M’Cheyne Bible Reading Plan
22 ਜ਼ੂਫ਼ੇ ਦੀਆਂ ਟਾਹਣੀਆਂ ਲੈ ਕੇ ਉਨ੍ਹਾਂ ਨੂੰ ਖੂਨ ਨਾਲ ਭਰੇ ਹੋਏ ਪਿਆਲਿਆਂ ਵਿੱਚ ਡੋਬੋ। ਖੂਨ ਨੂੰ ਆਪਣੇ ਦਰਵਾਜ਼ਿਆਂ ਦੀਆਂ ਸਰਦਲਾਂ ਦੇ ਪਾਸੇ ਤੇ ਅਤੇ ਉੱਪਰ ਮਲੋ। ਸਵੇਰ ਤੀਕ ਕਿਸੇ ਨੂੰ ਵੀ ਉਸ ਦੇ ਘਰ ਦੇ ਦਰਵਾਜ਼ੇ ਤੋਂ ਬਾਹਰ ਨਹੀਂ ਜਾਣਾ ਚਾਹੀਦਾ। 23 ਉਸ ਵੇਲੇ ਜਦੋਂ ਯਹੋਵਾਹ ਮਿਸਰ ਵਿੱਚੋਂ ਪਲੋਠੀ ਸੰਤਾਨ ਨੂੰ ਮਾਰਨ ਲਈ ਲੰਘੇਗਾ, ਤਾਂ ਯਹੋਵਾਹ ਤੁਹਾਡੇ ਦਰਵਾਜ਼ਿਆਂ ਦੀਆਂ ਚੁਗਾਠਾਂ ਦੇ ਉੱਪਰਲੇ ਪਾਸੇ ਅਤੇ ਪਾਸਿਆਂ ਉੱਤੇ ਖੂਨ ਦੇਖ ਲਵੇਗਾ। ਫ਼ੇਰ ਯਹੋਵਾਹ ਉਸ ਘਰ ਨੂੰ ਬਚਾਵੇਗਾ। ਯਹੋਵਾਹ ਤਬਾਹ ਕਰਨ ਵਾਲੇ ਨੂੰ ਤੁਹਾਡੇ ਘਰਾਂ ਵਿੱਚ ਆਉਣ ਅਤੇ ਤੁਹਾਨੂੰ ਨੁਕਸਾਨ ਪਹੁੰਚਾਉਣ ਨਹੀਂ ਦੇਵੇਗਾ। 24 ਤੁਹਾਨੂੰ ਇਹ ਹੁਕਮ ਯਾਦ ਰੱਖਣਾ ਚਾਹੀਦਾ ਹੈ। ਇਹ ਕਾਨੂਨ ਤੁਹਾਡੇ ਲਈ ਅਤੇ ਤੁਹਾਡੇ ਉੱਤਰਾਧਿਕਾਰੀਆਂ ਲਈ ਹਮੇਸ਼ਾ ਵਾਸਤੇ ਹੈ। 25 ਤੁਹਾਨੂੰ ਇਸ ਨੂੰ ਉਦੋਂ ਵੀ ਚੇਤੇ ਰੱਖਣਾ ਚਾਹੀਦਾ ਹੈ ਜਦੋਂ ਤੁਸੀਂ ਉਸ ਧਰਤੀ ਤੇ ਜਾਵੋਂ ਜਿਹੜੀ ਯਹੋਵਾਹ ਤੁਹਾਨੂੰ ਦੇਣ ਜਾ ਰਿਹਾ ਹੈ। 26 ਜਦੋਂ ਤੁਹਾਡੇ ਬੱਚੇ ਤੁਹਾਨੂੰ ਪੁੱਛਣ, ‘ਅਸੀਂ ਇਹ ਰਸਮ ਕਿਉਂ ਕਰ ਰਹੇ ਹਾਂ?’ 27 ਤਾਂ ਤੁਸੀਂ ਆਖੋਂਗੇ, ‘ਇਹ ਪਸਾਹ ਯਹੋਵਾਹ ਦੇ ਆਦਰ ਲਈ ਹੈ। ਕਿਉਂਕਿ ਜਦੋਂ ਅਸੀਂ ਮਿਸਰ ਵਿੱਚ ਸਾਂ, ਯਹੋਵਾਹ ਇਸਰਾਏਲ ਦੇ ਘਰਾਂ ਨੂੰ ਲੰਘ ਰਿਹਾ ਸੀ। ਯਹੋਵਾਹ ਨੇ ਮਿਸਰੀਆਂ ਨੂੰ ਮਾਰ ਦਿੱਤਾ, ਪਰ ਉਸ ਨੇ ਸਾਡੇ ਘਰਾਂ ਦੇ ਲੋਕਾਂ ਨੂੰ ਬਚਾ ਲਿਆ।’”
ਇਸ ਲਈ ਹੁਣ ਲੋਕ ਯਹੋਵਾਹ ਨੂੰ ਮੱਥਾ ਟੇਕਦੇ ਹਨ ਤੇ ਉਪਾਸਨਾ ਕਰਦੇ ਹਨ। 28 ਯਹੋਵਾਹ ਨੇ ਇਹ ਹੁਕਮ ਮੂਸਾ ਅਤੇ ਹਾਰੂਨ ਨੂੰ ਦਿੱਤਾ ਇਸ ਲਈ ਇਸਰਾਏਲ ਦੇ ਲੋਕਾਂ ਨੇ ਓਹੀ ਕੀਤਾ ਜਿਸਦਾ ਯਹੋਵਾਹ ਨੇ ਹੁਕਮ ਦਿੱਤਾ ਸੀ।
29 ਅੱਧੀ ਰਾਤ ਵੇਲੇ, ਯਹੋਵਾਹ ਨੇ ਮਿਸਰ ਵਿੱਚ ਸਾਰੇ ਪਹਿਲੋਠੇ ਪੁੱਤਰਾਂ ਨੂੰ ਮਾਰ ਦਿੱਤਾ, ਫ਼ਿਰਊਨ ਨੇ ਪਹਿਲੋਠੇ ਤੋਂ ਲੈ ਕੇ ਕੈਦਖਾਨੇ ਵਿੱਚ ਬੈਠੇ ਕੈਦੀ ਦੇ ਪਹਿਲੋਠੇ ਪੁੱਤਰ ਤੱਕ। ਸਾਰੇ ਪਹਿਲੋਠੇ ਜਾਨਵਰ ਵੀ ਮਰ ਗਏ। 30 ਉਸ ਰਾਤ ਮਿਸਰ ਦੇ ਹਰ ਘਰ ਵਿੱਚ ਕੋਈ ਨਾ ਕੋਈ ਮਰ ਗਿਆ। ਫ਼ਿਰਊਨ, ਉਸ ਦੇ ਅਧਿਕਾਰੀਆਂ ਅਤੇ ਮਿਸਰ ਦੇ ਸਾਰੇ ਲੋਕਾਂ ਨੇ ਉੱਚੀ-ਉੱਚੀ ਵਿਰਲਾਪ ਕਰਨਾ ਸ਼ੁਰੂ ਕਰ ਦਿੱਤਾ।
ਇਸਰਾਏਲ ਦਾ ਮਿਸਰ ਨੂੰ ਛੱਡ ਜਾਣਾ
31 ਇਸ ਲਈ ਉਸ ਰਾਤ, ਫ਼ਿਰਊਨ ਨੇ ਮੂਸਾ ਅਤੇ ਹਾਰੂਨ ਨੂੰ ਸੱਦਿਆ। ਫ਼ਿਰਊਨ ਨੇ ਉਨ੍ਹਾਂ ਨੂੰ ਆਖਿਆ, “ਉੱਠੋ ਅਤੇ ਮੇਰੇ ਲੋਕਾਂ ਨੂੰ ਛੱਡ ਦਿਉ। ਤੁਸੀਂ ਅਤੇ ਤੁਹਾਡੇ ਲੋਕ ਜੋ ਕਹਿੰਦੇ ਹੋ ਕਰ ਸੱਕਦੇ ਹੋ। ਜਾਓ ਅਤੇ ਯਹੋਵਾਹ ਦੀ ਉਪਾਸਨਾ ਕਰੋ। 32 ਅਤੇ ਤੁਸੀਂ ਆਪਣੇ ਨਾਲ ਆਪਣੀਆਂ ਸਾਰੀਆਂ ਭੇਡਾਂ ਅਤੇ ਪਸ਼ੂ ਲੈ ਜਾ ਸੱਕਦੇ ਹੋ ਜਿਹਾ ਕਿ ਤੁਸੀਂ ਆਖਿਆ ਸੀ ਕਿ ਤੁਸੀਂ ਕਰੋਂਗੇ। ਜਾਓ। ਅਤੇ ਮੈਨੂੰ ਵੀ ਅਸੀਸ ਦਿਉ।” 33 ਮਿਸਰ ਦੇ ਲੋਕਾਂ ਨੇ ਵੀ ਉਨ੍ਹਾਂ ਨੂੰ ਛੇਤੀ ਚੱਲੇ ਜਾਣ ਲਈ ਆਖਿਆ। ਕਿਉਂਕਿ ਉਨ੍ਹਾਂ ਨੇ ਆਖਿਆ, “ਜੇ ਤੁਸੀਂ ਨਾ ਗਏ, ਅਸੀਂ ਸਾਰੇ ਮਾਰੇ ਜਾਵਾਂਗੇ।”
