M’Cheyne Bible Reading Plan
ਖਾਸ ਛੁੱਟੀਆਂ
23 ਯਹੋਵਾਹ ਨੇ ਮੂਸਾ ਨੂੰ ਆਖਿਆ, 2 “ਇਸਰਾਏਲ ਦੇ ਲੋਕਾਂ ਨੂੰ ਆਖ; ਤੁਸੀਂ ਯਹੋਵਾਹ ਦੇ ਚੁਣੇ ਹੋਏ ਤਿਉਹਾਰਾਂ ਦਾ ਪਵਿੱਤਰ ਸਭਾਵਾਂ ਵਜੋਂ ਐਲਾਨ ਕਰੋਂਗੇ। ਮੇਰੀਆਂ ਪਵਿੱਤਰ ਛੁੱਟੀਆਂ ਇਹ ਹਨ;
ਸਬਤ
3 “ਛੇ ਦਿਨ ਕੰਮ ਕਰੋ। ਪਰ ਸੱਤਵਾਂ ਦਿਨ, ਸਬਤ, ਅਰਾਮ ਦਾ ਖਾਸ ਦਿਨ ਪਵਿੱਤਰ ਸਭਾ ਦਾ ਹੋਵੇਗਾ। ਤੁਹਾਨੂੰ ਕੋਈ ਕੰਮ ਨਹੀਂ ਕਰਨਾ ਚਾਹੀਦਾ। ਇਹ ਤੁਹਾਡੇ ਸਾਰੇ ਘਰਾਂ ਵਿੱਚ ਯਹੋਵਾਹ ਲਈ ਸਬਤ ਹੈ।
ਪਸਾਹ
4 “ਇਹ ਯਹੋਵਾਹ ਦੀਆਂ ਚੁਣੀਆਂ ਹੋਈਆਂ ਛੁੱਟੀਆਂ ਹਨ। ਤੁਸੀਂ ਇਨ੍ਹਾਂ ਲਈ ਚੁਣੇ ਹੋਏ ਸਮਿਆਂ ਵਾਸਤੇ ਪਵਿੱਤਰ ਸਭਾਵਾਂ ਦਾ ਐਲਾਨ ਕਰੋਂਗੇ। 5 ਯਹੋਵਾਹ ਦਾ ਪਸਾਹ ਪਹਿਲੇ ਮਹੀਨੇ ਦੇ 14ਵੇਂ ਦਿਨ ਨੂੰ ਸ਼ਾਮ ਵੇਲੇ ਹੈ।
ਪਤੀਰੀ ਰੋਟੀ ਦਾ ਪਰਬ
6 “ਯਹੋਵਾਹ ਦਾ ਪਤੀਰੀ ਰੋਟੀ ਦਾ ਪਰਬ ਉਸੇ ਮਹੀਨੇ ਦੇ 15ਵੇਂ ਦਿਨ ਤੇ ਹੈ। ਤੁਸੀਂ ਸੱਤਾਂ ਦਿਨਾਂ ਤੱਕ ਪਤੀਰੀ ਰੋਟੀ ਖਾਵੋਂਗੇ। 7 ਇਸ ਛੁੱਟੀ ਦੇ ਪਹਿਲੇ ਦਿਨ, ਤੁਸੀਂ ਇੱਕ ਪਵਿੱਤਰ ਸਭਾ ਕਰੋਂਗੇ, ਇਸ ਦਿਨ ਤੁਹਾਨੂੰ ਕੋਈ ਕੰਮ ਨਹੀਂ ਕਰਨਾ ਚਾਹੀਦਾ। 8 ਤੁਹਾਨੂੰ ਯਹੋਵਾਹ ਨੂੰ ਸੱਤਾਂ ਦਿਨਾਂ ਤੀਕ ਅੱਗ ਦੁਆਰਾ ਬਲੀਆਂ ਚੜ੍ਹਾਉਣੀਆਂ ਚਾਹੀਦੀਆਂ ਹਨ। ਫ਼ੇਰ ਸੱਤਵੇਂ ਦਿਨ ਉੱਥੇ ਇੱਕ ਹੋਰ ਪਵਿੱਤਰ ਸਭਾ ਹੋਵੇਗੀ। ਉਸ ਦਿਨ ਤੁਹਾਨੂੰ ਕੋਈ ਕੰਮ ਨਹੀਂ ਕਰਨਾ ਚਾਹੀਦਾ।”
ਪਹਿਲੀਆਂ ਫ਼ਸਲਾਂ ਦਾ ਪਰਬ
9 ਯਹੋਵਾਹ ਨੇ ਮੂਸਾ ਨੂੰ ਆਖਿਆ, 10 “ਇਸਰਾਏਲ ਦੇ ਲੋਕਾਂ ਨੂੰ ਆਖ; ਤੁਸੀਂ ਉਸ ਧਰਤੀ ਵਿੱਚ ਦਾਖਲ ਹੋਵੋਂਗੇ ਜਿਹੜੀ ਮੈਂ ਤੁਹਾਨੂੰ ਦੇਵਾਂਗਾ। ਤੁਸੀਂ ਇਸਦੀ ਫ਼ਸਲ ਵੱਢੋਂਗੇ। ਉਸ ਸਮੇਂ ਤੁਹਾਨੂੰ ਆਪਣੀ ਫ਼ਸਲ ਦੀ ਪਹਿਲੀ ਭਰੀ ਜਾਜਕ ਕੋਲ ਲੈ ਕੇ ਆਉਣੀ ਚਾਹੀਦੀ ਹੈ। 11 ਉਹ ਭਰੀ ਨੂੰ ਤੁਹਾਡੇ ਲਈ ਯਹੋਵਾਹ ਅੱਗੇ ਹਿਲਾਵੇਗਾ। ਫ਼ੇਰ ਇਹ ਪ੍ਰਵਾਨ ਹੋ ਜਾਵੇਗੀ। ਉਹ ਭਰੀ ਨੂੰ ਸਬਤ ਤੋਂ ਅਗਲੇ ਦਿਨ ਨੂੰ ਹਿਲਾਵੇਗਾ।
12 “ਉਸ ਦਿਨ, ਜਦੋਂ ਜਾਜਕ ਭਰੀ ਨੂੰ ਤੁਹਾਡੇ ਲਈ ਹਿਲਾਵੇ, ਤੁਸੀਂ ਇੱਕ ਸਾਲ ਦਾ ਬੇਨੁਕਸ ਲੇਲਾ ਵੀ ਭੇਟ ਕਰੋਂਗੇ। ਲੇਲੇ ਨੂੰ ਯਹੋਵਾਹ ਅੱਗੇ ਹੋਮ ਦੀ ਭੇਟ ਵਜੋਂ ਭੇਟ ਕੀਤਾ ਜਾਵੇਗਾ। 13 ਤੁਹਾਨੂੰ ਜੈਤੂਨ ਦੇ ਤੇਲ ਵਿੱਚ ਮਿਲੇ ਮੈਦੇ ਦੇ 16 ਕੱਪ [a] ਅਨਾਜ ਦੀ ਭੇਟ ਵਜੋਂ ਚੜ੍ਹਾਉਣੇ ਚਾਹੀਦੇ ਹਨ ਇਸਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰੇਗੀ। ਤੁਹਾਨੂੰ ਮੈਅ ਦਾ ਇੱਕ ਕੁਆਟਰ [b] ਪੀਣ ਦੀ ਭੇਟ ਵਜੋਂ ਚੜ੍ਹਾਉਣਾ ਚਾਹੀਦਾ ਹੈ। 14 ਜਿੰਨਾ ਚਿਰ ਤੁਸੀਂ ਇਹ ਸੁਗਾਤ ਯਹੋਵਾਹ ਲਈ ਨਹੀਂ ਲਿਆਉਂਦੇ, ਤੁਹਾਨੂੰ ਆਪਣੀ ਵਾਢੀ ਚੋਂ ਅਨਾਜ, ਰੋਟੀ ਜਾਂ ਫ਼ਲ ਨਹੀਂ ਖਾਣਾ ਚਾਹੀਦਾ। ਇਹ ਨੇਮ ਜਿੱਥੇ ਵੀ ਤੁਸੀਂ ਰਹੋਂ ਤੁਹਾਡੀਆਂ ਸਾਰੀਆਂ ਪੀੜੀਆਂ ਤਾਈਂ ਜਾਰੀ ਰਹੇਗਾ।
ਪੰਤਕੁਸਤ ਦਾ ਪਰਬ
