M’Cheyne Bible Reading Plan
ਯਹੋਵਾਹ ਜਾਜਕਾਂ ਨੂੰ ਪ੍ਰਵਾਨ ਕਰਦਾ ਹੈ
9 ਅੱਠਵੇਂ ਦਿਨ, ਮੂਸਾ ਨੇ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਸੱਦਿਆ। ਉਸ ਨੇ ਇਸਰਾਏਲ ਦੇ ਬਜ਼ੁਰਗਾਂ ਨੂੰ ਵੀ ਸੱਦਿਆ। 2 ਮੂਸਾ ਨੇ ਹਾਰੂਨ ਨੂੰ ਆਖਿਆ, “ਇੱਕ ਬਲਦ ਅਤੇ ਇੱਕ ਭੇਡੂ ਲਵੋ। ਇਨ੍ਹਾਂ ਜਾਨਵਰਾਂ ਵਿੱਚ ਕੋਈ ਨੁਕਸ ਨਹੀਂ ਹੋਣਾ ਚਾਹੀਦਾ। ਬਲਦ ਪਾਪ ਦੀ ਭੇਟ ਹੋਵੇਗਾ ਅਤੇ ਭੇਡੂ ਹੋਮ ਦੀ ਭੇਟ ਹੋਵੇਗਾ। ਇਹ ਜਾਨਵਰ ਯਹੋਵਾਹ ਨੂੰ ਭੇਟ ਕਰੋ। 3 ਇਸਰਾਏਲ ਦੇ ਲੋਕਾਂ ਨੂੰ ਆਖੋ, ‘ਪਾਪ ਦੀ ਭੇਟ ਲਈ ਇੱਕ ਬੱਕਰਾ ਲਵੋ ਅਤੇ ਹੋਮ ਦੀ ਭੇਟ ਲਈ ਇੱਕ ਵੱਛਾ ਅਤੇ ਲੇਲਾ ਲਵੋ। ਵੱਛਾ ਅਤੇ ਲੇਲਾ ਇੱਕ-ਇੱਕ ਸਾਲ ਦੇ ਹੋਣੇ ਚਾਹੀਦੇ ਹਨ। ਇਨ੍ਹਾਂ ਜਾਨਵਰਾਂ ਵਿੱਚ ਕੋਈ ਨੁਕਸ ਨਹੀਂ ਹੋਣਾ ਚਾਹੀਦਾ। 4 ਸੁੱਖ-ਸਾਂਦ ਦੀ ਭੇਟ ਲਈ ਇੱਕ ਬਲਦ ਤੇ ਭੇਡੂ ਲਵੋ। ਉਨ੍ਹਾਂ ਜਾਨਵਰਾਂ ਨੂੰ ਅਤੇ ਤੇਲ ਨਾਲ ਗੁਨ੍ਹੇ ਹੋਏ ਅਨਾਜ ਦੀ ਭੇਟ ਨੂੰ ਲਵੋ ਅਤੇ ਇਹ ਚੀਜ਼ਾਂ ਯਹੋਵਾਹ ਨੂੰ ਭੇਟ ਕਰੋ। ਕਿਉਂਕਿ ਅੱਜ ਯਹੋਵਾਹ ਤੁਹਾਡੇ ਸਾਹਮਣੇ ਆਵੇਗਾ।’”
5 ਇਸ ਲਈ ਸਾਰੇ ਲੋਕ ਮੰਡਲੀ ਵਾਲੇ ਤੰਬੂ ਕੋਲ ਆ ਗਏ। ਉਨ੍ਹਾਂ ਸਾਰਿਆਂ ਨੇ ਉਹ ਚੀਜ਼ਾਂ ਲਿਆਂਦੀਆਂ ਜਿਨ੍ਹਾਂ ਦਾ ਮੂਸਾ ਨੇ ਆਦੇਸ਼ ਦਿੱਤਾ ਸੀ। ਸਾਰੇ ਲੋਕ ਯਹੋਵਾਹ ਦੇ ਸਾਹਮਣੇ ਖੜ੍ਹੇ ਹੋ ਗਏ। 6 ਮੂਸਾ ਨੇ ਆਖਿਆ, “ਤੁਹਾਨੂੰ ਉਹ ਗੱਲਾਂ ਕਰਨੀਆਂ ਚਾਹੀਦੀਆਂ ਹਨ ਜਿਨ੍ਹਾਂ ਦਾ ਯਹੋਵਾਹ ਨੇ ਹੁਕਮ ਦਿੱਤਾ ਸੀ। ਤਾਂ ਯਹੋਵਾਹ ਦਾ ਪਰਤਾਪ ਤੁਹਾਨੂੰ ਦਿਖਾਈ ਦੇਵੇਗਾ।”
7 ਤਾਂ ਮੂਸਾ ਨੇ ਹਾਰੂਨ ਨੂੰ ਇਹ ਗੱਲਾਂ ਆਖੀਆਂ, “ਜਾ, ਉਹ ਗੱਲਾਂ ਕਰ ਜਿਨ੍ਹਾਂ ਦਾ ਯਹੋਵਾਹ ਨੇ ਆਦੇਸ਼ ਦਿੱਤਾ ਸੀ। ਜਗਵੇਦੀ ਕੋਲ ਜਾ ਅਤੇ ਆਪਣੀ ਪਾਪ ਦੀ ਭੇਟ ਅਤੇ ਆਪਣੀ ਹੋਮ ਦੀ ਭੇਟ ਚੜ੍ਹਾ। ਆਪਣੇ ਅਤੇ ਆਪਣੇ ਲੋਕਾਂ ਦੇ ਪਾਪਾਂ ਲਈ ਪਰਾਸਚਿਤ ਕਰ। ਲੋਕਾਂ ਦੀਆਂ ਬਲੀਆਂ ਲੈ ਅਤੇ ਉਨ੍ਹਾਂ ਲਈ ਪਰਾਸਚਿਤ ਕਰ।”
8 ਇਸ ਲਈ ਹਾਰੂਨ ਜਗਵੇਦੀ ਕੋਲ ਗਿਆ। ਉਸ ਨੇ ਬਲਦ ਨੂੰ ਪਾਪ ਦੀ ਭੇਟ ਵਜੋਂ ਜ਼ਿਬਹ ਕੀਤਾ। ਇਹ ਪਾਪ ਦੀ ਭੇਟ ਉਸ ਦੇ ਆਪਣੇ ਲਈ ਸੀ। 9 ਫ਼ੇਰ ਹਾਰੂਨ ਦੇ ਪੁੱਤਰ ਨੇ ਖੂਨ ਹਾਰੂਨ ਕੋਲ ਲਿਆਂਦਾ। ਹਾਰੂਨ ਨੇ ਖੂਨ ਵਿੱਚ ਆਪਣੀ ਉਂਗਲੀ ਡੁਬੋਈ ਅਤੇ ਇਸ ਨੂੰ ਜਗਵੇਦੀ ਦੇ ਕਿਨਾਰਿਆਂ ਉੱਤੇ ਲਾਇਆ। ਫ਼ੇਰ ਹਾਰੂਨ ਨੇ ਜਗਵੇਦੀ ਦੇ ਥੜੇ ਉੱਤੇ ਖੂਨ ਡੋਲ੍ਹ ਦਿੱਤਾ। 