M’Cheyne Bible Reading Plan
ਚਮੜੀ ਦੇ ਰੋਗਾਂ ਬਾਰੇ ਬਿਧੀਆਂ
13 ਯਹੋਵਾਹ ਨੇ ਮੂਸਾ ਤੇ ਹਾਰੂਨ ਨੂੰ ਆਖਿਆ, 2 “ਕਿਸੇ ਬੰਦੇ ਦੀ ਚਮੜੀ ਤੇ ਸੋਜਸ਼ ਜਾਂ ਖੁਜਲੀ ਹੋ ਸੱਕਦੀ ਹੈ ਜਾਂ ਫ਼ੋੜਾ ਹੋ ਸੱਕਦਾ ਹੈ। ਜੇ ਫ਼ੋੜਾ ਕੋੜ੍ਹ ਵਰਗਾ ਲਗਦਾ ਹੋਵੇ, ਉਸ ਬੰਦੇ ਨੂੰ ਜਾਜਕ ਹਾਰੂਨ ਜਾਂ ਉਸ ਦੇ ਕਿਸੇ ਇੱਕ ਜਾਜਕ ਪੁੱਤਰ ਕੋਲ ਲਿਆਂਦਾ ਜਾਣਾ ਚਾਹੀਦਾ ਹੈ। 3 ਜਾਜਕ ਨੂੰ ਉਸ ਬੰਦੇ ਦੀ ਚਮੜੀ ਉਤਲੇ ਫ਼ੋੜੇ ਨੂੰ ਧਿਆਨ ਨਾਲ ਦੇਖਣਾ ਚਾਹੀਦਾ ਹੈ। ਜੇ ਫ਼ੋੜੇ ਦਾ ਵਾਲ ਚਿੱਟਾ ਹੋ ਗਿਆ ਹੈ ਅਤੇ ਜੇ ਫ਼ੋੜਾ ਉਸ ਬੰਦੇ ਦੀ ਚਮੜੀ ਨਾਲ ਡੂੰਘਾ ਨਜ਼ਰ ਆਉਂਦਾ ਹੈ, ਤਾਂ ਇਹ ਕੋੜ੍ਹ ਦੀ ਬਿਮਾਰੀ ਹੈ। ਉਸ ਬੰਦੇ ਨੂੰ ਧਿਆਨ ਨਾਲ ਦੇਖਣ ਤੋਂ ਬਾਅਦ, ਜਾਜਕ ਨੂੰ ਇਹ ਐਲਾਨ ਕਰਨਾ ਚਾਹੀਦਾ ਹੈ ਕਿ ਉਹ ਬੰਦਾ ਪਲੀਤ ਹੈ।
4 “ਜੇਕਰ ਕਿਸੇ ਬੰਦੇ ਦੀ ਚਮੜੀ ਉੱਤੇ ਚਿੱਟਾ ਨਿਸ਼ਾਨ ਹੈ ਅਤੇ ਇਹ ਚਮੜੀ ਨਾਲੋਂ ਡੂੰਘਾ ਦਿਖਾਈ ਦਿੰਦਾ ਅਤੇ ਧੱਬੇ ਵਿੱਚਲੇ ਵਾਲ ਚਿੱਟੇ ਨਹੀਂ ਹੋਏ। ਜੇ ਇਹ ਸੱਚ ਹੈ, ਜਾਜਕ ਨੂੰ, ਉਸ ਨੂੰ ਸੱਤਾਂ ਦਿਨਾਂ ਲਈ ਹੋਰਨਾਂ ਲੋਕਾਂ ਤੋਂ ਵੱਖ ਕਰ ਦੇਣਾ ਚਾਹੀਦਾ ਹੈ। 5 ਸੱਤਵੇਂ ਦਿਨ, ਜਾਜਕ ਨੂੰ ਉਸ ਵਿਅਕਤੀ ਦਾ ਧਿਆਨ ਨਾਲ ਨਿਰੀਖਣ ਕਰਨਾ ਚਾਹੀਦਾ ਹੈ। ਜੇ ਜਾਜਕ ਦੇਖਦਾ ਹੈ ਕਿ ਫ਼ੋੜਾ ਨਹੀਂ ਬਦਲਿਆ ਤੇ ਚਮੜੀ ਉੱਤੇ ਨਹੀਂ ਫ਼ੈਲਿਆ, ਉਸ ਨੂੰ ਉਸ ਬੰਦੇ ਨੂੰ ਹੋਰ ਸੱਤਾਂ ਦਿਨਾਂ ਲਈ ਵੱਖ ਕਰ ਦੇਣਾ ਚਾਹੀਦਾ ਹੈ। 6 ਸੱਤਾਂ ਦਿਨਾਂ ਮਗਰੋਂ ਜਾਜਕ ਨੂੰ ਇੱਕ ਵਰੀ ਫ਼ੇਰ ਉਸ ਬੰਦੇ ਦਾ ਧਿਆਨ ਨਾਲ ਨਿਰੀਖਣ ਕਰਨਾ ਚਾਹੀਦਾ ਹੈ। ਜੇ ਫ਼ੋੜਾ ਮਧਮ ਹੋ ਗਿਆ ਹੈ ਅਤੇ ਚਮੜੀ ਉੱਤੇ ਨਹੀਂ ਫ਼ੈਲਿਆ ਉਸ ਨੂੰ ਐਲਾਨ ਕਰ ਦੇਣਾ ਚਾਹੀਦਾ ਹੈ ਕਿ ਉਹ ਬੰਦਾ ਪਾਕ ਹੈ ਅਤੇ ਇਹ ਕਿ ਫ਼ੋੜਾ ਸਿਰਫ਼ ਖਾਰਸ਼ ਹੀ ਹੈ। ਉਸ ਬੰਦੇ ਨੂੰ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ ਅਤੇ ਇੱਕ ਵਾਰੀ ਫ਼ੇਰ ਉਹ ਪਾਕ ਹੋ ਜਾਵੇਗਾ।
7 “ਪਰ ਜੇ, ਉਸ ਬੰਦੇ ਨੂੰ ਪਾਕ ਘੋਸ਼ਿਤ ਹੋਣ ਲਈ ਦੋਬਾਰਾ ਜਾਜਕ ਨੂੰ ਦਿਖਾਏ ਜਾਣ ਤੋਂ ਬਾਦ, ਫ਼ੋੜਾ ਉਸਦੀ ਚਮੜੀ ਉੱਤੇ ਹੋਰ ਵੀ ਵੱਧੇਰੇ ਫ਼ੈਲ ਗਿਆ ਹੋਵੇ ਤਾਂ ਉਸ ਬੰਦੇ ਨੂੰ ਇੱਕ ਵਾਰੀ ਫ਼ੇਰ ਜਾਜਕ ਕੋਲ ਆਉਣਾ ਚਾਹੀਦਾ ਹੈ। 8 ਜਾਜਕ ਨੂੰ ਧਿਆਨ ਨਾਲ ਦੇਖਣਾ ਚਾਹੀਦਾ ਹੈ। ਜੇ ਪਪੜੀ ਚਮੜੀ ਉੱਤੇ ਫ਼ੈਲ ਗਈ ਹੈ, ਤਾਂ ਜਾਜਕ ਇਹ ਐਲਾਨ ਕਰੇ ਕਿ ਬੰਦਾ ਪਲੀਤ ਹੈ। ਇਹ ਕੋੜ੍ਹ ਦੀ ਬਿਮਾਰੀ ਹੈ।
9 “ਜੇ ਕਿਸੇ ਬੰਦੇ ਨੂੰ ਕੋੜ੍ਹ ਦੀ ਬਿਮਾਰੀ ਹੈ ਤਾਂ ਉਸ ਨੂੰ ਜਾਜਕ ਕੋਲ ਲਿਆਂਦਾ ਜਾਵੇ। 10 ਜਾਜਕ ਨੂੰ ਉਸ ਬੰਦੇ ਦਾ ਧਿਆਨ ਨਾਲ ਨਿਰੀਖਣ ਕਰਨਾ ਚਾਹੀਦਾ ਹੈ। ਜੇਕਰ ਉਸ ਦੇ ਸ਼ਰੀਰ ਉੱਤੇ ਚਿੱਟੇ ਰੰਗ ਦੀ ਸੋਜ਼ਿਸ਼ ਹੈ ਅਤੇ ਜੇ ਵਾਲ ਚਿੱਟੇ ਹੋ ਗਏ ਹਨ ਅਤੇ ਜੇਕਰ ਚਮੜੀ ਉਸ ਜਗ਼੍ਹਾ ਤੋਂ ਕੱਚੀ ਹੋਵੇ ਜਿੱਥੇ ਇਹ ਸੁੱਜੀ ਹੋਈ ਹੈ, 11 ਤਾਂ ਇਹ ਛੂਤ ਦੀ ਬਿਮਾਰੀ ਹੈ। ਜਾਜਕ ਨੂੰ ਐਲਾਨ ਕਰਨਾ ਚਾਹੀਦਾ ਹੈ ਕਿ ਇਹ ਬੰਦਾ ਨਾਪਾਕ ਹੈ। ਉਸ ਨੂੰ ਉਸ ਬੰਦੇ ਨੂੰ ਥੋੜੇ ਸਮੇਂ ਲਈ ਹੋਰਨਾਂ ਲੋਕਾਂ ਤੋਂ ਵੱਖ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਉਹ ਪਹਿਲਾਂ ਹੀ ਜਾਣਦਾ ਹੈ ਕਿ ਬੰਦਾ ਨਾਪਾਕ ਹੈ।
