M’Cheyne Bible Reading Plan
ਪਰਮੇਸ਼ੁਰ ਨਾਦਾਬ ਅਤੇ ਅਬੀਹੂ ਨੂੰ ਤਬਾਹ ਕਰਦਾ
10 ਫ਼ੇਰ ਹਾਰੂਨ ਦੇ ਪੁੱਤਰਾਂ, ਨਾਦਾਬ ਅਤੇ ਅਬੀਹੂ ਨੇ ਪਾਪ ਕੀਤਾ। ਹਰੇਕ ਪੁੱਤਰ ਨੇ ਆਪੋ-ਆਪਣਾ ਧੂਪਦਾਨ ਲਿਆ, ਅਤੇ ਇਨ੍ਹਾਂ ਵਿੱਚ ਅੱਗ ਪਾਕੇ ਇਸ ਵਿੱਚ ਧੂਪ ਪਾਈ। ਉਨ੍ਹਾਂ ਨੇ ਯਹੋਵਾਹ ਅੱਗੇ ਅਜੀਬ ਤਰ੍ਹਾਂ ਦੀ ਅੱਗ ਭੇਟ ਕੀਤੀ। ਉਨ੍ਹਾਂ ਨੇ ਉਸ ਅੱਗ ਦੀ ਵਰਤੋਂ ਨਹੀਂ ਕੀਤੀ ਜਿਸਦੀ ਵਰਤੋਂ ਕਰਨ ਲਈ ਉਨ੍ਹਾਂ ਨੂੰ ਯਹੋਵਾਹ ਨੇ ਕਿਹਾ ਸੀ। 2 ਇਸ ਲਈ ਯਹੋਵਾਹ ਵੱਲੋਂ ਅੱਗ ਆਈ ਅਤੇ ਨਾਦਾਬ ਅਤੇ ਅਬੀਹੂ ਨੂੰ ਭਸਮ ਕਰ ਦਿੱਤਾ। ਉਹ ਯਹੋਵਾਹ ਦੇ ਸਾਹਮਣੇ ਮਰ ਗਏ।
3 ਤਾਂ ਮੂਸਾ ਨੇ ਹਾਰੂਨ ਨੂੰ ਆਖਿਆ, “ਯਹੋਵਾਹ ਆਖਦਾ ਹੈ, ‘ਜਿਹੜੇ ਜਾਜਕ ਮੇਰੇ ਨੇੜੇ ਆਉਣ ਉਨ੍ਹਾਂ ਨੂੰ ਮੇਰੇ ਪਵਿੱਤਰ ਹੋਣ ਦਾ ਆਦਰ ਕਰਨਾ ਚਾਹੀਦਾ ਹੈ। ਮੈਂ ਸਾਰੇ ਲੋਕਾਂ ਦੇ ਸਾਹਮਣੇ ਸਤਿਕਾਰਿਆ ਜਾਣਾ ਚਾਹੀਦਾ ਹੈ।’” ਹਾਰੂਨ ਚੁੱਪ-ਚਾਪ ਸੀ।
4 ਹਾਰੂਨ ਦੇ ਚਾਚੇ ਉਜਿਏਲ ਦੇ ਦੋ ਪੁੱਤਰ ਸਨ। ਉਹ ਸਨ ਮੀਸ਼ਾਏਲ ਤੇ ਇਲਜਫ਼ਾਨ। ਮੂਸਾ ਨੇ ਉਨ੍ਹਾਂ ਪੁੱਤਰਾਂ ਨੂੰ ਆਖਿਆ, “ਪਵਿੱਤਰ ਸਥਾਨ ਦੇ ਅਗਲੇ ਹਿੱਸੇ ਵੱਲ ਜਾਓ। ਆਪਣੇ ਚਚੇਰੇ ਭਰਾਵਾਂ ਦੀਆਂ ਲਾਸ਼ਾਂ ਚੁੱਕੇ ਉਨ੍ਹਾਂ ਨੂੰ ਡੇਰੇ ਤੋਂ ਬਾਹਰ ਲੈ ਜਾਓ।”
5 ਇਸ ਤਰ੍ਹਾਂ, ਮੀਸ਼ਾਏਲ ਤੇ ਇਲਜਫ਼ਾਨ ਨੇ ਮੂਸਾ ਦਾ ਆਦੇਸ਼ ਮੰਨਿਆ। ਉਹ ਨਾਦਾਬ ਅਤੇ ਅਬੀਹੂ ਦੀਆਂ ਲਾਸ਼ਾਂ ਨੂੰ ਉਨ੍ਹਾਂ ਦੀਆਂ ਬੁਣੀਆਂ ਹੋਈਆਂ ਕਮੀਜ਼ਾਂ ਤੋਂ ਚੁੱਕੇ ਡੇਰੇ ਤੋਂ ਬਾਹਰ ਲੈ ਗਏ।
6 ਤਾਂ ਮੂਸਾ ਨੇ ਹਾਰੂਨ ਅਤੇ ਉਸ ਦੇ ਦੋ ਦੂਸਰੇ ਪੁੱਤਰਾਂ, ਅਲਆਜ਼ਾਰ ਅਤੇ ਈਥਾਮਾਰ ਨਾਲ ਗੱਲ ਕੀਤੀ। ਮੂਸਾ ਨੇ ਉਨ੍ਹਾਂ ਨੂੰ ਆਖਿਆ, “ਕਿਸੇ ਤਰ੍ਹਾਂ ਦੀ ਉਦਾਸੀ ਨਹੀਂ ਦਰਸਾਉਣੀ। ਆਪਣੇ ਵਸਤਰ ਨਹੀਂ ਪਾੜਨੇ ਜਾਂ ਆਪਣੇ ਵਾਲ ਨਹੀਂ ਫ਼ਰੋਲਣੇ। ਆਪਣੀ ਉਦਾਸੀ ਨਾ ਦਰਸਾਉਣੀ ਫ਼ੇਰ ਤੁਸੀਂ ਨਹੀਂ ਮਾਰੇ ਜਾਉਂਗੇ। ਯਹੋਵਾਹ ਸਾਰੇ ਲੋਕਾਂ ਤੇ ਕਰੋਧਵਾਨ ਨਹੀਂ ਹੋਵੇਗਾ। ਇਸਰਾਏਲ ਦੇ ਸਾਰੇ ਲੋਕ ਤੁਹਾਡੇ ਰਿਸ਼ਤੇਦਾਰ ਹਨ-ਉਹ ਯਹੋਵਾਹ ਵੱਲੋਂ ਨਾਦਾਬ ਅਤੇ ਅਬੀਹੂ ਨੂੰ ਸਾੜੇ ਜਾਣ ਤੇ ਰੋ ਸੱਕਦੇ ਹਨ। 7 ਪਰ ਤੁਹਾਨੂੰ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਨੂੰ ਛੱਡ ਕੇ ਵੀ ਨਹੀਂ ਜਾਣਾ ਚਾਹੀਦਾ। ਜੇ ਤੁਸੀਂ ਚੱਲੇ ਚਾਉਂਗੇ, ਤਾਂ ਤੁਸੀਂ ਮਾਰੇ ਜਾਉਂਗੇ। ਕਿਉਂਕਿ ਯਹੋਵਾਹ ਦਾ ਮਸਹ ਵਾਲਾ ਤੇਲ ਤੁਹਾਨੂੰ ਲੱਗਿਆ ਹੋਇਆ ਹੈ।” ਇਸ ਲਈ ਹਾਰੂਨ, ਅਲਆਜ਼ਾਰ ਅਤੇ ਈਥਮਾਰ ਨੇ ਮੂਸਾ ਦਾ ਹੁਕਮ ਮੰਨਿਆ।
