M’Cheyne Bible Reading Plan
ਇਸਰਾਏਲ ਪਰਮੇਸ਼ੁਰ ਦਾ ਹੈ
19 ਯਹੋਵਾਹ ਨੇ ਮੂਸਾ ਨੂੰ ਆਖਿਆ, 2 “ਇਸਰਾਏਲ ਦੇ ਸਾਰੇ ਲੋਕਾਂ ਨੂੰ ਆਖ; ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ। ਮੈਂ ਪਵਿੱਤਰ ਹਾਂ, ਇਸ ਲਈ ਤੁਹਾਨੂੰ ਵੀ ਪਵਿੱਤਰ ਹੋਣਾ ਚਾਹੀਦਾ ਹੈ।
3 “ਤੁਹਾਡੇ ਵਿੱਚੋਂ ਹਰ ਬੰਦੇ ਨੂੰ ਆਪਣੇ ਮਾਤਾ ਪਿਤਾ ਦਾ ਆਦਰ ਕਰਨਾ ਚਾਹੀਦਾ ਹੈ ਅਤੇ ਮੇਰੇ ਅਰਾਮ ਦੇ ਸਾਰੇ ਖਾਸ ਦਿਨਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
4 “ਮੇਰੇ ਵੱਲੋਂ ਨਿਕੰਮੇ ਬੁੱਤਾਂ ਵੱਲ ਨਾ ਪਰਤੋਂ। ਆਪਣੇ ਲਈ ਢਾਲੀਆਂ ਹੋਈਆਂ ਮੂਰਤੀਆਂ ਨਾ ਬਣਾਉ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
5 “ਜਦੋਂ ਤੁਸੀਂ ਯਹੋਵਾਹ ਨੂੰ ਕੋਈ ਸੁੱਖ-ਸਾਂਦ ਦੀ ਬਲੀ ਚੜ੍ਹਾਉ ਤਾਂ ਤੁਹਾਨੂੰ ਇਹ ਸਹੀ ਢੰਗ ਨਾਲ ਚੜ੍ਹਾਉਣੀ ਚਾਹੀਦੀ ਹੈ ਤਾਂ ਜੋ ਤੁਸੀਂ ਪ੍ਰਵਾਨ ਹੋ ਸੱਕੋ। 6 ਤੁਸੀਂ ਇਸ ਨੂੰ ਉਸੇ ਦਿਨ ਵੀ ਖਾ ਸੱਕਦੇ ਹੋ ਜਿਸ ਦਿਨ ਤੁਸੀਂ ਇਸ ਨੂੰ ਭੇਟ ਕਰਦੇ ਹੋ ਅਤੇ ਅਗਲੇ ਦਿਨ ਵੀ। ਪਰ ਜੇ ਉਸ ਬਲੀ ਵਿੱਚੋਂ ਤੀਸਰੇ ਦਿਨ ਲਈ ਕੁਝ ਬਚ ਜਾਵੇ ਤਾਂ ਤੁਹਾਨੂੰ ਇਸ ਨੂੰ ਅੱਗ ਵਿੱਚ ਸਾੜ ਦੇਣਾ ਚਾਹੀਦਾ ਹੈ। 7 ਤੁਹਾਨੂੰ ਉਸ ਬਲੀ ਵਿੱਚੋਂ ਕੁਝ ਵੀ ਤੀਸਰੇ ਦਿਨ ਨਹੀਂ ਖਾਣਾ ਚਾਹੀਦਾ। ਇਹ ਨਿਰਾਦਰ ਹੋਵੇਗਾ ਅਤੇ ਪ੍ਰਵਾਨ ਨਹੀਂ ਹੋਵੇਗਾ। 8 ਜਿਹੜਾ ਵੀ ਬੰਦਾ ਅਜਿਹਾ ਕਰੇਗਾ, ਪਾਪ ਦਾ ਦੋਸ਼ੀ ਹੋਵੇਗਾ। ਕਿਉਂਕਿ ਉਸ ਨੇ ਇੱਕ ਪਵਿੱਤਰ ਚੀਜ਼ ਨੂੰ ਕਲੰਕਤ ਕਰ ਦਿੱਤਾ ਜੋ ਯਹੋਵਾਹ ਦੀ ਹੈ। ਉਸ ਨੂੰ ਆਪਣੇ ਲੋਕਾਂ ਵਿੱਚੋਂ ਵੱਖ ਕਰ ਦੇਣਾ ਚਾਹੀਦਾ ਹੈ।
9 “ਜਦੋਂ ਤੁਸੀਂ ਵਾਢੀਆਂ ਸਮੇਂ ਆਪਣੀਆਂ ਫ਼ਸਲਾਂ ਕੱਟੋ ਤਾਂ ਆਪਣੇ ਖੇਤਾਂ ਦੇ ਕਿਨਾਰਿਆਂ ਤੱਕ ਪੂਰੀ ਕਟਾਈ ਨਾ ਕਰੋ ਅਤੇ ਜੇ ਅਨਾਜ ਧਰਤੀ ਉੱਤੇ ਡਿੱਗ ਪੈਂਦਾ ਹੈ ਤਾਂ ਤੁਹਾਨੂੰ ਉਹ ਅਨਾਜ ਇਕੱਠਾ ਨਹੀਂ ਕਰਨਾ ਚਾਹੀਦਾ। 10 ਆਪਣੇ ਅੰਗੂਰਾਂ ਦੇ ਬਾਗ ਦੇ ਸਾਰੇ ਅੰਗੂਰ ਨਾ ਤੋੜੋ ਅਤੇ ਧਰਤੀ ਤੇ ਡਿੱਗੇ ਹੋਏ ਅੰਗੂਰ ਨਾ ਚੁੱਕੋ। ਕਿਉਂਕਿ ਇਹ ਚੀਜ਼ਾਂ ਤੁਹਾਨੂੰ ਗਰੀਬ ਲੋਕਾਂ ਲਈ ਅਤੇ ਤੁਹਾਡੇ ਦੇਸ਼ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਲਈ ਛੱਡ ਦੇਣੀਆਂ ਚਾਹੀਦੀਆਂ ਹਨ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
11 “ਤੁਹਾਨੂੰ ਚੋਰੀ ਨਹੀਂ ਕਰਨੀ ਚਾਹੀਦੀ। ਤੁਹਾਨੂੰ ਲੋਕਾਂ ਨੂੰ ਧੋਖਾ ਨਹੀਂ ਦੇਣਾ ਚਾਹੀਦਾ। ਤੁਹਾਨੂੰ ਇੱਕ ਦੂਸਰੇ ਨਾਲ ਝੂਠ ਨਹੀਂ ਬੋਲਣਾ ਚਾਹੀਦਾ। 12 ਤੁਹਾਨੂੰ (ਅਦਾਲਤ ਵਿੱਚ ਝੂਠੀ ਸਾਖੀ ਬਾਬਤ) ਮੇਰੇ ਨਾਂ ਤੇ ਝੂਠੀ ਕਸਮ ਨਹੀਂ ਖਾਣੀ ਚਾਹੀਦੀ। ਜੇ ਤੁਸੀਂ ਅਜਿਹਾ ਕਰੋਂਗੇ, ਤੁਸੀਂ ਆਪਣੇ ਪਰਮੇਸ਼ੁਰ ਦੇ ਨਾਮ ਦਾ ਨਿਰਾਦਰ ਕਰੋਂਗੇ। ਮੈਂ ਯਹੋਵਾਹ ਹਾਂ।
13 “ਤੁਹਾਨੂੰ ਆਪਣੇ ਗੁਆਂਢੀ ਦਾ ਬੁਰਾ ਨਹੀਂ ਕਰਨਾ ਚਾਹੀਦਾ। ਤੁਹਾਨੂੰ ਉਸ ਨੂੰ ਲੁੱਟਣਾ ਨਹੀਂ ਚਾਹੀਦਾ। ਤੁਹਾਨੂੰ ਕਿਸੇ ਭਾੜੇ ਦੇ ਕਾਮੇ ਦੀ ਤਨਖਾਹ ਸਾਰੀ ਰਾਤ ਵੇਲੇ ਤੱਕ ਨਹੀਂ ਰੋਕਣੀ ਚਾਹੀਦੀ।