12 “ਕਈ ਵਾਰੀ ਕੋਈ ਚਮੜੀ ਦਾ ਰੋਗ ਕਿਸੇ ਬੰਦੇ ਦੇ ਸਾਰੇ ਸ਼ਰੀਰ ਉੱਤੇ ਫ਼ੈਲ ਜਾਵੇਗਾ। ਇਹ ਚਮੜੀ ਦਾ ਰੋਗ ਉਸ ਬੰਦੇ ਦੀ ਚਮੜੀ ਦੇ ਸਿਰ ਤੋਂ ਪੈਰਾਂ ਤੱਕ ਫ਼ੈਲ ਜਾਵੇਗਾ। ਜਾਜਕ ਨੂੰ ਉਸ ਬੰਦੇ ਦੇ ਸਾਰੇ ਸ਼ਰੀਰ ਨੂੰ ਧਿਆਨ ਨਾਲ ਦੇਖਣਾ ਚਾਹੀਦਾ ਹੈ। 13 ਜੇ ਜਾਜਕ ਦੇਖਦਾ ਹੈ ਕਿ ਚਮੜੀ ਦਾ ਰੋਗ ਸਾਰੇ ਸ਼ਰੀਰ ਉੱਤੇ ਫ਼ੈਲਿਆ ਹੋਇਆ ਹੈ ਅਤੇ ਇਸਨੇ ਉਸ ਬੰਦੇ ਦੀ ਸਾਰੀ ਚਮੜੀ ਨੂੰ ਚਿੱਟਾ ਕਰ ਦਿੱਤਾ ਹੈ ਤਾਂ ਜਾਜਕ ਨੂੰ ਐਲਾਨ ਕਰਨਾ ਚਾਹੀਦਾ ਹੈ ਕਿ ਉਹ ਬੰਦਾ ਪਾਕ ਹੈ। 14 ਪਰ ਜੇਕਰ ਉੱਥੇ ਕੱਚੀ ਚਮੜੀ ਹੈ, ਤਾਂ ਉਹ ਨਾਪਾਕ ਹੈ। 15 ਜਦੋਂ ਜਾਜਕ ਕੱਚੀ ਚਮੜੀ ਨੂੰ ਦੇਖੇ, ਉਸ ਨੂੰ ਐਲਾਨ ਕਰਨਾ ਚਾਹੀਦਾ ਕਿ ਉਹ ਬੰਦਾ ਨਾਪਾਕ ਹੈ। ਕੱਚੀ ਚਮੜੀ ਪਾਕ ਨਹੀਂ ਹੈ, ਇਹ ਕੋੜ੍ਹ ਹੈ।
16 “ਜੇ ਕੱਚੀ ਚਮੜੀ ਰੰਗ ਬਦਲੇ ਅਤੇ ਚਿੱਟੀ ਹੋ ਜਾਵੇ, ਉਸ ਵਿਅਕਤੀ ਨੂੰ ਜਾਜਕ ਕੋਲ ਆਉਣਾ ਚਾਹੀਦਾ ਹੈ। 17 ਜਾਜਕ ਨੂੰ ਉਸ ਵਿਅਕਤੀ ਦਾ ਧਿਆਨ ਨਾਲ ਨਿਰੀਖਣ ਕਰਨਾ ਚਾਹੀਦਾ ਹੈ। ਜੇਕਰ ਜਗ਼੍ਹਾ ਚਿੱਟੀ ਹੋ ਗਈ ਹੋਵੇ, ਉਸ ਨੂੰ ਐਲਾਨ ਕਰਨਾ ਚਾਹੀਦਾ ਕਿ ਉਹ ਵਿਅਕਤੀ ਪਾਕ ਹੈ।
18 “ਕਿਸੇ ਬੰਦੇ ਦੇ ਫ਼ੋੜਾ ਹੋ ਸੱਕਦਾ ਜੋ ਬਾਦ ਵਿੱਚ ਰਾਜੀ ਹੋ ਜਾਵੇ। 19 ਜੇਕਰ ਉਸ ਜਗ਼੍ਹਾ ਤੇ ਚਿੱਟੀ ਸੋਜ਼ਿਸ਼ ਹੋਵੇ ਜਾਂ ਲਾਲ ਧਾਰੀਆਂ ਵਾਲਾ ਚਮਕੀਲਾ ਚਿੱਟਾ ਨਿਸ਼ਾਨ ਬਣ ਜਾਵੇ ਤਾਂ ਉਸ ਬੰਦੇ ਨੂੰ ਉਹ ਜਗ਼੍ਹਾ ਜਾਜਕ ਨੂੰ ਦਿਖਾਉਣੀ ਚਾਹੀਦੀ ਹੈ। 20 ਜੇ ਫ਼ੋੜਾ ਚਮੜੀ ਨਾਲੋਂ ਗਹਿਰਾ ਹੈ ਅਤੇ ਇਸਦੇ ਉੱਪਰ ਵਾਲ ਚਿੱਟੇ ਹੋ ਜਾਣ ਜਾਜਕ ਨੂੰ ਐਲਾਨ ਕਰਨਾ ਚਾਹੀਦਾ ਹੈ ਕਿ ਇਹ ਬੰਦਾ ਨਾਪਾਕ ਹੈ। ਉਸ ਫ਼ੋੜੇ ਵਿੱਚੋਂ ਛੂਤ ਦੀ ਭੈੜੀ ਸਥਿਤੀ ਫੁੱਟ ਪਈ ਹੈ। 21 ਪਰ ਜੇ ਜਾਜਕ ਧਿਆਨ ਨਾਲ ਉਸ ਨਿਸ਼ਾਨ ਨੂੰ ਦੇਖਦਾ ਹੈ ਅਤੇ ਇਸਦੇ ਉੱਪਰ ਚਿੱਟੇ ਵਾਲ ਨਹੀਂ ਹਨ ਅਤੇ ਨਿਸ਼ਾਨ ਚਮੜੀ ਤੋਂ ਗਹਿਰਾ ਨਹੀਂ ਹੈ ਪਰ ਮਧਮ ਪੈ ਗਿਆ ਹੈ ਤਾਂ ਜਾਜਕ ਨੂੰ ਉਸ ਬੰਦੇ ਨੂੰ ਸੱਤ ਦਿਨਾਂ ਲਈ ਵੱਖ ਕਰ ਦੇਣਾ ਚਾਹੀਦਾ ਹੈ। 22 ਜੇ ਫ਼ੋੜਾ ਚਮੜੀ ਉੱਪਰ ਫ਼ੈਲ ਜਾਵੇ, ਤਾਂ ਉਸ ਨੂੰ ਐਲਾਨ ਕਰਨਾ ਚਾਹੀਦਾ ਹੈ ਕਿ ਉਹ ਬੰਦਾ ਨਾਪਾਕ ਹੈ। ਇਹ ਛੂਤ ਹੈ। 23 ਪਰ ਜੇ ਚਮਕੀਲਾ ਨਿਸ਼ਾਨ ਉਸੇ ਥਾਂ ਰਹਿੰਦਾ ਹੈ ਅਤੇ ਫ਼ੈਲਦਾ ਨਹੀਂ, ਇਹ ਸਿਰਫ਼ ਪੁਰਾਣੇ ਫ਼ੋੜੇ ਦਾ ਚਟਾਕ ਹੈ। ਜਾਜਕ ਨੂੰ ਐਲਾਨ ਕਰਨਾ ਚਾਹੀਦਾ ਹੈ ਕਿ ਇਹ ਬੰਦਾ ਪਾਕ ਹੈ।
24-25 “ਕਿਸੇ ਬੰਦੇ ਦੀ ਚਮੜੀ ਉੱਤੇ ਛਾਲਾ ਹੋ ਸੱਕਦਾ ਹੈ। ਜੇ ਰਿਸਦੀ ਹੋਈ ਚਮੜੀ ਚਿੱਟਾ ਨਿਸ਼ਾਨ ਜਾਂ ਲਾਲ ਧਾਰੀਆਂ ਵਾਲਾ ਚਿੱਟਾ ਨਿਸ਼ਾਨ ਬਣ ਜਾਂਦੀ ਹੈ, ਤਾਂ ਜਾਜਕ ਨੂੰ ਇਸ ਵੱਲ ਧਿਆਨ ਨਾਲ ਦੇਖਣਾ ਚਾਹੀਦਾ ਹੈ। ਜੇ ਉਹ ਚਿੱਟਾ ਨਿਸ਼ਾਨ ਚਮੜੀ ਨਾਲੋਂ ਗਹਿਰਾ ਦਿਖਾਈ ਦਿੰਦਾ ਹੈ ਅਤੇ ਇਸ ਨਿਸ਼ਾਨ ਉੱਪਰ ਵਾਲ ਚਿੱਟੇ ਹੋ ਗਏ ਹਨ ਤਾਂ ਇਹ ਕੋੜ੍ਹ ਦਾ ਰੋਗ ਹੈ। ਕੋੜ੍ਹ ਛਾਲੇ ਵਿੱਚੋਂ ਫੁੱਟ ਰਿਹਾ ਹੈ। ਜਾਜਕ ਨੂੰ ਐਲਾਨ ਕਰਨਾ ਚਾਹੀਦਾ ਹੈ ਕਿ ਉਹ ਬੰਦਾ ਪਲੀਤ ਹੈ। ਇਹ ਕੋੜ੍ਹ ਦਾ ਰੋਗ ਹੈ। 26 ਪਰ ਜੇ ਉਹ ਨਿਸ਼ਾਨ ਦਾ ਧਿਆਨ ਨਾਲ ਨਿਰੀਖਣ ਕਰਦਾ ਹੈ ਅਤੇ ਚਮਕੀਲੇ ਨਿਸ਼ਾਨ ਉੱਤੇ ਚਿੱਟੇ ਵਾਲ ਨਹੀਂ ਹਨ ਅਤੇ ਜੇਕਰ ਨਿਸ਼ਾਨ ਚਮੜੀ ਤੋਂ ਗਹਿਰਾ ਨਹੀਂ ਹੈ ਪਰ ਮਧਮ ਪੈ ਗਿਆ ਹੈ, ਉਸ ਨੂੰ ਉਸ ਵਿਅਕਤੀ ਨੂੰ ਸੱਤਾਂ ਦਿਨਾਂ ਲਈ ਵੱਖ ਕਰ ਦੇਣਾ ਚਾਹੀਦਾ ਹੈ। 27 ਸੱਤਵੇਂ ਦਿਨ ਜਾਜਕ ਨੂੰ ਉਸ ਬੰਦੇ ਨੂੰ ਫ਼ੇਰ ਧਿਆਨ ਨਾਲ ਦੇਖਣਾ ਚਾਹੀਦਾ ਹੈ। ਜੇ ਚਮੜੀ ਦਾ ਨਿਸ਼ਾਨ ਫ਼ੈਲ ਜਾਂਦਾ ਹੈ ਤਾਂ ਜਾਜਕ ਨੂੰ ਐਲਾਨ ਕਰਨਾ ਚਾਹੀਦਾ ਹੈ ਕਿ ਬੰਦਾ ਪਲੀਤ ਹੈ। ਇਹ ਕੋੜ੍ਹ ਦਾ ਰੋਗ ਹੈ। 28 ਪਰ ਜੇ ਚਮਕੀਲਾ ਨਿਸ਼ਾਨ ਚਮੜੀ ਉੱਤੇ ਹੋਰ ਨਹੀਂ ਫ਼ੈਲਿਆ ਅਤੇ ਮੱਧਮ ਹੋ ਗਿਆ, ਤਾਂ ਇਹ ਛਾਲੇ ਦੀ ਸੋਜ਼ਿਸ਼ ਹੈ। ਜਾਜਕ ਨੂੰ ਐਲਾਨ ਕਰਨਾ ਚਾਹੀਦਾ ਹੈ ਕਿ ਬੰਦਾ ਪਾਕ ਹੈ। ਇਹ ਸਿਰਫ਼ ਛਾਲੇ ਦਾ ਦਾਗ ਹੈ।