8 ਤਾਂ ਯਹੋਵਾਹ ਨੇ ਹਾਰੂਨ ਨੂੰ ਆਖਿਆ, 9 “ਜਦੋਂ ਤੁਸੀਂ ਮੰਡਲੀ ਵਾਲੇ ਤੰਬੂ ਵਿੱਚ ਆਉ, ਤੁਹਾਨੂੰ ਮੈਅ ਜਾਂ ਬੀਅਰ ਨਹੀਂ ਪੀਣੀ ਚਾਹੀਦੀ। ਜੇ ਤੁਸੀਂ ਇਹ ਚੀਜ਼ਾਂ ਪੀਉਂਗੇ, ਤੁਸੀਂ ਮਾਰੇ ਜਾਉਂਗੇ। ਇਹ ਕਾਨੂਨ ਤੁਹਾਡੀਆਂ ਪੀੜੀਆਂ ਤੀਕ ਹਮੇਸ਼ਾ ਲਈ ਜਾਰੀ ਰਹੇਗਾ। 10 ਤੁਹਾਨੂੰ ਉਨ੍ਹਾਂ ਈਜ਼ਾਂ ਵਿੱਚ, ਜਿਹੜੀਆਂ ਪਵਿੱਤਰ ਹਨ ਅਤੇ ਉਨ੍ਹਾਂ ਵਿੱਚ ਜਿਹੜੀਆਂ ਸਾਧਾਰਣ ਹਨ, ਅਤੇ ਉਨ੍ਹਾਂ ਵਿੱਚ ਜਿਹੜੀਆਂ ਪਾਕ ਅਤੇ ਨਾਪਾਕ ਚੀਜ਼ਾਂ ਹਨ, ਸਾਫ਼ ਫ਼ਰਕ ਕਰਨਾ ਚਾਹੀਦਾ ਹੈ। 11 ਯਹੋਵਾਹ ਨੇ ਆਪਣੇ ਨੇਮ ਮੂਸਾ ਨੂੰ ਦਿੱਤੇ, ਅਤੇ ਮੂਸਾ ਨੇ ਇਹ ਨੇਮ ਲੋਕਾਂ ਨੂੰ ਦਿੱਤੇ। ਹਾਰੂਨ, ਤੈਨੂੰ ਲੋਕਾਂ ਨੂੰ ਇਨ੍ਹਾਂ ਸਾਰੇ ਨੇਮਾਂ ਬਾਰੇ ਸਿੱਖਿਆ ਦੇਣੀ ਚਾਹੀਦੀ ਹੈ।”
12 ਹਾਰੂਨ ਦੇ ਦੋ ਹੋਰ ਪੁੱਤਰ ਸਨ, ਅਲਆਜ਼ਾਰ ਅਤੇ ਈਥਮਾਰ ਜਿਹੜੇ ਹਾਲੇ ਜਿਉਂਦੇ ਸਨ। ਮੂਸਾ ਨੇ ਹਾਰੂਨ ਅਤੇ ਉਸ ਦੇ ਦੋਹਾਂ ਪੁੱਤਰਾਂ ਨੂੰ ਆਖਿਆ, “ਅੱਗ ਵਿੱਚ ਸਾੜੀਆਂ ਗਈਆਂ ਬਲੀਆਂ ਵਿੱਚੋਂ ਕੁਝ ਅਨਾਜ ਦੀ ਭੇਟ ਬਚ ਗਈ ਹੈ। ਤੁਹਾਨੂੰ ਅਨਾਜ ਦੀ ਭੇਟ ਦਾ ਇਹ ਹਿੱਸਾ ਜਗਵੇਦੀ ਦੇ ਨੇੜੇ ਖਾਣਾ ਚਾਹੀਦਾ ਹੈ ਜਿਸ ਵਿੱਚ ਖਮੀਰ ਨਾ ਹੋਵੇ। ਕਿਉਂਕਿ ਉਹ ਭੇਟ ਅੱਤ ਪਵਿੱਤਰ ਹੈ। 13 ਅੱਗ ਦੁਆਰਾ ਦਿੱਤੀ ਭੇਟ ਦਾ ਇਹ ਹਿੱਸਾ ਤੇਰੇ ਅਤੇ ਤੇਰੇ ਪੁੱਤਰਾਂ ਦਾ ਹੈ। ਇਹੀ ਹੈ ਜਿਸਦਾ ਯਹੋਵਾਹ ਨੇ ਮੈਨੂੰ ਹੁਕਮ ਦਿੱਤਾ ਸੀ। ਪਰ ਤੁਹਾਨੂੰ ਇਹ ਕਿਸੇ ਪਵਿੱਤਰ ਸਥਾਨ ਵਿੱਚ ਖਾਣਾ ਚਾਹੀਦਾ ਹੈ।
14 “ਇਸਤੋਂ ਇਲਾਵਾ, ਤੂੰ, ਤੇਰੇ ਪੁੱਤਰ ਅਤੇ ਤੇਰੀਆਂ ਧੀਆਂ ਹਿਲਾਉਣ ਦੀਆਂ ਭੇਟਾਂ ਵਿੱਚੋਂ ਸੀਨਾ ਅਤੇ ਸੁੱਖ-ਸਾਂਦ ਦੀਆਂ ਭੇਟਾਂ ਵਿੱਚੋਂ ਪੱਟ ਖਾ ਸੱਕਦੀਆਂ ਹਨ। ਪਰ ਤੁਹਾਨੂੰ ਇਸ ਨੂੰ ਕਿਸੇ ਸਾਫ਼ ਸਥਾਨ ਤੇ ਖਾਣਾ ਪਵੇਗਾ। ਕਿਉਂਕਿ ਲੋਕਾਂ ਦੇ ਸੁੱਖ-ਸਾਂਦ ਦੀਆਂ ਭੇਟ ਦਾ ਇਹ ਹਿੱਸਾ ਤੈਨੂੰ ਅਤੇ ਤੇਰੇ ਪੁੱਤਰਾਂ ਨੂੰ ਦਿੱਤਾ ਗਿਆ ਹੈ। 15 ਲੋਕਾਂ ਨੂੰ, ਸਾੜੇ ਜਾਣ ਵਾਲੀ ਚਰਬੀ ਸਮੇਤ, ਸੁੱਖ-ਸਾਂਦ ਦੀ ਭੇਟ ਦਾ ਪੱਟ ਅਤੇ ਹਿਲਾਉਣ ਦੀ ਭੇਟ ਦਾ ਸੀਨਾ ਲਿਆਉਣਾ ਚਾਹੀਦਾ ਹੈ। ਇਨ੍ਹਾਂ ਨੂੰ ਯਹੋਵਾਹ ਦੇ ਸਾਹਮਣੇ ਹਿਲਾਇਆ ਜਾਵੇਗਾ, ਅਤੇ ਬਲੀਆਂ ਦਾ ਇਹ ਹਿੱਸਾ ਹਮੇਸ਼ਾ ਤੇਰਾ ਅਤੇ ਤੇਰੇ ਬੱਚਿਆਂ ਦਾ ਹੋਵੇਗਾ, ਜਿਹਾ ਕਿ ਯਹੋਵਾਹ ਨੇ ਆਖਿਆ ਹੈ।”