34 ਇਸਰਾਏਲ ਦੇ ਲੋਕਾਂ ਕੋਲ ਆਪਣੀ ਰੋਟੀ ਵਿੱਚ ਖਮੀਰ ਪਾਉਣ ਦਾ ਵੀ ਸਮਾਂ ਨਹੀਂ ਸੀ। ਉਨ੍ਹਾਂ ਨੇ ਆਟੇ ਦੀਆਂ ਤੌਣਾਂ ਕੱਪੜੇ ਵਿੱਚ ਬੰਨ੍ਹੀਆਂ ਅਤੇ ਉਨ੍ਹਾਂ ਨੂੰ ਮੋਢਿਆਂ ਉੱਤੇ ਚੁੱਕ ਲਿਆ। 35 ਫ਼ੇਰ ਇਸਰਾਏਲ ਦੇ ਲੋਕਾਂ ਨੇ ਓਹੀ ਕੀਤਾ ਜੋ ਮੂਸਾ ਨੇ ਉਨ੍ਹਾਂ ਨੂੰ ਕਰਨ ਲਈ ਆਖਿਆ ਸੀ। ਉਹ ਆਪਣੇ ਮਿਸਰੀ ਗੁਆਂਢੀਆਂ ਕੋਲ ਗਏ ਅਤੇ ਕੱਪੜੇ ਅਤੇ ਸੋਨੇ ਚਾਂਦੀ ਦੇ ਗਹਿਣੇ ਮੰਗੇ। 36 ਯਹੋਵਾਹ ਨੇ ਮਿਸਰੀਆਂ ਨੂੰ ਇਸਰਾਏਲੀਆਂ ਵੱਲ ਮਿਹਰਬਾਨ ਬਣਾ ਦਿੱਤਾ ਅਤੇ ਜੋ ਵੀ ਉਨ੍ਹਾਂ ਨੂੰ ਚਾਹੀਦਾ ਸੀ, ਦਿੱਤਾ। ਇੰਝ ਇਸਰਾਏਲ ਦੇ ਲੋਕਾਂ ਨੇ ਮਿਸਰੀਆਂ ਤੋਂ ਸਾਰੀਆਂ ਕੀਮਤੀ ਮਲਕੀਅਤਾਂ ਲੈ ਲਈਆਂ।
37 ਇਸਰਾਏਲ ਦੇ ਲੋਕਾਂ ਨੇ ਰਾਮਸੇਸ ਤੋਂ ਸੁੱਕੋਥ ਤੱਕ ਸਫ਼ਰ ਕੀਤਾ। ਬੱਚਿਆਂ ਤੋਂ ਬਿਨਾ ਉੱਥੇ ਤਕਰੀਬਨ 6,00,000 ਆਦਮੀ ਸਨ। 38 ਉੱਥੇ ਬਹੁਤ ਸਾਰੀਆਂ ਭੇਡਾਂ ਅਤੇ ਪਸ਼ੂ ਅਤੇ ਹੋਰ ਚੀਜ਼ਾਂ ਸਨ। ਉਨ੍ਹਾਂ ਦੇ ਨਾਲ ਸਫ਼ਰ ਕਰਨ ਵਾਲੇ ਵੱਖ-ਵੱਖ ਤਰ੍ਹਾਂ ਦੇ ਲੋਕ ਵੀ ਸਨ-ਇਹ ਲੋਕ ਇਸਰਾਏਲੀ ਨਹੀਂ ਸਨ ਪਰ ਇਨ੍ਹਾਂ ਨੇ ਇਸਰਾਏਲ ਦੇ ਲੋਕਾਂ ਨਾਲ ਹੀ ਮਿਸਰ ਛੱਡ ਦਿੱਤਾ ਸੀ। 39 ਨਾ ਤਾਂ ਲੋਕਾਂ ਕੋਲ ਆਪਣੇ ਆਟੇ ਵਿੱਚ ਖਮੀਰ ਪਾਉਣ ਦਾ ਸਮਾਂ ਸੀ ਨਾ ਹੀ ਆਪਣੇ ਸਫ਼ਰ ਲਈ ਰੋਟੀ ਪਕਾਉਣ ਦਾ ਕਿਉਂਕਿ ਉਹ ਮਿਸਰ ਵਿੱਚੋਂ ਕੱਢ ਦਿੱਤੇ ਗਏ ਸਨ। ਇਸ ਲਈ ਰਸਤੇ ਵਿੱਚ ਜਦੋਂ ਉਹ ਖਾਣ ਲਈ ਰੁਕੇ, ਉਨ੍ਹਾਂ ਨੇ ਬਿਨਾ ਖਮੀਰ ਤੋਂ ਆਪਣੀਆਂ ਰੋਟੀਆਂ ਸੇਕੀਆਂ।
40 ਇਸਰਾਏਲ ਦੇ ਲੋਕ ਮਿਸਰ ਵਿੱਚ 430 ਵਰ੍ਹਿਆਂ ਲਈ ਰਹੇ। 41 ਚਾਰ ਸੌ ਤੀਹਵੇਂ ਵਰ੍ਹੇ ਦੇ ਅਖੀਰਲੇ ਦਿਨ, ਯਹੋਵਾਹ ਦੀਆਂ ਸਾਰੀਂ ਫ਼ੌਜ਼ਾਂ [a] ਨੇ ਮਿਸਰ ਛੱਡ ਦਿੱਤਾ। 42 ਇਸ ਲਈ ਇਹ ਬਹੁਤ ਖਾਸ ਰਾਤ ਹੈ ਜਦੋਂ ਲੋਕ ਯਹੋਵਾਹ ਦੀ ਕਰਨੀ ਨੂੰ ਚੇਤੇ ਕਰਦੇ ਹਨ। ਇਸਰਾਏਲ ਦੇ ਸਮੂਹ ਲੋਕ ਹਮੇਸ਼ਾ ਵਾਸਤੇ ਉਸ ਰਾਤ ਨੂੰ ਚੇਤੇ ਰੱਖਣਗੇ।
43 ਯਹੋਵਾਹ ਨੇ ਮੂਸਾ ਤੇ ਹਾਰੂਨ ਨੂੰ ਆਖਿਆ, “ਪਸਾਹ ਲਈ ਇਹ ਨੇਮ ਹਨ; ਕਿਸੇ ਵੀ ਵਿਦੇਸ਼ੀ ਨੇ ਪਸਾਹ ਦਾ ਭੋਜਨ ਨਹੀਂ ਕਰਨਾ। 44 ਪਰ ਜੇ ਕੋਈ ਬੰਦਾ ਕੋਈ ਗੁਲਾਮ ਖਰੀਦਦਾ ਹੈ ਅਤੇ ਉਸਦੀ ਸੁੰਨਤ ਕਰਾਉਂਦਾ ਹੈ ਤਾਂ ਉਹ ਗੁਲਾਮ ਪਸਾਹ ਦਾ ਭੋਜਨ ਖਾ ਸੱਕਦਾ ਹੈ। 45 ਪਰ ਜੇ ਕੋਈ ਬੰਦਾ ਸਿਰਫ਼ ਤੁਹਾਡੇ ਦੇਸ਼ ਅੰਦਰ ਰਹਿੰਦਾ ਹੈ, ਜਾਂ ਜੇ ਕੋਈ ਬੰਦਾ ਸਿਰਫ਼ ਤੁਹਾਦੇ ਕੰਮ ਵਾਸਤੇ ਰੱਖਿਆ ਹੋਇਆ ਹੈ, ਤਾਂ ਉਹ ਬੰਦਾ ਪਸਾਹ ਦਾ ਭੋਜਨ ਨਾ ਖਾਵੇ। ਪਸਾਹ ਇਸਰਾਏਲ ਦੇ ਲੋਕਾਂ ਲਈ ਹੈ।