14 “ਤੁਹਾਨੂੰ ਕਿਸੇ ਬੋਲੇ ਬੰਦੇ ਨੂੰ ਬੇਇੱਜ਼ਤ ਨਹੀਂ ਕਰਨਾ ਚਾਹੀਦਾ। ਤੁਹਾਨੂੰ ਕਿਸੇ ਅੰਨ੍ਹੇ ਬੰਦੇ ਨੂੰ ਡੇਗਣ ਲਈ ਉਸ ਦੇ ਸਾਹਮਣੇ ਕੋਈ ਰੁਕਾਵਟ ਨਹੀਂ ਪਾਉਣੀ ਚਾਹੀਦੀ। ਪਰ ਤੁਹਾਨੂੰ ਆਪਣੇ ਪਰਮੇਸ਼ੁਰ ਦਾ ਆਦਰ ਕਰਨਾ ਚਾਹੀਦਾ ਹੈ। ਮੈਂ ਯਹੋਵਾਹ ਹਾਂ।
15 “ਤੁਹਾਨੂੰ ਨਿਆਂ ਕਰਨ ਵਿੱਚ ਬੇਲਾਗ ਹੋਣਾ ਚਾਹੀਦਾ ਹੈ। ਤੁਹਾਨੂੰ ਗਰੀਬ ਲੋਕਾਂ ਲਈ ਜਾਂ ਧਨਵਾਨ ਲੋਕਾਂ ਲਈ ਖਾਸ ਰਿਆਇਤ ਨਹੀਂ ਦਰਸਾਉਣੀ ਚਾਹੀਦੀ। ਜਦੋਂ ਤੁਸੀਂ ਆਪਣੇ ਗੁਆਂਢੀ ਦਾ ਨਿਆਂ ਕਰੋ, ਤੁਹਾਨੂੰ ਬੇਲਾਗ ਹੋਣਾ ਚਾਹੀਦਾ ਹੈ। 16 ਤੁਹਾਨੂੰ ਹੋਰਨਾਂ ਲੋਕਾਂ ਬਾਰੇ ਝੂਠੀਆਂ ਅਫ਼ਵਾਹਾਂ ਨਹੀਂ ਫ਼ੈਲਾਉਣੀਆਂ ਚਾਹੀਦੀਆਂ। ਜਦੋਂ ਤੁਹਾਡੇ ਗੁਆਂਢੀ ਦੀ ਜਾਨ ਖਤਰੇ ਵਿੱਚ ਹੋਵੇ ਬਿਨਾ ਸਹਾਇਤਾ ਕਰਨ ਦੇ ਐਵੇਂ ਉੱਥੇ ਨਾ ਖਲੋਵੋ। ਮੈਂ ਯਹੋਵਾਹ ਹਾਂ।
17 “ਤੁਹਾਨੂੰ ਆਪਣੇ ਦਿਲ ਵਿੱਚ ਆਪਣੇ ਭਰਾ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ। ਜੇ ਤੁਹਾਡਾ ਗੁਆਂਢੀ ਕੋਈ ਗਲਤ ਗੱਲ ਕਰਦਾ ਹੈ, ਇਸ ਬਾਰੇ ਉਸ ਨਾਲ ਗੱਲ ਕਰੋ ਤਾਂ ਜੋ ਤੁਸੀਂ ਉਸ ਕਾਰਣ ਪਾਪ ਨਾ ਕਰੋ। 18 ਉਨ੍ਹਾਂ ਮੰਦੀਆਂ ਗੱਲਾਂ ਬਾਰੇ ਖਾਰ ਨਾ ਖਾਵੋ ਜੋ ਲੋਕ ਤੁਹਾਡੇ ਨਾਲ ਕਰਦੇ ਹਨ। ਬਦਲਾ ਲੈਣ ਦੀ ਕੋਸ਼ਿਸ਼ ਨਾ ਕਰੋ। ਆਪਣੇ ਗੁਆਂਢੀ ਨੂੰ ਆਪਣੇ-ਆਪ ਵਾਂਗ ਪਿਆਰ ਕਰੋ। ਮੈਂ ਯਹੋਵਾਹ ਹਾਂ।
19 “ਤੁਹਾਨੂੰ ਮੇਰੇ ਨੇਮ ਮਂਨਣੇ ਚਾਹੀਦੇ ਹਨ। ਤੁਹਾਨੂੰ ਦੋ ਵੱਖ ਕਿਸਮ ਦੇ ਜਾਨਵਰਾਂ ਦਾ ਸਂਜੋਗ ਨਹੀਂ ਕਰਾਉਣਾ ਚਾਹੀਦਾ। ਤੁਹਾਨੂੰ ਆਪਣੇ ਖੇਤ ਵਿੱਚ ਦੋ ਤਰ੍ਹਾਂ ਦਾ ਬੀਜ਼ ਨਹੀਂ ਬੀਜਣਾ ਚਾਹੀਦਾ। ਤੁਹਾਨੂੰ ਦੋ ਤਰ੍ਹਾਂ ਦੇ ਕੱਪੜਿਆਂ ਤੋਂ ਬਣੇ ਕੱਪੜੇ ਨਹੀਂ ਪਾਉਣੇ ਚਾਹੀਦੇ।
20 “ਕਿਸੇ ਵੇਲੇ ਅਜਿਹਾ ਵਾਪਰ ਸੱਕਦਾ ਹੈ ਕਿ ਕਿਸੇ ਆਦਮੀ ਦੇ ਜਿਨਸੀ ਸੰਬੰਧ ਕਿਸੇ ਅਜਿਹੀ ਔਰਤ ਨਾਲ ਹੋ ਜਾਣ ਜੋ ਕਿਸੇ ਹੋਰ ਦੀ ਗੁਲਾਮ ਹੋਵੇ। ਪਰ ਇਸ ਗੁਲਾਮ ਔਰਤ ਨੂੰ ਨਾ ਤਾਂ ਖਰੀਦਿਆ ਗਿਆ ਹੈ ਅਤੇ ਨਾ ਅਜ਼ਾਦੀ ਦਿੱਤੀ ਗਈ ਹੈ। ਜੇ ਅਜਿਹਾ ਹੋਵੇ, ਤਾਂ ਸਜ਼ਾ ਮਿਲਣੀ ਚਾਹੀਦੀ ਹੈ। ਪਰ ਉਨ੍ਹਾਂ ਨੂੰ ਮੌਤ ਦੇ ਘਾਟ ਨਹੀਂ ਉਤਾਰਿਆ ਜਾਵੇਗਾ। ਕਿਉਂਕਿ ਔਰਤ ਆਜ਼ਾਦ ਨਹੀਂ ਸੀ। 21 ਉਸ ਆਦਮੀ ਨੂੰ ਆਪਣੇ ਦੋਸ਼ ਦੀ ਭੇਟ ਨੂੰ ਯਹੋਵਾਹ ਲਈ ਮੰਡਲੀ ਦੇ ਤੰਬੂ ਦੇ ਪ੍ਰਵੇਸ਼ ਦੁਆਰ ਤੇ ਲਿਆਉਣੀ ਚਾਹੀਦੀ ਹੈ। ਆਦਮੀ ਨੂੰ ਦੋਸ਼ ਦੀ ਭੇਟ ਲਈ ਇੱਕ ਭੇਡੂ ਲਿਆਉਣਾ ਚਾਹੀਦਾ ਹੈ। 22 ਜਾਜਕ ਅਜਿਹੀ ਰੀਤ ਕਰੇਗਾ ਜਿਹੜੀ ਉਸ ਆਦਮੀ ਲਈ ਪਰਾਸਚਿਤ ਹੋਵੇਗੀ। ਉਹ ਉਸ ਭੇਡੂ ਨੂੰ ਯਹੋਵਾਹ ਅੱਗੇ ਦੋਸ਼ ਦੀ ਭੇਟ ਵਜੋਂ ਚੜ੍ਹਾਵੇਗਾ। ਇਹ ਉਸ ਆਦਮੀ ਦੇ ਕੀਤੇ ਹੋਏ ਪਾਪ ਲਈ ਹੋਵੇਗਾ। ਫ਼ੇਰ ਉਸ ਆਦਮੀ ਨੂੰ ਉਸ ਦੇ ਪਾਪਾਂ ਦੀ ਮਾਫ਼ੀ ਮਿਲ ਜਾਵੇਗੀ।