15 “ਸਬਤ ਤੋਂ ਅਗਲੇ ਦਿਨ ਜਿਸ ਦਿਨ ਤੁਸੀਂ ਭਰੀ ਨੂੰ ਹਿਲਾਉਣ ਦੀ ਭੇਟ ਵਜੋਂ ਲਿਆਉਂਦੇ ਹੋ, ਸੱਤ ਹਫ਼ਤੇ ਗਿਣ ਲਵੋ। 16 ਸੱਤਵੇਂ ਹਫ਼ਤੇ ਦੇ ਪਿੱਛੋਂ ਆਉਣ ਵਾਲੇ ਦਿਨ (ਅਰਥਾਤ 50ਵੇਂ ਦਿਨ) ਤੁਸੀਂ ਯਹੋਵਾਹ ਲਈ ਇੱਕ ਨਵੀਂ ਅਨਾਜ ਦੀ ਭੇਟ ਲੈ ਕੇ ਆਵੋਂਗੇ। 17 ਉਸ ਦਿਨ, ਆਪਣੇ ਘਰਾਂ ਵਿੱਚੋਂ ਦੋ ਰੋਟੀਆਂ ਹਿਲਾਉਣ ਦੀ ਭੇਟ ਵਜੋਂ ਲੈ ਕੇ ਆਵੋ। ਇਨ੍ਹਾਂ ਰੋਟੀਆਂ ਨੂੰ 16 ਕੱਪ ਮੈਦੇ ਵਿੱਚ ਖਮੀਰ ਪਾਕੇ ਬਣਾਉ। ਇਹ ਤੁਹਾਡੀ ਪਹਿਲੀ ਵਾਢੀ ਵਿੱਚੋਂ ਯਹੋਵਾਹ ਲਈ ਸੁਗਾਤ ਹੋਵੇਗੀ।
18 “ਇੱਕ ਬਲਦ, ਦੋ ਭੇਡੂ ਅਤੇ ਸੱਤ ਇੱਕ ਸਾਲ ਦੇ ਲੇਲੇ ਲੋਕਾਂ ਵੱਲੋਂ ਅਨਾਜ ਦੀ ਭੇਟ ਦੇ ਨਾਲ ਭੇਟ ਕੀਤੇ ਜਾਣਗੇ। ਇਹ ਜਾਨਵਰ ਬੇਨੁਕਸ ਹੋਣੇ ਚਾਹੀਦੇ ਹਨ। ਇਹ ਉਨ੍ਹਾਂ ਦੀਆਂ ਅਨਾਜ ਅਤੇ ਪੀਣ ਦੀਆਂ ਭੇਟਾਂ ਸਮੇਤ ਹੋਮ ਦੀ ਭੇਟ ਹੋਵੇਗੀ ਅਤੇ ਇਸਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰੇਗੀ। 19 ਤੁਹਾਨੂੰ ਪਾਪ ਦੀ ਭੇਟ ਵਜੋਂ ਇੱਕ ਬੱਕਰਾ ਅਤੇ ਸੁੱਖ-ਸਾਂਦ ਦੀ ਭੇਟ ਵਜੋਂ ਦੋ ਇੱਕ ਸਾਲ ਦੇ ਲੇਲੇ ਵੀ ਭੇਟ ਕਰਨੇ ਚਾਹੀਦੇ ਹਨ।
20 “ਜਾਜਕ ਇਨ੍ਹਾਂ ਨੂੰ ਯਹੋਵਾਹ ਦੇ ਸਾਹਮਣੇ ਦੋ ਲੇਲਿਆਂ ਅਤੇ ਪਹਿਲੀ ਫ਼ਸਲ ਦੀ ਰੋਟੀ ਨਾਲ ਹਿਲਾਉਣ ਦੀ ਭੇਟ ਵਜੋਂ ਲਹਿਰਾਵੇਗਾ। ਇਹ ਯਹੋਵਾਹ ਲਈ ਪਵਿੱਤਰ ਹਨ। ਇਹ ਜਾਜਕ ਦੇ ਹੋਣਗੇ। 21 ਉਸੇ ਦਿਨ ਤੁਸੀਂ ਇੱਕ ਪਵਿੱਤਰ ਸਭਾ ਬੁਲਾਵੋਂਗੇ। ਤੁਹਾਨੂੰ ਕੋਈ ਕੰਮ ਨਹੀਂ ਕਰਨਾ ਚਾਹੀਦਾ। ਇਹ ਨੇਮ ਜਿੱਥੇ ਵੀ ਤੁਸੀਂ ਰਹੋਂ, ਤੁਹਾਡੀਆਂ ਸਾਰੀਆਂ ਪੀੜੀਆਂ ਤੀਕ ਹਮੇਸ਼ਾ ਲਈ ਜਾਰੀ ਰਹੇਗਾ।
22 “ਇਸਤੋਂ ਇਲਾਵਾ, ਜਦੋਂ ਤੁਸੀਂ ਆਪਣੀ ਧਰਤੀ ਤੋਂ ਫ਼ਸਲਾਂ ਦੀ ਵਾਢੀ ਕਰੋ ਤਾਂ ਆਪਣੇ ਖੇਤ ਨੂੰ ਪੂਰੇ ਕਿਨਾਰਿਆਂ ਤੱਕ ਨਾ ਵੱਢੋ। ਜਿਹੜਾ ਅਨਾਜ ਧਰਤੀ ਉੱਤੇ ਡਿੱਗ ਪੈਂਦਾ ਹੈ ਉਸ ਨੂੰ ਨਾ ਚੁੱਕੋ। ਇਹ ਚੀਜ਼ਾਂ ਗਰੀਬ ਲੋਕਾਂ ਅਤੇ ਤੁਹਾਡੇ ਦੇਸ਼ ਵਿੱਚੋਂ ਗੁਜ਼ਰਨ ਵਾਲੇ ਪਰਦੇਸੀਆਂ ਲਈ ਛੱਡ ਦਿਉ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।”
ਤੁਰ੍ਹੀਆਂ ਦਾ ਪਰਬ
23 ਇੱਕ ਵਾਰ ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, 24 “ਇਸਰਾਏਲ ਦੇ ਲੋਕਾਂ ਨੂੰ ਆਖ; ਸੱਤਵੇਂ ਮਹੀਨੇ ਦੇ ਪਹਿਲੇ ਦਿਨ ਤੁਹਾਨੂੰ ਛੁੱਟੀ ਦਾ ਖਾਸ ਦਿਨ ਮਿਲਿਆ ਹੈ। ਤੁਸੀਂ ਇੱਕ ਪਵਿੱਤਰ ਸਭਾ ਕਰੋਂਗੇ ਅਤੇ ਯਾਦਗਾਰੀ ਵਜੋਂ ਤੁਰ੍ਹੀ ਵਜਾਵੋਂਗੇ। 25 ਤੁਹਾਨੂੰ ਕੋਈ ਕੰਮ ਨਹੀਂ ਕਰਨਾ ਚਾਹੀਦਾ। ਤੁਸੀਂ ਯਹੋਵਾਹ ਨੂੰ ਅੱਗ ਦੁਆਰਾ ਇੱਕ ਦੁਆਰਾ ਇੱਕ ਭੇਟ ਚੜ੍ਹਾਵੋਂਗੇ।”
ਪਰਾਸਚਿਤ ਦਾ ਦਿਨ