46 “ਹਰੇਕ ਪਰਿਵਾਰ ਇੱਕੋ ਘਰ ਵਿੱਚ ਭੋਜਨ ਖਾਵੇ। ਘਰ ਤੋਂ ਬਾਹਰ ਕੋਈ ਭੋਜਨ ਨਾ ਖਾਧਾ ਜਾਵੇ। ਲੇਲੇ ਦੀ ਕੋਈ ਵੀ ਹੱਡੀ ਨਾ ਤੋੜੋ। 47 ਇਸਰਾਏਲ ਦੇ ਸਮੂਹ ਭਾਈਚਾਰੇ ਨੂੰ ਇਹ ਰੀਤ ਜ਼ਰੂਰ ਕਰਨੀ ਚਾਹੀਦੀ ਹੈ। 48 ਜੇ ਤੁਹਾਡੇ ਦਰਮਿਆਨ ਕੋਈ ਗੈਰ-ਇਸਰਾਏਲੀ ਰਹਿੰਦਾ ਹੈ ਅਤੇ ਜੇ ਉਹ ਯਹੋਵਾਹ ਦੇ ਪਸਾਹ ਵਿੱਚ ਸ਼ਾਮਿਲ ਹੋਣਾ ਚਾਹੁੰਦਾ ਹੈ, ਤਾਂ ਉਸਦੀ ਸੁੰਨਤ ਅਵੱਸ਼ ਹੋਣੀ ਚਾਹੀਦੀ ਹੈ। ਫ਼ੇਰ ਉਹ ਇਸਰਾਏਲ ਦੇ ਕਿਸੇ ਵੀ ਹੋਰ ਸ਼ਹਿਰੀ ਵਰਗਾ ਹੋਵੇਗਾ, ਇਸ ਲਈ ਉਹ ਭੋਜਨ ਸਾਂਝਾ ਕਰ ਸੱਕਦਾ ਹੈ। ਪਰ ਜੇ ਕਿਸੇ ਬੰਦੇ ਦੀ ਸੁੰਨਤ ਨਹੀਂ ਹੋਈ ਤਾਂ ਉਹ ਪਸਾਹ ਦਾ ਭੋਜਨ ਨਹੀਂ ਖਾ ਸੱਕਦਾ। 49 ਇਹੀ ਬਿਵਸਥਾ ਹਰ ਕਿਸੇ ਲਈ ਹੈ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਕੋਈ ਬੰਦਾ ਸ਼ਹਿਰੀ ਹੈ ਜਾਂ ਤੁਹਾਡੇ ਦੇਸ਼ ਵਿੱਚ ਰਹਿਣ ਵਾਲਾ ਗੈਰ ਇਸਰਾਏਲੀ ਹੈ-ਬਿਵਸਥਾ ਸਾਰਿਆਂ ਲਈ ਇੱਕੋ ਜਿਹੀ ਹੈ।”
50 ਇਸ ਲਈ ਇਸਰਾਏਲ ਦੇ ਲੋਕਾਂ ਨੇ ਉਹ ਹੁਕਮ ਮੰਨੇ ਜਿਹੜੇ ਯਹੋਵਾਹ ਨੇ ਮੂਸਾ ਤੇ ਹਾਰੂਨ ਨੂੰ ਦਿੱਤੇ ਸਨ। 51 ਇਸ ਲਈ ਉਸੇ ਦਿਨ, ਯਹੋਵਾਹ ਇਸਰਾਏਲ ਦੇ ਸਮੂਹ ਲੋਕਾਂ ਨੂੰ ਮਿਸਰ ਦੇ ਦੇਸ਼ ਤੋਂ ਬਾਹਰ ਲੈ ਗਿਆ। ਲੋਕ ਟੋਲਿਆਂ ਵਿੱਚ ਚੱਲੇ ਗਏ।
ਸੁਰਗ ਵਿੱਚ ਮੌਜ(A)
15 ਬਹੁਤ ਸਾਰੇ ਮਸੂਲੀਏ ਅਤੇ ਪਾਪੀ ਲੋਕ ਯਿਸੂ ਕੋਲ ਉਸ ਨੂੰ ਸੁਨਣ ਲਈ ਆਏ। 2 ਤਦ ਫ਼ਰੀਸੀ ਅਤੇ ਨੇਮ ਦੇ ਉਪਦੇਸ਼ਕ ਸ਼ਿਕਾਇਤ ਕਰਨ ਲੱਗੇ, “ਵੇਖੋ! ਇਹ ਆਦਮੀ ਪਾਪੀ ਲੋਕਾਂ ਨੂੰ ਕਬੂਲਦਾ ਹੈ ਅਤੇ ਉਨ੍ਹਾਂ ਨਾਲ ਖਾਂਦਾ ਪੀਂਦਾ ਵੀ ਹੈ।”
3 ਫ਼ਿਰ ਯਿਸੂ ਨੇ ਉਨ੍ਹਾਂ ਨੂੰ ਇਹ ਦ੍ਰਿਸ਼ਟਾਂਤ ਬਿਆਨ ਕੀਤਾ: 4 “ਮੰਨ ਲਵੋ ਤੁਹਾਡੇ ਵਿੱਚੋਂ ਕਿਸੇ ਕੋਲ ਸੌ ਭੇਡਾਂ ਹੋਣ, ਪਰ ਉਹ ਉਨ੍ਹਾਂ ਵਿੱਚੋਂ ਇੱਕ ਗੁਆਚ ਜਾਵੇ। ਤਾਂ ਕੀ ਉਹ ਬਾਕੀ ਦੀਆਂ ਨੜਿੰਨਵੇ ਭੇਡਾਂ ਨੂੰ ਇੱਕਲੀਆਂ ਛੱਡ ਕੇ ਉਸ ਇੱਕ ਗੁਆਚੀ ਹੋਈ ਭੇਡ ਦੀ ਭਾਲ ਵਿੱਚ ਨਹੀਂ ਜਾਵੇਗਾ? ਜਦ ਤੱਕ ਕਿ ਆਦਮੀ ਉਸ ਨੂੰ ਲੱਭ ਨਾ ਲਵੇ। 5 ਤੇ ਜਦੋਂ ਉਸ ਨੂੰ ਉਹ ਗੁਆਚੀ ਹੋਈ ਭੇਡ ਲੱਭ ਜਾਂਦੀ ਹੈ, ਤਾਂ ਉਹ ਮਨੁੱਖ ਬੜਾ ਖੁਸ਼ ਹੁੰਦਾ ਹੈ ਅਤੇ ਖੁਸ਼ੀ ਨਾਲ ਉਸ ਨੂੰ ਆਪਣੇ ਮੋਢਿਆ ਉੱਤੇ ਚੁੱਕ ਲੈਂਦਾ ਹੈ। 6 ਉਹ ਘਰ ਜਾਂਦਾ ਹੈ। ਉਹ ਆਪਣੇ ਮਿੱਤਰਾਂ ਅਤੇ ਗੁਆਂਢੀਆਂ ਨੂੰ ਇਕੱਠਿਆਂ ਕਰਦਾ ਹੈ ਅਤੇ ਉਨ੍ਹਾਂ ਨੂੰ ਆਖਦਾ ਹੈ, ‘ਮੇਰੇ ਨਾਲ ਖੁਸ਼ੀ ਮਨਾਓ ਕਿਉਂਕਿ ਮੈਨੂੰ ਆਪਣੀ ਗੁਆਚੀ ਹੋਈ ਭੇਡ ਮਿਲ ਗਈ ਹੈ।’ 7 ਇਸੇ ਤਰ੍ਹਾਂ ਹੀ, ਮੈਂ ਤੁਹਾਨੂੰ ਦੱਸਦਾ ਹਾਂ ਕਿ ਉਨ੍ਹਾਂ ਨੜਿੰਨਵਿਆਂ ਚੰਗਿਆਂ ਬੰਦਿਆਂ ਨਾਲੋਂ, ਜਿਨ੍ਹਾਂ ਨੂੰ ਆਪਣੇ ਦਿਲ ਬਦਲਣ ਦੀ ਜ਼ਰੂਰਤ ਨਹੀਂ, ਇੱਕ ਪਾਪੀ ਬੰਦੇ ਲਈ ਸਵਰਗ ਵਿੱਚ ਵੱਧੇਰੇ ਖੁਸ਼ੀ ਹੁਦੀ ਹੈ ਜੋ ਆਪਣੇ ਦਿਲ ਨੂੰ ਬਦਲ ਲੈਂਦਾ ਹੈ।
8 “ਫ਼ਰਜ ਕਰੋ ਇੱਕ ਔਰਤ ਕੋਲ ਦਸ ਚਾਂਦੀ ਦੇ ਸਿੱਕੇ ਹਨ। ਉਨ੍ਹਾਂ ਵਿੱਚੋਂ ਇੱਕ ਗੁਆਚ ਜਾਂਦਾ ਹੈ, ਉਹ ਦੀਵਾ ਜਗਾਉਂਦੀ ਹੈ ਅਤੇ ਧਿਆਨ ਨਾਲ ਉਸ ਗੁਆਚੇ ਹੋਏ ਸਿੱਕੇ ਨੂੰ ਲੱਭਦੀ ਹੋਈ ਸੰਭਰਦੀ ਹੈ, ਜਦੋਂ ਤੱਕ ਕਿ ਉਹ ਉਸ ਨੂੰ ਲੱਭ ਨਹੀਂ ਲੈਂਦੀ। 9 ਜਦੋਂ ਉਹ ਆਪਣਾ ਗੁਆਚਿਆ ਹੋਇਆ ਸਿੱਕਾ ਲੱਭ ਲੈਂਦੀ ਹੈ ਤਾਂ ਉਹ ਆਪਣੇ ਮਿੱਤਰਾਂ ਤੇ ਗਆਂਢੀਆਂ ਨੂੰ ਇਕੱਠਿਆ ਕਰਦੀ ਹੈ ਤੇ ਆਖਦੀ ਹੈ, ‘ਮੇਰੇ ਨਾਲ ਰਲ ਕੇ ਖੁਸ਼ੀ ਮਨਾਓ ਕਿਉਂਕਿ ਮੈਨੂੰ ਮੇਰਾ ਗੁਆਚਾ ਹੋਇਆ ਸਿੱਕਾ ਲੱਭ ਪਿਆ ਹੈ।’ 10 ਇਸੇ ਤਰ੍ਹਾਂ ਹੀ ਪਰਮੇਸ਼ੁਰ ਦੇ ਦੂਤਾਂ ਦੇ ਅੱਗੇ ਉਦੋਂ ਪ੍ਰਸੰਨਤਾ ਹੁੰਦੀ ਹੈ ਜਦੋਂ ਇੱਕ ਪਾਪੀ ਆਪਣਾ ਦਿਲ ਬਦਲਦਾ ਹੈ।”
