M’Cheyne Bible Reading Plan
ਜਾਜਕਾਂ ਲਈ ਬਿਧੀਆਂ
21 ਯਹੋਵਾਹ ਨੇ ਮੂਸਾ ਨੂੰ ਆਖਿਆ, “ਹਾਰੂਨ ਦੇ ਪੁੱਤਰਾਂ, ਜਾਜਕਾਂ ਨੂੰ ਇਹ ਗੱਲਾਂ ਆਖ; ਆਪਣੇ ਲੋਕਾਂ ਦਰਮਿਆਨ ਹੋਈ ਮੌਤ ਕਾਰਣ ਜਾਜਕ ਨੂੰ ਆਪਣੇ-ਆਪ ਨੂੰ ਪਲੀਤ ਨਹੀਂ ਕਰਨਾ ਚਾਹੀਦਾ। 2 ਪਰ ਜੇ ਮਰਿਆ ਹੋਇਆ ਬੰਦਾ ਉਸਦਾ ਨਜ਼ਦੀਕੀ ਰਿਸ਼ਤੇਦਾਰ ਸੀ ਤਾਂ ਉਹ ਆਪਣੇ-ਆਪ ਨੂੰ ਪਲੀਤ ਕਰ ਸੱਕਦਾ ਹੈ। ਇਸ ਵਿੱਚ ਉਸਦੀ ਮਾਤਾ, ਉਸਦਾ ਪਿਤਾ, ਉਸਦਾ ਪੁੱਤਰ ਜਾਂ ਧੀ, ਉਸਦਾ ਭਰਾ ਜਾਂ 3 ਉਸਦੀ ਅਣਵਿਆਹੀ ਭੈਣ ਸ਼ਾਮਿਲ ਹੈ। (ਇਹ ਭੈਣ ਉਸ ਦੇ ਨਜ਼ਦੀਕ ਹੈ ਕਿਉਂਕਿ ਉਸਦਾ ਕੋਈ ਪਤੀ ਨਹੀਂ। ਇਸ ਲਈ ਜਾਜਕ ਉਸ ਵਾਸਤੇ ਆਪਣੇ ਆਪ ਨੂੰ ਪਲੀਤ ਕਰ ਸੱਕਦਾ ਹੈ ਜੇ ਉਹ ਮਰ ਜਾਂਦੀ ਹੈ।) 4 ਪਰ ਉਸ ਨੂੰ ਆਪਣੇ-ਆਪਨੂੰ ਪਲੀਤ ਨਹੀਂ ਕਰਨਾ ਚਾਹੀਦਾ ਜੇ ਮਰਿਆ ਹੋਇਆ ਬੰਦਾ ਸ਼ਾਦੀ ਕਾਰਣ ਹੀ ਉਸ ਦੇ ਨਾਲ ਜੁੜਿਆ ਹੋਇਆ ਸੀ।
5 “ਜਾਜਕਾਂ ਨੂੰ ਆਪਣੇ ਸਿਰ ਨਹੀਂ ਮੁਨਵਾਉਣੇ ਚਾਹੀਦੇ। ਉਨ੍ਹਾਂ ਨੂੰ ਆਪਣੀਆਂ ਦਾਹੜੀਆਂ ਦੇ ਸਿਰੇ ਨਹੀਂ ਮੁਨਾਉਣੇ ਚਾਹੀਦੇ ਅਤੇ ਆਪਣੇ ਜਿਸਮਾਂ ਉੱਤੇ ਚੀਰੇ ਨਹੀਂ ਲਾਉਣੇ ਚਾਹੀਦੇ। [a] 6 ਉਨ੍ਹਾਂ ਨੂੰ ਆਪਣੇ ਪਰਮੇਸ਼ੁਰ ਲਈ ਪਵਿੱਤਰ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਆਪਣੇ ਪਰਮੇਸ਼ੁਰ ਦੇ ਨਾਮ ਦਾ ਨਿਰਾਦਰ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਯਹੋਵਾਹ ਨੂੰ ਅੱਗ ਦੁਆਰਾ ਚੜ੍ਹਾਵੇ (ਉਨ੍ਹਾਂ ਦੇ ਪਰਮੇਸ਼ੁਰ ਦਾ ਭੋਜਨ) ਚੜ੍ਹਾਉਂਦੇ ਹਨ। ਇਸ ਲਈ ਉਨ੍ਹਾਂ ਨੂੰ ਪਵਿੱਤਰ ਹੋਣਾ ਚਾਹੀਦਾ ਹੈ।
7 “ਇੱਕ ਜਾਜਕ ਆਪਣੇ ਪਰਮੇਸ਼ੁਰ ਲਈ ਪਵਿੱਤਰ ਹੈ। ਇਸ ਲਈ ਜਾਜਕ ਨੂੰ ਕਿਸੇ ਵੇਸਵਾ, ਕਿਸੇ ਕਲੰਕਤ ਔਰਤ ਜਾਂ ਤਲਾਕਸ਼ੁਦਾ ਔਰਤ ਨਾਲ ਸ਼ਾਦੀ ਨਹੀਂ ਕਰਨੀ ਚਾਹੀਦੀ। 8 ਤੁਹਾਨੂੰ ਜਾਜਕ ਨਾਲ ਨਾਪਾਕ ਤਰੀਕੇ ਨਾਲ ਪੇਸ਼ ਨਹੀਂ ਆਉਣਾ ਚਾਹੀਦਾ। ਕਿਉਂਕਿ ਉਹ ਤੁਹਾਡੇ ਪਰਮੇਸ਼ੁਰ ਦਾ ਭੋਜਨ ਹਾਜ਼ਰ ਕਰਦਾ ਹੈ, ਅਤੇ ਮੈਂ ਪਵਿੱਤਰ ਹਾਂ। ਮੈਂ ਯਹੋਵਾਹ ਹਾਂ ਅਤੇ ਮੈਂ ਤੁਹਾਨੂੰ ਪਵਿੱਤਰ ਬਣਾਉਂਦਾ ਹਾਂ।
9 “ਜੇ ਕਿਸੇ ਜਾਜਕ ਦੀ ਧੀ ਵੇਸਵਾ ਬਣ ਜਾਵੇ ਅਤੇ ਆਪਣੇ-ਆਪ ਨੂੰ ਕਲੰਕਤ ਕਰ ਲਵੇ ਉਹ ਆਪਣੇ ਪਿਉ ਨੂੰ ਵੀ ਕਲੰਕਤ ਕਰ ਦਿੰਦੀ ਹੈ। ਇਸ ਲਈ ਉਸ ਨੂੰ ਜਿੰਦਾ ਸਾੜ ਦੇਣਾ ਚਾਹੀਦਾ ਹੈ।