29 “ਕਿਸੇ ਬੰਦੇ ਦੇ ਸਿਰ ਜਾਂ ਦਾਢ਼ੀ ਉੱਤੇ ਕੋਈ ਛੂਤ ਲੱਗ ਸੱਕਦੀ ਹੈ। 30 ਜਾਜਕ ਨੂੰ ਇਸ ਬੁਰੇ ਅਸਰ ਦਾ ਧਿਆਨ ਨਾਲ ਨਿਰੀਖਣ ਕਰਨਾ ਚਾਹੀਦਾ ਹੈ। ਜੇ ਲੱਗੇ ਕਿ ਇਹ ਚਮੜੀ ਤੋਂ ਗਹਿਰਾ ਦਿਖਾਈ ਦਿੰਦਾ ਹੈ ਅਤੇ ਜੇ ਇਸ ਵਿੱਚਲੇ ਵਾਲ ਪਤਲੇ ਤੇ ਪੀਲੇ ਹਨ ਉਸ ਨੂੰ ਐਲਾਨ ਕਰਨਾ ਚਾਹੀਦਾ ਹੈ ਕਿ ਵਿਅਕਤੀ ਨਾਪਾਕ ਹੈ। ਇਹ ਇੱਕ ਮੰਦਾ ਰੋਗ ਹੈ। ਇਹ ਸਿਰ ਜਾਂ ਦਾਢ਼ੀ ਉੱਤੇ ਛੂਤ ਦੀ ਇੱਕ ਭੈੜੀ ਸਥਿਤੀ ਹੈ। 31 ਜੇ ਬਿਮਾਰੀ ਚਮੜੀ ਤੋਂ ਡੂੰਘੇਰੀ ਦਿਖਾਈ ਨਹੀਂ ਦਿੰਦੀ, ਪਰ ਇਸ ਵਿੱਚ ਕੋਈ ਕਾਲਾ ਵਾਲ ਨਹੀਂ ਹੈ, ਤਾਂ ਜਾਜਕ ਨੂੰ ਉਸ ਬੰਦੇ ਨੂੰ ਸੱਤ ਦਿਨਾਂ ਲਈ ਵੱਖ ਕਰ ਦੇਣਾ ਚਾਹੀਦਾ ਹੈ। 32 ਸੱਤਵੇਂ ਦਿਨ ਜਾਜਕ ਨੂੰ ਛੂਤ ਨੂੰ ਧਿਆਨ ਨਾਲ ਦੇਖਣਾ ਚਾਹੀਦਾ ਹੈ। ਜੇ ਬਿਮਾਰੀ ਹੋਰ ਨਹੀਂ ਵੱਧੀ ਅਤੇ ਇਸ ਵਿੱਚ ਪੀਲੇ ਵਾਲ ਨਹੀਂ ਉੱਗੇ ਹੋਏ ਅਤੇ ਬਿਮਾਰੀ ਚਮੜੀ ਤੋਂ ਡੂੰਘੇਰੀ ਨਹੀਂ ਜਾਪਦੀ, 33 ਤਾਂ ਉਸ ਬੰਦੇ ਨੂੰ ਆਪਣੀ ਹਜਾਮਤ ਕਰਾਉਣੀ ਚਾਹੀਦੀ ਹੈ ਪਰ ਉਸ ਨੂੰ ਬਿਮਾਰੀ ਵਾਲੀ ਥਾਂ ਦੀ ਹਜਾਮਤ ਨਹੀਂ ਕਰਾਉਣੀ ਚਾਹੀਦੀ। ਜਾਜਕ ਨੂੰ ਉਸ ਬੰਦੇ ਨੂੰ ਹੋਰ ਸੱਤਾਂ ਦਿਨਾਂ ਲਈ ਵੱਖ ਕਰ ਦੇਣਾ ਚਾਹੀਦਾ ਹੈ। 34 ਸੱਤਵੇਂ ਦਿਨ ਉਸ ਨੂੰ ਬਿਮਾਰੀ ਦਾ ਹੋਰ ਧਿਆਨ ਨਾਲ ਨਿਰੀਖਣ ਕਰਨਾ ਚਾਹੀਦਾ ਹੈ। ਜੇ ਬਿਮਾਰੀ ਚਮੜੀ ਉੱਤੇ ਹੋਰ ਨਹੀਂ ਫ਼ੈਲੀ ਅਤੇ ਇਹ ਚਮੜੀ ਨਾਲੋਂ ਗਹਿਰੀ ਨਹੀਂ ਦਿਖਾਈ ਦਿੰਦੀ, ਉਸ ਨੂੰ ਐਲਾਨ ਕਰਨਾ ਚਾਹੀਦਾ ਕਿ ਬੰਦਾ ਪਾਕ ਹੈ। ਫ਼ੇਰ ਉਸ ਬੰਦੇ ਨੂੰ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ ਅਤੇ ਉਹ ਪਾਕ ਹੋ ਜਾਵੇਗਾ। 35 ਪਰ ਜੇ ਉਸ ਬੰਦੇ ਦੇ ਪਾਕ ਹੋ ਜਾਣ ਤੋਂ ਬਾਦ ਬਿਮਾਰੀ ਚਮੜੀ ਉੱਤੇ ਫ਼ੈਲ ਜਾਂਦੀ ਹੈ, 36 ਤਾਂ ਜਾਜਕ ਨੂੰ ਉਸ ਬੰਦੇ ਨੂੰ ਫ਼ੇਰ ਧਿਆਨ ਨਾਲ ਦੇਖਣਾ ਚਾਹੀਦਾ ਹੈ ਜੇ ਬਿਮਾਰੀ ਚਮੜੀ ਵਿੱਚ ਫ਼ੈਲ ਗਈ ਹੈ ਤਾਂ ਜਾਜਕ ਨੂੰ ਪੀਲੇ ਵਾਲਾਂ ਨੂੰ ਦੇਖਣ ਦੀ ਲੋੜ ਨਹੀਂ। ਉਹ ਬੰਦਾ ਪਲੀਤ ਹੈ। 37 ਪਰ ਜੇ ਜਾਜਕ ਸੋਚਦਾ ਹੈ ਕਿ ਬਿਮਾਰੀ ਰੁਕ ਗਈ ਹੈ ਅਤੇ ਇਸ ਵਿੱਚ ਕਾਲੇ ਵਾਲ ਉੱਗ ਰਹੇ ਹਨ ਤਾਂ ਬਿਮਾਰੀ ਠੀਕ ਹੋ ਗਈ ਹੈ। ਬੰਦਾ ਪਾਕ ਹੈ। ਜਾਜਕ ਨੂੰ ਐਲਾਨ ਕਰਨਾ ਚਾਹੀਦਾ ਹੈ ਕਿ ਬੰਦਾ ਪਾਕ ਹੈ।
38 “ਜੇ ਕਿਸੇ ਬੰਦੇ ਦੀ ਚਮੜੀ ਉੱਤੇ ਚਿੱਟੇ ਨਿਸ਼ਾਨ ਹਨ, 39 ਤਾਂ ਜਾਜਕ ਨੂੰ ਉਨ੍ਹਾਂ ਨੂੰ ਨਿਸ਼ਾਨਾਂ ਦਾ ਧਿਆਨ ਨਾਲ ਨਿਰੀਖਣ ਕਰਨਾ ਚਾਹੀਦਾ ਹੈ। ਜੇ ਉਸ ਬੰਦੇ ਦੀ ਚਮੜੀ ਉਤਲੇ ਨਿਸ਼ਾਨ ਮੱਧਮ ਜਿਹੇ ਚਿੱਟੇ ਹਨ, ਤਾਂ ਇਹ ਬਿਮਾਰੀ ਨੁਕਸਾਨ ਰਹਿਤ ਖਾਰਸ਼ ਹੀ ਹੈ ਅਤੇ ਉਹ ਬੰਦਾ ਪਾਕ ਹੈ।