26 ਯਹੋਵਾਹ ਨੇ ਮੂਸਾ ਨੂੰ ਆਖਿਆ, 27 “ਪਰਾਸਚਿਤ ਦਾ ਦਿਨ ਸੱਤਵੇਂ ਮਹੀਨੇ ਦੇ ਦਸਵੇਂ ਦਿਨ ਹੋਵੇਗਾ। ਇੱਥੇ ਇੱਕ ਪਵਿੱਤਰ ਸਭਾ ਹੋਵੇਗੀ। ਤੁਹਾਨੂੰ ਆਪਣੇ-ਆਪ ਨੂੰ ਨਿਮਾਣਾ ਬਣਾਕੇ ਵਰਤ ਰੱਖਣਾ ਚਾਹੀਦਾ ਅਤੇ ਤੁਹਾਨੂੰ ਯਹੋਵਾਹ ਨੂੰ ਅੱਗ ਦੁਆਰਾ ਇੱਕ ਭੇਟ ਚੜ੍ਹਾਉਣੀ ਚਾਹੀਦੀ ਹੈ। 28 ਤੁਹਾਨੂੰ ਇਸ ਦਿਨ ਕੋਈ ਕੰਮ ਨਹੀਂ ਕਰਨਾ ਚਾਹੀਦਾ। ਕਿਉਂਕਿ ਇਹ ਪਰਾਸਚਿਤ ਦਾ ਦਿਨ ਤੁਹਾਡੇ ਲਈ ਯਹੋਵਾਹ ਤੁਹਾਡੇ ਪਰਮੇਸ਼ੁਰ ਦੇ ਸਾਹਮਣੇ ਪਰਾਸਚਿਤ ਕਰਨ ਲਈ ਹੋਵੇਗਾ।
29 “ਜੇ ਕੋਈ ਬੰਦਾ ਇਸ ਦਿਨ ਵਰਤ ਰੱਖਣ ਤੋਂ ਇਨਕਾਰ ਕਰਦਾ ਹੈ, ਉਸ ਨੂੰ ਉਸ ਦੇ ਲੋਕਾਂ ਤੋਂ ਵੱਖ ਕਰ ਦੇਣਾ ਚਾਹੀਦਾ ਹੈ। 30 ਜੇ ਕੋਈ ਬੰਦਾ ਇਸ ਦਿਨ ਕੋਈ ਕੰਮ ਕਰਦਾ ਹੈ ਮੈਂ (ਪਰਮੇਸ਼ੁਰ) ਉਸ ਬੰਦੇ ਨੂੰ ਉਸ ਦੇ ਲੋਕਾਂ ਵਿੱਚੋਂ ਤਬਾਹ ਕਰ ਦਿਆਂਗਾ। 31 ਤੁਹਾਨੂੰ ਬਿਲਕੁਲ ਵੀ ਕੋਈ ਕੰਮ ਨਹੀਂ ਕਰਨਾ ਚਾਹੀਦਾ। ਇਹ ਨੇਮ ਹੈ ਜਿਹੜਾ ਤੁਹਾਡੇ ਲਈ ਹਮੇਸ਼ਾ ਲਈ ਜਾਰੀ ਰਹੇਗਾ ਭਾਵੇਂ ਤੁਸੀਂ ਕਿਧਰੇ ਵੀ ਰਹਿੰਦੇ ਹੋਵੋ। 32 ਇਹ ਤੁਹਾਡੇ ਲਈ ਅਰਾਮ ਦਾ ਖਾਸ ਦਿਨ ਹੋਵੇਗਾ। ਤੁਹਾਨੂੰ ਭੋਜਨ ਨਹੀਂ ਖਾਣਾ ਚਾਹੀਦਾ। ਤੁਸੀਂ ਇਸ ਦਿਨ ਨੂੰ ਅਰਾਮ ਦੇ ਖਾਸ ਦਿਨ ਵਜੋਂ ਮਹੀਨੇ ਦੇ ਨੌਵੇਂ ਦਿਨ ਦੀ ਸ਼ਾਮ ਨੂੰ ਸ਼ੁਰੂ [c] ਕਰੋਂਗੇ-ਇਹ ਅਰਾਮ ਦਾ ਖਾਸ ਦਿਨ ਉਸ ਸ਼ਾਮ ਤੋਂ ਲੈ ਕੇ ਅਗਲੀ ਸ਼ਾਮ ਤੱਕ ਜਾਰੀ ਰਹੇਗਾ।”
ਡੇਰਿਆਂ ਦਾ ਪਰਬ
33 ਯਹੋਵਾਹ ਨੇ ਮੂਸਾ ਨੂੰ ਫ਼ੇਰ ਆਖਿਆ, 34 “ਇਸਰਾਏਲ ਦੇ ਲੋਕਾਂ ਨੂੰ ਆਖ; ਸੱਤਵੇਂ ਮਹੀਨੇ ਦੇ 15ਵੇਂ ਦਿਨ ਡੇਰਿਆਂ ਦਾ ਪਰਬ ਹੈ। ਯਹੋਵਾਹ ਲਈ ਇਹ ਛੁੱਟੀ 7 ਦਿਨ ਰਹੇਗੀ। 35 ਪਹਿਲੇ ਦਿਨ ਪਵਿੱਤਰ ਸਭਾ ਹੋਵੇਗੀ। ਤੁਹਾਨੂੰ ਕੋਈ ਕੰਮ ਨਹੀਂ ਕਰਨਾ ਚਾਹੀਦਾ। 36 ਤੁਹਾਨੂੰ ਯਹੋਵਾਹ ਨੂੰ ਸੱਤਾਂ ਦਿਨਾਂ ਤੀਕ ਅੱਗ ਦੁਆਰਾ ਭੇਟ ਚੜ੍ਹਾਉਣੀ ਚਾਹੀਦੀ ਹੈ। ਅੱਠਵੇਂ ਦਿਨ, ਤੁਸੀਂ ਇੱਕ ਪਵਿੱਤਰ ਸਭਾ ਕਰੋਂਗੇ ਅਤੇ ਯਹੋਵਾਹ ਨੂੰ ਅੱਗ ਦੁਆਰਾ ਇੱਕ ਭੇਟ ਚੜ੍ਹਾਵੋਂਗੇ। ਇਹ ਪਰਬ ਦਾ ਖਾਸ ਦਿਨ ਹੈ। ਇਸ ਦਿਨ ਤੁਹਾਨੂੰ ਕੋਈ ਕੰਮ ਨਹੀਂ ਕਰਨਾ ਚਾਹੀਦਾ।
37 “ਇਹ ਯਹੋਵਾਹ ਦੀਆਂ ਖਾਸ ਛੁੱਟੀਆਂ ਹਨ। ਇਨ੍ਹਾਂ ਛੁੱਟੀਆਂ ਤੇ ਪਵਿੱਤਰ ਸਭਾਵਾਂ ਹੋਣਗੀਆਂ। ਤੁਸੀਂ ਯਹੋਵਾਹ ਲਈ ਸੁਗਾਤਾਂ ਲਿਆਵੋਂਗੇ-ਹੋਮ ਦੀਆਂ ਭੇਟਾਂ, ਅਨਾਜ ਦੀਆਂ ਭੇਟਾਂ, ਬਲੀਆਂ ਅਤੇ ਪੀਣ ਦੀਆਂ ਭੇਟਾਂ। ਤੁਹਾਨੂੰ ਇਹ ਸੁਗਾਤਾਂ ਸਹੀ ਦਿਨਾਂ ਤੇ ਲਿਆਉਣੀਆਂ ਚਾਹੀਦੀਆਂ ਹਨ। 38 ਤੁਸੀਂ ਇਨ੍ਹਾਂ ਛੁੱਟੀਆਂ ਨੂੰ ਯਹੋਵਾਹ ਦੇ ਸਬਤਾਂ ਤੋਂ ਇਲਾਵਾ ਮਨਾਉਂਗੇ। ਤੁਸੀਂ ਸੁਗਾਤਾਂ ਨੂੰ ਯਹੋਵਾਹ ਨੂੰ ਆਪਣੀਆਂ ਹੋਰਨਾਂ ਭੇਟਾਂ, ਖਾਸ ਇਕਰਾਰਾਂ ਲਈ ਤੁਹਾਡੀਆਂ ਭੇਟਾਂ, ਅਤੇ ਤੁਹਾਡੀਆਂ ਮਨ-ਮਰਜ਼ੀ ਦੀਆਂ ਭੇਟਾਂ ਤੋਂ ਇਲਾਵਾ ਚੜ੍ਹਾਵੋਂਗੇ।