10 “ਪਰਧਾਨ ਜਾਜਕ ਨੂੰ ਉਸ ਦੇ ਭਰਾਵਾਂ ਵਿੱਚੋਂ ਚੁਣਿਆ ਗਿਆ ਸੀ। ਮਸਹ ਵਾਲਾ ਤੇਲ ਉਸ ਦੇ ਸਿਰ ਤੇ ਲਾਇਆ ਗਿਆ ਸੀ। ਇਸ ਤਰ੍ਹਾਂ ਨਾਲ ਉਸ ਨੂੰ ਪਰਧਾਨ ਜਾਜਕ ਦੀ ਖਾਸ ਸੇਵਾ ਲਈ ਚੁਣਿਆ ਗਿਆ ਸੀ। ਉਸ ਨੂੰ ਖਾਸ ਕੱਪੜੇ ਪਹਿਨਣ ਲਈ ਚੁਣਿਆ ਗਿਆ ਸੀ। ਇਸ ਲਈ ਉਸ ਨੂੰ ਅਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜਿਹੜੀਆਂ ਲੋਕਾਂ ਵਿੱਚ ਉਸਦੀ ਉਦਾਸੀ ਨੂੰ ਦਰਸਾਉਣ। ਉਸ ਨੂੰ ਆਪਣੇ ਵਾਲ ਵੱਧਣ ਨਹੀਂ ਦੇਣੇ ਚਾਹੀਦੇ। ਉਸ ਨੂੰ ਆਪਣੇ ਕੱਪੜੇ ਨਹੀਂ ਪਾੜਨੇ ਚਾਹੀਦੇ। 11 ਉਸ ਨੂੰ ਕਿਸੇ ਮੁਰਦਾ ਸ਼ਰੀਰ ਦੇ ਕੋਲ ਜਾਕੇ ਆਪਣੇ-ਆਪ ਨੂੰ ਪਲੀਤ ਨਹੀਂ ਕਰਨਾ ਚਾਹੀਦਾ ਭਾਵੇਂ ਲਾਸ਼ ਉਸਦੀ ਮਾਂ ਹੋਵੇ ਜਾਂ ਪਿਉ ਦੀ। 12 ਪਰਧਾਨ ਜਾਜਕ ਨੂੰ ਪਰਮੇਸ਼ੁਰ ਦੇ ਪਵਿੱਤਰ ਸਥਾਨ ਤੋਂ ਬਾਹਰ ਨਹੀਂ ਜਾਣਾ ਚਾਹੀਦਾ। ਜੇ ਉਹ ਜਾਵੇਗਾ ਤਾਂ ਉਹ ਪਲੀਤ ਹੋ ਸੱਕਦਾ ਹੈ ਅਤੇ ਉਹ ਪਰਮੇਸ਼ੁਰ ਦੇ ਪਵਿੱਤਰ ਸਥਾਨ ਨੂੰ ਵੀ ਪਲੀਤ ਕਰ ਸੱਕਦਾ ਹੈ। ਕਿਉਂਕਿ ਉਸ ਨੂੰ ਉਸ ਦੇ ਪਰਮੇਸ਼ੁਰ ਦਾ ਮਸਹ ਕਰਨ ਵਾਲਾ ਤੇਲ ਉਸ ਦੇ ਸਿਰ’ਚ ਪਾਕੇ ਸਮਰਪਿਤ ਕੀਤਾ ਗਿਆ ਹੈ। ਮੈਂ ਯਹੋਵਾਹ ਹਾਂ।
13 “ਪਰਧਾਨ ਜਾਜਕ ਨੂੰ ਕਿਸੇ ਅਜਿਹੀ ਔਰਤ ਨਾਲ ਹੀ ਸ਼ਾਦੀ ਕਰਨੀ ਚਾਹੀਦੀ ਹੈ ਜੋ ਕੁਆਰੀ ਹੋਵੇ। 14 ਪਰਧਾਨ ਜਾਜਕ ਨੂੰ ਕਿਸੇ ਵਿਧਵਾ, ਕਿਸੇ ਤਲਾਕਸ਼ੁਦਾ ਔਰਤ ਜਾਂ ਕਿਸੇ ਵੇਸਵਾ ਨਾਲ ਸ਼ਾਦੀ ਨਹੀਂ ਕਰਨੀ ਚਾਹੀਦੀ। ਉਹ ਸਿਰਫ਼ ਆਪਣੇ ਲੋਕਾਂ ਵਿੱਚੋਂ ਹੀ ਕਿਸੇ ਕੁਆਰੀ ਕੁੜੀ ਨਾਲ ਸ਼ਾਦੀ ਕਰ ਸੱਕਦਾ ਹੈ। 15 ਇਸ ਤਰ੍ਹਾਂ, ਉਹ ਲੋਕਾਂ ਦਰਮਿਆਨ ਆਪਣੇ ਬੱਚਿਆਂ ਨੂੰ ਜਾਜਕ ਹੋਣ ਤੋਂ ਅਯੋਗ ਨਹੀਂ ਬਣਾ ਸੱਕੇਗਾ। [b] ਮੈਂ ਯਹੋਵਾਹ ਨੇ, ਜਾਜਕ ਨੂੰ ਉਸ ਦੇ ਖਾਸ ਕਾਰਜ ਲਈ ਵੱਖ ਕੀਤਾ ਹੈ।” [c]
16 ਯਹੋਵਾਹ ਨੇ ਮੂਸਾ ਨੂੰ ਆਖਿਆ, 17 “ਹਾਰੂਨ ਨੂੰ ਆਖ; ਜੇਕਰ ਤੇਰੇ ਉੱਤਰਾਧਿਕਾਰੀਆਂ ਵਿੱਚੋਂ ਕਿਸੇ ਨੂੰ ਵੀ ਕੋਈ ਸ਼ਰੀਰਿਕ ਨੁਕਸ ਹੋਵੇ, ਉਹ ਆਪਣੇ ਪਰਮੇਸ਼ੁਰ ਨੂੰ ਭੋਜਨ ਦਾ ਚੜ੍ਹਾਵਾ ਨਾ ਚੜ੍ਹਾਵੇ। 18 ਕੋਈ ਵੀ ਆਦਮੀ ਜਿਸ ਨੂੰ ਇਨ੍ਹਾਂ ਵਿੱਚੋਂ ਕੋਈ ਸ਼ਰੀਰਿਕ ਨੁਕਸ ਹੈ ਉਸ ਨੂੰ ਜਾਜਕ ਵਜੋਂ ਸੇਵਾ ਨਹੀਂ ਕਰਨੀ ਚਾਹੀਦੀ: ਅੰਨ੍ਹੇ ਆਦਮੀ ਨੂੰ, ਵਿਕਲਾਂਗ ਆਦਮੀ ਨੂੰ, ਭਿਆਨਕ ਚਿਹਰੇ ਵਾਲੇ ਆਦਮੀ ਨੂੰ, ਬਹੁਤ ਲੰਮੀਆਂ ਬਾਹਾਂ ਜਾਂ ਲੱਤਾਂ ਵਾਲੇ ਆਦਮੀ ਨੂੰ, 19 ਟੁੱਟੇ ਹੋਏ ਹੱਥਾਂ ਪੈਰਾਂ ਵਾਲੇ ਆਦਮੀ ਨੂੰ, 20 ਕੁੱਬੇ ਆਦਮੀ ਨੂੰ, ਅੱਖਾਂ ਵਿੱਚ ਨੁਕਸ ਵਾਲੇ ਆਦਮੀ ਨੂੰ, ਪਪੜੀ ਜਾਂ ਚਮੜੀ ਦੇ ਰੋਗੀ ਆਦਮੀ ਨੂੰ, ਖਸੀ ਆਦਮੀ ਨੂੰ।
21 “ਜੇ ਹਾਰੂਨ ਦੇ ਵੰਸ਼ਜਾਂ ਵਿੱਚੋਂ ਕਿਸੇ ਨੂੰ ਕੋਈ ਵੀ ਸ਼ਰੀਰਕ ਨੁਕਸ ਹੋਵੇ, ਉਹ ਯਹੋਵਾਹ ਨੂੰ ਹੋਮ ਦੀ ਭੇਟ ਨਹੀਂ ਚੜ੍ਹਾ ਸੱਕਦਾ। ਅਤੇ ਉਹ ਆਪਣੇ ਪਰਮੇਸ਼ੁਰ ਨੂੰ ਭੋਜਨ ਦੀ ਭੇਟ ਨਹੀਂ ਚੜ੍ਹਾ ਸੱਕਦਾ। 22 ਉਹ ਜਾਜਕ ਦੇ ਪਰਿਵਾਰ ਵਿੱਚੋਂ ਹੈ, ਇਸ ਲਈ ਉਹ ਪਵਿੱਤਰ ਭੋਜਨ ਅਤੇ ਆਪਣੇ ਪਰਮੇਸ਼ੁਰ ਦਾ ਅੱਤ ਪਵਿੱਤਰ ਭੋਜਨ ਖਾ ਸੱਕਦਾ ਹੈ। 23 ਪਰ ਉਹ ਪਵਿੱਤਰ ਦੇ ਪਰਦੇ ਜਾਂ ਜਗਵੇਦੀ ਦੇ ਨਜ਼ਦੀਕ ਨਹੀਂ ਜਾ ਸੱਕਦਾ। [d] ਕਿਉਂਕਿ ਉਸ ਵਿੱਚ ਕੁਝ ਸ਼ਰੀਰਕ ਨੁਕਸ ਹੈ। ਉਸ ਨੂੰ ਮੇਰੇ ਪਵਿੱਤਰ ਸਥਾਨ ਨੂੰ ਅਪਵਿੱਤਰ ਨਹੀਂ ਬਨਾਉਣਾ ਚਾਹੀਦਾ। ਮੈਂ, ਯਹੋਵਾਹ, ਇਨ੍ਹਾਂ ਥਾਵਾਂ ਨੂੰ ਪਵਿੱਤਰ ਬਣਾਇਆ।”