16 ਮੂਸਾ ਨੇ ਪਾਪ ਦੀ ਭੇਟ ਦੇ ਬੱਕਰੇ ਵੱਲ ਦੇਖਿਆ, ਪਰ ਇਹ ਪਹਿਲਾਂ ਹੀ ਸੜ ਚੁੱਕੀ ਸੀ। ਉਹ ਹਾਰੂਨ ਦੇ ਦੂਸਰੇ ਪੁੱਤਰ, ਅਲਆਜ਼ਾਰ ਅਤੇ ਈਥਾਮਾਰ ਨਾਲ ਬਹੁਤ ਨਾਰਾਜ਼ ਹੋ ਗਿਆ। ਅਤੇ ਆਖਿਆ, 17 “ਤੁਹਾਨੂੰ ਇਸ ਬੱਕਰੇ ਨੂੰ ਪਵਿੱਤਰ ਖੇਤਰ ਵਿੱਚ ਖਾਣਾ ਚਾਹੀਦਾ ਸੀ। ਇਹ ਅੱਤ ਪਵਿੱਤਰ ਹੈ। ਤੁਸੀਂ ਇਸ ਨੂੰ ਯਹੋਵਾਹ ਦੇ ਸਾਹਮਣੇ ਕਿਉਂ ਨਹੀਂ ਖਾਧਾ? ਯਹੋਵਾਹ ਨੇ ਇਹ ਤੁਹਾਨੂੰ ਲੋਕਾਂ ਦੇ ਪਾਪ ਲੈਣ ਲਈ, ਯਹੋਵਾਹ ਦੇ ਅੱਗੇ ਉਨ੍ਹਾਂ ਲਈ ਪਰਾਸਚਿਤ ਕਰਨ ਲਈ, ਦਿੱਤਾ ਸੀ। 18 ਬੱਕਰੀ ਦਾ ਖੂਨ ਪਵਿੱਤਰ ਸਥਾਨ ਦੇ ਅੰਦਰ ਨਹੀਂ ਲਿਆਂਦਾ ਗਿਆ। ਇਸ ਲਈ ਤੁਹਾਨੂੰ ਇਸ ਮਾਸ ਨੂੰ ਪਵਿੱਤਰ ਸਥਾਨ ਵਿੱਚ ਖਾਣਾ ਚਾਹੀਦਾ ਸੀ, ਜਿਵੇਂ ਮੈਂ ਤੁਹਾਨੂੰ ਆਦੇਸ਼ ਦਿੱਤਾ ਸੀ।”
19 ਪਰ ਹਾਰੂਨ ਨੇ ਮੂਸਾ ਨੂੰ ਆਖਿਆ, “ਦੇਖੋ, ਅੱਜ ਉਹ ਆਪਣੀ ਪਾਪ ਦੀ ਭੇਟ ਨੂੰ ਅਤੇ ਹੋਮ ਦੀ ਭੇਟ ਨੂੰ ਯਹੋਵਾਹ ਦੇ ਸਾਹਮਣੇ ਲੈ ਕੇ ਆਏ। ਪਰ ਤੁਹਾਨੂੰ ਪਤਾ ਹੈ ਕਿ ਮੇਰੇ ਨਾਲ ਅੱਜ ਕੀ ਵਾਪਰਿਆ ਹੈ। ਕੀ ਤੁਹਾਡਾ ਖਿਆਲ ਹੈ ਕਿ ਯਹੋਵਾਹ ਪ੍ਰਸੰਨ ਹੋਵੇਗਾ। ਜੇ ਮੈਂ ਅੱਜ ਪਾਪ ਦੀ ਭੇਟ ਖਾ ਲਈ? ਨਹੀਂ।”
20 ਜਦੋਂ ਮੂਸਾ ਨੇ ਇਹ ਗੱਲ ਸੁਣੀ ਤਾਂ ਉਹ ਮੰਨ ਗਿਆ।
ਨਿਰਦੇਸ਼ਕ ਲਈ। ਦਾਊਦ ਦਾ ਇੱਕ ਗੀਤ।
11 ਮੈਂ ਯਹੋਵਾਹ ਵਿੱਚ ਯਕੀਨ ਰੱਖਦਾ ਹਾਂ।
ਫ਼ਿਰ ਤੁਸੀਂ ਕਿਉਂ ਆਖਦੇ ਹੋ ਕਿ ਮੈਨੂੰ ਭੱਜਕੇ ਲੁਕ ਜਾਣਾ ਚਾਹੀਦਾ ਹੈ।
ਤੁਸੀਂ ਮੈਨੂੰ ਕਿਹਾ ਸੀ, “ਪੰਛੀ ਵਾਂਗ ਉੱਡਕੇ ਆਪਣੇ ਪਰਬਤ ਤੇ ਪਹੁੰਚੋ।”
2 ਮੰਦੇ ਆਦਮੀ ਸ਼ਿਕਾਰੀ ਵਾਂਗ ਹਨ, ਜਿਹੜੇ ਆਪਣੇ-ਆਪ ਨੂੰ ਹਨੇਰੇ ਦੀ ਚਾਦਰ ਹੇਠਾਂ ਲੁਕੋ ਲੈਂਦੇ ਹਨ
ਅਤੇ ਹਮਲਾ ਕਰਨ ਲਈ ਵਾਪਸ ਮੁੜਦੇ ਹਨ।
ਉਹ ਆਪਣੀ ਕਮਾਣ ਉੱਤੇ ਝੁਕ ਕੇ ਤੀਰਾਂ ਦਾ ਨਿਸ਼ਾਨਾਂ ਸਿੱਧਾ ਨੇਕ ਇਨਸਾਨਾਂ, ਅਤੇ ਇਮਾਨਦਾਰ ਲੋਕਾਂ ਦੇ ਦਿਲਾਂ ਤੇ ਸਾਧਦੇ ਹਨ।
3 ਕੀ ਹੋਵੇਗਾ ਜੇਕਰ ਉਹ ਸਭ ਕੁਝ ਤਬਾਹ ਕਰ ਦੇਣ ਜੋ ਚੰਗਾ ਹੈ?
ਤਦ ਚੰਗੇ ਲੋਕ ਕੀ ਕਰਨਗੇ?