39 “ਸੱਤਵੇਂ ਮਹੀਨੇ ਦੇ 15ਵੇਂ ਦਿਨ ਜਦੋਂ ਤੁਸੀਂ ਧਰਤੀ ਦੀਆਂ ਫ਼ਸਲਾਂ ਸਾਂਭ ਹਟੋਂਗੇ, ਤੁਸੀਂ ਸੱਤਾਂ ਦਿਨਾਂ ਤੀਕ ਯਹੋਵਾਹ ਦਾ ਤਿਉਹਾਰ ਮਨਾਉਂਗੇ। ਪਹਿਲਾ ਦਿਨ ਅਤੇ ਅੱਠਵਾਂ ਦਿਨ ਅਰਾਮ ਦੇ ਖਾਸ ਦਿਨ ਹੋਣਗੇ। 40 ਪਹਿਲੇ ਦਿਨ, ਤੁਸੀਂ ਫ਼ਲਦਾਰ ਰੁੱਖਾਂ ਤੋਂ ਚੰਗੇ ਫ਼ਲ ਅਤੇ ਨਦੀ ਕੰਢੇ ਉੱਗੇ ਹੋਏ ਖਜ਼ੂਰ ਦੇ ਰੁੱਖਾਂ, ਪੋਪਲਰ ਦੇ ਰੁੱਖਾਂ ਅਤੇ ਵਿਲੋ ਦੇ ਰੁੱਖਾਂ ਦੀਆਂ ਟਾਹਣੀਆਂ ਲਵੋਂਗੇ। ਤੁਸੀਂ ਸੱਤਾਂ ਦਿਨਾਂ ਤੀਕ ਯਹੋਵਾਹ ਆਪਣੇ ਪਰਮੇਸ਼ੁਰ ਦੇ ਸਾਹਮਣੇ ਜਸ਼ਨ ਮਨਾਉਂਗੇ। 41 ਤੁਸੀਂ ਹਰ ਸਾਲ ਸੱਤ ਦਿਨ ਇਹ ਛੁੱਟੀ ਯਹੋਵਾਹ ਲਈ ਮਨਾਉਂਗੇ। ਇਹ ਨੇਮ ਹਮੇਸ਼ਾ ਰਹੇਗਾ। ਤੁਸੀਂ ਇਹ ਛੁੱਟੀ ਸੱਤਵੇਂ ਮਹੀਨੇ ਵਿੱਚ ਮਨਾਉਂਗੇ। 42 ਤੁਸੀਂ ਸੱਤਾਂ ਦਿਨਾਂ ਤੀਕ ਆਰਜ਼ੀ ਸ਼ਰਣ ਸਥਾਨਾਂ ਵਿੱਚ ਰਹੋਂਗੇ। ਇਸਰਾਏਲ ਦਾ ਹਰ ਨਾਗਰਿਕ ਇਨ੍ਹਾਂ ਸ਼ਰਣ ਸਥਾਨਾਂ ਵਿੱਚ ਰਹੇਗਾ। 43 ਫ਼ੇਰ ਤੁਹਾਡੇ ਸਾਰੇ ਉੱਤਰਾਧਿਕਾਰੀ ਜਾਣ ਲੈਣਗੇ ਕਿ ਮੈਂ ਇਸਰਾਏਲ ਦੇ ਲੋਕਾਂ ਨੂੰ ਉਸ ਸਮੇਂ ਦੌਰਾਨ ਆਰਜ਼ੀ ਸ਼ਰਣ ਸਥਾਨਾਂ ਵਿੱਚ ਰਹਿਣ ਦਿੱਤਾ ਜਦੋਂ ਮੈਂ ਉਨ੍ਹਾਂ ਨੂੰ ਮਿਸਰ ਤੋਂ ਲੈ ਕੇ ਆਇਆ ਸਾਂ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।”
44 ਇਸ ਤਰ੍ਹਾਂ ਮੂਸਾ ਨੇ ਇਸਰਾਏਲ ਦੇ ਲੋਕਾਂ ਨੂੰ ਯਹੋਵਾਹ ਦੀਆਂ ਸਾਰੀਆਂ ਛੁੱਟੀਆਂ ਬਾਰੇ ਦੱਸਿਆ।
ਦਾਊਦ ਦੇ ਗੀਤਾਂ ਵਿੱਚੋਂ ਇੱਕ ਇਹ ਗੀਤ ਮੰਦਰ ਦੇ ਸਮਰਪਣ ਲਈ ਸੀ।
30 ਯਹੋਵਾਹ, ਤੁਸਾਂ ਮੈਨੂੰ ਮੇਰੇ ਸੰਕਟਾਂ ਵਿੱਚੋਂ ਉਭਾਰਿਆ।
ਤੁਸਾਂ ਮੇਰੇ ਦੁਸ਼ਮਣਾਂ ਨੂੰ ਮੈਨੂੰ ਹਰਾਉਣ, ਅਤੇ ਮੇਰੇ ਉੱਤੇ ਹੱਸਣ ਨਹੀਂ ਦਿੱਤਾ।
ਇਸ ਲਈ ਮੈਂ ਤੁਹਾਡੇ ਲਈ ਆਦਰ ਦਰਸਾਵਾਂਗਾ।
2 ਮੇਰੇ ਯਹੋਵਾਹ ਪਰਮੇਸ਼ੁਰ, ਮੈਂ ਤੁਹਾਨੂੰ ਪ੍ਰਾਰਥਨਾ ਕੀਤੀ।
ਤੇ ਤੁਸਾਂ ਮੈਨੂੰ ਨਿਰੋਗ ਕੀਤਾ।
3 ਤੁਸਾਂ ਮੈਨੂੰ ਕਬਰ ਵਿੱਚੋਂ ਉੱਠਾ ਲਿਆ ਸੀ।
ਤੁਸਾਂ ਮੈਨੂੰ ਜੀਣ ਦਿੱਤਾ।
ਮੈਨੂੰ ਮੁਰਦਿਆਂ ਦੇ ਨਾਲ ਲੇਟਣਾ ਨਹੀਂ ਪਿਆ ਜਿਹੜੇ ਮ੍ਰਿਤੂ ਲੋਕ ਵਿੱਚ ਪਏ ਹਨ।
4 ਹੇ ਪਰਮੇਸ਼ੁਰ ਦੇ ਚੇਲਿਉ, ਯਹੋਵਾਹ ਨੂੰ ਉਸਤਤਾਂ ਗਾਵੋ।
ਉਸ ਦੇ ਪਵਿੱਤਰ ਨਾਮ ਦੀ ਉਸਤਤਿ ਕਰੋ।
5 ਪਰਮੇਸ਼ੁਰ ਗੁੱਸੇ ਸੀ, ਇਸ ਲਈ ਫ਼ੈਸਲਾ “ਮੌਤ” ਸੀ।
ਪਰ ਉਸ ਨੇ ਆਪਣਾ ਪਿਆਰ ਦਰਸਾਇਆ, ਅਤੇ ਉਸ ਨੇ ਮੈਨੂੰ “ਜੀਵਨ ਦੀ ਅਸੀਸ” ਦਿੱਤੀ।
ਰਾਤ ਵੇਲੇ ਮੈਂ ਰੋਂਦਾ ਹੋਇਆ ਲੇਟਿਆ ਸਾਂ।
ਅਗਲੀ ਸਵੇਰ, ਮੈਂ ਪ੍ਰਸੰਨ ਸਾਂ ਤੇ ਗਾ ਰਿਹਾ ਸਾਂ।
6 ਜਦੋਂ ਮੈਂ ਸੁਰੱਖਿਅਤ ਤੇ ਨਿਸ਼ਚਿੰਤ ਸਾਂ,
ਮੈਂ ਸੋਚਿਆ ਮੈਨੂੰ ਕੋਈ ਵੀ ਸੱਟ ਨਹੀਂ ਮਾਰ ਸੱਕਦਾ।
7 ਹਾਂ, ਯਹੋਵਾਹ, ਜਦੋਂ ਤੁਸੀਂ ਮੇਰੇ ਉੱਤੇ ਮਿਹਰਬਾਨ ਸੀ।
ਮੈਂ ਮਹਿਸੂਸ ਕੀਤਾ ਜਿਵੇਂ ਕੁਝ ਵੀ ਨਹੀਂ ਜੋ ਮੈਨੂੰ ਹਰਾ ਸੱਕਦਾ ਸੀ।
ਪਰ ਜਦੋਂ ਤੁਸੀਂ ਮੈਥੋਂ ਮੁੱਖ ਮੋੜਿਆ ਸੀ
ਮੈਂ ਸਹਿਮ ਗਿਆ ਅਤੇ ਡਰ ਨਾਲ ਕੰਬ ਗਿਆ।
8 ਇਸ ਲਈ, ਹੇ ਪਰਮੇਸ਼ੁਰ ਮੈਂ ਧਰਤੀ ਉੱਤੇ ਤੇਰੇ ਅੱਗੇ ਪ੍ਰਾਰਥਨਾ ਕੀਤੀ।
ਮੈਂ ਆਖਿਆ ਕਿ ਤੂੰ ਮੇਰੇ ਉੱਪਰ ਦਯਾ ਕਰੇਂ।
9 ਮੈਂ ਆਖਿਆ, “ਹੇ ਪਰਮੇਸ਼ੁਰ ਇਸ ਵਿੱਚ ਕੀ ਚੰਗਾ ਹੈ ਜੇ ਮੈਂ ਮਰ ਜਾਵਾਂ
ਤੇ ਮੈਂ ਕਬਰ ਵਿੱਚ ਨਿਘਰ ਜਾਵਾਂ?