24 ਇਸ ਤਰ੍ਹਾਂ ਮੂਸਾ ਨੇ ਇਹ ਗੱਲਾਂ ਹਾਰੂਨ ਨੂੰ, ਹਾਰੂਨ ਦੇ ਪੁੱਤਰਾਂ ਅਤੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਦੱਸੀਆਂ।
ਦਾਊਦ ਦਾ ਇੱਕ ਗੀਤ।
26 ਹੇ ਯਹੋਵਾਹ, ਮੇਰਾ ਨਿਆਂ ਕਰੋ। ਸਾਬਤ ਕਰੋ ਕਿ ਮੈਂ ਸ਼ੁੱਧ ਜੀਵਨ ਜੀਵਿਆ ਹੈ।
ਮੈਂ ਹਮੇਸ਼ਾ ਯਹੋਵਾਹ ਵਿੱਚ ਯਕੀਨ ਰੱਖਿਆ ਹੈ।
2 ਹੇ ਪਰਮੇਸ਼ੁਰ, ਮੈਨੂੰ ਪਰੱਖੋ ਤੇ ਪਰਤਾਵੋ।
ਮੇਰੇ ਦਿਲ ਅਤੇ ਮੇਰੇ ਮਨ ਨੂੰ ਪਰਤਿਆਵੋ।
3 ਮੈਂ ਸਦਾ ਹੀ ਤੁਹਾਡਾ ਕੋਮਲ ਪਿਆਰ ਵੇਖਦਾ ਹਾਂ।
ਮੈਂ ਤੁਹਾਡੇ ਸੱਚਾਂ ਦੇ ਅਨੁਸਾਰ ਜਿਉਂਦਾ ਹਾਂ।
4 ਮੈਂ ਉਨ੍ਹਾਂ ਨਿਕੰਮੇ ਲੋਕਾਂ ਵਿੱਚੋਂ ਨਹੀਂ ਹਾਂ।
5 ਮੈਂ ਉਨ੍ਹਾਂ ਬਦੀ ਦੇ ਟੋਲਿਆਂ ਨੂੰ ਨਫ਼ਰਤ ਕਰਦਾ ਹਾਂ।
ਮੈਂ ਕਦੇ ਵੀ ਬਦਚਲਣ ਲੋਕਾਂ ਦੇ ਉਨ੍ਹਾਂ ਸਮੂਹਾਂ ਦਾ ਸੰਗ ਨਹੀਂ ਕਰਾਂਗਾ।
6 ਹੇ ਯਹੋਵਾਹ, ਮੈਂ ਇਹ ਦਰਸਾਉਣ ਲਈ ਆਪਣੇ ਹੱਥ ਧੋਂਦਾ ਹਾਂ
ਕਿ ਮੈਂ ਪਵਿੱਤਰ ਹਾਂ ਤਾਂ ਕਿ ਮੈਂ ਤੁਹਾਡੀ ਜਗਵੇਦੀ ਦੀ ਪਰਿਕ੍ਰਮਾ ਕਰ ਸੱਕਾਂ।
7 ਯਹੋਵਾਹ, ਮੈਂ ਤੁਹਾਡੀ ਉਸਤਤਿ ਦੇ ਗੀਤ ਗਾਉਂਦਾ ਹਾਂ।
ਮੈਂ ਉਨ੍ਹਾਂ ਅਚਰਜ ਗੱਲਾਂ ਬਾਰੇ ਗਾਉਂਦਾ ਹਾਂ ਜੋ ਤੁਸਾਂ ਕੀਤੀਆਂ ਹਨ।
8 ਯਹੋਵਾਹ, ਮੈਂ ਤੁਹਾਡੇ ਮੰਦਰ ਨੂੰ ਪਿਆਰ ਕਰਦਾ ਹਾਂ।
ਮੈਂ ਤੁਹਾਡੇ ਮਹਿਮਾਮਈ ਤੰਬੂ ਨੂੰ ਪਿਆਰ ਕਰਦਾ ਹਾਂ।
9 ਹੇ ਯਹੋਵਾਹ, ਮੈਨੂੰ ਉਨ੍ਹਾਂ ਪਾਪੀਆਂ ਸਮੇਤ ਨਾ ਗਿਣੋ।
ਮੈਨੂੰ ਉਨ੍ਹਾਂ ਕਾਤਲਾਂ ਸੰਗ ਕਤਲ ਨਾ ਕਰੋ।
10 ਹੋ ਸੱਕਦਾ ਉਹ ਲੋਕ ਹੋਰਾਂ ਲੋਕਾਂ ਨੂੰ ਧੋਖਾ ਦਿੰਦੇ ਹੋਣ।
ਹੋ ਸੱਕਦਾ ਉਹ ਮੰਦੇ ਕਾਰੇ ਕਰਨ ਦੇ ਪੈਸੇ ਲੈਂਦੇ ਹੋਣ।
11 ਪਰ ਮੈਂ ਬੇਕਸੂਰ ਹਾਂ।
ਇਸ ਲਈ ਪਰਮੇਸ਼ੁਰ ਮੇਰੇ ਉੱਤੇ ਮਿਹਰਬਾਨ ਹੋਵੇ ਤੇ ਮੈਨੂੰ ਬਚਾਵੋ।
12 ਮੈਂ ਸਾਰੇ ਖਤਰਿਆਂ ਤੋਂ ਸੁਰੱਖਿਅਤ ਹਾਂ।
ਹੇ ਯਹੋਵਾਹ, ਮੈਂ ਉਨ੍ਹਾਂ ਲੋਕਾਂ ਦਰਮਿਆਨ ਖਲੋਕੇ ਤੁਹਾਡੀ ਉਸਤਤਿ ਕਰ ਰਿਹਾ ਹਾਂ, ਜਿਹੜੇ ਤੁਹਾਡੇ ਲੋਕਾਂ ਨੂੰ ਆਪਣੀ ਸਭਾ ਲਈ ਸੱਦਾ ਦੇ ਰਹੇ ਹਨ।
ਦਾਊਦ ਦਾ ਇੱਕ ਗੀਤ।
27 ਯਹੋਵਾਹ, ਤੁਸੀਂ ਮੇਰੀ ਰੌਸ਼ਨੀ ਵੀ, ਮੇਰੇ ਮੁਕਤੀਦਾਤਾ ਵੀ ਹੋ।
ਮੈਨੂੰ ਕਿਸੇ ਕੋਲੋਂ ਵੀ ਨਹੀਂ ਡਰਨਾ ਚਾਹੀਦਾ।
ਯਹੋਵਾਹ, ਮੇਰੇ ਜੀਵਨ ਦੀ ਸੁਰੱਖਿਆ ਦਾ ਟਿਕਾਣਾ ਹੈ।
ਇਸ ਲਈ ਮੈਂ ਕਿਸੇ ਕੋਲੋਂ ਵੀ ਨਹੀਂ ਡਰਾਂਗਾ।
2 ਦੁਸ਼ਟ ਲੋਕ ਮੇਰੇ ਤੇ ਹਮਲਾ ਕਰ ਸੱਕਦੇ ਹਨ।