4 ਯਹੋਵਾਹ ਆਪਣੇ ਪਵਿੱਤਰ ਮਹਿਲ ਵਿੱਚ ਹਾਜਰ ਹੈ।
ਉਹ ਸਵਰਗ ਅੰਦਰ ਆਪਣੇ ਤਖਤ ਉੱਤੇ ਬੈਠਾ ਹੈ
ਅਤੇ ਜੋ ਕੁਝ ਵੀ ਵਾਪਰੇ ਉਹ ਵੇਖਦਾ ਹੈ।
ਉਹ ਲੋਕਾਂ ਦਾ ਨਿਆਂ ਕਰਨ ਲਈ, ਤੱਕਦਾ ਹੈ ਕਿ ਉਹ ਚੰਗੇ ਹਨ ਜਾਂ ਬੁਰੇ।
5 ਪਰਮੇਸ਼ੁਰ ਚੰਗੇ ਲੋਕਾਂ ਨੂੰ ਤਲਾਸ਼ਦਾ ਹੈ,
ਪਰ ਜ਼ਾਲਮ ਅਤੇ ਦੁਸ਼ਟ ਲੋਕਾਂ ਨੂੰ ਨਾਮੰਜ਼ੂਰ ਕਰਦਾ ਹੈ।
6 ਉਹ ਭਖਦੇ ਹੋਏ ਕੋਲਿਆਂ ਅਤੇ ਬਲਦੀ ਹੋਈ ਗੰਧਕ ਦੀ ਵਰੱਖਾ ਬਦ ਰੂਹਾਂ ਉੱਤੇ ਕਰੇਗਾ।
ਇਸ ਲਈ ਇਨ੍ਹਾਂ ਬਦ ਰੂਹਾਂ ਨੂੰ ਤਪਦੀਆਂ ਸੜਦੀਆਂ ਲਹਿਰਾਂ ਬਾਝੋਂ ਕੁਝ ਨਹੀਂ ਮਿਲੇਗਾ।
7 ਪਰਮੇਸ਼ੁਰ ਚੰਗਾ ਹੈ।
ਅਤੇ ਉਹ ਉਨ੍ਹਾਂ ਨੂੰ ਪਿਆਰ ਕਰਦਾ ਹੈ ਜਿਹੜੇ ਨੇਕ ਕਰਨੀਆਂ ਕਰਦੇ ਹਨ।
ਇਹ ਨੇਕ ਰੂਹਾਂ ਹਮੇਸ਼ਾ ਪਰਮੇਸ਼ੁਰ ਦੇ ਨਾਲ ਰਹਿਣਗੀਆਂ ਅਤੇ ਪਰਮੇਸ਼ੁਰ ਦੇ ਮੁੱਖ ਨੂੰ ਵੇਖਣਗੀਆਂ।
ਨਿਰਦੇਸ਼ਕ ਲਈ: ਸੇਮਿਨਿਥ ਦੀ ਸੰਗਤ ਨਾਲ ਦਾਊਦ ਦਾ ਇੱਕ ਗੀਤ।
12 ਯਹੋਵਾਹ, ਮੈਨੂੰ ਬਚਾਉ।
ਸਾਰੇ ਚੰਗੇ ਲੋਕ ਚੱਲੇ ਗਏ ਹਨ।
ਧਰਤੀ ਉਤਲੀ ਮਾਨਵਤਾ ਵਿੱਚ ਕੋਈ ਵੀ ਸੱਚਾ ਆਸਥਾਵਾਨ ਨਹੀਂ ਬਚਿਆ।
2 ਲੋਕੀਂ ਆਪਣੇ ਗੁਆਂਢੀਆਂ ਨੂੰ ਝੂਠ ਬੋਲਦੇ ਹਨ,
ਉਹ ਆਪਣੇ ਗੁਆਂਢੀਆਂ ਨੂੰ ਝੂਠ ਬੋਲਦੇ ਹਨ ਅਤੇ ਚਾਪਲੂਸੀ ਕਰਦੇ ਹਨ।
3 ਯਹੋਵਾਹ, ਉਨ੍ਹਾਂ ਚਾਪਲੂਸੀ ਭਰੇ ਬੁਲ੍ਹਾਂ
ਅਤੇ ਸ਼ੇਖੀ ਮਾਰਦੀਆਂ ਜੀਭਾਂ ਵਾਲੇ ਲੋਕਾਂ ਨੂੰ ਤੜੀਪਾਰ ਕਰ ਦੇਵੇ।
4 ਉਹ ਲੋਕ ਆਖਦੇ ਹਨ, “ਅਸੀਂ ਢੁਕਵੇਂ ਝੂਠ ਬੋਲਾਂਗੇ ਅਤੇ ਬਹੁਤ ਮਹੱਤਵਪੂਰਣ ਬਣ ਜਾਵਾਂਗੇ।
ਅਸੀਂ ਜਾਣਦੇ ਹਾਂ ਕਿ ਕੀ ਆਖਣਾ ਹੈ,
ਇਸ ਲਈ ਕੋਈ ਵੀ ਸਾਡਾ ਮਾਲਕ ਨਹੀਂ ਹੋਵੇਗਾ।”
5 ਪਰ ਯਹੋਵਾਹ ਆਖਦਾ, “ਬੁਰੇ ਵਿਅਕਤੀ ਗਰੀਬੜਿਆਂ ਦੀ ਚੋਰੀ ਕਰ ਰਹੇ ਹਨ,
ਉਹ ਬੇਸਹਾਰਿਆਂ ਦਾ ਮਾਲ ਲੁੱਟ ਰਹੇ ਹਨ।
ਪਰ ਹੁਣ ਉਨ੍ਹਾਂ ਥੱਕਿਆਂ
ਅਤੇ ਹਾਰਿਆਂ ਹੋਇਆਂ ਨਾਲ ਮੈਂ ਖਲੋਵਾਂਗਾ।”
6 ਯਹੋਵਾਹ ਦੇ ਸ਼ਬਦ ਸੱਚੇ ਅਤੇ ਪਵਿੱਤਰ ਹਨ,
ਜਿਵੇਂ ਸੱਚਮੁੱਚ ਚਾਂਦੀ ਸੱਤ ਵੇਰਾਂ ਤਪਾਈ ਗਈ ਹੋਵੇ।
7 ਯਹੋਵਾਹ, ਲਾਚਾਰ ਲੋਕਾਂ ਦਾ ਧਿਆਨ ਕਰ।
ਉਨ੍ਹਾਂ ਦੀ ਹੁਣ ਅਤੇ ਹਮੇਸ਼ਾ ਰੱਖਿਆ ਕਰ।
8 ਉਹ ਮੰਦੇ ਲੋਕ ਇੰਝ ਵਿਖਾਵਾ ਕਰਦੇ ਹਨ ਜਿਵੇਂ ਕਿ ਉਹ ਮਹੱਤਵਪੂਰਣ ਹਨ।
ਪਰ ਅਸਲ ਵਿੱਚ ਉਹ ਨਕਲੀ ਮੋਤੀ ਹਨ।
ਉਹ ਬਹੁਤ ਮਹਿੰਗੇ ਮੁੱਲ ਦੇ ਲੱਗਦੇ ਹਨ ਪਰ ਅਸਲ ਵਿੱਚ ਕੌੜੀਉਂ ਵੀ ਸਸਤੇ ਹਨ।
ਸੁਲੇਮਾਨ ਦੇ ਕੁਝ ਹੋਰ ਸਿਆਣੇ ਕਹਾਉਤਾਂ