40 “ਹੋ ਸੱਕਦਾ ਹੈ ਕਿ ਕੋਈ ਬੰਦਾ ਗੰਜਾ ਹੋ ਜਾਵੇ। ਉਹ ਪਾਕ ਹੈ। ਇਹ ਸਿਰਫ਼ ਗੰਜ ਹੈ। 41 ਹੋ ਸੱਕਦਾ ਹੈ ਕਿਸੇ ਬੰਦੇ ਦੇ ਮੱਥੇ ਦੇ ਵਾਲ ਝੜ ਜਾਣ। ਉਹ ਪਾਕ ਹੈ। ਇਹ ਸਿਰਫ਼ ਇੱਕ ਹੋਰ ਤਰ੍ਹਾਂ ਦਾ ਗੰਜਾਪਨ ਹੈ। 42 ਪਰ ਜੇ ਉਸ ਦੇ ਸਿਰ ਦੀ ਚਮੜੀ ਉੱਤੇ ਲਾਲ ਅਤੇ ਚਿੱਟੀ ਛੂਤ ਹੈ, ਇਹ ਛੂਤ ਦੀ ਇੱਕ ਭੈੜੀ ਸਥਿਤੀ ਹੈ। 43 ਜਾਜਕ ਨੂੰ ਉਸ ਬੰਦੇ ਨੂੰ ਧਿਆਨ ਨਾਲ ਦੇਖਣਾ ਚਾਹੀਦਾ ਹੈ। ਜੇ ਛੂਤ ਦੀ ਸੋਜ਼ਿਸ਼ ਲਾਲ ਅਤੇ ਚਿੱਟੀ ਹੈ ਅਤੇ ਸ਼ਰੀਰ ਦੇ ਹੋਰਨਾਂ ਹਿਸਿਆਂ ਉੱਤੇ ਕੋੜ੍ਹ ਵਰਗੀ ਦਿਖਾਈ ਦਿੰਦੀ ਹੈ, 44 ਤਾਂ ਉਸ ਬੰਦੇ ਦੇ ਸਿਰ ਦੀ ਚਮੜੀ ਉੱਤੇ ਕੋੜ੍ਹ ਦਾ ਰੰਗ ਹੈ। ਉਹ ਬੰਦਾ ਪਲੀਤ ਹੈ। ਜਾਜਕ ਨੂੰ ਇਹ ਐਲਾਨ ਕਰਨਾ ਚਾਹੀਦਾ ਹੈ ਕਿ ਉਹ ਬੰਦਾ ਪਲੀਤ ਹੈ।
45 “ਜੇਕਰ ਕਿਸੇ ਬੰਦੇ ਨੂੰ ਛੂਤ ਦੀ ਅਜਿਹੀ ਭੈੜੀ ਬਿਮਾਰੀ ਹੈ ਉਸ ਨੂੰ ਹੋਰਨਾਂ ਲੋਕਾਂ ਨੂੰ ਚੇਤਾਵਨੀ ਦੇਣੀ ਚਾਹੀਦੀ ਹੈ। ਉਸ ਨੂੰ ਉੱਚੀ ਅਵਾਜ਼ ਵਿੱਚ ਐਲਾਨ ਕਰਨਾ ਚਾਹੀਦਾ ਹੈ, ‘ਨਾਪਾਕ, ਨਾਪਾਕ।’ ਉਸ ਦੇ ਕੱਪੜਿਆਂ ਨੂੰ ਪਾੜ ਦੇਣਾ ਚਾਹੀਦਾ ਹੈ, ਉਸ ਨੂੰ ਆਪਣੇ ਵਾਲ ਨਹੀਂ ਵਾਹੁਣੇ ਚਾਹੀਦੇ ਅਤੇ ਆਪਣਾ ਮੂੰਹ ਢੱਕ ਲੈਣਾ ਚਾਹੀਦਾ ਹੈ। 46 ਜਿੰਨਾ ਚਿਰ ਤੱਕ ਉਸ ਬੰਦੇ ਨੂੰ ਬਿਮਾਰੀ ਲਗੀ ਹੋਈ ਹੈ, ਉਹ ਨਾਪਾਕ ਰਹੇਗਾ ਅਤੇ ਉਸ ਨੂੰ ਇੱਕਲੇ ਨੂੰ ਡੇਰੇ ਤੋਂ ਬਾਹਰ ਰਹਿਣਾ ਚਾਹੀਦਾ ਹੈ।
47-48 “ਕੁਝ ਕੱਪੜਿਆਂ ਉੱਤੇ ਫ਼ਫ਼ੂੰਦੀ ਦੇ ਨਿਸ਼ਾਨ ਹੋ ਸੱਕਦੇ ਹਨ। ਇਹ ਕੱਪੜਾ ਲਿਨਨ ਦਾ ਜਾਂ ਉੱਨ ਦਾ ਵੀ ਹੋ ਸੱਕਦਾ ਹੈ, ਜਾਂ ਲਿਨਨ ਜਾਂ ਉੱਨ ਤੋਂ ਉਣਿਆ ਹੋਇਆ ਜਾਂ ਬੁਣਿਆ ਹੋਇਆ ਹੋ ਸੱਕਦਾ ਹੈ। ਜਾਂ ਇਹ ਫ਼ਫ਼ੂੰਦੀ ਦਾ ਨਿਸ਼ਾਨ ਕਿਸੇ ਚਮੜੇ ਜਾਂ ਚਮੜੇ ਦੀ ਬਣੀ ਹੋਈ ਚੀਜ਼ ਉੱਪਰ ਹੋ ਸੱਕਦਾ ਹੈ। 49 ਜੇ ਫ਼ਫ਼ੂੰਦੀ ਹਰੀ ਜਾਂ ਲਾਲ ਹੈ ਤਾਂ ਇਹ ਨੁਕਸਾਨ ਦਾਇੱਕ ਫ਼ਫ਼ੂੰਦੀ ਹੈ ਅਤੇ ਇਸ ਨੂੰ ਜਾਜਕ ਨੂੰ ਦਿਖਾਉਣਾ ਚਾਹੀਦਾ ਹੈ। 50 ਜਾਜਕ ਨੂੰ ਇਸ ਫ਼ਫ਼ੂੰਦੀ ਨੂੰ ਧਿਆਨ ਨਾਲ ਦੇਖਣਾ ਚਾਹੀਦਾ ਹੈ। ਉਸ ਨੂੰ ਇਹ ਚੀਜ਼ ਸੱਤ ਦਿਨਾਂ ਲਈ ਵਖਰੀ ਥਾਂ ਰੱਖ ਦੇਣੀ ਚਾਹੀਦੀ ਹੈ। 51-52 ਸੱਤਵੇਂ ਦਿਨ, ਉਸ ਨੂੰ ਇਸ ਫ਼ਫ਼ੂੰਦੀ ਦਾ ਬੜੇ ਧਿਆਨ ਨਾਲ ਨਿਰੀਖਣ ਕਰਨਾ ਚਾਹੀਦਾ ਹੈ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਫ਼ਫ਼ੂੰਦੀ ਕਾਸੇ ਲਈ ਵਰਤੇ ਗਏ ਚਮੜੇ ਉੱਤੇ ਹੈ ਜਾਂ ਉਣੇ ਹੋਏ ਕੱਪੜੇ ਉੱਤੇ ਹੈ। ਜੇ ਫ਼ਫ਼ੂੰਦੀ ਫ਼ੈਲ ਗਈ ਹੈ, ਉਹ ਕੱਪੜਾ ਜਾਂ ਚਮੜਾ ਨਾਪਾਕ ਹੈ। ਇਹ ਨੁਕਸਾਨਦੇਹ ਫ਼ਫ਼ੂੰਦੀ ਹੈ ਜਾਜਕ ਨੂੰ ਉਹ ਕੱਪੜਾ ਜਾਂ ਚਮੜਾ ਸਾੜ ਦੇਣਾ ਚਾਹੀਦਾ ਹੈ।
53 “ਜੇ ਜਾਜਕ ਉਸ ਕੱਪੜੇ ਜਾਂ ਚਮੜੇ ਦਾ ਨਿਰੀਖਣ ਕਰਦਾ ਅਤੇ ਵੇਖਦਾ ਕਿ ਫ਼ਫ਼ੂੰਦੀ ਨਹੀਂ ਫ਼ੈਲੀ, 54 ਤਾਂ ਜਾਜਕ ਨੂੰ ਲੋਕਾਂ ਨੂੰ ਉਸ ਚਮੜੇ ਜਾਂ ਕੱਪੜੇ ਦੇ ਟੁਕੜੇ ਨੂੰ ਧੋਣ ਦਾ ਆਦੇਸ਼ ਦੇਣਾ ਚਾਹੀਦਾ ਭਾਵੇਂ ਇਹ ਬੁਣਿਆ ਹੋਵੇ ਜਾਂ ਉਣਿਆ ਹੋਵੇ, ਅਤੇ ਉਸ ਚਮੜੇ ਜਾਂ ਕੱਪੜੇ ਨੂੰ ਹੋਰ ਸੱਤ ਦਿਨਾਂ ਲਈ ਵੱਖਰਾ ਰੱਖਣਾ ਚਾਹੀਦਾ ਹੈ। 55 ਇਸ ਸਮੇਂ ਤੋਂ ਬਾਦ, ਜਾਜਕ ਨੂੰ ਇੱਕ ਵਾਰੀ ਫ਼ੇਰ ਧਿਆਨ ਨਾਲ ਇਸਦਾ ਨਿਰੀਖਣ ਕਰਨਾ ਚਾਹੀਦਾ ਹੈ। ਜੇ ਫ਼ਫ਼ੂੰਦੀ ਫ਼ੇਰ ਵੀ ਉਸੇ ਤਰ੍ਹਾਂ ਦਿਖਾਈ ਦਿੰਦੀ ਹੈ ਅਤੇ ਬਦਲੀ ਨਹੀਂ, ਇਹ ਨਾਪਾਕ ਹੈ। ਇਸ ਨਾਲ ਫ਼ਰਕ ਨਹੀਂ ਪੈਂਦਾ ਕਿ ਫ਼ਫ਼ੂੰਦੀ ਉਸ ਚਮੜੇ ਜਾਂ ਕੱਪੜੇ ਦੇ ਅੰਦਰਲੇ ਪਾਸੇ ਹੈ ਜਾਂ ਬਾਹਰਲੇ ਪਾਸੇ। ਤੁਹਾਨੂੰ ਇਸ ਨੂੰ ਸਾੜ ਦੇਣਾ ਚਾਹੀਦਾ ਹੈ।