10 ਉਸ ਨੇ ਪਾਪ ਦੀ ਭੇਟ ਤੋਂ ਚਰਬੀ, ਗੁਰਦੇ ਅਤੇ ਕਲੇਜੀ ਦਾ ਚਰਬੀ ਵਾਲਾ ਹਿੱਸਾ ਲੈ ਕੇ ਇਨ੍ਹਾਂ ਨੂੰ ਜਗਵੇਦੀ ਉੱਤੇ ਉਸੇ ਤਰ੍ਹਾਂ ਸਾੜ ਦਿੱਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ। 11 ਫ਼ੇਰ ਹਾਰੂਨ ਨੇ ਮਾਸ ਅਤੇ ਚਮੜੀ ਨੂੰ ਡੇਰੇ ਤੋਂ ਬਾਹਰ ਅੱਗ ਉੱਤੇ ਸਾੜ ਦਿੱਤਾ।
12 ਇਸਤੋਂ ਮਗਰੋਂ, ਉਸ ਨੇ ਹੋਮ ਦੀ ਭੇਟ ਲਈ ਜਾਨਵਰਾਂ ਨੂੰ ਮਾਰਿਆ। ਹਾਰੂਨ ਦੇ ਪੁੱਤਰ ਹਾਰੂਨ ਕੋਲ ਖੂਨ ਲਿਆਏ ਅਤੇ ਉਸ ਨੇ ਖੂਨ ਨੂੰ ਜਗਵੇਦੀ ਉੱਤੇ ਅਤੇ ਉਸ ਦੇ ਆਲੇ-ਦੁਆਲੇ ਡੋਲ੍ਹ ਦਿੱਤਾ। 13 ਹਾਰੂਨ ਦੇ ਪੁੱਤਰਾਂ ਨੇ ਹੋਮ ਦੀ ਭੇਟ ਦੀ ਸਿਰੀ ਅਤੇ ਟੁਕੜੇ ਹਾਰੂਨ ਨੂੰ ਦੇ ਦਿੱਤੇ। ਫ਼ੇਰ ਹਾਰੂਨ ਨੇ ਉਨ੍ਹਾਂ ਨੂੰ ਜਗਵੇਦੀ ਉੱਤੇ ਸਾੜ ਦਿੱਤਾ। 14 ਹਾਰੂਨ ਨੇ ਹੋਮ ਦੀ ਭੇਟ ਦੇ ਅੰਦਰਲੇ ਅੰਗਾਂ ਅਤੇ ਲੱਤਾਂ ਨੂੰ ਪਾਣੀ ਨਾਲ ਧੋਤਾ। ਅਤੇ ਉਸ ਨੇ ਇਨ੍ਹਾਂ ਨੂੰ ਜਗਵੇਦੀ ਉੱਪਰ ਸਾੜ ਦਿੱਤਾ।
15 ਫ਼ੇਰ ਹਾਰੂਨ ਨੇ ਲੋਕਾਂ ਨੂੰ ਚੜ੍ਹਾਵਾ ਲਿਆਂਦਾ। ਉਸ ਨੇ ਪਾਪ ਦੀ ਭੇਟ ਦਾ ਬੱਕਰਾ ਮਾਰਿਆ ਜਿਹੜਾ ਲੋਕਾਂ ਲਈ ਸੀ। ਉਸ ਨੇ ਪਹਿਲਾਂ ਵਾਂਗ ਪਾਪ ਲਈ ਬੱਕਰਾ ਭੇਟ ਕੀਤਾ। 16 ਉਸ ਨੇ ਹੋਮ ਦੀ ਭੇਟ ਲਿਆਂਦੀ ਅਤੇ ਇਸ ਨੂੰ ਉਸੇ ਤਰ੍ਹਾਂ ਭੇਟ ਕੀਤਾ ਜਿਵੇਂ ਯਹੋਵਾਹ ਨੇ ਆਦੇਸ਼ ਦਿੱਤਾ ਸੀ। 17 ਉਸ ਨੇ ਅਨਾਜ ਦੀ ਭੇਟ ਜਗਵੇਦੀ ਤੇ ਲਿਆਂਦੀ। ਉਸ ਨੇ ਅਨਾਜ ਦੀ ਇੱਕ ਮੁੱਠ ਭਰੀ ਅਤੇ ਇਸ ਨੂੰ ਜਗਵੇਦੀ ਉੱਤੇ ਸਵੇਰ ਵੇਲੇ ਦੀ ਰੋਜ਼ਾਨਾ ਹੋਮ ਦੀ ਭੇਟ ਨਾਲ ਸਾੜ ਦਿੱਤਾ।
18 ਹਾਰੂਨ ਨੇ ਲੋਕਾਂ ਲਈ ਸੁੱਖ-ਸਾਂਦ ਦੀ ਭੇਟ ਵਜੋਂ ਇੱਕ ਬਲਦ ਅਤੇ ਇੱਕ ਭੇਡੂ ਵੀ ਮਾਰਿਆ। ਉਸ ਦੇ ਪੁੱਤਰ ਉਸ ਕੋਲ ਖੂਨ ਲਿਆਏ ਅਤੇ ਉਸ ਨੇ ਖੂਨ ਨੂੰ ਜਗਵੇਦੀ ਉੱਤੇ ਅਤੇ ਉਸ ਦੇ ਆਲੇ-ਦੁਆਲੇ ਡੋਲ੍ਹ ਦਿੱਤਾ। 19 ਹਾਰੂਨ ਦੇ ਪੁੱਤਰ, ਉਸ ਕੋਲ ਬਲਦ ਅਤੇ ਭੇਡੂ ਦੀ ਚਰਬੀ ਵੀ ਲਿਆਏ। ਉਹ ਮੋਟੀ ਪੂਛ, ਅੰਦਰਲੇ ਅੰਗਾਂ ਤੇ ਚੜ੍ਹੀ ਹੋਈ ਚਰਬੀ, ਗੁਰਦੇ ਅਤੇ ਕਲੇਜੀ ਦਾ ਚਰਬੀ ਵਾਲਾ ਹਿੱਸਾ ਲਿਆਏ। 20 ਉਸ ਦੇ ਪੁੱਤਰਾਂ ਨੇ ਚਰਬੀ ਵਾਲੇ ਇਨ੍ਹਾਂ ਹਿੱਸਿਆਂ ਨੂੰ ਬਲਦ ਅਤੇ ਭੇਡੂ ਦੇ ਸੀਨਿਆਂ ਉੱਤੇ ਪਾ ਦਿੱਤਾ ਅਤੇ ਉਸ ਨੇ ਚਰਬੀ ਵਾਲੇ ਹਿਸਿਆਂ ਨੂੰ ਜਗਵੇਦੀ ਉੱਤੇ ਸਾੜਿਆ। 21 ਉਸ ਨੇ ਸੀਨਿਆਂ ਅਤੇ ਸੱਜੇ ਪੱਟਾਂ ਨੂੰ ਯਹੋਵਾਹ ਅੱਗੇ ਹਿਲਾਉਣ ਦੀ ਭੇਟ ਵਜੋਂ ਮੂਸਾ ਦੇ ਆਦੇਸ਼ ਅਨੁਸਾਰ ਹਿਲਾਇਆ।