ਸਿਰਫ਼ ਮੁਰਦਾ ਲੋਕ ਖਾਕ ਵਿੱਚ ਲੇਟਦੇ ਹਨ?
ਉਹ ਤੇਰੀ ਉਸਤਤਿ ਨਹੀਂ ਕਰਦੇ।
ਉਹ ਲੋਕਾਂ ਤਾਈਂ ਨਹੀਂ ਦੱਸਦੇ ਅਸੀਂ ਤੇਰੇ ਉੱਤੇ ਕਿੰਨਾ ਨਿਰਭਰ ਹੋ ਸੱਕਦੇ ਹਾਂ।
10 ਹੇ ਯਹੋਵਾਹ, ਮੇਰੀ ਪ੍ਰਾਰਥਨਾ ਸੁਣੋ ਅਤੇ ਮੇਰੇ ਉੱਤੇ ਮਿਹਰਬਾਨ ਹੋਵੋ।
ਹੇ ਯਹੋਵਾਹ, ਮੇਰੀ ਮਦਦ ਕਰੋ।”
11 ਮੈਂ ਪ੍ਰਾਰਥਨਾ ਕੀਤੀ ਅਤੇ ਤੁਸਾਂ ਮੇਰੀ ਮਦਦ ਕੀਤੀ।
ਤੁਸੀਂ ਮੇਰੇ ਰੋਣ ਨੂੰ ਨੱਚਣ ਵਿੱਚ ਬਦਲਿਆ।
ਤੁਸੀਂ ਮੇਰੀ ਉਦਾਸੀ ਦੀ ਪੋਸ਼ਾਕ ਲਾਹ ਲਈ।
ਅਤੇ ਤੁਸੀਂ ਮੈਨੂੰ ਖੁਸ਼ੀ ਨਾਲ ਢੱਕਿਆ।
12 ਯਹੋਵਾਹ, ਮੇਰੇ ਪਰਮੇਸ਼ੁਰ, ਮੈਂ ਸਦਾ ਤੇਰੀ ਉਸਤਤਿ ਕਰਾਂਗਾ ਇਸ ਲਈ ਕਦੇ ਵੀ ਖਾਮੋਸ਼ੀ ਨਹੀਂ ਛਾਏਗੀ
ਅਤੇ ਇੱਥੋਂ ਕੋਈ ਨਾ ਕੋਈ ਸਦਾ ਤੁਹਾਡੇ ਆਦਰ ਦੇ ਗੀਤ ਗਾ ਰਿਹਾ ਹੋਵੇਗਾ।
ਦੌਲਤ ਖੁਸ਼ੀ ਨਹੀਂ ਲਿਆਉਂਦੀ
6 ਮੈਂ ਇਸ ਦੁਨੀਆਂ ਵਿੱਚ ਇੱਕ ਹੋਰ ਬਦੀ ਵੇਖੀ, ਅਤੇ ਇਹ ਲੋਕਾਂ ਤੇ ਜਬਰਦਸਤ ਭਾਰ ਪਾਉਂਦੀ ਹੈ। 2 ਪਰਮੇਸ਼ੁਰ ਕਿਸੇ ਬੰਦੇ ਨੂੰ ਬਹੁਤ ਜ਼ਿਆਦਾ ਦੌਲਤ ਅਤੇ ਸਤਿਕਾਰ ਦਿੰਦਾ ਹੈ। ਉਸ ਕੋਲ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਹਰ ਚੀਜ਼ ਹੁੰਦੀ ਹੈ ਅਤੇ ਜਿਸਦੀ ਕਦੇ ਉਹ ਇੱਛਾ ਕਰ ਸੱਕਦਾ ਹੈ। ਪਰ ਫੇਰ ਪਰਮੇਸ਼ੁਰ ਉਸ ਨੂੰ ਉਨ੍ਹਾਂ ਚੀਜ਼ਾਂ ਨੂੰ ਮਾਨਣ ਨਹੀਂ ਦਿੰਦਾ। ਇਸ ਦੀ ਬਜਾਇ ਕੋਈ ਅਜਨਬੀ ਇਸ ਨੂੰ ਮਾਣੇਗਾ। ਇਹ ਅਰਬਹੀਣ ਅਤੇ ਘਿਨਾਉਣੀ ਬਦੀ ਹੈ।
3 ਜੇਕਰ ਕੋਈ ਵਿਅਕਤੀ ਬਹੁਤ ਚਿਰ ਜਿਉਂਦਾ, ਕੋਈ ਫ਼ਰਕ ਨਹੀਂ ਪੈਂਦਾ ਕਿ ਕਿੰਨਾ ਚਿਰ, ਅਤੇ ਉਸ ਦੇ 100 ਬੱਚੇ ਹੋ ਸੱਕਦੇ ਹਨ। ਪਰ ਜੇ ਉਹ ਚੰਗੀਆਂ ਚੀਜਾਂ ਨਾਲ ਸੰਤੁਸ਼ਟ ਨਹੀਂ ਅਤੇ ਉਸਦਾ ਅੰਤਿਮ-ਸਂਸੱਕਾਰ ਵੀ ਨਹੀਂ ਹੁੰਦਾ, ਮੈਂ ਆਖਦਾ ਹਾਂ, ਉਸ ਬੰਦੇ ਨਾਲੋਂ ਮਰਿਆ ਪੈਦਾ ਹੋਇਆ ਜੁਆਕ ਬਿਹਤਰ ਹੈ। 4 ਕਿਉਂ ਕਿ ਅਜਿਹਾ ਜੁਆਕ ਰਹੱਸ ਵਿੱਚ ਆਇਆ ਅਤੇ ਹਨੇਰੇ ਵਿੱਚ ਰਹਿੰਦਾ, ਅਤੇ ਉਸਦਾ ਨਾਂ ਵੀ ਹਨੇਰੇ ਵਿੱਚ ਛੁਪਿਆ ਹੋਇਆ ਹੈ। 5 ਉਸ ਬੱਚੇ ਨੇ ਕਦੇ ਸੂਰਜ ਨਹੀਂ ਦੇਖਿਆ ਨਾ ਹੀ ਇਸ ਨੇ ਕਿਸੇ ਚੀਜ਼ ਦਾ ਵੀ ਅਨੁਭਵ ਕੀਤਾ। ਅਤੇ ਉਸ ਨੂੰ ਉਸ ਬੰਦੇ ਨਾਲੋਂ ਵੱਧੇਰੇ ਆਰਾਮ ਮਿਲਦਾ ਹੈ ਜਿਸ ਨੇ ਪਰਮੇਸ਼ੁਰ ਦੀਆਂ ਦਾਤਾਂ ਨੂੰ ਨਹੀਂ ਮਾਣਿਆ। 6 ਉਹ ਬੰਦਾ ਭਾਵੇਂ ਦੋ ਵਾਰੀ ਇੱਕ 2,000 ਵਰ੍ਹੇ ਜਿਉਂਦਾ ਰਹੇ, ਪਰ ਜੇ ਉਹ ਜੀਵਨ ਦਾ ਸੁੱਖ ਨਹੀਂ ਮਾਣਦਾ, ਤਾਂ ਕੀ ਦੋਵੇਂ ਇੱਕੋ ਜਗ੍ਹਾ ਤੇ ਖਤਮ ਨਹੀਂ ਹੁੰਦੇ।