56 “ਪਰ ਜੇ ਜਾਜਕ ਚਮੜੇ ਜਾਂ ਕੱਪੜੇ ਦੇ ਉਸ ਟੁਕੜੇ ਦਾ ਨਿਰੀਖਣ ਕਰਦਾ ਹੈ, ਅਤੇ ਫ਼ਫ਼ੂੰਦੀ ਮਧਮ ਪੈ ਗਈ ਹੋਵੇ, ਤਾਂ ਜਾਜਕ ਨੂੰ ਚਮੜੇ ਜਾਂ ਕੱਪੜੇ ਤੋਂ ਉਸ ਫ਼ਫ਼ੂੰਦੀ ਨੂੰ ਪਾੜ ਦੇਣਾ ਚਾਹੀਦਾ ਹੈ। ਇਸ ਨਾਲ ਫ਼ਰਕ ਨਹੀਂ ਪੈਂਦਾ ਕਿ ਕੱਪੜਾ ਉਣਿਆ ਹੋਇਆ ਹੈ ਜਾਂ ਬੁਣਿਆ ਹੋਇਆ ਹੈ। 57 ਪਰ ਚਮੜੇ ਜਾਂ ਕੱਪੜੇ ਦੇ ਉਸ ਟੁਕੜੇ ਉੱਤੇ ਫ਼ਫ਼ੂੰਦੀ ਫ਼ੇਰ ਉਭਰ ਸੱਕਦੀ ਹੈ। ਇਸ ਲਈ ਇਸ ਨੂੰ ਸਾੜ ਦੇਣਾ ਚਾਹੀਦਾ ਹੈ। 58 ਪਰ ਜੇ ਚਮੜੇ ਜਾਂ ਕੱਪੜੇ ਦੇ ਉਸ ਟੁਕੜੇ ਨੂੰ ਧੋਣ ਤੋਂ ਮਗਰੋਂ ਫ਼ਫ਼ੂੰਦੀ ਫ਼ੇਰ ਨਹੀਂ ਉਭਰੀ, ਇਸ ਨੂੰ ਫ਼ੇਰ ਤੋਂ ਧੋਤਾ ਜਾਣਾ ਚਾਹੀਦਾ ਹੈ। ਫ਼ੇਰ ਇਹ ਪਾਕ ਹੋ ਜਾਵੇਗਾ।”
59 ਚਮੜੇ ਜਾਂ ਕੱਪੜੇ ਦੇ ਟੁਕੜੇ ਉੱਤੇ ਫ਼ਫ਼ੂੰਦੀ ਪਾਕ ਹੈ ਜਾਂ ਨਾਪਾਕ ਦਾ ਫ਼ੈਸਲਾ ਕਰਨ ਦੇ ਲਈ ਇਹ ਬਿਧੀਆਂ ਹਨ। ਇਸ ਨਾਲ ਫ਼ਰਕ ਨਹੀਂ ਪੈਂਦਾ ਕਿ ਕੱਪੜਾ ਲਿਨਨ ਤੋਂ ਬਣਿਆ ਜਾਂ ਉੱਨ ਤੋਂ ਜਾਂ ਇਹ ਉਣਿਆ ਹੋਇਆ ਹੈ ਜਾਂ ਬੁਣਿਆ ਹੋਇਆ ਹੈ।
ਦਾਊਦ ਦਾ ਇੱਕ ਗੀਤ।
15 ਹੇ ਯਹੋਵਾਹ, ਤੇਰੇ ਪਵਿੱਤਰ ਤੰਬੂ ਵਿੱਚ ਕੌਣ ਠਹਿਰ ਸੱਕਦਾ ਹੈ?
ਤੇਰੇ ਪਵਿੱਤਰ ਪਰਬਤ ਉੱਤੇ ਕੌਣ ਠਹਿਰ ਸੱਕਦਾ ਹੈ?
2 ਸਿਰਫ਼ ਉਹੀ ਲੋਕ ਜਿਹੜੇ ਸ਼ੁੱਧ ਜੀਵਨ ਜਿਉਂਦੇ ਅਤੇ ਮਦਦ ਦਾ ਅਮਲ ਦਰਸਾਵੇ,
ਅਤੇ ਜਿਹੜੇ ਦਿਲੋਂ ਅਤੇ ਮਨੋਂ ਸੱਚ ਬੋਲਦੇ ਹਨ।
3 ਉਹ ਬੰਦਾ ਜਿਹੜਾ ਕਦੇ ਵੀ ਹੋਰਾਂ ਵਿਅਕਤੀਆਂ ਬਾਰੇ ਮੰਦਾ ਨਹੀਂ ਬੋਲਦਾ।
ਉਹ ਬੰਦਾ ਜਿਹੜਾ ਕਦੀ ਵੀ ਆਪਣੇ ਗੁਆਂਢੀਆਂ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ।
ਉਹ ਕਦੀ ਵੀ ਆਪਣੇ ਪਰਿਵਾਰ ਦੀਆਂ ਬੇਸ਼ਰਮੀ ਦੀਆਂ ਗੱਲਾਂ ਨਹੀਂ ਦੱਸਦਾ।
4 ਉਹ ਵਿਅਕਤੀ ਉਨ੍ਹਾਂ ਦੀ ਇੱਜ਼ਤ ਨਹੀਂ ਕਰਦਾ
ਜਿਹੜੇ ਪਰਮੇਸ਼ੁਰ ਨੂੰ ਨਫ਼ਰਤ ਕਰਦੇ ਹਨ।
ਪਰ ਉਹ ਉਨ੍ਹਾਂ ਸਾਰਿਆਂ ਦੀ ਇੱਜ਼ਤ ਕਰਦਾ ਹੈ
ਜਿਹੜੇ ਯਹੋਵਾਹ ਦੀ ਸੇਵਾ ਕਰਦੇ ਹਨ।
ਜੇ ਉਹ ਆਪਣੇ ਗੁਆਂਢੀ ਨਾਲ ਵਾਅਦਾ ਕਰਦਾ ਹੈ ਤਾਂ ਉਹ ਉਸ ਨੂੰ ਪੂਰਾ ਕਰਦਾ [a] ਹੈ।
5 ਜੇ ਉਹ ਕਿਸੇ ਨੂੰ ਪੈਸੇ ਦਿੰਦਾ ਹੈ
ਉਹ ਉਸ ਪੈਸੇ ਉੱਤੇ ਸੂਦ ਨਹੀਂ ਵਸੂਲਦਾ।
ਉਹ ਬੇਗੁਨਾਹਾਂ ਨੂੰ ਨੁਕਸਾਨ ਪਹੁੰਚਾਉਣ ਲਈ ਪੈਸੇ ਨਹੀਂ ਲੈਂਦਾ।
ਜੇਕਰ ਇੱਕ ਵਿਅਕਤੀ ਇੱਕ ਚੰਗੇ ਮਨੁੱਖ ਵਾਂਗੂ ਰਹਿੰਦਾ ਹੈ,
ਫ਼ੇਰ ਉਹ ਹਮੇਸ਼ਾ ਪਰਮੇਸ਼ੁਰ ਦੇ ਨੇੜੇ ਹੋਵੇਗਾ। [b]
ਦਾਊਦ ਦਾ ਮਿਕਤਾਮ।
16 ਮੇਰੀ ਰੱਖਿਆ ਕਰੋ, ਪਰਮੇਸ਼ੁਰ, ਕਿਉਂਕਿ ਮੈਂ ਤੁਸਾਂ ਉੱਤੇ ਨਿਰਭਰ ਹਾਂ।
2 ਮੈਂ ਆਪਣੇ ਯਹੋਵਾਹ ਨੂੰ ਆਖਿਆ,
“ਹੇ ਪਰਮੇਸ਼ੁਰ, ਤੂੰ ਮੇਰਾ ਯਹੋਵਾਹ ਹੈਂ।
ਮੇਰੇ ਕੋਲ ਜੋ ਕੁਝ ਵੀ ਚੰਗਾ ਹੈ ਇਹ ਤੁਸਾਂ ਤੋਂ ਪ੍ਰਾਪਤ ਹੋਇਆ ਹੈ।”
3 ਯਹੋਵਾਹ, ਆਪਣੇ ਚੇਲਿਆਂ ਲਈ ਧਰਤੀ ਉੱਤੇ ਅਦਭੁਤ ਗੱਲਾਂ ਕਰਦਾ ਹੈ।
ਯਹੋਵਾਹ ਦਰਸਾਉਂਦਾ ਕਿ ਉਹ ਸੱਚਮੁੱਚ ਉਨ੍ਹਾਂ ਨੂੰ ਪਿਆਰ ਕਰਦਾ ਹੈ।
4 ਪਰ ਉਹ ਜਿਹੜੇ ਹੋਰਾਂ ਦੇਵਤਿਆਂ ਦੀ ਪੂਜਾ ਕਰਨ ਲਈ ਭੱਜ ਜਾਂਦੇ ਹਨ, ਦਰਦ ਸਹਿਣਗੇ।
ਮੈਂ ਉਨ੍ਹਾਂ ਦੀਆਂ ਲਹੂ ਭੇਟਾਂ ਵਿੱਚ ਸਾਂਝ ਨਹੀਂ ਪਾਵਾਂਗਾ ਜਿਹੜੀਆਂ ਉਹ ਉਨ੍ਹਾਂ ਮੂਰਤੀਆਂ ਨੂੰ ਦਿੰਦੇ ਹਨ।
ਮੈਂ ਉਨ੍ਹਾਂ ਮੂਰਤੀਆਂ ਦੇ ਨਾਮ ਵੀ ਨਹੀਂ ਉੱਚਾਰਾਂਗਾ।
5 ਮੇਰਾ ਭੋਜਨ ਤੇ ਪਿਆਲਾ ਸਿਰਫ਼ ਪਰਮੇਸ਼ੁਰ ਪਾਸੋਂ ਆਉਂਦਾ ਹੈ।
ਜਿਸ ਤਰ੍ਹਾਂ ਕਿ ਯਹੋਵਾਹ ਨੇ ਮੈਨੂੰ ਮੇਰਾ ਵਿਰਸਾ [c] ਦਿੱਤਾ ਹੈ।
6 ਮੇਰੀ ਹਿੱਸੇ ਦੀ ਜ਼ਮੀਨ ਬਹੁਤ ਮਨਭਾਵਨੀ ਹੈ,