ਜਿਹੜਾ ਪੁੱਤਰ ਘਰ ਛੱਡ ਕੇ ਗਿਆ ਸੀ
11 ਤਾਂ ਯਿਸੂ ਨੇ ਕਿਹਾ, “ਇੱਕ ਮਨੁੱਖ ਦੇ ਦੋ ਪੁੱਤਰ ਸਨ। 12 ਛੋਟੇ ਪੁੱਤਰ ਨੇ ਆਪਣੇ ਪਿਤਾ ਨੂੰ ਕਿਹਾ, ‘ਮੈਨੂੰ ਮੇਰੀ ਜਾਇਦਾਦ ਦਾ ਹਿੱਸਾ ਦੇ ਦੇਵੋ।’ ਤਾਂ ਪਿਤਾ ਨੇ ਜਾਇਦਾਦ ਨੂੰ ਆਪਣੇ ਦੋਹਾਂ ਪੁੱਤਰਾ ਵਿੱਚ ਵੰਡ ਦਿੱਤਾ।
13 “ਥੋੜੇ ਹੀ ਸਮੇਂ ਬਾਅਦ ਛੋਟੇ ਪੁੱਤਰ ਨੇ ਆਪਣੀ ਜਾਇਦਾਦ ਦਾ ਸਾਰਾ ਹਿੱਸਾ ਇਕੱਠਾ ਕੀਤਾ ਅਤੇ ਇੱਕ ਦੂਸਰੇ ਦੇਸ਼ ਦੀ ਯਾਤਰਾ ਨੂੰ ਚੱਲਿਆ ਗਿਆ। ਉਸ ਨੇ ਉੱਥੇ ਜਾਕੇ ਮੂਰੱਖਾਂ ਵਾਂਗ ਆਪਣਾ ਧਨ ਉਡਾ ਦਿੱਤਾ। 14 ਉਸ ਕੋਲ ਜਿੰਨੀ ਵੀ ਪੂੰਜੀ ਸੀ ਉਸ ਨੇ ਸਭ ਖਰਚ ਦਿੱਤੀ। ਉਸਤੋਂ ਬਾਅਦ, ਉਸ ਦੇਸ਼ ਵਿੱਚ ਭਾਰੀ ਕਾਲ ਪੈ ਗਿਆ। ਛੋਟਾ ਪੁੱਤਰ ਔਖੀ ਹਾਲਤ ਵਿੱਚ ਸੀ ਕਿਉਂਕਿ ਉਸ ਕੋਲ ਨਾ ਤਾਂ ਕੋਈ ਪੈਸਾ ਸੀ ਅਤੇ ਨਾ ਹੀ ਖਾਣ ਲਈ ਭੋਜਨ। 15 ਉਹ ਉਸ ਦੇਸ਼ ਦੇ ਕਿਸੇ ਨਿਵਾਸੀ ਕੋਲ ਗਿਆ ਤਾਂ ਉਸ ਆਦਮੀ ਨੇ ਉਸ ਨੂੰ ਆਪਣੇ ਖੇਤਾਂ ਵਿੱਚ ਸੂਰਾਂ ਨੂੰ ਚਾਰਨ ਲਈ ਭੇਜਿਆ। 16 ਮੁੰਡਾ ਇੰਨਾ ਭੁੱਖਾ ਸੀ ਕਿ ਜਿਹੜੀਆਂ ਛਿਲਕਾਂ ਸੂਰ ਖਾਂਦੇ ਸਨ ਉਹ ਖਾਣੀਆਂ ਚਾਹੁੰਦਾ ਸੀ। ਪਰ ਕਿਸੇ ਨੇ ਉਸ ਨੂੰ ਖਾਣ ਲਈ ਕੁਝ ਨਾ ਦਿੱਤਾ।
17 “ਤਾਂ ਉਸ ਲੜਕੇ ਨੂੰ ਮਹਿਸੂਸ ਹੋਇਆ ਕਿ ਉਹ ਕਿੰਨਾ ਮੂਰਖ ਸੀ। ਉਸ ਨੇ ਸੋਚਿਆ, ‘ਮੇਰੇ ਪਿਤਾ ਦੇ ਨੋਕਰਾਂ ਕੋਲ ਵੀ ਖਾਣ ਲਈ ਬਹੁਤ ਭੋਜਨ ਹੈ, ਪਰ ਮੈਂ ਇੱਥੇ ਭੁੱਖ ਨਾਲ ਮਰ ਰਿਹਾ ਹਾਂ। 18 ਮੈਂ ਇੱਥੋਂ ਉੱਠ ਕੇ ਆਪਣੇ ਪਿਤਾ ਕੋਲ ਜਾਵਾਂਗਾ ਤੇ ਜਾਕੇ ਉਸ ਨੂੰ ਆਖਾਂਗਾ, ਪਿਤਾ ਜੀ, ਮੈਂ ਪਰਮੇਸ਼ੁਰ ਅਤੇ ਤੁਹਾਡੇ ਵਿਰੁੱਧ ਅੱਗੇ ਪਾਪ ਕੀਤਾ ਹੈ। 19 ਮੈਂ ਤੁਹਾਡਾ ਪੁੱਤਰ ਕਹਾਉਣ ਦੇ ਕਾਬਿਲ ਨਹੀਂ ਹਾਂ ਇਸ ਲਈ ਤੁਸੀਂ ਮੈਨੂੰ ਆਪਣੇ ਇੱਕ ਨੋਕਰ ਦੀ ਤਰ੍ਹਾਂ ਹੀ ਰੱਖ ਲਵੋ।’ 20 ਸੋ ਪੁੱਤਰ ਉੱਠਿਆ ਅਤੇ ਆਪਣੇ ਪਿਤਾ ਕੋਲ ਗਿਆ।
ਪੁੱਤਰ ਦੀ ਵਾਪਸੀ
“ਜਦੋਂ ਪੁੱਤਰ ਹਾਲੇ ਦੂਰ ਹੀ ਸੀ, ਉਸ ਦੇ ਪਿਤਾ ਨੇ ਉਸ ਨੂੰ ਆਉਂਦਿਆਂ ਵੇਖਿਆ ਅਤੇ ਉਸ ਉਪਰ ਤਰਸ ਆਇਆ ਅਤੇ ਉਹ ਉਸ ਵੱਲ ਭੱਜਿਆ ਅਤੇ ਉਸ ਨੂੰ ਗਲ ਨਾਲ ਲਾਇਆ ਅਤੇ ਉਸ ਨੂੰ ਚੁੰਮਿਆ। 21 ਪੁੱਤਰ ਨੇ ਉਸ ਨੂੰ ਆਖਿਆ, ‘ਪਿਤਾ ਜੀ, ਮੈਂ ਪਰਮੇਸ਼ੁਰ ਦੇ ਵਿਰੁੱਧ ਅਤੇ ਤੁਹਾਡੇ ਅੱਗੇ ਪਾਪ ਕੀਤਾ ਹੈ, ਹੁਣ ਮੈਂ ਇਸ ਕਾਬਿਲ ਨਹੀਂ ਕਿ ਤੁਹਾਡਾ ਪੁੱਤਰ ਸਦਾਵਾਂ।’
22 “ਪਰ ਪਿਤਾ ਨੇ ਆਪਣੇ ਨੋਕਰਾਂ ਨੂੰ ਕਿਹਾ, ‘ਛੇਤੀ ਨਾਲ ਸਭ ਤੋਂ ਵੱਧੀਆ ਕੱਪੜੇ ਲਿਆਓ ਅਤੇ ਉਸ ਨੂੰ ਪੁਆਓ। ਉਸਦੀ ਉਂਗਲ ਚ ਛਾਪ ਪਾਓ ਅਤੇ ਉਸ ਦੇ ਪੈਰਾਂ ਵਿੱਚ ਜੁੱਤੀ ਪੁਆਵੋ। 23 ਇੱਕ ਮੋਟਾ ਵਛਾ ਲਿਆਓ ਅਤੇ ਉਸ ਨੂੰ ਕੱਟੋ। ਅਸੀਂ ਦਾਵਤ ਕਰੀਏ ਅਤੇ ਅਨੰਦ ਕਰੀਏ। 24 ਕਿਉਂਕਿ ਮੇਰਾ ਇਹ ਪੁੱਤਰ ਮਰ ਗਿਆ ਸੀ ਪਰ ਹੁਣ ਇਹ ਜਿਉਂਦਾ ਹੈ। ਉਹ ਗੁਆਚ ਗਿਆ ਸੀ ਅਤੇ ਹੁਣ ਲੱਭ ਗਿਆ ਹੈ।’ ਤਾਂ ਸਾਰੇ ਜਸ਼ਨ ਮਨਾਉਣ ਲੱਗੇ।