23 “ਭਵਿੱਖ ਵਿੱਚ, ਤੁਸੀਂ ਆਪਣੇ ਦੇਸ਼ ਵਿੱਚ ਦਾਖਲ ਹੋਵੋਂਗੇ। ਉਸ ਸਮੇਂ, ਤੁਸੀਂ ਭੋਜਨ ਲਈ ਬਹੁਤ ਕਿਸਮਾਂ ਦੇ ਰੁੱਖ ਲਾਵੋਂਗੇ। ਕੋਈ ਵੀ ਰੁੱਖ ਲਾਉਣ ਤੋਂ ਬਾਦ, ਤੁਹਾਨੂੰ ਇਸ ਰੁੱਖ ਦਾ ਫ਼ਲ ਖਾਣ ਲਈ ਤਿੰਨ ਸਾਲ ਇੰਤਜ਼ਾਰ ਕਰਨਾ ਚਾਹੀਦਾ ਹੈ। ਤੁਹਾਨੂੰ ਇਨ੍ਹਾਂ ਵਰ੍ਹਿਆਂ ਦੌਰਾਨ ਇਸਦੇ ਫ਼ਲ ਨੂੰ ਵਰਜਿਤ ਘੋਸ਼ਿਤ ਕਰਨਾ ਚਾਹੀਦਾ ਹੈ। 24 ਚੌਥੇ ਸਾਲ ਉਸ ਰੁੱਖ ਦਾ ਫ਼ਲ ਯਹੋਵਾਹ ਦਾ ਹੋਵੇਗਾ ਇਹ ਯਹੋਵਾਹ ਨੂੰ ਉਸਤਤ ਦੀ ਪਵਿੱਤਰ ਭੇਟ ਹੋਵੇਗੀ। 25 ਫ਼ੇਰ, ਪੰਜਵੇਂ ਸਾਲ ਅੰਦਰ, ਤੁਸੀਂ ਉਸ ਰੁੱਖ ਦੇ ਫ਼ਲ ਖਾ ਸੱਕਦੇ ਹੋ। ਅਤੇ ਰੁੱਖ ਤੁਹਾਡੇ ਲਈ ਹੋਰ-ਹੋਰ ਫ਼ਲ ਪੈਦਾ ਕਰੇਗਾ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
26 “ਤੁਹਾਨੂੰ ਕੋਈ ਵੀ ਅਜਿਹਾ ਮਾਸ ਨਹੀਂ ਖਾਣਾ ਚਾਹੀਦਾ ਜਿਸ ਵਿੱਚ ਹਾਲੇ ਖੂਨ ਹੋਵੇ।
“ਤੁਹਾਨੂੰ ਭਵਿੱਖ ਦਾ ਹਾਲ ਦੱਸਣ ਲਈ ਕੋਈ ਜਾਦੂ ਜਾਂ ਕਾਲਾ ਇਲਮ ਵਰਤਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।
27 “ਤੁਹਾਨੂੰ ਆਪਣੇ ਸਿਰ ਦੇ ਇੱਕ ਪਾਸੇ ਤੇ ਉੱਗੇ ਹੋਏ ਵਾਲਾ ਨੂੰ ਨਹੀਂ ਮੁੰਨਣਾ ਚਾਹੀਦਾ। ਤੁਹਾਨੂੰ ਆਪਣੇ ਚਿਹਰੇ ਦੇ ਆਸੇ-ਪਾਸੇ ਤੇ ਉੱਗੀ ਹੋਈ ਦਾਢ਼ੀ ਨਹੀਂ ਮੁੰਨਣੀ ਚਾਹੀਦੀ। 28 ਤੁਹਾਨੂੰ ਮੁਰਦਾ ਲੋਕਾਂ ਨੂੰ ਚੇਤੇ ਕਰਨ ਲਈ ਜਿਸਮ ਉੱਤੇ ਜ਼ਖਮ ਨਹੀਂ ਬਨਾਉਣੇ ਚਾਹੀਦੇ। ਤੁਹਾਨੂੰ ਆਪਣੇ ਜਿਸਮ ਉੱਤੇ ਤੰਦੋਲੇ ਨਹੀਂ ਗੁਦਵਾਉਣੇ ਚਾਹੀਦੇ। ਮੈਂ ਯਹੋਵਾਹ ਹਾਂ।
29 “ਆਪਣੀ ਧੀ ਨੂੰ ਵੇਸਵਾ ਨਾ ਬਣਾਵੋ ਅਤੇ ਅਜਿਹਾ ਕਰਕੇ ਉਸ ਨੂੰ ਕਲੰਕਤ ਨਾ ਕਰੋ। ਧਰਤੀ ਅੰਦਰ ਅਜਿਹਾ ਨਾ ਕਰੋ ਅਤੇ ਇਸ ਨੂੰ ਦੁਸ਼ਟਤਾ ਨਾਲ ਨਾ ਭਰੋ।
30 “ਤੁਹਾਨੂੰ ਮੇਰੇ ਅਰਾਮ ਦੇ ਖਾਸ ਦਿਨਾਂ ਤੇ ਕੰਮ ਨਹੀਂ ਕਰਨਾ ਚਾਹੀਦਾ। ਤੁਹਾਨੂੰ ਮੇਰੇ ਪਵਿੱਤਰ ਸਥਾਨ ਦਾ ਆਦਰ ਕਰਨਾ ਚਾਹੀਦਾ ਹੈ। ਮੈਂ ਯਹੋਵਾਹ ਹਾਂ।
31 “ਸਲਾਹ ਮਸ਼ਵਰੇ ਲਈ ਭੂਤ ਮ੍ਰਿਤਾਂ ਜਾਂ ਸਿਆਣਿਆਂ ਕੋਲ ਨਾ ਜਾਉ। ਉਨ੍ਹਾਂ ਕੋਲ ਨਾ ਜਾਉ, ਉਹ ਸਿਰਫ਼ ਤੁਹਾਨੂੰ ਨਾਪਾਕ ਹੀ ਬਨਾਉਣਗੇ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
32 “ਬਜ਼ੁਰਗ ਲੋਕਾਂ ਨੂੰ ਆਦਰ ਦਰਸਾਉ। ਜਦੋਂ ਉਹ ਕਮਰੇ ਵਿੱਚ ਆਉਣ ਤਾਂ ਖੜ੍ਹੇ ਹੋ ਜਾਉ। ਆਪਣੇ ਪਰਮੇਸ਼ੁਰ ਨੂੰ ਆਦਰ ਦਿਉ। ਮੈਂ ਯਹੋਵਾਹ ਹਾਂ।
33 “ਆਪਣੇ ਦੇਸ਼ ਵਿੱਚ ਰਹਿਣ ਵਾਲੇ ਪਰਦੇਸੀਆਂ ਨਾਲ ਬੁਰਾ ਨਾ ਕਰੋ। 34 ਤੁਹਾਨੂੰ ਪਰਦੇਸੀਆਂ ਨਾਲ ਆਪਣੇ ਸ਼ਹਿਰੀਆਂ ਵਰਗਾ ਹੀ ਵਰਤਾਉ ਕਰਨਾ ਚਾਹੀਦਾ ਹੈ। ਪਰਦੇਸੀਆਂ ਨੂੰ ਉਵੇਂ ਪਿਆਰ ਕਰੋ ਜਿਵੇਂ ਤੁਸੀਂ ਆਪਣੇ-ਆਪ ਨੂੰ ਕਰਦੇ ਹੋ। ਕਿਉਂ? ਕਿਉਂਕਿ ਇੱਕ ਸਮੇਂ ਤੁਸੀਂ ਵੀ-ਮਿਸਰ ਵਿੱਚ-ਪਰਦੇਸੀ ਸੀ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
35 “ਤੁਹਾਨੂੰ ਲੋਕਾਂ ਦਾ ਨਿਆਂ ਕਰਦੇ ਵੇਲੇ ਬੇਲਾਗ ਹੋਣਾ ਚਾਹੀਦਾ ਹੈ। ਅਤੇ ਤੁਹਾਨੂੰ ਉਦੋਂ ਵੀ ਨਿਰਪੱਖ ਹੋਣਾ ਚਾਹੀਦਾ ਹੈ ਜਦੋਂ ਤੁਸੀਂ ਚੀਜ਼ਾਂ ਨੂੰ ਨਾਪਦੇ ਜਾਂ ਤੋਂਲਦੇ ਹੋ। 36 ਤੁਹਾਡੀਆਂ ਟੋਕਰੀਆਂ ਸਹੀ ਅਕਾਰ ਦੀਆਂ ਹੋਣੀਆਂ ਚਾਹੀਦੀਆਂ ਹਨ ਅਤੇ ਤੁਹਾਡੇ ਮਰਤਬਾਨਾਂ ਵਿੱਚ ਤਰਲ ਪਦਾਰੱਥਾਂ ਦੀ ਸਹੀ ਮਾਤਰਾ ਹੋਣੀ ਚਾਹੀਦੀ ਹੈ। ਤੁਹਾਡੇ ਪੈਮਾਨੇ ਅਤੇ ਵੱਟੇ ਸਹੀ ਤੋਂਲ ਦੇ ਹੋਣੇ ਚਾਹੀਦੇ ਹਨ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ। ਮੈਂ ਤੁਹਾਨੂੰ ਮਿਸਰ ਦੀ ਧਰਤੀ ਤੋਂ ਬਾਹਰ ਲਿਆਇਆ।