25 ਇਹ ਸੁਲੇਮਾਨ ਦੀਆਂ ਕੁਝ ਹੋਰ ਕਹਾਉਤਾਂ ਹਨ, ਹਿਜ਼ਕੀਯਾਹ, ਯਹੂਦਾਹ ਦੇ ਰਾਜੇ ਦੇ ਸੇਵਕਾਂ ਦੁਆਰਾ ਇਕੱਠੀਆਂ ਕੀਤੀਆਂ ਹੋਈਆਂ।
2 ਕੁਝ ਖਾਸ ਗੱਲਾਂ ਨੂੰ ਗੁਪਤ ਰੱਖਣਾ ਪਰਮੇਸ਼ੁਰ ਦਾ ਹੱਕ ਹੈ, ਪਰ ਰਾਜੇ ਦੀ ਮਹਿਮਾ ਇਨਾਂ ਗੱਲਾਂ ਦੀ ਛਾਣ-ਬੀਨ ਕਰਨ ਵਿੱਚ ਹੈ।
3 ਕੋਈ ਨਹੀਂ ਪਤਾ ਲਗਾ ਸੱਕਦਾ ਕਿ ਅਕਾਸ਼ ਕਿੰਨਾ ਉੱਚਾ ਹੈ, ਜਾਂ ਧਰਤੀ ਕਿੰਨੀ ਡੂੰਘੀ ਹੈ, ਅਤੇ ਇਸੇ ਤਰ੍ਹਾਂ ਹੀ ਰਾਜੇ ਦੇ ਮਨ ਵਿੱਚ ਕੀ ਹੈ।
4 ਤੁਹਾਡੀ ਚਾਂਦੀ ਚੋ ਅਸ਼ੁੱਧਤਾ ਕੱਢਣ ਤੋਂ ਬਾਅਦ, ਇੱਕ ਚਾਂਦੀ ਦੇ ਗਹਿਣੇ ਬਨਾਉਣ ਵਾਲਾ ਇਸ ਨਾਲ ਭਾਂਡੇ ਬਣਾ ਸੱਕਦਾ ਹੈ। 5 ਇਸੇ ਤਰ੍ਹਾਂ ਹੀ ਜਦੋਂ ਤੁਸੀਂ ਰਾਜੇ ਦੀ ਕਚਿਹਰੀ ਵਿੱਚੋਂ ਦੁਸ਼ਟ ਲੋਕਾਂ ਨੂੰ ਕੱਢ ਦਿਉਂਗੇ, ਨੇਕੀ ਰਾਹੀਂ ਉਸਦਾ ਤਖਤ ਮਜ਼ਬੂਤ ਹੋ ਜਾਵੇਗਾ।
6 ਰਾਜੇ ਦੇ ਸਾਹਮਣੇ ਆਪਣੇ ਬਾਰੇ ਫ਼ੜ੍ਹਾਂ ਨਾ ਮਾਰੋ। ਇਹ ਨਾ ਆਖੋ ਕਿ ਤੁਸੀਂ ਪ੍ਰਸਿੱਧ ਵਿਅਕਤੀ ਹੋ। 7 ਇਹ ਗੱਲ ਬਿਹਤਰ ਹੈ ਕਿ ਰਾਜਾ ਤੁਹਾਨੂੰ ਆਪਣੀ ਹਜ਼ੂਰੀ ਵਿੱਚ ਬੁਲਾਵੇ, ਬਜਾਏ ਇਸਦੇ ਕਿ ਉਹ ਤੁਹਾਨੂੰ ਕਚਿਹਰੀ ਦੇ ਸਾਹਮਣੇ ਅਪਮਾਨਿਤ ਕਰੇ।
8 ਕਿਸੇ ਨਿਆਂਕਾਰ ਨੂੰ ਇਹ ਦੱਸਣ ਦੀ ਕਾਹਲ ਨਾ ਕਰੋ ਕਿ ਤੁਸੀਂ ਕੀ ਦੇਖਿਆ। ਜੇ ਕੋਈ ਹੋਰ ਬੰਦਾ ਤੁਹਾਨੂੰ ਗ਼ਲਤ ਸਾਬਤ ਕਰ ਦੇਵੇਗਾ ਤਾਂ ਤੁਹਾਨੂੰ ਸ਼ਰਮਿੰਦਗੀ ਹੋਵੇਗੀ।
9 ਜੇਕਰ ਤੁਸੀਂ ਕਿਸੇ ਵਿਵਾਦ ਵਿੱਚ ਸ਼ਾਮਿਲ ਹੋ, ਤਾਂ ਨਿਸ਼ਚਾ ਕਰੋ ਕਿ ਤੁਸੀਂ ਕਿਸੇ ਹੋਰ ਦੇ ਵਿਸ਼ਵਾਸ ਨੂੰ ਧੋਖਾ ਨਹੀਂ ਦੇ ਰਹੇ ਹੋਂ। 10 ਨਹੀਂ ਤਾਂ ਕੋਈ ਇਸ ਨੂੰ ਸੁਣਕੇ ਤੁਹਾਨੂੰ ਸ਼ਰਮਸਾਰ ਕਰੇਗਾ ਅਤੇ ਤੁਹਾਡੀ ਬਦਨਾਮੀ ਕਦੇ ਵੀ ਦੂਰ ਨਹੀਂ ਹੋਵੇਗੀ।
11 ਸਹੀ ਸਮੇਂ ਸਹੀ ਗੱਲ ਆਖਣਾ ਚਾਂਦੀ ਵਿੱਚ ਮੜ੍ਹੇ ਹੋਏ ਸੁਨਿਹਰੀ ਸੇਬ ਵਾਂਗ ਹੈ। 12 ਜੇਕਰ ਤੁਸੀਂ ਕਿਸੇ ਸਿਆਣੇ ਆਦਮੀ ਦੀਆਂ ਝਿੜਕਾਂ ਨੂੰ ਸੁਣੋਗੇ, ਤਾਂ ਇਹ ਤੁਹਾਡੇ ਕੰਨਾਂ ਵਿੱਚ ਸੋਨੇ ਦੀਆਂ ਵਾਲੀਆਂ ਵਾਂਗ ਹੋਣਗੀਆਂ।
13 ਇੱਕ ਵਫ਼ਾਦਾਰ ਸੰਦੇਸ਼ਵਾਹਕ ਉਨ੍ਹਾਂ ਲਈ ਜਿਨ੍ਹਾਂ ਨੇ ਉਸ ਨੂੰ ਭੇਜਿਆ, ਵਾਢੀ ਦੀ ਰੁੱਤ ਵਿੱਚ ਠੰਡੀ ਵਾਛੜ ਵਰਗਾ ਹੈ। ਉਹ ਆਪਣੇ ਮਾਲਕਾਂ ਨੂੰ ਪ੍ਰਚਲਿਤ ਕਰਦਾ।
14 ਜਿਹੜੇ ਬੰਦੇ ਸੌਗਾਤਾਂ ਦੇਣ ਦਾ ਇਕਰਾਰ ਕਰਦੇ ਹਨ ਪਰ ਦਿੰਦੇ ਕਦੇ ਨਹੀਂ ਉਹ ਉਨ੍ਹਾਂ ਬਦਲਾਂ ਅਤੇ ਹਵਾਵਾਂ ਵਰਗੇ ਹਨ ਜਿਹੜੇ ਵਰੱਖਾ ਲੈ ਕੇ ਨਹੀਂ ਆਉਂਦੇ।