ਉਹ ਮੇਰੇ ਸ਼ਰੀਰ ਨੂੰ ਤਲਵਾਰ ਨਾਲ ਵੱਢਣ ਦੀ ਕੋਸ਼ਿਸ਼ ਕਰ ਸੱਕਦੇ ਹਨ।
ਮੇਰੇ ਦੁਸ਼ਮਣ ਮੇਰੇ ਉੱਤੇ ਹਮਲਾ ਕਰਕੇ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਸੱਕਦੇ ਹਨ।
ਪਰ ਉਹ ਔਕੜਨਗੇ ਅਤੇ ਡਿੱਗਣਗੇ।
3 ਪਰ ਭਾਵੇਂ ਪੂਰੀ ਫ਼ੌਜ ਮੈਨੂੰ ਘੇਰ ਲਵੇ, ਫ਼ੇਰ ਵੀ ਮੈਂ ਨਹੀਂ ਡਰਾਂਗਾ।
ਭਾਵੇਂ ਯੁੱਧ ਵਿੱਚ ਲੋਕ ਮੇਰੇ ਉੱਤੇ ਹਮਲਾ ਕਰਨ, “ਮੈਨੂੰ ਕੋਈ ਡਰ ਨਹੀਂ ਹੋਵੇਗਾ।
ਕਿਉਂਕਿ ਮੈਨੂੰ ਯਹੋਵਾਹ ਵਿੱਚ ਯਕੀਨ ਹੈ।”
4 ਯਹੋਵਾਹ ਤੋਂ ਮੈਂ ਇੱਕੋ ਚੀਜ਼ ਮੰਗਦਾ ਹਾਂ,
ਮੈਨੂੰ ਸਾਰੀ ਉਮਰ ਆਪਣੇ ਮੰਦਰ ਵਿੱਚ ਬੈਠਣ ਦੇ,
ਤਾਂ ਜੋ ਮੈਂ ਯਹੋਵਾਹ ਦੀ ਸੁੰਦਰਤਾ ਵੇਖ ਸੱਕਾਂ।
ਅਤੇ ਉਸਦਾ ਮਹਿਲ ਵੇਖ ਸੱਕਾਂ।
5 ਜਦੋਂ ਵੀ ਮੈਂ ਸੰਕਟ ਵਿੱਚ ਹੋਵਾਂਗਾ ਯਹੋਵਾਹ ਮੇਰੀ ਰੱਖਿਆ ਕਰੇਗਾ।
ਉਹ ਮੈਨੂੰ ਆਪਣੇ ਤੰਬੂ ਵਿੱਚ ਛੁਪਾ ਲਵੇਗਾ,
ਉਹ ਮੈਨੂੰ ਆਪਣੀ ਸੁਰੱਖਿਅਤ ਥਾਂ ਉੱਤੇ ਲੈ ਜਾਵੇਗਾ।
6 ਮੇਰੇ ਦੁਸ਼ਮਣਾਂ ਨੇ ਮੈਨੂੰ ਘੇਰ ਲਿਆ ਹੈ।
ਪਰ ਉਨ੍ਹਾਂ ਨੂੰ ਹਰਾਉਣ ਵਿੱਚ ਯਹੋਵਾਹ ਮੇਰੀ ਮਦਦ ਕਰੇਗਾ।
ਫ਼ੇਰ ਮੈਂ ਉਸ ਦੇ ਤੰਬੂ ਵਿੱਚ ਬਲੀ ਦੇ ਤੌਰ ਤੇ ਜੈ-ਕਾਰੇ ਚੜ੍ਹਾਵਾਂਗਾ।
ਅਤੇ ਮੈਂ ਗਾਵਾਂਗਾ ਅਤੇ ਯਹੋਵਾਹ ਨੂੰ ਸਤਿਕਾਰਨ ਲਈ ਸਾਜ ਵਜਾਵਾਂਗਾ।
7 ਯਹੋਵਾਹ, ਮੇਰੀ ਪੁਕਾਰ ਨੂੰ ਸੁਣ ਅਤੇ ਹੁੰਘਾਰਾ ਭਰ।
ਮੇਰੇ ਤੇ ਦਯਾਵਾਨ ਹੋ।
8 ਯਹੋਵਾਹ, ਮੈਂ ਤੁਹਾਡੇ ਨਾਲ ਗੱਲਾਂ ਕਰਨੀਆਂ ਚਾਹੁੰਦਾ ਹਾਂ।
ਮੈਂ ਆਪਣੇ ਦਿਲ ਦੀਆਂ ਗੱਲਾਂ ਆਖਣੀਆਂ ਚਾਹੁੰਦਾ ਹਾਂ।
ਮੈਂ ਤੁਹਾਡੇ ਨਾਲ ਗੱਲ ਕਰਨ ਲਈ ਤੁਹਾਡੇ ਸਨਮੁੱਖ ਆ ਗਿਆ ਹਾਂ।
9 ਯਹੋਵਾਹ, ਆਪਣੇ ਸੇਵਕ ਕੋਲੋਂ ਮੁੱਖ ਨਾ ਮੋੜੋ।
ਮੇਰੀ ਸਹਾਇਤਾ ਕਰੋ।
ਮੈਨੂੰ ਦੂਰ ਨਾ ਧੱਕੋ, ਮੈਨੂੰ ਛੱਡ ਕੇ ਨਾ ਜਾਓ।
ਮੇਰੇ ਪਰਮੇਸ਼ੁਰ, ਤੁਸੀਂ ਮੇਰੇ ਮੁਕਤੀਦਾਤਾ ਹੋ।
10 ਮੇਰੇ ਮਾਪਿਆਂ ਨੇ ਮੈਨੂੰ ਛੱਡ ਦਿੱਤਾ ਸੀ।
ਪਰ ਯਹੋਵਾਹ ਨੇ ਮੇਰੀ ਬਾਂਹ ਫ਼ੜੀ ਅਤੇ ਮੈਨੂੰ ਆਪਣਾ ਬਣਾਇਆ।
11 ਹੇ ਯਹੋਵਾਹ, ਲੋਕ ਵੇਖ ਰਹੇ ਹਨ ਕਿ ਮੈਂ ਕੋਈ ਗਲਤੀ ਕਰਾਂ।
ਇਸ ਲਈ ਮੈਨੂੰ ਸਹੀ ਗੱਲਾਂ ਕਰਨੀਆਂ ਸਿੱਖਾ।
12 ਮੈਨੂੰ ਮੇਰੇ ਦੁਸ਼ਮਣਾਂ ਦੇ ਘਾਤਕ ਫ਼ੰਦਿਆਂ ਵਿੱਚ ਨਾ ਫ਼ਸਣ ਦੇਵੋ।
ਉਨ੍ਹਾਂ ਨੇ ਮੇਰੇ ਉੱਤੇ ਝੂਠੀਆਂ ਗਵਾਹੀਆਂ ਨਾਲ ਹਮਲਾ ਕੀਤਾ ਹੈ।
ਉਹ ਮੇਰੇ ਉੱਤੇ ਹਿੰਸਕ ਹਮਲੇ ਕਰਨ ਲਈ ਤਿਆਰ ਹਨ।
13 ਮੈਨੂੰ ਪੱਕਾ ਵਿਸ਼ਵਾਸ ਹੈ ਕਿ ਮੈਂ ਮਰਨ ਤੋਂ ਪਹਿਲਾਂ ਯਹੋਵਾਹ ਦੀ ਚੰਗਿਆਈ ਦੇਖਾਂਗਾ।
14 ਯਹੋਵਾਹ ਦੀ ਸਹਾਇਤਾ ਲਈ ਇੰਤਜ਼ਾਰ ਕਰੋ।
ਮਜ਼ਬੂਤ ਅਤੇ ਬਹਾਦੁਰ ਬਣੋ,
ਅਤੇ ਯਹੋਵਾਹ ਦੀ ਸਹਾਇਤਾ ਲਈ ਇੰਤਜ਼ਾਰ ਕਰੋ।
ਕੀ ਮਰਨਾ ਬਿਹਤਰ ਹੈ?