ਵੱਡੇ ਪੁੱਤਰ ਦਾ ਪਰਤਨਾ
25 “ਵੱਡਾ ਪੁੱਤਰ ਖੇਤ ਵਿੱਚ ਸੀ। ਜਦੋਂ ਉਹ ਵਾਪਸ ਮੁੜ ਰਿਹਾ ਸੀ, ਅਤੇ ਘਰ ਦੇ ਨਜ਼ਦੀਕ ਆਇਆ ਤਾਂ ਉਸ ਨੇ ਨੱਚਣ ਅਤੇ ਗਾਉਣ ਦੀਆਂ ਅਵਾਜ਼ਾਂ ਸੁਣੀਆਂ। 26 ਉਸ ਨੇ ਇੱਕ ਨੌਕਰ ਨੂੰ ਸੱਦਿਆ ਅਤੇ ਪੁੱਛਿਆ, ‘ਇਹ ਸਭ ਕੀ ਹੋ ਰਿਹਾ ਹੈ?’ 27 ਨੌਕਰ ਨੇ ਆਖਿਆ, ‘ਤੁਹਾਡਾ ਭਰਾ ਵਾਪਸ ਆ ਗਿਆ ਹੈ। ਤੁਹਾਡੇ ਪਿਤਾ ਜੀ ਬਹੁਤ ਖੁਸ਼ ਹਨ, ਕਿਉਂਕਿ ਉਹ ਠੀਕ-ਠਾਕ ਘਰ ਵਾਪਸ ਆ ਗਿਆ ਹੈ, ਇਸ ਲਈ ਉਸ ਨੇ ਦਾਅਵਤ ਲਈ ਸਭ ਤੋਂ ਮੋਟਾ ਵੱਛਾ ਵੱਢਿਆ ਹੈ।’
28 “ਵੱਡਾ ਪੁੱਤਰ ਇੰਨਾ ਗੁੱਸੇ ਵਿੱਚ ਸੀ ਕਿ ਉਹ ਖੁਸ਼ੀ ਵਿੱਚ ਸ਼ਰੀਕ ਨਹੀਂ ਹੋਣਾ ਚਾਹੁੰਦਾ ਸੀ। ਫ਼ੇਰ ਉਸਦਾ ਪਿਤਾ ਬਾਹਰ ਆਇਆ ਅਤੇ ਉਸ ਨੂੰ ਅੰਦਰ ਆਉਣ ਦੀ ਬੇਨਤੀ ਕੀਤੀ। 29 ਪੁੱਤਰ ਨੇ ਆਪਣੇ ਪਿਤਾ ਨੂੰ ਕਿਹਾ, ‘ਮੈਂ ਇੰਨੇ ਸਾਲਾਂ ਤੋਂ ਤੁਹਾਡੀ ਸੇਵਾ ਕਰ ਰਿਹਾ ਹਾਂ ਅਤੇ ਮੈਂ ਕਦੇ ਤੁਹਾਡਾ ਹੁਕਮ ਨਹੀਂ ਮੋੜਿਆ ਪਰ ਤੁਸੀਂ ਕਦੇ ਵੀ ਮੈਨੂੰ ਮੇਰੇ ਮਿੱਤਰਾਂ ਨਾਲ ਦਾਅਵਤ ਕਰਨ ਲਈ ਇੱਕ ਬੱਕਰੀ ਵੀ ਨਹੀਂ ਦਿੱਤੀ। 30 ਪਰ ਜਦੋਂ ਤੁਹਾਡਾ ਇਹ ਪੁੱਤਰ ਜਿਹੜਾ ਕੰਜਰੀਆਂ ਤੇ ਤੁਹਾਡਾ ਸਾਰਾ ਪੈਸਾ ਬਰਬਾਦ ਕਰਕੇ ਵਾਪਸ ਆਇਆ ਹੈ, ਉਸ ਲਈ ਤੁਸੀਂ ਮੋਟਾ ਵੱਛਾ ਵੱਢਿਆ ਹੈ।’
31 “ਪਰ ਪਿਤਾ ਨੇ ਵੱਡੇ ਪੁੱਤਰ ਨੂੰ ਕਿਹਾ, ‘ਪੁੱਤਰ ਤੂੰ ਹਮੇਸ਼ਾ ਮੇਰੇ ਕੋਲ ਹੈਂ, ਇਸ ਲਈ ਜੋ ਕੁਝ ਮੇਰਾ ਹੈ ਸੋ ਤੇਰਾ ਹੀ ਹੈ। 32 ਪਰ ਸਾਨੂੰ ਦਾਅਵਤ ਕਰਨੀ ਚਾਹੀਦੀ ਹੈ ਅਤੇ ਖੁਸ਼ ਹੋਣਾ ਚਾਹੀਦਾ ਹੈ ਕਿਉਂਕਿ ਇਹ ਤੇਰਾ ਭਰਾ, ਮਰ ਗਿਆ ਸੀ, ਪਰ ਉਹ ਫ਼ਿਰ ਜਿਉਂਦਾ ਹੋ ਗਿਆ ਹੈ। ਜਿਹੜਾ ਗੁਆਚਿਆ ਹੋਇਆ ਸੀ ਹੁਣ ਲੱਭ ਗਿਆ ਹੈ।’”
30 “ਪਰ ਹੁਣ, ਉਹ ਲੋਕ ਵੀ ਜਿਹੜੇ ਮੇਰੇ ਨਾਲੋਂ ਉਮਰ ਵਿੱਚ ਛੋਟੇ ਹਨ ਮੇਰਾ ਮਜ਼ਾਕ ਉਡਾ ਰਹੇ ਨੇ।
ਤੇ ਉਨ੍ਹਾਂ ਦੇ ਪਿਤਾ ਇੰਨੇ ਨਿਕੰਮੇ ਸਨ ਕਿ ਮੈਂ ਉਨ੍ਹਾਂ ਨੂੰ ਆਪਣੀਆਂ ਭੇਡਾਂ ਦੀ ਨਿਗਰਾਨੀ ਕਰਨ ਵਾਲੇ ਕੁਤਿਆਂ ਦੇ ਨਾਲ ਵੀ ਨਹੀਂ ਰੱਖ ਸੱਕਦਾ।
2 ਹੁਣ ਉਨ੍ਹਾਂ ਦੀ ਸਾਰੀ ਤਾਕਤ ਚਲੀ ਗਈ ਹੈ।
ਉਨ੍ਹਾਂ ਦੇ ਮਜ਼ਬੂਤ ਹੱਥ ਮੇਰੇ ਕਿਸੇ ਕੰਮ ਦੇ ਨਹੀਂ ਹਨ।
3 ਉਹ ਮੁਰਦਾ ਬੰਦਿਆਂ ਵਰਗੇ ਹਨ-ਉਹ ਭੁੱਖ ਨਾਲ ਮਰ ਰਹੇ ਹਨ।
ਇਸ ਲਈ ਉਹ ਮਾਰੂਬਲ ਦੀ ਖੁਸ਼ਕ ਰੇਤ ਖਾਂਦੇ ਨੇ।
4 ਉਹ ਨਮਕੀਨ ਪੌਦਿਆਂ ਨੂੰ ਮਾਰੂਬਲ ਵਿੱਚੋਂ ਪੁਟ੍ਟਦੇ ਨੇ।
ਉਹ ਕਾਨਿਆਂ ਦੀਆਂ ਜਢ਼ਾਂ ਖਾਂਦੇ ਨੇ।
5 ਉਹ ਹੋਰਨਾਂ ਲੋਕਾਂ ਕੋਲੋਂ ਭਜਾੇ ਗਏ ਸਨ।
ਲੋਕ ਉਨ੍ਹਾਂ ਉੱਤੇ ਚੀਕਦੇ ਨੇ ਜਿਵੇਂ ਉਹ ਚੋਰ ਹੋਣ।
6 ਉਨ੍ਹਾਂ ਨੂੰ ਨਦੀਆਂ ਦੇ ਤਲ੍ਹਾਂ ਉੱਤੇ, ਪਹਾੜੀ ਦੇ ਪਾਸਿਆਂ ਵਾਲੀਆਂ ਗੁਫ਼ਾਵਾਂ ਵਿੱਚ
ਅਤੇ ਧਰਤੀਆਂ ਵਿੱਚਲੀਆਂ ਖੱਡਾਂ ਵਿੱਚ ਰਹਿਣਾ ਚਾਹੀਦਾ ਹੈ।
7 ਉਹ ਝਾੜੀਆਂ ਵਿੱਚ ਹਿਣਕਦੇ (ਖੋਤੇ ਦੀ ਆਵਾਜ਼) ਨੇ,
ਤੇ ਕੰਡਿਆਲੀਆਂ ਝਾੜੀਆਂ ਅੰਦਰ ਇਕੱਠੇ ਮਿਸਟਕੇ ਬੈਠਦੇ ਨੇ।
8 ਉਹ ਨਿਕੰਮੇ ਲੋਕਾਂ ਦਾ ਟੋਲਾ ਹਨ ਜਿਨ੍ਹਾਂ ਦੇ ਕੋਈ ਨਾਮ ਨਹੀਂ,