7 ਬੰਦਾ ਆਪਣਾ-ਆਪ ਭਰਨ ਲਈ ਕੰਮ ਕਰਦਾ ਰਹਿੰਦਾ ਹੈ, ਪਰ ਉਸਦੀ ਖਾਣ ਦੀ ਇੱਛਾ (ਭੁੱਖ) ਕਦੇ ਸੰਤੁਸ਼ਟ ਨਹੀਂ ਹੁੰਦੀ। 8 ਇੱਕ ਸਿਆਣੇ ਬੰਦੇ ਨੂੰ ਮੂਰਖ ਤੋਂ ਕੀ ਲਾਭ ਹੈ? ਇੱਕ ਗਰੀਬ ਵਿਅਕਤੀ ਦਾ ਇਹ ਜਾਨਣਾ ਕਿ ਉਸ ਨੂੰ ਅਸਲੀ ਜ਼ਿੰਦਗੀ ਦਾ ਸਾਹਮਣਾ ਕਰਕੇ ਕਿਵੇਂ ਚੱਲਣਾ ਚਾਹੀਦਾ ਉਸ ਲਈ ਕੀ ਚੰਗਾ ਕਰੇਗਾ। 9 ਹਮੇਸ਼ਾ ਹੋਰ-ਹੋਰ ਚੀਜ਼ਾਂ ਦੀ ਲਾਲਸਾ ਕਰਦੇ ਰਹਿਣ ਨਾਲੋਂ ਉਨ੍ਹਾਂ ਚੀਜ਼ਾਂ ਨਾਲ ਪ੍ਰਸੰਨ ਰਹਿਣਾ ਬਿਹਤਰ ਹੈ ਜੋ ਤੁਹਾਡੇ ਕੋਲ ਹਨ ਹਮੇਸ਼ਾ ਵੱਧ-ਵੱਧ ਦੀ ਲਾਲਸਾ ਕਰਦੇ ਰਹਿਣਾ ਵੀ ਅਰਬਹੀਣ ਹੈ ਅਤੇ ਇਹ ਹਵਾ ਨੂੰ ਫੜਨ ਦੀ ਕੋਸ਼ਿਸ਼ ਵਾਂਗ ਹੈ।
10-11 ਜੋ ਕੁਝ ਵੀ ਹੈ, ਪਹਿਲਾਂ ਹੀ ਇਸਦਾ ਨਾਮ ਹੈ ਅਤੇ ਇਹ ਚੰਗੀ ਤਰ੍ਹਾਂ ਪਤਾ ਕਿ ਲੋਕੀਂ ਕੀ ਹਨ, ਅਤੇ ਕਿ ਉਹ ਉਸ ਨਾਲ ਦਲੀਲਬਾਜ਼ੀ ਨਹੀਂ ਕਰ ਸੱਕਦੇ ਜੋ ਉਨ੍ਹਾਂ ਤੋਂ ਵੱਧੇਰੇ ਤਕੜਾ ਹੈ। ਕਿਉਂ ਕਿ ਗੱਲ-ਬਾਤ ਨੂੰ ਲਂਮਿਆਂ ਪਾਉਣਾ ਇਸਦੀ ਅਰਬਹੀਣਤਾ ਨੂੰ ਵੱਧਾਉਂਦਾ ਹੈ। ਕਿਸੇ ਵਿਅਕਤੀ ਲਈ ਇਸਦਾ ਕੀ ਲਾਭ ਹੈ?
12 ਕੌਣ ਜਾਣਦਾ ਹੈ ਕਿ ਲੋਕਾਂ ਲਈ ਆਪਣੇ ਬੋੜੇ ਚਿਰੇ ਜੀਵਨ ਵਿੱਚ ਕਿਹੜੀ ਗੱਲ ਸਭ ਤੋਂ ਚੰਗੀ ਹੈ? ਉਸਦਾ ਜੀਵਨ ਪਰਛਾਵੇਂ ਵਾਂਗ ਖਤਮ ਹੋ ਜਾਂਦਾ ਹੈ। ਕੌਣ ਉਸ ਨੂੰ ਦੱਸ ਸੱਕਦਾ ਕਿ ਉਸ ਦੀ ਮੌਤ ਤੋਂ ਬਆਦ ਇਸ ਦੁਨੀਆਂ ਵਿੱਚ ਕੀ ਵਾਪਰ
ਮਸੀਹ ਯਿਸੂ ਦਾ ਵਫ਼ਾਦਾਰ ਸਿਪਾਹੀ
2 ਤਿਮੋਥਿਉਸ ਤੂੰ ਮੇਰੇ ਲਈ ਇੱਕ ਪੁੱਤਰ ਵਰਗਾ ਹੈਂ। ਉਸ ਵਿਸ਼ਵਾਸ ਵਿੱਚ ਮਜ਼ਬੂਤ ਰਹਿ ਜਿਹੜਾ ਸਾਨੂੰ ਮਸੀਹ ਯਿਸੂ ਵਿੱਚ ਹੈ। 2 ਤੁਸੀਂ ਉਹ ਗੱਲਾਂ ਸੁਣੀਆਂ ਹਨ ਜੋ ਮੈਂ ਸਮਝਾਈਆਂ। ਹੋਰ ਵੀ ਬਹੁਤ ਸਾਰੇ ਲੋਕਾਂ ਨੇ ਇਨ੍ਹਾਂ ਉਪਦੇਸ਼ਾਂ ਨੂੰ ਸੁਣਿਆ ਹੈ। ਤੁਹਾਨੂੰ ਇਹੀ ਉਪਦੇਸ਼ ਉਨ੍ਹਾਂ ਨੂੰ ਵੀ ਦੇਣੇ ਚਾਹੀਦੇ ਹਨ ਜਿਨ੍ਹਾਂ ਤੇ ਤੁਸੀਂ ਭਰੋਸਾ ਕਰ ਸੱਕਦੇ ਹੋ। ਫ਼ੇਰ ਉਹ ਉਹੀ ਗੱਲਾਂ ਹੋਰਾਂ ਲੋਕਾਂ ਨੂੰ ਵੀ ਸਿੱਖਾ ਸੱਕਣਗੇ। 3 ਸਾਡੀਆਂ ਔਕੜਾਂ ਦੇ ਭਾਗੀ ਬਣੋ। ਇਨ੍ਹਾਂ ਔਕੜਾਂ ਨੂੰ ਮਸੀਹ ਯਿਸੂ ਦੇ ਸੱਚੇ ਸਿਪਾਹੀ ਵਾਂਗ ਝੱਲੋ। 4 ਇੱਕ ਸਿਪਾਹੀ ਆਪਣੇ ਸੈਨਾਪਤੀ ਨੂੰ ਖੁਸ਼ ਕਰਨਾ ਚਾਹੁੰਦਾ ਹੈ। ਇਸੇ ਲਈ ਉਹ ਸਿਪਾਹੀ ਆਪਣਾ ਸਮਾਂ ਉਨ੍ਹਾਂ ਗੱਲਾਂ ਵਿੱਚ ਨਹੀਂ ਲਾਉਂਦਾ ਜਿਨ੍ਹਾਂ ਵਿੱਚ ਬਹੁਤ ਹੋਰ ਲੋਕ ਲਾਉਂਦੇ ਹਨ। 5 ਜੋ ਕੋਈ ਵਿਅਕਤੀ ਦੌੜ ਲਾ ਰਿਹਾ ਤਾਂ ਉਸ ਨੂੰ ਜਿੱਤਣ ਲਈ ਨੇਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। 6 ਜਿਹੜਾ ਕਿਸਾਨ ਸਖਤ ਮਿਹਨਤ ਕਰਦਾ ਹੈ ਉਹ ਖੇਤ ਦੀ ਫ਼ਸਲ ਦਾ ਆਨੰਦ ਮਾਨਣ ਵਾਲਾ ਪਹਿਲਾ ਵਿਅਕਤੀ ਹੋਣਾ ਚਾਹੀਦਾ ਹੈ। 7 ਜੋ ਗੱਲਾਂ ਮੈਂ ਆਖ ਰਿਹਾ ਹਾਂ ਇਨ੍ਹਾਂ ਬਾਰੇ ਸੋਚੋ। ਪ੍ਰਭੂ ਤੁਹਾਨੂੰ ਇਨ੍ਹਾਂ ਸਾਰੀਆਂ ਗੱਲਾਂ ਨੂੰ ਸਮਝਣ ਦੀ ਸਮਰਥਾ ਦੇਵੇਗਾ।