4 ਇੱਕ ਵਾਰ ਫੇਰ, ਮੈਂ ਦੇਖਿਆ ਕਿ ਬਹੁਤ ਸਾਰੇ ਲੋਕ ਸਤਾਏ ਹੋਏ ਹਨ। ਮੈਂ ਉਨ੍ਹਾਂ ਦੇ ਹੰਝੂ ਦੇਖੇ ਅਤੇ ਮੈਂ ਦੇਖਿਆ ਕਿ ਇੱਥੇ ਉਨ੍ਹਾਂ ਨੂੰ ਰਾਹਤ ਦੇਣ ਵਾਲਾ ਕੋਈ ਨਹੀਂ ਸੀ। ਮੈਂ ਦੇਖਿਆ ਕਿ ਜ਼ਾਲਮ ਲੋਕਾਂ ਕੋਲ ਸਾਰੀ ਤਾਕਤ ਸੀ ਅਤੇ ਕੋਈ ਵੀ ਉਨ੍ਹਾਂ ਲੋਕਾਂ ਨੂੰ ਸੱਕੂਨ ਦੇਣ ਵਾਲਾ ਨਹੀਂ ਸੀ, ਜੋ ਉਨ੍ਹਾਂ ਦੁਆਰਾ ਸਤਾਏ ਜਾਂਦੇ ਸਨ। 2 ਮੈਂ ਫੈਸਲਾ ਕੀਤਾ ਕਿ ਉਹ ਲੋਕ ਵੱਧੀਆ ਹਨ ਜਿਹੜੇ ਮਰ ਚੁੱਕੇ ਹਨ ਉਨ੍ਹਾਂ ਨਾਲੋਂ ਜੋ ਕਿ ਅਜੇ ਜਿਉਂਦੇ ਹਨ। 3 ਅਤੇ ਉਨ੍ਹਾਂ ਦੋਹਾਂ ਨਾਲੋਂ ਵੱਧੀਆ ਉਹ ਹੈ ਜੋ ਹਾਲੇ ਨਹੀਂ ਜਨਮਿਆ, ਅਤੇ ਜਿਸਨੇ ਉਨ੍ਹਾਂ ਸਾਰੀਆਂ ਬਦੀਆਂ ਦਾ ਅਨੁਭਵ ਨਹੀਂ ਕੀਤਾ ਜੋ ਇਸ ਦੁਨੀਆਂ ਵਿੱਚ ਵਾਪਰ ਰਹੀਆਂ ਹਨ।
ਇੰਨੀ ਸਖਤ ਮਿਹਨਤ ਕਿਉਂ?
4 ਫੇਰ ਮੈਂ ਸੋਚਿਆ, “ਲੋਕ ਇੰਨੀ ਸਖਤ ਮਿਹਨਤ ਕਿਉਂ ਕਰਦੇ ਹਨ?” ਮੈਂ ਦੇਖਿਆ ਕਿ ਲੋਕ ਸਫ਼ਲ ਹੋਣ ਅਤੇ ਹੋਰਾਂ ਨਾਲੋਂ ਬਿਹਤਰ ਹੋਣ ਦੀ ਕੋਸ਼ਿਸ਼ ਕਰਦੇ ਹਨ। ਕਿਉਂਕਿ ਉਹ ਈਰਖਾਲੂ ਹਨ। ਉਹ ਨਹੀਂ ਚਾਹੁੰਦੇ ਕਿ ਦੂਸਰੇ ਲੋਕਾਂ ਕੋਲ ਉਨ੍ਹਾਂ ਨਾਲੋਂ ਵੱਧੇਰੇ ਹੋਵੇ। ਇਹ ਵੀ ਅਰਬਹੀਣ ਹੈ ਅਤੇ ਇਹ ਹਵਾ ਨੂੰ ਫੜਨ ਦੀ ਕੋਸ਼ਿਸ਼ ਵਾਂਗ ਹੈ।
5 ਕੁਝ ਲੋਕ ਆਖਦੇ ਹਨ, “ਹੱਥ ਤੇ ਹੱਥ ਧਰਕੇ ਬੈਠੇ ਰਹਿਣਾ ਅਤੇ ਕੁਝ ਨਾ ਕਰਨਾ, ਮੂਰੱਖਤਾ ਹੈ। ਜੇ ਤੁਸੀਂ ਕੰਮ ਨਹੀਂ ਕਰੋਗੇ ਤਾਂ ਭੁੱਖੇ ਮਰੋਗੇ।” 6 ਸ਼ਾਇਦ ਇਹ ਠੀਕ ਹੋਵੇ, ਪਰ ਮੈਂ ਆਖਦਾ ਹਾਂ ਕਿ ਮੁੱਠੀ ਭਰ ਹੋਣਾ ਅਤੇ ਕੁਝ ਆਰਾਮ ਕਰਨਾ ਵੱਧੀਆ ਹੈ, ਬਜਾਇ ਦੋਹਾਂ ਭਰਿਆਂ ਹੱਥਾਂ ਅਤੇ ਸਖਤ ਮਿਹਨਤ ਕਰਨ ਨਾਲੋਂ। ਇਹ ਹਵਾ ਨੂੰ ਫ਼ੜਨ ਦੀ ਕੋਸ਼ਿਸ਼ ਵਾਂਗ ਹੈ।
7 ਫੇਰ ਮੈਂ ਇਸ ਦੁਨੀਆਂ ਵਿੱਚ ਇੱਕ ਹੋਰ ਅਰਬਹੀਣ ਚੀਜ਼ ਵੇਖੀ: 8 ਹੋ ਸੱਕਦਾ ਹੈ ਕਿਸੇ ਬੰਦੇ ਦਾ ਪਰਿਵਾਰ ਵੀ ਨਾ ਹੋਵੇ। ਹੋ ਸੱਕਦਾ ਹੈ ਉਸ ਦਾ ਕੋਈ ਪੁੱਤਰ ਜਾਂ ਭਰਾ ਨਾ ਹੋਵੇ। ਪਰ ਉਹ ਸਖਤ ਮਿਹਨਤ ਕਰਨੀ ਨਹੀਂ ਛੱਡਦਾ। ਉਹ ਕਦੇ ਵੀ ਉਸ ਤੋਂ ਸੰਤੁਸ਼ਟ ਨਹੀਂ ਹੁੰਦਾ ਜੋ ਉਸ ਦੇ ਪਾਸ ਹੈ। ਅਤੇ ਇੰਨੀ ਸਖਤ ਮਿਹਨਤ ਕਰਦਾ ਹੈ ਕਿ ਉਹ ਕਦੇ ਵੀ ਰੁਕਦਾ ਨਹੀਂ ਅਤੇ ਆਪਣੇ-ਆਪ ਨੂੰ ਪੁੱਛਦਾ ਨਹੀਂ, “ਕਿਸ ਖਾਤਰ ਮੈਂ ਇੰਨੀ ਸਖਤ ਮਿਹਨਤ ਕਰ ਰਿਹਾ ਹਾਂ ਅਤੇ ਆਪਣੇ ਲਈ ਚੰਗੀਆਂ ਚੀਜ਼ਾਂ ਨੂੰ ਨਾਮਂਜ਼ੂਰ ਕਰ ਰਿਹਾ ਹਾਂ?” ਇਹ ਵੀ ਅਰਬਹੀਣ ਅਤੇ ਇੱਕ ਬਦ ਗੱਲ ਹੈ।
ਮਿੱਤਰ ਅਤੇ ਪਰਿਵਾਰ ਤਾਕਤ ਦਿੰਦੇ ਹਨ
9 ਇੱਕ ਬੰਦੇ ਨਾਲੋਂ ਦੋ ਬਿਹਤਰ ਹਨ। ਜਦੋਂ ਦੋ ਬੰਦੇ ਮਿਲ ਕੇ ਕੰਮ ਕਰਦੇ ਹਨ ਉਹ ਆਪਣੇ ਕੰਮ ਤੋਂ ਵੱਧੇਰੇ ਲਾਭ ਹਾਸਿਲ ਕਰਦੇ ਹਨ।
10 ਜੇ ਇੱਕ ਬੰਦਾ ਡਿਗਦਾ, ਦੂਸਰਾ ਬੰਦਾ ਉਸਦੀ ਸਹਾਇਤਾ ਕਰ ਸੱਕਦਾ, ਪਰ ਇੱਕ ਇੱਕਲੇ ਬੰਦੇ ਲਈ ਇਹ ਹੋਰ ਵੀ ਭੈੜਾ ਹੈ ਜੇਕਰ ਉਹ ਡਿੱਗ ਪੈਂਦਾ, ਕਿਉਂ ਜੋ ਓੱਥੇ ਉਸਦੀ ਸਹਾਇਤਾ ਕਰਨ ਵਾਲਾ ਕੋਈ ਨਹੀਂ ਹੁੰਦਾ।