ਜਿਨ੍ਹਾਂ ਨੂੰ ਆਪਣੇ ਹੀ ਦੇਸ ਵਿੱਚੋਂ ਧਕਿਆ ਗਿਆ ਸੀ।
9 “ਹੁਣ ਉਨ੍ਹਾਂ ਆਦਮੀਆਂ ਦੇ ਪੁੱਤਰ ਮੇਰਾ ਮਜ਼ਾਕ ਉਡਾਉਣ ਲਈ ਮੇਰੇ ਬਾਰੇ ਗੀਤ ਗਾਉਂਦੇ ਨੇ।
ਮੇਰਾ ਨਾਮ ਉਨ੍ਹਾਂ ਲਈ ਬੁਰਾ ਸ਼ਬਦ ਬਣ ਗਿਆ ਹੈ।
10 ਉਹ ਨੌਜਵਾਨ ਆਦਮੀ ਮੈਨੂੰ ਨਫ਼ਰਤ ਕਰਦੇ ਨੇ,
ਉਹ ਮੇਰੇ ਕੋਲੋਂ ਦੂਰ ਖਲੋਂਦੇ ਨੇ, ਉਹ ਸੋਚਨੇ ਨੇ ਕਿ ਉਹ ਮੇਰੇ ਨਾਲੋਂ ਬਿਹਤਰ ਨੇ।
ਅਤੇ ਉਹ ਮੇਰੇ ਚਿਹਰੇ ਉੱਤੇ ਬੁਕੱਣੋਁ ਵੀ ਨਹੀਂ ਰੁਕਦੇ।
11 ਪਰਮੇਸ਼ੁਰ ਨੇ ਮੇਰੇ ਕਮਾਨ ਦੀ ਡੋਰ ਖੋਹ ਲਈ ਹੈ, ਤੇ ਮੈਨੂੰ ਕਮਜ਼ੋਰ ਬਣਾ ਦਿੱਤਾ ਹੈ।
ਇਹ ਜਵਾਨ ਲੋਕ ਸਾਰਾ ਸ੍ਵੈ-ਕਾਬੂ ਸੁੱਟ ਦਿੰਦੇ ਹਨ ਜਦੋਂ ਮੈਂ ਉਨ੍ਹਾਂ ਦੇ ਦੁਆਲੇ ਹੁੰਦਾ ਹਾਂ।
12 ਉਹ ਮੇਰੇ ਸੱਜੇ ਪਾਸੇ ਹਮਲਾ ਕਰਦੇ ਨੇ। ਉਹ ਮੇਰੇ ਹੇਠੋਁ ਪੈਰ ਖਿੱਚ ਲੈਂਦੇ ਨੇ।
ਮੈਂ ਹਮਲੇ ਹੇਠ ਆਏ ਸ਼ਹਿਰ ਵਾਂਗ ਮਹਿਸੂਸ ਕਰਦਾ ਹਾਂ
ਉਹ ਮੇਰੇ ਉੱਤੇ ਹਮਲਾ ਕਰਕੇ ਮੈਨੂੰ ਤਬਾਹ ਕਰਨ ਲਈ ਮੇਰੀਆਂ ਕੰਧਾਂ ਨਾਲ ਗੰਦੀਆਂ ਪਨਾਹਾਂ ਬਣਾਉਂਦੇ ਹਨ।
13 ਉਹ ਸੜਕ ਦੀ ਰਾਖੀ ਕਰਦੇ ਨੇ ਤਾਂ ਕਿ ਮੈਂ ਬਚ ਕੇ ਨਾ ਨਿਕਲ ਸੱਕਾਂ।
ਉਹ ਮੈਨੂੰ ਤਬਾਹ ਕਰਨ ਵਿੱਚ ਸਫ਼ਲ ਹੁੰਦੇ ਨੇ।
ਉਨ੍ਹਾਂ ਨੂੰ ਕਿਸੇ ਹੋਰ ਦੀ ਸਹਾਇਤਾ ਨਹੀਂ ਲੋੜੀਦੀ।
14 ਉਹ ਕੰਧ ਵਿੱਚ ਸਂਨ੍ਹ ਲਾਉਂਦੇ ਨੇ।
ਉਹ ਇਸ ਵਿੱਚੋਂ ਭੱਜਦੇ ਹੋਏ ਨਿਕਲ ਆਉਂਦੇ ਨੇ ਤੇ ਮੇਰੇ ਉੱਪਰ ਟੁੱਟਦੀਆਂ ਹੋਈਆਂ ਚੱਟਾਨਾਂ ਡਿੱਗ ਪੈਂਦੀਆਂ ਹੈ।
15 ਮੈਂ ਡਰ ਨਾਲ ਕੰਬ ਰਿਹਾ ਹਾਂ।
ਉਹ ਜਵਾਨ ਆਦਮੀ ਮੇਰੀ ਇੱਜ਼ਤ ਨੂੰ ਦੂਰ ਭਜਾਉਂਦੇ ਨੇ ਜਿਵੇਂ ਵਗਦੀ ਹੋਈ ਹਵਾ ਚੀਜ਼ਾਂ ਨੂੰ ਉਡਾਉਂਦੀ ਹੈ।
ਮੇਰੀ ਸੁਰੱਖਿਆ ਬੱਦਲ ਵਾਂਗ ਅਲੋਪ ਹੋ ਜਾਂਦੀ ਹੈ।
16 “ਹੁਣ ਮੇਰੀ ਜ਼ਿੰਦਗੀ ਖਤਮ ਹੋਣ ਵਾਲੀ ਹੈ ਤੇ ਮੈਂ ਛੇਤੀ ਹੀ ਮਰ ਜਾਵਾਂਗਾ।
ਦੁੱਖਾਂ ਦੇ ਦਿਨਾਂ ਨੇ ਮੈਨੂੰ ਜਕੜ ਲਿਆ ਹੈ।
17 ਰਾਤ ਨੂੰ ਮੇਰੀਆਂ ਸਾਰੀਆਂ ਹੱਡੀਆਂ ਦੁੱਖਦੀਆਂ ਨੇ।
ਦਰਦ ਕਦੇ ਵੀ ਮੇਰਾ ਖਹਿੜਾ ਨਹੀਂ ਛੱਡਦਾ।
18 ਅਪਾਰ ਤਾਕਤ ਨਾਲ, ਪਰਮੇਸ਼ੁਰ ਮੇਰੇ ਕੱਪੜੇ ਖੋਹ ਲੈਂਦਾ।
ਉਹ ਮੈਨੂੰ ਮੇਰੇ ਚੋਲੇ ਦਾ ਕਾਲਰ ਫ਼ੜ ਕੇ ਜਕੜ ਦਿੰਦਾ।
19 ਪਰਮੇਸ਼ੁਰ ਨੇ ਮੈਨੂੰ ਗਾਰੇ ਅੰਦਰ ਸੁੱਟ ਦਿੱਤਾ ਸੀ
ਤੇ ਮੈਂ ਧੂੜ ਅਤੇ ਰਾਖ ਵਰਗਾ ਬਣ ਗਿਆ।
20 “ਹੇ ਪਰਮੇਸ਼ੁਰ, ਸਹਾਇਤਾ ਲਈ ਮੈਂ ਤੇਰੇ ਅੱਗੇ ਪੁਕਾਰ ਕਰਦਾ ਹਾਂ, ਪਰ ਤੂੰ ਨਹੀਂ ਸੁਣਦਾ।
ਮੈਂ ਖਲੋ ਕੇ ਪ੍ਰਾਰਥਨਾ ਕਰਦਾ ਹਾਂ, ਪਰ ਤੂੰ ਮੇਰੇ ਵੱਲ ਕੋਈ ਧਿਆਨ ਨਹੀਂ ਦਿੰਦਾ।
21 ਹੇ ਪਰਮੇਸ਼ੁਰ, ਤੂੰ ਮੇਰੇ ਨਾਲ ਕਮੀਨੀਆਂ ਗੱਲਾਂ ਕਰਦਾ ਹੈਂ।
ਤੂੰ ਮੈਨੂੰ ਸੱਟ ਮਾਰਨ ਲਈ ਆਪਣੀ ਤਾਕਤ ਵਰਤਦਾ ਹੈਂ।
22 ਹੇ ਪਰਮੇਸ਼ੁਰ, ਤੂੰ ਮੈਨੂੰ ਉਡਾਉਣ ਲਈ ਤੇਜ਼ ਹਵਾ ਵਗਾਉਂਦਾ ਹੈਂ।
ਤੂੰ ਮੈਨੂੰ ਤੂਫ਼ਾਨ ਅੰਦਰ ਸੁੱਟ ਦਿੰਦਾ ਹੈਂ।
23 ਮੈਂ ਜਾਣਦਾ ਹਾਂ ਕਿ ਤੁਸੀਂ ਮੈਨੂੰ ਮੇਰੀ ਮੌਤ ਵੱਲ ਭੇਜੋਂਗੇ,
ਹਰ ਜਿਉਂਦਾ ਬੰਦਾ ਜ਼ਰੂਰ ਮਰਦਾ ਹੈ।