37 “ਤੁਹਾਨੂੰ ਮੇਰੇ ਸਾਰੇ ਨੇਮ ਤੇ ਅਸੂਲ ਚੇਤੇ ਰੱਖਣੇ ਚਾਹੀਦੇ ਹਨ। ਅਤੇ ਤੁਹਾਨੂੰ ਉਨ੍ਹਾਂ ਨੂੰ ਮੰਨਣਾ ਚਾਹੀਦਾ ਹੈ। ਮੈਂ ਯਹੋਵਾਹ ਹਾਂ।”
ਦਾਊਦ ਦਾ ਇੱਕ ਗੀਤ।
23 ਯਹੋਵਾਹ ਮੇਰਾ ਆਜੜੀ ਹੈ,
ਮੈਨੂੰ ਕਦੇ ਵੀ ਕਿਸੇ ਚੀਜ਼ ਦੀ ਕੋਈ ਤੋਂਟ ਨਹੀਂ ਆਵੇਗੀ।
2 ਉਹ ਮੈਨੂੰ ਹਰਿਆਂ ਖੇਤਾਂ ਵਿੱਚ ਬੈਠ ਜਾਣ ਦਿੰਦਾ ਹੈ।
ਉਹ ਪਾਣੀ ਦੇ ਸ਼ਾਂਤ ਤਲਾਵਾਂ ਦੇ ਪਾਸੀਂ ਮੇਰੀ ਅਗਵਾਈ ਕਰਦਾ ਹੈ।
3 ਉਹ ਆਪਣੇ ਨਾਂ ਦੇ ਚੰਗੇ ਲਈ, ਮੇਰੀ ਰੂਹ ਨੂੰ ਤਾਜ਼ੀ ਊਰਜਾ ਦਿੰਦਾ ਹੈ।
ਇਹ ਦਰਸਾਉਣ ਲਈ ਕਿ ਉਹ ਸੱਚਮੁੱਚ ਚੰਗਾ ਹੈ ਉਹ ਚੰਗਿਆਈ ਦੇ ਰਾਹਾਂ ਤੇ ਮੇਰੀ ਅਗਵਾਈ ਕਰਦਾ ਹੈ।
4 ਜੇ ਕਿਤੇ ਮੈਂ ਕਿਸੇ ਵਾਦੀ ਵਿੱਚੋਂ ਦੀ ਲੰਘਦਾ ਹਾਂ ਜੋ ਕਬਰ ਜਿੰਨੀ ਹਨੇਰੀ ਹੈ
ਮੈਂ ਕਿਸੇ ਖਤਰੇ ਤੋਂ ਨਹੀਂ ਡਰਾਂਗਾ।
ਕਿਉਂਕਿ ਹੇ ਯਹੋਵਾਹ, ਤੂੰ ਮੇਰੇ ਨਾਲ ਹੈਂ
ਅਤੇ ਤੇਰੀ ਸਲਾਖ ਤੇ ਡਾਂਗ ਮੈਨੂੰ ਆਰਾਮ ਦਿੰਦੀਆਂ ਹਨ।
5 ਯਹੋਵਾਹ, ਤੁਸੀਂ ਮੇਰੇ ਦੁਸ਼ਮਣਾਂ ਦੇ ਸਨਮੁੱਖ ਮੇਰਾ ਮੇਜ ਸਜਾਇਆ ਹੈ।
ਤੁਸੀਂ ਮੇਰੇ ਸਿਰ ਉੱਤੇ ਤੇਲ ਪਾਇਆ ਹੈ
ਮੇਰਾ ਭਰਿਆ ਪਿਆਲਾ ਛਲਕ ਰਿਹਾ ਹੈ।
6 ਨੇਕੀ ਤੇ ਮਿਹਰ ਮੇਰੇ ਰਹਿੰਦੇ ਜੀਵਨ ਤੱਕ ਅੰਗ-ਸੰਗ ਹੋਵੇਗੀ।
ਅਤੇ ਮੈਂ ਯਹੋਵਾਹ ਦੇ ਮੰਦਰ ਵਿੱਚ ਲੰਮੇ-ਲੰਮੇ ਸਮੇਂ ਲਈ ਬੈਠਾਂਗਾ।
ਦਾਊਦ ਦਾ ਇੱਕ ਗੀਤ।
24 ਧਰਤੀ ਅਤੇ ਇਸਦੀ ਹਰ ਸ਼ੈਅ ਯਹੋਵਾਹ ਦੀ ਮਲਕੀਅਤ ਹੈ।
ਦੁਨੀਆਂ ਤੇ ਇਸਦੇ ਸਾਰੇ ਲੋਕ ਉਸ ਦੇ ਹਨ।
2 ਯਹੋਵਾਹ ਨੇ ਧਰਤੀ ਨੂੰ ਪਾਣੀ ਉੱਤੇ ਸਾਜਿਆ।
ਉਸ ਨੇ ਇਸ ਨੂੰ ਦਰਿਆਵਾਂ ਉੱਤੇ ਸਾਜਿਆ।
3 ਯਹੋਵਾਹ ਦੇ ਪਰਬਤ ਉੱਤੇ ਕੌਣ ਚੜ੍ਹ ਸੱਕਦਾ ਹੈ।
ਕੌਣ ਖਲੋ ਸੱਕਦਾ ਹੈ ਤੇ ਯਹੋਵਾਹ ਦੇ ਪਵਿੱਤਰ ਮੰਦਰ ਵਿੱਚ ਉਪਾਸਨਾ ਕਰ ਸੱਕਦਾ ਹੈ?
4 ਕਿਹੜੇ ਲੋਕ ਗਿਰਜਾਘਰ ਤੱਕ ਜਾ ਸੱਕਦੇ ਹਨ?
ਪਵਿੱਤਰ ਹੱਥਾਂ ਅਤੇ ਜਿਨ੍ਹਾਂ ਦੇ ਦਿਲ ਸ਼ੁੱਧ ਹਨ।
ਉਹ ਲੋਕ ਜਿਨ੍ਹਾਂ ਨੇ ਮੰਦੇ ਕੰਮ ਨਹੀਂ ਕੀਤੇ ਹਨ, ਉਹ ਲੋਕ ਜਿਨ੍ਹਾ ਦੇ ਹਿਰਦੇ ਸ਼ੁੱਧ ਹਨ, ਉਹ ਲੋਕ ਜਿਨ੍ਹਾਂ ਨੇ ਝੂਠੀ ਸੌਂਹ ਖਾਣ ਲਈ ਮੇਰੇ ਨਾਂ ਦੀ ਵਰਤੋਂ ਨਹੀਂ ਕੀਤੀ
ਅਤੇ ਉਹ ਲੋਕ ਜਿਨ੍ਹਾਂ ਨੇ ਧੋਖਾ ਦੇਣ ਵਾਲੇ ਵਾਅਦੇ ਨਹੀਂ ਕੀਤੇ ਹਨ।
5 ਚੰਗੇ ਬੰਦੇ ਯਹੋਵਾਹ ਤਾਈਂ ਹੋਰਾਂ ਨੂੰ ਅਸੀਸ ਦੇਣ ਲਈ ਆਖਦੇ ਹਨ।
ਉਹ ਲੋਕ ਆਪਣੇ ਪਰਮੇਸ਼ੁਰ, ਆਪਣੇ ਮੁਕਤੀਦਾਤਾ ਨੂੰ ਸ਼ੁਭ ਕਾਰਜ ਕਰਨ ਲਈ ਆਖਦੇ ਹਨ।
6 ਉਹ ਚੰਗੇ ਲੋਕ ਪਰਮੇਸ਼ੁਰ ਦਾ ਅਨੁਸਰਣ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਹਨ,
ਉਹ ਲੋਕ ਯਾਕੂਬ ਦੇ ਪਰਮੇਸ਼ੁਰ ਕੋਲ ਮਦਦ ਲਈ ਜਾਂਦੇ ਹਨ।
7 ਦਰਵਾਜਿਉ ਆਪਣੇ ਸਿਰ ਚੁੱਕੋ।
ਪੁਰਾਤਨ ਦਰਵਾਜਿਉ ਖੁਲ੍ਹ ਜਾਵੋ,
ਤਾਂ ਜੋ ਮਹਿਮਾਮਈ ਰਾਜਾ ਅੰਦਰ ਆ ਸੱਕੇ।
8 ਉਹ ਤੇਜਸਵੀ ਰਾਜਾ ਕੌਣ ਹੈ?