11 ਜਦੋਂ ਦੋ ਬੰਦੇ ਇਕੱਠੇ ਸੌਁਦੇ ਹਨ ਉਹ ਨਿੱਘੇ ਰਹਿਣਗੇ। ਪਰ ਜੇਕਰ ਬੰਦਾ ਇੱਕਲਾ ਸੌਁਦਾ ਤਾਂ ਉਹ ਕਿਵੇਂ ਨਿੱਘਾ ਹੋਵੇਗਾ।
12 ਜੇਕਰ ਦੋਹਾਂ ਵਿੱਚੋਂ ਇੱਕ ਤੇ ਹਮਲਾ ਹੁੰਦਾ, ਦੋਵੇਂ ਇਕੱਠੇ ਆਪਣੇ-ਆਪ ਦਾ ਬਚਾਉ ਕਰਨਗੇ। ਅਤੇ ਤੀਸਰਾ ਤਂਦ ਹੋਰ ਵੀ ਮਜ਼ਬੂਤ ਹੁੰਦਾ ਅਤੇ ਇਹ ਜਲਦੀ ਹੀ ਨਹੀਂ ਟੁੱਟਦਾ।
ਲੋਕ, ਰਾਜਨੀਤੀ ਅਤੇ ਪ੍ਰਸਿੱਧੀ
13 ਇੱਕ ਗਰੀਬ ਪਰ ਸਿਆਣਾ ਮੁੰਡਾ, ਬੁੱਢੇ ਮੂਰਖ ਰਾਜੇ ਨਾਲੋਂ ਬਿਹਤਰ ਹੈ। ਜੋ ਹੋਰ ਵੱਧੇਰੇ ਚਿਤਾਵਨੀਆਂ ਨੂੰ ਨਹੀਂ ਕਬੂਲ ਸੱਕਦਾ। 14 ਕਿਉਂ ਕਿ ਉਹ ਰਾਜਾ ਬਣਨ ਲਈ ਕੈਦ ਵਿੱਚੋਂ ਬਾਹਰ ਆਇਆ, ਭਾਵੇਂ ਉਹ ਰਾਜ ਵਿੱਚ ਇੱਕ ਗਰੀਬ ਆਦਮੀ ਵਜੋਂ ਜਨਮਿਆ ਸੀ। 15 ਅਤੇ ਮੈਂ ਇਸ ਦੁਨੀਆਂ ਵਿੱਚ ਰਹਿੰਦੇ ਸਾਰਿਆਂ ਨੂੰ ਇਸ ਮੁੰਡੇ ਦਾ ਅਨੁਸਰਣ ਕਰਦਿਆਂ ਵੇਖਿਆ ਜੋ ਰਾਜੇ ਦੇ ਸਥਾਨ ਤੇ ਖੜ੍ਹਾ ਹੋਇਆ ਸੀ। 16 ਓੱਥੇ ਉਨ੍ਹਾਂ ਲੋਕਾਂ ਦਾ ਕੋਈ ਅੰਤ ਨਹੀਂ ਸੀ ਜਿਨ੍ਹਾਂ ਨੇ ਉਸ ਦਾ ਅਨੁਸਰਣ ਕੀਤਾ, ਪਰ ਫ਼ਿਰ ਉਹ ਜੋ ਉਸ ਤੋਂ ਮਗਰੋਂ ਆਉਣਗੇ ਉਸ ਨਾਲ ਖੁਸ਼ ਨਹੀਂ ਹੋਣਗੇ। ਇਹ ਵੀ ਅਰਬਹੀਣ ਹੈ ਅਤੇ ਹਵਾ ਨੂੰ ਫ਼ੜਨ ਦੀ ਕੋਸ਼ਿਸ਼ ਵਾਂਗ ਹੈ।
ਗੁਲਾਮਾਂ ਨੂੰ ਖਾਸ ਨਿਰਦੇਸ਼
6 ਉਹ ਜਿਹੜੇ ਗੁਲਾਮ ਹਨ ਉਨ੍ਹਾਂ ਨੂੰ ਆਪਣੇ ਮਾਲਕਾਂ ਨੂੰ ਪੂਰੀ ਇੱਜ਼ਤ ਦੇਣੀ ਚਾਹੀਦੀ ਹੈ। ਜਦੋਂ ਉਹ ਅਜਿਹਾ ਕਰਦੇ ਹਨ, ਤਾਂ ਪਰਮੇਸ਼ੁਰ ਦੇ ਨਾਂ ਅਤੇ ਸਾਡੇ ਉਪਦੇਸ਼ ਦੀ ਆਲੋਚਨਾ ਨਹੀਂ ਹੋਵੇਗੀ। 2 ਕਈਆਂ ਗੁਲਾਮਾਂ ਦੇ ਮਾਲਕ ਨਿਹਚਾਵਾਨ ਹੁੰਦੇ ਹਨ। ਇਸ ਲਈ ਗੁਲਾਮ ਅਤੇ ਮਾਲਕ ਭਰਾ-ਭਰਾ ਹਨ। ਪਰ ਗੁਲਾਮਾਂ ਨੂੰ ਇਸ ਗੱਲੋਂ ਉਨ੍ਹਾਂ ਦੀ ਘੱਟ ਇੱਜ਼ਤ ਨਹੀਂ ਕਰਨੀ ਚਾਹੀਦੀ। ਨਹੀਂ। ਉਨ੍ਹਾਂ ਗੁਲਾਮਾਂ ਨੂੰ ਤਾਂ ਸਗੋਂ ਉਨ੍ਹਾਂ ਨਿਹਚਾਵਾਨ ਮਾਲਕਾਂ ਦੀ ਹੋਰ ਵੱਧੇਰੇ ਚੰਗੀ ਸੇਵਾ ਕਰਨੀ ਚਾਹੀਦੀ ਹੈ। ਕਿਉਂ? ਕਿਉਂ ਕਿ ਜਿਹੜੇ ਵਿਅਕਤੀ ਅਪਣੀ ਚੰਗੀ ਸੇਵਾ ਦੇ ਲਾਭ ਦੇ ਆਨੰਦ ਮਾਣਦੇ ਹਨ ਉਹ ਸ਼ਰਧਾਲੂ ਹਨ ਜਿਨ੍ਹਾਂ ਨੂੰ ਉਹ ਪਿਆਰ ਕਰਦੇ ਹਨ।
ਇਹੀ ਸੱਚ ਹਨ ਜਿਨ੍ਹਾਂ ਦੇ ਤੁਹਾਨੂੰ ਉਪਦੇਸ਼ ਦੇਣੇ ਚਾਹੀਦੇ ਹਨ ਅਤੇ ਲੋਕਾਂ ਨੂੰ ਉਨ੍ਹਾਂ ਨੂੰ ਕਰਨ ਦੀ ਸਲਾਹ ਦੇਣੀ ਚਾਹੀਦੀ ਹੈ।
ਝੂਠੇ ਉਪਦੇਸ਼ ਅਤੇ ਸੱਚੀ ਦੌਲਤ
3 ਕੁਝ ਲੋਕ ਝੂਠੀਆਂ ਗੱਲਾਂ ਦੇ ਉਪਦੇਸ਼ ਦਿੰਦੇ ਹਨ। ਉਹ ਲੋਕ ਸਾਡੇ ਪ੍ਰਭੂ ਯਿਸੂ ਮਸੀਹ ਦੇ ਉਪਦੇਸ਼ ਨਾਲ ਸਹਿਮਤ ਨਹੀਂ ਹੁੰਦੇ। ਅਤੇ ਉਹ ਅਜਿਹੇ ਉਪਦੇਸ਼ ਨਾਲ ਸਹਿਮਤ ਨਹੀਂ ਹੋਣਗੇ ਜਿਹੜੇ ਪਰਮੇਸ਼ੁਰ ਦੀ ਸੱਚੀ ਸੇਵਾ ਨਾਲ ਸਹਿਮਤ ਹੁੰਦੇ ਹਨ। 