22 ਫ਼ੇਰ ਹਾਰੂਨ ਨੇ ਲੋਕਾਂ ਵੱਲ ਆਪਣੇ ਹੱਥ ਉੱਠਾਏ ਅਤੇ ਉਨ੍ਹਾਂ ਨੂੰ ਅਸੀਸ ਦਿੱਤੀ। ਜਦੋਂ ਹਾਰੂਨ ਪਾਪ ਦੀ ਭੇਟ, ਹੋਮ ਦੀ ਭੇਟ ਅਤੇ ਸੁੱਖ-ਸਾਂਦ ਦੀਆਂ ਭੇਟਾਂ ਨੂੰ ਚੜ੍ਹਾ ਹਟਿਆ ਤਾਂ ਉਹ ਜਗਵੇਦੀ ਤੋਂ ਹੇਠਾਂ ਉਤਰ ਆਇਆ।
23 ਮੂਸਾ ਅਤੇ ਹਾਰੂਨ ਮੰਡਲੀ ਵਾਲੇ ਤੰਬੂ ਵਿੱਚ ਗਏ। ਉਹ ਬਾਹਰ ਨਿਕਲੇ ਅਤੇ ਲੋਕਾਂ ਨੂੰ ਅਸੀਸ ਦਿੱਤੀ। ਫ਼ੇਰ ਯਹੋਵਾਹ ਦਾ ਪਰਤਾਪ ਸਾਰੇ ਲੋਕਾਂ ਸਾਹਮਣੇ ਪ੍ਰਗਟ ਹੋਇਆ। 24 ਯਹੋਵਾਹ ਵੱਲੋਂ ਅੱਗ ਬਾਹਰ ਆਈ ਅਤੇ ਜਗਵੇਦੀ ਉੱਪਰ ਹੋਮ ਦੀ ਭੇਟ ਅਤੇ ਚਰਬੀ ਨੂੰ ਸਾੜ ਦਿੱਤਾ। ਜਦੋਂ ਸਮੂਹ ਲੋਕਾਂ ਨੇ ਇਹ ਦੇਖਿਆ, ਉਨ੍ਹਾਂ ਨੇ ਨਾਅਰੇ ਲਾਏ ਅਤੇ ਧਰਤੀ ਉੱਤੇ ਝੁਕ ਕੇ ਮੱਥਾ ਟੇਕਿਆ।
10 ਹੇ ਯਹੋਵਾਹ, ਤੁਸੀਂ ਇੰਨੇ ਦੂਰ ਕਿਉਂ ਹੋ?
ਮੁਸੀਬਤਾਂ ਵਿੱਚ ਘਿਰੇ ਲੋਕ ਤੈਨੂੰ ਵੇਖਣ ਯੋਗ ਨਹੀਂ ਹਨ।
2 ਦੁਸ਼ਟ ਲੋਕ ਜਿਹੜੇ ਘਮੰਡੀ ਹਨ ਦੁਸ਼ਟ ਵਿਉਂਤਾ ਬਣਾਉਂਦੇ ਹਨ
ਅਤੇ ਨਿਮ੍ਰ ਲੋਕਾਂ ਨੂੰ ਦੁੱਖ ਪਹੁੰਚਾਉਂਦੇ ਹਨ।
3 ਦੁਸ਼ਟ ਲੋਕੀਂ ਉਨ੍ਹਾਂ ਚੀਜ਼ਾਂ ਬਾਰੇ ਸ਼ੇਖੀ ਮਾਰਦੇ ਨੇ ਜਿਨ੍ਹਾਂ ਦੀ ਉਹ ਇੱਛਾ ਕਰਦੇ ਨੇ ਅਤੇ ਉਹ ਲੋਭੀ ਲੋਕੀਂ ਪਰਮੇਸ਼ੁਰ ਦੀ ਬੁਰਾਈ ਕਰਦੇ ਹਨ।
ਇਸ ਤੋਂ ਇਲਾਵਾ ਇਸ ਤਰ੍ਹਾਂ ਉਹ ਬੁਰੇ ਲੋਕ ਦਰਸ਼ਾਉਂਦੇ ਹਨ ਕਿ ਉਹ ਯਹੋਵਾਹ ਨੂੰ ਵੀ ਨਫ਼ਰਤ ਕਰਦੇ ਹਨ।
4 ਬੁਰੇ ਲੋਕ ਪਰਮੇਸ਼ੁਰ ਦਾ ਅਨੁਸਰਣ ਕਰਨ ਤੋਂ ਇਨਕਾਰ ਕਰ ਦਿੰਦੇ ਹਨ, ਜਿਵੇਂ ਕਿ ਉਹ ਬਹੁਤ ਅਭਿਮਾਨੀ ਹਨ।
ਉਹ ਆਪਣੀਆਂ ਮੰਦੀਆਂ ਯੋਜਨਾਵਾਂ ਬਣਾਉਂਦੇ ਨੇ ਅਤੇ ਇਸ ਤਰ੍ਹਾਂ ਵਿਹਾਰ ਕਰਦੇ ਨੇ, ਜਿਵੇਂ ਪਰਮੇਸ਼ੁਰ ਮੌਜੁਦ ਹੀ ਨਹੀਂ ਹੁੰਦਾ।
5 ਬੁਰੇ ਲੋਕ ਹਮੇਸ਼ਾ ਵਿੰਗੀਆਂ ਗੱਲਾਂ ਕਰਦੇ ਹਨ।
ਉਹ ਪਰਮੇਸ਼ੁਰ ਦੇ ਨੇਮਾਂ ਅਤੇ ਉਸ ਦੇ ਸਿਆਣੇ ਉਪਦੇਸ਼ਾਂ ਦਾ ਨਿਰੀਖਣ ਕਰਦੇ ਹਨ।
ਪਰਮੇਸ਼ੁਰ ਦੇ ਦੁਸ਼ਮਣ ਉਸ ਦੇ ਉਪਦੇਸ਼ਾਂ ਦੀ ਅਣਗਹਿਲੀ ਕਰਦੇ ਹਨ।
6 ਉਹ ਮਹਿਸੂਸ ਕਰਦੇ ਹਨ ਉਨ੍ਹਾਂ ਲਈ ਕੁਝ ਵੀ ਬੁਰਾ ਨਹੀਂ ਵਾਪਰਨ ਵਾਲਾ।
ਉਹ ਆਖਦੇ ਹਨ, “ਅਸੀਂ ਹਮੇਸ਼ਾ ਖੁਸ਼ ਹੋਵਾਂਗੇ ਤੇ ਸਾਡੇ ਲਈ ਕਦੀ ਵੀ ਕੋਈ ਸਜ਼ਾ ਨਹੀਂ ਆਵੇਗੀ।”
7 ਉਹ ਹਮੇਸ਼ਾ ਸਰਾਪਦੇ ਹਨ। ਉਹ ਹਮੇਸ਼ਾ ਦੂਸਰਿਆਂ ਬਾਰੇ ਮੰਦੀਆਂ ਗੱਲਾਂ ਆਖਦੇ ਹਨ।