ਮੇਰਾ ਵਿਰਸਾ ਬਹੁਤ ਖੂਬਸੂਰਤ ਹੈ।
7 ਮੈਂ ਪਰਮੇਸ਼ੁਰ ਦੀ ਉਸਤਤਿ ਕਰਦਾ ਹਾਂ ਕਿਉਂਕਿ ਉਸ ਨੇ ਮੈਨੂੰ ਵੱਧੀਆ ਸਮਝਾਇਆ ਹੈ।
ਰਾਤ ਵੇਲੇ ਵੀ ਉਹ ਮੈਨੂੰ ਉਪਦੇਸ਼ ਦਿੰਦਾ ਹੈ ਅਤੇ ਮੇਰੇ ਮਨ ਦੇ ਧੁਰ ਅੰਦਰ ਚੰਗੀਆਂ ਸਾਲ੍ਹਾਵਾਂ ਰੱਖਦਾ ਹੈ।
8 ਮੈਂ ਹਮੇਸ਼ਾ ਮੇਰੇ ਯਹੋਵਾਹ ਨੂੰ ਸਾਹਮਣੇ ਰੱਖਦਾ ਹਾਂ,
ਅਤੇ ਕਦੀ ਵੀ ਮੈਂ ਉਸ ਦੇ ਸੱਜੇ ਤੋਂ ਮੇਰੀ ਥਾਂ ਨਹੀਂ ਛੱਡਾਂਗਾ।
9 ਇਸੇ ਲਈ ਮੇਰੀ ਰੂਹ ਤੇ ਮੇਰਾ ਮਨ ਆਨੰਦ ਮਈ ਹੋਵਣਗੇ।
ਅਤੇ ਮੇਰਾ ਸ਼ਰੀਰ ਵੀ ਸੁਰੱਖਿਅਤ ਰਹੇਗਾ।
10 ਕਿਉਂਕਿ ਹੇ ਯਹੋਵਾਹ, ਤੂੰ ਮੇਰੀ ਰੂਹ ਨੂੰ ਮ੍ਰਿਤ ਲੋਕ ਵਿੱਚ ਦਾਖਲ ਨਹੀਂ ਹੋਣ ਦੇਵੇਂਗਾ।
ਅਤੇ ਤੂੰ ਆਪਣੇ ਇੱਕ ਵਫ਼ਾਦਾਰ ਨੂੰ ਕਬਰ ਵਿੱਚ ਸੜਨ ਨਹੀਂ ਦੇਵੇਂਗਾ।
11 ਤੂੰ ਮੈਨੂੰ ਸਿਰਫ਼ ਤੇਰੇ ਨਜ਼ਦੀਕ ਆਕੇ ਜਿਉਣ ਦਾ ਸਹੀ ਤਰੀਕਾ ਸਿੱਖਾਵੇਂਗਾ।
ਯਹੋਵਾਹ, ਮੈਂ ਪੂਰਨ ਖੁਸ਼ੀ ਦਾ ਆਨੰਦ ਮਾਣਾਂਗਾ।
ਤੇਰੇ ਸੱਜੇ ਪਾਸੇ ਹੋਕੇ ਮੈਂ ਸਦੀਵੀ ਅਸੀਸ ਦਾ ਆਨੰਦ ਮਾਣਾਂਗਾ।
27 ਕਲ ਬਾਰੇ ਫੜ੍ਹਾਂ ਨਾ ਮਾਰੋ। ਕੌਣ ਜਾਣਦਾ ਕਿ ਦਿਨ ਕੀ ਲਿਆਵੇਗਾ।
2 ਕਦੇ ਵੀ ਆਪਣੀ ਉਸਤਤ ਨਾ ਕਰੋ। ਹੋਰਨਾਂ ਨੂੰ ਅਜਿਹਾ ਕਰਨ ਦਿਓ।
3 ਪੱਥਰ ਭਾਰਾ ਹੁੰਦਾ ਹੈ ਅਤੇ ਰੇਤੇ ਨੂੰ ਚੁੱਕਣਾ ਔਖਾ ਹੁੰਦਾ ਹੈ। ਪਰ ਕਿਸੇ ਗੁਸੈਲੇ ਮੂਰਖ ਵੱਲੋਂ ਪੈਦਾ ਕੀਤੀ ਹੋਈ ਮੁਸੀਬਤ ਸਹਾਰਨੀ ਹੋਰ ਵੀ ਔਖੀ ਹੈ।
4 ਗੁੱਸਾ ਜਾਲਮ ਹੁੰਦਾ ਹੈ ਅਤੇ ਕ੍ਰੋਧ ਹੜ੍ਹ ਵਾਂਗ ਹੁੰਦਾ ਹੈ, ਪਰ ਈਰਖਾ ਅੱਗੇ ਕੌਣ ਖਲੋ ਸੱਕਦਾ ਹੈ।
5 ਲੁਕਵੇਂ ਪਿਆਰ ਕੀਤੇ ਜਾਣ ਨਾਲੋਂ ਤੁਹਾਨੂੰ ਮੂੰਹ ਤੇ ਝਿੜਕਿਆ ਜਾਣਾ ਬਿਹਤਰ ਹੈ।
6 ਹੋ ਸੱਕਦਾ ਦੋਸਤ ਤੁਹਾਨੂੰ ਨੁਕਸਾਨ ਪੁਚਾਉਣਾ ਚਾਹੁੰਦਾ ਹੋਵੇ, ਪਰ ਤੁਹਾਨੂੰ ਧੋਖਾ ਨਹੀਂ ਦੇਵੇਗਾ, ਜਿਹੜਾ ਵਿਅਕਤੀ ਤੁਹਾਡੀ ਚਾਪਲੂਸੀ ਕਰਦਾ ਹੋ ਸੱਕਦਾ ਤੁਹਾਨੂੰ ਪਿਆਰ ਨਾ ਕਰਦਾ ਹੋਵੇ।
7 ਜਦੋਂ ਤੁਹਾਡਾ ਢਿੱਡ ਭਰਿਆ ਹੁੰਦਾ ਤੁਸੀਂ ਸ਼ਹਿਦ ਖਾਣਾ ਵੀ ਪਸੰਦ ਨਹੀਂ ਕਰੋਂਗੇ ਪਰ ਕੌੜੀਆਂ ਚੀਜ਼ਾਂ ਵੀ ਸੁਆਦੀ ਲਗਦੀਆਂ ਹਨ ਜਦੋਂ ਤੁਸੀਂ ਭੁੱਖੇ ਹੁੰਦੇ ਹੋ।
8 ਜਿਹੜਾ ਬੰਦਾ ਆਪਣਾ ਘਰ ਛੱਡ ਦਿੰਦਾ ਅਤੇ ਇੱਧਰ-ਉਧੱਰ ਘੁੰਮਦਾ ਰਹਿੰਦਾ, ਉਹ ਚਿੜੀ ਵਰਗਾ ਹੈ ਜੋ ਆਪਣਾ ਆਲ੍ਹਣਾ ਤਿਆਗ ਦਿੰਦੀ ਹੈ।
9 ਅਤਰ ਅਤੇ ਖੁਸ਼ਬੂਦਾਰ ਧੂਫ਼ ਤੁਹਾਡੇ ਦਿਲ ਨੂੰ ਪ੍ਰਸੰਨ ਕਰਦੇ ਹਨ, ਪਰ ਦੋਸਤੀ ਦੀ ਮਿਠਾਸ ਸੱਚੀ ਸਲਾਹ ਤੋਂ ਉਤਪੰਨ ਹੁੰਦੀ ਹੈ।
10 ਆਪਣੇ ਅਤੇ ਆਪਣੇ ਪਿਤਾ ਦੇ ਮਿੱਤਰਾਂ ਨੂੰ ਕਦੇ ਨਾ ਵਿਸਾਰੋ। ਅਤੇ ਜੇ ਤੁਸੀਂ ਮੁਸੀਬਤ ਵਿੱਚ ਹੋ ਤਾਂ ਸਹਾਇਤਾ ਲਈ ਆਪਣੇ ਦੂਰ ਵੱਸਦੇ ਭਰਾ ਪਾਸ ਨਾ ਜਾਓ। ਹੱਥ ਜਿੰਨਾ ਦੂਰ ਗੁਆਂਢੀ, ਦੂਰ ਦੁਰਾਡੇ ਦੇ ਭਰਾ ਨਾਲੋਂ, ਬਿਹਤਰ ਹੈ।
11 ਮੇਰੇ ਬੇਟੇ, ਸਿਆਣੇ ਬਣੋ। ਇਸ ਨਾਲ ਮੈਨੂੰ ਖੁਸ਼ੀ ਮਿਲੇਗੀ। ਫ਼ੇਰ ਮੈਂ ਹਰ ਕਿਸੇ ਨੂੰ ਜਵਾਬ ਦੇ ਸੱਕਾਂਗਾ ਜੋ ਮੈਨੂੰ ਤਿਰਸੱਕਾਰਦਾ ਹੈ। ਮੈਂ ਉਪਯੁਕਤ ਜਵਾਬ ਦੇ ਸੱਕਦਾ ਹਾਂ।
12 ਇੱਕ ਸਿਆਣਾ ਆਦਮੀ ਮੁਸੀਬਤ ਨੂੰ ਵੇਖ ਕੇ ਇਸ ਤੋਂ ਪਰ੍ਹਾਂ ਹੋ ਜਾਂਦਾ, ਪਰ ਉਹ ਜਿਹੜੇ ਆਮ ਹੁੰਦੇ ਹਨ ਇਸਤੇ ਚੱਲ ਕੇ ਸੱਟ ਖਾਂਦੇ ਹਨ।
13 ਉਸ ਬੰਦੇ ਦਾ ਲਬਾਦਾ ਲੈ ਲਵੋ ਜੋ ਅਨਜਾਣੇ ਵਿਅਕਤੀ ਦੇ ਕਰਜੇ ਦੀ ਜਿੰਮੇਦਾਰੀ ਲੈਂਦਾ, ਪ੍ਰਪੱਕ ਕਰੋ ਕਿ ਤੁਸੀਂ ਉਸ ਵਿਅਕਤੀ ਤੋਂ ਕੁਝ ਗਿਰਵੀ ਰੱਖਵਾ ਲੈਂਦੇ ਹੋ ਜੋ ਅਨਜਾਣੀ ਔਰਤ ਦੀ ਜਿੰਮੇਦਾਰੀ ਚੁੱਕਦਾ।