8 ਯਿਸੂ ਮਸੀਹ ਨੂੰ ਚੇਤੇ ਰੱਖੋ। ਉਹ ਦਾਊਦ ਦੇ ਪਰਿਵਾਰ ਵਿੱਚੋਂ ਹੈ। ਜਦੋਂ ਯਿਸੂ ਮਰਿਆ ਤਾਂ ਉਸ ਨੂੰ ਮੌਤ ਤੋਂ ਜਿਵਾਲਿਆ ਗਿਆ। ਇਹੀ ਖੁਸ਼ਖਬਰੀ ਹੈ ਜਿਸ ਬਾਰੇ ਮੈਂ ਲੋਕਾਂ ਨੂੰ ਦੱਸਦਾ ਹਾਂ। 9 ਮੈਂ ਇਸ ਲਈ ਕਸ਼ਟ ਸਹਿ ਰਿਹਾ ਹਾਂ ਕਿਉਂ ਜੋ ਮੈਂ ਖੁਸ਼ਖਬਰੀ ਬਾਰੇ ਲੋਕਾਂ ਨੂੰ ਦੱਸਦਾ ਹਾਂ। ਮੈਨੂੰ ਉਸ ਵਿਅਕਤੀ ਵਾਂਗ ਜੰਜ਼ੀਰਾਂ ਨਾਲ ਜਕੜਿਆ ਹੋਇਆ ਹੈ ਜਿਸਨੇ ਸੱਚਮੁੱਚ ਕੋਈ ਮਾੜਾ ਕੰਮ ਕੀਤਾ ਹੋਵੇ। ਮੈਂ ਜੰਜ਼ੀਰਾਂ ਨਾਲ ਬੰਨ੍ਹਿਆ ਹੋਇਆ ਹਾਂ, ਪਰ ਪਰਮੇਸ਼ੁਰ ਦੇ ਉਪਦੇਸ਼ਾਂ ਨੂੰ ਜੰਜ਼ੀਰਾਂ ਨਹੀਂ ਪਾਈਆਂ ਜਾ ਸੱਕਦੀਆਂ। 10 ਇਸ ਲਈ ਮੈਂ ਸਬਰ ਨਾਲ ਇਨ੍ਹਾਂ ਸਾਰੀਆਂ ਔਕੜਾਂ ਨੂੰ ਝੱਲਦਾ ਹਾਂ। ਅਜਿਹਾ ਮੈਂ ਉਨ੍ਹਾਂ ਲੋਕਾਂ ਦੀ ਸਹਾਇਤਾ ਲਈ ਕਰ ਰਿਹਾ ਹਾਂ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਚੁਣਿਆ ਹੋਇਆ ਹੈ। ਮੈਂ ਇਹ ਔਕੜਾਂ ਇਸ ਲਈ ਸਹਾਰ ਰਿਹਾ ਤਾਂ ਜੋ ਇਹ ਲੋਕ ਮਸੀਹ ਯਿਸੂ ਰਾਹੀਂ ਮੁਕਤੀ ਪ੍ਰਾਪਤ ਕਰ ਸੱਕਣ। ਉਸ ਮੁਕਤੀ ਨਾਲ ਸਦੀਵੀ ਮਹਿਮਾ ਆਉਂਦੀ ਹੈ।
11 ਇਹ ਉਪਦੇਸ਼ ਸੱਚ ਹੈ:
ਜੇ ਅਸੀਂ ਉਸ ਨਾਲ ਮਰੇ, ਤਾਂ ਅਸੀਂ ਵੀ ਉਸ ਦੇ ਨਾਲ ਰਹਾਂਗੇ।
12 ਜੇ ਅਸੀਂ ਦੁੱਖਾਂ ਨੂੰ ਪ੍ਰਵਾਨ ਕਰਦੇ ਹਾਂ, ਤਾਂ ਅਸੀਂ ਉਸ ਦੇ ਨਾਲ ਰਾਜ ਕਰਾਂਗੇ।
ਜੇ ਅਸੀਂ ਉਸ ਨੂੰ ਪ੍ਰਵਾਨ ਕਰਨ ਤੋਂ ਇਨਕਾਰੀ ਹੋਵਾਂਗੇ, ਤਾਂ ਉਹ ਸਾਨੂੰ ਪ੍ਰਵਾਨ ਕਰਨ ਤੋਂ ਇਨਕਾਰੀ ਹੋਵੇਗਾ।
13 ਜੇ ਅਸੀਂ ਵਫ਼ਾਦਾਰ ਨਹੀਂ ਹਾਂ ਤਾਂ ਵੀ ਉਹ ਵਫ਼ਾਦਾਰ ਹੋਵੇਗਾ
ਕਿਉਂਕਿ ਉਹ ਆਪਣੇ ਆਪ ਤੋਂ ਮੁਨਕਰ ਨਹੀਂ ਹੋ ਸੱਕਦਾ।
ਇੱਕ ਸਵੀਕ੍ਰਤ ਮਜ਼ਦੂਰ
14 ਲੋਕਾਂ ਨੂੰ ਇਹ ਗੱਲਾਂ ਦੱਸਦੇ ਰਹੋ। ਅਤੇ ਉਨ੍ਹਾਂ ਲੋਕਾਂ ਨੂੰ ਪਰਮੇਸ਼ੁਰ ਦੇ ਸਨਮੁੱਖ ਚੇਤਾਵਨੀ ਦਿਉ ਕਿ ਸ਼ਬਦਾਂ ਬਾਰੇ ਦਲੀਲਬਾਜ਼ੀ ਕਰਨ ਨਾਲ ਕਿਸੇ ਨੂੰ ਵੀ ਕੋਈ ਲਾਭ ਨਹੀਂ ਹੋਵੇਗਾ, ਬਲਕਿ, ਇਹ ਉਨ੍ਹਾਂ ਨੂੰ ਬਰਬਾਦ ਕਰ ਦੇਵੇਗਾ ਜੋ ਇਸ ਨੂੰ ਸੁਣਦੇ ਹਨ। 15 ਉਹੋ ਜਿਹਾ ਬਣਨ ਦੀ ਪੂਰਨ ਕੋਸ਼ਿਸ਼ ਕਰੋ ਜਿਸ ਨੂੰ ਪਰਮੇਸ਼ੁਰ ਪ੍ਰਵਾਨ ਕਰੇ ਅਤੇ ਆਪਣੇ ਆਪ ਨੂੰ ਉਸ ਅੱਗੇ ਅਰਪਨ ਕਰ ਦਿਉ। ਇੱਕ ਅਜਿਹਾ ਮਜ਼ਦੂਰ ਬਣੋ ਜਿਹੜਾ ਆਪਣੇ ਕੰਮ ਉੱਤੇ ਸ਼ਰਮਿੰਦਾ ਨਹੀਂ ਅਜਿਹਾ ਮਜ਼ਦੂਰ ਜਿਹੜਾ ਸੱਚੇ ਉਪਦੇਸ਼ ਨੂੰ ਸਹੀ ਢੰਗ ਨਾਲ ਇਸਤੇਮਾਲ ਕਰਦਾ ਹੈ।
16 ਉਨ੍ਹਾਂ ਲੋਕਾਂ ਤੋਂ ਦੂਰ ਰਹੋ ਜਿਹੜੇ ਅਜਿਹੀਆਂ ਵਿਹਲੀਆਂ ਗੱਲਾਂ ਕਰਦੇ ਹਨ ਜਿਹੜੀਆਂ ਪਰਮੇਸ਼ੁਰ ਵੱਲੋਂ ਨਹੀਂ ਹਨ। ਇਹ ਗੱਲਾਂ ਲੋਕਾਂ ਨੂੰ ਪਰਮੇਸ਼ੁਰ ਤੋਂ ਹੋਰ ਵੱਧੇਰੇ ਦੂਰ ਲੈ ਜਾਣਗੀਆਂ। 17 ਉਨ੍ਹਾਂ ਦੇ ਉਪਦੇਸ਼ ਤੁਹਾਡੇ ਸਰੀਰ ਅੰਦਰ ਬਿਮਾਰੀ ਵਾਂਗ ਫ਼ੈਲ ਜਾਣਗੇ। ਹੁਮਿਨਾਯੁਸ ਅਤੇ ਫ਼ਿਲੇਤੁਸ ਇਹੋ ਜਿਹੇ ਬੰਦੇ ਹੀ ਹਨ। 18 ਉਨ੍ਹਾਂ ਨੇ ਸੱਚੇ ਉਪਦੇਸ਼ ਛੱਡ ਦਿੱਤੇ। ਉਹ ਆਖਦੇ ਹਨ ਸਮੂਹ ਲੋਕਾਂ ਦਾ ਮੌਤ ਤੋਂ ਜੀ ਉੱਠਣਾ ਪਹਿਲਾਂ ਹੀ ਵਾਪਰ ਚੁੱਕਿਆ ਹੈ। ਅਤੇ ਇਹ ਦੋਵੇ ਬੰਦੇ ਕੁਝ ਲੋਕਾਂ ਦੇ ਵਿਸ਼ਵਾਸ ਤਬਾਹ ਕਰ ਰਹੇ ਹਨ।