24 “ਪਰ ਸੱਚਮੁੱਚ ਉਸ ਆਦਮੀ ਨੂੰ ਕੋਈ ਵੀ ਸੱਟ ਨਹੀਂ ਮਾਰਦਾ ਜਿਹੜਾ ਪਹਿਲਾਂ ਹੀ ਬਰਬਾਦ ਹੈ
ਤੇ ਸਹਾਇਤਾ ਲਈ ਚੀਕ ਰਿਹਾ ਹੈ।
25 ਹੇ ਪਰਮੇਸ਼ੁਰ, ਤੁਸੀਂ ਜਾਣਦੇ ਹੋ ਕਿ ਮੈਂ ਮੁਸੀਬਤ ਵਿੱਚ ਪਏ ਲੋਕਾਂ ਲਈ ਰੋਇਆ ਹਾਂ।
ਤੁਸੀਂ ਜਾਣਦੇ ਹੋ ਕਿ ਮੇਰਾ ਦਿਲ ਗਰੀਬਾਂ ਲਈ ਬਹੁਤ ਉਦਾਸ ਸੀ।
26 ਪਰ ਜਦੋਂ ਮੈਂ ਚੰਗੀਆਂ ਚੀਜ਼ਾਂ ਦੀ ਆਸ ਕਰਦਾ ਹਾਂ, ਬੁਰੀਆਂ ਚੀਜ਼ਾਂ ਆ ਜਾਂਦੀਆਂ ਹਨ।
ਜਦੋਂ ਮੈਂ ਰੌਸ਼ਨੀ ਲਈ ਤੱਕਿਆ, ਹਨੇਰਾ ਆ ਗਿਆ।
27 ਮੈਂ ਅੰਦਰੋਂ ਆਇਆ ਹਾਂ।
ਦੁੱਖ ਕਦੇ ਨਹੀਂ ਭੁੱਲਦਾ ਤੇ ਦੁੱਖ ਤਾ ਹਾਲੇ ਸ਼ੁਰੂ ਹੀ ਹੋਇਆ ਹੈ।
28 ਮੈਂ ਹਰ ਵੇਲੇ ਬਿਨਾ ਅਰਾਮ ਤੋਂ ਉਦਾਸ ਤੇ ਨਿਰਾਸਿਆ ਹੋਇਆ ਹਾਂ।
ਮੈਂ ਸਭਾ ਅੰਦਰ ਖਲੋਁਦਾ ਹਾਂ ਤੇ ਸਹਾਇਤਾ ਲਈ ਪੁਕਾਰਦਾ ਹਾਂ।
29 ਮੈਂ ਇੱਕਲਾ ਆਵਾਰਾ ਕੁਤਿਆਂ ਵਰਗਾ
ਤੇ ਮਾਰੂਬਲ ਦੇ ਸ਼ਤਰ ਮੁਰਗਾਂ ਵਾਂਗ ਹਾਂ।
30 ਮੇਰੀ ਚਮੜੀ ਸੜ ਗਈ ਹੈ ਤੇ ਲਹਿ ਗਈ ਹੈ।
ਮੇਰਾ ਸ਼ਰੀਰ ਬੁਖਾਰ ਨਾਲ ਜਲ ਰਿਹਾ ਹੈ।
31 ਮੇਰੀ ਬਰਬਤ ਨੂੰ ਸਿਰਫ਼ ਉਦਾਸ ਗੀਤਾਂ ਲਈ ਹੀ ਸੁਰ ਦਿੱਤਾ ਗਿਆ ਹੈ।
ਮੇਰੀ ਵੰਝਲੀ ਵੈਣਾਂ ਵਰਗੀਆਂ ਧੁਨਾਂ ਛੇੜਦੀ ਹੈ।
ਹੋਰਨਾਂ ਵਿਸ਼ਵਾਸੀਆਂ ਲਈ ਉਗਰਾਈ
16 ਹੁਣ, ਮੈਂ ਪਰਮੇਸ਼ੁਰ ਦੇ ਲੋਕਾਂ ਨੂੰ ਪੈਸੇ ਦੀ ਉਗਰਾਈ ਬਾਰੇ ਲਿਖਦਾ ਹਾਂ। ਜਿਵੇਂ ਮੈਂ ਗਲਾਤਿਯਾ ਦੀ ਕਲੀਸਿਯਾ ਨੂੰ ਕਰਨ ਲਈ ਕਿਹਾ ਸੀ, ਉਵੇਂ ਹੀ ਕਰੋ। 2 ਹਫ਼ਤੇ ਦੇ ਹਰ ਪਹਿਲੇ ਦਿਨ, ਤੁਹਾਡੇ ਵਿੱਚੋਂ ਹਰ ਕਿਸੇ ਨੂੰ ਤੁਹਾਡੀਆਂ ਤਨਖਾਹਾਂ ਅਨੁਸਾਰ ਪੈਸਿਆਂ ਦੀ ਕੁਝ ਰਕਮ ਬਨਾਉਣੀ ਚਾਹੀਦੀ ਹੈ। ਇਹ ਧਨ ਇੱਕ ਖਾਸ ਜਗ਼੍ਹਾ ਉੱਤੇ ਰੱਖੋ। ਤਾਂ ਫ਼ਿਰ ਤੁਹਾਨੂੰ ਮੇਰੇ ਆਉਣ ਉੱਤੇ ਆਪਣਾ ਪੈਸਾ ਇਕੱਠਾ ਨਹੀਂ ਕਰਨਾ ਪਵੇਗਾ। 3 ਜਦੋਂ ਮੈਂ ਆਵਾਂਗਾ, ਮੈਂ ਕੁਝ ਲੋਕਾਂ ਨੂੰ ਤੁਹਾਡੇ ਚੜ੍ਹਾਵੇ ਪ੍ਰਾਪਤ ਕਰਨ ਯਰੂਸ਼ਲਮ ਭੇਜਾਂਗਾ। ਇਹ ਉਹੀ ਲੋਕ ਹੋਣਗੇ ਜਿਨ੍ਹਾਂ ਨੂੰ ਤੁਸੀਂ ਇਸ ਉਦੇਸ਼ ਲਈ ਵਿਸ਼ੇਸ਼ ਤੌਰ ਤੇ ਚੁਣੋਂਗੇ, ਮੈਂ ਉਨ੍ਹਾਂ ਨੂੰ ਜਾਣ ਪਛਾਣ ਦੀਆਂ ਚਿੱਠੀਆਂ ਦੇਵਾਂਗਾ। 4 ਜੇਕਰ ਇਹ ਮੇਰੇ ਲਈ ਵੀ ਜਾਣਾ ਚੰਗਾ ਲੱਗੇਗਾ, ਫ਼ੇਰ ਇਹ ਆਦਮੀ ਮੇਰੇ ਨਾਲ ਜਾਣਗੇ।
ਪੌਲੁਸ ਦੀਆਂ ਯੋਜ਼ਨਾਵਾਂ
5 ਮੇਰੀ ਯੋਜਨਾ ਮਕਦੂਨਿਯਾ ਰਾਹੀਂ ਜਾਣ ਦੀ ਹੈ। ਇਸ ਲਈ ਮਕਦੂਨਿਯਾ ਵਿੱਚੋਂ ਸਫ਼ਰ ਕਰਨ ਤੋਂ ਬਾਦ, ਮੈਂ ਤੁਹਾਡੇ ਕੋਲ ਆਵਾਂਗਾ। 6 ਸ਼ਾਇਦ ਮੈਂ ਕੁਝ ਸਮੇਂ ਲਈ ਤੁਹਾਡੇ ਕੋਲ ਠਹਿਰਾਂਗਾ। ਹੋ ਸੱਕਦਾ ਹੈ ਕਿ ਮੈਂ ਸਾਰੀਆਂ ਸਰਦੀਆਂ ਠਹਿਰਾਂ। ਫ਼ੇਰ ਤੁਸੀਂ ਮੇਰੇ ਸਫ਼ਰ ਵਿੱਚ, ਜਿੱਥੇ ਮੈਂ ਜਾਵਾਂ, ਜਾਣ ਵਿੱਚ ਸਹਾਇਤਾ ਕਰ ਸੱਕਦੇ ਹੋ। 7 ਇਸ ਵਾਰ ਮੈਂ ਤੁਹਾਨੂੰ ਨਹੀਂ ਮਿਲਣਾ ਚਾਹੁੰਦਾ ਕਿਉਂਕਿ ਇਹ ਥੋੜੇ ਸਮੇਂ ਲਈ ਹੀ ਹੋਵੇਗਾ। ਜੇਕਰ ਪਰਮੇਸ਼ੁਰ ਆਗਿਆ ਦੇਵੇ, ਤਾਂ ਮੈਂ ਲਮੇਰੇ ਸਮੇਂ ਲਈ ਤੁਹਾਡੇ ਨਾਲ ਠਹਿਰਨ ਦੀ ਆਸ ਰੱਖਦਾ ਹਾਂ। 8 ਪਰੰਤੂ ਪੰਤੇਕੁਸਤ ਤੱਕ ਮੈਂ ਇਫ਼ੇਸੱਸ ਠਹਿਰਾਂਗਾ। 9 ਮੈਂ ਇੱਥੇ ਇੱਕ ਅਵਸਰ ਕਾਰਣ ਠਹਿਰਾਂਗਾ। ਮੈਨੂੰ ਉੱਥੇ ਇੱਕ ਵੱਡਾ ਅਤੇ ਫ਼ਲਦਾਇੱਕ ਕਾਰਜ਼ ਕਰਨਾ ਹੈ। ਬਹੁਤ ਸਾਰੇ ਲੋਕ ਇਸ ਦੇ ਖਿਲਾਫ਼ ਹਨ।