15 ਧੀਰਜ ਭਰੀ ਗੱਲਬਾਤ ਕਿਸੇ ਵੀ ਬੰਦੇ ਦੀ ਸੋਚ ਨੂੰ ਬਦਲ ਸੱਕਦੀ ਹੈ, ਕਿਸੇ ਹਾਕਮ ਦੀ ਸੋਚ ਨੂੰ ਵੀ। ਕੋਮਲ ਗੱਲਬਾਤ ਬਹੁਤ ਸ਼ਕਤੀਸ਼ਾਲੀ ਹੁੰਦੀ ਹੈ।
16 ਸ਼ਹਿਦ ਚੰਗਾ ਹੁੰਦਾ ਹੈ ਪਰ ਇਸਦਾ ਲੋੜ ਤੋਂ ਵੱਧ ਸੇਵਨ ਨਾ ਕਰ। ਜੇ ਤੁਸੀਂ ਅਜਿਹਾ ਕਰੋਂਗੇ ਤਾਂ ਬਿਮਾਰ ਹੋ ਜਾਵੋਂਗੇ। 17 ਇਸੇ ਤਰ੍ਹਾਂ ਹੀ ਆਪਣੇ ਗੁਆਂਢੀ ਦੇ ਘਰ ਬਹੁਤਾ ਆਉਣ ਜਾਣ ਨਾ ਕਰੋ, ਨਹੀਂ ਤਾਂ ਉਹ ਅੱਕ ਜਾਵੇਗਾ ਅਤੇ ਤੁਹਾਨੂੰ ਨਫ਼ਰਤ ਕਰਨ ਲੱਗ ਪਵੇਗਾ।
18 ਜਿਹੜਾ ਬੰਦਾ ਆਪਣੇ ਗੁਆਂਢੀ ਦੇ ਖਿਲਾਫ਼ ਝੂਠਾ ਬਿਆਨ ਦਿੰਦਾ, ਉਹ ਹਥੌੜੇ, ਇੱਕ ਤੇਜ਼ ਤਲਵਾਰ ਜਾਂ ਤਿੱਖੇ ਤੀਰ ਵਾਂਗ ਹੁੰਦਾ ਹੈ। 19 ਮੁਸੀਬਤ ਦੇ ਦਿਨਾਂ ਵਿੱਚ ਕਿਸੇ ਝੂਠੇ ਬੰਦੇ ਉੱਤੇ ਕਦੇ ਨਿਰਭਰ ਨਾ ਕਰੋ। ਉਹ ਬੰਦਾ ਦੁੱਖਦੇ ਹੋਏ ਦੰਦ ਜਾਂ ਜ਼ਖਮੀ ਹੋਏ ਪੈਰ ਵਰਗਾ ਹੈ ਜਦੋਂ ਤੁਹਾਨੂੰ ਉਸਦੀ ਸਭ ਤੋਂ ਵੱਧ ਲੋੜ ਹੁੰਦੀ ਹੈ ਤਾਂ ਉਹ ਤੁਹਾਨੂੰ ਦੁੱਖ ਦਿੰਦਾ ਹੈ।
20 ਕਿਸੇ ਉਦਾਸ ਬੰਦੇ ਨੂੰ ਖੁਸ਼ੀ ਦੇ ਗੀਤ ਗਾਕੇ ਸੁਨਾਉਣਾ ਠੰਢ ਵਿੱਚ ਉਸ ਦੇ ਕੱਪੜੇ ਲਾਹੁਣ ਬਰਾਬਰ ਹੀ ਹੈ। ਇਹ ਸੱਟ ਉੱਤੇ ਸਿਰਕਾ ਪਾਉਣ ਵਾਂਗ ਹੈ।
21 ਜੇ ਤੁਹਾਡਾ ਦੁਸ਼ਮਣ ਭੁੱਖਾ ਹੈ, ਉਸ ਨੂੰ ਰੋਟੀ ਦਿਓ। ਜੇਕਰ ਉਹ ਪਿਆਸਾ ਹੈ, ਉਸ ਨੂੰ ਪੀਣ ਲਈ ਪਾਣੀ ਦਿਓ। 22 ਕਿਉਂ ਜੋ ਇਹ ਉਸ ਦੇ ਸਿਰ ਤੇ ਮਚਦੇ ਕੋਲਿਆਂ ਦਾ ਢੇਰ ਲਾਉਣ ਵਾਂਗ ਹੋਵੇਗਾ ਅਤੇ ਇਸ ਵਾਸਤੇ ਯਹੋਵਾਹ ਤੁਹਾਨੂੰ ਇਨਾਮ ਦੇਵੇਗਾ।
23 ਉੱਤਰ ਵੱਲੋਂ ਆਉਂਦੀ ਹਵਾ ਮੀਂਹ ਲੈ ਕੇ ਆਉਂਦੀ ਹੈ। ਇਸੇ ਤਰ੍ਹਾਂ ਨਿੰਦਿਆ ਚੁਗਲੀ ਗੁੱਸਾ ਲੈ ਕੇ ਆਉਂਦੀ ਹੈ।
24 ਝਗੜਾਲੂ ਪਤਨੀ ਨਾਲ ਘਰ ਸਾਂਝਾ ਕਰਨ ਨਾਲੋਂ ਛੱਤ ਤੇ ਖੂੰਜੇ ’ਚ ਸੌਣਾ ਬਿਹਤਰ ਹੈ।
25 ਦੂਰ ਦੁਰਾਡਿਓ ਆਉਂਦੀ ਚੰਗੀ ਖਬਰ ਓਸੇ ਤਰ੍ਹਾਂ ਹੈ ਜਿਵੇਂ ਸਖਤ ਗਰਮੀ ਵਿੱਚ ਠੰਡਾ ਪਾਣੀ।
26 ਇੱਕ ਧਰਮੀ ਵਿਅਕਤੀ ਦਾ ਦੁਸ਼ਟ ਆਦਮੀ ਦੇ ਅੱਗੇ ਡਿੱਗਣਾ ਮੈਲੇ ਝਰਨੇ ਜਾਂ ਦੂਸ਼ਿਤ ਖੂਹ ਵਾਂਗ ਹੋਵੇਗਾ।
27 ਜਿਵੇਂ ਕਿ ਬਹੁਤਾ ਜ਼ਿਆਦਾ ਸ਼ਹਿਦ ਖਾਣਾ ਚੰਗਾ ਨਹੀਂ, ਇਸੇ ਤਰ੍ਹਾਂ ਹੀ ਆਪਣੇ-ਆਪ ਲਈ ਆਦਰ ਕਰਵਾਉਣਾ ਚੰਗਾ ਨਹੀਂ।
28 ਜਿਸ ਬੰਦੇ ਦਾ ਖੁਦ ਤੇ ਕਾਬੂ ਨਹੀਂ, ਬਿਨਾਂ ਸੁਰੱਖਿਆ ਕੰਧ ਵਾਲੇ ਖੁਲ੍ਹੇ ਸ਼ਹਿਰ ਵਾਂਗ ਹੈ।
ਪਰਮੇਸ਼ੁਰ ਨੂੰ ਪ੍ਰਸੰਨ ਕਰਨ ਵਾਲਾ ਜੀਵਨ