ਇਸਤੋਂ ਇਲਾਵਾ ਉਹ ਮੰਦੀਆਂ ਗੱਲਾਂ ਦੀਆਂ ਯੋਜਨਾਵਾਂ ਬਣਾਉਂਦੇ ਰਹਿੰਦੇ ਹਨ।
8 ਉਹ ਆਪਣੇ ਆਪ ਨੂੰ ਲੁਕੋ ਲੈਂਦੇ ਹਨ
ਅਤੇ ਪਰਤੱਖ ਥਾਵਾਂ ਤੇ ਦਿਖਾਈ ਨਹੀਂ ਦਿੰਦੇ।
ਉਹ ਬੇਕਸੂਰ ਲੋਕਾਂ ਨੂੰ ਫ਼ੜਕੇ ਮਾਰਨ ਲਈ ਇੰਤਜ਼ਾਰ ਕਰਦੇ ਹਨ।
9 ਉਹ ਬੁਰੇ ਬੰਦੇ ਉਨ੍ਹਾਂ ਤਕੜੇ ਸ਼ੇਰਾਂ ਵਰਗੇ ਹਨ
ਜਿਹੜੇ ਜਾਨਵਰਾਂ ਦੇ ਸ਼ਿਕਾਰ ਲਈ ਇੰਤਜ਼ਾਰ ਕਰਦੇ ਰਹਿੰਦੇ ਹਨ।
ਉਹ ਮਸੱਕੀਨ ਲੋਕਾਂ ਦੇ ਇੰਤਜ਼ਾਰ ਵਿੱਚ ਲਿਟ ਜਾਂਦੇ ਹਨ
ਅਤੇ ਉਹ ਉਨ੍ਹਾਂ ਦੇ ਜਾਲ ਵਿੱਚ ਫ਼ਸ ਜਾਂਦੇ ਹਨ।
10 ਉਹ ਮਸੱਕੀਨ ਲੋਕਾਂ ਨੂੰ ਦੁੱਖੀ ਕਰਦੇ ਰਹਿੰਦੇ ਹਨ।
ਉਹ ਬੁਰੇ ਲੋਕ ਇਨਸਾਨੀਅਤ ਨੂੰ ਉਦਾਸ ਬਣਾਉਂਦੇ ਹਨ।
11 ਇਸੇ ਲਈ, ਬੇਬਸ ਲੋਕ ਸੋਚਣ ਲੱਗੇ ਹਨ, “ਕਿ ਪਰਮੇਸ਼ੁਰ ਸਾਨੂੰ ਸਦਾ ਲਈ ਭੁੱਲ ਗਿਆ ਹੈ,
ਉਹ ਸਾਥੋਂ ਬੇਮੁੱਖ ਹੋ ਗਿਆ ਹੈ,
ਉਹ ਇਹ ਵੀ ਨਹੀਂ ਵੇਖਦਾ ਕਿ ਸਾਡੇ ਨਾਲ ਕੀ ਵਾਪਰਦਾ ਹੈ।”
12 ਯਹੋਵਾਹ ਉੱਠੋ, ਕੁਝ ਤਾਂ ਕਰੋ।
ਹੇ ਪਰਮੇਸ਼ੁਰ, ਉਨ੍ਹਾਂ ਦੁਸ਼ਟ ਲੋਕਾਂ ਨੂੰ ਦੰਡ ਦੇਵੋ
ਅਤੇ ਗਰੀਬ ਲੋਕਾਂ ਨੂੰ ਨਾ ਭੁੱਲੋ।
13 ਬੁਰੇ ਲੋਕ ਪਰਮੇਸ਼ੁਰ ਦੇ ਖਿਲਾਫ਼ ਕਿਉਂ ਹੋ ਜਾਂਦੇ ਹਨ?
ਕਿਉਂਕਿ ਉਹ ਸੋਚਦੇ ਹਨ ਕਿ ਪਰਮੇਸ਼ੁਰ ਉਨ੍ਹਾਂ ਨੂੰ ਦੰਡ ਨਹੀਂ ਦੇਵੇਗਾ।
14 ਯਹੋਵਾਹ, ਅਵੱਸ਼ ਹੀ ਤੁਸੀਂ ਉਸ ਜੁਲਮ ਅਤੇ ਬਦੀ ਨੂੰ ਵੇਖਦੇ ਹੋ
ਜਿਹੜੀ ਬੁਰੇ ਲੋਕਾਂ ਦੁਆਰਾ ਕੀਤੀ ਜਾਂਦੀ ਹੈ।
ਇਨ੍ਹਾਂ ਮਸਲਿਆਂ ਵੱਲ ਤੱਕੋ ਅਤੇ ਕੁਝ ਕਰੋ।
ਮੁਸੀਬਤਾਂ ਦੇ ਮਾਰੇ ਅਨੇਕਾਂ ਬੰਦੇ ਤੁਹਾਡੀ ਸਹਾਇਤਾ ਲਈ ਇੰਤਜ਼ਾਰ ਕਰਦੇ ਹਨ।
ਯਹੋਵਾਹ ਇਹ ਤੂੰ ਹੀ ਹੈਂ ਜਿਹੜਾ ਯਤੀਮਾਂ ਦੀ ਸਹਾਇਤਾ ਕਰਦਾਂ।
ਇਸ ਲਈ ਉਨ੍ਹਾਂ ਦਾ ਧਿਆਨ ਰੱਖੋ।
15 ਯਹੋਵਾਹ ਬਦ ਲੋਕਾਂ ਨੂੰ ਨਸ਼ਟ ਕਰ ਦੇਵੋ।
16 ਉਨ੍ਹਾਂ ਨੂੰ ਆਪਣੀ ਧਰਤੀ ਤੋਂ ਲਾਹ ਦਿਉ।
17 ਪਰਮੇਸ਼ੁਰ, ਤੁਸੀਂ ਸੁਣਿਆ ਹੈ ਕਿ ਉਹ ਮਸੱਕੀਨ ਲੋਕ ਕੀ ਚਾਹੁੰਦੇ ਹਨ।
ਉਨ੍ਹਾਂ ਦੀਆਂ ਪ੍ਰਾਰਥਨਾ ਸੁਣ ਤੇ ਅਤੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰੋ।
18 ਯਹੋਵਾਹ, ਉਨ੍ਹਾਂ ਦੀ ਰੱਖਿਆ ਕਰੋ ਜਿਨ੍ਹਾਂ ਦੇ ਮਾਪੇ ਨਹੀਂ ਹਨ ਅਤੇ ਜਿਹੜੇ ਸਤਾਏ ਹੋਏ ਹਨ।
ਉਦਾਸ ਲੋਕਾਂ ਨੂੰ ਹੋਰ ਵੱਧੇਰੇ ਮੁਸੀਬਤਾਂ ਤੋਂ ਬਚਾ, ਤਾਂ ਕਿ ਤਾਕਤਵਰ ਲੋਕ ਉਨ੍ਹਾਂ ਨੂੰ ਜ਼ਮੀਨ ਵਿੱਚੋਂ ਜ਼ਬਰਦਸਤੀ ਕੱਢਣ ਲਈ ਜ਼ੁਲਮ ਨਾ ਕਰ ਸੱਕਣ।
-19-