ਯਹੋਵਾਹ ਸਰਬ ਸ਼ਕਤੀਮਾਨ ਉਹ ਰਾਜਾ ਹੈ।
ਉਹ ਤੇਜਸਵੀ ਰਾਜਾ ਹੈ। ਉਹੀ ਯੁੱਧ ਦਾ ਨਾਇੱਕ ਹੈ।
9 ਦਰਵਾਜਿਉ, ਆਪਣੇ ਸਿਰ ਚੁੱਕੋ।
ਪੁਰਾਤਨ ਦਰਵਾਜਿਉ ਖੁਲ੍ਹ ਜਾਵੋ,
ਮਹਿਮਾਮਈ ਰਾਜਾ ਅੰਦਰ ਆਏਗਾ।
10 ਉਹ ਮਹਾਨ ਰਾਜਾ ਕੌਣ ਹੈ?
ਪਰਮੇਸ਼ੁਰ ਹੀ ਉਹ ਅੱਤ ਮਹਾਨ ਰਾਜਾ ਹੈ।
ਉਹ ਮਹਿਮਾਮਈ ਰਾਜਾ ਹੈ।
ਕੀ “ਮੌਜ ਮਸਤੀ” ਖੁਸ਼ੀ ਦੇ ਸੱਕਦੀ ਹੈ?
2 ਮੈਂ ਆਪਣੇ-ਆਪ ਨੂੰ ਆਖਿਆ, “ਮੈਨੂੰ ਪ੍ਰਸੰਸਾ ਨੂੰ ਪਰੱਖਣ ਦੇ ਅਤੇ ਆਨੰਦ ਦਾ ਅਨੁਭਵ ਕਰਨ ਦੇ।” ਪਰ ਮੈਂ ਜਾਣ ਲਿਆ ਕਿ ਇਹ ਵੀ ਅਰਬਹੀਣ ਹੈ। 2 ਦਿਲ ਪਰਚਾਵੇ ਬਾਰੇ ਮੈਂ ਆਖਿਆ: “ਇਹ ਬੇਵਕੂਫ਼ੀ ਹੈ!” ਅਤੇ ਪ੍ਰਸੰਨਤਾ ਬਾਰੇ: “ਅਸਲ ਵਿੱਚ ਇਹ ਕੀ ਲਿਆਉਂਦੀ ਹੈ?”
3 ਮੈਂ ਆਪਣੇ ਦਿਮਾਗ਼ ਨਾਲ ਪਰੱਖਿਆ ਕਿ ਪੀਣ ਤੋਂ ਬਾਅਦ ਆਪਣੇ ਸ਼ਰੀਰ ਤੇ ਕਾਬੂ ਰੱਖਣਾ ਕਿਵੇਂ ਹੈ (ਮੇਰਾ ਦਿਮਾਗ਼, ਕਿਵੇਂ ਵੀ, ਸਿਆਣਪ ਦੁਆਰਾ ਨਿਯੰਤ੍ਰਿਤ ਸੀ, ਅਤੇ ਗ਼ਲਤੀ ਨਾਲ ਅੱਗੇ ਨਹੀਂ ਵੱਧਿਆ ਸੀ।) ਮੈਂ ਵੇਖਣਾ ਚਾਹੁੰਦਾ ਸੀ ਕਿ ਇਨਸਾਨਾਂ ਲਈ ਦੁਨੀਆਂ ਵਿੱਚ, ਆਪਣੇ ਗਿਣਤੀ ਦੇ ਦਿਨਾਂ ਦੌਰਾਨ, ਕੀ ਕਰਨਾ ਚੰਗਾ ਹੈ।
ਕੀ ਸਖਤ ਮਿਹਨਤ ਖੁਸ਼ੀ ਦਿੰਦੀ ਹੈ?
4 ਫੇਰ ਮੈਂ ਮਹਾਨ ਗੱਲਾਂ ਕਰਨੀਆਂ ਆਰੰਭ ਕਰ ਦਿੱਤੀਆਂ। ਮੈਂ ਆਪਣੇ ਲਈ ਇੱਕ ਘਰ ਬਣਾਇਆ ਅਤੇ ਅੰਗੂਰਾਂ ਦਾ ਇੱਕ ਖੇਤ ਉਗਾਇਆ। 5 ਮੈਂ ਆਪਣੇ ਲਈ ਬਗ਼ੀਚੇ ਅਤੇ ਬਾਗ਼ ਲਗਾਏ ਅਤੇ ਹਰ ਤਰ੍ਹਾਂ ਦੇ ਫ਼ਲਦਾਰ ਰੁੱਖ ਉਗਾਏ। 6 ਮੈਂ ਤਾਲਅ ਬਣਵਾਏ, ਜਿਨ੍ਹਾਂ ਨੂੰ ਮੈਂ ਆਪਣੇ ਲਈ ਉਗਾਏ ਹੋਏ ਰੁੱਖਾਂ ਦੇ ਜੰਗਲ ਨੂੰ ਪਾਣੀ ਦੇਣ ਲਈ ਵਰਤਿਆ। 7 ਮੈਂ ਦਾਸ ਤੇ ਦਾਸੀਆਂ ਖਰੀਦੀਆਂ। ਅਤੇ ਮੇਰੇ ਘਰ ਵਿੱਚ ਕੁਝ ਦਾਸ ਪੈਦਾ ਵੀ ਹੋਏ। ਮੇਰੀਆਂ ਬਾਕੀ ਸਾਰੀਆਂ ਮਲਕੀਅਤਾਂ, ਪਸ਼ੂ ਅਤੇ ਭੇਡਾਂ, ਬਹੁਤ ਸਾਰੀਆਂ ਸਨ, ਉਸ ਕਿਸੇ ਨਾਲੋਂ ਵੀ ਵੱਧੇਰੇ ਜੋ ਮੇਰੇ ਤੋਂ ਪਹਿਲਾਂ ਯਰੂਸ਼ਲਮ ਵਿੱਚ ਰਹਿੰਦਾ ਸੀ।
8 ਮੈਂ ਆਪਣੇ ਲਈ ਚਾਂਦੀ ਅਤੇ ਸੋਨਾ ਇਕੱਠਾ ਕੀਤਾ। ਮੈਂ ਰਾਜਿਆਂ ਅਤੇ ਕੌਮਾਂ ਪਾਸੋਂ ਖਜ਼ਾਨੇ ਵੀ ਲੁੱਟੇ। ਮੇਰੇ ਪਾਸ ਗਾਉਣ ਵਾਲੇ ਮਰਦ ਅਤੇ ਔਰਤਾਂ ਅਤੇ ਹਰ ਇਨਸਾਨੀ ਪ੍ਰਸੰਨਤਾ ਹੈ।
9 ਮੈਂ ਬਹੁਤ ਅਮੀਰ ਤੇ ਪ੍ਰਸਿੱਧ ਅਤੇ ਆਪਣੇ ਤੋਂ ਪਹਿਲਾਂ ਯਰੂਸ਼ਲਮ ਵਿੱਚ ਰਹਿਣ ਵਾਲੇ ਕਿਸੇ ਵੀ ਹੋਰ ਬੰਦੇ ਨਾਲੋਂ ਮਹਾਨ ਬਣ ਗਿਆ। ਅਤੇ ਮੇਰੀ ਸਿਆਣਪ ਵੀ ਮੇਰੇ ਸੰਗ ਹੀ ਰਹੀ। 10 ਜੋ ਕੁਝ ਵੀ ਮੇਰੀਆਂ ਅੱਖਾਂ ਨੇ ਵੇਖਿਆ ਅਤੇ ਚਾਹਿਆ ਮੈਂ ਹਾਸਿਲ ਕਰ ਲਿਆ। ਮੈਂ ਆਪਣੇ ਦਿਲ ਲਈ ਕਿਸੇ ਵੀ ਪ੍ਰਸੰਨਤਾ ਤੋਂ ਇਨਕਾਰ ਨਹੀਂ ਕਰਦਾ, ਅਸਲ ਵਿੱਚ, ਮੇਰੇ ਦਿਲ ਨੇ ਮੇਰੇ ਕੀਤੇ ਹਰ ਕੰਮ ਵਿੱਚ ਪ੍ਰਸੰਨਤਾ ਮਹਿਸੂਸ ਕੀਤੀ, ਅਤੇ ਇਹੀ ਹੈ ਜੋ ਮੈਂ ਆਪਣੇ ਸਾਰੇ ਕੰਮ ਤੋਂ ਪ੍ਰਾਪਤ ਕੀਤਾ।