4 ਭਰਾਵੋ ਅਤੇ ਭੈਣੋ ਹੁਣ ਮੈਂ ਤੁਹਾਨੂੰ ਕੁਝ ਹੋਰ ਗੱਲਾਂ ਬਾਰੇ ਦੱਸਦਾ ਹਾਂ। ਅਸੀਂ ਤੁਹਾਨੂੰ ਜੀਵਨ ਦਾ ਉਹ ਢੰਗ ਸਿੱਖਾਇਆ ਹੈ ਜੋ ਪਰਮੇਸ਼ੁਰ ਨੂੰ ਪ੍ਰਸੰਨ ਕਰਦਾ ਹੈ। ਅਤੇ ਅਸੀਂ ਜਾਣਦੇ ਹਾਂ ਕਿ ਤੁਸੀਂ ਉਸੇ ਢੰਗ ਵਿੱਚ ਜਿਉਂ ਰਹੇ ਹੋ। ਹੁਣ ਅਸੀਂ ਤੁਹਾਨੂੰ ਪੁੱਛਦੇ ਹਾਂ ਅਤੇ ਤੁਹਾਨੂੰ ਪ੍ਰਭੂ ਯਿਸੂ ਦੇ ਨਾਂ ਵਿੱਚ ਇਸੇ ਢੰਗ ਵਿੱਚ ਵੱਧ ਤੋਂ ਵੱਧ ਜਿਉਣ ਲਈ ਉਤਸਾਹਤ ਕਰਦੇ ਹਾਂ। 2 ਤੁਸੀਂ ਜਾਣਦੇ ਹੋ ਕਿ ਜੋ ਗੱਲਾਂ ਅਸੀਂ ਤੁਹਾਨੂੰ ਕਰਨ ਲਈ ਆਖੀਆਂ ਅਸੀਂ ਤੁਹਾਨੂੰ ਉਹ ਗੱਲਾਂ ਪ੍ਰਭੂ ਯਿਸੂ ਦੇ ਅਧਿਕਾਰ ਨਾਲ ਕਹੀਆਂ ਸਨ। 3 ਪਰਮੇਸ਼ੁਰ ਚਾਹੁੰਦਾ ਹੈ ਕਿ ਤੁਸੀਂ ਪਵਿੱਤਰ ਹੋਵੋ। ਉਹ ਚਾਹੁੰਦਾ ਹੈ ਕਿ ਤੁਸੀਂ ਜਿਨਸੀ ਪਾਪਾਂ ਤੋਂ ਦੂਰ ਰਹੋ। 4 ਪਰਮੇਸ਼ੁਰ ਚਾਹੁੰਦਾ ਹੈ। ਕਿ ਤੁਹਾਡੇ ਵਿੱਚੋਂ ਹਰ ਕੋਈ ਆਪਣੇ ਸਰੀਰ ਉੱਤੇ ਕਾਬੂ ਰੱਖਣਾ ਸਿੱਖ ਲਵੇ। ਆਪਣੇ ਸਰੀਰ ਦਾ ਇਸਤੇਮਾਲ ਉਸ ਢੰਗ ਨਾਲ ਕਰੋ ਜਿਹੜਾ ਪਵਿੱਤਰ ਅਤੇ ਸਤਿਕਾਰਯੋਗ ਹੈ। 5 ਆਪਣੇ ਸਰੀਰ ਨੂੰ ਜਿਨਸੀ ਪਾਪ ਲਈ ਨਾ ਵਰਤੋ। ਜਿਹੜੇ ਲੋਕ ਪਰਮੇਸ਼ੁਰ ਨੂੰ ਨਹੀਂ ਜਾਣਦੇ ਅਜਿਹਾ ਕਰਦੇ ਹਨ। 6 ਇਸ ਮਾਮਲੇ ਵਿੱਚ ਤੁਹਾਡੇ ਵਿੱਚੋਂ ਕਿਸੇ ਨੂੰ ਵੀ ਮਸੀਹ ਵਿੱਚ ਆਪਣੇ ਭਰਾ ਦਾ ਕੁਝ ਬੁਰਾ ਨਹੀਂ ਕਰਨਾ ਚਾਹੀਦਾ ਜਾਂ ਉਸਦਾ ਫ਼ਾਇਦਾ ਨਹੀਂ ਉੱਠਾਉਣਾ ਚਾਹੀਦਾ। ਜਿਹੜੇ ਲੋਕ ਅਜਿਹਾ ਕਰਦੇ ਹਨ ਪਰਮੇਸ਼ੁਰ ਉਨ੍ਹਾਂ ਨੂੰ ਸਜ਼ਾ ਦੇਵੇਗਾ। ਅਸੀਂ ਇਸ ਬਾਰੇ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਅਤੇ ਚੇਤਾਵਨੀ ਦੇ ਚੁੱਕੇ ਹਾਂ। 7 ਪਰਮੇਸ਼ੁਰ ਨੇ ਸਾਨੂੰ ਪਵਿੱਤਰ ਹੋਣ ਲਈ ਸੱਦਿਆ। ਉਹ ਨਹੀਂ ਚਾਹੁੰਦਾ ਕਿ ਅਸੀਂ ਪਾਪ ਦਾ ਜੀਵਨ ਜੀਵੀਏ। 8 ਇਸ ਲਈ ਜਿਹੜਾ ਵਿਅਕਤੀ ਇਸ ਉਪਦੇਸ਼ ਨੂੰ ਕਬੂਲਣ ਤੋਂ ਇਨਕਾਰ ਕਰਦਾ ਹੈ ਉਹ ਕਿਸੇ ਮਨੁੱਖ ਦੀ ਨਹੀਂ ਸਗੋਂ ਪਰਮੇਸ਼ੁਰ ਦੀ ਅਵਗਿਆ ਕਰਦਾ ਹੈ। ਅਤੇ ਪਰਮੇਸ਼ੁਰ ਹੀ ਹੈ ਜਿਹੜਾ ਤੁਹਾਨੂੰ ਆਪਣਾ ਪਵਿੱਤਰ ਆਤਮਾ ਪ੍ਰਦਾਨ ਕਰਦਾ ਹੈ।
9 ਮਸੀਹ ਦੇ ਨਮਿਤ ਤੁਹਾਡੇ ਭਰਾਵਾਂ ਅਤੇ ਭੈਣਾਂ ਲਈ ਤੁਹਾਡੇ ਪ੍ਰੇਮ ਬਾਰੇ ਸਾਨੂੰ ਲਿਖਣ ਦੀ ਲੋੜ ਨਹੀਂ ਹੈ। ਪਰਮੇਸ਼ੁਰ ਨੇ ਪਹਿਲਾਂ ਹੀ ਤੁਹਾਨੂੰ ਇੱਕ ਦੂਸਰੇ ਨਾਲ ਪ੍ਰੇਮ ਕਰਨਾ ਸਿੱਖਾਇਆ ਹੈ। 10 ਅਤੇ ਸੱਚਮੁੱਚ ਹੀ ਤੁਸੀਂ ਸਾਰੇ ਮਕਦੂਨਿਯਾ ਵਿੱਚ ਆਪਣੇ ਭਰਾਵਾਂ ਅਤੇ ਭੈਣਾਂ ਨੂੰ ਪਿਆਰ ਕਰਦੇ ਹੋ। ਭਰਾਵੋ ਅਤੇ ਭੈਣੋ ਹੁਣ ਅਸੀਂ ਤੁਹਾਨੂੰ ਉਨ੍ਹਾਂ ਨੂੰ ਹੋਰ ਵੱਧੇਰੇ ਪਿਆਰ ਕਰਨ ਲਈ ਉਤਸਾਹਿਤ ਕਰਦੇ ਹਾਂ।