19 ਪਰ ਪਰਮੇਸ਼ੁਰ ਦੀ ਮਜ਼ਬੂਤ ਬੁਨਿਆਦ ਉਸੇ ਤਰ੍ਹਾਂ ਬਣੀ ਰਹਿੰਦੀ ਹੈ। ਇਹ ਸ਼ਬਦ ਵੀ ਉਸ ਬੁਨਿਆਦ ਉੱਪਰ ਲਿਖੇ ਹੋਏ ਹਨ: “ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਜਾਣਦਾ ਹੈ ਜਿਹੜੇ ਉਸ ਨਾਲ ਸੰਬੰਧਿਤ ਹਨ।” [a] ਇਹ ਸ਼ਬਦ ਵੀ ਉਸ ਬੁਨਿਆਦ ਉੱਤੇ ਲਿਖੇ ਹੋਏ ਹਨ: “ਹਰ ਕੋਈ ਜਿਹੜਾ ਆਖਦਾ ਹੈ ਕਿ ਉਹ ਪ੍ਰਭੂ ਵਿੱਚ ਨਿਹਚਾ ਰੱਖਦਾ ਹੈ ਉਸ ਨੂੰ ਦੁਸ਼ਟ ਗੱਲਾਂ ਕਰਨੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ।”
20 ਇੱਕ ਵੱਡੇ ਘਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਬਣੀਆਂ ਹੋਈਆਂ ਕੁਝ ਵਸਤਾਂ ਹਨ। ਪਰ ਕੁਝ ਵਸਤਾਂ ਲਕੜੀ ਤੇ ਮਿੱਟੀ ਦੀਆਂ ਵੀ ਬਣੀਆਂ ਹੋਈਆਂ ਹਨ। ਕੁਝ ਚੀਜ਼ਾਂ ਨੂੰ ਖਾਸ ਮੌਕਿਆਂ ਤੇ ਇਸਤੇਮਾਲ ਕੀਤਾ ਜਾਂਦਾ ਹੈ। ਹੋਰ ਕਈ ਚੀਜ਼ਾਂ ਮੰਦੇ ਕੰਮਾਂ ਲਈ ਵੀ ਇਸਤੇਮਾਲ ਕੀਤੀਆਂ ਜਾਂਦੀਆਂ ਹਨ। 21 ਜੇਕਰ ਇੱਕ ਵਿਅਕਤੀ ਆਪਣੇ ਆਪ ਨੂੰ ਸਭ ਮੰਦੀਆਂ ਗੱਲਾਂ ਤੋਂ ਸ਼ੁੱਧ ਬਣਾ ਲੈਂਦਾ ਹੈ, ਫ਼ੇਰ ਉਹ ਖਾਸ ਕੰਮਾ ਲਈ ਵਰਤਿਆ ਜਾਵੇਗਾ। ਉਹ ਵਿਅਕਤੀ ਪਵਿੱਤਰ ਬਣਾਇਆ ਜਾਵੇਗਾ ਅਤੇ ਮਾਲਕ ਉਸਦਾ ਇਸਤੇਮਾਲ ਕਰ ਸੱਕੇਗਾ। ਉਹ ਵਿਅਕਤੀ ਹਰ ਚੰਗਿਆਈ ਕਰਨ ਲਈ ਤਿਆਰ ਹੋਵੇਗਾ।
22 ਉਨ੍ਹਾਂ ਦੁਸ਼ਟ ਗੱਲਾਂ ਤੋਂ ਦੂਰ ਰਹੋ ਜਿਹੜੀਆਂ ਇੱਕ ਜਵਾਨ ਆਦਮੀ ਕਰਨੀਆਂ ਚਾਹੁੰਦਾ ਹੈ। ਠੀਕ ਢੰਗ ਨਾਲ ਜਿਉਣ ਲਈ ਅਤੇ ਵਿਸ਼ਵਾਸ, ਪ੍ਰੇਮ ਅਤੇ ਸ਼ਾਂਤੀ ਪ੍ਰਾਪਤ ਕਰਨ ਲਈ ਸਖਤ ਮਿਹਨਤ ਕਰੋ। ਇਹ ਗੱਲਾਂ ਉਨ੍ਹਾਂ ਲੋਕਾਂ ਨਾਲ ਮਿਲਕੇ ਕਰੋ ਜਿਨ੍ਹਾਂ ਦੇ ਹਿਰਦੇ ਸ਼ੁੱਧ ਹਨ ਅਤੇ ਜਿਨ੍ਹਾਂ ਨੂੰ ਪ੍ਰਭੂ ਵਿੱਚ ਵਿਸ਼ਵਾਸ ਹੈ। 23 ਨਿਕੰਮੀਆਂ ਅਤੇ ਫ਼ਜ਼ੂਲ ਦਲੀਲਾਂ ਤੋਂ ਦੂਰ ਰਹੋ। ਤੁਸੀਂ ਜਾਣਦੇ ਹੀ ਹੋ ਕਿ ਉਹ ਬਹਿਸਾਂ ਵੱਡੀਆਂ ਬਹਿਸਾਂ ਬਣ ਜਾਂਦੀਆਂ ਹਨ। 24 ਪ੍ਰਭੂ ਦੇ ਸੇਵਕ ਨੂੰ ਬਹਿਸ ਨਹੀਂ ਕਰਨੀ ਚਾਹੀਦੀ। ਉਸ ਨੂੰ ਹਰ ਕਿਸੇ ਨਾਲ ਨਿਮ੍ਰ ਹੋਣਾ ਚਾਹੀਦਾ ਹੈ। ਪ੍ਰਭੂ ਦੇ ਸੇਵਕ ਨੂੰ ਇੱਕ ਚੰਗਾ ਗੁਰੂ ਹੋਣਾ ਚਾਹੀਦਾ ਹੈ। ਉਸ ਨੂੰ ਸਬਰ ਵਾਲਾ ਹੋਣਾ ਚਾਹੀਦਾ ਹੈ। 25 ਪ੍ਰਭੂ ਦੇ ਸੇਵਕ ਨੂੰ ਚਾਹੀਦਾ ਹੈ ਕਿ ਉਹ ਉਨ੍ਹਾਂ ਲੋਕਾਂ ਨੂੰ ਨਰਮਾਈ ਨਾਲ ਉਪਦੇਸ਼ ਦੇਵੇ ਜਿਹੜੇ ਉਸ ਨਾਲ ਸਹਿਮਤ ਨਹੀਂ ਹਨ। ਸ਼ਾਇਦ ਪਰਮੇਸ਼ੁਰ ਉਨ੍ਹਾਂ ਲੋਕਾਂ ਦੇ ਮਨਾਂ ਨੂੰ ਇਸ ਤਰ੍ਹਾਂ ਤਬਦੀਲ ਕਰ ਦੇਵੇ ਕਿ ਉਹ ਸੱਚ ਨੂੰ ਪ੍ਰਵਾਨ ਕਰ ਲੈਣ। 26 ਸ਼ੈਤਾਨ ਨੇ ਉਨ੍ਹਾਂ ਲੋਕਾਂ ਨੂੰ ਫ਼ਸਾ ਲਿਆ ਹੈ ਅਤੇ ਉਨ੍ਹਾਂ ਪਾਸੋਂ ਉਹੀ ਕਰਾਉਂਦਾ ਜੋ ਉਹ ਚਾਹੁੰਦਾ ਹੈ। ਪਰ ਹੋ ਸੱਕਦਾ ਹੈ ਉਹ ਜਾਗ ਜਾਣ ਅਤੇ ਇਹ ਪਤਾ ਲਾ ਲੈਣ ਕਿ ਸ਼ੈਤਾਨ ਉਨ੍ਹਾਂ ਦੀ ਵਰਤੋਂ ਕਰ ਰਿਹਾ ਹੈ ਅਤੇ ਆਪਣੇ ਆਪ ਨੂੰ ਸ਼ੈਤਾਨ ਦੇ ਸ਼ਿਕੰਜੇ ਤੋਂ ਮੁਕਤ ਕਰਾ ਲੈਣ।
2010 by World Bible Translation Center