂਸਲਾ ਰੱਖੋ। ਮੈਂ ਉਸ ਦੇ ਨਾਲ ਉਨੇਸਿਮੁਸ ਨੂੰ ਵੀ ਭੇਜ ਰਿਹਾ ਹਾਂ। ਉਹ ਸਾਡੇ ਲਈ ਇੱਕ ਵਫ਼ਾਦਾਰ ਅਤੇ ਪਿਆਰਾ ਭਰਾ ਹੈ। ਉਹ ਤੁਹਾਡੇ ਸਮੂਹ ਵਿੱਚੋਂ ਇੱਕ ਹੈ। ਤੁਖਿਕੁਸ ਅਤੇ ਉਨੇਸਿਮੁਸ ਤੁਹਾਨੂੰ ਉਹ ਸਾਰਾ ਕੁਝ ਦੱਸ ਦੇਣਗੇ ਜੋ ਇੱਥੇ ਵਾਪਰਿਆ ਸੀ।

10 ਅਰਿਸਤਰੱਖੁਸ ਵੱਲੋਂ ਸ਼ੁਭਕਾਮਨਾਵਾਂ। ਉਹ ਮੇਰੇ ਨਾਲ ਕੈਦ ਵਿੱਚ ਹੈ। ਮਰਕੁਸ, ਬਰਨਾਬਾਸ ਦੇ ਚਚੇਰਾ ਭਰਾ, ਵੱਲੋਂ ਵੀ ਸ਼ੁਭਕਾਮਨਾਵਾਂ। ਮੈਂ ਪਹਿਲਾਂ ਹੀ ਤੁਹਾਨੂੰ ਉਸ ਬਾਰੇ ਹਿਦਾਇਤਾਂ ਦੇ ਚੁੱਕਿਆ ਹਾਂ ਜਦੋਂ ਉਹ ਆਵੇਗਾ, ਉਸਦਾ ਸੁਆਗਤ ਕਰਿਓ। 11 ਯਿਸੂ ਜਿਸ ਨੂੰ ਯੂਸਤੁਸ ਵੀ ਆਖਿਆ ਜਾਂਦਾ ਹੈ ਵੀ ਤੁਹਾਨੂੰ ਸ਼ੁਭਕਾਮਨਾਵਾਂ ਭੇਜਦਾ ਹੈ। ਸਿਰਫ਼ ਇਹੀ ਉਹ ਯਹੂਦੀ ਨਿਹਚਾਵਾਨ ਹਨ ਜਿਹੜੇ ਮੇਰੇ ਨਾਲ ਪਰਮੇਸ਼ੁਰ ਦੇ ਰਾਜ ਲਈ ਕਾਰਜ ਕਰ ਰਹੇ ਹਨ। ਉਹ ਮੇਰੇ ਲਈ ਸੱਕੂਨ ਦਾ ਇੱਕ ਸਾਧਨ ਹਨ।