11 ਪਰ ਤਦ ਮੈਂ ਫੇਰ ਉਨ੍ਹਾਂ ਸਾਰੀਆਂ ਚੀਜ਼ਾਂ ਵੱਲ ਦੇਖਿਆਂ ਜੋ ਮੈਂ ਕੀਤੀਆਂ ਸਨ। ਜਿਨ੍ਹਾਂ ਨੂੰ ਹਾਸਿਲ ਕਰਨ ਲਈ ਮੈਂ ਸਖਤ ਮਿਹਨਤ ਕੀਤੀ ਸੀ। ਮੈਂ ਵੇਖਿਆ ਕਿ ਇਹ ਸਭ ਕੁਝ ਅਰਬਹੀਣ ਸੀ। ਇਹ ਹਵਾ ਨੂੰ ਫ਼ੜਨ ਦੀ ਕੋਸ਼ਿਸ਼ ਵਾਂਗ ਸੀ। ਇਸ ਦੁਨੀਆਂ ਵਿੱਚ ਲਾਭ ਹਾਸਿਲ ਕਰਨ ਲਈ ਕੁਝ ਨਹੀਂ।
ਸ਼ਾਇਦ ਸਿਆਣਪ ਹੀ ਉੱਤਰ ਹੈ
12 ਤਦ ਮੈਂ ਫਿਰ ਤੋਂ ਸਿਆਣਪ, ਅਤੇ ਗ਼ਲਤੀ ਅਤੇ ਮੂਰੱਖਤਾਈ ਤੇ ਸੋਚ-ਵਿੱਚਾਰ ਕੀਤਾ। ਰਾਜੇ ਤੋਂ ਬਾਅਦ ਆਉਣ ਵਾਲਾ ਵਿਅਕਤੀ ਉਸ ਤੋਂ ਇਲਾਵਾ ਕੀ ਕੰਮ ਕਰੇਗਾ ਜੋ ਪਹਿਲਾਂ ਹੀ ਰਾਜੇ ਦਾ ਕੀਤਾ ਹੋਇਆ ਸੀ। 13 ਮੈਂ ਦੇਖਿਆ ਕਿ ਅਕਲਮਂਦੀ ਬੇਵਕੂਫ਼ੀ ਉੱਪਰ ਓਸੇ ਤਰ੍ਹਾਂ ਲਾਭਦਾਇੱਕ ਹੈ ਜਿਵੇਂ ਰੌਸ਼ਨੀ ਹਨੇਰੇ ਉੱਪਰ ਲਾਭਦਾਇੱਕ ਹੈ। 14 ਇਹ ਇਸ ਤਰ੍ਹਾਂ ਹੈ: ਸਿਆਣਾ ਬੰਦਾ ਆਪਣੇ ਦਿਮਾਗ਼ ਦੀ ਵਰਤੋਂ ਅੱਖਾਂ ਵਾਂਗੂ ਦੇਖਣ ਲਈ ਕਰਦਾ ਹੈ ਕਿ ਉਹ ਕਿੱਧਰ ਜਾ ਰਿਹਾ ਹੈ। ਪਰ ਮੂਰਖ ਓਸ ਬੰਦੇ ਵਰਗਾ ਹੈ ਜਿਹੜਾ ਹਨੇਰੇ ਵਿੱਚ ਚੱਲ ਰਿਹਾ ਹੈ।
ਪਰ ਮੈਂ ਇਹ ਵੀ ਦੇਖਿਆ ਕਿ ਮੂਰਖ ਬੰਦਾ ਅਤੇ ਸਿਆਣਾ ਬੰਦਾ ਅਖੀਰੀ ਇੱਕੋ ਜਿਹੇ ਅੰਤ ਉੱਤੇ ਪਹੁੰਚਦੇ ਹਨ। 15 ਮੈਂ ਸੋਚਿਆ, “ਜਿਸ ਅੰਤ ਨੂੰ ਮੂਰਖ ਮਿਲਦਾ, ਮੈਂ ਵੀ ਉਸੇ ਨੂੰ ਹੀ ਮਿਲਾਂਗਾ। ਇਸ ਲਈ, ਮੈਂ ਸਿਆਣਾ ਬਣਨ ਲਈ ਕਿਉਂ ਇੰਨੀ ਸਖਤ ਮਿਹਨਤ ਕੀਤੀ?” ਮੈਂ ਆਪਣੇ-ਆਪ ਨੂੰ ਆਖਿਆ, “ਇਹ ਵੀ ਅਰਬਹੀਣ ਹੈ।” 16 ਕਿਉਂ ਕਿ ਕੋਈ ਵੀ ਹਮੇਸ਼ਾ ਵਾਸਤੇ ਸਿਆਣੇ ਜਾਂ ਮੂਰਖ ਨੂੰ ਚੇਤੇ ਨਹੀਂ ਰੱਖੇਗਾ। ਬਹੁਤ ਹੀ ਜਲਦੀ ਭਵਿੱਖ ਵਿੱਚ, ਲੋਕ ਉਨ੍ਹਾਂ ਦੋਹਾਂ ਨੂੰ ਭੁੱਲ ਜਾਣਗੇ। ਇਹ ਕਿੰਨਾ ਮਾੜਾ ਹੈ ਇੱਕ ਸਿਆਣਾ ਵਿਅਕਤੀ ਬਿਲਕੁਲ ਇੱਕ ਮੂਰਖ ਵਾਂਗ ਹੀ ਮਰਦਾ।
ਕੀ ਜੀਵਨ ਵਿੱਚ ਸੱਚੀ ਖੁਸ਼ੀ ਹੈ?
17 ਅਤੇ ਮੈਂ ਜ਼ਿੰਦਗੀ ਨੂੰ ਨਫ਼ਰਤ ਕੀਤੀ, ਕਿਉਂ ਕਿ ਜੋ ਦੁਨੀਆਂ ਵਿੱਚ ਵਾਪਰ ਰਿਹਾ ਇਸ ਨੇ ਮੈਨੂੰ ਪੂਰੀ ਤਰ੍ਹਾਂ ਬੋਝਿਤ ਕਰ ਦਿੱਤਾ ਹੈ, ਸਭ ਕੁਝ ਅਰਬਹੀਣ ਹੈ, ਹਵਾ ਨੂੰ ਫ਼ੜਨ ਦੀ ਕੋਸ਼ਿਸ਼ ਵਾਂਗ।
18 ਮੈਂ ਆਪਣੇ ਸਾਰੇ ਕੰਮਾਂ ਦੇ ਨਤੀਜਿਆਂ ਨੂੰ ਨਫ਼ਰਤ ਕੀਤੀ, ਜਿਸ ਵਾਸਤੇ ਮੈਂ ਇਸ ਦੁਨੀਆਂ ਵਿੱਚ ਸਖਤ ਮਿਹਨਤ ਕੀਤੀ, ਕਿਉਂ ਕਿ ਇਸ ਨੂੰ ਮੈਨੂੰ ਉਸ ਵਿਅਕਤੀ ਲਈ ਛੱਡ ਦੇਣਾ ਪਵੇਗਾ ਜੋ ਮੈਥੋਂ ਮਗਰੋਂ ਆਵੇਗਾ। 19 ਅਤੇ ਕੌਣ ਜਾਣਦਾ ਕਿ ਕੀ ਉਹ ਸਿਆਣਾ ਹੋਵੇਗਾ ਜਾਂ ਮੂਰਖ, ਪਰ ਉਹ ਸਭ ਕਾਸੇ ਦਾ ਇੰਚਾਰਜ ਹੋਵੇਗਾ। ਮੈਂ ਸਖਤ ਮਿਹਨਤ ਕੀਤੀ ਅਤੇ ਇਸ ਜ਼ਿੰਦਗੀ ਵਿੱਚ ਆਪਣੀ ਸਿਆਣਪ ਵਰਤੀ। ਇਹ ਵੀ ਅਰਬਹੀਣ ਹੈ।
20 ਇਸ ਲਈ ਮੈਂ ਬਦਲ ਗਿਆ, ਅਤੇ ਇਸ ਦੁਨੀਆਂ ਵਿੱਚ ਮੇਰੀ ਸਖਤ ਮਿਹਨਤ ਦੀ ਉਪਜ ਬਾਰੇ ਆਪਣੇ ਦਿਲ ਨੂੰ ਸਾਰੀਆਂ ਝੂਠੀਆਂ ਆਸਾਂ ਛੱਡਣ ਲਈ ਮਜਬੂਰ ਕੀਤਾ। 21 ਕੋਈ ਬੰਦਾ ਆਪਣੀ ਸਾਰੀ ਸਿਆਣਪ ਅਤੇ ਗਿਆਨ ਦੀ ਸਹਾਇਤਾ ਨਾਲ ਸਖਤ ਮਿਹਨਤ ਕਰ ਸੱਕਦਾ ਹੈ। ਪਰ ਉਹ ਬੰਦਾ ਮਰ ਜਾਵੇਗਾ ਅਤੇ ਬਾਕੀ ਜਣੇ ਉਹ ਚੀਜ਼ਾਂ ਹਾਸਿਲ ਕਰਨਗੇ ਜਿਨ੍ਹਾਂ ਲਈ ਉਸ ਨੇ ਕੰਮ ਕੀਤਾ ਸੀ। ਉਨ੍ਹਾਂ ਲੋਕਾਂ ਨੇ ਕੰਮ ਨਹੀਂ ਕੀਤਾ ਹੋਵੇਗਾ, ਪਰ ਤਾਂ ਵੀ ਉਹ ਹਰ ਚੀਜ਼ ਪ੍ਰਾਪਤ ਕਰ ਲੈਣਗੇ। ਇਹ ਵੀ ਅਰਬਹੀਣ ਅਤੇ ਇੱਕ ਮਹਾਨ ਅਨਿਆਂ ਹੈ।