24 ਬਦ ਲੋਕਾਂ ਨਾਲ ਹੋੜ ਨਾ ਕਰੋ, ਉਨ੍ਹਾਂ ਦੀ ਸੰਗਤ ਵਿੱਚ ਰਹਿਣ ਦੀ ਲੋਚਾ ਨਾ ਕਰੋ। 2 ਉਹ ਆਪਣੇ ਦਿਲਾਂ ਅੰਦਰ ਬਦੀ ਦੀਆਂ ਯੋਜਨਾਵਾਂ ਬਣਾਉਂਦੇ ਹਨ। ਉਹ ਸਿਰਫ਼ ਮੁਸੀਬਤਾਂ ਖੜੀਆਂ ਕਰਨ ਬਾਰੇ ਹੀ ਗੱਲਾਂ ਕਰਦੇ ਹਨ।
-20-
3 ਇੱਕ ਘਰ ਸਿਆਣਪ ਦੁਆਰਾ ਉਸਾਰਿਆ ਜਾਂਦਾ ਹੈ, ਅਤੇ ਇੱਕ ਚੰਗੀ ਸੂਝ ਨਾਲ ਮਜ਼ਬੂਤ ਰਹਿੰਦਾ ਹੈ। 4 ਅਤੇ ਗਿਆਨ ਕਮਰਿਆਂ ਨੂੰ ਨਾਯਾਬ ਅਤੇ ਸੁੰਦਰ ਖਜ਼ਾਨਿਆਂ ਨਾਲ ਭਰ ਦਿੰਦਾ ਹੈ।
-21-
5 ਇੱਕ ਸਿਆਣੇ ਆਦਮੀ ਕੋਲ ਮਹਾਨ ਤਾਕਤ ਹੁੰਦੀ ਹੈ ਅਤੇ ਇੱਕ ਗਿਆਨ ਵਾਨ ਆਦਮੀ ਸ਼ਕਤੀ ਵੱਧਾਉਂਦਾ ਹੈ। 6 ਯੁੱਧ ਲੜਨ ਲਈ, ਤੁਹਾਨੂੰ ਮਾਰਗ ਦਰਸ਼ਨ ਦੀ ਜਰੂਰਤ ਹੁੰਦੀ ਹੈ ਅਤੇ ਜਿੱਤਣ ਲਈ, ਤੁਹਾਨੂੰ ਬਹੁਤਤਾ ਸਲਾਹਕਾਰ ਚਾਹੀਦੇ ਹਨ।
-22-
7 ਮੂਰਖ ਲਈ ਸਿਆਣਪ ਬਹੁਤ ਪੇਚੀਦਾ ਹੁੰਦੀ ਹੈ। ਜਦੋਂ ਲੋਕ ਮਹੱਤਵਪੂਰਣ ਮਸਲਿਆਂ ਬਾਰੇ ਗੱਲ ਕਰ ਰਹੇ ਹੁੰਦੇ ਹਨ, ਉਸ ਕੋਲ ਆਖਣ ਲਈ ਕੁਝ ਨਹੀਂ ਹੁੰਦਾ।
-23-
8 ਜਿਹੜਾ ਵਿਅਕਤੀ ਨੁਕਸਾਨਦੇਹ ਵਿਉਂਤਾਂ ਵਿਉਂਤੇ, ਇੱਕ ਸਾਜਸੀ ਹੀ ਮੰਨਿਆ ਜਾਵੇਗਾ। 9 ਇੱਕ ਮੂਰਖ ਆਦਮੀ ਦੀਆਂ ਵਿਉਂਤਾਂ ਪਾਪ ਹੁੰਦੀਆਂ ਹਨ ਅਤੇ ਲੋਕੀਂ ਮਖੌਲੀ ਨੂੰ ਨਫ਼ਰਤ ਕਰਦੇ ਹਨ।
-24-
10 ਜੇ ਤੁਸੀਂ ਮੁਸੀਬਤ ਵੇਲੇ ਕਮਜ਼ੋਰ ਹੋ ਤਾਂ ਤੁਸੀਂ ਸੱਚਮੁੱਚ ਕਮਜ਼ੋਰ ਹੋ।
-25-
11 ਜੇਕਰ ਕੋਈ ਕਿਸੇ ਵਿਅਕਤੀ ਨੂੰ ਮਾਰ ਦੇਣ ਦੀ ਯੋਜਨਾ ਬਣਾ ਰਿਹਾ ਹੋਵੇ, ਤਾਂ ਤੁਹਾਨੂੰ ਉਸ ਵਿਅਕਤੀ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। 12 ਤੁਸੀਂ ਇਹ ਨਹੀਂ ਆਖ ਸੱਕਦੇ, “ਇਹ ਮੇਰਾ ਕੰਮ ਨਹੀਂ।” ਯਹੋਵਾਹ ਸਭ ਕੁਝ ਜਾਣਦਾ ਹੈ। ਉਹ ਇਹ ਵੀ ਜਾਣਦਾ ਹੈ ਕਿ ਤੁਸੀਂ ਸਭ ਕੁਝ ਕਿਉਂ ਕਰਦੇ ਹੋ। ਯਹੋਵਾਹ ਤੁਹਾਡੀ ਨਿਗਰਾਨੀ ਕਰਦਾ ਹੈ। ਉਹ ਜਾਣਦਾ ਹੈ ਉਹ ਇੱਕ ਵਿਅਕਤੀ ਨੂੰ ਉਸ ਦੀਆਂ ਕਰਨੀਆਂ ਅਨੁਸਾਰ ਇਨਾਮ ਦਿੰਦਾ ਹੈ।
-26-
13 ਮੇਰੇ ਬੇਟੇ, ਸ਼ਹਿਦ ਖਾਓ, ਕਿਉਂ ਕਿ ਇਹ ਚੰਗਾ ਹੁੰਦਾ ਹੈ। ਤਾਜ਼ਾ ਸ਼ਹਿਦ ਤੁਹਾਡੇ ਮੂੰਹ ਵਿੱਚ ਮਿੱਠਾ ਹੁੰਦਾ ਹੈ। 14 ਇਸੇ ਤਰ੍ਹਾਂ ਹੀ ਗਿਆਨ ਅਤੇ ਸਿਆਣਪ ਤੁਹਾਡੀ ਰੂਹ ਲਈ ਮਿੱਠੇ ਹਨ। ਜੇਕਰ ਤੁਸੀਂ ਸਿਆਣੇ ਹੋ, ਤੁਹਾਡੇ ਕੋਲ ਭਵਿੱਖ ਹੋਵੇਗਾ, ਅਤੇ ਤੁਹਾਡੇ ਕੋਲ ਹਮੇਸ਼ਾ ਉਮੀਦ ਹੋਵੇਗੀ।
-27-