10 ਸ਼ਾਇਦ ਤਿਮੋਥਿਉਸ ਤੁਹਾਡੇ ਕੋਲ ਆਵੇ। ਉਸਦੀ ਰਿਹਾਇਸ਼ ਨੂੰ ਆਰਾਮ ਦਾਇੱਕ ਬਨਾਉਣ ਦੀ ਕੋਸ਼ਿਸ਼ ਕਰਨੀ। ਉਹ ਵੀ ਮੇਰੇ ਵਾਂਗ ਪ੍ਰਭੂ ਲਈ ਕਾਰਜ ਕਰ ਰਿਹਾ ਹੈ। 11 ਇਸ ਲਈ ਤੁਹਾਡੇ ਵਿੱਚੋਂ, ਕਿਸੇ ਨੂੰ ਵੀ ਉਸਦੀ ਅਵੱਗਿਆ ਨਹੀਂ ਕਰਨੀ ਚਾਹੀਦੀ। ਸ਼ਾਂਤਮਈ ਢੰਗ ਨਾਲ ਉਸਦੀ ਯਾਤਰਾ ਵਿੱਚ ਸਹਾਇਤਾ ਕਰਨੀ ਤਾਂ ਜੋ ਉਹ ਮੇਰੇ ਕੋਲ ਵਾਪਸ ਆ ਸੱਕੇ। ਮੈਂ ਹੋਰਨਾਂ ਭਰਾਵਾਂ ਸਹਿਤ ਉਸਦੀ ਵਾਪਸੀ ਦਾ ਇੰਤਜ਼ਾਰ ਕਰ ਰਿਹਾ ਹਾਂ।
12 ਹੁਣ ਆਪਣੇ ਭਰਾ ਅਪੁੱਲੋਸ ਬਾਰੇ, ਮੈਂ ਉਸ ਨੂੰ ਤੁਹਾਡੇ ਕੋਲ ਉਸ ਦੇ ਭਰਾਵਾਂ ਸਮੇਤ ਆਉਣ ਲਈ ਜ਼ੋਰਦਾਰ ਪ੍ਰੇਰਣਾ ਕੀਤੀ ਸੀ। ਪਰ ਨਿਸ਼ਚਿਤ ਹੀ ਉਹ ਹੁਣੇ ਨਹੀਂ ਆਉਣਾ ਚਾਹੁੰਦਾ ਸੀ। ਪਰ ਜਦੋਂ ਵੀ ਉਸ ਨੂੰ ਤੁਹਾਨੂੰ ਦੇਖਣ ਦਾ ਮੌਕਾ ਮਿਲਿਆ ਉਹ ਤੁਹਾਡੇ ਕੋਲ ਆਵੇਗਾ।
ਪੌਲੁਸ ਆਪਣਾ ਪੱਤਰ ਸਮਾਪਤ ਕਰਦਾ ਹੈ
13 ਸਾਵੱਧਾਨ ਰਹੋ। ਨਿਹਚਾ ਵਿੱਚ ਦ੍ਰਿੜ ਰਹੋ। ਹੌਂਸਲਾ ਰੱਖਣਾ ਅਤੇ ਮਜ਼ਬੂਤ ਬਨਣਾ। 14 ਹਰ ਗੱਲ ਪਿਆਰ ਨਾਲ ਕਰਨਾ।
15-16 ਤੁਹਾਨੂੰ ਪਤਾ ਹੀ ਹੈ ਕਿ ਸਤਫ਼ਨਾਸ ਅਤੇ ਉਸਦਾ ਪਰਿਵਾਰ ਅੱਛਾਈਆਂ ਵਿੱਚ ਪਹਿਲੇ ਵਿਸ਼ਵਾਸੀ ਸਨ। ਉਨ੍ਹਾਂ ਨੇ ਆਪਣੇ ਆਪ ਨੂੰ ਪਰਮੇਸ਼ੁਰ ਦੇ ਲੋਕਾਂ ਦੀ ਸੇਵਾ ਲਈ ਅਰਪਿਤ ਕਰ ਦਿੱਤਾ ਹੈ। ਭਰਾਵੋ ਅਤੇ ਭੈਣੋ, ਉਨ੍ਹਾਂ ਲੋਕਾਂ ਦਾ ਅਨੁਸਰਣ ਕਰੋ ਜਿਹੜੇ ਉਨ੍ਹਾਂ ਵਰਗੇ ਹਨ ਅਤੇ ਜਿਹੜੇ ਕੰਮ ਕਰਦੇ ਹਨ ਅਤੇ ਉਨ੍ਹਾਂ ਦੇ ਨਾਲ ਸੇਵਾ ਕਰਦੇ ਹਨ।
17 ਮੈਂ ਖੁਸ਼ ਹਾਂ ਕਿ ਸਤਫ਼ਨਾਸ, ਫ਼ਰਤੂਨਾਤੁਸ, ਅਤੇ ਅਖਾਇੱਕੁਸ ਇੱਥੇ ਆਏ ਹਨ। ਤੁਸੀਂ ਭਾਵੇਂ ਇੱਥੇ ਨਹੀਂ ਹੋ ਪਰ ਉਨ੍ਹਾਂ ਨੇ ਤੁਹਾਡੀ ਘਾਟ ਪੂਰੀ ਕਰ ਦਿੱਤੀ ਹੈ। 18 ਉਨ੍ਹਾਂ ਨੇ ਮੇਰੇ ਅਤੇ ਤੁਹਾਡੇ ਆਤਮਾ ਨੂੰ ਰਾਹਤ ਦਿੱਤੀ ਹੈ। ਤੁਹਾਨੂੰ ਇਹੋ ਜਿਹੇ ਲੋਕਾਂ ਦੀ ਕਦਰ ਕਰਨੀ ਚਾਹੀਦੀ ਹੈ।
19 ਅਸਿਯਾ ਦੀਆਂ ਕਲੀਸਿਯਾਵਾਂ ਤੁਹਾਨੂੰ ਸ਼ੁਭਕਾਮਨਾਵਾਂ ਭੇਜਦੀਆਂ ਹਨ। ਅਕੂਲਾ ਅਤੇ ਪਰਿਸੱਕਾ ਪ੍ਰਭੂ ਦੇ ਨਾਮ ਵਿੱਚ ਸ਼ੁਭਕਾਮਨਾਵਾਂ ਭੇਜਦੇ ਹਨ। ਅਤੇ ਜਿਹੜੀ ਕਲੀਸਿਯਾ ਉਨ੍ਹਾਂ ਦੇ ਘਰ ਜੁੜ ਬੈਠਦੀ ਹੈ ਉਹ ਵੀ ਤੁਹਾਨੂੰ ਸ਼ੁਭਕਾਮਨਾਵਾਂ ਭੇਜਦੀ ਹੈ। 20 ਇੱਥੋਂ ਦੇ ਸਾਰੇ ਭਰਾ ਅਤੇ ਭੈਣਾ ਤੁਹਾਨੂੰ ਸ਼ੁਭਕਾਮਨਾਵਾਂ ਦਿੰਦੇ ਹਨ। ਜਦੋਂ ਤੁਸੀਂ ਇੱਕਸਾਥ ਇਕੱਠੇ ਹੋਵੋ, ਇੱਕ ਦੂਜੇ ਨੂੰ ਪਵਿੱਤਰ ਚੁੰਮੀ ਨਾਲ ਸ਼ੁਭਕਾਮਨਾ ਦਿਉ।
21 ਮੈਂ, ਪੌਲੁਸ ਹਾਂ, ਮੈਂ ਇਹ ਪੱਤਰ ਆਪਣੇ ਖੁਦ ਦੇ ਹੱਥੀਂ ਲਿਖ ਰਿਹਾ ਹਾਂ।
22 ਜੇ ਕੋਈ ਵਿਅਕਤੀ ਪ੍ਰਭੂ ਨੂੰ ਪਿਆਰ ਨਹੀਂ ਕਰਦਾ ਤਾਂ ਉਸ ਵਿਅਕਤੀ ਨੂੰ ਪਰਮੇਸ਼ੁਰ ਤੋ ਜੁਦਾ ਰਹਿਣ ਦਿਉ ਹਮੇਸ਼ਾ ਗੁਆਚਿਆ ਹੋਇਆ!
ਹੇ ਪ੍ਰਭੂ, ਆ ਜਾਓ। [a]
23 ਪ੍ਰਭੂ ਯਿਸੂ ਦੀ ਤੁਹਾਡੇ ਉੱਪਰ ਕਿਰਪਾ ਹੋਵੇ।
24 ਮੇਰਾ ਮਸੀਹ ਯਿਸੂ ਵਿੱਚ ਪਿਆਰ, ਤੁਹਾਡੇ ਸਾਰਿਆਂ ਦੇ ਨਾਲ ਹੋਵੋ। ਆਮੀਨ।
2010 by World Bible Translation Center