14 ਜੇਕਰ ਕੋਈ ਸੁਵਖਤੇ ਹੀ ਉੱਚੀ-ਉੱਚੀ ਆਪਣੇ ਗੁਆਂਢੀ ਦੀ ਉਸਤਤ ਕਰਦਾ, ਇਹ ਉਸ ਲਈ ਇੰਝ ਕਰਾਰ ਦਿੱਤਾ ਜਾਵੇਗਾ ਜਿਵੇਂ ਉਹ ਉਸ ਨੂੰ ਸਰਾਪ ਰਿਹਾ ਹੋਵੇ।
15 ਉਹ ਪਤਨੀ ਜਿਹੜੀ ਹਮੇਸ਼ਾ ਲੜਾਈ ਝਗੜਾ ਕਰਨਾ ਪਸੰਦ ਕਰਦੀ ਹੈ ਉਸ ਪਾਣੀ ਵਰਗੀ ਹੈ ਜਿਹੜਾ ਬਰਸਾਤ ਦੇ ਦਿਨਾਂ ਵਿੱਚ ਟਪਕਣ ਤੋਂ ਨਹੀਂ ਹਟਦਾ। 16 ਉਸ ਨੂੰ ਰੋਕਣਾ ਓਨਾ ਹੀ ਔਖਾ ਜਿੰਨਾ ਹਵਾ ਨੂੰ ਵਗਣੋ ਰੋਕਣਾ ਜਾਂ ਤੇਲ ਨੂੰ ਹੱਥ ਵਿੱਚ ਫ਼ੜਨਾ।
17 ਲੋਕੀ ਲੋਹੇ ਦੀਆਂ ਛੜਾਂ ਨਾਲ ਚਾਕੂ ਤੇਜ਼ ਕਰਦੇ ਹਨ। ਇਸੇ ਤਰ੍ਹਾਂ ਲੋਕ ਇੱਕ ਦੂਸਰੇ ਕੋਲੋਂ ਸਿਖਦੇ ਹਨ, ਇੱਕ ਦੂਸਰੇ ਨੂੰ ਤੇਜ਼ ਕਰਦੇ ਹੋਏ।
18 ਜਿਹੜਾ ਬੰਦਾ ਅੰਜੀਰ ਦੇ ਰੁੱਖ ਦੀ ਦੇਖਭਾਲ ਕਰਦਾ ਹੈ ਉਹ ਉਸ ਦੇ ਫ਼ਲਾਂ ਨੂੰ ਵੀ ਮਾਣੇਗਾ। ਇਸੇ ਤਰ੍ਹਾਂ ਹੀ, ਜਿਹੜਾ ਬੰਦਾ ਆਪਣੇ ਸੁਆਮੀ ਦੀ ਕਾਮਨਾਵਾਂ ਨੂੰ ਸੁਰੱਖਿਤ ਕਰਦਾ ਹੈ, ਇੱਜ਼ਤ ਹਾਸਿਲ ਕਰੇਗਾ।
19 ਜਿਵੇਂ ਪਾਣੀ ਆਦਮੀ ਦੇ ਚਿਹਰੇ ਨੂੰ ਪ੍ਰਤਿਰੂਪ ਵਿਖਾਉਂਦਾ, ਇੰਝ ਹੀ ਦਿਲ ਆਦਮੀ ਦੇ ਚਰਿਤ੍ਰ ਨੂੰ ਪ੍ਰਤਿਰੂਪ ਵਿਖਾਉਂਦਾ ਹੈ।
20 ਲੋਕ ਤਾਂ ਬਸ ਕਬਰ ਵਰਗੇ ਹਨ। ਮੌਤ ਦਾ ਸਥਾਨ ਅਤੇ ਤਬਾਹੀ ਹਮੇਸ਼ਾ ਇਨ੍ਹਾਂ ਗੱਲਾਂ ਨੂੰ ਹੋਰ ਵੱਧੇਰੇ ਲੋਚਦੇ ਹਨ।
21 ਲੋਕੀ ਸੋਨੇ ਅਤੇ ਚਾਂਦੀ ਨੂੰ ਸ਼ੁੱਧ ਕਰਨ ਲਈ ਅੱਗ ਦੀ ਵਰਤੋਂ ਕਰਦੇ ਹਨ। ਇਸੇ ਤਰ੍ਹਾਂ ਬੰਦੇ ਦੀ ਪਰੱਖ ਲੋਕਾਂ ਵੱਲੋਂ ਮਿਲੀ ਉਸਤਤ ਨਾਲ ਹੁੰਦੀ ਹੈ।
22 ਤੁਸੀਂ ਕਿਸੇ ਮੂਰਖ ਨੂੰ ਪੀਹ ਸੱਕਦੇ ਹੋ, ਉਸ ਨੂੰ ਇੰਝ ਪੀਹ ਸੱਕਦੇ ਹੋ ਜਿਵੇਂ ਤੁਸੀਂ ਘੋਟਣੇ ਨਾਲ ਕਣਕ ਨੂੰ ਪੀਂਹਦੇ ਹੋ, ਪਰ ਤੁਸੀਂ ਉਸ ਵਿੱਚੋਂ ਉਸ ਦੀ ਮੂਰੱਖਤਾ ਕੱਢਣ ਵਿੱਚ ਸਫ਼ਲ ਨਹੀਂ ਹੋਵੋਂਗੇ।
23 ਪ੍ਰਪਕ ਕਰੋ ਕਿ ਤੁਸੀਂ ਆਪਣੀਆਂ ਭੇਡਾਂ ਦੀ ਹਾਲਤ ਬਾਰੇ ਜਾਣਦੇ ਹੋ, ਅਤੇ ਪਸ਼ੂਆ ਵੱਲ ਖਾਸ ਧਿਆਨ ਦਿਓ। 24 ਦੌਲਤ ਹਮੇਸ਼ਾ ਨਹੀਂ ਰਹਿੰਦੀ। ਇਸੇ ਤਰ੍ਹਾਂ ਹੀ ਤਾਜ ਇੱਕ ਪੀੜੀ ਤੋਂ ਅਗਲੀ ਪੀੜੀ ਤਾਈਂ ਨਹੀਂ ਜਾਂਦਾ। 25 ਜਦੋਂ ਤੁਸੀਂ ਸੁੱਕਾ ਘਾਹ ਇੱਕਤ੍ਰ ਕਰ ਲੈਂਦੇ ਹੋ ਅਤੇ ਤਦ ਤਾਜਾ ਘਾਹ ਪ੍ਰਗਟਦਾ ਹੈ ਅਤੇ ਤੁਸੀਂ ਫ਼ੇਰ ਤੋਂ ਪਹਾੜੀਆਂ ਤੋਂ ਘਾਹ ਇੱਕਤ੍ਰ ਕਰਦੇ ਹੋ। 26 ਫ਼ੇਰ ਤੁਹਾਡੇ ਲੇਲਿਆਂ ਦੀ ਉੱਨ ਤੁਹਾਨੂੰ ਕੱਪੜੇ ਪ੍ਰਦਾਨ ਕਰੇਗੀ ਅਤੇ ਤੁਸੀਂ ਬੱਕਰੀਆਂ ਵੇਚਕੇ ਜ਼ਮੀਨ ਖਰੀਦ ਸੱਕਦੇ ਹੋ। 27 ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਪੀਣ ਵਾਸਤੇ ਬੱਕਰੀ ਦਾ ਕਾਫ਼ੀ ਦੁੱਧ ਹੋਵੇਗਾ। ਇਹ ਤੁਹਾਡੀਆਂ ਨੌਕਰਾਣੀਆਂ ਨੂੰ ਸਿਹਤਮੰਦ ਬਣਾਵੇਗਾ।
1 ਪੌਲੁਸ, ਸਿਲਵਾਨੁਸ ਅਤੇ ਤਿਮੋਥਿਉਸ ਵੱਲੋਂ ਥੱਸਲੁਨੀਕੀਆਂ ਦੀ ਕਲੀਸਿਯਾ ਨੂੰ ਸ਼ੁਭਕਾਮਾਨਾਵਾਂ ਤੁਸੀਂ ਲੋਕ ਪਰਮੇਸ਼ੁਰ, ਸਾਡੇ ਪਿਤਾ, ਅਤੇ ਪ੍ਰਭੂ ਯਿਸੂ ਮਸੀਹ ਦੇ ਵਿੱਚ ਹੋ।
2 ਪਰਮੇਸ਼ੁਰ, ਸਾਡੇ ਪਿਤਾ ਅਤੇ ਪ੍ਰਭੂ ਯਿਸੂ ਮਸੀਹ ਵੱਲੋਂ ਤੁਹਾਡੇ ਤੇ ਕਿਰਪਾ ਅਤੇ ਸ਼ਾਂਤੀ ਹੋਵੇ।
3 ਭਰਾਵੋ ਅਤੇ ਭੈਣੋ, ਅਸੀਂ ਤੁਹਾਡੇ ਲਈ ਹਮੇਸ਼ਾ ਪਰਮੇਸ਼ੁਰ ਦਾ ਧੰਨਵਾਦ ਕਰਦੇ ਹਾਂ ਅਤੇ ਸਾਨੂੰ ਇਹ ਕਰਨਾ ਚਾਹੀਦਾ ਹੈ ਕਿਉਂ ਕਿ ਸਾਡੇ ਲਈ ਇਹ ਠੀਕ ਹੈ ਕਿਉਂਕਿ ਤੁਹਾਡਾ ਵਿਸ਼ਵਾਸ ਵੱਧ-ਫ਼ੁੱਲ ਰਿਹਾ ਹੈ ਅਤੇ ਉਹ ਪਿਆਰ ਜਿਹੜਾ ਤੁਹਾਡੇ ਵਿੱਚੋਂ ਹਰ ਕੋਈ ਇੱਕ ਦੂਸਰੇ ਨੂੰ ਕਰਦਾ ਹੈ, ਉਹ ਵੀ ਵੱਧ-ਫ਼ੁੱਲ ਰਿਹਾ ਹੈ। 4 ਇਸ ਲਈ ਅਸੀਂ ਪਰਮੇਸ਼ੁਰ ਦੀਆਂ ਕਲੀਸਿਆਵਾਂ ਵਿੱਚ ਘਮੰਡ ਕਰਦੇ ਹਾਂ ਕਿ ਤੁਸੀਂ ਕਿਵੇਂ ਤਕੜੇ ਰਹਿੰਦੇ ਹੋ ਅਤੇ ਨਿਹਚਾ ਰੱਖਦੇ ਹੋ। ਤੁਸੀਂ ਸਤਾਏ ਜਾ ਰਹੋ ਹੋ। ਅਤੇ ਤੁਸੀਂ ਬਹੁਤ ਸਾਰੀਆਂ ਮੁਸ਼ਕਿਲਾਂ ਰਾਹੀਂ ਲੰਘ ਰਹੇ ਹੋ ਪਰ ਤੁਸੀਂ ਤਕੜੇ ਰਹੋ ਅਤੇ ਵਿਸ਼ਵਾਸ ਰੱਖੋ।