15 ਕਿਸੇ ਅਪਰਾਧੀ ਵਾਂਗ, ਧਰਮੀ ਵਿਅਕਤੀ ਦੇ ਘਰ ਦੇ ਇੰਤਜ਼ਾਰ ਵਿੱਚ ਨਾ ਰਹੋ, ਉਸ ਦੇ ਘਰ ਵਿੱਚ ਸੰਨ੍ਹ ਨਾ ਮਾਰੋ। 16 ਕਿਉਂਕਿ ਇੱਕ ਧਰਮੀ ਵਿਅਕਤੀ, ਭਾਵੇਂ ਉਹ ਸੱਤ ਵਾਰੀ ਡਿੱਗ ਪਵੇ, ਆਖਰਕਾਰ ਉੱਠ ਪੈਂਦਾ ਹੈ, ਪਰ ਦੁਸ਼ਟ ਲੋਕ ਲੜਖ੍ਹਹਕੇ ਡਿੱਗ ਪੈਂਦੇ ਹਨ, ਜਦੋਂ ਮੁਸੀਬਤਾਂ ਆਉਂਦੀਆਂ ਹਨ।
-28-
17 ਆਪਣੇ ਦੁਸ਼ਮਣ ਨੂੰ ਮੁਸੀਬਤ ਵਿੱਚ ਦੇਖਕੇ ਖੁਸ਼ ਨਾ ਹੋਵੋ। ਜਦੋਂ ਉਹ ਡਿੱਗੇ ਤਾਂ ਖੁਸ਼ ਨਾ ਹੋਵੋ। 18 ਕਿਉਂ ਜੋ ਹੋ ਸੱਕਦਾ ਯਹੋਵਾਹ ਇਸ ਨੂੰ ਵੇਖ ਲਵੇ ਅਤੇ ਉਹ ਇਸ ਨੂੰ ਪਸੰਦ ਨਾ ਕਰੇ ਅਤੇ ਹੋ ਸੱਕਦਾ ਉਹ ਆਪਣਾ ਗੁੱਸਾ ਤੁਹਾਡੇ ਦੁਸ਼ਮਣ ਤੋਂ ਹਟਾ ਲਵੇ।
-29-
19 ਬਦ ਲੋਕਾਂ ਕਾਰਣ ਪਰੇਸ਼ਾਨ ਨਾ ਹੋਵੋ, ਦੁਸ਼ਟ ਨਾਲ ਈਰਖਾ ਨਾ ਕਰੋ ਆਸ ਰੱਖੋ ਕਿ ਤੁਹਾਨੂੰ ਉਨ੍ਹਾਂ ਨਾਲ ਦਲੀਲਬਾਜ਼ੀ ਨਾ ਕਰਨੀ ਪਵੇ। 20 ਕਿਉਂਕਿ ਇੱਕ ਬਦ ਇਨਸਾਨ ਦਾ ਕੋਈ ਭਵਿੱਖ ਨਹੀਂ ਹੁੰਦਾ, ਅਤੇ ਦੁਸ਼ਟ ਦਾ ਦੀਵਾ ਬੁਝਾ ਦਿੱਤਾ ਜਾਵੇਗਾ।
-30-
21 ਮੇਰੇ ਬੇਟੇ, ਯਹੋਵਾਹ ਅਤੇ ਰਾਜੇ ਤੋਂ ਡਰੋ। ਅਤੇ ਵਿਦਰੋਹੀਆਂ ਦਾ ਸੰਗ ਨਾ ਕਰੋ। 22 ਕਿਉਂਕਿ ਉਨ੍ਹਾਂ ਦੀ ਤਬਾਹੀ ਬਿਨਾ ਚਿਤਾਵਨੀ ਦਿਤਿਆਂ ਆਵੇਗੀ ਅਤੇ ਕੌਣ ਜਾਣਦਾ ਉਹ ਕਿਸ ਬਿਪਤਾ ਨੂੰ ਝੱਲਣਗੇ।
ਹੋਰ ਸਿਆਣੇ ਕਹਾਉਤਾਂ
23 ਇਹ ਸਿਆਣੇ ਬੰਦਿਆਂ ਦੇ ਸ਼ਬਦ ਹਨ:
ਨਿਆਂ ਕਰਨ ਵਾਲੇ ਨੂੰ ਹਮੇਸ਼ਾ ਬੇਲਾਗ ਹੋਣਾ ਚਾਹੀਦਾ ਹੈ। ਉਸ ਨੂੰ ਕਿਸੇ ਬੰਦੇ ਦਾ ਸਿਰਫ਼ ਇਸ ਕਰਕੇ ਪੱਖ ਨਹੀਂ ਲੈਣਾ ਚਾਹੀਦਾ ਕਿਉਂ ਕਿ ਉਹ ਉਸ ਨੂੰ ਜਾਣਦਾ ਹੈ। 24 ਜਿਹੜਾ ਵਿਅਕਤੀ ਅਪਰਾਧੀ ਨੂੰ ਆਖਦਾ, “ਤੂੰ ਬੇਗੁਨਾਹ ਹੈ।” ਅਜਿਹਾ ਵਿਅਕਤੀ ਲੋਕਾਂ ਦੁਆਰਾ ਸਰਾਪਿਆ ਜਾਵੇਗਾ ਅਤੇ ਕੌਮਾਂ ਉਸ ਨੂੰ ਨਫ਼ਰਤ ਕਰਨਗੀਆਂ। 25 ਪਰ ਜੇ ਕੋਈ ਨਿਆਂਕਾਰ ਕਿਸੇ ਦੋਸ਼ੀ ਨੂੰ ਦੰਡ ਦਿੰਦਾ ਹੈ ਉਹ ਪਸੰਦ ਕੀਤਾ ਜਾਵੇਗਾ, ਅਤੇ ਵੱਧੇਰੇ ਅਸੀਸਾਂ ਪ੍ਰਾਪਤ ਕਰੇਗਾ।
26 ਸਿੱਧਾ ਉੱਤਰ ਦੇਣਾ ਕਿਸੇ ਵਿਅਕਤੀ ਨੂੰ ਚੁੰਮਣ ਵਾਂਗ ਹੈ।
27 ਪਹਿਲਾਂ ਆਪਣਾ ਬਾਹਰਲਾ ਕੰਮ ਅਤੇ ਖੇਤ ਵਿੱਚ ਕੰਮ ਕਰ ਲਵੋ, ਤਾਂ ਹੀ ਆਪਣੇ ਘਰ ਨਿਰਮਾਣ ਕਰੋ।
28 ਬਿਨਾਂ ਕਿਸੇ ਕਾਰਣ ਆਪਣੇ ਗੁਆਂਢੀ ਦੇ ਖਿਲਾਫ਼ ਗਵਾਹੀ ਨਾ ਦਿਓ, ਆਪਣੇ ਹੀ ਬੁਲ੍ਹਾਂ ਨਾਲ ਛਲ ਨਾ ਕਰੋ।
29 ਇਹ ਨਾ ਆਖੋ, “ਉਸਨੇ ਮੈਨੂੰ ਦੁੱਖ ਦਿੱਤਾ ਹੈ, ਇਸ ਲਈ ਮੈਂ ਵੀ ਉਸ ਨਾਲ ਅਜਿਹਾ ਹੀ ਕਰਾਂਗਾ। ਉਸ ਨੇ ਜੋ ਕੁਝ ਮੇਰੇ ਨਾਲ ਕੀਤਾ ਹੈ ਮੈਂ ਉਸ ਨੂੰ ਇਸਦੀ ਸਜ਼ਾ ਦੇਵਾਂਗਾ।”