22 ਆਪਣੇ ਜੀਵਨ ਭਰ ਦੇ ਸੰਘਰਸ਼ ਅਤੇ ਕੰਮ ਤੋਂ ਮਗਰੋਂ ਕੋਈ ਬੰਦਾ ਅਸਲ ਵਿੱਚ ਕੀ ਹਾਸਿਲ ਕਰਦਾ ਹੈ? 23 ਉਸ ਦੇ ਸਾਰੇ ਦਿਨ ਦਰਦਮਈ ਹਨ, ਉਸ ਦੀ ਸਰਗਰਮੀ ਉਦਾਸਮਈ ਹੈ, ਅਤੇ ਰਾਤ ਵੇਲੇ ਵੀ ਉਸ ਦੇ ਮਨ ਨੂੰ ਆਰਾਮ ਨਹੀਂ ਮਿਲਦਾ, ਇਹ ਵੀ ਅਰਬਹੀਣ ਹੈ।
24-25 ਸਭ ਤੋਂ ਚੰਗੀ ਗੱਲ ਜੋ ਬੰਦਾ ਕਰ ਸੱਕਦਾ ਹੈ ਉਹ ਹੈ ਖਾਣਾ, ਪੀਣਾ ਅਤੇ ਉਸ ਵਿੱਚ ਆਨੰਦ ਮਾਨਣਾ ਜੋ ਉਸ ਨੂੰ ਕਰਨਾ ਚਾਹੀਦਾ। ਪਰ ਮੈਂ ਦੇਖਿਆ ਕਿ ਇਹ ਪਰਮੇਸ਼ੁਰ ਵੱਲੋਂ ਹੈ। ਕਿਉਂ ਕਿ ਆਪਣੇ ਲਈ ਉਸ ਉੱਤੇ ਨਿਰਭਰ ਹੋਇਆਂ ਬਿਨਾਂ ਕੁਝ ਨਹੀਂ ਕਰ ਸੱਕਦਾ ਹੈ। 26 ਜਿਸ ਬੰਦੇ ਨਾਲ ਉਹ ਪ੍ਰਸੰਨ ਹੈ ਪਰਮੇਸ਼ੁਰ ਉਸ ਨੂੰ ਸਿਆਣਪ, ਗਿਆਨ ਅਤੇ ਖੁਸ਼ੀ ਦਿੰਦਾ। ਪਰ ਉਹ ਪਾਪੀ ਨੂੰ ਪੀੜਾ ਦਿੰਦਾ, ਉਹ ਉਸ ਤੋਂ ਇਕੱਠਾ ਅਤੇ ਜਮ੍ਹਾਂ ਕਰਵਾਉਂਦਾ ਸਿਰਫ਼ ਉਸ ਵਿਅਕਤੀ ਨੂੰ ਅਗਾਂਹ ਦੇਣ ਲਈ ਜਿਸ ਨਾਲ ਪਰਮੇਸ਼ੁਰ ਪ੍ਰਸੰਨ ਹੈ। ਪਰ ਇਹ ਸਾਰਾ ਕੰਮ ਅਰਬਹੀਣ ਹੈ। ਇਹ ਹਵਾ ਨੂੰ ਫੜਨ ਵਰਗਾ ਹੈ। ਵਰਗਾ ਹੈ।
ਝੂਠੇ ਉਪਦੇਸ਼ਕਾਂ ਬਾਰੇ ਚੇਤਾਵਨੀ
4 ਪਵਿੱਤਰ ਆਤਮਾ ਸਾਫ਼ ਤੌਰ ਤੇ ਆਖਦਾ ਹੈ ਕਿ ਆਉਣ ਵਾਲੇ ਸਮਿਆਂ ਵਿੱਚ ਕੁਝ ਲੋਕ ਸੱਚੇ ਵਿਸ਼ਵਾਸ ਨੂੰ ਨਾਮੰਜ਼ੂਰ ਕਰ ਦੇਣਗੇ। ਉਹ ਉਨ੍ਹਾਂ ਆਤਮਿਆਂ ਨੂੰ ਸੁਣਨਗੇ ਜਿਹੜੇ ਝੂਠ ਆਖਦੇ ਹਨ, ਅਤੇ ਉਹ ਭੂਤਾਂ ਦੇ ਉਪਦੇਸ਼ਾਂ ਦਾ ਅਨੁਸਰਣ ਕਰਨਗੇ। 2 ਉਹ ਉਪਦੇਸ਼ ਉਨ੍ਹਾਂ ਲੋਕਾਂ ਵੱਲੋਂ ਆਉਂਦੇ ਹਨ ਜੋ ਝੂਠੇ ਅਤੇ ਕਪਟੀ ਹਨ। ਉਨ੍ਹਾਂ ਲੋਕਾਂ ਨੇ ਸਹੀ ਅਤੇ ਗਲਤ ਵਿੱਚ ਫ਼ਰਕ ਕਰਨ ਦੀ ਆਪਣੀ ਯੋਗਤਾ ਗੁਆ ਲਈ ਹੈ। ਇਹ ਇਸ ਤਰ੍ਹਾਂ ਹੈ ਜਿਵੇਂ ਉਨ੍ਹਾਂ ਦੀ ਅੰਤਰ ਆਤਮਾ ਨੂੰ ਗਰਮ ਲੋਹੇ ਨਾਲ ਸਾੜ ਦਿੱਤਾ ਗਿਆ ਹੋਵੇ। 3 ਉਹ ਲੋਕ ਹੋਰਨਾਂ ਨੂੰ ਆਖਦੇ ਹਨ ਕਿ ਵਿਆਹ ਕਰਾਉਣਾ ਗਲਤ ਹੈ। ਅਤੇ ਉਹ ਉਨ੍ਹਾਂ ਨੂੰ ਕਹਿੰਦੇ ਹਨ ਕਿ ਕੁਝ ਅਜਿਹੀਆਂ ਚੀਜ਼ਾਂ ਹਨ ਜਿਹੜਿਆਂ ਲੋਕਾਂ ਨੂੰ ਨਹੀਂ ਖਾਣੀਆਂ ਚਾਹੀਦੀਆਂ ਪਰ ਜਿਹੜੇ ਲੋਕ ਨਿਹਚਾਵਾਨ ਹਨ ਅਤੇ ਜਿਹੜੇ ਸੱਚ ਨੂੰ ਜਾਣਦੇ ਹਨ ਉਹ ਉਨ੍ਹਾਂ ਭੋਜਨਾਂ ਨੂੰ ਪਰਮੇਸ਼ੁਰ ਦਾ ਧੰਨਵਾਦ ਕਰਕੇ ਖਾ ਸੱਕਦੇ ਹਨ ਕਿਉਂ ਕਿ ਪਰਮੇਸ਼ੁਰ ਹੀ ਹੈ ਜਿਸਨੇ ਉਨ੍ਹਾਂ ਭੋਜਨਾਂ ਨੂੰ ਬਣਾਇਆ। 4 ਹਰ ਉਹ ਚੀਜ਼ ਜਿਹੜੀ ਪਰਮੇਸ਼ੁਰ ਨੇ ਸਾਜੀ ਹੈ ਚੰਗੀ ਹੈ। ਪਰਮੇਸ਼ੁਰ ਦੀ ਸਾਜੀ ਹੋਈ ਕੋਈ ਵੀ ਚੀਜ਼ ਨਾਮੰਜ਼ੂਰ ਨਹੀਂ ਕਰਨੀ ਚਾਹੀਦੀ ਜੇ ਇਸ ਨੂੰ ਪਰਮੇਸ਼ੁਰ ਦੇ ਧੰਨਵਾਦ ਨਾਲ ਲਿਆ ਜਾਵੇ। 5 ਪਰਮੇਸ਼ੁਰ ਦੁਆਰਾ ਸਾਜਿਆ ਹੋਇਆ ਸਭ ਕੁਝ ਪਰਮੇਸ਼ੁਰ ਦੇ ਬਚਨ ਅਤੇ ਪ੍ਰਾਰਥਨਾ ਨਾਲ ਪਵਿੱਤਰ ਬਣ ਜਾਂਦਾ ਹੈ।