4 ਜਿਹੜਾ ਵਿਅਕਤੀ ਝੂਠੀਆਂ ਗੱਲਾਂ ਦੇ ਉਪਦੇਸ਼ ਦਿੰਦਾ ਹੈ ਹੰਕਾਰ ਨਾਲ ਭਰਿਆ ਹੋਇਆ ਹੈ ਅਤੇ ਉਹ ਕੁਝ ਵੀ ਨਹੀਂ ਜਾਣਦਾ। ਅਜਿਹੇ ਵਿਅਕਤੀ ਨੂੰ ਦਲੀਲ ਬਾਜੀ ਕਰਨ ਦੀ ਬੁਰੀ ਇੱਛਾ ਹੁੰਦੀ ਹੈ ਅਤੇ ਸ਼ਬਦਾਂ ਬਾਰੇ ਲੜਨ ਦੀ ਜੋ ਈਰਖਾ, ਮਤਭੇਦ, ਬੇਇੱਜ਼ਤੀ ਦੇ ਸ਼ਬਦ, ਅਤੇ ਭਰਿਸ਼ਟ ਸ਼ੰਕਾਵਾਂ ਲਿਆਉਂਦੀ ਹੈ। 5 ਅਤੇ ਇਸ ਨਾਲ ਉਨ੍ਹਾਂ ਲੋਕਾਂ ਦੀ ਦਲੀਲ ਬਾਜ਼ੀ ਵੀ ਸਾਹਮਣੇ ਆਉਂਦੀ ਹੈ ਜਿਨ੍ਹਾਂ ਦੇ ਦਿਮਾਗ ਬਦੀ ਨਾਲ ਭਰੇ ਹੋਏ ਹਨ। ਉਨ੍ਹਾਂ ਲੋਕਾਂ ਨੇ ਸੱਚ ਨੂੰ ਗੁਆ ਲਿਆ ਹੈ। ਉਹ ਸੋਚਦੇ ਹਨ ਕਿ ਪਰਮੇਸ਼ੁਰ ਦੀ ਸੇਵਾ ਕਰਨੀ ਅਮੀਰ ਬਣਨ ਦਾ ਸਾਧਣ ਹੈ।
6 ਹਾਂ, ਇਹ ਸੱਚ ਹੈ ਕਿ ਪਰਮੇਸ਼ੁਰ ਦੀ ਸੇਵਾ ਕਰਨੀ ਉਸ ਨੂੰ ਅਮੀਰ ਬਣਾ ਦਿੰਦੀ ਹੈ ਜੋ ਸੇਵਾ ਕਰਦਾ ਹੈ ਜੇਕਰ ਉਹ ਉਸ ਨਾਲ ਸੰਤੁਸ਼ਟ ਹੈ ਜੋ ਉਸ ਕੋਲ ਹੈ। 7 ਜਦੋਂ ਅਸੀਂ ਇਸ ਦੁਨੀਆਂ ਵਿੱਚ ਆਏ, ਅਸੀਂ ਕੁਝ ਨਹੀਂ ਲਿਆਏ। ਜਦੋਂ ਅਸੀਂ ਮਰਾਂਗੇ, ਉਦੋਂ ਵੀ ਅਸੀਂ ਆਪਣੇ ਨਾਲ ਕੁਝ ਵੀ ਲੈ ਕੇ ਨਹੀਂ ਜਾਵਾਂਗੇ। 8 ਇਸ ਲਈ ਜੇ ਸਾਡੇ ਕੋਲ ਖਾਣ ਪਹਿਨਣ ਨੂੰ ਹੈ ਤਾਂ ਅਸੀਂ ਉਸ ਨਾਲ ਸੰਤੁਸ਼ਟ ਹੋਵਾਂਗੇ। 9 ਜੋ ਲੋਕ ਅਮੀਰ ਬਣਨਾ ਚਾਹੁੰਦੇ ਹਨ ਉਹ ਪਰਤਾਵੇ ਵਿੱਚ ਪੈ ਜਾਂਦੇ ਹਨ। ਉਹ ਫ਼ਸ ਜਾਂਦੇ ਹਨ ਅਤੇ ਨਿਕੰਮੀਆਂ ਚੀਜ਼ਾਂ ਅਤੇ ਹਾਨੀਕਾਰਕ ਚੀਜ਼ਾਂ ਲੈਣੀਆਂ ਸ਼ੁਰੂ ਕਰ ਦਿੰਦੇ ਹਨ। ਉਹ ਚੀਜ਼ਾਂ ਲੋਕਾਂ ਨੂੰ ਤਬਾਹ ਤੇ ਬਰਬਾਦ ਕਰ ਦਿੰਦੀਆਂ ਹਨ। 10 ਪੈਸੇ ਨਾਲ ਪਿਆਰ ਸਭ ਤਰ੍ਹਾਂ ਦੀਆਂ ਬੁਰਾਈਆਂ ਦਾ ਕਾਰਣ ਹੈ। ਕੁਝ ਲੋਕਾਂ ਨੇ ਅਧਿਕਤਮ ਪੈਸੇ ਕੁਮਾਉਣ ਦੇ ਚੱਕਰ ਵਿੱਚ ਸੱਚੇ ਵਿਸ਼ਵਾਸ ਨੂੰ ਛੱਡ ਦਿੱਤਾ ਹੈ। ਪਰ ਉਹ ਆਪਣੇ ਆਪ ਨੂੰ ਬਹੁਤ ਸਾਰੇ ਦਰਦਾਂ ਭਰੇ ਅਨੁਭਵਾਂ ਨਾਲ ਸੱਟ ਮਾਰ ਲੈਂਦੇ ਹਨ।
ਕੁਝ ਗੱਲਾਂ ਜਿਹੜੀਆਂ ਤੁਹਾਨੂੰ ਯਾਦ ਰੱਖਣੀਆਂ ਚਾਹੀਦੀਆਂ
11 ਪਰ ਤੂੰ ਇੱਕ ਪਰਮੇਸ਼ੁਰ ਦਾ ਬੰਦਾ ਹੈ। ਤੁਹਾਨੂੰ ਉਨ੍ਹਾਂ ਸਾਰੀਆਂ ਗੱਲਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਸਹੀ ਢੰਗ ਵਿੱਚ ਜਿਉਣ ਦੀ ਕੋਸ਼ਿਸ਼ ਕਰੋ, ਅਤੇ ਪਰਮੇਸ਼ੁਰ ਦੀ ਸੇਵਾ ਕਰੋ; ਵਿਸ਼ਵਾਸ,ਪ੍ਰੇਮ, ਸਬਰ, ਅਤੇ ਸੱਜਨਤਾ ਰੱਖੋ। 12 ਆਪਣੇ ਵਿਸ਼ਵਾਸ ਨੂੰ ਬਣਾਈ ਰੱਖਨਾ ਦੌੜ ਦੌੜਨ ਵਾਂਗ ਹੈ। ਉਸ ਦੌੜ ਨੂੰ ਜਿੱਤਣ ਲਈ ਪੂਰਾ ਤਾਣ ਲਾ ਦਿਉ। ਇਸ ਗੱਲ ਨੂੰ ਯਕੀਨੀ ਬਣਾਉ ਕਿ ਤੁਸੀਂ ਉਹ ਜੀਵਨ ਪ੍ਰਾਪਤ ਕਰ ਲਵੋ ਜਿਹੜਾ ਸਦੀਪਕ ਹੈ। ਤੁਹਾਨੂੰ ਉਸ ਜੀਵਨ ਨੂੰ ਪ੍ਰਾਪਤ ਕਰਨ ਲਈ ਸੱਦਾ ਦਿੱਤਾ ਗਿਆ ਸੀ। ਅਤੇ ਤੁਸੀਂ ਬਹੁਤ ਸਾਰੇ ਲੋਕਾਂ ਅੱਗੇ ਮਸੀਹ ਬਾਰੇ ਮਹਾਨ ਸੱਚ ਸਵਿਕਾਰ ਕਰ ਲਿਆ ਹੈ। 13 ਮੈਂ ਤੁਹਾਨੂੰ ਪਰਮੇਸ਼ੁਰ ਅਤੇ ਮਸੀਹ ਯਿਸੂ ਦੇ ਸਨਮੁੱਖ ਇੱਕ ਹੁਕਮ ਦਿੰਦਾ ਹਾਂ। ਮਸੀਹ ਯਿਸੂ ਹੀ ਹੈ ਜਿਸਨੇ ਉਹ ਮਹਾਨ ਸੱਚ ਉਦੋਂ ਸਵਿਕਾਰ ਕੀਤਾ ਸੀ ਅਦੋਂ ਉਹ ਪੁੰਤਿਯੁਸ ਪਿਲਾਤੁਸ ਦੇ ਸਾਹਮਣੇ ਖੜ੍ਹਾ ਸੀ। ਅਤੇ ਪਰਮੇਸ਼ੁਰ ਹੀ ਹੈ ਜਿਹੜਾ ਹਰ ਇੱਕ ਨੂੰ ਜੀਵਨ ਦਿੰਦਾ ਹੈ। 