30 ਮੈਂ ਇੱਕ ਆਲਸੀ ਬੰਦੇ ਦੇ ਖੇਤ ਰਾਹੀਂ, ਬਿਨਾਂ ਸੂਝ ਵਾਲੇ ਬੰਦੇ ਦੇ ਅੰਗੂਰਾਂ ਦੇ ਬਾਗ਼ ਰਾਹੀਂ ਲੰਘਿਆ। 31 ਉਹ ਖੇਤ ਕੰਡਿਆਂ ਨਾਲ ਭਰਿਆ ਹੋਇਆ ਸੀ, ਘਾਹ ਫ਼ੂਸ ਹੱਦੋ ਵੱਧ ਉਗਿਆ ਹੋਇਆ ਸੀ। ਅਤੇ ਚਾਰ ਦੀਵਾਰੀ ਢੱਠੀ ਹੋਈ ਸੀ। 32 ਅਤੇ ਮੈਂ ਜੋ ਵੇਖਿਆ ਉਸ ਬਾਰੇ ਸੋਚਿਆ ਅਤੇ ਇੱਕ ਸਬਕ ਸਿੱਖਿਆ: 33 ਥੋੜੀ ਜਿਹੀ ਨੀਂਦ, ਥੋੜੀ ਜਿਹੀ ਝਪਕੀ, ਕੰਮ ਤੋਂ ਥੋੜਾ ਜਿਹਾ ਆਰਾਮ, 34 ਅਤੇ ਇੱਥੇ ਤੁਸੀਂ ਗਰੀਬ ਹੋ ਜਾਵੋਂਗੇ, ਅਤੇ ਤੁਸੀਂ ਜਰੂਰਤ ਮੰਦ ਹੋ ਜਾਵੋਗੇ ਜਿਵੇਂ ਕਿਸੇ ਡਕੈਤ ਦੁਆਰਾ ਲੁੱਟ ਲੇ ਗਏ ਹੋਵੋ।
3 ਅਸੀਂ ਤੁਹਾਡੇ ਕੋਲ ਨਹੀਂ ਆ ਸੱਕੇ, ਪਰ ਹੋਰ ਕੁਝ ਸਮਾਂ ਇੰਤਜਾਰ ਕਰਨਾ ਬਹੁਤ ਔਖਾ ਸੀ। ਇਸ ਲਈ ਅਸੀਂ ਫ਼ੈਸਲਾ ਕੀਤਾ ਕਿ ਤਿਮੋਥਿਉਸ ਨੂੰ ਤੁਹਾਡੇ ਕੋਲ ਭੇਜੀਏ ਤੇ ਅਥੇਨੇ ਵਿੱਚ ਇੱਕਲੇ ਰਹੀਏ। ਤਿਮੋਥਿਉਸ ਸਾਡਾ ਭਰਾ ਹੈ। ਉਹ ਪਰਮੇਸ਼ੁਰ ਲਈ ਸਾਡੇ ਨਾਲ ਕੰਮ ਕਰਦਾ ਹੈ ਉਹ ਯਿਸੂ ਮਸੀਹ ਬਾਰੇ ਖੁਸ਼ਖਬਰੀ ਫ਼ੈਲਾ ਰਿਹਾ ਹੈ। ਅਸੀਂ ਤਿਮੋਥਿਉਸ ਨੂੰ ਤੁਹਾਡੇ ਵਿਸ਼ਵਾਸ ਨੂੰ ਮਜਬੂਤ ਬਨਾਉਣ ਲਈ ਅਤੇ ਤੁਹਾਨੂੰ ਆਰਾਮ ਦੇਣ ਲਈ ਭੇਜਿਆ। 3 ਅਸੀਂ ਤਿਮੋਥਿਉਸ ਨੂੰ ਇਸ ਲਈ ਭੇਜਿਆ ਤਾਂ ਜੋ ਤੁਹਾਡੇ ਵਿੱਚੋਂ ਕੋਈ ਵੀ ਉਨ੍ਹਾਂ ਮੁਸੀਬਤਾਂ ਤੋਂ ਪਰੇਸ਼ਾਨ ਨਾ ਹੋਵੇ ਜਿਹੜੀਆਂ ਹੁਣ ਸਾਨੂੰ ਹਨ। ਤੁਸੀਂ ਖੁਦ ਜਾਣਦੇ ਹੋ ਕਿ ਉਹ ਮੁਸੀਬਤਾਂ ਸਾਡੇ ਨਾਲ ਵਾਪਰਨ ਵਾਲੀਆਂ ਹਨ। 4 ਜਦੋਂ ਅਸੀਂ ਤੁਹਾਡੇ ਨਾਲ ਸਾਂ, ਅਸੀਂ ਤੁਹਾਨੂੰ ਦੱਸਿਆ ਸੀ ਕਿ ਸਾਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਅਤੇ ਤੁਸੀਂ ਜਾਣਦੇ ਹੋ ਕਿ ਜਿਵੇਂ ਅਸੀਂ ਤੁਹਾਨੂੰ ਆਖਿਆ ਸੀ ਇਹ ਉਵੇਂ ਹੀ ਹੋਇਆ ਹੈ। 5 ਇਹੀ ਕਾਰਣ ਹੈ ਕਿ ਮੈਂ ਤਿਮੋਥਿਉਸ ਨੂੰ ਤੁਹਾਡੇ ਵੱਲ ਭੇਜਿਆ ਤਾਂ ਜੋ ਮੈਂ ਤੁਹਾਡੇ ਵਿਸ਼ਵਾਸ ਬਾਰੇ ਜਾਣਕਾਰੀ ਹਾਸਿਲ ਕਰ ਸੱਕਾਂ। ਜਦੋਂ ਮੈਂ ਹੋਰ ਇੰਤਜਾਰ ਨਾ ਕਰ ਸੱਕਿਆ ਤਾਂ ਮੈਂ ਉਸ ਨੂੰ ਭੇਜ ਦਿੱਤਾ। ਮੈਨੂੰ ਡਰ ਸੀ ਕਿ ਸ਼ੈਤਾਨ ਜਿਹੜਾ ਲੋਕਾਂ ਨੂੰ ਪਰਤਾਉਂਦਾ ਹੈ ਸ਼ਾਇਦ ਉਸ ਨੇ ਤੁਹਾਨੂੰ ਪਰਤਾਵਿਆਂ ਨਾਲ ਹਰਾ ਦਿੱਤਾ ਹੋਵੇ। ਫ਼ੇਰ ਤਾਂ ਸਾਡੀ ਕੜੀ ਮਿਹਨਤ ਬੇਕਾਰ ਹੋ ਗਈ ਹੋਵੇਗ਼ੀ।