ਪੌਲੁਸ ਪਰਮੇਸ਼ੁਰ ਦੇ ਨਿਆਂ ਬਾਰੇ ਦੱਸਦਾ ਹੈ
5 ਇਹ ਇਸ ਗੱਲ ਦਾ ਪ੍ਰਮਾਣ ਹੈ ਕਿ ਪਰਮੇਸ਼ੁਰ ਆਪਣੇ ਨਿਆਂ ਵਿੱਚ ਸਹੀ ਹੈ ਪਰਮੇਸ਼ੁਰ ਚਾਹੁੰਦਾ ਹੈ ਕਿ ਤੁਸੀਂ ਉਸ ਦੇ ਰਾਜ ਦੇ ਯੋਗ ਹੋਵੋ। ਤੁਹਾਡੀਆਂ ਤਕਲੀਫ਼ਾਂ ਉਸ ਰਾਜ ਲਈ ਹਨ। 6 ਪਰਮੇਸ਼ੁਰ ਉਹੀ ਕਰੇਗਾ ਜੋ ਸਹੀ ਹੈ ਉਹ ਉਨ੍ਹਾਂ ਲੋਕਾਂ ਨੂੰ ਤਕਲੀਫ਼ਾਂ ਦੇਵੇਗਾ ਜਿਹੜੇ ਤੁਹਾਨੂੰ ਤਕਲੀਫ਼ਾਂ ਦਿੰਦੇ ਹਨ। 7 ਅਤੇ ਪਰਮੇਸ਼ੁਰ ਤੁਸਾਂ ਲੋਕਾਂ ਨੂੰ ਜਿਹੜੇ ਕਸ਼ਟ ਵਿੱਚ ਹੋ, ਸ਼ਾਂਤੀ ਦੇਵੇਗਾ ਅਤੇ ਉਹ ਸਾਨੂੰ ਸ਼ਾਂਤੀ ਦੇਵੇਗਾ ਪਰਮੇਸ਼ੁਰ ਸਾਨੂੰ ਇਹ ਸਹਾਇਤਾ ਉਦੋਂ ਦੇਵੇਗਾ ਜਦੋਂ ਸਾਨੂੰ ਪ੍ਰਭੂ ਯਿਸੂ ਪ੍ਰਗਟ ਹੋਵੇਗਾ ਯਿਸੂ ਆਪਣੇ ਸ਼ਕਤੀਸ਼ਾਲੀ ਦੂਤਾਂ ਦੇ ਨਾਲ ਸਵਰਗ ਵਿੱਚੋਂ ਆਵੇਗਾ। 8 ਉਹ ਸਵਰਗ ਵਿੱਚੋਂ ਬਲਦੀ ਹੋਈ ਅੱਗ ਨਾਲ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਣ ਲਈ ਆਵੇਗਾ ਜਿਹੜੇ ਪਰਮੇਸ਼ੁਰ ਨੂੰ ਨਹੀਂ ਜਾਣਦੇ। ਉਹ ਉਨ੍ਹਾਂ ਨੂੰ ਸਜ਼ਾ ਦੇਵੇਗਾ ਜਿਹੜੇ ਸਾਡੇ ਪ੍ਰਭੂ ਯਿਸੂ ਮਸੀਹ ਦੀ ਖੁਸ਼ਖਬਰੀ ਨੂੰ ਨਹੀਂ ਮੰਨਦੇ। 9 ਉਨ੍ਹਾਂ ਲੋਕਾਂ ਨੂੰ ਅਜਿਹੀ ਤਬਾਹੀ ਵਾਲੀ ਸਜ਼ਾ ਦਿੱਤੀ ਜਾਵੇਗੀ ਜਿਹੜੀ ਹਮੇਸ਼ਾ ਜਾਰੀ ਰਹੇਗੀ ਉਨ੍ਹਾਂ ਨੂੰ ਪ੍ਰਭੂ ਦੇ ਨਾਲ ਰਹਿਣ ਦੀ ਇਜਾਜ਼ਤ ਨਹੀਂ ਮਿਲੇਗੀ ਉਨ੍ਹਾਂ ਲੋਕਾਂ ਨੂੰ ਉਸਦੀ ਮਹਾਨ ਸ਼ਕਤੀ ਤੋਂ ਦੂਰ ਰੱਖਿਆ ਜਾਵੇਗਾ। 10 ਇਹ ਉਸ ਦਿਨ ਵਾਪਰੇਗਾ ਜਦੋਂ ਸਾਡਾ ਪ੍ਰਭੂ ਯਿਸੂ ਆਵੇਗਾ। ਯਿਸੂ ਮਹਿਮਾਮਈ ਹੋਣ ਲਈ ਆਪਣੇ ਪਵਿੱਤਰ ਲੋਕਾਂ ਸਮੇਤ ਆਵੇਗਾ। ਉਹ ਸਾਰੇ ਲੋਕ, ਜਿਨ੍ਹਾਂ ਨੇ ਵਿਸ਼ਵਾਸ ਕੀਤਾ, ਹੈਰਾਨ ਹੋ ਜਾਣਗੇ ਜਦੋਂ ਉਹ ਯਿਸੂ ਨੂੰ ਵੇਖਣਗੇ। ਤੁਸੀਂ ਵਿਸ਼ਵਾਸੀਆਂ ਦੇ ਉਸ ਸਮੂਹ ਵਿੱਚ ਹੋਵੋਂਗੇ, ਕਿਉਂਕਿ ਤੁਸੀਂ ਉਨ੍ਹਾਂ ਗੱਲਾਂ ਵਿੱਚ ਵਿਸ਼ਵਾਸ ਕੀਤਾ ਜਿਹੜੀਆਂ ਅਸੀਂ ਤੁਹਾਨੂੰ ਦੱਸੀਆਂ ਸਨ।
11 ਇਸ ਲਈ ਅਸੀਂ ਹਮੇਸ਼ਾ ਤੁਹਾਡੇ ਲਈ ਪ੍ਰਾਰਥਨਾ ਕਰਦੇ ਹਾਂ। ਅਸੀਂ ਆਪਣੇ ਪਰਮੇਸ਼ੁਰ ਨੂੰ ਬੇਨਤੀ ਕਰਦੇ ਹਾਂ ਕਿ ਉਹ ਚੰਗੇ ਢੰਗ ਨਾਲ ਜਿਉਣ ਵਿੱਚ ਤੁਹਾਡੀ ਮਦਦ ਕਰੇ, ਜਿਸ ਨੂੰ ਜਿਉਣ ਵਾਸਤੇ ਉਸ ਨੇ ਤੁਹਾਨੂੰ ਸੱਦਿਆ ਹੈ। ਤੁਹਾਡੇ ਅੰਦਰ ਦੀ ਚੰਗਿਆਈ ਤੁਹਾਨੂੰ ਚੰਗਾ ਕਰਨ ਲਈ ਹੌਂਸਲਾ ਦਿੰਦੀ ਹੈ ਅਤੇ ਤੁਹਾਡਾ ਵਿਸ਼ਵਾਸ ਤੁਹਾਡੇ ਪਾਸੋਂ ਕੰਮ ਕਰਵਾਉਂਦਾ ਹੈ, ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਪਰਮੇਸ਼ੁਰ ਤੁਹਾਨੂੰ ਆਪਣੀ ਸ਼ਕਤੀ ਨਾਲ ਇਨ੍ਹਾਂ ਗੱਲਾਂ ਨੂੰ ਹੋਰ ਵੱਧੇਰੇ ਕਰਨ ਵਿੱਚ ਸਹਾਈ ਹੋਵੇਗਾ। 12 ਅਸੀਂ ਇਨ੍ਹਾਂ ਸਭ ਗੱਲਾਂ ਲਈ ਇਸ ਲਈ ਪ੍ਰਾਰਥਨਾ ਕਰ ਰਹੇ ਹਾਂ ਤਾਂ ਕਿ ਸਾਡੇ ਪ੍ਰਭੂ ਯਿਸੂ ਮਸੀਹ ਦਾ ਨਾਮ ਤੁਹਾਡੇ ਵਿੱਚ ਮਹਿਮਾ ਮਈ ਹੋ ਸੱਕੇ ਅਤੇ ਤੁਸੀਂ ਉਸ ਵਿੱਚ ਮਹਿਮਾ ਹਾਸਿਲ ਕਰ ਸੱਕਦੇ ਹੋ। ਇਹ ਮਹਿਮਾ ਸਾਡੇ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਵੱਲੋਂ ਆਉਂਦੀ ਹੈ।
2010 by World Bible Translation Center