12 ਇਪਫ਼੍ਰਾਸ ਵੱਲੋਂ ਵੀ ਤੁਹਾਨੂੰ ਸ਼ੁਭਕਾਮਨਾਵਾਂ। ਉਹ ਤੁਹਾਡੇ ਸਮੂਹ ਵਿੱਚੋਂ ਇੱਕ ਹੈ ਅਤੇ ਮਸੀਹ ਯਿਸੂ ਦੇ ਸੇਵਕਾਂ ਵਿੱਚੋਂ ਇੱਕ ਹੈ। ਉਹ ਹਮੇਸ਼ਾ ਗੰਭੀਰਤਾਪੂਰਵਕ ਪਰਮੇਸ਼ੁਰ ਨੂੰ ਤੁਹਾਡੇ ਸਾਰਿਆਂ ਲਈ ਪ੍ਰਾਰਥਨਾ ਕਰਦਾ ਹੈ ਤਾਂ ਜੋ ਤੁਸੀਂ ਆਤਮਕ ਤੌਰ ਤੇ ਪੂਰੀ ਤਰ੍ਹਾਂ ਵੱਧੋ ਅਤੇ ਉਹ ਸਾਰੀਆਂ ਚੀਜ਼ਾਂ ਪ੍ਰਾਪਤ ਕਰੋ ਜੋ ਪਰਮੇਸ਼ੁਰ ਚਾਹੁੰਦਾ ਹੈ ਕਿ ਤੁਹਾਡੇ ਕੋਲ ਹੋਣ। 13 ਮੈਂ ਜਾਣਦਾ ਹਾਂ ਕਿ ਉਸ ਨੇ ਤੁਹਾਡੇ ਲਈ ਅਤੇ ਲਾਉਦਿਕਿਯਾ ਅਤੇ ਹੀਏਰਪੁਲਿਸ ਦੇ ਲੋਕਾਂ ਲਈ ਸਖਤ ਮਿਹਨਤ ਕੀਤੀ ਹੈ। 14 ਦੇਮਾਸ ਅਤੇ ਸਾਡਾ ਪਿਆਰਾ ਮਿੱਤਰ ਵੈਦ ਲੂਕਾ, ਸ਼ੁਭਕਾਮਨਾਵਾਂ ਭੇਜਦਾ ਹੈ।

15 ਲਾਉਦਿਕਿਯਾ ਵਿੱਚ ਭਰਾਵਾਂ ਅਤੇ ਭੈਣਾਂ ਨੂੰ ਮੇਰੀਆਂ ਸ਼ੁਭਕਾਮਨਾਵਾਂ ਦੇਣੀਆਂ। ਅਤੇ ਨੁਮਫ਼ਾਸ ਅਤੇ ਉਸ ਕਲੀਸਿਯਾ ਨੂੰ ਜਿਹੜੀ ਉਸ ਦੇ ਘਰ ਨਾਲ ਜੁੜਦੀ ਹੈ, ਸ਼ੁਭਕਾਮਨਾਵਾਂ ਆਖੋ। 16 ਜਦੋਂ ਇਹ ਪੱਤਰ ਤੁਹਾਨੂੰ ਸੁਣਾਇਆ ਜਾਏ ਇਸ ਗੱਲ ਨੂੰ ਵੀ ਯਕੀਨੀ ਬਣਾਓ ਕਿ ਇਹ ਲਾਉਦਿਕਿਯਾ ਦੀ ਕਲੀਸਿਯਾ ਨੂੰ ਸੁਣਾਇਆ ਜਾਵੇ। ਅਤੇ ਤੁਸੀਂ ਵੀ ਉਹ ਪੱਤਰ ਪੜ੍ਹਿਆ ਜੋ ਮੈਂ ਲਾਉਦਿਕਿਯਾ ਦੀ ਕਲੀਸਿਯਾ ਨੂੰ ਲਿਖਿਆ। 17 ਅਰੱਖਿਪੁੱਸ ਨੂੰ ਆਖ਼ੋ, “ਉਹ ਕੰਮ ਪੂਰਾ ਕਰੇ ਜਿਹੜਾ ਪ੍ਰਭੂ ਨੇ ਤੈਨੂੰ ਦਿੱਤਾ ਹੈ।”

18 ਮੈਂ ਪੌਲੁਸ ਸ਼ੁਭਕਾਮਨਾਵਾਂ ਆਖਦਾ ਹਾਂ ਅਤੇ ਇਸ ਨੂੰ ਆਪਣੇ ਹੱਥੀ ਲਿਖ ਰਿਹਾ ਹਾਂ। ਯਾਦ ਰੱਖੋ ਕਿ ਮੈਂ ਕੈਦ ਵਿੱਚ ਹਾਂ। ਪਰਮੇਸ਼ੁਰ ਦੀ ਕਿਰਪਾ ਤੁਹਾਡੇ ਅੰਗ਼ ਸੰਗ ਹੋਵੇ।

Punjabi Bible: Easy-to-Read Version (ERV-PA)

2010 by World Bible Translation Center