11 ਅਮਨ ਭਰਪੂਰ ਜੀਵਨ ਜਿਉਣ ਲਈ ਜੋ ਕੁਝ ਵੀ ਤੁਸੀਂ ਕਰ ਸੱਕਦੇ ਹੋ ਉਹੀ ਕਰੋ। ਆਪਣੇ ਕਾਰੋਬਾਰ ਦਾ ਖਿਆਲ ਰੱਖੋ ਅਤੇ ਆਪਣੀ ਰੋਜ਼ੀ ਕੁਮਾਉਣ ਲਈ ਕੰਮ ਕਰੋ। ਅਸੀਂ ਇਹ ਗੱਲਾਂ ਕਰਨ ਲਈ ਪਹਿਲਾਂ ਹੀ ਆਖ ਚੁੱਕੇ ਹਾਂ। 12 ਜੇ ਤੁਸੀਂ ਅਜਿਹੀਆਂ ਗੱਲਾਂ ਕਰੋਂਗੇ ਤਾਂ ਉਹ ਲੋਕ ਵੀ ਜਿਹੜੇ ਸ਼ਰਧਾਲੂ ਨਹੀਂ ਹਨ ਤੁਹਾਡੇ ਜੀਵਨ ਢੰਗ ਦੀ ਇੱਜ਼ਤ ਕਰਨਗੇ। ਅਤੇ ਤੁਹਾਨੂੰ ਆਪਣੀਆਂ ਲੋੜਾਂ ਲਈ ਹੋਰਨਾਂ ਲੋਕਾਂ ਉੱਪਰ ਨਿਰਭਰ ਨਹੀਂ ਹੋਣਾ ਪਵੇਗਾ।
ਪ੍ਰਭੂ ਦੀ ਆਮਦ
13 ਭਰਾਵੋ ਅਤੇ ਭੈਣੋ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਉਨ੍ਹਾਂ ਲੋਕਾਂ ਬਾਰੇ ਜਾਣ ਲਵੋ ਜਿਹੜੇ ਮਰ ਚੁੱਕੇ ਹਨ। ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਹੋਰਨਾਂ ਲੋਕਾਂ ਵਾਂਗ ਉਦਾਸ ਹੋਵੋ-ਉਨ੍ਹਾਂ ਲੋਕਾਂ ਵਾਂਗ ਜਿਨ੍ਹਾਂ ਕੋਲ ਕੋਈ ਆਸ ਨਹੀਂ ਹੁੰਦੀ। 14 ਅਸੀਂ ਵਿਸ਼ਵਾਸ ਕਰਦੇ ਹਾਂ ਕਿ ਯਿਸੂ ਮਰਿਆ ਅਤੇ ਫ਼ੇਰ ਜੀ ਉੱਠਿਆ। ਇਸ ਲਈ ਯਿਸੂ ਦੇ ਕਾਰਣ, ਪਰਮੇਸ਼ੁਰ ਯਿਸੂ ਸਮੇਤ ਉਨ੍ਹਾਂ ਲੋਕਾਂ ਨੂੰ ਫ਼ੇਰ ਲਿਆਵੇਗਾ ਜਿਹੜੇ ਮਰ ਚੁੱਕੇ ਹਨ।
15 ਤੁਹਾਨੂੰ ਪਤਾ ਹੈ ਕਿ ਜੋ ਕੁਝ ਅਸੀਂ ਹੁਣ ਤੁਹਾਨੂੰ ਦੱਸ ਰਹੇ ਹਾਂ ਪ੍ਰਭੂ ਦਾ ਆਪਣਾ ਸੰਦੇਸ਼ ਹੈ। ਅਸੀਂ ਜਿਹੜੇ ਹੁਣ ਜਿਉਂ ਰਹੇ ਹਾਂ ਸ਼ਾਇਦ ਉਦੋਂ ਤੱਕ ਜਿਉਂਦੇ ਰਹੀਏ ਜਦੋਂ ਤੱਕ ਪ੍ਰਭੂ ਫ਼ੇਰ ਵਾਪਸ ਆਵੇਗਾ। ਅਸੀਂ ਜਿਹੜੇ ਉਦੋਂ ਜਿਉਂ ਰਹੇ ਹੋਵਾਂਗੇ, ਪ੍ਰਭੂ ਦੇ ਨਾਲ ਹੋਵਾਂਗੇ, ਪਰ ਉਨ੍ਹਾਂ ਲੋਕਾਂ ਦੇ ਸਾਹਮਣੇ ਨਹੀਂ, ਜਿਹੜੇ ਪਹਿਲਾਂ ਹੀ ਮਰ ਚੁੱਕੇ ਹਨ। 16 ਪ੍ਰਭੂ ਖੁਦ ਸਵਰਗ ਤੋਂ ਹੇਠਾਂ ਆਵੇਗਾ ਉਦੋਂ ਬਹੁਤ ਵੱਡਾ ਹੁਕਮ ਆਵੇਗਾ। ਇਹ ਹੁਕਮ ਮਹਾਂ ਦੂਤ ਦੀ ਅਵਾਜ਼ ਵਿੱਚ ਅਤੇ ਪਰਮੇਸ਼ੁਰ ਦੀ ਤੁਰ੍ਹੀ ਨਾਲ ਹੋਵੇਗਾ। ਅਤੇ ਉਹ ਮੁਰਦਾ ਲੋਕ ਜਿਹੜੇ ਮਸੀਹ ਵਿੱਚ ਸਨ ਪਹਿਲਾਂ ਜੀ ਉੱਠਣਗੇ। 17 ਉਸ ਤੋਂ ਮਗਰੋਂ, ਅਸੀਂ ਸਾਰੇ, ਜਿਹੜੇ ਹਾਲੇ ਤੱਕ ਜਿਉਂਦੇ ਹਾਂ, ਉਤਾਂਹ ਉਨ੍ਹਾਂ ਲੋਕਾਂ ਨਾਲ ਇਕੱਠੇ ਹੋਵਾਂਗੇ ਜਿਹੜੇ ਮਰ ਚੁੱਕੇ ਸਨ। ਸਾਨੂੰ ਬਦਲਾਂ ਨਾਲ ਜਿਲਾਇਆ ਜਾਵੇਗਾ ਅਤੇ ਹਵਾ ਵਿੱਚ ਮਸੀਹ ਨਾਲ ਮਿਲਾਇਆ ਜਾਵੇਗਾ। ਅਤੇ ਅਸੀਂ ਹਮੇਸ਼ਾ ਲਈ ਪ੍ਰਭੂ ਨਾਲ ਅੰਤ ਤੀਕ ਹੋਵਾਂਗੇ। 18 ਇਸ ਲਈ ਇੱਕ ਦੂਸਰੇ ਨੂੰ ਇਨ੍ਹਾਂ ਸ਼ਬਦਾਂ ਰਾਹੀਂ ਹੌਂਸਲਾ ਦਿਉ।
2010 by World Bible Translation Center