14 ਹੁਣ ਮੈਂ ਤੁਹਾਨੂੰ ਦੱਸਦਾ ਹਾਂ; ਉਹੀ ਗੱਲਾਂ ਕਰੋ ਜੋ ਕਰਨ ਦਾ ਤੁਹਾਨੂੰ ਹੁਕਮ ਦਿੱਤਾ ਗਿਆ ਸੀ। ਉਹ ਗੱਲਾਂ ਸਾਰੀ ਸ਼ੁੱਧਤਾ ਨਾਲ ਕਰੋ ਅਤੇ ਇਸ ਢੰਗ ਨਾਲ ਕਰੋ ਕਿ ਕੋਈ ਵੀ ਉਦੋਂ ਤੱਕ ਤੁਹਾਡੇ ਉੱਤੇ ਇਲਜ਼ਾਮ ਨਾ ਲਾ ਸੱਕੇ ਜਦੋਂ ਤੱਕ ਕਿ ਸਾਡਾ ਪ੍ਰਭੂ ਯਿਸੂ ਮਸੀਹ ਵਾਪਸ ਨਹੀਂ ਆ ਜਾਂਦਾ। 15 ਉਹ ਉਦੋਂ ਆਵੇਗਾ ਜਦੋਂ ਪਰਮੇਸ਼ੁਰ ਫ਼ੈਸਲਾ ਕਰੇਗਾ ਕਿ ਇਹੀ ਸਹੀ ਸਮਾਂ ਹੈ। ਪਰਮੇਸ਼ੁਰ ਧੰਨ ਹੈ ਅਤੇ ਸਿਰਫ਼ ਇੱਕ ਸ਼ਾਸਕ ਹੈ। ਪਰਮੇਸ਼ੁਰ ਬਾਦਸ਼ਾਹਾਂ ਦਾ ਬਾਦਸ਼ਾਹ ਅਤੇ ਪ੍ਰਭੂਆਂ ਦਾ ਪ੍ਰਭੂ ਹੈ। 16 ਪਰਮੇਸ਼ੁਰ ਕਦੀ ਨਹੀਂ ਮਰਦਾ ਪਰਮੇਸ਼ੁਰ ਆਪਣੀ ਪ੍ਰਚੰਡ ਰੋਸ਼ਨੀ ਵਿੱਚ ਰਹਿੰਦਾ ਹੈ ਕਿ ਲੋਕ ਉਸ ਦੇ ਨੇੜੇ ਨਹੀਂ ਜਾ ਸੱਕਦੇ। ਕਿਸੇ ਵੀ ਵਿਅਕਤੀ ਨੇ ਪਰਮੇਸ਼ੁਰ ਨੂੰ ਕਦੇ ਨਹੀਂ ਦੇਖਿਆ। ਕੋਈ ਵੀ ਵਿਅਕਤੀ ਪਰਮੇਸ਼ੁਰ ਦੇ ਦੇਖ ਸੱਕਣ ਦੇ ਸਮਰਥ ਨਹੀਂ ਹੈ। ਪਰਮੇਸ਼ੁਰ ਦੀ ਸਦਾ ਉਸਤਤਿ ਅਤੇ ਸ਼ਕਤੀ ਹੋਵੇ। ਆਮੀਨ।
17 ਇਹ ਆਦੇਸ਼ ਉਨ੍ਹਾਂ ਲੋਕਾਂ ਨੂੰ ਦਿਉ ਜਿਹੜੇ ਇਸ ਦੁਨੀਆਂ ਦੀ ਦੌਲਤ ਨਾਲ ਮਾਲਾ ਮਾਲ ਹਨ। ਉਨ੍ਹਾਂ ਨੂੰ ਆਖੋ ਕਿ ਗੁਮਾਨ ਨਾ ਕਰਨ। ਉਨ੍ਹਾਂ ਅਮੀਰ ਲੋਕਾਂ ਨੂੰ ਆਖੋ ਕਿ ਪਰਮੇਸ਼ੁਰ ਵਿੱਚ ਆਸ ਰੱਖਣ, ਅਪਣੀ ਦੌਲਤ ਵਿੱਚ ਨਹੀਂ। ਦੌਲਤ ਦਾ ਕੋਈ ਇਤਬਾਰ ਨਹੀਂ ਕੀਤਾ ਜਾ ਸੱਕਦਾ। ਪਰ ਪਰਮੇਸ਼ੁਰ ਅਮੀਰੀ ਨਾਲ ਸਾਡਾ ਧਿਆਨ ਰੱਖਦਾ ਹੈ। ਉਹ ਸਾਨੂੰ ਭੋਗਣ ਲਈ ਹਰ ਸ਼ੈਅ ਦਿੰਦਾ ਹੈ। 18 ਅਮੀਰਾਂ ਨੂੰ ਚੰਗੇ ਕੰਮ ਕਰਨ ਲਈ ਆਖੋ। ਉਨ੍ਹਾਂ ਨੂੰ ਚੰਗੇ ਕੰਮਾਂ ਵਿੱਚ ਅਮੀਰ ਹੋਣ ਲਈ ਆਖੋ। ਅਤੇ ਉਨ੍ਹਾਂ ਨੂੰ ਖੁਸ਼ੀ ਨਾਲ ਦਾਨ ਕਰਨ ਅਤੇ ਦੌਲਤ ਸਾਂਝੀ ਕਰਨ ਲਈ ਆਖੋ। 19 ਅਜਿਹਾ ਕਰਦਿਆਂ ਉਹ ਆਪਣੇ ਲਈ ਸਵਰਗ ਵਿੱਚ ਇੱਕ ਖਜ਼ਾਨਾ ਜੋੜ ਰਹੇ ਹੋਣਗੇ। ਉਹ ਖਜ਼ਾਨਾ ਉਨ੍ਹਾਂ ਦੇ ਭਵਿੱਖਮਈ ਜੀਵਨ ਲਈ ਇੱਕ ਪੱਕੀ ਬੁਨਿਆਦ ਹੋਵੇਗਾ। ਫ਼ੇਰ ਉਹ ਅਜਿਹਾ ਜੀਵਨ ਹਾਸਿਲ ਕਰਨ ਦੇ ਯੋਗ ਹੋ ਜਾਣਗੇ ਜਿਹੜਾ ਸੱਚਾ ਹੈ।
20 ਤਿਮੋਥਿਉਸ, ਪਰਮੇਸ਼ੁਰ ਨੇ ਤੈਨੂੰ ਬਹੁਤ ਸਾਰੀਆਂ ਚੀਜ਼ਾਂ ਸੌਂਪੀਆਂ ਹਨ। ਇਨ੍ਹਾਂ ਚੀਜ਼ਾਂ ਦੀ ਰੱਖਵਾਲੀ ਕਰ। ਉਨ੍ਹਾਂ ਲੋਕਾਂ ਤੋਂ ਦੂਰ ਰਹੋ ਜਿਹੜੇ ਮੂਰੱਖਮਈ ਗੱਲਾਂ ਆਖਦੇ ਹਨ, ਜਿਹੜੀਆਂ ਪਰਮੇਸ਼ੁਰ ਵੱਲੋਂ ਨਹੀਂ ਹਨ। ਉਨ੍ਹਾਂ ਲੋਕਾਂ ਤੋਂ ਦੂਰ ਰਹਿ ਜਿਹੜੇ ਦਲੀਲਬਾਜ਼ੀ ਕਰਦੇ ਹਨ ਜਿਸ ਨੂੰ ਉਹ “ਗਿਆਨ” ਆਖਦੇ ਹਨ ਪਰ ਇਹ ਅਸਲ ਵਿੱਚ ਇਹ ਗਿਆਨ ਨਹੀਂ ਹੈ। 21 ਕੁਝ ਲੋਕ ਆਖਦੇ ਹਨ ਕਿ ਉਨ੍ਹਾਂ ਕੋਲ ਉਹ “ਗਿਆਨ” ਹੈ। ਉਨ੍ਹਾਂ ਲੋਕਾਂ ਨੇ ਸੱਚੇ ਵਿਸ਼ਵਾਸ ਨੂੰ ਛੱਡ ਦਿੱਤਾ ਹੈ।
ਪਰਮੇਸ਼ੁਰ ਦੀ ਕਿਰਪਾ ਤੁਹਾਡੇ ਸਾਰਿਆਂ ਨਾਲ ਹੋਵੇ।
2010 by World Bible Translation Center