ਮਸੀਹ ਯਿਸੂ ਦੇ ਚੰਗੇ ਸੇਵਕ ਬਣੋ
6 ਇਹ ਗੱਲਾਂ ਓਥੋਂ ਦੇ ਭਰਾਵਾਂ ਅਤੇ ਭੈਣਾਂ ਨੂੰ ਦੱਸੋ। ਇਹ ਸਾਬਤ ਕਰ ਦੇਵੇਗਾ ਕਿ ਤੁਸੀਂ ਮਸੀਹ ਯਿਸੂ ਦੇ ਸੱਚੇ ਸੇਵਕ ਹੋ। ਤੁਸੀਂ ਸਾਬਤ ਕਰ ਦੇਵੋਂਗੇ ਕਿ ਤੁਸੀਂ ਵਿਸ਼ਵਾਸ ਦੇ ਬਚਨਾਂ ਦੁਆਰਾ ਅਤੇ ਉਨ੍ਹਾਂ ਸੱਚੇ ਉਪਦੇਸ਼ਾਂ ਦੁਆਰਾ, ਜਿਨ੍ਹਾਂ ਦਾ ਤੁਸੀਂ ਅਨੁਸਰਣ ਕੀਤਾ ਹੈ ਤਕੜੇ ਬਣ ਗਏ ਹੋ। 7 ਲੋਕ ਮੂਰਖ ਕਹਾਣੀਆਂ ਸੁਣਾਉਂਦੇ ਹਨ ਜਿਨ੍ਹਾਂ ਦਾ ਪਰਮੇਸ਼ੁਰ ਦੇ ਸੱਚ ਨਾਲ ਕੋਈ ਮੇਲ ਨਹੀਂ। ਉਨ੍ਹਾਂ ਕਹਾਣੀਆਂ ਦੇ ਅਨੁਸਾਰ ਨਾ ਚੱਲੋ। ਪਰ ਆਪਣੇ ਆਪ ਨੂੰ ਪਰਮੇਸ਼ੁਰ ਦੇ ਸੱਚੇ ਸੇਵਕ ਹੋਣ ਵਜੋਂ ਤਿਆਰ ਕਰੋ। 8 ਤੁਹਾਡੀ ਸਰੀਰਿਕ ਕਸਰਤ ਕਿਸੇ ਗੱਲੋਂ ਤੁਹਾਡੀ ਸਹਾਇਤਾ ਕਰਦੀ ਹੈ। ਪਰ ਪਰਮੇਸ਼ੁਰ ਦੀ ਸੇਵਾ ਤੁਹਾਡੀ ਹਰ ਤਰੀਕੇ ਨਾਲ ਸਹਾਇਤਾ ਕਰਦੀ ਹੈ। ਪਰਮੇਸ਼ੁਰ ਦੀ ਸੇਵਾ ਤੁਹਾਡੀ ਵਰਤਮਾਨ ਜ਼ਿੰਦਗੀ ਅਤੇ ਭਵਿੱਖ ਦੀ ਜ਼ਿਦਗੀ ਲਈ ਵੀ ਅਸੀਸਾਂ ਦਾ ਵਾਅਦਾ ਕਰਦੀ ਹੈ। 9 ਜੋ ਮੈਂ ਆਖ ਰਿਹਾਂ ਉਹ ਸੱਚ ਹੈ ਅਤੇ ਤੁਹਾਨੂੰ ਇਸ ਨੂੰ ਪੂਰੀ ਤਰ੍ਹਾਂ ਪ੍ਰਵਾਨ ਕਰ ਲੈਣਾ ਚਾਹੀਦਾ ਹੈ। 10 ਇਹੀ ਕਾਰਣ ਹੈ ਕਿ ਅਸੀਂ ਕੰਮ ਕਰਦੇ ਹਾਂ ਅਤੇ ਸੰਘਰਸ਼ ਕਰਦੇ ਹਾਂ; ਅਸੀਂ ਜਿਉਂਦੇ ਜਾਗਦੇ ਪਰਮੇਸ਼ੁਰ ਵਿੱਚ ਆਸ ਰੱਖਦੇ ਹਾਂ। ਉਹ ਸਮੂਹ ਲੋਕਾਂ ਦਾ ਮੁਕਤੀਦਾਤਾ ਹੈ। ਖਾਸ ਤੌਰ ਤੇ ਜਿਹੜੇ ਲੋਕ ਉਸ ਵਿੱਚ ਨਿਹਚਾ ਰੱਖਦੇ ਹਨ।
11 ਹੁਕਮ ਦਿਉ ਅਤੇ ਇਨ੍ਹਾਂ ਗੱਲਾਂ ਦੇ ਉਪਦੇਸ਼ ਦਿਉ। 12 ਤੁਸੀਂ ਨੌਜਵਾਨ ਹੋ ਪਰ ਕਿਸੇ ਨੂੰ ਇਸ ਤਰ੍ਹਾਂ ਦਾ ਵਰਤਾਓ ਨਾ ਕਰਨ ਦਿਉ ਜਿਵੇਂ ਤੁਸੀਂ ਮਹੱਤਵਪੂਰਣ ਨਹੀਂ ਹੋ। ਉਨ੍ਹਾਂ ਲਈ ਆਪਣੇ ਭਾਸ਼ਣ ਵਿੱਚ, ਆਪਣੇ ਜ਼ਿੰਦਗੀ ਦੇ ਢੰਗ ਵਿੱਚ, ਆਪਣੇ ਪ੍ਰੇਮ ਵਿੱਚ, ਆਪਣੀ ਨਿਹਚਾ ਵਿੱਚ ਅਤੇ ਆਪਣੇ ਪਵਿੱਤਰ ਜੀਵਨ ਵਿੱਚ ਇੱਕ ਉਦਾਹਰਣ ਬਣੋ।
13 ਲੋਕਾਂ ਨੂੰ ਪੋਥੀ ਦਾ ਪਾਠ ਸੁਣਾਉਂਦੇ ਰਹੋ, ਉਨ੍ਹਾਂ ਨੂੰ ਮਜਬੂਤ ਬਣਾਉ, ਅਤੇ ਉਪਦੇਸ਼ ਦਿਉ। ਜਦੋਂ ਤੱਕ ਮੈਂ ਆਉਂਦਾ ਨਹੀਂ ਇਹ ਗੱਲਾਂ ਕਰੋ। 14 ਜਿਹੜੀ ਦਾਤ ਤੁਹਾਡੇ ਕੋਲ ਹੈ ਉਸਦੀ ਵਰਤੋਂ ਕਰਨੀ ਚੇਤੇ ਰੱਖੋ। ਇਹ ਦਾਤ ਤੁਹਾਨੂੰ ਅਗੰਮੀ ਵਾਕ ਦੁਆਰਾ ਦਿੱਤੀ ਗਈ ਸੀ, ਜਦੋਂ ਬਜ਼ੁਰਗਾਂ ਨੇ ਤੁਹਾਡੇ ਉੱਤੇ ਆਪਣਾ ਹੱਥ ਰੱਖਿਆ ਸੀ। 15 ਇਹ ਗੱਲਾਂ ਕਰਦੇ ਰਹੋ। ਇਨ੍ਹਾਂ ਗੱਲਾਂ ਨੂੰ ਕਰਨ ਲਈ ਆਪਣਾ ਜੀਵਨ ਅਰਪਨ ਕਰ ਦਿਉ। ਫ਼ੇਰ ਸਾਰੇ ਲੋਕ ਵੇਖ ਸੱਕਣਗੇ ਕਿ ਤੁਹਾਡਾ ਆਤਮਕ ਜੀਵਨ ਪ੍ਰਗਤੀ ਕਰ ਰਿਹਾ ਹੈ। 16 ਆਪਣੇ ਜੀਵਨ ਅਤੇ ਉਪਦੇਸ਼ਾਂ ਵੱਲ ਧਿਆਨ ਦਿਉ। ਉਪਦੇਸ਼ ਦੇਣਾ ਅਤੇ ਸਹੀ ਢੰਗ ਨਾਲ ਰਹਿਣਾ ਜਾਰੀ ਰੱਖੋ। ਫ਼ੇਰ ਤੁਸੀਂ ਆਪਣੇ ਆਪ ਨੂੰ ਅਤੇ ਉਨ੍ਹਾਂ ਲੋਕਾਂ ਨੂੰ ਬਚਾ ਸੱਕਦੇ ਹੋਂ, ਜਿਹੜੇ ਤੁਹਾਡੇ ਉਪਦੇਸ਼ ਸੁਣਦੇ ਹਨ।
2010 by World Bible Translation Center