6 ਪਰ ਤਿਮੋਥਿਉਸ ਤੁਹਾਡੇ ਕੋਲੋਂ ਸਾਡੇ ਕੋਲ ਵਾਪਸ ਆ ਗਿਆ। ਉਹ ਸਾਡੇ ਲਈ ਤੁਹਾਡੇ ਵਿਸ਼ਵਾਸ ਅਤੇ ਪ੍ਰੇਮ ਬਾਰੇ ਖੁਸ਼ਖਬਰੀ ਲਿਆਇਆ। ਉਸ ਨੇ ਸਾਨੂੰ ਦੱਸਿਆ ਕਿ ਤੁਹਾਡੇ ਕੋਲ ਹਮੇਸ਼ਾ ਸਾਡੀਆਂ ਚੰਗੀਆਂ ਯਾਦਾਂ ਹਨ। ਉਸ ਨੇ ਸਾਨੂੰ ਦੱਸਿਆ ਕਿ ਤੁਹਾਨੂੰ ਸਾਨੂੰ ਫ਼ੇਰ ਮਿਲਣ ਦੀ ਬਹੁਤ ਚਾਹਨਾ ਹੈ। ਇਸੇ ਤਰ੍ਹਾਂ, ਸਾਨੂੰ ਵੀ ਤੁਹਾਨੂੰ ਮਿਲਣ ਦੀ ਬਹੁਤ ਚਾਹਨਾ ਹੈ। 7 ਇਸ ਲਈ ਭਰਾਵੋ ਅਤੇ ਭੈਣੋ, ਅਸੀਂ ਤੁਹਾਡੇ ਬਾਰੇ ਤੁਹਾਡੇ ਵਿਸ਼ਵਾਸ ਕਾਰਣ ਸੁਖੀ ਹਾਂ। ਅਸੀਂ ਤਕਲੀਫ਼ਾਂ ਅਤੇ ਪਰੇਸ਼ਾਨੀਆਂ ਨਾਲ ਘਿਰੇ ਹੋਈਏ ਪਰ ਅਸੀਂ ਹਾਲੇ ਵੀ ਸੁਖੀ ਹਾਂ। 8 ਜੇਕਰ ਤੁਸੀਂ ਦ੍ਰਿੜਤਾ ਨਾਲ ਪ੍ਰਭੂ ਵਿੱਚ ਖਲੋਤੇ ਹੋਂ, ਫ਼ੇਰ ਸਾਡਾ ਜੀਵਨ ਸੱਚਮੁੱਚ ਭਰਪੂਰ ਹੈ। 9 ਤੁਹਾਡੇ ਕਾਰਣ ਸਾਨੂੰ ਆਪਣੇ ਪਰਮੇਸ਼ੁਰ ਅੱਗੇ ਕਿੰਨੀ ਖੁਸ਼ੀ ਹੈ। ਇਸ ਲਈ ਅਸੀਂ ਪਰਮੇਸ਼ੁਰ ਦਾ ਧੰਨਵਾਦ ਕਰਦੇ ਹਾਂ। ਪਰ ਅਸੀਂ ਆਪਣੀ ਸਾਰੀ ਪ੍ਰਸੰਨਤਾ ਲਈ ਉਸਦਾ ਕਾਫ਼ੀ ਧੰਨਵਾਦ ਨਹੀਂ ਕਰ ਸੱਕਦੇ। 10 ਅਸੀਂ ਰਾਤ ਦਿਨ ਤੁਹਾਡੇ ਬਾਰੇ ਪ੍ਰਾਰਥਨਾ ਕਰਦੇ ਰਹਿੰਦੇ ਹਾਂ। ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਅਸੀਂ ਇੱਕ ਵਾਰ ਫ਼ੇਰ ਉੱਥੇ ਆ ਸੱਕੀਏ ਤੇ ਤੁਹਾਨੂੰ ਮਿਲ ਸੱਕੀਏ ਤੁਹਾਡੇ ਵਿਸ਼ਵਾਸ ਨੂੰ ਹੋਰ ਮਜਬੂਤ ਬਨਾਉਣ ਲਈ ਤੁਹਾਨੂੰ ਸਾਰੀਆਂ ਚੀਜ਼ਾਂ ਪ੍ਰਦਾਨ ਕਰ ਸੱਕੀਏ।
11 ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਸਾਡਾ ਪਰਮੇਸ਼ੁਰ ਤੇ ਪਿਤਾ ਸਾਡਾ ਪ੍ਰਭੂ ਯਿਸੂ ਮਸੀਹ ਤੁਹਾਡੇ ਕੋਲ ਆਉਣ ਲਈ ਸਾਡਾ ਰਾਹ ਬਣਾਵੇਗਾ। 12 ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਪ੍ਰਭੂ ਤੁਹਾਡਾ ਪਿਆਰ ਵੱਧਾਵੇਗਾ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਪਰਮੇਸ਼ੁਰ ਤੁਹਾਡੇ ਪ੍ਰੇਮ ਨੂੰ ਇੱਕ ਦੂਸਰੇ ਲਈ ਅਤੇ ਸਾਰਿਆਂ ਲਈ ਹੋਰ ਛਲਕਾਵੇਗਾ। ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਤੁਸੀਂ ਸਭ ਲੋਕਾਂ ਨੂੰ ਉਸੇ ਤਰ੍ਹਾਂ ਪਿਆਰ ਕਰੋ ਜਿਵੇਂ ਅਸੀਂ ਤੁਹਾਨੂੰ ਕਰਦੇ ਹਾਂ। 13 ਅਸੀਂ ਇਹ ਪ੍ਰਾਰਥਨਾ ਇਸ ਲਈ ਕਰਦੇ ਹਾਂ ਤਾਂ ਜੋ ਤੁਹਾਡੇ ਹਿਰਦੇ ਮਜ਼ਬੂਤ ਬਣਾਏ ਜਾ ਸੱਕਣ। ਫ਼ੇਰ ਤੁਸੀਂ ਸਾਡੇ ਪਰਮੇਸ਼ੁਰ ਅਤੇ ਪਿਤਾ ਅੱਗੇ ਪਵਿੱਤਰ ਅਤੇ ਦੋਸ਼ ਰਹਿਤ ਹੋਵੋਂਗੇ ਜਦੋਂ ਸਾਡਾ ਪ੍ਰਭੂ ਯਿਸੂ ਆਪਣੇ ਸਾਰੇ ਪਵਿੱਤਰ ਲੋਕਾਂ ਨਾਲ ਆਵੇਗਾ।
2010 by World Bible Translation Center